ਆਨੰਦਪੁਰ ਸਾਹਿਬ ਦੇ ਹੋਲੇ-ਮਹੱਲੇ 'ਤੇ ਵਿਸ਼ੇਸ਼
ਗੁਰੂ ਗੋਬਿੰਦ ਸਿੰਘ ਦੀ ਸ਼ਾਨਾਂਮੱਤੀ ਸੰਗਰਾਮੀ ਬੀਰ-ਗਾਥਾ
''ਜੇ ਤੁਸੀਂ ਆਪਣੇ ਬੀਤੇ ਨੂੰ ਪਿਸਤੌਲ ਨਾਲ ਗੋਲੀ ਮਾਰੋਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।'' -ਰਸੂਲ ਹਮਜ਼ਾਤੋਵ
-ਨਵਜੋਤ
ਸਿੱਖ ਲਹਿਰ ਮਹਿਜ਼ ਇੱਕ ਧਾਰਮਿਕ ਖੇਤਰ ਤੱਕ ਸੀਮਤ ਲਹਿਰ ਨਹੀਂ ਸੀ। ਇਹ ਸਮਾਜ ਦੇ ਸਭਨਾਂ ਖੇਤਰਾਂ— ਧਾਰਮਿਕ, ਸਮਾਜਿਕ, ਸਭਿਆਚਾਰਕ, ਸਿਆਸੀ, ਆਰਥਿਕ ਪੱਖਾਂ ਨੂੰ ਕਲਾਵੇਂ ਵਿੱਚ ਲੈਂਦੀ ਲਹਿਰ ਸੀ। ਪਹਿਲੇ ਗੁਰੂ ਨਾਨਕ ਦੇਵ ਦੇ ਪੰਜਾਬ ਦੇ ਸਮਾਜਿਕ ਦ੍ਰਿਸ਼ 'ਤੇ ਸਰਗਰਮ ਅਮਲ ਤੋਂ ਲੈ ਕੇ 1849 ਵਿੱਚ ਪੰਜਾਬ 'ਤੇ ਬਰਤਾਨਵੀ ਬਸਤੀਵਾਦ ਦੇ ਕਬਜ਼ੇ ਤੱਕ ਦੇ ਸਿੱਖ ਲਹਿਰ ਦੇ ਇਤਿਹਾਸ ਨੂੰ ਕਈ ਸਥਾਪਤ ਇਤਿਹਾਸਕਾਰਾਂ ਵੱਲੋਂ ''ਸਿੱਖਾਂ ਦੇ ਇਤਿਹਾਸ'' ਦਾ ਨਾਂ ਦਿੱਤਾ ਜਾਂਦਾ ਹੈ। ਇਸ ਨੂੰ ਇਉਂ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਕਿਤੇ ਇਹ ਮਹਿਜ਼ ਸਿੱਖ ਧਰਮ ਨੂੰ ਪ੍ਰਵਾਨ ਕਰਨ ਵਾਲਿਆਂ ਦਾ ਇਤਿਹਾਸ ਹੈ ਅਤੇ ਇਹ ਪੰਜਾਬ ਜਾਂ ਪੰਜਾਬੀ ਕੌਮ ਦੇ ਇਤਿਹਾਸ ਦਾ ਮਹਿਜ਼ ਇੱਕ ਹਿੱਸਾ ਹੈ। ਇਹ ਧਾਰਣਾ ਮੂਲੋਂ ਹੀ ਗਲਤ ਹੈ। ਅਸਲ ਵਿੱਚ- ਸਿੱਖ ਲਹਿਰ ਦੀ ਉਤਪਤੀ ਅਤੇ ਉਠਾਣ ਤੋਂ ਲੈ ਕੇ ਪੰਜਾਬ ਦੇ 1849 ਵਿੱਚ ਬਸਤੀਵਾਦੀ ਗੁਲਾਮੀ ਦੇ ਜੂਲੇ ਹੇਠ ਚਲੇ ਜਾਣ ਤੱਕ ਦਾ ਇਤਿਹਾਸ ਪੰਜਾਬ/ਪੰਜਾਬੀ ਕੌਮ ਦਾ ਕਾਬਲੇ-ਫ਼ਖਰ ਇਤਿਹਾਸ ਹੈ। ਇਸ ਤੋਂ ਇਲਾਵਾ ਇਸ ਦੌਰ ਦੇ ਇਤਿਹਾਸ ਦਾ ਕੋਈ ਹੋਰ ਅਜਿਹਾ ਕਾਂਡ ਨਹੀਂ ਹੈ, ਜਿਸ 'ਤੇ ਪੰਜਾਬੀ ਲੋਕ ਫ਼ਖਰ ਨਾਲ ਦਾਅਵਾ ਕਰ ਸਕਦੇ ਹੋਣ।
ਸਿੱਖ ਲਹਿਰ ਦੀ ਉਠਾਣ ਦੀ ਟੀਸੀ ਸੀ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਸਰਬੰਸ-ਵਾਰੂ ਲਾ-ਮਿਸਾਲ ਅਤੇ ਸ਼ਾਨਾਂਮੱਤੀ ਸੰਗਰਾਮੀ ਬੀਰਗਾਥਾ। ਗੁਰੂ ਗੋਬਿੰਦ ਰਾਇ (ਜੋ ਬਾਅਦ ਵਿੱਚ ਗੋਬਿੰਦ ਸਿੰਘ ਸਜੇ) ਨੌਵੇਂ ਗੁਰੂ ਤੇਗ ਬਹਾਦਰ ਦੇ ਸਪੁੱਤਰ ਸਨ। ਮੁਗਲ ਰਜਵਾੜਾਸ਼ਾਹੀ ਅਤੇ ਜਾਗੀਰਦਾਰੀ ਦੀ ਦਬਸ਼ ਅਤੇ ਦਹਿਸ਼ਤ ਖਿਲਾਫ ਅੰਗੜਾਈ ਲੈ ਰਹੀ ਪੰਜਾਬੀ ਕੌਮ ਦੀ ਨਾਬਰੀ ਅਤੇ ਬਗਾਵਤ ਨੂੰ ਰਹਿਬਰੀ ਤੋਂ ਵਿਰਵਾ ਕਰਨ ਲਈ ਔਰੰਗਜ਼ੇਬੀ ਹਕੂਮਤ ਵੱਲੋਂ ਨੌਵੇਂ ਗੁਰੂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਵਕਤ ਗੋਬਿੰਦ ਰਾਏ ਮਹਿਜ਼ 9 ਸਾਲ ਦੇ ਸਨ। ਗੋਬਿੰਦ ਰਾਏ ਦੀ ਮਾਤਾ ਗੁਜਰੀ ਅਤੇ ਸਿੱਖ ਲਹਿਰ ਦੀਆਂ ਜੁੰਮੇਵਾਰ ਹਸਤੀਆਂ ਵੱਲੋਂ ਸੁਰੱਖਿਆ ਪੱਖੋਂ ਆਨੰਦਪੁਰ ਦੀ ਬਜਾਇ ਯਮਨਾ ਕਿਨਾਰੇ, ਮੁਕਾਬਲਤਨ ਵੱਧ ਸੁਰੱਖਿਅਤ ਸਥਾਨ ਦੀ ਚੋਣ ਕੀਤੀ ਗਈ। ਇਸ ਸਥਾਨ ਨੂੰ ਅੱਜ ਕੱਲ੍ਹ ਪਾਉਂਟਾ ਸਾਹਿਬ ਕਿਹਾ ਜਾਂਦਾ ਹੈ। ਇੱਥੇ ਗੋਬਿੰਦ ਰਾਏ ਵੱਲੋਂ ਫਾਰਸੀ, ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਗਿਆਨ ਹਾਸਲ ਕੀਤਾ ਗਿਆ। ਘੋੜਸਵਾਰੀ, ਨੇਜਾਬਾਜ਼ੀ ਅਤੇ ਤਲਵਾਰਬਾਜ਼ੀ ਦੀ ਫੌਜੀ ਸਿਖਲਾਈ ਹਾਸਲ ਕੀਤੀ ਗਈ। ਇੱਥੇ ਹੀ ਉਹਨਾਂ ਦੀ ਕਾਵਿਕ ਰੁਚੀਆਂ ਨੇ ਪਰਵਾਜ਼ ਭਰੀ ਅਤੇ ਉਹਨਾਂ ਵੱਲੋਂ ਢੇਰ ਸਾਰੀ ਕਾਵਿਕ ਰਚਨਾ ਕੀਤੀ ਗਈ। ਵਿਸ਼ੇਸ਼ ਕਰਕੇ ਜੁਝਾਰੂ ਰਚਨਾ ਚੰਡੀ ਦੀ ਵਾਰ ਰਚੀ ਗਈ।
ਪਾਉਂਟਾ ਸਾਹਿਬ ਵਿਚਰਦਿਆਂ, ਜਿਉਂ ਜਿਉਂ ਗੋਬਿੰਦ ਰਾਏ ਜਵਾਨੀ ਦੀਆਂ ਪੌੜੀਆਂ ਚੜ੍ਹੇ, ਤਾਂ ਉਹਨਾਂ ਵੱਲੋਂ ਪਹਿਲੇ ਗੁਰੂ ਨਾਨਕ ਦੇਵ ਜੀ ਵੱਲੋਂ ਉਭਾਰੀ ਗਈ ਸਮੇਂ ਦੀ ਸਮਾਜਿਕ-ਸਿਆਸੀ ਹਕੀਕਤ ਨੂੰ ਬਿਆਨਦੀ ''ਰਾਜੇ ਸ਼ੀਂਹ ਮੁਕੱਦਮ ਕੁੱਤੇ..'' ਵਾਲੀ ਕਾਵਿਕ ਟੂਕ ਵਿੱਚ ਸਮੋਏ ਅਰਥਾਂ ਨੂੰ ਆਪਣੇ ਮਨ-ਮਸਤਿਕ ਵਿੱਚ ਉਤਾਰਿਆ ਗਿਆ। ਉਹਨਾਂ ਵੱਲੋਂ ਬੁੱਝ ਲਿਆ ਗਿਆ ਕਿ ਮਜ਼ਲੂਮ ਜਨਤਾ (ਕਿਸਾਨ, ਦਸਤਕਾਰ, ਦੱਬੀ-ਕੁਚਲੀ, ਦਲਿਤ ਜਨਤਾ ਆਦਿ) ਰਾਜਿਆਂ-ਰਜਵਾੜਿਆਂ, ਨਵਾਬਾਂ, ਜਾਗੀਰਦਾਰਾਂ ਅਤੇ ਜਾਗੀਰੂ ਆਹਿਲਕਾਰਾਂ ਦੀ ਅੰਨ੍ਹੀਂ ਲੁੱਟ ਦਾਬੇ ਅਤੇ ਜ਼ੁਲਮ ਦੇ ਪੁੜਾਂ ਦਰਮਿਆਨ ਬੁਰੀ ਤਰ੍ਹਾਂ ਪਿਸ ਰਹੀ ਹੈ। ਮਜ਼ਲੂਮ ਜਨਤਾ ਦੀ ਸਰਕਾਰੇ-ਦਰਬਾਰੇ ਕੋਈ ਸੁਣਵਾਈ ਨਹੀਂ ਹੈ। ਨਿਹੱਥੀ ਅਤੇ ਨਿਤਾਣੀ ਜਨਤਾ ਸਾਹਮਣੇ ਜ਼ੋਰਾਵਰਾਂ-ਜਾਬਰਾਂ ਦੇ ਜਬਰੋ-ਜ਼ੁਲਮ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਰਾਹ ਹੈ— ਹੱਥਾਂ ਵਿੱਚ ਤਲਵਾਰ ਲੈ ਉੱਠਣਾ ਅਤੇ ਕਿਰਤੀਆਂ-ਕਿਸਾਨਾਂ ਦੀ ਆਪਣੀ ਫੌਜ ਤਿਆਰ ਕਰਨਾ। ਇਸ ਬੋਧ ਨਾਲ ਲੈਸ ਹੁੰਦਿਆਂ ਹੀ ਗੁਰੂ ਜੀ ਵੱਲੋਂ ਮਿਆਨ 'ਚੋਂ ਤਲਵਾਰ ਨੂੰ ਧੂੰਹਦਿਆਂ ਇਹ ਗਰਜਵੀਂ ਲਲਕਾਰ ਉੱਚੀ ਕੀਤੀ ਗਈ ਕਿ ਇਹਨਾਂ ਸੁਲਤਾਨਾਂ, ਰਾਜਿਆਂ, ਨਵਾਬਾਂ, ਜਾਗੀਰਦਾਰਾਂ ਅਤੇ ਅਹਿਲਕਾਰਾਂ ਦੇ ਲਾਣੇ ਨਾਲ ਕਿਰਤੀਆਂ-ਕਿਸਾਨਾਂ ਅਤੇ ਮਜ਼ਲੂਮਾਂ ਦਾ ਰਿਸ਼ਤਾ ਦੁਸ਼ਮਣਾਨਾ ਹੈ। ਇਹਨਾਂ ਦਾ ਕੰਮ ਮਜ਼ਲੂਮਾਂ ਨੂੰ ਕੁੱਟਣਾ-ਲੁੱਟਣਾ ਹੈ। ਇਸ ਲਈ, ਇਹਨਾਂ ਕੋਲੋਂ ਕਿਸੇ ਰਹਿਮ ਤੇ ਮਿਹਰ ਦੀ ਆਸ ਨਹੀਂ ਕਰਨੀ ਚਾਹੀਦੀ। ਪਹਿਲੇ ਗੁਰੂ ਵੱਲੋਂ ਇਹਨਾਂ ਜਰਵਾਣਿਆਂ ਅਤੇ ਮਜ਼ਲੂਮ ਜਨਤਾ ਦਰਮਿਆਨ ਇਸ ਦੁਸ਼ਮਣਾਨਾ ਰਿਸ਼ਤੇ ਦੀ ਲਕੀਰ ਵਾਹ ਦਿੱਤੀ ਗਈ ਸੀ। ਇਸ ਲਕੀਰ ਨੂੰ ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਅਤੇ ਗੁਰੂ ਤੇਗ ਬਹਾਦਰ ਹੋਰਾਂ ਦੀਆਂ ਸ਼ਹਾਦਤਾਂ ਵੱਲੋਂ ਹੋਰ ਗੂੜ੍ਹਾ ਕੀਤਾ ਗਿਆ ਸੀ ਅਤੇ ਛੇਵੇਂ ਗੁਰੂ ਹਰਗੋਬਿੰਦ ਰਾਏ ਵੱਲੋਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਦਿਆਂ, ਲਕੀਰ ਦੇ ਇੱਕ ਪਾਸੇ ਖੜ੍ਹਦਿਆਂ ਇਸ ਜ਼ਾਲਮ ਲਾਣੇ ਖਿਲਾਫ ਜ਼ਿੰਦਗੀ-ਮੌਤ ਦੀ ਜੰਗ ਦਾ ਆਗਾਜ਼ ਕਰ ਦਿੱਤਾ ਗਿਆ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ''ਬਚਿੱਤਰ ਨਾਟਕ'' ਵਿੱਚ ਆਪਣੇ ਇਸ ਇਤਿਹਾਸਕ ਮਿਸ਼ਨ ਦੀ ਵਿਆਖਿਆ ਕੀਤੀ ਗਈ। ਉਹਨਾਂ ਵੱਲੋਂ ਲਲਕਾਰ ਕੇ ਕਿਹਾ ਗਿਆ ਕਿ ''ਬਲ ਹੂਆ ਬੰਧਨ ਛੂਟੇ'' ਜਾਣੀ ਹਥਿਆਰਬੰਦ ਤਾਕਤ ਨਾਲ ਹੀ ਗੁਲਾਮੀ ਅਤੇ ਜਬਰ-ਜ਼ੁਲਮ ਦੀਆਂ ਬੇੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹਨਾਂ ਲਫਜ਼ਾਂ ਵਿਚਲੇ ਸੱਚ ਨੂੰ ਔਰੰਗਜ਼ੇਬ ਨੂੰ ਲਿਖੇ ਖ਼ਤ ''ਜ਼ਫਰਨਾਮਾ'' ਵਿੱਚ ਕਿਹਾ ਗਿਆ ਹੈ, ''ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ-ਬ-ਸ਼ਮਸ਼ੀਰ ਦਸਤ।'' ਯਾਨੀ ਜਦੋਂ ਸਾਰੇ ਹੀਲੇ-ਵਸੀਲੇ ਮੁੱਕ ਜਾਣ, ਤਾਂ ਹੱਥਾਂ ਵਿੱਚ ਤਲਵਾਰ ਉਠਾਉਣਾ ਜਾਇਜ਼ ਹੈ।
ਗੁਰੂ ਗੋਬਿੰਦ ਰਾਇ ਵੱਲੋਂ ਧੂਹੀ ਤਲਵਾਰ ਦੀ ਲਿਸ਼ਕੋਰ ਮਜ਼ਲੂਮਾਂ ਦੇ ਮਨਾਂ ਵਿੱਚ ਆਸ ਦੀ ਕਿਰਨ ਬਣ ਚਮਕੀ ਅਤੇ ਜ਼ਾਲਮਾਂ ਖਿਲਾਫ ਹੱਥਾਂ ਵਿੱਚ ਹਥਿਆਰ ਲੈ ਕੇ ਉੱਠਣ ਦੀ ਲਲਕਾਰ ਜਾਬਰਾਂ ਦੀ ਦਹਿਸ਼ਤ ਦੇ ਸੰਨਾਟੇ ਨੂੰ ਚੀਰਦਿਆਂ, ਚਾਰੇ ਪਾਸੇ ਗੂੰਜ ਉੱਠੀ। ਬੱਸ ਫਿਰ ਕੀ ਸੀ, ਲੋਕਾਂ ਵੱਲੋਂ ਗੁਰੂ ਜੀ ਨੂੰ ਘੋੜਿਆਂ, ਤਲਵਾਰਾਂ, ਹਥਿਆਰਾਂ ਅਤੇ ਆਪਣੇ ਆਪ ਨੂੰ ਲੜਾਕਿਆਂ ਵਜੋਂ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲੜਾਕੂ ਦਸਤਿਆਂ ਨੂੰ ਸਿੱਖਿਆ-ਸਿਖਲਾਈ ਦਾ ਅਮਲ ਜ਼ੋਰ ਫੜਨ ਲੱਗਿਆ। ਆਪਣੀ ਲੋਕ ਫੌਜ ਦੀ ਮੋਹਰੀ ਟੁਕੜੀ ਵਜੋਂ ਗੁਰੂ ਜੀ ਵੱਲੋਂ 500 ਪਠਾਣਾਂ ਨੂੰ ਵੀ ਭਰਤੀ ਕੀਤਾ ਗਿਆ। ਮੁਸਲਿਮ ਪਠਾਣਾਂ ਦੀ ਐਨ ਸ਼ੁਰੂ ਵਿੱਚ ਹੋਈ ਭਰਤੀ ਦਰਸਾਉਂਦੀ ਹੈ ਕਿ ਗੁਰੂ ਸਾਹਿਬ ਇਸ ਗੱਲ ਤੋਂ ਚੌਕਸ ਸਨ, ਕਿ ਦਿੱਲੀ ਦੇ ਸਮਰਾਟ ਨਵਾਬਾਂ ਅਤੇ ਜਾਗੀਰਸ਼ਾਹੀ ਖਿਲਾਫ ਲੜਾਈ ਦਾ ਇਹ ਪ੍ਰਭਾਵ ਨਹੀਂ ਬਣਨਾ ਚਾਹੀਦਾ ਕਿ ਇਹ ਲੜਾਈ ਕਿਸੇ ਖਾਸ ਧਰਮ ਜਾਣੀ ਸਿਰਫ ਮੁਸਲਮਾਨ ਰਾਜਿਆਂ ਅਤੇ ਜਾਗੀਰਸ਼ਾਹੀ ਖਿਲਾਫ ਹੈ। ਕਿਉਂਕਿ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੀ ਇਹ ਲੜਾਈ ਜਾਬਰਾਂ ਅਤੇ ਮਜ਼ਲੂਮਾਂ ਅਤੇ ਲੁੱਟੇ-ਪੁੱਟੇ ਜਾਣ ਵਾਲਿਆਂ ਦਰਮਿਆਨ ਸੀ। ਲਕੀਰ ਦੇ ਇੱਕ ਪਾਸੇ ਜਾਬਰ ਮੁਸਲਿਮ ਤੇ ਹਿੰਦੂ ਰਾਜੇ, ਨਵਾਬ, ਜਾਗੀਰਦਾਰ ਅਤੇ ਅਹਿਲਾਕਰ ਸਨ। ਲਕੀਰ ਦੇ ਦੂਜੇ ਪਾਸੇ ਸਭਨਾਂ ਧਰਮਾਂ ਦੇ ਕਿਰਤੀ-ਕਿਸਾਨ, ਦਸਤਕਾਰ ਅਤੇ ਕਮਾਊ ਲੋਕ ਸਨ।
ਜਿਉਂ ਹੀ ਪਾਉਂਟਾ ਸਾਹਿਬ ਦੇ ਜੰਗਲਾਂ ਵਿੱਚ ਇਤਿਹਾਸਕ ਜੰਗ ਵਾਸਤੇ ਕਮਰਕੱਸੇ ਕਰ ਰਹੀਆਂ ਫੌਜਾਂ ਦੀਆਂ ਤਲਵਾਰਾਂ ਦੀ ਟੁਣਕਾਰ ਅਤੇ ਜੰਗੀ ਜੈਕਾਰਿਆਂ ਦੀ ਗੂੰਜ ਬਾਈਧਾਰ ਦੇ ਪਹਾੜੀ ਹਿੰਦੂ ਰਾਜਿਆਂ ਦੇ ਕੰਨੀ ਪਈ ਤਾਂ ਉਹ ਗੁਰੂ ਜੀ ਦੀ ਅਗਵਾਈ ਹੇਠ ਕਰਵੱਟ ਲੈ ਰਹੇ ਇਸ ਝੱਖੜ ਦੀ ਕਲਪਨਾ ਕਰਦਿਆਂ ਕੰਬ ਉੱਠੇ। ਬਿਲਾਸਪੁਰ ਦੇ ਰਾਜੇ ਭੀਮ ਚੰਦ ਵੱਲੋਂ ਦੂਸਰੇ ਰਾਜਪੂਤ ਰਾਜਿਆਂ ਨੂੰ ਗੁਰੂ ਜੀ ਦੀ ਅਗਵਾਈ ਹੇਠ ਜ਼ੋਰ ਫੜ ਰਹੀ ਮਜ਼ਲੂਮਾਂ ਦੀ ਤਾਕਤ ਨੂੰ ਮਲੀਆਮੇਟ ਕਰਨ ਲਈ ਇਕੱਠਾ ਕਰ ਲਿਆ ਗਿਆ ਅਤੇ ਨਾਲ ਹੀ ਗੁਰੂ ਜੀ ਦੇ ਫੌਜ ਦੀ ਮੋਹਰੀ ਟੁਕੜੀ ਬਣਦੇ 500 ਪਠਾਣਾਂ ਨੂੰ ਭਾਰੀ ਰਿਸ਼ਵਤ ਰਾਹੀਂ ਕਾਣਾ ਕਰਦਿਆਂ, ਆਪਣੇ ਨਾਲ ਰਲਾ ਲਿਆ। ਉਹਨਾਂ ਗੁਰੂ ਜੀ ਖਿਲਾਫ ਜੰਗੀ ਚੜ੍ਹਾਈ ਕਰ ਦਿੱਤੀ। ਪਾਉਂਟਾ ਸਾਹਿਬ ਤੋਂ ਛੇ ਕਿਲੋਮੀਟਰ ਦੂਰ 1686 ਵਿੱਚ ਭੰਗਾਣੀ ਦੇ ਸਥਾਨ ਉੱਤੇ ਗੁਰੂ ਸਾਹਿਬ ਦੀ ਅਗਵਾਈ ਹੇਠ ਨਿਤਾਣਿਆਂ ਅਤੇ ਨਿਹੱਥਿਆਂ ਦੀ ਜਥੇਬੰਦ ਹੋਈ ਫੌਜ ਦਾ ਪਹਾੜੀ ਹਿੰਦੂ ਰਾਜਿਆਂ ਦੀ ਢਾਣੀ ਦੀਆਂ ਫੌਜਾਂ ਨਾਲ ਪਹਿਲਾ ਟਾਕਰਾ ਹੋਇਆ। ਹਿੰਦੂ ਰਾਜਿਆਂ ਦੀ ਢਾਣੀ ਦੀ ਫੌਜੀ ਤਾਕਤ ਦੇ ਗਿਣਤੀ ਪੱਖੋਂ ਕਿਤੇ ਵੱਡੀ ਹੋਣ ਅਤੇ ਗੁਰੂ ਜੀ ਦੀ ਫੌਜ ਦੀ ਪਠਾਣ ਟੁਕੜੀ ਵੱਲੋਂ ਧੋਖਾ ਦੇ ਜਾਣ ਦੇ ਬਾਵਜੂਦ, ਸੀਸ ਤਲੀ 'ਤੇ ਧਰ ਕੇ ਮੈਦਾਨ ਵਿੱਚ ਉੱਤਰੀ ਮਜ਼ਲੂਮਾਂ ਦੀ ਫੌਜ ਮੂਹਰੇ ਉਹ ਖੜ੍ਹ ਨਾ ਸਕੀ।
ਇਸ ਤੋਂ ਬਾਅਦ ਗੁਰੂ ਜੀ ਵੱਲੋਂ ਆਨੰਦਪੁਰ ਸਾਹਿਬ ਆ ਕੇ ਡੇਰਾ ਜਮਾ ਲਿਆ ਗਿਆ ਅਤੇ ਜਬਰੋ-ਜ਼ੁਲਮ ਖਿਲਾਫ ਸ਼ੁਰੂ ਕੀਤੀ ਲੜਾਈ ਨੂੰ ਹੋਰ ਵੀ ਪ੍ਰਚੰਡ ਕਰਨ ਦਾ ਵਿੱਢ ਵਿੱਢ ਦਿੱਤਾ ਗਿਆ। ਇਸੇ ਸਮੇਂ ਦੌਰਾਨ ਰਾਜਾ ਭੀਮ ਚੰਦ ਵੀ ਗੁਰੂ ਜੀ ਪ੍ਰਤੀ ਆਪਣਾ ਰਵੱਈਆ ਬਦਲਣ ਲਈ ਮਜਬੂਰ ਹੋ ਗਿਆ ਸੀ। ਕਿਉਂਕਿ ਉਸ ਨੂੰ ਮਾਲੀਆ ਉਗਰਾਹੁਣ ਆ ਰਹੇ ਮੁਗਲ ਗਵਰਨਰ ਦਾ ਸਾਹਮਣਾ ਕਰਨ ਦਾ ਭੈਅ ਵੱਢ ਵੱਢ ਖਾ ਰਿਹਾ ਸੀ। ਉਸ ਵੱਲੋਂ ਗੁਰੂ ਜੀ ਨੂੰ ਪਹਾੜੀ ਰਾਜਪੂਤ ਰਾਜਿਆਂ ਨੂੰ ਇੱਕਮੁੱਠ ਕਰਨ ਅਤੇ ਮੁਗਲ ਗਵਰਨਰ ਦਾ ਟਾਕਰਾ ਕਰਨ ਦੀ ਬੇਨਤੀ ਕੀਤੀ ਗਈ। ਮੁਗਲ ਗਵਰਨਰ ਨਾਲ ਗੁਰੂ ਜੀ ਦੀ ਅਗਵਾਈ ਹੇਠਲੀਆਂ ਫੌਜਾਂ ਦਾ ਟਾਕਰਾ ਨਦੌਣ ਵਿਖੇ ਹੋਇਆ, ਜਿੱਥੇ ਉਹਨਾਂ ਵੱਲੋਂ ਮੁਢਲੀ ਫਤਿਹ ਹਾਸਲ ਕੀਤੀ ਗਈ। ਜਿੱਤ ਦੇ ਬਾਵਜੂਦ ਰਾਜਪੂਤ ਰਾਜਿਆਂ ਵੱਲੋਂ ਮੁਗਲ ਗਵਰਨਰ ਨਾਲ ਸੁਲਾਹ-ਸਫਾਈ ਦਾ ਰਾਹ ਅਖਤਿਆਰ ਕੀਤਾ ਗਿਆ। ਗੁਰੂ ਜੀ ਵੱਲੋਂ ਸੁਲਾਹ-ਸਫਾਈ ਦੇ ਇਸ ਗੋਡੇਟੇਕੂ ਅਮਲ ਵਿੱਚ ਭਾਗੀਦਾਰ ਬਣਨ ਤੋਂ ਇਨਕਾਰ ਕਰ ਦਿੱਤਾ ਗਿਆ। ਪਹਾੜੀ ਹਿੰਦੂ ਰਾਜਿਆਂ ਵੱਲੋਂ ਗਵਰਨਰ ਮੂਹਰੇ ਗਿੜਗਿੜਾਉਣ ਦੇ ਬਾਵਜੂਦ ਵੀ ਮੁਗਲ ਸਮਰਾਟ ਵੱਲੋਂ ਇਹਨਾਂ ਰਾਜਿਆਂ ਵੱਲੋਂ ਦਿਖਾਈ ਨਾਬਰੀ ਨੂੰ ਮੁਆਫ ਕਰਦੇ ਇਸ ਸਮਝੌਤੇ ਨੂੰ ਨਾ-ਮਨਜੂਰ ਕਰਦਿਆਂ, ਆਪਣੇ ਪੁੱਤਰ ਮੋਅਜਮ (ਬਹਾਦਰ ਸ਼ਾਹ) ਦੀ ਅਗਵਾਈ ਹੇਠ ਫੌਜ ਭੇਜ ਕੇ ਇਹਨਾਂ ਰਾਜਿਆਂ ਨੂੰ ਅਧੀਨਗੀ ਦੀ ਛਟੀ ਹੇਠ ਲੈ ਆਂਦਾ ਗਿਆ।
ਇਸ ਤੋਂ ਬਾਅਦ ਗੁਰੂ ਜੀ ਵੱਲੋਂ ਬਾਰਾਂ ਸਾਲ ਆਨੰਦਪੁਰ ਵਿਖੇ ਕਿਆਮ ਕੀਤਾ ਗਿਆ। ਉਹਨਾਂ ਵੱਲੋਂ ਆਨੰਦਪੁਰ ਸਾਹਿਬ ਦੀ ਕਿਲੇਬੰਦੀ ਕੀਤੀ ਗਈ। ਉਹਨਾਂ ਵੱਲੋਂ ਸਤਲੁਜ ਅਤੇ ਯਮਨਾ ਵਿਚਕਾਰ ਪਹਾੜੀਆਂ ਦੇ ਨਾਲੋ ਨਾਲ ਚਾਰ ਕਿਲੇ ਆਨੰਦਗੜ੍ਹ, ਕੇਸ਼ਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਬਣਾਏ ਗਏ। ਇਹਨਾਂ ਵਰ੍ਹਿਆਂ ਦੌਰਾਨ ਉਹਨਾਂ ਵੱਲੋਂ ਜਿੱਥੇ ਦੱਬੇ-ਕੁਚਲੇ ਲੋਕਾਂ ਨੂੰ ਉਭਾਰਨ, ਜਥੇਬੰਦ ਕਰਨ ਅਤੇ ਫੌਜੀ ਤਿਆਰੀਆਂ ਦਾ ਜ਼ੋਰਦਾਰ ਅਮਲ ਚਲਾਇਆ ਗਿਆ, ਉੱਥੇ ਸਾਹਿਤ-ਸਭਿਆਚਾਰਕ ਖੇਤਰ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ। ਉਹਨਾਂ ਵੱਲੋਂ ਆਪਣੇ ਕੋਲ 50 ਨਾਮੀ ਕਵੀਆਂ ਅਤੇ ਸਾਹਿਤਕਾਰਾਂ ਨੂੰ ਰੱਖਿਆ ਗਿਆ। ਚਾਰ ਵਿਦਵਾਨਾਂ ਨੂੰ ਹਿੰਦੂ ਮਿਥਿਹਾਸ ਅਤੇ ਸੰਸਕ੍ਰਿਤ ਦਾ ਅਧਿਐਨ ਕਰਨ ਲਈ ਬਨਾਰਸ ਭੇਜਿਆ ਗਿਆ ਅਤੇ ਦਰਬਾਰ ਵਿੱਚ ਰੋਜ਼ਾਨਾ ਸ਼ਾਮ ਨੂੰ ਦਿਵਾਨ ਸਜਾਉਣ ਦਾ ਅਮਲ ਸ਼ੁਰੂ ਕੀਤਾ ਗਿਆ, ਜਿੱਥੇ ਕਵੀਆਂ ਵੱਲੋਂ ਇਤਿਹਾਸਕ ਨਾਇਕਾਂ ਦੀ ਸੂਰਮਗਤੀ ਦੀ ਉਸਤਤੀ ਕਰਦੀਆਂ ਕਵਿਤਾਵਾਂ ਬੋਲੀਆਂ ਜਾਂਦੀਆਂ ਸਨ ਅਤੇ ਗਾਮੰਤਰੀਆਂ ਵੱਲੋਂ ਜੋਸ਼ ਭਰਪੂਰ ਵਾਰਾਂ ਗਾਈਆਂ ਜਾਂਦੀਆਂ ਸਨ।
ਇਸੇ ਅਰਸੇ ਦੌਰਾਨ ਗੁਰੂ ਸਾਹਿਬ ਵੱਲੋਂ ਇਤਿਹਾਸਕ ਅਹਿਮੀਅਤ ਰੱਖਦੇ ਦੋ ਵੱਡੇ ਕਦਮ ਲਏ ਗਏ। ਇੱਕ— ਉਹਨਾਂ ਵੱਲੋਂ ਸਿੱਖ ਧਰਮ ਨੂੰ ਪਰਜੀਵੀ ਬਣ ਕੇ ਚੁੰਬੜੇ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਚੱਲ ਰਹੇ ਮਸੰਦਾਂ ਦੀ ਸੰਸਥਾ ਦਾ ਫਸਤਾ ਵੱਢ ਦਿੱਤਾ ਗਿਆ। ਇਹ ਮਸੰਦ ਇੱਕ ਤਰ੍ਹਾਂ ਨਾਲ ਡੇਰਾਵਾਦ ਦਾ ਰੂਪ ਸਨ। ਉਹ ਸੰਗਤਾਂ ਤੋਂ ਭੇਟਾ ਉਗਰਾਹੁੰਦੇ ਸਨ। ਪਰ ਇਹ ਭੇਟਾ ਉੱਪਰ ਗੁਰੂ ਸਾਹਿਬ ਤੱਕ ਪੁਚਾਉਣ ਅਤੇ ਜਨਤਾ ਦੇ ਭਲੇ ਲਈ ਖਰਚਣ ਦੀ ਬਜਾਇ, ਆਪਣੀ ਜਾਇਦਾਦ ਬਣਾਉਣ-ਵਧਾਉਣ ਲਈ ਵਰਤਦੇ ਸਨ। ਇਹਨਾਂ ਵਿੱਚੋਂ ਬਹੁਤ ਸਾਰੇ ਸੂਦਖੋਰੀ ਧੰਦੇ ਵਿੱਚ ਗਲਤਾਨ ਸਨ। ਉਹਨਾਂ ਵੱਲੋਂ ਆਪੋ-ਆਪਣੇ ਵਾਰਸ ਐਲਾਨੇ ਜਾਂਦੇ ਸਨ। ਇਉਂ, ਇਹ ਸੰਸਥਾ ਪਰਜੀਵੀ ਗੁਰੂਡਮ ਦੀ ਸ਼ਕਲ ਵਿੱਚ ਸਿੱਖ ਧਰਮ ਵਿੱਚ ਨਿਘਾਰ ਦਾ ਵੱਡਾ ਕਾਰਨ ਬਣ ਹੋਈ ਸੀ। ਗੁਰੂ ਸਾਹਿਬ ਵੱਲੋਂ ਇਸ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਦੀ ਨਿਹਫਲਤਾ ਨੂੰ ਅਗਾਊ ਬੁੱਝਦਿਆਂ, ਮਸੰਦ ਸੰਸਥਾ ਦਾ ਉੱਕਾ ਹੀ ਭੋਗ ਪਾ ਦਿੱਤਾ ਗਿਆ। ਦੂਜਾ- ਉਹਨਾਂ ਵੱਲੋਂ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਤੋਂ ਚਲੀ ਆਉਂਦੀ ਗੁਰੂ ਸੰਸਥਾ ਦੇ ਦੇਹਧਾਰੀ ਰੂਪ ਨੂੰ ਸਮਾਪਤ ਕਰਨ ਦੀ ਦਿਸ਼ਾ ਵਿੱਚ ਕਦਮ ਲਏ ਗਏ, ਜਿਸ ਕਰਕੇ, ਅੱਗੇ ਜਾ ਕੇ ਗੁਰੂ ਸੰਸਥਾ ਦੇਹਧਾਰੀ ਰੂਪ ਨੂੰ ਸ਼ਬਦ-ਗੁਰੂ ਦਾ ਰੂਪ ਦੇ ਦਿੱਤਾ ਗਿਆ, ਯਾਨੀ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦਾ ਗੁਰੂ ਥਾਪ ਦਿੱਤਾ ਗਿਆ। ਇਉਂ, ਉਹਨਾਂ ਵੱਲੋਂ ਸਿੱਖ ਗੁਰੂਆਂ ਦੇ ਜੀਵਨ-ਫਲਸਫੇ ਅਤੇ ਵਿਚਾਰਾਂ ਨੂੰ ਸਿੱਖ ਧਰਮ ਅੰਦਰ ਚੁਣੌਤੀ ਰਹਿਤ ਸੰਸਥਾਈ ਰੂਪ ਦੇ ਦਿੱਤਾ ਗਿਆ। ਕੁੱਝ ਇਤਿਹਾਸਕ ਹਲਕਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਵੱਲੋਂ ਇਉਂ ਕਰਨ ਦਾ ਇੱਕ ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਉਹ ਗੁਰੂ ਦੇ ''ਜੋਤੀ ਜੋਤ ਸਮਾਉਣ'' ਤੋਂ ਗੁਰਗੱਦੀ 'ਤੇ ਦਾਅਵੇਦਾਰੀ ਸਬੰਧੀ ਪਿਛਲੇ ਅਰਸੇ ਵਿੱਚ ਖੜ੍ਹੇ ਹੋਏ ਵਿਵਾਦਾਂ ਜਿਹੀ ਹਾਲਤ ਦਾ ਆਧਾਰ ਸਦਾ ਲਈ ਖਤਮ ਕਰਨਾ ਚਾਹੁੰਦੇ ਸਨ। ਇਹ ਗੱਲ ਠੀਕ ਹੈ ਜਾਂ ਨਹੀਂ- ਇਸ ਨੂੰ ਲਾਂਭੇ ਛੱਡਦਿਆਂ, ਇੱਕ ਗੱਲ ਇਹ ਕਹੀ ਜਾ ਸਕਦੀ ਹੈ ਕਿ ਗੁਰੂ ਸਾਹਿਬ ਵੱਲੋਂ ਵਿਅਕਤੀ ਨਾਲੋਂ ਵਿਚਾਰਾਂ ਅਤੇ ਗੁਰੂ ਨਾਲੋਂ ਗੁਰੂ ਦੇ ਵਿਚਾਰਾਂ ਦੀ ਉਤਮਤਾ ਸਥਾਪਤ ਕਰਨ ਲਈ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ ਗੱਦੀ 'ਤੇ ਸੁਸ਼ੋਭਤ ਕਰਨ ਬਾਰੇ ਕੀਤਾ ਗਿਆ।
ਧਾਰਮਿਕ-ਵਿਚਾਰਧਾਰਕ ਖੇਤਰ ਵਿੱਚ ਇਹ ਇਤਿਹਾਸਕ ਕਦਮ ਲੈਣ ਦੇ ਨਾਲੋ ਨਾਲ ਦਸਮ ਗੁਰੂ ਵੱਲੋਂ ਸਿਆਸੀ-ਫੌਜੀ ਖੇਤਰ 'ਤੇ ਧਿਆਨ ਕੇਂਦਰ ਕਰਦਿਆਂ, ਲੋਕਾਂ ਨੂੰ ਵਿਚਾਰਧਾਰਕ ਅਤੇ ਮਾਨਸਿਕ ਤੌਰ 'ਤੇ ਲੜਨ-ਮਰਨ ਲਈ ਤਿਆਰ ਕਰਨ ਵੱਲ ਰੁਖ ਕੀਤਾ ਗਿਆ। ਉਹਨਾਂ ਵੱਲੋਂ ਮਜ਼ਲੂਮਾਂ ਨੂੰ ਮੌਤ ਦੇ ਭੈਅ ਤੋਂ ਮੁਕਤ ਅਤੇ ਕਿਸੇ ਵੀ ਦੁਨਿਆਵੀ ਲਾਲਚ ਤੋਂ ਮੁਕਤ ਇਨਸਾਨ ਵਿੱਚ ਤਬਦੀਲ ਕਰਨ ਲਈ ਖਾਲਸਾ ਪੰਥ ਸਿਰਜਣ ਬਾਰੇ ਸੋਚਿਆ ਗਿਆ। ਇਸ ਮਕਸਦ ਲਈ ਉਹਨਾਂ ਵੱਲੋਂ 1699 ਦੀ ਵਿਸਾਖੀ ਮੌਕੇ ਆਨੰਦਪੁਰ ਦੀ ਧਰਤੀ 'ਤੇ ਸੰਗਤਾਂ ਦਾ ਵਿਸ਼ਾਲ ਇਕੱਠ ਕਰਨ ਲਈ ਦੂਰ ਦੂਰ ਤੱਕ ਸੁਨੇਹੇ ਭੇਜੇ ਗਏ ਅਤੇ ਇੱਕ ''ਹੁਕਮਨਾਮਾ'' ਵੀ ਜਾਰੀ ਕੀਤਾ ਗਿਆ। ਇਸ ਦਿਨ ਹੋਏ ਵਿਸ਼ਾਲ ਇਕੱਠ ਸਾਹਮਣੇ ਆਉਂਦਿਆਂ, ਸਮੇਂ ਦੇ ਹਾਕਮਾਂ ਦੇ ਜਬਰ-ਜ਼ੁਲਮ ਵਿਰੁੱਧ ਲੜਨ, ਹੱਕ-ਸੱਚ ਦੀ ਰਾਖੀ ਕਰਨ, ਗੁਲਾਮਾਂ ਵਰਗੀ ਰੀਂਗਦੀ ਜ਼ਿੰਦਗੀ ਨੂੰ ਲੱਤ ਮਾਰਨ ਅਤੇ ਸਿਰ ਉੱਠਾ ਕੇ ਗੈਰਤਮੰਦ ਜ਼ਿੰਦਗੀ ਜਿਉਣ ਲਈ ਮੌਤ ਤੋਂ ਭੈਅ ਮੁਕਤ ਅਤੇ ਸਭ ਕਿਸਮ ਦੇ ਦੁਨਿਆਵੀ ਲਾਲਚਾਂ ਤੋਂ ਮੁਕਤ ਸਿੰਘ (ਸ਼ੇਰ) ਸਜਣ ਲਈ ਲਲਕਾਰਿਆ ਗਿਆ। ਉਹਨਾਂ ਵੱਲੋਂ ਮਿਆਨ ਵਿੱਚੋਂ ਤਲਵਾਰ ਨੂੰ ਬਾਹਰ ਕੱਢਦਿਆਂ, ਅਜਿਹੇ ਪੰਜ ਵਿਅਕਤੀਆਂ ਨੂੰ ਅੱਗੇ ਆਉਣ ਲਈ ਕਿਹਾ ਗਿਆ, ਜਿਹੜੇ ਜੀਣ ਦੀ ਆਸ ਛੱਡ ਕੇ ''ਪਹਿਲਾਂ ਮਰਣ ਕਬੂਲ'' ਕਰਦੇ ਹਨ, ਜਿਹੜੇ ''ਸੀਸ ਤਲੀ ਧਰ'' ਹੱਕ ਸੱਚ ਦੇ ਮਾਰਗ 'ਤੇ ਕਦਮ ਰੱਖਣ ਲਈ ਤਿਆਰ ਹਨ ਅਤੇ ਜਿਹੜੇ ਸਿਰ ਦੇਣ ਲਈ ਤਤਪਰ ਹਨ। ਕੁੱਝ ਵਿਅਕਤੀਆਂ ਵੱਲੋਂ ਵੇਦਾਂ ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਗੁਰੂ ਸਾਹਿਬ ਵੱਲੋਂ ਜੋ ਰਾਹ ਅਪਣਾਇਆ ਜਾ ਰਿਹਾ ਹੈ, ਇਹ ਠੀਕ ਨਹੀਂ ਅਤੇ ਉਹਨਾਂ ਨੂੰ ਮਨਜੂਰ ਨਹੀਂ। ਪਰ ਗੁਲਾਮਾਨਾ ਜ਼ਹਿਨੀਅਤ ਅਤੇ ਪਿਛਾਂਹਖਿੱਚੂ ਰੂੜੀਵਾਦੀ ਵਿਚਾਰਾਂ ਨਾਲ ਗਰਸੇ ਇੱਕ ਛੋਟੇ ਹਿੱਸੇ ਨੂੰ ਛੱਡਦਿਆਂ, ਸੰਗਤਾਂ ਵੱਲੋਂ ਗੁਰੂ ਜੀ ਦੀ ਵੰਗਾਰਵੀਂ ਲਲਕਾਰ ਨੂੰ ਗਰਜਵਾਂ ਹੁੰਗਾਰਾ ਦਿੱਤਾ ਗਿਆ। ਇਕੱਠ ਵਿੱਚੋਂ ਇੱਕ ਇੱਕ ਕਰਕੇ ਪੰਜ ਕਿਰਤੀ-ਕਾਮੇ ਉੱਠੇ ਜਿਹੜੇ ਪੰਜ ਵੱਖੋ ਵੱਖ ਜਾਤਾਂ ਨਾਲ ਸਬੰਧ ਰੱਖਦੇ ਸਨ। ਜਿਹਨਾਂ ਨੂੰ ਗੁਰੂ ਸਾਹਿਬ ਵੱਲੋਂ ਖੰਡੇ ਦੀ ਪਾਹੁਲ ਨਾਲ ਤਿਆਰ ਕੀਤਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਇਹਨਾਂ ਪੰਜ ਵਿਅਕਤੀਆਂ ਨੂੰ ਖਾਲਸਾ ਪੰਥ ਦੇ ਪੰਜ ਪਿਆਰਿਆਂ ਦਾ ਨਾਂ ਦਿੱਤਾ ਗਿਆ। ਫਿਰ ਪੰਜਾਂ ਪਿਆਰਿਆਂ ਹੱਥੋਂ ਗੁਰੂ ਜੀ ਵੱਲੋਂ ਅੰਮ੍ਰਿਤ ਛਕਿਆ ਗਿਆ ਅਤੇ ਖੁਦ ਨੂੰ ਸਿੰਘ ਸਜਾਇਆ ਗਿਆ। ਇਸ ਤੋਂ ਬਾਅਦ ਗੁਰੂ ਗੋਬਿੰਦ ਰਾਇ ਗੁਰੂ ਗੋਬਿੰਦ ਸਿੰਘ ਬਣ ਗਏ। ਇੱਕ ਇਤਿਹਾਸਕਾਰ ਮੁਤਾਬਕ ਇੱਥੇ ਤਕਰੀਬਨ 20000 ਵਿਅਕਤੀਆਂ ਵੱਲੋਂ ਅੰਮ੍ਰਿਤ ਛਕ ਕੇ ਸਿੰਘ ਸਜਿਆ ਗਿਆ। ਇਉਂ, ਗੁਰੂ ਸਾਹਿਬ ਵੱਲੋਂ ਸਭ ਕਿਸਮ ਦੇ ਜਾਤਪਾਤੀ ਅਤੇ ਸਮਾਜਿਕ ਵਖਰੇਵਿਆਂ 'ਤੇ ਕਾਟਾਂ ਫੇਰਦਿਆਂ, ''ਸਰਬੱਤ ਦੇ ਭਲੇ'' ਅਤੇ ਹੱਕ-ਸੱਚ ਲਈ ਲੜਨ-ਮਰਨ ਲਈ ਤਤਪਰ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ। ਹਿੰਦੂ ਨਾਵਾਂ ਨੂੰ ਤਬਦੀਲ ਕਰਦਿਆਂ, ਸਭਨਾਂ ਸਿੱਖਾਂ ਨੂੰ ਇੱਕ ਸਾਂਝਾ ਪਰਿਵਾਰਕ ਨਾਂ ''ਸਿੰਘ'' ਦਿੱਤਾ ਗਿਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਭਨਾਂ ਸਿੱਖਾਂ ਦੇ ਪਿਤਾ, ਸਾਹਿਬ ਕੌਰ ਮਾਤਾ ਅਤੇ ਆਨੰਦਪੁਰ ਸਾਹਿਬ ਖਾਲਸਾ ਪੰਥ ਦੀ ਜਨਮ ਭੂਮੀ ਬਣ ਗਏ।
ਇਉਂ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕਰਕੇ ਜਿੱਥੇ ਸਿੱਖਾਂ ਅੰਦਰ ਪੰਜ ਪਿਆਰਿਆਂ ਦੀ ਜਮਹੂਰੀ ਸੰਸਥਾ ਦੀ ਸਥਾਪਨਾ ਕੀਤੀ ਗਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਨੂੰ ਸਿਰ-ਮੱਥੇ ਕਬੂਲ ਕਰਨ ਦੀ ਅਹਿਮੀਅਤ ਨੂੰ ਸਥਾਪਤ ਕੀਤਾ ਗਿਆ, ਉੱਥੇ ''ਖਾਲਸਾ ਮੇਰੋ ਰੂਪ ਹੈ ਖਾਸ'' ਆਖਦਿਆਂ, ਖਾਲਸਾ ਪੰਥ ਦੀ ਸਮੂਹਿਕ ਹਸਤੀ ਦੀ ਸਰਬ-ਉੱਚਤਾ ਨੂੰ ਸਥਾਪਤ ਕੀਤਾ ਗਿਆ।
ਆਨੰਦਪੁਰ ਸਾਹਿਬ ਵਿਖੇ ਖਾਲਸਾ ਸਿਰਜਣਾ ਦੇ ਆਗਾਜ਼ ਤੋਂ ਬਾਅਦ ਉੱਤਰੀ ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਜਨਤਾ ਵੱਲੋਂ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਦਿਆਂ, ਖਾਲਸਾ ਪੰਥ ਵਿੱਚ ਸ਼ੁਮਾਰ ਹੋਇਆ ਗਿਆ। ਇਸ ਤੋਂ ਬਾਅਦ ਆਨੰਦਪੁਰ ਦੀਆਂ ਪਹਾੜੀਆਂ ਜੰਗੀ ਨਗਾਰੇ ਦੀ ਧਮਕ ਅਤੇ ਜੈਕਾਰਿਆਂ ਨਾਲ ਗੂੰਜਣ ਲੱਗ ਪਈਆਂ। ਗੁਰੂ ਗੋਬਿੰਦ ਸਿੰਘ ਵੱਲੋਂ ਰੰਗਾਂ ਦੇ ਤਿਉਹਾਰ ਕਹੇ ਜਾਂਦੇ ਹਿੰਦੂ ਧਰਮ ਦੇ ਤਿਉਹਾਰ ਹੋਲੀ ਨੂੰ ਜੰਗੀ ਤਿਉਹਾਰ ਵਿੱਚ ਬਦਲਦਿਆਂ, ਇਸ ਨੂੰ ਹੋਲੇ ਮਹੱਲੇ ਦਾ ਨਾਂ ਦਿੱਤਾ ਗਿਆ ਅਤੇ ਤਿਉਹਾਰ ਦੇ ਦਿਨਾਂ ਵਿੱਚ ਖੇਡੀ ਜਾਣ ਵਾਲੀ ਰੰਗਾਂ ਦੀ ਖੇਡ ਨੂੰ ਜੰਗੀ ਕਰਤਵਾਂ ਅਤੇ ਰਿਹਰਸਲ ਦੀ ਜੰਗਜੂ ਨੁਮਾਇਸ਼ ਵਿੱਚ ਬਦਲ ਦਿੱਤਾ ਗਿਆ। ਇਉਂ, ਗੁਰੂ ਗੋਬਿੰਦ ਸਿੰਘ ਵੱਲੋਂ ਇੱਕ ਰੁਮਾਂਚਿਕ ਤਿਉਹਾਰ ਦਾ ਜੰਗੀ ਬਦਲ ਸਥਾਪਤ ਕੀਤਾ ਗਿਆ। ਅੱਜ ਤੱਕ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਪੰਜਾਬ ਦੇ ਸਭ ਤੋਂ ਵੱਡੇ ਸਮੂਹਿਕ ਤਿਉਹਾਰ ਵਜੋਂ ਸਥਾਪਤ ਚਲਿਆ ਆ ਰਿਹਾ ਹੈ।
ਆਨੰਦਪੁਰ ਦੀ ਧਰਤੀ ਤੋਂ ਉੱਠ ਰਹੀ ਜੰਗੀ ਨਗਾਰੇ ਦੀ ਗੂੰਜ ਨਾਲ ਪਹਾੜੀ ਹਿੰਦੂ ਰਾਜਿਆਂ, ਵਿਸ਼ੇਸ਼ ਕਰਕੇ ਬਿਲਾਸਪੁਰ ਦੇ ਰਾਜੇ ਦੀ ਰਾਤਾਂ ਦੀ ਨੀਂਦ ਉੱਡ ਗਈ। ਉਹਨਾਂ ਨੂੰ ਇਹ ਫਿਕਰ ਸਤਾਉਣ ਲੱਗ ਪਿਆ ਕਿ ਜੇ ਉਹਨਾਂ ਵੱਲੋਂ ਖਾਲਸਾ ਪੰਥ ਦੇ ਇਸ ਉੱਠ ਰਹੇ ਝੱਖੜ ਨੂੰ ਨੱਪਣ ਲਈ ਕੁੱਝ ਨਾ ਕੀਤਾ ਗਿਆ ਤਾਂ ਮੁਗਲ ਹਕੂਮਤ ਦਾ ਗੁੱਸਾ ਉਹਨਾਂ 'ਤੇ ਨਾਜ਼ਲ ਹੋਵੇਗਾ।
ਬਿਲਾਸਪੁਰ ਦੇ ਰਾਜੇ ਭੀਮ ਚੰਦ ਵੱਲੋਂ ਬਾਕੀ ਰਾਜਿਆਂ ਨਾਲ ਇਹ ਮਤਾ ਪਕਾਇਆ ਗਿਆ ਕਿ ਗੁਰੂ ਸਾਹਿਬ ਨੂੰ ਪਹਾੜੀਆਂ ਤੋਂ ਬਾਹਰ ਕੱਢਿਆ ਜਾਵੇ। ਬਿਲਾਸਪੁਰ ਦੇ ਰਾਜੇ ਵੱਲੋਂ ਪਹਿਲਾਂ ਗੁਰੂ ਸਾਹਿਬ ਕੋਲੋਂ ਆਨੰਦਪੁਰ ਵਿੱਚ ਕਬਜ਼ੇ ਹੇਠ ਕੀਤੀ ਜ਼ਮੀਨ ਦਾ ਠੇਕਾ ਮੰਗਿਆ ਗਿਆ, ਜਦੋਂ ਗੁਰੂ ਸਾਹਿਬ ਵੱਲੋਂ ਇਹ ਕਹਿੰਦਿਆਂ ਠੇਕਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਇਹ ਜ਼ਮੀਨ ਉਹਨਾਂ ਦੇ ਪਿਤਾ ਵੱਲੋਂ ਖਰੀਦੀ ਗਈ ਸੀ, ਤਾਂ ਪਹਾੜੀ ਰਾਜਿਆਂ ਵੱਲੋਂ ਆਨੰਦਪੁਰ ਸਾਹਿਬ ਦੀ ਫੌਜੀ ਘੇਰਾਬੰਦੀ ਕਰਦਿਆਂ, ਖਾਧ-ਖੁਰਾਕ ਦੀ ਸਪਲਾਈ ਨੂੰ ਠੱਪ ਕਰ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਦੇ ਵੱਡੇ ਸਪੁੱਤਰ ਅਜੀਤ ਸਿੰਘ ਦੀ ਅਗਵਾਈ ਵਿੱਚ ਚਾਹੇ ਕਈ ਵਾਰੀ ਇਸ ਘੇਰਾਬੰਦੀ ਨੂੰ ਸੰਨ੍ਹ ਵੀ ਲਾਇਆ ਗਿਆ, ਪਰ ਅਖੀਰ ਗੁਰੂ ਗੋਬਿੰਦ ਸਿੰਘ ਵੱਲੋਂ ਆਨੰਦਪੁਰ ਨੂੰ ਛੱਡ ਕੇ ਕੀਰਤਪੁਰ ਕੋਲ ਨਿਰਮੋਹ ਨਾਂ ਦੇ ਪਿੰਡ ਪਹੁੰਚਿਆ ਗਿਆ। ਬਿਲਾਪੁਰ ਦੇ ਰਾਜੇ ਵੱਲੋਂ ਗੁਰੂ ਜੀ ਦੇ ਕਾਫ਼ਲੇ 'ਤੇ ਘਾਤ ਲਾ ਕੇ ਹਮਲਾ ਕੀਤਾ ਗਿਆ, ਜਿਸ ਨੂੰ ਪਛਾੜ ਦਿੱਤਾ ਗਿਆ। ਫਿਰ ਪਹਾੜੀ ਰਾਜਿਆਂ ਵੱਲੋਂ ਮੁਗਲ ਸਾਮਰਾਜ ਨੂੰ ਮੱਦਦ ਲਈ ਲੇਲ੍ਹਕੜੀਆਂ ਕੱਢਣ 'ਤੇ, ਉਸ ਵੱਲੋਂ ਸਰਹੰਦ ਅਤੇ ਲਾਹੌਰ ਤੋਂ ਫੌਜਾਂ ਭੇਜੀਆਂ ਗਈਆਂ, ਜਿਹਨਾਂ ਵੱਲੋਂ ਨਿਰਮੋਹ ਵਿੱਚ ਗੁਰੂ ਜੀ ਦੇ ਕਾਫਲੇ ਨੂੰ ਘੇਰ ਲਿਆ ਗਿਆ। ਪਰ ਉਹਨਾਂ ਦੀ ਘੇਰਾਬੰਦੀ ਨੂੰ ਤੋੜਦਿਆਂ, ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਆਖਰ ਲੜਾਈ ਦੇ ਮੈਦਾਨ ਵਿੱਚ ਬੁਰੀ ਤਰ੍ਹਾਂ ਪਛਾੜ ਖਾਣ ਤੋਂ ਬਾਅਦ ਬਿਲਾਸਪੁਰ ਦੇ ਰਾਜੇ ਵੱਲੋਂ ਗੁਰੂ ਨਾਲ ਇੱਕ ਵਾਰੀ ਰਾਜ਼ੀਨਾਮਾ ਕਰ ਲਿਆ ਗਿਆ। ਇਸ ਤੋਂ ਬਾਅਦ ਵਿੱਚ ਗੁਰੂ ਸਾਹਿਬ ਆਨੰਦਪੁਰ ਵਾਪਸ ਪਰਤ ਆਏ।
ਇੱਥੇ ਆ ਕੇ ਗੁਰੂ ਜੀ ਵੱਲੋਂ ਪਹਾੜੀ ਰਾਜਿਆਂ ਦੇ ਖੋਟੇ ਮਨਸੂਬਿਆਂ ਨੂੰ ਅਗਾਊਂ ਬੁੱਝਦਿਆਂ, ਆਪਣੀਆਂ ਜੰਗੀ ਤਿਆਰੀਆਂ ਵਿੱਚ ਕੋਈ ਢਿੱਲ ਨਹੀਂ ਆਉਣ ਦਿੱਤੀ ਗਈ। ਉਹਨਾਂ ਵੱਲੋਂ ਖਾਲਸਾ ਲ਼ੜਾਕੂਆਂ ਨੂੰ ਤਿਆਰ-ਬਰ-ਤਿਆਰ ਕੀਤਾ ਗਿਆ ਅਤੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਣਾਇਆ ਗਿਆ। ਪਹਾੜੀ ਹਿੰਦੂ ਰਾਜਿਆਂ ਵੱਲੋਂ ਫਿਰ ਮੁਗਲ ਸਮਰਾਟ ਦੇ ਦਰਬਾਰ ਵਿੱਚ ਪੇਸ਼ ਹੁੰਦਿਆਂ, ਗੁਰੂ ਸਾਹਿਬ ਦੀ ਵਧ ਰਹੀ ਤਾਕਤ ਤੋਂ ਖਬਰਦਾਰ ਕੀਤਾ ਗਿਆ। ਬਾਦਸ਼ਾਹ ਔਰੰਗਜ਼ੇਬ ਵੱਲੋਂ ਖਾਲਸਾ ਤਾਕਤ ਨੂੰ ਨੇਸਤੋ-ਨਾਬੂਦ ਕਰਨ ਲਈ ਸਰਹੰਦ ਅਤੇ ਲਾਹੌਰ ਦੇ ਸੂਬੇਦਾਰਾਂ ਨੂੰ ਪਹਾੜੀ ਰਾਜਿਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਨ ਦਾ ਫੁਰਮਾਨ ਚਾੜ੍ਹ ਦਿੱਤਾ ਗਿਆ। ਪਹਾੜੀ ਰਾਜਿਆਂ ਦੀ ਫੌਜ ਅਤੇ ਮੁਗਲ ਫੌਜ ਵੱਲੋਂ ਮਿਲ ਕੇ ਫਿਰ ਆਨੰਦਪੁਰ ਸਾਹਿਬ ਨੂੰ ਘੇਰ ਲਿਆ ਗਿਆ। ਜਦੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਮੁਗਲ ਫੌਜਾਂ ਬੁਰੀ ਤਰ੍ਹਾਂ ਹੰਭ ਗਈਆਂ ਤਾਂ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਸ਼ਰਤ 'ਤੇ ਸੁਰੱਖਿਅਤ ਲਾਂਘਾ ਦੇਣ ਦੀ ਪੇਸ਼ਕਸ਼ ਕੀਤੀ ਗਈ। ਗੁਰੂ ਗੋਬਿੰਦ ਸਿੰਘ ਵੱਲੋਂ ਆਪਣੇ ਪਰਿਵਾਰ ਅਤੇ ਇੱਕ ਖਾਲਸਾ ਫੌਜ ਦੀ ਟੁਕੜੀ ਨੂੰ ਨਾਲ ਲੈਂਦਿਆਂ, ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਗਿਆ। ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਲੋਂ ਆਪਣੀ ਸਹੁੰ ਨੂੰ ਤੋੜਦਿਆਂ, ਗੁਰੂ ਸਾਹਿਬ ਦੇ ਕਾਫ਼ਲੇ ਦਾ ਪਿੱਛਾ ਕੀਤਾ ਗਿਆ। ਗੁਰੂ ਸਾਹਿਬ ਵੱਲੋਂ ਆਪਣੀ ਮਾਤਾ, ਪਤਨੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਬ੍ਰਾਹਮਣ ਸੇਵਕ ਗੰਗੂ ਰਾਮ ਦੇ ਭਰੋਸੇ 'ਤੇ ਛੱਡ ਦਿੱਤਾ ਗਿਆ ਅਤੇ ਭਾਈ ਉਦੈ ਸਿੰਘ ਦੀ ਅਗਵਾਈ ਹੇਠ ਇੱਕ ਜਥੇ ਨੂੰ ਪਿੱਛਾ ਕਰ ਰਹੀਆਂ ਦੁਸ਼ਮਣ ਫੌਜ ਨੂੰ ਵਕਤੀ ਤੌਰ 'ਤੇ ਠੱਲ੍ਹ ਪਾ ਕੇ ਰੱਖਣ ਲਈ ਛੱਡਦਿਆਂ ਆਪ ਚਾਲੀ ਸਿੰਘਾਂ ਨਾਲ ਚਮਕੌਰ ਪਹੁੰਚ ਗਏ। ਉੱਥੇ ਉਹਨਾਂ ਵੱਲੋਂ ਇੱਕ ਹਵੇਲੀ ਨੂੰ ਕਿਲੇ ਵਿੱਚ ਬਦਲਦਿਆਂ, ਆਖਰੀ ਦਮ ਤੱਕ ਲੜਨ ਦਾ ਤਹੱਈਆ ਕੀਤਾ ਗਿਆ। ਇਸ ਗਹਿਗੱਚ ਲੜਾਈ ਵਿੱਚ ਇੱਕ ਇੱਕ ਕਰਕੇ ਸਿੰਘ ਸ਼ਹੀਦ ਹੁੰਦੇ ਚਲੇ ਗਏ। ਇਸੇ ਲੜਾਈ ਵਿੱਚ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੂਝਾਰ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਸਭ ਕੁੱਝ ਦਾਅ 'ਤੇ ਲੱਗਦਾ ਦੇਖਦਿਆਂ ਪੰਜ ਸਿੰਘਾਂ (ਪਿਆਰਿਆਂ) ਵੱਲੋਂ ਗੁਰੂ ਜੀ ਨੂੰ ਚਮਕੌਰ ਤੋਂ ਬਚ ਕੇ ਨਿਕਲ ਜਾਣ ਦਾ ਹੁਕਮ ਸੁਣਾਇਆ ਗਿਆ। ਗੁਰੂ ਗੋਬਿੰਦ ਸਿੰਘ ਦੀ ਸ਼ਕਲ ਨਾਲ ਮਿਲਦੀ ਜੁਲਦੀ ਸ਼ਕਲ ਵਾਲਾ ਇੱਕ ਸਿੰਘ ਸੰਗਤ ਸਿੰਘ ਉਹਨਾਂ ਦੇ ਕੱਪੜੇ ਪਹਿਨ ਕੇ ਮੈਦਾਨ ਵਿੱਚ ਲੜਨ ਲਈ ਨਿੱਤਰਿਆ ਅਤੇ ਲੜਦਾ ਹੋਇਆ ਸ਼ਹੀਦ ਹੋ ਗਿਆ। ਦੁਸ਼ਮਣ ਫੌਜਾਂ ਗੁਰੂ ਜੀ ਨੂੰ ਮਾਰ ਮੁਕਾਉਣ ਦੇ ਭਰਮ ਵਿੱਚ ਖੁਸ਼ੀ ਮਨਾਉਂਦੀਆਂ ਰਹੀਆਂ, ਪਰ ਉਹ ਖੁਦ ਬਚ ਕੇ ਨਿਕਲ ਗਏ। ਦੋ ਪਠਾਣ- ਗਨੀ ਖਾਂ ਅਤੇ ਨਬੀ ਖਾਂ ਉਹਨਾਂ ਨੂੰ ਪਾਲਕੀ ਵਿੱਚ ਬਿਠਾ ਕੇ ਮਾਛੀਵਾੜੇ ਦੁਸ਼ਮਣ ਦੇ ਘੇਰੇ ਵਿੱਚੋਂ ਇਹ ਕਹਿੰਦਿਆਂ ਬਚਾ ਕੇ ਲੈ ਗਏ ਕਿ ਇਸ ਪਾਲਕੀ ਵਿੱਚ ਉਹਨਾਂ ਦਾ ਪੀਰ ਬੈਠਾ ਹੈ। ਇਉਂ, ਉਹ ਬਚਦੇ ਬਚਾਉਂਦੇ ਜਗਰਾਉਂ ਨੇੜੇ ਪਿੰਡ ਜੱਟਪੁਰਾ ਪਹੁੰਚ ਗਏ। ਇੱਥੇ ਹੀ ਉਹਨਾਂ ਨੂੰ ਸਰਹੰਦ ਦੇ ਨਵਾਬ ਵਜ਼ੀਦ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ 9 ਸਾਲ ਅਤੇ ਫਤਿਹ ਸਿੰਘ 7 ਸਾਲ) ਨੂੰ ੍ਰਸ਼ਹੀਦ ਕੀਤੇ ਜਾਣ ਦੀ ਖਬਰ ਮਿਲੀ।
ਵਜ਼ੀਦ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਦੀ ਘਟਨਾ ਨਾਲ ਲੋਕਾਂ ਵਿੱਚ ਗੁੱਸੇ ਦੀ ਲਹਿਰ ਛਿੜ ਪਈ ਅਤੇ ਹਜ਼ਾਰਾਂ ਸਿੱਖ ਇਸ ਮੌਤ ਦਾ ਬਦਲਾ ਲੈਣ ਲਈ ਲੜਨ ਵਾਸਤੇ ਗੁਰੂ ਗੋਬਿੰਦ ਸਿੰਘ ਪਾਸ ਕੋਟਕਪੂਰਾ ਵਿਖੇ ਆ ਇਕੱਠੇ ਹੋਏ। ਇੱਥੇ ਹੀ ਉਹਨਾਂ ਨੂੰ ਵਜ਼ੀਦ ਖਾਂ ਦੀਆਂ ਫੌਜਾਂ ਵੱਲੋਂ ਕੀਤੀ ਚੜ੍ਹਾਈ ਦੀ ਜਾਣਕਾਰੀ ਮਿਲੀ। ਗੁਰੂ ਜੀ ਵੱਲੋਂ ਦੁਸ਼ਮਣ ਫੌਜਾਂ ਨੂੰ ਟੱਕਰਨ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ। ਅਖੀਰ ਖਿਦਰਾਣੇ ਦੀ ਢਾਬ (ਮੌਜੂਦਾ ਮੁਕਤਸਰ) ਨੇੜੇ ਮੁਗਲ ਫੌਜ ਨਾਲ ਹੋਈ ਗਹਿਗੱਚ ਲੜਾਈ ਵਿੱਚ ਮੁਗਲ ਫੌਜ ਨੂੰ ਖਦੇੜ ਦਿੱਤਾ ਗਿਆ। ਇਸ ਤੋਂ ਬਾਅਦ ਚਾਲੀ ਮੁਕਤਿਆਂ ਦੇ ਨਾਂ 'ਤੇ ਇਸ ਪਿੰਡ ਦਾ ਨਾਂ ਮੁਕਤਸਰ ਪ੍ਰਚੱਲਤ ਹੋਇਆ।
ਗੁਰੂ ਗੋਬਿੰਦ ਸਿੰਘ ਵੱਲੋਂ ਮੁਕਤਸਰ ਦੇ ਇਲਾਕੇ ਵਿੱਚ ਲੱਗਭੱਗ ਇੱਕ ਵਰ੍ਹਾ ਬਿਤਾਇਆ ਗਿਆ। ਉਹਨਾਂ ਦੀ ਠਹਿਰ ਦੌਰਾਨ ਇਸ ਮਾਲਵਾ ਖੇਤਰ ਦੇ ਕਿਸਾਨਾਂ-ਕਿਰਤੀਆਂ ਨਾਲ ਸਬੰਧਤ ਲੱਖਾਂ ਲੋਕਾਂ ਵੱਲੋਂ ਅੰਮ੍ਰਿਤ ਪਾਨ ਕਰਦਿਆਂ, ਖਾਲਸਾ ਪੰਥ ਦੀਆਂ ਸਫਾਂ ਵਿੱਚ ਸ਼ਾਮਲ ਹੋਇਆ ਗਿਆ। ਇਸ ਤੋਂ ਬਾਅਦ ਹੋਂਦ ਵਿੱਚ ਹੋਣ ਵਾਲੀਆਂ ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਦੇ ਵਡੇਰੇ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਹਿੱਸਾ ਸਨ। ਇਸੇ ਸਮੇਂ ਗੁਰੂ ਸਾਹਿਬ ਵੱਲੋਂ ਤਲਵੰਡੀ ਸਾਬੋ ਨਾਂ ਦੇ ਪਿੰਡ ਵਿੱਚ ਠਹਿਰਾਅ ਕੀਤਾ ਗਿਆ। ਇੱਕ ਜਾਣਕਾਰੀ ਮੁਤਾਬਕ ਇੱਥੇ ਉਹਨਾਂ ਦੀ ਨਿਗਰਾਨੀ ਹੇਠ ਆਪਣੇ ਪੈਰੋਕਾਰ ਭਾਈ ਮਨੀ ਸਿੰਘ ਤੋਂ ਗੁਰੂ ਗਰੰਥ ਸਾਹਿਬ ਦੀ ਅੰਤਿਮ ਬੀੜ ਤਿਆਰ ਕਰਵਾਈ ਗਈ ਅਤੇ ਉਹਨਾਂ ਦੀਆਂ ਆਪਣੀਆਂ ਲਿਖਤਾਂ ਨੂੰ ਇਕੱਠਿਆਂ ਕਰਦਿਆਂ, ਦਸਮ ਗਰੰਥ ਦਾ ਰੂਪ ਦਿੱਤਾ ਗਿਆ। (ਦਸਮ ਗਰੰਥ ਵਿੱਚ ਸ਼ਾਮਲ ਕੁਝ ਲਿਖਤਾਂ ਦੇ ਲੇਖਕ ਖੁਦ ਗੁਰੂ ਗੋਬਿੰਦ ਸਿੰਘ ਹਨ ਜਾਂ ਕੋਈ ਹੋਰ- ਇਹ ਇੱਕ ਵਿਵਾਦਿਤ ਮੁੱਦਾ ਹੈ— ਲੇਖਕ)
ਇਸੇ ਅਰਸੇ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਵਿੱਚ ਲੰਬੀ ਚਿੱਠੀ ਲਿਖੀ ਗਈ, ਜਿਸ ਨੂੰ ''ਜ਼ਫਰਨਾਮਾ'' (ਜਿੱਤ ਦੀ ਚਿੱਠੀ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਵੱਲੋਂ ਇਹ ਸਮਝਦਿਆਂ ਕਿ ਮੁਗਲ ਸਲਤਨਤ ਨਾਲ ਬੇਮੇਚੀ ਜੰਗ ਵਿੱਚ ਖਾਲਸਾ ਫੌਜ ਨੂੰ ਪਈਆਂ ਉਪਰੋਥਲੀ ਪਛਾੜਾਂ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਸੁਲਾਹ-ਸਫਾਈ ਲਈ ਮਜਬੂਰ ਹੋਣਗੇ— ਉਹਨਾਂ ਨੂੰ ਮੁਗਲ ਦਰਬਾਰ ਵਿੱਚ ਪੇਸ਼ ਹੋਣ ਲਈ ਇੱਕ ਸੰਦੇਸ਼ ਭੇਜਿਆ ਸੀ। ''ਜ਼ਫਰਨਾਮਾ'' ਗੋਡੇਟੇਕੂ ਸੁਲਾਹ-ਸਫਾਈ ਦੀ ਇਸ ਪੇਸ਼ਕਸ਼ ਵਿੱਚੋਂ ਝਲਕਦੇ ਬਾਦਸ਼ਾਹੀ ਗਰੂਰ ਨੂੰ ਉਸ ਜੰਗਜੂ ਜਾਹੋ-ਜਲਾਲ ਨਾਲ ਦਗ਼ਦੀ, ਅਡੋਲਚਿੱਤ ਆਸ਼ਾਵਾਦ ਅਤੇ ਸਿਦਕਦਿਲੀ ਨਾਲ ਛਲਕਦੀ ਪ੍ਰਤਿਭਾਮਾਨ ਰਹਿਬਰੀ ਦੀ ਮੁਜ਼ਸਮਾ ਉਸ ਮਹਾਨ ਸਖਸ਼ੀਅਤ ਦਾ ਹੁੰਗਾਰਾ ਸੀ, ਜਿਸ ਨੇ ਰਜ਼ਵਾੜਾਸ਼ਾਹੀ-ਨਵਾਬਸ਼ਾਹੀ ਅਤੇ ਜਾਗੀਰਸ਼ਾਹੀ ਲੁੱਟ ਅਤੇ ਜਬਰੋ-ਜ਼ੁਲਮ ਖਿਲਾਫ ਮਜ਼ਲੂਮ ਜਨਤਾ ਦੇ ਮਨਾਂ ਅੰਦਰ ਜਮ੍ਹਾਂ ਹੋਈ ਉੱਸਲਵੱਟੇ ਲੈਂਦੀ ਜਮਾਤੀ ਨਫਰਤ ਅਤੇ ਰੋਹ ਦੀ ਲਾਟ ਵਿੱਚੋਂ ਰੂਪ ਧਾਰਿਆ ਸੀ। ਆਪਣੀ ਜਾਨ ਤੋਂ ਪਿਆਰੇ ਹਜ਼ਾਰਾਂ ਖਾਲਸਾ ਫੌਜੀਆਂ ਅਤੇ ਚਾਰਾਂ ਪੁੱਤਰਾਂ ਦੀ ਸ਼ਹਾਦਤ ਅਤੇ ਸਮੁੱਚੇ ਪਰਿਵਾਰ ਦੇ ਵਿਛੋੜੇ ਦੀ ਹਾਲਤ ਵਿੱਚ ਚੜ੍ਹਦੀਆਂ ਕਲਾਂ ਦੇ ਪ੍ਰਤੀਕ ਦਸਮ ਗੁਰੂ ਦਾ ਜੰਗਜੂ ਜਾਹੋ ਜਲਾਲ ਅਤੇ ਆਪਣੇ ਕਾਜ ਪ੍ਰਤੀ ਫੌਲਾਦੀ ਨਿਹਚਾ ਦੀ ਝਲਕ ''ਜ਼ਫਰਨਾਮਾ'' ਦੀ ਹਰ ਸਤਰ ਵਿੱਚੋਂ ਦੇਖੀ ਜਾ ਸਕਦੀ ਹੈ। ਔਰੰਗਜ਼ੇਬ ਦੇ ਬਾਦਸ਼ਾਹੀ ਹੰਕਾਰ ਨੂੰ ਠੁੱਡ ਮਾਰਦਿਆਂ ਦਸਮ ਗੁਰੂ ਵੱਲੋਂ ''ਜ਼ਫਰਨਾਮਾ'' ਵਿੱਚ ਲਲਕਾਰ ਕੇ ਕਿਹਾ ਗਿਆ ''ਮੈਂ ਤੇਰੇ ਘੋੜਿਆਂ ਦੇ ਪੌੜਾਂ ਹੇਠ ਅੰਗਾਰ ਵਿਛਾ ਦਿਆਗਾਂ। ਮੈਂ ਤੈਨੂੰ ਮੇਰੇ ਪੰਜਾਬ ਦਾ ਪਾਣੀ ਨਹੀਂ ਪੀਣ ਦਿਆਂਗਾ।'' ਆਪਣੇ ਪੰਜਾਬ ਅਤੇ ਇਸਦੀ ਮਜ਼ਲੂਮ ਜਨਤਾ ਨੂੰ ਰਜਵਾੜਾਸ਼ਾਹੀ ਜਾਗੀਰੂ ਲੁੱਟ ਅਤੇ ਜਬਰੋ-ਜ਼ੁਲਮ ਦੇ ਜੂਲੇ ਤੋਂ ਮੁਕਤ ਕਰਵਾਉਣ ਲਈ ਉਠਾਈ ਸ਼ਮਸ਼ੀਰ ਦੀ ਵਾਜਬੀਅਤ ਵਿੱਚ ਆਪਣੇ ਫੌਲਾਦੀ ਭਰੋਸੇ ਦਾ ਗੱਜਵੱਜ ਕੇ ਐਲਾਨ ਕਰਦਿਆਂ ਉਹ ਗਰਜੇ, ''ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜ਼ਸਤ, ਹਲਾਲ ਓ ਅਸਤ ਬੁਰਦਨ-ਬ-ਸ਼ਮਸ਼ੀਰ ਦਸਤ।''
2 ਮਾਰਚ 1707 ਨੂੰ ਔਰੰਗਜ਼ੇਬ ਦੀ ਅਹਿਮਦਨਗਰ ਵਿਖੇ ਮੌਤ ਹੋ ਗਈ। ਉਸ ਤੋਂ ਬਾਅਦ ਹਕੂਮਤੀ ਗੱਦੀ 'ਤੇ ਕਾਬਜ਼ ਹੋਣ ਲਈ ਔਰੰਗਜ਼ੇਬ ਦੇ ਪੁੱਤਰਾਂ ਦਰਮਿਆਨ ਲੜਾਈ ਛਿੜ ਪਈ। ਔਰੰਗਜ਼ੇਬ ਦੇ ਪੁੱਤਰ ਬਹਾਦੁਰਸ਼ਾਹ ਵੱਲੋਂ ਗੁਰੂ ਗੋਬਿੰਦ ਸਿੰਘ ਅਤੇ ਪਹਾੜੀ ਰਾਜਿਆਂ ਦਰਮਿਆਨ ਹੋਈ ਲੜਾਈ ਦੌਰਾਨ ਗੁਰੂ ਸਾਹਿਬ ਪ੍ਰਤੀ ਨਰਮਗੋਸ਼ਾ ਰੱਖਿਆ ਗਿਆ ਸੀ। ਇਸ ਲਈ, ਹੁਣ ਗੁਰੂ ਗੋਬਿੰਦ ਸਿੰਘ ਵੱਲੋਂ ਮਹਿਸੂਸ ਕੀਤਾ ਗਿਆ ਕਿ ਹੁਣ ਬਦਲੇ ਹਾਲਤ ਵਿੱਚ ਬਹਾਦਰਸ਼ਾਹ ਦੀ ਮੱਦਦ ਕੀਤੀ ਜਾਵੇ। ਉਹਨਾਂ ਵੱਲੋਂ ਮੱਦਦ ਵਜੋਂ ਸਿੱਖ ਘੋੜ-ਸਵਾਰਾਂ ਦੀ ਇੱਕ ਟੁਕੜੀ ਭੇਜੀ ਗਈ, ਜਿਹਨਾਂ ਵੱਲੋਂ 8 ਜੂਨ 1707 ਨੂੰ ਜਜਾਊ ਵਿਖੇ ਹੋਈ ਜੰਗ ਵਿੱਚ ਹਿੱਸਾ ਲਿਆ ਗਿਆ। ਜਦੋਂ ਬਹਾਦੁਰ ਸ਼ਾਹ ਗੱਦੀ 'ਤੇ ਕਾਬਜ਼ ਹੋ ਗਿਆ, ਤਾਂ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨੂੰ ਮਿਲਣ ਲਈ ਆਗਰਾ ਵਿਖੇ ਪਹੁੰਚੇ, ਜਿੱਥੇ ਬਾਦਸ਼ਾਹ ਵੱਲੋਂ ਉਹਨਾਂ ਦਾ ਸੁਆਗਤ ਕਰਦਿਆਂ ਜਵਾਹਰਾਤ ਜੜਿਆ ਸ਼ਾਲ ਅਤੇ 60 ਹਜ਼ਾਰ ਰੁਪਏ ਦੇ ਤੋਹਫੇ ਭੇਟ ਕੀਤੇ ਗਏ। ਗੁਰੂ ਗੋਬਿੰਦ ਸਿੰਘ ਚਾਰ ਮਹੀਨੇ ਆਗਰਾ ਠਹਿਰੇ। ਪਰ ਬਹਾਦੁਰ ਸ਼ਾਹ ਵੱਲੋਂ ਸਰਹੰਦ ਦੇ ਗਵਰਨਰ ਵਜ਼ੀਦ ਖਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ। ਉਸ ਤੋਂ ਬਾਅਦ, ਬਹਾਦੁਰ ਸ਼ਾਹ ਆਪਣੇ ਭਰਾ ਕਾਮ ਬਖਸ਼ ਵੱਲੋਂ ਕੀਤੀ ਬਗਾਵਤ ਨੂੰ ਕੁਚਲਣ ਲਈ ਦੱਖਣ ਵੱਲ ਨੂੰ ਤੁਰ ਗਿਆ ਅਤੇ ਗੁਰੂ ਸਾਹਿਬ ਸਤੰਬਰ 1707 ਨੂੰ ਗੋਦਾਵਰੀ ਦਰਿਆ ਕਿਨਾਰੇ ਨਾਂਦੇੜ ਨਾਂ ਦੇ ਸਥਾਨ 'ਤੇ ਆ ਠਹਿਰੇ।
ਇਸ ਅਰਸੇ ਦੌਰਾਨ ਵੀ ਗੁਰੂ ਗੋਬਿੰਦ ਸਿੰਘ ਵੱਲੋਂ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਖਾਲਸਾ ਸਜਾਉਣ ਲਈ ਇਕੱਤਰਤਾਵਾਂ ਕਰਨੀਆਂ ਜਾਰੀ ਰੱਖੀਆਂ ਗਈਆਂ। ਇਹਨਾਂ ਇਕੱਤਰਤਾਵਾਂ ਵਿੱਚ ਆਉਣ ਵਾਲਿਆਂ ਨੂੰ ਰੋਕਣ-ਟੋਕਣ ਦੀ ਇਜ਼ਾਜਤ ਨਾ ਹੋਣ ਕਰਕੇ ਸਭਨਾਂ ਲੋਕਾਂ ਨੂੰ ਆਉਣ-ਜਾਣ ਦੀ ਖੁੱਲ੍ਹ ਸੀ। ਇਸ ਖੁੱਲ੍ਹ ਦਾ ਫਾਇਦਾ ਉਠਾਉਂਦਿਆਂ ਇੱਕ ਸ਼ਾਮ ਦੋ ਨੌਜਵਾਨ ਪਠਾਣ ਗੁਰੂ ਜੀ ਦੇ ਤੰਬੂ ਵਿੱਚ ਦਾਖਲ ਹੋਏ ਅਤੇ ਉਹਨਾਂ ਨੂੰ ਇਕੱਲਿਆਂ ਦੇਖਦਿਆਂ, ਉਹਨਾਂ ਦੇ ਢਿੱਡ ਵਿੱਚ ਛੁਰਾ ਮਾਰਿਆ ਅਤੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ। ਹਮਲਾਵਰਾਂ ਨੂੰ ਉਸੇ ਵਕਤ ਮੌਤ ਦੇ ਘਾਟ ਉਤਾਰਨ ਕਰਕੇ ਚਾਹੇ ਗੁਰੂ ਸਾਹਿਬ 'ਤੇ ਹਮਲੇ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ, ਪਰ ਇੱਕ ਲੇਖਕ ਮੁਤਾਬਕ ਇਹ ਹਮਲਾ ਵਜ਼ੀਦ ਖਾਂ ਵੱਲੋਂ ਕਰਵਾਇਆ ਹੋ ਸਕਦਾ ਹੈ। ਚਾਹੇ ਗੁਰੂ ਸਾਹਿਬ ਦੇ ਜਖ਼ਮਾਂ ਨੂੰ ਸਿਉਂ ਦਿੱਤਾ ਗਿਆ ਸੀ ਅਤੇ ਉਹਨਾਂ ਮੁੜ ਸਿਹਤਯਾਬ ਹੋਣਾ ਸ਼ੁਰੂ ਕਰ ਦਿੱਤਾ ਸੀ, ਪਰ ਕੁੱਝ ਅਰਸੇ ਬਾਅਦ ਜਖ਼ਮਾਂ ਦੇ ਮੁੜ-ਖੁੱਲ੍ਹਣ ਤੋਂ ਬਾਅਦ ਲੋਕਾਂ ਦੇ ਇਹ ਮਹਾਨ ਰਹਿਬਰ ਅਤੇ ਸੰਤ-ਸਿਪਾਹੀ 7 ਅਕਤੂਬਰ 1708 ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ।
ਉਹਨਾਂ ਨੂੰ ਇਸ ਸੰਸਾਰ ਤੋਂ ਰੁਖਸਤ ਹੋਇਆਂ 300 ਸਾਲ ਤੋਂ ਵੱਧ ਸਾਲ ਬੀਤ ਚੁੱਕੇ ਹਨ, ਪਰ ਉਹਨਾਂ ਵੱਲੋਂ ਸਮੇਂ ਦੇ ਹਾਕਮਾਂ ਦੀ ਅੰਨ੍ਹੀਂ ਲੁੱਟ ਅਤੇ ਜਬਰੋ-ਜ਼ੁਲਮ ਖਿਲਾਫ ਖੜ੍ਹੀ ਕੀਤੀ, ਪਾਲੀ-ਪੋਸੀ ਅਤੇ ਸਿਖਰ 'ਤੇ ਪੁਚਾਈ ਜੰਗਜੂ ਸਿੱਖ ਲਹਿਰ ਦਾ ਕਾਬਲੇ-ਫ਼ਖਰ ਜੁਝਾਰੂ ਇਤਿਹਾਸਕ ਵਿਰਸਾ ਸਾਡੇ ਕੋਲ ਹੈ ਅਤੇ ਇਸ ਸ਼ਾਨਾਂਮੱਤੇ ਅਮਿੱਟ ਵਿਰਸੇ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਡੇ ਅੰਗ-ਸੰਗ ਹਨ। ਉਸ ਮਹਾਨ ਇਤਿਹਾਸਕ ਵਿਰਾਸਤ ਦੀ ਸ਼ਕਲ ਵਿੱਚ ਅੱਜ ਵੀ ਗੁਰੂ ਗੋਬਿੰਦ ਸਿੰਘ ਦੀਆਂ ਸਿੱਖਿਆਵਾਂ ਸਾਡੀ ਰਾਹ-ਨੁਮਾਈ ਕਰਦੀਆਂ ਹਨ। ਪਹਿਲੀ— ਉਹਨਾਂ ਦੀ ਲੜਾਈ ਨਾ ਕਿਸੇ ਧਰਮ ਖਿਲਾਫ ਸੀ ਅਤੇ ਨਾ ਹੀ ਕਿਸੇ ਜਾਤ ਖਿਲਾਫ। ਇਹ ਹਿੰਦੂ ਅਤੇ ਮੁਸਲਮਾਨ ਰਾਜਿਆਂ, ਨਵਾਬਾਂ, ਜਾਗੀਰਦਾਰਾਂ ਅਤੇ ਅਹਿਲਕਾਰਾਂ ਦੀ ਬੇਦਰੇਗ ਲੁੱਟ ਅਤੇ ਜਬਰ-ਜ਼ੁਲਮ ਖਿਲਾਫ ਸਮੁੱਚੀ ਮਿਹਨਤਕਸ਼ ਜਨਤਾ, ਵਿਸ਼ੇਸ਼ ਕਰਕੇ ਕਿਸਾਨੀ ਦੀ ਜੰਗ ਸੀ। ਜਿਸਨੇ ਬਾਅਦ ਵਿੱਚ ਇਜ਼ਹਾਰ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਉੱਠੀ ਤੂਫਾਨੀ ਜ਼ਰੱਈ ਜੰਗ ਦੇ ਰੂਪ ਵਿੱਚ ਹੋਇਆ। ਦੂਜੀ— ਉਹਨਾਂ ਵੱਲੋਂ ''ਮਾਨੁਸ਼ ਕੀ ਜਾਤ ਸਭੈ ਏਕ ਪਹਿਚਾਨਬੋ'' ਦੇ ਸੰਦੇਸ਼ ਦਿੰਦਿਆਂ, ਜਾਤ ਰਹਿਤ ਸਮਾਜ ਸਿਰਜਣ ਦਾ ਤੋਰਾ ਤੋਰਿਆ ਗਿਆ। ਇਉਂ, ਉਹਨਾਂ ਵੱਲੋਂ ਜਾਤਪਾਤੀ ਲਕੀਰਾਂ ਨੂੰ ਢਾਹੁੰਦਿਆਂ, ਇੱਕੋ ਬੁਨਿਆਦੀ ਲਕੀਰ ਜਾਬਰਾਂ-ਜੋਰਾਵਰਾਂ ਅਤੇ ਮਜ਼ਲੂਮਾਂ, ਲੋਟੂਆਂ ਅਤੇ ਲੁੱਟੇ ਜਾਣ ਵਾਲਿਆਂ ਵਿਚਕਾਰ ਵਾਹੀ ਗਈ। ਤੀਜੀ— ਉਹਨਾਂ ਵੱਲੋਂ ''ਬਲ ਹੂਆ ਬੰਧਨ ਛੂਟੈ'' ਦਾ ਸੰਦੇਸ਼ ਦਿੰਦਿਆਂ ਅਤੇ ''ਬਲ'' ਦੀ ਉਸਾਰੀ ਲਈ ''ਹੱਥਾਂ ਵਿੱਚ ਸ਼ਮਸ਼ੀਰ'' ਉਠਾਉਣ ਦੀ ਵਾਜਬੀਅਤ ਨੂੰ ਬੁਲੰਦ ਕਰਦਿਆਂ, ਦੱਬੀ-ਕੁਚਲੀ ਜਨਤਾ ਨੂੰ ਆਪਣੀ ਹਥਿਆਰਬੰਦ ਤਾਕਤ ਦੀ ਉਸਾਰੀ ਕਰਨ ਅਤੇ ਨਿਤਾਣੇਪਣ ਅਤੇ ਨਿਹੱਥੇਪਣ ਦੇ ਸਰਾਪ ਤੋਂ ਛੁਟਕਾਰਾ ਪਾਉਣ ਦਾ ਮਾਰਗ ਦਰਸ਼ਨ ਕੀਤਾ ਗਿਆ। ਚੌਥੀ— ਉਹਨਾਂ ਵੱਲੋਂ ਪੰਜ ਪਿਆਰਿਆਂ ਦੀ ਸੰਸਥਾ ਦੀ ਸਿਰਜਣਾ ਕਰਦਿਆਂ, ਜਿੱਥੇ ਵਿਅਕਤੀ ਦੀ ਅਗਵਾਈ ਦੀ ਬਜਾਇ ਸਮੂਹਿਕ ਅਗਵਾਈ ਦੀ ਉੱਤਮਤਾ ਨੂੰ ਉਭਾਰਦਿਆਂ, ਜਮਹੂਰੀ ਕਾਰਵਿਹਾਰ ਦਾ ਮੁੱਢ ਬੰਨ੍ਹਿਆ, ਉੱਥੇ ''ਖਾਲਸਾ ਮੇਰੋ ਰੂਪ ਹੈ ਖਾਸ'' ਰਾਹੀਂ ਗੁਰੂ ਨਾਲੋਂ ਖਾਲਸਾ ਪੰਥ ਦੀ ਉੱਤਮਤਾ ਨੂੰ ਉਭਾਰਿਆ ਅਤੇ ਰਹਿਬਰ ਦੀ ਰਜ਼ਾ ਨਾਲੋਂ ਸਮੂਹਿਕ ਰਜ਼ਾ ਦੀ ਉੱਤਮਤਾ ਨੂੰ ਉਭਾਰਿਆ ਅਤੇ ਸਥਾਪਤ ਕੀਤਾ। ਉਹਨਾਂ ਸਮਿਆਂ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਪੰਜਾਬ ਦੀ ਧਰਤੀ ਉੱਤੇ ਇਹਨਾਂ ਜਮਹੂਰੀ ਰਵਾਇਤਾਂ ਦੀਆਂ ਜੜ੍ਹਾਂ ਲਾਉਣ ਦਾ ਹੰਭਲਾ ਉਹਨਾਂ ਦੀ ਪ੍ਰਤਿਭਾਵਾਨ ਸੋਚ ਉਡਾਰੀ ਦਾ ਹੀ ਕਮਾਲ ਸੀ। ਪੰਜਵੀਂ— ਹਕੂਮਤੀ ਤਾਕਤ ਦਾ ਔਰੰਗਜ਼ੇਬੀ ਹੰਕਾਰ ਅਤੇ ਗਰੂਰ ਹਰ ਜਾਬਰ-ਜ਼ੋਰਾਵਰ ਦਾ ਇੱਕ ਉੱਭਰਵਾਂ ਲੱਛਣ ਹੁੰਦਾ ਹੈ। ਇਸਦੇ ਮੁਕਾਬਲੇ ਸਿਦਕਦਿਲੀ, ਅਡੋਲਚਿੱਤ ਨਿਹਚਾ ਅਤੇ ਭਰੋਸਾ, ਚੜ੍ਹਦੀ ਕਲਾ ਅਤੇ ਜੰਗਜੂ ਜਾਹੋ-ਜਲਾਲ, ਹੱਕ-ਸੱਚ ਲਈ ਡਟਣ ਤੇ ਲੜਨ ਵਾਲਿਆਂ ਦਾ ਉੱਭਰਵਾਂ ਲੱਛਣ ਹੁੰਦਾ ਹੈ।
(ਨੋਟ: ਇਸ ਲਿਖਤ ਵਿੱਚ ਮਹਾਨ ਰਹਿਬਰ ਦਸਮ ਗੁਰੂ ਗੋਬਿੰਦ ਸਿੰਘ ਦੀ ਅਦੁੱਤੀ ਸਖਸ਼ੀਅਤ, ਲਾ-ਮਿਸਾਲ ਜੀਵਨ-ਘਾਲਣਾ ਅਤੇ ਮਹਾਨ ਇਤਿਹਾਸਕ ਦੇਣ ਸਬੰਧੀ ਉੱਭਰਵੇਂ ਅਤੇ ਅਹਿਮ ਪੱਖਾਂ ਨੂੰ ਛੋਹਿਆ ਹੀ ਗਿਆ ਹੈ। ਇਹਨਾਂ ਪੱਖਾਂ ਦੀ ਸਰਬ-ਪੱਖੀ ਅਤੇ ਭਰਵੀਂ ਪੇਸ਼ਕਾਰੀ ਕਰਨ ਦਾ ਕਾਰਜ ਵਡੇਰੇ ਸੋਮਿਆਂ, ਸਾਧਨਾਂ ਅਤੇ ਯਤਨਾਂ ਨੂੰ ਜੁਟਾਉਣ ਦੀ ਮੰਗ ਕਰਦਾ ਹੈ, ਜਿਹੜਾ ਕਿ ਹਾਲ ਦੀ ਘੜੀ ਸਾਡੀ ਪਹੁੰਚ ਤੋਂ ਬਾਹਰ ਹੈ। ਇਸ ਲਈ, ਇਸ ਸੀਮਤ ਲਿਖਤ ਵਿੱਚ ਤੱਥਾਂ ਅਤੇ ਪੇਸ਼ਕਾਰੀ ਪੱਖੋਂ ਕੋਈ ਊਣਤਾਈ ਅਤੇ ਕਮੀ-ਪੇਸ਼ੀ ਰਹਿ ਸਕਦੀ ਹੈ, ਜਿਸਦੀ ਜਿੰਮੇਵਾਰੀ ਅਸੀਂ ਓਟਦੇ ਹਾਂ। -ਅਦਾਰਾ ਸੁਰਖ਼ ਰੇਖਾ)
No comments:
Post a Comment