ਅਮਰੀਕਾ ਦੇ ਸ਼ਿਸ਼ਕਾਰੇ ਇਜ਼ਰਾਈਲ ਵੱਲੋਂ
ਨਿਹੱਥੇ ਫਲਸਤੀਨੀਆਂ ਦਾ ਕਤਲੇਆਮ
-ਜਲਵੰਤ
ਆਪਣੀ ਮਾਤਭੂਮੀ ਨੂੰ ਮੁੜ ਹਾਸਲ ਕਰਨ ਅਤੇ ਉੱਥੇ ਆਪਣੇ ਆਜ਼ਾਦ ਅਤੇ ਖੁਦਮੁਖਤਿਆਰ ਫਲਸਤੀਨੀ ਰਾਜ ਦੀ ਸਥਾਪਨਾ ਲਈ ਜੂਝ ਰਹੀ ਫਲਸਤੀਨੀ ਕੌਮ ਦਾ ਇਜ਼ਰਾਈਲ ਦੇ ਜ਼ਿਊਨਵਾਦੀ ਹਾਕਮਾਂ ਵੱਲੋਂ ਨਸਲਘਾਤੀ ਕਤਲੇਆਮ ਲਗਾਤਾਰ ਜਾਰੀ ਹੈ। ਅਮਰੀਕੀ-ਬਰਤਾਨਵੀ ਅਤੇ ਹੋਰਨਾਂ ਸਾਮਰਾਜੀਆਂ ਵੱਲੋਂ 14 ਮਈ 1948 ਨੂੰ ਫਲਸਤੀਨ ਦੀ ਧਰਤੀ 'ਤੇ ਜ਼ਿਊਨਵਾਦੀ ਇਜ਼ਰਾਈਲੀ ਰਾਜ ਦੀ ਨੀਂਹ ਹੀ ਹਜ਼ਾਰਾਂ ਫਲਸਤੀਨੀ ਲੋਕਾਂ ਦੀਆਂ ਲਾਸ਼ਾਂ 'ਤੇ ਰੱਖੀ ਗਈ ਸੀ। ਉਸ ਵੇਲੇ 7 ਲੱਖ ਫਲਸਤੀਨੀ ਲੋਕਾਂ ਨੂੰ ਆਪਣੀ ਹੀ ਮਾਤਭੂਮੀ ਤੋਂ ਜਬਰੀ ਉਜਾੜ ਦਿੱਤਾ ਗਿਆ ਸੀ। ਆਏ ਵਰ•ੇ ਇਜ਼ਰਾਈਲ ਦੇ ਜਾਬਰ ਜ਼ਿਊਨਵਾਦੀ ਹਾਕਮਾਂ ਵੱਲੋਂ ਲੱਖਾਂ ਫਲਸਤੀਨੀਆਂ ਦੇ ਉਜਾੜੇ ਅਤੇ ਹਜ਼ਾਰਾਂ ਦੇ ਕਤਲੇਆਮ ਨਾਲ ਹੋਂਦ ਵਿੱਚ ਲਿਆਂਦੇ ਇਜ਼ਰਾਈਲ ਦੀ ਸਥਾਪਨਾ ਬਰਸੀ ਧੂੜ-ਧੜੱਕੇ ਨਾਲ ਮਨਾਈ ਜਾਂਦੀ ਹੈ। ਪਰ ਫਲਸਤੀਨੀ ਲੋਕਾਂ ਵੱਲੋਂ ਇਸ ਦਿਨ ਨੂੰ ''ਕਿਆਮਤ ਦੇ ਦਿਨ'' ''ਨਕਬਾ'' (ਜ਼ਮੀਨ ਦਿਵਸ) ਵਜੋਂ ਮਨਾਇਆ ਜਾਂਦਾ ਹੈ ਅਤੇ ਗਾਜਾਪੱਟੀ ਵਿੱਚ ਇਜ਼ਰਾਈਲ ਨਾਲ ਲੱਗਦੀ ਸਰਹੱਦ ਦੇ ਨਾਲ ਨਾਲ ''ਮੁੜ-ਵਾਪਸੀ ਦਾ ਮਹਾਨ ਕੂਚ'' ਦੇ ਬੈਨਰ ਹੇਠ ਰੋਸ ਮਾਰਚਾਂ ਦਾ ਸਿਲਸਿਲਾ ਵਿੱਢਿਆ ਜਾਂਦਾ ਹੈ। ਉਹਨਾਂ ਵੱਲੋਂ ਇਜ਼ਰਾਈਲ ਦੁਆਰਾ ਜਬਰੀ ਦੱਬੇ ਆਪਣੇ ਜੱਦੀ-ਪੁਸ਼ਤੀ ਘਰਾਂ ਨੂੰ ਮੁੜ ਪਰਤਣ ਦਾ ਹੱਕ ਪ੍ਰਾਪਤ ਕਰਨ ਲਈ ਆਵਾਜ਼ ਉਠਾਈ ਜਾਂਦੀ ਹੈ। ਗਾਜਾਪੱਟੀ ਦੀ ਬਹੁਤੀ ਵਸੋਂ ਇਜ਼ਰਾਈਲ ਤੋਂ ਉਜਾੜੀ ਗਈ ਸ਼ਰਨਾਰਥੀ ਵਸੋਂ ਹੈ। ਇਜ਼ਰਾਈਲ ਵੱਲੋਂ ਗਾਜਾਪੱਟੀ ਦੀ ਫੌਜੀ ਘੇਰਾਬੰਦੀ ਕੀਤੀ ਹੋਈ ਹੈ, ਜਿਹੜੀ ਲਗਾਤਾਰ 11 ਸਾਲਾਂ ਤੋਂ ਜਾਰੀ ਹੈ। ਇਸ ਛੋਟੀ ਜਿਹੀ 140 ਵਰਗ ਕਿਲੋਮੀਟਰ ਗਾਜਾਪੱਟੀ ਵਿੱਚ 18 ਲੱਖ ਲੋਕ ਤਾੜੇ ਹੋਏ ਹਨ ਜਿਹਨਾਂ ਵਿੱਚੋਂ 13 ਲੱਖ ਸ਼ਰਨਾਰਥੀ ਹਨ। ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਨਰਕ ਵਰਗੀ ਬਣੀ ਹੋਈ ਹੈ। ਉਹ ਇਸ ਨਰਕੀ ਘੇਰਾਬੰਦੀ ਨੂੰ ਖਤਮ ਕਰਨ ਦੀ ਵੀ ਮੰਗ ਕਰਦੇ ਹਨ। ਇਸ ਵਰ•ੇ ਵੀ 30 ਮਾਰਚ ਤੋਂ ਫਲਸਤੀਨੀ ਲੋਕਾਂ ਵੱਲੋਂ ਅਜਿਹੇ ਮਾਰਚਾਂ ਦਾ ਜ਼ੋਰਦਾਰ ਅਮਲ ਵਿੱਢਿਆ ਗਿਆ ਸੀ।
ਪਰ ਫਲਸਤੀਨੀ ਕੌਮ ਦਾ ਖੁਰਾਖੋਜ਼ ਮਿਟਾਉਣ ਲਈ ਦੰਦ ਕਰੀਚਦੇ ਇਜ਼ਰਾਈਲੀ ਹਾਕਮਾਂ ਨੂੰ ਫਲਸਤੀਨੀ ਲੋਕਾਂ ਵੱਲੋਂ ਆਪਣੀ ਹੀ ਧਰਤੀ 'ਤੇ ਕੀਤੇ ਜਾ ਰਹੇ ਇਹ ਪੁਰਅਮਨ ਰੋਸ ਮੁਜਾਹਰੇ ਵੀ ਹਜ਼ਮ ਨਹੀਂ ਹੁੰਦੇ। ਉਹਨਾਂ ਵੱਲੋਂ ਹਰ ਵਰ•ੇ ਦੀ ਤਰ•ਾਂ ਐਤਕੀਂ ਵੀ ਫਲਸਤੀਨੀ ਲੋਕਾਂ ਦੀ ਹੱਕੀ ਰੋਸ ਆਵਾਜ਼ ਨੂੰ ਖੂਨ ਵਿੱਚ ਡਬੋਣ ਦਾ ਰਾਹ ਚੁਣਿਆ ਗਿਆ ਅਤੇ ਇਹਨਾਂ ਰੋਸ ਮੁਜਾਹਰਿਆਂ 'ਤੇ ਅੱਥਰੂ ਗੈਰ ਦੇ ਗੋਲਿਆਂ ਅਤੇ ਬਾਰੂਦ ਦੀ ਬੇਕਿਰਕ ਵਾਛੜ ਕੀਤੀ ਗਈ ਹੈ। ਸਿੱਟੇ ਵਜੋਂ, ਹੁਣ ਤੱਕ 120 ਤੋਂ ਉੱਪਰ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ ਅਤੇ 3500 ਤੋਂ ਵੱਧ ਜਖਮੀ ਹੋ ਚੁੱਕੇ ਹਨ। ਮੌਤ ਦਾ ਸ਼ਿਕਾਰ ਹੋਣ ਅਤੇ ਜਖਮੀ ਹੋਣ ਵਾਲਿਆਂ ਵਿੱਚ ਬੱਚੇ, ਔਰਤਾਂ, ਬੁੱਢੇ ਅਤੇ ਨੌਜਵਾਨ ਯਾਨੀ ਸਭ ਉਮਰ ਦੇ ਲੋਕ ਸ਼ਾਮਲ ਹਨ। ਇੱਥੋਂ ਤੱਕ ਕਿ ਮੀਡੀਆ ਸਾਧਨਾਂ ਨਾਲ ਸਬੰਧਤ ਪੱਤਰਕਾਰਾਂ ਅਤੇ ਜਖਮੀਆਂ ਦੀ ਸਾਂਭ-ਸੰਭਾਲ ਵਿੱਚ ਜੁਟੇ ਡਾਕਟਰੀ ਕਾਮਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। 16 ਡਾਕਟਰੀ ਕਾਮਿਆਂ ਅਤੇ ਪੱਤਰਕਾਰਾਂ ਨੂੰ ਜਖਮੀ ਕਰ ਦਿੱਤਾ ਗਿਆ ਹੈ। ਜਖਮੀ ਹੋਣ ਵਾਲੇ 9 ਪੱਤਰਕਾਰਾਂ ਵਿੱਚ ਸ਼ਾਮਲ ਪ੍ਰਸਿੱਧ ਪੱਤਰਕਾਰ ਯਾਸਰ ਮੂਰਤਾਜ਼ਾ ਮੌਤ ਦੇ ਮੂੰਹ ਜਾ ਪਿਆ ਹੈ। ਕੌਮਾਂਤਰੀ ਪੱਧਰ 'ਤੇ ਪ੍ਰਵਾਨਤ ਜਾਕਟਾਂ ਪਹਿਨੀਆਂ ਹੋਈਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਮੂਰਤਾਜਾ ਉਹ ਪੱਤਰਕਾਰ ਹੈ, ਜਿਸ ਨੂੰ ਪਿਛੇ ਜਿਹੇ ਖੁਦ ਅਮਰੀਕੀ ਸਰਕਾਰ ਵੱਲੋਂ ਉਸਦੇ ਪੇਸ਼ਾਵਾਰਾਨਾ ਕੰਮ ਦੀ ਸਲਾਹੁਤਾ ਦੇ ਰੂਪ ਵਿੱਚ 12000 ਡਾਲਰ ਇਨਾਮ ਵਜੋਂ ਦਿੱਤੇ ਗਏ ਸਨ। ਇਸੇ ਤਰ•ਾਂ, ਇੱਕ ਹੋਰ ਪੱਤਰਕਾਰ ਅਹਿਮਦ ਮੁਹੰਮਦ ਅੱਬੂ ਹਸਨ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਂਦਿਆਂ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ ਹੈ।
ਇੱਥੇ ਹੀ ਬੱਸ ਨਹੀਂ। ਇੱਕ 21 ਸਾਲਾਂ ਦੀ ਪੈਰਾ-ਮੈਡੀਕਲ ਕਾਮਾ ਲੜਕੀ ਰਾਜ਼ਾਨ-ਅਲ-ਨਜ਼ਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਨੂੰ 100 ਮੀਟਰ ਦੀ ਦੂਰੀ ਤੋਂ ਗੋਲੀ ਮਾਰੀ ਗਈ। ਉਹ ਫਲਸਤੀਨੀ ਜਖਮੀ ਫਲਸਤੀਨੀਆਂ ਦੀ ਸਹਾਇਤਾ ਲਈ ਰੋਜ਼ਾਨਾ 13 ਘੰਟੇ ਕੰਮ ਕਰਦੀ ਸੀ। ਉਸ ਵੱਲੋਂ ਅਲ-ਜਜ਼ੀਰਾ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਗਿਆ ਸੀ, ''ਇਜ਼ਰਾਈਲੀ ਫੌਜ ਵਾਹ ਲੱਗਦੀ ਵੱਧ ਤੋਂ ਵੱਧ ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨ ਦੇਣਾ ਚਾਹੁੰਦੀ ਹੈ। ਜੇ ਅਜਿਹੇ ਮੌਕੇ ਮੈਂ ਆਪਣੇ ਲੋਕਾਂ ਸੰਗ ਨਹੀਂ ਖੜ•ਾਂਗੀ ਤਾਂ ਮੇਰੇ ਲਈ ਇਹ ਮੂਰਖਾਨਾ ਅਤੇ ਨਿਰਲੱਜਤਾ ਹੋਵੇਗੀ।'' ਇੱਕ ਹੋਰ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਉਸਨੇ ਕਿਹਾ ਸੀ ਕਿ ਉਸਦੇ ਪੈਰਾਮੈਡੀਕਲ ਗਰੁੱਪ ਦਾ ਕਾਰਜ ''ਜ਼ਿੰਦਗੀਆਂ ਨੂੰ ਬਚਾਉਣਾ ਅਤੇ ਜਖਮੀਆਂ ਦੀ ਸੰਭਾਲ ਕਰਨਾ ਹੈ।'' ਰਾਜ਼ਾਨ ਤੋਂ ਬਿਨਾ ਇੱਕ ਹੋਰ ਪੈਰਾ-ਮੈਡੀਕਲ ਕਾਮਾ ਵੀ ਇਜ਼ਰਾਈਲੀ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਹੈ। ਸੰਸਾਰ ਸਿਹਤ ਸੰਸਥਾ (ਡਬਲਿਊ.ਐਚ.ਓ.) ਦੀ ਇੱਕ ਰਿਪੋਰਟ ਮੁਤਾਬਕ ਮਾਰਚ ਦੇ ਅੰਤ ਤੱਕ 238 ਮੈਡੀਕਲ ਅਤੇ ਸਿਹਤ ਕਰਮਚਾਰੀਆਂ ਸਮੇਤ 38 ਐਂਬੂਲੈਂਸਾ ਨੂੰ ਇਜ਼ਰਾਈਲੀ ਫੌਜ ਵੱਲੋਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ।
ਨਿਹੱਥੇ ਅਤੇ ਪੁਰਅਮਨ ਫਲਸਤੀਨੀ ਲੋਕਾਂ ਦੇ ਰੋਸ ਮਾਰਚਾਂ, ਪੱਤਰਕਾਰਾਂ ਅਤੇ ਮੈਡੀਕਲ ਕਾਮਿਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣ ਦੀ ਕਾਰਵਾਈ ਸਭੇ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਹੈ। ਵੀਡੀਓ ਰਾਹੀਂ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਆਪਣੇ ਬਚਾਓ ਲਈ ਭੱਜਦੇ ਵਿਅਕਤੀਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਵੇਂ ਜਦੋਂ ਰਾਜ਼ਾਨ ਤੇ ਉਸਦੀ ਟੀਮ ਦੇ ਸਾਥੀ ਚਿੱਟੇ ਕੋਟ ਪਹਿਨੀ ਅਤੇ ਦੋਵੇਂ ਹੱਥ ਉੱਪਰ ਚੁੱਕ ਕੇ ਸਰਹੱਦ ਵੱਲ ਆ ਰਹੇ ਸਨ, ਤਾਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ, ਕਿਵੇਂ ਪ੍ਰੈਸ ਵਾਲਿਆਂ ਨੂੰ ਪਰੈਸ ਜਾਕਟਾਂ ਪਹਿਨੇ ਹੋਣ ਦੇ ਬਾਵਜੂਦ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਆਪਣੀ ਇਸ ਨੰਗੀ-ਚਿੱਟੀ ਦਹਿਸ਼ਤਗਰਦ ਕਾਰਵਾਈ ਨੂੰ ਵਾਜਬ ਠਹਿਰਾਉਂਦਿਆਂ, ਇਜ਼ਰਾਈਲੀ ਹਕੂਮਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਰਾਜ਼ਾਨ ਸਮੇਤ ਇਹ ਸਾਰੇ ਮੈਡੀਕਲ ਕਾਮੇ ਰੋਸ ਮਾਰਚ ਵਿੱਚ ਸ਼ਾਮਲ ਸਨ। ਇਜ਼ਰਾਈਲ ਦੇ ਰੱਖਿਆ ਮੰਤਰੀ ਐਵਿਗਡੋਰ ਲੀਬਰਮੈਨ ਦੋ ਕਦਮ ਅੱਗੇ ਜਾਂਦਿਆਂ ਨਿਹੱਥੇ ਫਲਸਤੀਨੀਆਂ 'ਤੇ ਮੌਤ ਵਾਛੜ ਕਰਨ ਵਾਲੇ ਫੌਜੀਆਂ ਨੂੰ ''ਸ਼ਾਬਾਸ਼ ਦੇ ਹੱਕਦਾਰ ਨਾਇਕਾਂ'' ਵਜੋਂ ਵਡਿਆਇਆ ਜਾ ਰਿਹਾ ਹੈ ਅਤੇ ਇਹਨਾਂ ਰੋਸ ਮਾਰਚਾਂ ਨੂੰ ਹਮਾਸ ਵੱਲੋਂ ਬਾਕਾਇਦਾ ''ਜਥੇਬੰਦ ਦੰਗੇ'' ਗਰਦਾਨ ਰਿਹਾ ਹੈ। ਯਹੂਦੀ ਨਸਲਵਾਦ ਦਾ ਜ਼ਹਿਰ ਉਗਲੱਛਦਿਆਂ, ਉਹ ਪੂਰੀ ਢੀਠਤਾਈ ਨਾਲ ਕਹਿੰਦਾ ਹੈ ਕਿ ''ਗਾਜਾਪੱਟੀ ਵਿੱਚ ਕੋਈ ਮਾਸੂਮ ਲੋਕ ਨਹੀਂ ਹਨ।'' ਪ੍ਰਧਾਨ ਮੰਤਰੀ ਬੈਂਜਾਮਿਨ ਬੇਨਤਯਾਹੂ ਇਜ਼ਰਾਈਲੀ ਫੌਜ ਵੱਲੋਂ ਫਲਸਤੀਨੀ ਜਨਤਾ ਦੇ ਖੂਨ ਦੀ ਖੇਡੀ ਜਾ ਰਹੀ ਹੋਲੀ ਨੂੰ ''ਪਾਕਿ-ਪਵਿੱਤਰ ਕਾਰਜ'' ਅਤੇ ਫਲਸਤੀਨੀ ਲੋਕਾਂ ਨੂੰ ''ਦਹਿਸ਼ਤਗਰਦ'' ਕਰਾਰ ਦਿੰਦਿਆਂ ਕਹਿੰਦਾ ਹੈ ਕਿ ਰੋਸ ਮਾਰਚ ਵਿੱਚ ਸ਼ਾਮਲ ਸਾਰੇ ਦੇ ਸਾਰੇ 30000 ਲੋਕ ਇਜ਼ਰਾਈਲੀ ਫੌਜ ਦਾ ''ਸਹੀ ਨਿਸ਼ਾਨਾ'' ਬਣਦੇ ਹਨ।
ਸਾਮਰਾਜੀਆਂ ਅਤੇ ਪਿਛਾਖੜੀਆਂ ਵੱਲੋਂ ਧਾਰੀ ਸਾਜਿਸ਼ੀ ਚੁੱਪ
ਜਦੋਂ ਇਜ਼ਰਾਈਲ ਦੇ ਕੱਟੜ ਯਹੂਦੀ ਨਸਲਵਾਦੀ ਹਾਕਮਾਂ ਵੱਲੋਂ ਫਲਸਤੀਨੀ ਲੋਕਾਂ ਦੇ ਹੱਕੀ ਸੰਗਰਾਮ ਨੂੰ ਮਲੀਆਮੇਟ ਕਰਨ ਲਈ ਫਲਸਤੀਨੀ ਕਤਲੇਆਮ ਦਾ ਤਾਂਡਵ ਨਾਚ ਨੱਚਿਆ ਗਿਆ ਤਾਂ ਦੂਨੀਆਂ ਭਰ ਦੀਆਂ ਸਾਮਰਾਜੀ ਅਤੇ ਪਿਛਾਖੜੀ ਹਾਕਮ ਜੁੰਡਲੀਆਂ ਵੱਲੋਂ ਜਿੱਥੇ ਸੋਚ-ਸਮਝ ਕੇ ਚੁੱਪ ਵੱਟੀ ਗਈ, ਉੱਥੇ ਅਮਰੀਕੀ ਹਾਕਮਾਂ ਵੱਲੋਂ ਸ਼ਰੇਆਮ ਇਜ਼ਰਾਈਲ ਦੀ ਨਾ ਸਿਰਫ ਪਿੱਠ ਠੋਕੀ ਗਈ, ਸਗੋਂ ਇਜ਼ਰਾਈਲ ਦੀ ਸਥਾਪਨਾ ਬਰਸੀ ਵਾਲੇ ਦਿਨ ਯੋਰੋਸ਼ਲਮ ਵਿੱਚ ਆਪਣਾ ਰਾਜਦੂਤ ਦਫਤਰ ਦਾ ਉਦਘਾਟਨ ਕਰਦਿਆਂ, ਇਸ ਸ਼ਹਿਰ ਨੂੰ ਇਜ਼ਰਾਈਲ ਦੀ ਰਾਜਧਾਨੀ ਦਾ ਨਿਹੱਕਾ ਐਲਾਨ ਕਰ ਦਿੱਤਾ ਗਿਆ। ਸਾਮਰਾਜੀ ਮੁਲਕਾਂ ਦੇ ਖੇਮੇ ਦੇ ਸਿਆਸਤਦਾਨਾਂ ਵਿੱਚੋਂ ਸਿਰਫ ਤੇ ਸਿਰਫ ਬਰਤਾਨੀਆ ਦੀ ਲੇਬਰ ਪਾਰਟੀ ਦੇ ਮੁਖੀ ਜੇਰਿਮੀ ਕੌਰਬਿਨ ਹੀ ਹੈ, ਜਿਸ ਵੱਲੋਂ ਇਸ ਨਿਹੱਕੇ ਕਤਲੇਆਮ ਖਿਲਾਫ ਹਾਅ ਦਾ ਨਾਹਰਾ ਮਾਰਿਆ ਗਿਆ। ਬਾਕੀ ਯੂਰਪ ਦੇ ਲੱਗਭੱਗ ਸਾਰੇ ਮੁਲਕਾਂ ਦੇ ਹਾਕਮਾਂ ਨੂੰ ਸੱਪ ਸੁੰਘ ਗਿਆ। ਸਾਡੇ ਮੁਲਕ ਦੀ ਭਾਜਪਾਈ ਹਕੂਮਤ ਵੱਲੋਂ ਅਜਿਹਾ ਰਵੱਈਆ ਅਖਤਿਆਰ ਕੀਤਾ ਗਿਆ, ਜਿਵੇਂ ਕਿਤੇ ਫਲਸਤੀਨ ਵਿੱਚ ਸਭ ਕੁੱਝ ਠੀਕ ਠਾਕ ਹੋਵੇ। ਨਰਿੰਦਰ ਮੋਦੀ ਵੱਲੋਂ ਵਿਦੇਸ਼ੀ ਦੌਰਿਆਂ ਦਾ ਸਿਲਸਿਲਾ ਜਾਰੀ ਰੱਖਦਿਆਂ, ਵੱਖ ਵੱਖ ਮੁਲਕਾਂ ਦੇ ਹਕੂਮਤੀ ਮੁਖੀਆਂ ਨਾਲ ਦੁਵੱਲੇ ਅਤੇ ਕੌਮਾਂਤਰੀ ਮਾਮਲਿਆਂ ਸਬੰਧੀ ਬਿਆਨ ਦਾਗਣ ਦਾ ਪਰਪੰਚ ਰਚਿਆ ਗਿਆ, ਪਰ ਇਹਨਾਂ ਬਿਆਨਾਂ 'ਚੋਂ ਫਲਸਤੀਨ ਦਾ ਮੁੱਦਾ ਅਤੇ ਫਲਸਤੀਨੀ ਲੋਕਾਂ 'ਤੇ ਇਜ਼ਰਾਈਲ ਵੱਲੋਂ ਵਰ•ਾਇਆ ਮੌਤ-ਕਹਿਰ ਦਾ ਮਾਮਲਾ ਗਾਇਬ ਰਿਹਾ। ਹੋਰ ਤਾਂ ਹੋਰ ਅਰਬ ਮੁਲਕਾਂ ਦੀਆਂ ਬਹੁਤੀਆਂ ਹਕੂਮਤਾਂ (ਜਿਵੇਂ ਸਾਊਦੀ ਅਰਬੀਆ, ਯੂ.ਏ.ਈ., ਬਹਿਰੀਨ ਮਿਸਰ ਆਦਿ) ਵੱਲੋਂ ਬੇਲਾਗਤਾ ਵਾਲਾ ਰਵੱਈਆ ਅਖਤਿਆਰ ਕੀਤਾ ਗਿਆ। ਅਸਲ ਵਿੱਚ ਅਮਰੀਕੀ ਸਾਮਰਾਜੀਆਂ ਮੂਹਰੇ ਪੂਛ ਹਿਲਾਉਂਦੀਆਂ ਇਹਨਾਂ ਮੁਲਕਾਂ ਦੀਆਂ ਹਾਕਮ ਜੁੰਡਲੀਆਂ ਵਾਸਤੇ ਫਲਸਤੀਨ ਦਾ ਮਾਮਲਾ ਕਿਸੇ ਸਰੋਕਾਰ ਦਾ ਮਾਮਲਾ ਹੀ ਨਹੀਂ ਰਿਹਾ।
ਦੂਹਰੇ ਮਿਆਰ ਕਿਉਂ?
ਜਿਹੜੀਆਂ ਸਾਮਰਾਜੀਆਂ ਅਤੇ ਪਿਛਾਖੜੀ ਮੁਲਕਾਂ ਦੀਆਂ ਹਾਕਮ ਜੁੰਡਲੀਆਂ ਕੌਮੀ ਮੁਕਤੀ ਲਹਿਰ ਦੇ ਲੜਾਕਿਆਂ ਜਾਂ ਮਾਓਵਾਦੀ ਗੁਰੀਲਾ ਲੜਾਕਿਆਂ ਵੱਲੋਂ ਕਿਸੇ ਇੱਕੜ-ਦੁੱਕੜ ਭਾੜੇ ਦੇ ਫੌਜੀਆਂ ਨੂੰ ਮਾਰਨ 'ਤੇ ਪਿੱਟ ਉੱਠਦੀਆਂ ਹਨ ਅਤੇ ਇੱਕਸੁਰ ਹੋ ਕੇ ਬੁਖਲਾਹਟ ਭਰਿਆ ਖੰਡਨ-ਰਾਗ ਅਲਾਪਦੀਆਂ ਹਨ, ਉਹੀ ਜੁੰਡਲੀਆਂ ਇਜ਼ਰਾਈਲੀ ਹਾਕਮਾਂ ਵੱਲੋਂ ਫਲਸਤੀਨੀ ਲੋਕਾਂ ਦੇ ਖੂਨ ਦੀ ਖੇਡੀ ਜਾ ਹੋਲੀ 'ਤੇ ਬੋਲਣ ਤੋਂ ਦੜ ਕਿਉਂ ਵੱਟ ਰਹੀਆਂ ਹਨ। ਉਹਨਾਂ ਵੱਲੋਂ ਇਉਂ ਦੜ ਵੱਟਣ ਦਾ ਅਸਲ ਮਤਲਬ ਇਜ਼ਰਾਈਲੀ ਹਾਕਮਾਂ ਵੱਲੋਂ ਫਲਸਤੀਨੀਆਂ ਖਿਲਾਫ ਵਿੱਢੇ ਨਸਲਘਾਤੀ ਜਹਾਦ ਨੂੰ ਵਾਜਬ ਠਹਿਰਾਉਣਾ ਹੈ।
ਇਹਨਾਂ ਸਭਨਾਂ ਸਾਮਰਾਜੀ ਅਤੇ ਪਿਛਾਖੜੀ ਹਾਕਮ ਜੁੰਡੀਲੀਆਂ ਲਈ ਫਲਸਤੀਨੀ ਕੌਮ ਵੱਲੋਂ ਆਪਣੇ ਆਜ਼ਾਦ ਅਤੇ ਖੁਦਮੁਖਤਿਆਰ ਰਾਜ ਦੀ ਸਥਾਪਨਾ ਲਈ ਲੜਿਆ ਜਾ ਰਿਹਾ ਸੰਘਰਸ਼ ਉਸੇ ਤਰ•ਾਂ ਇੱਕ ''ਦਹਿਸ਼ਤਗਰਦ'' ਲਹਿਰ ਹੈ, ਜਿਵੇਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕੀ ਦੇ ਵੱਖ ਵੱਖ ਮੁਲਕਾਂ ਦੇ ਲੋਕਾਂ/ਕੌਮਾਂ ਵੱਲੋਂ ਸਾਮਰਾਜੀ ਨਵ-ਬਸਤੀਵਾਦ ਅਤੇ ਪਿਛਾਖੜ ਦੇ ਜੂਲੇ ਨੂੰ ਵਗਾਹ ਮਾਰਨ ਲਈ ਜੂਝ ਰਹੀਆਂ ਕੌਮੀ ਮੁਕਤੀ ਲਹਿਰਾਂ ਹਨ। ਅੱਜ ਇੱਕ ਪਾਸੇ- ਸੰਸਾਰ ਭਰ ਦੇ ਸਾਮਰਾਜੀਆਂ ਅਤੇ ਪਿਛਾਕੜੀਆਂ ਦਾ ਉਲਟ-ਇਨਕਲਾਬੀ ਅਤੇ ਪਿਛਾਖੜੀ ਮੋਰਚਾ ਹੈ, ਦੂਜੇ ਪਾਸੇ— ਸੰਸਾਰ ਭਰ ਦੀਆਂ ਦੱਬੀਆਂ-ਕੁਚਲੀਆਂ ਕੌਮਾਂ/ਦੇਸ਼ਾਂ ਦੇ ਲੋਕਾਂ ਦੀਆਂ ਕੌਮੀ ਮੁਕਤੀ ਲਹਿਰਾਂ ਅਤੇ ਇਨਕਲਾਬੀ ਮਜ਼ਦੂਰ ਲਹਿਰਾਂ ਦਾ ਮੋਰਚਾ ਹੈ। ਇਹਨਾਂ ਦੋਵਾਂ ਮੋਰਚਿਆਂ ਦਰਮਿਆਨ ਜ਼ਿੰਦਗੀ ਮੌਤ ਦਾ ਦੁਸ਼ਮਣਾਨਾ ਭੇੜ ਚੱਲ ਰਿਹਾ ਹੈ। ਫਲਸਤੀਨੀ ਲੋਕਾਂ ਦੀ ਕੌਮੀ ਲਹਿਰ ਪਿਛਲੀ ਕਿਸਮ ਦੇ ਮੋਰਚੇ ਦਾ ਅੰਗ ਹੈ। ਇਜ਼ਰਾਈਲ ਦੇ ਯਹੂਦੀ ਨਸਲਵਾਦੀ ਹਾਕਮ ਪਹਿਲੀ ਕਿਸਮ ਦੇ ਮੋਰਚੇ ਦਾ ਅੰਗ ਹਨ। ਇਸੇ ਕਰਕੇ ਸੰਸਾਰ ਭਰ ਦੇ ਸਾਮਰਾਜੀ ਤੇ ਪਿਛਾਖੜੀ ਹਾਕਮਾਂ ਵੱਲੋਂ ਐਲਾਨੀਆਂ/ਅਣ-ਐਲਾਨੀਆਂ ਇਜ਼ਰਾਈਲੀ ਹਾਕਮਾਂ ਦੀ ਪਿੱਠ ਠੋਕੀ ਜਾ ਰਹੀ ਹੈ ਅਤੇ ਸਭਨਾਂ ਕੌਮਾਂਤਰੀ ਕਾਨੂੰਨਾਂ ਤੇ ਯੂ.ਐਨ.ਓ. ਵਰਗੇ ਫੋਰਮਾਂ ਨੂੰ ਟਿੱਚ ਜਾਣਦੇ ਹੋਏ ਇਜ਼ਰਾਈਲ ਦੀਆਂ ਦਹਿਸ਼ਤਗਰਦ ਕਾਰਵਾਈਆਂ ਤੋਂ ਅੱਖਾਂ ਮੀਟੀਆਂ ਜਾ ਰਹੀਆਂ ਹਨ।
No comments:
Post a Comment