Monday, 2 July 2018

ਭਾਜਪਾ ਵੱਲੋਂ ਕਸ਼ਮੀਰ ਵਿੱਚ ਗੱਠਜੋੜ ਸਰਕਾਰ ਦੇ ਜੂੜ ਨੂੰ ਵਗਾਹ ਮਾਰਨ ਦਾ ਪੈਂਤੜਾ

ਭਾਜਪਾ ਵੱਲੋਂ ਕਸ਼ਮੀਰ ਵਿੱਚ ਗੱਠਜੋੜ ਸਰਕਾਰ ਦੇ

ਜੂੜ ਨੂੰ ਵਗਾਹ ਮਾਰਨ ਦਾ ਪੈਂਤੜਾ

ਜੰਮੂ-ਕਸ਼ਮੀਰ ਵਿੱਚ ਅੱਜ ਤੋਂ ਤਕਰੀਬਨ ਤਿੰਨ ਸਾਲ ਪਹਿਲਾਂ ਭਾਜਪਾ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ.ਡੀ.ਪੀ.) ਵੱਲੋਂ ਮੌਕਾਪ੍ਰਸਤ ਗੰਢ-ਚਿਤਰਾਵਾ ਕਰਦਿਆਂ, ਮੁਫਤੀ ਮੁਹੰਮਦ ਸਈਦ ਦੀ ਸਰਕਾਰ ਬਣਾ ਲਈ ਗਈ ਸੀ। ਇਹ ਗੱਠਜੋੜ ਸਿਰੇ ਦਾ ਮੌਕਾਪ੍ਰਸਤ ਗੱਠਜੋੜ ਸੀ। ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਅਤੇ  ਪੀ.ਡੀ.ਪੀ. ਵੱਲੋਂ ਨਾ ਸਿਰਫ ਵੱਖੋ ਵੱਖਰੇ ਤੌਰ 'ਤੇ ਚੋਣਾਂ ਲੜੀਆਂ ਗਈਆਂ ਸਨ, ਸਗੋਂ ਇਹ ਇੱਕ-ਦੂਜੇ ਖਿਲਾਫ ਵੀ ਲੜੀਆਂ ਗਈਆਂ ਸਨ। ਭਾਜਪਾ ਵੱਲੋਂ ਹਿੰਦੂ-ਮੁਸਲਿਮ ਪਾਲਾਬੰਦੀ ਕਰਨ ਅਤੇ ਹਿੰਦੂ ਬਹੁਗਿਣਤੀ ਵਾਲੇ ਜੰਮੂ ਖਿੱਤੇ ਦੀਆਂ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਤਿੰਨ ਨੁਕਤਿਆਂ 'ਤੇ ਜ਼ੋਰ ਪਾਇਆ ਗਿਆ ਸੀ। ਇੱਕ— ਕਸ਼ਮੀਰ ਨੂੰ ਵਿਸ਼ੇਸ਼ ਦਰਜ਼ਾ ਦਿੰਦੀ ਦਫਾ 370 'ਤੇ ਬਹਿਸ ਕਰਵਾਈ ਜਾਵੇ (ਯਾਨੀ ਇਸ ਨੂੰ ਹਟਾਇਆ ਜਾਵੇ), ਦੂਜਾ- ਕਸ਼ਮੀਰ ਦੀ ਅਜ਼ਾਦੀ ਦੀ ਮੰਗ ਕਰਨ ਵਾਲੀਆਂ ''ਵੱਖਵਾਦੀ'' ਜਥੇਬੰਦੀਆਂ ਅਤੇ ਧਿਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ, ਤੀਜਾ- ਕਸ਼ਮੀਰ ਅੰਦਰ ਅਖੌਤੀ ਦਹਿਸ਼ਤਗਰਦੀ ਲਈ ਜਿੰਮੇਵਾਰ ਅਤੇ ''ਦਹਿਸ਼ਤਗਰਦਾਂ'' ਨੂੰ ਭੇਜ ਕੇ ਗੜਬੜ ਫੈਲਾਉਣ ਵਾਲੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਜਦੋਂ ਤੱਕ ਉਹ ਅਜਿਹਾ ਕਰਨ ਤੋਂ ਤੋਬਾ ਨਹੀਂ ਕਰਦਾ, ਤਾਂ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਪਰ ਪੀ.ਡੀ.ਪੀ. ਵੱਲੋਂ ਕਸ਼ਮੀਰੀ ਜਨਤਾ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਆਪਣੀ ਪ੍ਰਚਾਰ ਮੁਹਿੰਮ ਦੌਰਾਨ ਇਹਨਾਂ ਤਿੰਨਾਂ ਨੁਕਤਿਆਂ 'ਤੇ ਐਨ ਉਲਟ ਸਮਝ ਦੀ ਪੈਰਵਾਈ ਕੀਤੀ ਗਈ। ਉਸ ਵੱਲੋਂ ਧਾਰਾ 370 ਨੂੰ ਹਟਾਉਣ ਨੂੰ ਨਾ-ਕਾਬਲੇ-ਬਰਦਾਸ਼ਤ ਕਾਰਵਾਈ ਦੱਸਿਆ ਗਿਆ। ਕਸ਼ਮੀਰ ਦੇ ਸਿਆਸੀ ਮਾਮਲੇ ਨਾਲ ਸਬੰਧਤ ਸਭਨਾਂ ਧਿਰਾਂ (ਸਮੇਤ ''ਵੱਖਵਾਦੀ'' ਅਤੇ ''ਦਹਿਸ਼ਤਗਰਦਾਂ'') ਨਾਲ ਗੱਲਬਾਤ ਚਲਾਉਣ ਦੀ ਵਕਾਲਤ ਕੀਤੀ ਗਈ ਅਤੇ ਪਾਕਿਸਤਾਨ ਨੂੰ ਗੱਲਬਾਤ ਵਿੱਚ ਤੀਜੀ ਧਿਰ ਵਜੋਂ ਸ਼ਾਮਲ ਕਰਨ ਦੀ ਮੰਗ ਉਭਾਰੀ ਗਈ।
ਇਉਂ, ਭਾਜਪਾ ਵੱਲੋਂ ਜੰਮੂ ਖਿੱਤੇ ਅੰਦਰ ਹਿੰਦੂ-ਮੁਸਲਿਮ ਪਾਲਾਬੰਦੀ ਕਰਦਿਆਂ ਅਤੇ ਹਿੰਦੂ ਫਿਰਕੂ ਜਨੂੰਨ ਨੂੰ ਝੋਕਾ ਲਾਉਂਦਿਆਂ 25 ਸੀਟਾਂ ਹਥਿਆ ਲਈਆਂ ਗਈਆਂ। ਪੀ.ਡੀ.ਪੀ. ਵੱਲੋਂ ਕਸ਼ਮੀਰ ਘਾਟੀ ਵਿੱਚ ਭਾਜਪਾ ਵਿਰੋਧੀ ਰੌਂਅ ਦਾ ਲਾਹਾ ਖੱਟਦਿਆਂ ਅਤੇ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਟੁਣਕਾਉਂਦਿਆਂ 23 ਸੀਟਾਂ ਜਿੱਤ ਲਈਆਂ ਗਈਆਂ। ਉਮਰ ਅਬਦੁੱਲਾ ਦੀ ਅਗਵਾਈ ਹੇਠਲੀ ਨੈਸ਼ਨਲ ਕਾਨਫਰੰਸ ਨੂੰ ਸਿਰਫ 15 ਸੀਟਾਂ ਹਾਸਲ ਹੋਈਆਂ। ਜਦੋਂ ਕਿ ਕਾਂਗਰਸ ਨੂੰ 12 ਸੀਟਾਂ ਹੀ ਮਿਲੀਆਂ।
ਸਿਆਸੀ ਸੱਤਾ ਅਤੇ ਸੂਬੇ ਦੀ ਆਰਥਿਕ ਲੁੱਟ-ਖੋਹ ਵਿੱਚੋਂ ਹਿੱਸਾ-ਪੱਤੀ ਹਾਸਲ ਕਰਨ ਦੀ ਧੂਹ ਵਿੱਚ ਭਾਜਪਾ ਅਤੇ ਪੀ.ਡੀ.ਪੀ. ਵੱਲੋਂ ਚੋਣ-ਪ੍ਰਚਾਰ ਦੌਰਾਨ, ਇੱਕ ਦੂਜੇ ਖਿਲਾਫ ਦਾਗੇ ਬਿਆਨਾਂ-ਐਲਾਨਾਂ ਨੂੰ ਅਲਮਾਰੀ ਵਿੱਚ ਰੱਖਦਿਆਂ, ਗੱਠਜੋੜ ਬਣਾਉਣ ਦਾ ਨਾਟਕ ਰਚ ਲਿਆ ਗਿਆ ਅਤੇ ਮੁਹੰਮਦ ਮੁਫਤੀ ਸਈਦ ਦੀ ਅਗਵਾਈ ਹੇਠ ਸਰਕਾਰ ਬਣਾ ਲਈ ਗਈ। ਲੱਗਭੱਗ ਤਿੰਨ ਸਾਲ ਇਹ ਸਰਕਾਰ (ਪਹਿਲਾਂ ਮੁਫਤੀ ਮੁਹੰਮਦ ਸਈਦ ਅਤੇ ਫਿਰ ਮੁਫਤੀ ਮਹਿਬੂਬਾ ਦੀ ਅਗਵਾਈ ਹੇਠ) ਕੇਂਦਰ ਦੀ ਮੋਦੀ ਹਕੂਮਤ ਦੀ ਹੱਥਠੋਕਾ ਸਰਕਾਰ ਦਾ ਰੋਲ ਬਾਖੂਬੀ ਨਿਭਾਉਂਦੀ ਰਹੀ ਹੈ। ਮੋਦੀ ਹਕੂਮਤ ਵੱਲੋਂ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਅਤੇ ਖੁਦਮੁਖਤਿਆਰੀ ਲਈ ਲੜੀ ਜਾ ਰਹੀ ਜੱਦੋਜਹਿਦ ਅਤੇ ਹਥਿਆਰਬੰਦ ਘੋਲ ਨੂੰ ਕੁਚਲਣ ਲਈ ਕਸ਼ਮੀਰੀ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਦੇ ਰਚਾਏ ਜਾ ਰਹੇ ਕਤਲੇਆਮਾਂ, ਲੋਕਾਂ ਦੀ ਮਾਰ-ਧਾੜ ਅਤੇ ਉਜਾੜੇ ਦੀ ਮੁਹਿੰਮ ਦਾ ਸੰਦ ਬਣੀ ਰਹੀ ਹੈ।
ਪਰ ਇਸ ਸਾਰੇ ਅਰਸੇ ਦੌਰਾਨ ਗੱਠਜੋੜ ਹਕੂਮਤ ਅੰਦਰ ਆਪਸੀ ਖਿੱਚੋਤਾਣ ਚੱਲਦੀ ਅਤੇ ਤਿੱਖੀ ਹੁੰਦੀ ਰਹੀ ਹੈ। ਜਿੱਥੇ ਸਿਆਸੀ ਸੱਤਾ ਵਿੱਚ ਹਿੱਸੇਦਾਰੀ ਅਤੇ ਅਖੌਤੀ ਦਹਿਸ਼ਤਗਰਦੀ ਨੂੰ ਕੁਚਲਣ ਦੇ ਨਾਂ ਹੇਠ ਕਸ਼ਮੀਰ ਦੀ ਆਜ਼ਾਦੀ ਦੀ ਲਹਿਰ ਨੂੰ ਕੁਚਲਣ ਦੇ ਦੋ ਮਕਸਦ ਇਹਨਾਂ ਪਾਰਟੀਆਂ ਨੂੰ ਗੱਠਜੋੜ ਬਣਾ ਕੇ ਚੱਲਣ ਦੀ ਲੋੜ ਖੜ•ੀ ਕਰਦੇ ਸਨ, ਉੱਥੇ ਇਹਨਾਂ ਦੀਆਂ ਆਪੋ ਆਪਣੀਆਂ ਵਿਸ਼ੇਸ਼ ਸਿਆਸੀ ਗਿਣਤੀਆਂ-ਮਿਣਤੀਆਂ ਗੱਠਜੋੜ ਅੰਦਰ ਪ੍ਰਸਪਰ ਤਿੱਖੀ ਖਿੱਚੋਤਾਣ ਦਾ ਕਾਰਨ ਬਣ ਰਹੀਆਂ ਸਨ, ਅਤੇ ਗੱਠਜੋੜ ਨੂੰ ਬਣਾ ਕੇ ਚੱਲਣ ਦੀਆਂ ਗੁੰਜਾਇਸ਼ਾਂ ਨੂੰ ਸੀਮਤ ਕਰ ਰਹੀਆਂ ਸਨ।
ਪੀ.ਡੀ.ਪੀ. ਵੱਲੋਂ ਚਾਹੇ ਉੱਪਰ ਬਿਆਨੇ ਦੋ ਮਕਸਦਾਂ ਲਈ ਭਾਜਪਾ ਨਾਲ ਗੱਠਜੋੜ ਸਰਕਾਰ ਬਣਾ ਲਈ ਸੀ। ਉਸ ਨੂੰ ਇਹ ਭਰਮ ਸੀ ਕਿ ਉਹ ਭਾਜਪਾ ਨਾਲ ਗੱਠਜੋੜ ਬਣਾ ਕੇ ਅਖੌਤੀ ਵਿਕਾਸ ਦੇ ਨਾਂ ਹੇਠ ਕਸ਼ਮੀਰ ਵਾਸਤੇ ''ਆਰਥਿਕ ਪੈਕੇਜ'' ਹਾਸਲ ਕਰਨ ਅਤੇ ਕਸ਼ਮੀਰ ਦੇ ਲੋਕਾਂ ਨੂੰ ਵਕਤੀ ਆਰਥਿਕ ਰਿਆਇਤਾਂ ਦੀਆਂ ਕੁੱਝ ਬੁਰਕੀਆਂ ਹਾਸਲ ਕਰ ਲਵੇਗੀ। ਇਸੇ ਤਰ•ਾਂ, ਕਸ਼ਮੀਰ ਵਿੱਚ ਅਮਨ-ਅਮਾਨ ਵਰਤਾਉਣ ਦੇ ਨਾਂ ਹੇਠ ਮੋਦੀ ਹਕੂਮਤ ਨੂੰ ਕਸ਼ਮੀਰ ਦੇ ਮਾਮਲੇ ਨੂੰ ਸਿਆਸੀ ਮਾਮਲੇ ਵਜੋਂ ਲੈਣ, ਕਸ਼ਮੀਰੀ ਜਨਤਾ ਦੀ ਜੱਦੋਜਹਿਦ ਵਿੱਚ ਸ਼ਾਮਲ ਸਭਨਾਂ ਧਿਰਾਂ ਨਾਲ ਗੱਲਬਾਤ ਚਲਾਉਣ, ਪਾਕਿਸਤਾਨ ਨੂੰ ਗੱਲਬਾਤ ਵਿੱਚ ਸ਼ਾਮਲ ਕਰਨ, ਜੇਲ•ਾਂ ਵਿੱਚ ਤੁੰਨੇ ਹਜ਼ਾਰਾਂ ਕਸ਼ਮੀਰੀਆਂ ਨੂੰ ਰਿਹਾਅ ਕਰਵਾਉਣ ਅਤੇ ਅਫਸਪਾ ਵਰਗੇ ਕਾਲੇ ਕਾਨੂੰਨ ਦਾ ਸ਼ਿੰਕਜਾ ਢਿੱਲਾ ਕਰਨ ਦੀ ਦਿਸ਼ਾ ਵਿੱਚ ਹਾਂ-ਪੱਖੀ ਕਦਮ ਚੁੱਕਣ ਲਈ ਸਹਿਮਤ ਕਰ ਲਵੇਗੀ। ਇਹ ਤਕਰੀਬਨ ਸਾਰੇ ਮੁੱਦੇ ਗੱਠਜੋੜ ਦੇ ਪ੍ਰੋਗਰਾਮ ਦਾ ਵੀ ਹਿੱਸਾ ਸਨ। ਪਰ ਇਹ ਪੀ.ਡੀ.ਪੀ. ਦੇ ਆਗੂਆਂ (ਅਤੇ ਭਾਜਪਾ ਤੇ ਸੰਘ ਲਾਣੇ) ਨੂੰ ਭਲੀਭਾਂਤ ਪਤਾ ਸੀ ਕਿ ਇਹਨਾਂ ਸਾਰੇ ਮੁੱਦਿਆਂ 'ਤੇ ਮੋਦੀ ਹਕੂਮਤ ਦਾ ਹਾਂ-ਪੱਖੀ ਹੁੰਗਾਰਾ ਅਤੇ ਅਮਲਦਾਰੀ ਦੀ ਤਕਰੀਬਨ ਸਾਰੀ ਖੱਟੀ ਹੀ ਪੀ.ਡੀ.ਪੀ. ਦੀ ਝੋਲੀ ਵਿੱਚ ਪੈਣੀ ਸੀ। ਇਹ ਸਾਰਾ ਕੁਝ ਸੰਘ ਅਤੇ ਭਾਜਪਾ ਵੱਲੋਂ ਮੁਲਕ ਪੱਧਰ 'ਤੇ ਫਿਰਕੂ-ਪਾਲਾਬੰਦੀ ਦੇ ਅਮਲ ਅਤੇ ਹਿੰਦੂਤਵ ਦੇ ਫਿਰਕੂ-ਫਾਸ਼ੀ ਏਜੰਡੇ 'ਤੇ ਅਮਲਦਾਰੀ ਨੂੰ ਅੱਗੇ ਵਧਾਉਣ ਦੇ ਹੰਭਲੇ ਨਾਲ ਬੇਮੇਲ ਹੋਣਾ ਸੀ। ਇਸ ਲਈ, ਮੋਦੀ ਹਕੂਮਤ ਕੋਲੋਂ ਅਜਿਹੇ ਕਦਮ ਚੁੱਕਣ ਦੀ ਆਸ ਕਰਨ ਦਾ ਕੋਈ ਆਧਾਰ ਨਹੀਂ ਸੀ। ਫਿਰ ਵੀ ਜੇ ਆਪੋ ਆਪਣੀਆਂ ਲਾਲਸਾਵਾਂ, ਗਰਜ਼ਾਂ ਦੀ ਧੁੱਸ ਤਹਿਤ ਬਣਾਏ ਗੱਠਜੋੜ ਨੂੰ ਵਾਜਬੀਅਤ ਮੁਹੱਈਆ ਕਰਨ ਲਈ ਗੱਠਜੋੜ ਪ੍ਰੋਗਰਾਮ ਵਿੱਚ ਮੋਦੀ ਹਕੂਮਤ ਵੱਲੋਂ ਅਜਿਹੇ ਕਦਮ ਚੁੱਕਣ ਦੀ ਯਕੀਨਦਹਾਨੀ ਕੀਤੀ ਗਈ ਸੀ ਤਾਂ ਇਹ ਮੌਕਾਪ੍ਰਸਤ ਸਿਆਸੀ ਜੁਮਲੇਬਾਜ਼ੀ ਤੋਂ ਸਿਵਾਏ ਹੋਰ ਕੁੱਝ ਨਹੀਂ ਸੀ।
ਸੰਘ ਲਾਣੇ ਵੱਲੋਂ ਮੁਲਕ ਪੱਧਰ 'ਤੇ ਫਿਰਕੂ ਪਾਲਾਬੰਦੀ ਨੂੰ ਉਗਾਸਾ ਦੇਣ ਅਤੇ ਹਿੰਦੂਤਵ ਦੇ ਫਿਰਕੂ-ਫਾਸ਼ੀ ਏਜੰਡੇ 'ਤੇ ਅਮਲਦਾਰੀ ਨੂੰ ਅੱਗੇ ਵਧਾਉਣ ਦੀ ਲੋੜ ਇਹ ਮੰਗ ਕਰਦੀ ਹੈ ਕਿ ਪਹਿਲਪ੍ਰਿਥਮੇ ਕਸ਼ਮੀਰ ਦੇ ਮੁੱਦੇ ਨੂੰ ਭਖਦਾ ਰੱਖਿਆ ਜਾਵੇ, ਇਸ ਨੂੰ ਅਖੌਤੀ ''ਵੱਖਵਾਦ'' ਅਤੇ ''ਦਹਿਸ਼ਤਗਰਦੀ'' ਦੀ ਸਮੱਸਿਆ ਵਜੋਂ ਅਤੇ ''ਦੇਸ਼ ਦੀ ਏਕਤਾ ਅਤੇ ਅਖੰਡਤਾ'' ਨੂੰ ਦਰਪੇਸ਼ ਗੰਭੀਰ ਖਤਰੇ ਵਜੋਂ ਉਭਾਰਿਆ-ਪ੍ਰਚਾਰਿਆ ਜਾਵੇ। ਇਸ ਤਰ•ਾਂ, ਮੁਸਲਮਾਨਾਂ, ਵਿਸ਼ੇਸ਼ ਕਰਕੇ ਕਸ਼ਮੀਰੀ ਮੁਸਲਮਾਨਾਂ ਖਿਲਾਫ ਹਿੰਦੂ ਫਿਰਕੂ ਨਫਰਤ ਅਤੇ ਜਨੂੰਨ ਨੂੰ ਪਲੀਤਾ ਲਾਇਆ ਜਾਵੇ, ਦੂਜਾ- ਪਾਕਿਸਤਾਨ ਨਾਲ ਜੰਮੂ-ਕਸ਼ਮੀਰ ਵਿੱਚ ਪੈਂਦੀ ਸਰਹੱਦ 'ਤੇ ਇੱਟ-ਖੜੱਕਾ ਭਖਾ ਕੇ ਰੱਖਿਆ ਜਾਵੇ। ਪਾਕਿਸਤਾਨ ਨੂੰ ਕਸ਼ਮੀਰ ਅੰਦਰ ਗੜਬੜ ਫੈਲਾਉਣ ਲਈ ਅਖੌਤੀ ਦਹਿਸ਼ਤਗਰਦਾਂ ਨੂੰ ਸਿੱਖਿਆ-ਸਿਖਲਾਈ ਦੇਣ ਅਤੇ ਭਾਰਤ ਵਿੱਚ ਘੁਸਪੈਂਠ ਕਰਵਾਉਣ ਦੇ ਦੋਸ਼ੀ ਵਜੋਂ ਉਭਾਰਦਿਆਂ, ਉਸ ਨੂੰ ''ਸਰਜੀਕਲ ਸਟਰਾਈਕ'' ਵਰਗੀਆਂ ਕਾਰਵਾਈਆਂ ਰਾਹੀਂ ਕਰਾਰਾ ਜਵਾਬ ਦੇਣ ਦੀ ਲੋੜ ਨੂੰ ਉਭਾਰਿਆ ਜਾਵੇ ਅਤੇ ਸਰਹੱਦ 'ਤੇ ਪਾਕਿਸਤਾਨ ਨਾਲ ਕਸ਼ਮਕਸ਼ ਨੂੰ ਅਖੌਤੀ ''ਦਹਿਸ਼ਤਗਰਦਾਂ'' ਦੀ ਘੁਸਪੈਂਠ ਨੂੰ ਰੋਕਣ ਲਈ ਕੀਤੀ ਜਵਾਬੀ ਕਾਰਵਾਈ ਵਜੋਂ ਪੇਸ਼ ਕੀਤਾ ਜਾਵੇ। ਇਉਂ, ਮੁਲਕ ਅੰਦਰ ਪਾਕਿਸਤਾਨ ਖਿਲਾਫ ਫਿਰਕੂ ਪੁੱਠ ਚੜ•ੀ ਅੰਨ•ੀਂ ਨਕਲੀ ਕੌਮਪ੍ਰਸਤੀ ਅਤੇ ਦੇਸ਼ਭਗਤੀ ਦੇ ਜਜ਼ਬਿਆਂ ਨੂੰ ਝੋਕਾ ਲਾਇਆ ਜਾਵੇ।
ਦੋਵਾਂ ਧਿਰਾਂ ਦੀਆਂ ਆਪੋ-ਆਪਣੀਆਂ ਉੱਪਰ ਜ਼ਿਕਰ ਕੀਤੀਆਂ ਗਈਆਂ ਸਿਆਸੀ ਗਿਣਤੀਆਂ-ਮਿਣਤੀਆਂ ਅਤੇ ਇਹਨਾਂ ਪਿੱਛੇ ਕੰਮ ਕਰਦੇ ਮਨੋਰਥ ਗੱਠਜੋੜ ਨੂੰ ਬਹੁਤਾ ਚਿਰ ਚੱਲਣ ਦੀ ਇਜਾਜ਼ਤ ਨਹੀਂ ਸੀ ਦਿੰਦੇ।  2019 ਵਿੱਚ ਹੋਣ ਵਾਲੀਆਂ ਲੋਕ-ਸਭਾਈ ਚੋਣਾਂ ਜਿਉਂ ਜਿਉਂ ਨੇੜੇ ਢੁਕ ਰਹੀਆਂ ਸਨ, ਤਾਂ ਜਿੱਥੇ ਪੀ.ਡੀ.ਪੀ. ਲਈ ਕਸ਼ਮੀਰ ਘਾਟੀ ਵਿੱਚ ਆਪਣੇ ਵੋਟ ਬੈਂਕ ਨੂੰ ਕਾਇਮ ਰੱਖਣ ਦੀ ਮਜਬੂਰੀ ਉਸ 'ਤੇ ਗੱਠਜੋੜ ਤੋਂ ਬਾਹਰ ਆਉਣ ਲਈ ਦਬਾਅ ਬਣ ਰਹੀ ਸੀ, ਉੱਥੇ ਭਾਜਪਾ ਅਤੇ ਸੰਘ ਲਾਣੇ ਵੱਲੋਂ ਮੁਲਕ ਪੱਧਰ 'ਤੇ ਕਸ਼ਮੀਰ ਦੇ ਮੁੱਦੇ ਅਤੇ ਪਾਕਿਸਤਾਨ ਨਾਲ ਇੱਟ-ਖੜੱਕੇ ਦੇ ਪੱਤੇ ਨੂੰ ਖੁੱਲ• ਕੇ ਖੇਡਣ ਅਤੇ ਫਿਰਕੂ-ਪਾਲਾਬੰਦੀ ਨੂੰ ਭਖਾਉਣ-ਫੈਲਾਉਣ ਰਾਹੀਂ ਆਪਣੇ ਵੋਟ ਬੈਂਕ ਦਾ ਪਸਾਰਾ ਕਰਨ ਦੀ ਮਜਬੂਰੀ ਗੱਠਜੋੜ ਨੂੰ ਤੋੜਨ ਲਈ ਦਬਾਅ ਬਣ ਰਹੀ ਸੀ। ਸੋ, ਨੇੜੇ ਢੁਕ ਰਹੀਆਂ 2019 ਦੀਆਂ ਚੋਣਾਂ ਦੇ ਸਨਮੁੱਖ ਦੋਵਾਂ ਪਾਰਟੀਆਂ ਅੰਦਰ ਇਸ ਗੱਠਜੋੜ ਦੇ ਜੂੜ ਨੂੰ ਵਗਾਹ ਮਾਰਨ ਦੀ ਖਿਚੜੀ ਰਿੱਝ-ਪੱਕ ਰਹੀ ਸੀ। ਇਸ ਲਈ, ਗੱਠਜੋੜ ਹਕੂਮਤ ਦਾ ਇੱਕ ਦਿਨ ਭੋਗ ਪੈਣਾ ਹੀ ਪੈਣਾ ਸੀ। ਇਹ ਵੱਖਰੀ ਗੱਲ ਹੈ ਕਿ ਭਾਜਪਾ ਵੱਲੋਂ ਇਸ ਜੂੜ ਨੂੰ ਵਗਾਹ ਮਾਰਨ ਦੇ ਮਾਮਲੇ ਵਿੱਚ ਪਹਿਲਕਦਮੀ ਕਰਦਿਆਂ, ਪੀ.ਡੀ.ਪੀ. ਨੂੰ ਠਿੱਬੀ ਲਾਈ ਗਈ ਹੈ ਅਤੇ ਉਸ ਨੂੰ 'ਬਚਾਓਮੁਖੀ' ਪੈਂਤੜੇ 'ਤੇ ਸੁੱਟਣ ਵਿੱਚ ਸਫਲ ਨਿੱਬੜੀ ਹੈ।
ਮੋਦੀ ਹਕੂਮਤ ਅਤੇ ਭਾਜਪਾ ਵੱਲੋਂ ਹਮਲਾਵਰ ਰੁਖ ਅਖਤਿਆਰ ਕਰਦਿਆਂ, ਜ਼ੋਰ ਸ਼ੋਰ ਨਾਲ ਇਹ ਉਭਾਰਿਆ ਜਾ ਰਿਹਾ ਹੈ ਕਿ ਪੀ.ਡੀ.ਪੀ. ਕਸ਼ਮੀਰ ਅੰਦਰ ਅਖੌਤੀ ''ਵੱਖਵਾਦੀਆਂ'' ਅਤੇ ''ਦਹਿਸ਼ਤਗਰਦਾਂ'' ਦੀ ਪਿੱਠ ਠੋਕ ਰਹੇ ਪਾਕਿਸਤਾਨ ਨਾਲ ਗੱਲਬਾਤ ਅਤੇ ''ਪੱਥਰਬਾਜ਼ਾਂ'', ''ਦਹਿਸ਼ਤਗਰਦਾਂ'' ਅਤੇ ''ਵੱਖਵਾਦੀਆਂ'' ਪ੍ਰਤੀ ਨਰਮੀ ਵਰਤਣ 'ਤੇ ਜ਼ੋਰ ਪਾ ਰਹੀ ਸੀ। ਇਸ ਕਰਕੇ ਗੱਠਜੋੜ ਹਕੂਮਤ ਵਿੱਚ ਭਾਜਪਾ ਕਿਵੇਂ ਸ਼ਾਮਲ ਰਹਿ ਸਕਦੀ ਸੀ।
ਗੱਠਜੋੜ ਹਕੂਮਤ ਦਾ ਭੋਗ ਪਾਉਣ ਤੋਂ ਕੁੱਝ ਦਿਨ ਪਹਿਲਾਂ ਮੋਦੀ ਹਕੂਮਤ ਵੱਲੋਂ ''ਰਮਜ਼ਾਨ'' ਦੇ ਦਿਨਾਂ ਦੌਰਾਨ ਕੀਤੀ ਗੋਲੀਬੰਦੀ ਦਾ ਐਲਾਨ ਵਾਪਸ ਲੈ ਲਿਆ ਗਿਆ ਸੀ ਅਤੇ ਕਸ਼ਮੀਰ ਦੀ ਆਜ਼ਾਦੀ ਦੀ ਹੱਕੀ ਲਹਿਰ ਨੂੰ ਕੁਚਲਣ ਲਈ ਚੌਤਰਫਾ ਫੌਜੀ ਹੱਲਾ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ ਸੀ। ਪੱਥਰਬਾਜ਼ੀ ਅਤੇ ਹੋਰਨਾਂ ਬਹਾਨਿਆਂ ਹੇਠ ਜੇਲ•ੀਂ ਡੱਕੇ ਹਜ਼ਾਰਾਂ ਕਸ਼ਮੀਰੀਆਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹੁਣ ਸੂਬਾਈ ਸਰਕਾਰ ਦਾ ਫਸਤਾ ਵੱਢ ਕੇ ਮੋਦੀ ਹਕੂਮਤ ਕਸ਼ਮੀਰ ਅੰਦਰ ਜਬਰ-ਜ਼ੁਲਮ ਦਾ ਤਾਂਡਵ-ਨਾਚ ਨੱਚਣ 'ਤੇ ਰੋਕs sਬਣਦੀਆਂ ਸਭ ਮਜਬੂਰੀਆਂ ਤੋਂ ਸੁਰਖਰੂ ਹੋ ਗਈ ਹੈ ਅਤੇ ਉਸ ਵੱਲੋਂ ਨੀਮ-ਫੌਜੀ ਅਤੇ ਫੌਜੀ ਦਸਤਿਆਂ ਨੂੰ ਕਸ਼ਮੀਰ ਅੰਦਰ ਬੇਰੋਕਟੋਕ ਤਲਾਸ਼ੀ ਮੁਹਿੰਮਾਂ ਚਲਾਉਣ, ਮਰਜੀ ਕਿਸੇ ਨੂੰ ਫੜਨ, ਕੁੱਟਮਾਰ ਕਰਨ, ਜਬਰ-ਤਸ਼ੱਦਦ ਦਾ ਸ਼ਿਕਾਰ ਬਣਾਉਣ ਅਤੇ ਗੋਲੀਆਂ ਨਾਲ ਭੁੰਨਣ ਲਈ ਬੇਲਗਾਮ ਕਰ ਦਿੱਤਾ ਗਿਆ ਹੈ ਅਤੇ ਇਹ ਵੀ ਤਹਿ ਕਰ ਲਿਆ ਗਿਆ ਹੈ ਕਿ ਹੁਣ ਹਕੂਮਤ ਹਥਿਆਰਬੰਦ ਦਸਤਿਆਂ ਹੱਥੋਂ ਮਾਰੇ ਗਏ ਕਸ਼ਮੀਰੀਆਂ ਦੀਆਂ ਲਾਸ਼ਾਂ ਉਹਨਾਂ ਦੇ ਵਾਰਸਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ। ਇਹਨਾਂ ਨੂੰ ਸੁਰੱਖਿਆ ਦਸਤਿਆਂ ਵੱਲੋਂ ਕਬਜ਼ੇ ਵਿੱਚ ਕਰਕੇ ਆਪ ਸਸਕਾਰ ਕੀਤਾ ਜਾਵੇਗਾ। ਸੱਭੇ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਇਹ ਆਪਹੁਦਰੀ ਫਾਸ਼ੀ ਕਾਰਵਾਈ ਦਾ ਮਕਸਦ ਕਸ਼ਮੀਰੀ ਜਨਤਾ ਨੂੰ ਆਪਣੇ ਸ਼ਹੀਦਾਂ ਦੀਆਂ ਅੰਤਿਮ ਰਸਮਾਂ 'ਤੇ ਇਕੱਤਰ ਹੋਣ ਅਤੇ ਅਕੀਦਤ ਭੇਟ ਕਰਨ ਤੋਂ ਜਬਰੀ ਰੋਕਣਾ ਹੈ। ਇਸਦੇ ਨਾਲ ਹੀ ਉਸ ਵੱਲੋਂ ਪਾਕਿਸਤਾਨ ਨਾਲ ਸਰਹੱਦ 'ਤੇ ਇੱਕ-ਦੂਜੇ ਖਿਲਾਫ ਗੋਲਾਬਾਰੀ ਦੇ ਅਮਲ ਨੂੰ ਤੇਜ ਕਰ ਦਿੱਤਾ ਗਿਆ ਹੈ। ਇਉਂ, ਭਾਜਪਾ ਅਤੇ ਸੰਘ ਲਾਣੇ ਵੱਲੋਂ 2019 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਹਿੰਦੂ ਜਨਤਾ ਦੀਆਂ ਵੱਧ ਤੋਂ ਵੱਧ ਵੋਟਾਂ ਬਟੋਰਨ ਲਈ, ਜਿੱਥੇ ਕਸ਼ਮੀਰੀ ਲੋਕਾਂ ਦੇ ਘਾਣ ਕਰਨ ਦੇ ਅਮਲ ਨੂੰ ਤੇਜ਼ ਕੀਤਾ ਜਾ ਰਿਹਾ ਹੈ, ਉੱਥੇ ਮੁਲਕ ਅੰਦਰ ਫਿਰਕੂ ਹਿੰਦੂਵਾਦ ਦੀ ਪੁੱਠ ਚੜ•ੀ ਅੰਨ•ੀਂ ਦੇਸ਼ ਭਗਤੀ ਦੇ ਨਕਲੀ ਜਜ਼ਬਿਆਂ ਨੂੰ ਝੋਕਾ ਲਾਉਣ ਲਈ ਪਾਕਿਸਤਾਨ ਨਾਲ ਗੋਲਾਬਾਰੀ ਦੀਆਂ ਘਟਨਾਵਾਂ ਵਿੱਚ ਤੇਜੀ ਲਿਆਂਦੀ ਜਾ ਰਹੀ ਹੈ ਅਤੇ ਭਾਰਤੀ ਫੌਜੀਆਂ ਨੂੰ ਇਸ ਨਿਰ-ਆਧਾਰ ਗੋਲਾਬਾਰੀ ਵਿੱਚ ਨਿਹੱਕਾ ਖਾਜਾ ਬਣਾਇਆ ਜਾ ਰਿਹਾ ਹੈ। ਸਰਹੱਦ 'ਤੇ ਹੋ ਰਹੀਆਂ ਫੌਜੀਆਂ ਦੀਆਂ ਇਹਨਾਂ ਨਿਹੱਕੀਆਂ ਮੌਤਾਂ ਨੂੰ ਮੁਲਕ ਲਈ ਕੀਤੀਆਂ ਜਾ ਰਹੀਆਂ ਸ਼ਹਾਦਤਾਂ ਵਜੋਂ ਪੇਸ਼ ਕਰਦਿਆਂ, ਲੋਕਾਂ ਅੰਦਰ ਕਸ਼ਮੀਰੀ ਮੁਸਲਿਮ ਜਨਤਾ ਖਿਲਾਫ ਜਿੱਥੇ ਫਿਰਕੂ ਨਫਰਤ ਤੇ ਜਨੂੰਨ ਨੂੰ ਹਵਾ ਦਿੱਤੀ ਜਾ ਰਹੀ ਹੈ, ਉੱਥੇ ਪਾਕਿਸਤਾਨ ਖਿਲਾਫ ਫਿਰਕੂ ਨਫਰਤ ਨਾਲ ਰੰਗੀ ਅੰਨ•ੀਂ ਦੇਸ਼ਭਗਤੀ ਨੂੰ ਭੜਕਾਇਆ ਜਾ ਰਿਹਾ ਹੈ।
ਸਭਨਾਂ ਖਰੀਆਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ, ਲੋਕ-ਹਿਤੈਸ਼ੀ, ਦੇਸ਼ਭਗਤ ਅਤੇ ਇਨਸਾਫਪਸੰਦ ਤਾਕਤਾਂ ਨੂੰ ਮੋਦੀ ਹਕੂਮਤ ਅਤੇ ਸੰਘ ਲਾਣੇ ਦੇ ਉਪਰੋਕਤ ਕੋਝੇ ਮਨਸੂਬਿਆਂ ਨੂੰ ਨੰਗਾ ਕਰਦਿਆਂ, ਇਹਨਾਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ, ਕਸ਼ਮੀਰ ਦੇ ਲੋਕਾਂ ਦੀ ਹੱਕੀ ਆਜ਼ਾਦੀ ਅਤੇ ਖੁਦਮੁਖਤਿਆਰੀ ਦੀ ਹਮਾਇਤ ਕਰਨੀ ਚਾਹੀਦੀ ਹੈ। ਕਸ਼ਮੀਰ ਵਿੱਚੋਂ ਅਫਸਪਾ ਹਟਾਉਣ ਅਤੇ ਫੌਜ ਨੂੰ ਵਾਪਸ ਬੁਲਾਉਣ ਦੀ ਮੰਗ ਕਰਦਿਆਂ, ਸਭ ਕਿਸਮ ਦੇ ਜਬਰ-ਜ਼ੁਲਮ ਦੀ ਮੁਹਿੰਮ 'ਤੇ ਰੋਕ ਲਾਉਣ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਪਾਕਿਸਤਾਨ ਨਾਲ ਸਰਹੱਦ 'ਤੇ ਗੋਲਾਬਾਰੀ ਦੀਆਂ ਘਟਨਾਵਾਂ ਨੂੰ ਤੁਰੰਤ ਰੋਕਦਿਆਂ, ਸਥਾਈ ਸ਼ਾਂਤੀ ਲਈ ਆਪਸ ਵਿੱਚ ਗੱਲਬਾਤ ਚਲਾਉਣੀ ਚਾਹੀਦੀ ਹੈ।
੦-੦

No comments:

Post a Comment