Friday, 8 March 2019

ਵਰਵਰਾ ਰਾਓ ਅਤੇ ਗਾਡਲਿੰਗ ਉੱਪਰ ਲੋਹਾ ਖਾਣ ਦੇ 80 ਵਾਹਨ ਸਾੜਨ ਦੇ ਝੂਠੇ ਕੇਸ ਮੜ੍ਹੇ

ਵਰਵਰਾ ਰਾਓ ਅਤੇ ਗਾਡਲਿੰਗ ਉੱਪਰ ਲੋਹਾ ਖਾਣ ਦੇ 
80 ਵਾਹਨ ਸਾੜਨ ਦੇ ਝੂਠੇ ਕੇਸ ਮੜ੍ਹੇ

ਨਾਗਪੁਰ, 31 ਜਨਵਰੀ- ਮਹਾਂਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲ੍ਹੇ ਵਿੱਚ ਪੁਲਸ ਨੇ ਮਾਓਵਾਦੀ ਵਿਚਾਰਾਂ ਨੂੰ ਪ੍ਰਣਾਏ ਵਰਵਰਾ ਰਾਓ ਅਤੇ ਵਕੀਲ ਸੁਰੇਂਦਰ ਗਾਡਲਿੰਗ ਨੂੰ 2016 ਵਿੱਚ ਸੂਰਜਗੜ੍ਹ ਦੀ ਲੋਹਾ ਖਾਣ ਦੇ 2016 ਦੇ ਅੱਗਜ਼ਨੀ ਕੇਸ ਵਿੱਚ ਵਿੱਚ ਗ੍ਰਿਫਤਾਰ ਕੀਤਾ ਹੈ। ਗਾਡਲਿੰਗ ਅਤੇ ਰਾਓ ਨੂੰ ਪੂਨੇ ਦੀ ਪੁਲਸ ਨੇ ਐਲਗਾਰ ਪ੍ਰੀਸ਼ਦ ਕੇਸ ਵਿੱਚ ਵੀ ਨਾਮਜ਼ਦ ਕੀਤਾ ਹੋਇਆ ਹੈ। ਗੜ੍ਹਚਿਰੋਲੀ ਦੀ ਸੁਪਰਡੈਂਟ ਪੁਲੀਸ ਸ਼ੈਲੇਸ਼ ਵਾਲਕਵੜੇ ਨੇ ਆਖਿਆ ਕਿ ,''2016 ਵਿੱਚ ਸੂਰਜਗੜ੍ਹ ਖਾਣ ਦੇ ਟਰੱਕ ਸਮੇਤ 80 ਵਾਹਨਾਂ ਨੂੰ ਸਾੜੇ ਜਾਣ ਦੇ ਮਾਮਲੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣ ਬਾਰੇ ਸਾਡੇ ਕੋਲ ਸਬੂਤ ਹਨ। ਅਸੀਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਉਹਨਾਂ ਦੀ ਨਜ਼ਰਬੰਦੀ ਦੀ ਮੰਗ ਕੀਤੀ ਹੈ।'' 
25 ਦਸੰਬਰ, 2016 ਨੂੰ ਮਾਓਵਾਦੀਆਂ ਨੇ ਘੱਟੋ ਘੱਟ 80 ਵਾਹਨਾਂ ਨੂੰ ਅੱਗ ਲਾ ਦਿੱਤੀ ਸੀ, ਜਿਹਨਾਂ ਵਿੱਚ 70 ਟਰੱਕ ਸਨ, ਜਿਹੜੇ ਲਲੋਆਇਡਸ ਐਂਡ ਐਨਰਜੀ ਲਿਮਟਿਡ ਦੀ ਲੋਹਾ ਖਾਣ ਲਈ ਢੋਆ-ਢੁਆਈ ਦਾ ਕੰਮ ਕਰਦੇ ਸਨ। ਪੁਲਸ ਅਧਿਕਾਰੀ ਨੇ ਆਖਿਆ ਕਿ, ''ਸਾਨੂੰ ਕੁੱਝ ਦਸਤਾਵੇਜ਼ਾਂ ਹਾਸਲ ਹੋਈਆਂ ਹਨ ਜਿਹਨਾਂ ਵਿੱਚ ਇਹਨਾਂ ਦੋਵਾਂ ਦੇ ਨਾਂ ਇਸ ਘਟਨਾ ਨਾਲ ਜੁੜਦੇ ਹਨ। ਇਹ ਦਸਤਾਵੇਜ਼ਾਂ ਗਾਡਲਿੰਗ ਅਤੇ ਰਾਓ ਵੱਲੋਂ ਆਪਸ ਵਿੱਚ ਅਤੇ ਪ੍ਰਕਾਸ਼ ਨਾਲ ਚਿੱਠੀ ਪੱਤਰ ਦੇ ਵਟਾਂਦਰੇ ਦੇ ਰੂਪ ਵਿੱਚ ਹਨ। ਦਸਤਾਵੇਜ਼ਾਂ ਦੇ ਮੁਤਾਬਕ ਇਹ ਦੋਵੇਂ ਅੱਗਜ਼ਨੀ ਕਰਨ ਵਿੱਚ ਸ਼ਾਮਲ ਸਨ।'' 
ਵਾਰਵਰਾ ਰਾਓ ਅਤੇ ਗਾਡਲਿੰਗ 'ਤੇ ਮੜ੍ਹੇ ਗਏ ਇਹ ਕੇਸ ਝੂਠੇ ਹਨ। ਇਹਨਾਂ ਸਰਾਸਰ ਝੂਠੇ ਕੇਸਾਂ ਦਾ ਮੰਤਵ ਉਹਨਾਂ ਨੂੰ ਖੱਜਲਖੁਆਰ ਕਰਨਾ, ਨਿਹੱਕੀ ਸਜ਼ਾ ਦਿਵਾਉਣ ਅਤੇ ਜੇਲ੍ਹਾਂ ਵਿੱਚ ਡੱਕ ਕੇ ਰੱਖਣ ਦੀ ਕੋਸ਼ਿਸ਼ ਕਰਨਾ ਹੈ। ਮੋਦੀ ਹਕੂਮਤ, ਮੁਲਕ ਦੀ ਦੰਭੀ ਨਿਆਂਪਾਲਿਕਾ, ਪੁਲਸ ਦਾ ਗੱਠਜੋੜ ਹੱਕੀ ਤੇ ਬਾਗੀਆਨਾ ਆਵਾਜ਼ਾਂ ਦੀ ਸੰਘੀ ਘੁੱਟਣ 'ਤੇ ਉਤਾਰੂ ਹਨ।  

No comments:

Post a Comment