Friday, 8 September 2017

ਕਿਰਤੀ ਕਿਸਾਨ ਯੂਨੀਅਨ ਵੱਲੋਂ ਬਹਿਰਾਮਪੁਰ ਥਾਣੇ ਅੱਗੇ ਧਰਨਾ



ਕਿਰਤੀ ਕਿਸਾਨ ਯੂਨੀਅਨ ਵੱਲੋਂ ਬਹਿਰਾਮਪੁਰ ਥਾਣੇ ਅੱਗੇ ਧਰਨਾ

ਹਲਕਾ ਵਿਧਾਇਕ ਦੇ ਸਿਆਸੀ ਦਬਾਅ ਤਹਿਤ ਥਾਣਾ ਬਹਿਰਾਮਪੁਰ ਦੀ ਪੁਲਸ ਵੱਲੋਂ ਕਿਸਾਨ ਤਰਲੋਕ ਸਿੰਘ ਨੂੰ ਜ਼ਮੀਨ ਵਿੱਚ ਝੋਨਾ ਬੀਜਣ ਤੋਂ ਰੋਕਣ ਦੇ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਥਾਣੇ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ ਗਿਆ, ਜਿਸ ਨੂੰ ਪੇਂਡੂ ਮਜ਼ਦੂਰ ਯੂਨੀਅਨ ਅਤੇ ਇਫਟੂ ਦੀ ਹਮਾਇਤ ਪ੍ਰਾਪਤ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਜ਼ਿਲ੍ਹਾ ਮੀਤ ਪ੍ਰਧਾਨ ਚੰਨਣ ਸਿੰਘ ਦੋਰਾਂਗਲਾ ਤਰਲੋਕ ਸਿੰਘ ਬਹਿਰਾਮਪੁਰ, ਇਫਟੂ ਪੰਜਾਬ ਦੇ ਮੀਤ ਪ੍ਰਧਾਨ ਰਮੇਸ਼ ਰਾਣਾ ਨੇ ਕਿਹਾ ਕਿ ਤਰਲੋਕ ਸਿੰਘ ਵਾਸੀ ਬਹਿਰਾਮਪੁਰ ਨੇ ਚੰਨਣ ਸਿੰਘ ਪੁੱਤਰ ਲਾਭ ਸਿੰਘ ਦੀ ਪਿੰਡ ਨੀਵਾਂ ਧਕਾਲਾ ਵਿੱਚ 39 ਕਨਾਲ  8 ਮਰਲੇ ਜਿਸ ਦੇ ਅੱਗੇ ਚਾਰ ਵਾਰਸ ਬਰਾਬਰ ਹਿੱਸੇ ਦੇ ਹਨ, ਇਸ ਵਿੱਚੋਂ ਰਮੇਸ ਕੌਰ ਪੁੱਤਰੀ ਚੰਨਣ ਸਿੰਘ ਨੇ ਆਪਣਾ ਬਣਦਾ ਚੌਥਾ ਹਿਸੇ ਦੀ 9 ਕਨਾਲ 17 ਮਰਲੇ ਜ਼ਮੀਨ ਤਰਲੋਕ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੂੰ ਮਿਤੀ 22-7-2013 ਨੂੰ ਬੈਅ ਰਜਿਸਟਰੀ ਕਰ ਦਿੱਤੀ ਸੀ ਅਤੇ ਇਸਦਾ ਇੰਤਕਾਲ ਬਲਵਿੰਦਰ ਕੌਰ ਦੇ ਨਾਂ ਮਾਲ ਰਿਕਾਰਡ ਵਿੱਚ ਦਰਜ ਹੈ ਅਤੇ ਤਰਲੋਕ ਸਿੰਘ ਦਾ ਉਦੋਂ ਤੋਂ ਹੀ ਉਕਤ ਜ਼ਮੀਨ 'ਤੇ ਕਬਜ਼ਾ ਹੈ ਅਤੇ ਸਿੰਚਾਈ ਲਈ ਡੀਜ਼ਲ ਇਜੰਣ ਲੱਗਾ ਹੋਇਆ ਹੈ। ਇਸ ਵਾਰ ਕਣਕ ਦੀ ਬਿਜਾਈ ਕਟਾਈ ਵੀ ਉਸਨੇ ਹੀ ਕੀਤੀ। ਪਰ ਹੁਣ ਜਦੋਂ ਉਹ ਝੋਨਾ ਲਾਉਣ ਲੱਗਾ ਤਾਂ ਹਲਕਾ ਵਿਧਾਇਕ ਦੇ ਸਿਆਸੀ ਦਬਾਅ ਕਾਰਨ ਤਰਲੋਕ ਸਿੰਘ ਨੂੰ ਰੋਕ ਦਿੱਤਾ ਗਿਆ ਕਿ ਭੁਪਿੰਦਰ ਸਿੰਘ ਕੋਲ ਉਕਤ ਕਰਬੇ ਦਾ ਸਟੇਅ ਹੈ ਜਦੋਂ ਕਿ ਤਰਲੋਕ ਸਿੰਘ ਨੇ ਉਕਤ ਸਟੇਅ ਖਿਲਾਫ ਉੱਚ ਅਦਾਲਤ ਵਿੱਚ ਅਪੀਲ ਕੀਤੀ ਹੋਈ ਹੈ ਅਤੇ ਸਾਰੇ ਉਕਤ ਰਕਬੇ ਦਾ ਸੇਧ ਗਿਰਦਾਵਰੀ ਦਾ ਕੰਮ ਵੀ ਤਹਿਸੀਲਦਾਰ ਦੇ ਚੱਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸਾਸਨ ਨੇ ਉਕਤ ਮਾਮਲੇ ਦਾ ਇਨਸਾਫ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।

ਸਾਬਕਾ ਫੌਜੀ ਅਫਸਰਾਂ ਵੱਲੋਂ ਨਿਖੇਧੀ

ਸਾਬਕਾ ਫੌਜੀ ਅਫਸਰਾਂ ਵੱਲੋਂ ਪਾਟਕ-ਪਾਊ ਹਰਬਿਆਂ ਦੀ ਨਿਖੇਧੀ
ਨਵੀਂ ਦਿੱਲੀ- 114 ਸਾਬਕਾ ਫੌਜੀ ਅਫਸਰਾਂ ਵੱਲੋਂ ਹੁਣ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਅਤੇ ਵਿਚਾਰਾਂ ਦੀ ਆਜ਼ਾਦੀ 'ਤੇ ਮੜ੍ਹੀਆਂ ਜਾ ਰਹੀਆਂ ''ਪਾਬੰਦੀਆਂ'' ਖਿਲਾਫ ਨਾਖੁਸ਼ੀ ਦਾ ਇਜ਼ਹਾਰ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਖੁੱਲ੍ਹੀ ਚਿੱਠੀ ਲਿਖੀ ਗਈ ਹੈ।
ਇਹਨਾਂ ਸਾਬਕਾ ਫੌਜੀ ਅਫਸਰਾਂ ਵਿੱਚ ਐਡਮਿਰਲ ਐਲ. ਰਾਮਦਾਸ, ਮੇਜਰ ਜਨਰਲ ਦਿਪੰਕਰ ਬੈਨਰਜੀ, ਮੇਜਰ ਜਨਰਲ ਐਮ.ਪੀ. ਐਸ. ਕੰਡਲ ਵੀ ਸ਼ਾਮਲ ਸਨ। ''ਇਹ ਚਿੱਠੀ ਲਿਖਣਾ ਸਾਡੇ ਲਈ ਨਾ-ਖੁਸ਼ਗਵਾਰ ਹੈ ਪਰ ਮੌਜੂਦਾ ਘਟਨਾਵਾਂ ਵੱਲੋਂ ਸਾਨੂੰ ਸਾਡੇ ਮੁਲਕ ਵਿੱਚ ਫੈਲ ਪਸਰ ਰਹੇ ਪਾਟਕ-ਪਾਊਪੁਣੇ ਬਾਰੇ ਆਪਣਾ ਅਫਸੋਸ ਸਾਹਮਣੇ ਲਿਆਉਣ ਲਈ ਮਜਬੂਰ ਕੀਤਾ ਗਿਆ ਹੈ।'' ''ਅਸੀਂ 'ਨਾਟ ਇਨ ਮਾਈ ਨੇਮ' ਮੁਹਿੰਮ ਨਾਲ ਖੜ੍ਹਦੇ ਹਾਂ, ਜਿਸ ਵੱਲੋਂ ਮੁਲਕ ਭਰ ਅੰਦਰ ਡਰ-ਭੈਅ, ਧਮਕਾਉਣ, ਨਫਰਤ ਅਤੇ ਸੰਸੇ-ਸ਼ੰਕਿਆਂ ਭਰੇ ਮੌਜੂਦਾ ਮਾਹੌਲ ਖਿਲਾਫ ਹਜ਼ਾਰਾਂ ਨਾਗਰਿਕਾਂ ਨੂੰ ਲਾਮਬੰਦ ਕੀਤਾ ਗਿਆ ਹੈ।'' ਕੁੱਝ ਸੂਬਿਆਂ ਵਿੱਚ ਕਾਤਲਾਨਾ ਵਾਰਦਾਤਾਂ ਖਿਲਾਫ ਵਿੱਢੀ ਇਹ ਮੁਲਕ ਵਿਆਪੀ ਮੁਹਿੰਮ ਪਿਛਲੇ ਮਹੀਨੇ ਆਰੰਭੀ ਗਈ ਸੀ।
ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮੁਲਕ ਅੰਦਰ ਹਿੰਦੂਵਾਦ ਦੇ ਆਪੂੰ ਸਜੇ ਪਹਿਰੇਦਾਰਾਂ ਵੱਲੋਂ ਪਹਿਲੋਂ ਕਦੇ ਵੀ ਨਾ ਦੇਖੇ-ਸੁਣੇ ਗਏ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਵੱਲੋਂ ਅਜਿਹੇ ਹਮਲਿਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ ਅਤੇ ਦਲਿਤਾਂ ਨੂੰ ਇਹਨਾਂ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ ਗਈ ਹੈ। ਇਹਨਾਂ ਸਾਬਕਾ ਫੌਜੀ ਅਫਸਰਾਂ ਵੱਲੋਂ ਆਖਿਆ ਗਿਆ ਹੈ ਕਿ ਮੀਡੀਆ ਠਿਕਾਣਿਆਂ, ਸਿਵਲ ਸੁਸਾਇਟੀ ਗਰੁੱਪਾਂ, ਯੂਨੀਵਰਸਿਟੀਆਂ ਅਤੇ ਵਿਦਵਾਨਾਂ 'ਤੇ ਰਾਸ਼ਟਰ-ਵਿਰੋਧੀ ਹੋਣ ਦਾ ਠੱਪਾ ਲਾਇਆ ਗਿਆ ਹੈ ਅਤੇ ਇਹਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਹੈ। ਰਾਜ ਵੱਲੋਂ ਇਸ ਸਭ ਕੁੱਝ ਤੋਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ''ਅਸੀਂ ਹੁਣ ਹੋਰ ਅੱਖਾਂ ਬੰਦ ਨਹੀਂ ਰੱਖ ਸਕਦੇ। ਜੇ ਅਸੀਂ ਹੁਣ ਵੀ ਨਾ ਖੜ੍ਹੇ ਹੋਏ ..... ਤਾਂ ਅਸੀਂ ਸਾਡੇ ਮੁਲਕ ਨੂੰ ਨੁਕਸਾਨ ਪੁਚਾਉਣ ਦੇ ਭਾਗੀ ਬਣ ਰਹੇ ਹੋਵਾਂਗੇ।''
(''
ਹਿੰਦੂ'' 31 ਜੁਲਾਈ 2017)