ਬੱਚਿਆਂ ਵਿਰੋਧੀ ਘਿਨਾਉਣੇ ਜੁਰਮਾਂ ਦਾ ਫੈਲ ਰਿਹਾ ਸਿਲਸਿਲਾ-ਸਮੀਰ
ਬੱਚੇ ਕਿਸੇ ਵੀ ਦੇਸ਼ ਅਤੇ ਕੌਮ ਦਾ ਭਵਿੱਖ ਹੁੰਦੇ ਹਨ। ਅਜੋਕੇ ਵੇਲਿਆਂ ਦੀ ਬੱਚਿਆਂ ਦੀ ਪੀੜ•ੀ ਕਿਸੇ ਦੇਸ਼ ਅਤੇ ਕੌਮ ਦੇ ਭਵਿੱਖ ਦਾ ਭਰੂਣ ਹੁੰਦੀ ਹੈ। ਇਸ ਲਈ ਕਿਸੇ ਦੇਸ਼/ਕੌਮ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਸ ਗੱਲ ਦਾ ਅੰਦਾਜ਼ਾ ਇਸ ਹਕੀਕਤ ਤੋਂ ਲਾਇਆ ਜਾ ਸਕਦਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਿਹੋ ਜਿਹਾ ਹੋ ਰਿਹਾ ਹੈ, ਕਿਹੋ ਜਿਹੀ ਖਾਧ-ਖੁਰਾਕ ਮਿਲ ਰਹੀ ਹੈ, ਕਿਹੋ ਜਿਹੀਆਂ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ ਅਤੇ ਕਿੰਨੇ ਕੁ ਨਿੱਘੇ, ਸੰਵੇਦਨਸ਼ੀਲ ਅਤੇ ਸੁਰੱਖਿਅਤ ਸਮਾਜਿਕ ਮਾਹੌਲ ਦੀ ਬੁੱਕਲ ਮੁਹੱਈਆ ਕੀਤੀ ਜਾ ਰਹੀ ਹੈ? ਯਾਨੀ ਬੱਚਿਆਂ ਦੇ ਸਰਬ-ਪੱਖੀ ਵਾਕਸ ਦੀ ਜਾਮਨੀ ਬਣਦੀਆਂ ਸਭਨਾਂ ਲੋੜਾਂ ਨੂੰ ਪੂਰਾ ਕਰਨ ਦੀ ਕਿੰਨੀ ਕੁ ਜਾਮਨੀ ਕੀਤੀ ਜਾ ਰਹੀ ਹੈ। ਬੱਚਿਆਂ ਦੇ ਸਰਬ-ਪੱਖੀ ਵਿਕਾਸ ਦੀਆਂ ਇਹ ਲੋੜਾਂ ਬੱਚਿਆਂ ਦੇ ਬੁਨਿਆਦੀ ਜਮਹੂਰੀ ਹੱਕ ਬਣਦੀਆਂ ਹਨ। ਇਹਨਾਂ ਹੱਕਾਂ ਦੀ ਪੂਰਤੀ ਕਰਨਾ ਵੇਲੇ ਦੇ ਸਮਾਜ, ਹਕੂਮਤ ਅਤੇ ਰਾਜ ਦੇ ਬੇਹੱਦ ਅਹਿਮ ਫਰਜ਼ ਬਣਦੇ ਹਨ।
ਬੱਚਿਆਂ ਦੇ ਸਰਬ-ਪੱਖੀ (ਸਰੀਰਕ, ਮਾਨਸਿਕ, ਸਿਆਸੀ, ਸਮਾਜਿਕ-ਸਭਿਆਚਾਰਕ, ਸੁਹਜਾਤਮਿਕ ਅਤੇ ਪੇਸ਼ੇਵਾਰਾਨਾ ਆਦਿ) ਵਿਕਾਸ ਦੀ ਬੁਨਿਆਦੀ ਆਧਾਰ ਬਣਦੇ ਇਹਨਾਂ ਜਮਹੂਰੀ ਹੱਕਾਂ ਵਿੱਚੋਂ ਸਭ ਤੋਂ ਵੱਧ ਅਹਿਮ ਅਤੇ ਫੈਸਲਾਕੁੰਨ ਹੈਸੀਅਤ ਰੱਖਦਾ ਹੈ- ਨਿੱਘਾ, ਸੰਵੇਦਨਸ਼ੀਲ, ਸਾਜਗਾਰ ਅਤੇ ਸੁਰੱਖਿਅਤ ਸਮਾਜਿਕ ਮਾਹੌਲ ਮੁਹੱਈਆ ਹੋਣ ਦਾ ਪੱਖ। ਇਹੋ ਜਿਹਾ ਸਮਾਜਿਕ ਮਾਹੌਲ ਮੁਹੱਈਆ ਹੋਣ ਨਾਲ ਬਾਕੀ ਜਮਹੂਰੀ ਹੱਕਾਂ ਦੀ ਜਾਮਨੀ ਕਰਨ ਲਈ ਰਾਹ ਖੁੱਲ•ਦਾ ਹੈ। ਇਹੋ ਜਿਹਾ ਸਮਾਜਿਕ ਮਾਹੌਲ ਮੁਹੱਈਆ ਨਾ ਹੋਣ ਕਰਕੇ ਦੂਸਰੇ ਜਮਹੂਰੀ ਹੱਕਾਂ 'ਤੇ ਝਪਟਣ ਦਾ ਰਾਹ ਖੁੱਲ•ਦਾ ਹੈ। ਇਹੋ ਜਿਹੇ ਸਮਾਜਿਕ ਮਾਹੌਲ ਦੀ ਹੋਂਦ ਜਾਂ ਅਣਹੋਂਦ ਕਿਸੇ ਸਮਾਜਿਕ-ਸਿਆਸੀ ਨਿਜ਼ਾਮ ਦੇ ਖਰੇ ਲੋਕ-ਹਿਤੈਸ਼ੀ ਜਾਂ ਲੋਕ-ਦੋਖੀ ਹੋਣ ਦੇ ਪੈਮਾਨੇ ਦਾ ਇੱਕ ਬੇਹੱਦ ਅਹਿਮ ਨੁਕਤਾ ਬਣਦਾ ਹੈ।
ਇਸ ਪੱਖੋਂ ਦੇਖਿਆਂ, ਜੇ ਭਾਰਤੀ ਬੱਚਿਆਂ ਦੀ ਹਾਲਤ 'ਤੇ ਨਜ਼ਰ ਮਾਰੀਏ ਤਾਂ ਬਹੁਤ ਹੀ ਦੁਖਦਾਈ ਅਤੇ ਭਿਆਨਕ ਤਸਵੀਰ ਉੱਘੜ ਆਉਂਦੀ ਹੈ। ਬੱਚਿਆਂ ਨੂੰ ਅਗਵਾ ਕਰਨ, ਬਲਾਤਕਾਰ ਕਰਨ, ਬਾਲ-ਮਜ਼ਦੂਰੀ ਕਰਵਾਉਣ, ਭੀਖ-ਮੰਗਵਾਉਣ ਅਤੇ ਕਤਲ ਤੱਕ ਕਰਨ ਦੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਅਤੇ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਹਨ। ਖੁਦ ਪਾਰਲੀਮੈਂਟ ਅੰਦਰ ਹਕੂਮਤ ਵੱਲੋਂ ਦਿੱਤੇ ਬਿਆਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਅੰਦਰ ਬੱਚਿਆਂ ਦੇ ਜਮਹੂਰੀ ਹੱਕਾਂ ਦਾ ਘਾਣ ਹੋ ਰਿਹਾ ਹੈ। ਸਰਕਾਰੀ ਏਜੰਸੀ ਨੈਸ਼ਨਲ ਕਰਾਇਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਵੱਲੋਂ ਜਾਰੀ ਰਿਪੋਰਟ ਵੱਲੋਂ ਨਾ ਸਿਰਫ ਇਸ ਘਿਨਾਉਣੀ ਹਾਲਤ ਦੀ ਪੁਸ਼ਟੀ ਕੀਤੀ ਗਈ ਹੈ, ਸਗੋਂ ਇਹ ਵੀ ਮੰਨਿਆ ਗਿਆ ਹੈ ਕਿ ਭਾਰਤ ਦੇ ਸਮਾਜਿਕ-ਸਿਆਸੀ ਨਿਜ਼ਾਮ ਅੰਦਰ ਬੱਚਿਆਂ ਨਾਲ ਸਬੰਧਤ ਜੁਰਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੱਚਿਆਂ 'ਤੇ ਹਮਲਿਆਂ ਅਤੇ ਅੱਤਿਆਚਾਰਾਂ ਦਾ ਸਿਲਸਿਲਾ ਘਟਣ ਦੀ ਬਜਾਏ, ਫੈਲ-ਪਸਰ ਰਿਹਾ ਹੈ।
2016 ਲਈ ਜਾਰੀ ਰਿਪੋਰਟ ਵਿੱਚ ਜਾਰੀ ਅੰਕੜੇ ਦੱਸਦੇ ਹਨ ਕਿ ਬੱਚਿਆਂ ਵਿਰੁੱਧ ਲਿੰਗ ਹਮਲਿਆਂ ਸਮੇਤ ਕੁੱਲ ਜੁਰਮਾਂ ਦੀ ਸੰਖਿਆ 2014 ਵਿੱਚ 89423 ਸੀ, ਜਿਹੜੀ 2015 ਵਿੱਚ ਵਧ ਕੇ 94172 ਅਤੇ 2016 ਵਿੱਚ 106958 ਹੋ ਗਈ ਹੈ। ਬੱਚਿਆਂ ਵਿਰੁੱਧ ਜੁਰਮ ਦਰ 2014 ਵਿੱਚ 20.1, 2015 ਵਿੱਚ 21.2 ਅਤੇ 2016 ਵਿੱਚ 24 ਫੀਸਦੀ ਦਰਜ ਕੀਤੀ ਹੈ। ਰਿਪੋਰਟ ਅਨੁਸਾਰ ਬੱਚਿਆਂ ਵਿਰੁੱਧ ਜੁਰਮ ਦਰ ਲਗਾਤਾਰ ਵਧ ਰਹੀ ਹੈ ਅਤੇ ਮਾਸੂਮਾਂ ਖਿਲਾਫ ਜੁਰਮਾਂ ਦਾ ਇਹ ਘਿਨਾਉਣਾ ਵਰਤਾਰਾ ਆਏ ਦਿਨ ਹੋਰ ਵੀ ਭਿਆਨਕ ਸ਼ਕਲ ਅਖਤਿਆਰ ਕਰਦਾ ਜਾ ਰਿਹਾ ਹੈ।
ਬੱਚਿਆਂ ਦੀ ਲਿੰਗ ਹਮਲਿਆਂ ਤੋਂ ਸੁਰੱਖਿਆ ਲਈ ਭਾਰਤੀ ਹਾਕਮਾਂ ਵੱਲੋਂ ਲਿੰਗ ਹਮਲਿਆਂ ਤੋਂ ਬੱਚਿਆਂ ਦੀ ਸੁਰੱਖਿਆ ਸਬੰਧੀ ਕਾਨੂੰਨ 2012 ਬਣਾਇਆ ਗਿਆ ਸੀ। ਇਸ ਕਾਨੂੰਨ ਤਹਿਤ 2016 ਵਿੱਚ ਮੁਲਕ ਭਰ ਵਿੱਚ ਕੁੱਲ 36022 ਮਾਮਲੇ ਦਰਜ ਕੀਤੇ ਗਏ। ਸਭ ਤੋਂ ਵੱਧ 4954 ਮਾਮਲੇ ਉੱਤਰ ਪ੍ਰਦੇਸ਼, ਉਸ ਤੋਂ ਬਾਅਦ 4815 ਮਾਮਲੇ ਮਹਾਂਰਾਸ਼ਟਰ ਅਤੇ ਤੀਜੇ ਨੰਬਰ 'ਤੇ 4717 ਮਾਮਲੇ ਮੱਧ ਪ੍ਰਦੇਸ਼ ਵਿੱਚ ਦਰਜ ਕੀਤੇ ਗਏ। ਬੱਚਿਆਂ ਨੂੰ ਅਗਵਾ ਕਰਨ ਅਤੇ ਉਧਾਲਣ ਦੇ ਮਾਮਲਿਆਂ ਵਿੱਚ ਵੀ ਇਹ ਤਿੰਨੋਂ ਸੂਬਿਆਂ ਦਾ ਇਹੋ ਹਾਲ ਹੈ। ਜਿੱਥੇ ਮੁਲਕ ਭਰ ਵਿੱਚ ਅਗਵਾ ਅਤੇ ਉਧਾਲੇ ਦੀਆਂ 54723 ਘਟਨਾਵਾਂ ਦਰਜ਼ ਕੀਤੀਆਂ ਗਈਆਂ, ਉੱਥੇ ਉੱਤਰ ਪ੍ਰਦੇਸ਼ ਵਿੱਚ 9657, ਮਹਾਂਰਾਸ਼ਟਰ ਵਿੱਚ 7956 ਅਤੇ ਮੱਧ ਪ੍ਰਦੇਸ਼ ਵਿੱਚ 6016 ਮਾਮਲੇ ਦਰਜ ਕੀਤੇ ਗਏ।
ਬੱਚਿਆਂ ਖਿਲਾਫ ਜੁਰਮਾਂ ਦੇ ਮਾਮਲੇ ਵਿੱਚ ਮੁਲਕ ਦੇ ਮਹਾਂਨਗਰਾਂ ਵਿੱਚੋਂ ਦਿੱਲੀ ਸਿਖਰ 'ਤੇ ਹੈ। ਚਾਹੇ ਪਿਛਲੇ ਤਿੰਨ ਵਰਿ•ਆਂ ਵਿੱਚ ਦਿੱਲੀ ਵਿੱਚ ਇਸ ਜੁਰਮ ਦਰ ਵਿੱਚ ਮਾਮੂਲੀ ਕਮੀ ਵੀ ਹੋਈ ਹੈ। ਮੁੰਬਈ, ਬੰਗਲੂਰੂ, ਪੂਣੇ ਅਤੇ ਲਖਨਊ ਦਾ ਨੰਬਰ ਦਿੱਲੀ ਤੋਂ ਬਾਅਦ ਆਉਂਦਾ ਹੈ, ਪਰ ਇਹਨਾਂ ਮਹਾਂਨਗਰਾਂ ਵਿੱਚ ਜੁਰਮ ਦਰ ਵਿੱਚ ਵੱਡਾ ਵਾਧਾ ਹੋਇਆ ਹੈ।
2015 ਵਿੱਚ ਬੱਚਿਆਂ ਨਾਲ ਬਲਾਤਕਾਰ ਦੀਆਂs s10854 ਘਟਨਾਵਾਂ ਨੋਟ ਕੀਤੀਆਂ ਗਈਆਂ ਹਨ, ਜਿਹੜੀਆਂ 2016 ਵਿੱਚ ਵਧ ਕੇ ਤਕਰੀਬਨ ਦੁੱਗਣੀਆਂ 19765 ਹੋ ਗਈਆਂ ਹਨ। ਲਿੰਗ ਜੁਰਮਾਂ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਚਲਾਏ ਮੁਕੱਦਮਿਆਂ ਵਿੱਚ ਸਜ਼ਾ ਦਰ ਬਹੁਤ ਹੀ ਨੀਵੀਂ ਹੈ। 2016 ਵਿੱਚ ਅਜਿਹੇ ਜੁਰਮਾਂ ਤਹਿਤ 42196 ਦੋਸ਼ੀਆਂ ਨੂੰ ਫੜਿਆ ਗਿਆ ਅਤੇ ਮੁਕੱਦਮੇ ਚਲਾਏ ਗਏ। ਇਹਨਾਂ ਵਿੱਚੋਂ 3859 ਵਿਅਕਤੀਆਂ ਨੂੰ ਸਜ਼ਾ ਹੋਈ ਹੈ, ਜਦੋਂ ਕਿ 9111 ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ। ਸਿਰਫ ਬਲਾਤਕਾਰ ਦੇ ਮਾਮਲਿਆਂ ਵਿੱਚ 24007 ਵਿਅਕਤੀਆਂ ਨੂੰ ਫੜ ਕੇ ਮੁਕੱਦਮੇ ਚਲਾਏ ਗਏ। ਸਿਰਫ 2241 ਨੂੰ ਸਜ਼ਾ ਹੋਈ ਤੇ 5693 ਨੂੰ ਬਰੀ ਕਰ ਦਿੱਤਾ ਗਿਆ।
ਉਪਰੋਕਤ ਅੰਕੜੇ ਇੱਕ ਸਰਕਾਰੀ ਏਜੰਸੀ ਵੱਲੋਂ ਦਰਜ਼ ਅਤੇ ਜਾਰੀ ਕੀਤੇ ਗਏ ਹਨ। ਬੱਚਿਆਂ ਖਿਲਾਫ ਜੁਰਮਾਂ ਦੀਆਂ ਆਏ ਸਾਲ ਵਾਪਰਦੀਆਂ ਘਟਨਾਵਾਂ ਦੀ ਅਸਲ ਗਿਣਤੀ ਰਿਪੋਰਟ ਵਿੱਚ ਦਰਸਾਈ ਗਿਣਤੀ ਨਾਲੋਂ ਕਿਤੇ ਵੱਧ ਹੈ। ਇਸੇ ਤਰ•ਾਂ ਇਹਨਾਂ ਜੁਰਮਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੀ ਦਰ ਵੀ ਕਿਤੇ ਵੱਧ ਹੈ। ਇਸਦੇ ਬਾਵਜੂਦ, ਜੇ ਰਿਪੋਰਟ ਦੇ ਅੰਕੜਿਆਂ ਨੂੰ ਹੀ ਸਹੀ ਮੰਨ ਲਈਏ ਤਾਂ ਵੀ ਇਹ ਹਕੀਕਤ ਮੁਲਕ ਦੇ ਪ੍ਰਧਾਨ ਮੰਤਰੀ ਮੋਦੀ ਦੇ ''ਬੇਟੀ ਪੜ•ਾਓ, ਬੇਟੀ ਬਚਾਓ'' ਦੇ ਦੰਭੀ ਨਾਹਰੇ ਦਾ ਮੂੰਹ ਚਿੜਾਉਂਦੀ ਹੈ। ਮਾਸੂਮ ਬੱਚਿਆਂ ਪ੍ਰਤੀ ਬੇਦਰੇਗ ਮੁਜਰਮਾਨਾ ਬਿਰਤੀ ਇਸ ਲੋਕ-ਦੁਸ਼ਮਣ ਨਿਜ਼ਾਮ ਦੇ ਕਰਤਾ-ਧਰਤਾ ਹਾਕਮ ਲਾਣੇ ਦੇ ਵਜੂਦ ਸਮੋਈ ਹੈ। ਇਸਦਾ ਇੱਕ ਉੱਭਰਵਾਂ ਇਜ਼ਹਾਰ ਕਠੂਆ ਵਿਖੇ ਇੱਕ ਅੱਠ ਸਾਲਾਂ ਦੀ ਬੱਚੀ ਨਾਲ ਹਫਤਾ ਭਰ ਬਲਾਤਕਾਰ ਕਰਨ ਅਤੇ ਤਸੀਹੇ ਦੇ ਕੇ ਮਾਰਨ ਦੀ ਘਟਨਾ ਰਾਹੀਂ ਹੋਇਆ ਹੈ। ਇਸ ਘਟਨਾ ਨੂੰ ਹਿੰਦੂਤਵਾ ਫਿਰਕੂ-ਫਾਸ਼ੀ ਸੋਚ ਦੇ ਧਾਰਨੀ ਗਰੋਹ ਵੱਲੋਂ ਇੱਕ ਮੰਦਰ ਅੰਦਰ ਅੰਜ਼ਾਮ ਦਿੱਤਾ ਗਿਆ। ਜੰਮੂ-ਕਸ਼ਮੀਰ ਸਰਕਾਰ ਦੇ ਦੋ ਭਾਜਪਾਈ ਮੰਤਰੀਆਂ ਦੀ ਅਗਵਾਈ ਹੇਠਲੇ ਹਿੰਦੂ ਏਕਤਾ ਸਮਾਜ ਨਾਂ ਦੇ ਫਿਰਕੂ-ਫਾਸ਼ੀ ਸੰਗਠਨ ਵੱਲੋਂ ਮੁਜਰਿਮਾਂ ਦੀ ਡਟਵੀਂ ਅਤੇ ਐਲਾਨੀਆ ਮੱਦਦ ਕੀਤੀ ਗਈ, ਜਿਹੜੀ ਅੱਜ ਤੱਕ ਵੀ ਜਾਰੀ ਹੈ।
ਮੁਲਕ ਅੰਦਰ ਸਾਮਰਾਜੀ-ਜਾਗੀਰੂ ਲੁੱਟ-ਖੋਹ ਅਤੇ ਦਾਬੇ ਨੂੰ ਬਰਕਰਾਰ ਰੱਖਣ ਅਤੇ ਕਮਾਊ ਲੋਕਾਂ ਨੂੰ ਲਾਦੂ ਕੱਢ ਕੇ ਰੱਖਣ ਲਈ ਦਬਸ਼-ਧੌਂਸ ਅਤੇ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖਣਾ ਹਾਕਮਾਂ ਦੀ ਲਾਜ਼ਮੀ ਲੋੜ ਹੈ। ਸਮਾਜ ਵਿੱਚ ਅਜਿਹਾ ਮਾਹੌਲ ਬਣਾ ਕੇ ਰੱਖਣ ਲਈ ਜਿੱਥੇ ਰਾਜ ਦੇ ਹਥਿਆਰਬੰਦ ਬਲਾਂ ਨੂੰ ਬੇਲਗਾਮ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਕਾਲੇ ਕਾਰਿਆਂ ਨੂੰ ਵਾਜਬ ਠਹਿਰਾਉਣ ਲਈ ਕਾਲੇ ਕਾਨੂੰਨਾਂ ਨੂੰ ਲਾਗੂ ਕੀਤਾ ਜਾਂਦਾ ਹੈ, ਉੱਥੇ ਲੋਕਾਂ ਵਿੱਚ ਸੰਵੇਦਨਾ ਰਹਿਤ, ਵਹਿਸ਼ੀ, ਨਸ਼ੈੜ, ਹਿੰਸਕ, ਔਰਤ-ਵਿਰੋਧੀ ਅਤੇ ਫਿਰਕੂ-ਫਾਸ਼ੀ ਰੁਚੀਆਂ-ਬਿਰਤੀਆਂ ਦਾ ਸੰਚਾਰ ਕੀਤਾ ਜਾਂਦਾ ਹੈ ਅਤੇ ਉਗਾਸਾ ਦਿੱਤਾ ਜਾਂਦਾ ਹੈ। ਅਜਿਹੀਆਂ ਲੋਕ-ਵਿਰੋਧੀ ਰੁਚੀਆਂ-ਬਿਰਤੀਆਂ ਦੇ ਅਸਰ ਹੇਠਲੇ ਵਿਅਕਤੀਆਂ ਅਤੇ ਗਰੋਹਾਂ ਨੂੰ ਸਿਆਸੀ ਛਤਰੀ ਮੁਹੱਈਆ ਕੀਤੀ ਜਾਂਦੀ ਹੈ। ਹਾਕਮਾਂ ਵੱਲੋਂ ਸੋਚ ਸਮਝ ਤੇ ਪ੍ਰਫੁੱਲਤ ਕੀਤਾ ਜਾ ਰਿਹਾ ਇਹਨਾਂ ਸਮਾਜ-ਵਿਰੋਧੀ ਰੁਚੀਆਂ-ਬਿਰਤੀਆਂ ਦਾ ਵਰਤਾਰਾ ਹੀ ਲੋਕ-ਵਿਰੋਧੀ ਮੁਜਰਮਾਨਾ ਘਟਨਾਵਾਂ ਦੇ ਭਿਆਨਕ ਵਰਤਾਰੇ ਦਾ ਕਾਰਨ ਬਣਦਾ ਹੈ। ਬੱਚਿਆਂ ਦੇ ਬਚਪਨ ਦਾ ਘਾਣ ਕਰ ਰਹੀਆਂ ਕਾਲੀਆਂ ਕਾਰਵਾਈਆਂ ਇਸ ਭਿਆਨਕ ਵਰਤਾਰੇ ਦਾ ਹੀ ਇੱਕ ਅੰਗ ਬਣਦੀਆਂ ਹਨ। 0-0
No comments:
Post a Comment