Friday, 8 March 2019

ਅਖੌਤੀ ਹਵਾਈ ਸਰਜੀਕਲ ਸਟਰਾਈਕ ਮੋਦੀ ਜੁੰਡਲੀ ਤੇ ਸੰਘ ਲਾਣੇ ਦੇ ਦੰਭੀ ਦੇਸ਼ਭਗਤੀ ਦੇ ਨਕਾਬਾਂ ਨੂੰ ਲੀਰੋ-ਲੀਰ ਕਰੋ ਖਰੀ ਦੇਸ਼ਭਗਤੀ ਅਤੇ ਲੋਕਭਗਤੀ ਦੀ ਲਲਕਾਰ ਬਣੋ

ਅਖੌਤੀ ਹਵਾਈ ਸਰਜੀਕਲ ਸਟਰਾਈਕ
ਮੋਦੀ ਜੁੰਡਲੀ ਤੇ ਸੰਘ ਲਾਣੇ ਦੇ ਦੰਭੀ ਦੇਸ਼ਭਗਤੀ ਦੇ ਨਕਾਬਾਂ ਨੂੰ ਲੀਰੋ-ਲੀਰ ਕਰੋ
ਖਰੀ ਦੇਸ਼ਭਗਤੀ ਅਤੇ ਲੋਕਭਗਤੀ ਦੀ ਲਲਕਾਰ ਬਣੋ
28 ਫਰਵਰੀ ਦੀ ਸਵੇਰ ਲੱਗਭੱਗ ਸਾਢੇ ਤਿੰਨ ਵਜੇ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਕਸਬੇ ਕੋਲ ਹਵਾਈ ਹਮਲਾ ਕੀਤਾ ਗਿਆ ਅਤੇ ਉੱਥੇ ਇੱਕ ਹਜ਼ਾਰ ਕਿਲੋਗਰਾਮ ਦੇ ਬੰਬ ਸੁੱਟੇ ਗਏ। ਇਸੇ ਸਵੇਰ ਦਿਨ ਚੜ੍ਹੇ ਭਾਰਤ ਦੇ ਰੱਖਿਆ ਸਕੱਤਰ ਵੱਲੋਂ ਪਰੈਸ ਕਾਨਫਰੰਸ ਕਰਦਿਆਂ, ਇਸ ਹਮਲੇ ਦੀ ਪੁਸ਼ਟੀ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਹਮਲਾ ਪੁਲਵਾਮਾ ਵਿਖੇ 40 ਭਾਰਤੀ ਸੀ.ਆਰ.ਪੀ.ਐਫ. ਜਵਾਨਾਂ ਨੂੰ ਮਾਰ-ਮੁਕਾਉਣ ਦੀ ਜਿੰਮੇਵਾਰ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ 'ਤੇ ਕੀਤਾ ਗਿਆ ਅਤੇ ਇਸ ਕੈਂਪ ਨੂੰ ਤਬਾਹ ਕਰ ਦਿੱਤਾ ਗਿਆ ਹੈ। ਕੈਂਪ ਵਿੱਚ ਮੌਜੂਦ 300-350 ਅਖੌਤੀ ਦਹਿਸ਼ਤਗਰਦਾਂ ਨੂੰ ਮਾਰ-ਮੁਕਾ ਦਿੱਤਾ ਗਿਆ ਹੈ। ਜੈਸ਼-ਏ-ਮੁਹੰਮਦ ਪੁਲਵਾਮਾ ਹਮਲੇ ਦੀ ਦੋਸ਼ੀ ਜਥੇਬੰਦੀ ਹੈ। ਇਸ ਨੂੰ ਨਿਸ਼ਾਨਾ ਬਣਾਉਣਾ ਸਾਡਾ ਅਧਿਕਾਰ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਪਾਕਿਸਤਾਨ 'ਤੇ ਹਮਲਾ ਨਹੀਂ ਕਿਹਾ ਜਾ ਸਕਦਾ ਵਗੈਰਾ ਵਗੈਰਾ। ਜੁਆਬੀ ਕਾਰਵਾਈ ਵਜੋਂ ਅਗਲੇ ਦਿਨ ਹੀ ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲਾ ਕੀਤਾ ਗਿਆ। ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ਾਂ ਅਤੇ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਦਰਮਿਆਨ ਹੋਈ ਝੜੱਪ ਵਿੱਚ ਦੋ ਭਾਰਤੀ ਬੰਬਾਰ ਜੈਟਾਂ ਨੂੰ ਤਬਾਹ ਕਰ ਦਿੱਤਾ ਗਿਆ। ਇਹਨਾਂ ਵਿੱਚੋਂ ਇੱਕ ਭਾਰਤ ਵਾਲੇ ਪਾਸੇ ਅਤੇ ਦੂਸਰਾ ਪਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਜਾ ਡਿਗਿਆ। ਜਿੱਥੇ ਇਸਦੇ ਜਿਉਂਦੇ ਬਚੇ ਪਾਇਲਟ ਅਭੀਨੰਦਨ ਵਰਤਮਾਨ ਨੂੰ ਫੜ ਲਿਆ ਗਿਆ। ਪਾਕਿਸਤਾਨ ਹਕੂਮਤ ਵੱਲੋਂ ਇਸ ਪਾਇਲਟ ਨੂੰ 1 ਮਾਰਚ ਨੂੰ ਇਹ ਕਹਿੰਦਿਆਂ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਕਿ ਉਹ ਦੋਵਾਂ ਮੁਲਕਾਂ ਦਰਮਿਆਨ ਭਖਾਏ ਜਾ ਰਹੇ ਜੰਗੀ ਮਾਹੌਲ ਨੂੰ ਸ਼ਾਂਤ ਕਰਨ ਦੇ ਉਦੇਸ਼ ਨਾਲ ਭਾਰਤੀ ਪਾਇਲਟ ਨੂੰ ਭਾਰਤ ਹਵਾਲੇ ਕਰ ਰਿਹਾ ਹੈ। 
ਪੁਲਵਾਮਾ ਹਮਲਾ ਡੋਵਾਲ ਦੀ ਸਾਜਸ਼ੀ ਘਾੜਤ
ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੇ ਕਾਫਲੇ 'ਤੇ ਹਮਲਾ ਨਾ ਅਚਾਨਕ ਹੋਇਆ ਹੈ ਅਤੇ ਨਾ ਹੀ ਇਹ ਕਸ਼ਮੀਰੀ ਖਾੜਕੂਆਂ ਦੀ ਕਿਸੇ ਮੁਹਾਰਤ ਦਾ ਕ੍ਰਿਸ਼ਮਾ ਸੀ। ਅਜਿਹੇ ਹਮਲੇ ਲਈ ਸਾਜਗਾਰ ਮੌਕਾ ਮੇਲ ਪ੍ਰਧਾਨ ਮੰਤਰੀ ਮੋਦੀ ਦੇ ਹਿੰਦੂ ਫਾਸ਼ੀਵਾਦੀ ਜ਼ਹਿਨੀਅਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਵੱਲੋਂ ਸੋਚ ਸਮਝ ਕੇ ਤਿਆਰ ਕੀਤਾ ਗਿਆ। ਪਹਿਲਪ੍ਰਿਥਮੇ- 2500 ਦੀ ਨਫਰੀ ਵਾਲੇ ਸੀ.ਆਰ.ਪੀ.ਐਫ. ਦੇ ਕਾਫਲੇ ਨੂੰ 300 ਕਿਲੋਮੀਟਰ ਲੰਬੇ ਸੜਕੀ ਰਸਤੇ ਰਾਹੀਂ ਰਵਾਨਾ ਕੀਤਾ ਗਿਆ ਅਤੇ ਉਹ ਵੀ ਬੱਸਾਂ ਰਾਹੀਂ, ਦੂਜਾ- ਖੁਫੀਆ ਏਜੰਸੀਆਂ ਵੱਲੋਂ ਹਮਲੇ ਦੀ ਗੁੰਜਾਇਸ਼ ਬਾਰੇ ਚੇਤਾਵਨੀ ਦੇਣ ਦੇ ਬਾਵਜੂਦ, ਇਹਨਾਂ ਗੁੰਜਾਇਸ਼ਾਂ ਖਿਲਾਫ ਕੋਈ ਪੇਸ਼ਬੰਦੀ ਨਹੀਂ ਕੀਤੀ ਗਈ। ਨਾ ਰਸਤੇ ਦੇ ਆਲੇ-ਦੁਆਲੇ ਦੀ ਪੁਣਛਾਣ ਕਰਦਿਆਂ, ਰਸਤਾ ਸਾਫ (ਸੈਨੀਟਾਈਜ਼ੇਸ਼ਨ) ਕੀਤਾ ਗਿਆ ਅਤੇ ਨਾ ਹੀ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ। ਤੀਜਾ- ਇਸ ਕਿਸਮ ਦਾ ਹਮਲਾ ਕੋਈ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਸੁਰੱਖਿਆ ਬਲਾਂ ਦੇ ਕੈਂਪਾਂ 'ਤੇ ਅਜਿਹੇ ਹਮਲੇ ਹੋਏ ਹਨ। ਜਿਸ ਕਰਕੇ ਅਜਿਹੀ ਕਿਸਮ ਦੇ ਹਮਲੇ ਦੀਆਂ ਗੁੰਜਾਇਸ਼ਾਂ ਨੂੰ ਅਣਭੋਲ ਹੀ ਦਰਕਿਨਾਰ ਨਹੀਂ ਕੀਤਾ ਗਿਆ, ਸਗੋਂ ਸੋਚ ਸਮਝ ਕੇ ਦਰਕਿਨਾਰ ਕੀਤਾ ਗਿਆ। 
ਇਹ ਮੌਕਾ-ਮੇਲ ਮੁਹੱਈਆ ਕਿਉਂ ਕੀਤਾ ਗਿਆ? ਕਿਉਂਕਿ ਸੀ.ਆਰ.ਪੀ.ਐਫ. ਦੇ ਕਾਫਲੇ ਦਾ ਸੁੱਕਾ ਬਚ ਕੇ ਸ੍ਰੀਨਗਰ ਪਹੁੰਚ ਜਾਣਾ ਮੋਦੀ ਹਕੂਮਤ ਅਤੇ ਸੰਘ ਲਾਣੇ ਦੇ ਫਿਰਕੂ-ਫਾਸ਼ੀ ਮੰਤਵਾਂ ਲਈ ਰਾਸ ਨਹੀਂ ਸੀ ਬਹਿੰਦਾ। ਸੰਘ ਲਾਣੇ ਦੇ ਟੁੱਕੜਬੋਚ ਡੋਵਾਲ ਵੱਲੋਂ ਜਿਸ ਆਸ ਨਾਲ ਸੰਭਾਵਿਤ ਹਮਲੇ ਲਈ ਹਾਲਤ ਮੁਹੱਈਆ ਕੀਤੀ ਗਈ, ਪੁਲਵਾਮਾ ਵਿਖੇ ਹੋਏ ਹਮਲੇ ਨਾਲ ਸੰਘ ਲਾਣੇ ਨੂੰ ਆਪਣੀ ਆਸ ਨੂੰ ਬੂਰ ਪੈਂਦਾ ਦਿਖਾਈ ਦਿੱਤਾ। ਜਿੱਥੇ ਹਮਲੇ ਵਿੱਚ ਮਾਰੇ ਗਏ 40 ਸੁਰੱਖਿਆ ਕਰਮੀਆਂ ਦੇ ਘਰਾਂ ਵਿੱਚ ਸੋਗ ਪਸਰ ਗਿਆ, ਉੱਥੇ ਹਿੰਦੂਤਵੀ ਗਰੋਹਾਂ ਦੀਆਂ ਵਾਛਾਂ ਖਿੜ ਗਈਆਂ। ਹਮਲਾ ਹੋਣ ਵੇਲੇ (3 ਵਜੇ) ਮੋਦੀ ''ਜਿੰਮ ਕਾਰਬੈੱਟ ਨੈਸ਼ਨਲ ਪਾਰਕ'' ਵਿਖੇ ਕਿਸ਼ਤੀ ਦੇ ਝੂਟੇ ਲੈਂਦਿਆਂ, ਫਿਲਮੀ ਸ਼ੂਟਿੰਗ ਵਿੱਚ ਗਲਤਾਨ ਸੀ। ਜੇ ਉਸ ਨੂੰ ਰਤਾ ਵੀ 40 ਸੁਰੱਖਿਆ ਕਰਮੀਆਂ ਦੀ ਮੌਤ ਦਾ ਦੁੱਖ ਹੁੰਦਾ ਤਾਂ ਉਹ ਲਾਜ਼ਮੀ ਹੀ ਇਸ ਸੈਰ-ਸਪਾਟੇ ਨੂੰ ਤੁਰੰਤ ਰੱਦ ਕਰਦਿਆਂ, ਫੌਰੀ ਦਿੱਲੀ ਪਹੁੰਚਦਾ। ਪਰ ਉਸ ਵੱਲੋਂ 6 ਵਜੇ ਤੱਕ ਸੈਰ-ਸਪਾਟੇ ਦਾ ਲੁਤਫ ਲੈਣਾ ਜਾਰੀ ਰੱਖਿਆ ਗਿਆ। ਮੋਦੀ ਜੁੰਡਲੀ ਦੇ ਮੰਤਰੀਆਂ-ਸੰਤਰੀਆਂ ਅਤੇ ਸੰਘ ਲਾਣੇ ਦੇ ਧੂਤੂਆਂ ਵੱਲੋਂ ਪਾਕਿਸਤਾਨ ਖਿਲਾਫ ਬਦਲਾਖੋਰ ਹੋਕਰੇਬਾਜ਼ੀ ਦਾ ਘਰਾਟ ਰਾਗ ਉੱਚਾ ਚੁੱਕ ਲਿਆ ਗਿਆ। ਜਦੋਂ ਮੋਦੀ ਤੇ ਅਮਿਤ ਸ਼ਾਹ ਵੱਲੋਂ ਆਪਣੀਆਂ ਚੋਣ-ਰੈਲੀਆਂ ਨੂੰ ਰੱਦ ਕਰਨ/ਪਿੱਛੇ ਪਾਉਣ ਦੀ ਬਜਾਇ, ਇਹਨਾਂ ਰੈਲੀਆਂ ਨੂੰ ਮਿਥੇ ਪ੍ਰੋਗਰਾਮਾਂ ਮੁਤਾਬਿਕ ਕੀਤਾ ਗਿਆ ਅਤੇ ਇਹਨਾਂ ਵਿੱਚ ਮਾਰੇ ਗਏ 40 ਸੀ.ਆਰ.ਪੀ.ਐਫ. ਜਵਾਨਾਂ ਦੀਆਂ ਫੋਟੋਆਂ ਦੀ ਨੁਮਾਇਸ਼ ਲਾਉਂਦਿਆਂ ਉਹਨਾਂ ਦੀਆਂ ਮੌਤਾਂ ਨੂੰ ਪਾਕਿਸਤਾਨ ਤੇ ਕਸ਼ਮੀਰੀ ਕੌਮ ਖਿਲਾਫ ਫਿਰਕੂ-ਫਾਸ਼ੀ ਜਨੂੰਨ ਭੜਕਾਉਣ ਅਤੇ ਆਪਣੀਆਂ ਵੋਟਾਂ ਵਿੱਚ ਢਾਲਣ ਦਾ ਮਕਾਰ ਧੰਦਾ ਜਾਰੀ ਰੱਖਿਆ ਗਿਆ। ਪਾਕਿਸਤਾਨ ਖਿਲਾਫ ਫਿਰਕੂ-ਫਾਸ਼ੀ ਜਨੂੰਨ ਭੜਕਾਉਣ ਅਤੇ ਜੰਗੀ ਮਾਹੌਲ ਤਿਆਰ ਕਰਨ ਲਈ ਸੰਘ ਲਾਣੇ ਦੀਆਂ ਸਭਨਾਂ ਫਿਰਕੂ ਜਥੇਬੰਦੀਆਂ ਦੇ ਗਰੋਹਾਂ ਨੂੰ ਸੜਕਾਂ 'ਤੇ ਉਤਾਰ ਦਿੱਤਾ ਗਿਆ। ਸਰਕਾਰੀ ਅਤੇ ਗੈਰ-ਸਰਕਾਰੀ ਪ੍ਰਚਾਰ ਸਾਧਨਾਂ (ਟੀ.ਵੀ., ਅਖਬਾਰਾਂ, ਰੇਡੀਓ, ਨੈੱਟ ਸਾਧਨਾਂ ਆਦਿ) ਵੱਲੋਂ ਪਾਕਿਸਤਾਨ ਖਿਲਾਫ ਭੌਂਕੜਬਾਜ਼ ਪ੍ਰਚਾਰ ਦਾ ਘਰੜਾਇਆ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਗਿਆ। ਥਾਂ ਥਾਂ ਪਾਕਿਸਤਾਨੀ ਝੰਡਿਆਂ ਨੂੰ ਅੱਗ ਦੀ ਭੇਟ ਕਰਨ ਦਾ ਸਿਲਸਿਲਾ ਵਿੱਢ ਦਿੱਤਾ ਗਿਆ। ਦੇਸ਼ ਭਰ ਅੰਦਰ ਵੱਖ ਵੱਖ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਅਤੇ ਕਿਰਤ-ਕਮਾਈ ਕਰਦੇ ਕਸ਼ਮੀਰੀ ਕਾਮਿਆਂ 'ਤੇ ਫਿਰਕੂ ਫਾਸ਼ੀ ਹਮਲਿਆਂ ਤੇ ਕੁੱਟਮਾਰ ਦਾ ਅਮਲ ਛੇੜ ਦਿੱਤਾ ਗਿਆ। ਜਿਸ ਵੀ ਵਿਅਕਤੀ (ਸਮੇਤ ਹਾਕਮ ਜਮਾਤੀ ਸਿਆਸਤਦਾਨਾਂ ਵਿੱਚੋਂ ਕੋਈ ਗਿਣਵਾਂ-ਚੁਣਵਾਂ (ਜਿਵੇਂ ਮਮਤਾ ਬੈਨਰਜੀ) ਵੱਲੋਂ ਪੁਲਵਾਮਾ ਹਮਲੇ ਦੀ ਨਿਖੇਧੀ ਕਰਨ ਦੇ ਬਾਵਜੂਦ, ਪਾਕਿਸਤਾਨ ਤੇ ਭਾਰਤ ਦਰਮਿਆਨ ਜੰਗੀ ਮਾਹੌਲ ਭੜਕਾਉਣ ਤੋਂ ਗੁਰੇਜ਼ ਕਰਨ ਦੀ ਗੱਲ ਕਰਨ ਦੀ ਜੁਰਅੱਤ ਕੀਤੀ ਗਈ ਤਾਂ ਮੋਦੀ ਜੁੰਡਲੀ ਅਤੇ ਫਿਰਕੂ-ਫਾਸ਼ੀ ਸੰਘ ਲਾਣੇ ਦੇ ਭੌਂਕੜਾਂ ਵੱਲੋਂ ਉਸ 'ਤੇ ਦੇਸ਼-ਵਿਰੋਧੀ ਅਤੇ ਪਾਕਿਸਤਾਨੀ ਏਜੰਟ ਹੋਣ ਦਾ ਠੱਪਾ ਲਾ ਦਿੱਤਾ ਗਿਆ। 
ਪਾਕਿਸਤਾਨ 'ਤੇ ਹਵਾਈ ਹਮਲਾ
ਇਉਂ, ਮੋਦੀ ਜੁੰਡਲੀ ਅਤੇ ਸੰਘ ਲਾਣੇ ਵੱਲੋਂ ਸੋਚੀ-ਸਮਝੀ ਸਿਆਸੀ ਵਿਉਂਤ ਤਹਿਤ ਪਾਕਿਸਤਾਨ (ਅਤੇ ਕਸ਼ਮੀਰੀ ਕੌਮ) ਖਿਲਾਫ ਹਿੰਦੂ ਫਿਰਕੂ-ਜਹਾਦੀ ਮਾਹੌਲ ਸਿਰਜਦਿਆਂ, 26 ਫਰਵਰੀ ਨੂੰ ਤਕਰੀਬਨ 3.30 ਵਜੇ ਪਾਕਿਸਤਾਨ ਦੇ ਖੈਬਰ-ਪਖਤੂਨਵਾ ਸੂਬੇ ਵਿੱਚ ਸਥਿਤ ਬਾਲਾਕੋਟ ਕਸਬੇ 'ਤੇ 12 ਲੜਾਕੂ ਹਵਾਈ ਜਹਾਜ਼ਾਂ ਨਾਲ ਹਮਲਾ ਕੀਤਾ ਗਿਆ ਅਤੇ ਬੰਬ ਸੁੱਟੇ ਗਏ। ਜਿੱਥੇ ਮੋਦੀ ਹਕੂਮਤ ਦੇ ਬੁਲਾਰਿਆਂ ਸਮੇਤ ਸਮੁੱਚੇ ਸੰਘ ਲਾਣੇ ਵੱਲੋਂ ਇਸ ਅਖੌਤੀ ਹਵਾਈ ਹਮਲੇ ਦੀ ਸਫਲਤਾ ਨੂੰ ਉਚਿਆਉਣ 'ਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ, ਕਿ ਬਾਲਾਕੋਟ ਵਿਖੇ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ 300-350 ਅਖੌਤੀ ਦਹਿਸ਼ਤਗਰਦਾਂ ਦਾ ਸਫਾਇਆ ਕਰ ਦਿੱਤਾ ਗਿਆ ਹੈ, ਉੱਥੇ ਪਾਕਿਸਤਾਨ ਵੱਲੋਂ ਇਸ ਤੋਂ ਇਨਕਾਰ ਕਰਦਿਆਂ, ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਭਾਰਤੀ ਜਹਾਜ਼ਾਂ ਦਾ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਵੱਲੋਂ ਜਦੋਂ ਪਿੱਛਾ ਕੀਤਾ ਗਿਆ ਤਾਂ ਉਹ ਹਫੜਾ-ਦਫੜੀ ਵਿੱਚ ਵਾਪਸ ਭੱਜਦੇ ਹੋਏ ਬੰਬ ਸੁੱਟ ਕੇ ਆਪਣਾ ਭਾਰ ਹੌਲਾ ਕਰ ਗਏ। ਭਾਰਤ ਵੱਲੋਂ ਇਸ ਹਮਲੇ ਨਾਲ ਜਿਹਨਾਂ ਨਿਸ਼ਾਨਿਆਂ ਨੂੰ ਫੁੰਡਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸਦੇ ਪੁਖਤਾ ਸਬੂਤ ਅੱਜ ਤੱਕ ਸਾਹਮਣੇ ਨਹੀਂ ਲਿਆਂਦੇ ਗਏ। ਨਾ ਹੀ ਕਿਸੇ ਕੌਮਾਂਤਰੀ ਸੰਸਥਾ ਜਾਂ ਬੀ.ਬੀ.ਸੀ. ਵਰਗੇ ਟੀ.ਵੀ. ਚੈਨਲ ਵੱਲੋਂ ਮੋਦੀ ਹਕੂਮਤ ਦੇ ਦਾਅਵਿਆਂ ਦੇ ਹੱਕ ਵਿੱਚ ਭੁਗਤਦੀ ਕੋਈ ਰਿਪੋਰਟ ਨਸ਼ਰ ਕੀਤੀ ਗਈ, ਸਗੋਂ ਜੋ ਕੌਮਾਂਤਰੀ ਮੀਡੀਏ ਵੱਲੋਂ ਨਸ਼ਰ ਕੀਤਾ ਗਿਆ ਹੈ, ਉਹ ਮੋਦੀ ਜੁੰਡਲੀ ਦੇ ਦਾਅਵਿਆਂ ਦਾ ਹੀ ਖੰਡਨ ਬਣਦਾ ਹੈ। 
ਅਗਲੇ ਦਿਨ ਹੀ ਪਾਕਿਸਤਾਨ ਦੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਵੱਲੋਂ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਸਥਿਤ ਫੌਜੀ ਟਿਕਾਣਿਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਉਂਦਿਆਂ, ਉੱਥੇ ਬੰਬ ਸੁੱਟੇ ਗਏ ਅਤੇ ਇਸ ਹਮਲੇ ਦਾ ਟਾਕਰਾ ਕਰਨ ਲਈ ਆਏ ਭਾਰਤੀ ਲੜਾਕੂ ਜੈੱਟਾਂ ਵਿਚੋਂ ਦੋ ਨੂੰ ਫੁੰਡ ਲਿਆ ਗਿਆ। ਇਸ ਹਮਲੇ ਬਾਰੇ ਬਿਆਨ ਜਾਰੀ ਕਰਦਿਆਂ ਪਾਕਿਸਤਾਨੀ ਫੌਜ ਦੇ ਤਰਜਮਾਨ ਵੱਲੋਂ ਆਖਿਆ ਗਿਆ ਹੈ ਕਿ ਉਹਨਾਂ ਦਾ ਮਕਸਦ ਭਾਰਤ ਨਾਲ ਜੰਗ ਭੜਕਾਉਣਾ ਜਾਂ ਭਾਰਤ 'ਤੇ ਹਮਲਾ ਕਰਨਾ ਨਹੀਂ ਸੀ, ਸਗੋਂ ਇਸ ਸੀਮਤ ਕਾਰਵਾਈ ਰਾਹੀਂ ਇਹ ਦਰਸਾਉਣਾ ਸੀ ਕਿ ਪਾਕਿਸਤਾਨ ਭਾਰਤੀ ਹਾਕਮਾਂ ਵੱਲੋਂ ਕੀਤੀ ਹਰ ਹਮਲਾਵਰ ਕਾਰਵਾਈ ਦਾ ਮੋੜਵਾਂ ਜੁਆਬ ਦੇਣ ਦੀ ਹਾਲਤ ਵਿੱਚ ਹੈ ਅਤੇ ਹਰ ਕਾਰਵਾਈ ਦਾ ਢੁਕਵਾਂ ਜੁਆਬ ਦੇਵਾਂਗੇ। ਇਹੀ ਗੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਾਂਝੇ ਇਜਲਾਸ ਵਿੱਚ ਬੋਲਦਿਆਂ ਦੁਹਰਾਈ ਗਈ ਕਿ ਉਹ ਮੁਲਕ ਅੰਦਰ ਸ਼ਾਂਤੀ ਅਤੇ ਸਥਿਰਤਾ ਚਾਹੁੰਦੇ ਹਨ। ਦੋਵਾਂ ਮੁਲਕਾਂ ਦਰਮਿਆਨ ਜੰਗ ਹਰਗਿਜ਼ ਨਹੀਂ ਚਾਹੁੰਦੇ। ਜੰਗ ਦੋਵਾਂ ਮੁਲਕਾਂ ਦੇ ਹੱਕ ਵਿੱਚ ਨਹੀਂ ਹੈ, ਪਰ ਜੇਕਰ ਭਾਰਤੀ ਸਰਕਾਰ ਵੱਲੋਂ ਅਜਿਹੀ ਜੰਗ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸਦਾ ਮੋੜਵਾਂ ਜਵਾਬ ਦੇਣ ਵਿੱਚ ਕੋਈ ਹਿਚਕਚਾਹਟ ਨਹੀਂ ਦਿਖਾਈ ਜਾਵੇਗੀ। ਉਸ ਵੱਲੋਂ ਭਾਰਤੀ ਹਕੂਮਤ ਵੱਲੋਂ ਭੜਕਾਏ ਗਏ ਜੰਗੀ ਮਾਹੌਲ ਨੂੰ ਸੁਖਾਵੇਂ ਰੁਖ ਮੋੜਾ ਦੇਣ ਦੀ ਕੋਸ਼ਿਸ਼ ਵਜੋਂ ਫੜੇ ਗਏ ਪਾਇਲਟ ਨੂੰ ਭਾਰਤ ਹਵਾਲੇ ਕਰਨ ਦਾ ਐਲਾਨ ਵੀ ਕੀਤਾ ਗਿਆ। ਉਸ ਵੱਲੋਂ ਇਹ ਵੀ ਇੰਕਸ਼ਾਫ ਕੀਤਾ ਗਿਆ ਕਿ ਉਸ ਵੱਲੋਂ ਮੋਦੀ ਨਾਲ ਟੈਲੀਫੋਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਹੋ ਨਹੀਂ ਸਕੀ। ਹੁਣ ਫਿਰ ਇਸ ਮਾਹੌਲ ਨੂੰ ਸ਼ਾਂਤ ਕਰਨ ਅਤੇ ਦੋਵਾਂ ਮੁਲਕਾਂ ਦਰਮਿਆਨ ਅਮਨ-ਚੈਨ ਬਣਾਈ ਰੱਖਣ ਲਈ ਮੋਦੀ ਨਾਲ ਸੰਪਰਕ ਕਰਕੇ ਗੱਲਬਾਤ ਕਰਨ ਦਾ ਯਤਨ ਕਰਨਗੇ। ਉਸ ਵੱਲੋਂ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਦੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਦਿਆਂ, ਆਖਿਆ ਗਿਆ ਕਿ ਪਾਕਿਸਤਾਨ ਖੁਦ ਅਖੌਤੀ ਦਹਿਸ਼ਤਗਰਦੀ ਦਾ ਸ਼ਿਕਾਰ ਹੈ, ਉਸਦੇ ਲੱਗਭੱਗ 70 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ। ਉਹ ਇਸ ਦਹਿਸ਼ਤਗਰਦੀ ਨੂੰ ਨਜਿੱਠਣ ਲਈ ਭਾਰਤ ਨਾਲ ਹਰ ਗੱਲਬਾਤ ਲਈ ਤਿਆਰ ਹਨ। ਭਾਰਤ ਵੱਲੋਂ ਪੁਲਵਾਮਾ ਹਮਲੇ ਬਾਰੇ ਡੌਜ਼ੀਅਰ (ਮਿਸਲ) ਸੌਂਪੀ ਗਈ ਹੈ, ਉਹ ਇਸ ਨੂੰ ਘੋਖਣਗੇ ਅਤੇ ਬਣਦੀ ਕਾਰਵਾਈ ਕਰਨਗੇ ਆਦਿ ਆਦਿ। 
ਮੋਦੀ ਜੁੰਡਲੀ ਦੇ ਫਿਰਕੂ-ਫਾਸ਼ੀ ਮਨਸੂਬੇ ਬੇਨਕਾਬ
ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਐਲਾਨ ਪਿੱਛੇ ਕੰਮ ਕਰਦੇ ਇਰਾਦਿਆਂ ਨੂੰ ਲਾਂਭੇ ਛੱਡਦਿਆਂ, ਇਹ ਕਿਹਾ ਜਾ ਸਕਦਾ ਹੈ ਕਿ ਉਸ ਵੱਲੋਂ ਦੋਵਾਂ ਮੁਲਕਾਂ ਦਰਮਿਆਨ ਜੰਗੀ ਮਾਹੌਲ ਨੂੰ ਝੋਕਾ ਲਾਉਣ ਤੋਂ ਪਾਸਾ ਵੱਟਿਆ ਗਿਆ ਅਤੇ ਪ੍ਰਸਪਰ ਟਕਰਾਅ ਦੇ ਮੁੱਦਿਆਂ ਨੂੰ ਮੁਖਾਤਿਬ ਹੋਣ ਲਈ ਕੂਟਨੀਤਕ ਗੱਲਬਾਤ ਦਾ ਅਮਲ ਛੇੜਨ 'ਤੇ ਜ਼ੋਰ ਪਾਉਣ ਦਾ ਸਪੱਸ਼ਟ ਰੁਖ ਅਖਤਿਆਰ ਕੀਤਾ ਗਿਆ। ਪਰ ਮੋਦੀ ਜੁੰਡਲੀ ਵੱਲੋਂ ਇਮਰਾਨ ਖਾਨ ਦੇ ਕੂਟਨੀਤਕ ਗੱਲਬਾਤ ਲਈ ਹੱਥ ਵਧਾਉਣ ਦੇ ਸਭਨਾਂ ਸੰਕੇਤਾਂ ਅਤੇ ਯਤਨਾਂ ਨੂੰ ਹਕਾਰਤ ਨਾਲ ਠੁਕਰਾਉਂਦਿਆਂ, ਅਖੌਤੀ ਦਹਿਸ਼ਤਗਰਦੀ ਖਿਲਾਫ ਲੜਾਈ ਦੇ ਨਾਂ ਹੇਠ ਨਾ ਸਿਰਫ ਪਾਕਿਸਤਾਨ ਅਤੇ ਕਸ਼ਮੀਰੀ ਕੌਮ ਖਿਲਾਫ ਫਿਰਕੂ ਜਨੂੰਨ ਤੇ ਨਫਰਤ ਦੀ ਜ਼ਹਿਰ ਉਗਲੱਛਦੇ ਫਿਰਕੂ-ਫਾਸ਼ੀ ਫਣ ਨੂੰ ਬਰਕਰਾਰ ਰੱਖਿਆ ਗਿਆ, ਸਗੋਂ ਇਸ ਫਿਰਕੂ ਜਨੂੰਨ ਅਤੇ ਨਫਰਤ ਦਾ ਛੱਟਾ ਦੇਣ ਦੀ ਮੁਹਿੰਮ ਦਾ ਪਸਾਰਾ ਕਰਨ ਅਤੇ ਇਸ ਨੂੰ ਮਘਾਉਣ-ਭਖਾਉਣ ਦਾ ਬੀੜਾ ਚੁੱਕ ਲਿਆ ਗਿਆ। ਉਹਨਾਂ ਵੱਲੋਂ ਪੁਲਵਾਮਾ ਹਮਲੇ ਅਤੇ ਭਾਰਤ ਦੇ ਪਾਕਿਸਤਾਨ 'ਤੇ ਹਵਾਈ ਹਮਲਿਆਂ ਨੂੰ ਆਪਣੀ ਸਮੁੱਚੀ ਪਾਰਲੀਮਾਨੀ ਚੋਣ ਮੁਹਿੰਮ ਦੇ ਨਾ ਸਿਰਫ ਕੇਂਦਰੀ ਹਵਾਲਾ ਨੁਕਤੇ ਬਣਾ ਦਿੱਤਾ ਗਿਆ ਹੈ, ਇਸ ਤੋਂ ਅੱਗੇ ਇਹਨਾਂ ਨੂੰ ਦੇਸ਼ਭਗਤੀ ਅਤੇ ਗ਼ਦਾਰੀ ਦਰਮਿਆਨ, ਅਖੌਤੀ ਰਾਸ਼ਟਰਵਾਦ ਅਤੇ ਰਾਸ਼ਟਰਵਾਦ ਵਿਰੋਧ ਦਰਮਿਆਨ, ਭਾਰਤਪ੍ਰਸਤੀ ਅਤੇ ਪਾਕਿਸਤਾਨਪ੍ਰਸਤੀ ਦਰਮਿਆਨ ਨਿਖੇੜ-ਨੁਕਤਿਆਂ ਵਜੋਂ ਉਭਾਰਿਆ ਜਾ ਰਿਹਾ ਹੈ। ਜਿਹੜਾ ਵੀ ਕੋਈ ਇਹਨਾਂ ਦੋਵਾਂ ਜੜੁੱਤ ਮਾਮਲਿਆਂ 'ਤੇ ਭਾਜਪਾ ਤੇ ਸੰਘ ਲਾਣੇ ਦੀ ਸੁਰ ਵਿੱਚ ਸੁਰ ਨਹੀਂ ਮਿਲਾਉਂਦਾ, ਉਹ ਰਾਸ਼ਟਰ ਵਿਰੋਧੀ ਹੈ, ਗ਼ਦਾਰ ਹੈ ਅਤੇ ਪਾਕਿਸਤਾਨਪ੍ਰਸਤ ਹੈ। ਇੱਥੇ ਹੀ ਬੱਸ ਨਹੀਂ, ਜਿਹੜਾ ਵੀ ਕੋਈ ਪੁਲਵਾਮਾ ਹਮਲੇ ਵਿੱਚ ਮੋਦੀ ਹਕੂਮਤ ਜਾਂ ਖੁਫੀਆ ਏਜੰਸੀਆਂ ਦੀ ਕਿਸੇ ਕਮੀ-ਪੇਸ਼ੀ 'ਤੇ ਉਂਗਲ ਉਠਾਉਣ ਦੀ 'ਗੁਸਤਾਖੀ' ਕਰਦਾ ਹੈ ਅਤੇ ਬਾਲਾਕੋਟ ਵਿਖੇ ਕੀਤੇ ਹਵਾਈ ਹਮਲੇ ਦੀ ਕਾਮਯਾਬੀ 'ਤੇ ਸੁਆਲ ਉਠਾਉਣ ਦੀ ਜੁਰਅੱਤ ਕਰਦਾ ਹੈ, ਤਾਂ ਭਾਜਪਾ ਅਤੇ ਸੰਘ ਲਾਣੇ ਦੀ ਫਿਰਕੂ ਅੱਗ ਸੁੱਟਦੀਆਂ ਚਗਲ ਜੁਬਾਨਾਂ ਉਸ 'ਤੇ ਰਾਸ਼ਟਰ-ਵਿਰੋਧੀ, ਗ਼ਦਾਰ ਅਤੇ ਪਾਕਿਸਤਾਨ ਹਮਾਇਤੀ ਹੋਣ ਦਾ ਠੱਪਾ ਲਾਉਂਦਿਆਂ ਕੈਂਚੀ ਵਾਂਗ ਚੱਲਦੀਆਂ ਹਨ। 
ਉਪਰੋਕਤ ਜ਼ਿਕਰ ਦਿਖਾਉਂਦਾ ਹੈ ਕਿ ਪਾਕਿਸਤਾਨ 'ਤੇ ਕੀਤੀ ਗਈ ਹਵਾਈ ਕਾਰਵਾਈ ਦਾ ਅਸਲ ਮਕਸਦ ਨਾ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਤਬਾਹ ਕਰਨਾ ਸੀ ਅਤੇ ਨਾ ਹੀ ਅਖੌਤੀ ਦਹਿਸ਼ਤਗਰਦਾਂ ਦਾ ਸਫਾਇਆ ਕਰਨਾ ਸੀ। ਇਹਨਾਂ ਮਕਸਦਾਂ ਨੂੰ ਹਾਸਲ ਕਰਨ ਪੱਖੋਂ ਇਹ ਕਾਰਵਾਈ ਸਫਲ ਹੁੰਦੀ ਹੈ ਜਾਂ ਅਸਫਲ— ਮੋਦੀ ਜੁੰਡਲੀ ਅਤੇ ਸੰਘ ਲਾਣੇ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਦਾ ਅਸਲ ਮਕਸਦ ਆ ਰਹੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਪੂਰੇ ਜ਼ੋਰ ਨਾਲ ਮਘਾਈ-ਭਖਾਈ ਜਾ ਰਹੀ ਹਿੰਦੂਤਵ ਦੀ ਫਿਰਕੂ-ਫਾਸ਼ੀ ਮੁਹਿੰਮ ਲਈ ਕੇਂਦਰੀ ਹਵਾਲਾ ਨੁਕਤੇ/ਨੁਕਤਿਆਂ ਦੀ ਸਿਰਜਣਾ ਕਰਨਾ ਸੀ। ਮੋਦੀ ਜੁੰਡਲੀ ਵੱਲੋਂ ਚਾਹੇ ਅਗਲੀਆਂ ਚੋਣਾਂ ਵਿੱਚ ਹਾਰ ਦੀ ਸੰਭਾਵਨਾ ਦੇ ਧੁੜਕੂ ਤੋਂ ਸੁਰਖਰੂ ਹੋਣ ਲਈ ਇੱਕ ਹੱਥ ਆਪਣੀਆਂ ਪ੍ਰਾਪਤੀਆਂ ਨੂੰ ਉਭਾਰਨ ਲਈ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ-ਪ੍ਰਸਾਰ 'ਤੇ ਅਰਬਾਂ ਰੁਪਿਆ ਰੋੜਿਆ ਜਾ ਰਿਹਾ ਹੈ, ਦੂਜੇ ਹੱਥ— ਰਾਮ ਮੰਦਰ ਉਸਾਰੀ, ਗਊ ਹੱਤਿਆ, ਮੁਸਲਮਾਨਾਂ ਦੇ ਨਾਵਾਂ ਨਾਲ ਜੁੜੇ ਪਿੰਡਾਂ-ਸ਼ਹਿਰਾਂ ਦੇ ਨਾਵਾਂ ਦੀ ਤਬਦੀਲੀ, ਆਸਾਮ ਵਿੱਚ ਕੌਮੀ ਨਾਗਰਿਕਤਾ ਰਜਿਸਟਰ (ਐਨ.ਸੀ.ਆਰ.) ਕਾਨੂੰਨ ਲਾਗੂ ਕਰਨ ਤੇ ਇਸ ਨੂੰ ਮੁਲਕ ਭਰ ਵਿੱਚ ਲਾਗੂ ਕਰਨ ਆਦਿ ਵਰਗੇ ਮੁੱਦਿਆਂ ਨੂੰ ਚੁੱਕਦਿਆਂ, ਹਿੰਦੂ-ਮੁਸਲਿਮ ਪਾਲਾਬੰਦੀ ਨੂੰ ਵਧਾਉਣ ਤੇ ਪੱਕਾ ਕਰਨ 'ਤੇ ਤਾਣ ਲਾਇਆ ਜਾ ਰਿਹਾ ਹੈ। ਭਾਜਪਾ ਅਤੇ ਸੰਘ ਲਾਣੇ ਨੂੰ ਇਸ ਮੁਹਿੰਮ 'ਤੇ ਦਾਰੋਮਦਾਰ ਰੱਖਦਿਆਂ, ਪਾਰਲੀਮਾਨੀ ਚੋਣਾਂ ਵਿੱਚ ਆਪਣਾ ਬੇੜਾ ਪਾਰ ਹੋਣ ਦਾ ਭਰੋਸਾ ਨਹੀਂ ਹੈ। ਜਿਸ ਕਰਕੇ ਮੋਦੀ ਹਕੂਮਤ ਵੱਲੋਂ 12 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 6000 ਰੁਪਏ ਪ੍ਰਤੀ ਕਿਸਾਨ ਪਰਿਵਾਰ ਪਾਉਣ ਦਾ ਐਲਾਨ ਕੀਤਾ ਗਿਆ ਅਤੇ ਵੱਖ ਵੱਖ ਸੂਬਿਆਂ ਵਿੱਚ ਅਖੌਤੀ ਵਿਕਾਸ ਪ੍ਰੋਜੈਕਟਾਂ ਲਈ ਕਰੋੜਾਂ-ਅਰਬਾਂ ਦੇ ਪੈਕੇਜ ਦੇਣ ਦਾ ਸਿਲਸਿਲਾ ਵਿੱਢਿਆ ਗਿਆ ਹੈ। 
ਇਸਦੇ ਬਾਵਜੂਦ ਮੋਦੀ ਹਕੂਮਤ ਰਾਫਾਲ ਜਹਾਜ਼ਾਂ ਦੇ ਸੌਦੇ ਵਿੱਚ ਕੀਤੀ ਘਪਲੇਬਾਜ਼ੀ ਦੇ ਮਾਮਲੇ ਵਿੱਚ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੀ ਮਾਰ ਹੇਠ ਆਈ ਹੋਈ ਹੈ ਅਤੇ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਮੁਹਿੰਮ ਦੇ ਹਮਲਾਵਰ ਰੁਖ ਤੋਂ ਕੰਬੀ ਹੋਈ ਹੈ। ਕਾਂਗਰਸ ਸਮੇਤ ਵਿਰੋਧੀ ਸਿਆਸੀ ਪਾਰਟੀਆਂ ਦੇ ਪ੍ਰਚਾਰ ਹੱਲੇ ਨੂੰ ਬੇਅਸਰ ਕਰਨ, ਲੋਕਾਂ ਦੀ ਸੁਰਤ ਇਹਨਾਂ ਮੁੱਦਿਆਂ ਤੋਂ ਤਿਲ੍ਹਕਾਉਣ ਅਤੇ ਆਪਣੀ ਪ੍ਰਚਾਰ ਮੁਹਿੰਮ ਦੀ ਸੀਮਤਾਈ ਨੂੰ ਹੂੰਝਵੀਂ ਵਿਆਖਿਆ ਮੁਹੱਈਆ ਕਰਨ ਲਈ ਉਸ ਵੱਲੋਂ ਪਿੱਛੇ ਜ਼ਿਕਰ ਕੀਤੇ ਗਏ ਹਵਾਲਾ ਨੁਕਤੇ ਦੀ ਸਿਰਜਣਾ ਕੀਤੀ ਗਈ ਯਾਨੀ ਪੁਲਵਾਮਾ ਹਮਲੇ ਲਈ ਸਾਜਗਾਰ ਹਾਲਤ ਬਣਾਉਂਦਿਆਂ ਇਸ ਬਹਾਨੇ ਹੇਠ ਪਾਕਿਸਤਾਨ ਅੰਦਰ ਹਵਾਈ ਹਮਲੇ ਦੀ ਕਾਰਵਾਈ ਦਾ ਡਰਾਮਾ ਰਚਿਆ ਗਿਆ। ਇਸ ਹਵਾਲਾ ਨੁਕਤੇ ਦਾ ਇੱਕ ਫੌਰੀ ਮਕਸਦ ਪਾਕਿਸਤਾਨ, ਮੁਸਲਮਾਨਾਂ ਅਤੇ ਕਸ਼ਮੀਰੀ ਕੌਮੀ ਜੱਦੋਜਹਿਦ ਖਿਲਾਫ ਸੰਘ ਲਾਣੇ ਵੱਲੋਂ ਵਿੱਢੀ ਫਿਰਕੂ-ਫਾਸ਼ੀ ਜਨੂੰਨ ਤੇ ਨਫਰਤ ਦੇ ਪਸਾਰੇ ਦੀ ਮੁਹਿੰਮ 'ਤੇ ਨਕਲੀ ਦੇਸ਼ਭਗਤੀ ਦਾ ਜਨੂੰਨੀ ਮੁਲੰਮਾ ਚਾੜ੍ਹਦਿਆਂ, ਇਸ ਨੂੰ ਭਰਮਾਊ ਦਿਖ ਦੇਣਾ ਅਤੇ ਹਿੰਦੂ ਜਨਤਾ ਅਤੇ ਗੈਰ-ਹਿੰਦੂ ਜਨਤਾ (ਸਿੱਖਾਂ, ਮੁਸਲਮਾਨਾਂ, ਇਸਾਈ ਆਦਿ) ਦੇ ਫਿਰਕਾਪ੍ਰਸਤੀ ਤੋਂ ਨਿਰਲੇਪ ਹਿੱਸਿਆਂ ਨੂੰ ਲਪੇਟ ਵਿੱਚ ਲੈਣਾ ਹੈ। ਇਸਦਾ ਦੂਜਾ ਫੌਰੀ ਮਕਸਦ- ਮੋਦੀ ਨੂੰ ਪਾਕਿਸਤਾਨ ਅਤੇ ਅਖੌਤੀ ਦਹਿਸ਼ਤਗਰਦੀ ਖਿਲਾਫ ਲੜਾਈ ਦੇ ਗਦਾਧਾਰੀ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਦਿਆਂ, ਉਸਦੇ ਹੱਥਾਂ ਵਿੱਚ ''ਮੁਲਕ ਸੁਰੱਖਿਅਤ ਹੈ'' ਦੀ ਧਾਰਨਾ ਦਾ ਜਨਤਾ ਵਿੱਚ ਸੰਚਾਰ ਕਰਨਾ ਹੈ। ਤੀਜਾ- ਜਿਹੜੇ ਪੁਲਵਾਮਾ ਹਮਲੇ, ਹਵਾਈ ਕਾਰਵਾਈ ਅਤੇ ਰਾਫਾਲ ਸੌਦੇ ਸਬੰਧੀ ਪ੍ਰਧਾਨ ਮੰਤਰੀ ਮੋਦੀ/ਮੋਦੀ ਹਕੂਮਤ 'ਤੇ ਕਿੰਤੂ-ਪ੍ਰੰਤੂ ਦੀ ਉਂਗਲ ਉਠਾਉਂਦੇ ਹਨ, ਉਹਨਾਂ ਨੂੰ ਮੁਲਕ ਦੀ ਸੁਰੱਖਿਆ ਨਾਲ ਖੇਡਣ ਅਤੇ ਪਾਕਿਸਤਾਨ ਦੀਆਂ ਚਾਲਾਂ ਦੇ ਮੋਹਰੇ ਬਣ ਕੇ ''ਰਾਸ਼ਟਰ-ਵਿਰੋਧੀ ਅਤੇ ਮੁਲਕ-ਵਿਰੋਧੀ'' ਹੋਣ ਦੇ ਭਾਗੀਦਾਰਾਂ ਵਜੋਂ ਪੇਸ਼ ਕਰਦਿਆਂ, ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੀ ਮੋਦੀ ਹਕੂਮਤ ਖਿਲਾਫ ਹਮਲਾਵਰ ਪ੍ਰਚਾਰ ਮੁਹਿੰਮ ਦੀ ਧਾਰ ਨੂੰ ਖੁੰਢਾ ਕਰਨਾ ਹੈ। ਇਸਦਾ ਦੂਰਗਾਮੀ ਮਕਸਦ- ਸੰਘ ਲਾਣੇ ਦੀ ਪੈਰੋਕਾਰ ਮੋਦੀ ਹਕੂਮਤ ਨੂੰ ਮੁੜ ਸੱਤਾ ਵਿੱਚ ਲਿਆਉਣਾ ਹੈ, ਤਾਂ ਕਿ ਭਾਰਤੀ ਰਾਜ ਅਤੇ ਸਮਾਜ ਦੇ ਹਿੰਦੂਤਵੀਕਰਨ ਦੇ ਚਲਾਏ ਜਾ ਰਹੇ ਅਮਲ ਨੂੰ ਹੋਰ ਰਫਤਾਰ ਅਤੇ ਵਿਆਪਕਤਾ ਮੁਹੱਈਆ ਕੀਤੀ ਜਾ ਸਕੇ। ਇਉਂ, ਜਿੱਥੇ ਬਹੁਗਿਣਤੀ ਹਿੰਦੂ ਜਨਤਾ ਨੂੰ ਹਿੰਦੂਤਵ ਦੇ ਫਿਰਕੂ ਫਾਸ਼ੀ ਵਿਚਾਰਾਂ ਦੀ ਪਾਣ ਚਾੜ੍ਹਦਿਆਂ, ਮੁਲਕ ਨੂੰ ''ਹਿੰਦੂ ਰਾਸ਼ਟਰ'' ਦੀ ''ਪਵਿੱਤਰ ਭੂਮੀ'' ਦਾ ਗੱਜਵੱਜ ਕੇ ਐਲਾਨ ਕੀਤਾ ਜਾ ਸਕੇ ਅਤੇ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਆਦਿ ਨੂੰ ਦਹਿਸ਼ਤਜ਼ਦਾ ਕਰਕੇ ਮਾਨਸਿਕ ਅਧੀਨਗੀ ਅਤੇ ਨਿਤਾਣੇਪਣ ਦੀ ਹਾਲਤ ਵਿੱਚ ਧੱਕਿਆ ਜਾ ਸਕੇ। 
ਮੋਦੀ ਹਕੂਮਤ ਦੇ ਲੋਕ-ਵਿਰੋਧੀ ਹਮਲੇ ਦੇ ਅਗਲੇ ਪੜਾਅ ਦਾ ਪੈੜਾ ਬੰਨ੍ਹਣ ਦੀ ਕਾਰਵਾਈ
ਮੋਦੀ ਹਕੂਮਤ ਵੱਲੋਂ ਆਪਣੇ ਤਕਰੀਬਨ ਪੰਜ ਸਾਲਾਂ ਦੇ ਅਰਸੇ ਦੌਰਾਨ ਮੁਲਕ ਦੀ ਮਿਹਨਤਕਸ਼ ਜਨਤਾ ਨੂੰ ਤਿੱਖੇ ਅਤੇ ਵਿਆਪਕ ਸਾਮਰਾਜੀ ਨਿਰਦੇਸ਼ਤ ਆਰਥਿਕ, ਸਿਆਸੀ, ਸਭਿਆਚਾਰਕ ਅਤੇ ਫੌਜੀ ਹੱਲੇ ਦੀ ਮਾਰ ਹੇਠ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਮੁਲਕ ਦੇ ਲੋਕਾਂ ਦੇ ਰੁਜ਼ਗਾਰ ਅਤੇ ਕਮਾਈ ਦੇ ਵਸੀਲਿਆਂ 'ਤੇ ਝਪਟਣ ਅਤੇ ਸਾਮਰਾਜੀਆਂ ਤੇ ਉਹਨਾਂ ਦੇ ਦਲਾਲ ਕਾਰਪੋਰੇਟਾਂ ਦੀਆਂ ਤਿਜੌਰੀਆਂ ਭਰਨ ਲਈ ਹਰ ਹਰਬਾ ਵਰਤਿਆ ਗਿਆ ਹੈ। ਸਾਮਰਾਜੀ ਜਾਗੀਰੂ ਲੁੱਟ-ਖੋਹ ਦੇ ਜੂਲੇ ਨੂੰ ਵਗਾਰ ਮਾਰਨ ਲਈ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਵਿੱਚ ਲੜਦੇ ਕਿਸਾਨਾਂ ਦੀ ਹਥਿਆਰਬੰਦ ਟਾਕਰਾ ਲਹਿਰ ਨੂੰ ਖੂਨ ਵਿੱਚ ਡੁਬੋਣ ਲਈ ''ਅਪ੍ਰੇਸ਼ਨ ਗਰੀਨ ਹੰਟ'' ਦੇ ਨਾਂ ਹੇਠ ਲੋਕਾਂ 'ਤੇ ਫੌਜੀ ਹੱਲਾ ਵਿਢਿਆ ਹੋਇਆ ਹੈ। ਕਸ਼ਮੀਰ ਤੇ ਉੱਤਰ-ਪੂਰਬ ਦੀਆਂ ਕੌਮੀ ਆਜ਼ਾਦੀ ਤੇ ਆਪਾ-ਨਿਰਣੇ ਦੀਆਂ ਲਹਿਰਾਂ ਨੂੰ ਕੁਚਲਣ ਲਈ ਮੌਤ ਦਾ ਤਾਂਡਵ ਨਾਚ ਜਾਰੀ ਹੈ। ਅਖੌਤੀ ਦਹਿਸ਼ਤਗਰਦੀ ਨੂੰ ਕੁਚਲਣ ਦੇ ਨਾਂ ਹੇਠ ਮੁਲਕ ਦੇ ਕਿੰਨੇ ਸੂਬਿਆਂ ਵਿੱਚ ਅਫਸਪਾ ਵਰਗੇ ਕਾਲੇ ਕਾਨੂੰਨ ਮੜ੍ਹਦਿਆਂ, ਹਥਿਆਰਬੰਦ ਸੁਰੱਖਿਆ ਬਲਾਂ ਨੂੰ ਲੋਕਾਂ ਦੀ ਜਾਨ-ਮਾਲ ਅਤੇ ਇੱਜਤ-ਆਬਰੂ ਨਾਲ ਖੇਡਣ, ਘਰਬਾਰ ਉਜਾੜਨ-ਫੂਕਣ ਅਤੇ ਬੇਦਰੇਗ ਕਤਲੇਆਮ ਰਚਾਉਣ ਲਈ ਬੇਲਗਾਮ ਕੀਤਾ ਹੋਇਆ ਹੈ। ਗਊ ਰੱਖਿਆ ਦੇ ਨਾਂ ਹੇਠ ਮੁਸਲਿਮ ਭਾਈਚਾਰੇ ਖਿਲਾਫ ਹਿੰਦੂ ਫਿਰਕੂ ਫਾਸ਼ੀ ਗਰੋਹਾਂ ਨੂੰ ਸ਼ਿਸ਼ਕਾਰਦਿਆਂ, ਇੱਕ ਪਾਸੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਹਨ, ਦੂਜੇ ਪਾਸੇ ਉਹਨਾਂ 'ਤੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨ ਮੜ੍ਹ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਮਨੂੰ ਸਿਮਰਤੀ ਨੂੰ ਪ੍ਰਣਾਏ ਸੰਘ ਲਾਣੇ ਦੇ ਗਰੋਹਾਂ ਵੱਲੋਂ ਦਲਿਤਾਂ ਅਤੇ ਔਰਤਾਂ 'ਤੇ ਅੱਤਿਆਚਾਰਾਂ ਦਾ ਵਰਤਾਰਾ ਜ਼ੋਰ ਫੜ ਰਿਹਾ ਹੈ। 
ਆਪਣੀ ਉਪਰੋਕਤ ਲੋਕ-ਵਿਰੋਧੀ ਕਾਰਗੁਜ਼ਾਰੀ ਕਰਕੇ ਮੋਦੀ ਹਕੂਮਤ ਲੋਕਾਂ ਦੇ ਨੱਕੋਂ-ਬੁੱਲ੍ਹੋਂ ਲਹਿ ਰਹੀ ਹੈ ਅਤੇ ਇਸਦੀ ਪੜਤ ਨੂੰ ਵੱਡਾ ਖੋਰਾ ਲੱਗ ਰਿਹਾ ਹੈ। ਆਪਣੀ ਪੜਤ ਨੂੰ ਲੱਗ ਰਹੇ ਇਸ ਖੋਰੇ ਨੂੰ ਠੱਲ੍ਹਣ ਅਤੇ ਮੋੜਾ ਦੇਣ ਲਈ ਉਸ ਵੱਲੋਂ ਆਖਰੀ ਹੰਭਲੇ ਵਜੋਂ ਪਾਕਿਸਤਾਨ ਖਿਲਾਫ ਹਵਾਈ ਹਮਲੇ ਦੀ ਕਾਰਵਾਈ ਦਾ ਡਰਾਮਾ ਰਚਦਿਆਂ ਇਸ ਨੂੰ ਮੋਦੀ ਹਕੂਮਤ ਨੂੰ ਮੁੜ ਤਾਕਤ ਵਿੱਚ ਲਿਆਉਣ ਵਾਸਤੇ ਪੈੜਾ ਬੰਨ੍ਹਣ ਲਈ ਹੰਭਲਾ ਮਾਰਿਆ ਗਿਆ ਹੈ। ਇਸ ਤਰ੍ਹਾਂ, ਇਹ ਕਾਰਵਾਈ ਚਾਹੇ ਫੌਰੀ ਪ੍ਰਸੰਗ ਅੰਦਰ ਉੱਪਰੋਂ ਦੇਖਿਆਂ ਪਾਕਿਸਤਾਨ ਖਿਲਾਫ ਕੀਤੀ ਹਮਲੇ ਦੀ ਕਾਰਵਾਈ ਲੱਗਦੀ ਹੈ, ਪਰ ਇਸ ਕਾਰਵਾਈ ਪਿੱਛੇ ਲੁਕਵਾਂ ਮੰਤਵ ਮੋਦੀ ਹਕੂਮਤ ਅਤੇ ਮੁਲਕ ਦੀ ਜਨਤਾ ਦਰਮਿਆਨ ਗੂੜ੍ਹੀ ਹੋ ਰਹੀ ਪਾਲਾਬੰਦੀ ਦੀ ਲਕੀਰ ਨੂੰ ਧੁੰਦਲਾਉਣ, ਪਾਕਿਸਤਾਨ ਤੇ ਕਸ਼ਮੀਰੀ ਕੌਮ ਨਾਲ ਨਕਲੀ ਦੁਸ਼ਮਣੀ ਦੀ ਲਕੀਰ ਨੂੰ ਉਭਾਰਨ ਅਤੇ ਇਉਂ, ਲੋਕਾਂ ਨੂੰ ਆਪਣੀ ਹੀ ਦੁਸ਼ਮਣ ਮੋਦੀ ਹਕੂਮਤ ਨੂੰ ਮੁੜ-ਤਾਕਤ ਵਿੱਚ ਲਿਆਉਣ ਲਈ ਫਤਵਾ ਦੇਣ ਦੇ ਭਰਮ ਜਾਲ ਵਿੱਚ ਫਸਾਉਣ ਲਈ ਯਾਨੀ ਆਪਣੇ ਪੈਰ ਆਪ ਕੁਹਾੜੀ ਮਾਰਨ ਲਈ ਤਿਆਰ ਕਰਨਾ ਹੈ। 
ਗ਼ਦਾਰਾਂ ਹੱਥ ਦੇਸ਼ਭਗਤੀ ਦੀ ਗਦਾ
ਇਸ ਨੂੰ ਹਾਲਤਾਂ ਦੀ ਸਿਤਮਜ਼ਰੀਫੀ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਮੁਲਕ ਦੀ ਹਕੂਮਤ 'ਤੇ ਹਿੰਦੂਤਵ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਦੇ ਮੁਦੱਈ ਆਰ.ਐਸ.ਐਸ. ਦੀ ਅਗਵਾਈ ਹੇਠਲਾ ਉਹ ਸੰਘ ਲਾਣਾ ਕਾਬਜ਼ ਹੈ, ਜਿਸ ਦਾ ਪਰਮ-ਧਰਮ ਸਾਮਰਾਜੀਆਂ ਦੀ ਸੇਵਾ ਕਰਨਾ ਹੈ ਅਤੇ ਲੋਕਾਂ ਨਾਲ ਦਗ਼ਾ ਕਮਾਉਣਾ ਹੈ। 
ਆਰ.ਐਸ.ਐਸ. ਦੀ ਹਿੰਦੂਤਵ ਦੀ ਵਿਚਾਰਧਾਰਾ ਅਤੇ ਧਰਮ ਦੇ ਆਧਾਰਤ ''ਦੋ ਕੌਮਾਂ ਦੇ ਸਿਧਾਂਤ'' ਦੇ ਰਚਣਹਾਰਾ ਵੀਰ ਦਾਮੋਦਰ ਸਾਵਰਕਾਰ ਵੱਲੋਂ ਬਸਤੀਵਾਦੀ ਅੰਗਰੇਜ਼ ਸਾਮਰਾਜੀ ਹਾਕਮਾਂ ਕੋਲੋਂ ਚਾਰ ਵਾਰ ਮੁਆਫੀ ਮੰਗ ਕੇ ਅਤੇ ਉਹਨਾਂ ਮੂਹਰੇ ਡੰਡੌਤ ਕਰਕੇ ਜੇਲ੍ਹ ਤੋਂ ਛੁਟਕਾਰਾ ਪਾਇਆ ਗਿਆ ਸੀ। 1917 ਦੇ ਅਕਤੂਬਰ ਇਨਕਲਾਬ ਤੋਂ ਬਾਅਦ, ਸਮਾਜਵਾਦੀ ਇਨਕਲਾਬ ਦੀ ਹਕੀਕੀ ਚੁਣੌਤੀ ਨੂੰ ਦੇਖਦਿਆਂ ਅਤੇ ਚੀਨ ਵਿੱਚ ਅੱਗੇ ਵਧ ਰਹੇ ਸਾਮਰਾਜ ਵਿਰੋਧੀ ਇਨਕਲਾਬੀ ਉਭਾਰ ਦੀਆਂ ਸਾਮਰਾਜ ਵਿਰੋਧੀ ਅਰਥ-ਸੰਭਾਵਨਾਵਾਂ ਦੇ ਖਤਰੇ ਨੂੰ ਭਾਂਪਦਿਆਂ, ਬਰਤਾਨਵੀ ਹਾਕਮਾਂ ਵੱਲੋਂ ਭਾਰਤ ਅੰਦਰ ਉੱਠਣ ਵਾਲੇ ਸਾਮਰਾਜੀ ਬਸਤੀਵਾਦ ਖਿਲਾਫ ਉੱਸਲਵੱਟੇ ਲੈ ਰਹੇ ਇਨਕਲਾਬੀ ਜਨਤਕ ਉਭਾਰ ਨੂੰ ਰਾਹੋਂ ਭਟਕਾਉਣ ਲਈ ਰੱਸੇ-ਪੈੜੇ ਵੱਟਣ ਦਾ ਅਮਲ ਵਿੱਢਿਆ ਗਿਆ ਅਤੇ ਇਸ ਅਮਲ ਦੇ ਅੰਗ ਵਜੋਂ ਸਾਵਰਕਰ ਨੂੰ ਸ਼ਿੰਗਾਰ ਕੇ ਮੈਦਾਨ ਵਿੱਚ ਲਿਆਂਦਾ ਗਿਆ। ਸਾਮਰਾਜੀ ਥਾਪੜਾ ਪ੍ਰਾਪਤ ਸਾਵਰਕਰ ਵੱਲੋਂ ਸਾਮਰਾਜ-ਵਿਰੋਧੀ ਖਰੀ ਦੇਸ਼ਭਗਤੀ ਅਤੇ ਕੌਮਪ੍ਰਸਤੀ ਦੇ ਬਾਹਰਮੁਖੀ ਆਧਾਰ (ਮੁਲਕ ਅੰਦਰ ਦਰਜ਼ਨਾਂ ਉੱਭਰ ਰਹੀਆਂ ਅਤੇ ਮੁਹਾਂਦਰਾ ਅਖਤਿਆਰ ਕਰ ਰਹੀਆਂ ਕੌਮਾਂ ਦੇ ਬਹੁਕੌਮੀ ਆਧਾਰ) ਬਾਰੇ ਗੰਧਲਚੌਦੇਂ ਪਾਉਣ ਅਤੇ ਨਕਲੀ ਆਧਾਰ ਸਿਰਜਣ ਲਈ ਧਰਮ ਆਧਾਰਤ ''ਦੋ ਕੌਮਾਂ ਦਾ ਸਿਧਾਂਤ'' ਘੜਿਆ ਗਿਆ ਅਤੇ 1922 ਵਿੱਚ ਹਿੰਦੂਤਵ ਦੇ ਨਾਂ ਹੇਠ ਸਾਹਮਣੇ ਲਿਆਂਦਾ ਗਿਆ। ਇਸ ਨੂੰ ਆਧਾਰ ਬਣਾਉਂਦਿਆਂ, ਉਸ ਵੱਲੋਂ ''ਹਿੰਦੂ ਮਹਾਂ ਸਭਾ'' ਬਣਾਈ ਗਈ। ਫਿਰ 1925 ਵਿੱਚ ਇੱਕ ਕਾਂਗਰਸੀ ਫਿਰਕਾਪ੍ਰਸਤ ਆਗੂ ਮੁੰਜੇ ਅਤੇ ਡਾ. ਹੈਡਗਵਾਰ ਨਾਲ ਮਿਲ ਕੇ ਰਾਸ਼ਟਰੀ ਸਵੈਮ-ਸੇਵਕ ਸੰਘ ਬਣਾਇਆ ਗਿਆ। 
ਆਰ.ਐਸ.ਐਸ., ਹਿੰਦੂ ਮਹਾਂ ਸਭਾ ਅਤੇ ਬਾਅਦ ਵਿੱਚ ਉਸਾਰੀਆਂ ਗਈਆਂ ਸਭਨਾਂ ਹਿੰਦੂ ਜਥੇਬੰਦੀਆਂ ਦੇ ਲਾਣੇ ਵੱਲੋਂ ਮੁਲਕ ਨੂੰ ਬਰਤਾਨਵੀ ਸਾਮਰਾਜੀ ਬਸਤੀਵਾਦ ਤੋਂ ਮੁਕਤ ਕਰਵਾਉਣ ਦੀ ਲੜਾਈ 'ਚੋਂ ਸਿਰਫ ਲਾਂਭੇ ਹੀ ਨਹੀਂ ਰਿਹਾ ਗਿਆ, ਸਗੋਂ ਇਸ ਲੜਾਈ ਦਾ ਡਟਵਾਂ ਵਿਰੋਧ ਕੀਤਾ ਗਿਆ। ਇੱਥੇ ਹੀ ਬੱਸ ਨਹੀਂ, ਆਰ.ਐਸ.ਐਸ. ਅਤੇ ਇਸਦੀ ਅਗਵਾਈ ਹੇਠਲੀਆਂ ਹਿੰਦੂ ਜਥੇਬੰਦੀਆਂ ਵੱਲੋਂ ''ਦੋ ਕੌਮਾਂ'' ਦੇ ਪਿਛਾਖੜੀ ਸਿਧਾਂਤ ਦਾ ਝੰਡਾ ਚੁੱਕਦਿਆਂ, ਮੁਲਕ ਦੀ ਸਾਮਰਾਜ-ਵਿਰੋਧੀ ਲਹਿਰ ਨੂੰ ਫਿਰਕੂ ਲੀਹਾਂ 'ਤੇ ਵੰਡਣ-ਪਾੜਨ ਅਤੇ ਖਿੰਡਾਉਣ ਲਈ ਬਰਤਾਨਵੀ ਹਾਕਮਾਂ ਨਾਲ ਬਗਲਗੀਰ ਹੋ ਕੇ ਚੱਲਿਆ ਗਿਆ। ਮੁਲਕ ਨੂੰ ਸਾਮਰਾਜੀ ਬਸਤੀਵਾਦ ਦੇ ਜੂਲੇ ਤੋਂ ਮੁਕਤ ਕਰਵਾਉਣ ਦੇ ਸਿਰਮੌਰ ਕਾਰਜ ਨੂੰ ਮੁਖਾਤਿਬ ਹੋਣ ਦੀ ਬਜਾਇ, ਮੁਸਲਮਾਨ ਭਾਈਚਾਰੇ ਨੂੰ ਇੱਕ ਬਾਹਰੀ, ਹਮਲਾਵਰ ਅਤੇ ਹਿੰਦੂਆਂ ਨੂੰ ਇੱਕ ਹਜ਼ਾਰ ਸਾਲ ਲਈ ਗੁਲਾਮ ਬਣਾ ਕੇ ਰੱਖਣ ਵਾਲੀ ਦੁਸ਼ਮਣ ਕੌਮ ਵਜੋਂ ਟਿੱਕਦਿਆਂ, ਉਸ ਖਿਲਾਫ ਫਿਰਕੂ ਜਹਾਦ ਵਿੱਢਣ ਅਤੇ ਅਖੌਤੀ ਹਿੰਦੂ ਕੌਮ ਦੀ ਮੁੜ-ਸੁਰਜੀਤੀ (ਰੀਵਾਈਵਲਿਜ਼ਮ) ਦੇ ਕਾਰਜ ਨੂੰ ਆਪਣੇ ਸ਼੍ਰੋਮਣੀ ਤੇ ਇੱਕੋ ਇੱਕ ਕਾਰਜ ਵਜੋਂ ਟਿੱਕ ਲਿਆ ਗਿਆ। ਚੇਤੇ ਰਹੇ ''ਦੋ ਕੌਮਾਂ'' ਦਾ ਫਿਰਕੂ-ਪਿਛਾਖੜੀ ਸਿਧਾਂਤ ਨਾ ਮੁਸਲਿਮ ਲੀਗ ਦੀ ਕਾਢ ਹੈ ਅਤੇ ਨਾ ਹੀ ਜਿਨਾਹ ਦੀ, ਇਹ ਫਿਰਕੂ-ਫਾਸ਼ੀ ਸੰਘ ਲਾਣੇ ਦੇ ਗੁਰੂ ਘੰਟਾਲ ਸਾਵਰਕਾਰ ਦੀ ਦੇਣ ਹੈ। 
ਅੱਜ ਵੀ ਹਿੰਦੂਤਵ ਦੀ ਪੈਰਵਾਈ ਕਰਦਾ ਇਹ ਸੰਘ ਲਾਣਾ ਪਾਕਿਸਤਾਨ ਨੂੰ ਅਤੇ ਭਾਰਤ ਵਿਚਲੇ ਮੁਸਲਮਾਨ ਭਾਈਚਾਰੇ (ਜਿਸ ਨੂੰ ਗੋਲਵਾਲਕਰ ਮਿੰਨੀ ਪਾਕਿਸਤਾਨ'' ਕਹਿੰਦਾ ਹੈ) ਨੂੰ ਅਖੌਤੀ ''ਹਿੰਦੂ ਰਾਸ਼ਟਰ'' ਦੀ ''ਪਵਿੱਤਰਭੂਮੀ'' ਭਾਰਤ ਵਰਸ਼ ਖਿਲਾਫ ਜਾਰੀ ਰਹਿ ਰਹੇ ਹਮਲੇ (ਐਗਰੈਸ਼ਨ) ਵਜੋਂ ਦੇਖਦਾ ਹੈ ਅਤੇ ਇਸ ਹਮਲੇ ਨੂੰ ਪਛਾੜਨ ਲਈ ਅਖੌਤੀ ਹਿੰਦੂ ਕੌਮ ਨੂੰ ਹਿੰਦੂਤਵ ਦੀ ਪਿਛਾਖੜੀ ਸੋਚ ਦੇ ਲੜ ਲੱਗਣ ਅਤੇ ਇੱਕਜੁੱਟ ਕਰਨ ਦੇ ਕਾਰਜ ਨੂੰ ਸਿਰਮੌਰ ਰੱਖ ਕੇ ਚੱਲਦਾ ਹੈ। ਸਾਮਰਾਜੀਆਂ, ਦਲਾਲ ਵੱਡੇ ਸਰਮਾਏਦਾਰਾਂ ਅਤੇ ਜਾਗੀਰੂ ਲਾਣੇ ਵੱਲੋਂ ਮੁਲਕ ਦੀ ਮਿਹਨਤਕਸ਼ ਜਨਤਾ 'ਤੇ ਪਾਏ ਗੁਲਾਮਾਨਾ ਦਾਬੇ ਅਤੇ ਲੁੱਟ-ਖੋਹ ਦੇ ਜੂਲੇ 'ਤੇ ਸੰਘ ਲਾਣੇ ਨੂੰ ਕੋਈ ਔਖ ਤਾਂ ਕੀ ਹੋਣੀ ਸੀ, ਸਗੋਂ ਉਹ ਇਸ ਜੂਲੇ ਨੂੰ ਵਗਾਹ ਮਾਰਨ ਲਈ ਉੱਠ ਰਹੀਆਂ ਇਨਕਲਾਬੀ, ਲੋਕ-ਹਿਤੈਸ਼ੀ ਅਤੇ ਕੌਮੀ ਖੁਦਮੁਖਤਿਆਰੀ ਦੀਆਂ ਲਹਿਰਾਂ ਦਾ ਡਟਵਾਂ ਵਿਰੋਧ ਕਰਦਾ ਹੈ, ਇਹਨਾਂ ਲਹਿਰਾਂ 'ਤੇ ''ਵੱਖਵਾਦੀ'', ''ਅੱਤਵਾਦੀ'' ਅਤੇ ''ਦਹਿਸ਼ਤਗਰਦੀ'' ਦਾ ਠੱਪਾ ਲਾਉਂਦਿਆਂ, ਇਹਨਾਂ ਨੂੰ ਕੁਚਲ ਦੇਣ ਦੀ ਬੇਸ਼ਰਮ ਵਕਾਲਤ ਕਰਦਾ ਹੈ। ਇਉਂ, ਇਹ ਫਿਰਕੂ-ਫਾਸ਼ੀ ਲਾਣਾ ਮੁਲਕ 'ਤੇ 1947 ਦੀ ਅਖੌਤੀ ਆਜ਼ਾਦੀ ਤੋਂ ਬਾਅਦ ਵੀ ਸਾਮਰਾਜੀਆਂ ਅਤੇ ਉਹਨਾਂ ਦੀਆਂ ਦਲਾਲ ਭਾਰਤੀ ਵੱਡੀ ਸਰਮਾਏਦਾਰ ਅਤੇ ਦਲਾਲ ਜਾਗੀਰਦਾਰ ਜਮਾਤਾਂ ਦੇ ਗੱਠਜੋੜ ਦੀ ਜਾਰੀ ਅੰਨ੍ਹੀਂ ਤੇ ਬੇਦਰੇਗ ਲੁੱਟ-ਖੋਹ ਅਤੇ ਦਾਬੇ ਨੂੰ ਬਰਕਰਾਰ ਰੱਖਣ ਦਾ ਸੰਦ ਬਣਿਆ ਹੋਇਆ ਹੈ। 
ਮੁਲਕ ਦੇ ਮਿਹਨਤਕਸ਼ ਲੋਕਾਂ ਨਾਲ ਇਸ ਤੋਂ ਭੱਦਾ ਮਜਾਕ ਕੀ ਹੋ ਸਕਦਾ ਹੈ ਕਿ ਮੁਲਕ ਦੀ ਸਾਮਰਾਜ-ਵਿਰੋਧੀ ਲਹਿਰ ਨਾਲ ਗ਼ਦਾਰੀ ਕਮਾਉਣ ਅਤੇ ਮੁਲਕ (ਵਿਸ਼ੇਸ਼ ਕਰਕੇ ਪੰਜਾਬੀ ਕੌਮ ਅਤੇ ਬੰਗਲਾ ਕੌਮ ਨੂੰ ਚੀਰਾ ਦਿਵਾਉਣ ਅਤੇ ਫਿਰਕੂ ਕਤਲੇਆਮਾਂ ਦਾ ਆਧਾਰ ਸਿਰਜਣ ਵਾਲਾ) ਦੀ ਫਿਰਕੂ ਲੀਹਾਂ 'ਤੇ ਵੰਡ ਦਾ ਆਧਾਰ ਸਿਰਜਣ ਦਾ ਸ਼੍ਰੋਮਣੀ  ਮੁਜਰਿਮ ਸੰਘ ਲਾਣਾ ਅੱਜ ਮੁਲਕ ਦੀ ਹਕੂਮਤੀ ਗੱਦੀ 'ਤੇ ਸਵਾਰ ਹੈ ਅਤੇ ਦੇਸ਼ਭਗਤੀ ਦੀ ਨਕਲੀ ਗਦਾ ਘੁੰਮਾਉਂਦਿਆਂ, ਆਪਣੇ ਆਪ ਨੂੰ ਦੇਸ਼ਭਗਤੀ ਦੇ ਨਕਲੀ ਲਿਬਾਸ ਵਿੱਚ ਸਜਾ ਕੇ ਪੇਸ਼ ਕਰਨ ਦੇ ਧੰਦੇ ਵਿੱਚ ਗਲਤਾਨ ਹੈ। ਇਸ ਫਿਰਕੂ-ਫਾਸ਼ੀ ਲਾਣੇ ਲਈ ਪਾਕਿਸਤਾਨ, ਕਸ਼ਮੀਰੀ ਲੋਕਾਂ ਅਤੇ ਮੁਸਲਮਾਨਾਂ ਖਿਲਾਫ ਫਿਰਕੂ ਜਹਾਦੀ ਹੋਕਰੇਬਾਜ਼ੀ ਦੇਸ਼ਭਗਤੀ ਹੈ, ਅਖੌਤੀ ਗਊ-ਰੱਖਿਆ ਦੇਸ਼ਭਗਤੀ ਹੈ, ਧਾਰਮਿਕ ਘੱਟ ਗਿਣਤੀਆਂ ਨੂੰ ਜੁੱਤੀ ਹੇਠ ਰੱਖਣਾ ਦੇਸ਼ਭਗਤੀ ਹੈ, ਪਰ ਸਾਮਰਾਜੀ ਤੇ ਭਾਰਤੀ ਦਲਾਲ ਕਾਰਪੋਰੇਟਾਂ ਅਤੇ ਜਾਗੀਰੂ ਲੁੱਟ ਖੋਹ ਅਤੇ ਦਾਬੇ ਖਿਲਾਫ ਲੜਨਾ ''ਅੱਤਵਾਦ'' ਤੇ ''ਦਹਿਸ਼ਤਗਰਦੀ'' ਹੈ, ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਲਈ ਲੜਨਾ ''ਵੱਖਵਾਦ'' ਹੈ, ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਦੇ ਹੱਕਾਂ ਲਈ ਲੜਨਾ ''ਖੱਬੇਪੱਖੀ ਅੱਤਵਾਦ'' ਹੈ। ਇਸ ਤਰ੍ਹਾਂ, ਇਹ ਹਿੰਦੂਤਵੀ ਫਿਰਕੂ-ਫਾਸ਼ੀ ਲਾਣਾ ਸਾਮਰਾਜੀਆਂ ਅਤੇ ਉਹਨਾਂ ਦੀਆਂ ਦਲਾਲ ਭਾਰਤੀ ਹਾਕਮ ਜਮਾਤਾਂ ਵੱਲੋਂ ਆਪਣੀ ਲੁੱਟ-ਖੋਹ ਅਤੇ ਦਾਬੇ ਨੂੰ ਕਾਇਮ ਰੱਖਣ ਲਈ ਮੁਲਕ ਦੇ ਲੋਕਾਂ ਖਿਲਾਫ ਵਿੱਢੀ ਪਿਛਾਖੜੀ ਜੰਗ ਦੀ ਮੁਹਰੈਲ ਸਿਆਸੀ ਟੁਕੜੀ ਵਜੋਂ ਸਾਹਮਣੇ ਆ ਰਿਹਾ ਹੈ।
ਸਾਮਰਾਜੀਆਂ ਅਤੇ ਭਾਰਤੀ ਦਲਾਲ ਹਾਕਮ ਜਮਾਤਾਂ ਦੇ ਹਿੱਤਾਂ ਨਾਲ ਵਫਾ ਕਮਾਉਣ ਅਤੇ ਮੁਲਕ ਦੀ ਵਿਸ਼ਾਲ ਮਿਹਨਤਕਸ਼ ਲੋਕਾਈ ਨਾਲ ਧਰੋਹ ਕਮਾਉਣ ਨੂੰ ਹੀ ਇਹ ਮੋਦੀ ਹਕੂਮਤ ਅਤੇ ਸੰਘ ਲਾਣਾ ਅਖੌਤੀ ਦੇਸ਼ਭਗਤੀ ਦਾ ਪੈਮਾਨਾ ਬਣਾ ਕੇ ਪੇਸ਼ ਕਰ ਰਿਹਾ ਹੈ। ਆਓ, ਅਜਿਹੀ ਦੇਸ਼ਭਗਤੀ ਦੇ ਦੰਭੀ ਨਕਾਬਾਂ ਨੂੰ ਲੀਰੋ ਲੀਰ ਕਰਦਿਆਂ, ਮੁਲਕ ਤੋਂ ਸਾਮਰਾਜੀ-ਜਾਗੀਰੂ ਲੁੱਟ-ਖੋਹ ਅਤੇ ਦਾਬੇ ਦੇ ਗੁਲਾਮਾਨਾ ਜੂਲੇ ਨੂੰ ਵਗਾਹ ਮਾਰਨ ਦੀ ਪ੍ਰੇਰਨਾ ਸਰੋਤ ਬਣਦੀ ਖਰੀ ਦੇਸ਼ਭਗਤੀ ਅਤੇ ਲੋਕ-ਭਗਤੀ ਦੀ ਲਲਕਾਰ ਉੱਚੀ ਕਰੀਏ। 

No comments:

Post a Comment