Friday, 2 March 2018

ਮੁਲਾਜ਼ਮ ਸਰਗਰਮੀਆਂ


ਮੁਲਾਜ਼ਮ ਸਰਗਰਮੀਆਂ
ਸਾਂਝਾ ਅਧਿਆਪਕ ਮੋਰਚਾ ਵੱਲੋਂ  ਅਧਿਆਪਕਾਂ ਦੇ ਚਿਰਾਂ ਤੋਂ ਲਟਕਦੇ ਆ ਰਹੇ ਮੰਗਾਂ-ਮਸਲੇ ਹੱਲ ਕਰਾਉਣ ਲਈ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਦੀਨਾਨਗਰ ਹਲਕੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦੀਨਾਨਗਰ ਦੇ ਸਟੇਡੀਅਮ ਵਿੱਚ ਤਿੰਨ ਘੰਟੇ ਦੇ ਕਰੀਬ ਰੈਲੀ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਗਿਆ। ਸਥਾਨਕ ਪ੍ਰਸ਼ਾਸ਼ਨ ਇਸ ਗੱਲ ਲਈ ਤਰਲੋਮੱਛੀ ਸੀ ਕਿ ਰੈਲੀ ਵਾਲ਼ੀ ਥਾਂ ਤੇ ਹੀ ਮੰਗ-ਪੱਤਰ ਫੜ ਲਿਆ ਜਾਵੇ ਅਤੇ ਅਧਿਆਪਕਾਂ ਦੇ ਕਾਫ਼ਲੇ ਨੂੰ ਸਿੱਖਿਆ ਮੰਤਰੀ ਦੀ ਕੋਠੀ ਵੱਲ ਜਾਣ ਤੋਂ ਰੋਕਿਆ ਜਾਵੇ ਪ੍ਰੰਤੂ ਇਸ ਤੋਂ ਪਹਿਲਾਂ ਕਈ ਵਾਰ ਸੰਘਰਸ਼ ਦੇ ਵੱਖ-ਵੱਖ ਪੜਾਵਾਂ ਨੂੰ ਅਪਨਾਉਣ ਦੇ ਬਾਵਜੂਦ ਮੰਗਾਂ-ਮਸਲੇ ਵਿਚਾਰਨ ਲਈ ਸਿੱਖਿਆ ਮੰਤਰੀ ਅਤੇ ਪ੍ਰਸ਼ਾਸ਼ਨ ਦੇ ਕੰਨ 'ਤੇ ਜੂੰ ਨਹੀਂ ਸਰਕੀ। ਮੰਗਾਂ ਮੰਨਣਾ ਤਾਂ ਦੂਰ ਦੀ ਗੱਲ ਹੈ, ਮੰਤਰੀ ਜਾਂ ਸਿੱਖਿਆ ਮਹਿਕਮੇ ਦੇ ਉੱਚ ਅਧਿਕਾਰੀ ਗੱਲਬਾਤ ਕਰਨੀ ਵੀ ਜ਼ਰੂਰੀ ਨਹੀਂ ਸਮਝਦੇ। ਸਰਕਾਰ ਅਤੇ ਪ੍ਰਸ਼ਾਸ਼ਨ ਦੇ ਇਸ ਦੜਵੱਟੂ ਵਤੀਰੇ ਪ੍ਰਤੀ ਅਧਿਆਪਕਾਂ ਅੰਦਰ ਸਖਤ ਰੋਸ ਹੈ। ਇਸ ਰੋਸ ਦੇ ਪ੍ਰਗਟਾਅ ਲਈ ਮੋਰਚੇ ਨੇ ਸਥਾਨਕ ਪ੍ਰਸ਼ਾਸ਼ਨ ਦੀਆਂ ਮੋਮੋਠਗਣੀਆਂ ਨੂੰ ਠੁਕਰਾਉਂਦਿਆਂ ਕੋਠੀ ਵੱਲ ਮਾਰਚ ਕਰਨ ਦੇ ਪ੍ਰੋਗਰਾਮ ਨੂੰ ਅਮਲ ਵਿੱਚ ਲਿਆਂਦਾ। ਅਨੇਕਾਂ ਵਰਗਾਂ ਵਿੱਚ ਵੰਡੇ ਠੇਕਾ ਭਰਤੀ ਦੇ ਸ਼ਿਕਾਰ ਹੋਏ ਸਾਰੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਪੱਕਾ ਕਰਨ, ਖਾਲੀ ਅਸਾਮੀਆਂ ਪੁਰ ਕਰ ਕੇ ਸਿੱਖਿਆ ਦਾ ਮਿਆਰ ਬਣਾਉਣ, ਸਕੂਲਾਂ ਨੂੰ ਬੰਦ ਕਰਨ ਦੀਆਂ ਨੀਤੀਆਂ ਛੱਡਣ, ਬਦਲੀਆਂ ਵਿੱਚ ਸਿਆਸੀ ਦਖਲ ਤੇ ਰਿਸ਼ਵਤਖੋਰੀ ਬੰਦ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਅਤੇ ਨਿੱਜੀਕਰਣ ਦੀਆਂ ਸਾਮਰਾਜੀ ਨੀਤੀਆਂ ਬੰਦ ਕਰਨ ਆਦਿ ਮੰਗਾਂ ਨੂੰ ਉਭਾਰਿਆ ਗਿਆ। ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਹੁੰਚ ਕੇ ਇੱਕ ਘੰਟੇ ਦੇ ਕਰੀਬ ਰੈਲੀ ਕੀਤੀ ਗਈ ਜਿਸ ਨੂੰ ਡੀ ਟੀ ਐੱਫ ਦੇ ਸੂਬਾਈ ਪ੍ਰਧਾਨ ਭੁਪਿੰਦਰ ਵੜੈਚ, ਸੂਬਾ ਸਕੱਤਰ ਦੇਵਿੰਦਰ ਪੂਨੀਆ, ਬਲਵੀਰ ਚੰਦ ਲੌਂਗੋਵਾਲ਼ ਅਤੇ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਸਿੱਖਿਆ ਮੰਤਰੀ ਅਤੇ ਪੂਰੀ ਸਰਕਾਰ ਹਾਲੇ ਟੱਸ ਤੋਂ ਮੱਸ ਨਹੀਂ ਹੋਈ। ਸਾਰੇ ਸੰਘਰਸ਼ਸ਼ੀਲ ਤਬਕਿਆਂ ਵਾਂਗੂੰ ਮੁਲਾਜ਼ਮਾਂ ਨੂੰ ਵੀ “ਘੱਟ ਨਾ ਤੋਲੀਂ” ਦਾ ਜਵਾਬ “ਥੜ੍ਹੇ ਨਾ ਚੜ੍ਹੀਂ” ਨਾਲ਼ ਦਿੱਤਾ ਜਾ ਰਿਹਾ ਹੈ। ਪਹਿਲੀਆਂ ਮੰਗਾਂ ਮੰਨਣ ਦੀ ਬਜਾਏ ਨਿੱਤ ਨਵੀਆਂ ਮੁਸ਼ਕਲਾਂ ਤੇ ਮੰਗਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉੱਧਰ ਸਿੱਖਿਆ ਮਹਿਕਮੇ ਦੇ ਸ਼ੇਖ ਚਿੱਲੀ ਵਜੋਂ ਜਾਣਿਆ ਜਾਂਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਿੱਖਿਆ ਮਹਿਕਮੇ ਦਾ ਰੱਜ ਕੇ ਘਾਣ ਕਰ ਰਿਹਾ ਹੈ। ਸਕੂਲਾਂ ਅਤੇ ਬੱਚਿਆਂ ਉੱਪਰ ਨਿੱਤ ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ। ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਦੇ ਲੋਟ ਆਇਆ ਇਹ ਲੋਕ ਵਿਰੋਧੀ ਅਫਸਰ ਸਾਮਰਾਜੀ ਨੀਤੀਆਂ ਦਾ ਚੰਗਾ ਵਾਹਕ ਹੈ। ਸਿੱਖਿਆ ਮਹਿਕਮੇ ਦੀ ਵਾਗਡੋਰ ਜਦੋਂ ਵੀ ਇਸ ਦੇ ਹੱਥ ਆਈ ਹੈ, ਇਸ ਨੇ ਹਮੇਸ਼ਾਂ ਅਧਿਆਪਕਾਂ ਲਈ ਦਮਘੋਟੂ ਵਾਤਾਵਰਣ ਬਣਾਇਆ ਹੈ। ਸਿੱਖਿਆ ਖੇਤਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਤੇ ਗਤੀਵਿਧੀਆਂ ਨੂੰ ਆਪਣੀ ਮੁੱਠੀ 'ਚ ਕਰ ਕੇ ਇਸ ਨੇ ਹਮੇਸ਼ਾਂ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਆਜ਼ਾਦਾਨਾ ਹਸਤੀ ਤੇ ਸਵੈਮਾਣ ਨੂੰ ਚੂਰ-ਚੂਰ ਕੀਤਾ ਹੈ। ਪੂਰੀ ਤਰਾਂ੍ਹ ਅਸੰਤੋਸ਼ ਦੇ ਆਲਮ ਵਿੱਚੋਂ ਗੁਜ਼ਰ ਰਹੇ ਅਧਿਆਪਕ ਵਰਗ ਨੂੰ ਸਖਤ ਸੰਘਰਸ਼ਾਂ ਵੱਲ ਮੂੰਹ ਕਰਨ ਦੀ ਲੋੜ ਹੈ।
ਤਨਖਾਹਾਂ 'ਤੇ ਪਾਬੰਦੀਆਂ ਖਿਲਾਫ਼ ਡੈਮੋਟਰੈਟਿਕ ਮੁਲਾਜ਼ਮ ਫੇਡਰੇਸ਼ਨ ਵੱਲੋਂ ਫਰਵਰੀ ਦੇ ਦੂਜੇ-ਤੀਜੇ ਹਫਤੇ ਪੰਜਾਬ ਭਰ ਵਿੱਚ ਖਜ਼ਾਨਾ ਦਫਤਰਾਂ ਅੱਗੇ ਧਰਨੇ ਲਗਾ ਕੇ ਮੁਲਾਜ਼ਮ ਤੇ ਲੋਕ ਵਿਰੋਧੀ ਕੈਪਟਨ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ। ਹਮੇਸ਼ਾਂ ਦੀ ਤਰਾਂ੍ਹ ਖਜ਼ਾਨਾ ਦਫਤਰਾਂ ਦੇ ਅਧਿਕਾਰੀਆਂ ਨੂੰ ਫੋਨ ਸੰਦੇਸ਼ਾਂ ਰਾਹੀਂ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਬਕਾਇਆਂ ਦੀ ਅਦਾਇਗੀ ਰੋਕਣ ਲਈ ਕਹਿ ਦਿੱਤਾ ਗਿਆ। ਪਹਿਲਾਂ ਹੀ ਅਨੇਕਾਂ ਮੁਸ਼ਕਲਾਂ ਵਿੱਚ ਘਿਰੇ ਸਮੂਹ ਮਹਿਕਮਿਆਂ ਦੇ ਮੁਲਾਜ਼ਮਾਂ ਨੇ ਸਰਕਾਰ ਦੀ ਇਸ ਧੱਕਾਸ਼ਾਹੀ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇੱਕ ਵਾਰ ਪਾਬੰਦੀਆਂ ਨੂੰ ਪਿੱਛੇ ਧੱਕਿਆ ਭਾਵੇਂ ਕਿ ਹਾਲੇ ਵੀ ਤਨਖਾਹਾਂ ਦੀ ਅਦਾਇਗੀ ਕਿਸ਼ਤਾਂ ਵਿੱਚ ਕਰਨ ਅਤੇ ਪੰਜਾਬ ਅੰਦਰ ਵਿੱਤੀ ਐਮਰਜੈਂਸੀ ਮੜ੍ਹ ਕੇ ਮੁਲਾਜ਼ਮਾਂ ਨੂੰ ਸਿਰਫ ਮੁੱਢਲੀ ਤਨਖਾਹ (ਬੇਸਿਕ ਪੇ ਜੋ ਕਿ ਕੁੱਲ ਮਿਲਦੀ ਤਨਖਾਹ ਦਾ ਅੱਧ ਤੋਂ ਵੀ ਘੱਟ ਬਣਦੀ ਹੈ) ਦੇਣ ਵਰਗੇ ਹਾਲਾਤਾਂ ਦਾ ਵੀ ਭੁਲੇਖਾ ਪੈਣ ਲੱਗ ਪਿਆ ਹੈ। ਇਸ ਹਾਲਤ ਦਾ ਸਾਹਮਣਾ ਕਰਨ ਲਈ ਪੰਜਾਬ ਦੇ ਮੁਲਾਜ਼ਮਾਂ ਨੂੰ ਕੋਈ ਸਾਂਝਾ, ਵਿਸ਼ਾਲ ਤੇ ਤਿੱਖਾ ਸੰਘਰਸ਼ ਕਰਨਾ ਪੈਣਾ ਹੈ।
ਥੋੜ੍ਹੀਆਂ ਤਨਖਾਹਾਂ ਵਾਲ਼ੇ ਸਰਕਾਰੀ  ਅਧਿਆਪਕ, ਚਿਰਾਂ ਤੋਂ, ਪੂਰੀਆਂ ਤਨਖਾਹਾਂ 'ਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਰਕਾਰਾਂ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ। ਐੱਸ ਐੱਸ ਏ/ਰਮਸਾ ਅਧਿਆਪਕ, ਲੈਬ. ਅਟੈਂਡੈਂਟ ਅਤੇ ਹੈੱਡ ਮਾਸਟਰਾਂ ਨੇ 14 ਫਰਵਰੀ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਕਰ ਕੇ 10 ਮਾਰਚ 2018 ਨੂੰ ਕੈਪਟਨ ਦੇ ਹਲਕੇ 'ਚ ਪਟਿਆਲ਼ਾ ਸ਼ਹਿਰ ਅੰਦਰ ਅਗਲੇ ਐਕਸ਼ਨ ਦਾ ਐਲਾਨ ਕੀਤਾ ਹੈ। ਉੱਧਰ 5178 ਯੂਨੀਅਨ ਨੇ 21 ਫਰਵਰੀ ਨੂੰ ਸੂਬਾ ਪੱਧਰੀ ਸੱਦੇ 'ਤੇ ਮੋਹਾਲੀ ਵਿਖੇ ਵੱਡੀ ਰੈਲੀ ਕੀਤੀ ਜਿਸ ਦੌਰਾਨ ਸਿੱਖਿਆ ਸਕੱਤਰ ਨੂੰ ਘੇਰ ਕੇ ਇਹਨਾਂ ਨੇ ਆਪਣੀਆਂ ਮੰਗਾਂ ਉਸ ਸਾਹਮਣੇ ਰੱਖੀਆਂ। ਫਿਰੋਜ਼ਪੁਰ ਦੇ ਅਧਿਆਪਕਾਂ ਨੇ ਇਸ ਸੱਦੇ 'ਤੇ ਮੋਹਾਲੀ ਵੱਲ ਕੂਚ ਕਰਨ ਤੋਂ ਪਹਿਲਾਂ, ਆਪਣੇ ਲਹੂ ਨਾਲ਼ ਦਸਤਖਤ ਕਰ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਗਵਰਨਰ ਅਤੇ ਪ੍ਰਧਾਨ ਮੰਤਰੀ ਦੇ ਨਾਂ ਇੱਕ ਪੱਤਰ ਭੇਜਿਆ ਜਿਸ ਵਿੱਚ ਉਹਨਾਂ ਵੱਲੋਂ ਦਯਾ-ਹੱਤਿਆ ਦੀ ਮੰਗ ਕੀਤੀ ਗਈ ਸੀ। ਹਰ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਕਰਜ਼ੇ ਮਾਫ਼, ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਕੱਚੇ ਮਾਲਾਜ਼ਮ ਪੱਕੇ ਕਰਨ ਜਿਹੇ ਵਾਅਦਿਆਂ ਦੀ ਪੰਡ ਨਾਲ਼ ਨਾਲ਼ ਹੋਂਦ 'ਚ ਆਈ ਕੈਪਟਨ ਸਰਕਾਰ ਨੇ 5178 ਅਧਿਆਪਕਾਂ ਤੋਂ ਤਿੰਨ ਸਾਲ ਹੋਰ ਨਿਗੂਣੀਆਂ ਤਨਖਾਹਾਂ 'ਤੇ ਕੰਮ ਲੈਂਦਿਆਂ ਪੱਕੇ ਕਰਨ ਦਾ ਫੁਰਮਾਨ ਜਾਰੀ ਕੀਤਾ ਜਿਸ ਦੇ ਵਿਰੋਧ ਵਿੱਚ ਤੁਰਤ-ਫੁਰਤ ਇਹਨਾਂ ਅਧਿਆਪਕਾਂ ਨੇ ਹਰਕਤ ਵਿੱਚ ਆਉਂਦਿਆਂ ਆਪਣਾ ਰੋਸ ਦਰਜ ਕਰਾਇਆ ਹੈ। ਪਿਛਲੀ ਸਰਕਾਰ ਦੇ ਫੈਸਲੇ ਮੁਤਾਬਕ, ਤਿੰਨ ਸਾਲਾਂ ਦਾ ਪਰਖ ਸਮਾਂ (ਪਰੋਬੇਸ਼ਨਰੀ ਪੀਰਡ) ਪੂਰਾ ਕਰ ਲੈਣ 'ਤੇ ਇਹਨਾਂ ਅਧਿਆਪਕਾਂ ਨੂੰ ਪਹਿਲੀ ਦਿਸੰਬਰ 2017 ਤੋਂ ਪੱਕੇ ਕੀਤਾ ਜਾਣਾ ਬਣਦਾ ਸੀ ਪ੍ਰੰਤੂ ਘਰ-ਘਰ ਨੌਕਰੀਆਂ ਵੰਡਣ ਵਾਲ਼ੀ ਕਾਂਗਰਸ ਸਰਕਾਰ ਸਭਨਾਂ ਲੋਕਾਂ ਦੇ ਸੁਪਨਿਆਂ ਨੂੰ ਸਾਮਰਾਜੀ ਨੀਤੀਆਂ ਨਾਲ਼ ਦਰੜ ਰਹੀ ਹੈ। ਉੱਧਰ, ਸ਼ੰਘਰਸ਼ਸ਼ੀਲ ਕਾਫਲੇ 'ਚ ਘਿਰਿਆ ਸਿੱਖਿਆ ਸਕੱਤਰ ਅੱਗ-ਬਬੂਲਾ ਹੋ ਉੱਠਿਆ ਹੈ। ਇੱਕ ਦਰਜਨ ਦੇ ਕਰੀਬ ਆਗੂਆਂ ਵਿਰੁੱਧ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਜਿਹੀਆਂ ਧਾਰਾਵਾਂ ਲਾ ਕੇ ਪਰਚੇ ਦਰਜ ਕਰਨ ਦਾ ਸਮਾਚਾਰ ਹੈ। ਕਿਆ ਬੇਸ਼ਰਮੀ ਹੈ, ਸਰਕਾਰਾਂ ਅਤੇ ਉਹਨਾਂ ਦੇ ਦੱਲਿਆਂ ਦੀ........ਜਿਵੇਂ ਪਹਿਲਾਂ ਸਰਕਾਰੀ ਕੰਮ ਬੜੇ ਨਿਰ-ਵਿਘਨ ਚੱਲ ਰਹੇ ਹੋਣ...............
ਆਂਗਣਵਾੜੀ ਮੁਲਾਜ਼ਮਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਅੰਦਰ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪੰਜਾਬ ਪੱਧਰੇ ਸੱਦੇ ਮੁਤਾਬਕ 23 ਫਰਵਰੀ ਨੂੰ ਦਰਜਨਾਂ ਥਾਵਾਂ 'ਤੇ ਸਰਕਾਰ ਦੇ ਪੁਤਲੇ ਫੁਕੇ ਗਏ। ਬਾਦਲ ਦੇ ਦਫਤਰ ਮੂਹਰੇ ਧਰਨੇ ਦੌਰਾਨ ਲਗਾਤਾਰ ਸ਼ਹਿਰ ਅੰਦਰ ਅਰਥੀਆਂ ਫੂਕ ਕੇ ਕੈਪਟਨ ਸਰਕਾਰ ਦੇ ਚੋਣ ਵਾਅਦਿਆਂ ਦੇ ਥੋਥ ਨੂੰ ਨੰਗਾ ਕੀਤਾ ਜਾਂਦਾ ਹੈ ਅਤੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਹੱਕੀ ਮੰਗਾਂ (ਮਾਣ-ਭੱਤੇ ਵਿੱਚ ਹੋਰ ਵਾਧਾ ਕਰਨ ਨੂੰ ਉਭਾਰਿਆ ਜਾਂਦਾ ਹੈ। ਸੰਘਰਸ਼ ਕਰਦੇ ਹੋਰਨਾਂ ਤਬਕਿਆਂ/ਵਰਗਾਂ ਦੀ ਤਰਾਂ੍ਹ ਭਾਵੇਂ ਆਂਗਣਵਾੜੀ ਮੁਲਾਜ਼ਮਾਂ ਦੀ ਵੀ 'ਦਿੱਲੀ ਅਜੇ ਦੂਰ ਹੈ' ਪ੍ਰੰਤੂ ਇਹਨਾਂ ਮਹਿਲਾ ਮੁਲਾਜ਼ਮਾਂ ਵੱਲੋਂ ਸਾਲਾਂ-ਬੱਧੀ ਸੰਘਰਸ਼ ਦਾ ਪਿੜ ਮੱਲਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਹਨਾਂ ਮਹਿਲਾ ਮੁਲਾਜ਼ਮਾਂ ਨੇ ਸੰਘਰਸ਼ ਦੇ ਆਸਰੇ ਮਾਣ-ਭੱਤੇ ਵਿੱਚ ਅੰਸ਼ਕ ਵਾਧਾ ਕਰਾਉਣ ਦੀ ਜਿੱਤ ਪ੍ਰਾਪਤ ਕੀਤੀ ਸੀ ਅਤੇ ਕੈਪਟਨ ਸਰਕਾਰ ਦੇ ਆਉਣ 'ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਆਂਗਣਵਾੜੀ ਕੇਂਦਰਾਂ ਦੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰਨ ਦੇ ਫੁਰਮਾਨ ਜਾਰੀ ਕਰ ਕੇ ਆਂਗਣਵਾੜੌ ਕੇਂਦਰ ਬੰਦ ਕਰਨ ਜਿਹੇ ਹਾਲਾਤ ਪੈਦਾ ਕਰ ਦਿੱਤੇ ਸਨ। ਸਿੱਖਿਆ ਸਕੱਤਰ ਦੇ ਇਸ ਫੈਸਲੇ ਦੇ ਵਿਰੋਧ 'ਚ ਇਹਨਾਂ ਮੁਲਾਜ਼ਮਾਂ ਨੇ ਸੰਘਰਸ਼ ਦੇ ਜ਼ੋਰ ਸਿੱਖਿਆ ਸਕੱਤਰ ਨੂੰ ਆਪਣੇ ਫੈਸਲੇ ਤੋਂ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਸੀ।

No comments:

Post a Comment