ਨਕਸਲਬਾੜੀ ਲਹਿਰ ਦੇ ਸ਼ਹੀਦ ਸਾਥੀ ਸੋਹਣ ਲਾਲ ਜੋਸ਼ੀ ਦੇ ਭਰਾ
ਮੋਹਣ ਲਾਲ ਮੰਗੂਵਾਲ ਨਾਲ ਮੁਲਾਕਾਤ
(ਇਹ ਮੁਲਾਕਾਤ ਸਾਥੀ ਮੋਹਣ ਲਾਲ ਦੀ 12 ਜਨਵਰੀ ਨੂੰ ਹੋਈ ਮੌਤ ਤੋਂ ਕੁੱਝ ਦਿਨ ਪਹਿਲਾਂ ਕੀਤੀ ਗਈ ਸੀ।)
? ਸਾਨੂੰ ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇਵੋ?
-ਅਸੀਂ ਤਿੰਨ ਭਰਾ ਸੀ। ਇੱਕ ਭੈਣ ਸੀ। ਮਾਤਾ-ਪਿਤਾ ਸਨ। ਮੈਂ ਤੇ ਮੇਰਾ ਸਭ ਤੋਂ ਵੱਡਾ ਭਰਾ ਕਾਹਮੇ ਫੈਕਟਰੀ ਵਿੱਚ ਕੰਮ ਕਰਦੇ ਹੁੰਦੇ ਸੀ। ਸਾਡਾ ਵੱਡਾ ਭਰਾ ਵੱਖ ਰਹਿੰਦਾ ਸੀ। ਸੋਹਣ ਲਾਲ ਜੋਸ਼ੀ, ਮੈਂ ਅਤੇ ਮਾਤਾ-ਪਿਤਾ ਇਕੱਠੇ ਰਹਿੰਦੇ ਸੀ।
? ਤੁਸੀਂ ਕੰਮ ਕੀ ਕਰਦੇ ਸੀ?
-ਕਾਹਮੇ ਇੰਜਣ ਬਣਦੇ ਸੀ ਤੇ ਫੈਕਟਰੀ ਵਿੱਚ ਲੱਗੇ ਹੋਏ ਸੀ। ਸਾਡੇ ਮਾਤਾ-ਪਿਤਾ ਪਿੰਡ ਦਾ ਥੋੜ੍ਹਾ ਬਹੁਤਾ ਕੰਮ ਕਰਦੇ ਸੀ। ਜਿੱਦਾਂ ਘਰਾਂ ਦੇ ਵਿੱਚ ਕਰਨਾ ਕੰਮ।
? ਤੁਹਾਨੂੰ ਕੋਈ ਪੜ੍ਹਨ-ਲਿਖਣ ਦਾ ਮੌਕਾ ਮਿਲਿਆ ਹੋਊਗਾ?
-ਪੜ੍ਹਨ-ਲਿਖਣ ਦਾ ਮੌਕਾ ਈ ਨਹੀਂ ਮਿਲਿਆ। ਜਿੰਨਾ ਕੁ ਸਕੂਲੇ ਪੜ੍ਹ ਲਏ ਪੜ੍ਹ ਲਏ। ਸੋਹਣ ਲਾਲ ਨੇ ਦਸਵੀਂ ਕੀਤੀ ਹੋਈ ਸੀ। ਆਈ.ਟੀ.ਆਈ. ਕਾਲਜ ਨਵਾਂਸ਼ਹਿਰ ਵਿੱਚ ਕੋਰਿਸ ਕੀਤਾ ਹੋਇਆ ਸੀ। ਮਿਲਿੰਗ ਮਸ਼ੀਨ ਦਾ। ਸਾਡੇ ਘਰ ਵਿੱਚ ਉਹ ਹੀ ਜ਼ਿਆਦਾ ਪੜ੍ਹਿਆ ਸੀ। ਅਸੀਂ ਤਾਂ ਥੋੜ੍ਹੇ ਥੋੜ੍ਹੇ ਹੀ ਪੜ੍ਹੇ ਹੋਏ ਸੀ।
? ਇਹ ਜਿਹੜੀ ਲਹਿਰ ਦੀ ਚੇਟਕ ਸੀ, ਇਹ ਸਾਥੀ ਨੂੰ ਹੀ ਲੱਗੀ ਜਾਂ ਤੁਹਾਨੂੰ ਵੀ ਸੀ?
-ਨਹੀਂ ਪਹਿਲਾਂ ਨਾ ਸੀ, ਮੈਂ ਤਾਂ ਕੰਮ ਹੀ ਕਰਦਾ ਸੀ, 1966-67 ਵਿੱਚ ਇਹ ਪਾਰਟੀ ਵਿੱਚ ਚਲਾ ਗਿਆ ਸੀ। ਇਹ ਕਈ ਮਹੀਨੇ ਬਾਅਦ ਆਇਆ ਘਰ। ਮੈਨੂੰ ਕਹਿੰਦਾ ਬਈ ਹੁਣ ਮਾਂ-ਪੇ ਦੀ ਸੇਵਾ ਤਾਂ ਤੈਂ ਹੀ ਕਰਨੀ ਆ। ਮੈਂ ਤਾਂ ਹੁਣ ਚੱਲਿਆਂ ਪਾਰਟੀ ਵਿੱਚ ਤੂੰ ਹੀ ਹੁਣ ਘਰ ਦਾ ਕੰਮਕਾਰ ਸਾਂਭਣਾ।
? ਸਾਥੀ ਸੋਹਣ ਲਾਲ ਦਾ ਜਨਮ ਕਦੋਂ ਕੁ ਦਾ ਸੀ?
- ਉਹ ਮੈਥੋਂ ਤਿੰਨ ਕੁ ਸਾਲ ਵੱਡਾ ਸੀ। ਮੇਰੇ ਖਿਆਲ ਵਿੱਚ ਉਸਦਾ ਜਨਮ ਸੀ '47 ਦਾ। ਇਹ ਉਦੋਂ ਪੱਚੀ ਕੁ ਸਾਲ ਦੀ ਸੀ ਜਦੋਂ ਪਾਰਟੀ ਵਿੱਚ ਸ਼ਾਮਲ ਹੋਇਆ। ਇੱਥੇ ਸਾਡੇ ਪਿੰਡ ਇੱਕ ਮੀਟਿੰਗ ਹੋਈ ਸੀ ਸਾਥੀ ਦਰਸ਼ਨ ਦੁਸਾਂਝ ਆਇਆ ਸੀ। ਹੋਰ ਤਾਂ ਮੈਂ ਸਾਥੀਆਂ ਨੂੰ ਘੱਟ ਜਾਣਦਾ ਸੀ। ਇੱਕ ਤਾਂ ਮੈਂ ਛੋਟਾ ਸੀ। ਉਹਨਾਂ ਰਾਹੀਂ ਦਰਸ਼ਨ ਖਟਕੜ ਰਾਹੀਂ, ਉਦੋਂ ਇਹ ਇਕੱਠੇ ਬੈਠਦੇ-ਉੱਠਦੇ ਸੀ। ਪੜ੍ਹਦੇ ਵੀ ਇਕੱਠੇ ਰਹੇ। ਉਸ ਵੇਲੇ ਇਹ ਉਹਨਾਂ ਦੇ ਨਾਲ ਗੱਲਬਾਤ ਕਰਦਾ ਸੀ।
? ਹੋਰ ਕਿਹੜੇ ਸਾਥੀ ਆਉਂਦੇ ਰਹੇ ਆ ਘਰੇ?
-ਬਹੁਤੇ ਬੰਦੇ ਤਾਂ ਇਹਨਾਂ ਨੂੰ ਬਾਹਰੇ ਈ ਮਿਲਦੇ ਰਹੇ ਆ। ਅੰਮ੍ਰਿਤਸਰ ਦਾ ਨੱਥਾ ਸਿੰਘ ਹੁੰਦਾ ਸੀ। ਉਹ ਦੱਸਦਾ ਹੁੰਦਾ ਸੀ ਕਿ ਅਸੀਂ ਰਹੇ ਹਾਂ ਇਕੱਠੇ ਉੱਥੇ। ਉਹ ਮੁਕੇਰੀਆਂ ਸਾਈਡ ਦੀ ਗੱਲ ਕਰਦਾ ਸੀ।
? ਨੱਥਾ ਸਿੰਘ ਉਸ ਨੂੰ ਕਿੱਥੇ ਮਿਲਿਆ?
- ਨੱਥਾ ਸਿੰਘ ਵੀ ਪਾਰਟੀ ਵਿੱਚ ਹੀ ਸੀ। ਮੈਨੂੰ ਮਿਲਿਆ ਜੇਲ੍ਹ ਦੇ ਵਿੱਚ। ਜਲੰਧਰ ਜੇਲ੍ਹ ਵਿੱਚ। ਉਹ ਇਧਰਲੇ ਕੇਸਾਂ ਵਿੱਚ ਸੀ। ਮੁਕੇਰੀਆਂ ਸਾਈਡ 'ਤੇ ਧਰਮਸ਼ਾਲਾ ਦਾ ਕੇਸ ਸੀ ਉਸ ਉੱਪਰ। ਪਰੇ ਹਿਮਾਚਲ ਪੈ ਜਾਂਦਾ। ਉਹ ਦੱਸਦਾ ਸੀ ਬਈ ਸਾਡੇ ਨਾਲ ਹੁੰਦੇ ਸੀ ਸੋਹਣ ਲਾਲ ਹੋਰੀਂ।
? ਆਪਣੇ ਪਿੰਡੋਂ ਹੋਰ ਕੌਣ ਕੌਣ ਸੀ ਸਾਥੀ ਦੇ ਨਾਲ?
-ਪਹਿਲਾਂ ਦਰਸ਼ਨ ਖਟਕੜ ਸੀ, ਹੌਲੀ ਹੌਲੀ ਰਾਮਕਿਸ਼ਨ- ਜਿਹੜੇ ਮਤਲਬ ਕੁਲਵਕਤੀ ਤੁਰੇ ਆ, ਉਹ ਤਾਂ ਦੋ ਤਿੰਨ ਕੁ ਹੀ ਸੀ। ਜਾਂ ਇਕਬਾਲ ਸੀ, ਇਕਬਾਲ ਦਾ ਤਾਂ ਘਰ ਸਾਡੇ ਨਾਲ ਈ ਸੀ। ਆਹ (ਇਸ਼ਾਰਾ ਕਰਕੇ) ਈ ਨਾਲ ਈ ਸੀ। ਸਾਡੇ ਪਿੰਡ ਦੇ ਮਜ਼ਦੂਰਾਂ ਦੇ ਵਿਹੜੇ ਵਿੱਚੋਂ ਈ 35 ਬੰਦੇ ਹੈਗੇ ਸੀ। ਜਿਹੜੇ ਉਸ ਵੇਲੇ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਹੁੰਦੇ ਸੀਗੇ। (ਬਲਵਿੰਦਰ ਸਿੰਘ ਮੰਗੂਵਾਲ- ਸਾਥੀ ਦੁਸਾਂਝ ਦੱਸਦਾ ਹੁੰਦਾ ਸੀ ਕਿ ਇਸ ਪਿੰਡ ਦੇ 50 ਮੁੰਡੇ ਲਹਿਰ ਨਾਲ ਸਬੰਧ ਰੱਖਦੇ ਸਨ। ਜੇ ਬਖਸ਼ੀਸ਼ ਦੀ ਗੱਲ ਆਉਂਦੀ ਐ, ਤਾਂ ਜਿਸ ਦਿਨ ਬਖਸ਼ੀਸ਼ ਦੀ ਡੈੱਥ ਹੁੰਦੀ ਆ, ਉਹ ਉਸ ਦਿਨ ਸਾਡੇ ਘਰੋਂ ਗਿਆ ਉੱਠ ਕੇ।)
? ਤੁਸੀਂ ਜੇਲ੍ਹ ਵਿੱਚ ਵੀ ਰਹੇ ਸੀ?
-ਅਸੀਂ ਜੇਲ੍ਹ ਵਿੱਚ ਹੀ ਰਹੇ ਹਾਂ ਸਾਰੇ। ਦੋ ਸਾਲ ਸਾਡੇ 'ਤੇ ਕੇਸ ਚੱਲਿਆ। ਦੋ ਸਾਲ ਤੋਂ ਬਾਅਦ 22-4-72 ਨੂੰ ਸਾਨੂੰ 20-20 ਸਾਲ ਦੀ ਕੈਦ ਹੋਈ।
? ਜਦੋਂ ਜੇਲ੍ਹ ਵਿੱਚ ਸਜ਼ਾ ਹੋ ਗਈ ਫੇਰ?
-ਪਹਿਲਾਂ ਸਾਨੂੰ ਅੰਮ੍ਰਿਤਸਰ, ਫੇਰ ਸਾਨੂੰ ਬਠਿੰਡੇ ਭੇਜਿਆ, ਉੱਥੇ ਅਸੀਂ ਦੋ ਸਾਲ ਰਹੇ ਆਂ। ਫੇਰ ਜਲੰਧਰ। ਦੋ ਸਾਲ ਤੋਂ ਬਾਅਦ ਸਾਨੂੰ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ।
? ਜਦੋਂ ਤੁਹਾਡੇ ਨਾਲ ਪਾਸ਼ ਰਿਹੈ ਜੇਲ੍ਹ ਵਿੱਚ ਤਾਂ ਉਹ ਕੀ ਗੱਲਾਂ ਕਰਦਾ ਹੁੰਦਾ ਸੀ?
-ਉਸਦੀ ਸਾਰੀ ਕਵਿਤਾ ਅਤੇ ਉਹ ਸਾਰਾ ਕੁੱਝ ਈ ਹਥਿਆਰਬੰਦ ਘੋਲ ਨੂੰ ਸਮਰਪਤ ਸੀ। ਉਹਦੇ ਦੋ ਵਿਚਾਰ ਹੈ ਈ ਨੀਂ ਸੀ। ਕਵਿਤਾ ਵੀ ਉਹਨੇ ਇਸੇ ਚੀਜ਼ ਨੂੰ ਮੁੱਖ ਰੱਖ ਕੇ ਲਿਖੀ ਐ।
? ਬਠਿੰਡੇ ਤੋਂ ਤੁਸੀਂ ਕਦੋਂ ਰਿਹਾਅ ਹੋਏ?
-1975 ਵਿੱਚ। ਮਹੀਨਾ ਸ਼ਾਇਦ ਮਈ ਥਾ। ਅੰਦਾਜ਼ਨ। ਐਮਰਜੈਂਸੀ ਲੱਗੀ ਨੂੰ ਥੋੜ੍ਹਾ ਟਾਇਮ ਹੀ ਹੋਇਆ ਥਾ। ਮੈਨੂੰ ਹੁਣ ਪੱਕਾ ਚੇਤਾ ਨਹੀਂ, ਕਿਹੜਾ ਮਹੀਨਾ ਸੀ, ਗਰਮੀਆਂ ਦੇ ਦਿਨ ਸੀ। ਹੋ ਸਕਦਾ ਜੁਲਾਈ ਵਿੱਚ ਲੈ ਕੇ ਆਏ ਹੋਣ।
? ਕੁਛ ਬੰਦੇ ਕਹਿੰਦੇ ਆ ਬਈ ਜਿਹੜੀ ਲਹਿਰ ਉਦੋਂ ਚੱਲੀ ਆ, ਉਦੋਂ ਲੋਕ ਡਰ ਜਾਂਦੇ ਸੀ, ਤੁਹਾਡਾ ਕੀ ਵਿਚਾਰ ਐ।
-ਲੋਕਾਂ ਨੇ ਸਾਥ ਦਿੱਤਾ। ਪਰ ਲਹਿਰ ਦੀਆਂ ਜੜ੍ਹਾਂ ਅਜੇ ਨਵੀਆਂ ਸੀ। ਲੋਕ ਤਾਂ ਸਾਥ ਦਿੰਦੇ ਈ ਸੀ, ਤਾਂ ਐਨੇ ਮੁੰਡੇ ਐਵੇਂ ਈ ਤਾਂ ਨਹੀਂ ਸ਼ਹੀਦ ਹੋ ਗਏ। ਲੋਕ ਤਾਂ ਸਾਥ ਦਿੰਦੇ ਆ, ਬਾਜੇ ਵੇਲੇ ਲੀਡਰ ਈ ਗ਼ਦਾਰੀਆਂ ਕਰ ਜਾਂਦੇ ਆ। ਜਿਹੜਾ ਚੇਤਨ ਵਰਗ ਉਹ ਆਇਆ, ਉਸ ਸਮੇਂ ਜਨਤਕ ਜਥੇਬੰਦੀਆਂ ਘੱਟ ਸੀ। ਇਹਨਾਂ ਵਿੱਚ ਕੰਮ ਹੈ ਨਾ ਸੀ। ਮੇਰੇ ਤਾਂ ਖਿਆਲ ਵਿੱਚ ਉੱਕਾ ਹੀ ਹੈ ਨਾ ਸੀ। ਜਿਹੜਾ ਸੀਗਾ ਉਹ ਸੱਜੇ-ਖੱਬਿਆਂ ਦਾ ਸੀ। ਜਿਹੜੇ ਹੁਣ ਨਵੇਂ ਬੰਦੇ ਇਹਨਾਂ ਨੇ ਸਿਰਫ ਜਨਤਕ 'ਤੇ ਈ ਜ਼ੋਰ ਦੇ ਰੱਖਿਆ, ਹੁਣ ਬਿਲਕੁੱਲ ਦੂਆ ਪਾਸਾ ਐ।
? ਤੁਹਾਨੂੰ ਉਸ ਵੇਲੇ ਕੋਈ ਐਂ ਡਰ ਨਹੀਂ ਸੀ ਲੱਗਦਾ ਕਿ ਮੇਰਾ ਭਰਾ ਕਿੱਧਰ ਨੂੰ ਤੁਰਿਐ?
-ਨਾ। ਉਹ ਮੈਥੋਂ ਵੱਡਾ ਸੀ। ਉਹ ਮੈਨੂੰ ਸਮਝਾਉਂਦਾ ਰਹਿੰਦਾ ਸੀ। ਉਸਦੀ ਆਪਣੀ ਸੋਚ ਸੀ। ਦੁਸਾਂਝ ਹੋਰੀਂ ਪਹਿਲਾਂ ਪਹਿਲਾਂ ਆਉਂਦੇ ਰਹੇ ਆ ਇੱਥੇ ਪਿੰਡ ਵਿੱਚ ਮੀਟਿੰਗਾਂ ਕਰਵਾਉਣ।
? ਬਾਅਦ ਵਿੱਚ ਕਿਹੜੀ ਜੇਲ੍ਹ ਵਿੱਚ ਰਹੇ?
-ਫੇਰ ਜਲੰਧਰ। ਦੋ ਸਾਲ ਫੇਰ ਰਹੇ ਆਂ। ਜਦੋਂ ਬਾਕੀ ਸਾਰੇ ਆ ਗਏ ਸੀ, ਤਾਂ ਸਾਡਾ ਕੇਸ ਬਾਅਦ ਵਿੱਚ ਵੀ ਚੱਲਦਾ ਰਿਹਾ। ਇਹ ਹਾਲੇ ਵਾਪਸ ਨਹੀਂ ਸੀ ਹੋਇਆ। ਫੇਰ ਦਰਸ਼ਨ ਖਟਕੜ ਹੋਰੀਂ ਬਾਦਲ ਕੋਲ ਗਏ, ਚੰਡੀਗੜ੍ਹ। ਇਹਨਾਂ ਕਿਹਾ ਕਿ ਆਹ ਕੇਸ ਤਾਂ ਹਾਲੇ ਵਾਪਸ ਹੀ ਨਹੀਂ ਹੋਏ। ਫੇਰ ਉਹ ਵੀ ਉਹਨੇ ਵਾਪਸ ਲੈ ਲਿਆ।
? ਸਾਥੀ ਸੋਹਣ ਲਾਲ ਜੋਸ਼ੀ ਬਾਰੇ, ਤੁਹਾਨੂੰ ਕਦੋਂ ਪਤਾ ਲੱਗਿਆ?
1970 ਵਿੱਚ ਹੀ ਮੈਨੂੰ ਜੇਲ੍ਹ ਵਿੱਚ ਪਤਾ ਲੱਗਾ ਸੀ ਸੋਹਣ ਲਾਲ ਜੋਸ਼ੀ ਬਾਰੇ। ਮੈਨੂੰ ਤਾਂ ਇਸ ਬਾਰੇ ਕੋਈ ਖਬਰ ਹੀ ਹੈ ਨਾ ਸੀ। ਪੁਲਸ ਵਾਲੇ ਸਾਡੇ ਪਰਿਵਾਰ ਨੂੰ ਬਹੁਤ ਤੰਗ ਕਰਦੇ ਸੀ। ਨਾਲ ਈ ਇਹ ਮਾਸਟਰ ਦਾ ਪਰਿਵਾਰ। ਮੇਰੇ ਪਿਤਾ ਨੂੰ ਐਥੇ ਪਿੰਡ ਵਿਚਲੀ ਪੁਲਸ ਚੌਕੀ ਵਿੱਚ ਲਿਜਾ ਲਿਜਾ ਕੇ, ਉੱਪਰੋਂ ਕੋਠੇ ਤੋਂ ਲਟਕਾ ਲਟਕਾ ਕੇ ਬਹੁਤ ਵਾਰੀ ਕੁੱਟਦੇ ਰਹੇ। ਉਹ ਲੁਕ ਲੁਕ ਕੇ ਟਾਇਮ ਪਾਸ ਕਰਦੇ ਸਨ। ਸਾਡੀ ਮਾਂ ਵੀ ਇਵੇਂ ਹੀ ਸਮਾਂ ਕੱਟਦੀ ਸੀ। ਫੇਰ ਜਦੋਂ ਹੋਰ ਬੰਦੇ ਜੇਲ੍ਹ ਗਏ ਤਾਂ ਮੈਨੂੰ ਵੀ ਪਤਾ ਲੱਗਿਆ। ਉਹਨਾਂ ਨੇ ਬਖਸ਼ੇ ਹੋਰਾਂ ਨੂੰ ਦੱਸਿਆ ਬਈ ਸੋਹਣ ਲਾਲ ਨੂੰ ਮਾਰ ਦਿੱਤਾ ਐ ਤੇ ਮਗਰੋਂ ਬਾਹਰ ਆ ਕੇ ਪਤਾ ਲੱਗਿਆ ਬਈ ਉਹਦੇ ਨਾਲ ਐਦਾਂ ਐਦਾਂ ਹੋਈ। ਉਹਨੂੰ ਖੁਦ ਇਹਨਾਂ ਆਪ ਈ ਮਾਰ ਦਿੱਤਾ। ਤੇ ਜਿਹੜਾ ਧਨੀ ਰਾਮ ਸੀ, ਜਾਂ ਹੋਰ ਸੀ ਬੰਦੇ। ਕਸੂਰ ਉਹਦਾ ਕੋਈ ਨਾ ਸੀ। ਸਿਰਫ ਝੂਠਾ ਈ ਮਾਰਿਆ ਉਹਨੂੰ। ਪਾਰਟੀ ਦੇ ਵਿਚਲੇ ਬੰਦੇ ਨੇ ਈ ਉਹਦੇ 'ਤੇ ਇਲਜ਼ਾਮ ਲਾ ਦਿੱਤਾ ਬਈ ਇਹਨੇ ਰਵਿੰਦਰ ਜਗਤਪੁਰ ਨੂੰ ਫੜਾਇਆ। ਦੁਸਾਂਝ ਨੂੰ ਫੜਾਇਆ। ਕਮੇਟੀ ਵਿੱਚ ਇਹ ਗੱਲ ਝੂਠੀ ਸਾਬਤ ਹੋਈ। ਫੇਰ ਉਹਨੂੰ ਸ਼ਹੀਦ ਕਰਾਰ ਦੇ ਦਿੱਤਾ।
? ਤੁਸੀਂ ਬਾਅਦ ਵਿੱਚ ਸਾਥੀ ਦਰਸ਼ਨ ਖਟਕੜ ਨਾਲ ਨਹੀਂ ਗੱਲ ਕੀਤੀ ਬਈ ਮੇਰੇ ਭਰਾ ਦਾ ਕੀ ਬਣਿਆ? ਉਹਦਾ ਕੀ ਪੱਖ ਐ?
-ਦੇਖੋ ਜੀ! ਅੱਜ ਤਾਈਂ ਉਹ ਸਾਡੇ ਘਰੇ ਈ ਨਹੀਂ ਆਇਆ। ਮਿਲਦਾ ਹੈਗਾ, ਅੱਜ ਤੱਕ ਸਾਡੇ ਘਰੇ ਨਹੀਂ ਕਦੇ ਉਹ ਆਇਆ।
? ਕਿਉਂ?
-ਇਹ ਉਹਨੂੰ ਪਤਾ ਹੋਊਗਾ।
? ਪਿੰਡ ਦੇ ਲੋਕਾਂ ਨੇ ਤੁਹਾਡੀ ਕੋਈ ਮੱਦਦ ਕੀਤੀ?
-ਪਿੰਡ ਦੇ ਬੰਦੇ ਬਹੁਤ ਚੰਗੇ ਸੀ। ਸਾਡੇ ਪਰਿਵਾਰ ਦੀ ਪਿੰਡ ਦੇ ਬੰਦਿਆਂ ਨੇ ਬਹੁਤ ਮੱਦਦ ਕੀਤੀ। ਜੀਤ ਗੁਰੂ ਸੀ, ਇੱਕ ਦਲਜੀਤ ਐ, ਸਿੱਖ ਉਹਨੂੰ ਕਹਿੰਦੇ ਆ, ਉਹਨੇ ਕਈ ਵਾਰ ਸਾਡੇ ਪਰਿਵਾਰ ਦੀ ਮੱਦਦ ਕੀਤੀ। ਉਹਨੇ ਦਾਣੇ ਭੇਜ ਦੇਣੇ ਸਾਡੇ ਮਾਂ-ਪਿਓ ਨੂੰ। ਉਹਨਾਂ ਕਹਿਣਾ ਚਿੰਤਾ ਨਾ ਕਰੀਓ ਅਸੀਂ ਤੁਹਾਡੀ ਮੱਦਦ ਕਰਦੇ ਆਂ। ਜਿਹੜੀ ਚੀਜ਼ ਦੀ ਲੋੜ ਹੋਈ ਦੱਸ ਦਿਓ।
? ਜਦੋਂ ਲਹਿਰ ਚੜ੍ਹਤ ਵਿੱਚ ਸੀ ਤਾਂ ਕੀ ਪਿੰਡ ਦੇ ਵੀ ਕਈ ਪੰਚ-ਸਰਪੰਚ, ਨੰਬਰਦਾਰ ਚੌਧਰੀ ਸਨ ਜੋ ਲਹਿਰ ਦੇ ਪੱਖ ਵਿੱਚ ਭੁਗਤ ਜਾਂਦੇ ਰਹੇ?
- ਗੱਲ ਏਦਾਂ ਸੀ ਬਈ ਪਿੰਡ ਵਿੱਚ ਦੋ ਧੜੇ ਸੀ। ਇਹ ਟਾਊਟ ਜਿਹੀ ਕਿਸਮ ਦੇ ਬੰਦੇ ਸੀ ਅਕਾਲੀ। ਏਹ ਸਰਪੰਚ ਕਾਂਗਰਸੀ ਸੀ ਪਿੰਡ ਵਿੱਚ, ਉਹ ਫੇਰ ਉਦੋਂ ਦਿਲਬਾਗ ਸਿੰਘ ਹੁੰਦਾ ਸੀ, ਐਮ.ਐਲ.ਏ.। ਸਰਪੰਚ ਕਹਿੰਦਾ ਸੀ ਕਿ ਮੈਨੂੰ ਕੀ ਜ਼ਰੂਰਤ ਐ ਟਕਰਾਅ ਵਿੱਚ ਪੈਣ ਦੀ। ਉਹਨੇ ਤਾਂ ਸਰਪੰਚੀ ਕਰਨੀ ਸੀ। ਉਹਨੇ ਤਾਂ ਪਿੰਡ ਵਿੱਚ ਵੋਟਾਂ ਲੈਣੀਆਂ ਸਨ। ਮੈਂ ਕਾਹਤੋਂ ਖਿਲਾਫ਼ ਹੋਵਾਂ। ਕਈ ਗੱਲਾਂ ਹੁੰਦੀਆਂ ਨੇ.. (ਹੱਸ ਕੇ ਆਖਿਆ)।
? ਪਿੰਡ ਦੇ ਲੋਕਾਂ ਨੇ ਪੁਲਸ ਦੇ ਟਾਕਰੇ ਲਈ ਕੀ ਕੀਤਾ?
-ਸਰਕਾਰੀ ਟਾਕਰੇ ਲਈ ਲੋਕ ਕਾਫੀ ਵਿਰੋਧ ਕਰਦੇ ਸੀ।
ਇੱਥੇ ਸਾਡੇ ਪਿੰਡ ਵਿੱਚ ਪੁਲਸ ਦੀ ਚੌਕੀ ਪਈ ਹੋਈ ਸੀ। ਇੱਕ ਵਾਰੀ ਇਹਨਾਂ ਇੱਥੇ ਮੋਰ ਮਾਰ ਲਿਆ। ਪੁਲਸ ਵਾਲਿਆਂ ਨੇ। ਉਹਦੀ ਖਾਤਰ ਪਿੰਡ ਦੇ ਲੋਕ ਇੱਥੇ ਇਕੱਠੇ ਹੋ ਗਏ। ਪੁਲਸ ਵਾਲਿਆਂ ਨੇ ਡਰ ਦੇ ਮਾਰਿਆਂ ਨੇ ਗੋਲੀ ਚਲਾ ਦਿੱਤੀ। ਫੇਰ ਉਹ ਇੱਥੋਂ ਚੌਕੀ ਚੁੱਕ ਕੇ ਬੰਗੀਂ ਲੈ ਗਏ।
? ਹੋਰਨਾਂ ਪਰਿਵਾਰਾਂ 'ਤੇ ਜਬਰ ਹੋਇਆ ਹੋਵੇਗਾ, ਉਸਦੀ ਕੋਈ ਜਾਣਕਾਰੀ?
-ਸਾਡੇ ਗੁਆਂਢ ਸੀ ਆਹ ਘਰ, ਜਿੰਨੇ ਵੀ ਲੋਕ ਸੀ, ਜਿਹੜਾ ਵੀ ਹੱਥ ਆਉਂਦਾ ਸੀ, ਉਹਨੂੰ ਕੁੱਟਿਆ ਜਾਂਦਾ। ਪੁਲਸ ਘੁੰਮਦੀ ਰਹਿੰਦੀ ਸੀ ਪਿੰਡ ਵਿੱਚ। ਉਧਰ ਦਰਸ਼ਨ ਖਟਕੜ ਦੇ ਘਰ ਚੜ੍ਹਨ ਲੱਗੇ ਪੁਲਸ ਵਾਲੇ- ਕਿਸੇ ਦੀ ਕੁੜੀ ਸੀ ਛੋਟਾ ਜਿਹਾ ਬੱਚਾ- ਉਹਨੂੰ ਪੈਰਾਂ ਥੱਲੇ ਦੇ ਕੇ ਈ ਮਾਰ ਗਏ। ਦਗੜ ਦਗੜ ਕਰਦੇ ਉੱਪਰ ਦੀ ਲੰਘ ਗਏ। ਉਹ ਭਾਟੜਿਆਂ ਦਾ ਕੋਈ ਪਰਿਵਾਰ ਸੀ। ਪੰਡਤਾਂ ਦਾ। ਮੈਨੂੰ ਹੁਣ ਪੱਕਾ ਚੇਤਾ ਨਹੀਂ।
? ਹਕੂਮਤ ਇਹ ਕਹਿੰਦੀ ਰਹੀ ਐ, ਬਈ 1972-75 ਤੋਂ ਪਿੱਛੋਂ ਲਹਿਰ ਖਤਮ ਹੋ ਗਈ। ਜਾਂ ਅਸੀਂ ਖਤਮ ਕਰ ਦਿੱਤੀ। ਬਾਅਦ ਵਿੱਚ ਇਹਨਾਂ ਨੂੰ ਇਹ ਮੰਨਣਾ ਪੈ ਗਿਆ ਕਿ ਹਿੰਦੋਸਤਾਨ ਵਿੱਚ ਸਭ ਤੋਂ ਵੱਡਾ ਖਤਰਾ ਈ ਇਹ ਆ। ਕੀ ਤੁਹਾਨੂੰ ਲੱਗਦੈ ਬਈ ਜੇ ਹੋਰ ਵੱਡੀ ਫੌਜ ਇਹਨਾਂ 'ਤੇ ਲਾ ਦਿੱਤੀ ਤਾਂ ਇਸ ਲਹਿਰ ਨੂੰ ਹਕੂਮਤ ਕੁਚਲ ਸਕੂਗੀ?
-ਨਹੀਂ ਕੁਚਲ ਸਕਦੇ, ਨਾ ਈ ਹਰਾ ਸਕਦੇ ਆ।
? ਕਿਉਂ ਨਹੀਂ ਹਰਾ ਸਕਦੇ?
-ਕਿਉਂਕਿ ਜਿਸ ਚੀਜ਼ ਦੀਆਂ ਜੜ੍ਹਾਂ ਲੋਕਾਂ ਵਿੱਚ ਹੋਣ, ਉਹ ਖਤਮ ਨਹੀਂ ਹੁੰਦੀ। ਲੋਕਾਂ ਦਾ ਇਹ ਬੁਨਿਆਦੀ ਮਸਲਾ ਵੀ ਐ। ਲੋਕਾਂ ਦੀ ਲੋੜ ਵੀ ਐ। ਜਿਹੜਾ ਲੋਕਾਂ ਦੀ ਗੱਲ ਕਰੂਗਾ, ਲਹਿਰ ਉਹਦੇ ਨਾਲ ਜੁੜੀ ਰਹੂਗੀ। ਖਤਮ ਹੋ ਈ ਨਹੀਂ ਸਕਦੀ।
-----------------------------------------------------------------------
ਸਾਥੀ ਮੋਹਣ ਲਾਲ ਮੰਗੂਵਾਲ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ
ਨਕਸਲਬਾੜੀ ਲਹਿਰ ਦੇ ਸ਼ਹੀਦ ਸਾਥੀ ਸੋਹਣ ਲਾਲ ਮੰਗੂਵਾਲ ਦੇ ਛੋਟੇ ਭਰਾ ਮੋਹਣ ਲਾਲ 12 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। 15 ਜਨਵਰੀ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਪਿੰਡ ਅਤੇ ਇਲਾਕੇ ਵਿੱਚੋਂ ਸੈਂਕੜੇ ਲੋਕਾਂ ਨੇ ਹਿੱਸਾ ਲਿਆ।
21 ਜਨਵਰੀ ਨੂੰ ਉਹਨਾਂ ਦੀ ਯਾਦ ਵਿੱਚ ਮੰਗੂਵਾਲ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਸ਼ਰਧਾਂਜਲੀ ਸਮਾਗਮ ਨੂੰ ਸੁਰਖ਼ ਰੇਖਾ ਦੇ ਸੰਪਾਦਕ ਸਾਥੀ ਨਾਜ਼ਰ ਸਿੰਘ ਬੋਪਾਰਾਏ, ਲੋਕ ਕਾਫ਼ਲਾ ਦੇ ਸੰਪਾਦਕ ਸਾਥੀ ਬੂਟਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਖੈਰੜ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਸੁਖਦੇਵ ਸਿੰਘ ਰਾਏਪੁਰ ਡੱਬਾ ਨੇ ਸੰਬੋਧਨ ਕਰਦੇ ਹੋਏ ਮੋਹਣ ਲਾਲ ਵੱਲੋਂ ਨਕਸਲਬਾੜੀ ਲਹਿਰ ਸਮੇਤ ਹੋਰਨਾਂ ਇਨਕਲਾਬੀ ਜਮਹੂਰੀ ਲਹਿਰਾਂ ਵਿੱਚ ਪਾਏ ਗਏ ਰੋਲ ਨੂੰ ਉਚਿਆਇਆ। ਬੁਲਾਰਿਆਂ ਨੇ ਆਖਿਆ ਕਿ ਸਾਥੀ ਮੋਹਣ ਨੇ ਆਪਣੇ ਅੰਤਿਮ ਦਮ ਤੱਕ ਨਕਸਲਬਾੜੀ ਲਹਿਰ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਆਪਣੇ ਵਿੱਤ ਅਤੇ ਸਮਰੱਥਾ ਮੁਤਾਬਕ ਹਿੱਸਾ ਪਾਇਆ। ਇਸ ਸਮਾਗਮ ਵਿੱਚ ਸਟੇਜ ਸਕੱਤਰ ਦੀ ਜੁੰਮੇਵਾਰੀ ਸਾਥੀ ਬਲਵਿੰਦਰ ਸਿੰਘ ਮੰਗੂਵਾਲ ਨੇ ਅਦਾ ਕੀਤੀ।
ਆਸਮਾਂ ਜਹਾਂਗੀਰ ਦਾ ਵਿਛੋੜਾ
ਪਾਕਿਸਤਾਨ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀ ਅਤੇ ਬੇਅਵਾਜ਼ੇ ਲੋਕਾਂ ਦੀ ਅਵਾਜ਼ ਬਣਨ ਵਾਲੀ ਦਲੇਰ ਔਰਤ ਬੀਬੀ ਆਸਮਾਂ ਜਹਾਂਗੀਰ ਪਿਛਲੇ ਦਿਨੀ ਵਿਛੋੜਾ ਦੇ ਗਏ ਹਨ। ਆਪਣੀ ਗਰਜਵੀਂ ਅਵਾਜ਼ ਅਤੇ ਬੇਮੇਚ ਪ੍ਰਤੀਬੱਧਤਾ ਕਾਰਨ ਬੀਬੀ ਆਸਮਾਂ ਜਹਾਂਗੀਰ ਨੇ ਆਪਣੀ ਪਹਿਚਾਣ ਕੌਮਾਂਤਰੀ ਪੱਧਰ ਤੇ ਬਣਾ ਲਈ ਸੀ। ਪਾਕਿਸਤਾਨ ਵਰਗੇ ਮੁਲਕ, ਜਿੱਥੇ ਔਰਤ ਦੀ ਅਜ਼ਾਦੀ ਤੇ ਹਾਲੇ ਵੀ ਪਾਬੰਦੀਆਂ ਹਨ ਵਿੱਚ ਜੰਮੀ-ਪਲੀ ਉਸ ਔਰਤ ਨੇ ਆਪਣੇ ਲਈ ਉਹ ਥਾਂ ਚੁਣੀ ਜਿਸਨੂੰ ਚੁਣਨ ਵੇਲੇ ਹੀ ਮੌਤ ਦੇ ਵਾਰੰਟਾਂ ਤੇ ਦਸਤਖਤ ਕਰਨੇ ਪੈਂਦੇ ਹਨ।
No comments:
Post a Comment