ਮੋਦੀ ਦਾ ਤਿੰਨ ਮੁਸਲਿਮ ਦੇਸ਼ਾਂ ਦਾ ਦੌਰਾ
ਮੁਸਲਿਮ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਝੋਕਣ ਦਾ ਯਤਨ
-ਸਮਰ
ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਲਸਤੀਨ, ਓਮਾਨ ਅਤੇ ਸਾਊਦੀ ਅਰਬ ਦਾ ਦੌਰਾ ਕੀਤਾ ਗਿਆ ਹੈ। ਇਹਨਾਂ ਇਸਲਾਮਿਕ ਵਸੋਂ ਵਾਲੇ ਦੇਸ਼ਾਂ, ਵਿਸ਼ੇਸ਼ ਕਰਕੇ ਫਲਸਤੀਨ ਦਾ ਅਚਾਨਕ ਕੀਤਾ ਗਿਆ ਦੌਰਾ ਇਹ ਸੁਆਲ ਖੜ੍ਹਾ ਕਰਦਾ ਹੈ, ਜਿਹੜਾ ਮੋਦੀ ਪਿਛਲੇ ਅਰਸੇ ਵਿੱਚ ਫਲਸਤੀਨੀ ਲੋਕਾਂ/ਕੌਮ ਦੇ ਕੱਟੜ ਦੁਸ਼ਮਣ ਅਤੇ ਫਲਸਤੀਨੀ ਲੋਕਾਂ ਦੀ ਨਸਲਘਾਤ ਦੇ ਅਮਲ ਵਿੱਚ ਗਲਤਾਨ ਜ਼ਿਊਨਵਾਦੀ ਇਸਰਾਇਲੀ ਹਾਕਮਾਂ ਨਾਲ ਯਾਰਾਨੇ ਗੰਢਦਾ ਅਤੇ ਪਿਆਰ ਪੀਂਘਾਂ ਝੂਟਦਾ ਆ ਰਿਹਾ ਹੈ, ਜਿਹੜਾ ਫਲਸਤੀਨੀ ਲੋਕਾਂ ਦੇ ਹੱਕੀ ਕੌਮੀ ਸੰਘਰਸ਼ ਨੂੰ ਖੂਨ ਵਿੱਚ ਡੁਬੋਣ 'ਤੇ ਉਤਾਰੂ ਇਸਲਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਜੱਫੀਆਂ ਪਾ ਪਾ ਵਾਰ ਵਾਰ ''ਮੇਰੇ ਯਾਰ, ਮੇਰੇ ਯਾਰ'' ਦਾ ਰਾਗ ਅਲਾਪਦਿਆਂ, ਉਸਦੇ ਫਾਸ਼ੀ ਮਨਸੂਬਿਆਂ 'ਤੇ ਗਦ ਗਦ ਹੁੰਦਾ ਰਿਹਾ ਹੈ, ਅੱਜ ਉਸ ਨਰਿੰਦਰ ਮੋਦੀ ਦੇ ਦਿਮਾਗ ਵਿੱਚ ਅਚਾਨਕ ਫਲਸਤੀਨ ਦਾ ਦੌਰਾ ਕਰਨ ਦਾ ਫੁਰਨਾ ਕਿਵੇਂ ਅਤੇ ਕਿਉਂ ਆ ਟਪਕਿਆ?
ਅਸਲ ਵਿੱਚ ਇਹ ਫੁਰਨਾ ਮੋਦੀ ਦੇ ਦਿਮਾਗ ਵਿੱਚ ਅਚਾਨਕ ਨਹੀਂ ਆ ਟਪਕਿਆ। ਫਲਸਤੀਨ ਸਮੇਤ ਇਹਨਾਂ ਮੁਸਲਿਮ ਦੇਸਾਂ ਦਾ ਮੋਦੀ ਵੱਲੋਂ ਕੀਤਾ ਗਿਆ ਦੌਰਾ ਸੰਘ ਲਾਣੇ ਦੀ ਧੁਤੂ ਮੋਦੀ ਹਕੂਮਤ ਵੱਲੋਂ ਇੱਕ ਸੋਚਿਆ ਸਮਝਿਆ ਪੈਂਤੜਾ ਹੈ। ਇਹ ਪੈਂਤੜਾ ਉਸ ਹਾਲਤ ਵਿੱਚ ਅਖਤਿਆਰ ਕੀਤਾ ਗਿਆ ਹੈ, ਜਦੋਂ ਮੁਲਕ ਵਿੱਚ 2019 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਲੋਕ ਸਭਾਈ ਚੋਣਾਂ ਵਿੱਚ ਸਾਲ ਸਵਾ ਸਾਲ ਦਾ ਅਰਸਾ ਰਹਿ ਗਿਆ ਹੈ। ਭਾਜਪਾ ਤੇ ਕਾਂਗਰਸ ਸਮੇਤ ਲੱਗਭੱਗ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੱਲੋਂ ਇਹਨਾਂ ਚੋਣਾਂ ਲਈ ਕਮਰਕੱਸੇ ਕਰਨ ਦਾ ਅਮਲ ਵਿੱਢ ਦਿੱਤਾ ਗਿਆ ਹੈ। ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਅਮਲ ਦਾ ਹੀਜ-ਪਿਆਜ ਲੋਕਾਂ ਵਿੱਚ ਦਿਨ-ਬ-ਦਿਨ ਉੱਘੜ ਰਿਹਾ ਹੈ ਅਤੇ ਉਸਦਾ ਲੋਕਾਂ ਦੇ ਨੱਕੋਂ-ਬੁੱਲੋਂ ਲੱਥਣ ਦਾ ਅਮਲ ਤੇਜ਼ ਹੋ ਰਿਹਾ ਹੈ। ਜਿਸਦਾ ਤਾਜ਼ਾ ਇਜ਼ਹਾਰ ਪਹਿਲਾਂ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਗੁਜਰਾਤ ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਸਿਰ ਮੰਡਲਾਉਂਦੀ ਹਾਰ ਨੂੰ ਹਰ ਫਿਰਕੂ ਫਾਸ਼ੀ ਹੱਥਕੰਡਾ ਵਰਤ ਕੇ ਮਸਾਂ ਮਸਾਂ ਟਾਲਣ ਅਤੇ ਰਾਜਸਥਾਨ ਵਿੱਚ ਦੋ ਲੋਕ ਸਭਾ ਹਲਕਿਆਂ ਅਤੇ ਇੱਕ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਦੇ ਵੱਡੇ ਫਰਕ ਨਾਲ ਹੋਈ ਹਾਰ ਦੀ ਸ਼ਕਲ ਵਿੱਚ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਭਾਜਪਾਈ ਹਕੂਮਤ ਵਾਲੇ ਸੂਬਿਆਂ (ਮੱਧ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਰਾਜਸਥਾਨ) ਵਿੱਚ ਹਕੂਮਤ ਵਿਰੋਧੀ ਵਿਸ਼ਾਲ ਕਿਸਾਨ ਅੰਦੋਲਨਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਿਰਫ ਭਾਜਪਾ ਦੀਆਂ ਸੂਬਾਈ ਹਕੂਮਤਾਂ ਖਿਲਾਫ ਹੀ ਮਿਹਨਤਕਸ਼ ਲੋਕਾਂ ਦਾ ਰੋਹ-ਫੁਟਾਰਾ ਜ਼ੋਰ ਨਹੀਂ ਫੜ ਰਿਹਾ, ਇਹ ਕੇਂਦਰ ਦੀ ਮੋਦੀ ਹਕੂਮਤ ਖਿਲਾਫ ਵੀ ਜ਼ੋਰ ਫੜ ਰਿਹਾ ਹੈ। ਪਿਛਲੇ ਮਹੀਨਿਆਂ ਵਿੱਚ ਮੁਲਕ ਭਰ ਦੀਆਂ ਦਰਜ਼ਨਾਂ ਕਿਸਾਨ ਜਥੇਬੰਦੀਆਂ ਦੇ ਤਾਲਮੇਲ ਮੰਚ ਵੱਲੋਂ ਮੋਦੀ ਹਕੂਮਤ ਵਿਰੁੱਧ ਅੰਦੋਲਨ ਦਾ ਆਗਾਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਲਕ ਭਰ ਦੀਆਂ ਟਰੇਡ ਯੂਨੀਅਨ ਜਥੇਬੰਦੀਆਂ ਵੱਲੋਂ ਵੀ ਮੁਲਕ ਵਿਆਪੀ ਐਕਸ਼ਨ ਲਈ ਕਮਰਕੱਸੇ ਕਰੇ ਜਾ ਰਹੇ ਹਨ। ਮੁਲਕ ਭਰ ਵਿੱਚ ਭਾਜਪਾ ਦੀਆਂ ਸੂਬਾਈ ਹਕੂਮਤਾਂ ਅਤੇ ਕੇਂਦਰੀ ਹਕੂਮਤ ਖਿਲਾਫ ਫੈਲ-ਪਸਰ ਰਹੇ ਗੁੱਸੇ ਅਤੇ ਰੋਹ ਭਰੇ ਅੰਦੋਲਨਾਂ ਦੇ ਦਬਾਓ ਹੇਠ ਹੀ ਹੈ, ਕਿ ਭਾਜਪਾ ਦੇ ਟਰੇਡ ਯੂਨੀਅਨ ਵਿੰਗ ਭਾਰਤੀ ਮਜ਼ਦੂਰ ਸੰਘ ਨੂੰ ਵੀ ਮੋਦੀ ਹਕੂਮਤ ਦੀਆਂ ਨੀਤੀਆਂ ਦੇ ਵਿਰੋਧ ਦੀ ਸੁਰ ਅਲਾਪਣ ਦੀ ਮਜਬੂਰੀ ਖੜ੍ਹੀ ਹੋ ਗਈ ਹੈ।
ਮੁਲਕ ਭਰ ਅੰਦਰ ਭਾਜਪਾਈ ਹਾਕਮਾਂ ਖਿਲਾਫ ਬਣ ਰਹੀ ਰੋਹ ਪਸਾਰੇ ਦੀ ਇਹ ਹਾਲਤ ਇਸ ਗੱਲ ਦਾ ਵੀ ਸੰਕੇਤ ਹੈ ਕਿ ਭਾਜਪਾ ਵੱਲੋਂ ਹਿੰਦੂਤਵੀ ਫਿਰਕੂ-ਫਾਸ਼ੀ ਹਰਬਿਆਂ ਰਾਹੀਂ ਫਿਰਕੂ-ਪਾਲਾਬੰਦੀ ਦਾ ਅਮਲ ਚਲਾ ਕੇ ਹਿੰਦੂ ਧਰਮੀ ਜਨਤਾ ਦੀਆਂ ਵੋਟਾਂ ਬਟੋਰਨ ਦੇ ਪਰਖੇ-ਪਰਤਿਆਏ ਪੈਂਤੜੇ ਦੀ ਅਸਰਕਾਰੀ ਮੁਕਾਬਲਤਨ ਸੀਮਤ ਹੋ ਰਹੀ ਹੈ। ਮਿਹਨਤਕਸ਼ ਲੋਕਾਂ ਵਿੱਚ ਵਾਹੀ ਫਿਰਕੂ ਪਾਟਕ ਦੀ ਨਾ-ਸਾਜਗਾਰ ਹਾਲਤ ਨੂੰ ਲੱਗ ਰਹੇ ਖੋਰੇ ਤੋਂ ਸੰਘ ਲਾਣਾ ਬੇਖਬਰ ਨਹੀਂ ਹੈ। ਇਸ ਲਈ, ਹਿੰਦੂਤਵੀ ਸੰਘ ਲਾਣੇ ਵੱਲੋਂ ਨਿਰੋਲ ਫਿਰਕੂ ਪਾਲਾਬੰਦੀ ਦੇ ਜ਼ੋਰ ਵੋਟਾਂ ਬਟੋਰਨ ਦੇ ਪੈਂਤੜੇ 'ਤੇ ਟੇਕ ਰੱਖਣ ਦੀ ਬਜਾਇ, ਹੋਰ ਦਾਅਪੇਚਾਂ ਬਾਰੇ ਵੀ ਸਿਰ ਖੁਰਕਣ ਅਤੇ ਇਹਨਾਂ 'ਤੇ ਅਮਲ ਕਰਨ ਦਾ ਰੁਖ ਅਖਤਿਆਰ ਕਰ ਲਿਆ ਗਿਆ ਹੈ। ਚਾਹੇ ਹਾਲੀਂ ਵੀ ਫਿਰਕੂ ਪੁੱਠ ਚੜ੍ਹੀ ਅੰਨ੍ਹੀਂ ਦੇਸ਼ਭਗਤੀ ਦਾ ਜਨੂੰਨ ਅਤੇ ਫਿਰਕੂ-ਫਾਸ਼ੀ ਜਨੂੰਨ ਭੜਕਾਉਣ ਰਾਹੀਂ ਕੀਤੀ ਜਾਣ ਵਾਲੀ ਫਿਰਕੂ ਪਾਲਾਬੰਦੀ ਦਾ ਪੈਂਤੜਾ ਸੰਘ ਲਾਣੇ ਦੀ ਪ੍ਰਮੁੱਖ ਟੇਕ ਬਣੀ ਰਹੇਗੀ, ਪਰ ਘੱਟ-ਗਿਣਤੀ ਭਾਈਚਾਰਿਆਂ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਅੰਦਰ ਵਧ-ਫੈਲ ਰਹੀ ਅਸੁਰੱਖਿਆ ਅਤੇ ਹਕੂਮਤ ਵਿਰੋਧੀ ਭਾਵਨਾ, ਮਿਹਨਤਕਸ਼ ਲੋਕਾਂ ਵਿੱਚ ਸੰਘ ਲਾਣੇ ਦੀਆਂ ਹਮਲਾਵਰ ਫਿਰਕੂ-ਫਾਸ਼ੀ ਕਾਰਵਾਈਆਂ ਖਿਲਾਫ ਪਸਰ ਰਹੀ ਔਖ ਅਤੇ ਨਤੀਜੇ ਵਜੋਂ ਜਨਤਕ ਵਕਾਰ ਅਤੇ ਪੜਤ ਨੂੰ ਲੱਗ ਰਹੇ ਕਸਾਰੇ ਦੀ ਹਾਲਤ ਸਨਮੁੱਖ ਭਾਜਪਾ ਕੰਧ 'ਤੇ ਲਿਖਿਆ ਪੜ੍ਹਨ ਅਤੇ ਆਪਣੇ ਤਿੜਕ ਰਹੇ ਵਕਾਰ ਅਤੇ ਪੜਤ ਨੂੰ ਟਾਕੀਆਂ ਤੋਪੇ ਲਾਉਣ ਦੇ ਰੱਸੇ-ਪੈੜੇ ਵੱਟਣ ਲਈ ਮਜਬੂਰ ਹੋ ਰਹੀ ਹੈ।
ਫਲਸਤੀਨ ਅਤੇ ਦੂਸਰੇ ਦੋ ਮੁਸਲਿਮ ਮੁਲਕਾਂ ਦੇ ਦੌਰੇ 'ਤੇ ਚੜ੍ਹਨ ਦੇ ਮੋਦੀ ਦੇ ਪੈਂਤੜੇ ਪਿੱਛੇ ਕੰਮ ਕਰਦੀ ਇੱਕ ਗਿਣਤੀ ਉਪਰੋਕਤ ਰੱਸੇ-ਪੈੜੇ ਵੱਟਣ ਦੇ ਅਮਲ ਦਾ ਹੀ ਇੱਕ ਹਿੱਸਾ ਹੈ। ਇਸ ਦੌਰੇ ਰਾਹੀਂ ਮੋਦੀ ਹਕੂਮਤ ਵੱਲੋਂ ਜਿੱਥੇ ਪਹਿਲਾਂ ਇਸਰਾਇਲ ਦੇ ਦੌਰੇ ਮੌਕੇ ਅਤੇ ਫਿਰ ਨੇਤਨਯਾਹੂ ਦੇ ਭਾਰਤ ਦੌਰੇ ਮੌਕੇ ਉਸ ਨਾਲ ਪਾਈਆਂ ਵਾਰ ਵਾਰ ਜੱਫੀਆਂ ਰਾਹੀਂ ਸਿਰਜੇ ਇਸਰਾਇਲ ਪੱਖੀ ਅਤੇ ਮੁਸਲਿਮ ਮੁਲਕਾਂ ਵਿਸ਼ੇਸ਼ ਕਰਕੇ ਫਲਸਤੀਨ ਵਿਰੋਧੀ ਪ੍ਰਭਾਵ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਗਿਆ ਹੈ ਕਿ ਮੋਦੀ ਹਕੂਮਤ ਦੀ ਇਸਰਾਇਲੀ ਹਾਕਮਾਂ ਨਾਲ ਯਾਰੀ ਫਲਸਤੀਨੀ ਲੋਕਾਂ ਦੀ ਕੀਮਤ 'ਤੇ ਨਹੀਂ ਹੈ ਅਤੇ ਇਹ ਫਲਸਤੀਨ ਵਿਰੁੱਧ ਸੇਧਤ ਨਹੀਂ ਹੈ। ਇਉਂ, ਮੋਦੀ ਹਕੂਮਤ ਵੱਲੋਂ ਭਾਰਤੀ ਲੋਕਾਂ, ਵਿਸ਼ੇਸ਼ ਕਰਕੇ ਮੁਸਲਿਮ ਜਨਤਾ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਨਾ ਮੁਸਲਿਮ ਮੁਲਕਾਂ ਖਿਲਾਫ ਹੈ ਅਤੇ ਨਾ ਮੁਸਲਿਮ ਲੋਕਾਂ ਖਿਲਾਫ ਹੈ। ਇਹ ਸੰਦੇਸ਼ ਫਿਰਕੂ-ਫਾਸ਼ੀ ਸੰਘ ਲਾਣੇ ਦੇ ਹਮਲੇ ਹੇਠ ਆਏ ਮੁਸਲਿਮ ਭਾਈਚਾਰੇ ਨੂੰ ਕਿਸ ਕਦਰ ਹਜ਼ਮ ਹੁੰਦਾ ਹੈ- ਇਹ ਦੇਖਣ ਵਾਲਾ ਹੈ।
ਇਸ ਦੌਰੇ ਦੀ ਦੂਜੀ ਅਹਿਮ ਗਿਣਤੀ ਫਲਸਤੀਨ ਦੀ ਕੌਮੀ ਜੱਦੋਜਹਿਦ ਵਿੱਚ ਪਾਟਕ ਪਾਉਣ ਅਤੇ ਇਸ ਨੂੰ ਢਾਹ ਲਾਉਣ ਲਈ ਅਮਰੀਕੀ ਸਾਮਰਾਜੀਆਂ ਅਤੇ ਇਸਰਾਈਲੀ ਫਾਸ਼ੀ ਹਾਕਮਾਂ ਦੇ ਗੱਠਜੋੜ ਦੇ ਹੱਥੇ ਦਾ ਰੋਲ ਸਾਂਭਣ ਦਾ ਯਤਨ ਕਰਨਾ ਵੀ ਹੈ। ਮੋਦੀ ਵੱਲੋਂ ਫਲਸਤੀਨ ਦੀ ਧਰਤੀ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਫਲਸਤੀਨ ਦੇ ਮਾਮਲੇ 'ਤੇ ਪਿਛਲੇ ਤਕਰੀਬਨ 70 ਵਰ੍ਹਿਆਂ ਤੋਂ ਚਲੀ ਆ ਰਹੀ ਭਾਰਤ ਵੱਲੋਂ ਕੌਮਾਂਤਰੀ ਮੰਚਾਂ 'ਤੇ ਲਈ ਅਸੂਲੀ ਪੁਜੀਸ਼ਨ ਤੋਂ ਕਾਂਟਾ ਬਦਲੀ ਕਰਦਿਆਂ, ਇਸ ਨੂੰ ਅਮਰੀਕੀ-ਇਸਰਾਈਲੀ ਗੱਠਜੋੜ ਨੂੰ ਰਾਸ ਆਉਂਦੀ ਪੁਜੀਸ਼ਨ ਵਿੱਚ ਬਦਲ ਦਿੱਤਾ ਗਿਆ ਹੈ। ਭਾਰਤ ਦੀ ਪਹਿਲੀ ਪੁਜੀਸ਼ਨ ਦੇ ਤਿੰਨ ਅੰਸ਼ ਸਪਸ਼ਟ ਸਨ: ਪਹਿਲਾ- ਆਜ਼ਾਦ ਅਤੇ ਖੁਦਮੁਖਤਿਆਰ ਫਲਸਤੀਨੀ ਰਾਜ, ਦੂਜਾ— ਇੱਕਜੁੱਟ ਫਲਸਤੀਨ; ਤੀਜਾ ਯੇਰੂਸ਼ਲਮ ਨੂੰ ਫਲਸਤੀਨ ਦੀ ਰਾਜਧਾਨੀ ਪ੍ਰਵਾਨ ਕਰਨਾ। ਪਰ ਹੁਣ ਮੋਦੀ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਜਾਰੀ ਬਿਆਨ ਵਿੱਚ ਸਿਰਫ ਪਹਿਲਾ ਅੰਸ਼ ਹੀ ਦੁਹਰਾਇਆ ਗਿਆ ਹੈ। ਉਸ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਇੱਕ ਆਜ਼ਾਦਾਨਾ ਅਤੇ ਖੁਦਮੁਖਤਿਆਰ ਫਲਸਤੀਨੀ ਰਾਜ ਦੀ ਸਥਾਪਨਾ ਦੀ ਹਮਾਇਤ ਕਰਦਾ ਹੈ, ਪਰ ਉਸ ਵੱਲੋਂ ਇੱਕਜੁੱਟ ਫਲਸਤੀਨ (ਪੱਛਮੀ ਕੰਢੇ ਅਤੇ ਗਾਜ਼ਾਪੱਟੀ ਦੇ ਵੱਖੋ ਵੱਖ ਹਿੱਸਿਆਂ ਨੂੰ ਇਕੱਠਾ ਕਰਨ) ਅਤੇ ਯੇਰੂਸ਼ਲਮ ਦਾ ਇਸਰਾਈਲ ਦੀ ਰਾਜਧਾਨੀ ਹੋਣ ਦੇ ਫਲਸਤੀਨੀ ਦਾਅਵੇ ਸਬੰਧੀ ਕੁਝ ਵੀ ਕਹਿਣ ਤੋਂ ਟਾਲਾ ਵੱਟ ਲਿਆ ਗਿਆ ਹੈ। ਇਹ ਟਾਲਾ ਵੱਟਣ ਦਾ ਜਿੱਥੇ ਇੱਕ ਮਤਲਬ ਅਮਰੀਕੀ-ਇਰਸਾਈਲੀ ਹਾਕਮਾਂ ਦੇ ਪੱਖ ਵਿੱਚ ਡੱਕਾ ਸੁੱਟਣਾ ਹੈ, ਉੱਥੇ ਇਸਦਾ ਦੂਜਾ ਮਤਲਬ ਫਲਸਤੀਨੀ ਰਾਸ਼ਟਰਪਤੀ ਮੁਹੰਮਦ ਅੱਬਾਸ ਦੀ ਅਗਵਾਈ ਹੇਠਲੇ ਫਤਿਹ ਧੜੇ ਦੇ ਡਾਵਾਂਡੋਲ ਤੇ ਗੋਡੇਟੇਕੂ ਰਵੱਈਏ ਨੂੰ ਉਗਾਸਾ ਦੇਣਾ ਅਤੇ ਹਥਿਆਰਬੰਦ ਘੋਲ ਦੇ ਦ੍ਰਿੜ੍ਹ ਪੈਰੋਕਾਰ ਹਮਾਸ ਨਾਲ ਇਸਦੇ ਵਖਰੇਵਿਆਂ ਅਤੇ ਪਾਟਕ ਨੂੰ ਹਵਾ ਦੇਣਾ ਹੈ। ਰਾਸ਼ਟਰਪਤੀ ਮੁਹੰਮਦ ਅੱਬਾਸ ਦੀ ਅਗਵਾਈ ਹੇਠਲਾ ਫਤਿਹ ਧੜਾ ਅਮਰੀਕੀ ਸਾਮਰਾਜੀਆਂ ਅਤੇ ਇਸਰਾਈਲੀ ਹਾਕਮਾਂ ਨਾਲ ਸੁਲਾਹ ਸਫਾਈ ਅਤੇ ਪੁਰਅਮਨ ਢੰਗ-ਤਰੀਕਿਆਂ 'ਤੇ ਟੇਕ ਰੱਖਦਿਆਂ, ਫਲਸਤੀਨ ਦੀ ਸਥਾਪਨਾ ਕਰਨਾ ਚਾਹੁੰਦਾ ਹੈ, ਚਾਹੇ ਇਹ ਅਮਰੀਕੀ-ਇਸਰਾਈਲੀ ਗੱਠਜੋੜ ਦੀਆਂ ਇੱਛਾਵਾਂ ਮੁਤਾਬਕ ਕੱਟਿਆ-ਵੱਢਿਆ ਹੀ ਕਿਉਂ ਨਾ ਹੋਵੇ। ਇਸਦੇ ਉਲਟ ਹਮਾਸ ਧੜਾ ਹਥਿਆਰਬੰਦ ਸੰਘਰਸ਼ ਰਾਹੀਂ ਇੱਕ ਖਰੇ ਆਜ਼ਾਦ, ਖੁਦਮੁਖਤਿਆਰ, ਇੱਕਜੁੱਟ ਫਲਸਤੀਨ ਦੀ ਸਥਾਪਨਾ ਕਰਨਾ ਚਾਹੁੰਦਾ ਹੈ, ਜਿਸ ਦੀ ਰਾਜਧਾਨੀ ਹਰ ਹਾਲਤ ਵਿੱਚ ਯੇਰੂਸ਼ਲਮ ਹੋਵੇਗੀ। ਮੋਦੀ ਵੱਲੋਂ ਬਿਆਨੀ ਪੁਜੀਸ਼ਨ ਵਿੱਚ ਹਮਾਸ ਦੀ ਦ੍ਰਿੜ੍ਹ ਪੁਜੀਸ਼ਨ ਨਾਲੋਂ ਦੂਰੀ ਬਣਾਉਂਦਿਆਂ, ਅਮਰੀਕੀ ਇਸਰਾਈਲੀ ਗੱਠਜੋੜ ਦੀ ਪੁਜੀਸ਼ਨ ਨਾਲ ਨੇੜਤਾ ਦਿਖਾਈ ਗਈ ਹੈ। ਜਿਸ 'ਤੇ ਰਾਸ਼ਟਰਪਤੀ ਮੁਹੰਮਦ ਅੱਬਾਸ ਵੱਲੋਂ ਸਿੱਧੇ-ਅਸਿੱਧੇ ਕੋਈ ਉਜਰ ਨਹੀਂ ਕੀਤਾ ਗਿਆ।
ਸੋ, ਮੋਦੀ ਵੱਲੋਂ ਮੁਸਲਿਮ ਮੁਲਕਾਂ, ਵਿਸ਼ੇਸ਼ ਕਰਕੇ ਫਲਸਤੀਨ ਦਾ ਕੀਤਾ ਗਿਆ ਮੌਜੂਦਾ ਦੌਰਾ ਅਤੇ ਫਲਸਤੀਨ ਨਾਲ ਦਿਖਾਇਆ ਗਿਆ ਨਕਲੀ ਹੇਜ ਜਿੱਥੇ ਵੋਟਾਂ ਬਟੋਰਨ ਦੀ ਬਦਨੀਤ ਨਾਲ ਭਾਰਤੀ ਲੋਕਾਂ ਖਾਸ ਕਰਕੇ ਮੁਸਲਿਮ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਝੋਕਣ ਦਾ ਇੱਕ ਯਤਨ ਹੈ, ਉੱਥੇ ਇਹ ਫਲਸਤੀਨ ਵਿੱਚ ਸਰਗਰਮ ਡਾਵਾਂਡੋਲ ਅਤੇ ਗੋਡੇਟੇਕੂ ਸੋਚ ਦੀਆਂ ਮਾਲਕ ਤਾਕਤਾਂ ਨੂੰ ਬੁੱਕਲ ਵਿੱਚ ਲੈਣ ਅਤੇ ਫਲਸਤੀਨੀ ਲੋਕਾਂ ਨਾਲ ਦਗਾ ਕਮਾਉਣ ਦੇ ਮਨਸ਼ੇ ਨਾਲ ਚੱਲੀ ਗਈ ਇੱਕ ਚਾਲ ਹੈ। ੦-੦
No comments:
Post a Comment