Monday, 2 July 2018

ਕਾਰਪੋਰੇਟ ਵੇਦਾਂਤਾ ਦੇ ਸਟਰਲਾਈਟ ਪਲਾਂਟ ਖਿਲਾਫ ਸੰਘਰਸ਼

ਕਾਰਪੋਰੇਟ ਵੇਦਾਂਤਾ ਦੇ ਸਟਰਲਾਈਟ ਪਲਾਂਟ ਖਿਲਾਫ
ਸੰਘਰਸ਼ ਕਰਦੇ ਲੋਕਾਂ ਦਾ ਵਹਿਸ਼ੀ ਕਤਲੇਆਮ
—ਚੇਤਨ
ਤਾਮਿਲਨਾਡੂ ਦੇ ਸ਼ਹਿਰ ਤੂਤੀਕੋਰਨ (ਤੁੱੜੀਕੁਡੀ) ਵਿੱਚ 22 ਮਈ ਨੂੰ ਵੇਦਾਂਤਾ ਸਮੂਹ ਦੇ ਸਟਰਲਾਈਟ ਪਲਾਂਟ (ਤਾਂਬਾ ਪਲਾਂਟ) ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਜਿਵੇਂ ਪੁਲਸ ਵੱਲੋਂ ਅੱਤ ਭਿਆਨਕ ਹਮਲਾ ਬੋਲਿਆ ਗਿਆ ਤੇ ਬੇਕਿਰਕ ਕਤਲੇਆਮ ਕੀਤਾ ਗਿਆ, ਇਹ ਜੱਲਿਆਂਵਾਲੇ ਬਾਗ ਤੋਂ ਘੱਟ ਨਹੀਂ ਸੀ। ਪੁਰਅਮਨ ਰੋਸ ਪ੍ਰਦਰਸ਼ਨ ਕਰਦੇ ਲੋਕਾਂ 'ਤੇ ਬਿਨਾ ਚਿਤਾਵਨੀ, ਬਿਨਾ ਪਾਣੀ ਦੀਆਂ ਬੁਛਾੜਾਂ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਉਣ ਅਤੇ ਅੱਥਰੂ ਗੈਸ ਦੀ ਵਰਤੋਂ ਤੋਂ ਬਿਨਾ ਜਿਵੇਂ ਜੰਗੀ ਹਥਿਆਰਾਂ ਨਾਲ ਸਿੱਧੀਆਂ ਗੋਲੀਆਂ ਦਾਗ਼ੀਆਂ ਗਈਆਂ, ਇਸ ਨੇ ਹਰੇਕ ਨੂੰ ਹੈਰਾਨ ਕਰ ਦਿੱਤਾ ਹੈ। ਇਸ ਗੋਲੀ ਕਾਂਡ ਵਿੱਚ 11 ਲੋਕ ਮੌਕੇ 'ਤੇ ਮਾਰੇ ਗਏ। 65 ਤੋਂ ਵੱਧ ਗੰਭੀਰ ਜਖ਼ਮੀ ਅਤੇ ਸੈਂਕੜੇ ਜਖਮੀ ਹੋ ਗਏ
। ਬਾਕੀ ਪੱਖਾਂ 'ਤੇ ਚਰਚਾ ਤੋਂ ਪਹਿਲਾਂ ਪੁਲਸ ਦੇ ਭਿਆਨਕ ਹਮਲੇ ਬਾਰੇ ਚਰਚਾ ਜ਼ਰੂਰੀ ਹੈ। ਬਹੁਕੌਮੀ ਕੰਪਨੀ ਵੇਦਾਂਤਾ ਦੀ ਤਾਂਬਾ (ਕਾਪਰ) ਫੈਕਟਰੀ ਸਟਰਲਾਈਟ ਵੱਲੋਂ ਲੋਕਾਂ ਦੀ ਜ਼ਿੰਦਗੀ ਤਬਾਹ ਕਰਨ, ਪਾਣੀ, ਹਵਾ ਅਤੇ ਧਰਤੀ ਨੂੰ ਜ਼ਹਿਰੀਲੀ ਕਰਕੇ ਭਿਆਨਕ ਬਿਮਾਰੀਆਂ, ਪੈਦਾ ਕਰਨ ਦੇ ਖਿਲਾਫ 100 ਦਿਨ ਤੋਂ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ। ਸਰਕਾਰ ਨੇ ਫੈਕਟਰੀ ਅੱਗੇ ਪ੍ਰਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ ਸੀ। ਇਸ ਕਰਕੇ ਵੱਖ ਵੱਖ ਥਾਵਾਂ ਤੇ ਪਿੰਡਾਂ ਵਿੱਚ ਧਰਨੇ ਚੱਲ ਰਹੇ ਸਨ। ਕੋਈ ਵੀ ਸੁਣਵਾਈ ਨਾ ਹੋਣ ਕਰਕੇ ਅੱਜ ਇਹਨਾਂ ਰੋਸ ਪ੍ਰਦਰਸ਼ਨਾਂ ਦੇ 100ਵੇਂ ਦਿਨ 'ਤੇ ਲੋਕਾਂ ਨੇ ਡੀ.ਸੀ. ਤੂਤੀਕੋਰਨ ਦੇ ਦਫਤਰ ਅੱਗੇ ਮੁਜਾਹਰਾ ਕਰਕੇ ਉਸ ਤੋਂ ਵਚਨ ਲੈਣਾ ਸੀ ਕਿ ਸਟਰਲਾਈਟ ਪਲਾਂਟ ਹਮੇਸ਼ਾਂ ਲਈ ਬੰਦ ਕੀਤਾ ਜਾਵੇ। ਇਹ ਪੂਰੀ ਤਰ•ਾਂ ਕਾਨੂੰਨੀ ਅਤੇ ਐਲਾਨਿਆ ਹੋਇਆ ਪ੍ਰੋਗਰਾਮ ਸੀ। ਪਰ ਪ੍ਰਸਾਸ਼ਨ ਤੇ ਪੁਲਸ ਨੇ ਕਿਸੇ ਤਰ•ਾਂ ਮਾਮਲਾ ਸੁਲਝਾਉਣ ਦੀ ਬਜਾਏ ਲਹਿਰ ਦਾ ਲੱਕ ਤੋੜਨ ਲਈ ਸਾਜਿਸ਼ਾਂ ਅਤੇ ਕਤਲੇਆਮ ਦਾ ਰਾਹ ਚੁਣਿਆ। ਪਹਿਲਾਂ ਕੁੱਝ ਵਪਾਰੀਆਂ ਅਤੇ ਇਕੱਲੇ-ਇਕਹਿਰੇ ਕਾਰਕੁੰਨਾਂ ਨੂੰ ਸੱਦ ਕੇ ਉਹਨਾਂ 'ਤੇ ਦਬਾਅ ਪਾਇਆ ਗਿਆ ਕਿ ਉਹ ਤਹਿ ਕੀਤਾ ਰੋਸ ਡੀ.ਸੀ. ਦਫਤਰ ਵਿੱਚ ਕਰਨ ਦੀ ਥਾਂ ਇੱਕ ਨਿੱਜੀ ਸਕੂਲ ਦੇ ਮੈਦਾਨ ਵਿੱਚ ਕਰ ਲੈਣ। ਪਰ ਉਹਨਾਂ ਵੱਲੋਂ ਇਨਕਾਰ ਕਰਨ ਅਤੇ ਲਹਿਰ ਵਿੱਚ ਫੁੱਟ ਪਾਉਣ ਦੀ ਨੀਤੀ ਕਾਮਯਾਬ ਨਾ ਹੋਣ ਕਰਕੇ ਅੱਤਿਆਚਾਰੀ ਤੇ ਸਾਜਿਸ਼ੀ ਰਾਹ ਚੁਣ ਲਿਆ ਗਿਆ। ਸ਼ਹਿਰ ਦੇ ਇਤਿਹਾਸਕ ਗਿਰਜੇ ਕੋਲ 500 ਤੋਂ ਵੱਧ ਪ੍ਰਦਰਸ਼ਨਕਾਰੀਆਂ, ਜਿਹਨਾਂ ਵਿੱਚ ਮੁੱਖ ਤੌਰ 'ਤੇ ਔਰਤਾਂ ਅਤੇ ਬੱਚੇ ਸਨ, ਦਾ ਇਕੱਠ ਹੋਇਆ। ਵੱਖ ਵੱਖ ਪਿੰਡਾਂ ਦੇ ਹਜ਼ਾਰਾਂ ਲੋਕ ਡੀ.ਸੀ. ਦਫਤਰ ਪਹੁੰਚਣ ਲਈ ਚੱਲ ਪਏ ਸਨ। ਫਿਰਕੂ ਤੇ ਜਾਤੀ ਵਲਗਣਾਂ ਤੋਂ ਬਾਹਰ ਹੋ ਕੇ ਨਦਰ ਭਾਈਚਾਰੇ ਦੇ ਵਿਦਿਆਰਥੀ ਅਤੇ ਹੋਰ ਲੋਕ ਵੀ ਚਰਚ ਵਿੱਚ ਪਹੁੰਚ ਗਏ। ਪੁਲਸ ਦੀ ਆਪਣੇ ਪਿਛਲੇ ਤਜਰਬਿਆਂ ਦੀ ਕਾਮਯਾਬ ਫਿਰਕੂ ਫੁੱਟ ਪਾਊ ਨੀਤੀ ਫੇਲ• ਹੋ ਗਈ ਸੀ। ਸ਼ਹਿਰ ਦੇ ਦੋਵੇਂ ਮੁੱਖ ਭਾਈਚਾਰੇ ਵਪਾਰੀ ਅਤੇ ਮਛੂਆਰੇ ਸੁਚੇਤ ਸਨ ਕਿਉਂਕਿ 1996 ਦੇ ਸਟਰਲਾਈਟ ਵਿਰੋਧੀ ਪ੍ਰਦਰਸ਼ਨ ਵਿੱਚ ਇਸ ਨੂੰ ਦੰਗਿਆਂ ਦਾ ਰੂਪ ਦੇਣ ਵਿੱਚ ਸਰਕਾਰ ਕਾਮਯਾਬ ਹੋਈ ਸੀ ਅਤੇ ਕੁੱਝ ਮਛੂਆਰੇ ਇਸ ਵਿੱਚ ਮਾਰੇ ਗਏ ਸਨ। ਲੋਕਾਂ ਦੀ ਇਹ ਏਕਤਾ ਪ੍ਰਸਾਸ਼ਨ ਲਈ ਬਹੁਤ ਚਿੰਤਾ ਦਾ ਵਿਸ਼ਾ ਰਹੀ। ਸਟਰਲਾਈਟ ਵਿਰੋਧੀ ਜਥੇਬੰਦੀਆਂ, ਸਮਾਜਿਕ ਗਰੁੱਪਾਂ ਦਾ ਤਾਲਮੇਲ ਕਰਨ ਲਈ ਬਣੀ ਛਤਰੀਨੁਮਾ ਜਥੇਬੰਦੀ ਫੈਡਰੇਸ਼ਨ ਨੇ ਲੋਕਾਂ ਨੂੰ ਪ੍ਰਵਾਰਾਂ ਸਮੇਤ ਰਾਸ਼ਣ ਪਾਣੀ ਤੇ ਖਾਣ ਵਾਲੀਆਂ ਵਸਤਾਂ ਨਾਲ ਲੈਕੇ ਆਉਣ ਦਾ ਸੱਦਾ ਦਿੱਤਾ ਸੀ।
ਪੁਲਸ ਨੇ ਤੂਤੀਕੋਰਨ ਦੱਖਣੀ ਪੁਲਸ ਸਟੇਸ਼ਨ 'ਤੇ ਲੋਕਾਂ ਨੂੰ ਰੋਕ ਕੇ ਇੱਕ ਚਾਲ ਦੇ ਤਹਿਤ ਵਾਪਸ ਜਾਣ ਲਈ ਕਿਹਾ ਪਰ ਪਿੰਡਾਂ ਦੇ ਲੋਕਾਂ ਨੂੰ ਡੀ.ਸੀ. ਦਫਤਰ ਵੱਲ ਜਾਣ ਦੀ ਆਗਿਆ ਦੇ ਦਿੱਤੀ ਗਈ। ਡੀ.ਸੀ. ਦਫਤਰ ਤੱਕ ਲੋਕਾਂ ਦੀ ਪੁਲਸ ਨਾਲ ਬਹਿਸ ਹੁੰਦੀ ਰਹੀ ਕਿ ਅਸੀਂ ਟੋਕਨ ਕਾਰਵਾਈ ਕਰਕੇ ਰੋਸ ਪ੍ਰਗਟ ਕਰਨਾ ਹੈ ਤੇ ਇਹੋ ਹੀ ਤਹਿ ਪ੍ਰੋਗਰਾਮ ਸੀ। ਡੀ.ਸੀ. ਦਫਤਰ ਡੀ.ਸੀ. ਦੀ ਬਜਾਏ ਡੀ.ਜੀ..ਪੀ. ਪੁਲਸ, ਚਾਰ ਆਈ.ਜੀ. ਦੋ ਡਿਪਟੀ ਆਈ.ਜੀ., 15 ਐਸ.ਪੀ. ਸੈਂਕੜੇ ਵਧੀਕ ਐਸ.ਪੀ. ਅਤੇ ਡੀ.ਐਸ.ਪੀ. ਮੌਜੂਦ ਸਨ ਤੇ ਡੀ.ਸੀ. ਸਾਹਿਬ ਮਾਲ ਮਹਿਕਮੇ ਦਾ ਨਿਰੀਖਣ ਕਰਨ ਗਏ ਦੋ ਦਿਨ ਕਿਸੇ ਪੰਚਾਇਤ ਦਫਤਰ ਵਿੱਚ ਆਰਾਮ ਕਰਦੇ ਰਹੇ ਤੇ ਪ੍ਰਸਾਸ਼ਨ ਪੁਲਸ ਚਲਾਉਂਦੀ ਰਹੀ। ਹਾਲਾਂ ਕਿ ਫੈਡਰੇਸ਼ਨ ਨੇ ਡੀ.ਸੀ. ਦਫਤਰ ਦਾ ਘੇਰਾਓ ਅਖਬਾਰਾਂ ਵਿੱਚ ਐਲਾਨਿਆ ਹੋਇਆ ਸੀ। ਬਿਨਾ ਭੜਕਾਹਟ ਇੱਕਦਮ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ, ਹੰਝੂ ਗੈਸ ਅਤੇ ਲਾਠੀਚਾਰਜ ਸਾਰਾ ਕੁੱਝ ਨਾਲ ਨਾਲ ਹੀ ਕੀਤਾ ਗਿਆ। ਲੋਕਾਂ ਨੇ ਸੰਘਣੇ ਕਾਲੇ ਧੂੰਏਂ ਵਿੱਚ ਧੜਾਧੜ ਡਿਗਦੇ ਵਿਅਕਤੀ ਖੂਨ ਨਾਲ ਲੱਥਪੱਥ ਦੇਖੇ। 45 ਮਿੰਟ ਤੱਕ ਅਫਰਾਤਫਰੀ ਫੈਲੀ ਰਹੀ। 9 ਵਿਅਕਤੀ ਮੌਕੇ 'ਤੇ ਮਰ ਗਏ ਸਨ। ਉਹਨਾਂ ਵਿੱਚ ਸਨੋਲਿਨ ਅਤੇ 47 ਸਾਲਾ ਇਸ ਘੋਲ ਦਾ ਸਰਗਰਮ ਆਗੂ ਪੀ. ਤਾਮੀਲੀਰਸਨ ਵੀ ਸੀ, ਜੋ ਇਸ ਘੋਲ ਦਾ ਆਰਗੇਨਾਈਜ਼ਰ ਤੇ ਰੈਡੀਕਲ ਯੂਥ ਫਰੰਟ ਦਾ ਆਗੂ ਸੀ। ਸਨੋਲਿਨ ਦੇ ਮੂੰਹ ਵਿੱਚ ਗੋਲੀ ਲੱਗੀ, ਜਿਸ ਨਾਲ ਖੋਪੜੀ ਤੇ ਮੂੰਹ ਉਡਣ ਨਾਲ ਬੇਪਛਾਣ ਹੋ ਗਈ, ਝਾਮੀਗਨੀ ਦੀ ਖੋਪੜੀ ਉੱਡ ਗਈ। ਸਾਰਿਆਂ ਦੇ ਸਿਰ, ਛਾਤੀ ਗਰਦਨ ਆਦਿ ਵਿੱਚ ਮਾਰੀਆਂ ਗੋਲੀਆਂ ਦਾ ਮਤਲਬ ਸਾਫ ਸੀ ਕਿ ਕਤਲ ਕਰਕੇ ਡਰਾਓ, ਉਂਝ ਗੋਲੀਆਂ ਲੱਤਾਂ-ਪੈਰਾਂ ਵਿੱਚ ਮਾਰੀਆਂ ਜਾਂਦੀਆਂ ਹਨ। ਅਗਲੇ ਦਿਨ ਪੋਸਟ ਮਾਰਟਮ ਦਾ ਵਿਰੋਧ ਕਰਦੇ ਰਿਸ਼ਤੇਦਾਰਾਂ, ਲੋਕਾਂ 'ਤੇ ਫਿਰ ਗੋਲੀ ਚਲਾਈ ਅਤੇ 42 ਸਾਲਾ ਐਨ ਰਮਨ ਨੂੰ ਮਾਰ ਦਿੱਤਾ ਗਿਆ।
ਮੌਕੇ 'ਤੇ ਮੌਜੂਦ ਕਾਰਕੁੰਨਾਂ ਅਨੁਸਾਰ ਮੁਜਾਹਰੇ ਦੌਰਾਨ ਸਾਦੇ ਕੱਪੜਿਆਂ ਵਿੱਚ ਪਿਸਤੌਲ-ਧਾਰੀ ਪੁਲਸ ਵਾਲੇ ਨਾਲ ਨਾਲ ਚੱਲਦੇ ਰਹੇ, ਜਿਹਨਾਂ ਸਫੈਦ ਕਮੀਜ਼ਾਂ ਅਤੇ ਧੋਤੀਆਂ ਪਹਿਨੀਆਂ ਹੋਈਆਂ ਸਨ। ਇੱਕ ਵਾਇਰਲ ਹੋਈ ਵੀ.ਡੀ.ਓ. ਵਿੱਚ ਤਿੰਨ ਵਿਅਕਤੀ, ਜਿਹਨਾਂ ਦੀ ਸ਼ਰਟਾਂ ਅਤੇ ਸਪੋਰਟਸ ਪਜਾਮੇ ਪਾਏ ਸਨ, ਇੱਕ ਪੁਲਸ ਦੀ ਗੱਡੀ ਉੱਤੇ ਖੜ• ਕੇ ਲੰਬੀ ਮਾਰ ਵਾਲੇ ਜੰਗੀ ਹਥਿਆਰਾਂ ਨਾਲ ਨਿਸ਼ਾਨਾ ਵਿੰਨ•ਦੇ ਦੇਖੇ ਗਏ ਹਨ। ਦਰਅਸਲ ਇਹ ਪੁਲਸ ਵੱਲੋਂ ਪੂਰੀ ਯੋਜਨਾ ਤਹਿਤ ਕੀਤਾ ਗਿਆ ਜਥੇਬੰਦ ਕਤਲੇਆਮ ਸੀ। ਪੀ.ਯੂ.ਸੀ.ਐਲ. ਵੱਲੋਂ ਵੀ ਅਜਿਹਾ ਹੀ ਬਿਆਨ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਹਨਾਂ ਵਿੱਚ ਇਜ਼ਰਾਈਲ ਤੋਂ ਸਿੱਖਿਅਤ 'ਸਨਿੱਪਰ' ਵੀ ਸਨ, ਜਿਹਨਾਂ ਦਾ ਨਿਸ਼ਾਨਾ ਅਚੁੱਕ ਹੁੰਦਾ ਹੈ ਤੇ ਉਹ ਭੀੜ 'ਚੋਂ ਚੁਣ ਚੁਣ ਕੇ ਲੋਕਾਂ ਨੂੰ ਮਾਰਨ ਵਿੱਚ ਮਾਹਰ ਹੁੰਦੇ ਹਨ।
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਆਪਣੀਆਂ ਬਸਤੀਆਂ ਵਿੱਚ ਪਰਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਬਾਹਰ ਕੱਢ ਕੇ ਤਸ਼ੱਦਦ ਕੀਤਾ ਗਿਆ। 16500 ਲੋਕਾਂ 'ਤੇ ਮੁਕੱਦਮੇ ਦਰਜ਼ ਕੀਤੇ ਗਏ। ਆਗੂਆਂ 'ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਮਾਮਲੇ ਦਰਜ਼ ਕੀਤੇ ਗਏ। 16 ਤੋਂ 28 ਸਾਲਾਂ ਦੀ ਉਮਰ ਦੇ 95 ਨੌਜਵਾਨਾਂ ਨੂੰ ਚੁੱਕ ਕੇ ਪੁਲਸ ਨੇ ਪਹਿਲਾਂ ਥਾਣਿਆਂ ਵਿੱਚ ਰੱਖਿਆ ਤੇ ਫਿਰ ਅਣਦੱਸੀਆਂ ਥਾਵਾਂ 'ਤੇ ਰੱਖ ਕੇ 2 ਦਿਨ ਤਸ਼ੱਦਦ ਢਾਹਿਆ ਗਿਆ ਤੇ ਮੈਡੀਕਲ ਵੀ ਨਹੀਂ ਕਰਵਾਇਆ ਗਿਆ ਕਿਉਂਕਿ ਸਾਰਿਆਂ ਦੇ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਤਸ਼ੱਦਦ ਦੇ ਨਿਸ਼ਾਨ ਸਨ। ਲੋਕਾਂ ਵੱਲੋਂ ਵਕੀਲਾਂ ਰਾਹੀਂ ਅਦਾਲਤ ਤੱਕ ਪਹੁੰਚ ਕਰਨ 'ਤੇ ਅਦਾਲਤੀ ਦਖਲ ਤੋਂ ਬਾਅਦ ਪੁਲਸ ਨੇ ਅਨੇਕਾਂ ਧਾਰਾਵਾਂ ਹੇਠ ਪਰਚੇ ਦਰਜ਼ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਬੇਸ਼ਰਮੀ ਦੀ ਹੱਦ ਤਾਂ ਮੁੱਖ ਮੰਤਰੀ ਨੇ ਕੀਤੀ। ਉਸਨੇ ਕਿਹਾ ਕਿ ਇਹ ਸਮਾਜ ਵਿਰੋਧੀ ਅਨਸਰਾਂ ਦੀ ਅਗਵਾਈ ਵਾਲਾ ਇਕੱਠ ਸੀ ਤੇ ਪੁਲਸ ਨੂੰ ਅਮਨ ਕਾਨੂੰਨ ਦੀ ਰਾਖੀ ਲਈ ਕਾਰਵਾਈ ਕਰਨੀ ਪਈ।
ਅਸਲ ਵਿੱਚ ਇਸ ਸੰਘਰਸ਼ ਵਿੱਚ ਸ਼ਮੂਲੀਅਤ ਵਧਦੀ ਜਾ ਰਹੀ ਸੀ ਦੂਰ ਦੁਰਾਡੇ ਤਾਮਿਲਨਾਡੂ ਦੇ ਕਈ ਸ਼ਹਿਰਾਂ ਤੱਕ ਫੈਲ ਗਿਆ ਸੀ, ਮਛੂਆਰੇ ਰਿਕਸ਼ਾ ਚਾਲਕ, ਨਮਕ ਮਜ਼ਦੂਰ ਰੇਹੜੀ-ਫੜੀ ਵਾਲੇ ਚਾਹ ਦੀਆਂ ਦੁਕਾਨਾਂ ਵਾਲੇ ਛੋਟੇ ਵੱਡੇ ਸਭ ਕਾਰਖਾਨਿਆਂ ਦੇ ਮਜ਼ਦੂਰ ਸ਼ਾਮਲ ਹੋ ਰਹੇ ਸਨ ਅਤੇ ਦੂਰ-ਦੂਰ ਤੱਕ ਇਹਨਾਂ ਦੀ ਹਮਾਇਤ ਵਿੱਚ ਪ੍ਰੋਗਰਾਮ ਹੋ ਰਹੇ ਸਨ। 24 ਮਾਰਚ ਨੂੰ ਪੂਰੀ 24 ਘੰਟੇ ਦੀ ਹੜਤਾਲ ਨਾਲ ਸ਼ੁਰੂ ਹੋਏ ਪ੍ਰਦਰਸ਼ਨਾਂ ਨੇ ਸ਼ਹਿਰ ਠੱਪ ਕਰ ਦਿੱਤਾ ਸੀ। ਬਹੁਤ ਸਾਰੇ ਕਾਲਜ ਵਿਦਿਆਰਥੀ ਵੀ ਸ਼ਾਮਲ ਹੋ ਗਏ ਸਨ। ਕਿਸਾਨ ਮਜ਼ਦੂਰ ਟਰੇਡ ਯੂਨੀਅਨਾਂ ਦੇ ਸਹਿਯੋਗ ਨਾਲ ਬਦੇਸ਼ਾਂ ਵਿੱਚੋਂ ਵੀ ਲੋਕ ਮੱਦਦ ਕਰਨ ਦੇ ਐਲਾਨ ਕਰਨ ਲੱਗੇ।
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਵੈ-ਪ੍ਰੇਰਿਤ ਨੋਟਿਸ ਲੈਣ ਅਤੇ ਮਦਰਾਸ ਹਾਈਕੋਰਟ ਵੱਲੋਂ ਪਲਾਂਟ ਬੰਦ ਕਰਨ ਦੇ ਹੁਕਮ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਸਟਰਲਾਈਟ (ਵੇਦਾਂਤਾ) ਪਲਾਂਟ ਦੀ ਬਿਜਲੀ, ਸਪਲਾਈ, ਇੰਟਰਨੈੱਟ, ਪਾਣੀ ਦੀ ਸਪਲਾਈ ਬੰਦ ਕਰਕੇ ਪੱਕੇ ਤੌਰ 'ਤੇ ਇਸ ਨੂੰ ਬੰਦ ਕਰਨ ਦੇ ਐਲਾਨ ਕਰਨ ਦਾ ਪਾਖੰਡ ਕੀਤਾ ਹੈ ਜਦੋਂ ਕਿ ਲੋਕ ਜਾਣਦੇ ਹਨ ਕਿ ਸਟਰਲਾਈਟ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ।
ਕੰਪਨੀ ਦਾ ਕਾਲਾ ਰਿਕਾਰਡ
ਕੇਂਦਰ ਵਿੱਚ ਮਨਮੋਹਨ ਸਿੰਘ ਸਰਕਾਰ ਵੱਲੋਂ ਨਵੀਆਂ ਆਰਥਿਕ ਨੀਤੀਆਂ ਤਹਿਤ ਜਦੋਂ ਕੌਮਾਂਤਰੀ ਕੰਪਨੀਆਂ ਲਈ ਸਭ ਦਰਵਾਜ਼ੇ ਖੋਲ• ਦਿੱਤੇ ਗਏ ਤਾਂ ਸਟਰਲਾਈਟ ਨੂੰ ਮਹਾਰਾਸ਼ਟਰ ਵਿੱਚ ਰਤਨਾਗਿਰੀ ਵਿੱਚ ਸਮੈਲਟਰ (ਜਿੱਥੇ ਧਾਤਾਂ ਨੂੰ ਗਾਲਿਆ ਜਾਂਦਾ ਹੈ) ਲਈ 500 ਏਕੜ ਜ਼ਮੀਨ ਦਿੱਤੀ ਗਈ। ਖੇਤੀ, ਬਾਗਬਾਨੀ ਅਤੇ ਮੱਛੀ ਵਾਲੇ ਇਸ ਇਲਾਕੇ ਵਿੱਚ ਕਿਸਾਨਾਂ ਵੱਲੋਂ ਸਾਲ ਭਰ ਤਿੱਖਾ ਵਿਰੋਧ ਕਰਨ 'ਤੇ ਆਖਰ ਸਰਕਾਰ ਵੱਲੋਂ ਕੰਪਨੀ ਨੂੰ ਪਲਾਂਟ ਬੰਦ ਕਰਨ ਦਾ ਹੁਕਮ ਦੇਣਾ ਪਿਆ। 1994 ਵਿੱਚ ਕੰਪਨੀ ਤੂਤੀਕੋਰਨ (ਤਾਮਿਲਨਾਡੂ) ਜਾ ਪੁੱਜੀ। ਤੂਤੀਕੋਰਨ ਵਿੱਚ ਸ਼ੁਰੂ ਤੋਂ ਹੀ ਲੋਕ ਇਸ ਕੰਪਨੀ ਦਾ ਵਿਰੋਧ ਕਰਨ ਲੱਗੇ ਪਰ ਸਰਕਾਰੀ ਅਧਿਕਾਰੀਆਂ ਨੇ ਹਮੇਸ਼ਾਂ ਹੀ ਕੰਪਨੀ ਦਾ ਸਾਥ ਦਿੱਤਾ  ਅਤੇ ਵਿਰੋਧ ਕਰਨ ਵਾਲੇ ਲੋਕਾਂ 'ਤੇ ਹਮਲੇ ਕੀਤੇ ਗਏ। ਕੰਪਨੀ ਨੂੰ ਕੋਈ ਇਤਰਾਜ ਨਹੀਂ, ਸਰਟੀਫਿਕੇਟ ਦਿੰਦਿਆਂ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੰਨਾਰ ਦੀ ਖਾੜੀ ਤੋਂ 25 ਕਿਲੋਮੀਟਰ ਦੂਰ ਪ੍ਰੋਜੈਕਟ ਲਾਉਣ ਲਈ ਕਿਹਾ ਪਰ ਇਹ 14 ਕਿਲੋਮੀਟਰ ਦੇ ਅੰਦਰ ਹੀ ਲਾ ਦਿੱਤਾ ਗਿਆ। ਕੰਪਨੀ ਕੋਲ ਵਾਤਾਵਰਣ ਪ੍ਰਭਾਵ ਅਧਿਐਨ ਨਾ ਹੋਣ ਦੇ ਬਾਵਜੂਦ ਕੰਟਰੋਲ ਬੋਰਡ ਨੇ ਲਾਈਸੈਂਸ ਜਾਰੀ ਕਰ ਦਿੱਤਾ। ਲੋਕਾਂ ਦੇ ਵਿਰੋਧ ਸ਼ੁਰੂ ਹੋਣ 'ਤੇ ਕਹਿ ਦਿੱਤਾ ਕਿ ਕੰਪਨੀ 25 ਕਿਲੋਮੀਟਰ ਦਾਇਰੇ ਵਿੱਚ ਗਰੀਨ ਬੈਲਟ ਬਣਾਏ ਜੋ ਕਦੇ ਨਹੀਂ ਬਣਾਈ ਗਈ। 5 ਮਈ  1997 ਨੂੰ ਗੈਸ ਲੀਕ ਹੋਣ ਕਾਰਨ ਅਨੇਕਾਂ ਮੁਲਾਜ਼ਮ ਬਿਮਾਰ ਹੋਏ ਅਤੇ ਬੇਹੋਸ਼ੀ ਵਿੱਚ ਇੱਕ ਔਰਤ ਦੀ ਮੌਤ ਵੀ ਹੋ ਗਈ। ਇਸ ਤੋਂ ਬਾਅਦ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰਦੀਆਂ ਰਹੀਆਂ। 23 ਨਵੰਬਰ ਨੂੰ ਮਦਰਾਸ ਹਾਈਕੋਰਟ ਨੇ ਫੈਕਟਰੀ ਬੰਦ ਕਰਨ ਦਾ ਹੁਕਮ ਦਿੱਤਾ ਪਰ 3 ਦਿਨ ਬਾਅਦ ਸੁਪਰੀਮ ਕੋਰਟ ਨੇ ਸਟੇਅ ਦੇ ਦਿੱਤਾ ਕਿ ਫੈਕਟਰੀ ਤਾਂਬਾ ਪੈਦਾ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਰਹੀ ਹੈ ਤੇ 1300 ਵਿਅਕਤੀਆਂ ਨੂੰ ਰੁਜ਼ਗਾਰ ਦੇ ਰਹੀ ਹੈ। ਇਸ ਲਈ ਕੰਪਨੀ ਨੂੰ 100 ਕਰੋੜ ਜੁਰਮਾਨਾ ਕੀਤਾ ਤੇ ਕਹਿ ਦਿੱਤਾ ਕਿ ਕੰਪਨੀ ਇਹ ਵਾਤਾਵਰਣ 'ਤੇ ਖਰਚ ਕਰੇਗੀ।
2013 ਵਿੱਚ ਗੈਸ ਲੀਕ ਹੋਣ ਦੇ ਅਨੇਕਾਂ ਮਾਮਲੇ ਸਾਹਮਣੇ ਆਏ। ਲੋਕਾਂ ਨੂੰ ਸਾਹ, ਖਾਂਸੀ, ਘੁਟਨ ਦੀ ਤਕਲੀਫ ਹੋ ਰਹੀ ਸੀ। ਹਵਾ ਵਿੱਚ ਸਲਫਰ ਡਾਈਆਕਸਾਈਡ ਵਧ ਗਈ ਸੀ, ਜੋ ਫੈਕਟਰੀ ਵਿੱਚੋਂ ਲੀਕ ਹੋ ਕੇ ਹਵਾ ਵਿੱਚ ਰਲ ਰਹੀ ਸੀ। ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਂਟ ਬੰਦ ਕਰਨ ਲਈ ਕਿਹਾ ਤਾਂ ਕੰਪਨੀ ਗਰੀਨ ਟ੍ਰਿਬਿਊਨਲ ਕੋਲ ਜਾ ਪਹੁੰਚੀ ਜਿਸ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਫੈਸਲਾ ਪਲਟ ਦਿੱਤਾ।
ਪੂਰੇ 20 ਸਾਲ ਤੋਂ ਵੱਧ ਸਟਰਲਾਈਟ (ਵੇਦਾਂਤਾ) ਨੇ ਸਭ ਭਾਰਤੀ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ। ਇਸ ਦੌਰਾਨ ਕੇਂਦਰ ਅਤੇ ਰਾਜ ਵਿੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਵੇਦਾਂਤਾ ਕੰਪਨੀ ਦਾ ਕੁੱਝ ਨਹੀਂ ਵਿਗੜਿਆ ਸਗੋਂ ਇਸ ਨੇ ਸਲਫਿਊਰਿਕ ਐਸਿਡ ਅਤੇ ਫਾਸਫੋਰਸ ਐਸਿਡ ਤੇ ਹੋਰ ਪਲਾਂਟ ਵੀ ਲਾ ਲਏ ਜਿਹਨਾਂ ਦੀ ਇਸ ਕੋਲ ਮਨਜੂਰੀ ਨਹੀਂ ਸੀ। ਤੇ ਹੁਣ ਸਟਰਲਾਈਟ ਦੇ ਤਾਂਬਾ ਬਣਾਉਣ ਲਈ ਨਵਾਂ ਪਲਾਂਟ ਲਾਉਣ ਤੋਂ ਹੀ ਗੁੱਸੇ ਵਿੱਚ ਆਏ ਲੋਕਾਂ ਨੇ ਵਿਸ਼ਾਲ ਸੰਘਰਸ਼ ਆਰੰਭਿਆ, ਜਿਸ ਦੌਰਾਨ ਕੰਪਨੀ ਦੀ ਚਹੇਤੀ ਸਰਕਾਰ ਨੇ 20000 ਲੋਕਾਂ 'ਤੇ ਅੰਨ•ੇਵਾਹ ਗੋਲੀਬਾਰੀ ਕਰਕੇ ਹੌਲਨਾਕ ਕਾਂਡ ਰਚ ਮਾਰਿਆ ਪਰ ਕੰਪਨੀ ਨੂੰ ਸੇਕ ਨਹੀਂ ਲੱਗਣ ਦਿੱਤਾ।
ਸਰਕਾਰੀ ਮਿਹਰ ਅਤੇ ਮਿਲੀਭਗੁਤ
ਜਨਤਕ ਖੇਤਰ ਦੇ ਬੈਂਕਾਂ ਤੋਂ ਕਰਜ਼ ਲੈ ਕੇ ਨਾ ਮੋੜਨ ਵਾਲਿਆਂ ਵਿੱਚ ਵੀ ਵੇਦਾਂਤਾ ਮੋਹਰੀ ਹੈ। ਇਸ 'ਤੇ 1.03 ਲੱਖ ਕਰੋੜ ਦਾ ਕਰਜ਼ ਹੈ। ਵੇਦਾਂਤਾ ਰਾਜਨੀਤਕ ਪਾਰਟੀਆਂ ਨੂੰ ਚੰਦਾ ਦੇਣ ਵਿੱਚ ਵੀ ਘੱਟ ਨਹੀਂ ਹੈ। ਪਿਛਲੇ ਬੱਜਟ ਸੈਸ਼ਨ ਵਿੱਚ ਵਿਦੇਸ਼ੀ ਚੰਦਾ ਕੰਟਰੋਲ ਐਕਟ (ਐਫ.ਸੀ.ਆਰ. ਦੇ) ਵਿੱਚ ਸੋਧ ਕਰਕੇ ਉਸ ਨੂੰ 1970 ਦੇ ਦਹਾਕੇ ਤੋਂ ਪਹਿਲਾਂ ਦੇ ਪ੍ਰਭਾਵ (ਡਬਲਿਊ.ਈ.ਐਫ.) ਨਾਲ ਲਾਗੂ ਕਰਵਾਉਣ ਦਾ ਕਦਮ ਚੁੱਕਣ ਪਿੱਛੇ ਮਕਸਦ ਲੁਟੇਰੀਆਂ ਪਾਰਟੀਆਂ ਨੂੰ ਚੰਦਾ ਦੇਣ ਵਾਲੀਆਂ ਵੇਦਾਂਤਾ ਵਰਗੀਆਂ ਕੰਪਨੀਆਂ ਦੀਆਂ ਗੈਰ ਕਾਨੂੰਨੀ ਕਰਤੂਤਾਂ ਨੂੰ ਕਾਨੂੰਨੀ ਸਿਕੰਜ਼ੇ ਤੋਂ ਬਚਾਉਣਾ ਹੀ ਸੀ। 2014 ਵਿੱਚ ਦਿੱਲੀs sਦੀ ਇੱਕ ਅਦਾਲਤ ਨੇ ਕਿਹਾ ਸੀ ਵੇਦਾਂਤਾ ਰਿਸੋਰਸਜ਼ ਤੋਂ ਬਰਤਾਨੀਆ ਸਥਿਤ ਹੈ ਤੇ ਚੰਦਾ ਲੈ ਕੇ ਕਾਂਗਰਸ ਤੇ ਭਾਜਪਾ ਨੇ ਇਸ ਕਾਨੂੰਨ ਦਾ ਉਲੰਘਣ ਕੀਤਾ ਹੈ। ਭਾਜਪਾ ਨੂੰ 19 ਕਰੋੜ ਚੰਦਾ ਮਿਲਿਆ ਸੀ, ਕਾਂਗਰਸੀ ਆਗੂ ਪੀ.ਚਿੰਦਬਰਮ ਵੀ ਦੇਵਾਂਤਾ ਤੋਂ ਬਤੌਰ ਵਕੀਲ ਭਾਰੀ ਫੀਸਾਂ ਲੈਂਦੇ ਰਹੇ ਹਨ।
ਅਟੱਲ ਬਿਹਾਰੀ ਦੀ ਭਾਜਪਾ ਗੱਠਜੋੜ ਸਰਕਾਰ ਨੇ 2001 ਦੇ ਕੋਰਬਾ ਸਥਿਤ ਬਾਲਕੋ (ਭਾਰਤ ਐਲੂਮੀਨੀਅਨ) ਜੇ ਮੁਨਾਫੇ ਕਮਾ ਰਿਹਾ ਸੀ ਨੂੰ ਅੱਧ ਪਚੱਧੇ ਰੇਟ ਵਿੱਚ ਵੇਦਾਂਤਾ ਦੇ ਹਵਾਲੇ ਕਰ ਦਿੱਤਾ ਸੀ। ਵੇਦਾਂਤਾ ਵੱਲੋਂ ਤਾਰੀ ਕੀਮਤ 551.50 ਕਰੋੜ ਰੁਪਏ ਨਾਲੋਂ ਵੱਧ ਕੀਮਤ ਦਾ ਇਸ ਵੱਡੇ ਪਲਾਂਟ ਵਿੱਚ ਕੱਚਾ ਮਾਲ, ਵੇਚਣਯੋਗ ਮਾਲ ਅਤੇ ਕਬਾੜ (ਵੇਸਟੇਜ਼/ਸਕਰੈਪ) ਵਗੈਰਾ ਹੀ ਪਿਆ ਸੀ। ਕਈ ਸੌ ਕਰੋੜ ਦਾ 270 ਮੈਗਾਵਾਟ ਬਿਜਲੀ ਪਲਾਂਟ ਉਂਝ ਹੀ ਕੰਪਨੀ ਦੇ ਹਵਾਲੇ ਕਰ ਦਿੱਤਾ ਗਿਆ। ਵੇਦਾਂਤਾ ਨੇ ਇੱਥੇ ਵੀ ਕਿਰਤੀਆਂ ਦੇ ਹੱਕ ਵਿੱਚ ਕੀਤੇ ਕਿਸੇ ਕਰਾਰ ਦਾ ਪਾਲਨ ਨਹੀਂ ਕੀਤਾ। 2009 ਵਿੱਚ ਇੱਥੇ ਨਿਰਮਾਣ ਅਧੀਨ 275 ਮੀਟਰ ਉੱਚੀ ਚਿਮਨੀ ਡਿਗਣ ਕਰਕੇ 41 ਵਿਅਕਤੀ ਮਾਰੇ ਗਏ ਸਨ, ਜਿਸ ਲਈ ਮੈਨੇਜਮੈਂਟ ਤੇ ਠੇਕੇਦਾਰ ਜਿੰਮੇਵਾਰ ਸਨ, ਪਰ ਕੰਪਨੀ ਬੇ-ਆਂਚ ਬਚ ਨਿਕਲੀ। ਉਦੋਂ ਪੀ. ਚਿੰਦਬਰਮ ਤੇ ਉਸਦੀ ਪਤਨੀ ਵੇਦਾਂਤਾ ਦੇ ਵਕੀਲ ਸਨ। ਭਾਰਤ ਵਿੱਚ ਵੇਦਾਂਤਾ ਲਿਮਟਿਡ ਦੇ ਬਣਨ ਦੀ ਪਰਕਿਰਿਆ ਨਿੱਜੀ ਖੇਤਰ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਹਥਿਆਉਣ ਜਾਂ ਰਲੇਵੇਂ ਨਾਲ ਵਧੀ ਹੈ। ਰਾਜਸਥਾਨ ਵਿੱਚ ਉਦੈਪੁਰ ਸ਼ਹਿਰ ਨੂੰ ਵੇਦਾਂਤਾ ਸਿਟੀ ਕਿਹਾ ਜਾਂਦਾ ਹੈ। ਇਹ ਜਿੰਕ ਦੀਆਂ ਖਾਣਾਂ ਲਈ ਪ੍ਰਸਿੱਧ ਹੈ। ਇੱਥੇ ਸਰਕਾਰੀ ਕੰਪਨੀ ਹਿੰਦੋਸਤਾਨ ਜਿੰਕ ਲਿਮਟਿਡ ਦਾ ਕੰਮ ਹੈ। ਇਹ ਦੁਨੀਆਂ ਦੀ ਸਭ ਤੋਂ ਵੱਡੀ ਜਿੰਕ ਉਤਪਾਦਨ ਕੰਪਨੀ ਹੈ। 2002 ਵਿੱਚ ਅੱਪਨਿਵੇਸ਼ ਮੰਤਰਾਲਾ ਬਣਾਇਆ ਗਿਆ, ਜਿਸ ਦਾ ਕੰਮ ਸਰਕਾਰੀ ਕੰਪਨੀਆਂ ਨੂੰ ਵੇਚਣਾ ਸੀ। ਵੇਦਾਂਤਾ ਭਾਰਤ ਵਿੱਚ 2002 ਵਿੱਚ ਆਈ। ਸਟਰਲਾਈਟ ਅਪਰਚੂਨੀਟੀਜ਼ ਐਡਵੈਂਚਰਜ਼ ਲਿਮਟਿਡ ਕੰਪਨੀ ਨੇ ਹਿੰਦੋਸਤਾਨ ਜਿੰਕ ਦੀ 46 ਫੀਸਦੀ ਹਿੱਸੇਦਾਰੀ ਖਰੀਦ ਲਈ, ਜੋ ਬਾਅਦ ਵਿੱਚ 64.92 ਫੀਸਦੀ ਹੋ ਗਈ। ਅਪ੍ਰੈਲ 2011 ਵਿੱਚ ਸਟਰਲਾਈਟ ਆਪਰਚੂਨੀਟੀਜ਼ ਦਾ ਸਟਰਲਾਈਟ ਇੰਡਸਟਰੀਜ਼ ਇੰਡੀਆ ਲਿਮਟਿਡ ਵਿੱਚ ਰਲੇਵਾਂ ਕਰ ਦਿੱਤਾ ਗਿਆ। ਸਟਰਲਾਈਟ ਇੰਡਸਟਰੀਜ਼ ਦਾ ਸੇਸਾ (S5S1) ਗੋਆ ਦੇ ਨਾਲ ਅਗਸਤ 2013 ਵਿੱਚ ਰਲੇਵਾਂ ਹੋਇਆ ਅਤੇ ਨਵੀਂ ਕੰਪਨੀ ਸੇਸਾ ਸਟਰਲਾਈਟ ਲਿਮਟਿਡ ਕੰਪਨੀ ਬਣ ਗਈ। ਅਪ੍ਰੈਲ 2015 ਵਿੱਚ ਇਸੇ ਦਾ ਨਾਂ ਬਦਲ ਕੇ ਵੇਦਾਂਤਾ ਲਿਮਟਿਡ ਕਰ ਦਿੱਤਾ ਗਿਆ। ਵੇਦਾਂਤਾ ਲਿਮਟਿਡ ਲੰਡਨ ਸਟਾਕ ਐਕਸਚੈਂਜ ਵਿੱਚ ਸੂਚੀ-ਬੱਧ ਵੇਦਾਂਤਾ ਰਿਸੋਰਸਿਜ਼ ਪੀ.ਐਲ.ਸੀ. ਦਾ ਹੀ ਹਿੱਸਾ ਹੈ। ਹੁਣਅਖੌਤੀ ਧਰਮ-ਗੁਰੂ ਜੱਗੀ ਮਹਾਰਾਜ ਨੂੰ ਫਿਕਰ ਲੱਗਾ ਹੋਇਆ ਹੈ ਕਿ ਵੇਦਾਂਤਾ ਬੰਦ ਹੋਣ ਨਾਲ ਤਾਂਬਾ ਚੀਨ ਤੋਂ ਮੰਗਵਾਇਆ ਜਾਇਆ ਕਰੇਗਾ ਅਤੇ ਅਖੌਤੀ ਯੋਗ ਗੁਰੂ ਨੂੰ ਲੋਕਾਂ ਦੇ ਸੰਘਰਸ਼ ਪਿੱਛੇ ਵਿਦੇਸ਼ੀ ਅੰਤਰ-ਰਾਸ਼ਟਰੀ ਸਾਜਿਸ਼ ਦਿਸ ਰਹੀ ਹੈ। ਵੇਦਾਂਤਾ ਮੁਖੀ ਅਨਿਲ ਅਗਰਵਾਲ ਨਾਲ ਮੁਲਾਕਾਤ ਤੋਂ ਬਾਅਦ ਰਾਮਦੇਵ ਨੇ ਬਿਆਨ ਦਿੱਤਾ ਕਿ ਵੇਦਾਂਤਾ ਦੀ ਤਾਲਾਬੰਦੀ ਖੋਲ•ੀ ਜਾਵੇ ਕਿਉਂਕਿ ਇਸ ਦੇ ਬੰਦ ਕਰਵਾਉਣ ਪਿੱਛੇ ਕੌਮਾਂਤਰੀ ਸਾਜਿਸ਼ ਹੈ। ਅਨਿਲ ਅਗਰਵਾਲ ਬਿਹਾਰ ਵਿੱਚ ਕਬਾੜ ਦਾ ਵਪਾਰ ਕਰਦਾ ਕਰਦਾ ਦੁਨੀਆਂ ਦਾ ਧਾਤਾਂ ਦਾ ਬਾਦਸ਼ਾਹ ਕਿਵੇਂ ਬਣਿਆ ਤੇ ਉਸਦੀ ਦੌਲਤ ਵਿੱਚ ਤੇਜੀ ਨਾਲ ਵਾਧਾ ਕਿਵੇਂ ਹੋਇਆ ਹੈ, ਦੇ ਬਾਰੇ ਅਖੌਤੀ ਗੁਰੂਆਂ ਅਤੇ ਵੋਟ ਪਾਰਟੀਆਂ ਨੇ ਕਦੇ ਸੁਆਲ ਨਹਂੀਂ ਉਠਾਇਆ। ਕਾਰਪੋਰੇਟ ਮੀਡੀਆ, ਸਰਕਾਰਾਂ ਅਤੇ ਵੇਦਾਂਤਾ ਦੀ ਮਿਲੀਭੁਗਤ ਨਾਲ ਹੋਣ ਵਾਲੇ ਅਪਰਾਧਾਂ ਨੂੰ ਸੌਖ ਨਾਲ ਢਕ ਲੈਂਦਾ ਹੈ ਕਿਉਂਕਿ ਕਾਰਪੋਰੇਟ ਹਿੱਤ ਇਹਨਾਂ ਸਭਨਾਂ ਨੂੰ ਪਿਆਰੇ ਹਨ।

No comments:

Post a Comment