ਘਪਲ਼ਿਆਂ ਦੇ ਦੇਸ਼ 'ਚ ਬੈਂਕ-ਘਪਲ਼ੇ
-ਗੁਰਮੇਲ ਸਿੰਘ ਭੁਟਾਲ
ਦੇਸ਼ ਦੀ ਦੂਜੀ ਵੱਡੀ ਬੈਂਕ 'ਪੰਜਾਬ ਨੈਸ਼ਨਲ ਬੈਂਕ' 11420 ਕਰੋੜ ਦੀ ਠੱਗੀ ਦੀ ਸ਼ਿਕਾਰ ਹੋਈ ਹੈ। ਮੁੰਬਈ ਸਥਿਤ ਬੈਂਕ ਦੀ ਇੱਕ ਬਰਾਂਚ ਪਾਸੋਂ ਜਾਅਲੀ ਢੰਗਾਂ ਨਾਲ਼ ਲੈਣ-ਦੇਣ ਕੀਤਾ ਜਾ ਰਿਹਾ ਸੀ ਜਿਸ ਵਿੱਚ ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਮਾਮੇ ਮੇਹੁਲ ਚੋਕਸੀ ਦੇ ਨਾਂ ਸਾਹਮਣੇ ਆਏ ਹਨ। ਨੀਰਵ ਮੋਦੀ ਬੈਲਜ਼ੀਅਮ ਦਾ ਜੰਮਪਲ਼ ਹੈ ਜੋ ਕਿ 19 ਸਾਲ ਦੀ ਉਮਰੇ, ਆਪਣੇ ਮਾਮੇ ਨਾਲ਼ ਕਾਰੋਬਾਰ ਕਰਨ ਲਈ ਮੁੰਬਈ ਆਇਆ ਸੀ। ਇਸ ਵਪਾਰੀ ਜੋੜੀ ਦੀਆਂ ਤੰਦਾਂ ਭਾਜਪਾਈਆਂ ਤੇ ਅੰਬਾਨੀਆਂ ਨਾਲ਼ ਜੁੜੀਆਂ ਹੋਈਆਂ ਹਨ। ਇਸ ਮੋਦੀ ਦਾ ਛੋਟਾ ਭਰਾ 'ਨੀਸ਼ਾਲ' ਰਿਲਾਇੰਸ ਕੰਪਨੀ ਦੇ ਡਾਇਰੈਕਟਰ ਮੁਕੇਸ਼ ਅੰਬਾਨੀ ਦਾ ਰਿਸ਼ਤੇਦਾਰ ਹੈ। ਇਹ ਵਪਾਰੀ ਜੋੜੀ 'ਫਾਇਰ ਸਟਾਰ ਡਾਇਮੰਡ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ' ਕੰਪਨੀ ਦੀ ਮਾਲਕ ਹੈ। ਸੰਨ 1999 ਵਿੱਚ ਹੋਂਦ 'ਚ ਆਈ ਇਸ ਕੰਪਨੀ ਦਾ ਦੇਸ਼ਾ-ਬਦੇਸ਼ਾਂ ਤੱਕ ਮੋਟਾ ਠਕਠਕਾ ਚੱਲਦਾ ਹੈ। ਸੀ ਬੀ ਆਈ ਨੇ ਇਹਨਾਂ ਵਿਰੁੱਧ ਦੋ ਪਰਚੇ ਦਾਇਰ ਕੀਤੇ ਹਨ। ਨੀਰਵ ਦੀ ਪਤਨੀ ਅਮੀ ਮੋਦੀ, ਅਤੇ ਭਰਾ ਨੀਸ਼ਾਲ ਨੂੰ ਵੀ ਪਰਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਬਦੇਸ਼ੀ ਬੈਂਕਾਂ ਤੋਂ ਕਰਜ਼ੇ ਲੈਣ ਲਈ ਅਤੇ ਅਦਾਇਗੀਆਂ ਲਈ, ਨੀਰਵ ਮੋਦੀ ਅਤੇ ਸਾਥੀਆਂ ਨੇ ਮੁੰਬਈ ਦੀ ਬਰੈਡੀ ਬਰਾਂਚ ਦੇ ਅਧਿਕਾਰੀਆਂ ਤੋਂ ਕਈ ਸਾਲ ਜਾਅਲੀ ਪੱਤਰ ਪ੍ਰਾਪਤ ਕਰਦਿਆਂ ਇਸ ਘੋਟਾਲ਼ੇ ਨੂੰ ਅੰਜ਼ਾਮ ਦਿੱਤਾ ਹੈ। ਠੱਗਾਂ ਦੇ ਇਸ ਮੁਲਕ ਅੰਦਰ ਇਹ ਕੋਈ ਪਹਿਲਾਂ ਘਪਲ਼ਾ ਨਹੀਂ ਤੇ ਨਾ ਹੀ ਆਖਰੀ ਹੈ। ਥੋੜ੍ਹਾ ਚਿਰ ਪਹਿਲਾਂ ਹੀ ਭਾਜਪਾਈ ਵਿਜੈ ਮਾਲਿਆ, ਬੈਂਕ ਨਾਲ਼ ਮੋਟੀ ਠੱਗੀ ਮਾਰ ਕੇ ਮਾਲਾਮਾਲ ਹੋਇਆ ਹੈ ਜੋ ਕਿ ਨੰਗਾ ਹੋਣ ਸਾਰ, ਤੁਰੰਤ ਬਦੇਸ਼ ਉਡਾਰੀ ਮਾਰ ਗਿਆ। ਬਿੱਲਕੁੱਲ ਓਸੇ ਤਰਾਂ੍ਹ ਨੀਰਵ ਮੋਦੀ ਅਤੇ ਉਸ ਦੇ ਮੇਹੁਲ ਮਾਮੇ ਨੇ ਕੀਤਾ ਹੈ। ਬਾਅਦ ਵਿੱਚ ਬਦੇਸ਼ ਮੰਤਰਾਲੇ ਨੇ ਇਹਨਾਂ ਦੇ ਪਾਸਪੋਰਟ ਰੱਦ ਕਰਨ ਦਾ ਢੌਂਗ ਵੀ ਕੀਤਾ ਹੈ। ਕੇਂਦਰ ਦੀ ਭਾਜਪਾਈ ਸਰਕਾਰ, ਬੈਂਕ ਘੋਟਾਲ਼ਿਆਂ ਲਈ ਕਾਂਗਰਸ ਨੂੰ ਜੁੰਮੇਵਾਰ ਗਰਦਾਨ ਰਹੀ ਹੈ ਅਤੇ ਕਾਂਗਰਸੀ ਭਾਜਪਾ ਨੂੰ। ਦੇਸ਼ ਦੀਆਂ ਦੋਵੇਂ ਮੁੱਖ ਪਾਰਲੀਮਾਨੀ ਪਾਰਟੀਆਂ ਨੇ ਦੋਸ਼ਾਂ ਦੇ 'ਤੀਰ' ਇੱਕ-ਦੂਜੇ ਵੱਲ ਸੇਧੇ ਹੋਏ ਹਨ। ਇਹ ਗੱਲ ਵੱਖਰੀ ਹੈ ਕਿ ਭਾਜਪਾ ਹਕੂਮਤੀ ਗੱਦੀਆਂ ਉੱਤੇ ਬਿਰਾਜ਼ਮਾਨ ਹੈ, ਵੈਸੇ ਦੇਸ਼ ਅੰਦਰ ਹੋਏ ਵੱਡੇ ਘੋਟਾਲ਼ਿਆਂ ਲਈ ਦੋਵੇਂ ਜੁੰਮੇਵਾਰ ਹਨ। ਸੱਤ੍ਹਾ ਉੱਪਰ ਕੋਈ ਵੀ ਕਾਬਜ਼ ਹੋਵੇ, ਘੋਟਾਲ਼ੇ ਤੇ ਫਰਾਡ ਬੇਰੋਕ ਜਾਰੀ ਹਨ। ਜਾਇਦਾਦਾਂ ਦੀ ਜ਼ਬਤੀ ਦਾ ਡਰਾਮਾ ਕਰਦਿਆਂ, ਇਨਫੋਰਸਮੈਂਟ ਡਾਇਰੈਕੋਰੇਟ (ਵਿੱਤੀ ਅਪਰਾਧਿਕ ਮਾਮਲਿਆਂ ਵਿਰੁੱਧ ਸੰਸਥਾ) ਨੇ ਛਾਪੇਮਾਰੀ ਕਰਦਿਆਂ ਨੀਰਵ ਮੋਦੀ ਦੇ ਬਹੁਤ ਸਾਰੇ ਟਿਕਾਣਿਆਂ ਤੱਕ ਪਹੁੰਚ ਕਰਦਿਆਂ ਬਹੁਤ ਸਾਰੀਆਂ ਆਲੀਸ਼ਾਨ ਕਾਰਾਂ ਸਮੇਤ ਹੋਰ ਜਾਇਦਾਦਾਂ ਨੂੰ ਜ਼ਬਤੀ ਅਧੀਨ ਲਿਆਂਦਾ ਹੈ ਜਿੰਨ੍ਹਾਂ ਵਿੱਚ 5100 ਕਰੋੜ ਰੁਪਏ ਦੇ ਹੀਰੇ, ਸੋਨਾ, ਫਾਰਮ-ਹਾਊਸ, 8.16 ਕਰੋੜ ਰੁਪਏ ਦੀ ਕੀਮਤ ਦਾ ਪੈਂਟ-ਹਾਊਸ, ਮੁੰਬਈ ਸਥਿਤ 15.45 ਕਰੋੜ ਰੁਪਏ ਦੀ ਕੀਮਤ ਦਾ ਸਮੁੰਦਰ-ਮਹਿਲ ਵਿਚਲਾ ਇੱਕ ਫਲੈਟ, 6 ਰਿਹਾਇਸ਼ੀ ਜਾਇਦਾਦਾਂ, 10 ਦਫਤਰ, 2 ਫਲੈਟ, ਇੱਕ ਸੂਰਜੀ ਊਰਜਾ ਪਲਾਂਟ, 135 ਏਕੜ ਜ਼ਮੀਨ ਦੱਸੀ ਜਾ ਰਹੀ ਹੈ।
ਇੱਕ ਹੋਰ ਹੀਰਾ-ਵਪਾਰੀ ਭੱਜ ਗਿਆ ਬਦੇਸ਼
ਪੀ ਐੱਨ ਬੀ ਘੋਟਾਲ਼ੇ ਦੀ ਚਰਚਾ ਹਾਲੇ ਜੋਬਨ 'ਤੇ ਹੀ ਸੀ ਕਿ ਇੱਕ ਹੋਰ ਹੀਰਾ-ਵਪਾਰੀ ਬੈਂਕ ਨਾਲ਼ 420 ਕਰ ਕੇ ਬਦੇਸ਼ ਭੱਜ ਗਿਆ ਹੈ। ਦਿੱਲੀ ਦੇ ਇਸ ਵਪਾਰੀ ਸਮੇਤ ਬੈਂਕ ਅਧਿਕਾਰੀ ਖਿਲਾਫ਼ ਪਰਚਾ ਦਰਜ ਹੋ ਗਿਆ ਹੈ। 3695 ਕਰੋੜ ਦੇ ਘਪਲ਼ੇ ਲਈ ਜੁੰਮੇਵਾਰ 'ਰੋਟੋਮੈਕ ਪੈਨਜ਼' ਦੇ ਮਾਲਕ ਵਿਕਰਮ ਕੋਠਾਰੀ ਅਤੇ ਉਸ ਦੇ ਫਰਜ਼ੰਦ ਰਾਹੁਲ ਕੋਠਾਰੀ ਨੂੰ ਸੀ ਬੀ ਆਈ ਹਿਰਾਸਤ ਵਿੱਚ ਲਿਆ ਗਿਆ ਹੈ। ਦਿੱਲੀ ਦੇ 'ਕਰੋਲ ਬਾਗ' ਦੀ 'ਦਵਾਰਕਾ ਦਾਸ ਸੇਠ ਇੰਟਰਨੈਸ਼ਨਲ” ਖਿਲਾਫ਼ ਓਰੀਐਂਟਲ ਬੈਂਕ ਆਫ ਕਾਮਰਸ ਨੇ 389.85 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਾਇਆ ਹੈ। ਬੈਂਕ ਆਫ ਮਹਾਂਰਾਸਟਰ ਦੀ ਸ਼ਿਕਾਇਤ 'ਤੇ ਅਮਿਤ ਸਿੰਗਲਾ ਅਤੇ ਸੰਗੀਆ ਵਿਰੁੱਧ ਜਾਅਲੀ ਕਾਗਜ਼ਾਂ ਰਾਹੀਂ ਕਰਜ਼ਾ ਲੈਣ ਦਾ ਮਾਮਲਾ ਦਰਜ ਕਰਾਇਆ ਹੈ।
ਸਰਕਾਰਾਂ, ਅਫਸਰਸ਼ਾਹੀ ਅਤੇ ਨਿਆਂ-ਪਾਲਿਕਾ ਦੀ ਸਰਪ੍ਰਸਤੀ ਮਾਣਦੇ ਹਨ— ਘਪਲ਼ੇਬਾਜ
ਸੀ ਬੀ ਆਈ ਵੱਲੋਂ ਪਰਚੇ ਦਰਜ ਕਰਨ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਦੇ ਬਾਵਜੂਦ, ਸਚਾਈ ਇਹ ਹੈ ਕਿ ਘੋਟਾਲ਼ਿਆਂ ਦੇ ਇਹ ਸੌਦਾਗਰ, ਸਰਕਾਰਾਂ ਦੀ ਪੂਰੀ ਸ਼ਹਿ ਮਾਣਦੇ ਹਨ। ਵਿਜੈ ਮਾਲਿਆ ਭਾਜਪਾ ਦਾ ਰਾਜ ਸਭਾ ਮੈਂਬਰ ਹੁੰਦਿਆਂ ਰਾਤੋ-ਰਾਤ ਬਦੇਸ਼ਾਂ 'ਚ ਜਾ ਵਸਿਆ ਹੈ। ਨਿੱਤ ਖੁਦਕਸ਼ੀਆਂ ਦੀ ਮੌਤੇ ਮਰਦੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦਾ ਸਰਕਾਰਾਂ ਕੋਲ਼ ਕੋਈ ਪ੍ਰਬੰਧ ਨਹੀਂ ਹੈ ਤੇ ਦੂਜੇ ਪਾਸੇ ਪੀ ਐੱਨ ਬੀ ਜਿਹੇ ਅਨੇਕਾਂ ਘੋਟਾਲ਼ੇਬਾਜ ਪੂਰੇ ਮੁਲਕ ਨੂੰ ਆਪਣੇ ਘਰੀਂ ਢੋਅ ਰਹੇ ਹਨ। ਰਾਜ-ਸੱਤਾ੍ਹ ਦੇ ਗਲਿਆਰਿਆਂ ਦਾ ਇਹ ਘਪਲ਼ੇਬਾਜ ਖੂਬ ਲਾਭ ਲੈਂਦੇ ਹਨ। ਦੇਸ਼ ਦੇ ਕਮਾਊ ਲੋਕ, ਮਜ਼ਦੂਰ-ਕਿਸਾਨ ਅਤੇ ਹੋਰ ਮਿਹਨਤਕਸ਼ ਵਰਗ ਕਿਸੇ ਸਰਕਾਰ ਦੇ ਏਜ਼ੰਡੇ 'ਤੇ ਨਹੀਂ ਹਨ। ਸਾਰਾ ਕੁੱਝ ਕੰਪਨੀਆਂ ਅਤੇ ਧਨਾਡਾਂ ਨੂੰ ਵਿਉਂਤਬੱਧ ਤਰੀਕੇ ਨਾਲ਼ ਲੁਟਾਇਆ ਜਾ ਰਿਹਾ ਹੈ। ਕਿਰਤੀ ਤਬਕੇ ਨੂੰ ਕੰਮ ਬਦਲੇ ਅਗਲੇ ਦਿਨ ਕੰਮ 'ਤੇ ਆਉਣ ਜੋਗੀ ਉਜ਼ਰਤ ਦੇਣ ਵਾਲ਼ੇ ਹਾਲਾਤ ਬਣਾ ਦਿੱਤੇ ਗਏ ਹਨ। ਸੜਕਾਂ. ਪੁਲ਼, ਉਸਾਰੀ, ਨਿਰਮਾਣ ਅਤੇ ਉਪਜ਼ ਦੇ ਸੱਭੇ ਖੇਤਰ ਕੰਪਨੀਆਂ ਅੱਗੇ ਪਰੋਸੇ ਜਾ ਚੁੱਕੇ ਹਨ। ਸ਼ਾਤਰ ਕਿਸਮ ਦੇ ਬੈਂਕਿੰਗ-ਨਿਯਮਾਂ ਰਾਹੀਂ ਦੇਸ਼ ਦੇ ਲੋਕਾਂ ਦੀ ਕਮਾਈ ਬੈਂਕਾਂ ਵਿੱਚ ਕੈਦ ਕਰ ਦਿੱਤੀ ਗਈ ਹੈ ਜਿਸ ਨੂੰ ਧੜਵੈਲ਼ ਕੰਪਨੀਆਂ ਅਤੇ ਘਰਾਣਿਆਂ ਦੇ ਕਾਰੋਬਾਰੀ ਸਰਕਲ ਵਿੱਚ ਪਾ ਕੇ ਉਹਨਾਂ ਦੀਆਂ ਤਿਜ਼ੌਰੀਆਂ ਭਰੀਆਂ ਜਾਂਦੀਆਂ ਹਨ। ਧੰਨ-ਦੌਲਤ ਦੇ ਢੇਰਾਂ ਉੱਪਰ ਬੈਠੇ ਇਹਨਾਂ ਨਿੱਜੀ ਕਾਰੋਬਾਰੀ ਕੰਪਨੀਆਂ ਤੇ ਘਰਾਣਿਆਂ ਨੂੰ ਮੋਟੇ ਕਰਜ਼ੇ ਬਖਸ਼ੇ ਜਾਦੇ ਹਨ ਜਦਕਿ ਆਮ ਬੰਦਾ ਨਿੱਕੇ-ਮੋਟੇ ਕਾਰੋਬਾਰ ਜਾਂ ਕਬੀਲਦਾਰੀ ਚਲਾਉਣ ਲਈ ਛੋਟਾ-ਮੋਟਾ ਕਰਜ਼ਾ ਪ੍ਰਾਪਤ ਕਰਨ ਖਾਤਰ ਬੈਂਕਾਂ ਦੀ ਡੰਡੌਤ ਕਰਦਾ ਮਰ ਜਾਂਦਾ ਹੈ। ਕਾਰਜਪਾਲਿਕਾ(ਸਰਕਾਰ), ਪ੍ਰਸਾਸ਼ਨ (ਅਫਸਰਸ਼ਾਹੀ) ਅਤੇ ਨਿਆਂ-ਪਾਲਿਕਾ (ਕੋਰਟ-ਕਚਹਿਰੀਆਂ) ਸਭ ਘਪਲ਼ੇਬਾਜਾਂ ਨੂੰ ਪਾਲਣ-ਪਲੋਸਣ ਤੇ ਸੁਰੱਖਿਅਤ ਕਰਨ ਵਾਲ਼ੇ ਸੰਦ ਹਨ। ਏਸੇ ਕਰਕੇ ਦੇਸ਼ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਕਰੋੜਾਂ-ਅਰਬਾਂ ਰੁਪਏ ਦੇ ਵੱਡੇ ਘਪਲ਼ੇ ਹੋ ਚੁੱਕੇ ਹਨ ਜੋ ਕਿ ਨਾਕਸ ਪ੍ਰਬੰਧ ਹੋਣ ਕਾਰਨ ਬੇਰੋਕ ਚੱਲੀ ਜਾ ਰਹੇ ਹਨ। ਜਿਹੜੀਆਂ ਸਰਕਾਰਾਂ ਜਾਂ ਸਰਕਾਰੀ ਸੰਸਥਾਵਾਂ ਵੱਲੋਂ ਘਪਲ਼ੇਬਾਜਾਂ ਖਿਲਾਫ਼ ਕਾਰਵਾਈ ਕਰਨ ਦੇ ਭੁਲੇਖੇ ਪਾਏ ਜਾ ਰਹੇ ਹਨ, ਉਹਨਾਂ ਸਰਕਾਰਾਂ/ਸੰਸਥਾਵਾਂ ਦੇ ਨੁਮਾਇੰਦੇ ਹੀ ਘਪਲ਼ਿਆਂ ਨੂੰ ਚਾਰ ਚੰਨ ਲਾਉਂਦੇ ਹਨ। ਰਾਜੀਵ ਗਾਂਧੀ ਦਾ 64 ਕਰੋੜੀ ਬੋਫਰਜ਼ ਦਲਾਲੀ ਘੋਟਾਲ਼ਾ, ਪ੍ਰਕਾਸ਼ ਜੈਸਵਾਲ ਤੇ ਮਨਮੋਹਨ ਸਿੰਘ ਦਾ 18559 ਕਰੋੜ ਰੁਪਏ ਦਾ ਕੋਲਾ ਘੋਟਾਲ਼ਾ, ਯੂ ਪੀ ਦੇ ਮੁਲਾਇਮ ਯਾਦਵ ਦਾ 35000 ਕਰੋੜ ਰੁਪਏ ਦਾ ਅਨਾਜ ਘੋਟਾਲ਼ਾ, ਸੁਰੇਸ਼ ਕਲਮਾਡੀ ਤੇ ਸ਼ੀਲਾ ਦਕਿਸ਼ਤ ਦਾ 70000 ਕਰੋੜ ਰੁਪਏ ਦਾ ਕਾਮਨਵੈਲਥ ਖੇਡ ਘੋਟਾਲ਼ਾ, ਲਾਲੂ ਪ੍ਰਸ਼ਾਦ ਦਾ 950 ਕਰੋੜੀ ਚਾਰਾ ਘੋਟਾਲ਼ਾ ਅਤੇ ਅੱਜ-ਕੱਲ੍ਹ ਚਰਚਿਆਂ 'ਚ ਆਏ ਅਮਿਤ ਸ਼ਾਹ ਦੇ ਪੁੱਤਰ ਦਾ ਘੁਟਾਲਾ, ਮੋਦੀ ਵੱਲੋਂ ਸਹਾਰਾ ਕੰਪਨੀ ਵੱਲੋਂ ਛਕਿਆ 50 ਕਰੋੜ ਦਾ ਘਪਲਾ, ਲਲਿਤ ਮੋਦੀ ਘਪਲਾ, ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ ਵਿਯਾਮ ਘਪਲਾ, ਰਫਾਲੇ ਘਪਲਾ ਅਤੇ ਬੈਂਕ ਘਪਲਾ ਆਦਿ ਸਰਕਾਰਾਂ ਦੀ ਖਸਲਤ ਨੂੰ ਉਜ਼ਾਗਰ ਕਰਦੇ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਰਗਿਆਂ ਦੇ ਉਹਨਾਂ ਬਿਆਨਾਂ ਵੱਲ ਝਾਕੀ ਜਾਣ ਨਾਲ਼ ਕੁੱਝ ਨਹੀਂ ਬਣਨ ਲੱਗਾ ਜੋ ਕਹਿੰਦਾ ਹੈ ਕਿ “ਜੇ ਲੋੜ ਪਈ ਤਾਂ ਘਪਲ਼ੇਬਾਜਾਂ ਨੂੰ ਸਜਾਵਾਂ ਦੇਣ ਲਈ ਸਖਤ ਕਾਨੂੰਨ ਬਣਾਏ ਜਾਣਗੇ।” ਦੇਸ਼ ਦੇ ਕਮਾਊ ਲੋਕਾਂ ਨੂੰ ਉਸ ਇਨਕਲਾਬੀ ਬਦਲ ਦੀ ਪਰਕਿਰਿਆ ਵਿੱਚ ਜੁਟਣ ਦੀ ਲੋੜ ਹੈ ਜਿਸ ਨੇ ਮੁੱਠੀਭਰ ਹੱਥਾਂ ਵਿੱਚ ਕੇਂਦਰਿਤ ਹੋਏ ਦੇਸੀ-ਬਦੇਸ਼ੀ ਸਰਮਾਏ ਨੂੰ ਜ਼ਬਤ ਕਰ ਕੇ ਲੋਕ-ਭਲਾਈ ਦੇ ਰਾਹੇ ਪਾਉਣਾ ਹੈ ਅਤੇ ਪੂੰਜੀ ਨੂੰ ਵਿਹਲੜਾਂ ਦੇ ਨਿੱਜੀ ਚੁੰਗਲ਼ ਵਿੱਚੋਂ ਕੱਢ ਕੇ ਸਮੂਹਿਕ ਮਾਲਕੀ ਦਾ ਰੂਪ ਦੇਣਾ ਹੈ।
No comments:
Post a Comment