Friday, 8 March 2019

ਗੰਨਾ ਉਤਪਾਦਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਵਿਖੇ ਧਰਨਾ

ਗੰਨਾ ਉਤਪਾਦਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਵਿਖੇ ਧਰਨਾ
ਗੰਨਾ ਉਤਪਾਦਕ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਗੁਰਦਾਸਪੁਰ ਦੀ ਅਗਵਾਈ ਵਿੱਚ 20 ਫਰਵਰੀ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਦਾ ਰਾਤ ਦਿਨ ਦਾ ਪੱਕਾ ਧਰਨਾ ਸ਼ੁਰੂ ਕੀਤਾ ਗਿਆ। ਇਸ ਤਾਲਮੇਲ ਕਮੇਟੀ ਵਿੱਚ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਸ਼ਾਮਿਲ ਹਨ ਇਸ ਸੰਘਰਸ਼ ਨੂੰ ਪੱਗੜੀ ਸੰਭਾਲ ਜੱਟਾ ਲਹਿਰ ਨੇ ਵੀ ਸਮਰਥਨ ਦਿੱਤਾ ਹੋਇਆ ਹੈ। ਪਰ ਸਰਕਾਰਾਂ ਹੱਠੀ ਤੇ ਕਿਸਾਨ ਵਿਰੋਧੀ ਅੜੀਅਲ ਰਵੱਈਏ ਕਰਕੇ ਗੰਨਾ ਉਤਪਾਦਕਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲੋਂ ਪਿਛਲੇ ਸੀਜ਼ਨ ਦਾ ਗੰਨੇ ਦਾ ਬਕਾਇਆ ਨਾ ਦੇਣ ਕਰਕੇ, ਗੰਨੇ ਦਾ ਬਾਂਡ ਪਹਿਲਾ ਨਾਲੋਂ ਘੱਟ ਕਰਕੇ, ਗੰਨਾ ਉਤਪਾਦਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ਾਂ ਦੌਰਾਨ ਪੰਜਾਬ ਸਰਕਾਰ ਨੇ ਕਿਸਾਨ ਜੱਥੇਬੰਦੀਆਂ ਨਾਲ 15 ਜਨਵਰੀ 2019 ਤੱਕ ਗੰਨੇ ਦਾ ਸਾਰਾ ਬਕਾਇਆ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਇਸ ਲਈ ਗੰਨਾ ਉਤਪਾਦਕ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਲਗਾਤਾਰ ਧਰਨਾ ਜਾਰੀ ਰੱਖ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਨਿੱਜੀ ਤੇ ਸਹਿਕਾਰੀ ਖੰਡ ਮਿੱਲਾਂ ਵੱਲ ਕਿਸਾਨਾਂ ਦਾ 400 ਕਰੋੜ ਰੁਪਏ ਤੋਂ ਵੱਧ ਦਾ ਗੰਨੇ ਦਾ ਬਕਾਇਆ 15 ਫੀਸਦੀ ਵਿਆਜ਼ ਨਾਲ ਦਿੱਤਾ ਜਾਵੇ, ਛੋਟੇ ਕਿਸਾਨਾਂ ਦਾ ਗੰਨੇ ਦਾ ਬਾਂਡ ਨੇੜੇ ਦੀ ਖੰਡ ਮਿੱਲ ਵਿੱਚ ਕੀਤਾ ਜਾਵੇ ਤੇ ਪਹਿਲ ਦੇ ਆਧਾਰ ਤੇ ਗੰਨੇ ਦੀਆਂ ਪਰਚੀਆਂ ਦਿੱਤੀਆਂ ਜਾਣ ਤੇ ਗੰਨੇ ਦੀ ਅਦਾਇਗੀ ਕੀਤੀ ਜਾਵੇ, ਜਿਹਨਾਂ ਗੰਨਾ ਕਾਸ਼ਤਕਾਰਾਂ ਦਾ ਖੰਡ ਮਿੱਲਾਂ ਵਿੱਚ ਬਾਂਡ ਹੋਇਆ ਹੈ ਪਰ ਅਜੇ ਤੱਕ ਇਕ ਪਰਚੀ ਨਹੀਂ ਮਿਲੀ ਉਹਨਾਂ ਨੂੰ ਤੁਰੰਤ ਗੰਨੇ ਦਾ ਬਾਂਡ ਕਰਕੇ ਉਹਨਾਂ ਦਾ ਗੰਨਾ ਪੀੜਿਆ ਜਾਵੇ ਅਤੇ ਸਹਿਕਾਰੀ ਖੰਡ ਮਿੱਲ ਪਨਿਆੜ ਦੀ ਸਮਰੱਥਾ ਵਧਾ ਕੇ ਨਵੀਨੀਕਰਨ ਕਰਨ ਦੀ ਪ੍ਰਕਿਰਿਆਂ ਤੇਜ਼ ਕੀਤੀ ਜਾਵੇ।
ਵੱਖ ਵੱਖ ਪੜਾਵਾਂ ਤਹਿਤ 25 ਫਰਵਰੀ ਨੂੰ ਵਿਸ਼ਾਲ ਇਕੱਠ ਕਰਕੇ ਸੜਕ ਜਾਮ ਕੀਤੀ ਗਈ ਅਤੇ ਐਸ.ਡੀ.ਐਮ. ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਅਤੇ ਡੀ.ਸੀ. ਨਾਲ ਤੁਰੰਤ ਮੀਟਿੰਗ ਕਰਵਾਈ। ਡੀ.ਸੀ. ਨੇ 5 ਦਿਨਾਂ ਵਿੱਚ ਮਸਲਾ ਨਿਬੇੜਨ ਦਾ ਭਰੋਸਾ ਦਿੱਤਾ। ਧਰਨਾ ਲਗਾਤਾਰ ਜਾਰੀ ਰਿਹਾ। 6 ਮਾਰਚ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਸੜਕੀ ਆਵਾਜਾਈ ਠੱਪ ਕਰਕੇ ਬੱਸ ਅੱਡੇ ਦਾ ਮੁਕੰਮਲ ਘੇਰਾਓ ਕੀਤਾ। ਧਰਨੇ ਵਿੱਚ ਆ ਕੇ ਸ਼ੂਗਰਫੈੱਡ ਪੰਜਾਬ ਚੰਡੀਗੜ੍ਹ ਤੋਂ ਗੁਰਇਕਬਾਲ ਸਿੰਘ ਕਾਹਲੋਂ ਤੇ ਮਿੱਲ ਪ੍ਰਬੰਧਕਾਂ ਨੇ ਦੋ ਦਿਨਾਂ ਵਿੱਚ ਰਹਿੰਦੇ ਕਿਸਾਨਾਂ ਦੀ ਬਾਂਡ ਕਰਕੇ ਪਰਚੀਆਂ ਦੇਣੀਆਂ ਸ਼ੁਰੂ ਕਰਨ ਤੇ 31 ਮਾਰਚ ਤੱਕ ਪਿਛਲਾ ਬਕਾਇਆ ਅਦਾ ਕਰਨ ਦਾ ਭਰੋਸਾ ਦਿਵਾਇਆ। ਪਰ ਸਰਕਾਰ ਤੇ ਪ੍ਰਸਾਸ਼ਨ ਦੇ ਪਿਛਲੇ ਰਵੱਈਏ ਨੂੰ ਦੇਖਦੇ ਹੋਏ ਜਥੇਬੰਦੀਆਂ ਵੱਲੋਂ ਧਰਨਾ ਲਗਾਤਾਰ ਜਾਰੀ ਰੱਖਦੇ ਹੋਏ 11 ਮਾਰਚ ਨੂੰ ਮੁੜ ਵੱਡਾ ਇਕੱਠ ਕਰਨ ਦਾ ਫੈਸਲਾ ਲਿਆ ਗਿਆ। ਇਹਨਾਂ ਧਰਨਿਆਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਜਮਹੂਰੀ ਕਿਸਾਨ ਸਭਾ ਦੇ ਰਘਵੀਰ ਸਿੰਘ ਪਕੀਵਾ, ਸੰਤੋਖ ਸਿੰਘ ਔਲਖ, ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੁਬੇਗ ਸਿੰਘ ਤੇ ਡਾ. ਅਸ਼ੋਕ ਭਾਰਤੀ, ਨਰਿੰਦਰ ਸਿੰਘ ਕੋਟਲਾਬਾਮਾ ਹਰਦਿਆਲ ਸਿੰਘ ਮਠੋਲਾ, ਪੰਜਾਬ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਰੰਧਾਵਾ, ਸੁਖਦੇਵ ਸਿੰਘ ਭਾਗੋਕਾਵਾਂ, ਕੁੱਲ ਹਿੰਦ ਕਿਸਾਨ ਸਭਾ ਦੇ ਗੁਲਜ਼ਾਰ ਸਿੰਘ ਬਸੰਤਕੋਟ, ਜਸਬੀਰ ਸਿੰਘ ਕੱਤੋਵਾਲ, ਪੰਜਾਬ ਕਿਸਾਨ ਸਭਾ ਦੇ ਲਖਵਿੰਦਰ ਸਿੰਘ ਮਰੜ, ਅਵਤਾਰ ਸਿੰਘ ਕਿਰਤੀ, ਪੱਗੜੀ ਸੰਭਾਲ ਜੱਟਾ ਲਹਿਰ ਦੇ ਗੁਰਪ੍ਰਤਾਪ ਸਿੰਘ ਰੰਧਾਵਾ, ਮਾਸਟਰ ਗੁਰਨਾਮ ਸਿੰਘ, ਸ਼ੀਸ਼ਮ ਸਿੰਘ ਸੰਧੂ ਨੇ ਸੰਬੋਧਨ ਕੀਤਾ।

No comments:

Post a Comment