ਰੂਸੀ ਇਨਕਲਾਬ ਤੇ ਔਰਤ ਸ਼ਕਤੀ ਦੀ ਉਠਾਣ
—ਡਾ. ਅਸ਼ੋਕ ਭਾਰਤੀ
ਇਹ ਕਹਿਣਾ ਗੈਰ-ਵਾਜਿਬ ਨਹੀਂ ਹੋਵੇਗਾ ਕਿ ਰੂਸੀ ਔਰਤਾਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਤੋਂ ਬਿਨਾ ਰੂਸੀ ਇਨਕਲਾਬ ਨਾ ਹੁੰਦਾ। ਫਰਵਰੀ ਇਨਕਲਾਬ (ਅਸਲ ਵਿੱਚ 5 ਮਾਰਚ ਔਰਤ ਦਿਵਸ 'ਤੇ) ਸੇਂਟ ਬੀਟਰਜ਼ਬਰਗ ਵਿੱਚ ਕੰਮਕਾਜੀ ਔਰਤਾਂ ਦੇ ''ਅਮਨ ਅਤੇ ਰੋਟੀ'' ਦੀ ਮੰਗ ਕਰਦੇ ਵਿਸ਼ਾਲ ਮਾਰਚ ਨਾਲ ਸ਼ੁਰੂ ਹੋਇਆ। ਇਸਨੇ ਤਬਦੀਲੀ ਵਾਸਤੇ ਲਹਿਰ ਲਈ ਸਮਾਜ ਦੇ ਵੱਖ ਵੱਖ ਹਿੱਸਿਆਂ ਅਤੇ ਹੋਰ ਤਾਕਤਾਂ ਨੂੰ ਕਲਾਵੇ ਵਿੱਚ ਲਿਆ। ਇਹ ਲਹਿਰ ਪਹਿਲਾਂ 1917 ਦੇ ਪਹਿਲੇ ਮਹੀਨਿਆਂ ਵਿੱਚ ਜ਼ਾਰਸ਼ਾਹੀ ਰਾਜ ਦੇ ਖਾਤਮੇ ਅਤੇ ਬਾਅਦ ਵਿੱਚ ਅਲੈਗਜੈਂਡਰ ਕਰੈਂਸਕੀ ਸਰਕਾਰ ਦੇ ਉਥਲ-ਪੁਥਲ ਦੇ ਦੌਰ ਵਿੱਚ ਨਵੰਬਰ ਵਿੱਚ ਬਾਲਸ਼ਵਿਕ ਇਨਕਲਾਬ ਦੀ ਪਰਲੋ ਦੇ ਰੂਪ ਵਿੱਚ ਸਾਹਮਣੇ ਆਈ।
ਔਰਤਾਂ ਦੀ ਇਹ ਸ਼ਮੂਲੀਅਤ ਅਣ-ਸੰਭਾਵਿਤ ਅਤੇ ਮੁਕਾਬਲਤਨ ਨਵੀਂ ਸੀ। ਇਨਕਲਾਬ ਤੋਂ ਪਹਿਲਾਂ ਦਾ ਰੂਸੀ ਸਮਾਜ ਵਿਸ਼ੇਸ਼ ਕਿਸਮ ਦੀ ਜਾਗੀਰੂ ਢੰਗ ਦੀ ਪਿਤਰ-ਸੱਤਾ ਵਿਚ ਜਕੜਿਆ ਹੋਇਆ ਸੀ। ਔਰਤਾਂ ਦੇ ਅਧਿਕਾਰਾਂ, ਉਹਨਾਂ ਦੇ ਕੰਮਾਂ-ਕਾਰਾਂ ਦੇ ਮਾਮਲੇ ਵਿੱਚ ਉਸ ਵੇਲੇ ਦੇ ਯੂਰਪੀ ਸਮਾਜ ਤੋਂ ਪਛੜਿਆ ਹੋਇਆ ਸੀ। ਉਹਨਾਂ ਨੂੰ ਵੋਟ ਦਾ ਅਧਿਕਾਰ, ਦਫਤਰਾਂ ਵਿੱਚ ਕੰਮ ਕਰਨ ਦੇ ਅਧਿਕਾਰ ਅਤੇ ਕੋਈ ਵੀ ਜਨਤਕ ਹੈਸੀਅਤ ਰੱਖਣ ਦਾ ਅਧਿਕਾਰ ਨਹੀਂ ਸੀ। ਉਹਨਾਂ ਨੂੰ ਆਮ ਤੌਰ 'ਤੇ ਘਰੇਲੂ ਕੰਮ ਤੇ ਬੱਚੇ ਪੈਦਾ ਕਰਨ ਦਾ ਕੰਮ ਸੌਂਪਿਆ ਹੋਇਆ ਸੀ। ਉਹਨਾਂ ਨੂੰ ਸਮਾਜਿਕ ਜਮਾਤ ਦੀ ਪਰਵਾਹ ਕੀਤੇ ਬਗੈਰ, ਜਾਇਦਾਦ ਰੱਖਣ ਅਤੇ ਉਸਦੀ ਸਾਂਭ ਸੰਭਾਲ ਕਰਨ ਤੋਂ ਅਸਮਰੱਥ ਸਮਝਿਆ ਜਾਂਦਾ ਸੀ ਤੇ ਉਹਨਾਂ ਨੂੰ ਕੋਈ ਆਜ਼ਾਦਾਨਾ ਆਮਦਨ ਨਹੀਂ ਸੀ। 19ਵੀਂ ਸਦੀ ਦੇ ਅੰਤ ਤੱਕ ਸਿਰਫ 13 ਫੀਸਦੀ ਔਰਤਾਂ ਹੀ ਪੜ੍ਹੀਆਂ ਲਿਖੀਆਂ ਸਨ। ਫਿਰ ਵੀ 19ਵੀਂ ਸਦੀ ਦੇ ਅਖੀਰਲੇ ਹਿੱਸੇ ਵਿੱਚ ਪੂਰਬਲੇ ਸਨਅੱਤੀਕਰਨ ਦੇ ਦੌਰਾਨ ਸ਼ਹਿਰਾਂ ਦੇ ਕਾਰਖਾਨੇ ਵਧਣ-ਫੁੱਲਣ ਨਾਲ ਦੂਰ-ਦੁਰਾਡੇ ਪੇਂਡੂ ਖੇਤਰ ਵਿੱਚੋਂ ਹਿਜਰਤ ਕਰਕੇ ਆਈਆਂ ਨੌਜਵਾਨ ਲੜਕੀਆਂ ਖਾਸ ਕਰਕੇ ਜ਼ਿਆਦਾ ਛੋਟੀ ਉਮਰ ਵਾਲੀਆਂ ਨੂੰ ਬਹੁਤ ਘੱਟ ਉਜਰਤਾਂ 'ਤੇ ਕੰਮ ਮਿਲਣ ਲੱਗਾ। ਇਹ ਘੱਟ ਕਮਾਈ ਅਤੇ ਲੱਕ-ਤੋੜਵੀਂ ਮਿਹਨਤ ਵਾਲੀ ਸੀ ਪਰ ਫਿਰ ਵੀ ਬਿਨਾ ਕਿਸੇ ਫਲ ਦੇ ਘਰੇਲੂ ਕੰਮ ਕਰਨ ਅਤੇ ਪਰਜੀਵੀ ਬਣ ਕੇ ਰਹਿਣ ਦੀ ਥਾਂ ਉਹ ਘਰੋਂ ਬਾਹਰ ਉੱਦਮੀ ਕੰਮ ਕਰਨ ਤੇ ਕਿਸੇ ਹੱਦ ਤੱਕ ਆਰਥਿਕ ਖੁਦਮੁਖਤਾਰੀ ਦੇ ਕਾਬਲ ਹੋਈਆਂ।
ਪਹਿਲੀਆਂ ਇਨਕਲਾਬੀ ਔਰਤਾਂ
ਇਸੇ ਦੌਰ ਵਿੱਚ 1860-70 ਦੇ ਆਖਰੀ ਸਮਿਆਂ ਵਿੱਚ ਉਪਰਲੇ ਅਤੇ ਮੱਧ ਵਰਗ ਵਿੱਚ ਕੁੱਝ ਹਲਚੱਲ ਹੋਈ, ਜਦੋਂ ਸਮਾਜੀ-ਰਾਜਸੀ ਤਾਨਾਸ਼ਾਹੀ ਤੋਂ ਨਿਜਾਤ ਹਾਸਲ ਕਰਨ ਦੀ ਤਲਾਸ਼ ਵਿੱਚ ਮੱਧ ਕੁਲੀਨ ਪਰਿਵਾਰਾਂ ਵਿੱਚੋਂ ਔਰਤਾਂ ਸੋਸ਼ਲ ਡੈਮੋਕਰੇਸੀ ਲਹਿਰ ਵੱਲ ਆਕਰਸ਼ਿਤ ਹੋਈਆਂ। ਔਰਤਾਂ ਦੀ ਸਿੱਖਿਆ, ਵੋਟ ਦੇ ਅਧਿਕਾਰ ਤੇ ਹੋਰ ਸਮਾਜਿਕ ਤਬਦੀਲੀ ਲਈ ਮੁਹਿੰਮਾਂ ਚੱਲੀਆਂ, ਜਿਹਨਾਂ ਦੇ ਨਤੀਜੇ ਵਜੋਂ ''ਔਰਤਾਂ ਦੇ ਸੁਆਲ'' ਵੱਲ ਧਿਆਨ ਦਿੱਤਾ ਜਾਣ ਲੱਗਾ। ਵੀਰਾ ਜਾਸੂਲਿੱਕ, ਮਾਰੀਆ ਸਪਰੀਦੋਨੋਵਾ ਅਤੇ ਵੀਰਾ ਫਿਗਨਰ ਜੋ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਉੱਚ ਸਿੱਖਿਆ ਵਿੱਚ ਰੁਝੀਆਂ ਹੋਈਆਂ ਸਨ, ਰੂਸ ਵਿੱਚ ਉਹਨਾਂ ਨੂੰ ਇਹ ਇਜਾਜਤ ਨਹੀਂ ਸੀ। ਉਹਨਾਂ ਨੇ ਆਪਣੇ ਆਪ ਨੂੰ ਕਰਾਂਤੀਕਾਰੀਆਂ ਵਜੋਂ ਵਾਚਿਆ। ਮੀਰਾਂ ਫਿਗਨਰ ਜਿਸ ਨੇ ਆਪਣੀ ਆਤਮਕਥਾ ਦਾ ਨਾਂ ''ਇੱਕ ਕ੍ਰਾਂਤੀਕਾਰੀ ਦੀਆਂ ਯਾਦਾਂ'' ਰੱਖਿਆ। ਉਸਨੇ ਇੱਕ ਦਹਿਸ਼ਤਵਾਦੀ ਗਰੁੱਪ ਨਰੋਦਨਾਇਆ ਵੋਲਯਾ (ਵੋਲਿਆ) ਦੇ ਮੈਂਬਰ ਵਜੋਂ 1881 ਵਿੱਚ ਜ਼ਾਰ ਅਲੈਗਡੈਂਡਰ ਦੂਜੇ ਦੇ ਕਤਲੇਆਮ ਦੀ ਵਾਹ ਵਾਹ ਕੀਤੀ। ਕੈਥਰੀਨ ਬਰੈਸ਼ਕੋਟਵਸਕਾਇਆ ਵਰਗੀਆਂ ਅਰਾਜਕਤਾਵਾਦੀ ਪੀਟਰ ਕਰੋਪਟੋਦਿਨ ਤੋਂ ਪ੍ਰਭਾਵਿਤ ਸਨ ਅਤੇ ਨਰੋਦਨਿਕ ਬਣ ਗਈਆਂ। ਕੈਥਰੀਨ ਨੇ ਸਿਆਸੀ ਤਬਦੀਲੀ ਲਈ ਹੋਰ ਅਮਨ-ਪੂਰਬਕ ਸਾਧਨ ਅਪਣਾਉਣ ਦੀ ਵਕਾਲਤ ਕੀਤੀ। ਪਰ ਫਿਰ ਵੀ ਉਸ ਨੂੰ ਸਾਈਬੇਰੀਆ ਵਿੱਚ ਜ਼ਾਰ ਦੀਆਂ ਕੈਦਾਂ ਵਿੱਚ ਦਹਾਕੇ ਬਿਤਾਉਣੇ ਪਏ। ਆਖਰ ਉਹ ਬਾਲਸ਼ਵਿਕ ਰਾਜ ਦੀ ਵਿਰੋਧੀ ਬਣ ਗਈ ਤੇ ਇਨਕਲਾਬ ਤੋਂ ਬਾਅਦ ਪਰਾਗ ਵਿੱਚ ਜਲਾਵਤਨੀ ਵਿੱਚ ਰਹੀ। ਉਸ ਸਮੇਂ ਬਦਅਮਨੀ ਦੇ ਸਿਆਸੀ ਦੌਰ ਵਿੱਚ ਔਰਤਾਂ ਦੇ ਵਿਹਾਰ ਅਤੇ ਖਾਹਿਸ਼ਾਂ ਨੂੰ ਤਬਦੀਲ ਕਰਨ ਵਿੱਚ ਇਹ ਨਰੋਦਨਿਕ ਔਰਤਾਂ ਦਾ ਅਹਿਮ ਰੋਲ ਸੀ।
ਦੂਸਰੀਆਂ ਹੋਰ ਕਾਫੀ ਔਰਤਾਂ ਜਿਹਨਾਂ ਵਿੱਚ ਨਾਦੇਜ਼ਦਾ ਕਰੂਪਸਕਾਇਆ (ਲੈਨਿਨ ਦੀ ਪਤਨੀ), ਅਗੈਗਜੈਂਡਰ ਕੋਲਨ ਡਾਈ ਯੇਲੀਕਾ ਸਤਾਸੋਵਾ, ਇਨੇਸ਼ਾ ਅਰਮਾਂਦ ਅਤੇ ਕੋਨਕੋਰਟੀਆ ਸਾਮੀਆਲੋਵਾ ਆਦਿ ਸ਼ਾਮਲ ਸਨ, ਜਿਹੜੀਆਂ ਔਰਤਾਂ ਦੀ ਬਰਾਬਰਤੀ ਲਈ ਸੰਘਰਸ਼ ਵਿੱਚ ਸਰਗਰਮ ਸਨ। ਉਹ ਬਾਲਸ਼ਵਿਕ ਆਗੂਆਂ ਵਿੱਚ ਮਹੱਤਵਪੂਰਨ ਹਸਤੀ ਬਣੀਆਂ।
1917 ਤੋਂ ਪਿਛਲੇ ਦਹਾਕੇ ਦੌਰਾਨ ਇਹਨਾਂ ਔਰਤਾਂ ਅਤੇ ਬੁਰਜੂਆ ਔਰਤਾਂ ਵਜੋਂ ਜਾਣੀਆਂ ਜਾਂਦੀਆਂ ਨਾਰੀਵਾਦੀਆਂ ਵਿਚਕਾਰ ਇੱਕ ਤਣਾਅ ਬਣਿਆ ਰਿਹਾ। ਬਾਲਸ਼ਵਿਕਾਂ ਨੂੰ ਡਰ ਸੀ ਇਹਨਾਂ ਨਾਰੀਵਾਦੀਆਂ ਵੱਲੋਂ ਜਮਾਤੀ ਸੰਘਰਸ਼ ਦੀ ਬਜਾਏ ਔਰਤਾਂ ਦੀ ਮੁਕਤੀ 'ਤੇ ਕੇਂਦਰਤ ਕਰਨ ਨਾਲ (ਆਉਣ ਵਾਲੀ ਸਦੀ ਦੀਆਂ ਅਨੇਕਾਂ ਅਗਾਂਹਵਧੂ ਲਹਿਰਾਂ ਵਿੱਚ) ਕਿਰਤੀ ਜਮਾਤ ਦੋਫਾੜ ਹੋ ਸਕਦੀ ਹੈ। ਦੂਜੇ ਪਾਸੇ ਬਾਲਸ਼ਵਿਕ ਔਰਤਾਂ ਦਰਮਿਆਨ ''ਔਰਤਾਂ ਦਾ ਸੁਆਲ'' ਸਮੁੱਚੇ ਤੌਰ 'ਤੇ ਕਿਰਤੀ ਜਮਾਤ ਦੀਆਂ ਲੋੜਾਂ ਦੇ ਮਾਤਹਿਤ ਸੀ। ਉਹਨਾਂ ਦੀ ਮੁੱਖ ਧਾਰ ਜ਼ਾਰਸ਼ਾਹੀ ਰਾਜ ਦਾ ਖਾਤਮਾ ਕਰਕੇ ਸਮਾਜਵਾਦੀ ਪੜਾਅ ਵਿੱਚ ਪ੍ਰਵੇਸ਼ ਕਰਨਾ ਸੀ। ਉਹਨਾਂ ਦੀ ਸਮਝ ਸੀ ਕਿ ਇਸ ਦੇ ਨਾਲ ਹੀ ਲਿੰਗਕ ਬਰਾਬਰੀ ਦਾ ਆਧਾਰ ਸਿਰਜਿਆ ਜਾਵੇਗਾ। ਦਰਅਸਲ 1914 'ਚ ਬਾਲਸ਼ਵਿਕ ਔਰਤਾਂ ਵੱਲੋਂ ਕੰਮਕਾਜੀ ਔਰਤਾਂ ਨੂੰ ਮੁਖਾਤਬ ਪਰਚੇ ''ਰੋਬੋਤਨਿਸਤਾ'' ਵਿੱਚ ਸੁਚੇਤ ਰੂਪ ਨਾਲ ''ਨਾਰੀਵਾਦੀ'' ਮੁੱਦਿਆਂ ਤੋਂ ਬਚਿਆ ਗਿਆ ਸੀ। ਇਹ ਪਰਚਾ 7 ਅੰਕਾਂ ਤੱਕ ਹੀ ਨਿਕਲ ਸਕਿਆ ਅਤੇ ਇਨਕਲਾਬ ਤੋਂ ਬਾਅਦ ਮੁੜ ਸ਼ੁਰੂ ਹੋਇਆ।
ਪਰ ਇਹ ਆਗੂ ਇਨਕਲਾਬ ਨੂੰ ਨੇਪਰੇ ਚਾੜ੍ਹਨ ਲਈ ਲੋਕ ਉਭਾਰ ਪੈਦਾ ਕਰਨ ਵਾਲੀਆਂ ਲਹਿਰਾਂ ਦੀ ਰੀੜ ਦੀ ਹੱਡੀ ਬਣੀਆਂ ਵਿਸ਼ਾਲ ਗਿਣਤੀ ਔਰਤਾਂ ਦਾ ਬਹੁਤ ਛੋਟਾ ਹਿੱਸਾ ਸਨ। ਉਹਨਾਂ ਔਰਤਾਂ ਦਾ ਜ਼ਿਕਰ ਕਰਦਿਆਂ ਕੋਲਨਵਾਈ ਆਪਣੀਆਂ ਯਾਦਾਂ ਵਿੱਚ ਕਹਿੰਦੀ ਹੈ, ''ਪਿੱਛੇ ਝਾਤ ਮਾਰਿਆਂ ਉਹਨਾਂ ਬੇਨਾਮੀ ਗੁੰਮਨਾਮ ਨਾਇਕਾਵਾਂ ਦੇ ਸਮੂਹ ਨੂੰ ਭੁੱਖਮਰੀ ਦੇ ਸ਼ਿਕਾਰ ਸ਼ਹਿਰਾਂ ਅਤੇ ਲੜਾਈ ਨਾਲ ਲੁੱਟੇ ਪੁੱਟੇ ਪਿੰਡਾਂ ਵਿੱਚ ਦੇਖਿਆ ਜਾ ਸਕਦਾ ਹੈ। ਸਿਰ 'ਤੇ ਸਕਾਰਫ (ਬਹੁਤ ਦੁਰਲੱਭ ਅੱਜ ਵਾਂਗ ਲਾਲ ਰੁਮਾਲ) ਪਾਟੇ ਝੱਗੇ, ਟਾਂਕੇ ਲੱਗੀਆਂ ਸਰਦੀ ਵਾਲੀਆਂ ਜੈਕਟਾਂ ਵਿੱਚ ਬਜ਼ੁਰਗ, ਜਵਾਨ, ਕਾਮਾ ਔਰਤਾਂ ਕਿਸਾਨ ਸਿਪਾਹੀਆਂ ਦੀਆਂ ਪਤਨੀਆਂ ਅਤੇ ਸ਼ਹਿਰੀ ਗਰੀਬਾਂ ਵਿੱਚ ਦੇਖਿਆ ਜਾ ਸਕਦਾ ਹੈ। ਦਫਤਰੀ ਔਰਤਾਂ, ਹੋਰ ਕਿੱਤਾਕਾਰੀ ਪੜ੍ਹੀਆਂ-ਲਿਖੀਆਂ ਅਤੇ ਸਲੀਕੇਦਾਰ ਔਰਤਾਂ ਉਹਨਾਂ ਦਿਨਾਂ ਵਿੱਚ ਬਹੁਤ ਬਹੁਤ ਦੁਰਲੱਭ ਸਨ। ਪਰ ਹਾਂ ਅਕਤੂਬਰ ਇਨਕਲਾਬ ਦੇ ਸੂਹੇ ਝੰਡੇ ਨੂੰ ਜਿੱਤ ਤੱਕ ਪਹੁੰਚਾਉਣ ਵਿੱਚ ਬੁੱਧੀਜੀਵੀ ਔਰਤਾਂ, ਅਧਿਆਪਕਾਵਾਂ, ਹਾਈ ਸਕੂਲ ਅਤੇ ਯੂਨੀਵਰਸਿਟੀਆਂ ਦੀਆਂ ਜਵਾਨ ਵਿਦਿਆਰਥਣਾਂ ਅਤੇ ਔਰਤਾਂ ਡਾਕਟਰ ਵੀ ਸ਼ਾਮਲ ਸਨ। ਜਿੱਥੇ ਵੀ ਉਹਨਾਂ ਨੂੰ ਭੇਜਿਆ ਗਿਆ, ਉਹ ਉੱਥੇ ਹੀ ਗਈਆਂ। ਮੋਰਚੇ 'ਤੇ ਉਹ ਟੋਪੀ ਪਾ ਕੇ ਲਾਲ ਫੌਜ ਦੀਆਂ ਜੁਝਾਰੂ ਲੜਾਕੂ ਸਿਪਾਹੀ ਬਣਦੀਆਂ। ਜੇ ਉਹਨਾਂ ਲਾਲ ਬਾਜੂ ਬੰਦ ਪਹਿਨੇ ਹੁੰਦੇ ਤਾਂ ਉਸ ਸਮੇਂ ਉਹ ਕਰੈਂਸਕੀ ਦੇ ਖਿਲਾਫ ਗੈਚਚੀਨਾ, ਲਾਲ ਮੋਰਚੇ 'ਤੇ ਮੁੱਢਲੇ ਸਹਾਇਤਾ ਕੇਂਦਰਾਂ ਵਿੱਚ ਸਹਾਇਤਾ ਦੇਣ ਜਾ ਰਹੀਆਂ ਦਿਸਦੀਆਂ। ਫੌਜੀ ਜਨ-ਸੰਚਾਰ ਵਿੱਚ ਉਹਨਾਂ ਮਹੱਤਵਪੂਰਨ ਕੰਮ ਕੀਤਾ। ਉਹ ਨਿਰ-ਸੁਆਰਥ, ਖੁਸ਼ੀ ਖੁਸ਼ੀ, ਆਪਾ ਮਾਰ ਕੇ ਕਿਸੇ ਮਕਸਦ ਵਾਸਤੇ ਵਹੀਰਾਂ ਘੱਤਦੀਆਂ। ਉਹ ਇਸ ਨਿਹਚਾ ਨਾਲ ਭਰਪੂਰ ਸਨ ਕਿ ਕੁੱਝ ਜ਼ਰੂਰੀ ਤੇ ਮਹੱਤਵਪੂਰਨ ਵਾਪਰ ਰਿਹਾ ਹੈ ਅਤੇ ਅਸੀਂ ਇੱਕ ਇਨਕਲਾਬੀ ਜਮਾਤ ਦੇ ਛੋਟੇ ਹਿੱਸੇ ਹਾਂ।''
ਇਸ ਮਹੱਤਵਪੂਰਨ ਔਰਤ ਸ਼ਕਤੀ ਦਾ 1917 ਦੀ ਉਥਲ-ਪੁਥਲ ਵਿੱਚ ਡੂੰਘਾ ਪ੍ਰਭਾਵ ਪਿਆ। ਜੁਲਾਈ ਵਿੱਚ ਔਰਤਾਂ ਨੂੰ ਵੋਟ ਅਤੇ ਜਨਤਕ ਅਹੁਦੇ ਸਾਂਭਣ ਦਾ ਅਧਿਕਾਰ ਦਿੱਤਾ ਗਿਆ। ਪਹਿਲੀ ਚੋਣ ਸੰਵਿਧਾਨ ਸਭਾ ਲਈ ਨਵੰਬਰ ਵਿੱਚ ਹੋਈ ਜਿਸ ਵਿੱਚ ਔਰਤਾਂ ਨੇ ਮਰਦਾਂ ਨੂੰ ਪਿਛਾਂਹ ਛੱਡ ਦਿੱਤਾ। ਬਾਲਸ਼ਵਿਕਾਂ ਦੇ ਸੱਤਾ ਸੰਭਾਲਣ ਤੋਂ ਬਾਅਦ ਇਨਕਲਾਬ ਦੇ ਸਮਤਾਵਾਦੀ (ਬਰਾਬਰੀ ਵਾਲੇ) ਆਦਰਸ਼ਾਂ ਦੇ ਤਹਿਤ ਸੱਜਰੇ ਸੋਵੀਅਤ ਨਿਜ਼ਾਮ ਨੇ ਲਾਜ਼ਮੀ ਤੌਰ 'ਤੇ ਔਰਤਾਂ ਪ੍ਰਤੀ ਰਵੱਈਏ ਅਤੇ ਨੀਤੀਆਂ 'ਤੇ ਤੁਰੰਤ ਅਸਰ ਪਾਇਆ ਕਿਉਂਕਿ ਇਸਦਾ ਨਿਸ਼ਾਨਾ ਹੀ ਦਾਬੇ ਤੋਂ ਰਹਿਤ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰਨਾ ਸੀ।
ਬਾਲਸ਼ਵਿਕ ਲੀਡਰਸ਼ਿੱਪ ਨੇ ਸਮਾਜਵਾਦ ਦੇ ਤਹਿਤ ਔਰਤ ਮੁਕਤੀ ਦੀ ਲੋੜ ਨੂੰ ਸਪੱਸ਼ਟ ਤੌਰ 'ਤੇ ਮਾਨਤਾ ਦਿੱਤੀ। ਲੈਨਿਨ ਖੁਦ ਦਲੀਲ ਦਿੰਦੇ ਹਨ ਕਿ ''ਮਨੁੱਖੀ ਨਸਲ ਦਾ ਅੱਧ ਔਰਤਾਂ ਪੂੰਜੀਵਾਦ ਦੇ ਤਹਿਤ ਦੂਹਰੇ ਜਬਰ ਦਾ ਸ਼ਿਕਾਰ ਹਨ। ਕੰਮਕਾਜੀ ਔਰਤਾਂ ਅਤੇ ਕਿਸਾਨ ਔਰਤਾਂ ਪੂੰਜੀ ਦੁਆਰਾ ਦਬਾਈਆਂ ਹੋਈਆਂ ਹਨ, ਪਰ ਇਸ ਤੋਂ ਵਧ ਕੇ ਸਭ ਤੋਂ ਵੱਧ ਬੁਰਜੂਆ ਜਮਹੂਰੀ ਗਣਰਾਜਾਂ ਵਿੱਚ ਵੀ ਪਹਿਲਾਂ ਤਾਂ ਉਹ ਕੁੱਝ ਅਧਿਕਾਰਾਂ ਤੋਂ ਵਾਂਝੀਆਂ ਰਹਿੰਦੀਆਂ ਹਨ ਕਿਉਂਕਿ ਕਾਨੂੰਨ ਉਹਨਾਂ ਨੂੰ ਮਰਦਾਂ ਦੇ ਮੁਕਾਬਲੇ ਬਰਾਬਰੀ ਨਹੀਂ ਦਿੰਦਾ ਅਤੇ ਦੂਸਰੀ ਮੁੱਖ ਗੱਲ ਉਹ ਘਰੇਲੂ ਦਾਸਤਾਂ ਵਿੱਚ ਜਕੜੀਆਂ ਰਹਿੰਦੀਆਂ ਹਨ। ਘਰੇਲੂ ਗੁਲਾਮ ਬਣੀਆਂ ਰਹਿੰਦੀਆਂ ਹਨ। ਉਹਨਾਂ 'ਤੇ ਰਸੋਈ ਅਤੇ ਵਿਅਕਤੀਗਤ ਘਰੇਲੂ ਨੀਰਸ ਅਤੇ ਸਭ ਤੋਂ ਘਟੀਆ ਤੇ ਲੱਕ-ਤੋੜਵੀਂ ਤੇ ਦਿਮਾਗ ਨੂੰ ਪਾਗਲ ਕਰ ਦੇਣ ਵਾਲੀ ਮੁਸ਼ੱਕਤ ਦਾ ਬੋਝ ਲੱਦਿਆ ਰਹਿੰਦਾ ਹੈ।
ਰਾਜ ਵੱਲੋਂ ਔਰਤਾਂ ਦੇ ਅਧਿਕਾਰਾਂ ਨੂੰ ਮਾਨਤਾ
ਔਰਤਾਂ ਦੀ ਦਾਸਤਾਂ ਨੂੰ ਤੋੜਨ ਵਾਸਤੇ ਉਜਰਤੀ ਕੰਮਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਕੇਂਦਰੀ ਨੁਕਤੇ ਵਜੋਂ ਚਿਤਵਿਆ ਗਿਆ ਸੀ। ਔਰਤਾਂ ਦੀ ਆਰਥਿਕ ਖੁਦਮੁਖਤਾਰੀ ਵਾਸਤੇ ਕਾਨੂੰਨੀ ਤਬਦੀਲੀਆਂ ਦੀ ਇੱਕ ਕੜੀ ਲਾਗੂ ਕੀਤੀ ਗਈ। ਸੰਪਤੀ-ਜਾਇਦਾਦ ਦੇ ਸਬੰਧਾਂ ਵਿੱਚ ਤਬਦੀਲੀ, ਵਿਆਹ ਤੋਂ ਬਾਅਦ ਔਰਤਾਂ ਦੀ ਗਤੀਸ਼ੀਲਤਾ (ਘੁੰਮਣ-ਫਿਰਨ) 'ਤੇ ਬੰਦਿਸ਼ਾਂ ਦੇ ਖਾਤਮੇ, ਲਿੰਗ-ਭੇਦ ਤੋਂ ਬਿਨਾ ਜਾਇਦਾਦ ਰੱਖਣ ਅਤੇ ਪਰਿਵਾਰਕ ਮੁਖੀ ਵਜੋਂ ਕੰਮ ਕਰਨ ਦੀ ਬਰਾਬਰੀ ਲਈ ਕਾਨੂੰਨੀ ਤਬਦੀਲੀਆਂ ਕੀਤੀਆਂ ਗਈਆਂ। ਨਵੇਂ ਕਾਨੂੰਨਾਂ ਮੁਤਾਬਕ ਸਮਾਜਿਕ ਤਬਦੀਲੀਆਂ ਨੂੰ ਵੀ ਲਾਜ਼ਮੀ ਕਰਾਰ ਦਿੱਤਾ ਗਿਆ। ਵਿਆਹ ਨੂੰ ਰਜਿਸਟਰੇਸ਼ਨ ਰਾਹੀਂ ਮੁਕੰਮਲ ਤੌਰ 'ਤੇ ਗੈਰ ਧਾਰਮਿਕ ਮਾਮਲਾ ਬਣਾ ਦਿੱਤਾ ਗਿਆ ਅਤੇ ਦਹਾਕੇ ਬਾਅਦ ਰਜਿਸ਼ਟਰੇਸ਼ਨ ਸ਼ਰਤ ਵੀ ਖਤਮ ਕਰ ਦਿੱਤੀ ਗਈ। ਜਦੋਂ ਕਿ ਤਲਾਕ ਪਰਕਿਰਿਆ ਨੂੰ ਹੋਰ ਸੁਖਾਲਾ ਬਣਾ ਦਿੱਤਾ ਗਿਆ। ਔਰਤਾਂ ਲਈ ਮੁਫਤ ਗਰਭਪਾਤ ਦੀ ਸਹੂਲਤ ਮੁਹੱਈਆ ਕਰ ਦਿੱਤੀ ਗਈ ਅਤੇ ਵਿਆਹ ਅੰਦਰ ਜਾਂ ਵਿਆਹ ਤੋਂ ਬਾਹਰ ਜਨਮ ਲੈਣ ਵਾਲੇ ਬੱਚਿਆਂ ਵਾਸਤੇ ਕੋਈ ਕਾਨੂੰਨੀ ਪਛਾਣ ਨਹੀਂ ਰਹਿਣ ਦਿੱਤੀ ਗਈ। ਤਨਖਾਹ ਸਹਿਤ ਜਣੇਪਾ ਛੁੱਟੀ ਦੀ ਸ਼ੁਰੂਆਤ ਕੀਤੀ ਗਈ ਅਤੇ ਹਸਪਤਾਲਾਂ ਵਿੱਚ ਹੋਰ ਜਣੇਪਾ ਵਾਰਡਾਂ ਦਾ ਵਿਸਥਾਰ ਕੀਤਾ ਗਿਆ। ਇਹ ਪ੍ਰਾਪਤੀਆਂ ਸਿਰਫ ਪਹਿਲੇ ਰੂਸ ਦੇ ਪੈਮਾਨੇ ਅਨੁਸਾਰ ਹੀ ਨਹੀਂ ਸਗੋਂ ਉਸ ਸਮੇਂ ਦੇ ਹੋਰ ਮੁਲਕਾਂ ਦੇ ਮੁਕਾਬਲੇ ਬਹੁਤ ਮਹੱਤਵਪੂਰਨ ਸਨ। ਔਰਤਾਂ ਦੇ ਹੱਕਾਂ ਬਾਰੇ ਜਿਸ ਹੱਦ ਤੱਕ ਰਾਜ ਵੱਲੋਂ ਮਾਨਤਾ ਸੋਵੀਅਤ ਯੂਨੀਅਨ ਵੱਲੋਂ ਦਿੱਤੀ ਗਈ, ਉਹ ਸਮੇਤ ਯੂਰਪ ਦੇ ਕਿਸੇ ਵੀ ਸਮਾਜ ਵਿੱਚ ਮੌਜੂਦ ਨਹੀਂ ਸੀ। ਇਨਕਲਾਬ ਤੋਂ ਬਾਅਦ ਦੇ ਪਹਿਲੇ ਦਹਾਕੇ ਦੌਰਾਨ ਬਹੁਤ ਵੱਡਾ ਸਭਿਆਚਾਰਕ ਬਦਲਾਅ ਖੁਸ਼ਹਾਲੀ ਤੇ ਖੇੜਾ ਵੀ ਸਾਹਮਣੇ ਆਇਆ ਅਤੇ ਔਰਤਾਂ ਨੇ ਰਚਨਾਤਮਿਕ ਢੰਗਾਂ ਨਾਲ ਆਪਣੀ ਨਵੀਂ ਆਜ਼ਾਦੀ ਨੂੰ ਮਾਨਣ ਦੇ ਨਾਲ ਇਸਦਾ ਇਜ਼ਹਾਰ ਵੀ ਕੀਤਾ। ਇਹ ਨਿਸ਼ਚੇ ਹੀ ਔਰਤਾਂ ਲਈ ਖੁਸ਼ੀ ਭਰੇ ਦਿਨ ਹੋਣਗੇ ਜਦੋਂ ਉਹਨਾਂ ਨੂੰ ਉਹਨਾਂ ਦੀ ਆਪਣੀ ਸ਼ਮੂਲੀਅਤ ਨਾਲ ਆਪਣੇ ਵੱਲੋਂ ਕੀਤੇ ਯਤਨਾਂ ਅਤੇ ਕੁਰਬਾਨੀਆਂ ਕਰਕੇ ਲਿਆਂਦੀ ਸਮਾਜਿਕ ਅਤੇ ਰਾਜਸੀ ਤਬਦੀਲੀ ਦੇ ਫਲ ਮਾਨਣ ਦੀ ਸ਼ੁਰੂਆਤ ਹੋਈ ਹੋਵੇਗੀ।
ਔਰਤਾਂ ਨੂੰ ਵੋਟ ਦਾ ਅਧਿਕਾਰ ਤਾਂ ਉਸ ਵੇਲੇ ਬਹੁਤ ਹੀ ਮਹੱਤਵਪੂਰਨ ਗੱਲ ਸੀ ਕਿਉਂਕਿ ਕਿਸੇ ਵੀ ਪੂੰਜੀਵਾਦੀ ਮੁਲਕ ਵਿੱਚ ਉਸ ਵੇਲੇ ਔਰਤ ਨੂੰ ਮਰਦ ਦੇ ਬਰਾਬਰ ਕਾਨੂੰਨੀ ਅਧਿਕਾਰ ਹਾਸਲ ਨਹੀਂ ਸਨ। ਇਹ ਅਧਿਕਾਰ ਅਮਰੀਕਾ ਵਿੱਚ 1920, ਸਵੀਡਨ ਵਿੱਚ 1921 ਵਿੱਚ ਹਾਸਲ ਹੋਇਆ ਜਦ ਕਿ ਇਟਲੀ ਅਤੇ ਫਰਾਂਸ ਵਿੱਚ ਔਰਤਾਂ ਨੂੰ ਹੋਰ 30 ਸਾਲ ਤੱਕ ਇਸਦੀ ਉਡੀਕ ਕਰਨੀ ਪਈ। ਇਸੇ ਤਰ੍ਹਾਂ ਸਿਹਤ ਸੇਵਾਵਾਂ ਵਿੱਚ ਰੂਸੀ ਔਰਤਾਂ ਤੋਂ 50 ਸਾਲ ਬਾਅਦ 1973 ਵਿੱਚ ਡੈਨਮਾਰਕ ਦੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਹਾਸਲ ਹੋਇਆ। ਸਿਆਸਤ ਵਿੱਚ ਭਾਈਵਾਲੀ ਖੇਡਾਂ ਅਤੇ ਹਰ ਕਿਸਮ ਦੀਆਂ ਪੈਦਾਵਾਰੀ ਸਰਗਰਮੀਆਂ, ਸਭਿਆਚਾਰਕ ਸਰਗਰਮੀਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਪੱਖੋਂ ਦੁਨੀਆਂ ਵਿੱਚ ਸੋਵੀਅਤ ਯੂਨੀਅਨ ਦਾ ਕੋਈ ਸਾਨੀ ਨਹੀਂ ਸੀ। 1927 ਵਿੱਚ ਔਰਤਾਂ ਦੇ 18 ਵੱਖ ਵੱਖ ਮੈਗਜ਼ੀਨ (ਪਰਚੇ) ਛਪ ਰਹੇ ਸਨ, ਜਿਹਨਾਂ ਦੀ ਗਿਣਤੀ 3 ਲੱਖ 86 ਹਜ਼ਾਰ ਸੀ। ਸਿਆਸੀ ਪੱਖੋਂ ਸਿੱਖਿਆ ਹਾਸਲ ਕਰਨ ਅਤੇ ਭਾਈਵਾਲ ਬਣਾਉਣ ਲਈ ਵਰਕਰ/ਕਾਮਾ ਅਤੇ ਕਿਸਾਨ ਔਰਤਾਂ ਦੀਆਂ ਸੋਵੀਅਤਾਂ ਦੇ ਪੈਮਾਨੇ ਦੀ ਤਰਜ਼ 'ਤੇ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਸਨ। 1926 ਵਿੱਚ ਸ਼ਹਿਰਾਂ/ਕਸਬਿਆਂ ਵਿੱਚ 46000 ਅਤੇ ਦਿਹਾਤੀ ਇਲਾਕਿਆਂ ਵਿੱਚ 1 ਲੱਖ ਡੈਲੀਗੇਟਾਂ ਨੇ 6000 ਸ਼ਹਿਰੀ ਅਤੇ 12000 ਪੇਂਡੂ ਕਾਨਫਰੰਸਾਂ ਵਿੱਚ ਹਿੱਸਾ ਲਿਆ।
ਜੋ ਔਰਤਾਂ ਪੁਰਾਣੇ ਰੂਸ ਵਿੱਚ ਮਰਦ ਦੀਆਂ ਗੁਲਾਮ ਅਤੇ ਹਰ ਪੱਖੋਂ ਉਸਦੀ ਇੱਛਾ 'ਤੇ ਨਿਰਭਰ ਸਨ, ਹੁਣ ਬਰਾਬਰ ਦੀ ਜ਼ਿੰਦਗੀ ਜੀਣ ਲੱਗੀਆਂ। ਬਾਲਸ਼ਵਿਕ ਇਨਕਲਾਬ ਵਿੱਚ ਔਰਤਾਂ ਦੇ ਜੀਵਨ 'ਤੇ ਪਏ ਡੂੰਘੇ ਅਸਰ ਇਨਕਲਾਬ ਦੇ ਪੂੰਜੀਵਾਦੀ ਮੁੜ-ਬਹਾਲੀ ਵਿੱਚ ਤਬਦੀਲ ਹੋਣ ਦੇ ਬਾਵਜੂਦ ਮੌਜੂਦ ਰਹੇ ਇੱਥੋਂ ਤੱਕ ਕਿ ਇਨਕਲਾਬ ਦੀ ਰਹਿੰਦ-ਖੂੰਹਦ ਖਤਮ ਕਰਨ ਲਈ ਪੂੰਜੀਵਾਦੀ ਸਾਸ਼ਕਾਂ ਵੱਲੋਂ ਚਲਾਈ ਪ੍ਰੈਸਤਰੋਇਕਾ ਵੇਲੇ ਤੱਕ ਵੀ ਨਹੀਂ ਮਿਟਾਏ ਜਾ ਸਕੇ।
No comments:
Post a Comment