Friday, 2 March 2018

ਕੋਰੇਗਾਉਂ (ਮਹਾਂਰਾਸ਼ਟਰ) ਵਿੱਚ ਹਿੰਦੂਤਵੀਆਂ ਦੀ ਬੁਰਸ਼ਾਗਰਦੀ


ਕੋਰੇਗਾਉਂ (ਮਹਾਂਰਾਸ਼ਟਰ) ਵਿੱਚ ਹਿੰਦੂਤਵੀਆਂ ਦੀ ਬੁਰਸ਼ਾਗਰਦੀ
-ਮਿਹਰ ਸਿੰਘ
31 ਦਸੰਬਰ ਅਤੇ ਪਹਿਲੀ ਜਨਵਰੀ ਨੂੰ ਹਿੰਦੂਤਵੀ ਤਾਕਤਾਂ ਨੇ ਮਹਾਂਰਾਸ਼ਟਰ ਦੇ ਭੀਮਾ ਕੋਰੇਗਾਉਂ ਵਿਖੇ ਉਹੀ ਕੁੱਝ ਕੀਤਾ, ਜੋ ਕੁੱਝ ਇਹ ਸਾਰੇ ਦੇਸ਼ ਵਿੱਚ ਕਰਨਾ ਚਾਹੁੰਦੀ ਹੈ। ਭੀਮਾ ਕੋਰੇਗਾਉਂ ਵਿੱਚ ਦਲਿਤ ਭਾਈਚਾਰੇ ਵੱਲੋਂ ਆਪਣੇ ਸ਼ਹੀਦਾਂ ਦੀ ਦੂਸਰੀ ਸ਼ਤਾਬਦੀ ਮਨਾਈ ਜਾ ਰਹੀ ਸੀ। ਇਸ ਸ਼ਤਾਬਦੀ ਪ੍ਰਤੀ ਦਲਿਤ ਭਾਈਚਾਰੇ ਨੇ ਜਿੰਨਾ ਜੋਸ਼ ਤੇ ਉਤਸ਼ਾਹ ਵਿਖਾਇਆ ਇਹ ਕੁੱਝ ਹਿੰਦੂ ਫਿਰਕੂ-ਫਾਸ਼ੀਵਾਦੀ, ਤਾਕਤਾਂ ਨੂੰ ਹਿੱਕ 'ਤੇ ਮੂੰਗ ਦਲੇ ਜਾਣਾ ਲੱਗਿਆ। ਇਥੇ ਹਰੇਕ ਸਾਲ ਲੱਗਣ ਵਾਲੇ ਮੇਲੇ ਵਿੱਚ ਜਿੱਥੇ ਆਮ ਤੌਰ 'ਤੇ ਗਿਣਤੀ 10-20 ਹਜ਼ਾਰ ਤੱਕ ਦੀ ਹੁੰਦੀ ਸੀ, ਉੱਥੇ ਇਸ ਵਾਰ ਇਹ ਵਧ ਕੇ ਸਾਢ ਤਿੰਨ ਲੱਖ ਨੂੰ ਜਾ ਢੁਕੀ। ਲੋਕਾਂ ਦੀ ਵਧਦੀ ਗਿਣਤੀ ਨੂੰ ਭਾਂਪ ਕੇ ਬੁਖਲਾਏ ਹੋਏ ਹਿੰਦੂਤਵੀ ਲਾਣੇ ਨੇ ਲੋਕਾਂ ਨੂੰ ਦਹਿਸ਼ਤਜ਼ਦਾ ਕਰਕੇ ਇਸ ਸਮਾਗਮ ਨੂੰ ਫੇਲ੍ਹ ਕਰਨ ਲਈ ਯੋਜਨਾਬੱਧ ਹਮਲੇ ਕੀਤੇ।
ਭੀਮਾ ਕੋਰੇਗਾਉਂ ਵਿੱਚ ਹੋਣ ਵਾਲੇ ਮੇਲੇ ਮੌਕੇ ਹਿੰਦੂਤਵੀ ਜਨੂੰਨੀ ਵੀ ਪਹਿਲਾਂ 2 ਜਨਵਰੀ ਨੂੰ ਆਪਣੀ ਇਕੱਤਰਤਾ ਕਰਕੇ ਲੋਕਾਂ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਸਨ। ਪਰ ਇਸ ਵਾਰ ਉਹਨਾਂ ਨੇ ਕੁੱਝ ਹੋਰ ਠਾਣੀ ਹੋਈ ਸੀ— ਇਸ ਵਾਰ ਉਹਨਾਂ ਨੇ ਆਪਣੀ ਇਕੱਤਰਤਾ 31 ਦਸੰਬਰ ਨੂੰ ਕਰਕੇ ਇਸ ਨੂੰ 2 ਜਨਵਰੀ ਦੇ ਸਮਾਗਮਾਂ ਦੇ ਮੁਤਬਾਦਲ ਵਜੋਂ ਉਭਾਰਿਆ। ਹਿੰਦੂ ਜਨੂੰਨੀਆਂ ਨੇ 31 ਤਾਰੀਖ ਨੂੰ ਹੀ ਸ਼ਿਵਾ ਜੀ ਦੇ ਪੁੱਤਰ ਸਾਂਭਾ ਜੀ ਦੀ ਸਮਾਧ ਦੇ ਲਾਗੇ ਹੀ ਬਣੀ ਹੋਈ ਮਹਾਰ ਭਾਈਚਾਰੇ ਦੀ ਸਤਿਕਾਰਤ ਸਖਸ਼ੀਅਤ ਗੋਬਿੰਦ ਮਹਾਰ ਦੀ ਸਮਾਧ ਨੂੰ ਢਹਿਢੇਰੀ ਕਰ ਦਿੱਤਾ। ਮੌਕੇ 'ਤੇ ਹਾਜ਼ਰ ਲੋਕਾਂ ਨੂੰ ਦਬਕੇ ਮਾਰ ਕੇ ਭਜਾ ਦਿੱਤਾ। ਪਹਿਲੀ ਜਨਵਰੀ ਨੂੰ ਡਾਂਗਾਂ-ਸੋਟਿਆਂ, ਰਾਡਾਂ ਤੇ ਬੇਸਬਾਲਾਂ ਨਾਲ ਲੈਸ ਗੁੰਡਾ ਢਾਣੀਆਂ ਦੀਆਂ ਲੋਕਾਂ 'ਤੇ ਦਹਿਸ਼ਤ ਪਾਉਣ ਲਈ ਲਗਾਮਾਂ ਖੋਲ੍ਹ ਦਿੱਤੀਆਂ ਗਈਆਂ। ਸੈਂਕੜਿਆਂ ਦੀ ਗਿਣਤੀ ਵਿੱਚ ਗੁੰਡਿਆਂ ਵੱਲੋਂ ਭੀਮਾ ਕੋਰੇਗਾਉਂ ਵਿੱਚ ਥਾਂ ਥਾਂ ਗੁੰਡਾਗਰਦੀ ਕਰਕੇ ਭੰਨਤੋੜ ਕੀਤੀ ਗਈ। ਬੱਚਾ, ਬੁੱਢਾ-ਜਵਾਨ ਜੋ ਵੀ ਮਰਦ-ਔਰਤ ਇਸ ਮੇਲੇ ਵਿੱਚ ਹਿੱਸਾ ਲੈਣ ਆਇਆ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਗਿਆ। ਦੁਕਾਨਾਂ ਦੀ ਭੰਨਤੋੜ ਅਤੇ ਸਾੜਫੁਕ ਕੀਤੀ। ਕੁੱਟਮਾਰ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਸੈਂਕੜੇ ਹੀ ਜਖ਼ਮੀ ਹੋ ਗਏ। ਸਮਾਗਮ ਦੀ ਤਿਆਰੀ ਦੇ ਸ਼ਾਮਿਆਨੇ ਉਖਾੜੇ ਦਿੱਤੇ ਗਏ। ਪੁਲਸ ਤੇ ਪ੍ਰਸਾਸ਼ਨ ਮੂਕ ਦਰਸ਼ਕ ਬਣ ਕੇ ਇਸ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇ ਰਿਹਾ ਸੀ।
ਇਸ ਦੇ ਪ੍ਰਤੀਕਰਮ ਵਜੋਂ ਦਲਿਤ ਭਾਈਚਾਰੇ ਵੱਲੋਂ ਮੋੜਵੀਂ ਪ੍ਰਤੀਕਿਰਿਆ ਹੋਈ। ਉਹਨਾਂ ਨੇ ਕੋਰੇਗਾਉਂ 'ਚ ਹੀ ਨਹੀਂ ਬਲਕਿ ਸਾਰੇ ਹੀ ਮਹਾਂਰਾਸ਼ਟਰ 'ਚ ਆਪਣੇ ਗੁੱਸੇ ਨੂੰ ਰੋਹ ਦੇ ਭਾਂਬੜਾਂ ਵਿੱਚ ਬਦਲ ਦਿੱਤਾ। 2 ਜਨਵਰੀ ਨੂੰ ਮੁੰਬਈ, ਪੂਨਾ, ਪਿੰਪਰੀ, ਕੋਹਲਾਪੁਰ, ਪਰਭਾਨੀ, ਲਾਤੂਰ, ਅਹਿਮਦਨਗਰ, ਔਰੰਗਾਬਾਦ, ਹਿੰਗੋਲੀ, ਨੰਦੇੜ ਅਤੇ ਥਾਨੇ ਵਿੱਚ ਸੜਕਾਂ ਜਾਮ ਕੀਤੀਆਂ ਗਈਆਂ। ਲੋਕਾਂ ਦੇ ਵਧਦੇ ਦਬਾਅ ਸਨਮੁੱਖ ਪੁਲਸ ਨੂੰ ਕੁੱਝ ਗੁੰਡਿਆਂ ਤੇ ਉਹਨਾਂ ਦੇ ਸਰਗਣਿਆਂ ਨੂੰ ਗ੍ਰਿਫਤਾਰ ਕਰਨਾ ਪਿਆ।
ਉਂਝ ਤਾਂ ਭਾਵੇਂ ਪਹਿਲਾਂ ਵੀ ਹਿੰਦੂ ਫਿਰਕਾਪ੍ਰਸਤ ਜਨੂੰਨੀ ਅਨਸਰ ਆਪਣੇ ਹਿੰਦੂਤਵੀ ਏਜੰਡੇ ਤਹਿਤ ਦਲਿਤਾਂ, ਮੁਸਲਮਾਨਾਂ, ਧਾਰਮਿਕ ਘੱਟ-ਗਿਣਤੀਆਂ, ਕੌਮੀਅਤਾਂ, ਔਰਤਾਂ ਦੇ ਵਿਰੁੱਧ ਤਰ੍ਹਾਂ ਤਰ੍ਹਾਂ ਦੇ ਪਿਛਾਖੜੀ ਕਾਰੇ ਕਰਦੇ ਰਹੇ ਹਨ, ਪਰ ਇਹਨਾਂ ਨੇ ਕੇਂਦਰ ਵਿੱਚ ਮੋਦੀ ਹਕੂਮਤ ਆਉਣ ਦੇ ਸਮੇਂ ਤੋਂ ਬਾਅਦ ਵਿੱਚ ਖਾਸ ਕਰਕੇ ਤੇਜ਼ੀ ਫੜੀ ਹੈ। ਪਹਿਲਾਂ ਇਹਨਾਂ ਨੇ ਦੱਖਣੀ ਭਾਰਤ ਵਿੱਚ ਨਰਾਇਣ ਦਭੋਲਕਰ, ਗੋਬਿੰਦ ਪਨਸਾਰੇ, ਪ੍ਰੋ. ਕੁਲਬਰਗੀ ਅਤੇ ਗੌਰੀ ਲੰਕੇਸ਼ ਵਰਗੇ ਤਰਕਸ਼ੀਲ, ਬੁੱਧੀਜੀਵੀਆਂ ਅਤੇ ਮਾਰਕਸੀ ਵਿਚਾਰਾਂ ਦੇ ਧਾਰਨੀਆਂ ਨੂੰ ਆਪਣੀ ਮਾਰ ਹੇਠ ਲਿਆਂਦਾ। ਫੇਰ ਦਲਿਤ ਵਿਦਿਆਰਥੀਆਂ ਖਿਲਾਫ ਕੂੜ-ਪ੍ਰਚਾਰ ਕਰਕੇ ਰੋਹਿਤ ਵੇਮੁੱਲਾ ਨੂੰ ਮੌਤ ਦੇ ਮੂੰਹ ਪਹੁੰਚਾਇਆ। ਫਿਰਕੂ ਜਨੂੰਨੀ ਕਦੇ ਪੱਛਮੀ ਸਭਿਆਚਾਰ ਦਾ ਵਿਰੋਧ ਕਰਨ ਦੇ ਨਾਂ ਹੇਠ 'ਵੇਲਨਟਾਈਨ ਡੇ' ਨੂੰ ਅਸ਼ਲੀਲਤਾ ਵਜੋਂ ਪੇਸ਼ ਕਰਦੇ ਹੋਏ ਇਸ ਦਿਨ ਨੌਜਵਾਨ ਮੁੰਡੇ ਕੁੜੀਆਂ ਨੂੰ ਜਿੱਚ-ਜਲੀਲ ਕਰਦੇ ਅਤੇ ਡਰਾਉਂਦੇ ਧਮਕਾਉਂਦੇ ਰਹਿੰਦੇ ਹਨ। ਇਹ ਕਦੇ ਰਾਮਬਾਈ ਅੰਬੇਦਕਰ ਨਗਰ ਵਿੱਚ ਦੰਗੇ-ਫਸਾਦ ਕਰ ਜਾਣ, ਕਦੇ ਭੋਟਮਾਂਗੇ ਪਰਿਵਾਰ ਨੂੰ ਖੈਰਾਂਜਲੀ ਵਿੱਚ ਕਤਲ ਕਰ ਜਾਣ, ਗੁਜਰਾਤ ਦੇ ਊਨਾ ਵਿੱਚ ਕਿਸੇ ਦਲਿਤ ਨੂੰ ਕਤਲ ਕਰ ਦੇਣ ਜਾਂ ਰਾਜਸਥਾਨ ਤੇ ਯੂ.ਪੀ. ਵਿੱਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਦੇ ਕਤਲ, ਸਾੜਫੂਕ, ਬਲਾਤਕਾਰ ਆਦਿ ਕਰ ਜਾਣ, ਹਿੰਦੂਤਵੀ ਕੇਂਦਰੀ ਅਤੇ ਸੂਬਾਈ ਹਕੂਮਤਾਂ ਇਹਨਾਂ ਨੂੰ ਅਜਿਹਾ ਕਰਨ ਲਈ ਹੱਲਾਸ਼ੇਰੀ ਦਿੰਦੀਆਂ ਰਹੀਆਂ ਹਨ। ਹੁਣ ਇਹਨਾਂ ਨੇ ਗਊ ਦੇ ਰਾਖੇ ਹੋਣ ਦੇ ਦਾਅਵੇਦਾਰਾਂ ਵੱਜੋਂ ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਕਿਸਾਨਾਂ ਨੂੰ ਵੀ ਆਪਣੀ ਮਾਰ ਹੇਠ ਲਿਆਉਣਾ ਸ਼ੁਰੂ ਕੀਤਾ ਹੋਇਆ ਹੈ।
ਭਾਵੇਂ ਭਾਰਤੀ ਰਾਜ ਹਿੰਦੂ ਫਿਰਕਾਪ੍ਰਸਤਾਂ ਨੂੰ ਹਰ ਤਰ੍ਹਾਂ ਦੀ ਛਤਰਛਾਇਆ ਮੁਹੱਈਆ ਕਰਦਾ ਆ ਰਿਹਾ ਹੈ, ਪਰ ਫੇਰ ਵੀ ਮੁਸਲਿਮ ਅਤੇ ਦਲਿਤ ਭਾਈਚਾਰਿਆਂ ਦੇ ਲੋਕ ਖਾਸ ਕਰਕੇ ਇਹਨਾਂ ਦੇ ਖਿਲਾਫ ਵੱਡੀਆਂ ਲਾਮਬੰਦੀਆਂ ਕਰਨ ਵਿੱਚ ਕਾਮਯਾਬ ਹੋਏ ਹਨ। ਇਹੀ ਵਜਾਹ ਹੈ ਕਿ ਕਦੇ ਵੀ ਮੁਸਲਮਾਨਾਂ ਅਤੇ ਦਲਿਤਾਂ ਦੇ ਖਿਲਾਫ ਹੁੰਦੀਆਂ ਵਧੀਕੀਆਂ ਦੇ ਮਾਮਲੇ ਵਿੱਚ ਅਕਸਰ ਹੀ ਚੁੱਪ ਵੱਟਣ ਵਾਲੇ ਮੋਦੀ ਨੂੰ ਗੁਜਰਾਤ ਵਿੱਚ ਦਲਿਤਾਂ ਦੇ ਪੱਖੀ ਹੋਣ ਦੇ ਦੰਭ ਕਰਨੇ ਪਏ ਹਨ।
ਭੀਮ ਕੋਰੇਗਾਉਂ ਵਿੱਚ ਦਲਿਤ ਭਾਈਚਾਰੇ ਵੱਲੋਂ ਮਨਾਈ ਗਈ 200ਵੀਂ ਬਰਸੀ ਮੌਕੇ ਪ੍ਰਕਾਸ਼ ਅੰਬੇਦਕਰ, ਰੋਹਿਤ ਵੇਮੁੱਲਾ ਦੀ ਮਾਤਾ ਰਾਧਿਕਾ, ਸਮਾਜਿਕ ਕਾਰਕੁੰਨ ਜਿਗਨੇਸ਼ ਮੇਵਾਨੀ, ਉਮਰ ਖਾਲਿਦ, ਸੋਨੀ-ਸੋਰੀ ਅਤੇ ਭੀਮ ਆਰਮੀ ਦੇ ਵਿਨੈ ਰਤਨ ਸਿੰਘ ਆਦਿ ਵਰਗੇ ਚਰਚਿਤ ਵਿਅਕਤੀਆਂ ਅਤੇ ਸਖਸ਼ੀਅਤਾਂ ਨੇ ਹਿੱਸਾ ਲਿਆ। ਕਬੀਰ ਕਲਾ ਮੰਚ ਦੇ ਕਾਰਕੁੰਨਾਂ ਨੇ ਆਪਣੀ ਹਾਜ਼ਰੀ ਲਵਾਈ। ਫਿਰਕੂ ਜਨੂੰਨੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਸਖਸ਼ੀਅਤਾਂ 'ਤੇ ਨਕਸਲੀ-ਮਾਓਵਾਦੀ ਪੱਖੀ, ਕਾਤਲ-ਹਤਿਆਰੇ, ਦੇਸ਼ ਧਰੋਹੀ ਆਦਿ ਹੋਣ ਦੇ ਫਤਵੇ ਜਾਰੀ ਕੀਤੇ।
ਇਸ ਮੌਕੇ ਬੁਲਾਰਿਆਂ ਨੇ ਭਾਜਪਾ ਹਕੂਮਤਾਂ 'ਤੇ ਨਿਸ਼ਾਨਾ ਸੇਧਦਿਆਂ ਹੋਇਆਂ ਆਖਿਆ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਅਸਾਮ ਦੇ ਜਮਹੂਰੀ ਹੱਕਾਂ ਦੇ ਝੰਡਾਬਰਦਾਰ ਅਖਿਲ ਗੋਗੋਈ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ? ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਦੇ 800 ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਜ਼ਾਵਾਂ ਕਿਉਂ ਦਿੱਤੀਆਂ ਗਈਆਂ? ਯੂ.ਪੀ. ਵਿੱਚ ਭੀਮ ਆਰਮੀ ਨੂੰ ਮਾਰ ਹੇਠ ਕਿਉਂ ਲਿਆਂਦਾ ਗਿਆ? ਇਸ ਦੇ ਮੁਖੀ ਚੰਦਰਸ਼ੇਖਰ ਨੂੰ ਯੂ.ਪੀ. ਦੀ ਯੋਗੀ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਜੇਲ੍ਹ ਵਿੱਚ ਕਿਉਂ ਤੁੰਨਿਆ ਹੋਇਆ ਹੈ? ਗਊ ਰਾਖਿਆਂ ਦੇ ਨਾਂ ਹੇਠ ਕੰਮ ਕਰਦੇ ਗੁੰਡਿਆਂ ਵੱਲੋਂ ਊਨਾ ਦੇ ਪੀੜਤ ਵਿਅਕਤੀਆਂ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਗਿਆ? ਸਹਾਰਨਪੁਰ, ਊਨਾ ਅਤੇ ਭੀਮਾ ਕੋਰੇਗਾਉਂ ਆਦਿ ਵਿੱਚ ਅਜਿਹੇ ਕਾਂਡ ਕਿਉਂ ਵਾਪਰ ਰਹੇ ਹਨ? ਦੇਸ਼ ਵਿੱਚ 15 ਲੱਖ ਲੋਕਾਂ ਨੂੰ ਕਿਉਂ ਉਜਾੜਿਆ ਗਿਆ? ਮੱਧ ਪ੍ਰਦੇਸ਼ ਦੇ ਕਿਸਾਨਾਂ 'ਤੇ ਗੋਲੀਆਂ ਦੀ ਵਾਛੜ ਕਿਉਂ ਕੀਤੀ ਗਈ? ਹੈਦਰਾਬਾਦ ਯੂਨੀਵਰਸਿਟੀ ਦੇ ਰੋਹਿਤ ਵੇਮੁੱਲਾ ਨੂੰ ਕਿਉਂ ਮਾਰਿਆ ਗਿਆ? ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚੋਂ ਨਜੀਬ ਅਹਿਮਦ ਨਾਂ ਦੇ ਵਿਦਿਆਰਥੀ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਹੁਣ ਤੱਕ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਧਾਰਿਮਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਕੌਮੀਅਤਾਂ 'ਤੇ ਹਿੰਦੂਤਵੀ ਤਾਕਤਾਂ ਦੇ ਵਧਦੇ ਜਾ ਰਹੇ ਹਮਲਿਆਂ ਦੇ ਖਿਲਾਫ ਲੋਕਾਂ ਵਿੱਚ ਮੋੜਵਾਂ ਪ੍ਰਤੀਕਰਮ ਤਿੱਖਾ ਹੁੰਦਾ ਜਾ ਰਿਹਾ ਹੈ। ਇਹੀ ਵਜਾਹ ਹੈ ਕਿ ਭਾਜਪਾਈ ਹਾਕਮ ਜਿੱਥੇ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤ ਭਾਈਚਾਰੇ ਨੂੰ ਆਪਣੀ ਮਾਰ ਹੇਠ ਲਿਆ ਕੇ ਉਹਨਾਂ ਨੂੰ ਦਹਿਸ਼ਤਜ਼ਦਾ ਕਰਕੇ ਪਾਟਣ-ਖਿੰਡਾਉਣ ਦੇ ਹਰਬੇ ਵਰਤ ਰਹੇ ਹਨ, ਉੱਥੇ ਦੂਜੇ ਪਾਸੇ ਕਸ਼ਮੀਰ ਵਿੱਚ ਪਾਕਿਸਤਾਨ ਨਾਲ ਤਣਾਅ ਨੂੰ ਝੋਕਾ ਲਾਉਂਦਿਆਂ, ਦੇਸ਼ 'ਤੇ ਖਤਰੇ ਦਾ ਹਊਆ ਖੜ੍ਹਾ ਕਰਕੇ ਅਤੇ ਕੌਮੀ ਅੰਧਰਾਸ਼ਟਰਵਾਦ ਫੈਲਾ ਕੇ ਇਸ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਣਾ ਚਾਹੁੰਦੇ ਹਨ।
ਹਿੰਦੂਤਵੀ ਫਿਰਕੂ ਜਨੂੰਨੀ ਦਰਿੰਦੇ ਜਿੱਥੇ ਘੱਟਗਿਣਤੀ ਧਾਰਮਿਕ ਭਾਈਚਾਰਿਆਂ, ਦਲਿਤਾਂ ਅਤੇ ਕੌਮੀਅਤਾਂ ਦੇ ਹੱਕੀ ਮਸਲਿਆਂ 'ਤੇ ਲੜੇ ਜਾ ਰਹੇ ਸੰਘਰਸ਼ਾਂ ਨੂੰ ਕੁਚਲ ਦੇਣਾ ਚਾਹੁੰਦੇ ਹਨ, ਉੱਥੇ ਉਹ ਬਹੁਗਿਣਤੀ ਵਾਲੇ ਹਿੰਦੂ ਭਾਈਚਾਰੇ ਵਿੱਚ ਹਿੰਦੂ ਧਰਮ ਦੀ ਪੁੱਠ ਚਾੜ੍ਹ ਕੇ ਫਿਰਕੂ-ਫਸਾਦੀ ਮਾਹੌਲ ਸਿਰਜਣਾ ਚਾਹੁੰਦੇ ਹਨ। ਇਸਦੇ ਵਿਰੋਧ ਵਿੱਚ ਹਿੰਦੋਸਤਾਨ ਦੇ ਸਭਨਾਂ ਹੀ ਘੱਟਗਿਣਤੀ ਭਾਈਚਾਰਿਆਂ, ਦਲਿਤਾਂ, ਔਰਤਾਂ, ਕੌਮੀਅਤਾਂ ਅਤੇ ਕਿਰਤੀ-ਕਮਾਊ ਲੋਕਾਂ ਨੂੰ ਆਪਣਾ ਵਿਸ਼ਾਲ ਯੱਕ ਬੰਨ੍ਹ ਕੇ ਇਹਨਾਂ ਖਿਲਾਫ ਲੜਾਈ ਵਿੱਢਣੀ ਚਾਹੀਦੀ ਹੈ।

No comments:

Post a Comment