Friday, 2 March 2018

ਭਾਰਤੀ ਕਿਸਾਨ ਯੂਨੀਅਨ ਵੱਲੋਂ ਮੰਗਾਂ ਸਬੰਧੀ ਪ੍ਰਦਰਸ਼ਨ

ਭਾਰਤੀ ਕਿਸਾਨ ਯੂਨੀਅਨ ਵੱਲੋਂ ਮੰਗਾਂ ਸਬੰਧੀ ਪ੍ਰਦਰਸ਼ਨ
ਫਤਿਹਗੜ੍ਹ ਚੂੜੀਆਂ, 27 ਫਰਵਰੀ-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਕਿਸਾਨ ਆਗੂ ਨਰਿੰਦਰ ਸਿੰਘ ਕੋਟਲਾਬਾਮਾ ਦੀ ਪ੍ਰਧਾਨਗੀ ਹੇਠ ਸਥਾਨਕ ਬਿਜਲੀ ਬੋਰਡ ਦਫ਼ਤਰ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ  ਕਿਸਾਨਾਂ ਵੱਲੋਂ ਪਹਿਲਾਂ ਬਿਜਲੀ ਬੋਰਡ ਦਫ਼ਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਕਿਸਾਨ ਯੂਨੀਅਨ ਵੱਲੋਂ ਮੁੱਖ ਬਜ਼ਾਰਾਂ 'ਚੋਂ ਰੋਸ ਮਾਰਚ ਕੱਢਦੇ ਹੋਏ ਪੁਲੀਸ ਵੱਲੋਂ ਲੋਕਾਂ ਨਾਲ ਕੀਤੇ ਜਾਂਦੇ ਮਾੜੇ ਵਿਵਹਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਇਸ ਤੋਂ ਬਾਅਦ ਪੁਲੀਸ ਥਾਣਾ ਮੂਹਰੇ ਧਰਨਾ ਦਿੱਤਾ ਗਿਆ।
ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ, ਗੰਨੇ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ ਅਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਜ਼ਮੀਨ ਦਾ ਦਸ ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲੀਸ ਦੀ ਨੱਕ ਹੇਠ ਚੋਰੀਆਂ ਅਤੇ ਲੁੱਟਾਂ ਖ਼ੋਹਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ, ਜਿਸ ਨੂੰ ਸਥਾਨਕ ਪੁਲੀਸ ਰੋਕਣ ਵਿਚ ਅਸਫ਼ਲ ਦਿਖਾਈ ਦੇ ਰਹੀ ਹੈ। ਇਸ ਦੌਰਾਨ ਡੀ.ਐੱਸ.ਪੀ.ਰਵਿੰਦਰ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ ਗਈ, ਜਿਸ 'ਤੇ ਡੀ.ਐੱਸ.ਪੀ. ਨੇ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਬੇਗ ਸਿੰਘ ਠੱਠਾ, ਭਗਵਾਨ ਸਿੰਘ, ਦਿਲਬਾਗ ਸਿੰਘ ਕੋਟਲਾਬਾਮਾ, ਬਲਜਿੰਦਰ ਸਿੰਘ, ਕੁਲਦੀਪ ਸਿੰਘ ਖੋਖਰ, ਜਗਤਾਰ ਸਿੰਘ, ਨਿਰਮਲ ਸਿੰਘ ਸੇਖਵਾਂ, ਨਿਰਮਲ ਸਿੰਘ, ਹਰਦੇਵ ਸਿੰਘ ਦਬੁਰਜੀ, ਬਾਜ ਸਿੰਘ ਠੱਠਾ, ਸੁਰਿੰਦਪਾਲ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।
ਤਰਨ ਤਾਰਨ: ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਸੈਕੜੇ ਕਿਸਾਨਾਂ ਨੇ ਅੱਜ ਕੌਮੀ ਸ਼ਾਹ ਮਾਰਗ ਤੇ ਪਿੰਡ ਗੋਹਲਵੜ ਵਿਖੇ ਸੜਕੀ ਆਵਾਜਾਈ ਰੋਕ ਕੇ ਕੇਂਦਰ ਅਤੇ ਸੂਬਾ ਸਰਕਾਰ ਦੀ ਅਰਥੀ ਸਾੜੀ) ਕਿਸਾਨਾਂ ਦੀ ਅਗਵਾਈ ਜਥੇਬੰਦੀ ਦੇ ਆਗੂ ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਅਤੇ ਨਿਰਮਲ ਸਿੰਘ ਸਿਧਵਾਂ ਤੇ ਕੀਤੀ) ਆਗੂਆਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨੀ ਜਿਣਸਾਂ ਦੀ ਖਰੀਦ ਦਾ ਕੰਮ ਨਿੱਜੀ ਹੱਥਾਂ ਨੂੰ ਦੇ ਰਹੀ ਹੈ ਜਿਸ ਨਾਲ ਕਿਸਾਨ ਦੀ ਖੁੱਲ੍ਹੀ ਲੁੱਟ ਕਰਨ ਦਾ ਰਾਹ ਸਾਫ਼ ਸਕੇਗਾ) ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕਿਸਾਨ ਦੀ ਵੋਟ ਲੈਣ ਲਈ ਕੀਤੇ ਵਾਅਦਿਆਂ ਤੋਂ ਭਗੌੜਾ ਹੋਣ ਦਾ ਦੋਸ਼ ਲਗਾਇਆ ) ਆਗੂਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਥੇਬੰਦੀ ਕਿਸਾਨ ਦੀਆਂ ਟਿਊਬਵੈਲ ਦੀਆਂ ਮੋਟਰਾਂ ਤੇ ਮੀਟਰ ਲਗਾਉਣ ਲਈ ਆਉਣ ਤੇ ਅਧਿਕਾਰੀਆਂ ਦਾ ਘਿਰਾਉ ਕਰਕੇ ਮੀਟਰ ਲਗਾਉਣ ਦਾ ਜਥੇਬੰਦਕ ਤੌਰ ਤੇ ਵਿਰੋਧ ਕਰੇਗੀ) ਇਸ ਮੌਕੇ ਹੋਰਨਾਂ ਦੇ ਇਲਾਵਾ ਸੁਰਿੰਦਰ ਸਿੰਘ, ਹਰਪਾਲ ਸਿੰਘ, ਰਾਜ ਸਿੰਘ, ਪਰਗਟ ਸਿੰਘ, ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਸੱਤ ਕਿਸਾਨ ਜਥੇਬੰਦੀਆਂ ਵੱਲੋਂ 3 ਅਪਰੈਲ ਨੂੰ ਚੰਡੀਗੜ੍ਹ ਰੋਸ ਰੈਲੀ ਕਰਨ ਦਾ ਐਲਾਨ
ਤਰਨ ਤਾਰਨ (ਪੱਤਰ ਪ੍ਰੇਰਕ): ਸੂਬੇ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੀ ਸੂਬਾ ਲੀਡਰਸ਼ਿਪ ਦੀ ਅੱਜ ਇਥੇ ਕੀਤੀ ਗਈ ਇਕ ਮੀਟਿੰਗ ਵਿਚ 3 ਅਪਰੈਲ ਨੂੰ ਚੰਡੀਗੜ੍ਹ ਇਕ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਖੇਤ ਮਜ਼ਦੂਰ ਰੈਲੀ 'ਚ ਗੂੰਜਿਆ ਕਰਜਾ ਮੁਆਫ਼ੀ ਤੇ ਜ਼ਮੀਨੀ ਵੰਡ ਦਾ ਮੁੱਦਾ
ਬਠਿੰਡਾ: 7 ਜਨਵਰੀ- ਕੈਪਟਨ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਯੋਜਨਾ 'ਚ ਸ਼ਾਮਲ ਨਾ ਕਰਨ ਵਿਰੁੱਧ ਇੱਥੇ ਹਜ਼ਾਰਾਂ ਮਜ਼ਦੂਰਾਂ ਵੱਲੋਂ ''ਕਰਜ਼ਾ-ਮੁਕਤੀ ਜ਼ਮੀਨ ਪ੍ਰਾਪਤੀ ਰੈਲੀ'' ਕਰਕੇ ਤਿੱਖੇ ਰੋਹ ਦਾ ਪ੍ਰਗਾਟਾਵਾ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਪਾਵਰ ਹਾਊਸ ਰੋਡ 'ਤੇ ਕੀਤੀ ਇਸ ਰੈਲੀ 'ਚ ਖੇਤ ਮਜ਼ਦੂਰ ਔਰਤਾਂ ਨੇ ਵੀ ਭਾਰੀ ਗਿਣਤੀ 'ਚ ਹਿੱਸਾ ਲਿਆ।
ਰੈਲੀ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਖਜਾਨਚੀ ਹਰਮੇਸ਼ ਮਾਲੜੀ ਅਤੇ ਬਲਵੰਤ ਸਿੰਘ ਬਾਘਾਪੁਰਾਣਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਖੇਤ ਮਜ਼ਦੂਰ ਵੀ ਕਿਸਾਨਾਂ ਦੀ ਤਰ੍ਹਾਂ ਕਰਜ਼ੇ ਤੇ ਆਰਥਕ ਤੰਗੀਆਂ ਕਾਰਨ ਨਿੱਤ-ਦਿਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਕਾਂਗਰਸ ਸਰਕਾਰ ਨੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਨਾ ਕਰਕੇ ਉਨ੍ਹਾਂ ਨਾਲ ਜਮਾਤੀ ਦੁਸ਼ਮਣੀ ਦਾ ਸਬੂਤ ਦੇ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕੇਂਦਰੀ ਤੇ ਸੁਬਾਈ ਹਕੂਮਤਾਂ ਦੀਆਂ ਪਹਿਲਾਂ ਹਰੇ ਇਨਕਲਾਬ ਅਤੇ ਫਿਰ ਉਦਾਰੀਕਰਨ ਦੀਆਂ ਸਾਮਰਾਜ ਤੇ ਜਾਗੀਰਦਾਰ ਪੱਖੀ ਨੀਤੀਆਂ ਹੀ ਹਨ ਜਿਨ੍ਹਾਂ ਨੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਕਰਜ਼ੇ ਦੇ ਜਾਲ 'ਚ ਫਸਾ ਕੇ ਖੁਦਕੁਸ਼ੀਆਂ ਦੇ ਮੂੰਹ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 84 ਫੀਸਦੀ ਖੇਤ ਮਜ਼ਦੂਰ ਪ੍ਰਵਾਰ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ ਅਤੇ ਉਨ੍ਹਾਂ ਸਿਰ ਪ੍ਰਤੀ ਪ੍ਰਵਾਰ 91437 ਰੁਪਏ ਦਾ ਕਰਜ਼ਾ ਹੈ ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਚੋਣ ਵਾਅਦੇ ਪੂਰੇ ਕਰਨ ਦੀ ਥਾਂ ਹੁਣ ਤੱਕ ਦੀਆਂ ਬਣੀਆਂ ਸਰਕਾਰਾਂ ਦੀ ਤਰ੍ਹਾਂ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਦੀ ਹੋਈ ਸਰਕਾਰੀ ਥਰਮਲ ਤੇ ਸਕੂਲ ਬੰਦ ਕਰਨ ਤੋਂ ਅਗਾਂਹ ਕਾਲੇ ਕਾਨੂੰਨ ਲਾਗੂ ਕਰਕੇ ਲੋਕਾਂ ਦੀ ਜ਼ੁਬਾਨ ਬੰਦੀ ਵੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਤੇ ਕਰਜ਼ੇ ਤੋਂ ਮੁਕਤ ਕਰਨ ਲਈ ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ 'ਚ ਕਰਨ, ਖੇਤ ਮਜ਼ਦੂਰਾਂ ਤੇ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ ਦੇ ਸਮੁਚੇ ਕਰਜੇ ਮੁਆਫ਼ ਕਰਨ, ਖੁਦਕੁਸ਼ੀ ਪੀੜਤਾਂ ਨੂੰ ਦਸ-ਦਸ ਲੱਖ ਰੁਪਏ ਮੁਆਵਜ਼ਾ ਤੇ ਪੱਕੀ ਨੌਕਰੀ ਦੇਣ, ਖੇਤੀ ਅਧਾਰਤ ਰੁਜ਼ਗਾਰ-ਮੁਖੀ ਸਨਅਤਾਂ ਲਾਉਣ, ਖੇਤ ਮਜ਼ਦੂਰਾਂ ਤੇ ਹੋਰਨਾਂ ਬੇਰੁਜ਼ਗਾਰ ਹਿੱਸਿਆਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਕੇ ਸਰਕਾਰੀ ਅਦਾਰਿਆਂ 'ਚ ਪੱਕੀ ਭਰਤੀ ਦੀ ਨੀਤੀ ਲਾਗੂ ਕਰਨ, ਸਿੱਖਿਆ ਤੇ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਉਣ, ਮਹਿੰਗਾਈ ਨੂੰ ਨੱਥ ਪਾ ਕੇ ਸਰਵ-ਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਮਜ਼ਦੂਰਾਂ ਲ ਲਈ ਦਸ-ਦਸ ਮਰਲੇ ਦੇ ਪਲਾਟ ਤੇ ਮਕਾਨ ਉਸਾਰੀ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਤੋਂ ਇਲਾਵਾ ਜਾਗੀਰਦਾਰਾਂ, ਕਾਰਪੋਰੇਟ ਘਰਾਣਿਆਂ ਤੇ ਵੱਡੇ ਸਰਮਾਏਦਾਰਾਂ ਨੂੰ ਸਸਤੇ ਬੈਂਕ ਕਰਜ਼ੇ ਤੇ ਹੋਰ ਸਹੂਲਤਾਂ ਬੰਦ ਕਰਕੇ ਉਨ੍ਹਾਂ ਦੀ ਸਮੁੱਚੀ ਆਮਦਨ ਨੂੰ ਟੈਕਸਾਂ ਦੇ ਘੇਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਨੀਤੀ ਕਦਮ ਲਾਗੂ ਕਰਾਉਣ ਲਈ ਕਿਸਾਨਾਂ ਨਾਲ ਜੋਟੀ ਪਾ ਕੇ ਵਿਸ਼ਾਲ ਸਾਂਝੇ ਤੇ ਜਾਨ-ਹੂਲਵੇਂ ਘੋਲਾਂ ਦੀ ਤਿਆਰੀ ਲਈ ਕਮਰਕੱਸੇ ਕਰਨ।
ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਭਾਰਤੀ ਕਿਸਾਨ ਯੂਨੀਅਨ( ਏਕਤਾ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਦਿਹਾਤੀ ਮਜ਼ਦੂਰ ਸਭਾ ਦੇ ਸੁਬਾਈ ਆਗੂ ਮਹੀਂਪਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਥਰਮਲ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਦੇ ਰਾਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਵੱਖ ਵੱਖ ਮਤੇ ਪਾਸ ਕਰਕੇ ਬੰਦ ਕੀਤੇ ਸਰਕਾਰੀ ਥਰਮਲ ਚਾਲੂ ਕਰਨ, ਭੀਮਾ ਕੋਰੇਗਾਓੰ ਵਿਖੇ ਦਲਿਤਾਂ 'ਤੇ ਹਿੰਦੂਤਵੀ ਤਾਕਤਾਂ ਵੱਲੋਂ ਕੀਤੇ ਹਮਲੇ ਅਤੇ ਪੱਤਰਕਾਰ ਰਚਨਾ ਖਹਿਰਾ 'ਤੇ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਗਈ।

No comments:

Post a Comment