ਪਿੰਡ ਕੱਚਰਭੰਨ 'ਚ ਕਾਂਗਰਸੀ ਐਮ.ਐਲ.ਏ. ਵੱਲੋਂ ਕਿਸਾਨ ਦੀ ਜ਼ਮੀਨ 'ਤੇ
ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਪਛਾੜਿਆ
28 ਅਪ੍ਰੈਲ ਦੀ ਸਵੇਰ ਕਰੀਬ 8 ਵਜੇ ਖਬਰ ਆਉਂਦੀ ਹੈ ਕਿ ਪਿੰਡ ਕੱਚਰਭੰਨ (ਜ਼ੀਰਾ) ਦੇ ਕਿਸਾਨ ਮਹਿੰਦਰ ਸਿੰਘ ਦਾ ਇਕਲੌਤਾ ਪੁੱਤਰ ਖੁਦਕੁਸ਼ੀ ਕਰ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂ ਪਿੰਡ ਪਹੁੰਚਦੇ ਹਨ ਅਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨਾਲ ਦੁੱਖ ਸਾਂਝਾ ਕਰਕੇ, ਨੌਜਵਾਨ ਜਤਿੰਦਰ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਆਗੂਆਂ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲਸ ਦੀਆਂ ਧਾੜਾਂ ਤੇ ਉੱਚ ਅਧਿਕਾਰੀ ਪਿੰਡ ਪਹੁੰਚ ਚੁੱਕੇ ਸਨ। ਮਾਹੌਲ ਦਹਿਸ਼ਤ ਵਾਲਾ ਬਣਾਇਆ ਜਾ ਚੁੱਕਾ ਸੀ।
ਹੋਈ ਗੱਲ ਤੋਂ ਪਤਾ ਲੱਗਾ ਕਿ ਪਿੰਡ ਕੱਚਰਭੰਨ ਦੀ ਜਿਸ ਜ਼ਮੀਨ ਦੀ ਲੜਾਈ ਹੈ, ਉਸਦਾ ਇਤਿਹਾਸ ਇਹ ਹੈ ਕਿ ਇਸੇ ਪਿੰਡ ਦੇ ਦੋ ਦੇਸ਼ ਭਗਤ— ਬਾਬਾ ਗਾਧਾ ਸਿੰਘ ਅਤੇ ਬਾਬਾ ਭਗਤ ਸਿੰਘ— ਹੋਏ ਹਨ। ਇੱਥੇ ਉਹਨਾਂ ਦੀ ਢਾਈ ਸੌ ਏਕੜ ਜ਼ਮੀਨ ਸੀ। ਦੋਵੇਂ ਦੇਸ਼ ਭਗਤ ਬਾਬੇ ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਅੰਗਰੇਜ਼ਾਂ ਵੱਲੋਂ ਉਹਨਾਂ ਦੀ ਸਾਰੀ ਜ਼ਮੀਨ ਜਬਤ ਕਰ ਲਈ ਗਈ ਅਤੇ ਜ਼ੀਰੇ ਸ਼ਹਿਰ ਦੇ ਰਹਿਣ ਵਾਲੇ ਖੱਤਰੀਆਂ ਦੇ ਇੱਕ ਪਰਿਵਾਰ ਦੇ ਨਾਂ ਨਿਲਾਮ ਕਰ ਦਿੱਤੀ ਗਈ। ਉਹਨਾਂ ਨੇ ਕਦੇ ਆਪ ਜ਼ਮੀਨ ਨਹੀਂ ਵਾਹੀ। ਕਿਉਂਕਿ ਉਸ ਸਮੇਂ ਇਹ ਜ਼ਮੀਨ ਬੰਜਰ ਹਾਲਤ ਵਿੱਚ ਸੀ। ਆਂਢ ਗੁਆਂਢ ਦੇ ਪਿੰਡਾਂ ਦੇ ਕਿਸਾਨਾਂ ਨੇ ਹੌਲੀ ਹੌਲੀ ਜ਼ਮੀਨ ਆਬਾਦ ਕਰ ਲਈ। ਉਸੇ ਹੀ ਜ਼ਮੀਨ ਵਿੱਚੋਂ 77 ਕਨਾਲਾਂ ਜ਼ਮੀਨ ਮਹਿੰਦਰ ਸਿੰਘ ਦਾ ਪਰਿਵਾਰ 1947 ਤੋਂ ਵਾਹ ਰਿਹਾ ਹੈ। 1970 ਤੋਂ ਲੈ ਕੇ ਬਾਕਾਇਦਾ ਗਿਰਦਾਵਰੀ ਵੀ ਮਹਿੰਦਰ ਸਿੰਘ ਦੇ ਪਰਿਵਾਰ ਦੇ ਨਾਮ ਹੈ। ਪਰ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਤੇ ਜ਼ੀਰਾ ਹਲਕੇ ਦਾ ਐਮ.ਐਲ.ਏ. ਕੁਲਬੀਰ ਸਿੰਘ ਜ਼ੀਰਾ ਦੇ ਬਣਨ ਤੋਂ ਬਾਅਦ ਇਲਾਕੇ ਦੀਆਂ ਗਿਰਦਾਵਰੀਆਂ ਅਤੇ ਵਾਹੀਆਂ ਜਾ ਰਹੀਆਂ ਜ਼ਮੀਨਾਂ ਖੋਹਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਐਮ.ਐਲ.ਏ. ਕੁਲਬੀਰ ਸਿੰਘ ਜ਼ੀਰਾ ਦਾ ਪਿਤਾ ਇੰਦਰਜੀਤ ਸਿੰਘ ਜ਼ੀਰਾ ਅਕਾਲੀਆਂ ਦੀ ਸਰਕਾਰ ਵਿੱਚ ਜੇਲ• ਮੰਤਰੀ ਰਹਿ ਚੁੱਕਾ ਸੀ, ਪਰ ਬਾਦਲ-ਟੌਹੜੇ ਦੀ ਲੜਾਈ ਵੇਲੇ ਟੌਹੜੇ ਦਾ ਪੱਖ ਲੈਣ ਕਾਰਨ ਇਹ ਪਰਿਵਾਰ ਲੰਮਾਂ ਸਮਾਂ ਸਿਆਸਤ ਤੋਂ ਪਾਸੇ ਧੱਕਿਆ ਗਿਆ। ਇੰਦਰਜੀਤ ਜ਼ੀਰਾ ਨੇ ਬਥੇਰੀਆਂ ਪਲਟਬਾਜ਼ੀਆਂ ਮਾਰੀਆਂ ਪਰ ਕਿਤੇ ਨਹੁੰ ਨਹੀਂ ਅੜਿਆ। ਆਖਰ ਇਸ ਦੇ ਪੁੱਤਰ ਕੁਲਬੀਰ ਜ਼ੀਰੇ ਨੇ ਰਾਜਾ ਵੜਿੰਗ ਤੇ ਨਵਜੋਤ ਸਿੱਧੂ ਦੀ ਚਾਪਲੂਸੀ ਕਰਕੇ, ਇਸ ਵਾਰ ਕਾਂਗਰਸ ਤੋਂ ਟਿਕਟ ਹਾਸਲ ਕਰਕੇ, ਐਮ.ਐਲ.ਏ. ਦੀ ਕੁਰਸੀ ਹਾਸਲ ਕਰ ਲਈ। 20 ਸਾਲ ਸਿਆਸਤ ਤੋਂ ਬਾਹਰ ਰਹਿਣ ਕਾਰਨ ਇਹਨਾਂ ਦੀ ਭੁੱਖ ਐਨੀ ਵਧ ਗਈ। ਜਿਸ ਨੇ ਇਹਨਾਂ ਨੂੰ ਅੰਨ•ੇ ਕਰ ਦਿੱਤਾ। ਇਹ ਆਦਮਖੋਰ ਬਣ ਗਏ।
ਪਿੰਡ ਕੱਚਰਭੰਨ ਵਿੱਚ ਕਿਸਾਨ ਸੰਘਰਸ਼ ਕਮੇਟੀ (ਸਤਨਾਮ ਪੰਨੂੰ) ਦਾ ਯੂਨਿਟ ਹੈ, ਉਹ ਇਸ ਮਸਲੇ ਨੂੰ ਦੇਖ ਰਹੇ ਸਨ। ਜਦੋਂ ਐਮ.ਐਲ.ਏ. ਦੇ ਚਾਚੇ ਮਹਿੰਦਰਜੀਤ ਨੇ ਗਲਤ ਢੰਗ ਨਾਲ ਇਸ ਜ਼ਮੀਨ ਦੀ ਰਜਿਸਟਰੀ ਆਪਣੇ ਖਾਸ ਬੰਦੇ ਡਾਕਟਰ ਰਛਪਾਲ ਸਿੰਘ ਦੀ ਪਤਨੀ ਸਰਬਜੀਤ ਕੌਰ ਨਾਂ ਕਰਵਾ ਦਿੱਤੀ ਤੇ ਕਿਸਾਨ ਨੂੰ ਕਣਕ ਵੱਢਣ ਤੋਂ ਰੋਕਿਆ ਗਿਆ ਤਾਂ ਸੰਘਰਸ਼ ਕਮੇਟੀ ਨੇ ਪ੍ਰਸਾਸ਼ਨ 'ਤੇ ਦਬਾਅ ਪਾ ਕੇ ਕਣਕ ਵਢਾਈ। ਇਸ ਤੋਂ ਬਾਅਦ ਪਿੰਡ ਵਿੱਚ ਰਹਿਣ ਵਾਲੇ ਕਾਂਗਰਸੀਆਂ ਵੱਲੋਂ ਤੇ ਮਹਿੰਦਰਜੀਤ ਦੇ ਗੈਂਗ ਵੱਲੋਂ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਇਸ ਹੱਦ ਤੱਕ ਚਲਾ ਗਿਆ ਕਿ 25 ਸਾਲਾ ਨੌਜਵਾਨ ਇਹ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਆਪਣੀ ਜਾਨ ਦੇ ਗਿਆ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਜਿਵੇਂ ਕਿਵੇਂ ਕਰਕੇ ਲੜਕੇ ਦਾ ਸਸਕਾਰ ਕਰਵਾਉਣਾ ਚਾਹੁੰਦੇ ਸਨ ਅਤੇ ਦੋਸ਼ੀਆਂ ਖਿਲਾਫ ਪਰਚਾ ਦਰਜ਼ ਕਰਨ ਨੂੰ ਤਿਆਰ ਨਹੀਂ ਸਨ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਲੜਕੇ ਦੀ ਲਾਸ਼ ਸਦਰ ਥਾਣਾ ਜ਼ੀਰਾ ਅੱਗੇ ਰੱਖ ਕੇ ਸੰਘਰਸ਼ ਲੜਨ ਦਾ ਫੈਸਲਾ ਕਰਕੇ ਪਰਿਵਾਰ ਤੇ ਇਲਾਕੇ ਦੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਸੰਘਰਸ਼ ਸ਼ੁਰੂ ਕਰ ਦਿੱਤਾ।
ਕਈ ਵਾਰ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਪਰ ਪੁਲਸ ਅਧਿਕਾਰੀਆਂ ਨੇ ਮੌਤ ਨੂੰ ਪ੍ਰੇਮ ਸਬੰਧਾਂ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ। 28 ਤੋਂ ਸ਼ੁਰੂ ਹੋਇਆ ਧਰਨਾ 30 ਦੀ ਸ਼ਾਮ ਤੱਕ ਚੱਲਦਾ ਰਿਹਾ। 30 ਦੀ ਸ਼ਾਮ ਨੂੰ ਪੁਲਸ ਪ੍ਰਸਾਸ਼ਨ ਡਾਕਟਰ ਰਛਪਾਲ ਤੇ ਉਸਦੀ ਘਰਵਾਲੀ 'ਤੇ ਪਰਚਾ ਦਰਜ਼ ਕਰਨ ਤੇ ਐਮ.ਐਲ.ਏ. ਜ਼ੀਰਾ ਦੇ ਚਾਚੇ ਮਹਿੰਦਰਜੀਤ ਤੇ ਪਿਤਾ ਇੰਦਰਜੀਤ ਸਿੰਘ 'ਤੇ ਜਾਂਚ ਕਮੇਟੀ ਬਿਠਾਉਣ 'ਤੇ ਰਾਜੀ ਹੋ ਗਈ ਅਤੇ ਬਿਆਨ ਲਿਖੇ ਜਾਣ ਲੱਗੇ। ਮਸਲਾ ਨਿੱਬੜ ਗਿਆ ਸਮਝ ਧਰਨੇ ਵਿੱਚ ਬੈਠੇ ਕਿਸਾਨ-ਮਜ਼ਦੂਰ ਵੀ ਵਾਪਸ ਚਲੇ ਗਏ।
ਪਰ ਕਾਂਗਰਸੀਆਂ ਦੇ ਦਬਾਅ ਥੱਲੇ ਪੁਲਸ-ਪ੍ਰਸਾਸ਼ਨ ਹੋਰ ਹੀ ਗੋਂਦਾਂ ਗੁੰਦ ਰਿਹਾ ਸੀ। ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ ਅਤੇ ਬਿਜਲੀ ਕੱਟ ਦਿੱਤੀ ਗਈ ਸੀ। ਉਸੇ ਸਮੇਂ ਐਮ.ਐਲ.ਏ. ਦੇ ਪਿਤਾ ਵੱਲੋਂ 3-4 ਸੌ ਗੁੰਡਿਆਂ ਨੂੰ ਨਾਲ ਲੈ ਕੇ ਧਰਨਾਕਾਰੀਆਂ 'ਤੇ ਹਮਲਾ ਕਰ ਦਿੱਤਾ ਗਿਆ। ਇੱਟਾਂ ਰੋੜਿਆਂ ਦਾ ਮੀਂਹ ਵਰ•ਾਇਆ ਗਿਆ। ਟਰੈਕਟਰਾਂ, ਕਾਰਾਂ, ਜੀਪਾਂ, ਮੋਟਰਸਾਈਕਲਾਂ ਦੀ ਭੰਨ ਤੋੜ ਕੀਤੀ ਗਈ। ਟੈਂਟ ਪੁੱਟਿਆ ਗਿਆ। ਲਾਸ਼ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਨੌਜਵਾਨਾਂ ਵੱਲੋਂ ਇੱਕ ਕਿਲੋਮੀਟਰ ਫਰੀਜ਼ਰ ਭਜਾ ਕੇ ਬਚਾਇਆ ਗਿਆ। ਕਈ ਕਿਸਾਨ-ਮਜ਼ਦੂਰ ਜਖਮੀ ਹੋਏ। ਪੁਲਸ ਪ੍ਰਸਾਸ਼ਨ ਨੇ ਗੁੰਡਿਆਂ ਦੀ ਪੂਰੀ ਮੱਦਦ ਕੀਤੀ ਧਰਨਾਕਾਰੀਆਂ ਨੂੰ ਖਦੇੜਨ ਵਿੱਚ। ਇਸ ਘਟਨਾ ਸਮੇਂ ਫਿਰੋਜ਼ਪੁਰ ਜ਼ਿਲ•ੇ ਨਾਲ ਸਬੰਧਤ ਸਾਰੇ ਉੱਚ ਪੁਲਸ ਅਧਿਕਾਰੀ ਜਿਵੇਂ ਐਸ.ਐਸ.ਪੀ. ਫਿਰੋਜ਼ਪੁਰ ਪ੍ਰੀਤਮ ਸਿੰਘ, ਐਸ.ਐਚ.ਓ. ਅਜਮੇਰ ਬਾਠ, ਡੀ.ਐਸ.ਪੀ. ਜ਼ੀਰਾ, ਡੀ.ਐਸ.ਪੀ. ਘੱਲ ਖੁਰਦ, ਐਸ.ਪੀ.ਐਚ. ਅਮਰਜੀਤ ਸਿੰਘ, ਡੀ.ਐਸ.ਪੀ. ਹੈੱਡਕੁਆਟਰ ਮੌਜੂਦ ਸਨ। ਨੌਜਵਾਨ ਜਤਿੰਦਰ ਸਿੰਘ ਦੀ ਲਾਸ਼ ਨੂੰ ਜਿਵੇਂ ਕਿਵੇਂ ਉਸਦੇ ਘਰ ਪਹੁੰਚਾਇਆ ਗਿਆ ਅਤੇ ਰਾਤ ਨੂੰ ਪੁਲਸ ਪ੍ਰਸਾਸ਼ਨ ਲਾਸ਼ ਖੋਹ ਨਾ ਲਵੇ ਜਥੇਬੰਦੀ ਦੇ ਵਰਕਰਾਂ ਨੂੰ ਪਹਿਰੇ 'ਤੇ ਬਿਠਾਇਆ ਗਿਆ।
ਰਾਤ ਨੂੰ ਹੀ ਆਗੂ ਟੀਮ ਨੇ ਮੀਟਿੰਗ ਕਰੇ ਅਗਲੇ ਦਿਨ ਪਿੰਡ ਕੱਚਰਭੰਨ ਵਿੱਚ ਵੱਡਾ ਇਕੱਠ ਕਰਨ ਦੀ ਵਿਉਂਤਬੰਦੀ ਕੀਤੀ। ਅਗਲੇ ਦਿਨ ਪੂਰੇ ਇਲਾਕੇ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਪਹਿਲਾਂ ਪੁਲਸ ਵੱਲੋਂ ਰੋਕਣ ਦੇ ਯਤਨ ਕੀਤੇ ਗਏ ਪਰ ਮਸਲਾ ਜ਼ਿਆਦਾ ਉੱਭਰ ਜਾਣ ਕਰਕੇ ਪੁਲਸ ਪ੍ਰਸਾਸ਼ਨ ਪਿੱਛੇ ਹਟ ਗਿਆ ਅਤੇ ਜਥੇਬੰਦੀਆਂ ਪਿੰਡ ਵਿੱਚ ਵੱਡਾ ਇਕੱਠ ਕਰਨ ਵਿੱਚ ਕਾਮਯਾਬ ਹੋ ਗਈਆਂ। ਮਸਲਾ ਪੂਰੇ ਪੰਜਾਬ ਵਿੱਚ ਫੈਲ ਜਾਣ ਕਾਰਨ ਭਾਰਤਰੀ ਜਥੇਬੰਦੀਆਂ ਆਜ਼ਾਦ ਸੰਘਰਸ਼ ਕਮੇਟੀ, ਬੀ.ਕੇ.ਯੂ. ਏਕਤਾ (ਡਕੌਂਦਾ), ਬੀ.ਕੇ.ਯੂ. ਕਾਦੀਆਂ ਨੇ ਵੀ ਹਮਾਇਤ ਕੀਤੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਹਿਲਾਂ ਤੋਂ ਹੀ ਸੰਘਰਸ਼ ਵਿੱਚ ਸ਼ਾਮਲ ਸਨ। 2 ਵਜੇ ਦੇ ਕਰੀਬ ਆਈ.ਜੀ. ਰੇਂਜ ਫਿਰੋਜ਼ਪੁਰ ਮੌਕੇ 'ਤੇ ਪਹੁੰਚਿਆ ਤੇ ਆਗੂਆਂ ਨਾਲ ਚੱਲੀ ਲੰਮੀ ਗੱਲਬਾਤ ਤੋਂ ਬਾਅਦ ਆਗੂਆਂ ਵੱਲੋਂ ਰੱਖੀਆਂ ਮੰਗਾਂ ਮੰਨ ਲਈਆਂ ਜਿਵੇਂ- 1. ਲੜਕੇ ਦੀ ਭੈਣ ਨੂੰ ਸਰਕਾਰੀ ਨੌਕਰੀ, 2. ਜ਼ਮੀਨ ਪਰਿਵਾਰ ਕੋਲ ਰਹੇਗੀ ਅਤੇ ਧੋਖੇ ਨਾਲ ਕਰਵਾਈ ਰਜਿਸਟਰੀ ਦੀ ਜਾਂਚ ਵਾਸਤੇ ਐਸ.ਆਈ.ਟੀ. ਦਾ ਗਠਨ ਕਰਕੇ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇਗੀ। 3. ਹਮਲੇ ਵਿੱਚ ਸ਼ਾਮਲ ਇੰਤਰਜੀਤ ਸਿੰਘ ਜ਼ੀਰਾ, ਮਹਿੰਦਰਜੀਤ ਸਿੰਘ ਜ਼ੀਰਾ ਅਤੇ ਐਮ.ਐਲ.ਏ. ਕੁਲਬੀਰ ਸਿੰਘ ਜ਼ੀਰਾ ਤੇ ਉਸਦੇ ਗੁੰਡਿਆਂ ਤੋਂ ਐਸ.ਆਈ.ਟੀ. ਦੁਆਰਾ ਜਾਂਚ ਕਰਕੇ ਪਰਚਾ ਦਰਜ਼ ਕੀਤਾ ਜਾਵੇਗਾ। 4. ਗੰਭੀਰ ਜਖਮੀਆਂ ਨੂੰ 50 ਹਜ਼ਾਰ ਅਤੇ ਮਾਮੂਲੀ ਜਖਮੀਆਂ ਨੂੰ 25 ਹਜ਼ਾਰ ਇਲਾਜ ਲਈ ਦਿੱਤੇ ਜਾਣਗੇ। 5. ਗੁੰਡਿਆਂ ਦੁਆਰਾ ਤੋੜੇ ਗਏ ਸਾਧਨ ਟਰੈਕਟਰ, ਜੀਪਾਂ, ਕਾਰਾਂ, ਮੋਟਰ ਸਾਈਕਲ, ਟੈਂਟ, ਸਪੀਕਰ ਦੀ ਭਰਪਾਈ ਪ੍ਰਸਾਸ਼ਨ ਕਰੇਗਾ।
ਪ੍ਰਸਾਸ਼ਨ ਦੇ ਭਰੋਸੇ ਬਾਅਦ ਅਗਲੇ ਦਿਨ ਕਾਫਲੇ ਦੇ ਰੂਪ ਵਿੱਚ ਜਤਿੰਦਰ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਉਸਦੀ ਜ਼ਮੀਨ ਵਿੱਚ ਹੀ ਸਸਕਾਰ ਕੀਤਾ ਗਿਆ।
8 ਅਪ੍ਰੈਲ ਨੂੰ ਗੁਰੂਦੁਅਰਾ ਸ਼ੀਹਣੀ ਸਾਹਿਬ ਵਿਖੇ ਭੋਗ ਸਮਾਗਮ ਵਿੱਚ ਹਜ਼ਾਰਾਂ ਦੇ ਇਕੱਠਾ ਨੂੰ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੁਲ, ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਸਤਨਾਮ ਸਿੰਘ ਪੰਨੂੰ, ਲੋਕ ਸੰਗਰਾਮ ਮੰਚ ਦੇ ਜਨਰਲ ਸਕੱਤਰ ਬਲਵੰਤ ਸਿੰਘ ਮੱਖੂ, ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰ ਖਾਂ, ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਬਲਦੇਵ ਸਿੰਘ ਜ਼ੀਰਾ, ਸੁਖਵਿੰਦਰ ਸਿੰਘ ਸਭਰਾ, ਸੁਰਿੰਦਰ ਸਿੰਘ ਚੁਤਾਲਾ, ਅਵਤਾਰ ਸਿੰਘ ਫੇਰੋਕੇ, ਮਜ਼ਦੂਰ ਆਗੂ ਦਿਲਬਾਗ ਸਿੰਘ ਤੋਂ ਇਲਾਵਾ ਉੱਘੇ ਢਾਡੀ ਮੁਖਤਿਆਰ ਸਿੰਘ ਜ਼ਫਰ, ਸਭਿਆਚਾਰਕ ਕਾਮੇ ਗੁਰਮੀਤ ਜੱਜ, ਬੀ.ਕੇ.ਯੂ. ਸਿੱਧੂਪੁਰ ਅਤੇ ਬੀ.ਕੇ.ਯੂ. ਡਕੌਂਦਾ ਦੇ ਆਗੂਆਂ ਨੇ ਸੰਬੋਧਨ ਕੀਤਾ।
ਨੋਟ- ਕਿਸਾਨ ਜਥੇਬੰਦੀਆਂ ਦੇ ਮੁਖੌਟੇ ਵਿੱਚ ਹਾਕਮ ਜਮਾਤੀ ਪਾਰਟੀਆਂ ਦੀ ਹੱਥਠੋਕਾ ਜਥੇਬੰਦੀ ਦਾ ਕਿਰਦਾਰ ਆਇਆ ਸਾਹਮਣੇ— 28 ਅਪ੍ਰੈਲ ਨੂੰ ਜਤਿੰਦਰ ਸਿੰਘ ਵੱਲੋਂ ਖੁਦਕੁਸ਼ੀ ਕਰ ਜਾਣ 'ਤੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਬੀ.ਕੇ.ਯੂ. ਕਾਦੀਆਂ ਧਰਨੇ ਵਿੱਚ ਸ਼ਾਮਲ ਹੋਈ ਤੇ 30 ਤਾਰੀਖ ਦੀ ਸ਼ਾਮ ਨੂੰ ਹਮਲਾ ਹੋਣ ਤੋਂ ਪਹਿਲਾਂ ਸਾਰੇ ਆਗੂ ਵਰਕਰ ਧਰਨੇ ਵਿੱਚੋਂ ਚਲੇ ਗਏ। ਇਹਨਾਂ ਦੀ ਇਸ ਕਾਰਗੁਜਾਰੀ ਤੋਂ ਨਰਾਜ਼ ਹੋਏ ਇੱਕ ਆਗੂ ਨੇ ਦੱਸਿਆ ਕਿ ਧਰਨੇ ਵਿੱਚ ਕਾਦੀਆਂ ਗਰੁੱਪ ਐਮ.ਐਲ.ਏ. ਦੇ ਕਹਿਣ 'ਤੇ ਸ਼ਾਮਲ ਹੋਇਆ ਸੀ ਤਾਂ ਕਿ ਸੰਘਰਸ਼ ਨੂੰ ਕੁਰਾਹੇ ਪਾਇਆ ਜਾ ਸਕੇ ਤੇ ਹਮਲਾ ਹੋਣ ਤੋਂ ਪਹਿਲਾਂ ਐਮ.ਐਲ.ਏ. ਨੇ ਫੋਨ ਕਰਕੇ ਧਰਨੇ ਵਿੱਚੋਂ ਚਲੇ ਜਾਣ ਨੂੰ ਕਿਹਾ ਸੀ। ਕਿਸਾਨ ਆਗੁਆਂ ਦੀ ਮੀਟਿੰਗ ਵਿੱਚ ਵੀ ਕਾਦੀਆਂ ਦਾ ਆਗੂ ਰਾਜ਼ੀਨਾਮੇ ਦੀ ਗੱਲ 'ਤੇ ਹੀ ਜ਼ੋਰ ਦਿੰਦਾ ਰਿਹਾ, ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸੰਘਰਸ਼ ਦੇ ਹੱਕ ਵਿੱਚ ਸਨ।
18 ਜੂਨ ਦੇ ਬਿਜਲੀ ਦਫਤਰਾਂ ਅੱਗੇ ਧਰਨੇ
ਸਰਕਾਰ ਵੱਲੋਂ ਝੋਨੇ ਦੀ ਲੁਆਈ ਦੀ ਤਾਰੀਖ 20 ਜੂਨ ਕਰਨ ਤੋਂ ਨਰਾਜ਼ ਕਿਸਾਨਾਂ ਵੱਲੋਂ 10 ਜੂਨ ਨੂੰ ਹੀ ਜਥੇਬੰਦੀਆਂ ਦੀ ਅਗਵਾਈ ਵਿੱਚ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ। ਰਾਮਪੁਰਾ ਫੂਲ ਇਲਾਕੇ ਵਿੱਚ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਅਗਵਾਈ ਵਿੱਚ 10 ਜੂਨ ਨੂੰ ਇਸਦੀ ਸ਼ੁਰੂਆਤ ਕਰ ਦਿੱਤੀ। ਝੋਨਾ ਵਾਹੁਣ ਆਏ ਅਧਿਕਾਰੀਆਂ ਨੂੰ ਬਰੰਗ ਮੋੜਿਆ।
ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਬਾਵਜੂਦ ਢੀਠ ਸਰਕਾਰ ਨੇ ਬਿਜਲੀ 4 ਘੰਟੇ ਹੀ ਰੱਖੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬੇ ਦੀ ਮੀਟਿੰਗ ਵਿੱਚ 18 ਜੂਨ ਨੂੰ 4 ਜ਼ਿਲਿ•ਆਂ ਵਿੱਚ ਧਰਨੇ ਲਾਉਣ ਤੇ 16 ਘੰਟੇ ਬਿਜਲੀ ਸਪਲਾਈ ਦੀ ਪੰਜਾਬ ਪੱਧਰੀ ਮੰਗ ਨਾਲ ਕਿਸਾਨਾਂ ਦੀਆਂ ਬਿਜਲੀ ਨਾਲ ਸਬੰਧਤ ਲੋਕਲ ਮੰਗਾਂ ਜਿਵੇਂ 1. ਜਿਹਨਾਂ ਫੀਡਰਾਂ 'ਤੇ ਮੁਲਾਜ਼ਮਾਂ ਦੀ ਘਾਟ ਹੈ, ਉੱਥੇ ਬਿਜਲੀ ਬੋਰਡ ਆਪਣੇ ਖਰਚੇ 'ਤੇ ਪ੍ਰਾਈਵੇਟ ਮੁਲਾਜ਼ਮ ਰੱਖੇ। 2. ਚੱਲਦੀ ਵਾਰੀ ਵਿੱਚ ਫਾਲਟ ਪੈਣ ਨਾਲ ਪਹਿਲਾਂ ਮਰਿਆ ਸਮਾਂ ਅਗਲੀ ਵਾਰੀ ਵਿੱਚ ਦਿੱਤਾ ਜਾਵੇ। 3. ਬਿਜਲੀ ਛੱਡਣ ਦਾ ਪੱਕਾ ਸਮਾਂ ਤਹਿ ਕੀਤਾ ਜਾਵੇ। 4. ਟਰਾਂਸਫਾਰਮਰ ਸੜ ਜਾਣ 'ਤੇ 24 ਘੰਟੇ ਵਿੱਚ ਬਦਲਿਆ ਜਾਵੇ, ਬਿਨਾ ਕਿਸੇ ਰਿਸ਼ਵਤ ਦੇ। 5. ਮਜ਼ਦੂਰਾਂ ਦੇ ਬਿਲ ਨਾ ਭਰ ਸਕਣ ਕਾਰਨ ਮੀਟਰ ਕੱਟਣੇ ਬੰਦ ਕੀਤੇ ਜਾਣ। ਬਿੱਲ ਭਰਨ ਲਈ ਆਸਾਨ ਕਿਸ਼ਤਾਂ ਕੀਤੀਆਂ ਜਾਣ। ਮੰਗਾਂ ਨੂੰ ਲੈ ਕੇ ਫਿਰੋਜ਼ਪੁਰ ਵਿੱਚ 6 ਥਾਵਾਂ, ਜ਼ੀਰਾ, ਮੱਖੂ, ਤਲਵੰਡੀ ਭਾਈ, ਸਾਂਦੇ ਹਾਸ਼ਮ, ਫਿਰੋਜ਼ਸ਼ਾਹ, ਬਠਿੰਡਾ 'ਚ ਭਾਈਰੂਪਾ, ਫਰੀਦਕੋਟ 'ਚ ਬਰਗਾੜੀ, ਮੋਗਾ 'ਚ ਜੀਤਵਾਲ ਤੇ ਨੱਥੂਵਾਲੇ ਧਰਨੇ ਦਿੱਤੇ ਗਏ। ਕੰਮ ਦੀ ਰੁੱਤ ਦੇ ਬਾਵਜੂਦ ਧਰਨਿਆਂ ਵਿੱਚ ਗਿਣਤੀ ਗਿਣਨਯੋਗ ਸੀ।
No comments:
Post a Comment