Friday, 8 March 2019

23 ਮਾਰਚ ਦਾ ਨੌਜਵਾਨਾਂ-ਵਿਦਿਆਰਥੀਆਂ ਦੇ ਨਾਂ ਸੁਨੇਹਾ ਸ਼ਹੀਦਾਂ ਦੇ ਰਾਹ 'ਤੇ ਚੱਲਦੇ ਹੋਏ ਨਵੀਆਂ ਚੁਣੌਤੀਆਂ ਨੂੰ ਕਬੂਲੋ

23 ਮਾਰਚ ਦਾ ਨੌਜਵਾਨਾਂ-ਵਿਦਿਆਰਥੀਆਂ ਦੇ ਨਾਂ ਸੁਨੇਹਾ
ਸ਼ਹੀਦਾਂ ਦੇ ਰਾਹ 'ਤੇ ਚੱਲਦੇ ਹੋਏ ਨਵੀਆਂ ਚੁਣੌਤੀਆਂ ਨੂੰ ਕਬੂਲੋ
-ਸੁਮੇਲ
23 ਮਾਰਚ 1931 ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹਾਦਤ ਦਿਵਸ ਹੈ। ਇਸ ਦਿਨ ਸਾਡੀ ਧਰਤੀ ਦੇ ਇਹਨਾਂ ਮਹਾਨ ਸੂਪਤਾਂ ਨੂੰ ਫਾਂਸੀ ਦਿੱਤੀ ਗਈ ਸੀ। ਬਰਤਾਨਵੀ ਸਾਮਰਾਜ ਅਤੇ ਇਹਨਾਂ ਦੇ ਭਾਰਤੀ ਦਲਾਲਾਂ- ਗਾਂਧੀ, ਨਹੂਰ ਨੂੰ ਇਹ ਵਹਿਮ ਸੀ ਕਿ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਦੁਆਰਾ ਸ਼ੁਰੂ ਕੀਤੀ ਜੰਗ ਰੁਕ ਜਾਵੇਗੀ। ਇਹ ਜੰਗ ਅੱਜ ਵੀ ਜਾਰੀ ਹੈ। ਇਹ ਜੰਗ ਜਿੱਥੇ ਭਾਰਤ ਦੀ ਆਜ਼ਾਦੀ ਦੀ ਲੜਾਈ ਸਮੇਂ ਇਨਕਲਾਬੀ ਧਾਰਾ ਰਾਹੀਂ ਜਾਰੀ ਰਹੀ, ਉੱਥੇ 1947 ਦੀ ਨਕਲੀ ਆਜ਼ਾਦੀ ਦੇ ਬਾਅਦ ਵੀ ਤ੍ਰੈਭਾਗਾ, ਤਿਲੰਗਾਨਾ ਲਹਿਰ ਵਰਗੀਆਂ ਇਨਕਲਾਬੀ ਕਿਸਾਨ ਲਹਿਰਾਂ ਅਤੇ ਮਈ 1967 ਦੀ ਨਕਸਲਬਾੜੀ ਲਹਿਰ ਦੇ ਰੂਪ ਵਿੱਚ ਜਾਰੀ ਰਹੀ। ਜਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲਿਆ, ਜੋ ਦੇਸ਼ ਲਈ ਜਾਨਾਂ ਨਿਸ਼ਾਵਰ ਕਰਨ ਲਈ ਤਿਆਰ ਹੋਏ। ਇਹ ਅੱਜ ਵੀ ਕੇਂਦਰੀ ਅਤੇ ਪੂਰਬੀ ਰਾਜਾਂ ਵਿੱਚ ਲਮਕਵੇਂ ਲੋਕ ਯੁੱਧ ਦੇ ਰੂਪ ਵਿੱਚ ਜਾਰੀ ਹੈ ਅਤੇ ਹਿੰਦੋਸਤਾਨ ਦੇ ਦੂਜੇ ਹਿੱਸਿਆਂ ਵਿੱਚ ਲਮਕਵੇਂ ਲੋਕ-ਯੁੱਧ ਦੀ ਤਿਆਰੀ ਦੇ ਰੂਪ ਵਿੱਚ ਕਾਨੂੰਨੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਰੂਪ ਵਿੱਚ ਜਾਰੀ ਹੈ। 
ਸ਼ਹੀਦ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇ ਕੇ ਬਰਤਾਨਵੀ ਸਾਮਰਾਜੀਆਂ ਅਤੇ ਉਹਨਾਂ ਦੇ ਭਾਰਤੀ ਦਲਾਲਾਂ ਨੂੰ ਇਹ ਵੀ ਵਹਿਮ ਸੀ, ਕਿ ਇਹਨਾਂ ਦੇ ਵਿਚਾਰਾਂ ਨੂੰ ਦਬਾਅ ਦਿੱਤਾ ਜਾਵੇਗਾ। ਉਹਨਾਂ ਦੇ ਰਾਹ ਉੱਤੇ ਚੱਲਣ ਦੀ ਕੋਈ ਹੋਰ ਨੌਜਵਾਨ ਜੁਅਰਤ ਨਹੀਂ ਕਰੇਗਾ। ਉਹਨਾਂ ਦਾ ਇਹ ਵਹਿਮ ਵੀ ਦੂਰ ਹੋ ਚੁੱਕਿਆ ਹੈ, ਜਦੋਂ ਸ਼ਹੀਦ ਭਗਤ ਸਿੰਘ ਦੇ ਕਹੇ ਬੋਲ ਅੱਜ ਵੀ ਨੌਜਵਾਨਾਂ ਦੇ ਕੰਨਾਂ ਵਿੱਚ ਗੂੰਜਦੇ ਹਨ। ਨੌਜਵਾਨ ਅੱਜ ਵੀ ਉਹਨਾਂ ਨੂੰ ਰਾਹ ਦਰਸਾਵੇ ਵਜੋਂ ਲੈਂਦੇ ਹਨ। ਇਤਿਹਾਸ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਸਥਾਪਤ ਕੀਤਾ ਹੈ ਅਤੇ ਗਾਂਧੀ-ਨਹਿਰੂ ਦੇ ਵਿਚਾਰਾਂ ਨੂੰ ਰੱਦ ਕੀਤਾ ਹੈ। ਸ਼ਹੀਦ ਭਗਤ ਸਿੰਘ ਮਹਾਨ ਨਾਇਕ ਵਜੋਂ ਅੱਜ ਵੀ ਨੌਜਵਾਨ ਪੀੜੀ ਨੂੰ ਪ੍ਰੇਰਦਾ ਹੈ। ਗਾਂਧੀ-ਨਹਿਰੂ ਅਤੇ ਸਾਵਰਕਾਰ ਭਾਰਤੀ ਲੋਕਾਂ ਵਿੱਚ ਗ਼ਦਾਰ ਵਜੋਂ ਜਾਣੇ ਜਾਂਦੇ ਹਨ।
ਸੱਤਾ ਬਦਲੀ ਇੱਕ ਸਮਝੌਤਾ:
ਕਿਸਾਨਾਂ-ਮਜ਼ਦੂਰਾਂ ਨਾਲ ਧੋਖਾ

ਪਿਛਲੇ 72 ਸਾਲਾਂ ਦੌਰਾਨ ਭਾਰਤ ਵਿੱਚ ਹਾਕਮ ਜਮਾਤਾਂ ਦੀਆਂ ਲੋਕ-ਦੁਸ਼ਮਣ ਨੀਤੀਆਂ ਦੀ ਸਾਹਮਣੇ ਆਈ ਅਮਲਦਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ 1947 ਦੀ ਸਤਾ ਬਦਲੀ ਇੱਕ ਸਮਝੌਤਾ ਸੀ, ਜਿਸ ਨੂੰ ਨਹਿਰੂ-ਗਾਂਧੀ ਦੀ ਅਗਵਾਈ ਵਿੱਚ ਬਰਤਾਨਵੀ ਸਾਮਰਾਜੀਆਂ ਵੱਲੋਂ ਨੇਪਰੇ ਚਾੜ੍ਹਿਆ ਗਿਆ। ਇਹ ਸਮਝੌਤਾ ਦਲਾਲ ਪੂੰਜੀਪਤੀ ਅਤੇ ਜਾਗੀਰਦਾਰਾਂ ਦੇ ਹਿੱਤਾਂ ਵਿੱਚ ਸੀ। ਜਿਸ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਪਣੀ ਦੂਰ-ਦ੍ਰਿਸ਼ਟੀ ਨਾਲ ਪਹਿਲਾਂ ਹੀ ਬੁੱਝ ਲਿਆ ਸੀ। ਉਹਨਾਂ ਨੇ ''ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਖ਼ਤ'' ਨਾਮੀ ਮਸ਼ਹੂਰ ਦਸਤਾਵੇਜ਼ ਵਿੱਚ ਕਿਹਾ ਸੀ ''ਮੈਂ ਕਿਹਾ ਹੈ ਕਿ ਮੌਜੂਦਾ ਅੰਦੋਲਨ (ਕਾਂਗਰਸ ਦਾ- ਲੇਖਕ) ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫਲਤਾ ਵਿੱਚ ਖਤਮ ਹੋਵੇਗਾ। ਮੈਂ ਇਹ ਇਸ ਲਈ ਕਿਹਾ ਹੈ, ਕਿਉਂਕਿ ਮੇਰੀ ਰਾਏ ਵਿੱਚ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ ਮੱਧ ਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਲੜਿਆ ਜਾ ਰਿਹਾ ਹੈ। ਇਹ ਦੋਵੇਂ ਜਮਾਤਾਂ, ਖਾਸ ਕਰਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖਤਰੇ ਵਿੱਚ ਪਾਉਣ ਦੀ ਜੁਅਰਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫੌਜਾਂ ਤਾਂ ਪਿੰਡਾਂ ਅਤੇ ਕਾਰਖਾਨਿਆਂ ਵਿੱਚ ਹਨ- ਕਿਸਾਨੀ ਤੇ ਮਜ਼ਦੂਰ। ਪਰ ਸਾਡੇ ਬੁਰਜਵਾ ਨੇਤਾ ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇੱਕ ਵਾਰੀ ਗਹਿਰੀ ਨੀਂਦ ਵਿੱਚੋਂ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ ਰੁਕਣ ਵਾਲੇ ਨਹੀਂ ਹਨ। 1920 ਵਿੱਚ ਅਹਿਮਦਾਬਾਦ ਦੇ ਮਜ਼ਦੂਰਾਂ ਵਿੱਚ, ਪਹਿਲੇ ਤਜਰਬੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ, ''ਸਾਨੂੰ ਮਜ਼ਦੂਰਾਂ ਨਾਲ ਗਾਂਢਾ-ਸਾਂਢਾ ਨਹੀਂ ਕਰਨਾ ਚਾਹੀਦਾ। ਫੈਕਟਰੀ ਪ੍ਰੋਲੇਤਾਰੀ ਦਾ ਰਾਜਨੀਤਕ ਹਿੱਤ ਲਈ ਇਸਤੇਮਾਲ ਕਰਨਾ ਬਹੁਤ ਖਤਰਨਾਕ ਹੈ'' (ਮਈ 1921 ਦਾ ''ਦੀ ਟਾਈਮਜ਼'') ਤਦ ਤੋਂ ਉਹਨਾਂ ਨੇ ਇਸ ਜਮਾਤ ਨੂੰ ਪਹੁੰਚ ਕਰਨ ਦੀ ਕੋਈ ਖੇਚਲ ਨਹੀਂ ਕੀਤੀ। ਇਹੀ ਹਾਲਤ ਕਿਸਾਨੀ ਦੀ ਹੈ। 1922 ਦਾ ਬਦਰੌਲੀ ਸੱਤਿਆਗ੍ਰਹਿ ਪੂਰੀ ਤਰ੍ਹਾਂ ਦਰਸਾਉਂਦਾ ਹੈ, ਕਿ ਨੇਤਾਵਾਂ ਨੇ ਕਿੰਨਾ ਖਤਰਾ ਮਹਿਸੂਸ ਕੀਤਾ। ਜਦੋਂ ਉਹਨਾਂ ਨੇ ਕਿਸਾਨ ਜਮਾਤ ਦੀ ਉਸ ਬਗਾਵਤ ਨੂੰ ਵੇਖਿਆ, ਜਿਸ ਨੇ ਨਾ ਸਿਰਫ ਬਦੇਸ਼ੀ ਕੌਮ ਦੇ ਗਲਬੇ ਨੂੰ ਪਰ੍ਹਾਂ ਵਗਾਹ ਮਾਰਨਾ ਸੀ, ਸਗੋਂ ਜਿੰਮੀਦਾਰਾਂ ਦਾ ਜੂਲਾ ਵੀ ਚੁੱਕ ਦੇਣਾ ਸੀ। ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਏ ਕਿਸਾਨਾਂ ਅੱਗੇ ਝੁਕਣ ਦੇ।'' 
ਨੌਜਵਾਨਾਂ ਨੂੰ ਸੱਦਾ- ਉੱਠੋ! ਜਾਗੋ!!
ਉਹਨਾਂ ਨੇ ਨੌਜਵਾਨਾਂ ਨੂੰ ਕਾਂਗਰਸੀ ਪਾਰਟੀ ਅਤੇ ਇਸਦੇ ਝੂਠੇ ਲੀਡਰਾਂ ਦਾ ਪੱਲਾ ਛੱਡ ਕੇ, ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ''ਜਿਹੜੇ ਆਜ਼ਾਦ ਹਵਾ ਵਿੱਚ ਸਾਹ ਲੈਣ ਦੇ ਚਾਹਵਾਨ, ਉਹਨਾਂ ਨੂੰ ਪਹਿਲਾਂ ਖੁਦ ਹੀ ਰਣ-ਖੇਤਰ ਦੀ ਜਵਾਲਾ ਵਿੱਚ ਕੁੱਦਣਾ ਪੈਣਾ ਹੈ। ਨੌਜਵਾਨੋ, ਜਾਗੋ, ਉੱਠੋ!! ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਹਨ।'' 
ਉਹਨਾਂ ਅੱਗੇ ਕਿਹਾ ਕਿ ''ਨੌਜਵਾਨਾਂ ਨੂੰ ਆਜ਼ਾਦ ਤੌਰ 'ਤੇ ਸੰਜੀਦਗੀ ਤੇ ਠਰੰ੍ਹਮੇ ਨਾਲ ਸੋਚਣਾ ਚਾਹੀਦਾ ਹੈ। ਉਹ ਵਤਨ ਦੀ ਬੰਦਖਲਾਸੀ ਨੂੰ ਆਪਣੇ ਜੀਵਨ ਦਾ ਇੱਕੋ ਇੱਕ ਨਿਸ਼ਾਨਾ ਬਣਾ ਲੈਣ। ਉਹਨਾਂ ਨੂੰ ਆਪਣੇ ਹੀ ਪੈਰਾਂ ਉੱਤੇ ਖੜ੍ਹਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਪਾਖੰਡੀ ਅਤੇ ਚਾਲਬਾਜ਼ ਲੋਕਾਂ ਤੋਂ ਖਬਰਦਾਰ ਰਹਿ ਕੇ ਜਥੇਬੰਦ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸਾਡੇ ਆਦਰਸ਼ਾਂ ਨਾਲ ਕੋਈ ਸਾਂਝ ਨਹੀਂ ਅਤੇ ਇਹ ਹਮੇਸ਼ਾਂ ਸੰਕਟ ਦੇ ਸਮੇਂ ਸਾਥ ਛੱਡ ਜਾਂਦੇ ਹਨ। ਨੌਜਵਾਨਾਂ ਨੂੰ ਸੱਚੇ ਦਿਲੋਂ ਅਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਪਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਅਤੇ ਔਰਤਾਂ ਦੀ ਮੰਗ ਕਰਦੀ ਹੈ, ਜਿਹਨਾਂ ਨੂੰ ਆਪਣੇ ਨਿੱਜੀ ਲਾਭ ਅਤੇ ਅਰਾਮ, ਆਪਣੇ ਨਜ਼ਦੀਕੀਆਂ ਨਾਲੋਂ ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।'' 
ਨੌਜਵਾਨਾਂ-ਵਿਦਿਆਰਥੀਆਂ ਦੇ ਕਾਰਜ
ਨੌਜਵਾਨਾਂ-ਵਿਦਿਆਰਥੀਆਂ ਦੀ ਲਹਿਰ ਸਾਹਮਣੇ ਕਾਰਜ ਤਹਿ ਕਰਦਿਆਂ ਸ਼ਹੀਦ ਭਗਤ ਸਿੰਘ ਹੁਰਾਂ ਕਿਹਾ, ''ਰੂਸੀ ਨੌਜਵਾਨਾਂ ਵਾਂਗ ਸਾਡੇ ਵੀ ਹਜ਼ਾਰਾਂ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜ਼ਿੰਦਗੀਆਂ ਪਿੰਡਾਂ ਵਿੱਚ ਗੁਜਾਰਨੀਆਂ ਪੈਣਗੀਆਂ ਅਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ? ਲੋਕਾਂ ਵਿੱਚ ਇਹ ਚੀਜ਼ ਮਹਿਸੂਸ ਕਰਵਾਉਣ ਦੀ ਲੋੜ ਹੈ ਕਿ ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ ''ਹਾਕਮਾਂ ਦੀ ਤਬਦੀਲੀ'' ਹੀ ਨਹੀਂ ਹੋਵੇਗਾ। ਸਭ ਤੋਂ ਵਧ ਕੇ, ਇਸ ਦਾ ਅਰਥ ਹੋਵੇਗਾ, ਇੱਕ ਬਿਲਕੁੱਲ ਨਵੇਂ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ। ਇਹ ਇੱਕ ਦਿਨ ਜਾਂ ਇੱਕ ਸਾਲ ਦੀ ਕੰਮ ਨਹੀਂ ਹੈ। ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਲਾਉਣ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ ਇਨਕਲਾਬੀ ਨੌਜਵਾਨ ਹੀ ਇਸ ਨੂੰ ਕਰ ਸਕਣਗੇ। ਪਰ ਇਹ ਜ਼ਰੂਰੀ ਨਹੀਂ ਕਿ ਬੰਬਾਂ ਅਤੇ ਪਿਸਤੌਲਾਂ ਵਾਲਾ ਆਦਮੀ ਹੀ ਇਨਕਲਾਬੀ ਹੋਵੇ।'' 
ਉਹਨਾਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਲਹੌਰ ਵਿੱਚ ਹੋਈ ਦੂਜੀ ਕਾਨਫਰੰਸ ਵਿੱਚ ਵਿਦਿਆਰਥੀਆਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ, ''ਫੈਕਟਰੀ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਅਤੇ ਪੇਂਡੂ ਝੌਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ, ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ, ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਅਸੰਭਵ ਹੋਵੇਗੀ।'' (20 ਅਕਤੂਬਰ 1929)
ਸ਼ਹੀਦ ਭਗਤ ਸਿੰਘ ਹੋਰਾਂ ਨੇ ਨੌਜਵਾਨਾਂ ਨੂੰ ਸੁਧਾਰਵਾਦੀ ਕੰਮ ਬਾਰੇ ਸੁਚੇਤ ਕਰਦਿਆਂ ਕਿਹਾ ਕਿ , ''ਬਹੁਤ ਸਾਰੇ ਨੇਕ ਆਦਮੀਆਂ ਦਾ ਖਿਆਲ ਹੈ ਕਿ ਲੋਕ ਸੇਵਾ (ਉਹਨਾਂ ਸੌੜੇ ਅਰਥਾਂ ਵਿੱਚ ਜਿਵੇਂ ਅਸੀਂ ਭਾਰਤੀ ਇਸ ਨੂੰ ਸਮਝਦੇ ਹਾਂ) ਸਭ ਰੋਗਾਂ ਦੀ ਦਵਾ ਹੈ, ਅਤੇ ਦੇਸ਼ ਸੇਵਾ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਲਈ, ਸਾਡੇ ਬਹੁਤ ਸਾਰੇ ਜੋਸ਼ੀਲੇ ਨੌਜਵਾਨ ਗਰੀਬਾਂ ਵਿੱਚ ਅੰਨ ਵੰਡਣ ਅਤੇ ਸਾਰੀ ਉਮਰ ਬਿਮਾਰਾਂ ਦੀ ਸੇਵਾ ਕਰਨ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ। ਅਜਿਹੇ ਪੁਰਸ਼ ਸੱਚੇ ਅਤੇ ਕੁਰਬਾਨੀ ਦੇ ਪੁਤਲੇ ਜ਼ਰੂਰ ਹੁੰਦੇ ਹਨ, ਪਰ ਉਹ ਇਹ ਨਹੀਂ ਸਮਝ ਸਕਦੇ ਕਿ ਸਿਰਫ ਦਾਨ ਦੇਣ ਨਾਲ ਨਾ ਭਾਰਤ ਵਿੱਚ ਤੇ ਨਾ ਹੀ ਕਿਸੇ ਹੋਰ ਦੇਸ਼ ਵਿੱਚ ਗਰੀਬੀ ਅਤੇ ਬਿਮਾਰੀ ਦੀ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕਦਾ ਹੈ।'' 
ਯੁੱਧ ਤੇ ਨਿਸ਼ਾਨੇ ਦੀ ਸਪੱਸ਼ਟਤਾਸ਼ਹੀਦ ਭਗਤ ਸਿੰਘ ਹੁਰਾਂ ਨੂੰ ਹੋਈ ਫਾਂਸੀ ਦੀ ਸਜ਼ਾ ਤੋਂ ਤਿੰਨ ਦਿਨ ਪਹਿਲਾਂ ਉਹਨਾਂ ਪੰਜਾਬ ਦੇ ਗਵਰਨਰ ਦੇ ਨਾਂ ਲਿਖੇ ਖਤ ਵਿੱਚ ਲਿਖਿਆ ਸੀ ਕਿ ''ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤਦ ਤੱਕ ਚੱਲਦਾ ਰਹੇਗਾ, ਜਦ ਤੱਕ ਕੁੱਝ ਤਾਕਤਵਰ ਲੋਕ ਭਾਰਤੀ ਜਨਤਾ ਅਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਇਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਵੇਂ ਰਲਵੇ, ਚਾਹੇ ਉਹ ਜਨਤਾ ਦਾ ਖੂਨ ਚੂਸਣ ਲਈ ਨਿਰੋਲ ਨੌਕਰਸ਼ਾਹੀ ਜਾਂ ਸਾਂਝੀ ਰਲੀ-ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ, ਇਹ ਸਭ ਕੁੱਝ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।'' 
''ਜਦੋਂ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰਕੇ, ਉਸਦੀ ਥਾਂ ਸਮਾਜਿਕ ਖੁਸ਼ਹਾਲੀ ਉੱਤੇ ਆਧਾਰਤ ਨਵਾਂ ਸਮਾਜਿਕ ਢਾਂਚਾ ਉੱਸਰ ਨਹੀਂ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖਤਾ 'ਤੇ ਅਸਲ ਅਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੇ ਨਿੱਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗਾ। ਨਿਕਟ ਭਵਿੱਖ ਵਿੱਚ ਆਖਰੀ ਯੁੱਧ ਲੜਿਆ ਜਾਵੇਗਾ ਅਤੇ ਉਹ ਫੈਸਲਾਕੁੰਨ ਹੋਵੇਗਾ।'' 
ਨੌਜਵਾਨਾਂ-ਵਿਦਿਆਰਥੀਆਂ ਨੂੰ ਯੁੱਧ ਤੇ ਨਿਸ਼ਾਨੇ ਲਈ ਮਾਨਸਿਕ ਤਿਆਰੀ ਦਾ ਸੱਦਾ
ਉਹਨਾਂ ਨੇ ਇਸ ਯੁੱਧ ਲਈ ਨੌਜਵਾਨ ਸ਼ਕਤੀ ਉੱਤੇ ਭਰੋਸਾ ਪ੍ਰਗਟ ਕਰਦਿਆਂ ''ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ'' ਦੇ ਮੈਨੀ ਫੈਸਟੋ ਵਿੱਚ ਕਿਹਾ ਸੀ ਕਿ ''ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਸਹਾਰੇ ਹੈ। ਉਹ ਹੀ ਇਸ ਮਿੱਟੀ ਦੇ ਪੁੱਤਰ ਹਨ। ਉਹਨਾਂ ਦੀ ਦੁੱਖ ਝੱਲਣ ਲਈ ਤੱਤਪਰਤਾ, ਉਹਨਾਂ ਦੀ  ਬੇਖੌਫ ਬਹਾਦਰੀ ਅਤੇ ਲਹਿਰਾਉਂਦੀ ਕੁਰਬਾਨੀ ਦਰਸਾਉਂਦੀ ਹੈ ਕਿ ਭਾਰਤ ਦਾ ਭਵਿੱਖ ਉਹਨਾਂ ਦੇ ਹੱਥਾਂ ਵਿੱਚ ਮਹਿਫੂਜ ਹੈ।'' 
ਇਨਕਲਾਬ ਅਤੇ ਇਨਕਲਾਬੀ ਯੁੱਧ ਲਈ ਨੌਜਵਾਨਾਂ ਨੂੰ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਉਹਨਾਂ ''ਨੌਜਵਾਨ ਸਿਆਸੀ ਕਾਰਕੁੰਨ ਨੂੰ ਖਤ'' ਨਾਂ ਦੀ ਮਸ਼ਹੂਰ ਦਸਤਾਵੇਜ਼ ਵਿੱਚ ਕਿਹਾ ਕਿ ''ਆਜ਼ਾਦੀ ਦੀ ਜੰਗ ਵਿੱਚ ਨਿੱਤਰਨ ਵਾਲੇ ਕਿਆਫੇ ਨਹੀਂ ਲਾਉਂਦੇ ਕਿ ਕਿੰਨੀ ਕੁਰਬਾਨੀ ਨਾਲ ਕਿੰਨੀ ਕਾਮਯਾਬੀ ਹੋਵੇਗੀ ਅਤੇ ਇਸ ਵਿੱਚੋਂ ਸਾਡੇ ਹਿੱਸੇ ਕੀ ਆਵੇਗਾ? ਅਜਿਹੇ ਲੋਕ ਕਦੇ ਵੀ ਕੁਰਬਾਨੀ ਨਹੀਂ ਕਰ ਸਕਦੇ। ਸਾਨੂੰ ਉਹਨਾਂ ਮਰਦਾਂ ਦੀ ਲੋੜ ਹੈ, ਜਿਹੜੇ ਹਰ ਕਿਸਮ ਦੀ ਆਸ ਉਮੀਦ, ਡਰ ਜਾਂ ਦੁਚਿੱਤੀ ਨੂੰ ਤਿਆਗ ਕੇ ਸੰਘਰਸ਼ ਕਰਨ ਅਤੇ ਜਿਹੜੇ ਬਿਨਾ ਸ਼ੁਹਰਤ, ਗੁੰਮਨਾਮ ਰਹਿ ਕੇ ਸ਼ਹੀਦੀਆਂ ਪਾ ਸਕਣ। ਅਜਿਹੇ ਜਜ਼ਬੇ ਤੋਂ ਬਗੈਰ ਅਸੀਂ ਉਹ ਦੋ ਪਾਸੀਂ ਜੰਗ ਨਹੀਂ ਲੜ ਸਕਾਂਗੇ, ਜੋ ਸਾਨੂੰ ਵੰਗਾਰ ਰਹੀ ਹੈ।  ਦੋ ਪਾਸੀ ਇਸ ਲਈ, ਇੱਕ ਤਾਂ ਆਪਣੇ ਅੰਦਰਲੇ ਦੁਸ਼ਮਣ ਦੇ ਖਿਲਾਫ ਤੇ ਦੂਜੀ ਵਿਦੇਸ਼ੀ ਦੁਸ਼ਮਣ ਦੇ ਖਿਲਾਫ। ਸਾਡਾ ਅਸਲ ਸੰਘਰਸ਼ ਸਾਡੀਆਂ ਆਪਣੀਆਂ ਕਮਜ਼ੋਰੀਆਂ ਵਿਰੁੱਧ ਹੈ। ਜਿਹਨਾਂ ਦਾ ਫਾਇਦਾ ਸਾਡਾ ਦੁਸ਼ਮਣ ਵੀ ਉਠਾਉਂਦਾ ਹੈ ਅਤੇ ਸਾਡੇ ਆਪਣਿਆਂ ਵਿੱਚੋਂ ਕਈ ਖੁਦਗਰਜ ਲੋਕ ਵੀ।'' 
''ਇਨਕਲਾਬ ਬਾਰੇ ਜਵਾਨੀ ਵੇਲੇ ਦੇ ਸੁਪਨਾ ਕਿ ਇਹ ਦਸਾਂ ਸਾਲਾਂ ਵਿੱਚ ਪ੍ਰਾਪਤ ਹੋ ਜਾਵੇਗਾ, ਲਾਂਭੇ ਰੱਖ ਦਿਓ, ਠੀਕ ਉਵੇਂ ਜਿਵੇਂ ਗਾਂਧੀ ਦੇ (ਇੱਕ ਸਾਲ ਵਿੱਚ ਸਵਰਾਜ ਦੇ) ਸੁਪਨੇ ਨੂੰ ਲਾਂਭੇ ਰੱਖਿਆ ਸੀ। ਇਸ ਲਈ, ਨਾ ਤਾਂ ਜਜ਼ਬਾਤੀ ਹੋਣ ਦੀ ਲੋੜ ਹੈ ਅਤੇ ਨਾ ਹੀ ਸਰਲ ਹੋਣ ਦੀ, ਸਗੋਂ ਜ਼ਰੂਰਤ ਹੈ ਲਗਾਤਾਰ ਘੋਲ, ਕਸ਼ਟ ਸਹਿਣ ਅਤੇ ਕੁਰਬਾਨੀ ਭਰੇ ਜੀਵਨ ਬਿਤਾਉਣ ਦੀ। ਆਪਣਾ ਨਿੱਜਵਾਦ ਪਹਿਲਾਂ ਖਤਮ ਕਰੋ। ਨਿੱਜੀ ਆਰਾਮ ਦੇ ਸੁਪਨੇ ਲਾਹ ਕੇ ਇੱਕ ਪਾਸੇ ਰੱਖ ਦਿਓ ਤੇ ਫਿਰ ਕੰਮ ਸ਼ੁਰੂ ਕਰੋ। ਇੰਚ ਇੰਚ ਕਰਕੇ ਤੁਸੀਂ ਅੱਗੇ ਵਧੋਗੇ। ਇਸ ਲਈ ਹੌਸਲੇ, ਦ੍ਰਿੜ੍ਹਤਾ ਅਤੇ ਬਹੁਤ ਹੀ ਮਜਬੂਤ ਇਰਾਦੇ ਦੀ ਜ਼ਰੂਤ ਹੈ। ਮੁਸ਼ਕਲਾਂ ਅਤੇ ਔਖਿਆਈਆਂ, ਭਾਵੇਂ ਕਿੰਨੀਆਂ ਭਾਰੀ ਹੋਣ, ਤੁਹਾਡੇ ਹੌਸਲੇ ਨੂੰ ਨਾ ਕੰਬਾ ਸਕਣ। ਕੋਈ ਹਾਰ ਜਾਂ ਧੋਖਾ ਤੁਹਾਡੇ ਦਿਲ ਨੂੰ ਤੋੜ ਨਾ ਸਕੇ। ਕਿੰਨੇ ਵੀ ਕਸ਼ਟ ਤੁਹਾਡੇ ਉੱਤੇ ਪੈਣ ਤੁਹਾਡੇ ਇਨਕਲਾਬੀ ਜੋਸ਼ ਨੂੰ ਠੰਢਾ ਨਾ ਕਰ ਸਕਣ। ਕਸ਼ਟ ਸਹਿਣ ਅਤੇ ਕੁਰਬਾਨੀ ਕਰਨ ਦੇ ਅਸੂਲ ਨਾਲ ਤੁਸੀਂ ਕਾਮਯਾਬੀ ਪ੍ਰਾਪਤ ਕਰੋਗੇ ਅਤੇ ਇਹ ਵਿਅਕਤੀਗਤ ਜਿੱਤਾਂ ਇਨਕਲਾਬ ਦੀ ਅਮੁੱਲ ਸੰਪਤੀ ਹੋਣਗੀਆਂ।'' 
ਭਾਰਤੀ ਹਾਕਮਾਂ ਦੀਆਂ ਨਵੀਆਂ ਚਾਲਾਂਅੱਜ ਜਦੋਂ ਸ਼ਹੀਦ ਭਗਤ ਸਿੰਘ ਹੁਰਾਂ ਦੀ ਸ਼ਹੀਦੀ ਦਾ 88ਵਾਂ ਦਿਹਾੜਾ ਦੇਸ਼ ਦੇ ਕੋਨੇ ਕੋਨੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਸ਼ਹੀਦਾਂ ਵੱਲੋਂ ਸਥਾਪਤ ਕੀਤਾ ਉਪਰੋਕਤ ਰਾਹ, ਤਹਿ ਕੀਤੇ ਕਾਰਜ, ਲਏ ਨੀਤੀ-ਨਿਰਣੇ ਅਤੇ ਕੀਤੀ ਕੁਰਬਾਨੀ ਨਵੀਂ ਨੌਜਵਾਨ ਪੀੜੀ ਲਈ, ਚਾਨਣ-ਮੁਨਾਰੇ ਦਾ ਕੰਮ ਕਰਦੀ ਹੈ। ਇਸ ਕਰਕੇ, ਭਾਰਤੀ ਹਾਕਮਾਂ ਨੂੰ ਜਿਉਂਦਾ ਭਗਤ ਸਿੰਘ ਜਿੰਨਾ ਖਤਰਨਾਕ ਲੱਗਦਾ ਸੀ, ਸ਼ਹੀਦ ਹੋਇਆ ਭਗਤ ਸਿੰਘ ਉਸ ਤੋਂ ਜ਼ਿਆਦਾ ਖਤਰਨਾਕ ਲੱਗਦਾ ਹੈ। 
ਇਸ ਕਰਕੇ ਉਹ ਉਸਦੇ ਵਿਚਾਰਾਂ ਵਿੱਚ ਖੋਟ ਰਲਾਉਣ ਅਤੇ ਉਸ ਨੂੰ ਗਾਂਧੀ-ਨਹਿਰੂ ਅਤੇ ਸਾਵਰਕਾਰ ਨੂੰ ਬਰਾਬਰ ਖੜ੍ਹਾਉਣ ਲਈ ਨਵੀਆਂ ਤੋਂ ਨਵੀਆਂ ਚਾਲਾਂ ਚੱਲ ਰਹੇ ਹਨ। ਗਾਂਧੀ-ਨਹਿਰੂ ਜਿਹਨਾਂ ਨੂੰ ਉਹ Àਦੋਂ ''ਅੱਤਵਾਦੀ'' ਲੱਗਦਾ ਸੀ, ਅੱਜ ਉਹਨਾਂ ਦੀ ਅਗਲੀ ਨਸਲ ਭਗਤ ਸਿੰਘ ਹੁਰਾਂ ਦਾ ਕਾਂਗਰਸੀਕਰਨ ਕਰਨ ਲਈ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਪਾਖੰਡ ਕਰਨ ਲੱਗੀ ਹੈ। ਇਕੱਲੀ ਗਾਂਧੀ-ਨਹਿਰੂ ਦੀ ਨਸਲ ਹੀ ਨਹੀਂ, ਸਗੋਂ ਆਰ.ਐਸ.ਐਸ., ਜਿਸ ਨੇ ਬਰਤਾਨਵੀ ਹਕੂਮਤ ਦੀ ਨੰਗੀ ਚਿੱਟੀ ਹਮਾਇਤ ਕੀਤੀ। ਕਾਂਗਰਸ ਦੀ ਅਖੌਤੀ ਆਜ਼ਾਦੀ ਦੀ ਲਹਿਰ— ਅਤੇ ਸ਼ਹੀਦ ਭਗਤ ਸਿੰਘ ਹੁਰਾਂ ਦੀ ਲਹਿਰ— ਦੋਹਾਂ ਦੀ ਸੋਚ ਦਾ ਨੰਗਾ ਚਿੱਟਾ ਵਿਰੋਧ ਕੀਤਾ, ਸ਼ਹੀਦ ਭਗਤ ਸਿੰਘ ਹੁਰਾਂ ਨੂੰ ''ਅੱਤਵਾਦੀ'' ਅਤੇ ''ਸਿਰਫਿਰੇ ਨੌਜਵਾਨ'' ਕਿਹਾ ਸੀ, ਦੀ ਅਗਵਾਈ ਵਾਲੀ ਹਿੰਦੂਤਵੀ ਫਾਸ਼ੀਵਾਦੀ ਮੋਦੀ ਹਕੂਮਤ ਵੀ ਸ਼ਹੀਦ ਭਗਤ ਸਿੰਘ ਹੋਰਾਂ ਦਾ ਭਗਵਾਕਰਨ ਕਰਨ ਉੱਤੇ ਉਤਾਰੂ ਹੋ ਰਹੀ ਹੈ। 
ਨੌਜਵਾਨ ਪੀੜੀ ਉੱਤੇ ਤਾਜ਼ਾ ਹਮਲੇ
ਭਾਰਤੀ ਹਾਕਮ ਇੱਕ ਪਾਸੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਅਸਲੀ ਵਾਰਿਸਾਂ ਨੂੰ ''ਅੱਤਵਾਦੀ', ''ਵੱਖਵਾਦੀ'' ਕਹਿ ਕੇ ਖਤਮ ਕਰ ਰਹੇ ਹਨ। ਦੂਜੇ ਪਾਸੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਵਿਚਾਰਾਂ ਅਤੇ ਪੀੜੀ ਦਰ ਪੀੜੀ ਪੈਦਾ ਹੋਣ ਵਾਲੇ ਨਵੇਂ ਵਾਰਸਾਂ ਨੂੰ ਮੁਕੰਮਲ ਖਤਮ ਕਰਨ ਅਤੇ ਉਹਨਾਂ ਨੂੰ ਇਨਕਲਾਬੀ ਰਸਤੇ ਉੱਤੇ ਤੁਰਨ ਤੋਂ ਰੋਕਣ ਲਈ ਨੌਜਵਾਨਾਂ ਪੀੜੀ ਨੂੰ ਵਿਸ਼ੇਸ਼ ਤੌਰ 'ਤੇ ਚਿੰਨ੍ਹਤ ਕਰਕੇ, ਹਮਲੇ ਕਰ ਰਹੇ ਹਨ।
ਭਾਰਤੀ ਹਾਕਮ ਇਹ ਚੰਗੀ ਤਰ੍ਹਾਂ ਜਾਣਦੇ ਹਨ  ਕਿ ਨੌਜਵਾਨਾਂ ਵਿੱਚ ਕੁਰਬਾਨੀ ਕਰਨ ਦਾ ਅਥਾਹ ਜਜ਼ਬਾ ਹੁੰਦਾ ਹੈ। ਨਵੇਂ ਲਾਂਘੇ ਭੰਨਣ ਦਾ ਅਥਾਹ ਜੋਸ਼ ਹੁੰਦਾ ਹੈ, ਸਮਰੱਥਾ ਹੁੰਦੀ ਹੈ। ਨਵੇਂ ਨੂੰ ਜਾਨਣ ਦੀ ਅਥਾਹ ਜਗਿਆਸਾ ਹੁੰਦੀ ਹੈ। ਨੌਜਵਾਨ ਬਿਲਕੁੱਲ ਕੋਰੇ ਹੁੰਦੇ ਹਨ। ਨੌਜਵਾਨ ਆਦਰਸ਼ਵਾਦੀ ਹੁੰਦੇ ਹਨ। ਨੌਜਵਾਨ ਕਿਸੇ ਕੌਮ, ਕਿਸੇ ਦੇਸ਼, ਕਿਸੇ ਇਨਕਲਾਬੀ ਲਹਿਰ ਦਾ ਭਵਿੱਖ ਹੁੰਦੇ ਹਨ। ਇਸ ਭਵਿੱਖ ਨੂੰ ਖਤਮ ਕਰਨ ਲਈ ਉਹਨਾਂ ਵੱਲੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਨੌਜਵਾਨ ਪੀੜੀ 'ਤੇ ਮਾਰੂ ਹਮਲਾ ਬੋਲਿਆ ਹੋਇਆ ਹੈ। ਇਹ ਹਮਲਾ ਪੰਜਾਬ ਅੰਦਰ ਪੰਜ ਉੱਘੜਵੇਂ ਰੂਪਾਂ ਰਾਹੀਂ ਕੀਤਾ ਜਾ ਰਿਹਾ ਹੈ।
ਨਸ਼ੇ ਅਤੇ ਹਕੂਮਤੀ ਮਨਸੂਬੇ
ਪਹਿਲਾ, ਨੌਜਵਾਨਾਂ ਦੀ ਅਣਖ, ਇੱਜਤ ਅਤੇ ਸਵੈਮਾਣ ਨੂੰ ਖਤਮ ਕਰਨ ਲਈ ਉਹਨਾਂ ਵੱਲੋਂ ਚੇਤਨ ਰੂਪ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪਿੰਡਾਂ, ਸ਼ਹਿਰਾਂ, ਜੇਲ੍ਹਾਂ ਅੰਦਰ ਨਸ਼ਾ ਸਪਲਾਈ ਕਰਨ ਲਈ ਗਰੋਹ ਜਥੇਬੰਦ ਕੀਤੇ ਹੋਏ ਹਨ। ਜਿਹੜੇ ਹੋਣਹਾਰ ਨੌਜਵਾਨਾਂ ਨੂੰ ਚਿੰਨ੍ਹਤ ਕਰਦੇ ਹਨ। ਉਹਨਾਂ ਨੂੰ ਚੇਤੰਨ ਤੌਰ ਉੱਤੇ ਨਸ਼ੇ ਦੀ ਲੱਤ ਲਾਉਂਦੇ ਹਨ। ਜਦੋਂ ਉਹ ਨਸ਼ੇ ਦੇ ਆਦੀ ਹੋ ਜਾਂਦੇ ਹਨ ਤਾਂ ਅੱਗੇ ਹੋਰ ਨਵੇਂ ਨੌਜਵਾਨਾਂ ਨੂੰ ਨਸ਼ੇ ਸਪਲਾਈ ਕਰਨ ਵਾਲੀ ਲੜੀ ਵਿੱਚ ਫਿੱਟ ਕਰ ਲੈਂਦੇ ਹਨ। ਪੰਜਾਬ ਅੰਦਰ ਚਿੱਟੇ ਦੇ ਨਸ਼ੇ ਦਾ ਪਸਾਰ ਵੱਡੀ ਪੱਧਰ 'ਤੇ ਇਸ ਢੰਗ ਰਾਹੀਂ ਹੋ ਰਿਹਾ ਹੈ। ਪੰਜਾਬ ਦੇ ਅਕਾਲੀ-ਕਾਂਗਰਸੀ ਸਿਆਸਤਦਾਨ, ਪੁਲਸ ਅਧਿਕਾਰੀ ਨਸ਼ੇ ਦੇ ਇਸ ਬਹੁ-ਕਰੋੜੀ ਕਾਰੋਬਾਰ ਨੂੰ ਅੱਗੇ ਵਧਾ ਰਹੇ ਹਨ। ਪੰਜਾਬ ਵਿੱਚ ਸਾਬਕਾ ਪਹਿਲਵਾਨ ਅਤੇ ਡੀ.ਐਸ.ਪੀ. ਜਗਦੀਸ਼ ਭੋਲੇ ਦਾ ਸਾਹਮਣੇ ਆਇਆ ਕੇਸ ਇਸ ਦੀ ਉੱਭਰਵੀਂ ਉਦਾਹਰਣ ਹੈ। ਜਿਸ ਨੂੰ ਪਹਿਲਾਂ ਸੁਖਬੀਰ ਬਾਦਲ ਅਤੇ ਮਜੀਠੀਏ ਦਾ ਥਾਪੜਾ ਸੀ। ਜਦੋਂ ਆਪਸੀ ਰੱਟਾ ਪੈ ਗਿਆ ਤਾਂ ਜਗਦੀਸ਼ ਭੋਲੇ ਅਤੇ ਉਸਦੇ ਨੈੱਟ ਵਰਕ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਸ ਦੇ ਸਿਆਸੀ ਅਤੇ ਪੁਲਸੀ ਸਰਪ੍ਰਸਤ ਅਜੇ ਬਾਹਰ ਹਨ। ਅਜੀਤ ਕੋਹਾੜ ਅਤੇ ਸਰਵਣ ਸਿੰਘ ਫਿਲੌਰ ਵੀ ਇਸ ਕਾਲੇ ਧੰਦੇ ਵਿੱਚ ਲੱਗੇ ਅਕਾਲੀ ਮੰਤਰੀਆਂ ਦੇ ਉੱਭਰਵੇਂ ਨਾਂ ਹਨ। ਇੱਕ ਸਰਵੇ ਮੁਤਾਬਕ ਪੰਜਾਬ ਦੀ ਨੌਜਵਾਨ ਆਬਾਦੀ ਦਾ 73.5 ਫੀਸਦੀ ਹਿੱਸਾ ਵੱਖ ਵੱਖ ਕਿਸਮ ਦੇ ਨਸ਼ਿਆਂ ਉੱਤੇ ਲੱਗ ਚੁੱਕਾ ਹੈ। ਜਿਸਦਾ 53 ਫੀਸਦੀ ਚਿੱਟੇ ਨਸ਼ੇ ਦਾ ਸ਼ਿਕਾਰ ਹੈ।
ਪੰਜਾਬ ਅੰਦਰ ਸ਼ਰਾਬ ਦੇ ਬਹੁ-ਕਰੋੜੀ ਕਾਰੋਬਾਰ ਦਾ ਵੱਡਾ ਹਿੱਸਾ ਅਕਾਲੀ ਦਲ ਦੇ ਸਾਬਕਾ ਪਾਰਲੀਮਾਨੀ ਸਕੱਤਰ ਦੀਪ ਮਲਹੋਤਰਾ, ਸ਼ਿਵ ਲਾਲ ਡੋਡਾ ਅਤੇ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਹੈ। ਅਕਾਲੀ, ਕਾਂਗਰਸੀ ਅਤੇ ਬੀ.ਜੇ.ਪੀ. ਆਗੂਆਂ ਵੱਲੋਂ ਹੇਠਾਂ ਤੱਕ ਗਰੁੱਪ ਬਣਾ ਕੇ ਪੰਜਾਬ ਪੱਧਰੇ ਸ਼ਰਾਬ ਦੇ ਕਾਰੋਬਾਰ 'ਤੇ ਕਬਜ਼ਾ ਕੀਤਾ ਹੋਇਆ ਹੈ। ਪੰਜਾਬ ਦੀ ਕੁੱਲ ਆਬਾਦੀ 2 ਕਰੋੜ 77 ਲੱਖ ਤੋਂ ਉੱਪਰ ਹੈ। ਪੰਜਾਬ ਅੰਦਰ 22 ਲੱਖ ਲੋਕ ਸ਼ਰਾਬ ਦੇ ਆਦੀ ਹਨ। 16 ਲੱਖ ਤੰਬਾਕੂ ਦਾ ਸੇਵਨ ਕਰਦੇ ਹਨ। ਪੰਜਾਬ ਅੰਦਰ ਸਾਲਾਨਾ 29 ਕਰੋੜ ਬੋਤਲਾਂ ਸ਼ਰਾਬ ਦੀ ਖਪਤ ਹੁੰਦੀ ਹੈ। ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚੋਂ 2500 ਕਰੋੜ ਸਾਲਾਨਾ ਆਉਂਦਾ ਹੈ। ਜਿਹੜਾ ਟੈਕਸ ਦਾ 14 ਫੀਸਦੀ ਹੈ। 2018-19 ਦੇ ਸਾਲ ਅੰਦਰ ਪੰਜਾਬ ਦੀ ਕੈਪਟਨ ਸਰਕਾਰ ਦਾ ਇਸ ਖੇਤਰ ਵਿੱਚੋਂ 800-1000 ਕਰੋੜ ਤੱਕ ਵੱਧ ਆਮਦਨ ਕਰਨ ਦਾ ਟੀਚਾ ਸੀ। ਪੰਜਾਬ ਅੰਦਰਲੀ ਸ਼ਰਾਬ ਲਾਬੀ ਅਤੇ ਸ਼ਰਾਬ ਦੇ ਭਾਰਤ ਪੱਧਰੇ ਕਾਰੋਬਾਰੀ ਪੌਂਟੀ ਚੱਢਾ ਦੀ ਮੌਤ ਦੇ ਬਾਵਜੂਦ ਉਸਦੇ ਗਰੁੱਪ ਦੀ ਅਜੇ ਵੀ ਪੰਜਾਬ ਦੇ ਸਰਕਾਰੇ-ਦਰਬਾਰੇ ਤੂਤੀ ਬੋਲਦੀ ਹੈ। 
ਪੰਜਾਬ ਦੀ ਕੈਪਟਨ ਹਕੂਮਤ ਵੱਲੋਂ ਨਸ਼ੇ ਨੂੰ ਚਾਰ ਹਫਤਿਆਂ ਵਿੱਚ ਖਤਮ ਕਰਨ ਅਤੇ ਮਜੀਠੀਏ ਵਰਗਿਆਂ ਨੂੰ ਜੇਲ੍ਹ ਵਿੱਚ ਬੰਦ ਕਰਨ ਦੇ, ਜੋ ਚੋਣ ਦਾਅਵੇ ਕੀਤੇ ਗਏ ਸਨ। ਉਹ ਕੈਪਟਨ ਦੇ ਚੋਣ ਜੁਮਲੇ ਸਾਬਤ ਹੋ ਚੁੱਕੇ ਹਨ। ਨਸ਼ਿਆਂ ਦੀ ਤਸਕਰੀ ਰੋਕਣ ਦੇ ਨਾਂ ਹੇਠ ਸਗੋਂ ਉਲਟਾ ਚਿੱਟੇ ਦੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਹੀ ਚੁੱਕ ਚੁੱਕ ਕੇ ਜੇਲ੍ਹਾਂ ਵਿੱਚ ਤੂੜਿਆ ਗਿਆ ਹੈ। ਨਸ਼ਿਆਂ ਦੇ ਵੱਡੇ ਸਮੱਗਲਰ ਪਹਿਲਾਂ ਦੀ ਤਰ੍ਹਾਂ ਦਨਦਨਾਉਂਦੇ ਫਿਰਦੇ ਹਨ। ਮਾਲਵੇ ਅੰਦਰ ਤਾਂ ਹਰਿਆਣਾ ਦੀ ਸ਼ਰਾਬ ਦੀ ਵੱਡੀ ਪੱਧਰ 'ਤੇ ਹੋਮ ਡਲਿਵਰੀ ਸ਼ੁਰੂ ਹੋ ਚੁੱਕੀ ਹੈ। ਨੌਜਵਾਨਾਂ ਨੂੰ ਨਸ਼ਾ ਬੰਦ ਕਰਵਾਉਣ ਦੀ ਮੁਹਿੰਮ ਖੁਦ ਹੱਥਾਂ ਵਿੱਚ ਲੈਣੀ ਚੀਹੀਦੀ ਹੈ। ਕਾਂਗਰਸੀ, ਅਕਾਲੀ ਅਤੇ ਬੀ.ਜੇ.ਪੀ. ਹਾਕਮਾਂ ਤੋਂ ਭਲੇ ਦੀ ਝਾਕ ਛੱਡ ਦੇਣੀ ਚਾਹੀਦੀ ਹੈ। 
ਬੇਰੁਜ਼ਗਾਰੀ ਤੇ ਪ੍ਰਵਾਸ ਰਾਹੀਂ ਉਜਾੜਾ
ਦੂਜਾ, 1947 ਦੀ ਸੱਤਾ ਬਦਲੀ ਤੋਂ ਭਾਰਤੀ ਹਾਕਮਾਂ ਵੱਲੋਂ ਬੇਰੁਜ਼ਗਾਰੀ ਦੀ ਸਮੱਸਿਆ ਦਾ ਤਰਕਸੰਗਤ ਹੱਲ ਨਹੀਂ ਕੀਤਾ ਗਿਆ। 1990ਵਿਆਂ ਤੋਂ ਤਬਦੀਲ ਕੀਤੀਆਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਸਾਮਰਾਜ ਦੁਆਰਾ ਨਿਰਦੇਸ਼ਿਤ ਨੀਤੀਆਂ ਤਹਿਤ ਪੁਲਸ ਫੋਰਸ ਦੀ ਭਰਤੀ ਤੋਂ ਬਿਨਾ ਸਰਕਾਰੀ ਨੌਕਰੀਆਂ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ। 
ਇੱਕ ਪਾਸੇ ਨਿੱਜੀਕਰਨ ਦੀ ਨੀਤੀ ਤਹਿਤ ਪ੍ਰਾਈਵੇਟ ਮੈਡੀਕਲ, ਪੈਰਾ ਮੈਡੀਕਲ, ਇੰਜਨੀਰਿੰਗ, ਕਮਰਸ, ਆਰਟਸ, ਕਾਲਜ, ਯੂਨੀਵਰਸਿਟੀਆਂ ਖੁੰਬਾਂ ਵਾਂਗੂੰ ਪੈਦਾ ਕੀਤੀਆਂ ਗਈਆਂ ਹਨ, ਜਿਹਨਾਂ ਵਿੱਚ ਦੇਸੀ-ਵਿਦੇਸ਼ੀ ਕੰਪਨੀਆਂ, ਦਲਾਲ ਸਰਮਾਏਦਾਰ, ਜਾਗੀਰਦਾਰਾਂ, ਵੱਖ ਵੱਖ ਧਰਮਾਂ ਦੇ ਅਖੌਤੀ ਠੇਕੇਦਾਰਾਂ ਨੂੰ ਪੈਸਾ ਲਾਉਣ ਅਤੇ ਲੁੱਟ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਫੌਜ ਤਿਆਰ ਕੀਤੀ ਗਈ ਹੈ। ਇਹਨਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਤੋਂ ਵਾਂਝੇ ਕਰਨ ਲਈ ਅਨੇਕਾਂ ਕਿਸਮ ਦੇ ਟੈਸਟਾਂ ਰਾਹੀਂ ਲੁੱਟ-ਖਸੁੱਟ ਜਾਰੀ ਰੱਖੀ ਜਾ ਰਹੀ ਹੈ। ਸੀਮਤ ਸੀਟਾਂ ਵੱਡੀਆਂ ਰਿਸ਼ਵਤਾਂ ਲੈ ਕੇ ਭਰੀਆਂ ਜਾਂਦੀਆਂ ਹਨ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਪਿਛਲੇ ਸਮੇਂ ਅੰਦਰ ਇੱਕਲੇ ਪੰਜਾਬ ਅੰਦਰ ਹੀ ਬੇਰੁਜ਼ਗਾਰੀ ਛੜੱਪੇ ਮਾਰ ਕੇ ਵਧੀ ਹੈ। ਆਊਟ ਲੁੱਕ ਮੈਗਜ਼ੀਨ ਦੀ ਸਤੰਬਰ 2016 ਦੀ ਇੱਕ ਰਿਪੋਰਟ ਮੁਤਾਬਕ ਇਕੱਲੇ ਪੰਜਾਬ ਅੰਦਰ ਹੀ ਪੜ੍ਹੇ-ਲਿਖੇ ਅਤੇ ਅਨਪੜ੍ਹ ਬੇਰੁਜ਼ਗਾਰਾਂ ਦੀ ਗਿਣਤੀ 75 ਤੋਂ 80 ਲੱਖ ਹੈ। 
ਠੇਕਾ ਭਰਤੀ ਰਾਹੀਂ ਜਿੱਥੇ ਇਹਨਾਂ ਸੰਸਥਾਵਾਂ ਨੂੰ ਕਰੋੜਾਂ ਰੁਪਏ ਡਕਾਰਨ ਦੀ ਖੁੱਲ੍ਹ ਦਿੱਤੀ ਹੋਈ ਹੈ, ਉੱਥੇ ਬੇਰੁਜ਼ਗਾਰੀ ਦੀ ਝੰਬੀ ਪੰਜਾਬ ਦੀ ਪੜ੍ਹੀ-ਲਿਖੀ ਜਵਾਨੀ ਵੱਡੀ ਪੱਧਰ ਉੱਤੇ ਕਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ  ਆਦਿ ਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ। ਇਹਨਾਂ ਮੁਲਕਾਂ ਦੇ ਅਜਾਰੇਦਾਰ ਸਰਮਾਏਦਾਰਾਂ ਵੱਲੋਂ ਸਥਾਪਤ ਕੀਤੀਆਂ ਵਿਦਿਅਕ ਸੰਸਥਾਵਾਂ ਵੱਲੋਂ ਫੀਸਾਂ ਰਾਹੀਂ ਵੱਡੀ ਪੱਧਰ 'ਤੇ ਲੁੱਟ ਕੀਤੀ ਜਾ ਰਹੀ ਹੈ। ਜੋ ਪੰਜਾਬ ਵਿੱਚੋਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਭਰੀਆਂ ਜਾਂਦੀਆਂ ਹਨ। ਪੰਜਾਬ ਦੀ ਨੌਜਵਾਨ ਪੀੜੀ ਦਾ ਥੋਕ ਰੂਪ ਵਿੱਚ ਉਜਾੜਾ ਕਰਕੇ, ਜਿੱਥੇ ਭਾਰਤੀ ਹਾਕਮ ਆਪਣੇ ਕਾਰੋਬਾਰਾਂ ਨੂੰ ਫੈਲਾ ਰਹੇ ਹਨ, ਉੱਥੇ ਆਪਣੇ ਸਾਮਰਾਜੀ ਮਾਲਕਾਂ ਨੂੰ ਪ੍ਰਵਾਸੀ ਭਾਰਤੀਆਂ ਜਾਂ ਪ੍ਰਵਾਸੀ ਪੰਜਾਬੀਆਂ ਦੀ ਮਾਨਸਿਕ ਅਤੇ ਸਰੀਰਕ ਮਿਹਨਤ ਦੀ ਲੁੱਟ ਕਰਨ ਲਈ ਹਾਲਤਾਂ ਮੁਹੱਈਆ ਕਰਵਾ ਰਹੇ ਹਨ। ਇਹਨਾਂ ਨੂੰ ਆਪਣੇ ਸਭਿਆਚਾਰਕ ਅਤੇ ਇਤਿਹਾਸਕ ਵਿਰਸੇ ਨਾਲੋਂ ਤੋੜ ਰਹੇ ਹਨ। ਪੰਜਾਬ ਦੀ ਜਵਾਨੀ ਤੇ ਇਹਨਾਂ ਦੇ ਮਾਪੇ ਵੀ ਇਸ ਹਾਕਮੀ ਚਕਾਚੌਂਧ ਵਿੱਚ ਧੋਖਾ ਖਾ ਰਹੇ ਹਨ। 
ਪੰਜਾਬ ਦੀ ਅਣਖੀ ਜਵਾਨੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੌਖਾ ਰਾਹ ਦਰੁਸਤ ਨਹੀਂ ਹੁੰਦਾ। ਸਾਮਰਾਜੀ ਮੁਲਕਾਂ ਅੰਦਰ ਪੈਦਾ ਹੋ ਰਿਹਾ ਸੰਕਟ, ਛਾਂਟੀਆਂ ਅਤੇ ਬੇਰੁਜ਼ਗਾਰੀ ਇਹਨਾਂ ਮੁਲਕਾਂ ਵਿੱਚੋਂ ਪ੍ਰਵਾਸੀ ਆਬਾਦੀ ਨੂੰ ਵਾਪਸ ਭੇਜਣ ਵਾਲੀਆਂ ਪਿਛਾਖੜੀ ਹਕੂਮਤਾਂ ਨੂੰ ਮੂਹਰੇ ਲਿਆ ਰਿਹਾ ਹੈ। ਸਿੱਟੇ ਵਜੋਂ ਇਹਨਾਂ ਮੁਲਕਾਂ ਦੀਆਂ ਟਰੰਪ ਟਾਈਪ ਹਕੂਮਤਾਂ ਪ੍ਰਵਾਸੀਆਂ ਦੇ ਵਿਰੁੱਧ ਵਲਗਣ-ਬੰਦੀਆਂ ਕਰ ਰਹੀਆਂ ਹਨ। ਨਸਲੀ ਵਿਤਕਰੇ ਭੜਕਾਅ ਰਹੀਆਂ ਹਨ। ਭਵਿੱਖ ਅੰਦਰ ਇਹ ਵਰਤਾਰਾ ਪ੍ਰਵਾਸੀਆਂ ਦੇ ਕੌਮੀ ਸਵੈਮਾਣ ਉੱਤੇ ਹੋਰ ਡੂੰਘੀ ਸੱਟ ਮਾਰੇਗਾ। ਅਰਬ ਮੁਲਕਾਂ ਵਿੱਚੋਂ ਸ਼ੁਰੂ ਹੋਇਆ ਪ੍ਰਵਾਸੀਆਂ ਦੀ ਵਾਪਸੀ ਦਾ ਵਰਤਾਰਾ, ਸਾਮਰਾਜੀ ਮੁਲਕਾਂ ਵਿੱਚੋਂ ਵੀ ਤੇਜ਼ੀ ਫੜ ਸਕਦਾ ਹੈ। 
ਇਨਕਲਾਬੀ ਸ਼ਕਤੀਆਂ ਦਾ ਫਰਜ਼ ਬਣਾ ਹੈ ਕਿ ਇੱਕ ਪਾਸੇ ਪ੍ਰਵਾਸੀ ਭਾਰਤੀਆਂ ਜਾਂ ਪ੍ਰਵਾਸੀ ਪੰਜਾਬੀਆਂ ਮੂਹਰੇ ਪੈਦਾ ਹੋ ਰਹੀਆਂ ਚੁਣੌਤੀਆਂ, ਸਾਮਰਾਜੀ ਸੰਕਟ ਅਤੇ ਕੌਮੀ ਸਵੈਮਾਣ ਦੇ ਮੁੱਦਿਆਂ ਨੂੰ ਉਭਾਰਨ, ਉੱਥੇ ਦੂਜੇ ਪਾਸੇ ਮਜਬੂਤ ਇਨਕਲਾਬੀ ਲਹਿਰ ਖੜ੍ਹੀ ਕਰਨ ਲਈ ਨੌਜਵਾਨਾਂ ਸਾਹਮਣੇ ਬੇਰੁਜ਼ਗਾਰੀ ਦਾ ਹੱਲ ਪੇਸ਼ ਕਰਨ। ਕਿਸਾਨਾਂ-ਮਜ਼ਦੂਰਾਂ ਨੂੰ ਸੱਤਾ, ਜ਼ਮੀਨ ਅਤੇ ਹੋਰ ਪੈਦਾਵਾਰੀ ਸਾਧਨਾਂ ਦੀ ਵੰਡ ਦੇ ਮੁੱਦੇ ਉੱਤੇ ਲਾਮਬੰਦ ਅਤੇ ਜਥੇਬੰਦ ਕਰਨ, ਖੇਤੀ ਪੈਦਾਵਾਰ ਅਤੇ ਵੱਧ ਤੋਂ ਵੱਧ ਲੇਬਰ ਖਪਤ ਕਰਨ ਵਾਲੀਆਂ ਸਨਅੱਤਾਂ ਲਾਉਣ ਲਈ ਜਵਾਨੀ, ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਨ। ਇਸ ਢੰਗ ਰਾਹੀਂ ਇਨਕਲਾਬੀ ਬਦਲ ਉਭਾਰ ਕੇ ਹੀ ਪ੍ਰਵਾਸ ਦੇ ਥੋਕ ਰੂਪ ਵਿੱਚ ਪ੍ਰਚੱਲਤ ਵਰਤਾਰੇ ਨੂੰ ਕੁੱਝ ਠੱਲ੍ਹ ਪਾਈ ਜਾ ਸਕਦੀ ਹੈ। 
ਪੁਲਸ, ਫੌਜ ਵਿੱਚ ਭਰਤੀ ਪਿੱਛੇ ਹਾਕਮੀ ਮਨਸੂਬਾ
ਤੀਜਾ— ਭਾਰਤੀ ਹਾਕਮਾਂ ਵੱਲੋਂ ਸਿੱਖਿਆ, ਸਿਹਤ, ਸਮਾਜਿਕ ਭਲਾਈ ਦੇ ਸਾਰੇ ਮਹਿਕਮਿਆਂ ਦੀ ਭਰਤੀ ਤੋਂ ਪੱਲਾ ਝਾੜ ਕੇ ਸਿਰਫ ਪੁਲਸ, ਫੌਜ, ਨੀਮ-ਫੌਜੀ ਬਲਾਂ ਅੰਦਰ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਬਹੁਤ ਥੋੜ੍ਹੀਆਂ ਪੋਸਟਾਂ ਲਈ ਬਹੁਤ ਵੱਡੀ ਪੱਧਰ 'ਤੇ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਦੀਆਂ ਅਰਜੀਆਂ ਪਹੁੰਚ ਰਹੀਆਂ ਹਨ। ਆਊਟ ਲੁੱਟ ਮੈਗਜ਼ੀਨ ਦੇ 30 ਸਤੰਬਰ 2016 ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਅੰਦਰ ਸਿਪਾਹੀ ਭਰਤੀ ਲਈ 7418 ਪੋਸਟਾਂ ਲਈ 7 ਲੱਖ ਉਮੀਦਵਾਰਾਂ ਨੇ ਅਰਜੀਆਂ ਦਿੱਤੀਆਂ। ਜਿਹਨਾਂ ਵਿੱਚੋਂ ਡੇਢ ਲੱਖ ਗਰੈਜੂਏਟ ਅਤੇ ਪੋਸਟ ਗਰੈਜੂਏਟ ਅਤੇ ਲੱਗਭੱਗ 3000 ਐਮ.ਸੀ.ਏ. ਅਤੇ ਐਮ.ਬੀ.ਏ. ਉਮੀਦਵਾਰਾਂ ਨੂੰ ਬਿਲਕੁੱਲ ਨਜ਼ਰਅੰਦਾਜ ਕੀਤਾ ਗਿਆ। ਇਹਨਾਂ ਅਰਜੀਆਂ ਰਾਹੀਂ ਜਿੱਥੇ ਵੱਖ ਵੱਖ ਮਹਿਕਮੇ ਵੱਡੀ ਪੱਧਰ 'ਤੇ ਬੇਰੁਜ਼ਗਾਰਾਂ ਤੋਂ ਪੈਸਾ ਇਕੱਠਾ ਕਰ ਰਹੇ ਹਨ, ਉੱਥੇ ਭਾਰਤੀ ਹਾਕਮ ਇਹਨਾਂ ਫੋਰਸਾਂ ਅੰਦਰ ਮਿਹਨਤਕਸ਼ ਲੋਕਾਂ ਦੇ ਧੀਆਂ-ਪੁੱਤਰਾਂ ਨੂੰ ਭਰਤੀ ਕਰਕੇ ਮਾਓਵਾਦੀਆਂ, ਕਸ਼ਮੀਰ ਤੇ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀਅਤਾਂ, ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਅਤੇ ਆਦਿਵਾਸੀ ਲੋਕਾਂ ਦੀਆਂ ਵਿਕਸਤ ਹੋਈਆਂ ਲਹਿਰਾਂ ਨੂੰ ਕੁਚਲਣ ਲਈ ਵਰਤ ਰਹੇ ਹਨ ਜਾਂ ਅਮਰੀਕੀ ਸਾਮਰਾਜੀਆਂ ਦੇ ਇਸ਼ਾਰਿਆਂ ਉੱਤੇ ਗੁਆਂਢੀ ਮੁਲਕਾਂ ਪਾਕਿਸਤਾਨ ਅਤੇ ਚੀਨ ਵਿਰੁੱਧ ਭੜਕਾਏ ਜਾ ਰਹੇ ਸਰਹੱਦੀ ਟਕਰਾਵਾਂ ਰਾਹੀਂ ਮਿਹਨਤਕਸ਼ ਲੋਕਾਂ ਦੇ ਧੀਆਂ-ਪੁੱਤਾਂ ਨੂੰ ਜੰਗੀ ਤੋਪਾਂ ਦਾ ਖਾਜਾ ਬਣਾ ਰਹੇ ਹਨ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਬਠਿੰਡਾ, ਪਟਿਆਲਾ, ਜਲੰਧਰ ਵਰਗੇ ਭਰਤੀ ਕੇਂਦਰਾਂ 'ਚ ਦਹਿ-ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਰਹੇ ਹਨ।
ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਭਾਰਤੀ ਹਾਕਮਾਂ ਦੀਆਂ ਲੋਕ ਵਿਰੋਧੀ ਅਤੇ ਲੋਕ ਲਹਿਰਾਂ ਵਿਰੋਧੀ ਚਾਲਾਂ ਦਾ ਖਾਜਾ ਬਣਨ ਤੋਂ ਇਨਕਾਰ ਕਰਨ। ਆਪਣੇ ਆਪ ਨੂੰ ਜਥੇਬੰਦ ਕਰਨ ਦੇ ਰਾਹ ਪੈਣ। ਸਿਹਤ, ਸਿੱਖਿਆ, ਸਮਾਜਿਕ ਭਲਾਈ ਆਦਿ ਮਹਿਕਮਿਆਂ ਵਿੱਚ ਸਰਕਾਰੀ ਭਰਤੀ ਦੇ ਮੁੱਦੇ ਉੱਤੇ ਜੱਦੋਜਹਿਦ ਤੇਜ਼ ਕਰਨ। 
ਗੈਂਗਸਟਰ ਅਤੇ ਕਾਂਗਰਸੀ-ਅਕਾਲੀ ਹਾਕਮ
ਚੌਥਾ— ਪਿਛਲੇ ਸਮੇਂ ਅੰਦਰ ਅਕਾਲੀ-ਕਾਂਗਰਸੀ ਹਾਕਮਾਂ ਵੱਲੋਂ ਪੰਜਾਬ ਅੰਦਰ ਨੌਜਵਾਨਾਂ ਨੂੰ ਗੈਂਗਸਟਰਾਂ ਦੇ ਰੂਪ ਵਿੱਚ ਜਥੇਬੰਦ ਕਰਨਾ ਸ਼ੁਰੂ ਕੀਤਾ ਗਿਆ ਹੈ। ਅਲੱਗ ਅਲੱਗ ਸਿਆਸੀ ਪਾਰਟੀਆਂ ਦੇ ਨੇਤਾ ਇਹਨਾਂ ਨੂੰ ਚੋਣਾਂ ਮੌਕੇ ਬੂਥਾਂ ਉੱਤੇ ਕਬਜ਼ੇ ਕਰਨ, ਜ਼ਮੀਨਾਂ-ਜਾਇਦਾਦਾਂ ਦੇ ਕਬਜ਼ੇ ਲੈਣ, ਆਪਣੇ ਵਿਰੋਧੀਆਂ ਨੂੰ ਮਾਰਨ, ਨਸ਼ਿਆਂ ਦੀ ਸਮੱਗਲਿੰਗ ਕਰਨ ਆਦਿ ਵਰਗੇ ਗੈਰ ਕਾਨੂੰਨੀ ਧੰਦਿਆਂ ਲਈ ਵਰਤ ਰਹੇ ਹਨ। 
ਪੰਜਾਬ ਪੁਲਸ ਦੀ ਰਿਪੋਰਟ ਮੁਤਾਬਕ ਹੀ ਸੂਬੇ ਅੰਦਰ ਇਸ ਸਮੇਂ 500 ਗੈਂਗਸਟਰ ਕੰਮ ਕਰਦੇ ਹਨ। ਜਿਹਨਾਂ ਵਿੱਚੋਂ 300 ਗੈਂਗਸਟਰ ਏ, ਬੀ ਅਤੇ ਸੀ ਕੈਟਾਗਰੀ ਦੇ ਹਨ। ਇਹਨਾਂ ਵਿੱਚੋਂ 186 ਜੇਲ੍ਹਾਂ ਵਿੱਚ ਕੈਦੀ ਜਾਂ ਹਵਾਲਾਤੀ ਵਜੋਂ ਬੰਦ ਹਨ। ਇਹਨਾਂ ਵਿੱਚੋਂ 51 ਏ ਕੈਟਾਗਰੀ ਦੇ ਹਨ। 85 ਬੀ ਕੈਟਾਗਰੀ ਦੇ ਹਨ। 50 ਸੀ ਕੈਟਾਗਰੀ ਦੇ ਹਨ। 
ਇਹਨਾਂ ਗੈਂਗਸਟਰਾਂ ਦੇ ਪਿਛੋਕੜ ਬਾਰੇ ਜੋ ਵੇਰਵੇ ਅਖਬਾਰਾਂ ਵਿੱਚ ਨਸ਼ਰ ਹੋਏ ਹਨ। ਉਹਨਾਂ ਵਿੱਚੋਂ ਵੱਡਾ ਹਿੱਸਾ ਚੋਟੀ ਦੇ ਖ਼ਿਡਾਰੀ ਹਨ। ਪੜ੍ਹੇ-ਲਿਖੇ ਹਨ। ਚੰਗੇ ਘਰਾਂ ਦੇ ਜੰਮ-ਪਲ ਹਨ। ਕਈ ਅਜਿਹੇ ਵੀ ਹਨ, ਜਿਹੜੇ ਆਪ ਬਿਲਕੁੱਲ ਨਸ਼ਾ ਨਹੀਂ ਕਰਦੇ। ਔਰਤਾਂ ਨੂੰ ਬਲੈਕਮੇਲ ਨਹੀਂ ਕਰਦੇ। ਇਹ ਜੱਦੀ-ਪੁਸ਼ਤੀ ਗੈਂਗਸਟਰ ਨਹੀਂ ਹਨ। 
ਸਿਆਸਤਦਾਨਾਂ ਵੱਲੋਂ ਇਹਨਾਂ ਨੂੰ ਆਪਣੇ ਗੰਦੇ ਸਿਆਸੀ ਮੁਫਾਦਾਂ ਲਈ ਵਰਤਿਆ ਗਿਆ। ਅਪਰਾਧਿਕ ਗਤੀਵਿਧੀਆਂ ਵਿੱਚ ਪੈਣ ਤੋਂ ਬਾਅਦ ਹਰ ਜਾਇਜ-ਨਜਾਇਜ ਕੰਮ ਲਈ ਉਹਨਾਂ ਦੀ ਪਿੱਠ ਥਾਪੜੀ ਗਈ ਹੈ। ਉਹਨਾਂ ਨੂੰ ਅਸਲਾ, ਪੈਸਾ ਅਤੇ ਟਿਕਾਣੇ ਮੁਹੱਈਆ ਕਰਵਾਏ ਹਨ। ਸਿੱਟੇ ਵਜੋਂ ਉਹ ਪੂਰੇ ਸੰਗਠਤ ਗਰੋਹਾਂ ਵਿੱਚ ਜਥੇਬੰਦ ਕੀਤੇ ਗਏ ਹਨ। 
ਕਾਲਜਾਂ, ਯੂਨੀਵਰਸਿਟੀਆਂ ਵਿੱਚ, ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ, ਗੈਂਗਸਟਰ ਆਪਣਾ ਅਸਰ-ਰਸੂਖ ਸਥਾਪਤ ਕਰ ਚੁੱਕੇ ਹਨ। ਆਪਸੀ ਚੌਧਰ, ਲੁੱਟ-ਖੋਹ ਵਿੱਚੋਂ ਹਿੱਸਾ-ਪੱਤੀ ਅਤੇ ਆਪਸੀ ਕਤਲਾਂ ਤੋਂ ਬਾਅਦ ਇਹ ਸੰਗਠਤ ਗਰੋਹ ਆਪਣੇ ਸਿਆਸੀ ਮਾਲਕ ਨੂੰ ਵੀ ਅੱਖੀਆਂ ਦਿਖਾਉਣ ਲੱਗੇ ਹਨ। ਸਿੱਟੇ ਵਜੋਂ ਪਹਿਲਾ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਵਿਰੋਧੀ ਗੈਂਗਸਟਰ ਗਰੁੱਪਾਂ ਨੂੰ ਖਤਮ ਕਰਨ ਲਈ ਇਹਨਾਂ ਦੇ ਝੂਠੇ ਪੁਲਸ ਮੁਕਾਬਲੇ ਬਣਾਏ ਗਏ ਅਤੇ ਹੁਣ ਕੈਪਟਨ ਹਕੂਮਤ ਵੱਲੋਂ ਇਹ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। 
ਕੈਪਟਨ ਹਕੂਮਤ ਵੱਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਨਾਂ ਹੇਠ ਪਕੋਕਾ ਨਾਂ ਦਾ ਕਾਨੂੰਨ ਵੀ ਲਿਆਂਦਾ ਜਾ ਰਿਹਾ ਹੈ। ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਦੇ ਝੂਠੇ ਮੁਕਾਬਲੇ ਤੋਂ ਬਾਅਦ ਤਾਂ ਕੈਪਟਨ ਹਕੂਮਤ ਵੱਲੋਂ ਨੰਗਾ ਚਿੱਟਾ ਝੂਠੇ ਪੁਲਸ ਮੁਕਾਬਲੇ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ। ਦੋਸ਼ੀ ਪੁਲਸੀਆਂ ਨੂੰ ਇਨਾਮਾਂ ਨਾਲ ਸਨਮਾਨਣ ਦਾ ਐਲਾਨ ਕੀਤਾ ਗਿਆ। 1970-72 ਦੌਰਾਨ ਨਕਸਲਬਾੜੀ ਕਾਮਰੇਡਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਸ਼ਹੀਦ ਕੀਤਾ ਗਿਆ। ਫਿਰ ਖਾਲਿਸਤਾਨੀ ਲਹਿਰ ਅੰਦਰਲੇ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਖਤਮ ਕੀਤਾ ਗਿਆ। ਹਾਕਮਾਂ ਵੱਲੋਂ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ 'ਚ ਮਾਰਨ ਦਾ ਰਸਤਾ ਜਵਾਨੀ ਦੇ ਖਾਤਮੇ ਦਾ ਰਾਹ ਹੈ।
ਇਨਕਲਾਬੀ ਸ਼ਕਤੀਆਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਝੂਠੇ ਪੁਲਸ ਮੁਕਾਬਲਿਆਂ ਦਾ ਜਮਹੂਰੀ ਪੈਂਤੜੇ ਤੋਂ ਡਟ ਕੇ ਵਿਰੋਧ ਕਰਨ। ਇਹ ਵੀ ਮੰਥਨ ਕਰਨ ਕਿ ਨੌਜਵਾਨਾਂ ਦੇ ਖਾੜਕੂ ਤੇ ਬਾਗੀ ਸੁਭਾਅ ਦੇ ਬਾਵਜੂਦ ਉਹ ਖਾੜਕੂ ਹਿੱਸਿਆਂ ਨੂੰ ਆਪਣੇ ਅੰਦਰ ਕਿਉਂ ਨਹੀਂ ਸਮਾਅ ਸਕੇ? ਇਸ ਮੰਥਨ ਦੇ ਆਧਾਰ ਉੱਤੇ ਇਨਕਲਾਬੀ ਅਮਲ ਅੰਦਰ ਖਾੜਕੂ ਅਤੇ ਤਿੱਖੀਆਂ ਤਬਦੀਲੀਆਂ ਕਰਨ। ਜਿਸ ਕਰਕੇ, ਨੌਜਵਾਨ ਗੈਂਗਸਟਰ ਬਣਨ ਦੀ ਥਾਂ ਇਨਕਲਾਬੀ ਲਹਿਰ ਦਾ ਅੰਗ ਬਣਨ। 
ਸਾਮਰਾਜੀ-ਜਾਗੀਰੂ ਸਭਿਆਚਾਰਕ ਹਮਲਾ
ਪੰਜਵਾਂ— ਨੌਜਵਾਨਾਂ ਦੇ ਦਿਮਾਗਾਂ ਨੂੰ ਖੁੰਢਾ ਕਰਨ ਲਈ ਪਿਛਲੇ ਸਮੇਂ ਤੋਂ ਸਾਮਰਾਜੀਆਂ ਤੇ ਭਾਰਤੀ ਹਾਕਮਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਸਾਮਰਾਜੀ-ਜਾਗੀਰੂ ਸਭਿਆਚਾਰ ਦਾ ਹਮਲਾ ਵਿੱਢਿਆ ਹੋਇਆ ਹੈ। ਅਸ਼ਲੀਲ ਤੇ ਕਾਮ-ਉਕਸਾਊ ਫਿਲਮਾਂ, ਗੰਦੇ ਅਤੇ ਅਸ਼ਲੀਲ ਗੀਤਾਂ, ਡਰਾਉਣੇ ਤੇ ਅੰਧ-ਵਿਸ਼ਵਾਸ਼ੀ ਸੀਰੀਅਲ, ਵੀਡੀਓ ਗੇਮਾਂ, ਤਰ੍ਹਾਂ ਤਰ੍ਹਾਂ ਦੇ ਕਾਮ-ਉਕਸਾਊ ਸਾਹਿਤ ਰਾਹੀਂ ਨੌਜਵਾਨਾਂ ਦੇ ਦਿਮਾਗਾਂ ਨੂੰ ਭ੍ਰਿਸ਼ਟ ਕੀਤਾ ਜਾ ਰਿਹਾ ਹੈ। ਗੈਂਗਸਟਰਾਂ ਦੀ ਕੁੱਟ-ਮਾਰ, ਮਾਰਧਾੜ ਅਤੇ ਕਤਲ ਕਰਨ ਜਿਹੀਆਂ ਗੁੰਡਾਗਰਦ ਤੇ ਸਮਾਜ-ਵਿਰੋਧੀ ਕਾਰਵਾਈਆਂ ਨੂੰ ਗੀਤਾਂ (ਫਿਲਮਾਂ) ਰਾਹੀਂ ਲਿਸ਼ਕਾ-ਪੁਸ਼ਕਾ ਕੇ ਨਾਇਕ-ਨੁਮਾ ਕਾਰਨਾਮਿਆਂ ਵਜੋਂ ਨੌਜਵਾਨਾਂ ਮੂਹਰੇ ਪਰੋਸਿਆ ਜਾ ਰਿਹਾ ਹੈ। ਸਮਾਰਟ ਫੋਨਾਂ ਨੂੰ ਇਹ ਗੰਦ ਵਰਤਾਉਣ ਦਾ ਸਾਧਨ ਬਣਾਇਆ ਹੋਇਆ ਹੈ। ਸਿੱਟੇ ਵਜੋਂ ਬੱਚੇ ਅਤੇ ਨੌਜਵਾਨ ਪੀੜੀ ਆਪਣੇ ਜੁਝਾਰੂ ਸਭਿਆਚਾਰਕ ਵਿਰਸੇ, ਬੋਲੀ, ਖੇਡਾਂ ਅਤੇ ਇਤਿਹਾਸਕ ਵਿਰਸੇ ਤੋਂ ਚੇਤਨ ਰੂਪ ਵਿੱਚ ਤੋੜੀ ਜਾ ਰਹੀ ਹੈ। 
ਇਨਕਲਾਬੀ ਸ਼ਕਤੀਆਂ ਦਾ ਫਰਜ਼ ਬਣਦਾ ਹੈ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ, ਬੋਲੀ, ਚੰਗੀਆਂ ਖੇਡਾਂ,  ਲੋਕ-ਪੱਖੀ ਸਭਿਆਚਾਰਕ ਅਤੇ ਜੁਝਾਰੂ ਇਤਿਹਾਸ ਬਾਰੇ ਜਾਗਰਿਤ ਅਤੇ ਜਥੇਬੰਦ ਕਰਨ। 
ਸੰਖੇਪ ਵਿੱਚ ਗੱਲ ਕਰਨੀ ਹੋਵੇ ਤਾਂ ਭਾਰਤੀ ਹਾਕਮਾਂ ਵੱਲੋਂ ਪੰਜਾਬ ਦੀ ਨੌਜਵਾਨ ਪੀੜੀ ਉੱਤੇ ਕੀਤਾ ਜਾ ਰਿਹਾ ਇਹ ਪੰਜ ਪੱਖੀ ਹਮਲਾ ਐਨਾ ਘਾਤਿਕ ਸਿੱਧ ਹੋਵੇਗਾ, ਜਿਸਦਾ ਅਸਰ ਪੰਜਾਬ ਦੇ ਇਤਿਹਾਸ ਉੱਤੇ ਲੰਬੇ ਸਮੇਂ ਤੱਕ ਰਹੇਗਾ। ਸ਼ਹੀਦ ਭਗਤ ਸਿੰਘ ਹੁਰਾਂ ਦੇ 88ਵੇਂ ਸ਼ਹੀਦੀ ਦਿਹਾੜੇ ਉੱਤੇ ਪੰਜਾਬ ਦੇ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਜਿੱਥੇ ਉਪਰੋਕਤ ਪੰਜ ਫੌਰੀ ਮੁੱਦਿਆਂ ਉੱਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਚੁਣੌਤੀ ਕਬੂਲ ਕਰਨ, ਉੱਥੇ ਭਗਤ ਸਿੰਘ ਹੁਰਾਂ ਵੱਲੋਂ ਨੌਜਵਾਨ-ਵਿਦਿਆਰਥੀ ਲਹਿਰ ਲਈ ਉਭਾਰੀ ਸੇਧ ਨੂੰ ਮੌਜੂਦਾ ਪ੍ਰਸੰਗ ਵਿੱਚ ਹੋਰ ਠੋਸ ਕਰਨ ਅਤੇ ਲਾਗੂ ਕਰਨ ਲਈ ਦਿਨ-ਰਾਤ ਇੱਕ ਕਰਨ। ਇਸ ਢੰਗ ਰਾਹੀਂ ਹੀ ਤਾਜ਼ਾ ਹਕੂਮਤੀ ਹਮਲੇ ਦਾ ਟਾਕਰਾ ਕੀਤਾ ਜਾ ਸਕਦਾ ਹੈ।  
(27 ਫਰਵਰੀ, 2019)

No comments:

Post a Comment