ਗੁੜਗਾਉਂ ਅਤੇ ਪਟੌਦੀ 'ਚ ਸਿੱਖਾਂ ਲਈ
ਬੱਤੀ ਸਾਲ ਬੀਤ ਗਏ: ਅਜੇ ਤੱਕ ਇਨਸਾਫ ਨਹੀਂ ਮਿਲਿਆ
-ਸਾਕਸ਼ੀ ਦਿਆਲ
ਗੁਰਪ੍ਰੀਤ ਸਿੰਘ ਉਦੋਂ 16 ਸਾਲਾਂ ਦਾ ਸੀ, ਜਦੋਂ ਉਸਨੇ ਆਪਣੇ ਮਾਪਿਆਂ, ਦੋ ਭਰਾਵਾਂ, ਚਾਚੀ ਅਤੇ ਉਸਦੇ ਲੜਕੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਭੀੜ ਦੇ ਹੱਥੋਂ ਸੜਦੇ ਹੋਏ ਤੱਕਿਆ ਸੀ। ਉਹ ਤਾਰੀਖ ਸੀ, 2 ਨਵੰਬਰ 1984। ਗੁਰਪ੍ਰੀਤ ਦੇ ਪਰਿਵਾਰ ਦੇ ਛੇ ਮੈਂਬਰ ਉਹਨਾਂ ਵਿੱਚ ਸ਼ਾਮਲ ਸਨ, ਜਿਹੜੇ ਗੁੜਗਾਉਂ ਅਤੇ ਪਟੌਦੀ ਵਿੱਚ ਮਾਰੇ ਗਏ ਸਨ, ਜਿਹਨਾਂ ਪਰਿਵਾਰਾਂ ਵਾਸਤੇ ਇੱਕ ਮੈਂਬਰੀ ਜਸਟਿਸ ਟੀ.ਪੀ. ਗਰਗ ਕਮਿਸ਼ਨ ਨੇ ਮੁਆਵਜੇ ਵਜੋਂ 12.07 ਕਰੋੜ ਰੁਪਏ ਅਦਾ ਕਰਨ ਲਈ ਆਖਿਆ ਹੈ। ਗੁੜਗਾਉਂ ਦੇ ਬਾਦਸ਼ਾਹਪੁਰ ਵਿੱਚ ਜਦੋਂ ਭੀੜ ਨੇ ਹਮਲਾ ਕੀਤਾ ਤਾਂ ਗੁਰਪ੍ਰੀਤ ਦੇ ਗੁਆਂਢੀਆਂ ਨੇ ਉਸਨੂੰ ਆਪਣੇ ਘਰ ਅੰਦਰ ਛੁਪਾ ਲਿਆ ਅਤੇ ਉਸਨੇ ਇੱਕ ਖਿੜਕੀ ਰਾਹੀਂ ਘਟਨਾਵਾਂ ਦਾ ਇੱਕ ਸਿਲਸਿਲਾ ਦੇਖਿਆ ਜੋ ਹੇਠਾਂ ਲਿਖੇ ਅਨੁਸਾਰ ਹੈ: ''ਇੱਕ ਹਜ਼ਾਰ ਦੇ ਕਰੀਬ ਭੀੜ ਨੇ ਉਹਨਾਂ ਦੇ ਘਰ ਵੱਲ ਰੁਖ ਕਰਨ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਸਾਹਮਣੇ ਵਾਲਾ ਗੁਰਦੁਆਰਾ ਫੂਕ ਦਿੱਤਾ। ਉਹਨਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਭਰੋਸਾ ਦੁਆਉਂਦੇ ਹੋਏ ਦਰਵਾਜ਼ਾ ਖੋਲ•ਣ ਲਈ ਆਖਿਆ ਕਿ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਫੇਰ ਮੇਰਾ ਵੱਡਾ ਭਰਾ ਹੇਠਾਂ ਆਇਆ ਤਾਂ ਜਦੋਂ ਹੀ ਉਹ ਉੱਥੇ ਗਿਆ ਤਾਂ ਉਹਨਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਜਿਉਂਦੇ ਨੂੰ ਹੀ ਸਾੜ ਦਿੱਤਾ। ਫੇਰ ਉਹਨਾਂ ਨੇ ਦੂਸਰੇ ਭਰਾ ਨੂੰ ਹੇਠਾਂ ਬੁਲਾਇਆ, ਜਦੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਫੜ ਲਿਆ ਗਿਆ , ਉਸਦੀ ਕੁੱਟਮਾਰ ਕੀਤੀ ਗਈ ਅਤੇ ਸਾੜ ਦਿੱਤਾ ਗਿਆ, ਕੁੱਝ ਹਮਲਾਵਰਾਂ ਨੇ ਉਸਦੇ ਹੱਥ ਦੀਆਂ ਉਂਗਲਾਂ ਵੱਢ ਦਿੱਤੀਆਂ। ਇਸ ਤੋਂ ਬਾਅਦ ਉਹਨਾਂ ਨੇ ਸਾਡੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਸਾਰਿਆਂ ਨੂੰ ਵਿੱਚੇ ਹੀ ਸਾੜ ਦਿੱਤਾ।''
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਵਾਪਰੇ 1984 ਦੇ ਸਿੱਖ-ਵਿਰੋਧੀ ਦੰਗਿਆਂ ਵਿੱਚ ਜਿੰਦਾ ਬਚੇ ਹੋਰਨਾਂ ਨੇ ਵੀ ਹਿੰਸਾ, ਲੁੱਟ-ਖੋਹ, ਬਲਾਤਕਾਰ ਅਤੇ ਕਤਲਾਂ ਦੀਆਂ ਅਜਿਹੀਆਂ ਹੀ ਹੌਲਨਾਕ ਕਹਾਣੀਆਂ ਸੁਣਾਈਆਂ। ਇਹਨਾਂ ਦੰਗਿਆਂ ਦੌਰਾਨ ਸਾਰੇ ਦੇਸ਼ ਵਿੱਚ ਹੀ ਹਿੰਸਾ ਅਤੇ ਕਤਲੋਗਾਰਦ ਹੋਈ ਸੀ। ਗੁੜਗਾਉਂ ਅਤੇ ਪਟੌਦੀ ਵਿੱਚ ਕੁੱਲ 64 ਮੌਤਾਂ ਹੋਈਆਂ ਸਨ, ਜਿਹਨਾਂ ਵਿੱਚ 47 ਗੁੜਗਾਉਂ ਵਿੱਚ ਅਤੇ 17 ਪਟੌਦੀ ਵਿੱਚ ਹੋਈਆਂ ਸਨ। ਇਸ ਤੋਂ ਇਲਾਵਾ, ਚਸ਼ਮਦੀਦਾਂ ਨੇ ਦੱਸਿਆ ਕਿ 21 ਕਾਰੋਬਾਰੀ ਸੰਸਥਾਨ (ਫੈਕਟਰੀਆਂ ਅਤੇ ਸਟੋਰ) ਪਟੌਦੀ ਵਿੱਚ ਸਾੜੇ ਗਏ ਸਨ ਅਤੇ ਇਹਨਾਂ ਦੰਗਿਆਂ ਵਿੱਚ 35 ਪਰਿਵਾਰ ਪ੍ਰਭਾਵਿਤ ਹੋਏ ਸਨ। ਉਹਨਾਂ ਦੋਸ਼ ਲਾਇਆ ਕਿ ਗੁੜਗਾਉਂ ਵਿੱਚ 300 ਮਕਾਨ ਸਾੜੇ ਗਏ ਸਨ।
ਦੰਗਿਆਂ ਵਿੱਚੋਂ ਜਿੰਦਾ ਬਚਿਆਂ ਨੇ ਦੱਸਿਆ ਕਿ ਬਾਅਦ ਵਿੱਚ ਵੀ ਮੁਸੀਬਤਾਂ ਨੇ ਉਹਨਾਂ ਦਾ ਖਹਿੜਾ ਨਹੀਂ ਛੱਡਿਆ, ਉਹਨਾਂ ਲਈ ਆਸਰੇ ਅਤੇ ਦੇਖ-ਭਾਲ ਦੇ ਕੋਈ ਇੰਤਜ਼ਾਮ ਨਹੀਂ ਸਨ। ਦੰਗਿਆਂ ਵੇਲੇ 42 ਸਾਲਾਂ ਦੀ ਉਮਰ ਵਾਲੇ ਸੁਰਿੰਦਰ ਸਿੰਘ ਨੇ ਦੱਸਿਆ ਕਿ ''ਉਥੇ ਅੰਨ-ਪਾਣੀ ਜਾਂ ਲੈਟਰੀਨਾਂ ਆਦਿ ਦੇ ਕੋਈ ਪ੍ਰਬੰਧ ਨਹੀਂ ਸਨ। ਸਾਨੂੰ ਲੰਗਰ ਦਾ ਆਪੇ ਹੀ ਪ੍ਰਬੰਧ ਕਰਨਾ ਪੈਂਦਾ ਰਿਹਾ ਅਤੇ ਹੋਰ ਚੀਜ਼ਾਂ ਖਰੀਦਣੀਆਂ ਪਈਆਂ। ਆਪਣੇ ਆਪ ਨੂੰ ਅਸੀਂ ਖੁਦ ਹੀ ਸੰਭਾਲਿਆ।''
ਆਪਣੇ ਘਰਾਂ ਨੂੰ ਛੱਡ ਕੇ ਸ਼ਰਨਾਰਥੀ ਕੈਂਪਾਂ ਵਿੱਚ ਠਾਹਰ ਕਰਨ ਵਾਲੇ ਪਰਿਵਾਰਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਵਾਪਸ ਘਰ ਆਏ ਤਾਂ ਉਥੇ ਸਭ ਕੁੱਝ ਉਥਲ-ਪੁਥਲ ਹੋਇਆ ਪਿਆ ਸੀ, ਉਹਨਾਂ ਦੇ ਘਰ ਦਾ ਸਮਾਨ, ਗਹਿਣੇ ਅਤੇ ਬਿਸਤਰੇ ਅਤੇ ਭਾਂਡੇ-ਟੀਂਡੇ ਤੱਕ ਸਭ ਚੋਰੀ ਹੋ ਚੁੱਕੇ ਸਨ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਕਈ ਮਾਮਲਿਆਂ ਵਿੱਚ ਅਧਿਕਾਰੀਆਂ ਨੇ ਮੌਤਾਂ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਕੋਈ ਐਫ.ਆਈ.ਆਰ. ਦਰਜ਼ ਨਹੀਂ ਕੀਤੀ। ਕਈ ਪਰਿਵਾਰਾਂ ਨੇ ਦੋਸ਼ ਲਾਇਆ ਕਿ ''47 ਅਤੇ 17 ਤਾਂ ਸਿਰਫ ਸਰਕਾਰੀ ਅੰਕੜੇ ਹਨ, ਉੱਥੇ ਅਨੇਕਾਂ ਹੋਰ ਵੀ ਸਨ, ਜਿਹਨਾਂ ਨੂੰ ਸਵਿਕਾਰਿਆ ਹੀ ਨਹੀਂ ਗਿਆ।''
ਪਟੌਦੀ ਵਿੱਚ ਉਸ ਸਮੇਂ 35 ਸਿੱਖ ਪਰਿਵਾਰ ਰਹਿੰਦੇ ਸਨ, ਹੁਣ ਉੱਥੇ ਸਿਰਫ 10 ਘਰ ਹੀ ਹਨ।
ਦੰਗਿਆਂ ਦੌਰਾਨ ਗੁਆਂਢੀਆਂ ਦੇ ਘਰੇ ਲੁਕ ਕੇ ਜਾਨ ਬਚਾਉਣ ਵਾਲੇ ਗੁਰਜੀਤ ਸਿੰਘ ਨੇ ਯਾਦਾਂ ਦੇ ਝਰੋਖੇ 'ਚੋਂ ਉਹ ਕੁੱਝ ਦੱਸਿਆ ਜੋ ਕੁੱਝ ਦੰਗਿਆਂ ਦੌਰਾਨ ਹੋਇਆ। ''ਲੋਕਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਗਿਆ, ਉਹਨਾਂ ਨੂੰ ਕੋਈ ਕਾਹਲ ਨਹੀਂ ਸੀ। ਮੈਂ ਔਰਤਾਂ ਦੀਆਂ ਆਵਾਜ਼ਾਂ ਸੁਣੀਆਂ, ਜਿਹੜੀਆਂ ਦੇ ਕੱਪੜੇ ਪਾੜੇ ਜਾ ਰਹੇ ਸਨ ਅਤੇ ਹਵਸ ਦਾ ਸ਼ਿਕਾਰ ਬਣਾਈਆਂ ਜਾ ਰਹੀਆਂ ਸਨ। ਦੰਗਈ ਉਹਨਾਂ 'ਤੇ ਵਾਰ ਵਾਰ ਝਪਟਦੇ ਅਤੇ ਫੇਰ ਉਹਨਾਂ ਨੂੰ ਸਾੜ ਦਿੱਤਾ ਗਿਆ।''
1984 ਦੇ ਦੰਗਿਆਂ ਦੀ ਹਿੰਸਾ ਰੁਕ ਜਾਣ ਉਪਰੰਤ ਲੰਮੇ ਸਮੇਂ ਬਾਅਦ ਤੱਕ ਵੀ ਇਹਨਾਂ ਦੇ ਅਸਰ ਜਾਰੀ ਰਹੇ। ਪੀੜਤਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਭਾਈਚਾਰੇ ਦੇ ਬੱਚਿਆਂ ਦਾ ਭਵਿੱਖ ਰੁਲ ਗਿਆ, ਅਨੇਕਾਂ ਹੀ ਅਜਿਹੇ ਹਨ, ਜਿਹੜੇ ਪੜ•ਾਈ ਨਹੀਂ ਕਰ ਸਕੇ, ਕਿਉਂਕਿ ਜਾਂ ਤਾਂ ਉਹਨਾਂ ਦੇ ਮਾਪੇ ਮਾਰੇ ਗਏ ਸਨ ਜਾਂ ਫੇਰ ਲੁੱਟੇ-ਕੁੱਟੇ ਹੀ ਐਨੇ ਗਏ ਸਨ ਕਿ ਉਹ ਬੱਚਿਆਂ ਨੂੰ ਪੜ•ਾ ਸਕਣ ਦੇ ਸਮਰੱਥ ਹੀ ਨਹੀਂ ਰਹੇ। ਉਹਨਾਂ ਦੇ ਵਿਆਹਾਂ ਵਿੱਚ ਮੁਸ਼ਕਲਾਂ ਖੜ•ੀਆਂ ਹੁੰਦੀਆਂ ਰਹੀਆਂ, ਕਿਉਂਕਿ ਲੋਕਾਂ ਦੀ ਜੋ ਤਬਾਹੀ ਮੱਚੀ ਸੀ, ਉਸ ਵਿੱਚੋਂ ਉਹਨਾਂ ਦਾ ਜਿਉਂਦੇ ਰਹਿਣਾ ਹੀ ਮੁਹਾਲ ਹੋਇਆ ਪਿਆ ਸੀ।
ਦੰਗਿਆਂ ਦੀ ਮਾਰ ਝੱਲਣ ਵਾਲੇ ਦੱਸਦੇ ਹਨ ਕਿ ਹੁਣ ਵੀ ਜਦੋਂ ਕਿਤੇ ਫਿਰਕੂ ਗੜਬੜ ਦਾ ਪਤਾ ਲੱਗਦਾ ਹੈ ਤਾਂ ਡਰ ਜਾਂਦੇ ਹਨ। ''ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ, ਘਰਾਂ ਵਿੱਚ ਹੀ ਵੜੇ ਰਹਿੰਦੇ ਹਾਂ। ਅਸੀਂ ਪਹਿਲਾਂ ਹੀ ਬੜਾ ਕੁੱਝ ਝੱਲ ਚੁੱਕੇ ਹਾਂ। ਹੁਣ ਅਸੀਂ ਚੌਕਸ ਰਹਿੰਦੇ ਹਾਂ।'' ਇਹ ਲਫਜ਼ ਹਨ ਇੱਕ ਉਸ ਇਨਸਾਨ ਦੇ ਜਿਹੜਾ ਆਪਣਾ ਨਾਂ ਜ਼ਾਹਰ ਨਹੀਂ ਕਰਨਾ ਚਾਹੁੰਦਾ।
ਗੁੜਗਾਉਂ ਅਤੇ ਪਟੌਦੀ ਦੇ ਸਿੱਖ ਪਰਿਵਾਰਾਂ ਦਾ ਕਹਿਣਾ ਹੈ ਕਿ 1984 ਦੇ ਦੰਗਿਆਂ ਦੌਰਾਨ ਵਾਪਰੀਆਂ ਘਟਨਾਵਾਂ ਦੇ ਦ੍ਰਿਸ਼ ਅਜੇ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਦੇ, ਉਹਨਾਂ ਨੂੰ ਇਹ ਆਸ ਨਹੀਂ ਕਿ ਦੰਗਿਆਂ ਦੀ ਸਾਜ਼ਸ ਦੇ ਘਾੜਿਆਂ ਨੂੰ ਕਦੇ ਫੜਿਆ ਜਾਵੇਗਾ ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ।
No comments:
Post a Comment