ਵਿਕਾਊ ਮੀਡੀਆ (ਭਾਗ ਦੂਜਾ)
ਸਿਰਫ ਮੁੱਲ ਦੀਆਂ ਖਬਰਾਂ ਹੀ ਨਹੀਂ; ਮਾਮਲਾ ਕਿਤੇ ਗੰਭੀਰ-ਵਸ਼ਿਸ਼ਟ
(ਲੜੀ ਜੋੜਨ ਲਈ ਪੜ•ੋ, ਸੁਰਖ਼ ਰੇਖਾ ਮਈ-ਜੂਨ 2018)
ਭਾਰਤ ਵਿੱਚ ਮੁੱਖ ਧਾਰਾ ਮੀਡੀਏ ਦੇ ਵੱਡੇ ਹਿੱਸੇ ਦੇ ਵਿਕਾਊ ਹੋਣ, ਪੈਸੇ ਲੈ ਕੇ ਖਬਰਾਂ ਛਾਪਣ, ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ, ਤੱਥਾਂ ਦੀ ਭੰਨਤੋੜ ਕਰਕੇ ਪੇਸ਼ ਕਰਨ ਅਤੇ ਖਾਸ ਰਾਜਨੀਤਕ ਤਾਕਤਾਂ ਦਾ ਹੱਥ ਠੋਕਾ ਬਣਨ ਬਾਰੇ ਖੋਜੀ ਪੱਤਰਕਾਰੀ ਅਤੇ ਸਟਿੰਗ ਅਪ੍ਰੇਸ਼ਨਾਂ ਲਈ ਮਸ਼ਹੂਰ ਵੈੱਬ-ਪੋਰਟਲ ਕੋਬਰਾ ਪੋਸਟ ਨੇ ਆਪਣੇ ਅਪ੍ਰੇਸ਼ਨ 136 ਦਾ ਪਹਿਲਾ ਭਾਗ 26 ਮਾਰਚ 2018 ਨੂੰ ਦਿੱਲੀ ਵਿੱਚ ਪੱਤਰਕਾਰਾਂ, ਵਕੀਲਾਂ, ਬੁੱਧੀਜੀਵੀਆਂ ਅਤੇ ਚੇਤਨ ਸਮਾਜਿਕ ਕਾਰਕੁੰਨਾਂ ਨਾਲ ਭਰੀ ਪ੍ਰੈਸ ਕਾਨਫਰੰਸ ਵਿੱਚ ਵੀਡੀਓਜ਼ ਜਾਰੀ ਕਰਕੇ ਵਿਖਾਇਆ ਸੀ। ਕੋਬਰਾ ਪੋਸਟ ਦੇ ਪੱਤਰਕਾਰਾਂ ਪੁਸ਼ਪ ਸ਼ਰਮਾ ਇੱਕ ਫਰਜ਼ੀ ਸੰਸਥਾ ਸ੍ਰੀ ਮੱਦ ਭਾਗਵਤ ਪ੍ਰਚਾਰ ਸਮਿਤੀ ਉਜੈਨ ਦੇ ਨੁਮਾਇੰਦੇ ਵਜੋਂ ਭਗਵੇਂ ਕੱਪੜਿਆਂ ਵਿੱਚ ਅਚਾਰੀਆ ਛੱਤਰਪਾਲ ਅਟੱਲ ਜੀ ਦੇ ਰੂਪ ਵਿੱਚ 25 ਤੋਂ ਵੱਧ ਅਖਬਾਰਾਂ, ਟੈਲੀਵਿਜ਼ਨ, ਰੇਡੀਓ ਸੇਟਸ਼ਨ, ਵੈੱਬ ਸਾਈਟਾਂ ਦੇ ਮਾਲਕਾਂ, ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਪ੍ਰਬੰਧਕਾਂ ਨਾਲ ਰੂਬਰੂ ਹੋਏ ਸਨ ਅਤੇ ਗੁਪਤ ਵੀਡੀਓ ਕੈਮਰਿਆਂ ਰਾਹੀਂ ਰਿਕਾਰਡ ਮੁਲਾਕਾਤਾਂ ਰਾਹੀਂ ਉਹਨਾਂ ਕੋਲ ਆਪਣਾ ਏਜੰਡਾ ਪੇਸ਼ ਕੀਤਾ ਸੀ। ਇਸ ਤਜਵੀਜ਼ ਵਿੱਚ ਇਹ ਸ਼ਾਮਲ ਸੀ ਕਿ ਆਉਂਦੀਆਂ 2019 ਦੀਆਂ ਚੋਣਾਂ ਅਤੇ ਵਿਧਾਨ ਸਭਾਈ ਚੋਣਾਂ ਵਿੱਚ ਉਹ (ਆਚਾਰੀਆ ਅਟੱਲ) ਤੇ ਉਸਦੀ ਸੰਸਥਾ ਦੁਬਾਰਾ ਮੋਦੀ/ਭਾਜਪਾ ਹਕੂਮਤ ਨੂੰ ਸੱਤਾ ਵਿੱਚ ਲਿਆਉਣ ਲਈ ਉਹਨਾਂ ਨੂੰ 5 ਤੋਂ 50 ਕਰੋੜ ਰੁਪਏ ਦੇਵੇਗਾ। ਜੇਕਰ ਉਹ ਉਹਨਾਂ ਦਾ ਏਜੰਡਾ ਪ੍ਰਵਾਨ ਕਰ ਲੈਣ। ਏਜੰਡੇ ਵਿੱਚ ਸ਼ਾਮਲ ਸੀ ਤਿੰਨ ਮਹੀਨੇ ਨਰਮ ਹਿੰਦੂਤਵ ਦੇ ਪ੍ਰਚਾਰ ਲਈ ਭਗਵਤ ਗੀਤਾ ਅਤੇ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਜਾਵੇ, ਅਗਲੇ ਤਿੰਨ ਤਿੰਨ ਮਹੀਨੇ ਹਿੰਦੂਤਵੀ ਚਿਹਰਿਆਂ ਜਿਵੇਂ ਮੋਹਨ ਭਗਵਤ, ਓਮਾ ਭਾਰਤੀ, ਵਿਨੇ ਕਟਿਆਰ ਤੇ ਉਹਨਾਂ ਦੀ ਟੀਮ ਨੂੰ ਚਮਕਾ ਕੇ ਪੇਸ਼ ਕੀਤਾ ਜਾਵੇ ਅਤੇ ਵੋਟਰਾਂ ਦੀ ਧਾਰਮਿਕ ਆਧਾਰ 'ਤੇ ਪਾਲਾਬੰਦੀ ਕਰਕੇ ਭਾਜਪਾ/ਮੋਦੀ ਦੇ ਹੱਕ ਵਿੱਚ ਮਾਹੌਲ ਤਿਆਰ ਕੀਤਾ ਜਾਵੇ। ਤੀਸਰੇ ਪੜਾਅ ਵਿੱਚ ਸਿਆਸੀ ਵਿਰੋਧੀਆਂ ਰਾਹੁਲ ਗਾਂਧੀ ਨੂੰ ਪੱਪੂ, ਅਖਿਲੇਸ਼ ਯਾਦਵ ਨੂੰ ਬੱਬੂਆ ਅਤੇ ਮਾਇਆਵਤੀ ਨੂੰ ਬੂਆ ਕਹਿ ਕੇ ਪੇਸ਼ ਕਰਨਾ ਸੀ ਤਾਂ ਕਿ ਵੋਟਰ ਉਹਨਾਂ ਨੂੰ ਗੰਭੀਰਤਾ ਨਾਲ ਨਾ ਲੈਣ ਤੇ ਭਾਜਪਾ ਦੇ ਹੱਕ ਵਿੱਚ ਮਾਹੌਲ ਬਣਾਇਆ ਜਾ ਸਕੇ। ਇਹ ਵੀ ਸ਼ਾਮਲ ਸੀ ਕਿ ਇਸ ਵਾਸਤੇ ਉਹ ਆਪਣੇ ਸਾਰੇ ਵਸੀਲੇ ਪਲੇਟਫਾਰਮ ਯਾਨੀ ਅਖਬਾਰਾਂ, ਬਿਜਲਈ ਮੀਡੀਏ, ਟੈਲੀਵਿਜ਼ਨ ਚੈਨਲਾਂ, ਫੇਸਬੁੱਕ, ਟਵਿੰਟਰ, ਈ-ਪੇਪਰਾਂ 'ਤੇ ਵੀ ਮੁਹਿੰਮ ਚਲਾਉਣਗੇ। ਇਸ ਨੂੰ ਸਾਰੇ ਦੇ ਸਾਰੇ 17 ਮੀਡੀਆ ਘਰਾਣਿਆਂ ਨੇ ਖਿੜੇ ਮੱਥੇ ਪ੍ਰਵਾਨ ਹੀ ਨਹੀਂ ਸੀ ਕੀਤਾ ਸਗੋਂ ਇਸ ਨੂੰ ਕਾਰਗਰ ਢੰਗ ਨਾਲ ਚਲਾਉਣ ਲਈ ਕੋਲੋਂ ਸੁਝਾਅ ਵੀ ਪੇਸ਼ ਕੀਤੇ ਸਨ। ਇਸ 'ਚ ਸ਼ਾਮਲ 17 ਮੀਡੀਆ ਘਰਾਣਿਆਂ ਜਿਨ•ਾਂ 'ਚ ਡੀ.ਐਨ.ਏ. ਮੁੰਬਈ, ਜੀ.ਟੀ.ਵੀ., ਜਾਗਰਣ ਇੰਡੀਆ ਟੀ.ਵੀ. ਆਦਿ ਵੱਡੇ ਅਦਾਰੇ ਸ਼ਾਮਲ ਸਨ, ਨੇ ਸਪੱਸ਼ਟੀਕਰਨ ਦੇਣ ਦੀ ਥਾਂ ਚੁੱਪ ਵੱਟੀ ਰੱਖੀ।
ਸਨਮਾਨਯੋਗ ਮੀਡੀਆ ਅਦਾਰੇ ਹੋਏ ਬੇਪਰਦ
ਹੁਣ ਕੋਬਰਾ ਪੋਸਟ ਨੇ ਆਪਣੇ ਅਪ੍ਰੇਸ਼ਨ 136 ਦਾ ਦੂਸਰਾ ਭਾਗ ਜਾਰੀ ਕਰ ਦਿੱਤਾ ਹੈ। ਇਸਦੇ ਖਿਲਾਫ ਦੈਨਿਕ ਭਾਸਕਰ ਅਖਬਾਰ ਨੂੰ ਦਿੱਲੀ ਹਾਈਕੋਰਟ ਨੇ ਇੱਕਤਰਫਾ ਸਟੇਅ ਦੇ ਦਿੱਤਾ ਸੀ, ਜਿਸ ਕਾਰਨ ਕਿਸੇ ਮੀਡੀਆ ਅਦਾਰੇ ਨੇ ਅਦਾਲਤੀ ਉਲੰਘਣਾ ਦੇ ਨਾਂ ਹੇਠ ਆਪਣਾ ਪਲੇਟਫਾਰਮ ਨਹੀਂ ਵਰਤਣ ਦਿੱਤਾ। ਵੀਡੀਓ ਜਨਤਕ ਤੌਰ 'ਤੇ ਨਹੀਂ ਦਿਖਾਏ ਜਾ ਸਕੇ, ਪਰ ਕੋਬਰਾ ਪੋਸਟ ਨੇ ਇਹਨਾਂ ਨੂੰ ਸਿੱਧੇ ਵੈੱਬਸਾਈਟ 'ਤੇ ਚਾੜ• ਦਿੱਤਾ ਹੈ। ਇਸ ਭਾਗ ਵਿੱਚ ਬਹੁਤ ਹੀ ਸਨਮਾਨਯੋਗ ਸਮਝੇ ਜਾਂਦੇ ਅਖਬਾਰਾਂ, ਟਾਈਮਜ਼ ਆਫ ਇੰਡੀਆ, ਹਿੰਦੋਸਤਾਨ ਟਾਈਮਜ਼, ਇੰਡੀਆ ਟੂਡੇ, ਏ.ਬੀ.ਪੀ. ਨਿਊਜ਼, ਨੈੱਟਵਰਕ 18, ਭਾਰਤ ਸਮਾਚਾਰ, ਸਟਾਰ ਇੰਡੀਆ, ਦਿਨਾਮਲਾਹ, ਲੋਕਮੱਤ, ਓਪਨ ਮੈਗਜ਼ੀਨ (ਰਸਾਲਾ), ਰੇਡੀਓ ਵੰਨ ਅਤੇ ਨਿਊ ਇੰਡੀਅਨ ਐਕਸਪ੍ਰੈਸ ਅਦਾਰਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਬਹੁਤ ਵਿਸਥਾਰ ਵਿੱਚ ਕੀਤੀਆਂ ਮੁਲਾਕਾਤਾਂ ਉਹ ਵੀ ਇੱਕ ਇੱਕ ਅਦਾਰੇ ਦੇ ਕਈ ਕਈ ਅਧਿਕਾਰੀਆਂ ਦਾ ਵਰਨਣ ਜਾਂ ਚਰਚਾ ਕਰਨਾ ਸੰਭਵ ਨਹੀਂ ਤਾਂ ਵੀ ਇੱਕ ਗੱਲ ਸਾਰਿਆਂ ਵਿੱਚ ਸਾਂਝੀ ਦਿਸੀ ਕਿ ਉਹਨਾਂ ਦੇ ਵਿਦੇਸ਼ਾਂ ਤੋਂ ਮਹਿੰਗੀਆਂ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈ ਕੇ ਕਾਰੋਬਾਰ ਸੰਭਾਲ ਰਹੇ ਪ੍ਰਤੀਨਿੱਧਾਂ ਅਤੇ ਮਾਲਕਾਂ ਨੇ ਇੱਕ ਸਾਧਾਰਨ ਜਿਹੇ ਸਾਧੂ ਜੋ ਪ੍ਰਭਾਵਸ਼ਾਲੀ ਅੰਗਰੇਜ਼ੀ ਹੀ ਨਹੀਂ ਸਗੋਂ ਹਿੰਦੀ ਵਿੱਚ ਗੱਲਬਾਤ ਕਰਦਾ ਹੈ ਦੀ ਆਓ ਭਗਤ ਕੀਤੀ ਉਸਦੀ ਹਰ ਗੱਲ 'ਤੇ ਕਿੰਤੂ ਕਰਨ ਦੀ ਥਾਂ ਪੂਰਾ ਵਚਨ ਦਿੱਤਾ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਅਧਿਕਾਰੀ ਉਸ ਦੇ ਪੈਰ ਛੂਹਣ ਤੱਕ ਗਏ। ਬਹੁਤਿਆਂ ਨੇ ਸਗੋਂ ਇਹ ਪ੍ਰਭਾਵ ਸਥਾਪਤ ਕੀਤਾ ਕਿ ਉਹ ਆਰ.ਐਸ.ਐਸ. ਦੇ ਬੰਦੇ ਹਨ ਤੇ ਅਚਾਰੀਆ ਦਾ ਏਜੰਡਾ ਉਹਨਾਂ ਦਾ ਆਪਣਾ ਵੀ ਹੈ।
ਟਾਈਮਜ਼ ਆਫ ਇੰਡੀਆ ਦੁਨੀਆਂ ਦਾ ਸਭ ਤੋਂ ਵੱਧ ਛਪਣ ਵਾਲਾ ਅੰਗਰੇਜ਼ੀ ਅਖਬਾਰ ਹੈ ਤੇ ਇਸ ਦੇ 11000 ਮੁਲਾਜ਼ਮ ਹਨ। ਪੁਸ਼ਪ ਸ਼ਰਮਾ ਨਾਲ ਗੱਲਬਾਤ ਕਰਦਿਆਂ ਜਦੋਂ ਸ਼ਰਮਾ ਪੁੱਛਦਾ ਹੈ ਕਿ ਤੁਸੀਂ ਕਦੇ ਪਹਿਲਾਂ ਅਜਿਹੀ ਮੁਹਿੰਮ ਚਲਾਈ ਹੈ ਤਾਂ ਮਿਰਚੀ ਰੇਡੀਓ ਬੰਗਲੂਰੂ ਦੇ ਵੀ. ਪਰਦੀਪ ਕਹਿੰਦੇ ਹਨ ਕਿ ਪਿਛਲੀ ਵਾਰ ਭਾਜਪਾ ਦੇ ਹੱਕ ਵਿੱਚ ਚੱਲਦੀ ਸੀ। ਹਿੰਦੂਤਵ ਨੂੰ ਉਭਾਰਨ ਦੇ ਨਾਲ ਵਿਰੋਧੀਆਂ ਤੇ ਸਿਆਸੀ ਵਿਅੰਗ ਕੱਸਣ ਬਾਰੇ ਰੇਡੀਓ ਮਿਰਚ ਪਟਨਾ ਦੇ ਬਿਨੀਤ ਕੁਮਾਰ ਕਹਿੰਦੇ ਹਨ ਕਿ ''ਮੈਂ ਆਪਣੇ ਸਕਰਿਪਟ ਰਾਈਟਰ ਨਾਲ ਤੁਹਾਨੂੰ ਮਿਲਾ ਦੇਵਾਂਗਾ। ਉਹ ਆਪਣਾ ਬਣਾ ਲਵੇਗਾ, ਥੋੜ•ਾ ਥੋੜ•ਾ ਹੌਲੀ ਹੌਲੀ ਠੀਕ ਹੈ।'' ਪੁਸ਼ਪ ਸ਼ਰਮਾ ਨੇ ਵੱਖ ਵੱਖ ਥਾਵਾਂ 'ਤੇ ਟਾਈਮਜ਼ ਦੇ ਵੱਖ ਵੱਖ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਸਾਰਿਆਂ ਨੇ ਆਪਣੇ ਸੁਝਾਅ ਦਿੱਤੇ ਜਿਵੇਂ ਕਿ ਹਿੰਦੂਤਵ ਦੀ ਥਾਂ ਸਤਸੰਗ ਸ਼ਬਦ ਦਾ ਪ੍ਰਚਾਰ ਕੀਤਾ ਜਾਵੇ। ਗਰੁੱਪ ਦੇ ਕਾਰਜਕਾਰੀ ਪ੍ਰਧਾਨ (ਰਲੇਵਾਂ ਅਤੇ ਅਧਿਗ੍ਰਹਿਣ ਕਾਰਪੋਰੇਟ) ਸੰਜੀਵ ਸ਼ਾਹ ਪੁਸ਼ਪ ਨੂੰ ਦੱਸਦਾ ਹੈ ਕਿ ਉਹਨਾਂ ਦੀ ਗਰੁੱਪ ਦੇ ਐਮ.ਡੀ. ਬਿਨੀਤ ਜੈਨ ਨਾਲ ਗੱਲ ਹੋਈ ਹੈ ਨਾਲ ਹੀ ਕਹਿੰਦਾ ਹੈ ਕਿ ''ਭਾਰਤ ਵਿੱਚ ਸਾਡੇ ਮੁਕਾਬਲੇ ਦਾ ਕੋਈ ਵੀ ਪਲੇਟਫਾਰਮ ਨਹੀਂ ਹੈ, ਜਿਸ ਰਾਹੀਂ ਤੁਸੀਂ ਇੱਕ ਦਿਨ ਵਿੱਚ 65 ਤੋਂ 75 ਮਿਲੀਅਨ ਲੋਕਾਂ ਤੱਕ ਪਹੁੰਚ ਸਕੋ। ਬਿਨੀਤ ਜੈਨ ਕਹਿੰਦਾ ਹੈ ਕਿ ਕਾਰਪੋਰੇਟ ਹੋਣ ਦੇ ਨਾਤੇ ਸਾਨੂੰ ਵੇਖਣ ਨੂੰ ਵੱਧ ਤੋਂ ਵੱਧ ਨਿਰਪੱਖ ਰਹਿਣਾ ਪੈਂਦਾ ਹੈ। ਇੱਕ ਅਧਿਕਾਰੀ ਕਹਿੰਦਾ ਹੈ ਕਿ ਅਸੀਂ ਸਾਰੇ ਸੰਘ ਦੇ ਮਾਹੌਲ ਵਿੱਚ ਪਲੇ ਹਾਂ ਤੇ ਦਿਲੋਂ ਆਰ.ਐਸ.ਐਸ. ਨਾਲ ਹਾਂ।
ਇੰਡੀਆ ਟੂਡੇ— ਟੀਵੀ ਟੂਡੇ ਜਿਸ ਵਿੱਚ ਆਜ ਤੱਕ, ਇੰਡੀਆ ਟੂਡੇ, ਟੀ.ਵੀ. ਤੇਜ਼ ਆਦਿ ਚੈਨਲ ਕਈ ਰਸਾਲੇ ਆਦਿ ਜੁੜੇ ਹੋਏ ਹਨ, ਨਾਲ ਗੱਲਬਾਤ ਵਿੱਚ ਮੈਨੇਜਰ ਹਿਸ਼ਮ ਅਲੀ ਖਾਨ ਪੁਸ਼ਪ ਦੇ ਏਜੰਡੇ ਦੀ ਹਮਾਇਤ ਵਿੱਚ ਕਹਿੰਦਾ ਹੈ ''ਮੇਰਾ ਇੱਕੋ ਇੱਕ ਉਦੇਸ਼ ਤੇ ਦ੍ਰਿਸ਼ਟੀਕੋਣ ਹੈ ਕਿ ਭਾਜਪਾ ਦਾ ਸੱਤਾ ਵਿੱਚ ਆਉਣਾ। ਵਿਰੋਧੀਆਂ ਦਾ ਦੁਰ-ਪ੍ਰਚਾਰ ਕਰਨ ਬਾਰੇ ਉਹ ਕਹਿੰਦਾ ਹੈ, ''ਤੁਸੀਂ ਇੱਕ ਹੱਥ ਵਧਾਓਗੇ ਸਰ ਮੈਂ ਦੋ ਹੱਥ ਵਧਾਊਂਗਾ।'' ਇੰਡੀਆ ਟੂਡੇ ਦੀ ਵਾਈਸ ਚੇਅਰਪ੍ਰਸਨ ਸ੍ਰੀਮਤੀ ਕੱਲੀ ਪੁਰੀ ਨੇ ਪੁਸ਼ਪ ਦੀ ਗੱਲਬਾਤ ਤੋਂ ਬਾਅਦ ਕਿਹਾ ਕਿ ਤੁਸੀਂ ਇੰਡੀਆ ਟੂਡੇ ਪ੍ਰੋਗਰਾਮ ਸਪਾਂਸਰ ਕਰੋਗੇ ਮੈਂ ਚਾਹੁੰਦੀ ਹਾਂ ਅਜਿਹਾ ਹੋਵੇ। ਗੱਲਬਾਤ ਵਿੱਚ ਉਹ ਪੁਸ਼ਪ ਸ਼ਰਮਾ ਨੂੰ ਗੁਜਾਰਿਸ਼ ਕਰਦੀ ਹੈ ਕਿ ਸਾਡੇ ਪ੍ਰੋਗਰਾਮ ਵਿੱਚ ਉਸਦੇ ਸੰਗਠਨ ਦੇ ਲੋਕ ਵੀ ਸ਼ਾਮਲ ਹੋਣ ਕਿ ਇਹ ਇੱਕ ਵਧੀਆ ਮੰਚ ਹੈ। ਮੁਲਾਕਾਤ ਤੋਂ ਬਾਅਦ ਗਰੁੱਪ ਦੇ ਮੁੱਖ ਮਾਲੀਆ ਅਧਿਕਾਰੀ ਰਾਹੁਲ ਕੁਮਾਰ ਸਾਅ ਨੇ 17 ਫਰਵਰੀ 2018 ਨੂੰ ਈ-ਮੇਲ ਰਾਹੀਂ 275 ਕਰੋੜ ਰੁਪਏ ਦੇ ਇਸ਼ਤਿਹਾਰ ਦਾ ਸੁਝਾਅ ਵੀ ਭੇਜਿਆ। ਦੇਸ਼ ਵਿਦੇਸ਼ ਵਿੱਚ ਕਰੋੜਾਂ ਪਾਠਕ/ਦਰਸ਼ਕ ਇਸ ਗਰੁੱਪ ਨਾਲ ਜੁੜੇ ਹੋਏ ਹਨ ਤੇ ਇਸ ਹੱਦ ਤੱਕ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ, ਕਹਿਣ ਦੀ ਲੋੜ ਨਹੀਂ।
ਹਿੰਦੋਸਤਾਨ ਟਾਈਮਜ਼— ਹਿੰਦੋਸਤਾਨ ਟਾਈਮਜ਼, ਐੱਚ.ਟੀ ਮੀਡੀਆ ਲਿਮਟਿਡ ਜਿਸ ਵਿੱਚ ਕੇ.ਕੇ. ਬਿਰਲਾ ਦੀ ਵੱਡੀ ਹਿੱਸੇਦਾਰੀ ਹੈ ਦੀ ਚੇਅਰਪਰਸਨ ਸ਼ੋਬਨਾ ਭਾਰਤੀਆ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਰਹੀ ਹੈ। ਇਹ ਟਾਈਮਜ਼ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਅਖਬਾਰ ਹੈ, ਅਨੇਕਾਂ ਰਸਾਲੇ ਤੇ ਹੋਰ ਵੈੱਬਸਾਈਟਾਂ ਇਸਦੇ ਨਾਲ ਜੁੜੇ ਹੋਏ ਹਨ। ਅਦਾਰੇ ਦੀ ਪ੍ਰਤੀਨਿੱਧ ਸੈਲਜ਼ਾ ਕਹਿੰਦੀ ਹੈ ਕਿ ਗੁੜਗਾਉਂ ਵਿੱਚ ਬੈਠ ਕੇ ਵੀ ਝਾਰਖੰਡ ਬਿਹਾਰ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਬਾਰੇ ''ਅਗਰ ਤੁਸੀਂ ਗੁੜਗਾਉਂ ਦੇ ਮਾਧਿਅ ਰਾਹੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਮੈਂ ਹਮੇਸ਼ਾਂ ਤੁਹਾਡੀ ਸੇਵਾ ਵਿੱਚ ਰਹਾਂਗਾ ਕਿਉਂਕਿ ਸਾਨੂੰ ਬੈਠਣ ਦੀ ਜ਼ਰੂਰਤ ਹੈ ਕਿਉਂਕਿ ਮੈਨੂੰ ਜ਼ਰੂਰਤ ਹੈ ਕਿ ਸਾਨੂੰ 4-5 ਵਾਰ ਬੈਠਣਾ ਪਵੇਗਾ।'' ਪੁਸ਼ਪ ਸ਼ਰਮਾ ਗੁੜਗਾਉਂ ਵਿੱਚ ਹਿੰਦੋਸਤਾਨ ਟਾਈਮਜ਼ ਮੀਡੀਆ ਦੇ ਉੱਪ ਪ੍ਰਧਾਨ ਅਵਨੀਸ਼ ਬੰਗਲ ਨੂੰ ਮਿਲਿਆ ਤਾਂ ਉਸਨੇ ਗੱਲਬਾਤ ਤੋਂ ਬਾਅਦ ਕਿਹਾ ਕਿ ਅਗਰ ਤੁਸੀਂ ਕਰੋੜਾਂ ਰੁਪਏ ਦਿੰਦੇ ਹੋ ਤਾਂ ਮੇਰੀ ਸੰਪਾਦਕੀ ਟੀਮ ਦਬਾਅ ਵਿੱਚ ਤਾਂ ਰਹੇਗੀ ਹੀ। ਵਿਰੋਧੀਆਂ 'ਤੇ ਵਿਅੰਗ ਬਣਾਉਣ ਬਾਰੇ ਉਹ ਕਹਿੰਦਾ ਹੈ ਕਿ ਮੋਹਨ ਭਗਵਤ ਦੀ ਗੁਰਬਾਣੀ ਜਿਵੇਂ ਆਵੇਗੀ ਅਸੀਂ ਕਿਵੇਂ ਡਿਜ਼ੀਟਲ ਮੀਡੀਆ ਵਿੱਚ ਵਾੜਦੇ ਹਾਂ ਇਹ ਸਕੀਮ ਬਣਾਵਾਂਗੇ ਅਤੇ ਤੁਹਾਨੂੰ ਜਾਣਕਾਰੀ ਦੇਵਾਂਗੇ। ਇਹ ਹਰ ਜਗ•ਾ ਹੋ ਜਾਵੇਗਾ। ਹਿੰਦੀ, ਅੰਗਰੇਜ਼ੀ ''ਮਿੰਟ'' ਸਭ ਜਗ•ਾ। ''ਮਿੰਟ'' ਅਖਬਾਰ ਹਿੰਦੋਸਤਾਨ ਅਖਬਾਰ ਵੱਲੋਂ ਵਾਲ ਸਟਰੀਟ ਜਨਰਲ ਨਾਲ ਭਾਈਵਾਲੀ ਨਾਲ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਜਦੋਂ ਪੁਸ਼ਪ ਅਧਿਕਾਰੀ ਨੂੰ ਕਹਿੰਦਾ ਹੈ ਕਿ ਸੰਗਠਨ ਦੇ ਰਾਹ ਵਿੱਚ ਇਹ ਏਜੰਡਾ ਚੱਲਣ ਨੂੰ ਲੈ ਕੇ ਇੱਕ ਸ਼ੰਕਾ ਹੈ ਕਿਉਂਕਿ ਐਚ.ਟੀ. ਮੀਡੀਆ ਲਿਮਟਿਡ ਦੀ ਚੇਅਰਪਰਸਨ ਸ਼ੋਭਨਾ ਭਾਰਤੀਆ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਰਹੀ ਹੈ। ਡੀ.ਕੇ. ਮਿੱਤਲ ਨੇ ਸਫਾਈ ਦਿੰਦਿਆਂ ਕਿਹਾ ਕਿ ''ਸਰ ਉਹ ਬੇਸ਼ੱਕ ਕਾਂਗਰਸ ਦੀ ਐਮ.ਪੀ. ਰਹੀ ਹੈ, ਉਹ ਅਰੁਣ ਜੇਤਲੀ ਦੇ ਬਹੁਤ ਕਰੀਬ ਹੈ।'' ਐੱਚ.ਟੀ. ਅਧਿਕਾਰੀ ਹਰ ਤਰ•ਾਂ ਪੁਸ਼ਪ ਦੇ ਏਜੰਡੇ ਨੂੰ ਲਾਗੂ ਕਰਨ ਲਈ ਤੱਤਪਰ ਦਿਸੇ। ਇਸਦੇ ਉੱਚ ਅਧਿਕਾਰੀਆਂ ਨੇ ਈ-ਮੇਲ ਰਾਹੀਂ ਸੁਝਾਅ ਵੀ ਭੇਜੇ। ਵਰਨਣਯੋਗ ਹੈ ਕਿ ਫੋਰਬਸ ਨੇ ਹਿੰਦੋਸਤਾਨ ਟਾਈਮਜ਼ ਡਾਟ ਕਾਮ ਨੂੰ ਦੁਨੀਆਂ ਵਿੱਚ ਉੱਚ ਕੋਟੀ ਦੀਆਂ 10 ਵੈੱਬ ਸਾਈਟਾਂ ਵਿੱਚ ਸ਼ਾਮਲ ਕੀਤਾ। ਕਰੋੜਾਂ-ਕਰੋੜ ਲੋਕ ਇਸ ਨਾਲ ਜੁੜੇ ਹੋਏ ਹਨ। ਜੇਕਰ ਇਹੋ ਜਿਹੇ ਅਦਾਰੇ ਪੈਸਿਆਂ ਬਦਲੇ ਖਾਸ ਰਾਜਨੀਤਕ ਏਜੰਡੇ ਪ੍ਰਚਾਰਨ ਲੱਗਦੇ ਹਨ ਤਾਂ ਇਸ ਦਾ ਅਸਰ ਕਿੰਨਾ ਗੰਭੀਰ ਹੋ ਸਕਦਾ ਹੈ, ਕਹਿਣ ਦੀ ਲੋੜ ਨਹੀਂ।
ਮੰਦਾਤਾਈ ਦਾ ਸੁੰਨ ਕਰਨ ਵਾਲਾ ਬਿਆਨ— ਐਮ.ਟੀ.ਵੀ. ਮਰਾਠੀ 24 ਘੰਟੇ ਸਮਾਚਾਰ ਤੇ ਮਨੋਰੰਜਨ ਦਾ ਚੈਨਲ ਹੈ, ਜਿਸ ਦਾ ਸੰਚਾਲਕ/ਮਾਲਕ ਕਾਂਗਰਸ ਦਾ ਸਾਬਕਾ ਕਾਉਂਸਲਰ ਤੇ ਹੁਣ ਭਾਜਪਾ ਵਿਧਾਇਕ ਮੰਦਾ ਮਹਾਤਰੇ ਹੈ। ਉਸਦੀ ਪਤਨੀ ਮੰਦਾਤਾਈ ਹਿੰਦੂਤਵੀ ਏਜੰਡੇ ਬਾਰੇ ਕਹਿੰਦੀ ਹੈ ਕਿ ਆਪ ਕੋ ਦਿਖਾ ਨਹੀਂ 24 ਘੰਟੇ ਹਮਾਰਾ ਚੈਨਲ ਚਲ ਰਹਾ ਹੈ (ਹਿੰਦੂਤਵੀ ਏਜੰਡਾ)। ਤੁਸੀਂ ਆਪਣੇ ਤਰੀਕੇ ਨਾਲ ਚਲਵਾਉਣਾ ਹੈ ਤਾਂ ਸੀ.ਡੀ. ਦਿੰਦੇ ਜਾਓ, ਚਲਾਉਂਦੇ ਜਾਵਾਂਗੇ। ਮੰਦਾਤਾਈ ਪੁਸ਼ਪ ਨੂੰ ਕਹਿੰਦੀ ਹੈ, ''ਤੁਸੀਂ ਲੋਕਾਂ ਤਾਂ ਕਲਾਮ ਨੂੰ (ਰਾਸ਼ਟਰਪਤੀ) ਬਣਾਇਆ ਸੀ, ਫਿਰ ਵੀ ਕਰਨਾ ਪੈਂਦਾ ਹੈ। ਰਾਜਨੀਤੀ ਵਿੱਚ ਵੇਖ ਵੇਖ ਕੇ ਚੱਲਣਾ ਪੈਂਦਾ ਹੈ। ਆਰ.ਐਸ.ਐਸ. ਵਾਲੇ ਮੈਨੂੰ ਕਹਿੰਦੇ ਸੀ ਮੁਸਲਿਮ ਮਸਜ਼ਿਦ ਤੋੜੋ, ਇਹ ਕਹੋ ਮੈਂ ਕਿਹਾ ਨਹੀਂ ਸੌਰੀ ਮੈਂ ਅਜਿਹਾ ਨਹੀਂ ਕਰ ਸਕਦੀ। ਇੰਨੇ ਲੋਕਾਂ ਦੀ ਹਾਅ ਅਸੀਂ ਨਹੀਂ ਲੈ ਸਕਦੇ। ਅੱਧੇ ਲੋਕ ਪਹਿਲਾਂ ਹੀ ਸਾਡੇ ਨਾਲ ਜੁੜ ਚੁੱਕੇ ਹਨ। ਮੰਦਾਤਾਈ ਇੱਥੋਂ ਤੱਕ ਬੋਲਦੀ ਹੈ ਕਿ ਜਿਗਨੇਸ਼ ਮਿਵਾਨੀ, ਹਾਰਦਿਕ ਪਟੇਲ, ਅਲਪੇਸ਼ ਠਾਕੁਰ ਨੂੰ ਭਾਜਪਾ ਨੇ ਹੀ ਜਨਮ ਦਿੱਤਾ ਹੈ, ਜੋ ਉਸੇ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਪੱਪੂ ਪੱਪੂ ਕਿਉਂ ਕਰਾਉਣਾ ਹੈ ਅਜੇ ਕਾਂਗਰਸ ਹੈ ਹੀ ਨਹੀਂ। ਖੁਲਾਸੇ ਹੈਰਾਨ ਕਰਨ ਵਾਲੇ ਹਨ।
ਪੇ.ਟੀ.ਐਮ. ਮਾਮਲਾ ਅੱਤ ਗੰਭੀਰ
ਅਪ੍ਰੇਸ਼ਨ 136 ਭਾਗ ਦੋ ਵਿੱਚ ਵੱਡੀਆਂ ਜਨ-ਸੰਚਾਰ ਸੰਸਥਾਵਾਂ ਦੇ ਵਿਕਣ ਤੋਂ ਕਿਤੇ ਗੰਭੀਰ ਮਾਮਲਾ ਟੀ-ਕਾਮਰਸ ਕੰਪਨੀ ਪੇ.ਟੀ.ਐਮ. ਦਾ ਹੈ। ਪੇ.ਟੀ.ਐਮ. ਕੰਪਨੀ ਦੇ ਉਪ-ਪ੍ਰਧਾਨ ਸੁਧਾਂਸ਼ੂ ਗੁਪਤਾ ਅਤੇ ਸੀਨੀਅਰ ਉੱਪ ਪ੍ਰਧਾਨ ਅਜੇ ਸ਼ੰਕਰ ਸ਼ਰਮਾ ਨੇ ਨਾ ਸਿਰਫ ਆਰ.ਐਸ.ਐਸ. ਨਾਲ ਬਹੁਤ ਕਰੀਬੀ ਸਬੰਧਾਂ ਦਾ ਪਰਦਾਫਾਸ਼ ਕੀਤਾ ਸਗੋਂ ਇਹ ਵੀ ਦੱਸਿਆ ਕਿ ਉਹ ਆਪਣੇ ਗਾਹਕਾਂ ਦਾ ਡੈਟਾ ਪ੍ਰਧਾਨ ਮੰਤਰੀ ਦਫਤਰ ਨਾਲ ਸਾਂਝਾ ਕਰਦੇ ਰਹੇ ਹਨ। ਉਹਨਾਂ ਅਨੁਸਾਰ ਜੰਮੂ ਕਸ਼ਮੀਰ ਵਿੱਚ ਪੱਥਰਬਾਜ਼ੀ ਰੁਕੀ ਤੋਂ ਪ੍ਰਧਾਨ ਮੰਤਰੀ ਦਫਤਰ ਤੋਂ ਫੋਨ ਆਇਆ ਕਿ ਡੈਟਾ ਦਿਓ ਹੋ ਸਕਦਾ ਹੈ ਪੱਥਰਬਾਜ਼ਾਂ 'ਚੋਂ ਕੁੱਝ ਪੇ.ਟੀ.ਐਮ. ਵਰਤਦੇ ਹੋਣ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹ ਆਪਣੀ ਐਪ 'ਤੇ ਮੋਦੀ ਦੀ ਕਿਤਾਬ ''ਐਕਸਟਰਾ ਐਗਜ਼ਾਮ ਵਾਰੀਅਰ'' ਦਾ ਪ੍ਰਚਾਰ ਕਰ ਰਹੇ ਹਨ। ਉਹ ਪੇ.ਟੀ.ਐਮ. ਤੇ ਹਿੰਦੂਤਵ ਦੇ ਏਜੰਡੇ ਲਾਗ ਕਰਨ ਲਈ ''ਕਵਿੱਜ'' ਪ੍ਰਸ਼ਨ-ਉੱਤਰ ਲੜੀ ਚਲਾ ਦੇਣਗੇ। ਉਸ ਨੂੰ ਸੰਘ ਅਧਿਕਾਰੀਆਂ ਨਾਲ ਗਿਲਾ ਵੀ ਹੈ ਕਿ ਉਹਨਾਂ ਨੇ ਸਿੱਧਾ ਇਹ ਕੰਮ ਕਰਨ ਲਈ ਮੈਨੂੰ ਕਿਉਂ ਨਹੀਂ ਕਿਹਾ, ਜਦੋਂ ਕਿ ਮੇਰੇ ਸਾਰੇ ਰਾਜਾਂ ਦੇ ਮੁਖੀਆਂ ਨਾਲ ਦੋਸਤਾਨਾ ਤੇ ਵਪਾਰਕ ਸਬੰਧ ਹਨ। ਅਸੀਂ ਸੰਘ ਲਈ ਕੀ ਕੀ ਕਰ ਰਹੇ ਹਾਂ, ਤੁਹਾਨੂੰ ਵੀ ਨਹੀਂ ਦੱਸ ਸਕਦੇ। ਆਰ.ਐਸ.ਐਸ. ਸਾਡੇ ਖੂਨ ਵਿੱਚ ਹੈ। 2010 ਵਿੱਚ ਸ਼ੁਰੂ ਹੋਈ ਪੇ.ਟੀ.ਐਮ. ਉਸ ਵਕਤ ਰਾਤੋ ਰਾਤ ਬਹੁਤ ਮਸ਼ਹੂਰ ਹੋ ਗਈ ਜਦੋਂ ਮੋਦੀ ਨੇ ਨੋਟਬੰਦੀ ਕਰਕੇ 500 ਅਤੇ 1000 ਰੁਪਏ ਦੇ ਨੋਟਾਂ 'ਤੇ ਪਾਬੰਦੀ ਲਾ ਦਿੱਤੀ। ਮੋਦੀ ਸਰਕਾਰ ਨੇ ਨੋਟਬੰਦੀ ਦੀਆਂ ਤਕਲੀਫਾਂ ਦਾ ਇੱਕੋ ਦਾਰੂ ਡਿਜ਼ੀਟਲ ਲੈਣ-ਦੇਣ ਦੱਸਿਆ ਅਤੇ ਪੇ.ਟੀ.ਐਮ. ਨੇ ਪੂਰੇ-ਪੂਰੇ ਸਫੇ ਦੇ ਇਸ਼ਤਿਹਾਰ ਨੋਟਬੰਦੀ ਦੇ ਫੈਸਲੇ ਦੇ ਹੱਕ ਵਿੱਚ ਛਪਵਾਏ। 2017 ਵਿੱਚ ਪੇ.ਟੀ.ਐਮ. ਨੂੰ 8.13 ਕਰੋੜ ਦਾ ਮੁਨਾਫਾ ਹੋਇਆ। ਜਦੋਂ ਨੋਟਬੰਦੀ ਤੋਂ ਦੁਖੀ ਲੋਕ ਲਾਈਨਾਂ ਵਿੱਚ ਲੱਗੇ ਜਾਨਾਂ ਗਵਾ ਰਹੇ ਸਨ ਉਦੋਂ ਪੇ.ਟੀ.ਐਮ. ਮੁਖੀ ਵਿਜੇ ਨੂੰ ਇਹ ਕਹਿੰਦੇ ਹੋਏ ਵੇਖਿਆ ਗਿਆ ਕਿ ''ਅਸੀਂ ਹਤਿਆਰੇ ਹਾਂ, ਅਸੀਂ ਹਤਿਆਰੇ (ਕਾਤਲ) ਜੋ ਸਾਡੇ ਨਾਲ ਉਹ ਹੋਣਗੇ ਇੱਕ ਸਾਲ ਵਿੱਚ ਉਹ ਕਰ ਦਿੱਤਾ ਜੋ ਉਹਨਾਂ ਦਸ ਸਾਲ ਵਿੱਚ ਨਹੀਂ ਕੀਤਾ, ਕਲੇਜਾ ਦਿੱਤਾ ਖੂਨ ਦਿੱਤਾ, ਜਾਨ ਸਭ ਕੁੱਝ ਲਾ ਦਿੱਤਾ ਭੈਣ...।'' ਇਹ ਸਾਰਾ ਕੁੱਝ ਸੁਭਾਵਿਕ ਹੀ ਨਹੀਂ ਵਾਪਰ ਗਿਆ। ਇਹ ਸਾਰਾ ਕੁੱਝ ਆਧਾਰ ਡੈਟਾ 'ਤੇ ਨਿਰਭਰ ਕਰਕੇ ਕੀਤਾ ਗਿਆ, ਜਿਸ ਬਾਰੇ ਪਾਰਲੀਮੈਂਟ, ਸੁਪਰੀਮ ਕੋਰਟ ਤੇ ਸਰਕਾਰਾਂ ਸੁਰੱਖਿਅਤ ਹੋਣ ਦਾ ਚੀਕ-ਚਿਹਾੜਾ ਪਾਉਂਦੀਆਂ ਹਨ। ਉਸ ਡੈਟੇ ਦੀ ਪ੍ਰਧਾਨ ਮੰਤਰੀ ਦਫਤਰ ਨੂੰ ਦੇਣ ਦੀ ਗੱਲ ਸ਼ਰੇਆਮ ਕਬੂਲਣ ਵਾਲੇ ਪੇ.ਟੀ.ਐਮ. ਮੁਖੀ ਖਿਲਾਫ ਭਾਰਤ ਦੇ ਕਿਹੜੇ ਕਾਨੂੰਨ ਤੇ ਕਿਸ ਅਦਾਰੇ ਵਿੱਚ ਕਾਰਵਾਈ ਹੋਈ ਹੈ।
ਹਨੇਰੇ 'ਚ ਵੀ ਰੌਸ਼ਨੀ ਦਿੰਦੀਆਂ ਬੰਗਲਾ ਅਖਬਾਰਾਂ
ਇੰਨੀ ਹਨੇਰਗਰਦੀ ਦੇ ਵਿੱਚ ਵੀ ਦੋ ਮੀਡੀਆ ਸੰਸਥਾਵਾਂ ਅਜਿਹੀਆਂ ਮਿਲੀਆਂ ਜਿਹਨਾਂ ਨੇ ਪੁਸ਼ਪ ਦੇ ਹਿੰਦੂਤਵ ਦੇ ਏਜੰਡੇ ਨੂੰ ਮੂਲੋਂ ਹੀ ਨਕਾਰ ਦਿੱਤਾ। ਇਮਾਨਦਾਰੀ ਅਤੇ ਅਸੂਲੀ ਪੱਤਰਕਾਰੀ ਦੇ ਪ੍ਰਤੀਕ ਰੋਜ਼ਾਨਾ ਬਰਤਮਾਨ ਅਤੇ ਸੰਬਾਦ ਖੇਤਰੀ ਅਖਬਾਰਾਂ ਹਨ। ਬਰਤਮਾਨ ਦੇ ਤਿੰਨ ਥਾਵਾਂ ਤੋਂ ਐਡੀਸ਼ਨ ਨਿਕਲਦੇ ਹਨ। ਗੱਲਬਾਤ ਵਿੱਚ ਬਰਤਮਾਨ ਦੇ ਸੀਨੀਅਰ ਜਨਰਲ ਮੈਨੇਜਰ ਅਸ਼ੀਸ਼ ਮੁਖਰਜੀ ਨੇ ਪੁਸ਼ਪ ਦੇ ਏਜੰਡੇ ਨੂੰ ਪੂਰੀ ਤਰ•ਾਂ ਖਾਰਜ ਕਰਦੇ ਹੋਏ ਕਿਹਾ ਕਿ ''ਇਹ ਬਖਸ਼ਣਯੋਗ ਨਹੀਂ ਹੈ।'' ਪੁਸ਼ਪ ਨੇ ਇੱਕ ਕਰੋੜ ਤੋਂ ਸਿੱਧਾ ਦਸ ਕਰੋੜ ਦਾ ਸੌਦਾ ਕਰਨ 'ਤੇ ਬਿਲਕੁੱਲ ਨਹੀਂ ਕਿਹਾ। ਤੀਜੀ ਵਾਰ ਪੁਸ਼ਪ ਦੇ ਫਿਰ ਜ਼ੋਰ ਲਾਉਣ 'ਤੇ ਉਹ ਦੋ ਟੁੱਕ ਜੁਆਬ ਦਿੰਦਾ ਹੈ, ''ਉੱਕਾ ਹੀ ਨਹੀਂ''। ਉਹਨਾਂ ਅਨੁਸਾਰ ਉਹਨਾਂ ਦੇ ਮੋਢੀ ਵਰੁਣ ਸੈਨ ਗੁਪਤਾ ਨੇ ਸਾਨੂੰ ਇਹ ਆਦਰਸ਼ ਸਮਝਾਏ ਸਨ ਤੇ ਅਸੀਂ ਕਦੇ ਵੀ ਇਹਨਾਂ ਦੀ ਉਲੰਘਣਾ ਨਹੀਂ ਕਰਦੇ।
ਸੰਬਾਦ- ਦੂਜੀ ਬੰਗਾਲੀ ਅਖਬਾਰ ''ਦੈਨਿਕ ਸੰਬਾਦ'' ਹੈ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਤੋਂ ਪ੍ਰਕਾਸ਼ਿਤ ਹਰਮਨਪਿਆਰੀ ਅਖਬਾਰ ਦੇ ਇਹ ਅਧਿਕਾਰੀ ਨਾਲ ਪੁਸ਼ਪ ਨੇ ਜਦੋਂ ਮੁਲਾਕਾਤ ਕੀਤੀ ਤਾਂ ਉਸਨੇ ਨਾ ਸਿਰਫ ਏਜੰਡਾ ਚਲਾਉਣ ਤੋਂ ਇਨਕਾਰ ਕਰ ਦਿੱਤਾ ਸਗੋਂ ਪੁਸ਼ਪ ਨਾਲ ਆਪਣਾ ਕਾਲਿੰਗ ਕਾਰਡ ਵੀ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੀ ਗੱਲਬਾਤ ਲੰਬੀ ਨਾ ਚੱਲ ਸਕੀ। 2019 ਦੀਆਂ ਚੋਣਾਂ ਦੇ ਹਿੱਤ ਇਸ਼ਤਿਹਾਰ ਮੁਹਿੰਮ ਚਲਾਉਣ ਦੀ ਮੰਗ ਕਰਨ 'ਤੇ ਅਧਿਕਾਰੀ ਨੇ ਸਪੱਸ਼ਟ ਜੁਆਬ ਦਿੱਤਾ ਕਿ ਨਹੀਂ ਨਹੀਂ। ਉਹਨਾਂ ਦੀ ਨੀਤੀ ਧਾਰਮਿਕ ਇਸ਼ਤਿਹਾਰਾਂ ਦੀ ਆਗਿਆ ਨਹੀਂ ਦਿੰਦੀ। ਉਹ ਕਹਿੰਦੇ ਹਨ ''ਨਹੀਂ ਸਿਆਸੀ ਇਸ਼ਤਿਹਾਰਬਾਜ਼ੀ ਨਹੀਂ। ਉਸ ਦੌਰ ਵਿੱਚ ਜਦੋਂ ਅਖੌਤੀ ਦੇਸ਼ ਦੀ ਆਵਾਜ਼, ਲੋਕਾਂ ਦੀ ਆਵਾਜ਼ ਅਖੌਤੀ ਰਾਸ਼ਟਰਵਾਦੀ ਤੇ ਸਨਮਾਨ ਪ੍ਰਾਪਤ ਕਹਾਉਣ ਵਾਲੇ ਮੁੱਖ ਧਾਰਾ ਮੀਡੀਆ ਘਰਾਣੇ ਧੜਾਧੜ ਡਿਗਦੇ ਗਏ, ਉੱਥੇ ਸਾਧਾਰਨ ਖੇਤਰੀ ਅਖਬਾਰਾਂ ਵੱਲੋਂ ਅਸੂਲੀ ਪੱਤਰਕਾਰੀ ਦੇ ਆਦਰਸ਼ਾਂ 'ਤੇ ਖੜ•ਨਾ ਸਿੱਧ ਕਰਦਾ ਹੈ ਕਿ ਅਜੇ ਸਾਰਾ ਮੀਡੀਆ ਵਿਕਾਊ ਮਾਲ ਨਹੀਂ ਬਣਿਆ।
੦-੦
No comments:
Post a Comment