Friday, 8 March 2019

ਕਿਸਾਨ ਮੁੱਦਿਆਂ 'ਤੇ ਜ਼ਿਲ੍ਹਾ ਹੈੱਡਕੁਆਟਰ 'ਤੇ ਧਰਨੇ

ਕਿਸਾਨ ਮੁੱਦਿਆਂ 'ਤੇ ਜ਼ਿਲ੍ਹਾ ਹੈੱਡਕੁਆਟਰ 'ਤੇ ਧਰਨੇ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਜ਼ਿਲ੍ਹਾ ਕਮੇਟੀ ਮੋਗਾ ਅਤੇ ਜ਼ਿਲ੍ਹਾ ਕਮੇਟੀ ਫਿਰੋਜ਼ਪੁਰ ਨੇ ਕਿਸਾਨਾਂ ਦੇ ਭਖਵੇਂ ਮੁੱਦਿਆਂ 'ਤੇ ਸਰਗਰਮੀ ਕਰਨ ਦਾ ਫੈਸਲਾ ਕੀਤਾ। ਅਵਾਰਾ ਪਸ਼ੂਆਂ ਬਾਰੇ, ਪੰਜਾਬ ਵਿੱਚ ਚੱਲਦੇ ਨਸ਼ੇ, ਖਾਸ ਕਰਕੇ ਚਿੱਟੇ ਬਾਰੇ ਅਤੇ ਕਰਜ਼ਾ ਲੈਣ ਬਾਰੇ, ਜ਼ਮੀਨ ਗਿਰਵੀ ਰੱਖਣ 'ਤੇ ਖਾਲੀ ਚੈੱਕਾਂ ਨੂੰ ਵਾਪਸ ਕਰਵਾਉਣ ਸਬੰਧੀ। 
ਮੋਗਾ ਵਿਖੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਡੇਢ ਸੌ ਦੇ ਕਰੀਬ ਕਿਸਾਨ ਇਕੱਠੇ ਹੋਏ। ਉਪਰੋਕਤ ਤਿੰਨਾਂ ਮੁੱਦਿਆਂ 'ਤੇ ਵਿਸਥਾਰੀ ਵਿਚਾਰ ਰੱਖੇ ਗਏ। ਅਵਾਰਾ ਪਸ਼ੂਆਂ ਦੇ ਹੱਲ ਵੀ ਸੁਝਾਏ। ਅਤੇ ਗਊਆਂ ਨੂੰ ਧਰਮ ਨਾਲ ਜੋੜਨ ਦੀ ਗੱਲ ਵੀ ਕਿਸਾਨਾਂ ਵਿੱਚ ਰੱਖੀ ਗਈ। ਇਸੇ ਤਰ੍ਹਾਂ ਨਸ਼ੇ ਖਾਸ ਕਰਕੇ ਚਿੱਟਾ, ਪੰਜਾਬੀ ਨੌਜਵਾਨਾਂ ਵਿੱਚ ਕਿਉਂ ਵਰਤਾਇਆ ਜਾ ਰਿਹਾ ਹੈ, ਬਾਰੇ ਵਿਚਾਰ ਰੱਖੇ ਕਿ ਸਾਡੇ ਨੌਜਵਾਨਾਂ ਦੇ ਸਵੈਮਾਨ ਅਤੇ ਸੰਘਰਸ਼ੀ ਇਤਿਹਾਸ ਦੀ ਬੁੱਕਲ ਵਿੱਚੋਂ ਨੌਜੁਆਨਾਂ ਨੂੰ ਕੱਢਣ ਲਈ ਨਸ਼ੇ ਵਰਤਾਏ ਜਾ ਰਹੇ ਹਨ। ਖੁਫੀਆ ਏਜੰਸੀਆਂ ਵੀ ਅਜਿਹਾ ਮਾਹੌਲ ਸਿਰਜ ਕੇ ਕਿਸਾਨੀ ਲਹਿਰ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੂੰ ਲਹਿਰ ਤੋਂ ਕੁਰਾਹੇ ਪਾਉਂਦੀਆਂ ਹਨ, ਇਹਨਾਂ ਤੋਂ ਸੁਚੇਤ ਹੋਣ ਦਾ ਸੱਦਾ ਦਿੱਤਾ। ਤੀਸਰਾ ਮੁੱਦਾ ਬੈਂਕਾਂ ਵੱਲੋਂ ਰੱਖੇ ਚੈੱਕਾਂ ਦਾ ਸੀ, ਇਸ ਤਰ੍ਹਾਂ ਚੈੱਕ ਲੈਣ ਨੂੰ ਦੂਹਰੀ ਗਾਰੰਟੀ ਮੰਨਣਾ ਕਿਹਾ ਗਿਆ। ਇੰਝ ਕਰਨ ਨੂੰ ਕੋਰਟ ਨੇ ਗੈਰ-ਕਾਨੂੰਨੀ ਐਲਾਨਿਆ ਹੋਇਆ ਹੈ। 
ਇਹਨਾਂ ਮੁੱਦਿਆਂ 'ਤੇ 16 ਫਰਵਰੀ ਨੂੰ ਫਿਰੋਜ਼ਪੁਰ ਡੀ.ਸੀ. ਦਫਤਰ ਵਿਖੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਢਾਈ-ਤਿੰਨ ਸੌ ਕਿਸਾਨ ਪੁੱਜੇ। ਚਾਰ ਟਰਾਲੀਆਂ ਗਾਵਾਂ ਦੀਆਂ ਭਰ ਕੇ ਲਿਆਂਦੀਆਂ ਗਈਆਂ, ਉਹ ਡੀ.ਸੀ. ਦਫਤਰ ਫਿਰੋਜ਼ਪੁਰ ਵਿਖੇ ਉਤਾਰ ਦਿੱਤੀਆਂ ਗਈਆਂ। ਜ਼ਿਲ੍ਹਾ ਕਮੇਟੀਆਂ ਨੇ ਡੀ.ਸੀ. ਦਫਤਰਾਂ ਵਿੱਚ ਮੰਗ ਦਿੱਤੇ। 
18 ਜਨਵਰੀ ਨੂੰ 7 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਮੈਂਬਰ ਅਤੇ ਆਗੂ ਸ਼ਾਮਲ ਹੋ ਕੇ ਰੋਸ ਕਰਦੇ ਹੋਏ ਚੈੱਕਾਂ ਦੀ ਵਾਪਸੀ ਲਈ ਡੀ.ਸੀ. ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ। 

No comments:

Post a Comment