Tuesday, 30 August 2016

ਭਾਰਤੀ ਜਨਤਾ ਪਾਰਟੀ ਵੱਲੋਂ ''ਤਿਰੰਗਾ-ਯਾਤਰਾ'' ਦਾ ਖੇਖਣ


ਭਾਰਤੀ ਜਨਤਾ ਪਾਰਟੀ ਵੱਲੋਂ ''ਤਿਰੰਗਾ-ਯਾਤਰਾ'' ਦਾ ਖੇਖਣ
ਭਾਰਤੀ ਜਨਤਾ ਪਾਰਟੀ ਵੱਲੋਂ ਮੁਲਕ ਦੀ ਨਕਲੀ ਆਜ਼ਾਦੀ ਦੀ ਜੈ ਜੈਕਾਰ ਕਰਨ ਦੇ ਨਾਂ ਹੇਠ ਅਖੌਤੀ ਤਿਰੰਗਾ ਯਾਤਰਾ ਦਾ ਢਕਵੰਜੀ ਸਿਲਸਿਲਾ ਵਿੱਢਿਆ ਗਿਆ ਹੈ। ਮੁਲਕ ਭਰ ਅੰਦਰ ਵੱਖ ਵੱਖ ਥਾਵਾਂ 'ਤੇ ਅਗਸਤ ਮਹੀਨੇ ਦੇ ਸ਼ੁਰੂ ਤੋਂ ਬੀ.ਜੇ.ਪੀ., ਆਰ.ਐਸ.ਐਸ., ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਗੈਰਾ ਦੇ ਹਿੰਦੂਤਵੀ ਗਰੋਹਾਂ ਵੱਲੋਂ ਵੱਡੇ ਵੱਡੇ ਤਿਰੰਗੇ ਝੰਡੇ ਲੈ ਕੇ ਇਹ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਹਨਾਂ ਯਾਤਰਾਵਾਂ ਦੌਰਾਨ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ''ਜੈ ਭਾਰਤ ਮਾਤਾ'' ਅਤੇ ''ਬੰਦੇ ਮਾਤਰਮ'' ਜਿਹੇ ਨਾਹਰਿਆਂ ਦੇ ਧੂਮ ਧੜੱਕੇ ਵਿੱਚ ਹਿੰਦੂਤਵੀ ਫਿਰਕੂ ਪੁੱਠ ਵਾਲੇ ਨਕਲੀ-ਕੌਮੀ ਜਨੂੰਨ ਨੂੰ ਝੋਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ''ਮੁਲਕ ਦੀ ਏਕਤਾ ਅਤੇ ਅਖੰਡਤਾ'' ਦੇ ਪਿਛਾਖੜੀ ਨਾਹਰੇ ਮਾਰਦਿਆਂ, ਮੁਲਕ ਅੰਦਰ ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਦੇ ਹੱਕ ਲਈ ਲੜ ਰਹੀਆਂ ਵੱਖ ਵੱਖ ਕੌਮੀਅਤਾਂ, ਵਿਸ਼ੇਸ਼ ਕਰਕੇ ਕਸ਼ਮੀਰੀ ਕੌਮ ਖਿਲਾਫ ਫਿਰਕੂ ਹਿੰਦੂ ਜਨੂੰਨ ਨੂੰ ਲਾਂਬੂ ਲਾਇਆ ਜਾ ਰਿਹਾ ਸੀ। ਜੰਮੂ-ਕਸ਼ਮੀਰ 'ਤੇ ਜਬਰੀ ਕਾਬਜ਼ ਭਾਰਤੀ ਹਾਕਮਾਂ ਦੀਆਂ ਫੌਜਾਂ ਦੇ ਨਾਦਰਸ਼ਾਹੀ ਜਬਰੋ-ਜ਼ੁਲਮ ਦਾ ਟਾਕਰਾ ਕਰ ਰਹੇ ਕਸ਼ਮੀਰੀ ਲੋਕਾਂ ਨੂੰ ਪਾਕਿਸਤਾਨ ਦੇ ਏਜੰਟ ਗਰਦਾਨਦਿਆਂ ਨਾ ਸਿਰਫ ਸੁਰੱਖਿਆ ਬਲਾਂ ਵੱਲੋਂ ਉਹਨਾਂ ਦੇ ਰਚੇ ਜਾ ਰਹੇ ਕਤਲੇਆਮ ਨੂੰ ਵਾਜਬ ਠਹਿਰਾਇਆ ਜਾ ਰਿਹਾ ਹੈ, ਸਗੋਂ ਹੋਰ ਵੱਡੇ ਜਾਬਰ ਹੱਲੇ ਦੀ ਮਾਰ ਹੇਠ ਲਿਆਉਣ ਦਾ ਆਧਾਰ ਤਿਆਰ ਕੀਤਾ ਜਾ ਰਿਹਾ ਹੈ। 
ਨਕਲੀ ਦੇਸ਼ਭਗਤੀ ਦੀ ਗਦਾ ਘੁਮਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਇਸ ਸੰਘ ਲਾਣੇ ਦੀ ਸਾਮਰਾਜ-ਭਗਤੀ ਅੱਜ ਲੁੱਕੀ ਹੋਈ ਨਹੀਂ ਹੈ। ਇਸ ਲੋਕ-ਦੁਸ਼ਮਣ ਫਿਰਕੂ ਫਾਸ਼ੀ ਸੰਘ ਲਾਣੇ ਵੱਲੋਂ ਜਿਵੇਂ ਦੇਸ਼ੀ-ਵਿਦੇਸ਼ੀ ਕਾਰਪੋਰੇਟ ਲਾਣੇ ਨਾਲ ਗਿੱਟਮਿੱਟ ਕਰਦਿਆਂ, ਮੋਦੀ ਹਕੂਮਤ ਨੂੰ ਮੁਲਕ ਦੀ ਗੱਦੀ 'ਤੇ ਬਿਰਾਜਮਾਨ ਕੀਤਾ ਗਿਆ ਹੈ ਅਤੇ ਜਿਵੇਂ ਆਰ.ਐਸ.ਐਸ. ਮੁਖੀ ਭਾਗਵਤ ਸਮੇਤ ਸਮੁੱਚੇ ਸੰਘ ਲਾਣੇ ਦੀਆਂ ਫਾਂਕਾਂ ਵੱਲੋਂ ਮੋਦੀ ਹਕੂਮਤ ਵੱਲੋਂ ਮਿਹਨਤਕਸ਼ ਲੋਕਾਂ 'ਤੇ ਬੋਲੇ ਸਾਮਰਾਜ-ਨਿਰਦੇਸ਼ਤ ਆਰਥਿਕ ਹੱਲੇ ਨੂੰ ਜਰਬਾਂ ਦੇਣ ਦੀਆਂ ਦੇਸ਼ੀ ਧਰੋਹੀ ਅਤੇ ਲੋਕ ਦੁਸ਼ਮਣ ਨੀਤੀਆਂ ਦੀ ਨੰਗੀ-ਚਿੱਟੀ ਹਮਾਇਤ ਵਿੱਚ ਨਿੱਤਰਿਆ ਗਿਆ ਹੈ— ਇਹ ਸਾਰਾ ਕੁੱਝ ਜੱਗ ਜ਼ਾਹਰ ਹੈ। ਸਿਰੇ ਦੀ ਗੱਲ ਇਹ ਹੈ ਕਿ ਸਾਮਰਾਜੀਆਂ ਅਤੇ ਹਾਕਮ ਜਮਾਤਾਂ ਦੇ ਝੋਲੀ ਚੁੱਕ ਇਸ ਲਾਣੇ ਵੱਲੋਂ 1947 ਤੋਂ ਪਹਿਲਾਂ ਨਾ ਸਿਰਫ ਸਾਮਰਾਜੀ ਦਲਾਲਾਂ ਦੀ ਸੇਵਾਦਾਰ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਅਖੌਤੀ ਆਜ਼ਾਦੀ ਦੀ ਲਹਿਰ ਦਾ ਵਿਰੋਧ ਕੀਤਾ ਗਿਆ ਸੀ, ਸਗੋਂ ਇਹਨਾਂ ਵੱਲੋਂ ਏਸੇ ਤਿਰੰਗੇ ਝੰਡੇ ਨੂੰ ਅਪਣਾਉਣ ਦਾ ਵੀ ਡਟਵਾਂ ਵਿਰੋਧ ਕੀਤਾ ਗਿਆ ਸੀ। 
ਸੰਘ ਲਾਣੇ ਦੀਆਂ ਮਾਂ-ਜਥੇਬੰਦੀਆਂ— ਹਿੰਦੂ ਮਹਾਂ ਸੰਘ ਅਤੇ ਆਰ.ਐਸ.ਐਸ. ਦੇ ਮੁਢਲੇ ਬਾਨੀਆਂ ਵਿੱਚੋਂ ਇੱਕ ਵੀਰ ਦਮੋਦਰ ਸਾਵਰਕਰ ਵੱਲੋਂ ਅੰਗਰੇਜ਼ ਸਾਮਰਾਜੀਆਂ ਕੋਲ ਮੁਆਫੀਨਾਮਾ ਪੇਸ਼ ਕਰਦਿਆਂ ਅਤੇ ਮੁਲਕ ਦੀ ਆਜ਼ਾਦੀ ਦੀ ਲੜਾਈ ਨੂੰ ਬੇਦਾਵਾ ਦਿੰਦਿਆਂ, ਇੱਕ ਅੰਗਰੇਜ਼ ਇਤਿਹਾਸਕਾਰ ਵੱਲੋਂ ਪੇਸ਼ ਕੀਤੇ ਗਏ ਦੋ-ਕੌਮਾਂ ਦੇ ਫਿਰਕੂ-ਪਿਛਾਖੜੀ ਸਿਧਾਂਤ ਨੂੰ ਉਭਾਰਨ-ਪ੍ਰਚਾਰਨ ਦਾ ਝੰਡਾ ਚੁੱਕ ਲਿਆ ਗਿਆ ਸੀ। ਆਰ.ਐਸ.ਐਸ. ਦੀ 1925 ਵਿੱਚ ਹੋਈ ਸਥਾਪਨਾ ਤੋਂ ਬਾਅਦ, ਇਸ ਵੱਲੋਂ ਕਦੇ ਵੀ ਭਾਰਤ ਵਿੱਚ ਖਰੀ ਆਜ਼ਾਦੀ ਦੀ ਲਹਿਰ ਤਾਂ ਕੀ, ਕਾਂਗਰਸ ਦੀ ਅਗਵਾਈ ਵਾਲੀ ਅਖੌਤੀ ਆਜ਼ਾਦੀ ਦੀ ਲਹਿਰ ਵੱਲ ਵੀ ਸਹਿਯੋਗ ਦਾ ਹੱਥ ਨਹੀਂ ਵਧਾਇਆ ਗਿਆ। ਇਸ ਵੱਲੋਂ ਸਗੋਂ ਆਜ਼ਾਦੀ ਦੀ ਖਰੀ-ਖੋਟੀ ਲੜਾਈ ਨੂੰ ''ਬਰਤਾਨਵੀ ਬਸਤੀਵਾਦੀ ਵਿਰੋਧ'' ਦਾ ਨਾਂ ਦਿੰਦਿਆਂ, ਸੰਘ ਕਾਰਕੁੰਨਾਂ ਤੇ ਲੋਕਾਂ ਨੂੰ ਇਸ ਤੋਂ ਵੱਖ ਰਹਿਣ ਦਾ ਸੱਦਾ ਦਿੱਤਾ ਗਿਆ। ਇਸ ਵੱਲੋਂ ਕਾਂਗਰਸ ਵੱਲੋਂ ਪ੍ਰਚਾਰੇ ਜਾਂਦੇ ''ਭਾਰਤੀ ਕੌਮਵਾਦ'' ਦੇ ਸਿਧਾਂਤ ਨੂੰ ''ਕੌਮ ਦਾ ਇਲਾਕਾਈ ਸੰਕਲਪ'' ਕਹਿੰਦਿਆਂ ਰੱਦ ਕੀਤਾ ਗਿਆ ਅਤੇ ਧਰਮ ਆਧਾਰਤ (ਹਿੰਦੂ ਕੌਮ) ਦੇ ਸੰਕਲਪ ਨੂੰ ਉਭਾਰਿਆ-ਪ੍ਰਚਾਰਿਆ ਗਿਆ। ਇਸ ਵੱਲੋਂ ਆਪਣਾ ਇੱਕੋ ਇੱਕ ਨਿਸ਼ਾਨਾ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣਾ ਨਹੀਂ, ਸਗੋਂ ''ਹਿੰਦੂ ਰਾਸ਼ਟਰ'' ਦੀ ''ਪੁਨਰ-ਜਾਗਰਤੀ'' ਕਰਨਾ ਮਿਥਿਆ ਗਿਆ। ਗੁਰੂ ਗੋਲਵਾਲਕਰ ਦੇ 'ਬਚਨ' ਸੁਣੋ:
''ਸਾਡੇ ਕੌਮ ਦੇ ਸੰਕਲਪ ਦੇ ਆਧਾਰ ਬਣਦੇ- ਇਲਾਕਾਈ ਕੌਮਵਾਦ ਦੇ ਸਿਧਾਂਤ ਅਤੇ ਸਾਂਝੇ ਖਤਰੇ ਦੇ ਸਿਧਾਂਤ ਵੱਲੋਂ ਸਾਨੂੰ ਸਾਡੇ ਅਸਲੀ ਹਿੰਦੂ ਕੌਮਵਾਦ ਦੇ ਹਾਂ-ਪੱਖੀ ਅਤੇ ਪ੍ਰੇਰਨਾਦਾਇਕ ਤੱਤ ਤੋਂ ਵਿਰਵਾ ਕਰ ਦਿੱਤਾ ਗਿਆ ਹੈ ਅਤੇ ਸਾਡੀਆਂ ਕਈ ''ਆਜ਼ਾਦੀ ਦੀਆਂ ਲਹਿਰਾਂ'' ਨੂੰ ਬਰਤਾਨੀਆ ਵਿਰੋਧੀ ਲਹਿਰਾਂ ਵਿੱਚ ਬਦਲ ਦਿੱਤਾ ਗਿਆ ਹੈ। ਇਉਂ, ਬਰਤਾਨੀਆ ਦੇ ਵਿਰੋਧ ਨੂੰ ਦੇਸ਼ਭਗਤੀ ਅਤੇ ਕੌਮਵਾਦ ਬਰਾਬਰ ਖੜ•ਾ ਕਰ ਦਿੱਤਾ ਗਿਆ। ਇਸ ਪਿਛਾਖੜੀ ਵਿਚਾਰ ਨੇ ਸਾਡੀ ਸਾਰੀ ਆਜ਼ਾਦੀ ਦੀ ਲਹਿਰ, ਇਸਦੇ ਆਗੂਆਂ ਅਤੇ ਸਾਧਾਰਨ ਲੋਕਾਂ 'ਤੇ ਤਬਾਹਕੁੰਨ ਅਸਰ ਪਾਏ ਹਨ।'' (ਬੰਚ ਆਫ ਥੌਟ, ਸਫਾ-143)
ਅਸਲ ਵਿੱਚ- ਸੰਘ ਲਾਣੇ ਮੁਤਾਬਕ ਇਸ ਪਿਛਾਖੜੀ ਵਿਚਾਰ ਦੀ ਮਾਲਕ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਚੱਲ ਰਹੀ ''ਅਖੌਤੀ ਕੌਮੀ ਆਜ਼ਾਦੀ ਦੀ ਲਹਿਰ ਮਹਿਜ਼ ਬਰਤਾਨੀਆ ਦੇ ਨਿਰਾਰਥਿਕ ਵਿਰੋਧ ਦੀ ਲਹਿਰ ਸੀ। ਸੰਘ ਗੁਰੂ-ਘੰਟਾਲ ਮੁਤਾਬਕ ਅਸਲੀ ਆਜ਼ਾਦੀ ਤਾਂ ''ਹਿੰਦੂ ਕੌਮ'' ਦੀ ''ਪੁਨਰ-ਜਾਗਰਤੀ'' ਦੀ ਲਹਿਰ ਅਤੇ ਮੁਲਕ ਨੂੰ ''ਹਿੰਦੂ ਕੌਮ'' ਦੀ ''ਪੁੰਨਿਆ-ਭੂਮੀ'' ਵਿੱਚ ਬਦਲਣ ਅਤੇ ਧਾਰਮਿਕ ਘੱਟ-ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ ਨੂੰ ਇੱਥੋਂ ਚੱਲਦਾ ਕਰਨ ਜਾਂ ਫਿਰ ''ਹਿੰਦੂ ਕੌਮ'' ਦੀ ਗੁਲਾਮੀ ਪ੍ਰਵਾਨ ਕਰਵਾਉਣ ਨਾਲ ਆਉਣੀ ਹੈ। 
ਇਸੇ ਤਰ•ਾਂ, ਹੁਣ ਜਿਸ ''ਤਿਰੰਗਾ ਯਾਤਰਾ'' ਵਿੱਚ ਸੰਘ ਪਾੜ ਪਾੜ ਕੇ ਤਿਰੰਗੇ ਦੀ ਸ਼ਾਨ ਦੀ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ, ਇਸ ਝੰਡੇ ਬਾਰੇ ਸੰਘ ਲਾਣੇ ਦੀ ਸਮਝ ਕੀ ਹੈ? ਜਦੋਂ 1947 ਨੂੰ ਅਖੌਤੀ ਆਜ਼ਾਦੀ ਮੌਕੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਣ ਦੀ ਤਿਆਰੀ ਚੱਲ ਰਹੀ ਸੀ ਤਾਂ ਉਸ ਸਮੇਂ ਆਰ.ਐਸ.ਐਸ. ਦੇ ਆਪਣੇ ਅੰਗਰੇਜ਼ੀ ਪਰਚੇ (ਆਰਗੇਨਾਈਜ਼ਰ) ਦੇ 14 ਅਗਸਤ 1947 ਦੇ ਅੰਕ ਵਿੱਚ ਤਿਰੰਗੇ ਦਾ ਵਿਰੋਧ ਕਰਦਿਆਂ ਲਿਖਿਆ ਗਿਆ: ''ਉਹ ਲੋਕ ਜਿਹੜੇ ਕਿਸਮਤ ਦੇ ਦਾਅ ਨਾਲ ਰਾਜ ਗੱਦੀ 'ਤੇ ਪਹੁੰਚੇ ਹਨ, ਉਹ ਭਾਵੇਂ ਸਾਡੇ ਹੱਥਾਂ ਵਿੱਚ ਤਿਰੰਗਾ ਫੜਾ ਦੇਣ, ਪਰ ਹਿੰਦੂਆਂ ਵੱਲੋਂ ਇਸ ਨੂੰ ਨਾ ਤਾਂ ਮਾਨ-ਸਨਮਾਨ ਦਿੱਤਾ ਜਾ ਸਕੇਗਾ ਅਤੇ ਨਾ ਹੀ ਅਪਣਾਇਆ ਜਾ ਸਕੇਗਾ। ਤਿੰਨਾਂ ਦਾ ਅੰਕੜਾ ਆਪਣੇ ਆਪ ਵਿੱਚ ਮਨਹੂਸ ਹੈ ਅਤੇ ਇੱਕ ਅਜਿਹਾ ਝੰਡਾ ਜਿਸਦੇ ਤਿੰਨ ਰੰਗ ਹੋਣ, ਲੋਕਾਂ ਦੇ ਦਿਲੋ-ਦਿਮਾਗ 'ਤੇ ਮਾੜਾ ਅਸਰ ਪਾਵੇਗਾ ਅਤੇ ਇਹ ਦੇਸ਼ ਲਈ ਨੁਕਸਾਨਦੇਹ ਹੋਵੇਗਾ।'' 
ਆਰ.ਐਸ.ਐਸ. ਮੁਤਾਬਕ ਦੇਸ਼ ਦਾ ਝੰਡਾ ਤਿਰੰਗਾ ਨਹੀਂ, ਭਗਵਾਂ ਹੋਣਾ ਚਾਹੀਦਾ ਹੈ। ਇਸਦਾ ਆਗੂ ਗੁਰੂ ਗੋਲਵਾਲਕਰ ਕਹਿੰਦਾ ਹੈ ਕਿ ''ਸਾਡੀ ਮਹਾਨ ਸੰਸਕ੍ਰਿਤੀ ਦੀ ਪੂਰਨ ਰੂਪ ਵਿੱਚ ਪਛਾਣ ਕਰਵਾਉਣ ਦਾ ਪ੍ਰਤੀਕs sਚਿੰਨ• ਸਾਡਾ ਭਗਵਾਂ ਝੰਡਾ ਹੈ, ਜਿਹੜਾ ਸਾਡੇ ਲਈ ਪ੍ਰਮੇਸ਼ਰ ਦਾ ਰੂਪ ਹੈ। ਇਸ ਲਈ ਅਸੀਂ ਇਸ ਪਰਮ ਪੂਜਣਯੋਗ ਝੰਡੇ ਨੂੰ ਆਪਣੇ ਗੁਰੂ ਸਥਾਨ ਵਿੱਚ ਰੱਖਣਾ ਉਚਿਤ ਸਮਝਿਆ ਹੈ.... ਸਾਡਾ ਪੱਕਾ ਵਿਸ਼ਵਾਸ਼ ਹੈ ਕਿ ਅਖੀਰ ਵਿੱਚ ਇਸੇ ਝੰਡੇ ਅੱਗੇ ਸਾਰਾ ਦੇਸ਼ ਝੁਕੇਗਾ।'' (ਸ੍ਰੀ ਗੁਰੂ ਜੀ ਸ਼ਮਗਰ ਦਰਸ਼ਨ, ਭਾਰਤੀ ਵਿਚਾਰ ਸਾਧਨਾ, ਨਾਗਪੁਰ ਰੋਡ ਪੰਨਾ-98)
ਉਪਰੋਕਤ ਵਰਨਣ ਤੋਂ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵਿੱਢੀ ਗਈ ਤਿਰੰਗਾ ਯਾਤਰਾ ਦੇ ਮਨੋਰਥ ਇਸ ਤਿਰੰਗੇ ਨੂੰ ਚਾਰ ਚੰਨ ਲਾਉਣਾ ਨਹੀਂ— ਇਸਦਾ ਗੁੱਝਾ ਅਤੇ ਅਸਲ ਮਨੋਰਥ ਹਿੰਦੂ ਫਿਰਕੂ ਪੁੱਠ ਵਾਲਾ ਨਕਲੀ ਕੌਮੀ ਜਨੂੰਨ ਭੜਕਾਉਣਾ, ਦੇਸ਼ ਦੀਆਂ ਕੌਮੀ ਅਤੇ ਇਨਕਲਾਬੀ ਲਹਿਰਾਂ 'ਤੇ ਜਬਰ ਦੇ ਝੱਖੜ ਵਿੱਚ ਤੇਜ਼ੀ ਲਿਆਉਣ ਦਾ ਆਧਾਰ ਤਿਆਰ ਕਰਨਾ ਅਤੇ ਮੋਦੀ ਹਕੂਮਤ ਦੀਆਂ ਨਾਕਾਮੀਆਂ ਤੇ ਦੁਰਰਾਜ ਤੋਂ ਲੋਕਾਂ ਦਾ ਧਿਆਨ ਤਿਲ•ਕਾਉਣਾ-ਭਟਕਾਉਣਾ ਹੈ। ਸਿਰਫ ਅਤੇ ਸਿਰਫ ਇਸ ਪਿਛਾਖੜੀ ਮਕਸਦ-ਪੂਰਤੀ ਲਈ ਹੀ ਮੁਲਕ ਨੂੰ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਕਰਨ ਲਈ ਚੱਲੀਆਂ ਸਭਨਾਂ ਖਰੀਆਂ ਅਤੇ ਖੋਟੀਆਂ ਲਹਿਰਾਂ ਦਾ ਇੱਕ ਵਾਢਿਉਂ ਵਿਰੋਧ ਕਰਨ ਵਾਲੇ, ਅੰਗਰੇਜ਼ ਸਾਮਰਾਜੀਆਂ ਨੂੰ ਮੁਆਫੀਨਾਮੇ ਪੇਸ਼ ਕਰਨ ਵਾਲੇ ਅਤੇ ਦੋ ਕੌਮਾਂ ਦੇ ਫਿਰਕੂ ਫਾਸ਼ੀ ਸਿਧਾਂਤ ਰਾਹੀਂ ਮੁਲਕ ਦੀ ਵੰਡ ਦੇ ਬੀਜ ਬੀਜਣ ਵਾਲੇ ਸਾਵਰਕਾਰਾਂ ਅਤੇ ਗੋਲਵਾਲਕਰਾਂ ਦੇ ਵਾਰਸ ਅਤੇ ਅੱਜ ਵੀ ਉਹਨਾਂ ਦੀਆਂ ਦੇਸ਼-ਧਰੋਹੀ ਅਤੇ ਫਿਰਕੂ-ਫਾਸ਼ੀ ਨੀਤੀਆਂ ਦੀ ਨੰਗੀ-ਚਿੱਟੀ ਪੈਰਵਾਈ ਕਰਨ ਵਾਲੇ ਫਿਰਕੂ ਟੋਲੇ ਤਿਰੰਗਾ ਯਾਤਰਾਵਾਂ ਦਾ ਦੰਭ ਰਚਦਿਆਂ, ਆਪਣੇ ਆਪ ਨੂੰ ਦੇਸ਼ਭਗਤੀ ਅਤੇ ਕੌਮਪ੍ਰਸਤੀ ਦੇ ਸਭ ਤੋਂ ਵੱਡੇ ਠੇਕੇਦਾਰਾਂ ਵਜੋਂ ਪੇਸ਼ ਕਰਨ ਦਾ ਨਾਟਕ ਕਰ ਰਹੇ ਹਨ। 
0-0

No comments:

Post a Comment