Friday, 2 March 2018

ਕਾਨੂੰਨਵਾਦੀ ਲਛਮਣ ਰੇਖਾਵਾਂ ਨੂੰ ਠੁੱਡ ਮਾਰੋ

ਕਰਜ਼ਾ-ਮੁਕਤੀ ਸੰਘਰਸ਼ ਨੂੰ ਅੱਗੇ ਵਧਾਉਣ ਲਈ
ਕਾਨੂੰਨਵਾਦੀ ਲਛਮਣ ਰੇਖਾਵਾਂ ਨੂੰ ਠੁੱਡ ਮਾਰੋ

ਅੱਜ ਮੁਲਕ ਭਰ ਦੇ ਬੇਜ਼ਮੀਨੇ ਕਿਸਾਨਾਂ (ਖੇਤ ਮਜ਼ਦੂਰਾਂ), ਥੁੜ੍ਹ ਜ਼ਮੀਨੇ ਕਿਸਾਨਾਂ ਅਤੇ ਦਰਮਿਆਨੇ ਕਿਸਾਨਾਂ ਦਾ ਵੱਡਾ ਹਿੱਸਾ ਕਰਜ਼ਾ-ਜਾਲ ਵਿੱਚ ਛਟਪਟਾ ਰਿਹਾ ਹੈ। ਕਰਜ਼ਾ-ਜਾਲ ਦੇ ਸਤਾਏ ਲੱਖਾਂ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਰਾਹੀਂ ਮੌਤ ਨੂੰ ਗਲੇ ਲਾਇਆ ਜਾ ਚੁੱਕਿਆ ਹੈ। ਖੁਦਕੁਸ਼ੀਆਂ ਦਾ ਇਹ ਮੰਦਭਾਗਾ ਵਰਤਾਰਾ ਨਾ ਸਿਰਫ ਜਾਰੀ ਹੈ, ਸਗੋਂ ਦਿਨ-ਬ-ਦਿਨ ਹੋਰ ਪਸਰਦਾ ਜਾ ਰਿਹਾ ਹੈ। ਇਸ ਕਰਕੇ, ਕਰਜ਼ਾ-ਜਾਲ ਤੋਂ ਕਿਸਾਨਾਂ ਦੇ ਛੁਟਕਾਰੇ ਦੀ ਮੰਗ ਮੁਲਕ ਭਰ ਦੇ ਕਿਸਾਨਾਂ ਦੀ ਸਭ ਤੋਂ ਫੌਰੀ, ਉੱਭਰਵੀ ਅਤੇ ਭਖਵੀਂ ਮੰਗ ਬਣੀ ਹੋਈ ਹੈ। ਇਸ ਮੰਗ 'ਤੇ ਮੁਲਕ ਭਰ ਦੀਆਂ ਵੱਖ ਵੱਖ ਵੰਨਗੀਆਂ ਦੀਆਂ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵਾਲੋਂ ਆਪੋ ਆਪਣੇ ਢੰਗ ਨਾਲ ਜੱਦੋਜਹਿਦਾਂ ਵਿੱਢੀਆਂ ਹੋਈਆਂ ਹਨ। ਪੰਜਾਬ ਦੀਆਂ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਇਕੱਲਿਆਂ ਇਕੱਲਿਆਂ ਵੀ ਅਤੇ ਸਾਂਝੇ ਪਲੇਟਫਾਰਮ ਬਣਾਉਂਦਿਆਂ ਵੀ ਸਮੁੱਚੇ ਕਰਜ਼ੇ 'ਤੇ ਲੀਕ ਫੇਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਵਰ੍ਹਿਆਂ ਤੋਂ ਘੋਲ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਹ ਸਮੱਸਿਆ ਇਸ ਕਦਰ ਭਿਆਨਕਤਾ ਅਖਤਿਆਰ ਕਰ ਗਈ ਹੈ ਕਿ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਲਈ ਇਸ ਸਮੱਸਿਆ ਨੂੰ ਉੱਕਾ ਹੀ ਦਰ-ਕਿਨਾਰ ਕਰਨਾ ਮੁਸ਼ਕਿਲ ਹੋ ਰਿਹਾ ਹੈ ਅਤੇ ਉਹਨਾਂ ਨੂੰ ਵੀ ਇਸ ਬਾਰੇ ਝੂਠੀ-ਸੱਚੀ ਬਿਆਨਬਾਜ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਗੱਲਾਂ ਦੀ ਗੱਲ ਇਹ ਹੈ ਕਿ ਐਡਾ ਭਿਆਨਕ ਰੂਪ ਅਤੇ ਆਕਾਰ ਅਖਤਿਆਰ ਕਰ ਚੁੱਕੀ ਇਸ ਸਮੱਸਿਆ ਦਾ ਹੱਲ ਕੀ ਹੈ? ਜਿੱਥੋਂ ਤੱਕ ਮੌਕਾਪ੍ਰਸਤ ਵੋਟ-ਬਟੋਰੂ ਪਾਰਟੀਆਂ ਦਾ ਸਬੰਧ ਹੈ, ਇਹ ਗੱਲੀਂ-ਬਾਤੀਂ ਕਿੰਨੇ ਵੀ ਪੁੱਤ ਬਖਸ਼ੀ ਜਾਣ, ਇਹਨਾਂ ਕੋਲੋਂ ਇਸ ਸਮੱਸਿਆ ਦੇ ਹੱਲ ਦੀ ਝਾਕ ਕਰਨਾ ਇੱਕ ਮ੍ਰਿਗਤ੍ਰਿਸ਼ਨਾ ਵਰਗੀ ਗੱਲ ਹੈ। ਇਸ ਲਈ ਜੇ ਕਿਤੇ ਸਮੱਸਿਆ ਮਾਰੇ ਕਿਸਾਨਾਂ ਨੂੰ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਤਾਂ ਉਹ ਪੰਜਾਬ ਅੰਦਰ (ਅਤੇ ਬਾਹਰ) ਸਰਗਰਮ ਅਜਿਹੀਆਂ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਤੋਂ ਹੋ ਸਕਦੀ ਹੈ, ਜਿਹੜੀਆਂ ਆਪਣੇ ਆਪ ਨੂੰ ਮੌਕਾਪ੍ਰਸਤ ਸਿਆਸੀ ਪਾਰਟੀਆਂ ਨਾਲ ਨੱਥੀ ਕਰਕੇ ਨਹੀਂ ਚੱਲ ਰਹੀਆਂ ਅਤੇ ਜਿਹੜੀਆਂ ਆਪਣੇ ਆਪ ਨੂੰ ਕਿਸਾਨ ਹਿੱਤਾਂ ਨੂੰ ਪ੍ਰਣਾਈਆਂ ਖਰੀਆਂ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਹੋਣ ਦੇ ਦਾਅਵੇ ਕਰਦੀਆਂ ਹਨ।
ਕੋਈ ਕਹਿ ਸਕਦਾ ਹੈ ਕਿ ਪੰਜਾਬ ਦੀਆਂ ਕਈ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਅਜਿਹੀਆਂ ਹਨ, ਜਿਹੜੀਆਂ ਕਿਸੇ ਵੋਟ-ਬਟੋਰੂ ਸਿਆਸੀ ਪਾਰਟੀ ਦਾ ਵਿੰਗ ਵੀ ਨਹੀਂ ਹਨ ਅਤੇ ਜਿਹੜੀਆਂ ਆਪਣੇ ਆਪ ਨੂੰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਨੂੰ ਪ੍ਰਣਾਈਆਂ ਖਰੀਆਂ ਅਗਾਂਹਵਧੂ ਤੇ ਜਮਹੂਰੀ ਜਨਤਕ ਜਥੇਬੰਦੀਆਂ ਹੋਣ ਦੇ ਦਾਅਵੇ ਕਰਦੀਆਂ ਹਨ। ਉਹ ਇਹ ਵੀ ਦਾਅਵਾ ਕਰਦੀਆਂ ਹਨ ਕਿ ਉਹ ਪਿਛਲੇ ਵਰ੍ਹਿਆਂ ਦੌਰਾਨ ਕਰਜ਼ੇ 'ਤੇ ਮੁਕੰਮਲ ਲੀਕ ਫੇਰਨ ਦੀ ਮੰਗ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਹੋਰਨਾਂ ਭਖਵੀਆਂ ਅਹਿਮ ਮੰਗਾਂ 'ਤੇ ਲਗਾਤਾਰ ਸਰਗਰਮੀਆਂ ਕਰਦੀਆਂ ਆਈਆਂ ਹਨ ਅਤੇ ਅੱਜ ਵੀ ਜਾਰੀ ਰੱਖ ਰਹੀਆਂ ਹਨ। ਕਰਜ਼ੇ 'ਤੇ ਮੁਕੰਮਲ ਲੀਕ ਫੇਰਨ ਅਤੇ ਖੁਦਕੁਸ਼ੀਆਂ ਪੀੜਤ ਪਰਿਵਾਰਾਂ ਨਾਲ ਸਬੰਧਤ ਮੰਗਾਂ 'ਤੇ ਡਟਵੀਂ ਲੜਾਈ ਦੇ ਰਹੀਆਂ ਹਨ। ਇਹਦੇ ਬਾਵਜੂਦ ਕੇਂਦਰੀ ਅਤੇ ਸੂਬਾਈ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋ ਰਹੀਆਂ. ਕੇਂਦਰੀ ਸਰਕਾਰ ਤਾਂ ਕਰਜ਼ਾ ਮੁਆਫੀ ਦੀ ਗੱਲ ਸੁਣਨ ਤੱਕ ਨੂੰ ਹੀ ਤਿਆਰ ਨਹੀਂ ਹੈ। ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਚੋਣਾਂ ਦੌਰਾਨ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਉਹ ਭੱਜ ਗਈ ਹੈ। 7000-8000 ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਕੇ ਊਠ ਤੋਂ ਛਾਣਨੀ ਲਾਹੁਣ ਵਰਗੀ ਗੱਲ ਕਰਨ 'ਤੇ ਉੱਤਰ ਆਈ ਹੈ।
ਆਖਰ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ? ਇਸ ਸਮੱਸਿਆ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ? ਖੁਦਕੁਸ਼ੀਆਂ ਦੇ ਜਮਦੂਤ ਤੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਲਈ ਕੀ ਕੀਤਾ ਜਾਵੇ? ਇਸਦਾ ਆਮ ਸਿੱਧੇ ਸਾਦੇ ਲਫਜ਼ਾਂ ਵਿੱਚ ਜੁਆਬ ਹੈ— ਸੰਘਰਸ਼, ਸੰਘਰਸ਼ ਅਤੇ ਸੰਘਰਸ਼!
ਪਰ ਇਹ ਜੁਆਬ ਸੁਣ-ਪੜ੍ਹ ਕੇ ਇਹਨਾਂ ਸਾਰੀਆਂ ਜਥੇਬੰਦੀਆਂ ਦੀਆਂ ਲੀਡਰਸ਼ਿੱਪਾਂ ਕਹਿ ਉੱਠਣਗੀਆਂ ਕਿ ਅਸੀਂ ਸੰਘਰਸ਼ ਹੀ ਤਾਂ ਕਰ ਰਹੀਆਂ ਹਾਂ। ਹੋਰ ਕੀ ਅਸੀਂ ਡਰਾਮਾ ਕਰ ਰਹੀਆਂ ਹਾਂ? ਪਰ ਅੱਗੇ ਸੁਆਲ ਉੱਠਦਾ ਹੈ ਕਿ ਕਿਹੋ ਜਿਹਾ ਸੰਘਰਸ਼?
ਸੰਘਰਸ਼ਾਂ ਨੂੰ ਦੋ ਬੁਨਿਆਦੀ ਤੌਰ 'ਤੇ ਵੱਖੋ ਵੱਖਰੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ: ਪਹਿਲੀ— ਕਾਨੂੰਨਵਾਦੀ/ਪਾਰਲੀਮਾਨੀ ਵਲਗਣਾਂ ਦੇ ਮੁਥਾਜ ਸੰਘਰਸ਼; ਦੂਜੀ— ਕਾਨੂੰਨਵਾਦੀ/ਪਾਰਲੀਮਾਨੀ ਵਲਗਣਾਂ ਨੂੰ ਚੁਣੌਤੀ ਦਿੰਦੇ ਸੰਘਰਸ਼।
ਕਾਨੂੰਨਵਾਦੀ/ਪਾਰਲੀਮਾਨੀ ਵਲਗਣਾਂ ਦੇ ਮੁਥਾਜ ਸੰਘਰਸ਼ ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਹਨਾਂ ਦੀਆਂ ਸ਼ਕਲਾਂ ਨੂੰ ਤਹਿ ਕਰਨ ਵਿੱਚ ਰਾਜ ਦੇ ਕਾਨੂੰਨਾਂ/ਪਾਰਲੀਮਾਨੀ ਸਿਆਸਤ ਦੀਆਂ ਲੋੜਾਂ ਵੱਲੋਂ ਫੈਸਲਾਕੁੰਨ ਅੰਸ਼ ਦਾ ਰੋਲ ਨਿਭਾਇਆ ਜਾਂਦਾ ਹੈ। ਇਸਦੇ ਉਲਟ ਕਾਨੂੰਨਵਾਦੀ/ਪਾਰਲੀਮਾਨੀ ਵਲਗਣਾਂ ਦੀ ਮੁਥਾਜਗੀ ਨੂੰ ਚੁਣੌਤੀ ਦਿੰਦੇ ਉਹ ਸੰਘਰਸ਼ ਹੁੰਦੇ ਹਨ, ਜਿਹਨਾਂ ਦੀਆਂ ਸ਼ਕਲਾਂ ਤਹਿ ਕਰਨ ਵਿੱਚ ਕੁੱਝ ਹੋਰਨਾਂ ਅੰਸ਼ਾਂ ਤੋਂ ਇਲਾਵਾ ਜਨਤਾ ਦੀਆਂ ਮੰਗਾਂ/ਮਸਲਿਆਂ ਦੀ ਵਾਜਬੀਅਤ ਵੱਲੋਂ ਇੱਕ ਫੈਸਲਾਕੁੰਨ ਅੰਸ਼ ਦਾ ਰੋਲ ਨਿਭਾਇਆ ਜਾਂਦਾ ਹੈ।
ਕਾਬਲੇ-ਗੌਰ ਨੁਕਤਾ ਇਹ ਹੈ ਕਿ ਕਾਨੂੰਨਵਾਦੀ/ਪਾਰਲੀਮਾਨੀ ਵਲਗਣਾਂ ਹਾਕਮ ਜਮਾਤੀ ਰਾਜ ਅਤੇ ਉਹਨਾਂ ਦੇ ਸੰਵਿਧਾਨਕ ਕਾਇਦੇ-ਕਾਨੂੰਨਾਂ ਵੱਲੋਂ ਵਾਹੀਆਂ ਹੁੰਦੀਆਂ ਹਨ। ਇਹਨਾਂ ਦੀਆਂ ਹੱਦਾਂ ਅੰਦਰ-ਅੰਦਰ ਰਹਿ ਕੇ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਹਾਕਮ ਜਮਾਤੀ ਹਿੱਤਾਂ ਅਤੇ ਰਾਜਭਾਗ ਦੀ ਸਲਾਮਤੀ ਨੂੰ ਰਾਸ ਬੈਠਦੀਆਂ ਹਨ। ਮੌਕਾਪ੍ਰਸਤ ਅਤੇ ਸੋਧਵਾਦੀ ਸਿਆਸੀ ਪਾਰਟੀਆਂ ਇਹਨਾਂ ਦੀਆਂ ਪਾਬੰਦ ਰਹਿ ਕੇ ਚੱਲਦੀਆਂ ਹਨ। ਮੌਕਾਪ੍ਰਸਤ ਅਤੇ ਸੋਧਵਾਦੀ ਪਾਰਟੀਆਂ ਅਤੇ ਉਹਨਾਂ ਨਾਲ ਨੱਥੀ ਜਨਤਕ ਜਥੇਬੰਦੀਆਂ ਘੋਲ ਮੁੱਦੇ ਵੀ ਅਜਿਹੇ ਚੁੱਕਦੀਆਂ ਹਨ, ਜਿਹਨਾਂ ਦੇ ਹੱਲ ਦਾ ਇਹਨਾਂ  ਹੱਦਾਂ ਦੇ ਅੰਦਰ ਅੰਦਰ ਕੋਈ ਬੰਨ੍ਹ-ਸੁੱਬ ਬਣ ਸਕੇ। ਜਾਣੀ ਮੌਜੂਦਾ ਪਿਛਾਖੜੀ ਰਾਜਭਾਗ ਦੇ ਸਹੀ-ਸਲਾਮਤ ਰਹਿੰਦਿਆਂ ਉਨ੍ਹਾਂ ਦਾ ਹੱਲ ਹੋ ਸਕੇ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕੁੱਲ ਕਰਜ਼ੇ 'ਤੇ ਲੀਕ ਫਿਰਵਾਉਣ ਦੀ ਮੰਗ ਇੱਕ ਅਜਿਹੀ ਮੰਗ ਹੈ, ਮੌਜੂਦਾ ਰਾਜਭਾਗ ਦੇ ਹੁੰਦਿਆਂ ਜਿਸਦੀ ਪੂਰਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਂ- ਕੁੱਲ ਕਰਜ਼ੇ ਦੇ ਇੱਕ ਛੋਟੇ ਹਿੱਸੇ 'ਤੇ ਮੁਆਫੀ/ਅੰਸ਼ਿਕ ਹੱਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਕਰਜ਼ਾ ਅਤੇ ਸੂਦਖੋਰੀ ਅਰਧ-ਜਾਗੀਰੂ ਜ਼ਮੀਨੀ ਪ੍ਰਬੰਧ ਵਿੱਚ ਬੇਜ਼ਮੀਨੇ ਅਤੇ ਗਰੀਬ ਕਿਸਾਨਾਂ ਦੀ ਰੱਤ-ਨਿਚੋੜ ਕਰਨ ਲਈ  ਜਬਰਨ ਠੋਸੀ ਸੋਸ਼ਣ ਦੀ ਇੱਕ ਅਜਿਹੀ ਵਜੂਦ ਸਮੋਈ ਸ਼ਕਲ ਹੈ, ਜਿਸਦਾ ਫਸਤਾ ਜ਼ਮੀਨ ਦੀ ਕਾਣੀ ਵੰਡ ਅਤੇ ਅਰਧ-ਜਾਗੀਰੂ ਪ੍ਰਬੰਧ ਦੇ ਖਾਤਮੇ ਨਾਲ ਹੀ ਵੱਢਿਆ ਜਾਣਾ ਹੈ। ਲੁੱਟ-ਖੋਹ ਦੀ ਇਹ ਸ਼ਕਲ ਪਰਜੀਵੀ ਜਾਗੀਰੂ ਲਾਣੇ (ਜਾਗੀਰਦਾਰਾਂ, ਸੂਦਖੋਰ ਜੋਕਾਂ) ਅਤੇ ਕਾਰਪੋਰੇਟ ਲਾਣੇ ਦੇ ਜ਼ਰੱਈ ਖੇਤਰ 'ਤੇ ਨਿਰਭਰ ਜਨਤਾ ਦੀ ਰੱਤ-ਨਿਚੋੜ ਦੇ ਅਮਲ ਦਾ ਇੱਕ ਅਨਿੱਖੜਵਾਂ ਅਤੇ ਅਹਿਮ ਅੰਗ ਹੈ। ਇਹ ਇਸ ਪਰਜੀਵੀ ਜੋਕ ਲਾਣੇ ਦੀ ਇੱਕ ਅਹਿਮ ਸਾਂਹ-ਰਗ ਹੈ। ਇਸ ਲਈ ਕਿਸਾਨੀ ਦੀ ਕਰਜ਼ਾ-ਮੁਕਤੀ ਦੀ ਮੰਗ ਇੱਕ ਸੁਧਾਰਕ ਮੰਗ ਨਹੀਂ ਹੈ। ਹਾਂ— ਇਸ ਨੂੰ ਇੱਕ ਪ੍ਰਚਾਰ ਮੰਗ ਵਜੋਂ ਉਭਾਰਿਆ ਜਾ ਸਕਦਾ ਹੈ, ਪਰ ਕਿਸਾਨ ਜਨਤਾ ਵਿੱਚ ਮੌਜੂਦਾ ਨਿਜ਼ਾਮ ਦੀਆਂ ਕਾਨੂੰਨਵਾਦੀ/ਪਾਰਲੀਮਾਨੀ ਵਲਗਣਾਂ ਦੀ ਮੁਥਾਜਗੀ ਨੂੰ ਪ੍ਰਵਾਨ ਕਰਕੇ ਮੁਕੰਮਲ ਕਰਜ਼ਾ ਮੁਕਤੀ ਦੇ ਭਰਮ ਦਾ ਛੱਟਾ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਭਰਮ ਨੇ ਪਹਿਲਾਂ ਕਿਸਾਨਾਂ ਵਿੱਚ ਕਰਜ਼ਾ-ਮੁਆਫੀ ਦੀ ਵਧਵੀਂ ਆਸ ਬੰਨ੍ਹਾਉਣੀ ਹੈ ਅਤੇ ਕਰਜ਼ਾ ਮਾਫ ਨਾ ਹੋਣ ਦੀ ਹਾਲਤ ਵਿੱਚ ਨਿਰਾਸ਼ਾ ਦੀ ਡੂੰਘੀ ਸੁਰੰਗ ਦੇ ਮੂੰਹ ਧੱਕਣਾ ਹੈ, ਜਿਸਦਾ ਰਾਸਤਾ ਖੁਦਕੁਸ਼ੀਆਂ ਵੱਲ ਖੁੱਲ੍ਹਦਾ ਹੈ। ਇਸ ਲਈ ਇਸ ਮੰਗ ਨੂੰ ਉਭਾਰਦਿਆਂ ਅਤੇ ਇਸਦੇ ਅੰਸ਼ਿਕ ਹੱਲ ਲਈ ਲੜਦਿਆਂ, ਸੰਘਰਸ਼ ਸ਼ਕਲਾਂ ਤਹਿ ਕਰਨ ਵੇਲੇ ਕਾਨੂੰਨਵਾਦੀ/ਪਾਰਲੀਮਾਨੀ ਵਲਗਣਾਂ ਦੀ ਮੁਥਾਜਗੀ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਅਤੇ ਕਰਜ਼ਾ-ਮੁਕਤੀ ਦੀ ਮੰਗ ਦੀ ਵਾਜਬੀਅਤ ਨੂੰ ਸੰਘਰਸ਼ ਸ਼ਕਲਾਂ ਤਹਿ ਕਰਨ ਦਾ ਫੈਸਲਾਕੁੰਨ ਅੰਸ਼ ਬਣਾਉਣਾ ਚਾਹੀਦਾ ਹੈ। ਜੇ ਉਹ ਸੰਘਰਸ਼ਸ਼ੀਲ ਲੋਕਾਂ ਨੂੰ ਸਾਡੀ ਹੀ ਰਾਜਧਾਨੀ ਦੇ ਸਕੱਤਰੇਤ ਦੇ ਨੇੜੇ-ਤੇੜੇ ਵੀ ਫਟਕਣ ਨਹੀਂ ਦਿੰਦੇ ਅਤੇ ਮਟਕਾ ਚੌਕ ਤੱਕ ਵੀ ਨਹੀਂ ਜਾਣ ਦਿੰਦੇ। ਇੱਥੋਂ ਤੱਕ ਕਿ ਚੰਡੀਗੜ੍ਹ ਵੀ ਨਹੀਂ ਵੜਨ ਦਿੰਦੇ। ਅਸੀਂ ਅਣਮੰਨੇ ਢੰਗ ਨਾਲ ਚੁੱਪ ਕਰਕੇ ਇਸ ਨੂੰ ਪ੍ਰਵਾਨ ਕਰ ਲਿਆ ਹੈ, ਉਹ ਸੰਘਰਸ਼ਸ਼ੀਲ ਲੋਕਾਂ ਨੂੰ ਬਾਦਲ ਪਿੰਡ ਤੱਕ ਨਹੀਂ ਜਾਣ ਦਿੰਦੇ, ਕਿਸੇ ਗੁਆਂਢੀ ਪਿੰਡ ਵਿੱਚ ਰੋਕ ਲੈਂਦੇ ਹਨ। ਅਸੀਂ ਇਹ ਵੀ ਪ੍ਰਵਾਨ ਕਰ ਲੈਂਦੇ ਹਾਂ। ਉਹਨਾਂ ਹਜ਼ਾਰਾਂ ਕਿਸਾਨਾਂ ਦੇ ਪਟਿਆਲਾ ਜਾਣ ਦੇ ਹੱਕ 'ਤੇ ਝਪਟਦਿਆਂ, 10 ਕਿਲੋਮੀਟਰ ਦੂਰ ਪਟਿਆਲੇ ਤੋਂ ਬਾਹਰ ਬਹਿਣ ਲਈ ਮਜਬੂਰ ਕਰ ਦਿੱਤਾ। ਅਸੀਂ ਇਹ ਵੀ ਪ੍ਰਵਾਨ ਕਰ ਲਿਆ। ਜੇ ਅਸੀਂ ਹਾਕਮਾਂ ਵੱਲੋਂ ਵਾਹੀਆਂ ਕਾਨੂੰਨੀ ਲਛਮਣ ਰੇਖਾਵਾਂ ਨੂੰ ਨਹੀਂ ਉਲੰਘਣਾ ਅਤੇ ਇਹਨਾਂ ਦੇ ਅੰਦਰ ਅੰਦਰ ਘੋਲ ਲੜਨਾ ਹੈ ਤਾਂ ਫਿਰ ਕਿੱਡੇ ਵੀ ਇਕੱਠ ਕਰੀਂ ਜਾਈਏ ਅਤੇ ਇਕੱਠਾਂ ਵਿੱਚ ਗਰਜਵੇਂ ਭਾਸ਼ਣ ਕਰੀਂ ਜਾਈਏ। ਹਾਕਮਾਂ ਲਈ ਸਾਡੀ ਕਰਜ਼ਾ-ਮੁਕਤੀ ਦੀ ਮੰਗ ਵੱਲ ਗੌਰ ਕਰਨ ਦੀ ਮਜਬੂਰੀ ਹੀ ਕੀ ਹੈ?
ਸੋ, ਸਭ ਤੋਂ ਪਹਿਲੀ ਅਤੇ ਅਹਿਮ ਗੱਲ ਇਹ ਹੈ ਕਿ ਹਾਕਮਾਂ ਵੱਲੋਂ ਵਾਹੀਆਂ ਅਤੇ ਹੋਰ ਤੰਗ ਕੀਤੀਆਂ ਜਾ ਰਹੀਆਂ ਕਾਨੂੰਨਵਾਦੀ ਲਛਮਣ ਰੇਖਾਵਾਂ ਅੰਦਰ ਰਹਿ ਕੇ ਲੜਨ ਦੀ ਬਿਰਤੀ ਦੀ ਜਕੜ ਤੋਂ ਮੁਕਤ ਹੋਇਆ ਜਾਵੇ। ਇਸ ਲਈ ਅਜਿਹੀਆਂ ਸੰਘਰਸ਼ ਸ਼ਕਲਾਂ ਤਹਿ ਕਰਨੀਆਂ ਚਾਹੀਦੀਆਂ ਹਨ, ਜਿਹੜੀਆਂ ਹਾਕਮਾਂ ਵੱਲੋਂ ਵਾਹੀਆਂ ਜਾਂਦੀਆਂ ਕਾਨੂੰਨਵਾਦੀ ਹੱਦਾਂ-ਬੰਨਿਆਂ ਦੀਆਂ ਮੁਥਾਜ ਨਾ ਹੋਣ, ਇਹਨਾਂ ਹੱਦਾਂ-ਬੰਨਿਆਂ ਨੂੰ ਚੁਣੌਤੀ ਦਿੰਦੀਆਂ ਹੋਣ। ਅਜਿਹੀਆਂ ਘੋਲ ਸ਼ਕਲਾਂ ਹੋਣ ਜਿਹੜੀਆਂ ਚੰਡੀਗੜ੍ਹ ਵਿੱਚ ਦਾਖਲ ਹੋਣ ਦੀਆਂ ਪਾਬੰਦੀਆਂ ਨਾਲ ਟੱਕਰ ਲੈਂਦਿਆਂ, ਆਪਣੀ ਹੀ ਰਾਜਧਾਨੀ ਦੀਆਂ ਸੜਕਾਂ 'ਤੇ ਸੰਘਰਸ਼ ਕਰਨ ਦੇ ਹੱਕ ਨੂੰ ਪ੍ਰਾਪਤ ਕਰਨ ਵੱਲ ਸੇਧਤ ਹੋਣ, ਜਿਹੜੀਆਂ ਕਦੇ ਪਟਿਆਲੇ, ਕਦੇ ਬਾਦਲ ਅਤੇ ਕਦੇ ਪੁਰਅਮਨ ਮੁਜਾਹਰਿਆਂ-ਰੈਲੀਆਂ 'ਤੇ ਲਾਈਆਂ ਬੰਦਸ਼ਾਂ ਨੂੰ ਭੋਰਨ ਅਤੇ ਆਪਣੀ ਤਾਕਤ ਨਾਲ ਆਪਣੇ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਹੱਕ ਨੂੰ ਜਤਲਾਉਣ ਦਾ ਤੰਤ ਰੱਖਦੀਆਂ ਹੋਣ। ਜੇ ਅਸੀਂ ਕਰਜ਼ਾ-ਮੁਕਤੀ ਦੀ ਮੰਗ ਦਾ ਸਹੀ ਅਰਥਾਂ ਵਿੱਚ ਅੰਸ਼ਿਕ ਹੱਲ ਕਰਨ ਲਈ ਵੀ ਹਾਕਮਾਂ ਨੂੰ ਮਜਬੂਰ ਕਰਨਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਹਾਕਮਾਂ ਵੱਲੋਂ ਸਾਡੇ ਸੰਘਰਸ਼ਾਂ ਦਾ ਕਾਫੀਆ ਕਸਣ ਲਈ ਵਾਹੀਆਂ ਅਤੇ ਮਰਜੀ ਨਾਲ ਤੰਗ ਕੀਤੀਆਂ ਜਾ ਰਹੀਆਂ ਕਾਨੂੰਨਵਾਦੀ ਲਛਮਣ ਰੇਖਾਵਾਂ ਨੂੰ ਠੁੱਡ ਮਾਰਦਿਆਂ, ਆਪਣੇ ਜਥੇਬੰਦ ਹੋਣ ਅਤੇ ਸੰਘਰਸ਼ ਕਰਨੇ ਦੇ ਹੱਕ ਨੂੰ ਨਾ ਸਿਰਫ ਬੁਲੰਦ ਕਰਨਾ ਪਵੇਗਾ, ਸਗੋਂ ਇਸ ਨੂੰ ਜਤਲਾਉਣ ਅਤੇ ਮਾਨਣ ਲਈ ਹਕੂਮਤੀ ਬੰਦਸ਼ਾਂ ਨਾਲ ਟਕਰਾਅ ਵਿੱਚ ਆਉਣਾ ਪਵੇਗਾ ਅਤੇ ਵੱਖ ਵੱਖ ਕਿਸਮਾਂ ਦੀਆਂ ਕੁਰਬਾਨੀਆਂ ਦੀਆਂ ਸ਼ਕਲਾਂ ਵਿੱਚ ਇਸ ਟਕਰਾਅ ਦੀ ਕੀਮਤ ਚੁਕਾਉਣ ਲਈ ਤਿਆਰ-ਬਰ-ਤਿਆਰ ਹੋਣਾ ਪਵੇਗਾ।
੦-੦

23 ਮਾਰਚ ਦਾ ਨੌਜਵਾਨਾਂ-ਵਿਦਿਆਰਥੀਆਂ ਦੇ ਨਾਂ ਸੁਨੇਹਾ


23 ਮਾਰਚ ਦਾ ਨੌਜਵਾਨਾਂ-ਵਿਦਿਆਰਥੀਆਂ ਦੇ ਨਾਂ ਸੁਨੇਹਾ
ਸ਼ਹੀਦਾਂ ਦੇ ਰਾਹ 'ਤੇ ਚੱਲਦੇ ਹੋਏ ਨਵੀਆਂ ਚੁਣੌਤੀਆਂ ਨੂੰ ਕਬੂਲੋ
-ਸੁਮੇਲ
23 ਮਾਰਚ 1931 ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹਾਦਤ ਦਿਵਸ ਹੈ। ਇਸ ਦਿਨ ਸਾਡੀ ਧਰਤੀ ਦੇ ਇਹਨਾਂ ਮਹਾਨ ਸੂਪਤਾਂ ਨੂੰ ਫਾਂਸੀ ਦਿੱਤੀ ਗਈ ਸੀ। ਬਰਤਾਨਵੀ ਸਾਮਰਾਜ ਅਤੇ ਇਹਨਾਂ ਦੇ ਭਾਰਤੀ ਦਲਾਲਾਂ- ਗਾਂਧੀ, ਨਹੂਰ ਨੂੰ ਇਹ ਵਹਿਮ ਸੀ ਕਿ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਦੁਆਰਾ ਸ਼ੁਰੂ ਕੀਤੀ ਜੰਗ ਰੁਕ ਜਾਵੇਗੀ। ਇਹ ਜੰਗ ਅੱਜ ਵੀ ਜਾਰੀ ਹੈ। ਇਹ ਜੰਗ ਜਿੱਥੇ ਭਾਰਤ ਦੀ ਆਜ਼ਾਦੀ ਦੀ ਲੜਾਈ ਸਮੇਂ ਇਨਕਲਾਬੀ ਧਾਰਾ ਰਾਹੀਂ ਜਾਰੀ ਰਹੀ, ਉੱਥੇ 1947 ਦੀ ਨਕਲੀ ਆਜ਼ਾਦੀ ਦੇ ਬਾਅਦ ਵੀ ਤ੍ਰੈਭਾਗਾ, ਤਿਲੰਗਾਨਾ, ਪੈਪਸੂ ਮੁਜਾਰਾ ਇਨਕਲਾਬੀ ਕਿਸਾਨ ਲਹਿਰਾਂ ਅਤੇ ਮਈ 1967 ਦੀ ਨਕਸਲਬਾੜੀ ਲਹਿਰ ਦੇ ਰੂਪ ਵਿੱਚ ਜਾਰੀ ਰਹੀ। ਜਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲਿਆ, ਜੋ ਦੇਸ਼ ਲਈ ਜਾਨਾਂ ਨਿਸ਼ਾਵਰ ਕਰਨ ਲਈ ਤਿਆਰ ਹੋਏ। ਇਹ ਅੱਜ ਵੀ ਕੇਂਦਰੀ ਅਤੇ ਪੂਰਬੀ ਰਾਜਾਂ ਵਿੱਚ ਲਮਕਵੇਂ ਲੋਕ ਯੁੱਧ ਦੇ ਰੂਪ ਵਿੱਚ ਜਾਰੀ ਹੈ ਅਤੇ ਹਿੰਦੋਸਤਾਨ ਦੇ ਦੂਜੇ ਹਿੱਸਿਆਂ ਵਿੱਚ ਲੋਕ-ਯੁੱਧ ਦੀ ਤਿਆਰੀ ਦੇ ਰੂਪ ਵਿੱਚ ਕਾਨੂੰਨੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਰੂਪ ਵਿੱਚ ਜਾਰੀ ਹੈ।
ਸ਼ਹੀਦ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇ ਕੇ ਬਰਤਾਨਵੀ ਸਾਮਰਾਜੀਆਂ ਅਤੇ ਉਹਨਾਂ ਦੇ ਭਾਰਤੀ ਦਲਾਲਾਂ ਨੂੰ ਇਹ ਵੀ ਵਹਿਮ ਸੀ, ਕਿ ਇਹਨਾਂ ਦੇ ਵਿਚਾਰਾਂ ਨੂੰ ਦਬਾਅ ਦਿੱਤਾ ਜਾਵੇਗਾ। ਉਹਨਾਂ ਦੇ ਰਾਹ ਉੱਤੇ ਚੱਲਣ ਦੀ ਕੋਈ ਹੋਰ ਨੌਜਵਾਨ ਜੁਅਰਤ ਨਹੀਂ ਕਰੇਗਾ। ਉਹਨਾਂ ਦਾ ਇਹ ਵਹਿਮ ਵੀ ਦੂਰ ਹੋ ਚੁੱਕਿਆ ਹੈ, ਜਦੋਂ ਸ਼ਹੀਦ ਭਗਤ ਸਿੰਘ ਦੇ ਕਹੇ ਬੋਲ ਅੱਜ ਵੀ ਨੌਜਵਾਨਾਂ ਦੇ ਕੰਨਾਂ ਵਿੱਚ ਗੂੰਜਦੇ ਹਨ। ਨੌਜਵਾਨ ਅੱਜ ਵੀ ਉਹਨਾਂ ਨੂੰ ਰਾਹ ਦਰਸਾਵੇ ਵਜੋਂ ਲੈਂਦੇ ਹਨ। ਇਤਿਹਾਸ ਨੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਸਥਾਪਤ ਕੀਤਾ ਹੈ ਅਤੇ ਗਾਂਧੀ-ਨਹਿਰੂ ਦੇ ਵਿਚਾਰਾਂ ਨੂੰ ਰੱਦ ਕੀਤਾ ਹੈ। ਸ਼ਹੀਦ ਭਗਤ ਸਿੰਘ ਮਹਾਨ ਨਾਇਕ ਵਜੋਂ ਅੱਜ ਵੀ ਨੌਜਵਾਨ ਪੀੜੀ ਨੂੰ ਪ੍ਰੇਰਦਾ ਹੈ। ਗਾਂਧੀ-ਨਹਿਰੂ ਅਤੇ ਸਾਵਰਕਾਰ ਭਾਰਤੀ ਲੋਕਾਂ ਵਿੱਚ ਗ਼ਦਾਰ ਵਜੋਂ ਜਾਣੇ ਜਾਂਦੇ ਹਨ।
ਸੱਤਾ ਬਦਲੀ ਇੱਕ ਸਮਝੌਤਾ:
ਕਿਸਾਨਾਂ-ਮਜ਼ਦੂਰਾਂ ਨਾਲ ਧੋਖਾ
ਪਿਛਲੇ 71 ਸਾਲਾਂ ਦੌਰਾਨ ਭਾਰਤ ਵਿੱਚ ਹਾਕਮ ਜਮਾਤਾਂ ਦੀਆਂ ਲੋਕ-ਦੁਸ਼ਮਣ ਨੀਤੀਆਂ ਦੀ ਸਾਹਮਣੇ ਆਈ ਅਮਲਦਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ 1947 ਦੀ ਸਤਾ ਬਦਲੀ ਇੱਕ ਸਮਝੌਤਾ ਸੀ, ਜਿਸ ਨੂੰ ਨਹਿਰੂ-ਗਾਂਧੀ ਦੀ ਅਗਵਾਈ ਵਿੱਚ ਬਰਤਾਨਵੀ ਸਾਮਰਾਜੀਆਂ ਵੱਲੋਂ ਨੇਪਰੇ ਚਾੜ੍ਹਿਆ ਗਿਆ। ਇਹ ਸਮਝੌਤਾ ਦਲਾਲ ਪੂੰਜੀਪਤੀ ਅਤੇ ਜਾਗੀਰਦਾਰਾਂ ਦੇ ਹਿੱਤਾਂ ਵਿੱਚ ਸੀ। ਜਿਸ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਪਣੀ ਦੂਰ-ਦ੍ਰਿਸ਼ਟੀ ਨਾਲ ਪਹਿਲਾਂ ਹੀ ਬੁੱਝ ਲਿਆ ਸੀ। ਉਹਨਾਂ ਨੇ ''ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਖ਼ਤ'' ਨਾਮੀ ਮਸ਼ਹੂਰ ਦਸਤਾਵੇਜ਼ ਵਿੱਚ ਕਿਹਾ ਸੀ ''ਮੈਂ ਕਿਹਾ ਹੈ ਕਿ ਮੌਜੂਦਾ ਅੰਦੋਲਨ (ਕਾਂਗਰਸ ਦਾ- ਲੇਖਕ) ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫਲਤਾ ਵਿੱਚ ਖਤਮ ਹੋਵੇਗਾ। ਮੈਂ ਇਹ ਇਸ ਲਈ ਕਿਹਾ ਹੈ, ਕਿਉਂਕਿ ਮੇਰੀ ਰਾਏ ਵਿੱਚ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ ਮੱਧ ਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਲੜਿਆ ਜਾ ਰਿਹਾ ਹੈ। ਇਹ ਦੋਵੇਂ ਜਮਾਤਾਂ, ਖਾਸ ਕਰਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖਤਰੇ ਵਿੱਚ ਪਾਉਣ ਦੀ ਜੁਅਰਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫੌਜਾਂ ਤਾਂ ਪਿੰਡਾਂ ਅਤੇ ਕਾਰਖਾਨਿਆਂ ਵਿੱਚ ਹਨ- ਕਿਸਾਨੀ ਤੇ ਮਜ਼ਦੂਰ। ਪਰ ਸਾਡੇ ਬੁਰਜਵਾ ਨੇਤਾ ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇੱਕ ਵਾਰੀ ਗਹਿਰੀ ਨੀਂਦ ਵਿੱਚੋਂ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ ਰੁਕਣ ਵਾਲੇ ਨਹੀਂ ਹਨ। 1920 ਵਿੱਚ ਅਹਿਮਦਾਬਾਦ ਦੇ ਮਜ਼ਦੂਰਾਂ ਵਿੱਚ, ਪਹਿਲੇ ਤਜਰਬੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ, ''ਸਾਨੂੰ ਮਜ਼ਦੂਰਾਂ ਨਾਲ ਗਾਂਢਾ-ਸਾਂਢਾ ਨਹੀਂ ਕਰਨਾ ਚਾਹੀਦਾ। ਫੈਕਟਰੀ ਪ੍ਰੋਲੇਤਾਰੀ ਦਾ ਰਾਜਨੀਤਕ ਹਿੱਤ ਲਈ ਇਸਤੇਮਾਲ ਕਰਨਾ ਬਹੁਤ ਖਤਰਨਾਕ ਹੈ'' (ਮਈ 1921 ਦਾ ''ਦੀ ਟਾਈਮਜ਼'') ਤਦ ਤੋਂ ਉਹਨਾਂ ਨੇ ਇਸ ਜਮਾਤ ਨੂੰ ਪਹੁੰਚ ਕਰਨ ਦੀ ਕੋਈ ਖੇਚਲ ਨਹੀਂ ਕੀਤੀ। ਇਹੀ ਹਾਲਤ ਕਿਸਾਨੀ ਦੀ ਹੈ। 1922 ਦਾ ਬਦਰੌਲੀ ਸੱਤਿਆਗ੍ਰਹਿ ਪੂਰੀ ਤਰ੍ਹਾਂ ਦਰਸਾਉਂਦਾ ਹੈ, ਕਿ ਨੇਤਾਵਾਂ ਨੇ ਕਿੰਨਾ ਖਤਰਾ ਮਹਿਸੂਸ ਕੀਤਾ। ਜਦੋਂ ਉਹਨਾਂ ਨੇ ਕਿਸਾਨ ਜਮਾਤ ਦੀ ਉਸ ਬਗਾਵਤ ਨੂੰ ਵੇਖਿਆ, ਜਿਸ ਨੇ ਨਾ ਸਿਰਫ ਬਦੇਸ਼ੀ ਕੌਮ ਦੇ ਗਲਬੇ ਨੂੰ ਪਰ੍ਹਾਂ ਵਗਾਹ ਮਾਰਨਾ ਸੀ, ਸਗੋਂ ਜਿੰਮੀਦਾਰਾਂ ਦਾ ਜੂਲਾ ਵੀ ਚੁੱਕ ਦੇਣਾ ਸੀ। ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਏ ਕਿਸਾਨਾਂ ਅੱਗੇ ਝੁਕਣ ਦੇ।''
ਨੌਜਵਾਨਾਂ ਨੂੰ ਸੱਦਾ- ਉੱਠੋ! ਜਾਗੋ!!
ਉਹਨਾਂ ਨੇ ਨੌਜਵਾਨਾਂ ਨੂੰ ਕਾਂਗਰਸੀ ਪਾਰਟੀ ਅਤੇ ਇਸਦੇ ਝੂਠੇ ਲੀਡਰਾਂ ਦਾ ਪੱਲਾ ਛੱਡ ਕੇ, ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ''ਜਿਹੜੇ ਆਜ਼ਾਦ ਹਵਾ ਵਿੱਚ ਸਾਹ ਲੈਣ ਦੇ ਚਾਹਵਾਨ, ਉਹਨਾਂ ਨੂੰ ਪਹਿਲਾਂ ਖੁਦ ਹੀ ਰਣ-ਖੇਤਰ ਦੀ ਜਵਾਲਾ ਵਿੱਚ ਕੁੱਦਣਾ ਪੈਣਾ ਹੈ। ਨੌਜਵਾਨੋ, ਜਾਗੋ, ਉੱਠੋ!! ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਹਨ।''
ਉਹਨਾਂ ਅੱਗੇ ਕਿਹਾ ਕਿ ''ਨੌਜਵਾਨਾਂ ਨੂੰ ਆਜ਼ਾਦ ਤੌਰ 'ਤੇ ਸੰਜੀਦਗੀ ਤੇ ਠਰੰ੍ਹਮੇ ਨਾਲ ਸੋਚਣਾ ਚਾਹੀਦਾ ਹੈ। ਉਹ ਵਤਨ ਦੀ ਬੰਦਖਲਾਸੀ ਨੂੰ ਆਪਣੇ ਜੀਵਨ ਦਾ ਇੱਕੋ ਇੱਕ ਨਿਸ਼ਾਨਾ ਬਣਾ ਲੈਣ। ਉਹਨਾਂ ਨੂੰ ਆਪਣੇ ਹੀ ਪੈਰਾਂ ਉੱਤੇ ਖੜ੍ਹਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਪਾਖੰਡੀ ਅਤੇ ਚਾਲਬਾਜ਼ ਲੋਕਾਂ ਤੋਂ ਖਬਰਦਾਰ ਰਹਿ ਕੇ ਜਥੇਬੰਦ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸਾਡੇ ਆਦਰਸ਼ਾਂ ਨਾਲ ਕੋਈ ਸਾਂਝ ਨਹੀਂ ਅਤੇ ਇਹ ਹਮੇਸ਼ਾਂ ਸੰਕਟ ਦੇ ਸਮੇਂ ਸਾਥ ਛੱਡ ਜਾਂਦੇ ਹਨ। ਨੌਜਵਾਨਾਂ ਨੂੰ ਸੱਚੇ ਦਿਲੋਂ ਅਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਪਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਅਤੇ ਔਰਤਾਂ ਦੀ ਮੰਗ ਕਰਦੀ ਹੈ, ਜਿਹਨਾਂ ਨੂੰ ਆਪਣੇ ਨਿੱਜੀ ਲਾਭ ਅਤੇ ਅਰਾਮ, ਆਪਣੇ ਨਜ਼ਦੀਕੀਆਂ ਨਾਲੋਂ ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।''
ਨੌਜਵਾਨਾਂ-ਵਿਦਿਆਰਥੀਆਂ ਦੇ ਕਾਰਜ
ਨੌਜਵਾਨਾਂ-ਵਿਦਿਆਰਥੀਆਂ ਦੀ ਲਹਿਰ ਸਾਹਮਣੇ ਕਾਰਜ ਤਹਿ ਕਰਦਿਆਂ ਸ਼ਹੀਦ ਭਗਤ ਸਿੰਘ ਹੁਰਾਂ ਕਿਹਾ, ''ਰੂਸੀ ਨੌਜਵਾਨਾਂ ਵਾਂਗ ਸਾਡੇ ਵੀ ਹਜ਼ਾਰਾਂ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜ਼ਿੰਦਗੀਆਂ ਪਿੰਡਾਂ ਵਿੱਚ ਗੁਜਾਰਨੀਆਂ ਪੈਣਗੀਆਂ ਅਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ? ਲੋਕਾਂ ਵਿੱਚ ਇਹ ਚੀਜ਼ ਮਹਿਸੂਸ ਕਰਵਾਉਣ ਦੀ ਲੋੜ ਹੈ ਕਿ ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ ''ਹਾਕਮਾਂ ਦੀ ਤਬਦੀਲੀ'' ਹੀ ਨਹੀਂ ਹੋਵੇਗਾ। ਸਭ ਤੋਂ ਵਧ ਕੇ, ਇਸ ਦਾ ਅਰਥ ਹੋਵੇਗਾ, ਇੱਕ ਬਿਲਕੁੱਲ ਨਵੇਂ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ। ਇਹ ਇੱਕ ਦਿਨ ਜਾਂ ਇੱਕ ਸਾਲ ਦੀ ਕੰਮ ਨਹੀਂ ਹੈ। ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਲਾਉਣ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ ਇਨਕਲਾਬੀ ਨੌਜਵਾਨ ਹੀ ਇਸ ਨੂੰ ਕਰ ਸਕਣਗੇ। ਪਰ ਇਹ ਜ਼ਰੂਰੀ ਨਹੀਂ ਕਿ ਬੰਬਾਂ ਅਤੇ ਪਿਸਤੌਲਾਂ ਵਾਲਾ ਆਦਮੀ ਹੀ ਇਨਕਲਾਬੀ ਹੋਵੇ।''
ਉਹਨਾਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਲਹੌਰ ਵਿੱਚ ਹੋਈ ਦੂਜੀ ਕਾਨਫਰੰਸ ਵਿੱਚ ਵਿਦਿਆਰਥੀਆਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ, ''ਫੈਕਟਰੀ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਅਤੇ ਪੇਂਡੂ ਝੌਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ, ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ, ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਅਸੰਭਵ ਹੋਵੇਗੀ।'' (20 ਅਕਤੂਬਰ 1929)
ਸ਼ਹੀਦ ਭਗਤ ਸਿੰਘ ਹੋਰਾਂ ਨੇ ਨੌਜਵਾਨਾਂ ਨੂੰ ਸੁਧਾਰਵਾਦੀ ਕੰਮ ਬਾਰੇ ਸੁਚੇਤ ਕਰਦਿਆਂ ਕਿਹਾ ਕਿ , ''ਬਹੁਤ ਸਾਰੇ ਨੇਕ ਆਦਮੀਆਂ ਦਾ ਖਿਆਲ ਹੈ ਕਿ ਲੋਕ ਸੇਵਾ (ਉਹਨਾਂ ਸੌੜੇ ਅਰਥਾਂ ਵਿੱਚ ਜਿਵੇਂ ਅਸੀਂ ਭਾਰਤੀ ਇਸ ਨੂੰ ਸਮਝਦੇ ਹਾਂ) ਸਭ ਰੋਗਾਂ ਦੀ ਦਵਾ ਹੈ, ਅਤੇ ਦੇਸ਼ ਸੇਵਾ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਲਈ, ਸਾਡੇ ਬਹੁਤ ਸਾਰੇ ਜੋਸ਼ੀਲੇ ਨੌਜਵਾਨ ਗਰੀਬਾਂ ਵਿੱਚ ਅੰਨ ਵੰਡਣ ਅਤੇ ਸਾਰੀ ਉਮਰ ਬਿਮਾਰਾਂ ਦੀ ਸੇਵਾ ਕਰਨ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ। ਅਜਿਹੇ ਪੁਰਸ਼ ਸੱਚੇ ਅਤੇ ਕੁਰਬਾਨੀ ਦੇ ਪੁਤਲੇ ਜ਼ਰੂਰ ਹੁੰਦੇ ਹਨ, ਪਰ ਉਹ ਇਹ ਨਹੀਂ ਸਮਝ ਸਕਦੇ ਕਿ ਸਿਰਫ ਦਾਨ ਦੇਣ ਨਾਲ ਨਾ ਭਾਰਤ ਵਿੱਚ ਤੇ ਨਾ ਹੀ ਕਿਸੇ ਹੋਰ ਦੇਸ਼ ਵਿੱਚ ਗਰੀਬੀ ਅਤੇ ਬਿਮਾਰੀ ਦੀ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕਦਾ ਹੈ।''
ਯੁੱਧ ਤੇ ਨਿਸ਼ਾਨੇ ਦੀ ਸਪੱਸ਼ਟਤਾ
ਸ਼ਹੀਦ ਭਗਤ ਸਿੰਘ ਹੁਰਾਂ ਨੂੰ ਹੋਈ ਫਾਂਸੀ ਦੀ ਸਜ਼ਾ ਤੋਂ ਤਿੰਨ ਦਿਨ ਪਹਿਲਾਂ ਉਹਨਾਂ ਪੰਜਾਬ ਦੇ ਗਵਰਨਰ ਦੇ ਨਾਂ ਲਿਖੇ ਖਤ ਵਿੱਚ ਲਿਖਿਆ ਸੀ ਕਿ ''ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤਦ ਤੱਕ ਚੱਲਦਾ ਰਹੇਗਾ, ਜਦ ਤੱਕ ਕੁੱਝ ਤਾਕਤਵਰ ਲੋਕ ਭਾਰਤੀ ਜਨਤਾ ਅਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਇਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਵੇਂ ਰਲਵੇ, ਚਾਹੇ ਉਹ ਜਨਤਾ ਦਾ ਖੂਨ ਚੂਸਣ ਲਈ ਨਿਰੋਲ ਨੌਕਰਸ਼ਾਹੀ ਜਾਂ ਸਾਂਝੀ ਰਲੀ-ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ, ਇਹ ਸਭ ਕੁੱਝ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।''
''ਜਦੋਂ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰਕੇ, ਉਸਦੀ ਥਾਂ ਸਮਾਜਿਕ ਖੁਸ਼ਹਾਲੀ ਉੱਤੇ ਆਧਾਰਤ ਨਵਾਂ ਸਮਾਜਿਕ ਢਾਂਚਾ ਉੱਸਰ ਨਹੀਂ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖਤਾ 'ਤੇ ਅਸਲ ਅਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੇ ਨਿੱਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗਾ। ਨਿਕਟ ਭਵਿੱਖ ਵਿੱਚ ਆਖਰੀ ਯੁੱਧ ਲੜਿਆ ਜਾਵੇਗਾ ਅਤੇ ਉਹ ਫੈਸਲਾਕੁੰਨ ਹੋਵੇਗਾ।''
ਨੌਜਵਾਨਾਂ-ਵਿਦਿਆਰਥੀਆਂ ਨੂੰ ਯੁੱਧ ਤੇ ਨਿਸ਼ਾਨੇ ਲਈ ਮਾਨਸਿਕ ਤਿਆਰੀ ਦਾ ਸੱਦਾ
ਉਹਨਾਂ ਨੇ ਇਸ ਯੁੱਧ ਲਈ ਨੌਜਵਾਨ ਸ਼ਕਤੀ ਉੱਤੇ ਭਰੋਸਾ ਪ੍ਰਗਟ ਕਰਦਿਆਂ ''ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ'' ਦੇ ਮੈਨੀ ਫੈਸਟੋ ਵਿੱਚ ਕਿਹਾ ਸੀ ਕਿ ''ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਸਹਾਰੇ ਹੈ। ਉਹ ਹੀ ਇਸ ਮਿੱਟੀ ਦੇ ਪੁੱਤਰ ਹਨ। ਉਹਨਾਂ ਦੀ ਦੁੱਖ ਝੱਲਣ ਲਈ ਤੱਤਪਰਤਾ, ਉਹਨਾਂ ਦੀ  ਬੇਖੌਫ ਬਹਾਦਰੀ ਅਤੇ ਲਹਿਰਾਉਂਦੀ ਕੁਰਬਾਨੀ ਦਰਸਾਉਂਦੀ ਹੈ ਕਿ ਭਾਰਤ ਦਾ ਭਵਿੱਖ ਉਹਨਾਂ ਦੇ ਹੱਥਾਂ ਵਿੱਚ ਮਹਿਫੂਜ ਹੈ।''
ਇਨਕਲਾਬ ਅਤੇ ਇਨਕਲਾਬੀ ਯੁੱਧ ਲਈ ਨੌਜਵਾਨਾਂ ਨੂੰ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਉਹਨਾਂ ''ਨੌਜਵਾਨ ਸਿਆਸੀ ਕਾਰਕੁੰਨ ਨੂੰ ਖਤ'' ਨਾਂ ਦੀ ਮਸ਼ਹੂਰ ਦਸਤਾਵੇਜ਼ ਵਿੱਚ ਕਿਹਾ ਕਿ ''ਆਜ਼ਾਦੀ ਦੀ ਜੰਗ ਵਿੱਚ ਨਿੱਤਰਨ ਵਾਲੇ ਕਿਆਫੇ ਨਹੀਂ ਲਾਉਂਦੇ ਕਿ ਕਿੰਨੀ ਕੁਰਬਾਨੀ ਨਾਲ ਕਿੰਨੀ ਕਾਮਯਾਬੀ ਹੋਵੇਗੀ ਅਤੇ ਇਸ ਵਿੱਚੋਂ ਸਾਡੇ ਹਿੱਸੇ ਕੀ ਆਵੇਗਾ? ਅਜਿਹੇ ਲੋਕ ਕਦੇ ਵੀ ਕੁਰਬਾਨੀ ਨਹੀਂ ਕਰ ਸਕਦੇ। ਸਾਨੂੰ ਉਹਨਾਂ ਮਰਦਾਂ ਦੀ ਲੋੜ ਹੈ, ਜਿਹੜੇ ਹਰ ਕਿਸਮ ਦੀ ਆਸ ਉਮੀਦ, ਡਰ ਜਾਂ ਦੁਚਿੱਤੀ ਨੂੰ ਤਿਆਗ ਕੇ ਸੰਘਰਸ਼ ਕਰਨ ਅਤੇ ਜਿਹੜੇ ਬਿਨਾ ਸ਼ੁਹਰਤ, ਗੁੰਮਨਾਮ ਰਹਿ ਕੇ ਸ਼ਹੀਦੀਆਂ ਪਾ ਸਕਣ। ਅਜਿਹੇ ਜਜ਼ਬੇ ਤੋਂ ਬਗੈਰ ਅਸੀਂ ਉਹ ਦੋ ਪਾਸੀਂ ਜੰਗ ਨਹੀਂ ਲੜ ਸਕਾਂਗੇ, ਜੋ ਸਾਨੂੰ ਵੰਗਾਰ ਰਹੀ ਹੈ।  ਦੋ ਪਾਸੀ ਇਸ ਲਈ, ਇੱਕ ਤਾਂ ਆਪਣੇ ਅੰਦਰਲੇ ਦੁਸ਼ਮਣ ਦੇ ਖਿਲਾਫ ਤੇ ਦੂਜੀ ਵਿਦੇਸ਼ੀ ਦੁਸ਼ਮਣ ਦੇ ਖਿਲਾਫ। ਸਾਡਾ ਅਸਲ ਸੰਘਰਸ਼ ਸਾਡੀਆਂ ਆਪਣੀਆਂ ਕਮਜ਼ੋਰੀਆਂ ਵਿਰੁੱਧ ਹੈ। ਜਿਹਨਾਂ ਦਾ ਫਾਇਦਾ ਸਾਡਾ ਦੁਸ਼ਮਣ ਵੀ ਉਠਾਉਂਦਾ ਹੈ ਅਤੇ ਸਾਡੇ ਆਪਣਿਆਂ ਵਿੱਚੋਂ ਕਈ ਖੁਦਗਰਜ ਲੋਕ ਵੀ।''
''ਇਨਕਲਾਬ ਬਾਰੇ ਜਵਾਨੀ ਵੇਲੇ ਦੇ ਸੁਪਨਾ ਕਿ ਇਹ ਦਸਾਂ ਸਾਲਾਂ ਵਿੱਚ ਪ੍ਰਾਪਤ ਹੋ ਜਾਵੇਗਾ, ਲਾਂਭੇ ਰੱਖ ਦਿਓ, ਠੀਕ ਉਵੇਂ ਜਿਵੇਂ ਗਾਂਧੀ ਦੇ (ਇੱਕ ਸਾਲ ਵਿੱਚ ਸਵਰਾਜ ਦੇ) ਸੁਪਨੇ ਨੂੰ ਲਾਂਭੇ ਰੱਖਿਆ ਸੀ। ਇਸ ਲਈ, ਨਾ ਤਾਂ ਜਜ਼ਬਾਤੀ ਹੋਣ ਦੀ ਲੋੜ ਹੈ ਅਤੇ ਨਾ ਹੀ ਸਰਲ ਹੋਣ ਦੀ, ਸਗੋਂ ਜ਼ਰੂਰਤ ਹੈ ਲਗਾਤਾਰ ਘੋਲ, ਕਸ਼ਟ ਸਹਿਣ ਅਤੇ ਕੁਰਬਾਨੀ ਭਰੇ ਜੀਵਨ ਬਿਤਾਉਣ ਦੀ। ਆਪਣਾ ਨਿੱਜਵਾਦ ਪਹਿਲਾਂ ਖਤਮ ਕਰੋ। ਨਿੱਜੀ ਆਰਾਮ ਦੇ ਸੁਪਨੇ ਲਾਹ ਕੇ ਇੱਕ ਪਾਸੇ ਰੱਖ ਦਿਓ ਤੇ ਫਿਰ ਕੰਮ ਸ਼ੁਰੂ ਕਰੋ। ਇੰਚ ਇੰਚ ਕਰਕੇ ਤੁਸੀਂ ਅੱਗੇ ਵਧੋਗੇ। ਇਸ ਲਈ ਹੌਸਲੇ, ਦ੍ਰਿੜ੍ਹਤਾ ਅਤੇ ਬਹੁਤ ਹੀ ਮਜਬੂਤ ਇਰਾਦੇ ਦੀ ਜ਼ਰੂਤ ਹੈ। ਮੁਸ਼ਕਲਾਂ ਅਤੇ ਔਖਿਆਈਆਂ, ਭਾਵੇਂ ਕਿੰਨੀਆਂ ਭਾਰੀ ਹੋਣ, ਤੁਹਾਡੇ ਹੌਸਲੇ ਨੂੰ ਨਾ ਕੰਬਾ ਸਕਣ। ਕੋਈ ਹਾਰ ਜਾਂ ਧੋਖਾ ਤੁਹਾਡੇ ਦਿਲ ਨੂੰ ਤੋੜ ਨਾ ਸਕੇ। ਕਿੰਨੇ ਵੀ ਕਸ਼ਟ ਤੁਹਾਡੇ ਉੱਤੇ ਪੈਣ ਤੁਹਾਡੇ ਇਨਕਲਾਬੀ ਜੋਸ਼ ਨੂੰ ਠੰਢਾ ਨਾ ਕਰ ਸਕਣ। ਕਸ਼ਟ ਸਹਿਣ ਅਤੇ ਕੁਰਬਾਨੀ ਕਰਨ ਦੇ ਅਸੂਲ ਨਾਲ ਤੁਸੀਂ ਕਾਮਯਾਬੀ ਪ੍ਰਾਪਤ ਕਰੋਗੇ ਅਤੇ ਇਹ ਵਿਅਕਤੀਗਤ ਜਿੱਤਾਂ ਇਨਕਲਾਬ ਦੀ ਅਮੁੱਲ ਸੰਪਤੀ ਹੋਣਗੀਆਂ।''
ਭਾਰਤੀ ਹਾਕਮਾਂ ਦੀਆਂ ਨਵੀਆਂ ਚਾਲਾਂ
ਅੱਜ ਜਦੋਂ ਸ਼ਹੀਦ ਭਗਤ ਸਿੰਘ ਹੁਰਾਂ ਦੀ ਸ਼ਹੀਦੀ ਦਾ 87ਵਾਂ ਦਿਹਾੜਾ ਦੇਸ਼ ਦੇ ਕੋਨੇ ਕੋਨੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਸ਼ਹੀਦਾਂ ਵੱਲੋਂ ਸਥਾਪਤ ਕੀਤਾ ਉਪਰੋਕਤ ਰਾਹ, ਤਹਿ ਕੀਤੇ ਕਾਰਜ, ਲਏ ਨੀਤੀ-ਨਿਰਣੇ ਅਤੇ ਕੀਤੀ ਕੁਰਬਾਨੀ ਨਵੀਂ ਨੌਜਵਾਨ ਪੀੜੀ ਲਈ, ਚਾਨਣ-ਮੁਨਾਰੇ ਦਾ ਕੰਮ ਕਰਦੀ ਹੈ। ਇਸ ਕਰਕੇ, ਭਾਰਤੀ ਹਾਕਮਾਂ ਨੂੰ ਜਿਉਂਦਾ ਭਗਤ ਸਿੰਘ ਜਿੰਨਾ ਖਤਰਨਾਕ ਲੱਗਦਾ ਸੀ, ਸ਼ਹੀਦ ਹੋਇਆ ਭਗਤ ਸਿੰਘ ਉਸ ਤੋਂ ਜ਼ਿਆਦਾ ਖਤਰਨਾਕ ਲੱਗਦਾ ਹੈ।
ਇਸ ਕਰਕੇ ਉਹ ਉਸਦੇ ਵਿਚਾਰਾਂ ਵਿੱਚ ਖੋਟ ਰਲਾਉਣ ਅਤੇ ਉਸ ਨੂੰ ਗਾਂਧੀ-ਨਹਿਰੂ ਅਤੇ ਸਾਵਰਕਾਰ ਬਰਾਬਰ ਖੜ੍ਹਾਉਣ ਲਈ ਨਵੀਆਂ ਤੋਂ ਨਵੀਆਂ ਚਾਲਾਂ ਚੱਲ ਰਹੇ ਹਨ। ਗਾਂਧੀ-ਨਹਿਰੂ ਜਿਹਨਾਂ ਨੂੰ ਉਹ Àਦੋਂ ''ਅੱਤਵਾਦੀ'' ਲੱਗਦਾ ਸੀ, ਅੱਜ ਉਹਨਾਂ ਦੀ ਅਗਲੀ ਨਸਲ ਭਗਤ ਸਿੰਘ ਹੁਰਾਂ ਦਾ ਕਾਂਗਰਸੀਕਰਨ ਕਰਨ ਲਈ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਪਾਖੰਡ ਕਰਨ ਲੱਗੀ ਹੈ। ਇਕੱਲੀ ਗਾਂਧੀ-ਨਹਿਰੂ ਦੀ ਨਸਲ ਹੀ ਨਹੀਂ, ਸਗੋਂ ਆਰ.ਐਸ.ਐਸ., ਜਿਸ ਨੇ ਬਰਤਾਨਵੀ ਹਕੂਮਤ ਦੀ ਨੰਗੀ ਚਿੱਟੀ ਹਮਾਇਤ ਕੀਤੀ। ਕਾਂਗਰਸ ਦੀ ਅਖੌਤੀ ਆਜ਼ਾਦੀ ਦੀ ਲਹਿਰ— ਅਤੇ ਸ਼ਹੀਦ ਭਗਤ ਸਿੰਘ ਹੁਰਾਂ ਦੀ ਲਹਿਰ— ਦੋਹਾਂ ਦੀ ਸੋਚ ਦਾ ਨੰਗਾ ਚਿੱਟਾ ਵਿਰੋਧ ਕੀਤਾ, ਸ਼ਹੀਦ ਭਗਤ ਸਿੰਘ ਹੁਰਾਂ ਨੂੰ ''ਅੱਤਵਾਦੀ'' ਅਤੇ ''ਸਿਰਫਿਰੇ ਨੌਜਵਾਨ'' ਕਿਹਾ ਸੀ, ਦੀ ਅਗਵਾਈ ਵਾਲੀ ਮੋਦੀ ਹਕੂਮਤ ਵੀ ਸ਼ਹੀਦ ਭਗਤ ਸਿੰਘ ਹੋਰਾਂ ਦਾ ਭਗਵਾਕਰਨ ਕਰਨ ਉੱਤੇ ਉਤਾਰੂ ਹੋ ਰਹੀ ਹੈ।
ਨੌਜਵਾਨ ਪੀੜੀ ਉੱਤੇ ਤਾਜ਼ਾ ਹਮਲੇ
ਭਾਰਤੀ ਹਾਕਮ ਇੱਕ ਪਾਸੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਅਸਲੀ ਵਾਰਿਸਾਂ ਨੂੰ ''ਅੱਤਵਾਦੀ', ''ਵੱਖਵਾਦੀ'' ਕਹਿ ਕੇ ਖਤਮ ਕਰ ਰਹੇ ਹਨ। ਦੂਜੇ ਪਾਸੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਵਿਚਾਰਾਂ ਅਤੇ ਪੀੜੀ ਦਰ ਪੀੜੀ ਪੈਦਾ ਹੋਣ ਵਾਲੇ ਨਵੇਂ ਵਾਰਸਾਂ ਨੂੰ ਮੁਕੰਮਲ ਖਤਮ ਕਰਨ ਅਤੇ ਉਹਨਾਂ ਨੂੰ ਇਨਕਲਾਬੀ ਰਸਤੇ ਉੱਤੇ ਤੁਰਨ ਤੋਂ ਰੋਕਣ ਲਈ ਨੌਜਵਾਨਾਂ ਪੀੜੀ ਨੂੰ ਵਿਸ਼ੇਸ਼ ਤੌਰ 'ਤੇ ਚਿੰਨ੍ਹਤ ਕਰਕੇ, ਹਮਲੇ ਕਰ ਰਹੇ ਹਨ।
ਭਾਰਤੀ ਹਾਕਮ ਇਹ ਚੰਗੀ ਤਰ੍ਹਾਂ ਜਾਣਦੇ ਹਨ  ਕਿ ਨੌਜਵਾਨਾਂ ਵਿੱਚ ਕੁਰਬਾਨੀ ਕਰਨ ਦਾ ਅਥਾਹ ਜਜ਼ਬਾ ਹੁੰਦਾ ਹੈ। ਨਵੇਂ ਲਾਂਘੇ ਭੰਨਣ ਦਾ ਅਥਾਹ ਜੋਸ਼ ਹੁੰਦਾ ਹੈ, ਸਮਰੱਥਾ ਹੁੰਦੀ ਹੈ। ਨਵੇਂ ਨੂੰ ਜਾਨਣ ਦੀ ਅਥਾਹ ਜਗਿਆਸਾ ਹੁੰਦੀ ਹੈ। ਨੌਜਵਾਨ ਬਿਲਕੁੱਲ ਕੋਰੇ ਹੁੰਦੇ ਹਨ। ਨੌਜਵਾਨ ਆਦਰਸ਼ਵਾਦੀ ਹੁੰਦੇ ਹਨ। ਨੌਜਵਾਨ ਕਿਸੇ ਕੌਮ, ਕਿਸੇ ਦੇਸ਼, ਕਿਸੇ ਇਨਕਲਾਬੀ ਲਹਿਰ ਦਾ ਭਵਿੱਖ ਹੁੰਦੇ ਹਨ। ਇਸ ਭਵਿੱਖ ਨੂੰ ਖਤਮ ਕਰਨ ਲਈ ਉਹਨਾਂ ਵੱਲੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਨੌਜਵਾਨ ਪੀੜੀ 'ਤੇ ਮਾਰੂ ਹਮਲਾ ਬੋਲਿਆ ਹੋਇਆ ਹੈ। ਇਹ ਹਮਲਾ ਪੰਜਾਬ ਅੰਦਰ ਪੰਜ ਉੱਘੜਵੇਂ ਰੂਪਾਂ ਰਾਹੀਂ ਕੀਤਾ ਜਾ ਰਿਹਾ ਹੈ।
ਨਸ਼ੇ ਅਤੇ ਹਕੂਮਤੀ ਮਨਸੂਬੇ
ਪਹਿਲਾ, ਨੌਜਵਾਨਾਂ ਦੀ ਅਣਖ, ਇੱਜਤ ਅਤੇ ਸਵੈਮਾਣ ਨੂੰ ਖਤਮ ਕਰਨ ਲਈ ਉਹਨਾਂ ਵੱਲੋਂ ਚੇਤਨ ਰੂਪ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪਿੰਡਾਂ, ਸ਼ਹਿਰਾਂ, ਜੇਲ੍ਹਾਂ ਅੰਦਰ ਨਸ਼ਾ ਸਪਲਾਈ ਕਰਨ ਲਈ ਗਰੋਹ ਜਥੇਬੰਦ ਕੀਤੇ ਹੋਏ ਹਨ। ਜਿਹੜੇ ਹੋਣਹਾਰ ਨੌਜਵਾਨਾਂ ਨੂੰ ਚਿੰਨ੍ਹਤ ਕਰਦੇ ਹਨ। ਉਹਨਾਂ ਨੂੰ ਚੇਤੰਨ ਤੌਰ ਉੱਤੇ ਨਸ਼ੇ ਦੀ ਲੱਤ ਲਾਉਂਦੇ ਹਨ। ਜਦੋਂ ਉਹ ਨਸ਼ੇ ਦੇ ਆਦੀ ਹੋ ਜਾਂਦੇ ਹਨ ਤਾਂ ਅੱਗੇ ਹੋਰ ਨਵੇਂ ਨੌਜਵਾਨਾਂ ਨੂੰ ਨਸ਼ੇ ਸਪਲਾਈ ਕਰਨ ਵਾਲੀ ਲੜੀ ਵਿੱਚ ਫਿੱਟ ਕਰ ਲੈਂਦੇ ਹਨ। ਪੰਜਾਬ ਅੰਦਰ ਚਿੱਟੇ ਦੇ ਨਸ਼ੇ ਦਾ ਪਸਾਰ ਵੱਡੀ ਪੱਧਰ 'ਤੇ ਇਸ ਢੰਗ ਰਾਹੀਂ ਹੋ ਰਿਹਾ ਹੈ। ਪੰਜਾਬ ਦੇ ਅਕਾਲੀ-ਕਾਂਗਰਸੀ ਸਿਆਸਤਦਾਨ, ਪੁਲਸ ਅਧਿਕਾਰੀ ਨਸ਼ੇ ਦੇ ਇਸ ਬਹੁ-ਕਰੋੜੀ ਕਾਰੋਬਾਰ ਨੂੰ ਅੱਗੇ ਵਧਾ ਰਹੇ ਹਨ। ਪੰਜਾਬ ਵਿੱਚ ਸਾਬਕਾ ਪਹਿਲਵਾਨ ਅਤੇ ਡੀ.ਐਸ.ਪੀ. ਜਗਦੀਸ਼ ਭੋਲੇ ਦਾ ਸਾਹਮਣੇ ਆਇਆ ਕੇਸ ਇਸ ਦੀ ਉੱਭਰਵੀਂ ਉਦਾਹਰਣ ਹੈ। ਜਿਸ ਨੂੰ ਪਹਿਲਾਂ ਸੁਖਬੀਰ ਬਾਦਲ ਅਤੇ ਮਜੀਠੀਏ ਦਾ ਥਾਪੜਾ ਸੀ। ਜਦੋਂ ਆਪਸੀ ਰੱਟਾ ਪੈ ਗਿਆ ਤਾਂ ਜਗਦੀਸ਼ ਭੋਲੇ ਅਤੇ ਉਸਦੇ ਨੈੱਟ ਵਰਕ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਸ ਦੇ ਸਿਆਸੀ ਅਤੇ ਪੁਲਸੀ ਸਰਪ੍ਰਸਤ ਅਜੇ ਬਾਹਰ ਹਨ। ਅਜੀਤ ਕੋਹਾੜ ਅਤੇ ਸਰਵਣ ਸਿੰਘ ਫਿਲੌਰ ਵੀ ਇਸ ਕਾਲੇ ਧੰਦੇ ਵਿੱਚ ਲੱਗੇ ਅਕਾਲੀ ਮੰਤਰੀਆਂ ਦੇ ਉੱਭਰਵੇਂ ਨਾਂ ਹਨ। ਇੱਕ ਸਰਵੇ ਮੁਤਾਬਕ ਪੰਜਾਬ ਦੀ ਨੌਜਵਾਨ ਆਬਾਦੀ ਦਾ 73.5 ਫੀਸਦੀ ਹਿੱਸਾ ਵੱਖ ਵੱਖ ਕਿਸਮ ਦੇ ਨਸ਼ਿਆਂ ਉੱਤੇ ਲੱਗ ਚੁੱਕਾ ਹੈ। ਜਿਸਦਾ 53 ਫੀਸਦੀ ਚਿੱਟੇ ਨਸ਼ੇ ਦਾ ਸ਼ਿਕਾਰ ਹੈ।
ਪੰਜਾਬ ਅੰਦਰ ਸ਼ਰਾਬ ਦੇ ਬਹੁ-ਕਰੋੜੀ ਕਾਰੋਬਾਰ ਦਾ ਵੱਡਾ ਹਿੱਸਾ ਅਕਾਲੀ ਦਲ ਦੇ ਸਾਬਕਾ ਪਾਰਲੀਮਾਨੀ ਸਕੱਤਰ ਦੀਪ ਮਲਹੋਤਰਾ, ਸ਼ਿਵ ਲਾਲ ਡੋਡਾ ਅਤੇ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਹੈ। ਅਕਾਲੀ, ਕਾਂਗਰਸੀ ਅਤੇ ਬੀ.ਜੇ.ਪੀ. ਆਗੂਆਂ ਵੱਲੋਂ ਹੇਠਾਂ ਤੱਕ ਗਰੁੱਪ ਬਣਾ ਕੇ ਪੰਜਾਬ ਪੱਧਰੇ ਸ਼ਰਾਬ ਦੇ ਕਾਰੋਬਾਰ 'ਤੇ ਕਬਜ਼ਾ ਕੀਤਾ ਹੋਇਆ ਹੈ। ਪੰਜਾਬ ਦੀ ਕੁੱਲ ਆਬਾਦੀ 2 ਕਰੋੜ 77 ਲੱਖ ਤੋਂ ਉੱਪਰ ਹੈ। ਪੰਜਾਬ ਅੰਦਰ 22 ਲੱਖ ਲੋਕ ਸ਼ਰਾਬ ਦੇ ਆਦੀ ਹਨ। 16 ਲੱਖ ਤੰਬਾਕੂ ਦਾ ਸੇਵਨ ਕਰਦੇ ਹਨ। ਪੰਜਾਬ ਅੰਦਰ ਸਾਲਾਨਾ 29 ਕਰੋੜ ਬੋਤਲਾਂ ਸ਼ਰਾਬ ਦੀ ਖਪਤ ਹੁੰਦੀ ਹੈ। ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚੋਂ 2500 ਕਰੋੜ ਸਾਲਾਨਾ ਆਉਂਦਾ ਹੈ। ਜਿਹੜਾ ਟੈਕਸ ਦਾ 14 ਫੀਸਦੀ ਹੈ। 2018-19 ਦੇ ਸਾਲ ਅੰਦਰ ਪੰਜਾਬ ਦੀ ਕੈਪਟਨ ਸਰਕਾਰ ਦਾ ਇਸ ਖੇਤਰ ਵਿੱਚੋਂ 800-1000 ਕਰੋੜ ਤੱਕ ਵੱਧ ਆਮਦਨ ਕਰਨ ਦਾ ਟੀਚਾ ਹੈ। ਪੰਜਾਬ ਅੰਦਰਲੀ ਸ਼ਰਾਬ ਲਾਬੀ ਅਤੇ ਸ਼ਰਾਬ ਦੇ ਭਾਰਤ ਪੱਧਰੇ ਕਾਰੋਬਾਰੀ ਪੌਂਟੀ ਚੱਢਾ ਦੀ ਮੌਤ ਦੇ ਬਾਵਜੂਦ ਉਸਦੇ ਗਰੁੱਪ ਦੀ ਅਜੇ ਵੀ ਪੰਜਾਬ ਦੇ ਸਰਕਾਰੇ-ਦਰਬਾਰੇ ਤੂਤੀ ਬੋਲਦੀ ਹੈ।
ਪੰਜਾਬ ਦੀ ਕੈਪਟਨ ਹਕੂਮਤ ਵੱਲੋਂ ਨਸ਼ੇ ਨੂੰ ਚਾਰ ਹਫਤਿਆਂ ਵਿੱਚ ਖਤਮ ਕਰਨ ਅਤੇ ਮਜੀਠੀਏ ਵਰਗਿਆਂ ਨੂੰ ਜੇਲ੍ਹ ਵਿੱਚ ਬੰਦ ਕਰਨ ਦੇ, ਜੋ ਚੋਣ ਦਾਅਵੇ ਕੀਤੇ ਗਏ ਸਨ। ਉਹ ਕੈਪਟਨ ਦੇ ਚੋਣ ਜੁਮਲੇ ਸਾਬਤ ਹੋ ਚੁੱਕੇ ਹਨ। ਨਸ਼ਿਆਂ ਦੀ ਤਸਕਰੀ ਰੋਕਣ ਦੇ ਨਾਂ ਹੇਠ ਸਗੋਂ ਉਲਟਾ ਚਿੱਟੇ ਦੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਹੀ ਚੁੱਕ ਚੁੱਕ ਕੇ ਜੇਲ੍ਹਾਂ ਵਿੱਚ ਤੂੜਿਆ ਗਿਆ ਹੈ। ਨਸ਼ਿਆਂ ਦੇ ਵੱਡੇ ਸਮੱਗਲਰ ਪਹਿਲਾਂ ਦੀ ਤਰ੍ਹਾਂ ਦਨਦਨਾਉਂਦੇ ਫਿਰਦੇ ਹਨ। ਮਾਲਵੇ ਅੰਦਰ ਤਾਂ ਹਰਿਆਣਾ ਦੀ ਸ਼ਰਾਬ ਦੀ ਵੱਡੀ ਪੱਧਰ ਹੋਮ ਡਲਿਵਰੀ ਸ਼ੁਰੂ ਹੋ ਚੁੱਕੀ ਹੈ। ਨੌਜਵਾਨਾਂ ਨੂੰ ਨਸ਼ਾ ਬੰਦ ਕਰਵਾਉਣ ਦੀ ਮੁਹਿੰਮ ਖੁਦ ਹੱਥਾਂ ਵਿੱਚ ਲੈਣੀ ਚੀਹੀਦੀ ਹੈ। ਕਾਂਗਰਸੀ, ਅਕਾਲੀ ਅਤੇ ਬੀ.ਜੇ.ਪੀ. ਹਾਕਮਾਂ ਤੋਂ ਭਲੇ ਦੀ ਝਾਕ ਛੱਡ ਦੇਣੀ ਚਾਹੀਦੀ ਹੈ।
ਬੇਰੁਜ਼ਗਾਰੀ ਤੇ ਪ੍ਰਵਾਸ ਰਾਹੀਂ ਉਜਾੜਾ
ਦੂਜਾ, 1947 ਦੀ ਸੱਤਾ ਬਦਲੀ ਤੋਂ ਭਾਰਤੀ ਹਾਕਮਾਂ ਵੱਲੋਂ ਬੇਰੁਜ਼ਗਾਰੀ ਦੀ ਸਮੱਸਿਆ ਦਾ ਤਰਕਸੰਗਤ ਹੱਲ ਨਹੀਂ ਕੀਤਾ ਗਿਆ। 1990ਵਿਆਂ ਤੋਂ ਤਬਦੀਲ ਕੀਤੀਆਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਸਾਮਰਾਜ ਦੁਆਰਾ ਨਿਰਦੇਸ਼ਿਤ ਨੀਤੀਆਂ ਤਹਿਤ ਪੁਲਸ ਫੋਰਸ ਦੀ ਭਰਤੀ ਤੋਂ ਬਿਨਾ ਸਰਕਾਰੀ ਨੌਕਰੀਆਂ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ।
ਇੱਕ ਪਾਸੇ ਨਿੱਜੀਕਰਨ ਦੀ ਨੀਤੀ ਤਹਿਤ ਪ੍ਰਾਈਵੇਟ ਮੈਡੀਕਲ, ਪੈਰਾ ਮੈਡੀਕਲ, ਇੰਜਨੀਰਿੰਗ, ਕਮਰਸ, ਆਰਟਸ, ਕਾਲਜ, ਯੂਨੀਵਰਸਿਟੀਆਂ ਖੁੰਬਾਂ ਵਾਂਗੂੰ ਪੈਦਾ ਕੀਤੀਆਂ ਗਈਆਂ ਹਨ, ਜਿਹਨਾਂ ਵਿੱਚ ਦੇਸੀ-ਵਿਦੇਸ਼ੀ ਕੰਪਨੀਆਂ, ਦਲਾਲ ਸਰਮਾਏਦਾਰ, ਜਾਗੀਰਦਾਰਾਂ, ਵੱਖ ਵੱਖ ਧਰਮਾਂ ਦੇ ਅਖੌਤੀ ਠੇਕੇਦਾਰਾਂ ਨੂੰ ਪੈਸਾ ਲਾਉਣ ਅਤੇ ਲੁੱਟ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਫੌਜ ਤਿਆਰ ਕੀਤੀ ਗਈ ਹੈ। ਇਹਨਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਤੋਂ ਵਾਂਝੇ ਕਰਨ ਲਈ ਅਨੇਕਾਂ ਕਿਸਮ ਦੇ ਟੈਸਟਾਂ ਰਾਹੀਂ ਲੁੱਟ-ਖਸੁੱਟ ਜਾਰੀ ਰੱਖੀ ਜਾ ਰਹੀ ਹੈ। ਸੀਮਤ ਸੀਟਾਂ ਵੱਡੀਆਂ ਰਿਸ਼ਵਤਾਂ ਲੈ ਕੇ ਭਰੀਆਂ ਜਾਂਦੀਆਂ ਹਨ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਪਿਛਲੇ ਸਮੇਂ ਅੰਦਰ ਇੱਕਲੇ ਪੰਜਾਬ ਅੰਦਰ ਹੀ ਬੇਰੁਜ਼ਗਾਰੀ ਛੜੱਪੇ ਮਾਰ ਕੇ ਵਧੀ ਹੈ। ਆਊਟ ਲੁੱਕ ਮੈਗਜ਼ੀਨ ਦੀ ਸਤੰਬਰ 2016 ਦੀ ਇੱਕ ਰਿਪੋਰਟ ਮੁਤਾਬਕ ਇਕੱਲੇ ਪੰਜਾਬ ਅੰਦਰ ਹੀ ਪੜ੍ਹੇ-ਲਿਖੇ ਅਤੇ ਅਨਪੜ੍ਹ ਬੇਰੁਜ਼ਗਾਰਾਂ ਦੀ ਗਿਣਤੀ 75 ਤੋਂ 80 ਲੱਖ ਹੈ।
ਠੇਕਾ ਭਰਤੀ ਰਾਹੀਂ ਜਿੱਥੇ ਇਹਨਾਂ ਸੰਸਥਾਵਾਂ ਨੂੰ ਕਰੋੜਾਂ ਰੁਪਏ ਡਕਾਰਨ ਦੀ ਖੁੱਲ੍ਹ ਦਿੱਤੀ ਹੋਈ ਹੈ, ਉੱਥੇ ਬੇਰੁਜ਼ਗਾਰੀ ਦੀ ਝੰਬੀ ਪੰਜਾਬ ਦੀ ਪੜ੍ਹੀ-ਲਿਖੀ ਜਵਾਨੀ ਵੱਡੀ ਪੱਧਰ ਉੱਤੇ ਕਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ  ਆਦਿ ਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ। ਇਹਨਾਂ ਮੁਲਕਾਂ ਦੇ ਅਜਾਰੇਦਾਰ ਸਰਮਾਏਦਾਰਾਂ ਵੱਲੋਂ ਸਥਾਪਤ ਕੀਤੀਆਂ ਵਿਦਿਅਕ ਸੰਸਥਾਵਾਂ ਵੱਲੋਂ ਫੀਸਾਂ ਰਾਹੀਂ ਵੱਡੀ ਪੱਧਰ 'ਤੇ ਲੁੱਟ ਕੀਤੀ ਜਾ ਰਹੀ ਹੈ। ਜੋ ਪੰਜਾਬ ਵਿੱਚੋਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਭਰੀਆਂ ਜਾਂਦੀਆਂ ਹਨ। ਪੰਜਾਬ ਦੀ ਨੌਜਵਾਨ ਪੀੜੀ ਦਾ ਥੋਕ ਰੂਪ ਵਿੱਚ ਉਜਾੜਾ ਕਰਕੇ, ਜਿੱਥੇ ਭਾਰਤੀ ਹਾਕਮ ਆਪਣੇ ਕਾਰੋਬਾਰਾਂ ਨੂੰ ਫੈਲਾ ਰਹੇ ਹਨ, ਉੱਥੇ ਆਪਣੇ ਸਾਮਰਾਜੀ ਮਾਲਕਾਂ ਨੂੰ ਪ੍ਰਵਾਸੀ ਭਾਰਤੀਆਂ ਜਾਂ ਪ੍ਰਵਾਸੀ ਪੰਜਾਬੀਆਂ ਦੀ ਮਾਨਸਿਕ ਅਤੇ ਸਰੀਰਕ ਮਿਹਨਤ ਦੀ ਲੁੱਟ ਕਰਨ ਲਈ ਹਾਲਤਾਂ ਮੁਹੱਈਆ ਕਰਵਾ ਰਹੇ ਹਨ। ਇਹਨਾਂ ਨੂੰ ਆਪਣੇ ਸਭਿਆਚਾਰਕ ਅਤੇ ਇਤਿਹਾਸਕ ਵਿਰਸੇ ਨਾਲੋਂ ਤੋੜ ਰਹੇ ਹਨ। ਪੰਜਾਬ ਦੀ ਜਵਾਨੀ ਤੇ ਇਹਨਾਂ ਦੇ ਮਾਪੇ ਵੀ ਇਸ ਹਾਕਮੀ ਚਕਾਚੌਂਧ ਵਿੱਚ ਧੋਖਾ ਖਾ ਰਹੇ ਹਨ।
ਪੰਜਾਬ ਦੀ ਅਣਖੀ ਜਵਾਨੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੌਖਾ ਰਾਹ ਦਰੁਸਤ ਨਹੀਂ ਹੁੰਦਾ। ਸਾਮਰਾਜੀ ਮੁਲਕਾਂ ਅੰਦਰ ਪੈਦਾ ਹੋ ਰਿਹਾ ਸੰਕਟ, ਛਾਂਟੀਆਂ ਅਤੇ ਬੇਰੁਜ਼ਗਾਰੀ ਇਹਨਾਂ ਮੁਲਕਾਂ ਵਿੱਚੋਂ ਪ੍ਰਵਾਸੀ ਆਬਾਦੀ ਨੂੰ ਵਾਪਸ ਭੇਜਣ ਵਾਲੀਆਂ ਪਿਛਾਖੜੀ ਹਕੂਮਤਾਂ ਨੂੰ ਮੂਹਰੇ ਲਿਆ ਰਿਹਾ ਹੈ। ਸਿੱਟੇ ਵਜੋਂ ਇਹਨਾਂ ਮੁਲਕਾਂ ਦੀਆਂ ਟਰੰਪ ਟਾਈਪ ਹਕੂਮਤਾਂ ਪ੍ਰਵਾਸੀਆਂ ਦੇ ਵਿਰੁੱਧ ਵਲਗਣ-ਬੰਦੀਆਂ ਕਰ ਰਹੀਆਂ ਹਨ। ਨਸਲੀ ਵਿਤਕਰੇ ਭੜਕਾਅ ਰਹੀਆਂ ਹਨ। ਭਵਿੱਖ ਅੰਦਰ ਇਹ ਵਰਤਾਰਾ ਪ੍ਰਵਾਸੀਆਂ ਦੇ ਕੌਮੀ ਸਵੈਮਾਣ ਉੱਤੇ ਹੋਰ ਡੂੰਘੀ ਸੱਟ ਮਾਰੇਗਾ। ਅਰਬ ਮੁਲਕਾਂ ਵਿੱਚੋਂ ਸ਼ੁਰੂ ਹੋਇਆ ਪ੍ਰਵਾਸੀਆਂ ਦੀ ਵਾਪਸੀ ਦਾ ਵਰਤਾਰਾ, ਸਾਮਰਾਜੀ ਮੁਲਕਾਂ ਵਿੱਚੋਂ ਵੀ ਤੇਜ਼ੀ ਫੜ ਸਕਦਾ ਹੈ।
ਇਨਕਲਾਬੀ ਸ਼ਕਤੀਆਂ ਦਾ ਫਰਜ਼ ਬਣਾ ਹੈ ਕਿ ਇੱਕ ਪਾਸੇ ਪ੍ਰਵਾਸੀ ਭਾਰਤੀਆਂ ਜਾਂ ਪ੍ਰਵਾਸੀ ਪੰਜਾਬੀਆਂ ਮੂਹਰੇ ਪੈਦਾ ਹੋ ਰਹੀਆਂ ਚੁਣੌਤੀਆਂ, ਸਾਮਰਾਜੀ ਸੰਕਟ ਅਤੇ ਕੌਮੀ ਸਵੈਮਾਣ ਦੇ ਮੁੱਦਿਆਂ ਨੂੰ ਉਭਾਰਨ, ਉੱਥੇ ਦੂਜੇ ਪਾਸੇ ਮਜਬੂਤ ਇਨਕਲਾਬੀ ਲਹਿਰ ਖੜ੍ਹੀ ਕਰਨ ਲਈ ਨੌਜਵਾਨਾਂ ਸਾਹਮਣੇ ਬੇਰੁਜ਼ਗਾਰੀ ਦਾ ਹੱਲ ਪੇਸ਼ ਕਰਨ। ਕਿਸਾਨਾਂ-ਮਜ਼ਦੂਰਾਂ ਨੂੰ ਸੱਤਾ, ਜ਼ਮੀਨ ਅਤੇ ਹੋਰ ਪੈਦਾਵਾਰੀ ਸਾਧਨਾਂ ਦੀ ਵੰਡ ਦੇ ਮੁੱਦੇ ਉੱਤੇ ਲਾਮਬੰਦ ਅਤੇ ਜਥੇਬੰਦ ਕਰਨ, ਖੇਤੀ ਪੈਦਾਵਾਰ ਅਤੇ ਵੱਧ ਤੋਂ ਵੱਧ ਲੇਬਰ ਖਪਤ ਕਰਨ ਵਾਲੀਆਂ ਸਨਅੱਤਾਂ ਲਾਉਣ ਲਈ ਜਵਾਨੀ, ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਨ। ਇਸ ਢੰਗ ਰਾਹੀਂ ਇਨਕਲਾਬੀ ਬਦਲ ਉਭਾਰ ਕੇ ਹੀ ਪ੍ਰਵਾਸ ਦੇ ਥੋਕ ਰੂਪ ਵਿੱਚ ਪ੍ਰਚੱਲਤ ਵਰਤਾਰੇ ਨੂੰ ਕੁੱਝ ਠੱਲ੍ਹ ਪਾਈ ਜਾ ਸਕਦੀ ਹੈ।
ਪੁਲਸ, ਫੌਜ ਵਿੱਚ ਭਰਤੀ ਪਿੱਛੇ ਹਾਕਮੀ ਮਨਸੂਬਾ
ਤੀਜਾ— ਭਾਰਤੀ ਹਾਕਮਾਂ ਵੱਲੋਂ ਸਿੱਖਿਆ, ਸਿਹਤ, ਸਮਾਜਿਕ ਭਲਾਈ ਦੇ ਸਾਰੇ ਮਹਿਕਮਿਆਂ ਦੀ ਭਰਤੀ ਤੋਂ ਪੱਲਾ ਝਾੜ ਕੇ ਸਿਰਫ ਪੁਲਸ, ਫੌਜ, ਨੀਮ-ਫੌਜੀ ਬਲਾਂ ਅੰਦਰ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਬਹੁਤ ਥੋੜ੍ਹੀਆਂ ਪੋਸਟਾਂ ਲਈ ਬਹੁਤ ਵੱਡੀ ਪੱਧਰ 'ਤੇ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਦੀਆਂ ਅਰਜੀਆਂ ਪਹੁੰਚ ਰਹੀਆਂ ਹਨ। ਆਊਟ ਲੁੱਟ ਮੈਗਜ਼ੀਨ ਦੇ 30 ਸਤੰਬਰ 2016 ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਅੰਦਰ ਸਿਪਾਹੀ ਭਰਤੀ ਲਈ 7418 ਪੋਸਟਾਂ ਲਈ 7 ਲੱਖ ਉਮੀਦਵਾਰਾਂ ਨੇ ਅਰਜੀਆਂ ਦਿੱਤੀਆਂ। ਜਿਹਨਾਂ ਵਿੱਚੋਂ ਡੇਢ ਲੱਖ ਗਰੈਜੂਏਟ ਅਤੇ ਪੋਸਟ ਗਰੈਜੂਏਟ ਅਤੇ ਲੱਗਭੱਗ 3000 ਐਮ.ਸੀ.ਏ. ਅਤੇ ਐਮ.ਬੀ.ਏ. ਉਮੀਦਵਾਰਾਂ ਨੂੰ ਬਿਲਕੁੱਲ ਨਜ਼ਰਅੰਦਾਜ ਕੀਤਾ ਗਿਆ। ਇਹਨਾਂ ਅਰਜੀਆਂ ਰਾਹੀਂ ਜਿੱਥੇ ਵੱਖ ਵੱਖ ਮਹਿਕਮੇ ਵੱਡੀ ਪੱਧਰ 'ਤੇ ਬੇਰੁਜ਼ਗਾਰਾਂ ਤੋਂ ਪੈਸਾ ਇਕੱਠਾ ਕਰ ਰਹੇ ਹਨ, ਉੱਥੇ ਭਾਰਤੀ ਹਾਕਮ ਇਹਨਾਂ ਫੋਰਸਾਂ ਅੰਦਰ ਮਿਹਨਤਕਸ਼ ਲੋਕਾਂ ਦੇ ਧੀਆਂ-ਪੁੱਤਰਾਂ ਨੂੰ ਭਰਤੀ ਕਰਕੇ ਮਾਓਵਾਦੀਆਂ, ਕਸ਼ਮੀਰ ਤੇ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀਅਤਾਂ, ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਅਤੇ ਆਦਿਵਾਸੀ ਲੋਕਾਂ ਦੀਆਂ ਵਿਕਸਤ ਹੋਈਆਂ ਲਹਿਰਾਂ ਨੂੰ ਕੁਚਲਣ ਲਈ ਵਰਤ ਰਹੇ ਹਨ ਜਾਂ ਅਮਰੀਕੀ ਸਾਮਰਾਜੀਆਂ ਦੇ ਇਸ਼ਾਰਿਆਂ ਉੱਤੇ ਗੁਆਂਢੀ ਮੁਲਕਾਂ ਪਾਕਿਸਤਾਨ ਅਤੇ ਚੀਨ ਵਿਰੁੱਧ ਭੜਕਾਏ ਜਾ ਰਹੇ ਸਰਹੱਦੀ ਟਕਰਾਵਾਂ ਰਾਹੀਂ ਮਿਹਨਤਕਸ਼ ਲੋਕਾਂ ਦੇ ਧੀਆਂ-ਪੁੱਤਾਂ ਨੂੰ ਜੰਗੀ ਤੋਪਾਂ ਦਾ ਖਾਜਾ ਬਣਾ ਰਹੇ ਹਨ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਬਠਿੰਡਾ, ਪਟਿਆਲਾ, ਜਲੰਧਰ ਵਰਗੇ ਭਰਤੀ ਕੇਂਦਰਾਂ 'ਚ ਦਹਿ-ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਰਹੇ ਹਨ।
ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਭਾਰਤੀ ਹਾਕਮਾਂ ਦੀਆਂ ਲੋਕ ਵਿਰੋਧੀ ਅਤੇ ਲੋਕ ਲਹਿਰਾਂ ਵਿਰੋਧੀ ਚਾਲਾਂ ਦਾ ਖਾਜਾ ਬਣਨ ਤੋਂ ਇਨਕਾਰ ਕਰਨ। ਆਪਣੇ ਆਪ ਨੂੰ ਜਥੇਬੰਦ ਕਰਨ ਦੇ ਰਾਹ ਪੈਣ। ਸਿਹਤ, ਸਿੱਖਿਆ, ਸਮਾਜਿਕ ਭਲਾਈ ਆਦਿ ਮਹਿਕਮਿਆਂ ਵਿੱਚ ਸਰਕਾਰੀ ਭਰਤੀ ਦੇ ਮੁੱਦੇ ਉੱਤੇ ਜੱਦੋਜਹਿਦ ਤੇਜ਼ ਕਰਨ।
ਗੈਂਗਸਟਰ ਅਤੇ ਕਾਂਗਰਸੀ-ਅਕਾਲੀ ਹਾਕਮ
ਚੌਥਾ— ਪਿਛਲੇ ਸਮੇਂ ਅੰਦਰ ਅਕਾਲੀ-ਕਾਂਗਰਸੀ ਹਾਕਮਾਂ ਵੱਲੋਂ ਪੰਜਾਬ ਅੰਦਰ ਨੌਜਵਾਨਾਂ ਨੂੰ ਗੈਂਗਸਟਰਾਂ ਦੇ ਰੂਪ ਵਿੱਚ ਜਥੇਬੰਦ ਕਰਨਾ ਸ਼ੁਰੂ ਕੀਤਾ ਗਿਆ ਹੈ। ਅਲੱਗ ਅਲੱਗ ਸਿਆਸੀ ਪਾਰਟੀਆਂ ਦੇ ਨੇਤਾ ਇਹਨਾਂ ਨੂੰ ਚੋਣਾਂ ਮੌਕੇ ਬੂਥਾਂ ਉੱਤੇ ਕਬਜ਼ੇ ਕਰਨ, ਜ਼ਮੀਨਾਂ-ਜਾਇਦਾਦਾਂ ਦੇ ਕਬਜ਼ੇ ਲੈਣ, ਆਪਣੇ ਵਿਰੋਧੀਆਂ ਨੂੰ ਮਾਰਨ, ਨਸ਼ਿਆਂ ਦੀ ਸਮੱਗਲਿੰਗ ਕਰਨ ਆਦਿ ਵਰਗੇ ਗੈਰ ਕਾਨੂੰਨੀ ਧੰਦਿਆਂ ਲਈ ਵਰਤ ਰਹੇ ਹਨ।
ਪੰਜਾਬ ਪੁਲਸ ਦੀ ਰਿਪੋਰਟ ਮੁਤਾਬਕ ਹੀ ਸੂਬੇ ਅੰਦਰ ਇਸ ਸਮੇਂ 500 ਗੈਂਗਸਟਰ ਕੰਮ ਕਰਦੇ ਹਨ। ਜਿਹਨਾਂ ਵਿੱਚੋਂ 300 ਗੈਂਗਸਟਰ ਏ, ਬੀ ਅਤੇ ਸੀ ਕੈਟਾਗਰੀ ਦੇ ਹਨ। ਇਹਨਾਂ ਵਿੱਚੋਂ 186 ਜੇਲ੍ਹਾਂ ਵਿੱਚ ਕੈਦੀ ਜਾਂ ਹਵਾਲਾਤੀ ਵਜੋਂ ਬੰਦ ਹਨ। ਇਹਨਾਂ ਵਿੱਚੋਂ 51 ਏ ਕੈਟਾਗਰੀ ਦੇ ਹਨ। 85 ਬੀ ਕੈਟਾਗਰੀ ਦੇ ਹਨ। 50 ਸੀ ਕੈਟਾਗਰੀ ਦੇ ਹਨ।
ਇਹਨਾਂ ਗੈਂਗਸਟਰਾਂ ਦੇ ਪਿਛੋਕੜ ਬਾਰੇ ਜੋ ਵੇਰਵੇ ਅਖਬਾਰਾਂ ਵਿੱਚ ਨਸ਼ਰ ਹੋਏ ਹਨ। ਉਹਨਾਂ ਵਿੱਚੋਂ ਵੱਡਾ ਹਿੱਸਾ ਚੋਟੀ ਦੇ ਖ਼ਿਡਾਰੀ ਹਨ। ਪੜ੍ਹੇ-ਲਿਖੇ ਹਨ। ਚੰਗੇ ਘਰਾਂ ਦੇ ਜੰਮ-ਪਲ ਹਨ। ਕਈ ਅਜਿਹੇ ਵੀ ਹਨ, ਜਿਹੜੇ ਆਪ ਬਿਲਕੁੱਲ ਨਸ਼ਾ ਨਹੀਂ ਕਰਦੇ। ਔਰਤਾਂ ਨੂੰ ਬਲੈਕਮੇਲ ਨਹੀਂ ਕਰਦੇ। ਇਹ ਜੱਦੀ-ਪੁਸ਼ਤੀ ਗੈਂਗਸਟਰ ਨਹੀਂ ਹਨ।
ਸਿਆਸਤਦਾਨਾਂ ਵੱਲੋਂ ਇਹਨਾਂ ਨੂੰ ਆਪਣੇ ਗੰਦੇ ਸਿਆਸੀ ਮੁਫਾਦਾਂ ਲਈ ਵਰਤਿਆ ਗਿਆ। ਅਪਰਾਧਿਕ ਗਤੀਵਿਧੀਆਂ ਵਿੱਚ ਪੈਣ ਤੋਂ ਬਾਅਦ ਹਰ ਜਾਇਜ-ਨਜਾਇਜ ਕੰਮ ਲਈ ਉਹਨਾਂ ਦੀ ਪਿੱਠ ਥਾਪੜੀ ਗਈ ਹੈ। ਉਹਨਾਂ ਨੂੰ ਅਸਲਾ, ਪੈਸਾ ਅਤੇ ਟਿਕਾਣੇ ਮੁਹੱਈਆ ਕਰਵਾਏ ਹਨ। ਸਿੱਟੇ ਵਜੋਂ ਉਹ ਪੂਰੇ ਸੰਗਠਤ ਗਰੋਹਾਂ ਵਿੱਚ ਜਥੇਬੰਦ ਕੀਤੇ ਗਏ ਹਨ।
ਕਾਲਜਾਂ, ਯੂਨੀਵਰਸਿਟੀਆਂ ਵਿੱਚ, ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ, ਗੈਂਗਸਟਰ ਆਪਣਾ ਅਸਰ-ਰਸੂਖ ਸਥਾਪਤ ਕਰ ਚੁੱਕੇ ਹਨ। ਆਪਸੀ ਚੌਧਰ, ਲੁੱਟ-ਖੋਹ ਵਿੱਚੋਂ ਹਿੱਸਾ-ਪੱਤੀ ਅਤੇ ਆਪਸੀ ਕਤਲਾਂ ਤੋਂ ਬਾਅਦ ਇਹ ਸੰਗਠਤ ਗਰੋਹ ਆਪਣੇ ਸਿਆਸੀ ਮਾਲਕ ਨੂੰ ਵੀ ਅੱਖੀਆਂ ਦਿਖਾਉਣ ਲੱਗੇ ਹਨ। ਸਿੱਟੇ ਵਜੋਂ ਪਹਿਲਾ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਵਿਰੋਧੀ ਗੈਂਗਸਟਰ ਗਰੁੱਪਾਂ ਨੂੰ ਖਤਮ ਕਰਨ ਲਈ ਇਹਨਾਂ ਦੇ ਝੂਠੇ ਪੁਲਸ ਮੁਕਾਬਲੇ ਬਣਾਏ ਗਏ ਅਤੇ ਹੁਣ ਕੈਪਟਨ ਹਕੂਮਤ ਵੱਲੋਂ ਇਹ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।
ਕੈਪਟਨ ਹਕੂਮਤ ਵੱਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਨਾਂ ਹੇਠ ਪਕੋਕਾ ਨਾਂ ਦਾ ਕਾਨੂੰਨ ਵੀ ਲਿਆਂਦਾ ਜਾ ਰਿਹਾ ਹੈ। ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਦੇ ਝੂਠੇ ਮੁਕਾਬਲੇ ਤੋਂ ਬਾਅਦ ਤਾਂ ਕੈਪਟਨ ਹਕੂਮਤ ਵੱਲੋਂ ਨੰਗਾ ਚਿੱਟਾ ਝੂਠੇ ਪੁਲਸ ਮੁਕਾਬਲੇ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ। ਦੋਸ਼ੀ ਪੁਲਸੀਆਂ ਨੂੰ ਇਨਾਮਾਂ ਨਾਲ ਸਨਮਾਨਣ ਦਾ ਐਲਾਨ ਕੀਤਾ ਗਿਆ। 1970-72 ਦੌਰਾਨ ਨਕਸਲਬਾੜੀ ਕਾਮਰੇਡਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਸ਼ਹੀਦ ਕੀਤਾ ਗਿਆ। ਫਿਰ ਖਾਲਿਸਤਾਨੀ ਲਹਿਰ ਅੰਦਰਲੇ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਖਤਮ ਕੀਤਾ ਗਿਆ। ਹਾਕਮਾਂ ਵੱਲੋਂ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰਨ ਦਾ ਰਸਤਾ ਜਵਾਨੀ ਦੇ ਖਾਤਮੇ ਦਾ ਰਾਹ ਹੈ।
ਇਨਕਲਾਬੀ ਸ਼ਕਤੀਆਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਝੂਠੇ ਪੁਲਸ ਮੁਕਾਬਲਿਆਂ ਦਾ ਜਮਹੂਰੀ ਪੈਂਤੜੇ ਤੋਂ ਡਟ ਕੇ ਵਿਰੋਧ ਕਰਨ। ਇਹ ਵੀ ਮੰਥਨ ਕਰਨ ਕਿ ਨੌਜਵਾਨਾਂ ਦੇ ਖਾੜਕੂ ਤੇ ਬਾਗੀ ਸੁਭਾਅ ਦੇ ਬਾਵਜੂਦ ਉਹ ਖਾੜਕੂ ਹਿੱਸਿਆਂ ਨੂੰ ਆਪਣੇ ਅੰਦਰ ਕਿਉਂ ਨਹੀਂ ਸਮਾਅ ਸਕੇ? ਇਸ ਮੰਥਨ ਦੇ ਆਧਾਰ ਉੱਤੇ ਇਨਕਲਾਬੀ ਅਮਲ ਅੰਦਰ ਖਾੜਕੂ ਅਤੇ ਤਿੱਖੀਆਂ ਤਬਦੀਲੀਆਂ ਕਰਨ। ਜਿਸ ਕਰਕੇ, ਨੌਜਵਾਨ ਗੈਂਗਸਟਰ ਬਣਨ ਦੀ ਥਾਂ ਇਨਕਲਾਬੀ ਲਹਿਰ ਦਾ ਅੰਗ ਬਣਨ।
ਸਾਮਰਾਜੀ-ਜਾਗੀਰੂ ਸਭਿਆਚਾਰਕ ਹਮਲਾ
ਪੰਜਵਾਂ— ਨੌਜਵਾਨਾਂ ਦੇ ਦਿਮਾਗਾਂ ਨੂੰ ਖੁੰਢਾ ਕਰਨ ਲਈ ਪਿਛੇ ਸਮੇਂ ਤੋਂ ਸਾਮਰਾਜੀਆਂ ਤੇ ਭਾਰਤੀ ਹਾਕਮਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਸਾਮਰਾਜੀ-ਜਾਗੀਰੂ ਸਭਿਆਚਾਰ ਦਾ ਹਮਲਾ ਵਿੱਢਿਆ ਹੋਇਆ ਹੈ। ਅਸ਼ਲੀਲ ਤੇ ਕਾਮ-ਉਕਸਾਊ ਫਿਲਮਾਂ, ਗੰਦੇ ਅਤੇ ਅਸ਼ਲੀਲ ਗੀਤਾਂ, ਡਰਾਉਣੇ ਤੇ ਅੰਧ-ਵਿਸ਼ਵਾਸ਼ੀ ਸੀਰੀਅਲ, ਵੀਡੀਓ ਗੇਮਾਂ, ਤਰ੍ਹਾਂ ਤਰ੍ਹਾਂ ਦੇ ਕਾਮ-ਉਕਸਾਊ ਸਾਹਿਤ ਰਾਹੀਂ ਨੌਜਵਾਨਾਂ ਦੇ ਦਿਮਾਗਾਂ ਨੂੰ ਭ੍ਰਿਸ਼ਟ ਕੀਤਾ ਜਾ ਰਿਹਾ ਹੈ। ਗੈਂਗਸਟਰਾਂ ਦੀ ਕੁੱਟ-ਮਾਰ, ਮਾਰਧਾੜ ਅਤੇ ਕਤਲ ਕਰਨ ਜਿਹੀਆਂ ਗੁੰਡਾਗਰਦ ਤੇ ਸਮਾਜ-ਵਿਰੋਧੀ ਕਾਰਵਾਈਆਂ ਨੂੰ ਗੀਤਾਂ (ਅਤੇ ਫਿਲਮਾਂ- ਗਾਂਧੀ) ਰਾਹੀਂ ਲਿਸ਼ਕਾ-ਪੁਸ਼ਕਾ ਕੇ ਨਾਇਕ-ਨੁਮਾ ਕਾਰਨਾਮਿਆਂ ਵਜੋਂ ਨੌਜਵਾਨਾਂ ਮੂਹਰੇ ਪਰੋਸਿਆ ਜਾ ਰਿਹਾ ਹੈ। ਸਮਾਰਟ ਫੋਨਾਂ ਨੂੰ ਇਹ ਗੰਦ ਵਰਤਾਉਣ ਦਾ ਸਾਧਨ ਬਣਾਇਆ ਹੋਇਆ ਹੈ। ਸਿੱਟੇ ਵਜੋਂ ਬੱਚੇ ਅਤੇ ਨੌਜਵਾਨ ਪੀੜੀ ਆਪਣੇ ਜੁਝਾਰੂ ਸਭਿਆਚਾਰਕ ਵਿਰਸੇ, ਬੋਲੀ, ਖੇਡਾਂ ਅਤੇ ਇਤਿਹਾਸਕ ਵਿਰਸੇ ਤੋਂ ਚੇਤਨ ਰੂਪ ਵਿੱਚ ਤੋੜੀ ਜਾ ਰਹੀ ਹੈ।
ਇਨਕਲਾਬੀ ਸ਼ਕਤੀਆਂ ਦਾ ਫਰਜ਼ ਬਣਦਾ ਹੈ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ, ਬੋਲੀ, ਚੰਗੀਆਂ ਖੇਡਾਂ,  ਲੋਕ-ਪੱਖੀ ਸਭਿਆਚਾਰਕ ਅਤੇ ਜੁਝਾਰੂ ਇਤਿਹਾਸ ਬਾਰੇ ਜਾਗਰਿਤ ਅਤੇ ਜਥੇਬੰਦ ਕਰਨ।
ਸੰਖੇਪ ਵਿੱਚ ਗੱਲ ਕਰਨੀ ਹੋਵੇ ਤਾਂ ਭਾਰਤੀ ਹਾਕਮਾਂ ਵੱਲੋਂ ਪੰਜਾਬ ਦੀ ਨੌਜਵਾਨ ਪੀੜੀ ਉੱਤੇ ਕੀਤਾ ਜਾ ਰਿਹਾ ਇਹ ਪੰਜ ਪੱਖੀ ਹਮਲਾ ਐਨਾ ਘਾਤਿਕ ਸਿੱਧ ਹੋਵੇਗਾ, ਜਿਸਦਾ ਅਸਰ ਪੰਜਾਬ ਦੇ ਇਤਿਹਾਸ ਉੱਤੇ ਲੰਬੇ ਸਮੇਂ ਤੱਕ ਰਹੇਗਾ। ਸ਼ਹੀਦ ਭਗਤ ਸਿੰਘ ਹੁਰਾਂ ਦੇ 87ਵੇਂ ਸ਼ਹੀਦੀ ਦਿਹਾੜੇ ਉੱਤੇ ਪੰਜਾਬ ਦੇ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਜਿੱਥੇ ਉਪਰੋਕਤ ਪੰਜ ਫੌਰੀ ਮੁੱਦਿਆਂ ਉੱਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਚੁਣੌਤੀ ਕਬੂਲ ਕਰਨ, ਉੱਥੇ ਭਗਤ ਸਿੰਘ ਹੁਰਾਂ ਵੱਲੋਂ ਨੌਜਵਾਨ-ਵਿਦਿਆਰਥੀ ਲਹਿਰ ਲਈ ਉਭਾਰੀ ਸੇਧ ਨੂੰ ਮੌਜੂਦਾ ਪ੍ਰਸੰਗ ਵਿੱਚ ਹੋਰ ਠੋਸ ਕਰਨ ਅਤੇ ਲਾਗੂ ਕਰਨ ਲਈ ਦਿਨ-ਰਾਤ ਇੱਕ ਕਰਨ। ਇਸ ਢੰਗ ਰਾਹੀਂ ਹੀ ਤਾਜ਼ਾ ਹਕੂਮਤੀ ਹਮਲੇ ਦਾ ਟਾਕਰਾ ਕੀਤਾ ਜਾ ਸਕਦਾ ਹੈ।
(27 ਫਰਵਰੀ, 2018)

ਗੁਰੂ ਗੋਬਿੰਦ ਸਿੰਘ ਦੀ ਸ਼ਾਨਾਂਮੱਤੀ ਸੰਗਰਾਮੀ ਬੀਰ-ਗਾਥਾ


ਆਨੰਦਪੁਰ ਸਾਹਿਬ ਦੇ ਹੋਲੇ-ਮਹੱਲੇ 'ਤੇ ਵਿਸ਼ੇਸ਼
ਗੁਰੂ ਗੋਬਿੰਦ ਸਿੰਘ ਦੀ ਸ਼ਾਨਾਂਮੱਤੀ ਸੰਗਰਾਮੀ ਬੀਰ-ਗਾਥਾ

''ਜੇ ਤੁਸੀਂ ਆਪਣੇ ਬੀਤੇ ਨੂੰ ਪਿਸਤੌਲ ਨਾਲ ਗੋਲੀ ਮਾਰੋਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।'' -ਰਸੂਲ ਹਮਜ਼ਾਤੋਵ
-ਨਵਜੋਤ
ਸਿੱਖ ਲਹਿਰ ਮਹਿਜ਼ ਇੱਕ ਧਾਰਮਿਕ ਖੇਤਰ ਤੱਕ ਸੀਮਤ ਲਹਿਰ ਨਹੀਂ ਸੀ। ਇਹ ਸਮਾਜ ਦੇ ਸਭਨਾਂ ਖੇਤਰਾਂ— ਧਾਰਮਿਕ, ਸਮਾਜਿਕ, ਸਭਿਆਚਾਰਕ, ਸਿਆਸੀ, ਆਰਥਿਕ ਪੱਖਾਂ ਨੂੰ ਕਲਾਵੇਂ ਵਿੱਚ ਲੈਂਦੀ ਲਹਿਰ ਸੀ। ਪਹਿਲੇ ਗੁਰੂ ਨਾਨਕ ਦੇਵ ਦੇ ਪੰਜਾਬ ਦੇ ਸਮਾਜਿਕ ਦ੍ਰਿਸ਼ 'ਤੇ ਸਰਗਰਮ ਅਮਲ ਤੋਂ ਲੈ ਕੇ 1849 ਵਿੱਚ ਪੰਜਾਬ 'ਤੇ ਬਰਤਾਨਵੀ ਬਸਤੀਵਾਦ ਦੇ ਕਬਜ਼ੇ ਤੱਕ ਦੇ ਸਿੱਖ ਲਹਿਰ ਦੇ ਇਤਿਹਾਸ ਨੂੰ ਕਈ ਸਥਾਪਤ ਇਤਿਹਾਸਕਾਰਾਂ ਵੱਲੋਂ ''ਸਿੱਖਾਂ ਦੇ ਇਤਿਹਾਸ'' ਦਾ ਨਾਂ ਦਿੱਤਾ ਜਾਂਦਾ ਹੈ। ਇਸ ਨੂੰ ਇਉਂ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਕਿਤੇ ਇਹ ਮਹਿਜ਼ ਸਿੱਖ ਧਰਮ ਨੂੰ ਪ੍ਰਵਾਨ ਕਰਨ ਵਾਲਿਆਂ ਦਾ ਇਤਿਹਾਸ ਹੈ ਅਤੇ ਇਹ ਪੰਜਾਬ ਜਾਂ ਪੰਜਾਬੀ ਕੌਮ ਦੇ ਇਤਿਹਾਸ ਦਾ ਮਹਿਜ਼ ਇੱਕ ਹਿੱਸਾ ਹੈ। ਇਹ ਧਾਰਣਾ ਮੂਲੋਂ ਹੀ ਗਲਤ ਹੈ। ਅਸਲ ਵਿੱਚ- ਸਿੱਖ ਲਹਿਰ ਦੀ ਉਤਪਤੀ ਅਤੇ ਉਠਾਣ ਤੋਂ ਲੈ ਕੇ ਪੰਜਾਬ ਦੇ 1849 ਵਿੱਚ ਬਸਤੀਵਾਦੀ ਗੁਲਾਮੀ ਦੇ ਜੂਲੇ ਹੇਠ ਚਲੇ ਜਾਣ ਤੱਕ ਦਾ ਇਤਿਹਾਸ ਪੰਜਾਬ/ਪੰਜਾਬੀ ਕੌਮ ਦਾ ਕਾਬਲੇ-ਫ਼ਖਰ ਇਤਿਹਾਸ ਹੈ। ਇਸ ਤੋਂ ਇਲਾਵਾ ਇਸ ਦੌਰ ਦੇ ਇਤਿਹਾਸ ਦਾ ਕੋਈ ਹੋਰ ਅਜਿਹਾ ਕਾਂਡ ਨਹੀਂ ਹੈ, ਜਿਸ 'ਤੇ ਪੰਜਾਬੀ ਲੋਕ ਫ਼ਖਰ ਨਾਲ ਦਾਅਵਾ ਕਰ ਸਕਦੇ ਹੋਣ।
ਸਿੱਖ ਲਹਿਰ ਦੀ ਉਠਾਣ ਦੀ ਟੀਸੀ ਸੀ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਸਰਬੰਸ-ਵਾਰੂ ਲਾ-ਮਿਸਾਲ ਅਤੇ ਸ਼ਾਨਾਂਮੱਤੀ ਸੰਗਰਾਮੀ ਬੀਰਗਾਥਾ। ਗੁਰੂ ਗੋਬਿੰਦ ਰਾਇ (ਜੋ ਬਾਅਦ ਵਿੱਚ ਗੋਬਿੰਦ ਸਿੰਘ ਸਜੇ) ਨੌਵੇਂ ਗੁਰੂ ਤੇਗ ਬਹਾਦਰ ਦੇ ਸਪੁੱਤਰ ਸਨ। ਮੁਗਲ ਰਜਵਾੜਾਸ਼ਾਹੀ ਅਤੇ ਜਾਗੀਰਦਾਰੀ ਦੀ ਦਬਸ਼ ਅਤੇ ਦਹਿਸ਼ਤ ਖਿਲਾਫ ਅੰਗੜਾਈ ਲੈ ਰਹੀ ਪੰਜਾਬੀ ਕੌਮ ਦੀ ਨਾਬਰੀ ਅਤੇ ਬਗਾਵਤ ਨੂੰ ਰਹਿਬਰੀ ਤੋਂ ਵਿਰਵਾ ਕਰਨ ਲਈ ਔਰੰਗਜ਼ੇਬੀ ਹਕੂਮਤ ਵੱਲੋਂ ਨੌਵੇਂ ਗੁਰੂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਵਕਤ ਗੋਬਿੰਦ ਰਾਏ ਮਹਿਜ਼ 9 ਸਾਲ ਦੇ ਸਨ। ਗੋਬਿੰਦ ਰਾਏ ਦੀ ਮਾਤਾ ਗੁਜਰੀ ਅਤੇ ਸਿੱਖ ਲਹਿਰ ਦੀਆਂ ਜੁੰਮੇਵਾਰ ਹਸਤੀਆਂ ਵੱਲੋਂ ਸੁਰੱਖਿਆ ਪੱਖੋਂ ਆਨੰਦਪੁਰ ਦੀ ਬਜਾਇ ਯਮਨਾ ਕਿਨਾਰੇ, ਮੁਕਾਬਲਤਨ ਵੱਧ ਸੁਰੱਖਿਅਤ ਸਥਾਨ ਦੀ ਚੋਣ ਕੀਤੀ ਗਈ। ਇਸ ਸਥਾਨ ਨੂੰ ਅੱਜ ਕੱਲ੍ਹ ਪਾਉਂਟਾ ਸਾਹਿਬ ਕਿਹਾ ਜਾਂਦਾ ਹੈ। ਇੱਥੇ ਗੋਬਿੰਦ ਰਾਏ ਵੱਲੋਂ ਫਾਰਸੀ, ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਗਿਆਨ ਹਾਸਲ ਕੀਤਾ ਗਿਆ। ਘੋੜਸਵਾਰੀ, ਨੇਜਾਬਾਜ਼ੀ ਅਤੇ ਤਲਵਾਰਬਾਜ਼ੀ ਦੀ ਫੌਜੀ ਸਿਖਲਾਈ ਹਾਸਲ ਕੀਤੀ ਗਈ। ਇੱਥੇ ਹੀ ਉਹਨਾਂ ਦੀ ਕਾਵਿਕ ਰੁਚੀਆਂ ਨੇ ਪਰਵਾਜ਼ ਭਰੀ ਅਤੇ ਉਹਨਾਂ ਵੱਲੋਂ ਢੇਰ ਸਾਰੀ ਕਾਵਿਕ ਰਚਨਾ ਕੀਤੀ ਗਈ। ਵਿਸ਼ੇਸ਼ ਕਰਕੇ ਜੁਝਾਰੂ ਰਚਨਾ ਚੰਡੀ ਦੀ ਵਾਰ ਰਚੀ ਗਈ।
ਪਾਉਂਟਾ ਸਾਹਿਬ ਵਿਚਰਦਿਆਂ, ਜਿਉਂ ਜਿਉਂ ਗੋਬਿੰਦ ਰਾਏ ਜਵਾਨੀ ਦੀਆਂ ਪੌੜੀਆਂ ਚੜ੍ਹੇ, ਤਾਂ ਉਹਨਾਂ ਵੱਲੋਂ ਪਹਿਲੇ ਗੁਰੂ ਨਾਨਕ ਦੇਵ ਜੀ ਵੱਲੋਂ ਉਭਾਰੀ ਗਈ ਸਮੇਂ ਦੀ ਸਮਾਜਿਕ-ਸਿਆਸੀ ਹਕੀਕਤ ਨੂੰ ਬਿਆਨਦੀ ''ਰਾਜੇ ਸ਼ੀਂਹ ਮੁਕੱਦਮ ਕੁੱਤੇ..'' ਵਾਲੀ ਕਾਵਿਕ ਟੂਕ ਵਿੱਚ ਸਮੋਏ ਅਰਥਾਂ ਨੂੰ ਆਪਣੇ ਮਨ-ਮਸਤਿਕ ਵਿੱਚ ਉਤਾਰਿਆ ਗਿਆ। ਉਹਨਾਂ ਵੱਲੋਂ ਬੁੱਝ ਲਿਆ ਗਿਆ ਕਿ ਮਜ਼ਲੂਮ ਜਨਤਾ (ਕਿਸਾਨ, ਦਸਤਕਾਰ, ਦੱਬੀ-ਕੁਚਲੀ, ਦਲਿਤ ਜਨਤਾ ਆਦਿ) ਰਾਜਿਆਂ-ਰਜਵਾੜਿਆਂ, ਨਵਾਬਾਂ, ਜਾਗੀਰਦਾਰਾਂ ਅਤੇ ਜਾਗੀਰੂ ਆਹਿਲਕਾਰਾਂ ਦੀ ਅੰਨ੍ਹੀਂ ਲੁੱਟ ਦਾਬੇ ਅਤੇ ਜ਼ੁਲਮ ਦੇ ਪੁੜਾਂ ਦਰਮਿਆਨ ਬੁਰੀ ਤਰ੍ਹਾਂ ਪਿਸ ਰਹੀ ਹੈ। ਮਜ਼ਲੂਮ ਜਨਤਾ ਦੀ ਸਰਕਾਰੇ-ਦਰਬਾਰੇ ਕੋਈ ਸੁਣਵਾਈ ਨਹੀਂ ਹੈ। ਨਿਹੱਥੀ ਅਤੇ ਨਿਤਾਣੀ ਜਨਤਾ ਸਾਹਮਣੇ ਜ਼ੋਰਾਵਰਾਂ-ਜਾਬਰਾਂ ਦੇ ਜਬਰੋ-ਜ਼ੁਲਮ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਰਾਹ ਹੈ— ਹੱਥਾਂ ਵਿੱਚ ਤਲਵਾਰ ਲੈ ਉੱਠਣਾ ਅਤੇ ਕਿਰਤੀਆਂ-ਕਿਸਾਨਾਂ ਦੀ ਆਪਣੀ ਫੌਜ ਤਿਆਰ ਕਰਨਾ। ਇਸ ਬੋਧ ਨਾਲ ਲੈਸ ਹੁੰਦਿਆਂ ਹੀ ਗੁਰੂ ਜੀ ਵੱਲੋਂ ਮਿਆਨ 'ਚੋਂ ਤਲਵਾਰ ਨੂੰ ਧੂੰਹਦਿਆਂ ਇਹ ਗਰਜਵੀਂ ਲਲਕਾਰ ਉੱਚੀ ਕੀਤੀ ਗਈ ਕਿ ਇਹਨਾਂ ਸੁਲਤਾਨਾਂ, ਰਾਜਿਆਂ, ਨਵਾਬਾਂ, ਜਾਗੀਰਦਾਰਾਂ ਅਤੇ ਅਹਿਲਕਾਰਾਂ ਦੇ ਲਾਣੇ ਨਾਲ ਕਿਰਤੀਆਂ-ਕਿਸਾਨਾਂ ਅਤੇ ਮਜ਼ਲੂਮਾਂ ਦਾ ਰਿਸ਼ਤਾ ਦੁਸ਼ਮਣਾਨਾ ਹੈ। ਇਹਨਾਂ ਦਾ ਕੰਮ ਮਜ਼ਲੂਮਾਂ ਨੂੰ ਕੁੱਟਣਾ-ਲੁੱਟਣਾ ਹੈ। ਇਸ ਲਈ, ਇਹਨਾਂ ਕੋਲੋਂ ਕਿਸੇ ਰਹਿਮ ਤੇ ਮਿਹਰ ਦੀ ਆਸ ਨਹੀਂ ਕਰਨੀ ਚਾਹੀਦੀ। ਪਹਿਲੇ ਗੁਰੂ ਵੱਲੋਂ ਇਹਨਾਂ ਜਰਵਾਣਿਆਂ ਅਤੇ ਮਜ਼ਲੂਮ ਜਨਤਾ ਦਰਮਿਆਨ ਇਸ ਦੁਸ਼ਮਣਾਨਾ ਰਿਸ਼ਤੇ ਦੀ ਲਕੀਰ ਵਾਹ ਦਿੱਤੀ ਗਈ ਸੀ। ਇਸ ਲਕੀਰ ਨੂੰ ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਅਤੇ ਗੁਰੂ ਤੇਗ ਬਹਾਦਰ ਹੋਰਾਂ ਦੀਆਂ ਸ਼ਹਾਦਤਾਂ ਵੱਲੋਂ ਹੋਰ ਗੂੜ੍ਹਾ ਕੀਤਾ ਗਿਆ ਸੀ ਅਤੇ ਛੇਵੇਂ ਗੁਰੂ ਹਰਗੋਬਿੰਦ ਰਾਏ ਵੱਲੋਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਦਿਆਂ, ਲਕੀਰ ਦੇ ਇੱਕ ਪਾਸੇ ਖੜ੍ਹਦਿਆਂ ਇਸ ਜ਼ਾਲਮ ਲਾਣੇ ਖਿਲਾਫ ਜ਼ਿੰਦਗੀ-ਮੌਤ ਦੀ ਜੰਗ ਦਾ ਆਗਾਜ਼ ਕਰ ਦਿੱਤਾ ਗਿਆ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ''ਬਚਿੱਤਰ ਨਾਟਕ'' ਵਿੱਚ ਆਪਣੇ ਇਸ ਇਤਿਹਾਸਕ ਮਿਸ਼ਨ ਦੀ ਵਿਆਖਿਆ ਕੀਤੀ ਗਈ। ਉਹਨਾਂ ਵੱਲੋਂ ਲਲਕਾਰ ਕੇ ਕਿਹਾ ਗਿਆ ਕਿ ''ਬਲ ਹੂਆ ਬੰਧਨ ਛੂਟੇ'' ਜਾਣੀ ਹਥਿਆਰਬੰਦ ਤਾਕਤ ਨਾਲ ਹੀ ਗੁਲਾਮੀ ਅਤੇ ਜਬਰ-ਜ਼ੁਲਮ ਦੀਆਂ ਬੇੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹਨਾਂ ਲਫਜ਼ਾਂ ਵਿਚਲੇ ਸੱਚ ਨੂੰ ਔਰੰਗਜ਼ੇਬ ਨੂੰ ਲਿਖੇ ਖ਼ਤ ''ਜ਼ਫਰਨਾਮਾ'' ਵਿੱਚ ਕਿਹਾ ਗਿਆ ਹੈ, ''ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ-ਬ-ਸ਼ਮਸ਼ੀਰ ਦਸਤ।'' ਯਾਨੀ ਜਦੋਂ ਸਾਰੇ ਹੀਲੇ-ਵਸੀਲੇ ਮੁੱਕ ਜਾਣ, ਤਾਂ ਹੱਥਾਂ ਵਿੱਚ ਤਲਵਾਰ ਉਠਾਉਣਾ ਜਾਇਜ਼ ਹੈ।
ਗੁਰੂ ਗੋਬਿੰਦ ਰਾਇ ਵੱਲੋਂ ਧੂਹੀ ਤਲਵਾਰ ਦੀ ਲਿਸ਼ਕੋਰ ਮਜ਼ਲੂਮਾਂ ਦੇ ਮਨਾਂ ਵਿੱਚ ਆਸ ਦੀ ਕਿਰਨ ਬਣ ਚਮਕੀ ਅਤੇ ਜ਼ਾਲਮਾਂ ਖਿਲਾਫ ਹੱਥਾਂ  ਵਿੱਚ ਹਥਿਆਰ ਲੈ ਕੇ ਉੱਠਣ ਦੀ ਲਲਕਾਰ ਜਾਬਰਾਂ ਦੀ ਦਹਿਸ਼ਤ ਦੇ ਸੰਨਾਟੇ ਨੂੰ ਚੀਰਦਿਆਂ, ਚਾਰੇ ਪਾਸੇ ਗੂੰਜ ਉੱਠੀ। ਬੱਸ ਫਿਰ ਕੀ ਸੀ, ਲੋਕਾਂ ਵੱਲੋਂ ਗੁਰੂ ਜੀ ਨੂੰ ਘੋੜਿਆਂ, ਤਲਵਾਰਾਂ, ਹਥਿਆਰਾਂ ਅਤੇ ਆਪਣੇ ਆਪ ਨੂੰ ਲੜਾਕਿਆਂ ਵਜੋਂ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲੜਾਕੂ ਦਸਤਿਆਂ ਨੂੰ ਸਿੱਖਿਆ-ਸਿਖਲਾਈ ਦਾ ਅਮਲ ਜ਼ੋਰ ਫੜਨ ਲੱਗਿਆ। ਆਪਣੀ ਲੋਕ ਫੌਜ ਦੀ ਮੋਹਰੀ ਟੁਕੜੀ ਵਜੋਂ ਗੁਰੂ ਜੀ ਵੱਲੋਂ 500 ਪਠਾਣਾਂ ਨੂੰ ਵੀ ਭਰਤੀ ਕੀਤਾ ਗਿਆ। ਮੁਸਲਿਮ ਪਠਾਣਾਂ ਦੀ ਐਨ ਸ਼ੁਰੂ ਵਿੱਚ ਹੋਈ ਭਰਤੀ ਦਰਸਾਉਂਦੀ ਹੈ ਕਿ ਗੁਰੂ ਸਾਹਿਬ ਇਸ ਗੱਲ ਤੋਂ ਚੌਕਸ ਸਨ, ਕਿ ਦਿੱਲੀ ਦੇ ਸਮਰਾਟ ਨਵਾਬਾਂ ਅਤੇ ਜਾਗੀਰਸ਼ਾਹੀ ਖਿਲਾਫ ਲੜਾਈ ਦਾ ਇਹ ਪ੍ਰਭਾਵ ਨਹੀਂ ਬਣਨਾ ਚਾਹੀਦਾ ਕਿ ਇਹ ਲੜਾਈ ਕਿਸੇ ਖਾਸ ਧਰਮ ਜਾਣੀ ਸਿਰਫ ਮੁਸਲਮਾਨ ਰਾਜਿਆਂ ਅਤੇ ਜਾਗੀਰਸ਼ਾਹੀ ਖਿਲਾਫ ਹੈ। ਕਿਉਂਕਿ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੀ ਇਹ ਲੜਾਈ ਜਾਬਰਾਂ ਅਤੇ ਮਜ਼ਲੂਮਾਂ ਅਤੇ ਲੁੱਟੇ-ਪੁੱਟੇ ਜਾਣ ਵਾਲਿਆਂ ਦਰਮਿਆਨ ਸੀ। ਲਕੀਰ ਦੇ ਇੱਕ ਪਾਸੇ ਜਾਬਰ ਮੁਸਲਿਮ ਤੇ ਹਿੰਦੂ ਰਾਜੇ, ਨਵਾਬ, ਜਾਗੀਰਦਾਰ ਅਤੇ ਅਹਿਲਾਕਰ ਸਨ। ਲਕੀਰ ਦੇ ਦੂਜੇ ਪਾਸੇ ਸਭਨਾਂ ਧਰਮਾਂ ਦੇ ਕਿਰਤੀ-ਕਿਸਾਨ, ਦਸਤਕਾਰ ਅਤੇ ਕਮਾਊ ਲੋਕ ਸਨ।
ਜਿਉਂ ਹੀ ਪਾਉਂਟਾ ਸਾਹਿਬ ਦੇ ਜੰਗਲਾਂ ਵਿੱਚ ਇਤਿਹਾਸਕ ਜੰਗ ਵਾਸਤੇ ਕਮਰਕੱਸੇ ਕਰ ਰਹੀਆਂ ਫੌਜਾਂ ਦੀਆਂ ਤਲਵਾਰਾਂ ਦੀ ਟੁਣਕਾਰ ਅਤੇ ਜੰਗੀ ਜੈਕਾਰਿਆਂ ਦੀ ਗੂੰਜ ਬਾਈਧਾਰ ਦੇ ਪਹਾੜੀ ਹਿੰਦੂ ਰਾਜਿਆਂ ਦੇ ਕੰਨੀ ਪਈ ਤਾਂ ਉਹ ਗੁਰੂ ਜੀ ਦੀ ਅਗਵਾਈ ਹੇਠ ਕਰਵੱਟ ਲੈ ਰਹੇ ਇਸ ਝੱਖੜ ਦੀ ਕਲਪਨਾ ਕਰਦਿਆਂ ਕੰਬ ਉੱਠੇ। ਬਿਲਾਸਪੁਰ ਦੇ ਰਾਜੇ ਭੀਮ ਚੰਦ ਵੱਲੋਂ ਦੂਸਰੇ ਰਾਜਪੂਤ  ਰਾਜਿਆਂ ਨੂੰ ਗੁਰੂ ਜੀ ਦੀ ਅਗਵਾਈ ਹੇਠ ਜ਼ੋਰ ਫੜ ਰਹੀ ਮਜ਼ਲੂਮਾਂ ਦੀ ਤਾਕਤ ਨੂੰ ਮਲੀਆਮੇਟ ਕਰਨ ਲਈ ਇਕੱਠਾ ਕਰ ਲਿਆ ਗਿਆ ਅਤੇ ਨਾਲ ਹੀ ਗੁਰੂ ਜੀ ਦੇ ਫੌਜ ਦੀ ਮੋਹਰੀ ਟੁਕੜੀ ਬਣਦੇ 500 ਪਠਾਣਾਂ ਨੂੰ ਭਾਰੀ ਰਿਸ਼ਵਤ ਰਾਹੀਂ ਕਾਣਾ ਕਰਦਿਆਂ, ਆਪਣੇ ਨਾਲ ਰਲਾ ਲਿਆ। ਉਹਨਾਂ ਗੁਰੂ ਜੀ ਖਿਲਾਫ ਜੰਗੀ ਚੜ੍ਹਾਈ ਕਰ ਦਿੱਤੀ। ਪਾਉਂਟਾ ਸਾਹਿਬ ਤੋਂ ਛੇ ਕਿਲੋਮੀਟਰ ਦੂਰ 1686 ਵਿੱਚ ਭੰਗਾਣੀ ਦੇ ਸਥਾਨ ਉੱਤੇ ਗੁਰੂ ਸਾਹਿਬ ਦੀ ਅਗਵਾਈ ਹੇਠ ਨਿਤਾਣਿਆਂ ਅਤੇ ਨਿਹੱਥਿਆਂ ਦੀ ਜਥੇਬੰਦ ਹੋਈ ਫੌਜ ਦਾ ਪਹਾੜੀ ਹਿੰਦੂ ਰਾਜਿਆਂ ਦੀ ਢਾਣੀ ਦੀਆਂ ਫੌਜਾਂ ਨਾਲ ਪਹਿਲਾ ਟਾਕਰਾ ਹੋਇਆ। ਹਿੰਦੂ ਰਾਜਿਆਂ ਦੀ ਢਾਣੀ ਦੀ ਫੌਜੀ ਤਾਕਤ ਦੇ ਗਿਣਤੀ ਪੱਖੋਂ ਕਿਤੇ ਵੱਡੀ ਹੋਣ ਅਤੇ ਗੁਰੂ ਜੀ ਦੀ ਫੌਜ ਦੀ ਪਠਾਣ ਟੁਕੜੀ ਵੱਲੋਂ ਧੋਖਾ ਦੇ ਜਾਣ ਦੇ ਬਾਵਜੂਦ, ਸੀਸ ਤਲੀ 'ਤੇ ਧਰ ਕੇ ਮੈਦਾਨ ਵਿੱਚ ਉੱਤਰੀ ਮਜ਼ਲੂਮਾਂ ਦੀ ਫੌਜ ਮੂਹਰੇ ਉਹ ਖੜ੍ਹ ਨਾ ਸਕੀ।
ਇਸ ਤੋਂ ਬਾਅਦ ਗੁਰੂ ਜੀ ਵੱਲੋਂ ਆਨੰਦਪੁਰ ਸਾਹਿਬ ਆ ਕੇ ਡੇਰਾ ਜਮਾ ਲਿਆ ਗਿਆ ਅਤੇ ਜਬਰੋ-ਜ਼ੁਲਮ ਖਿਲਾਫ ਸ਼ੁਰੂ ਕੀਤੀ ਲੜਾਈ ਨੂੰ ਹੋਰ ਵੀ ਪ੍ਰਚੰਡ ਕਰਨ ਦਾ ਵਿੱਢ ਵਿੱਢ ਦਿੱਤਾ ਗਿਆ। ਇਸੇ ਸਮੇਂ ਦੌਰਾਨ ਰਾਜਾ ਭੀਮ ਚੰਦ ਵੀ ਗੁਰੂ ਜੀ ਪ੍ਰਤੀ ਆਪਣਾ ਰਵੱਈਆ ਬਦਲਣ ਲਈ ਮਜਬੂਰ ਹੋ ਗਿਆ ਸੀ। ਕਿਉਂਕਿ ਉਸ ਨੂੰ ਮਾਲੀਆ ਉਗਰਾਹੁਣ ਆ ਰਹੇ ਮੁਗਲ ਗਵਰਨਰ ਦਾ ਸਾਹਮਣਾ ਕਰਨ ਦਾ ਭੈਅ ਵੱਢ ਵੱਢ ਖਾ ਰਿਹਾ ਸੀ। ਉਸ ਵੱਲੋਂ ਗੁਰੂ ਜੀ ਨੂੰ ਪਹਾੜੀ ਰਾਜਪੂਤ ਰਾਜਿਆਂ ਨੂੰ ਇੱਕਮੁੱਠ ਕਰਨ ਅਤੇ ਮੁਗਲ ਗਵਰਨਰ ਦਾ ਟਾਕਰਾ ਕਰਨ ਦੀ ਬੇਨਤੀ ਕੀਤੀ ਗਈ। ਮੁਗਲ ਗਵਰਨਰ ਨਾਲ ਗੁਰੂ ਜੀ ਦੀ ਅਗਵਾਈ ਹੇਠਲੀਆਂ ਫੌਜਾਂ ਦਾ ਟਾਕਰਾ ਨਦੌਣ ਵਿਖੇ ਹੋਇਆ, ਜਿੱਥੇ ਉਹਨਾਂ ਵੱਲੋਂ ਮੁਢਲੀ ਫਤਿਹ ਹਾਸਲ ਕੀਤੀ ਗਈ। ਜਿੱਤ ਦੇ ਬਾਵਜੂਦ ਰਾਜਪੂਤ ਰਾਜਿਆਂ ਵੱਲੋਂ ਮੁਗਲ ਗਵਰਨਰ ਨਾਲ ਸੁਲਾਹ-ਸਫਾਈ ਦਾ ਰਾਹ ਅਖਤਿਆਰ ਕੀਤਾ ਗਿਆ। ਗੁਰੂ ਜੀ ਵੱਲੋਂ ਸੁਲਾਹ-ਸਫਾਈ ਦੇ ਇਸ ਗੋਡੇਟੇਕੂ ਅਮਲ ਵਿੱਚ ਭਾਗੀਦਾਰ ਬਣਨ ਤੋਂ ਇਨਕਾਰ ਕਰ ਦਿੱਤਾ ਗਿਆ। ਪਹਾੜੀ ਹਿੰਦੂ ਰਾਜਿਆਂ ਵੱਲੋਂ ਗਵਰਨਰ ਮੂਹਰੇ ਗਿੜਗਿੜਾਉਣ ਦੇ ਬਾਵਜੂਦ ਵੀ ਮੁਗਲ ਸਮਰਾਟ ਵੱਲੋਂ ਇਹਨਾਂ ਰਾਜਿਆਂ ਵੱਲੋਂ ਦਿਖਾਈ ਨਾਬਰੀ ਨੂੰ ਮੁਆਫ ਕਰਦੇ ਇਸ ਸਮਝੌਤੇ ਨੂੰ ਨਾ-ਮਨਜੂਰ ਕਰਦਿਆਂ, ਆਪਣੇ ਪੁੱਤਰ ਮੋਅਜਮ (ਬਹਾਦਰ ਸ਼ਾਹ) ਦੀ ਅਗਵਾਈ ਹੇਠ ਫੌਜ ਭੇਜ ਕੇ ਇਹਨਾਂ ਰਾਜਿਆਂ ਨੂੰ ਅਧੀਨਗੀ ਦੀ ਛਟੀ ਹੇਠ ਲੈ ਆਂਦਾ ਗਿਆ।
ਇਸ ਤੋਂ ਬਾਅਦ ਗੁਰੂ ਜੀ ਵੱਲੋਂ ਬਾਰਾਂ ਸਾਲ ਆਨੰਦਪੁਰ ਵਿਖੇ ਕਿਆਮ ਕੀਤਾ ਗਿਆ। ਉਹਨਾਂ ਵੱਲੋਂ ਆਨੰਦਪੁਰ ਸਾਹਿਬ ਦੀ ਕਿਲੇਬੰਦੀ ਕੀਤੀ ਗਈ। ਉਹਨਾਂ ਵੱਲੋਂ ਸਤਲੁਜ ਅਤੇ ਯਮਨਾ ਵਿਚਕਾਰ ਪਹਾੜੀਆਂ ਦੇ ਨਾਲੋ ਨਾਲ ਚਾਰ ਕਿਲੇ ਆਨੰਦਗੜ੍ਹ, ਕੇਸ਼ਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਬਣਾਏ ਗਏ। ਇਹਨਾਂ ਵਰ੍ਹਿਆਂ ਦੌਰਾਨ ਉਹਨਾਂ ਵੱਲੋਂ ਜਿੱਥੇ ਦੱਬੇ-ਕੁਚਲੇ ਲੋਕਾਂ ਨੂੰ ਉਭਾਰਨ, ਜਥੇਬੰਦ ਕਰਨ ਅਤੇ ਫੌਜੀ ਤਿਆਰੀਆਂ ਦਾ ਜ਼ੋਰਦਾਰ ਅਮਲ ਚਲਾਇਆ ਗਿਆ, ਉੱਥੇ ਸਾਹਿਤ-ਸਭਿਆਚਾਰਕ ਖੇਤਰ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ। ਉਹਨਾਂ ਵੱਲੋਂ ਆਪਣੇ ਕੋਲ 50 ਨਾਮੀ ਕਵੀਆਂ ਅਤੇ ਸਾਹਿਤਕਾਰਾਂ ਨੂੰ ਰੱਖਿਆ ਗਿਆ। ਚਾਰ ਵਿਦਵਾਨਾਂ ਨੂੰ ਹਿੰਦੂ ਮਿਥਿਹਾਸ ਅਤੇ ਸੰਸਕ੍ਰਿਤ ਦਾ ਅਧਿਐਨ ਕਰਨ ਲਈ ਬਨਾਰਸ ਭੇਜਿਆ ਗਿਆ ਅਤੇ ਦਰਬਾਰ ਵਿੱਚ ਰੋਜ਼ਾਨਾ ਸ਼ਾਮ ਨੂੰ ਦਿਵਾਨ ਸਜਾਉਣ ਦਾ ਅਮਲ ਸ਼ੁਰੂ ਕੀਤਾ ਗਿਆ, ਜਿੱਥੇ ਕਵੀਆਂ ਵੱਲੋਂ ਇਤਿਹਾਸਕ ਨਾਇਕਾਂ ਦੀ ਸੂਰਮਗਤੀ ਦੀ ਉਸਤਤੀ ਕਰਦੀਆਂ ਕਵਿਤਾਵਾਂ ਬੋਲੀਆਂ ਜਾਂਦੀਆਂ ਸਨ ਅਤੇ ਗਾਮੰਤਰੀਆਂ ਵੱਲੋਂ ਜੋਸ਼ ਭਰਪੂਰ ਵਾਰਾਂ ਗਾਈਆਂ ਜਾਂਦੀਆਂ ਸਨ।
ਇਸੇ ਅਰਸੇ ਦੌਰਾਨ ਗੁਰੂ ਸਾਹਿਬ ਵੱਲੋਂ ਇਤਿਹਾਸਕ ਅਹਿਮੀਅਤ ਰੱਖਦੇ ਦੋ ਵੱਡੇ ਕਦਮ ਲਏ ਗਏ। ਇੱਕ— ਉਹਨਾਂ ਵੱਲੋਂ ਸਿੱਖ ਧਰਮ ਨੂੰ ਪਰਜੀਵੀ ਬਣ ਕੇ ਚੁੰਬੜੇ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਚੱਲ ਰਹੇ ਮਸੰਦਾਂ ਦੀ ਸੰਸਥਾ ਦਾ ਫਸਤਾ ਵੱਢ ਦਿੱਤਾ ਗਿਆ। ਇਹ ਮਸੰਦ ਇੱਕ ਤਰ੍ਹਾਂ ਨਾਲ ਡੇਰਾਵਾਦ ਦਾ ਰੂਪ ਸਨ। ਉਹ ਸੰਗਤਾਂ ਤੋਂ ਭੇਟਾ ਉਗਰਾਹੁੰਦੇ ਸਨ। ਪਰ ਇਹ ਭੇਟਾ ਉੱਪਰ ਗੁਰੂ ਸਾਹਿਬ ਤੱਕ ਪੁਚਾਉਣ ਅਤੇ ਜਨਤਾ ਦੇ ਭਲੇ ਲਈ ਖਰਚਣ ਦੀ ਬਜਾਇ, ਆਪਣੀ ਜਾਇਦਾਦ ਬਣਾਉਣ-ਵਧਾਉਣ ਲਈ ਵਰਤਦੇ ਸਨ। ਇਹਨਾਂ ਵਿੱਚੋਂ ਬਹੁਤ ਸਾਰੇ ਸੂਦਖੋਰੀ ਧੰਦੇ ਵਿੱਚ ਗਲਤਾਨ ਸਨ। ਉਹਨਾਂ ਵੱਲੋਂ ਆਪੋ-ਆਪਣੇ ਵਾਰਸ ਐਲਾਨੇ ਜਾਂਦੇ ਸਨ। ਇਉਂ, ਇਹ ਸੰਸਥਾ ਪਰਜੀਵੀ ਗੁਰੂਡਮ ਦੀ ਸ਼ਕਲ ਵਿੱਚ ਸਿੱਖ ਧਰਮ ਵਿੱਚ ਨਿਘਾਰ ਦਾ ਵੱਡਾ ਕਾਰਨ ਬਣ ਹੋਈ ਸੀ। ਗੁਰੂ ਸਾਹਿਬ ਵੱਲੋਂ ਇਸ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਦੀ ਨਿਹਫਲਤਾ ਨੂੰ ਅਗਾਊ ਬੁੱਝਦਿਆਂ, ਮਸੰਦ ਸੰਸਥਾ ਦਾ ਉੱਕਾ ਹੀ ਭੋਗ ਪਾ ਦਿੱਤਾ ਗਿਆ। ਦੂਜਾ- ਉਹਨਾਂ ਵੱਲੋਂ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਤੋਂ ਚਲੀ ਆਉਂਦੀ ਗੁਰੂ ਸੰਸਥਾ ਦੇ ਦੇਹਧਾਰੀ ਰੂਪ ਨੂੰ ਸਮਾਪਤ ਕਰਨ ਦੀ ਦਿਸ਼ਾ ਵਿੱਚ ਕਦਮ ਲਏ ਗਏ, ਜਿਸ ਕਰਕੇ, ਅੱਗੇ ਜਾ ਕੇ ਗੁਰੂ ਸੰਸਥਾ ਦੇਹਧਾਰੀ ਰੂਪ ਨੂੰ ਸ਼ਬਦ-ਗੁਰੂ ਦਾ ਰੂਪ ਦੇ ਦਿੱਤਾ ਗਿਆ, ਯਾਨੀ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦਾ ਗੁਰੂ ਥਾਪ ਦਿੱਤਾ ਗਿਆ। ਇਉਂ, ਉਹਨਾਂ ਵੱਲੋਂ ਸਿੱਖ ਗੁਰੂਆਂ ਦੇ ਜੀਵਨ-ਫਲਸਫੇ ਅਤੇ ਵਿਚਾਰਾਂ ਨੂੰ ਸਿੱਖ ਧਰਮ ਅੰਦਰ ਚੁਣੌਤੀ ਰਹਿਤ ਸੰਸਥਾਈ ਰੂਪ ਦੇ ਦਿੱਤਾ ਗਿਆ। ਕੁੱਝ ਇਤਿਹਾਸਕ ਹਲਕਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਵੱਲੋਂ ਇਉਂ ਕਰਨ ਦਾ ਇੱਕ ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਉਹ ਗੁਰੂ ਦੇ ''ਜੋਤੀ ਜੋਤ ਸਮਾਉਣ'' ਤੋਂ ਗੁਰਗੱਦੀ 'ਤੇ ਦਾਅਵੇਦਾਰੀ ਸਬੰਧੀ ਪਿਛਲੇ ਅਰਸੇ ਵਿੱਚ ਖੜ੍ਹੇ ਹੋਏ ਵਿਵਾਦਾਂ ਜਿਹੀ ਹਾਲਤ ਦਾ ਆਧਾਰ ਸਦਾ ਲਈ ਖਤਮ ਕਰਨਾ ਚਾਹੁੰਦੇ ਸਨ। ਇਹ ਗੱਲ ਠੀਕ ਹੈ ਜਾਂ ਨਹੀਂ- ਇਸ ਨੂੰ ਲਾਂਭੇ ਛੱਡਦਿਆਂ, ਇੱਕ ਗੱਲ ਇਹ ਕਹੀ ਜਾ ਸਕਦੀ ਹੈ ਕਿ ਗੁਰੂ ਸਾਹਿਬ ਵੱਲੋਂ ਵਿਅਕਤੀ ਨਾਲੋਂ ਵਿਚਾਰਾਂ ਅਤੇ ਗੁਰੂ ਨਾਲੋਂ ਗੁਰੂ ਦੇ ਵਿਚਾਰਾਂ ਦੀ ਉਤਮਤਾ ਸਥਾਪਤ ਕਰਨ ਲਈ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ ਗੱਦੀ 'ਤੇ ਸੁਸ਼ੋਭਤ ਕਰਨ ਬਾਰੇ ਕੀਤਾ ਗਿਆ।
ਧਾਰਮਿਕ-ਵਿਚਾਰਧਾਰਕ ਖੇਤਰ ਵਿੱਚ ਇਹ ਇਤਿਹਾਸਕ ਕਦਮ ਲੈਣ ਦੇ ਨਾਲੋ ਨਾਲ ਦਸਮ ਗੁਰੂ ਵੱਲੋਂ ਸਿਆਸੀ-ਫੌਜੀ ਖੇਤਰ 'ਤੇ ਧਿਆਨ ਕੇਂਦਰ ਕਰਦਿਆਂ, ਲੋਕਾਂ ਨੂੰ ਵਿਚਾਰਧਾਰਕ ਅਤੇ ਮਾਨਸਿਕ ਤੌਰ 'ਤੇ ਲੜਨ-ਮਰਨ ਲਈ ਤਿਆਰ ਕਰਨ ਵੱਲ ਰੁਖ ਕੀਤਾ ਗਿਆ। ਉਹਨਾਂ ਵੱਲੋਂ ਮਜ਼ਲੂਮਾਂ ਨੂੰ ਮੌਤ ਦੇ ਭੈਅ ਤੋਂ ਮੁਕਤ ਅਤੇ ਕਿਸੇ ਵੀ ਦੁਨਿਆਵੀ ਲਾਲਚ ਤੋਂ ਮੁਕਤ ਇਨਸਾਨ ਵਿੱਚ ਤਬਦੀਲ ਕਰਨ ਲਈ ਖਾਲਸਾ ਪੰਥ ਸਿਰਜਣ ਬਾਰੇ ਸੋਚਿਆ ਗਿਆ। ਇਸ ਮਕਸਦ ਲਈ ਉਹਨਾਂ ਵੱਲੋਂ 1699 ਦੀ ਵਿਸਾਖੀ ਮੌਕੇ ਆਨੰਦਪੁਰ ਦੀ ਧਰਤੀ 'ਤੇ ਸੰਗਤਾਂ ਦਾ ਵਿਸ਼ਾਲ ਇਕੱਠ ਕਰਨ ਲਈ ਦੂਰ ਦੂਰ ਤੱਕ ਸੁਨੇਹੇ ਭੇਜੇ ਗਏ ਅਤੇ ਇੱਕ ''ਹੁਕਮਨਾਮਾ'' ਵੀ ਜਾਰੀ ਕੀਤਾ ਗਿਆ। ਇਸ ਦਿਨ ਹੋਏ ਵਿਸ਼ਾਲ ਇਕੱਠ ਸਾਹਮਣੇ ਆਉਂਦਿਆਂ, ਸਮੇਂ ਦੇ ਹਾਕਮਾਂ ਦੇ ਜਬਰ-ਜ਼ੁਲਮ ਵਿਰੁੱਧ ਲੜਨ, ਹੱਕ-ਸੱਚ ਦੀ ਰਾਖੀ ਕਰਨ, ਗੁਲਾਮਾਂ ਵਰਗੀ ਰੀਂਗਦੀ ਜ਼ਿੰਦਗੀ ਨੂੰ ਲੱਤ ਮਾਰਨ ਅਤੇ ਸਿਰ ਉੱਠਾ ਕੇ ਗੈਰਤਮੰਦ ਜ਼ਿੰਦਗੀ ਜਿਉਣ ਲਈ ਮੌਤ ਤੋਂ ਭੈਅ ਮੁਕਤ ਅਤੇ ਸਭ ਕਿਸਮ ਦੇ ਦੁਨਿਆਵੀ ਲਾਲਚਾਂ ਤੋਂ ਮੁਕਤ ਸਿੰਘ (ਸ਼ੇਰ) ਸਜਣ ਲਈ ਲਲਕਾਰਿਆ ਗਿਆ। ਉਹਨਾਂ ਵੱਲੋਂ ਮਿਆਨ ਵਿੱਚੋਂ ਤਲਵਾਰ ਨੂੰ ਬਾਹਰ ਕੱਢਦਿਆਂ, ਅਜਿਹੇ ਪੰਜ ਵਿਅਕਤੀਆਂ ਨੂੰ ਅੱਗੇ ਆਉਣ ਲਈ ਕਿਹਾ ਗਿਆ, ਜਿਹੜੇ ਜੀਣ ਦੀ ਆਸ ਛੱਡ ਕੇ ''ਪਹਿਲਾਂ ਮਰਣ ਕਬੂਲ'' ਕਰਦੇ ਹਨ, ਜਿਹੜੇ ''ਸੀਸ ਤਲੀ ਧਰ'' ਹੱਕ ਸੱਚ ਦੇ ਮਾਰਗ 'ਤੇ ਕਦਮ ਰੱਖਣ ਲਈ ਤਿਆਰ ਹਨ ਅਤੇ ਜਿਹੜੇ ਸਿਰ ਦੇਣ ਲਈ ਤਤਪਰ ਹਨ। ਕੁੱਝ ਵਿਅਕਤੀਆਂ ਵੱਲੋਂ ਵੇਦਾਂ ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਗੁਰੂ ਸਾਹਿਬ ਵੱਲੋਂ ਜੋ ਰਾਹ ਅਪਣਾਇਆ ਜਾ ਰਿਹਾ ਹੈ, ਇਹ ਠੀਕ ਨਹੀਂ ਅਤੇ ਉਹਨਾਂ ਨੂੰ ਮਨਜੂਰ ਨਹੀਂ। ਪਰ ਗੁਲਾਮਾਨਾ ਜ਼ਹਿਨੀਅਤ ਅਤੇ ਪਿਛਾਂਹਖਿੱਚੂ ਰੂੜੀਵਾਦੀ ਵਿਚਾਰਾਂ ਨਾਲ ਗਰਸੇ ਇੱਕ ਛੋਟੇ ਹਿੱਸੇ ਨੂੰ ਛੱਡਦਿਆਂ, ਸੰਗਤਾਂ ਵੱਲੋਂ ਗੁਰੂ ਜੀ ਦੀ ਵੰਗਾਰਵੀਂ ਲਲਕਾਰ ਨੂੰ ਗਰਜਵਾਂ ਹੁੰਗਾਰਾ ਦਿੱਤਾ ਗਿਆ। ਇਕੱਠ ਵਿੱਚੋਂ ਇੱਕ ਇੱਕ ਕਰਕੇ ਪੰਜ ਕਿਰਤੀ-ਕਾਮੇ ਉੱਠੇ ਜਿਹੜੇ ਪੰਜ ਵੱਖੋ ਵੱਖ ਜਾਤਾਂ ਨਾਲ ਸਬੰਧ ਰੱਖਦੇ ਸਨ। ਜਿਹਨਾਂ ਨੂੰ ਗੁਰੂ ਸਾਹਿਬ ਵੱਲੋਂ ਖੰਡੇ ਦੀ ਪਾਹੁਲ ਨਾਲ ਤਿਆਰ ਕੀਤਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਇਹਨਾਂ ਪੰਜ ਵਿਅਕਤੀਆਂ ਨੂੰ ਖਾਲਸਾ ਪੰਥ ਦੇ ਪੰਜ ਪਿਆਰਿਆਂ ਦਾ ਨਾਂ ਦਿੱਤਾ ਗਿਆ। ਫਿਰ ਪੰਜਾਂ ਪਿਆਰਿਆਂ ਹੱਥੋਂ ਗੁਰੂ ਜੀ ਵੱਲੋਂ ਅੰਮ੍ਰਿਤ ਛਕਿਆ ਗਿਆ ਅਤੇ ਖੁਦ ਨੂੰ ਸਿੰਘ ਸਜਾਇਆ ਗਿਆ। ਇਸ ਤੋਂ ਬਾਅਦ ਗੁਰੂ ਗੋਬਿੰਦ ਰਾਇ ਗੁਰੂ ਗੋਬਿੰਦ ਸਿੰਘ ਬਣ ਗਏ। ਇੱਕ ਇਤਿਹਾਸਕਾਰ ਮੁਤਾਬਕ ਇੱਥੇ ਤਕਰੀਬਨ 20000 ਵਿਅਕਤੀਆਂ ਵੱਲੋਂ ਅੰਮ੍ਰਿਤ ਛਕ ਕੇ ਸਿੰਘ ਸਜਿਆ ਗਿਆ। ਇਉਂ, ਗੁਰੂ ਸਾਹਿਬ ਵੱਲੋਂ ਸਭ ਕਿਸਮ ਦੇ ਜਾਤਪਾਤੀ ਅਤੇ ਸਮਾਜਿਕ ਵਖਰੇਵਿਆਂ 'ਤੇ ਕਾਟਾਂ ਫੇਰਦਿਆਂ, ''ਸਰਬੱਤ ਦੇ ਭਲੇ'' ਅਤੇ ਹੱਕ-ਸੱਚ ਲਈ ਲੜਨ-ਮਰਨ ਲਈ ਤਤਪਰ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ। ਹਿੰਦੂ ਨਾਵਾਂ ਨੂੰ ਤਬਦੀਲ ਕਰਦਿਆਂ,  ਸਭਨਾਂ ਸਿੱਖਾਂ ਨੂੰ ਇੱਕ ਸਾਂਝਾ ਪਰਿਵਾਰਕ ਨਾਂ ''ਸਿੰਘ'' ਦਿੱਤਾ ਗਿਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਭਨਾਂ ਸਿੱਖਾਂ ਦੇ ਪਿਤਾ, ਸਾਹਿਬ ਕੌਰ ਮਾਤਾ ਅਤੇ ਆਨੰਦਪੁਰ ਸਾਹਿਬ ਖਾਲਸਾ ਪੰਥ ਦੀ ਜਨਮ ਭੂਮੀ ਬਣ ਗਏ।
ਇਉਂ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕਰਕੇ ਜਿੱਥੇ ਸਿੱਖਾਂ ਅੰਦਰ ਪੰਜ ਪਿਆਰਿਆਂ ਦੀ ਜਮਹੂਰੀ ਸੰਸਥਾ ਦੀ ਸਥਾਪਨਾ ਕੀਤੀ ਗਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਨੂੰ ਸਿਰ-ਮੱਥੇ ਕਬੂਲ ਕਰਨ ਦੀ ਅਹਿਮੀਅਤ ਨੂੰ ਸਥਾਪਤ ਕੀਤਾ ਗਿਆ, ਉੱਥੇ ''ਖਾਲਸਾ ਮੇਰੋ ਰੂਪ ਹੈ ਖਾਸ'' ਆਖਦਿਆਂ, ਖਾਲਸਾ ਪੰਥ ਦੀ ਸਮੂਹਿਕ ਹਸਤੀ ਦੀ ਸਰਬ-ਉੱਚਤਾ ਨੂੰ ਸਥਾਪਤ ਕੀਤਾ ਗਿਆ।
ਆਨੰਦਪੁਰ ਸਾਹਿਬ ਵਿਖੇ ਖਾਲਸਾ ਸਿਰਜਣਾ ਦੇ ਆਗਾਜ਼ ਤੋਂ ਬਾਅਦ ਉੱਤਰੀ ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਜਨਤਾ ਵੱਲੋਂ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਦਿਆਂ, ਖਾਲਸਾ ਪੰਥ ਵਿੱਚ ਸ਼ੁਮਾਰ ਹੋਇਆ ਗਿਆ। ਇਸ ਤੋਂ ਬਾਅਦ ਆਨੰਦਪੁਰ ਦੀਆਂ ਪਹਾੜੀਆਂ ਜੰਗੀ ਨਗਾਰੇ ਦੀ ਧਮਕ ਅਤੇ ਜੈਕਾਰਿਆਂ ਨਾਲ ਗੂੰਜਣ ਲੱਗ ਪਈਆਂ। ਗੁਰੂ ਗੋਬਿੰਦ ਸਿੰਘ ਵੱਲੋਂ ਰੰਗਾਂ ਦੇ ਤਿਉਹਾਰ ਕਹੇ ਜਾਂਦੇ ਹਿੰਦੂ ਧਰਮ ਦੇ ਤਿਉਹਾਰ ਹੋਲੀ ਨੂੰ ਜੰਗੀ ਤਿਉਹਾਰ ਵਿੱਚ ਬਦਲਦਿਆਂ, ਇਸ ਨੂੰ ਹੋਲੇ ਮਹੱਲੇ ਦਾ ਨਾਂ ਦਿੱਤਾ ਗਿਆ ਅਤੇ ਤਿਉਹਾਰ ਦੇ ਦਿਨਾਂ ਵਿੱਚ ਖੇਡੀ ਜਾਣ ਵਾਲੀ ਰੰਗਾਂ ਦੀ ਖੇਡ ਨੂੰ ਜੰਗੀ ਕਰਤਵਾਂ ਅਤੇ ਰਿਹਰਸਲ ਦੀ ਜੰਗਜੂ ਨੁਮਾਇਸ਼ ਵਿੱਚ ਬਦਲ ਦਿੱਤਾ ਗਿਆ। ਇਉਂ, ਗੁਰੂ ਗੋਬਿੰਦ ਸਿੰਘ ਵੱਲੋਂ ਇੱਕ ਰੁਮਾਂਚਿਕ ਤਿਉਹਾਰ ਦਾ ਜੰਗੀ ਬਦਲ ਸਥਾਪਤ ਕੀਤਾ ਗਿਆ। ਅੱਜ ਤੱਕ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਪੰਜਾਬ ਦੇ ਸਭ ਤੋਂ ਵੱਡੇ ਸਮੂਹਿਕ ਤਿਉਹਾਰ ਵਜੋਂ ਸਥਾਪਤ ਚਲਿਆ ਆ ਰਿਹਾ ਹੈ।
ਆਨੰਦਪੁਰ ਦੀ ਧਰਤੀ ਤੋਂ ਉੱਠ ਰਹੀ ਜੰਗੀ ਨਗਾਰੇ ਦੀ ਗੂੰਜ ਨਾਲ ਪਹਾੜੀ ਹਿੰਦੂ ਰਾਜਿਆਂ, ਵਿਸ਼ੇਸ਼ ਕਰਕੇ ਬਿਲਾਸਪੁਰ ਦੇ ਰਾਜੇ ਦੀ ਰਾਤਾਂ ਦੀ ਨੀਂਦ ਉੱਡ ਗਈ। ਉਹਨਾਂ ਨੂੰ ਇਹ ਫਿਕਰ ਸਤਾਉਣ ਲੱਗ ਪਿਆ ਕਿ ਜੇ ਉਹਨਾਂ ਵੱਲੋਂ ਖਾਲਸਾ ਪੰਥ ਦੇ ਇਸ ਉੱਠ ਰਹੇ ਝੱਖੜ ਨੂੰ ਨੱਪਣ ਲਈ ਕੁੱਝ ਨਾ ਕੀਤਾ ਗਿਆ ਤਾਂ ਮੁਗਲ ਹਕੂਮਤ ਦਾ ਗੁੱਸਾ ਉਹਨਾਂ 'ਤੇ ਨਾਜ਼ਲ ਹੋਵੇਗਾ।
ਬਿਲਾਸਪੁਰ ਦੇ ਰਾਜੇ ਭੀਮ ਚੰਦ ਵੱਲੋਂ ਬਾਕੀ ਰਾਜਿਆਂ ਨਾਲ ਇਹ ਮਤਾ ਪਕਾਇਆ ਗਿਆ ਕਿ ਗੁਰੂ ਸਾਹਿਬ ਨੂੰ ਪਹਾੜੀਆਂ ਤੋਂ ਬਾਹਰ ਕੱਢਿਆ ਜਾਵੇ। ਬਿਲਾਸਪੁਰ ਦੇ ਰਾਜੇ ਵੱਲੋਂ ਪਹਿਲਾਂ ਗੁਰੂ ਸਾਹਿਬ ਕੋਲੋਂ ਆਨੰਦਪੁਰ ਵਿੱਚ ਕਬਜ਼ੇ ਹੇਠ ਕੀਤੀ ਜ਼ਮੀਨ ਦਾ ਠੇਕਾ ਮੰਗਿਆ ਗਿਆ, ਜਦੋਂ ਗੁਰੂ ਸਾਹਿਬ ਵੱਲੋਂ ਇਹ ਕਹਿੰਦਿਆਂ ਠੇਕਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਇਹ ਜ਼ਮੀਨ ਉਹਨਾਂ ਦੇ ਪਿਤਾ ਵੱਲੋਂ ਖਰੀਦੀ ਗਈ ਸੀ, ਤਾਂ ਪਹਾੜੀ ਰਾਜਿਆਂ ਵੱਲੋਂ ਆਨੰਦਪੁਰ ਸਾਹਿਬ ਦੀ ਫੌਜੀ ਘੇਰਾਬੰਦੀ ਕਰਦਿਆਂ, ਖਾਧ-ਖੁਰਾਕ ਦੀ ਸਪਲਾਈ ਨੂੰ ਠੱਪ ਕਰ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਦੇ ਵੱਡੇ ਸਪੁੱਤਰ ਅਜੀਤ ਸਿੰਘ ਦੀ ਅਗਵਾਈ ਵਿੱਚ ਚਾਹੇ ਕਈ ਵਾਰੀ ਇਸ ਘੇਰਾਬੰਦੀ ਨੂੰ ਸੰਨ੍ਹ ਵੀ ਲਾਇਆ ਗਿਆ, ਪਰ ਅਖੀਰ ਗੁਰੂ ਗੋਬਿੰਦ ਸਿੰਘ ਵੱਲੋਂ ਆਨੰਦਪੁਰ ਨੂੰ ਛੱਡ ਕੇ ਕੀਰਤਪੁਰ ਕੋਲ ਨਿਰਮੋਹ ਨਾਂ ਦੇ ਪਿੰਡ ਪਹੁੰਚਿਆ ਗਿਆ। ਬਿਲਾਪੁਰ ਦੇ ਰਾਜੇ ਵੱਲੋਂ ਗੁਰੂ ਜੀ ਦੇ ਕਾਫ਼ਲੇ 'ਤੇ ਘਾਤ ਲਾ ਕੇ ਹਮਲਾ ਕੀਤਾ ਗਿਆ, ਜਿਸ ਨੂੰ ਪਛਾੜ ਦਿੱਤਾ ਗਿਆ। ਫਿਰ ਪਹਾੜੀ ਰਾਜਿਆਂ ਵੱਲੋਂ ਮੁਗਲ ਸਾਮਰਾਜ ਨੂੰ ਮੱਦਦ ਲਈ ਲੇਲ੍ਹਕੜੀਆਂ ਕੱਢਣ 'ਤੇ, ਉਸ ਵੱਲੋਂ ਸਰਹੰਦ ਅਤੇ ਲਾਹੌਰ ਤੋਂ ਫੌਜਾਂ ਭੇਜੀਆਂ ਗਈਆਂ, ਜਿਹਨਾਂ ਵੱਲੋਂ ਨਿਰਮੋਹ ਵਿੱਚ ਗੁਰੂ ਜੀ ਦੇ ਕਾਫਲੇ ਨੂੰ ਘੇਰ ਲਿਆ ਗਿਆ। ਪਰ ਉਹਨਾਂ ਦੀ ਘੇਰਾਬੰਦੀ ਨੂੰ ਤੋੜਦਿਆਂ, ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਆਖਰ ਲੜਾਈ ਦੇ ਮੈਦਾਨ ਵਿੱਚ ਬੁਰੀ ਤਰ੍ਹਾਂ ਪਛਾੜ ਖਾਣ ਤੋਂ ਬਾਅਦ ਬਿਲਾਸਪੁਰ ਦੇ ਰਾਜੇ ਵੱਲੋਂ ਗੁਰੂ ਨਾਲ ਇੱਕ ਵਾਰੀ ਰਾਜ਼ੀਨਾਮਾ ਕਰ ਲਿਆ ਗਿਆ। ਇਸ ਤੋਂ ਬਾਅਦ ਵਿੱਚ ਗੁਰੂ ਸਾਹਿਬ ਆਨੰਦਪੁਰ ਵਾਪਸ ਪਰਤ ਆਏ।
ਇੱਥੇ ਆ ਕੇ ਗੁਰੂ ਜੀ ਵੱਲੋਂ ਪਹਾੜੀ ਰਾਜਿਆਂ ਦੇ ਖੋਟੇ ਮਨਸੂਬਿਆਂ ਨੂੰ ਅਗਾਊਂ ਬੁੱਝਦਿਆਂ, ਆਪਣੀਆਂ ਜੰਗੀ ਤਿਆਰੀਆਂ ਵਿੱਚ ਕੋਈ ਢਿੱਲ ਨਹੀਂ ਆਉਣ ਦਿੱਤੀ ਗਈ। ਉਹਨਾਂ ਵੱਲੋਂ ਖਾਲਸਾ ਲ਼ੜਾਕੂਆਂ ਨੂੰ ਤਿਆਰ-ਬਰ-ਤਿਆਰ ਕੀਤਾ ਗਿਆ ਅਤੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਣਾਇਆ ਗਿਆ। ਪਹਾੜੀ ਹਿੰਦੂ ਰਾਜਿਆਂ ਵੱਲੋਂ ਫਿਰ ਮੁਗਲ ਸਮਰਾਟ ਦੇ ਦਰਬਾਰ ਵਿੱਚ ਪੇਸ਼ ਹੁੰਦਿਆਂ, ਗੁਰੂ ਸਾਹਿਬ ਦੀ ਵਧ ਰਹੀ ਤਾਕਤ ਤੋਂ ਖਬਰਦਾਰ ਕੀਤਾ ਗਿਆ। ਬਾਦਸ਼ਾਹ ਔਰੰਗਜ਼ੇਬ ਵੱਲੋਂ ਖਾਲਸਾ ਤਾਕਤ ਨੂੰ ਨੇਸਤੋ-ਨਾਬੂਦ ਕਰਨ ਲਈ ਸਰਹੰਦ ਅਤੇ ਲਾਹੌਰ ਦੇ ਸੂਬੇਦਾਰਾਂ ਨੂੰ ਪਹਾੜੀ ਰਾਜਿਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਨ ਦਾ ਫੁਰਮਾਨ ਚਾੜ੍ਹ ਦਿੱਤਾ ਗਿਆ। ਪਹਾੜੀ ਰਾਜਿਆਂ ਦੀ ਫੌਜ ਅਤੇ ਮੁਗਲ ਫੌਜ ਵੱਲੋਂ ਮਿਲ ਕੇ ਫਿਰ ਆਨੰਦਪੁਰ ਸਾਹਿਬ ਨੂੰ ਘੇਰ ਲਿਆ ਗਿਆ। ਜਦੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਮੁਗਲ ਫੌਜਾਂ ਬੁਰੀ ਤਰ੍ਹਾਂ ਹੰਭ ਗਈਆਂ ਤਾਂ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਸ਼ਰਤ 'ਤੇ ਸੁਰੱਖਿਅਤ ਲਾਂਘਾ ਦੇਣ ਦੀ ਪੇਸ਼ਕਸ਼ ਕੀਤੀ ਗਈ। ਗੁਰੂ ਗੋਬਿੰਦ ਸਿੰਘ ਵੱਲੋਂ ਆਪਣੇ ਪਰਿਵਾਰ ਅਤੇ ਇੱਕ ਖਾਲਸਾ ਫੌਜ ਦੀ ਟੁਕੜੀ ਨੂੰ ਨਾਲ ਲੈਂਦਿਆਂ, ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਗਿਆ। ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਲੋਂ ਆਪਣੀ ਸਹੁੰ ਨੂੰ ਤੋੜਦਿਆਂ, ਗੁਰੂ ਸਾਹਿਬ ਦੇ ਕਾਫ਼ਲੇ ਦਾ ਪਿੱਛਾ ਕੀਤਾ ਗਿਆ। ਗੁਰੂ ਸਾਹਿਬ ਵੱਲੋਂ ਆਪਣੀ ਮਾਤਾ, ਪਤਨੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਬ੍ਰਾਹਮਣ ਸੇਵਕ ਗੰਗੂ ਰਾਮ ਦੇ ਭਰੋਸੇ 'ਤੇ ਛੱਡ ਦਿੱਤਾ ਗਿਆ ਅਤੇ ਭਾਈ ਉਦੈ ਸਿੰਘ ਦੀ ਅਗਵਾਈ ਹੇਠ ਇੱਕ ਜਥੇ ਨੂੰ ਪਿੱਛਾ ਕਰ ਰਹੀਆਂ ਦੁਸ਼ਮਣ ਫੌਜ ਨੂੰ ਵਕਤੀ ਤੌਰ 'ਤੇ ਠੱਲ੍ਹ ਪਾ ਕੇ ਰੱਖਣ ਲਈ ਛੱਡਦਿਆਂ ਆਪ ਚਾਲੀ ਸਿੰਘਾਂ ਨਾਲ ਚਮਕੌਰ ਪਹੁੰਚ ਗਏ। ਉੱਥੇ ਉਹਨਾਂ ਵੱਲੋਂ ਇੱਕ ਹਵੇਲੀ ਨੂੰ ਕਿਲੇ ਵਿੱਚ ਬਦਲਦਿਆਂ, ਆਖਰੀ ਦਮ ਤੱਕ ਲੜਨ ਦਾ ਤਹੱਈਆ ਕੀਤਾ ਗਿਆ। ਇਸ ਗਹਿਗੱਚ ਲੜਾਈ ਵਿੱਚ ਇੱਕ ਇੱਕ ਕਰਕੇ ਸਿੰਘ ਸ਼ਹੀਦ ਹੁੰਦੇ ਚਲੇ ਗਏ। ਇਸੇ ਲੜਾਈ ਵਿੱਚ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੂਝਾਰ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਸਭ ਕੁੱਝ ਦਾਅ 'ਤੇ ਲੱਗਦਾ ਦੇਖਦਿਆਂ ਪੰਜ ਸਿੰਘਾਂ (ਪਿਆਰਿਆਂ) ਵੱਲੋਂ ਗੁਰੂ ਜੀ ਨੂੰ ਚਮਕੌਰ ਤੋਂ ਬਚ ਕੇ ਨਿਕਲ ਜਾਣ ਦਾ ਹੁਕਮ ਸੁਣਾਇਆ ਗਿਆ। ਗੁਰੂ ਗੋਬਿੰਦ ਸਿੰਘ ਦੀ ਸ਼ਕਲ ਨਾਲ ਮਿਲਦੀ ਜੁਲਦੀ ਸ਼ਕਲ ਵਾਲਾ ਇੱਕ ਸਿੰਘ ਸੰਗਤ ਸਿੰਘ ਉਹਨਾਂ ਦੇ ਕੱਪੜੇ ਪਹਿਨ ਕੇ ਮੈਦਾਨ ਵਿੱਚ ਲੜਨ ਲਈ ਨਿੱਤਰਿਆ ਅਤੇ ਲੜਦਾ ਹੋਇਆ ਸ਼ਹੀਦ ਹੋ ਗਿਆ। ਦੁਸ਼ਮਣ ਫੌਜਾਂ ਗੁਰੂ ਜੀ ਨੂੰ ਮਾਰ ਮੁਕਾਉਣ ਦੇ ਭਰਮ ਵਿੱਚ ਖੁਸ਼ੀ ਮਨਾਉਂਦੀਆਂ ਰਹੀਆਂ, ਪਰ ਉਹ ਖੁਦ ਬਚ ਕੇ ਨਿਕਲ ਗਏ। ਦੋ ਪਠਾਣ- ਗਨੀ ਖਾਂ ਅਤੇ ਨਬੀ ਖਾਂ ਉਹਨਾਂ ਨੂੰ ਪਾਲਕੀ ਵਿੱਚ ਬਿਠਾ ਕੇ ਮਾਛੀਵਾੜੇ ਦੁਸ਼ਮਣ ਦੇ ਘੇਰੇ ਵਿੱਚੋਂ ਇਹ ਕਹਿੰਦਿਆਂ ਬਚਾ ਕੇ ਲੈ ਗਏ ਕਿ ਇਸ ਪਾਲਕੀ ਵਿੱਚ ਉਹਨਾਂ ਦਾ ਪੀਰ ਬੈਠਾ ਹੈ। ਇਉਂ, ਉਹ ਬਚਦੇ ਬਚਾਉਂਦੇ ਜਗਰਾਉਂ ਨੇੜੇ ਪਿੰਡ ਜੱਟਪੁਰਾ ਪਹੁੰਚ ਗਏ। ਇੱਥੇ ਹੀ ਉਹਨਾਂ ਨੂੰ ਸਰਹੰਦ ਦੇ ਨਵਾਬ ਵਜ਼ੀਦ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ 9 ਸਾਲ ਅਤੇ ਫਤਿਹ ਸਿੰਘ 7 ਸਾਲ) ਨੂੰ ੍ਰਸ਼ਹੀਦ ਕੀਤੇ ਜਾਣ ਦੀ ਖਬਰ ਮਿਲੀ।
ਵਜ਼ੀਦ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਦੀ ਘਟਨਾ ਨਾਲ ਲੋਕਾਂ ਵਿੱਚ ਗੁੱਸੇ ਦੀ ਲਹਿਰ ਛਿੜ ਪਈ ਅਤੇ ਹਜ਼ਾਰਾਂ ਸਿੱਖ ਇਸ ਮੌਤ ਦਾ ਬਦਲਾ ਲੈਣ ਲਈ ਲੜਨ ਵਾਸਤੇ ਗੁਰੂ ਗੋਬਿੰਦ ਸਿੰਘ ਪਾਸ ਕੋਟਕਪੂਰਾ ਵਿਖੇ ਆ ਇਕੱਠੇ ਹੋਏ। ਇੱਥੇ ਹੀ ਉਹਨਾਂ ਨੂੰ ਵਜ਼ੀਦ ਖਾਂ ਦੀਆਂ ਫੌਜਾਂ ਵੱਲੋਂ ਕੀਤੀ ਚੜ੍ਹਾਈ ਦੀ ਜਾਣਕਾਰੀ ਮਿਲੀ। ਗੁਰੂ ਜੀ ਵੱਲੋਂ ਦੁਸ਼ਮਣ ਫੌਜਾਂ ਨੂੰ ਟੱਕਰਨ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ। ਅਖੀਰ ਖਿਦਰਾਣੇ ਦੀ ਢਾਬ (ਮੌਜੂਦਾ ਮੁਕਤਸਰ) ਨੇੜੇ ਮੁਗਲ ਫੌਜ ਨਾਲ ਹੋਈ ਗਹਿਗੱਚ ਲੜਾਈ ਵਿੱਚ ਮੁਗਲ ਫੌਜ ਨੂੰ ਖਦੇੜ ਦਿੱਤਾ ਗਿਆ। ਇਸ ਤੋਂ ਬਾਅਦ ਚਾਲੀ ਮੁਕਤਿਆਂ ਦੇ ਨਾਂ 'ਤੇ ਇਸ ਪਿੰਡ ਦਾ ਨਾਂ ਮੁਕਤਸਰ ਪ੍ਰਚੱਲਤ ਹੋਇਆ।
ਗੁਰੂ ਗੋਬਿੰਦ ਸਿੰਘ ਵੱਲੋਂ ਮੁਕਤਸਰ ਦੇ ਇਲਾਕੇ ਵਿੱਚ ਲੱਗਭੱਗ ਇੱਕ ਵਰ੍ਹਾ ਬਿਤਾਇਆ ਗਿਆ। ਉਹਨਾਂ ਦੀ ਠਹਿਰ ਦੌਰਾਨ ਇਸ ਮਾਲਵਾ ਖੇਤਰ ਦੇ ਕਿਸਾਨਾਂ-ਕਿਰਤੀਆਂ ਨਾਲ ਸਬੰਧਤ ਲੱਖਾਂ ਲੋਕਾਂ ਵੱਲੋਂ ਅੰਮ੍ਰਿਤ ਪਾਨ  ਕਰਦਿਆਂ, ਖਾਲਸਾ ਪੰਥ ਦੀਆਂ ਸਫਾਂ ਵਿੱਚ ਸ਼ਾਮਲ ਹੋਇਆ ਗਿਆ। ਇਸ ਤੋਂ ਬਾਅਦ ਹੋਂਦ ਵਿੱਚ ਹੋਣ ਵਾਲੀਆਂ ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਦੇ ਵਡੇਰੇ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਹਿੱਸਾ ਸਨ। ਇਸੇ ਸਮੇਂ ਗੁਰੂ ਸਾਹਿਬ ਵੱਲੋਂ ਤਲਵੰਡੀ ਸਾਬੋ ਨਾਂ ਦੇ ਪਿੰਡ ਵਿੱਚ ਠਹਿਰਾਅ ਕੀਤਾ ਗਿਆ। ਇੱਕ ਜਾਣਕਾਰੀ ਮੁਤਾਬਕ ਇੱਥੇ ਉਹਨਾਂ ਦੀ ਨਿਗਰਾਨੀ ਹੇਠ ਆਪਣੇ ਪੈਰੋਕਾਰ ਭਾਈ ਮਨੀ ਸਿੰਘ ਤੋਂ ਗੁਰੂ ਗਰੰਥ ਸਾਹਿਬ ਦੀ ਅੰਤਿਮ ਬੀੜ ਤਿਆਰ ਕਰਵਾਈ ਗਈ ਅਤੇ ਉਹਨਾਂ ਦੀਆਂ ਆਪਣੀਆਂ ਲਿਖਤਾਂ ਨੂੰ ਇਕੱਠਿਆਂ ਕਰਦਿਆਂ, ਦਸਮ ਗਰੰਥ ਦਾ ਰੂਪ ਦਿੱਤਾ ਗਿਆ। (ਦਸਮ ਗਰੰਥ ਵਿੱਚ ਸ਼ਾਮਲ ਕੁਝ ਲਿਖਤਾਂ ਦੇ ਲੇਖਕ ਖੁਦ ਗੁਰੂ ਗੋਬਿੰਦ ਸਿੰਘ ਹਨ ਜਾਂ ਕੋਈ ਹੋਰ- ਇਹ ਇੱਕ ਵਿਵਾਦਿਤ ਮੁੱਦਾ ਹੈ— ਲੇਖਕ)
ਇਸੇ ਅਰਸੇ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਵਿੱਚ ਲੰਬੀ ਚਿੱਠੀ ਲਿਖੀ ਗਈ, ਜਿਸ ਨੂੰ ''ਜ਼ਫਰਨਾਮਾ'' (ਜਿੱਤ ਦੀ ਚਿੱਠੀ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਵੱਲੋਂ ਇਹ ਸਮਝਦਿਆਂ ਕਿ ਮੁਗਲ ਸਲਤਨਤ ਨਾਲ ਬੇਮੇਚੀ ਜੰਗ ਵਿੱਚ ਖਾਲਸਾ ਫੌਜ ਨੂੰ ਪਈਆਂ ਉਪਰੋਥਲੀ ਪਛਾੜਾਂ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਸੁਲਾਹ-ਸਫਾਈ ਲਈ ਮਜਬੂਰ ਹੋਣਗੇ— ਉਹਨਾਂ ਨੂੰ ਮੁਗਲ ਦਰਬਾਰ ਵਿੱਚ ਪੇਸ਼ ਹੋਣ ਲਈ ਇੱਕ ਸੰਦੇਸ਼ ਭੇਜਿਆ ਸੀ। ''ਜ਼ਫਰਨਾਮਾ'' ਗੋਡੇਟੇਕੂ ਸੁਲਾਹ-ਸਫਾਈ ਦੀ ਇਸ ਪੇਸ਼ਕਸ਼ ਵਿੱਚੋਂ ਝਲਕਦੇ ਬਾਦਸ਼ਾਹੀ ਗਰੂਰ ਨੂੰ ਉਸ ਜੰਗਜੂ ਜਾਹੋ-ਜਲਾਲ ਨਾਲ ਦਗ਼ਦੀ, ਅਡੋਲਚਿੱਤ ਆਸ਼ਾਵਾਦ ਅਤੇ ਸਿਦਕਦਿਲੀ ਨਾਲ ਛਲਕਦੀ ਪ੍ਰਤਿਭਾਮਾਨ ਰਹਿਬਰੀ ਦੀ ਮੁਜ਼ਸਮਾ ਉਸ ਮਹਾਨ ਸਖਸ਼ੀਅਤ ਦਾ ਹੁੰਗਾਰਾ ਸੀ, ਜਿਸ ਨੇ ਰਜ਼ਵਾੜਾਸ਼ਾਹੀ-ਨਵਾਬਸ਼ਾਹੀ ਅਤੇ ਜਾਗੀਰਸ਼ਾਹੀ ਲੁੱਟ ਅਤੇ ਜਬਰੋ-ਜ਼ੁਲਮ ਖਿਲਾਫ ਮਜ਼ਲੂਮ ਜਨਤਾ ਦੇ ਮਨਾਂ ਅੰਦਰ ਜਮ੍ਹਾਂ ਹੋਈ ਉੱਸਲਵੱਟੇ ਲੈਂਦੀ ਜਮਾਤੀ ਨਫਰਤ ਅਤੇ ਰੋਹ ਦੀ ਲਾਟ ਵਿੱਚੋਂ ਰੂਪ ਧਾਰਿਆ ਸੀ। ਆਪਣੀ ਜਾਨ ਤੋਂ ਪਿਆਰੇ ਹਜ਼ਾਰਾਂ ਖਾਲਸਾ ਫੌਜੀਆਂ ਅਤੇ ਚਾਰਾਂ ਪੁੱਤਰਾਂ ਦੀ ਸ਼ਹਾਦਤ ਅਤੇ ਸਮੁੱਚੇ ਪਰਿਵਾਰ ਦੇ ਵਿਛੋੜੇ ਦੀ ਹਾਲਤ ਵਿੱਚ ਚੜ੍ਹਦੀਆਂ ਕਲਾਂ ਦੇ ਪ੍ਰਤੀਕ ਦਸਮ ਗੁਰੂ ਦਾ ਜੰਗਜੂ ਜਾਹੋ ਜਲਾਲ ਅਤੇ ਆਪਣੇ ਕਾਜ ਪ੍ਰਤੀ ਫੌਲਾਦੀ ਨਿਹਚਾ ਦੀ ਝਲਕ ''ਜ਼ਫਰਨਾਮਾ'' ਦੀ ਹਰ ਸਤਰ ਵਿੱਚੋਂ ਦੇਖੀ ਜਾ ਸਕਦੀ ਹੈ। ਔਰੰਗਜ਼ੇਬ ਦੇ ਬਾਦਸ਼ਾਹੀ ਹੰਕਾਰ ਨੂੰ ਠੁੱਡ ਮਾਰਦਿਆਂ ਦਸਮ ਗੁਰੂ ਵੱਲੋਂ ''ਜ਼ਫਰਨਾਮਾ'' ਵਿੱਚ ਲਲਕਾਰ ਕੇ ਕਿਹਾ ਗਿਆ ''ਮੈਂ ਤੇਰੇ ਘੋੜਿਆਂ ਦੇ ਪੌੜਾਂ ਹੇਠ ਅੰਗਾਰ ਵਿਛਾ ਦਿਆਗਾਂ। ਮੈਂ ਤੈਨੂੰ ਮੇਰੇ ਪੰਜਾਬ ਦਾ ਪਾਣੀ ਨਹੀਂ ਪੀਣ ਦਿਆਂਗਾ।'' ਆਪਣੇ ਪੰਜਾਬ ਅਤੇ ਇਸਦੀ ਮਜ਼ਲੂਮ ਜਨਤਾ ਨੂੰ ਰਜਵਾੜਾਸ਼ਾਹੀ ਜਾਗੀਰੂ ਲੁੱਟ ਅਤੇ ਜਬਰੋ-ਜ਼ੁਲਮ ਦੇ ਜੂਲੇ ਤੋਂ ਮੁਕਤ ਕਰਵਾਉਣ ਲਈ ਉਠਾਈ ਸ਼ਮਸ਼ੀਰ ਦੀ ਵਾਜਬੀਅਤ ਵਿੱਚ ਆਪਣੇ ਫੌਲਾਦੀ ਭਰੋਸੇ ਦਾ ਗੱਜਵੱਜ ਕੇ ਐਲਾਨ ਕਰਦਿਆਂ ਉਹ ਗਰਜੇ, ''ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜ਼ਸਤ, ਹਲਾਲ ਓ ਅਸਤ ਬੁਰਦਨ-ਬ-ਸ਼ਮਸ਼ੀਰ ਦਸਤ।''
2 ਮਾਰਚ 1707 ਨੂੰ ਔਰੰਗਜ਼ੇਬ ਦੀ ਅਹਿਮਦਨਗਰ ਵਿਖੇ ਮੌਤ ਹੋ ਗਈ। ਉਸ ਤੋਂ ਬਾਅਦ ਹਕੂਮਤੀ ਗੱਦੀ 'ਤੇ ਕਾਬਜ਼ ਹੋਣ ਲਈ ਔਰੰਗਜ਼ੇਬ ਦੇ ਪੁੱਤਰਾਂ ਦਰਮਿਆਨ ਲੜਾਈ ਛਿੜ ਪਈ। ਔਰੰਗਜ਼ੇਬ ਦੇ ਪੁੱਤਰ ਬਹਾਦੁਰਸ਼ਾਹ ਵੱਲੋਂ ਗੁਰੂ ਗੋਬਿੰਦ ਸਿੰਘ ਅਤੇ ਪਹਾੜੀ ਰਾਜਿਆਂ ਦਰਮਿਆਨ ਹੋਈ ਲੜਾਈ ਦੌਰਾਨ ਗੁਰੂ ਸਾਹਿਬ ਪ੍ਰਤੀ ਨਰਮਗੋਸ਼ਾ ਰੱਖਿਆ ਗਿਆ ਸੀ। ਇਸ ਲਈ, ਹੁਣ ਗੁਰੂ ਗੋਬਿੰਦ ਸਿੰਘ ਵੱਲੋਂ ਮਹਿਸੂਸ ਕੀਤਾ ਗਿਆ ਕਿ ਹੁਣ ਬਦਲੇ ਹਾਲਤ ਵਿੱਚ ਬਹਾਦਰਸ਼ਾਹ ਦੀ ਮੱਦਦ ਕੀਤੀ ਜਾਵੇ। ਉਹਨਾਂ ਵੱਲੋਂ ਮੱਦਦ ਵਜੋਂ ਸਿੱਖ ਘੋੜ-ਸਵਾਰਾਂ ਦੀ ਇੱਕ ਟੁਕੜੀ ਭੇਜੀ ਗਈ, ਜਿਹਨਾਂ ਵੱਲੋਂ 8 ਜੂਨ 1707 ਨੂੰ ਜਜਾਊ ਵਿਖੇ ਹੋਈ ਜੰਗ ਵਿੱਚ ਹਿੱਸਾ ਲਿਆ ਗਿਆ। ਜਦੋਂ ਬਹਾਦੁਰ ਸ਼ਾਹ ਗੱਦੀ 'ਤੇ ਕਾਬਜ਼ ਹੋ ਗਿਆ, ਤਾਂ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨੂੰ ਮਿਲਣ ਲਈ ਆਗਰਾ ਵਿਖੇ ਪਹੁੰਚੇ, ਜਿੱਥੇ ਬਾਦਸ਼ਾਹ ਵੱਲੋਂ ਉਹਨਾਂ ਦਾ ਸੁਆਗਤ ਕਰਦਿਆਂ ਜਵਾਹਰਾਤ ਜੜਿਆ ਸ਼ਾਲ ਅਤੇ 60 ਹਜ਼ਾਰ ਰੁਪਏ ਦੇ ਤੋਹਫੇ ਭੇਟ ਕੀਤੇ ਗਏ। ਗੁਰੂ ਗੋਬਿੰਦ ਸਿੰਘ ਚਾਰ ਮਹੀਨੇ ਆਗਰਾ ਠਹਿਰੇ। ਪਰ ਬਹਾਦੁਰ ਸ਼ਾਹ ਵੱਲੋਂ ਸਰਹੰਦ ਦੇ ਗਵਰਨਰ ਵਜ਼ੀਦ ਖਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ। ਉਸ ਤੋਂ ਬਾਅਦ, ਬਹਾਦੁਰ ਸ਼ਾਹ ਆਪਣੇ ਭਰਾ ਕਾਮ ਬਖਸ਼ ਵੱਲੋਂ ਕੀਤੀ ਬਗਾਵਤ ਨੂੰ ਕੁਚਲਣ ਲਈ ਦੱਖਣ ਵੱਲ ਨੂੰ ਤੁਰ ਗਿਆ ਅਤੇ ਗੁਰੂ ਸਾਹਿਬ ਸਤੰਬਰ 1707 ਨੂੰ ਗੋਦਾਵਰੀ ਦਰਿਆ ਕਿਨਾਰੇ ਨਾਂਦੇੜ ਨਾਂ ਦੇ ਸਥਾਨ 'ਤੇ ਆ ਠਹਿਰੇ।
ਇਸ ਅਰਸੇ ਦੌਰਾਨ ਵੀ ਗੁਰੂ ਗੋਬਿੰਦ ਸਿੰਘ ਵੱਲੋਂ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਖਾਲਸਾ ਸਜਾਉਣ ਲਈ ਇਕੱਤਰਤਾਵਾਂ ਕਰਨੀਆਂ ਜਾਰੀ ਰੱਖੀਆਂ ਗਈਆਂ। ਇਹਨਾਂ ਇਕੱਤਰਤਾਵਾਂ ਵਿੱਚ ਆਉਣ ਵਾਲਿਆਂ ਨੂੰ ਰੋਕਣ-ਟੋਕਣ ਦੀ ਇਜ਼ਾਜਤ ਨਾ ਹੋਣ ਕਰਕੇ ਸਭਨਾਂ ਲੋਕਾਂ ਨੂੰ ਆਉਣ-ਜਾਣ ਦੀ ਖੁੱਲ੍ਹ ਸੀ। ਇਸ ਖੁੱਲ੍ਹ ਦਾ ਫਾਇਦਾ ਉਠਾਉਂਦਿਆਂ ਇੱਕ ਸ਼ਾਮ ਦੋ ਨੌਜਵਾਨ ਪਠਾਣ ਗੁਰੂ ਜੀ ਦੇ ਤੰਬੂ ਵਿੱਚ ਦਾਖਲ ਹੋਏ ਅਤੇ ਉਹਨਾਂ ਨੂੰ ਇਕੱਲਿਆਂ ਦੇਖਦਿਆਂ, ਉਹਨਾਂ ਦੇ ਢਿੱਡ ਵਿੱਚ ਛੁਰਾ ਮਾਰਿਆ ਅਤੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ। ਹਮਲਾਵਰਾਂ ਨੂੰ ਉਸੇ ਵਕਤ ਮੌਤ ਦੇ ਘਾਟ ਉਤਾਰਨ ਕਰਕੇ ਚਾਹੇ ਗੁਰੂ ਸਾਹਿਬ 'ਤੇ ਹਮਲੇ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ, ਪਰ ਇੱਕ ਲੇਖਕ ਮੁਤਾਬਕ ਇਹ ਹਮਲਾ ਵਜ਼ੀਦ ਖਾਂ ਵੱਲੋਂ ਕਰਵਾਇਆ ਹੋ ਸਕਦਾ ਹੈ। ਚਾਹੇ ਗੁਰੂ ਸਾਹਿਬ ਦੇ ਜਖ਼ਮਾਂ ਨੂੰ ਸਿਉਂ ਦਿੱਤਾ ਗਿਆ ਸੀ ਅਤੇ ਉਹਨਾਂ ਮੁੜ ਸਿਹਤਯਾਬ ਹੋਣਾ ਸ਼ੁਰੂ ਕਰ ਦਿੱਤਾ ਸੀ, ਪਰ ਕੁੱਝ ਅਰਸੇ ਬਾਅਦ ਜਖ਼ਮਾਂ ਦੇ ਮੁੜ-ਖੁੱਲ੍ਹਣ ਤੋਂ ਬਾਅਦ ਲੋਕਾਂ ਦੇ ਇਹ ਮਹਾਨ ਰਹਿਬਰ ਅਤੇ ਸੰਤ-ਸਿਪਾਹੀ 7 ਅਕਤੂਬਰ 1708 ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ।
ਉਹਨਾਂ ਨੂੰ ਇਸ ਸੰਸਾਰ ਤੋਂ ਰੁਖਸਤ ਹੋਇਆਂ 300 ਸਾਲ ਤੋਂ ਵੱਧ ਸਾਲ ਬੀਤ ਚੁੱਕੇ ਹਨ, ਪਰ ਉਹਨਾਂ ਵੱਲੋਂ ਸਮੇਂ ਦੇ ਹਾਕਮਾਂ ਦੀ ਅੰਨ੍ਹੀਂ ਲੁੱਟ ਅਤੇ ਜਬਰੋ-ਜ਼ੁਲਮ ਖਿਲਾਫ ਖੜ੍ਹੀ ਕੀਤੀ, ਪਾਲੀ-ਪੋਸੀ ਅਤੇ ਸਿਖਰ 'ਤੇ ਪੁਚਾਈ ਜੰਗਜੂ ਸਿੱਖ ਲਹਿਰ ਦਾ ਕਾਬਲੇ-ਫ਼ਖਰ ਜੁਝਾਰੂ ਇਤਿਹਾਸਕ ਵਿਰਸਾ ਸਾਡੇ ਕੋਲ ਹੈ ਅਤੇ ਇਸ ਸ਼ਾਨਾਂਮੱਤੇ ਅਮਿੱਟ ਵਿਰਸੇ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਡੇ ਅੰਗ-ਸੰਗ ਹਨ। ਉਸ ਮਹਾਨ ਇਤਿਹਾਸਕ ਵਿਰਾਸਤ ਦੀ ਸ਼ਕਲ ਵਿੱਚ ਅੱਜ ਵੀ ਗੁਰੂ ਗੋਬਿੰਦ ਸਿੰਘ ਦੀਆਂ ਸਿੱਖਿਆਵਾਂ ਸਾਡੀ ਰਾਹ-ਨੁਮਾਈ ਕਰਦੀਆਂ ਹਨ। ਪਹਿਲੀ— ਉਹਨਾਂ ਦੀ ਲੜਾਈ ਨਾ ਕਿਸੇ ਧਰਮ ਖਿਲਾਫ ਸੀ ਅਤੇ ਨਾ ਹੀ ਕਿਸੇ ਜਾਤ ਖਿਲਾਫ। ਇਹ ਹਿੰਦੂ ਅਤੇ ਮੁਸਲਮਾਨ ਰਾਜਿਆਂ, ਨਵਾਬਾਂ, ਜਾਗੀਰਦਾਰਾਂ ਅਤੇ ਅਹਿਲਕਾਰਾਂ ਦੀ ਬੇਦਰੇਗ ਲੁੱਟ ਅਤੇ ਜਬਰ-ਜ਼ੁਲਮ ਖਿਲਾਫ ਸਮੁੱਚੀ ਮਿਹਨਤਕਸ਼ ਜਨਤਾ, ਵਿਸ਼ੇਸ਼ ਕਰਕੇ ਕਿਸਾਨੀ ਦੀ ਜੰਗ ਸੀ। ਜਿਸਨੇ ਬਾਅਦ ਵਿੱਚ ਇਜ਼ਹਾਰ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਉੱਠੀ ਤੂਫਾਨੀ ਜ਼ਰੱਈ ਜੰਗ ਦੇ ਰੂਪ ਵਿੱਚ ਹੋਇਆ। ਦੂਜੀ— ਉਹਨਾਂ ਵੱਲੋਂ ''ਮਾਨੁਸ਼ ਕੀ ਜਾਤ ਸਭੈ ਏਕ ਪਹਿਚਾਨਬੋ'' ਦੇ ਸੰਦੇਸ਼ ਦਿੰਦਿਆਂ, ਜਾਤ ਰਹਿਤ ਸਮਾਜ ਸਿਰਜਣ ਦਾ ਤੋਰਾ ਤੋਰਿਆ ਗਿਆ। ਇਉਂ, ਉਹਨਾਂ ਵੱਲੋਂ ਜਾਤਪਾਤੀ ਲਕੀਰਾਂ ਨੂੰ ਢਾਹੁੰਦਿਆਂ, ਇੱਕੋ ਬੁਨਿਆਦੀ ਲਕੀਰ ਜਾਬਰਾਂ-ਜੋਰਾਵਰਾਂ ਅਤੇ ਮਜ਼ਲੂਮਾਂ, ਲੋਟੂਆਂ ਅਤੇ ਲੁੱਟੇ ਜਾਣ ਵਾਲਿਆਂ ਵਿਚਕਾਰ ਵਾਹੀ ਗਈ। ਤੀਜੀ— ਉਹਨਾਂ ਵੱਲੋਂ ''ਬਲ ਹੂਆ ਬੰਧਨ ਛੂਟੈ'' ਦਾ ਸੰਦੇਸ਼ ਦਿੰਦਿਆਂ ਅਤੇ ''ਬਲ'' ਦੀ ਉਸਾਰੀ ਲਈ ''ਹੱਥਾਂ ਵਿੱਚ ਸ਼ਮਸ਼ੀਰ'' ਉਠਾਉਣ ਦੀ ਵਾਜਬੀਅਤ ਨੂੰ ਬੁਲੰਦ ਕਰਦਿਆਂ, ਦੱਬੀ-ਕੁਚਲੀ ਜਨਤਾ ਨੂੰ ਆਪਣੀ ਹਥਿਆਰਬੰਦ ਤਾਕਤ ਦੀ ਉਸਾਰੀ ਕਰਨ ਅਤੇ ਨਿਤਾਣੇਪਣ ਅਤੇ ਨਿਹੱਥੇਪਣ ਦੇ ਸਰਾਪ ਤੋਂ ਛੁਟਕਾਰਾ ਪਾਉਣ ਦਾ ਮਾਰਗ ਦਰਸ਼ਨ ਕੀਤਾ ਗਿਆ। ਚੌਥੀ— ਉਹਨਾਂ ਵੱਲੋਂ ਪੰਜ ਪਿਆਰਿਆਂ ਦੀ ਸੰਸਥਾ ਦੀ ਸਿਰਜਣਾ ਕਰਦਿਆਂ, ਜਿੱਥੇ ਵਿਅਕਤੀ ਦੀ ਅਗਵਾਈ ਦੀ ਬਜਾਇ ਸਮੂਹਿਕ ਅਗਵਾਈ ਦੀ ਉੱਤਮਤਾ ਨੂੰ ਉਭਾਰਦਿਆਂ, ਜਮਹੂਰੀ ਕਾਰਵਿਹਾਰ ਦਾ ਮੁੱਢ ਬੰਨ੍ਹਿਆ, ਉੱਥੇ ''ਖਾਲਸਾ ਮੇਰੋ ਰੂਪ ਹੈ ਖਾਸ'' ਰਾਹੀਂ ਗੁਰੂ ਨਾਲੋਂ ਖਾਲਸਾ ਪੰਥ ਦੀ ਉੱਤਮਤਾ ਨੂੰ ਉਭਾਰਿਆ ਅਤੇ ਰਹਿਬਰ ਦੀ ਰਜ਼ਾ ਨਾਲੋਂ ਸਮੂਹਿਕ ਰਜ਼ਾ ਦੀ ਉੱਤਮਤਾ ਨੂੰ ਉਭਾਰਿਆ ਅਤੇ ਸਥਾਪਤ ਕੀਤਾ। ਉਹਨਾਂ ਸਮਿਆਂ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਪੰਜਾਬ ਦੀ ਧਰਤੀ ਉੱਤੇ ਇਹਨਾਂ ਜਮਹੂਰੀ ਰਵਾਇਤਾਂ ਦੀਆਂ ਜੜ੍ਹਾਂ ਲਾਉਣ ਦਾ ਹੰਭਲਾ ਉਹਨਾਂ ਦੀ ਪ੍ਰਤਿਭਾਵਾਨ ਸੋਚ ਉਡਾਰੀ ਦਾ ਹੀ ਕਮਾਲ ਸੀ। ਪੰਜਵੀਂ— ਹਕੂਮਤੀ ਤਾਕਤ ਦਾ ਔਰੰਗਜ਼ੇਬੀ ਹੰਕਾਰ ਅਤੇ ਗਰੂਰ ਹਰ ਜਾਬਰ-ਜ਼ੋਰਾਵਰ ਦਾ ਇੱਕ ਉੱਭਰਵਾਂ ਲੱਛਣ ਹੁੰਦਾ ਹੈ। ਇਸਦੇ ਮੁਕਾਬਲੇ ਸਿਦਕਦਿਲੀ, ਅਡੋਲਚਿੱਤ ਨਿਹਚਾ ਅਤੇ ਭਰੋਸਾ, ਚੜ੍ਹਦੀ ਕਲਾ ਅਤੇ ਜੰਗਜੂ ਜਾਹੋ-ਜਲਾਲ, ਹੱਕ-ਸੱਚ ਲਈ ਡਟਣ ਤੇ ਲੜਨ ਵਾਲਿਆਂ ਦਾ ਉੱਭਰਵਾਂ ਲੱਛਣ ਹੁੰਦਾ ਹੈ।
(ਨੋਟ: ਇਸ ਲਿਖਤ ਵਿੱਚ ਮਹਾਨ ਰਹਿਬਰ ਦਸਮ ਗੁਰੂ ਗੋਬਿੰਦ ਸਿੰਘ ਦੀ ਅਦੁੱਤੀ ਸਖਸ਼ੀਅਤ, ਲਾ-ਮਿਸਾਲ ਜੀਵਨ-ਘਾਲਣਾ ਅਤੇ ਮਹਾਨ ਇਤਿਹਾਸਕ ਦੇਣ ਸਬੰਧੀ ਉੱਭਰਵੇਂ ਅਤੇ ਅਹਿਮ ਪੱਖਾਂ ਨੂੰ ਛੋਹਿਆ ਹੀ ਗਿਆ ਹੈ। ਇਹਨਾਂ ਪੱਖਾਂ ਦੀ ਸਰਬ-ਪੱਖੀ ਅਤੇ ਭਰਵੀਂ ਪੇਸ਼ਕਾਰੀ ਕਰਨ ਦਾ ਕਾਰਜ ਵਡੇਰੇ ਸੋਮਿਆਂ, ਸਾਧਨਾਂ ਅਤੇ ਯਤਨਾਂ ਨੂੰ ਜੁਟਾਉਣ ਦੀ ਮੰਗ ਕਰਦਾ ਹੈ, ਜਿਹੜਾ ਕਿ ਹਾਲ ਦੀ ਘੜੀ ਸਾਡੀ ਪਹੁੰਚ ਤੋਂ ਬਾਹਰ ਹੈ। ਇਸ ਲਈ, ਇਸ ਸੀਮਤ ਲਿਖਤ ਵਿੱਚ ਤੱਥਾਂ ਅਤੇ ਪੇਸ਼ਕਾਰੀ ਪੱਖੋਂ ਕੋਈ ਊਣਤਾਈ ਅਤੇ ਕਮੀ-ਪੇਸ਼ੀ ਰਹਿ ਸਕਦੀ ਹੈ, ਜਿਸਦੀ ਜਿੰਮੇਵਾਰੀ ਅਸੀਂ ਓਟਦੇ ਹਾਂ। -ਅਦਾਰਾ ਸੁਰਖ਼ ਰੇਖਾ)

ਮੁਸਲਿਮ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਝੋਕਣ ਦਾ ਯਤਨ


ਮੋਦੀ ਦਾ ਤਿੰਨ ਮੁਸਲਿਮ ਦੇਸ਼ਾਂ ਦਾ ਦੌਰਾ
ਮੁਸਲਿਮ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਝੋਕਣ ਦਾ ਯਤਨ

-ਸਮਰ
ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਲਸਤੀਨ, ਓਮਾਨ ਅਤੇ ਸਾਊਦੀ ਅਰਬ ਦਾ ਦੌਰਾ ਕੀਤਾ ਗਿਆ ਹੈ। ਇਹਨਾਂ ਇਸਲਾਮਿਕ ਵਸੋਂ ਵਾਲੇ ਦੇਸ਼ਾਂ, ਵਿਸ਼ੇਸ਼ ਕਰਕੇ ਫਲਸਤੀਨ ਦਾ ਅਚਾਨਕ ਕੀਤਾ ਗਿਆ ਦੌਰਾ ਇਹ ਸੁਆਲ ਖੜ੍ਹਾ ਕਰਦਾ ਹੈ, ਜਿਹੜਾ ਮੋਦੀ ਪਿਛਲੇ ਅਰਸੇ ਵਿੱਚ ਫਲਸਤੀਨੀ ਲੋਕਾਂ/ਕੌਮ ਦੇ ਕੱਟੜ ਦੁਸ਼ਮਣ ਅਤੇ ਫਲਸਤੀਨੀ ਲੋਕਾਂ ਦੀ ਨਸਲਘਾਤ ਦੇ ਅਮਲ ਵਿੱਚ ਗਲਤਾਨ ਜ਼ਿਊਨਵਾਦੀ ਇਸਰਾਇਲੀ ਹਾਕਮਾਂ ਨਾਲ ਯਾਰਾਨੇ ਗੰਢਦਾ ਅਤੇ ਪਿਆਰ ਪੀਂਘਾਂ ਝੂਟਦਾ ਆ ਰਿਹਾ ਹੈ, ਜਿਹੜਾ ਫਲਸਤੀਨੀ ਲੋਕਾਂ ਦੇ ਹੱਕੀ ਕੌਮੀ ਸੰਘਰਸ਼ ਨੂੰ ਖੂਨ ਵਿੱਚ ਡੁਬੋਣ 'ਤੇ ਉਤਾਰੂ ਇਸਲਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਜੱਫੀਆਂ ਪਾ ਪਾ ਵਾਰ ਵਾਰ ''ਮੇਰੇ ਯਾਰ, ਮੇਰੇ ਯਾਰ'' ਦਾ ਰਾਗ ਅਲਾਪਦਿਆਂ, ਉਸਦੇ ਫਾਸ਼ੀ ਮਨਸੂਬਿਆਂ 'ਤੇ ਗਦ ਗਦ ਹੁੰਦਾ ਰਿਹਾ ਹੈ, ਅੱਜ ਉਸ ਨਰਿੰਦਰ ਮੋਦੀ ਦੇ ਦਿਮਾਗ ਵਿੱਚ ਅਚਾਨਕ ਫਲਸਤੀਨ ਦਾ ਦੌਰਾ ਕਰਨ ਦਾ ਫੁਰਨਾ ਕਿਵੇਂ ਅਤੇ ਕਿਉਂ ਆ ਟਪਕਿਆ?
ਅਸਲ ਵਿੱਚ ਇਹ ਫੁਰਨਾ ਮੋਦੀ ਦੇ ਦਿਮਾਗ ਵਿੱਚ ਅਚਾਨਕ ਨਹੀਂ ਆ ਟਪਕਿਆ। ਫਲਸਤੀਨ ਸਮੇਤ ਇਹਨਾਂ ਮੁਸਲਿਮ ਦੇਸਾਂ ਦਾ ਮੋਦੀ ਵੱਲੋਂ ਕੀਤਾ ਗਿਆ ਦੌਰਾ ਸੰਘ ਲਾਣੇ ਦੀ ਧੁਤੂ ਮੋਦੀ ਹਕੂਮਤ ਵੱਲੋਂ ਇੱਕ ਸੋਚਿਆ ਸਮਝਿਆ ਪੈਂਤੜਾ ਹੈ। ਇਹ ਪੈਂਤੜਾ ਉਸ ਹਾਲਤ ਵਿੱਚ ਅਖਤਿਆਰ ਕੀਤਾ ਗਿਆ ਹੈ, ਜਦੋਂ ਮੁਲਕ ਵਿੱਚ 2019 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਲੋਕ ਸਭਾਈ ਚੋਣਾਂ ਵਿੱਚ ਸਾਲ ਸਵਾ ਸਾਲ ਦਾ ਅਰਸਾ ਰਹਿ ਗਿਆ ਹੈ। ਭਾਜਪਾ ਤੇ ਕਾਂਗਰਸ ਸਮੇਤ ਲੱਗਭੱਗ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੱਲੋਂ ਇਹਨਾਂ ਚੋਣਾਂ ਲਈ ਕਮਰਕੱਸੇ ਕਰਨ ਦਾ ਅਮਲ ਵਿੱਢ ਦਿੱਤਾ ਗਿਆ ਹੈ। ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਅਮਲ ਦਾ ਹੀਜ-ਪਿਆਜ ਲੋਕਾਂ ਵਿੱਚ ਦਿਨ-ਬ-ਦਿਨ ਉੱਘੜ ਰਿਹਾ ਹੈ ਅਤੇ ਉਸਦਾ ਲੋਕਾਂ ਦੇ ਨੱਕੋਂ-ਬੁੱਲੋਂ ਲੱਥਣ ਦਾ ਅਮਲ ਤੇਜ਼ ਹੋ ਰਿਹਾ ਹੈ। ਜਿਸਦਾ ਤਾਜ਼ਾ ਇਜ਼ਹਾਰ ਪਹਿਲਾਂ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਗੁਜਰਾਤ ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਸਿਰ ਮੰਡਲਾਉਂਦੀ ਹਾਰ ਨੂੰ ਹਰ ਫਿਰਕੂ ਫਾਸ਼ੀ ਹੱਥਕੰਡਾ ਵਰਤ ਕੇ ਮਸਾਂ ਮਸਾਂ ਟਾਲਣ ਅਤੇ ਰਾਜਸਥਾਨ ਵਿੱਚ ਦੋ ਲੋਕ ਸਭਾ ਹਲਕਿਆਂ ਅਤੇ ਇੱਕ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਦੇ ਵੱਡੇ ਫਰਕ ਨਾਲ ਹੋਈ ਹਾਰ ਦੀ ਸ਼ਕਲ ਵਿੱਚ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਭਾਜਪਾਈ ਹਕੂਮਤ ਵਾਲੇ ਸੂਬਿਆਂ (ਮੱਧ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਰਾਜਸਥਾਨ) ਵਿੱਚ ਹਕੂਮਤ ਵਿਰੋਧੀ ਵਿਸ਼ਾਲ ਕਿਸਾਨ ਅੰਦੋਲਨਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਿਰਫ ਭਾਜਪਾ ਦੀਆਂ ਸੂਬਾਈ ਹਕੂਮਤਾਂ ਖਿਲਾਫ ਹੀ ਮਿਹਨਤਕਸ਼ ਲੋਕਾਂ ਦਾ ਰੋਹ-ਫੁਟਾਰਾ ਜ਼ੋਰ ਨਹੀਂ ਫੜ ਰਿਹਾ, ਇਹ ਕੇਂਦਰ ਦੀ ਮੋਦੀ ਹਕੂਮਤ ਖਿਲਾਫ ਵੀ ਜ਼ੋਰ ਫੜ ਰਿਹਾ ਹੈ। ਪਿਛਲੇ ਮਹੀਨਿਆਂ ਵਿੱਚ ਮੁਲਕ ਭਰ ਦੀਆਂ ਦਰਜ਼ਨਾਂ ਕਿਸਾਨ ਜਥੇਬੰਦੀਆਂ ਦੇ ਤਾਲਮੇਲ ਮੰਚ ਵੱਲੋਂ ਮੋਦੀ ਹਕੂਮਤ ਵਿਰੁੱਧ ਅੰਦੋਲਨ ਦਾ ਆਗਾਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਲਕ ਭਰ ਦੀਆਂ ਟਰੇਡ ਯੂਨੀਅਨ ਜਥੇਬੰਦੀਆਂ ਵੱਲੋਂ ਵੀ ਮੁਲਕ ਵਿਆਪੀ ਐਕਸ਼ਨ ਲਈ ਕਮਰਕੱਸੇ ਕਰੇ ਜਾ ਰਹੇ ਹਨ। ਮੁਲਕ ਭਰ ਵਿੱਚ ਭਾਜਪਾ ਦੀਆਂ ਸੂਬਾਈ ਹਕੂਮਤਾਂ ਅਤੇ ਕੇਂਦਰੀ ਹਕੂਮਤ ਖਿਲਾਫ ਫੈਲ-ਪਸਰ ਰਹੇ ਗੁੱਸੇ ਅਤੇ ਰੋਹ ਭਰੇ ਅੰਦੋਲਨਾਂ ਦੇ ਦਬਾਓ ਹੇਠ ਹੀ ਹੈ, ਕਿ ਭਾਜਪਾ ਦੇ ਟਰੇਡ ਯੂਨੀਅਨ ਵਿੰਗ ਭਾਰਤੀ ਮਜ਼ਦੂਰ ਸੰਘ ਨੂੰ ਵੀ ਮੋਦੀ ਹਕੂਮਤ ਦੀਆਂ ਨੀਤੀਆਂ ਦੇ ਵਿਰੋਧ ਦੀ ਸੁਰ ਅਲਾਪਣ ਦੀ ਮਜਬੂਰੀ ਖੜ੍ਹੀ ਹੋ ਗਈ ਹੈ।
ਮੁਲਕ ਭਰ ਅੰਦਰ ਭਾਜਪਾਈ ਹਾਕਮਾਂ ਖਿਲਾਫ ਬਣ ਰਹੀ ਰੋਹ ਪਸਾਰੇ ਦੀ ਇਹ ਹਾਲਤ ਇਸ ਗੱਲ ਦਾ ਵੀ ਸੰਕੇਤ ਹੈ ਕਿ ਭਾਜਪਾ ਵੱਲੋਂ ਹਿੰਦੂਤਵੀ ਫਿਰਕੂ-ਫਾਸ਼ੀ ਹਰਬਿਆਂ ਰਾਹੀਂ ਫਿਰਕੂ-ਪਾਲਾਬੰਦੀ ਦਾ ਅਮਲ ਚਲਾ ਕੇ ਹਿੰਦੂ ਧਰਮੀ ਜਨਤਾ ਦੀਆਂ ਵੋਟਾਂ ਬਟੋਰਨ ਦੇ ਪਰਖੇ-ਪਰਤਿਆਏ ਪੈਂਤੜੇ ਦੀ ਅਸਰਕਾਰੀ ਮੁਕਾਬਲਤਨ ਸੀਮਤ ਹੋ ਰਹੀ ਹੈ। ਮਿਹਨਤਕਸ਼ ਲੋਕਾਂ ਵਿੱਚ ਵਾਹੀ ਫਿਰਕੂ ਪਾਟਕ ਦੀ ਨਾ-ਸਾਜਗਾਰ ਹਾਲਤ ਨੂੰ ਲੱਗ ਰਹੇ ਖੋਰੇ ਤੋਂ ਸੰਘ ਲਾਣਾ ਬੇਖਬਰ ਨਹੀਂ ਹੈ। ਇਸ ਲਈ, ਹਿੰਦੂਤਵੀ ਸੰਘ ਲਾਣੇ ਵੱਲੋਂ ਨਿਰੋਲ ਫਿਰਕੂ ਪਾਲਾਬੰਦੀ ਦੇ ਜ਼ੋਰ ਵੋਟਾਂ ਬਟੋਰਨ ਦੇ ਪੈਂਤੜੇ 'ਤੇ ਟੇਕ ਰੱਖਣ ਦੀ ਬਜਾਇ, ਹੋਰ ਦਾਅਪੇਚਾਂ ਬਾਰੇ ਵੀ ਸਿਰ ਖੁਰਕਣ ਅਤੇ ਇਹਨਾਂ 'ਤੇ ਅਮਲ ਕਰਨ ਦਾ ਰੁਖ ਅਖਤਿਆਰ ਕਰ ਲਿਆ ਗਿਆ ਹੈ। ਚਾਹੇ ਹਾਲੀਂ ਵੀ ਫਿਰਕੂ ਪੁੱਠ ਚੜ੍ਹੀ ਅੰਨ੍ਹੀਂ ਦੇਸ਼ਭਗਤੀ ਦਾ ਜਨੂੰਨ ਅਤੇ ਫਿਰਕੂ-ਫਾਸ਼ੀ ਜਨੂੰਨ ਭੜਕਾਉਣ ਰਾਹੀਂ ਕੀਤੀ ਜਾਣ ਵਾਲੀ ਫਿਰਕੂ ਪਾਲਾਬੰਦੀ ਦਾ ਪੈਂਤੜਾ ਸੰਘ ਲਾਣੇ ਦੀ ਪ੍ਰਮੁੱਖ ਟੇਕ ਬਣੀ ਰਹੇਗੀ, ਪਰ ਘੱਟ-ਗਿਣਤੀ ਭਾਈਚਾਰਿਆਂ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਅੰਦਰ ਵਧ-ਫੈਲ ਰਹੀ ਅਸੁਰੱਖਿਆ ਅਤੇ ਹਕੂਮਤ ਵਿਰੋਧੀ ਭਾਵਨਾ, ਮਿਹਨਤਕਸ਼ ਲੋਕਾਂ ਵਿੱਚ ਸੰਘ ਲਾਣੇ ਦੀਆਂ ਹਮਲਾਵਰ ਫਿਰਕੂ-ਫਾਸ਼ੀ ਕਾਰਵਾਈਆਂ ਖਿਲਾਫ ਪਸਰ ਰਹੀ ਔਖ ਅਤੇ ਨਤੀਜੇ ਵਜੋਂ ਜਨਤਕ ਵਕਾਰ ਅਤੇ ਪੜਤ ਨੂੰ ਲੱਗ ਰਹੇ ਕਸਾਰੇ ਦੀ ਹਾਲਤ ਸਨਮੁੱਖ ਭਾਜਪਾ ਕੰਧ 'ਤੇ ਲਿਖਿਆ ਪੜ੍ਹਨ ਅਤੇ ਆਪਣੇ ਤਿੜਕ ਰਹੇ ਵਕਾਰ ਅਤੇ ਪੜਤ ਨੂੰ ਟਾਕੀਆਂ ਤੋਪੇ ਲਾਉਣ ਦੇ ਰੱਸੇ-ਪੈੜੇ ਵੱਟਣ ਲਈ ਮਜਬੂਰ ਹੋ ਰਹੀ ਹੈ।
ਫਲਸਤੀਨ ਅਤੇ ਦੂਸਰੇ ਦੋ ਮੁਸਲਿਮ ਮੁਲਕਾਂ ਦੇ ਦੌਰੇ 'ਤੇ ਚੜ੍ਹਨ ਦੇ ਮੋਦੀ ਦੇ ਪੈਂਤੜੇ ਪਿੱਛੇ ਕੰਮ ਕਰਦੀ ਇੱਕ ਗਿਣਤੀ ਉਪਰੋਕਤ ਰੱਸੇ-ਪੈੜੇ ਵੱਟਣ ਦੇ ਅਮਲ ਦਾ ਹੀ ਇੱਕ ਹਿੱਸਾ ਹੈ। ਇਸ ਦੌਰੇ ਰਾਹੀਂ ਮੋਦੀ ਹਕੂਮਤ ਵੱਲੋਂ ਜਿੱਥੇ ਪਹਿਲਾਂ ਇਸਰਾਇਲ ਦੇ ਦੌਰੇ ਮੌਕੇ ਅਤੇ ਫਿਰ ਨੇਤਨਯਾਹੂ ਦੇ ਭਾਰਤ ਦੌਰੇ ਮੌਕੇ ਉਸ ਨਾਲ ਪਾਈਆਂ ਵਾਰ ਵਾਰ ਜੱਫੀਆਂ ਰਾਹੀਂ ਸਿਰਜੇ ਇਸਰਾਇਲ ਪੱਖੀ ਅਤੇ ਮੁਸਲਿਮ ਮੁਲਕਾਂ ਵਿਸ਼ੇਸ਼ ਕਰਕੇ ਫਲਸਤੀਨ ਵਿਰੋਧੀ ਪ੍ਰਭਾਵ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਗਿਆ ਹੈ ਕਿ ਮੋਦੀ ਹਕੂਮਤ ਦੀ ਇਸਰਾਇਲੀ ਹਾਕਮਾਂ ਨਾਲ ਯਾਰੀ ਫਲਸਤੀਨੀ ਲੋਕਾਂ ਦੀ ਕੀਮਤ 'ਤੇ ਨਹੀਂ ਹੈ ਅਤੇ ਇਹ ਫਲਸਤੀਨ ਵਿਰੁੱਧ ਸੇਧਤ ਨਹੀਂ ਹੈ। ਇਉਂ, ਮੋਦੀ ਹਕੂਮਤ ਵੱਲੋਂ ਭਾਰਤੀ ਲੋਕਾਂ, ਵਿਸ਼ੇਸ਼ ਕਰਕੇ ਮੁਸਲਿਮ ਜਨਤਾ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਨਾ ਮੁਸਲਿਮ ਮੁਲਕਾਂ ਖਿਲਾਫ ਹੈ ਅਤੇ ਨਾ ਮੁਸਲਿਮ ਲੋਕਾਂ ਖਿਲਾਫ ਹੈ। ਇਹ ਸੰਦੇਸ਼ ਫਿਰਕੂ-ਫਾਸ਼ੀ ਸੰਘ ਲਾਣੇ ਦੇ ਹਮਲੇ ਹੇਠ ਆਏ ਮੁਸਲਿਮ ਭਾਈਚਾਰੇ ਨੂੰ ਕਿਸ ਕਦਰ ਹਜ਼ਮ ਹੁੰਦਾ ਹੈ- ਇਹ ਦੇਖਣ ਵਾਲਾ ਹੈ।
ਇਸ ਦੌਰੇ ਦੀ ਦੂਜੀ ਅਹਿਮ ਗਿਣਤੀ ਫਲਸਤੀਨ ਦੀ ਕੌਮੀ ਜੱਦੋਜਹਿਦ ਵਿੱਚ ਪਾਟਕ ਪਾਉਣ ਅਤੇ ਇਸ ਨੂੰ ਢਾਹ ਲਾਉਣ ਲਈ ਅਮਰੀਕੀ ਸਾਮਰਾਜੀਆਂ ਅਤੇ ਇਸਰਾਈਲੀ ਫਾਸ਼ੀ ਹਾਕਮਾਂ ਦੇ ਗੱਠਜੋੜ ਦੇ ਹੱਥੇ ਦਾ ਰੋਲ ਸਾਂਭਣ ਦਾ ਯਤਨ ਕਰਨਾ ਵੀ ਹੈ। ਮੋਦੀ ਵੱਲੋਂ ਫਲਸਤੀਨ ਦੀ ਧਰਤੀ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਫਲਸਤੀਨ ਦੇ ਮਾਮਲੇ 'ਤੇ ਪਿਛਲੇ ਤਕਰੀਬਨ 70 ਵਰ੍ਹਿਆਂ ਤੋਂ ਚਲੀ ਆ ਰਹੀ ਭਾਰਤ ਵੱਲੋਂ ਕੌਮਾਂਤਰੀ ਮੰਚਾਂ 'ਤੇ ਲਈ ਅਸੂਲੀ ਪੁਜੀਸ਼ਨ ਤੋਂ ਕਾਂਟਾ ਬਦਲੀ ਕਰਦਿਆਂ, ਇਸ ਨੂੰ ਅਮਰੀਕੀ-ਇਸਰਾਈਲੀ ਗੱਠਜੋੜ ਨੂੰ ਰਾਸ ਆਉਂਦੀ ਪੁਜੀਸ਼ਨ ਵਿੱਚ ਬਦਲ ਦਿੱਤਾ ਗਿਆ ਹੈ। ਭਾਰਤ ਦੀ ਪਹਿਲੀ ਪੁਜੀਸ਼ਨ ਦੇ ਤਿੰਨ ਅੰਸ਼ ਸਪਸ਼ਟ ਸਨ: ਪਹਿਲਾ- ਆਜ਼ਾਦ ਅਤੇ ਖੁਦਮੁਖਤਿਆਰ ਫਲਸਤੀਨੀ ਰਾਜ, ਦੂਜਾ— ਇੱਕਜੁੱਟ ਫਲਸਤੀਨ; ਤੀਜਾ ਯੇਰੂਸ਼ਲਮ ਨੂੰ ਫਲਸਤੀਨ ਦੀ ਰਾਜਧਾਨੀ ਪ੍ਰਵਾਨ ਕਰਨਾ। ਪਰ ਹੁਣ ਮੋਦੀ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਜਾਰੀ ਬਿਆਨ ਵਿੱਚ ਸਿਰਫ ਪਹਿਲਾ ਅੰਸ਼ ਹੀ ਦੁਹਰਾਇਆ ਗਿਆ ਹੈ। ਉਸ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਇੱਕ ਆਜ਼ਾਦਾਨਾ ਅਤੇ ਖੁਦਮੁਖਤਿਆਰ ਫਲਸਤੀਨੀ ਰਾਜ ਦੀ ਸਥਾਪਨਾ ਦੀ ਹਮਾਇਤ ਕਰਦਾ ਹੈ, ਪਰ ਉਸ ਵੱਲੋਂ ਇੱਕਜੁੱਟ ਫਲਸਤੀਨ (ਪੱਛਮੀ ਕੰਢੇ ਅਤੇ ਗਾਜ਼ਾਪੱਟੀ ਦੇ ਵੱਖੋ ਵੱਖ ਹਿੱਸਿਆਂ ਨੂੰ ਇਕੱਠਾ ਕਰਨ) ਅਤੇ ਯੇਰੂਸ਼ਲਮ ਦਾ ਇਸਰਾਈਲ ਦੀ ਰਾਜਧਾਨੀ ਹੋਣ ਦੇ ਫਲਸਤੀਨੀ ਦਾਅਵੇ ਸਬੰਧੀ ਕੁਝ ਵੀ ਕਹਿਣ ਤੋਂ ਟਾਲਾ ਵੱਟ ਲਿਆ ਗਿਆ ਹੈ। ਇਹ ਟਾਲਾ ਵੱਟਣ ਦਾ ਜਿੱਥੇ ਇੱਕ ਮਤਲਬ ਅਮਰੀਕੀ-ਇਰਸਾਈਲੀ ਹਾਕਮਾਂ ਦੇ ਪੱਖ ਵਿੱਚ ਡੱਕਾ ਸੁੱਟਣਾ ਹੈ, ਉੱਥੇ ਇਸਦਾ ਦੂਜਾ ਮਤਲਬ ਫਲਸਤੀਨੀ ਰਾਸ਼ਟਰਪਤੀ ਮੁਹੰਮਦ ਅੱਬਾਸ ਦੀ ਅਗਵਾਈ ਹੇਠਲੇ ਫਤਿਹ ਧੜੇ ਦੇ ਡਾਵਾਂਡੋਲ ਤੇ ਗੋਡੇਟੇਕੂ ਰਵੱਈਏ ਨੂੰ ਉਗਾਸਾ ਦੇਣਾ ਅਤੇ ਹਥਿਆਰਬੰਦ ਘੋਲ ਦੇ ਦ੍ਰਿੜ੍ਹ ਪੈਰੋਕਾਰ ਹਮਾਸ ਨਾਲ ਇਸਦੇ ਵਖਰੇਵਿਆਂ ਅਤੇ ਪਾਟਕ ਨੂੰ ਹਵਾ ਦੇਣਾ ਹੈ। ਰਾਸ਼ਟਰਪਤੀ ਮੁਹੰਮਦ ਅੱਬਾਸ ਦੀ ਅਗਵਾਈ ਹੇਠਲਾ ਫਤਿਹ ਧੜਾ ਅਮਰੀਕੀ ਸਾਮਰਾਜੀਆਂ ਅਤੇ ਇਸਰਾਈਲੀ ਹਾਕਮਾਂ ਨਾਲ ਸੁਲਾਹ ਸਫਾਈ ਅਤੇ ਪੁਰਅਮਨ ਢੰਗ-ਤਰੀਕਿਆਂ 'ਤੇ ਟੇਕ ਰੱਖਦਿਆਂ, ਫਲਸਤੀਨ ਦੀ ਸਥਾਪਨਾ ਕਰਨਾ ਚਾਹੁੰਦਾ ਹੈ, ਚਾਹੇ ਇਹ ਅਮਰੀਕੀ-ਇਸਰਾਈਲੀ ਗੱਠਜੋੜ ਦੀਆਂ ਇੱਛਾਵਾਂ ਮੁਤਾਬਕ ਕੱਟਿਆ-ਵੱਢਿਆ ਹੀ ਕਿਉਂ ਨਾ ਹੋਵੇ। ਇਸਦੇ ਉਲਟ ਹਮਾਸ ਧੜਾ ਹਥਿਆਰਬੰਦ ਸੰਘਰਸ਼ ਰਾਹੀਂ ਇੱਕ ਖਰੇ ਆਜ਼ਾਦ, ਖੁਦਮੁਖਤਿਆਰ, ਇੱਕਜੁੱਟ ਫਲਸਤੀਨ ਦੀ ਸਥਾਪਨਾ ਕਰਨਾ ਚਾਹੁੰਦਾ ਹੈ, ਜਿਸ ਦੀ ਰਾਜਧਾਨੀ ਹਰ ਹਾਲਤ ਵਿੱਚ ਯੇਰੂਸ਼ਲਮ ਹੋਵੇਗੀ। ਮੋਦੀ ਵੱਲੋਂ ਬਿਆਨੀ ਪੁਜੀਸ਼ਨ ਵਿੱਚ ਹਮਾਸ ਦੀ ਦ੍ਰਿੜ੍ਹ ਪੁਜੀਸ਼ਨ ਨਾਲੋਂ ਦੂਰੀ ਬਣਾਉਂਦਿਆਂ, ਅਮਰੀਕੀ ਇਸਰਾਈਲੀ ਗੱਠਜੋੜ ਦੀ ਪੁਜੀਸ਼ਨ ਨਾਲ ਨੇੜਤਾ ਦਿਖਾਈ ਗਈ ਹੈ। ਜਿਸ 'ਤੇ ਰਾਸ਼ਟਰਪਤੀ ਮੁਹੰਮਦ ਅੱਬਾਸ ਵੱਲੋਂ ਸਿੱਧੇ-ਅਸਿੱਧੇ ਕੋਈ ਉਜਰ ਨਹੀਂ ਕੀਤਾ ਗਿਆ।
ਸੋ, ਮੋਦੀ ਵੱਲੋਂ ਮੁਸਲਿਮ ਮੁਲਕਾਂ, ਵਿਸ਼ੇਸ਼ ਕਰਕੇ ਫਲਸਤੀਨ ਦਾ ਕੀਤਾ ਗਿਆ ਮੌਜੂਦਾ ਦੌਰਾ ਅਤੇ ਫਲਸਤੀਨ ਨਾਲ ਦਿਖਾਇਆ ਗਿਆ ਨਕਲੀ ਹੇਜ ਜਿੱਥੇ ਵੋਟਾਂ ਬਟੋਰਨ ਦੀ ਬਦਨੀਤ ਨਾਲ ਭਾਰਤੀ ਲੋਕਾਂ ਖਾਸ ਕਰਕੇ ਮੁਸਲਿਮ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਝੋਕਣ ਦਾ ਇੱਕ ਯਤਨ ਹੈ, ਉੱਥੇ ਇਹ ਫਲਸਤੀਨ ਵਿੱਚ ਸਰਗਰਮ ਡਾਵਾਂਡੋਲ ਅਤੇ ਗੋਡੇਟੇਕੂ ਸੋਚ ਦੀਆਂ ਮਾਲਕ ਤਾਕਤਾਂ ਨੂੰ ਬੁੱਕਲ ਵਿੱਚ ਲੈਣ ਅਤੇ ਫਲਸਤੀਨੀ ਲੋਕਾਂ ਨਾਲ ਦਗਾ ਕਮਾਉਣ ਦੇ ਮਨਸ਼ੇ ਨਾਲ ਚੱਲੀ ਗਈ ਇੱਕ ਚਾਲ ਹੈ।   ੦-੦

ਜੈਤੋ ਦੇ ਥਾਣੇਦਾਰ ਅਤੇ ਗੁੰਡਿਆਂ ਦੀ ਬੁਰਸ਼ਾਗਰਦੀ


ਕਾਂਗਰਸੀ ਚੌਧਰੀਆਂ ਦੇ ਥਾਪੜਾ-ਪ੍ਰਾਪਤ
ਜੈਤੋ ਦੇ ਥਾਣੇਦਾਰ ਅਤੇ ਗੁੰਡਿਆਂ ਦੀ ਬੁਰਸ਼ਾਗਰਦੀ
-ਨਾਜ਼ਰ ਸਿੰਘ ਬੋਪਾਰਾਏ
29 ਜਨਵਰੀ ਦੀ ਸਵੇਰ ਨੂੰ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਜੈਤੋ ਵਿੱਚ ਇੱਕ ਵਿਦਿਆਰਥੀ ਆਗੂ ਗੁਰਜਿੰਦਰ ਸਟੇਜ ਤੋਂ ਬੋਲ ਰਿਹਾ ਸੀ, ''..ਜਦੋਂ ਪਿੰਡਾਂ ਵਿੱਚ ਗਏ ਤਾਂ ਲੋਕ ਫੈਸਲਾ ਕਰ ਦੇਣਗੇ ਫੇਰ। ਕੱਲ੍ਹ ਨੂੰ ਕੋਈ ਹੋਰ ਗੁੰਡਾਗਰਦੀ ਕਰੂਗਾ ਸ਼ਹਿਰ ਵਿੱਚ। ਪਰਸੋਂ ਨੂੰ ਕੋਈ ਹੋਰ ਕਰੂਗਾ। ਕੋਈ ਗੁੰਡਾ ਕਿਸੇ ਕੁੜੀ ਨੂੰ  ਛੇੜੂਗਾ ਫੇਰ।..'' ਭੀੜ ਵਿੱਚੋਂ ਆਵਾਜ਼ ਆਉਂਦੀ ਹੈ, ''ਮੈਂ ਗੋਲੀ ਮਾਰ ਦਊਂਗਾ'' ਸਟੇਜ ਤੋਂ ਜੁਆਬ ਮਿਲਦਾ ਹੈ ਕਿ ''ਕਿਹੜਾ ਗੋਲੀ ਮਾਰ ਦਊਗਾ।'' ਉੱਥੇ ਰੌਲਾ-ਰੱਪਾ ਪੈ ਜਾਂਦਾ ਹੈ। ਗੁਰਵੀਰ ਨਾਹਰੇ ਲਾਉਣ ਲੱਗਦੀ ਹੈ, ''ਹਮ ਲੇ ਕੇ ਰਹੇਂਗੇ-ਆਜ਼ਾਦੀ!'' ''ਹਮ ਕਯਾ ਚਾਹਤੇ ਹੈਂ- ਆਜ਼ਾਦੀ!!'' ਇਹ ਵਿਦਿਆਰਥਣ ਨਾਹਰੇ ਲਾਉਂਦੀ ਥੱਕ ਜਾਂਦੀ ਹੈ ਤਾਂ ਵਿਦਿਆਰਥੀ ਆਗੂ ਦੂਸਰੀ ਵਿਦਿਆਰਥਣ ਨੂੰ ਨਾਹਰੇ ਲਾਉਣ ਲਈ ਉਤਸ਼ਾਹਤ ਕਰਦਾ ਹੋਇਆ ਆਖਦਾ ਹੈ, ''ਚੁੱਕਦੇ, ਚੁੱਕਦੇ ਗਗਨ।'' ਨਾਹਰੇ ਚੁੱਕੇ ਜਾਂਦੇ ਹਨ, ''ਪੁਲਸ-ਪ੍ਰਸਾਸ਼ਨ ਮੁਰਦਾਬਾਦ, ਲੋਕ ਏਕਤਾ- ਜ਼ਿੰਦਾਬਾਦ!'' ਵਿਦਿਆਰਥੀਆਂ ਵਿੱਚ ਘੁਸੇ ਕਾਂਗਰਸੀ ਅਨਸਰ ਵਿਦਿਆਰਥੀ ਜਥੇਬੰਦੀ ਦੇ ਖਿਲਾਫ ਨਾਹਰੇ ਲਾਉਣ ਲੱਗਦੇ ਹਨ ਅਤੇ ਹਮਲਾਵਰ ਰੁਖ ਅਖਤਿਆਰ ਕਰਦੇ ਹੋਏ ਧਾਵਾ ਬੋਲਣ ਦੀ ਤਿਆਰੀ ਵਿੱਚ ਹਨ। ਕਿਸਾਨ ਜਥੇਬੰਦੀ ਨਾਲ ਆਇਆ ਇੱਕ ਨੌਜਵਾਨ ਆਪਣੇ ਬਚਾ ਲਈ ਆਪਣਾ ਲਾਇਸੰਸੀ ਰਿਵਾਲਵਰ ਵੀ ਨਾਲ ਲਿਆਇਆ ਹੋਇਆ ਸੀ। ਡੀ.ਐਸ.ਪੀ. ਨੂੰ ਲੱਗਦਾ ਹੈ ਕਿ ਮਾਮਲਾ ਜ਼ਿਆਦਾ ਹੀ ਵਿਗੜ ਸਕਦਾ ਹੈ।
ਇਸੇ ਅਰਸੇ ਵਿੱਚ ਡੀ.ਐਸ.ਪੀ. ਆਪਣੀ ਪਿਸਟਲ ਕੱਢਦਾ ਹੈ। ਪਿਸਟਲ ਵਿੱਚ ਗੋਲੀ ਲਿਆਉਂਦਾ ਹੈ। ਭੀੜ ਵਿੱਚੋਂ ਕੁੱਝ ਵਿਦਿਆਰਥੀ ਇਹ ਸਮਝਦੇ ਹਨ ਕਿ ਸ਼ਾਇਦ ਡੀ.ਐਸ.ਪੀ. ਉਹਨਾਂ ਨੂੰ ਗੋਲੀ ਮਾਰਨ ਦੀ ਤਿਆਰੀ ਕਰ ਰਿਹਾ ਹੈ। ਉਹ ਕਹਿੰਦੇ ਹਨ, ''ਮਾਰ ਗੋਲੀ, ਗੋਲੀ ਮਾਰ।'' ਵਿਰੋਧੀ ਧਿਰ ਵਾਲੇ ਸਟੇਜ ਚਲਾ ਰਹੇ ਵਿਦਿਆਰਥੀ ਆਗੂਆਂ 'ਤੇ ਹਮਲਾ ਕਰਨ ਲਈ ਅੱਗੇ ਵਧਦੇ ਹਨ। ਵਿਦਿਆਰਥੀ ਯੂਨੀਅਨ ਵਾਲੇ ਡੀ.ਐਸ.ਪੀ. ਨੂੰ ਆਖਦੇ ਹਨ ਕਿ ''ਪਹਿਲਾਂ ਤੁਸੀਂ ਆਖਦੇ ਸੀ ਕਿ ਫੈਸਲਾ ਕਰਵਾ ਦਿਆਂਗੇ, ਹੁਣ ਤੁਸੀਂ ਇਹ ਟੋਲੇ ਸਾਡੇ ਖਿਲਾਫ ਇਕੱਠੇ ਕਰ ਲਿਆਏ ਹੋ। ਡੀ.ਐਸ.ਪੀ. ਆਖਦਾ ਹੈ ਕਿ ਇਹ ਉਸਨੇ ਨਹੀਂ ਬੁਲਾਏ। ਵਿਦਿਆਰਥੀ ਉਸ ਉੱਪਰ ਬੇਇਨਸਾਫੀ ਅਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹਨ। ਡੀ.ਐਸ.ਪੀ. ਗਿਆ ਤਾਂ ਥਾਣੇਦਾਰ ਕੋਲੋਂ ਮੁਆਫੀ ਮੰਗਵਾਉਣ ਸੀ, ਪਰ ਥਾਣੇਦਾਰ ਅਤੇ ਕਾਂਗਰਸੀ ਗੁੰਡਿਆਂ ਨੇ ਮਾਹੌਲ ਵਿਦਿਆਰਥੀਆਂ ਦੀ ਆਪਸੀ ਖਹਿਬਾਜ਼ੀ ਵਾਲਾ ਬਣਾ ਦਿੱਤਾ। ਡੀ.ਐਸ.ਪੀ. ਆਪਣੇ ਆਪ ਨੂੰ ਦੋਸ਼ੀ ਮੰਨਦਾ ਹੋਇਆ ਨਮੋਸ਼ੀ ਵਿੱਚ ਆਖਦਾ ਹੈ, ''ਬੰਦ ਕਰੋ ਇਹ ਕੁੱਝ ਨਹੀਂ ਤਾਂ ਮੈਂ ਆਪਣੇ ਆਪਣੇ ਆਪ ਨੂੰ ਗੋਲੀ ਮਾਰ ਲਊਂਗਾ।'' ਕਾਂਗਰਸੀ ਗੁੰਡੇ ਹਮਲਾਵਰ ਰੁਖ ਜਾਰੀ ਰੱਖਦੇ ਹਨ। ਡੀ.ਐਸ.ਪੀ. ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ ਜੋ ਉਸਦੀਆਂ ਪੁੜਪੁੜੀਆਂ 'ਚੋਂ ਲੰਘਦੀ ਹੋਈ ਨਾਲ ਖੜ੍ਹੇ ਗੰਨਮੈਨ ਨੂੰ ਜਾ ਵੱਜਦੀ ਹੈ। ਡੀ.ਐਸ.ਪੀ. ਧੜੱਮ ਡਿਗਦਾ ਹੈ। ਅਗਲੇ ਦਿਨ ਗੰਨਮੈਨ ਦੀ ਵੀ ਮੌਤ ਹੋ ਜਾਂਦੀ ਹੈ।
ਇਸ ਸਾਰੇ ਘਟਨਾਕਰਮ ਦਾ ਸਿਲਸਿਲਾ 12 ਜਨਵਰੀ ਨੂੰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਜੈਤੋ ਦੇ ਬੱਸ ਅੱਡੇ ਵਿੱਚ ਦੋ ਵਿਦਿਆਰਥੀ ਅਤੇ ਇੱਕ ਵਿਦਿਆਰਥਣ ਬੱਸ ਪਾਸ ਵਾਲੀ ਸਰਕਾਰੀ ਬੱਸ ਦੀ ਉਡੀਕ ਕਰ ਰਹੇ ਸਨ। ਥਾਣੇਦਾਰ ਨੇ ਉੱਥੇ ਆ ਕੇ ਵਿਦਿਆਰਥੀਆਂ 'ਤੇ ਅਵਾਰਾਗਰਦੀ ਦਾ ਦੋਸ਼ ਲਾ ਕੇ ਉਹਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਸਿਪਾਹੀਆਂ ਕੋਲੋਂ ਚੁਕਵਾ ਕੇ ਉਹਨਾਂ ਨੂੰ ਜੀਪ ਵਿੱਚ ਸੁੱਟ ਲਿਆ। ਵਿਦਿਆਰਥੀ ਆਪਣੇ ਬੱਸ ਪਾਸ ਦਿਖਾਉਂਦੇ ਹਨ, ਪਰ ਥਾਣੇਦਾਰ ਉੱਪਰ ਇਸ ਗੱਲ ਦਾ ਕੋਈ ਅਸਰ ਨਹੀਂ ਹੁੰਦਾ। ਵਿਦਿਆਰਥੀ ਆਖਦੇ ਹਨ ਕਿ ਉਹਨਾਂ ਦੇ ਪਰਿਵਾਰਾਂ ਨੂੰ ਫੋਨ ਕਰਕੇ ਪੁੱਛ-ਪੜਤਾਲ ਕਰ ਲਓ। ਪਰ ਥਾਣੇਦਾਰ ਪੁਲਸੀ ਹੰਕਾਰ ਵਿੱਚ ਉਹਨਾਂ ਨੂੰ ਗਾਲ-ਮੰਦਾ ਕਰਦਾ ਰਿਹਾ। ਉਹ ਲੜਕੀ ਨੂੰ ਵੀ ਗੱਡੀ ਵਿੱਚ ਬੈਠਣ ਲਈ ਆਖਦਾ ਹੈ, ਪਰ ਲੜਕੀ ਜੀਪ ਵਿੱਚ ਚੜ੍ਹਨੋਂ ਇਨਕਾਰੀ ਸੀ। ਥਾਣੇਦਾਰ ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟਦਾ ਹੋਇਆ ਜੀਪ ਵਿੱਚ ਸੁੱਟਦਾ ਹੈ। ਥਾਣੇ ਲਿਜਾ ਕੇ ਵਿਦਿਆਰਥੀਆਂ ਨੂੰ ਲੰਮੇ ਪਾ ਕੇ ਸਿਪਾਹੀਆਂ ਕੋਲੋਂ ਬੁਰੀ ਤਰ੍ਹਾਂ ਕੁਟਵਾਉਂਦਾ ਹੈ। ਥਾਣੇਦਾਰ ਸਿਪਾਹੀਆਂ ਨੂੰ ਆਖਦਾ ਹੈ ਕਿ ਮੁੰਡਿਆਂ ਦੀ ਜੁਰਾਬਾਂ ਕੁੜੀ ਨੂੰ ਸੁੰਘਾਓ। ਮਤਲਬ ਉਸ ਕੁੜੀ ਨੂੰ ਜਿੱਚ ਕਰਨ ਦਾ ਸੀ। ਮੁੰਡਿਆਂ ਦੀ ਕੁੱਟਮਾਰ ਤੋਂ ਬਾਅਦ ਥਾਣੇਦਾਰ ਸਿਪਾਹੀਆਂ ਨੂੰ ਆਖਦਾ ਹੈ ਕਿ ਕੁੜੀ ਨੂੰ ਲੰਮੀ ਪਾ ਕੇ ਇਸ ਦੀ ਕੁੱਟ-ਮਾਰ ਕਰੋ। ਸਿਪਾਹੀ ਕੁੜੀ ਦੀ ਕੁੱਟਮਾਰ ਕਰਨ ਤੋਂ ਟਲਦੇ ਹਨ। ਫੇਰ ਵਿਦਿਆਰਥੀਆਂ ਨੂੰ ਜਲੀਲ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਵਰਤੇ ਜਾਂਦੇ ਹਨ। 5-6 ਘੰਟੇ ਬਾਅਦ ਜਾ ਕੇ ਵਿਦਿਆਰਥੀਆਂ ਨੂੰ ਛੱਡਿਆ ਜਾਂਦਾ ਹੈ।
ਅਗਲੇ ਦਿਨ ਵਿਦਿਆਰਥੀਆਂ ਦੇ ਮਾਪੇ ਕਾਲਜ ਅਧਿਕਾਰੀਆਂ ਅਤੇ ਪੁਲਸ ਅਫਸਰਾਂ ਨੂੰ ਮਿਲ ਕੇ ਥਾਣੇਦਾਰ ਦੀ ਕਰਤੂਤ ਬਿਆਨ ਕਰਦੇ ਹੋਏ ਇਨਸਾਫ ਦੀ ਮੰਗ ਕਰਦੇ ਹਨ। ਵਿਦਿਆਰਥੀਆਂ ਵਿੱਚ ਗੁੱਸਾ ਅਤੇ ਰੋਹ ਹੈ ਕਿ ਉਹਨਾਂ ਦੀ ਨਜਾਇਜ਼ ਕੁੱਟਮਾਰ ਕਿਉਂ ਕੀਤੀ ਗਈ। ਵਿਦਿਆਰਥੀਆਂ ਨਾਲ ਹੋਰ ਵਿਦਿਆਰਥੀ ਜੁੜਦੇ ਹਨ। ਪਰ ਘਟਨਾ ਬੀਤੇ ਨੂੰ ਜਦੋਂ 14-15 ਦਿਨ ਬੀਤ ਜਾਂਦੇ ਹਨ ਤਾਂ ਉਹ ਇਲਾਕੇ ਵਿੱਚ ਕੰਮ ਕਰਦੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਸਥਾਨਕ ਇਕਾਈ ਨੂੰ ਮਿਲਦੇ ਹਨ ਅਤੇ ਬਰਨਾਲਾ ਵਿਖੇ ਸਰਗਰਮ ਵਿਦਿਆਰਥੀ-ਨੌਜਵਾਨ ਮੰਚ ਦੇ ਆਗੂਆਂ ਨਾਲ ਸੰਪਰਕ ਸੇਧਦੇ ਹਨ। ਬਰਨਾਲੇ ਤੋਂ ਵਿਦਿਆਰਥੀਆਂ-ਵਿਦਿਆਰਥਣਾਂ ਦੀ ਇੱਕ ਟੋਲੀ ਜੈਤੋ ਆ ਕੇ ਵਿਦਿਆਰਥੀਆਂ ਨੂੰ ਇਕੱਠੇ ਕਰਦੀ ਹੈ ਸਥਾਨਕ ਅਧਿਕਾਰੀਆਂ ਨੂੰ ਮਿਲਦੀ ਹੈ। ਸਥਾਨਕ ਅਧਿਕਾਰੀ ਮਸਲੇ ਨੂੰ ਅੰਦਰੋਗਤੀ ਰਫਾਦਫਾ ਕਰਨਾ ਚਾਹੁੰਦੇ ਹਨ ਕਿ ਥਾਣੇਦਾਰ ਅਫਸਰਾਂ ਅਤੇ ਸਬੰਧਤ ਵਿਦਿਆਰਥੀਆਂ ਕੋਲੋਂ ਮੁਆਫੀ ਮੰਗ ਲਵੇਗਾ। ਪਰ ਵਿਦਿਆਰਥੀ ਆਖਦੇ ਹਨ ਕਿ ਜਦੋਂ ਥਾਣੇਦਾਰ ਨੇ ਵਿਦਿਆਰਥੀਆਂ ਦੀ ਕੁੱਟਮਾਰ ਜਨਤਾ ਦੇ ਸਾਹਮਣੇ ਕੀਤੀ ਹੈ ਤਾਂ ਮੁਆਫੀ ਵੀ ਜਨਤਾ ਦੇ ਸਾਹਮਣੇ ਹੀ ਮੰਗੇ। ਡੀ.ਐਸ.ਪੀ. ਅਜਿਹਾ ਕਰਵਾਉਣ ਦੀ ਹਾਮੀ ਭਰ ਲੈਂਦਾ ਹੈ। ਵਿਦਿਆਰਥੀਆਂ ਨੇ 29 ਜਨਵਰੀ ਤੱਕ ਦੀ ਮੋਹਲਤ ਦਿੱਤੀ ਕਿ ਜੇਕਰ ਮਸਲਾ ਉਸ ਦਿਨ ਤੱਕ ਹੱਲ ਨਾ ਕੀਤਾ ਗਿਆ ਤਾਂ ਉਸ ਦਿਨ ਮੁਜਾਹਰਾ ਕੀਤਾ ਜਾਵੇਗਾ। ਉਸ ਦੀ ਤਿਆਰੀ ਲਈ ਪਿੰਡਾਂ ਅਤੇ ਸ਼ਹਿਰ ਵਿੱਚ ਮੀਟਿੰਗਾਂ-ਰੈਲੀਆਂ ਕਰਕੇ ਲਾਮਬੰਦੀ ਕੀਤੀ ਜਾਵੇਗੀ। ਇਸ ਸਬੰਧੀ ਫੇਸ ਬੁੱਕ ਅਤੇ ਸੋਸ਼ਲ ਮੀਡੀਏ ਉਪਰ ਪੋਸਟਰ ਅਤੇ ਵੀ.ਡੀ.ਓ. ਚਾੜ੍ਹ ਕੇ ਪ੍ਰਚਾਰ ਮੁਹਿੰਮ ਲਾਮਬੰਦ ਕੀਤੀ ਗਈ।
ਜੇਕਰ ਮਸਲਾ ਸਿਰਫ ਡੀ.ਐਸ.ਪੀ., ਥਾਣੇਦਾਰ ਅਤੇ ਵਿਦਿਆਰਥੀਆਂ ਤੱਕ ਹੀ ਸੀਮਤ ਰਹਿੰਦਾ ਤਾਂ ਸ਼ਾਇਦ ਥਾਣੇਦਾਰ ਜਨਤਕ ਮੁਆਫੀ ਮੰਗ ਹੀ ਲੈਂਦਾ। ਪਰ ਜਦੋਂ ਉੱਚ ਪੁਲਸ ਅਧਿਕਾਰੀਆਂ, ਸਥਾਨਕ ਕਾਂਗਰਸੀ ਚੌਧਰੀਆਂ ਨੂੰ ਪਤਾ ਲੱਗਾ ਕਿ ਥਾਣੇਦਾਰ ਜਨਤਕ ਮੁਆਫੀ ਮੰਗੇਗਾ ਤਾਂ ਉਹਨਾਂ ਨੇ ਥਾਣੇਦਾਰ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਜੇਕਰ ਪੁਲਸ ਲੋਕਾਂ ਕੋਲੋਂ ਮੁਆਫੀਆਂ ਹੀ ਮੰਗਣ ਲੱਗ ਪਈ ਤਾਂ ਫੇਰ ਇਸਦਾ ਤਹਿਕਾ ਹੀ ਕੀ ਰਹਿ ਜਾਵੇਗਾ। ਇਸ ਇਲਾਕੇ ਵਿੱਚ ਕਾਂਗਰਸੀਆਂ ਦੀ ਥਾਂ ਖੱਬੇ-ਪੱਖੀ ਕਾਮਰੇਡਾਂ ਦੀ ਚੜ੍ਹਤ ਹੋਵੇਗੀ। ਉਹਨਾਂ ਨੇ ਇਸ ਗੱਲ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਕੇ ਮਸਲੇ ਨੂੰ ਉਲਝਾਉਣ ਦੀ ਚਾਲ ਚੱਲੀ। ਉਹਨਾਂ ਨੇ ਆਪਣੇ ਪੱਖੀ ਕੁੱਝ ਵਿਦਿਆਰਥੀਆਂ ਨੂੰ ਭੜਕਾਉਣਾ ਸ਼ੁਰੂ ਕੀਤਾ ਅਤੇ ਵਿਦਿਅਕ ਅਧਿਕਾਰੀਆਂ ਨੂੰ ਆਪਣੇ ਪੱਖ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ। ਥਾਣੇਦਾਰ ਨੇ ਸਥਾਨਕ ਪੱਤਰਕਾਰਾਂ ਨੂੰ ਆਖ ਦਿੱਤਾ ਸੀ ਕਿ ਕੋਈ ਵੀ ਪੱਤਰਕਾਰ ਵਿਦਿਆਰਥੀਆਂ ਦੇ ਘੋਲ ਦੀ ਖਬਰ ਨਾ ਲਾਵੇ ਤੇ ਪਹਿਲੇ ਦਿਨਾਂ ਵਿੱਚ ਇਹ ਖਬਰ ਲੱਗੀ ਵੀ ਨਹੀਂ। ਥਾਣੇਦਾਰ ਨੇ ਕੁੱਟਮਾਰ ਦਾ ਸ਼ਿਕਾਰ ਵਿਦਿਆਰਥਣ ਦੇ ਘਰ ਜਾ ਕੇ ਉਸ ਦੀ ਬੇਇੱਜਤੀ ਹੋਣ ਦੇ ਡਰਾਵੇ ਦੇ ਕੇ ਪਿੱਛੇ ਹਟਣ ਦੀ ਧੌਂਸਬਾਜ਼ੀ ਕੀਤੀ। ਕਾਂਗਰਸੀ ਚੌਧਰੀਆਂ ਅਤੇ ਪੁਲਸ ਦੇ ਉੱਚ-ਅਫਸਰਾਂ ਨੇ ਵਿਦਿਆਰਥੀਆਂ ਦੇ ਗਰੁੱਪਾਂ ਦੀ ਆਪਸੀ ਲੜਾਈ ਕਰਵਾ ਕੇ ਯੂਨੀਅਨ ਵਾਲਿਆਂ ਨੂੰ ਫੜ ਕੇ ਉਹਨਾਂ ਦੀ ਕੁੱਟਮਾਰ ਕਰਕੇ ਝੂਠੇ ਕੇਸਾਂ ਵਿੱਚ ਫਸਾਉਣ ਦੀ ਸਾਜਿਸ਼ ਘੜੀ ਸੀ। ਪਰ ਸਬੰਧਤ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਡਟੇ ਰਹੇ। ਰੈਲੀ ਵਾਲੇ ਦਿਨ ਉਹ ਵੀ ਕਾਲਜ ਵਿੱਚ ਪਹੁੰਚੇ ਹੋਏ ਸਨ।
ਪੁਲਸ ਦੇ ਉੱਚ-ਅਧਿਕਾਰੀਆਂ ਵੱਲੋਂ ਡੀ.ਐਸ.ਪੀ. ਦੀ ਖੁਦਕੁਸ਼ੀ ਨੂੰ ਪਹਿਲਾਂ ਕਿਸੇ ਵੱਲੋਂ ਗੋਲੀ ਚਲਾ ਕੇ ਕੀਤਾ ਗਿਆ ਕਤਲ ਸਾਬਤ ਕਰਨ ਲਈ ਬਿਆਨ ਦਿੱਤਾ ਗਿਆ। ਇਸ ਦਾ ਮਨੋਰਥ ਵਿਦਿਆਰਥੀ ਅਤੇ ਲੋਕ ਆਗੂਆਂ ਨੂੰ ਫੜ ਕੇ ਉਹਨਾਂ ਦੀ ਤਾਕਤ ਦਾ ਮਲੀਆਮੇਟ ਕਰਨਾ ਸੀ। ਪਰ ਜਦੋਂ ਮੌਕਾ-ਏ-ਵਾਰਦਾਤ ਦੀਆਂ ਬਣੀਆਂ ਵੀਡੀਓਜ਼ ਸੋਸ਼ਲ ਮੀਡੀਏ 'ਤੇ ਆਉਣ ਲੱਗੀਆਂ ਤਾਂ ਉਹਨਾਂ ਨੂੰ ਆਪਣੇ ਬਿਆਨ ਬਦਲਣੇ ਪਏ। ਪਰ ਡੀ.ਐਸ.ਪੀ. ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਕੇਸ ਮੜ੍ਹ ਕੇ ਵਿਦਿਆਰਥੀ ਤਾਕਤ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਰਨਾਲੇ ਤੋਂ ਆਈਆਂ ਦੋ ਵਿਦਿਆਰਥਣਾਂ ਅਤੇ ਪਹਿਲਾਂ ਜੈਤੋ ਥਾਣੇ ਵਿੱਚ ਲਿਜਾਈ ਗਈ ਵਿਦਿਆਰਥਣ ਦੇ ਪਿਤਾ ਨੂੰ ਗ੍ਰਿਫਤਾਰ ਕਰਕੇ ਥਾਣੇਦਾਰ ਨੇ ਅੰਨ੍ਹਾ ਪੁਲਸੀ ਜਬਰ ਕਰਵਾਇਆ। ਇੱਕ ਵਿਦਿਆਰਥਣ ਦਾ ਪੁਲਸੀ ਘੋਟਣੇ ਲਾ ਕੇ ਗੋਡਾ ਕੱਢ ਦਿੱਤਾ। ਢਿੱਡ ਵਿੱਚ ਲੱਤਾਂ ਮਾਰੀਆਂ ਗਈਆਂ। ਅਤੇ ਹੋਰ ਗੁੱਝੀਆਂ ਸੱਟਾਂ ਮਾਰੀਆਂ ਗਈਆਂ। ਧੌਂਸ ਧਮਕੀਆਂ ਦੇ ਕੇ ਜਿੱਚ ਜਲੀਲ ਕੀਤਾ ਗਿਆ। ਵਿਦਿਆਰਥੀ ਅਤੇ ਲੋਕ ਪੱਖੀ ਜਥੇਬੰਦੀਆਂ ਦੇ ਆਗੂਆਂ ਨੂੰ ਦੇਸ਼ ਦੇ ਦੁਸ਼ਮਣ ਗਰਦਾਨਦੇ ਹੋਏ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਿਆਨ ਜਾਰੀ ਕੀਤਾ ਕਿ ''ਪੰਜਾਬ ਕੇ, ਦੇਸ਼ ਕੇ ਜੋ ਦੁਸ਼ਮਨ ਹੈਂ, ਉਨਕੀ ਤਰਫ ਸੇ ਪੰਜਾਬ ਕੋ, ਹਿੰਦੋਸਤਾਨ ਕੋ ਕਮਜ਼ੋਰ ਕਰਨੇ ਕੀ ਕੋਸ਼ਿਸ਼ੇ ਮੁਸੱਲਸਲ ਚੱਲ ਰਹੀ ਹੈਂ। ਪੰਜਾਬ ਕੋ, ਦੇਸ਼ ਕੋ ਅੰਦਰੂਨੀ ਖਤਰੇ ਭੀ ਹੈਂ ਔਰ ਬੈਰੂਨੀ ਖਤਰੇ ਭੀ ਹੈਂ। ਜਿਨਹੋਂ ਨੇ ਭੀ ਯਹ ਕੀਯਾ ਹੈ, ਯਹ ਦੇਸ਼ ਕੋ ਕਮਜ਼ੋਰ ਕਰਨੇ ਕੀ ਸਾਜਿਸ਼ ਹੈ। ਇਨ ਕੋ ਕਾਨੂੰਨ ਕੇ ਸ਼ਿਕੰਜ਼ੇ ਮੇਂ ਲੇ ਲੀਯਾ ਜਾਏਗਾ। ਇਸ ਕਿਸਮ ਕੇ ਜੋ ਅਨਾਸਰ ਹੈਂ, ਜੋ ਦਿਨ ਦਿਹਾੜੇ ਦਨਦਨਾਤੇ ਫਿਰਤੇ ਹੈਂ, ਇਨ ਕੋ ਪੰਜਾਬ ਮੇਂ ਮਾਹੌਲ ਖਰਾਬ ਕਰਨੇ ਕੀ ਇਜਾਜ਼ਤ ਨਹੀਂ ਦੀ ਜਾਯੇਗੀ।''
ਡੀ.ਐਸ.ਪੀ. ਦੀ ਮੌਤ ਤੋਂ ਦੂਸਰੇ ਦਿਨ ਜਦੋਂ ਗੰਨਮੈਨ ਦੀ ਮੌਤ ਵੀ ਹੋ ਗਈ ਅਤੇ ਉੱਚ ਅਧਿਕਾਰੀਆਂ ਨੂੰ ਹੋਰ ਵੀ ਨਮੋਸ਼ੀ ਝੱਲਣੀ ਪਈ। ਦੂਸਰੇ ਪਾਸੇ ਲੋਕ ਪੱਖੀ ਜਥੇਬੰਦੀਆਂ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਡਟ ਕੇ ਖੜ੍ਹਨ ਦੇ ਐਲਾਨ ਕੀਤੇ। ਥਾਣੇਦਾਰ ਨੂੰ ਸਾਰੀ ਘਟਨਾ ਦਾ ਦੋਸ਼ੀ ਠਹਿਰਾਇਆ ਗਿਆ। ਡੀ.ਐਸ.ਪੀ. ਦੇ ਖੁਦਕੁਸ਼ੀ ਕਰ ਜਾਣ ਕਰਕੇ ਜੇਕਰ ਇਸ ਮਸਲੇ ਨੂੰ ਹੋਰ ਜ਼ਿਆਦਾ ਅਰਸੇ ਤੱਕ ਲਮਕਾਇਆ ਜਾਂਦਾ ਤਾਂ ਸਥਾਨਕ ਕਾਂਗਰਸੀ ਚੌਧਰੀਆਂ ਅਤੇ ਉੱਚ ਪੁਲਸ ਅਫਸਰਾਂ ਦੀਆਂ ਕਰਤੂਤਾਂ ਦੇ ਹੋਰ ਨੰਗਾ ਹੋਣ ਦੇ ਆਸਾਰ ਬਣਦੇ ਜਾ ਰਹੇ ਸਨ। ਲੋਕਾਂ ਦੇ ਵਧਦੇ ਦਬਾਅ ਸਨਮੁੱਖ ਪ੍ਰਸਾਸ਼ਨ ਨੂੰ ਵਿਦਿਆਰਥੀਆਂ 'ਤੇ ਪਾਏ ਸਾਰੇ ਝੂਠੇ ਕੇਸ ਵਾਪਸ ਲੈ ਕੇ ਥਾਣੇਦਾਰ ਤੋਂ ਜਨਤਕ ਮੁਆਫੀ ਮੰਗਵਾਏ ਜਾਣ ਦਾ ਕੌੜਾ ਅੱਕ ਚੱਬਣਾ ਪਿਆ।  ੦-
ਝਾਰਖੰਡ ਹਕੂਮਤ ਵੱਲੋਂ ਮਜ਼ਦੂਰ ਸੰਗਠਨ ਸੰਮਤੀ ਉੱਤੇ ਮੜ੍ਹੀ
ਪਾਬੰਦੀ ਵਿਰੁੱਧ ਵਿਆਪਕ ਸ਼ਕਤੀਆਂ ਨੂੰ ਲਾਮਬੰਦ ਕਰੋ
-ਸੁਮੇਲ
ਝਾਰਖੰਡ ਦੀ ਭਾਜਪਾ ਸਰਕਾਰ ਵੱਲੋਂ 22 ਦਸੰਬਰ 2017 ਨੂੰ ਮਜ਼ਦੂਰ ਸੰਗਠਨ ਸੰਮਤੀ  ਉੱਤੇ ਪਾਬੰਦੀ ਮੜ੍ਹ ਦਿੱਤੀ ਹੈ। ਬਹਾਨਾ ਇਹ ਬਣਾਇਆ ਗਿਆ ਹੈ ਕਿ ਮਜ਼ਦੂਰ ਸੰਘਰਸ਼ ਸੰਮਤੀ ਸੀ.ਪੀ.ਆਈ. (ਮਾਓਵਾਦੀ) ਦੀ ਫਰੰਟ ਜਥੇਬੰਦੀ ਹੈ। ਇਸ ਸਬੰਧੀ ਝਾਰਖੰਡ ਦੇ ਰਾਜਪਾਲ ਦੇ ਹੁਕਮਾਂ ਉੱਤੇ ਸਰਕਾਰ ਦੇ ਸਹਾਇਕ ਸਕੱਤਰ ਬਾਲਕ੍ਰਿਸ਼ਨ ਮੁੰਡਾ ਵੱਲੋਂ ਅਪਰਾਧ ਰੋਕੂ ਕਾਨੂੰਨ 1908 ਦੇ ਅਧਿਨਿਯਮ 14 ਦੀ ਧਾਰਾ 16 ਤਹਿਤ ਮਿਲੀਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ, ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ, ''ਰਾਜ ਸਰਕਾਰ ਸੀ.ਪੀ.ਆਈ. (ਮਾਓਵਾਦੀ) ਦੀ ਫਰੰਟ ਜਥੇਬੰਦੀ ਮਜ਼ਦੂਰ ਸੰਗਠਨ ਸੰਮਤੀ ਨੂੰ ਇਸ ਦੇ ਗਠਨ ਦੀ ਤਰੀਕ ਤੋਂ ਗੈਰ ਕਾਨੂੰਨੀ ਘੋਸ਼ਿਤ ਕਰਦੀ ਹੈ। ਇਸ ਜਥੇਬੰਦੀ ਦੇ ਮੈਂਬਰ ਬਣਨ, ਇਸ ਲਈ ਚੰਦਾ ਦੇਣ ਅਤੇ ਇਸ ਦੀ ਅੱਤਵਾਦੀ ਨੀਤੀ ਤਹਿਤ ਕੋਈ ਸਾਹਿਤ ਜਾਂ ਪੱਤਰਕਾ ਛਾਪਣ ਜਾਂ ਰੱਖਣ ਨੂੰ ਗੈਰਕਾਨੂੰਨੀ ਘੋਸ਼ਿਤ ਕੀਤਾ ਜਾਂਦਾ ਹੈ।'' ਇਸ ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ, ''ਰਾਜ ਸਰਕਾਰ ਦਾ ਵਿਚਾਰ ਹੈ ਕਿ ਝਾਰਖੰਡ ਰਾਜ ਵਿੱਚ ਸੀ.ਪੀ.ਆਈ.(ਮਾਓਵਾਦੀ) ਦੀ ਫਰੰਟ ਜਥੇਬੰਦੀ ਮਜ਼ਦੂਰ ਸੰਗਠਨ ਸੰਮਤੀ ਦੀ ਗਤੀਵਿਧੀ ਲੋਕਤੰਤਰ ਵਿਵਸਥਾ ਬਣਾਈ ਰੱਖਣ ਵਿੱਚ ਦਖਲਅੰਦਾਜੀ ਕਰਦੀ ਹੈ। ਇਹ ਲੋਕ ਸ਼ਕਤੀ ਲਈ ਘਾਤਕ ਹੈ।''
ਇਸ ਪਾਬੰਦੀ ਤੋਂ ਪਹਿਲਾਂ ਝਾਰਖੰਡ ਪੁਲਿਸ ਦੇ ਡੀ.ਜੀ.ਪੀ. ਡੀ.ਕੇ. ਪਾਂਡੇ ਨੇ ਰਾਂਚੀ ਵਿੱਚ 19 ਦਸੰਬਰ 2017 ਨੂੰ ਕੀਤੀ ਪ੍ਰੈੱਸ ਕਾਨਫਰੰਸ ਅੰਦਰ ਦੱਸਿਆ ਸੀ ਕਿ, ''ਮਜ਼ਦੂਰ ਸੰਗਠਨ ਸੰਮਤੀ ਰਾਜ ਦੀ ਅੰਦਰੂਨੀ ਸੁਰੱਖਿਆ ਲਈ ਖਤਰਾ ਹੈ। ਕਿਉਂਕਿ ਇਹ ਪਿੰਡਾਂ ਦੇ ਛੋਟੇ-2  ਵਿਵਾਦ ਦਾ ਨਿਪਟਾਰਾ ਕਰਕੇ ਜਾਂ ਲੋਕ ਭਲਾਈ ਤਹਿਤ ਦਵਾਈ ਜਾਂ ਕੰਬਲ ਆਦਿ ਵੰਡ ਕੇ ਲੋਕਾਂ ਦੀ ਹਮਦਰਦੀ ਵਟੋਰ ਰਹੀ ਹੈ। 9 ਜੂਨ 2017 ਮਧੂਬਨ ਥਾਣਾ ਖੇਤਰ ਦੇ ਢੋਲਕਾ ਪਿੰਡ ਵਿੱਚ ਪੁਲਿਸ ਅਤੇ ਨਕਸਲੀ ਮੁੱਠਭੇੜ ਵਿੱਚ ਮਾਰੇ ਗਏ ਮੋਤੀ ਲਾਲ ਬਾਸਕੇ ਦੇ ਪ੍ਰੀਵਾਰ ਵਾਲਿਆਂ ਨੂੰ ਪੁਲਿਸ ਉੱਪਰ ਮੁਕੱਦਮਾ ਕਰਨ ਲਈ ਉਕਸਾਇਆ ਗਿਆ ਹੈ। ਇਸ ਵੱਲੋਂ ਇਸ ਮੁੱਠਭੇੜ ਨੂੰ ਫਰਜੀ ਦੱਸ ਕੇ ਵਿਆਪਕ ਅੰਦੋਲਨ ਕੀਤਾ ਜਾ ਰਿਹਾ ਹੈ। ਇਨ੍ਹਾਂ ਬਹੁਤ ਸਾਰੇ ਤੱਥਾਂ ਦਾ ਹਵਾਲਾ ਦੇ ਕੇ ਰਾਜ ਪੁਲਿਸ ਦੇ ਹੈੱਡਕੁਆਟਰ ਵੱਲੋਂ ਗ੍ਰਹਿ ਸਕੱਤਰ ਨੂੰ ਮਜ਼ਦੂਰ ਸੰਗਠਨ ਸੰਮਤੀ ਉੱਤੇ ਪਾਬੰਦੀ ਲਾਉਣ ਦਾ ਮਤਾ ਭੇਜਿਆ ਗਿਆ ਹੈ।'' ਇਸ ਪ੍ਰੈੱਸ ਕਾਨਫਰੰਸ ਤੋਂ ਤਿੰਨ ਦਿਨ ਬਾਅਦ ਹੀ ਝਾਰਖੰਡ ਹਕੂਮਤ ਵੱਲੋਂ ਪਾਬੰਦੀ ਮੜ੍ਹ ਦਿੱਤੀ ਗਈ ਹੈ। ਜਿਸ ਵਿੱਚ ਅਕਤੂਬਰ ਇਨਕਲਾਬ ਸਬੰਧੀ ਰਾਂਚੀ ਵਿੱਚ ਹੋਏ ਸਮਾਗਮ ਮੌਕੇ ਆਰ.ਡੀ.ਐੱਫ. ਦੇ ਆਗੂ ਵਰਵਰਾ ਰਾਓ ਦੇ ਸੰਬੋਧਨ ਕਰਨ ਦਾ ਮੁੱਦਾ ਵੀ ਪਾਬੰਦੀ ਲਾਉਣ ਲਈ ਅਧਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਮਜ਼ਦੂਰ ਸੰਗਠਨ ਸੰਮਤੀ ਕੀ ਹੈ?
ਇਹ ਵੱਖ-2 ਖੇਤਰਾਂ ਅੰਦਰ ਕੰਮ ਕਰਦੇ ਮਜ਼ਦੂਰਾਂ ਦੀ ਇੱਕ ਜਥੇਬੰਦੀ ਹੈ, ਜਿਹੜੀ ਲੇਬਰ ਲਾਅ ਅਧੀਨ ਬਕਾਇਦਾ ਰਜਿਸਟਰਡ ਹੈ। ਇਸ ਦਾ ਰਜਿਸਟ੍ਰੇਸ਼ਨ ਨੰਬਰ 3113/89 ਹੈ। ਇਹ 1985 ਵਿੱਚ ਬਣਾਈ ਗਈ ਸੀ। ਇਹ 1989 ਵਿੱਚ ਬਕਾਇਦਾ ਤੌਰ 'ਤੇ ਰਜਿਸਟਰਡ ਕਰਵਾਈ ਗਈ। ਉਸ ਸਮੇਂ ਇਸ ਦੀ ਮੈਂਬਰਸ਼ਿੱਪ 22000 ਸੀ। ਅੱਜ ਕੱਲ ਇਸ ਦੀ ਮੈਂਬਰਸ਼ਿੱਪ 16000 ਹੈ। ਇਹ ਝਾਰਖੰਡ ਦੇ ਜਿਲ੍ਹੇ ਗਿਰਡੀਹ, ਧੰਨਬਾਦ, ਮਧੂਬਨ ਵਿੱਚ ਜਿਆਦਾ ਹਰਕਤਸ਼ੀਲ ਹੈ। ਇਹ ਇਲਾਕਾ ਭਾਰਤ ਅੰਦਰ ਕੋਲੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਕੋਲੇ ਤੇ ਬਾਕਸਾਈਟ ਦੀਆਂ ਖਾਣਾਂ ਹਨ। ਇਹ ਕੋਲਾ ਖਾਣਾਂ ਦੇ ਮਜ਼ਦੂਰਾਂ, ਬਕਾਰੋ ਦੇ ਥਰਮਲ ਕਾਮਿਆਂ, ਪਾਰਸਨਾਥ ਦੇ ਪਹਾੜ ਦੇ ਡੋਲੀ ਮਜ਼ਦੂਰਾਂ ਅਤੇ ਖੇਤ ਮਜ਼ਦੂਰਾਂ ਵਿੱਚ ਕੰਮ ਕਰਦੀ ਹੈ। ਇਸ ਦੀਆਂ ਕਈ ਸਥਾਨਕ ਸ਼ਹਿਰਾਂ ਵਿੱਚ ਸ਼ਾਖਾਵਾਂ ਹਨ। ਦਫਤਰ ਹਨ। ਇਸ ਦੀ ਇੱਕ ਕੇਂਦਰੀ ਕਮੇਟੀ ਹੈ। ਇਸ ਦੀ ਕੇਂਦਰੀ ਕਮੇਟੀ ਦਾ ਦਫਤਰ ਅੰਗਾਰਪਥਰਾ, ਕਰਤਾਸ ਧੰਨਬਾਦ ਵਿੱਚ ਹੈ। ਇਸ ਦੀਆਂ ਸ਼ਾਖਾਵਾਂ ਦੇ ਅਲੱਗ ਦਫਤਰ ਹਨ। ਇਸ ਦਾ ਬੈਂਕ 'ਚ ਕੇਂਦਰੀ ਖਾਤਾ ਵੀ ਹੈ। ਸ਼ਾਖਾਵਾਂ ਦੇ ਅਲੱਗ ਬੈਂਕ ਖਾਤੇ ਹਨ। ਇਹ ਸਿਰਫ ਝਾਰਖੰਡ ਅੰਦਰ ਹੀ ਕੰਮ ਨਹੀਂ ਕਰਦੀ, ਇਸ ਦੀਆਂ ਬਿਹਾਰ ਅਤੇ ਬੰਗਾਲ ਰਾਜਾਂ ਵਿੱਚ ਵੀ ਸ਼ਾਖਾਵਾਂ ਹਨ।
ਪਾਰਸਨਾਥ ਪਹਾੜ ਜਿਹੜਾ ਜੈਨ ਧਰਮ ਦੇ ਲੋਕਾਂ ਦਾ ਸਭ ਤੋਂ ਵੱਡਾ ਸਥਾਨ ਹੈ। ਇਸ ਦੇ ਮੰਦਰ ਪਹਾੜ ਦੇ ਉੱਪਰ ਹਨ, ਜੈਨੀ ਲੋਕਾਂ ਨੂੰ ਡੋਲੀ ਵਿੱਚ ਬੈਠਾ ਕੇ ਲਿਜਾਣ ਲਈ ਡੋਲੀ ਮਜ਼ਦੂਰ ਯੂਨੀਅਨ ਬਣੀ ਹੋਈ ਹੈ। ਜਿਹੜੀ ਮਜ਼ਦੂਰ ਸੰਗਠਨ ਸੰਮਤੀ ਦਾ ਅੰਗ ਹੈ। ਇਸ ਵੱਲੋਂ ਡੋਲੀ ਮਜ਼ਦੂਰ ਭਲਾਈ ਫੰਡ ਕਾਇਮ ਕੀਤਾ ਹੋਇਆ ਹੈ। ਜੈਨੀ ਲੋਕਾਂ ਤੋਂ ਉਗਰਾਹੇ ਪੈਸੇ ਦਾ ਨਿਸ਼ਚਿਤ ਹਿੱਸਾ ਇਸ ਫੰਡ ਵਿੱਚ ਪੈਂਦਾ ਹੈ। ਜਿਸ ਨੂੰ ਮਜ਼ਦੂਰ ਲਗਾਤਾਰ ਪੈਸੇ ਜਮ੍ਹਾਂ ਕਰਵਾਉਂਦੇ ਹਨ। ਜਿਸ ਵਿੱਚੋਂ ਇਹ ਜਥੇਬੰਦੀ ਮਜ਼ਦੂਰਾਂ ਦੀ ਸੰਕਟ ਸਮੇਂ ਸਹਾਇਤਾ ਕਰਦੀ ਹੈ। ਇਹ ਜਥੇਬੰਦੀ ਕਿਰਤੀਆਂ ਦਾ ਇੱਕ ਹਸਪਤਾਲ ਵੀ ਚਲਾਉਂਦੀ ਹੈ, ਜਿਸ ਵਿੱਚ ਮਜ਼ਦੂਰਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।
ਹਕੂਮਤੀ ਹਮਲਾ
ਝਾਰਖੰਡ ਸਰਕਾਰ ਵੱਲੋਂ ਮਜ਼ਦੂਰ ਸੰਗਠਨ ਸੰਮਤੀ 'ਤੇ ਪਾਬੰਦੀ ਲਾਉਣ ਤੋਂ ਬਾਅਦ ਇਸ ਦੇ 10 ਆਗੂਆਂ ਉੱਤੇ ਕੇਸ ਮੜ੍ਹ ਦਿੱਤੇ ਹਨ। ਇਸ ਦੇ ਮੁੱਖ ਆਗੂ ਦਮੋਦਰ ਤੁਰੀ ਅਤੇ ਤਿੰਨ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਭਾਲ ਵਿੱਚ ਛਾਪੇ ਮਾਰੇ ਗਏ ਹਨ। ਗਿਰਡੀਹ, ਧੰਨਬਾਦ, ਮਧੂਬਨ, ਬੋਕਾਰੋ, ਪਾਰਸਨਾਥ ਆਦਿ ਵਿਚਲੇ ਦਫਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਕੇਂਦਰੀ ਅਤੇ ਸਥਾਨਕ ਸ਼ਾਖਾਵਾ ਦੇ ਬੈਂਕ ਖਾਤੇ ਜਾਮ ਕਰ ਦਿੱਤੇ ਹਨ। ਡੋਲੀ ਮਜ਼ਦੂਰਾਂ ਦਾ ਭਲਾਈ ਫੰਡ ਜਾਮ ਕਰ ਦਿੱਤਾ ਹੈ। ਮੁਫਤ ਇਲਾਜ ਲਈ ਮਜ਼ਦੂਰਾਂ ਵੱਲੋਂ ਖੁਦ ਬਣਾਏ ਤੇ ਚਲਾਏ ਜਾ ਰਹੇ ਹਸਪਤਾਲ ਉੱਤੇ ਕਬਜਾ ਕਰ ਲਿਆ ਹੈ। ਮਜ਼ਦੂਰ ਸੰਗਠਨ ਸੰਮਤੀ ਦੇ ਮੈਂਬਰ ਬਣਨ, ਚੰਦਾ ਇਕੱਠਾ ਕਰਨ ਉੱਤੇ ਪਾਬੰਦੀ ਮੜ੍ਹ ਦਿੱਤੀ ਗਈ ਹੈ। ਕਿਸੇ ਵੀ ਮੁੱਦੇ ਉੱਤੇ ਸਰਗਰਮੀ ਕਰਨ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ। ਇਸ ਦੀਆਂ ਸਰਗਰਮੀਆਂ ਨੂੰ ਲੋਕਤੰਤਰ ਲਈ ਖਤਰਾ ਦੱਸਿਆ ਜਾ ਰਿਹਾ ਹੈ।
ਲੋਕ ਟਾਕਰਾ
ਜਿੱਥੇ ਜਬਰ ਹੈ, ਉੱਥੇ ਟਾਕਰਾ ਹੈ, ਦੀ ਮਾਰਕਸਵਾਦੀ ਸਚਾਈ ਮੁਤਾਬਿਕ ਝਾਰਖੰਡ ਸਰਕਾਰ ਦੇ ਇਨ੍ਹਾਂ ਫਾਸ਼ੀਵਾਦੀ ਕਦਮਾਂ ਖਿਲਾਫ ਲੋਕਾਂ ਅੰਦਰ ਵਿਆਪਕ ਰੋਹ ਫੈਲਿਆ ਹੈ। ਮਜ਼ਦੂਰਾਂ ਵੱਲੋਂ ਇਸ ਧੱਕੜ ਫੈਸਲੇ ਵਿਰੁੱਧ ਰੋਸ ਵਿਖਾਵੇ ਕੀਤੇ ਗਏ ਹਨ। ਦਿੱਲੀ ਵਿੱਚ ਵੱਖ-2 ਟਰੇਡ ਯੂਨੀਅਨਾਂ ਅਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਪਾਬੰਦੀ ਚੁੱਕਣ ਦੀ ਮੰਗ ਕੀਤੀ ਗਈ ਹੈ। ਰਾਂਚੀ ਵਿੱਚ 15 ਫਰਵਰੀ ਨੂੰ ਇੱਕ ਸੈਮੀਨਾਰ ਕਰਕੇ ਇਸ ਫੈਸਲੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਵੱਖ-2 ਰਾਜਾਂ ਦੇ ਪ੍ਰਤੀਨਿੱਧਾਂ ਨੇ ਹਿੱਸਾ ਲਿਆ। ਹੁਣ ਤੱਕ ਸ਼ਹੀਦ ਭਗਤ ਸਿੰਘ ਵਿਦਿਆਰਥੀ ਮੋਰਚਾ, ਆਰ.ਡੀ.ਐੱਫ., ਸਟੂਡੈਂਟਸ ਫਾਰ ਸੁਸਾਇਟੀ, ਪੀ.ਯੂ.ਸੀ.ਐੱਲ., ਵਿਸਥਾਪਨ  ਵਿਰੋਧੀ ਮੰਚ ਝਾਰਖੰਡ, ਮਜ਼ਦੂਰ ਸੰਗਠਨ ਸੰਮਤੀ ਦੀ ਕੇਂਦਰੀ ਕਮੇਟੀ ਆਦਿ ਵੱਲੋਂ ਝਾਰਖੰਡ ਸਰਕਾਰ ਦੇ ਧੱਕੜ ਕਦਮਾਂ ਵਿਰੁੱਧ ਅਵਾਜ਼ ਬੁਲੰਦ ਕੀਤੀ ਗਈ ਹੈ।
ਹਮਲਾ ਕਿਉਂ?
ਮਜ਼ਦੂਰ ਸੰਗਠਨ ਸੰਮਤੀ ਇੱਕ ਵਿਆਪਕ ਤਾਣੇ ਬਾਣੇ ਵਾਲੀ ਜਥੇਬੰਦੀ ਹੈ। ਜਿਸ ਵੱਲੋਂ ਲੰਬੇ ਸਮੇਂ ਮਜ਼ਦੂਰ ਹੱਕਾਂ ਲਈ ਜੱਦੋਜਹਿਦਾਂ ਕੀਤੀਆਂ ਗਈਆਂ ਹਨ। ਇਹ ਜੱਦੋਜਹਿਦਾਂ ਆਮ ਮਜ਼ਦੂਰਾਂ ਦੇ ਹੱਕਾਂ ਲਈ ਕੀਤੀਆਂ ਗਈਆਂ। ਇਹ ਪੁਲਿਸ ਜਬਰ ਵਿਰੁੱਧ ਕੀਤੀਆਂ ਗਈਆਂ। ਇਹ ਜੈਨ ਧਰਮ ਨੂੰ ਮੰਨਣ ਵਾਲਿਆਂ ਦੀਆਂ ਕੋਠੀਆਂ ਦੇ ਪ੍ਰਬੰਧਕਾਂ ਵਿਰੁੱਧ ਕੀਤੀਆਂ ਗਈਆਂ ਹਨ। ਇਹ ਸਰਕਾਰ ਦੇ ਵਿਰੁੱਧ ਕੀਤੀਆਂ ਗਈਆਂ ਹਨ। ਇਹ ਜਲ, ਜੰਗਲ, ਜ਼ਮੀਨ ਦੀ ਰਾਖੀ ਲਈ ਚੱਲ ਰਹੇ ਅੰਦੋਲਨ ਦੇ ਹੱਕ ਵਿੱਚ ਕੀਤੀਆਂ ਗਈਆਂ।
ਮਜ਼ਦੂਰ ਸੰਗਠਨ ਸੰਮਤੀ ਵੱਲੋਂ ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇਗੰਢ ਅਤੇ ਅਕਤੂਬਰ ਇਨਕਲਾਬ ਦੀ 100ਵੀਂ ਵਰ੍ਹੇਗੰਢ ਮੌਕੇ ਬਹੁਤ ਸਾਰੇ ਸ਼ਹਿਰਾਂ ਅੰਦਰ ਵੱਡੇ-2 ਸਮਾਗਮ ਕੀਤੇ ਗਏ ਹਨ। ਜਿਨ੍ਹਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਜਿਸ ਕਾਰਨ ਮਜ਼ਦੂਰ ਸੰਗਠਨ ਸੰਮਤੀ ਮੋਦੀ ਹਕੂਮਤ ਤੇ ਝਾਰਖੰਡ ਹਕੂਮਤ ਦੇ ਅੱਖਾਂ ਵਿੱਚ ਰੜਕਣ ਲੱਗੀ ਹੈ।
ਇਸਦਾ ਦਾ ਦੂਜਾ ਕਾਰਨ ਇਹ ਹੈ ਕਿ ਇਹ ਸਾਰਾ ਇਲਾਕਾ ਜੰਗਲੀ-ਪਹਾੜੀ ਇਲਾਕਾ ਹੈ। ਇੱਥੇ ਆਦਿਵਾਸੀ, ਖਾਸ ਕਰਕੇ ਸੰਥਾਲ ਆਦਿਵਾਸੀ ਲੋਕ ਵਸਦੇ ਹਨ। ਜਿਨ੍ਹਾਂ ਦਾ ਜੱਦੋਜਹਿਦ ਦਾ ਇੱਕ ਲੰਬਾ ਇਤਿਹਾਸ ਹੈ। ਇਹ ਇਲਾਕਾ ਮਾਓਵਾਦੀਆਂ ਦੇ ਗੜ੍ਹ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਪਹਿਲਾਂ ਇਹ ਇਲਾਕਾ ਸਾਬਕਾ ਐੱਮ.ਸੀ.ਸੀ. ਦੇ ਮਜਬੂਤ ਗੜ੍ਹ ਦੇ ਤੌਰ 'ਤੇ ਜਾਣਿਆਂ ਜਾਂਦਾ ਸੀ, ਹੁਣ ਸੀ.ਪੀ.ਆਈ.(ਮਾਓਵਾਦੀ) ਦੇ ਮਜਬੂਤ ਗੜ੍ਹ ਦੇ ਤੌਰ 'ਤੇ ਜਾਣਿਆਂ ਜਾਂਦਾ ਹੈ। ਮੋਦੀ ਹਕੂਮਤ ਵੱਲੋਂ ਜਾਰ੍ਹੀ ਰੱਖੇ ਤੇ ਤੇਜ ਕੀਤੇ ਜਾ ਰਹੇ ਅਪ੍ਰੇਸ਼ਨ ਗ੍ਰੀਨ ਹੰਟ ਤਹਿਤ 2019 ਤੱਕ ਮਾਓਵਾਦੀਆਂ ਨੂੰ ਖਤਮ ਕਰਨ ਦਾ ਮਿਸ਼ਨ ਤਹਿ ਕੀਤਾ ਹੋਇਆ ਹੈ। ਪਹਿਲਾਂ ਇਹ 2016 ਤੱਕ ਮਿਥਿਆ ਸੀ, ਫਿਰ ਇਹ 2017 ਤੱਕ ਮਿਥਿਆ ਗਿਆ, ਜਦੋਂ ਮੋਦੀ ਹਕੂਮਤ ਨੂੰ ਸਫਲਤਾ ਨਾ ਮਿਲੀ ਤਾਂ ਹੁਣ ਇਨ੍ਹਾਂ ਵੱਲੋਂ ਮਿਸ਼ਨ 2019 ਤਹਿ ਕੀਤਾ ਗਿਆ ਹੈ। ਜਿਸ ਤਹਿਤ ਇਸ ਖੇਤਰ ਅੰਦਰ ਪੈਰਾ ਮਿਲਟਰੀ ਫੋਰਸਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਅਚਾਨਕ ਘੇਰਾਬੰਦੀ ਕੀਤੀ ਜਾਂਦੀ ਹੈ। ਝਾਰਖੰਡ ਦੇ ਪਾਰਸਾਨਾਥ ਪਹਾੜ, ਕੋਲਹਾਨ ਅਤੇ ਸਰੰਡਾ ਜੰਗਲ ਵਿੱਚ ''ਘੇਰੋ ਅਤੇ ਕੁਚਲੋ'' ਮੁਹਿੰਮ ਤਹਿਤ ਜਬਰ ਪੂਰੇ ਜੋਰਾਂ 'ਤੇ ਹੈ। ਨਵੰਬਰ 2017 ਤੋਂ ਮੋਦੀ ਹਕੂਮਤ ਵੱਲੋਂ ਉੱਤਰ-ਪੂਰਬੀ ਬਿਹਾਰ ਅਤੇ ਉੱਤਰ ਝਾਰਖੰਡ 'ਚ ਪੈਂਦੇ ਬੁੱਢਾ ਪਹਾੜ ਉੱਤੇ ਹਮਲਾ ਵਿਢਿਆ ਹੋਇਆ ਹੈ।
ਮਜ਼ਦੂਰ ਸੰਗਠਨ ਸੰਮਤੀ ਉੱਤੇ ਪਾਬੰਦੀ ਮੋਦੀ ਅਤੇ ਝਾਰਖੰਡ ਸਰਕਾਰ ਦੇ ਫਾਸ਼ੀਵਾਦ ਵੱਲ ਵਧਦੇ ਕਦਮਾਂ ਦਾ ਅੰਗ ਹੈ। ਝਾਰਖੰਡ ਹਕੂਮਤ ਇਸ ਤੋਂ ਪਹਿਲਾਂ 13 ਜਨਤਕ ਜਥੇਬੰਦੀਆਂ ਨੂੰ ਬੈਨ ਕਰ ਚੁੱਕੀ ਹੈ। ਮਜ਼ਦੂਰ ਸੰਗਠਨ ਸੰਮਤੀ 'ਤੇ ਪਾਬੰਦੀ ਮਿਸ਼ਨ-2019 ਤਹਿਤ ਝਾਰਖੰਡ ਦੀ ਕਮਿਊਨਿਸਟ ਇਨਕਲਾਬੀ ਲਹਿਰ 'ਤੇ ਨਵੇਂ ਹਮਲੇ ਦਾ ਇੱਕ ਹਿੱਸਾ ਹੈ। ਵੀ.ਵੀ. ਰਾਓ ਦੇ ਸਮਾਗਮ ਵਿੱਚ ਬੋਲਣ ਨੂੰ ਇੱਕ ਬਹਾਨਾ ਬਨਾਇਆ ਗਿਆ ਹੈ। ਲੋਕਤੰਤਰ ਲਈ ਖਤਰਾ ਮਜ਼ਦੂਰ ਸੰਗਠਨ ਸੰਮਤੀ ਨਹੀਂ, ਸਗੋਂ ਹਿੰਦੂ ਫਾਸ਼ੀਵਾਦੀ ਮੋਦੀ ਤੇ ਝਾਰਖੰਡ ਹਕੂਮਤ ਬਣੀ ਹੋਈ ਹੈ, ਜਿਹੜੀ ਉਸ ਵਿਰੁੱਧ ਉੱਠਣ ਵਾਲੀ ਹਰ ਕਿਸਮ ਦੀ ਵਿਦਰੋਹੀ ਅਵਾਜ਼ ਨੂੰ ਕੁਚਲਣ 'ਤੇ ਉਤਾਰੂ ਹੋ ਰਹੀ ਹੈ। ਅਜਿਹਾ ਕਰਕੇ, ਉਹ ਝਾਰਖੰਡ ਦੀ ਧਰਤੀ ਹੇਠ ਦੱਬੇ ਕੁਦਰਤੀ ਮਾਲ ਖਜਾਨਿਆਂ ਨੂੰ ਸਾਮਰਾਜੀਆਂ ਅਤੇ ਉਸਦੇ ਭਾਰਤੀ ਦਲਾਲਾਂ ਨੂੰ ਖੁੱਲ੍ਹੇ ਲੁੱਟਵਾਉਣਾ ਚਾਹੁੰਦੀ ਹੈ। ਇਸ ਲਈ, ਸਾਰੀਆਂ ਜਮਹੂਰੀ ਸ਼ਕਤੀਆਂ ਦਾ ਫਰਜ ਬਣਦਾ ਹੈ ਕਿ ਮਜ਼ਦੂਰ ਸੰਗਠਨ ਸੰਮਤੀ 'ਤੇ ਲਾਈ ਪਾਬੰਦੀ ਚੁੱਕਣ, ਉਸ ਦੇ ਆਗੂਆਂ ਵਿਰੁੱਧ ਬਣਾਏ ਕੇਸ ਵਾਪਸ ਲੈਣ, ਉਸ ਦੇ ਦਫਤਰ ਅਤੇ ਬੈਂਕ ਖਾਤੇ ਸੀਲ ਕਰਨ ਵਿਰੁੱਧ ਅਵਾਜ ਬੁਲੰਦ ਕਰਨ। ਅਜਿਹਾ ਕਰਦੇ ਹੋਏ, ਉਹ ਝਾਰਖੰਡ ਦੀ ਮਾਓਵਾਦੀ ਲਹਿਰ 'ਤੇ ਵਿੱਢੇ ਜਾ ਰਹੇ ਨਵੇਂ ਹਕੂਮਤੀ ਹਮਲੇ ਵਿਰੁੱਧ ਵਿਆਪਕ ਸ਼ਕਤੀਆਂ ਨੂੰ ਲਾਮਬੰਦ ਕਰਨ।
(24 ਫਰਵਰੀ, 2018)

ਸੁਪਰੀਮ ਕੋਰਟ ਦੇ ਚਾਰ ਜੱਜਾਂ ਦੀ ਪਰੈਸ ਕਾਨਫਰੰਸ


ਸੁਪਰੀਮ ਕੋਰਟ ਦੇ ਚਾਰ ਜੱਜਾਂ ਦੀ ਪਰੈਸ ਕਾਨਫਰੰਸ ਨੇ
ਨਿਆਂਪਾਲਿਕਾ ਦੇ ਚਿਹਰੇ ਤੋਂ ਨਿਰਪੱਖਤਾ ਦਾ ਮੁਲੰਮਾ ਲਾਹਿਆ
-ਚੇਤਨ
ਭਾਰਤ ਵਿੱਚ ਜਿੱਥੇ ਹਾਕਮ ਜਮਾਤਾਂ ਵੱਲੋਂ ਨਿੱਤ ਪ੍ਰਚਾਰਿਆ ਜਾਂਦਾ ਹੈ ਕਿ ਭਾਰਤ ਦੀ ਨਿਆਂਪਾਲਿਕਾ ਇਸਦੇ ਰਾਜ ਪ੍ਰਬੰਧ ਦੀਆਂ ਸ਼ਾਖਾਵਾਂ ਬਾਕੀ ਵਿਧਾਨ ਪਾਲਿਕਾ, ਕਾਰਜ ਪਾਲਿਕਾ ਆਦਿ ਤੋਂ ਸਿਰਮੌਰ ਹੈ ਅਤੇ ਇਸਦੀ ਨਿਰਪੱਖਤਾ ਤੇ ਸਰਬ-ਉੱਚਤਾ ਬਾਰੇ ਕੋਈ ਸੁਆਲ ਕਰਨਾ ਜਾਂ ਸੋਚਣਾ ਵੀ ਅਪਰਾਧ ਹੈ ਅਤੇ ਇਸਦੇ ਫੈਸਲਿਆਂ/ਨਿਰਣਿਆਂ ਅਤੇ ਕਾਰਵਿਹਾਰ ਨੂੰ ਅੱਖਾਂ ਬੰਦ ਕਰਕੇ ਮੰਨਣਾ ਚਾਹੀਦਾ ਹੈ। ਉਸ ਨਿਆਂ ਪ੍ਰਬੰਧ ਦੇ ਸਭ ਤੋਂ ਸਿਖਰਲੇ ਅਦਾਰੇ ਸੁਪਰੀਮ ਕੋਰਟ ਵਿੱਚ ਵਾਪਰੇ ਘਟਨਾਕਰਮ ਨੇ ਇਸ 'ਤੇ ਚਾੜ੍ਹੇ ਮੁਲੰਮੇ ਨੂੰ ਲਾਹੁੰਦਿਆਂ ਹੋਇਆਂ, ਇਸਦੀ ਸਰਬ-ਉੱਚਤਾ ਅਤੇ ਸਰਬ-ਸੁੱਚਤਾ (ਸਚਾਈ ਦੀ ਸਿਰਮੌਰ ਹਸਤੀ) ਦੇ ਪਰਖਚੇ ਉਡਾ ਦਿੱਤੇ ਹਨ।
12 ਜਨਵਰੀ ਨੂੰ ਸੁਪਰੀਮ ਕੋਰਟ ਦੇ ਚਾਰ ਸਭ ਤੋਂ ਸੀਨੀਅਰ ਜੱਜਾਂ ਜੱਜ ਚੈਲਮੇਸ਼ਵਰ, ਜੱਜ ਰੰਜਨ ਗੋਗੋਈ, ਜੱਜ ਜੋਸੇਫ ਕੁਰੀਅਨ ਅਤੇ ਜੱਜ ਭੀਮ ਰਾਓ ਲਾਕੁਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਇੰਕਸਾਫ ਕੀਤਾ ਹੈ ਕਿ ਸੁਪਰੀਮ ਕੋਰਟ ਵਿੱਚ ਸਭ ਅੱਛਾ ਨਹੀਂ ਹੈ, ਭਾਰਤ ਦਾ ਅਖੌਤੀ ਲੋਕਤੰਤਰ ਖਤਰੇ ਵਿੱਚ ਹੈ। ਇਸਦੀ ਰਾਖੀ ਕਰਨ ਵਾਲੀ ਸੰਸਥਾ ਸੁਪਰੀਮ ਕੋਰਟ ਦੀ ਭਰੋਸੇਯੋਗਤਾ 'ਤੇ ਪ੍ਰਸ਼ਨ-ਚਿੰਨ ਲੱਗ ਰਹੇ ਹਨ ਅਤੇ ਲੋਕਾਂ ਦਾ ਇਸ ਤੋਂ ਵਿਸ਼ਵਾਸ਼ ਉੱਠ ਰਿਹਾ ਹੈ। ਜੱਜਾਂ ਦਾ ਕਹਿਣਾ ਹੈ ਕਿ ਉਹ ਇਹ ਸਿਰੇ ਦਾ ਕਦਮ ਨਹੀਂ ਚੁੱਕਣਾ ਚਾਹੁੰਦੇ ਸਨ ਪਰ ਸਾਡੇ ਲਈ ਸਭ ਰਸਤੇ ਬੰਦ ਹੋਣ ਕਰਕੇ ਸਾਨੂੰ ਇਹ ਕਦਮ ਦੁਖੀ ਹਿਰਦੇ ਨਾਲ ਚੁੱਕਣਾ ਪਿਆ ਹੈ। ਉਹਨਾਂ ਮੁਤਾਬਕ ਉਹਨਾਂ ਸਰਬ-ਉਚ ਅਦਾਲਤ ਵਿੱਚ ਚੱਲਦੀਆਂ ਬੇਨਿਯਮੀਆਂ ਬਾਰੇ ਵਾਰ ਵਾਰ ਮੁੱਖ ਜੱਜ ਦੀਪਕ ਮਿਸ਼ਰਾ ਨੂੰ ਮਿਲ ਕੇ ਕੋਈ ਹੱਲ ਕੱਢਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਮੁੱਖ ਜੱਜ ਦੀਪਕ ਮਿਸ਼ਰਾ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਅਤੇ ਇੱਥੋਂ ਤੱਕ ਕਿ ਅੱਜ ਸਵੇਰੇ ਵੀ ਉਹ ਮੁੱਖ ਜੱਜ ਨੂੰ ਮਿਲਣ ਗਏ, ਪਰ ਸਭ ਨਿਹਫਲ ਹੋ ਜਾਣ 'ਤੇ ਉਹਨਾਂ ਲੋਕਾਂ ਸਾਹਮਣੇ ਆਪਣਾ ਪੱਖ ਰੱਖਿਆ ਹੈ ਤਾਂ ਕਿ ਦੇਸ਼ ਦੇ ਲੋਕਾਂ ਤੇ ਸਰੋਕਾਰ ਰੱਖਣ ਵਾਲੇ ਲੋਕਾਂ ਨੂੰ ਹਕੀਕਤ ਬਾਰੇ ਦੱਸਿਆ ਜਾ ਸਕੇ। ਨਹੀਂ ਤਾਂ ਕੁੱਝ ਸਾਲਾਂ ਬਾਅਦ ਸਾਡੀ ਆਤਮਾ ਸਾਨੂੰ ਸੁਆਲ ਕਰੇਗੀ ਕਿ ਜਦੋਂ ਇਹ ਸਭ ਵਾਪਰ ਰਿਹਾ ਸੀ ਤਾਂ ਅਸੀਂ ਆਪਣੀ ਜ਼ਮੀਰ ਕਿਉਂ ਵੇਚ ਦਿੱਤੀ ਅਤੇ ਮੂੰਹ ਬੰਦ ਕਿਉਂ ਰੱਖਿਆ।
ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਵੱਖ ਵੱਖ ਪ੍ਰਤੀਕਰਮ ਤੁਰੰਤ ਸਾਹਮਣੇ ਆਉਣ ਲੱਗੇ। ਭਾਜਪਾ, ਸਰਕਾਰ ਪੱਖੀ ਵਕੀਲਾਂ, ਸਾਬਕਾ ਜੱਜਾਂ ਅਤੇ ਉਸਦੇ ਬੁਲਾਰਿਆਂ ਨੇ ਇਸ ਨੂੰ ਨਿਆਂਪਾਲਿਕਾ ਨਾਲ ਧਰੋਹ ਕਰਾਰ ਦਿੰਦਿਆਂ ਜੱਜਾਂ ਦੀ ਤਿੱਖੀ ਨੁਕਤਾਚੀਨੀ ਕੀਤੀ ਅਤੇ ਸਰਕਾਰ ਪੱਖੀਆਂ ਨੇ ਉਹਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਜਮਹੂਰੀ ਸ਼ਕਤੀਆਂ ਨੇ ਉਹਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਦਿਆਂ ਹਮਾਇਤ ਕੀਤੀ ਕਿ ਸਰਕਾਰ ਨਿਆਂਪਾਲਿਕਾ ਦੇ ਕੰਮਾਂ ਵਿੱਚ ਰਾਜਸੀ ਹਿੱਤ ਪੂਰਤੀ ਲਈ ਦਖਲਅੰਦਾਜ਼ੀ ਕਰ ਰਹੀ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸੁਪਰੀਮ ਕੋਰਟ ਦਾ ਅੰਦਰੂਨੀ ਮਾਮਲਾ ਹੈ ਅਤੇ ਇਹ ਜੱਜਾਂ ਵੱਲੋਂ ਆਪਸ ਵਿੱਚ ਹੀ ਸੁਲਝਾਅ ਲਿਆ ਜਾਵੇਗਾ। ਮੋਦੀ ਸਰਕਾਰ ਕੋਈ ਟਿੱਪਣੀ ਜਾਂ ਦਖਲਅੰਦਾਜ਼ੀ ਨਹੀਂ ਕਰੇਗੀ, ਕਿਉਂਕਿ ਨਿਆਂਪਾਲਿਕਾ ਸਮੱਸਿਆਵਾਂ ਹੱਲ ਕਰਨ ਦੇ ਆਪ ਸਮਰੱਥ ਹੈ।  ਉਂਝ ਸਾਲਿਸਟਰ ਜਨਰਲ ਕੇ.ਕੇ. ਵੇਨੂਗੋਪਾਲ ਲਗਾਤਾਰ ਸੰਪਰਕ ਕਰਕੇ ਦੋਹਾਂ ਧਿਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਤੱਖ ਤੌਰ 'ਤੇ ਇਸ ਵਰਤਾਰੇ 'ਤੇ ਸਮੁੱਚਾ ਦੇਸ਼ ਦੋ ਖੇਮਿਆਂ ਵਿੱਚ ਵੰਡਿਆ ਗਿਆ। ਇਸ ਨੂੰ ਜੱਜਾਂ ਦੀ ਆਪਸੀ ਰੰਜਿਸ਼ਬਾਜ਼ੀ, ਖੱਬੇਪੱਖੀਆਂ ਦੀ ਸਲਾਹ ਨਾਲ ਕੀਤੀ ਬਗਾਵਤ ਤੇ ਨਿੱਜੀ ਲੜਾਈ ਤੱਕ ਐਲਾਨਿਆ ਗਿਆ।
ਇਹ ਚਾਰ ਜੱਜ ਕੋਈ ਆਮ ਜੱਜ ਨਹੀਂ ਹਨ, ਸਗੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ ਅਤੇ ਜੱਜਾਂ ਦੀ ਨਿਯੁਕਤੀ ਲਈ ਸਰਬ ਉੱਚ ਅਦਾਲਤ ਦੇ ਸਭ ਤੋਂ ਸੀਨੀਅਰ ਪੰਜ ਜੱਜਾਂ ਦੇ ਪੈਨਲ (ਕੌਲੇਜੀਅਮ) ਵਿੱਚ ਇਹ ਚਾਰੇ ਜੱਜ ਸ਼ਾਮਲ ਹਨ ਸਮੇਤ ਚੀਫ ਜੱਜ ਦੀਪਕ ਮਿਸ਼ਰਾ ਦੇ। ਇਹਨਾਂ ਚਾਰਾਂ ਵਿੱਚੋਂ ਤਿੰਨ ਜੱਜ ਇਸੇ ਸਾਲ ਸੇਵਾ ਮੁਕਤ ਹੋਣ ਵਾਲੇ ਹਨ ਜਦੋਂ ਕਿ ਜੱਜ ਰੰਜਨ ਗੋਗੋਈ ਦੀਪਕ ਮਿਸ਼ਰਾ ਦੇ ਅਕਤੂਬਰ ਵਿੱਚ ਰਿਟਾਇਰ ਹੋਣ 'ਤੋਂ ਬਾਅਦ ਮੁੱਖ ਜੱਜ ਬਣਨ ਵਾਲੇ ਹਨ। ਜੇਕਰ ਰੰਜਿਸ਼ ਨਿੱਜੀ ਹੀ ਹੁੰਦੀ ਤਾਂ ਇਹ ਜੱਜ ਆਪਣਾ ਸਮਾਂ ਆਰਾਮ ਨਾਲ ਬਿਤਾ ਸਕਦੇ ਸਨ ਅਤੇ ਉਹ ਸਾਰੀ ਉਮਰ ਦੀ ਕੀਤੀ ਕਮਾਈ ਦੇ ਫਲ ਵਸੂਲਣ ਵੇਲੇ ਆਪਣੇ ਕੈਰੀਅਰ ਅਤੇ ਹੋਰ ਲਾਭਾਂ ਨੂੰ ਖਤਰੇ ਵਿੱਚ ਕਿਉਂ ਪਾਉਂਦੇ। ਅਸਲ ਵਿੱਚ ਲ਼ੜਾਈ ਨਿੱਜੀ ਨਹੀਂ ਸਗੋਂ ਅਸੂਲੀ ਹੈ, ਜਿਸ ਕਰਕੇ ਉਹਨਾਂ ਸੁਚੇਤ ਰੂਪ ਵਿਚੱ ਖਤਰਾ ਮੁੱਲ ਲਿਆ ਤੇ ਮੁੱਦਾ ਲੋਕਾਂ ਸਾਹਮਣੇ ਰੱਖਿਆ।
ਅਸਲ ਮੁੱਦੇ ਕੀ ਹਨ?
ਆਪਣੀ ਪ੍ਰੈਸ ਕਾਨਫਰੰਸ ਵਿੱਚ ਕੀਤੇ ਪ੍ਰਗਟਾਵੇ ਤੋਂ ਇਲਾਵਾ ਇਹਨਾਂ ਚਾਰ ਜੱਜਾਂ ਨੇ ਮੁੱਖ ਜੱਜ ਨੂੰ ਲਿਖੀ ਇੱਕ ਚਿੱਠੀ ਵੀ ਜਾਰੀ ਕੀਤੀ ਹੈ ਜੋ ਅਸਲ ਮੁੱਦਿਆਂ ਬਾਰੇ ਵਿਸਥਾਰ ਬਿਆਨ ਕਰਦੀ ਹੈ।
ਪਹਿਲਾ ਤੇ ਮੁੱਖ ਮੁੱਦਾ ਜੋ ਚਾਰ ਜੱਜਾਂ ਨੇ ਉਠਾਇਆ ਉਹ ਹੈ— ਮੁੱਖ ਜੱਜ ਦੀਪਕ ਮਿਸ਼ਰਾ ਵੱਲੋਂ ਬੈਂਚ ਬਣਾਉਣ ਅਤੇ ਕੇਸ ਦੇ ਮਹੱਤਵ ਅਨੁਸਾਰ ਬੈਂਚ ਨੂੰ ਕੇਸ ਅਲਾਟ ਕਰਨ ਦੇ ਮਾਮਲੇ ਵਿੱਚ ਸਥਾਪਿਤ ਰਵਾਇਤਾਂ ਦਾ ਪਾਲਣ ਨਹੀਂ ਕਰ ਰਿਹਾ ਅਤੇ ਮਨਚਾਹੇ ਫੈਸਲੇ ਹਾਸਲ ਕਰਨ ਲਈ ਉਹ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਹੁਦਰੇ ਫੈਸਲੇ ਲੈਂਦਾ ਹੈ। ਸੁਪਰੀਮ ਕੋਰਟ ਦੀ ਕਾਰਜ ਵਿਧੀ ਮੁਤਾਬਕ ਇਸਦੇ 31 ਮੈਂਬਰ (ਜਿਹਨਾਂ ਵਿੱਚੋਂ ਅੱਜ ਕੱਲ੍ਹ 6 ਪੋਸਟਾਂ ਖਾਲੀ ਹਨ) 2 ਜਾਂ 3 ਜੱਜਾਂ ਦੇ ਬੈਂਚਾਂ ਵਿੱਚ ਬੈਠਦੇ ਹਨ, ਪਰ ਸੰਵਿਧਾਨਕ ਮਾਮਲਿਆਂ ਦੀ ਸੁਣਵਾਈ ਲਈ ਖਾਸ ਕਰਕੇ ਘੱਟ ਨਫਰੀ ਵਾਲੇ ਬੈਂਚਾਂ ਵੱਲੋਂ ਭੇਜੇ ਮਾਮਲਿਆਂ ਦੀ ਸੁਣਵਾਈ ਲਈ ਪੰਜ ਜਾਂ ਇਸ ਤੋਂ ਵੱਧ ਨਫਰੀ ਵਾਲੇ ਬੈਂਚ ਬਣਦੇ ਹਨ। ਕਿਹੜਾ ਬੈਂਚ ਇਸ ਮਾਮਲੇ ਨੂੰ ਸੁਣੇਗਾ, ਇਹ ਮੁੱਖ ਜੱਜ ਵੱਲੋਂ ਦੂਜੇ ਜੱਜਾਂ ਨਾਲ ਮਿਲ ਕੇ ਤਿਆਰ ਕੀਤੇ ਰੋਸਟਰ (ਕਾਰਜ ਸੂਚੀ) ਮੁਤਾਬਕ ਤਹਿ ਹੁੰਦਾ ਹੈ ਅਤੇ ਇਸਦੀ ਬਾਕਾਇਦਾ ਰਜਿਸਟਰੀ (ਸੂਚੀਕਰਨ ਦਰਜ਼ਾ ਹੋਣਾ) ਹੁੰਦੀ ਹੈ। ਉਹਨਾਂ ਮੁਤਾਬਕ ਸੁਪਰੀਮ ਕੋਰਟ ਦਾ ਮੁੱਖ ਜੱਜ ਹੀ ਰੋਸਟਰ ਦਾ ਮਾਲਿਕ ਹੁੰਦਾ ਹੈ, ਭਾਵ ਬੈਂਚ ਬਣਾਉਣ ਦਾ ਅਧਿਕਾਰ ਮੁੱਖ ਜੱਜ ਨੂੰ ਹੀ ਹੁੰਦਾ ਹੈ ਪਰ ਬਾਵਜੂਦ ਇਸਦੇ ਉਹ ਮਨਮਰਜੀ ਨਹੀਂ ਕਰ ਸਕਦਾ। ਉਹ ਸਾਰੇ ਜੱਜਾਂ ਵਿੱਚੋਂ ਸਿਰਫ ਪਹਿਲਾ ਹੈ, ਪਰ ਉੱਪਰ ਨਹੀਂ ਇਸ ਲਈ ਉਸ ਨੂੰ ਲੰਮੇ ਸਮੇਂ ਤੋਂ ਸਥਾਪਿਤ ਰਵਾਇਤਾਂ ਮੁਤਾਬਕ ਹੀ ਚੱਲਣਾ ਪੈਂਦਾ ਹੈ। ਉਹਨਾਂ ਦੀ ਚਿੱਠੀ ਮੁਤਾਬਕ ਤਿੰਨ ਉੱਚ ਅਦਾਲਤਾਂ ਮਦਰਾਸ, ਕਲਕੱਤਾ ਅਤੇ ਬੰਬਈ ਦੇ ਸਥਾਪਨਾ ਦੇ ਸਮੇਂ ਤੋਂ ਹੀ ਕੁੱਝ ਰਵਾਇਤਾਂ ਅਤੇ ਅਸੂਲ ਚੰਗੀ ਤਰ੍ਹਾਂ ਸਥਾਪਤ ਹਨ। ਸਰਬ ਉੱਚ ਅਦਾਲਤ ਲੱਗਭੱਗ ਇੱਕ ਸਦੀ ਬਾਅਦ ਹੋਂਦ ਵਿੱਚ ਆਈ ਤੇ ਇਸਨੇ ਇਹਨਾਂ ਨਿਯਮਾਂ ਨੂੰ ਅਪਣਾ ਲਿਆ ਹੈ। ਇਹਨਾਂ ਰਵਾਇਤਾਂ ਅਤੇ ਅਸੂਲਾਂ ਦੀਆਂ ਜੜ੍ਹਾਂ ਐਂਗਲੋ ਸੈਕਸ਼ਨ ਨਿਆਂ ਸਾਸ਼ਤਰ ਅਤੇ ਨਿਆਇਕ ਅਮਲਦਾਰੀ ਵਿੱਚ ਹਨ।'' ਚਿੱਠੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੁੱਖ ਜੱਜ ਰੋਸਟਰ ਦਾ ਮਾਲਿਕ ਹੋਵੇਗਾ ਇਹ ਵੀ ਇੱਕ ਪਰੰਪਰਾ ਹੀ ਹੈ ਅਤੇ ਇਹ ਪਰੰਪਰਾ ਅਦਾਲਤ ਵਿੱਚ ਅਨੁਸਾਸ਼ਨ ਅਤੇ ਕੰਮਕਾਜ ਨੂੰ ਸੁਚਾਰੂ ਤਰੀਕੇ ਤੇ ਮੁਹਾਰਤ ਨਾਲ ਚਲਾਉਣ ਲਈ ਹੈ ਨਾ ਕਿ ਮੁੱਖ ਜੱਜ ਦੀ ਕਾਨੂੰਨੀ ਜਾਂ ਸੰਸਥਾਤਮਿਕ ਤੌਰ 'ਤੇ ਆਪਣੇ ਸਾਥੀ ਜੱਜਾਂ ਤੋਂ ਕੋਈ ਉੱਪਰਲੀ ਹਸਤੀ ਦੀ ਮਾਨਤਾ ਹੈ। ਮੁੱਖ ਜੱਜ ਬਰਾਬਰ ਜੱਜਾਂ ਵਿੱਚੋਂ ਹੀ ਪਹਿਲਾ ਹੀ ਹੈ'' ਇਸੇ ਤਰ੍ਹਾਂ ਕਿਸੇ ਕੇਸ ਲਈ ਜੱਜਾਂ ਦੀ ਨਫਰੀ ਅਤੇ ਬੈਂਚ ਦੀ ਬਣਤਰ ਬਾਰੇ ਮੁਕੰਮਲ ਤੌਰ 'ਤੇ ਸਥਾਪਤ ਰਵਾਇਤਾਂ ਹਨ।'' ਪਰ ਮੁੱਖ ਜੱਜ ਵੱਲੋਂ ਇਹਨਾਂ ਰਵਾਇਤਾਂ ਦੀ ਪਾਲਣਾ ਨਾ ਕਰਕੇ ਜਿੱਥੇ ਦੇਸ਼ ਤੇ ਇਸ ਸੰਸਥਾ ਲਈ ਦੂਰ-ਰਸ ਨਤੀਜਿਆਂ ਵਾਲੇ ਕੇਸਾਂ ਨੂੰ ਮੁੱਖ ਤੇ ਚੋਣਵੇਂ ਢੰਗ ਨਾਲ ਕਿਸੇ ਤਰਕਸ਼ੀਲ ਆਧਾਰ ਤੋਂ ਬਿਨਾ ਆਪਣੀ ''ਪਸੰਦ ਅਤੇ ਤਰਜੀਹ'' ਵਾਲੇ ਬੈਂਚ ਨੂੰ ਸੌਂਪਿਆ ਜਾਂਦਾ ਹੈ।
ਦੂਸਰੇ ਮੁੱਦੇ ਵਿੱਚ ਉਹਨਾਂ ਮੁੱਖ ਜੱਜ ਨੂੰ ਯਾਦ ਕਰਵਾਇਆ ਹੈ ਕਿ ਰੋਸਟਰ ਤਹਿ ਕਰਨ ਬਾਰੇ ਲੰਮੇ ਸਮੇਂ ਤੋਂ ਮੁੱਖ ਜੱਜ ਲਈ ਰਾਹ ਦਰਸਾਵੇ ਲਈ ਅਸੂਲ ਤੇ ਰਵਾਇਤਾਂ ਹਨ। ਵਿਸ਼ੇਸ਼ ਕੇਸਾਂ ਲਈ ਬੈਂਚ ਦੀ ਬਣਤਰ, ਨਫਰੀ ਤਹਿ ਕਰਨ ਲਈ ਵੀ ਰਵਾਇਤਾਂ ਹਨ। ਉਹਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਮਾਮਲੇ ਵਿੱਚ ਢੁਕਵੇਂ ਬੈਂਚਾਂ ਵੱਲੋਂ ਸੁਣੇ ਜਾਣ ਵਾਲੇ ਮਾਮਲਿਆਂ ਵਿੱਚ ਬੈਂਚਾਂ ਦੇ ਬਣਨ ਅਤੇ ਨਫਰੀ ਤਹਿ ਕਰਨ ਅਤੇ ਆਪਣੇ ਵਿਚਾਰ ਦੇਣ ਦੇ ਮਾਮਲੇ ਵਿੱਚ ਅਸੂਲ ਉਹਨਾਂ ਨੂੰ ਸਿਰਮੌਰ ਹੈਸੀਅਤ ਨਹੀਂ ਦਿੰਦੇ। ਜੱਜਾਂ ਦੀ ਨਿਯੁਕਤੀ ਬਾਰੇ ਪੰਜ ਮੁੱਖ ਜੱਜਾਂ ਨੇ ਕੌਲੇਜੀਅਮ ਵੱਲੋਂ ਜੱਜਾਂ ਦੀ ਨਿਯੁਕਤੀ ਲਈ ਕਿਹੜੇ ਮੁੱਦੇ ਤੇ ਅਸੂਲ ਮਾਰਗ ਦਰਸ਼ਕ (ਰਾਹ ਦਰਸਾਵੇ) ਹੋਣ ਬਾਰੇ ਇੱਕ ਮੈਮੋਰੈਂਡਮ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ। ਸਰਕਾਰ ਨੇ ਉਸ 'ਤੇ ਨਾ ਟਿੱਪਣੀ ਕੀਤੀ ਨਾ ਇਸ ਨੂੰ ਰੱਦ ਕੀਤਾ, ਨਾ ਮਨਜੂਰ ਕੀਤਾ ਅਤੇ ਨਾ ਹੀ ਕੋਈ ਸੋਧ ਸੁਧਾਈ ਬਾਰੇ ਪ੍ਰਸਤਾਵ ਦਿੱਤਾ। ਹੁਣ ਚਾਰੇ ਜੱਜਾਂ ਦੀ ਮੰਗ ਸੀ ਕਿ ਕੌਲੇਜੀਅਮ ਵੱਲੋਂ ਇਸ ਮੈਮੋਰੈਂਡਮ ਨੂੰ ਆਖਰ ਸਵੀਕਾਰ ਕਰ ਲਿਆ ਜਾਵੇ, ਪਰ ਮੁੱਖ ਜੱਜ ਇਸ ਨਾਲ ਸਹਿਮਤ ਨਹੀਂ ਹੋਇਆ। ਇੱਕ ਸੁਆਲ ਦੇ ਜੁਆਬ ਕਿ ਕੀ ਮੁੱਖ ਜੱਜ 'ਤੇ ਮਹਾਂਦੋਸ਼ ਚਲਾਉਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਅਸੀਂ ਮਾਮਲਾ ਲੋਕਾਂ ਸਾਹਮਣੇ ਰੱਖ ਦਿੱਤਾ ਹੈ, ਫੈਸਲਾ ਉਹਨਾਂ ਨੇ ਕਰਨਾ ਹੈ। ਇਹ ਮੁੱਖ ਨਿਆਇਕ ਮੁੱਦੇ ਸਨ ਜੋ ਜੱਜਾਂ ਨੇ ਉਭਾਰੇ।
ਮੁੱਦਾ ਸ਼ੁੱਧ ਸਿਆਸੀ ਹੈ
ਉਪਰੋਕਤ ਮੁੱਦਿਆਂ ਤੋਂ ਇਲਾਵਾ ਲੰਮੇ ਸਮੇਂ ਤੋਂ ਕੇਂਦਰ ਸਰਕਾਰਾਂ ਸੁਪਰੀਮ ਕੋਰਟ ਨੂੰ ਆਪਣੇ ਹਿੱਤਾਂ ਮੁਤਾਬਕ ਵਰਤਦੀਆਂ ਆ ਰਹੀਆਂ ਹਨ। ਉੱਘੇ ਵਕੀਲ ਅਤੇ ਕਾਰਕੁੰਨ ਪ੍ਰਸ਼ਾਂਤ ਭੂਸ਼ਣ ਨੇ ਸਹਾਰਾ ਬਿਰਲਾ ਡਾਇਰੀ ਮਾਮਲੇ ਵਿੱਚ ਜਾਂਚ ਕਰਵਾਉਣ ਲਈ ਇੱਕ ਪਟੀਸ਼ਨ ਪਾਈ ਸੀ, ਜਿਸ ਨੂੰ ਮੁੱਖ ਜੱਜ ਜੇ.ਐਸ. ਖੈਹਰ ਨੇ 10ਵੇਂ ਨੰਬਰ ਦੇ ਜੱਜ (ਮੋਦੀ ਭਗਤ) ਦੀ ਅਗਵਾਈ ਵਾਲੇ ਬੈਂਚ ਨੂੰ ਸੌਂਪ ਦਿੱਤਾ, ਜਿਸ ਨੇ ਸੰਖੇਪ ਸੁਣਵਾਈ ਮਗਰੋਂ ਇਸ ਨੂੰ ਖਾਰਜ ਕਰ ਦਿੱਤਾ। ਵਰਨਣਯੋਗ ਹੈ ਕਿ ਸਹਾਰਾ ਬਿਰਲਾ ਡਾਇਰੀ ਮਾਮਲੇ ਵਿੱਚ ਨਰਿੰਦਰ ਮੋਦੀ ਜੋ ਉਸ ਵੇਲੇ ਗੁਜਰਾਤ ਦਾ ਮੁੱਖ ਮੰਤਰੀ ਸੀ, ਨੂੰ ਕਰੋੜਾਂ ਰੁਪਏ ਕਮਿਸ਼ਨ ਦੇਣ ਦਾ ਮਾਮਲਾ ਸ਼ਾਮਲ ਸੀ। ਇੱਕ ਹੋਰ ਮਾਮਲਾ ਅਰੁਨਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਾਲੀਕੋਪੁਲ ਦੇ ਖੁਦਕੁਸ਼ੀ ਨੋਟ ਬਾਰੇ ਜਨਹਿੱਤ ਪਟੀਸ਼ਨ ਦਾ ਸੀ। ਅਰੁਨਾਚਲ ਵਿੱਚ ਕਾਂਗਰਸ ਦੀ ਇਕਾਈ ਵਿੱਚ ਫੁੱਟ ਪੈਣ ਕਰਕੇ ਮੁੱਖ ਮੰਤਰੀ ਨਾਭਮ ਤੁੱਕੀ ਘੱਟਗਿਣਤੀ ਵਿੱਚ ਰਹਿ ਗਿਆ ਅਤੇ ਕੇਂਦਰ ਵੱਲੋਂ ਵਿਧਾਨ ਸਭਾ ਬਹਾਲ ਕਰਨ 'ਤੇ ਪੁਲੀ ਮੁੱਖ ਮੰਤਰੀ ਬਣ ਗਿਆ। ਸੁਪਰੀਮ ਕੋਰਟ ਨੇ ਤੁੱਕੀ ਨੂੰ ਮੁੱਖ ਮੰਤਰੀ ਵਜੋਂ ਬਹਾਲ ਕਰ ਦਿੱਤਾ, ਪਰ ਉਸਨੇ ਪਾਰਟੀ ਧੜਿਆਂ ਦੀ ਏਕਤਾ ਲਈ ਅਸਤੀਫਾ ਦੇ ਦਿੱਤਾ। ਆਪਣੇ ਖੁਦਕੁਸ਼ੀ ਨੋਟ ਵਿੱਚ ਸਾਬਕਾ ਮੁੱਖ ਮੰਤਰੀ ਪੁਲੀ ਨੇ ਲਿਖਿਆ ਸੀ ਕਿ ਉਹ ਆਪਣਾ ਮੁੱਕਦਮਾ ਇਸ ਕਰਕੇ ਹਾਰਿਆ ਕਿਉਂਕਿ ਉਹ ਮੁੱਖ ਜੱਜ ਜੇ.ਐਸ. ਖੈਹਰ ਅਤੇ ਜੱਜ ਦੀਪਕ ਮਿਸ਼ਰਾ ਵੱਲੋਂ ਦਲਾਲਾਂ ਰਾਹੀਂ ਮੰਗੀ ਰਿਸ਼ਵਤ ਨਹੀਂ ਦੇ ਸਕਿਆ ਸੀ। ਪੁਲ ਦੇ ਖੁਦਕੁਸ਼ੀ ਨੋਟ ਦੇ ਮਾਮਲੇ ਦੀ ਜਾਂਚ ਨਹੀਂ ਕਰਵਾਈ ਗਈ ਹਾਲਾਂ ਕਿ ਦੋਸ਼ ਗੰਭੀਰ ਸਨ। ਹੁਣ ਉਸਦੀ ਪਹਿਲੀ ਪਤਨੀ ਵੱਲੋਂ ਜੱਜ ਖੈਹਰ ਨੂੰ ਲਿਖੀ ਚਿੱਠੀ ਨੂੰ ਜੱਜ ਖੈਹਰ ਨੇ ਰਿੱਟ ਪਟੀਸ਼ਨ ਵਿੱਚ ਬਦਲ ਕੇ ਮਨਪਸੰਦ ਜੱਜਾਂ ਆਦਰਸ਼ ਕੁਮਾਰ ਤੇ ਯੂ.ਯੂ. ਲਲਿਤ ਦੇ ਹਵਾਲੇ ਕਰ ਦਿੱਤਾ। ਬੇਭਰੋਸਗੀ ਜਤਾਉਂਦਿਆਂ ਪੁਲ ਦੀ ਪਤਨੀ ਨੇ ਕੇਸ ਵਾਪਸ ਲੈ ਲਿਆ, ਕਿਉਂਕਿ ਉਹ ਫੈਸਲਾ ਅਦਾਲਤ ਦੇ ਪ੍ਰਸਾਸ਼ਕੀ ਪੱਖ ਵਾਲੇ ਬੈਂਚ ਤੋਂ ਫੈਸਲਾ ਚਾਹੁੰਦੀ ਸੀ ਨਾ ਕਿ ਖੈਹਰ ਤੇ ਮਿਸ਼ਰਾ ਤੋਂ। ਇਸੇ ਤਰ੍ਹਾਂ ਦਾ ਮਾਮਲਾ ਲਖਨਊ ਦੇ ਗਲੋਬਲ ਮੈਡੀਕਲ ਕਾਲਜ ਅਤੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਮਾਨਤਾ ਰੱਦ ਕਰਨ ਵਾਲੇ ਮਾਮਲੇ ਦੀ ਸੁਣਵਾਈ ਵਿੱਚ, ਜਿਸ ਵਿੱਚ ਅਲਾਹਾਬਾਦ ਹਾਈਕੋਰਟ ਦੇ ਜੱਜ ਨਰਾਇਣ ਸ਼ੁਕਲਾ ਵੱਲੋਂ ਰਿਸ਼ਵਤ ਲਏ ਜਾਣ ਦੇ ਸੀ.ਬੀ.ਆਈ. ਕੋਲ ਫੋਨ ਰਿਕਾਰਡ ਪੁਖਤਾ ਸੂਬਤ ਹੋਣ ਦੇ ਬਾਵਜੂਦ ਮੁੱਖ ਜੱਜ ਨੇ ਐਫ.ਆਈ.ਆਰ. ਦਰਜ਼ ਕਰਨ ਦੀ ਆਗਿਆ ਨਹੀਂ ਦਿੱਤੀ। ਸਗੋਂ ਇਸ ਨਿਆਇਕ ਰਿਸ਼ਵਤ ਮਾਮਲੇ 'ਤੇ ਜੱਜ ਚੈਲਮੇਸ਼ਵਰ ਅਤੇ ਅਬਦੁੱਲ ਨਦੀਮ ਬੈਂਚ ਵੱਲੋਂ ਸੰਵਿਧਾਨਿਕ ਬੈੱਚ ਬਣਾਉਣ ਦੇ ਦਿੱਤੇ ਫੈਸਲੇ ਨੂੰ ਖਾਰਜ ਕਰ ਦਿੱਤਾ ਸਗੋਂ ਉਸਦੀ ਅਗਵਾਈ ਵਾਲੇ ਬੈਂਚ ਨੇ ਉਹ ਪਟੀਸ਼ਨ ਵੀ ਖਾਰਜ ਕਰ ਦਿੱਤੀ, ਜਿਸ ਵਿੱਚ ਉਸ ਨੂੰ ਇਸ ਮਾਮਲੇ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਮੰਗ ਕੀਤੀ ਗਈ ਸੀ। ਅਸਲ ਵਿੱਚ ਜਿਸ ਜੱਜ ਨੂੰ ਰਿਸ਼ਵਤ ਪੁਚਾਉਣ ਦੀ ਚਰਚਾ ਇਸ ਕੇਸ ਵਿੱਚ ਸੀ, ਉਹ ਖੁਦ ਹੁਣ ਦਾ ਮੁੱਖ ਜੱਜ ਹੀ ਹੈ।
ਮਾਮਲਾ ਜੱਜ ਲੋਇਆ ਦੀ ਮੌਤ ਦਾ
ਇਸ ਸਾਰੇ ਵਾਦ-ਵਿਵਾਦ ਤੇ ਨਿਆਇਕ ਬਗਾਵਤ ਵਿੱਚ ਹੋਰਨਾਂ ਮਾਮਲਿਆਂ ਤੋਂ ਬਿਨਾ ਫੌਰੀ ਮੁੱਖ ਕਾਰਨ ਜੱਜ ਬਰਿਜ ਮੋਹਨ ਲੋਇਆ ਦੀ ਰਹੱਸਮਈ ਮੌਤ ਦਾ ਮਾਮਲਾ ਹੈ।
ਜੱਜ ਲੋਇਆ ਨਵੰਬਰ 2005 ਵਿੱਚ ਗੁਜਰਾਤ ਪੁਲਸ ਦੇ ਦਹਿਸ਼ਤ ਵਿਰੋਧੀ ਦਸਤੇ ਵੱਲੋਂ ਝੂਠੇ ਪੁਲਸ ਮੁਕਾਬਲੇ ਵਿੱਚ ਮਾਰੇ ਸੁਹਰਾਬੂਦੀਨ ਦੇ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ। ਸੁਹਰਾਬੂਦੀਨ ਤੇ ਉਸਦੀ ਪਤਨੀ ਇੱਕ ਹੋਰ ਵਾਕਿਫਕਾਰ ਤੁਲਸੀ ਰਾਮ ਨੂੰ ਏ.ਟੀ.ਐਮਸ. (ਗੁਜਰਾਤ ਪੁਲਸ) ਨੇ ਬੱਸ ਵਿੱਚੋਂ ਉਤਾਰ ਕੇ ਅਗਵਾ ਕਰ ਲਿਆ ਸੀ ਤੇ ਸੁਹਰਾਬੂਦੀਨ ਪੁਲਸ ਹਿਰਾਸਤ ਵਿੱਚ ਮ੍ਰਿਤਕ ਪਾਇਆ ਗਿਆ ਸੀ ਤੇ ਉਸਦੀ ਪਤਨੀ ਕੌਸਰ ਬਾਈ ਦੀ ਲਾਸ਼ ਮਿਲੀ ਹੀ ਨਹੀਂ। ਅਧਿਕਾਰੀਆਂ ਅਨੁਸਾਰ ਇਹ ਨਰਿੰਦਰ ਮੋਦੀ (ਗੁਜਰਾਤ ਦੇ ਮੁੱਖ ਮੰਤਰੀ) ਨੂੰ ਕਤਲ ਕਰਨ ਦੀ ਸਕੀਮ ਬਣਾ ਰਹੇ ਸਨ। ਮੌਕੇ ਦਾ ਗਵਾਹ ਅਤੇ ਨਾਲ ਸਫਰ ਕਰਨ ਵਾਲੇ ਤੁਲਸੀ ਰਾਮ ਨੂੰ ਇੱਕ ਸਾਲ ਬਾਅਦ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਸੀ.ਬੀ.ਆਈ. ਜਾਂਚ ਤੋਂ ਬਾਅਦ ਅਮਿਤ ਸ਼ਾਹ ਤੇ ਅਨੇਕਾਂ ਅਧਿਕਾਰੀਆਂ ਨੂੰ 2010 ਵਿੱਚ ਜੇਲ੍ਹ ਕੱਟਣੀ ਪਈ ਸੀ। ਸੁਪਰੀਮ ਕਰੋਟ ਨੇ ਇਹ ਕਹਿ ਕੇ ਕਿ ਗੁਜਰਾਤ ਵਿੱਚ ਨਿਰਪੱਖ ਸੁਣਵਾਈ ਨਹੀਂ ਹੋ ਸਕਦੀ, ਕੇਸ ਮਹਾਂਰਾਸ਼ਟਰ ਵਿੱਚ ਤਬਦੀਲ ਕਰਕੇ ਹਦਾਇਤ ਕੀਤੀ ਕਿ ਸ਼ੁਰੂ ਤੋਂ ਅੰਤ ਤੱਕ ਇੱਕ ਹੀ ਜੱਜ ਕੇਸ ਦੀ ਸੁਣਵਾਈ ਕਰੇ। ਕੇਸ ਦੀ ਸੁਣਵਾਈ ਕਰ ਰਹੇ ਜੱਜ ਦੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਅਮਿਤ ਸ਼ਾਹ ਦੇ ਅਦਾਲਤ ਵਿੱਚ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਬਦਲੀ ਕਰ ਦਿੱਤੀ ਗਈ। ਜੱਜ ਲੋਇਆ ਦੂਸਰਾ ਜੱਜ ਸੀ ਜਿਸ ਨੇ 14 ਦਸਬੰਰ 2014 ਨੂੰ ਫੈਸਲਾ ਸੁਣਾਉਣਾ ਸੀ, ਪਰ 30 ਨਵੰਬਰ 2014 ਦੀ ਰਾਤ ਨਾਗਰੁਪ ਵਿਖੇ ਉਸਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਅਤੇ ਆਰ.ਐਸ.ਐਸ. ਵਰਕਰਾਂ ਵੱਲੋਂ ਉਸ ਦੀ ਲਾਸ਼ ਉਸਦੀ ਰਿਹਾਇਸ਼ ਬੰਬਈ ਦੀ ਜਗਾਹ ਉਸਦੇ ਪਿੰਡ ਭੇਜ ਦਿੱਤੀ ਗਈ। ਉਸਦਾ ਫੋਨ ਡਾਟਾ ਮਿਟਾ ਦਿੱਤਾ ਗਿਆ ਅਤੇ ਉਸ ਦਾ ਸਾਜੋਸਮਾਨ ਵੀ ਆਰ.ਐਸ.ਐਸ. ਵਰਕਰਾਂ ਨੇ ਉਸਦੇ ਘਰ ਪਹੁੰਚਾਇਆ। ਇਹ ਪ੍ਰਤੱਖ ਸਿਆਸੀ ਕਤਲ ਸੀ। ਜੱਜ ਲੋਇਆ ਤੋਂ ਬਾਅਦ ਨਵੇਂ ਜੱਜ ਐਮ.ਬੀ. ਗੁਸਾਵੀ ਨੇ ਤਿੰਨ ਦਿਨ ਸੁਣਵਾਈ ਕਰਕੇ 30 ਦਸੰਬਰ 2014 ਨੂੰ ਉਸ ਨੂੰ ਬਰੀ ਕਰ ਦਿੱਤਾ। 37 ਹੋਰ ਦੋਸ਼ੀਆਂ ਨੂੰ ਵੀ ਬਰੀ ਕਰ ਦਿੱਤਾ ਤੇ ਇਸ ਫੈਸਲੇ ਨੂੰ ਸੀ.ਬੀ.ਆਈ. ਨੇ ਚੁਣੌਤੀ ਨਹੀਂ ਦਿੱਤੀ। ਦੋ ਪਟੀਸ਼ਨਾਂ ਨੂੰ ਇੱਕ ਕਾਰਕੁੰਨ ਹਰਸ਼ ਮੰਡੇਰ ਤੇ ਦੂਜੀ ਰਾਜੇਸ਼ ਕਾਂਬਲੇ ਵੱਲੋਂ ਬੰਬਈ ਹਾਈਕੋਰਟ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਤੁਸੀਂ ਤੀਜੀ ਧਿਰ ਹੋ। ਸੁਪਰੀਮ ਕੋਰਟ ਨੇ ਹਰਸ਼ ਮੰਡੇਰ ਦੀ ਪਟੀਸ਼ਨ ਨੂੰ ਉਸਦੇ ਕਾਨੂੰਨੀ ਅਧਿਕਾਰ ਬਾਰੇ ਪੁੱਛ ਕੇ ਖਾਰਜ ਕਰ ਦਿੱਤੀ। ਹੁਣ ਸੁਹਰਾਬੂਦੀਨ ਕੇਸ ਦੀ ਸੁਣਵਾਈ ਸੀ.ਬੀ.ਆਈ. ਅਦਾਲਤ ਵਿੱਚ ਨਵੰਬਰ 2017 ਨੂੰ ਮੁੜ ਸ਼ੁਰੂ ਹੋਈ ਹੈ।
ਜੱਜ ਲੋਇਆ ਦੀ ਭੈਣ ਮੁਤਾਬਕ ਉਸ ਨੂੰ ਅਮਿਤ ਸ਼ਾਹ ਨੂੰ ਬਰੀ ਕਰਨ ਲਈ 100 ਕਰੋੜ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਸਨੇ ਠੁਕਰਾ ਦਿੱਤਾ ਸੀ। ਇਸਦਾ ਸਿੱਟਾ ਉਸ ਨੂੰ ਆਪਣੀ ਜਾਨ ਗੁਆਉਣੀ ਪਈ। ਇੰਨਾ ਪ੍ਰਤੱਖ ਕਤਲ ਹੋਣ ਦੇ ਬਾਵਜੂਦ ਇਸ ਦੀ ਕੋਈ ਜਾਂਚ ਨਹੀਂ ਕਰਵਾਈ ਗਈ। ਹੁਣ ਕਾਰਵਾਂ ਮੈਗਜ਼ੀਨ ਦੇ ਪੱਤਰਕਾਰ ਨਿਰੰਜਨ ਟੇਕਤੇ ਨੇ ਤੱਥਾਂ ਦੇ ਵਿਸਥਾਰਤ ਵੇਰਵੇ ਨਾਲ ਹਕੀਕਤ ਤੋਂ ਪਰਦਾ ਚੁੱਕਿਆ ਹੈ ਅਤੇ ਅਮਿਤ ਸ਼ਾਹ ਗੈਂਗ ਵੱਲੋਂ ਕਤਲ ਕਰਵਾਉਣ ਦਾ ਮਾਮਲਾ ਭਖ ਗਿਆ ਹੈ। ਇਸ ਦੀ ਜਾਂਚ ਕਰਵਾਉਣ ਲਈ ਤੇ ਵਿਸ਼ੇਸ਼ ਜਾਂਚ ਟੀਮ ਬਣਾਉਣ ਤੇ ਇਸ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਵੱਲੋਂ ਕਰਨ ਬਾਰੇ ਇੱਕ ਪਟੀਸ਼ਨ ਸੁਪਰੀਮ ਕੋਰਟ ਕੋਲ ਆਈ ਹੈ, ਜਿਸ ਨੂੰ ਜੱਜ ਚੈਲਮੇਸ਼ਵਰ ਨੇ ਪ੍ਰਵਾਨ ਕਰ ਲਿਆ। ਪ੍ਰੰਤੂ ਮੋਦੀ ਭਗਤ ਮੁੱਖ ਜੱਜ ਨੇ ਇਸਦੀ ਸੁਣਵਾਈ ਲਈ ਬੈਂਚ ਦਾ ਨਿਰਮਾਣ ਕਰਨ ਵੇਲੇ ਚੈਲਮੇਸ਼ਵਰ ਜਾਂ ਹੋਰ ਕੌਲੀਜੀਅਮ ਮੈਂਬਰ ਦੀ ਅਗਵਾਈ ਦੀ ਥਾਂ ਇੱਕ ਦੋ ਨੰਬਰ ਦੇ ਜੂਨੀਅਰ ਜੱਜ ਅਰੁਣ ਮਿਸ਼ਰਾ (ਉਹ ਵੀ ਆਰ.ਐਸ.ਐਸ. ਤੇ ਮੋਦੀ ਦਾ ਭਗਤ ਹੈ) ਦੀ ਅਗਵਾਈ ਵਾਲੇ ਬੈਂਚ ਨੂੰ ਸੌਂਪ ਦਿੱਤਾ। ਜਦੋਂ ਪ੍ਰੈਸ ਕਾਨਫਰੰਸ ਵਿੱਚ ਰੌਲਾ ਪਿਆ ਤਾਂ ਅਰੁਣ ਮਿਸ਼ਰਾ ਨੇ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਹੈ। ਫਿਰ ਵੀ ਸਿਤਮ ਜ਼ਰੀਫੀ ਇਹ ਕਿ ਮੁੱਖ ਜੱਜ ਨੇ ਇਹਨਾਂ ਚਾਰ ਜੱਜਾਂ ਵਿੱਚੋਂ ਕਿਸੇ ਦੀ ਅਗਵਾਈ ਵਿੱਚ ਬੈਂਚ ਨਿਰਮਾਣ ਕਰਨ ਦੀ ਬਜਾਏ ਇਹ ਕੇਸ ਆਪਣੀ ਅਗਵਾਈ ਵਾਲੇ ਬੈਂਚ ਵਿੱਚ ਲੈ ਲਿਆ। ਖੁਦ ਆਪ ਉਹ ਆਰ.ਐਸ.ਐਸ. ਦੇ ਨੁਮਾਇੰਦੇ ਦੇ ਤੌਰ 'ਤੇ ਕੰਮ ਕਰਨ ਲਈ ਬਦਨਾਮ ਹੈ। ਇਹ ਕਾਰਨ ਹੀ ਮੁੱਖ ਤੌਰ 'ਤੇ ਵਿਦਰੋਹ ਦਾ ਕਾਰਨ ਬਣਿਆ ਹੈ।
ਉਦੇਸ਼ ਕੀ ਹਨ?
ਭਾਜਪਾ ਸਰਕਾਰ ਵੱਲੋਂ ਸਭ ਕਾਨੂੰਨ ਛਿੱਕੇ 'ਤੇ ਟੰਗ ਕੇ ਹਰ ਅਦਾਰੇ ਵਿੱਚ ਆਪਣੇ ਬੰਦੇ ਫਿੱਟ ਕਰਨ ਅਤੇ ਵਿਰੋਧੀਆਂ ਨੂੰ ਕਿਨਾਰੇ ਕਰਨ ਦੇ ਪਿੱਛੇ ਉਸਦੀ ਆਕਾ (ਪ੍ਰਭੂ) ਆਰ.ਐਸ.ਐਸ. ਵੱਲੋਂ 2024 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਦਾ ਟੀਚਾ ਹੈ। ਇਸ ਟੀਚੇ ਦੇ ਤਹਿਤ ਹੀ ਯੂਨੀਵਰਸਿਟੀਆਂ, ਨੀਤੀ ਆਯੋਗਾਂ, ਫਿਲਮ ਸਕਰੀਨਿੰਗ ਬੋਰਡਾਂ, ਵਿਦਿਆ ਦੇ ਸਿਲੇਬਸ ਤਹਿ ਕਰਨ ਵਾਲੀਆਂ ਸਿਰਮੌਰ ਸੰਸਥਾਵਾਂ ਅਤੇ ਹੋਰ ਅਹਿਮ ਤੇ ਕੁੰਜੀਵਤ ਅਦਾਰਿਆਂ 'ਤੇ ਸੰਘ ਦਾ ਕਬਜ਼ਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ 'ਤੇ ਭਗਵੀਂ ਲਾਬੀ ਦਾ ਕਬਜ਼ਾ ਕਰਵਾਉਣ ਲਈ ਨਿਸ਼ੰਗ ਰੂਪ ਵਿੱਚ ਸਭ ਅਸੂਲ ਪੈਰਾਂ ਹੇਠ ਰੋਲੇ ਜਾ ਰਹੇ ਹਨ। ਆਦਿਵਾਸੀਆਂ, ਘੱਟ ਗਿਣਤੀਆਂ, ਕਮਿਊਨਿਸਟਾਂ, ਵਿਰੋਧੀ ਵਿਚਾਰਾਂ ਵਾਲੇ ਜਮਹੂਰੀਅਤਪਸੰਦ ਅਤੇ ਇਨਕਲਾਬੀਆਂ ਸਮੇਤ ਸਭ ਸੰਘਰਸ਼ਸ਼ੀਲ ਲੋਕਾਂ ਖਿਲਾਫ ਵਿੱਢੇ ਹਮਲੇ ਨੂੰ ਕਾਨੂੰਨੀ ਵਾਜਬੀਅਤ ਦਿਵਾਉਣ ਲਈ ਵੀ ਨਿਆਂਪਾਲਿਕਾ 'ਤੇ ਕਬਜ਼ਾ ਹਾਕਮ ਪਾਰਟੀ ਦਾ ਏਜੰਡਾ ਬਣਿਆ ਹੋਇਆ ਹੈ। ਨਿਆਂਪਾਲਿਕਾ ਵਿੱਚ ਨਿਯੁਕਤੀਆਂ, ਤਰੱਕੀਆਂ ਵੀ ਸਿਆਸੀ ਮਕਸਦ ਹੱਲ ਕਰਨ ਦੇ ਉਦੇਸ਼ ਨਾਲ ਕਰਨ ਲੱਗੇ ਹਨ। ਜਿਵੇਂ ਮੋਦੀ ਨੇ ਜੱਜ ਖੈਹਰ ਨੂੰ ਸੁਪਰੀਮ ਕੋਰਟ ਦਾ ਮੁੱਖ ਜੱਜ ਕੌਲੇਜੀਅਮ ਨੂੰ ਪ੍ਰਭਾਵਿਤ ਕਰਕੇ ਬਣਾਇਆ ਜਦੋਂ ਕਿ ਉਹ ਹਰ ਪੱਖੋਂ ਜੱਜ ਚੈਲਾਮੇਸ਼ਵਰ ਤੋਂ ਪਿੱਛੇ ਸੀ। ਜੱਜ ਖੈਹਰ 1999 ਵਿੱਚ ਹਾਈ ਕੋਰਟ ਦਾ ਜੱਜ ਬਣਿਆ, ਜਦੋਂ ਕਿ ਚੈਲਾਮੇਸ਼ਵਰ 1997 ਵਿੱਚ, ਇਸੇ ਤਰ੍ਹਾਂ ਖੈਹਰ 2009 ਵਿੱਚ ਹਾਈਕੋਰਟ ਦਾ ਮੁੱਖ ਜੱਜ ਬਣਿਆ, ਜਦੋਂ ਕਿ ਚੈਲਾਮੇਸ਼ਵਰ 2007 ਵਿੱਚ ਬਣ ਗਿਆ ਸੀ। ਭਾਵੇਂ ਇਹ ਵੀ ਸੱਚ ਹੈ ਕਿ ਨਿਆਂਪਾਲਿਕਾ ਵਿੱਚ ਹਾਕਮ ਜਮਾਤਾਂ ਦੇ ਵੱਖ ਵੱਖ ਧੜੇ ਵੀ ਸਰਗਰਮ ਹੁੰਦੇ ਹਨ ਤੇ ਆਪਣਾ ਪ੍ਰਭਾਵ ਵਧਾਉਣ ਲਈ ਯਤਨਸ਼ੀਲ ਰਹਿੰਦੇ ਹਨ। ਉਂਝ ਸੁਪਰੀਮ ਕੋਰਟ ਜਾਂ ਨਿਆਂਪਾਲਿਕਾ ਕੋਈ ਸੱਚੀਮੁੱਚੀ ਨਿਆਂ ਕਰਨ ਵਾਲੀ ਸੰਸਥਾ ਨਹੀਂ ਹੈ, ਸਗੋਂ ਹਾਕਮਾਂ ਦੇ ਹੀ ਹਿੱਤ ਪੂਰਨ ਵਾਸਤੇ ਰਾਜ-ਪ੍ਰਬੰਧ ਦਾ ਮਹੱਤਵਪੂਰਨ ਅੰਗ ਹੈ। ਲੋਕ ਘੋਲਾਂ, ਮਜ਼ਦੂਰਾਂ ਦੀਆਂ ਹੜਤਾਲਾਂ, ਮੁਜਾਹਰਿਆਂ 'ਤੇ ਪਾਬੰਦੀਆਂ ਆਦਿਵਾਸੀਆਂ ਦੇ ਉਜਾੜੇ, ਝੂਠੇ ਮੁਕਾਬਲਿਆਂ ਤੇ ਸਰਕਾਰਾਂ ਦੇ ਲੋਕ ਵਿਰੋਧੀ ਕਦਮਾਂ ਬਾਰੇ ਇਹ ਕਦੇ ਨਹੀਂ ਬੋਲਦੀਆਂ ਸਗੋਂ ਸਰਕਾਰਾਂ ਦੀ ਢਾਲ ਹੀ ਬਣਦੀਆਂ ਹਨ। ਪਰ ਹੁਣ ਵਾਲੇ ਵਿਸ਼ੇਸ਼ ਹਿੰਦੂਤਵੀ ਵਰਤਾਰੇ ਵਿੱਚ ਇਹਨਾਂ 'ਤੇ ਹਾਕਮਾਂ ਦਾ ਨਿਸ਼ੰਗ ਕਬਜ਼ਾ ਹੋਰ ਵੀ ਖਤਰਨਾਕ ਹੈ ਜਿਸਦਾ ਜਬਰਦਸਤ ਤੇ ਜਨਤਕ ਪੱਧਰ 'ਤੇ ਵਿਰੋਧ ਹੋਣਾ ਚਾਹੀਦਾ ਹੈ।

ਖੁਦਕੁਸ਼ੀ ਦੇ ਰੂਪ ਵਿੱਚ ਹੋਇਆ ਬਲਾਤਕਾਰ ਦੀ ਸ਼ਿਕਾਰ ਆਦਿਵਾਸੀ ਕੁੜੀ ਦਾ ਕਤਲ


ਖੁਦਕੁਸ਼ੀ ਦੇ ਰੂਪ ਵਿੱਚ ਹੋਇਆ
ਬਲਾਤਕਾਰ ਦੀ ਸ਼ਿਕਾਰ ਆਦਿਵਾਸੀ ਕੁੜੀ ਦਾ ਕਤਲ
-ਦਲਜੀਤ
......ਤੇ ਆਖਰ ਉੜੀਸਾ ਦੇ ਕੋਰਾਪੁਟ ਜ਼ਿਲ੍ਹੇ ਦੇ ਸੋਰਿਸਪਾਡਾਰ ਪਿੰਡ ਦੀ ਉਹ ਕੁੜੀ 22 ਜਨਵਰੀ ਨੂੰ ਖੁਦਕੁਸ਼ੀ ਕਰ ਗਈ ਜਿਹੜੀ 10 ਅਕਤੂਬਰ 2017 ਨੂੰ ਚਾਰ ਵਰਦੀਧਾਰੀ ਫੌਜੀਆਂ ਵੱਲੋਂ ਬਲਾਤਕਾਰ ਦੀ ਸ਼ਿਕਾਰ ਹੋਈ ਸੀ। ਉਸਨੇ ਪਹਿਲਾਂ ਅਨੇਕਾਂ ਵਾਰੀ ਪੁਲਸ ਵੱਲੋਂ ਕੀਤੀ ਜਾ ਰਹੀ ਖੱਜਲ-ਖੁਆਰੀ ਦਾ ਜ਼ਿਕਰ ਕੀਤਾ ਸੀ। ਇਸ ਸਮੇਂ ਉਸ ਦੀ ਖੁਦਕੁਸ਼ੀ ਦਾ ਫੌਰੀ ਕਾਰਨ ਇਹ ਬਣਿਆ ਕਿ ਮੈਡੀਕਲ ਰਿਪੋਰਟ ਨੇ ਉਸ ਨਾਲ ਹੋਏ ਕਿਸੇ ਵੀ ਬਲਾਤਕਾਰ ਦੇ ਮਾਮਲੇ ਨੂੰ ਮੂਲੋਂ ਹੀ ਰੱਦ ਕਰਦੇ ਹੋਏ ਆਖਿਆ ਸੀ ਕਿ ਅਜਿਹਾ ਕੁੱਝ ਹੋਇਆ ਹੀ ਨਹੀਂ। ਰਿਪੋਰਟਾਂ ਮੁਤਾਬਕ ਪੁਲਸ-ਪ੍ਰਸਾਸ਼ਨ ਨੇ ਡਾਕਟਰਾਂ 'ਤੇ ਇਹ ਦਬਾਅ ਪਾਇਆ ਕਿ ਉਹ ਇਸ ਮਾਮਲੇ ਵਿੱਚ ਫੌਜੀ ਬਲਾਂ ਨੂੰ ਨਿਰਦੋਸ਼ ਸਾਬਤ ਕਰਨ ਲਈ ਇਹ ਲਿਖ ਕੇ ਦੇਣ ਕਿ ਇਸ ਲੜਕੀ ਨਾਲ ਕੋਈ ਬਲਾਤਕਾਰ ਹੋਇਆ ਹੀ ਨਹੀਂ। ਪੁਲਸ ਵੱਲੋਂ ਉਸ ਲੜਕੀ 'ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ 90 ਹਜ਼ਾਰ ਰੁਪਏ ਲੈ ਕੇ ਮਾਮਲਾ ਰਫਾ-ਦਫਾ ਕਰ ਦੇਵੇ। ਉਂਝ ਵੀ ਲੜਕੀ ਨੂੰ ਕਿੰਨੇ ਹੀ ਵਾਰੀ ਵੱਖ ਵੱਖ ਪੁੱਛ-ਪੜਤਾਲਾਂ ਦੇ ਸਿਲਸਿਲੇ ਵਿੱਚੋਂ ਦੀ ਲੰਘਣਾ ਪਿਆ। ਬੀਜੂ ਜਨਤਾ ਦਲ ਦੇ ਸਥਾਨਕ ਆਗੂ ਇਸ ਬਲਾਤਕਾਰ ਨੂੰ ਮੂਲੋਂ ਹੀ ਰੱਦ ਕਰਦੇ ਆ ਰਹੇ ਸਨ। ਕੁੜੀ ਦੀ ਬਦਨਾਮੀ ਲਗਾਤਾਰ ਵਧਦੀ ਜਾ ਰਹੀ ਸੀ। ਪਿਛਲੇ ਸਾਲ ਨਵੰਬਰ ਵਿੱਚ ਇੱਕ ਵਾਰੀ ਉਸ ਨੇ ਆਇਰਨ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਪਹਿਲਾਂ ਬਲਾਤਕਾਰ ਦੀ ਸ਼ਿਕਾਰ ਅਤੇ ਬਾਅਦ ਵਿੱਚ ਪੁਲਸੀ ਖੱਜਲ-ਖੁਆਰੀਆਂ ਵਿੱਚੋਂ ਦਬਾਅ ਨਾ ਝੱਲਦੀ ਹੋਈ ਅਤੇ ਆਪਣੀ ਨਿਮੋਸ਼ੀ ਨੂੰ ਨਾ ਝੱਲਦੀ ਹੋਈ ਆਪਣੀ ਜੀਵਨ-ਲੀਲਾ ਸਮਾਪਤ ਕਰ ਗਈ। ਲੜਕੀ ਦੀ ਮਾਤਾ ਨੇ ਆਖਿਆ ਕਿ ਉਹ ਲਗਾਤਾਰ ਤਣਾਅ ਦਾ ਸ਼ਿਕਾਰ ਰਹਿੰਦੀ ਸੀ।
ਸੁਰਖ਼ ਰੇਖਾ ਦੇ ਨਵੰਬਰ-ਦਸੰਬਰ ਅੰਕ ਵਿੱਚ ਅਸੀਂ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ''ਉੜੀਸਾ ਦੇ ਕੋਰਾਪੁੱਟ ਜਿਲ੍ਹੇ ਵਿੱਚ ਪੋਤੰਗੀ ਪੁਲਸ ਥਾਣੇ ਦੇ ਪਿੰਡ ਸੋਰਿਸਪਡਾਰ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਜਿਉਂ ਹੀ ਆਪਣੇ ਘਰ ਵਿੱਚ ਦਾਖਲ ਹੋਈ ਤਾਂ ਬਾਰਡਰ ਸਕਿਊਰਿਟੀ ਫੋਰਸ ਦੇ 4 ਫੌਜੀਆਂ ਨੇ ਠੁੱਡੇ ਮਾਰ ਮਾਰ ਕੇ ਦਰਵਾਜ਼ਾ ਤੋੜ ਦਿੱਤਾ ਅਤੇ ਲੜਕੀ 'ਤੇ ਝਪਟ ਪਏ। ਉਹਨਾਂ ਨੇ ਲੜਕੀ ਦੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਤਾਂ ਕਿ ਬੋਲ ਨਾ ਸਕੇ ਅਤੇ ਉਸਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਜੰਗਲ ਵਿੱਚ ਲੈ ਗਏ। ਲੜਕੀ ਦੇ ਤਾਏ ਦੇ ਲੜਕੇ ਗਣਗੰਨਾ ਨੇ ਫੌਜੀ ਬਲਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨੇ ਉਸਦਾ ਮੂੰਹ ਬੰਦ ਕਰਕੇ ਨੂੜ ਲਿਆ ਅਤੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਜਾਂਦੇ ਹੋਏ ਉਹ ਲੜਕੀ ਨੂੰ ਇਹ ਧਮਕੀਆਂ ਦੇ ਕੇ ਗਏ ਕਿ ਇਸ ਘਟਨਾ ਦੀ ਜੇ ਕਿਸੇ ਕੋਲ ਭਾਫ ਵੀ ਕੱਢੀ ਤਾਂ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ ਅਤੇ ਉਸਦੇ ਮਾਪਿਆਂ ਨੂੰ ਜਬਰ ਦਾ ਨਿਸ਼ਾਨਾ ਬਣਾਇਆ ਜਾਵੇਗਾ। ਜਦੋਂ ਫੌਜੀ ਬਲ ਚਲੇ ਗਏ ਤਾਂ ਲੜਕੇ ਨੇ ਕਿਸੇ ਤਰ੍ਹਾਂ ਆਪਣੇ ਮੂੰਹ ਤੋਂ ਪੱਟੀ ਲਾਹ ਲਈ ਅਤੇ ਆਪਣੇ ਆਪ ਨੂੰ ਘਸੀਟਦਾ ਹੋਇਆ ਉਸ ਲੜਕੀ ਕੋਲ ਚਲਿਆ ਗਿਆ। ਉਸਨੇ ਆਪਣੇ ਮੂੰਹ ਨਾਲ ਲੜਕੀ ਦੇ ਬੰਨ੍ਹੇ ਹੋਏ ਹੱਥਾਂ ਦੀ ਗੰਢ ਖੋਲ੍ਹੀ। ਲੜਕੀ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਉਸ ਲੜਕੇ ਦੇ ਹੱਥ-ਪੈਰ ਖੋਲ੍ਹੇ। ਗਣਗੰਨਾ ਨੇ ਜਦੋਂ ਲੜਕੀ ਤੋਂ ਉਸਦਾ ਹਾਲ ਜਾਣਨਾ ਚਾਹਿਆ ਤਾਂ ਉਹ ਡਰਦੀ ਮਾਰੀ ਕੁੱਝ ਵੀ ਬੋਲਣੋ ਅਸਮਰੱਥ ਸੀ।
ਕੁੜੀ ਦੀ ਇਹ ਹਾਲਤ ਦੇਖ ਕੇ ਗਣਗੰਨਾ ਦੌੜ ਕੇ ਖੇਤਾਂ ਵੱਲ ਗਿਆ ਜਿੱਥੇ ਕੁੜੀ ਦੇ ਮਾਪੇ ਜੰਗਲੀ ਅਤੇ ਅਵਾਰਾ ਜਾਨਵਰਾਂ ਤੋਂ ਆਪਣੀਆਂ ਫਸਲਾਂ ਦੀ ਰਾਖੀ ਕਰਨ ਲਈ ਗਏ ਹੋਏ ਸਨ। ਉਹ ਇੱਕ ਵਾਰੀ ਤਾਂ ਡਰ ਗਏ ਅਤੇ ਕੋਈ ਹੀਲਾ-ਵਸੀਲਾ ਜਾਂ ਚਾਰਾਚੋਈ ਕਰਨ ਤੋਂ ਘਬਰਾਏ। ਪਰ ਜਿਵੇਂ ਜਿਵੇਂ ਇਸ ਘਟਨਾ ਦੀ ਜਾਣਕਾਰੀ ਪਿੰਡ ਦੇ ਹੋਰਨਾਂ ਲੋਕਾਂ ਨੂੰ ਮਿਲੀ ਤਾਂ ਉਹਨਾਂ ਨੇ ਇਸ ਕੁੜੀ ਅਤੇ ਮਾਪਿਆਂ ਦੇ ਦਰਦ ਨੂੰ ਖੁਦ ਆਪਣਾ ਦਰਦ ਮੰਨ ਕੇ ਜਬਰ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਮੰਗ ਕੀਤੀ ਕਿ ਜੇਕਰ ਵਧਦੇ ਜਾ ਰਹੇ ਫੌਜੀ ਜਬਰ ਨੂੰ ਟੱਕਰ ਨਾ ਦਿੱਤੀ ਗਈ ਤਾਂ ਕੱਲ੍ਹ ਨੂੰ ਅਜਿਹੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ।......''
ਕੁੜੀ ਵੱਲੋਂ ਕੀਤੀ ਗਈ ਖੁਦਕੁਸ਼ੀ ਇਹ ਸਾਹਮਣੇ ਲਿਆਉਂਦੀ ਹੈ ਕਿ ਭਾਰਤੀ ਰਾਜ ਆਪਣੇ ਫੌਜੀਆਂ ਵੱਲੋਂ ਕਿਸੇ ਵੀ ਕਿਸਮ ਦੀ ਕੀਤੀ ਗਈ ਵਧੀਕੀ ਨੂੰ ਉਸ ਦੇ ਅਧਿਕਾਰ ਵਜੋਂ ਪੇਸ਼ ਕਰਨਾ ਚਾਹੁੰਦਾ ਹੈ ਕਿ ਕੋਈ ਵੀ ਉਸਦੀ ਵਿਰੋਧੀ ਤਾਕਤ ਉਸ ਨੂੰ ਚੁਣੌਤੀ ਨਹੀਂ ਦੇ ਸਕਦੀ, ਜਿਹੜੀ ਵੀ ਤਾਕਤ ਇਸ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰੇਗੀ, ਉਹ ਉਸ ਨੂੰ ਥਕਾ-ਹੰਭਾ, ਖੱਜਲ-ਖੁਆਰ, ਪ੍ਰੇਸ਼ਾਨ ਅਤੇ ਦਹਿਸ਼ਤਜ਼ਦਾ ਕਰਕੇ ਉਸਦੇ ਜੀਵਨ ਨੂੰ ਮਰਿਆਂ ਨਾਲੋਂ ਵੀ ਭੈੜਾ ਬਣਾ ਦੇਵੇਗੀ ਕਿ ਕਿਸੇ ਵੇਲੇ ਜੁਰਅੱਤਮੰਦ ਕਦਮ ਚੁੱਕਣ ਵਾਲਾ ਆਮ ਸਾਧਾਰਨ ਬੰਦਾ ਅੰਦਰੋਂ ਹੀ ਅੰਦਰ ਟੁੱਟਦਾ ਟੁੱਟਦਾ ਐਨਾ ਟੁੱਟ ਜਾਂਦਾ ਹੈ ਕਿ ਉਸ ਨੂੰ ਕੋਈ ਹੋਰ ਮਾਰੇ ਜਾਂ ਨਾ ਮਾਰੇ ਉਹ ਖੁਦ ਆਪ ਹੀ ਮਰਨ ਤੱਕ ਪਹੁੰਚ ਸਕਦਾ ਹੈ।
ਭਾਰਤੀ ਰਾਜ ਆਪਣੇ ਫੌਜੀਆਂ ਵੱਲੋਂ ਆਮ ਕੁੜੀਆਂ ਜਾਂ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਆਪਣੇ ਇੱਕ ਘਿਨਾਉਣੇ ਹਥਿਆਰ ਵਜੋਂ ਲੈਂਦਾ ਆ ਰਿਹਾ ਹੈ ਅਤੇ ਇਹ ਕੁੱਝ ਸਿਰਫ ਅਤੇ ਸਿਰਫ ਮੱਧ ਭਾਰਤ ਤੱਕ ਹੀ ਮਹਿਦੂਦ ਨਹੀਂ ਬਲਕਿs sਅਜਿਹਾ ਹੀ ਕੁੱਝ ਇਹ ਕਸ਼ਮੀਰੀ ਕੌਮ ਦੀਆਂ ਔਰਤਾਂ ਅਤੇ ਮਨੀਪੁਰ, ਨਾਗਾਲੈਂਡ ਦੀਆਂ ਔਰਤਾਂ ਨਾਲ ਵੀ ਕਰਦਾ ਆ ਰਿਹਾ ਹੈ। ਕਸ਼ਮੀਰ ਵਿੱਚ ਕੁਨਾਨ ਪੋਸ਼ਪੁਰਾ ਵਿੱਚ ਔਰਤਾਂ ਅਤੇ ਬੱਚੀਆਂ ਨਾਲ ਸੈਂਕੜੇ ਭਾਰਤੀ ਫੌਜੀਆਂ ਵੱਲੋਂ ਬਲਾਤਕਾਰ ਕੀਤਾ ਗਿਆ ਸੀ, ਲੋਕ ਕੁਰਲਾ ਕੁਰਲਾ ਕੇ ਦੱਸਦੇ ਰਹੇ ਪਰ ਭਾਰਤੀ ਹਾਕਮਾਂ ਨੇ ਕਿਸੇ ਫੌਜੀ ਨੂੰ ਦੋਸ਼ੀ ਨਹੀਂ ਠਹਿਰਾਇਆ। ਮਨੀਪੁਰ ਵਿੱਚ ਔਰਤਾਂ 'ਤੇ ਹੁੰਦੇ ਜਬਰ ਨੂੰ ਆਧਾਰ ਬਣਾ ਕੇ ਮਨੀਪੁਰੀ ਔਰਤਾਂ ਵੱਲੋਂ ਨਗਨ ਹੋ ਕੇ ਇੱਕ ਮੁਜਾਹਰਾ ਵੀ ਕੀਤਾ ਗਿਆ ਸੀ। ਕੋਈ ਸੋਨੀ ਸੋਰੀ ਆਪਣੇ ਦੁਖੜੇ ਰੋਈ ਜਾਵੇ ਜਾਂ ਕੋਈ ਆਦਿਵਾਸੀ ਕੁੜੀ ਸਰਕਾਰੀ ਜਬਰ ਨੂੰ ਨੰਗਾ ਕਰਨ ਦੀ ਦਲੇਰੀ ਦਿਖਾਵੇ, ਭਾਰਤੀ ਰਾਜ ਉਹਨਾਂ ਨੂੰ ਟਿੱਚ ਕਰਕੇ ਜਾਣਦਾ ਹੈ। ਇਹ ਅਫਸਪਾ ਵਰਗੇ ਕਾਲੇ ਕਾਨੂੰਨਾਂ ਰਾਹੀਂ ਭਾਰਤੀ ਫੌਜੀ ਬਲਾਂ ਨੂੰ ਕਾਲੀਆਂ ਕਰਤੂਤਾਂ ਕਰਨ ਲਈ ਪ੍ਰੇਰਤ ਕਰਦਾ ਹੈ। ਪੰਜਾਬ ਦੀ ਕਿਸੇ ਕਿਰਨਜੀਤ ਨਾਲ ਬਲਾਤਕਾਰ ਹੋ ਜਾਵੇ ਭਾਰਤੀ ਰਾਜ ਵੱਲੋਂ ਉਸਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦੋਂ ਕਿ ਉਸ ਦੇ ਪੱਖ ਵਿੱਚ ਖੜ੍ਹਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਤੁੰਨ ਕੇ ਗੁੰਡਿਆਂ ਦੀ ਤਰਫਦਾਰੀ ਹੁੰਦੀ ਰਹੀ ਹੈ। ਹੁਣੇ ਜਿਹੇ ਹੀ ਜੈਤੋ ਵਿੱਚ ਜਿਹੜੀਆਂ ਕੁੜੀਆਂ ਪੁਲਸੀ ਜਬਰ ਦਾ ਸ਼ਿਕਾਰ ਹੋਈ ਕੁੜੀ ਦੇ ਪੱਖ ਵਿੱਚ ਜਾ ਕੇ ਡਟੀਆਂ ਉਹਨਾਂ ਨੂੰ ਖਤਰਨਾਕ ਕੇਸਾਂ ਵਿੱਚ ਉਲਝਾ ਕੇ ਕੁੱਟਮਾਰ ਦਾ ਸ਼ਿਕਾਰ ਬਣਾਇਆ ਗਿਆ।
ਬਲਾਤਕਾਰ ਦੀ ਸ਼ਿਕਾਰ ਕੁੜੀ ਵੱਲੋਂ ਖੁਦਕੁਸ਼ੀ ਕਰ ਜਾਣ ਕਾਰਨ ਜਦੋਂ ਉੜੀਸਾ ਦੀ ਹਕੂਮਤ ਖਿਲਾਫ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਸੀ ਤਾਂ ਖੁਦ ਇਸ ਸਰਕਾਰ ਦੇ ਪੱਖੀ ਇੱਕ ਐਮ.ਪੀ. ਵੱਲੋਂ ਇੱਕ ਅਖਬਾਰ ਵਿੱਚ ਲਿਖਿਆ ਗਿਆ ਕਿ ਇਸ ਮਾਮਲੇ ਵਿੱਚ ਪੁਲਸ-ਪ੍ਰਸਾਸ਼ਨ ਇਸ ਮਾਮਲੇ ਨੂੰ ਸਹੀ ਤਰ੍ਹਾਂ ਨਾਲ ਨਹੀਂ ਸਮਝ ਸਕਿਆ। ਉਸ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉੱਥੇ ਰਾਜ ਕਰ ਰਹੀ ਪਾਰਟੀ ਦੇ ਆਗੂਆਂ ਦਾ ਕੋਈ ਨੁਕਸ-ਫਰਕ ਨਹੀਂ ਬਲਕਿ ਹੇਠਲੇ ਪੱਧਰ ਦੇ ਪੁਲਸ ਅਧਿਕਾਰੀਆਂ ਨੇ ਸਥਿਤੀ ਨੂੰ ਸਹੀ ਤਰ੍ਹਾਂ ਨਹੀਂ ਸਮਝਿਆ ਇਸ ਕਰਕੇ ਸਥਿਤੀ ਵਿਗੜ ਗਈ, ਇਸ ਕਰਕੇ ਉਹ ਹੀ ਦੋਸ਼ੀ ਹਨ। ਸਰਕਾਰ ਅਤੇ ਰਾਜ ਦਾ ਇਸ ਮਾਮਲੇ ਵਿੱਚ ਕੋਈ ਲੈਣਾ-ਦੇਣਾ ਨਹੀਂ। ਨੌਵੀਂ ਜਮਾਤ ਵਿੱਚ ਪੜ੍ਹਦੀ ਜਿਸ ਬੱਚੀ ਨੂੰ ਭਾਰਤੀ ਰਾਜ ਦੇ ਫੌਜੀਆਂ ਵੱਲੋਂ ਬਲਾਤਕਾਰ ਕਰਨ ਉਪਰੰਤ ਖੁਦਕੁਸ਼ੀ ਕਰ ਜਾਣ ਵਾਲੇ ਜਿਹਨਾਂ ਹਾਲਾਤ ਵਿੱਚ ਧੱਕਿਆ ਗਿਆ ਉਹ ਲੋਕ ਪੱਖੀ ਸ਼ਕਤੀਆਂ ਦੇ ਪੱਖ ਵਿੱਚ ਖੜ੍ਹਨ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੁਆਲ ਖੜ੍ਹੇ ਕਰਦਾ ਹੈ ਕਿ ਜੇਕਰ ਲੋਕਾਂ ਦੀਆਂ ਧੀਆਂ-ਭੈਣਾਂ ਨਾਲ ਬਲਾਤਕਾਰਾਂ ਉਪਰੰਤ ਅਜਿਹੀਆਂ ਹਾਲਤਾਂ ਸਿਰਜੀਆਂ ਜਾਣੀਆਂ ਹਨ, ਜਿਹਨਾਂ ਵਿੱਚ ਉਹ ਬੇਵਸ ਹੋ ਕੇ ਖੁਦਕੁਸ਼ੀ ਕਰ ਜਾਣ ਵਰਗੇ ਸਿਰੇ ਦੇ ਕਦਮ ਚੁੱਕ ਲੈਣ ਵਾਸਤੇ ਮਜਬੂਰ ਹੋ ਜਾਂਦੀਆਂ ਹਨ ਤਾਂ ਉਹ ਸਥਿਤੀ ਕਿਉਂ ਨਾ ਪੈਦਾ ਕੀਤੀ ਜਾਵੇ ਕਿ ਅਜਿਹੇ ਬਲਾਤਕਾਰੀ ਅਨਸਰਾਂ ਦਾ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਦਾਖਲ ਹੀ ਕਿਉਂ ਨਾ ਬੰਦ ਕਰ ਦਿੱਤਾ ਜਾਵੇ। ਇਸ ਦੀ ਖਾਤਰ ਜੋ ਵੀ ਕਦਮ ਚੁੱਕਣੇ ਪੈਣ ਚੁੱਕੇ ਜਾਣੇ ਚਾਹੀਦੇ ਹਨ। ੦-੦

ਘਪਲ਼ਿਆਂ ਦੇ ਦੇਸ਼ 'ਚ ਬੈਂਕ-ਘਪਲ਼ੇ


ਘਪਲ਼ਿਆਂ ਦੇ ਦੇਸ਼ 'ਚ ਬੈਂਕ-ਘਪਲ਼ੇ
-ਗੁਰਮੇਲ ਸਿੰਘ ਭੁਟਾਲ
ਦੇਸ਼ ਦੀ ਦੂਜੀ ਵੱਡੀ ਬੈਂਕ 'ਪੰਜਾਬ ਨੈਸ਼ਨਲ ਬੈਂਕ' 11420 ਕਰੋੜ ਦੀ ਠੱਗੀ ਦੀ ਸ਼ਿਕਾਰ ਹੋਈ ਹੈ। ਮੁੰਬਈ ਸਥਿਤ ਬੈਂਕ ਦੀ ਇੱਕ ਬਰਾਂਚ ਪਾਸੋਂ ਜਾਅਲੀ ਢੰਗਾਂ ਨਾਲ਼ ਲੈਣ-ਦੇਣ ਕੀਤਾ ਜਾ ਰਿਹਾ ਸੀ ਜਿਸ ਵਿੱਚ ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਮਾਮੇ ਮੇਹੁਲ ਚੋਕਸੀ ਦੇ ਨਾਂ ਸਾਹਮਣੇ ਆਏ ਹਨ। ਨੀਰਵ ਮੋਦੀ ਬੈਲਜ਼ੀਅਮ ਦਾ ਜੰਮਪਲ਼ ਹੈ ਜੋ ਕਿ 19 ਸਾਲ ਦੀ ਉਮਰੇ, ਆਪਣੇ ਮਾਮੇ ਨਾਲ਼ ਕਾਰੋਬਾਰ ਕਰਨ ਲਈ ਮੁੰਬਈ ਆਇਆ ਸੀ। ਇਸ ਵਪਾਰੀ ਜੋੜੀ ਦੀਆਂ ਤੰਦਾਂ ਭਾਜਪਾਈਆਂ ਤੇ ਅੰਬਾਨੀਆਂ ਨਾਲ਼ ਜੁੜੀਆਂ ਹੋਈਆਂ ਹਨ।  ਇਸ ਮੋਦੀ ਦਾ ਛੋਟਾ ਭਰਾ 'ਨੀਸ਼ਾਲ' ਰਿਲਾਇੰਸ ਕੰਪਨੀ ਦੇ ਡਾਇਰੈਕਟਰ ਮੁਕੇਸ਼ ਅੰਬਾਨੀ ਦਾ ਰਿਸ਼ਤੇਦਾਰ ਹੈ। ਇਹ ਵਪਾਰੀ ਜੋੜੀ 'ਫਾਇਰ ਸਟਾਰ ਡਾਇਮੰਡ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ' ਕੰਪਨੀ ਦੀ ਮਾਲਕ ਹੈ। ਸੰਨ 1999 ਵਿੱਚ ਹੋਂਦ 'ਚ ਆਈ ਇਸ ਕੰਪਨੀ ਦਾ ਦੇਸ਼ਾ-ਬਦੇਸ਼ਾਂ ਤੱਕ ਮੋਟਾ ਠਕਠਕਾ ਚੱਲਦਾ ਹੈ। ਸੀ ਬੀ ਆਈ ਨੇ ਇਹਨਾਂ ਵਿਰੁੱਧ ਦੋ ਪਰਚੇ ਦਾਇਰ ਕੀਤੇ ਹਨ। ਨੀਰਵ ਦੀ ਪਤਨੀ ਅਮੀ ਮੋਦੀ, ਅਤੇ ਭਰਾ ਨੀਸ਼ਾਲ ਨੂੰ ਵੀ ਪਰਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਬਦੇਸ਼ੀ ਬੈਂਕਾਂ ਤੋਂ ਕਰਜ਼ੇ ਲੈਣ ਲਈ ਅਤੇ ਅਦਾਇਗੀਆਂ ਲਈ, ਨੀਰਵ ਮੋਦੀ ਅਤੇ ਸਾਥੀਆਂ ਨੇ ਮੁੰਬਈ ਦੀ ਬਰੈਡੀ ਬਰਾਂਚ ਦੇ ਅਧਿਕਾਰੀਆਂ ਤੋਂ ਕਈ ਸਾਲ ਜਾਅਲੀ ਪੱਤਰ ਪ੍ਰਾਪਤ ਕਰਦਿਆਂ ਇਸ ਘੋਟਾਲ਼ੇ ਨੂੰ ਅੰਜ਼ਾਮ ਦਿੱਤਾ ਹੈ। ਠੱਗਾਂ ਦੇ ਇਸ ਮੁਲਕ ਅੰਦਰ ਇਹ ਕੋਈ ਪਹਿਲਾਂ ਘਪਲ਼ਾ ਨਹੀਂ ਤੇ ਨਾ ਹੀ ਆਖਰੀ ਹੈ। ਥੋੜ੍ਹਾ ਚਿਰ ਪਹਿਲਾਂ ਹੀ ਭਾਜਪਾਈ ਵਿਜੈ ਮਾਲਿਆ, ਬੈਂਕ ਨਾਲ਼ ਮੋਟੀ ਠੱਗੀ ਮਾਰ ਕੇ ਮਾਲਾਮਾਲ ਹੋਇਆ ਹੈ ਜੋ ਕਿ ਨੰਗਾ ਹੋਣ ਸਾਰ, ਤੁਰੰਤ ਬਦੇਸ਼ ਉਡਾਰੀ ਮਾਰ ਗਿਆ। ਬਿੱਲਕੁੱਲ ਓਸੇ ਤਰਾਂ੍ਹ ਨੀਰਵ ਮੋਦੀ ਅਤੇ ਉਸ ਦੇ ਮੇਹੁਲ ਮਾਮੇ ਨੇ ਕੀਤਾ ਹੈ।  ਬਾਅਦ ਵਿੱਚ ਬਦੇਸ਼ ਮੰਤਰਾਲੇ ਨੇ ਇਹਨਾਂ ਦੇ ਪਾਸਪੋਰਟ ਰੱਦ ਕਰਨ ਦਾ ਢੌਂਗ ਵੀ ਕੀਤਾ ਹੈ। ਕੇਂਦਰ ਦੀ ਭਾਜਪਾਈ ਸਰਕਾਰ, ਬੈਂਕ ਘੋਟਾਲ਼ਿਆਂ ਲਈ ਕਾਂਗਰਸ ਨੂੰ ਜੁੰਮੇਵਾਰ ਗਰਦਾਨ ਰਹੀ ਹੈ ਅਤੇ ਕਾਂਗਰਸੀ ਭਾਜਪਾ ਨੂੰ। ਦੇਸ਼ ਦੀਆਂ ਦੋਵੇਂ ਮੁੱਖ ਪਾਰਲੀਮਾਨੀ ਪਾਰਟੀਆਂ ਨੇ ਦੋਸ਼ਾਂ ਦੇ 'ਤੀਰ' ਇੱਕ-ਦੂਜੇ ਵੱਲ ਸੇਧੇ ਹੋਏ ਹਨ। ਇਹ ਗੱਲ ਵੱਖਰੀ ਹੈ ਕਿ ਭਾਜਪਾ ਹਕੂਮਤੀ ਗੱਦੀਆਂ ਉੱਤੇ ਬਿਰਾਜ਼ਮਾਨ ਹੈ, ਵੈਸੇ ਦੇਸ਼ ਅੰਦਰ ਹੋਏ ਵੱਡੇ ਘੋਟਾਲ਼ਿਆਂ ਲਈ ਦੋਵੇਂ ਜੁੰਮੇਵਾਰ ਹਨ। ਸੱਤ੍ਹਾ ਉੱਪਰ ਕੋਈ ਵੀ ਕਾਬਜ਼ ਹੋਵੇ, ਘੋਟਾਲ਼ੇ ਤੇ ਫਰਾਡ ਬੇਰੋਕ ਜਾਰੀ ਹਨ। ਜਾਇਦਾਦਾਂ ਦੀ ਜ਼ਬਤੀ ਦਾ ਡਰਾਮਾ ਕਰਦਿਆਂ, ਇਨਫੋਰਸਮੈਂਟ ਡਾਇਰੈਕੋਰੇਟ (ਵਿੱਤੀ ਅਪਰਾਧਿਕ ਮਾਮਲਿਆਂ ਵਿਰੁੱਧ ਸੰਸਥਾ) ਨੇ ਛਾਪੇਮਾਰੀ ਕਰਦਿਆਂ ਨੀਰਵ ਮੋਦੀ ਦੇ ਬਹੁਤ ਸਾਰੇ ਟਿਕਾਣਿਆਂ ਤੱਕ ਪਹੁੰਚ ਕਰਦਿਆਂ ਬਹੁਤ ਸਾਰੀਆਂ ਆਲੀਸ਼ਾਨ ਕਾਰਾਂ ਸਮੇਤ ਹੋਰ ਜਾਇਦਾਦਾਂ ਨੂੰ ਜ਼ਬਤੀ ਅਧੀਨ ਲਿਆਂਦਾ ਹੈ ਜਿੰਨ੍ਹਾਂ ਵਿੱਚ 5100 ਕਰੋੜ ਰੁਪਏ ਦੇ ਹੀਰੇ, ਸੋਨਾ, ਫਾਰਮ-ਹਾਊਸ, 8.16 ਕਰੋੜ ਰੁਪਏ ਦੀ ਕੀਮਤ ਦਾ ਪੈਂਟ-ਹਾਊਸ, ਮੁੰਬਈ ਸਥਿਤ 15.45 ਕਰੋੜ ਰੁਪਏ ਦੀ ਕੀਮਤ ਦਾ ਸਮੁੰਦਰ-ਮਹਿਲ ਵਿਚਲਾ ਇੱਕ ਫਲੈਟ, 6 ਰਿਹਾਇਸ਼ੀ ਜਾਇਦਾਦਾਂ, 10 ਦਫਤਰ, 2 ਫਲੈਟ, ਇੱਕ ਸੂਰਜੀ ਊਰਜਾ ਪਲਾਂਟ, 135 ਏਕੜ ਜ਼ਮੀਨ ਦੱਸੀ ਜਾ ਰਹੀ ਹੈ।
ਇੱਕ ਹੋਰ ਹੀਰਾ-ਵਪਾਰੀ ਭੱਜ ਗਿਆ ਬਦੇਸ਼
ਪੀ ਐੱਨ ਬੀ ਘੋਟਾਲ਼ੇ ਦੀ ਚਰਚਾ ਹਾਲੇ ਜੋਬਨ 'ਤੇ ਹੀ ਸੀ ਕਿ ਇੱਕ ਹੋਰ ਹੀਰਾ-ਵਪਾਰੀ ਬੈਂਕ ਨਾਲ਼ 420 ਕਰ ਕੇ ਬਦੇਸ਼ ਭੱਜ ਗਿਆ ਹੈ। ਦਿੱਲੀ ਦੇ ਇਸ ਵਪਾਰੀ ਸਮੇਤ ਬੈਂਕ ਅਧਿਕਾਰੀ ਖਿਲਾਫ਼ ਪਰਚਾ ਦਰਜ ਹੋ ਗਿਆ ਹੈ।  3695 ਕਰੋੜ ਦੇ ਘਪਲ਼ੇ ਲਈ ਜੁੰਮੇਵਾਰ 'ਰੋਟੋਮੈਕ ਪੈਨਜ਼' ਦੇ ਮਾਲਕ ਵਿਕਰਮ ਕੋਠਾਰੀ ਅਤੇ ਉਸ ਦੇ ਫਰਜ਼ੰਦ ਰਾਹੁਲ ਕੋਠਾਰੀ ਨੂੰ ਸੀ ਬੀ ਆਈ ਹਿਰਾਸਤ ਵਿੱਚ ਲਿਆ ਗਿਆ ਹੈ। ਦਿੱਲੀ ਦੇ 'ਕਰੋਲ ਬਾਗ' ਦੀ 'ਦਵਾਰਕਾ ਦਾਸ ਸੇਠ ਇੰਟਰਨੈਸ਼ਨਲ” ਖਿਲਾਫ਼ ਓਰੀਐਂਟਲ ਬੈਂਕ ਆਫ ਕਾਮਰਸ ਨੇ 389.85 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਾਇਆ ਹੈ। ਬੈਂਕ ਆਫ ਮਹਾਂਰਾਸਟਰ ਦੀ ਸ਼ਿਕਾਇਤ 'ਤੇ ਅਮਿਤ ਸਿੰਗਲਾ ਅਤੇ ਸੰਗੀਆ ਵਿਰੁੱਧ ਜਾਅਲੀ ਕਾਗਜ਼ਾਂ ਰਾਹੀਂ ਕਰਜ਼ਾ ਲੈਣ ਦਾ ਮਾਮਲਾ ਦਰਜ ਕਰਾਇਆ ਹੈ।
ਸਰਕਾਰਾਂ, ਅਫਸਰਸ਼ਾਹੀ ਅਤੇ ਨਿਆਂ-ਪਾਲਿਕਾ ਦੀ ਸਰਪ੍ਰਸਤੀ ਮਾਣਦੇ ਹਨ— ਘਪਲ਼ੇਬਾਜ
ਸੀ ਬੀ ਆਈ ਵੱਲੋਂ ਪਰਚੇ ਦਰਜ ਕਰਨ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਦੇ ਬਾਵਜੂਦ, ਸਚਾਈ ਇਹ ਹੈ ਕਿ ਘੋਟਾਲ਼ਿਆਂ ਦੇ ਇਹ ਸੌਦਾਗਰ, ਸਰਕਾਰਾਂ ਦੀ ਪੂਰੀ ਸ਼ਹਿ ਮਾਣਦੇ ਹਨ। ਵਿਜੈ ਮਾਲਿਆ ਭਾਜਪਾ ਦਾ ਰਾਜ ਸਭਾ ਮੈਂਬਰ ਹੁੰਦਿਆਂ ਰਾਤੋ-ਰਾਤ ਬਦੇਸ਼ਾਂ 'ਚ ਜਾ ਵਸਿਆ ਹੈ। ਨਿੱਤ ਖੁਦਕਸ਼ੀਆਂ ਦੀ ਮੌਤੇ ਮਰਦੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦਾ ਸਰਕਾਰਾਂ ਕੋਲ਼ ਕੋਈ ਪ੍ਰਬੰਧ ਨਹੀਂ ਹੈ ਤੇ ਦੂਜੇ ਪਾਸੇ ਪੀ ਐੱਨ ਬੀ ਜਿਹੇ ਅਨੇਕਾਂ ਘੋਟਾਲ਼ੇਬਾਜ ਪੂਰੇ ਮੁਲਕ ਨੂੰ ਆਪਣੇ ਘਰੀਂ ਢੋਅ ਰਹੇ ਹਨ। ਰਾਜ-ਸੱਤਾ੍ਹ ਦੇ ਗਲਿਆਰਿਆਂ ਦਾ ਇਹ ਘਪਲ਼ੇਬਾਜ ਖੂਬ ਲਾਭ ਲੈਂਦੇ ਹਨ।  ਦੇਸ਼ ਦੇ ਕਮਾਊ ਲੋਕ, ਮਜ਼ਦੂਰ-ਕਿਸਾਨ ਅਤੇ ਹੋਰ ਮਿਹਨਤਕਸ਼ ਵਰਗ ਕਿਸੇ ਸਰਕਾਰ ਦੇ ਏਜ਼ੰਡੇ 'ਤੇ ਨਹੀਂ ਹਨ। ਸਾਰਾ ਕੁੱਝ ਕੰਪਨੀਆਂ ਅਤੇ ਧਨਾਡਾਂ ਨੂੰ ਵਿਉਂਤਬੱਧ ਤਰੀਕੇ ਨਾਲ਼ ਲੁਟਾਇਆ ਜਾ ਰਿਹਾ ਹੈ। ਕਿਰਤੀ ਤਬਕੇ ਨੂੰ ਕੰਮ ਬਦਲੇ ਅਗਲੇ ਦਿਨ ਕੰਮ 'ਤੇ ਆਉਣ ਜੋਗੀ ਉਜ਼ਰਤ ਦੇਣ ਵਾਲ਼ੇ ਹਾਲਾਤ ਬਣਾ ਦਿੱਤੇ ਗਏ ਹਨ। ਸੜਕਾਂ. ਪੁਲ਼, ਉਸਾਰੀ, ਨਿਰਮਾਣ ਅਤੇ ਉਪਜ਼ ਦੇ ਸੱਭੇ ਖੇਤਰ ਕੰਪਨੀਆਂ ਅੱਗੇ ਪਰੋਸੇ ਜਾ ਚੁੱਕੇ ਹਨ। ਸ਼ਾਤਰ ਕਿਸਮ ਦੇ ਬੈਂਕਿੰਗ-ਨਿਯਮਾਂ ਰਾਹੀਂ ਦੇਸ਼ ਦੇ ਲੋਕਾਂ ਦੀ ਕਮਾਈ ਬੈਂਕਾਂ ਵਿੱਚ ਕੈਦ ਕਰ ਦਿੱਤੀ ਗਈ ਹੈ ਜਿਸ ਨੂੰ ਧੜਵੈਲ਼ ਕੰਪਨੀਆਂ ਅਤੇ ਘਰਾਣਿਆਂ ਦੇ ਕਾਰੋਬਾਰੀ ਸਰਕਲ ਵਿੱਚ ਪਾ ਕੇ ਉਹਨਾਂ ਦੀਆਂ ਤਿਜ਼ੌਰੀਆਂ ਭਰੀਆਂ ਜਾਂਦੀਆਂ ਹਨ। ਧੰਨ-ਦੌਲਤ ਦੇ ਢੇਰਾਂ ਉੱਪਰ ਬੈਠੇ ਇਹਨਾਂ ਨਿੱਜੀ ਕਾਰੋਬਾਰੀ ਕੰਪਨੀਆਂ ਤੇ ਘਰਾਣਿਆਂ ਨੂੰ ਮੋਟੇ ਕਰਜ਼ੇ ਬਖਸ਼ੇ ਜਾਦੇ ਹਨ ਜਦਕਿ ਆਮ ਬੰਦਾ ਨਿੱਕੇ-ਮੋਟੇ ਕਾਰੋਬਾਰ ਜਾਂ ਕਬੀਲਦਾਰੀ ਚਲਾਉਣ ਲਈ ਛੋਟਾ-ਮੋਟਾ ਕਰਜ਼ਾ ਪ੍ਰਾਪਤ ਕਰਨ ਖਾਤਰ ਬੈਂਕਾਂ ਦੀ ਡੰਡੌਤ ਕਰਦਾ ਮਰ ਜਾਂਦਾ ਹੈ।  ਕਾਰਜਪਾਲਿਕਾ(ਸਰਕਾਰ), ਪ੍ਰਸਾਸ਼ਨ (ਅਫਸਰਸ਼ਾਹੀ) ਅਤੇ ਨਿਆਂ-ਪਾਲਿਕਾ (ਕੋਰਟ-ਕਚਹਿਰੀਆਂ) ਸਭ ਘਪਲ਼ੇਬਾਜਾਂ ਨੂੰ ਪਾਲਣ-ਪਲੋਸਣ ਤੇ ਸੁਰੱਖਿਅਤ ਕਰਨ ਵਾਲ਼ੇ ਸੰਦ ਹਨ। ਏਸੇ ਕਰਕੇ ਦੇਸ਼ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਕਰੋੜਾਂ-ਅਰਬਾਂ ਰੁਪਏ ਦੇ ਵੱਡੇ ਘਪਲ਼ੇ ਹੋ ਚੁੱਕੇ ਹਨ ਜੋ ਕਿ ਨਾਕਸ ਪ੍ਰਬੰਧ ਹੋਣ ਕਾਰਨ ਬੇਰੋਕ ਚੱਲੀ ਜਾ ਰਹੇ ਹਨ। ਜਿਹੜੀਆਂ ਸਰਕਾਰਾਂ ਜਾਂ ਸਰਕਾਰੀ ਸੰਸਥਾਵਾਂ ਵੱਲੋਂ ਘਪਲ਼ੇਬਾਜਾਂ ਖਿਲਾਫ਼ ਕਾਰਵਾਈ ਕਰਨ ਦੇ ਭੁਲੇਖੇ ਪਾਏ ਜਾ ਰਹੇ ਹਨ, ਉਹਨਾਂ ਸਰਕਾਰਾਂ/ਸੰਸਥਾਵਾਂ ਦੇ ਨੁਮਾਇੰਦੇ ਹੀ ਘਪਲ਼ਿਆਂ ਨੂੰ ਚਾਰ ਚੰਨ ਲਾਉਂਦੇ ਹਨ। ਰਾਜੀਵ ਗਾਂਧੀ ਦਾ 64 ਕਰੋੜੀ ਬੋਫਰਜ਼ ਦਲਾਲੀ ਘੋਟਾਲ਼ਾ, ਪ੍ਰਕਾਸ਼ ਜੈਸਵਾਲ ਤੇ ਮਨਮੋਹਨ ਸਿੰਘ ਦਾ 18559 ਕਰੋੜ ਰੁਪਏ ਦਾ ਕੋਲਾ ਘੋਟਾਲ਼ਾ, ਯੂ ਪੀ ਦੇ ਮੁਲਾਇਮ ਯਾਦਵ ਦਾ 35000 ਕਰੋੜ ਰੁਪਏ ਦਾ ਅਨਾਜ ਘੋਟਾਲ਼ਾ, ਸੁਰੇਸ਼ ਕਲਮਾਡੀ ਤੇ ਸ਼ੀਲਾ ਦਕਿਸ਼ਤ ਦਾ 70000 ਕਰੋੜ ਰੁਪਏ ਦਾ ਕਾਮਨਵੈਲਥ ਖੇਡ ਘੋਟਾਲ਼ਾ, ਲਾਲੂ ਪ੍ਰਸ਼ਾਦ ਦਾ 950 ਕਰੋੜੀ ਚਾਰਾ ਘੋਟਾਲ਼ਾ ਅਤੇ ਅੱਜ-ਕੱਲ੍ਹ ਚਰਚਿਆਂ 'ਚ ਆਏ ਅਮਿਤ ਸ਼ਾਹ ਦੇ ਪੁੱਤਰ ਦਾ ਘੁਟਾਲਾ, ਮੋਦੀ ਵੱਲੋਂ ਸਹਾਰਾ ਕੰਪਨੀ ਵੱਲੋਂ ਛਕਿਆ 50 ਕਰੋੜ ਦਾ ਘਪਲਾ, ਲਲਿਤ ਮੋਦੀ ਘਪਲਾ, ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ ਵਿਯਾਮ ਘਪਲਾ, ਰਫਾਲੇ ਘਪਲਾ ਅਤੇ ਬੈਂਕ ਘਪਲਾ ਆਦਿ ਸਰਕਾਰਾਂ ਦੀ ਖਸਲਤ ਨੂੰ ਉਜ਼ਾਗਰ ਕਰਦੇ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਰਗਿਆਂ ਦੇ ਉਹਨਾਂ ਬਿਆਨਾਂ ਵੱਲ ਝਾਕੀ ਜਾਣ ਨਾਲ਼ ਕੁੱਝ ਨਹੀਂ ਬਣਨ ਲੱਗਾ ਜੋ ਕਹਿੰਦਾ ਹੈ ਕਿ “ਜੇ ਲੋੜ ਪਈ ਤਾਂ ਘਪਲ਼ੇਬਾਜਾਂ ਨੂੰ ਸਜਾਵਾਂ ਦੇਣ ਲਈ ਸਖਤ ਕਾਨੂੰਨ ਬਣਾਏ ਜਾਣਗੇ।” ਦੇਸ਼ ਦੇ ਕਮਾਊ ਲੋਕਾਂ ਨੂੰ ਉਸ ਇਨਕਲਾਬੀ ਬਦਲ ਦੀ ਪਰਕਿਰਿਆ ਵਿੱਚ ਜੁਟਣ ਦੀ ਲੋੜ ਹੈ ਜਿਸ ਨੇ ਮੁੱਠੀਭਰ ਹੱਥਾਂ ਵਿੱਚ ਕੇਂਦਰਿਤ ਹੋਏ ਦੇਸੀ-ਬਦੇਸ਼ੀ ਸਰਮਾਏ ਨੂੰ ਜ਼ਬਤ ਕਰ ਕੇ ਲੋਕ-ਭਲਾਈ ਦੇ ਰਾਹੇ ਪਾਉਣਾ ਹੈ ਅਤੇ ਪੂੰਜੀ ਨੂੰ ਵਿਹਲੜਾਂ ਦੇ ਨਿੱਜੀ ਚੁੰਗਲ਼ ਵਿੱਚੋਂ ਕੱਢ ਕੇ ਸਮੂਹਿਕ ਮਾਲਕੀ ਦਾ ਰੂਪ ਦੇਣਾ ਹੈ।