Tuesday, 30 August 2016

ਇਰੋਮ ਸ਼ਰਮੀਲਾ ਵੱਲੋਂ ਪਿਛਲ-ਮੋੜ ਕਦਮ


ਇਰੋਮ ਸ਼ਰਮੀਲਾ ਵੱਲੋਂ ਪਿਛਲ-ਮੋੜ ਕਦਮ
-ਨਵਜੋਤ
9 ਅਗਸਤ 2016 ਨੂੰ ਸੋਲਾਂ ਸਾਲਾਂ ਤੋਂ ਹਥਿਆਰਬੰਦ ਸੁਰੱਖਿਆ ਬਲਾਂ ਵਾਸਤੇ (ਵਿਸ਼ੇਸ਼ ਸ਼ਕਤੀਆਂ) ਕਾਨੂੰਨ 1958 (ਅਫਸਪਾ) ਖਿਲਾਫ ਚਲੇ ਆ ਰਹੇ ਆਪਣੇ ਵਰਤ ਨੂੰ ਤੋੜਦਿਆਂ, ਇਰੋਮ ਚਾਨੂੰ ਸ਼ਰਮੀਲਾ ਵੱਲੋਂ ਐਲਾਨ ਕੀਤਾ ਗਿਆ ਕਿ ''ਮਨੀਪੁਰ ਵਿੱਚ ਕੋਈ ਜਮਹੂਰੀਅਤ ਨਹੀਂ ਹੈ। ਮੈਂ ਮਨੀਪੁਰ ਦੀ ਮੁੱਖ ਮੰਤਰੀ ਬਣਨਾ ਅਤੇ ਹਾਂ-ਪੱਖੀ ਤਬਦੀਲੀਆਂ ਕਰਨਾ ਚਾਹੁੰਦੀ ਹਾਂ।'' (ਦਾ ਹਿੰਦੂ) ਇਰੋਮ ਸ਼ਰਮੀਲਾ ਵੱਲੋਂ ਇਹ ਵਰਤ ਉਦੋਂ ਆਰੰਭਿਆ ਗਿਆ ਸੀ, ਜਦੋਂ ਭਾਰਤੀ ਰਾਜ ਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਇੰਫਾਲ ਵਿੱਚ ਰਚਾਏ ਕਤਲੇਆਮ ਵਿੱਚ 10 ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸ ਵਕਤ ਉਹ 28 ਵਰਿ•ਆਂ ਦੀ ਸੀ। ਉਸ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਇਹ ਜਾਬਰ ਕਾਨੂੰਨ (ਅਫਸਪਾ) ਨਹੀਂ ਹਟਾਇਆ ਜਾਵੇਗਾ, ਉਹ ਕੁੱਝ ਵੀ ਨਹੀਂ ਖਾਵੇਗੀ-ਪੀਵੇਗੀ ਅਤੇ ਨਾ ਹੀ ਆਪਣੇ ਘਰ ਵਾਪਸ ਪਰਤੇਗੀ। ਉਸ ਵਕਤ ਚਾਹੇ ਬਹੁਤਿਆਂ ਨੂੰ ਉਸਦੇ ਇਸ ਐਲਾਨ 'ਤੇ ਖੜ• ਸਕਣ ਦੀ ਉਸਦੀ ਇੱਛਾ-ਸ਼ਕਤੀ ਅਤੇ ਦ੍ਰਿੜ•ਤਾ 'ਤੇ ਯਕੀਨ ਨਹੀਂ ਸੀ, ਪਰ ਉਸ ਵੱਲੋਂ 16 ਵਰ•ੇ ਆਪਣੇ ਐਲਾਨ 'ਤੇ ਡਟ ਕੇ ਪਹਿਰਾ ਦਿੱਤਾ ਗਿਆ। ਪੁਲਸ ਵੱਲੋਂ ਉਸ ਨੂੰ ਵਾਰ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਹਸਪਤਾਲ ਵਿੱਚ ਲਿਜਾ ਕੇ ਜਬਰੀ ਵਰਤ ਤੁੜਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ 'ਤੇ ਕਈ ਤਰ•ਾਂ ਦੇ ਮੁਕੱਦਮੇ ਦਰਜ਼ ਕੀਤੇ ਗਏ। ਇਸ ਸਭ ਕੁੱਝ ਦਾ ਦਲੇਰੀ, ਦ੍ਰਿੜ•ਤਾ ਅਤੇ ਸਿਰੜ ਨਾਲ ਸਾਹਮਣਾ ਕਰਦਿਆਂ, ਉਸ ਵੱਲੋਂ ਆਪਣਾ ਵਰਤ  ਜਾਰੀ ਰੱਖਣ ਦੇ ਇਰਾਦੇ ਨੂੰ ਬਰਕਰਾਰ ਰੱਖਿਆ ਗਿਆ। ਉਸ ਨੂੰ ਠੋਸ ਭੋਜਨ ਪਦਾਰਥ ਖੁਆਉਣ ਤੋਂ ਅਸਮਰੱਥ ਹਕੂਮਤੀ ਅਧਿਕਾਰੀਆਂ ਵੱਲੋਂ ਆਖਰ ਨਾਲੀ ਰਾਹੀਂ ਜਬਰੀ ਤਰਲ ਪਦਾਰਥ ਦੇਣ ਦਾ ਢੰਗ ਅਪਣਾ ਕੇ ਹੁਣ ਤੱਕ ਜਿੰਦਾ ਰੱਖਿਆ ਗਿਆ। ਉਸ ਵੱਲੋਂ ਇਹਨਾਂ ਸੋਲਾਂ ਵਰਿ•ਆਂ ਦੌਰਾਨ ਅਫਸਪਾ ਖਿਲਾਫ ਵਿਰੋਧ ਜਤਲਾਉਣ ਦੀ ਦ੍ਰਿੜ•ਤਾ, ਸਿਰੜ ਅਤੇ ਮਨੋਬਲ ਦਾ ਹੀ ਨਤੀਜਾ ਸੀ ਕਿ ਉਹ ਨਾ ਸਿਰਫ ਮਨੀਪੁਰ ਅਤੇ ਮੁਲਕ ਅੰਦਰ ਸਗੋਂ ਸੰਸਾਰ ਭਰ ਅੰਦਰ ਭਾਰਤੀ ਹਕੂਮਤ ਵੱਲੋਂ ਇਸ ਜਾਬਰ ਕਾਲੇ ਕਾਨੂੰਨ (ਅਫਸਪਾ) ਦੀ ਓਟ ਵਿੱਚ ਢਾਹੇ ਜਾ ਰਹੇ ਜਬਰ ਅਤੇ ਕਹਿਰ ਖਿਲਾਫ ਇੱਕ ਆਵਾਜ਼ ਬਣ ਕੇ ਉੱਭਰੀ। ਉਸ ਨੂੰ ਪ੍ਰਚਾਰ ਸਾਧਨਾਂ ਵਿੱਚ ''ਲੋਹ-ਔਰਤ'' ਵਜੋਂ ਵੀ ਵਡਿਆਇਆ ਜਾਂਦਾ ਰਿਹਾ। ਇਰੋਮ ਸ਼ਰਮੀਲਾ ਦੀ ਇਸ ਸਿਰੜੀ ਵਿਅਕਤੀਗਤ ਜੱਦੋਜਹਿਦ ਮਨੀਪੁਰ ਦੀ ਕਬਾਇਲੀ ਜਨਤਾ ਵੱਲੋਂ ਆਪਣੀ ਖੁਦਮੁਖਤਿਆਰੀ ਅਤੇ ਆਪਾ ਨਿਰਣੇ ਦੇ ਹੱਕ ਲਈ ਲੜੀ ਜਾ ਰਹੀ ਹਥਿਆਰਬੰਦ ਅਤੇ ਗੈਰ-ਹਥਿਆਰਬੰਦ ਜੱਦੋਜਹਿਦ ਨੂੰ ਬਲ ਬਖਸ਼ਦਾ ਇੱਕ ਅੰਸ਼ ਬਣ ਗਈ, ਜਿਸ ਕਰਕੇ, ਉਹ ਮਨੀਪੁਰ ਦੀ ਸੰਘਰਸ਼ਸ਼ੀਲ ਕਬਾਇਲੀ ਜਨਤਾ ਅੰਦਰ ਆਦਰ-ਮਾਣ ਦੀ ਪਾਤਰ ਬਣ ਕੇ ਉੱਭਰੀ। 
ਹੁਣ ਜਦੋਂ ਇਰੋਮ ਸ਼ਰਮੀਲਾ ਵੱਲੋਂ 16 ਵਰਿ•ਆਂ ਬਾਅਦ ਇੱਕਦਮ ਆਪਣੇ ਐਲਾਨ ਤੋਂ ਕਾਂਟਾ-ਬਦਲਦਿਆਂ, ਨਾ ਸਿਰਫ ਆਪਣਾ ਵਰਤ ਤੋੜ ਦਿੱਤਾ ਗਿਆ ਹੈ, ਸਗੋਂ ਭਾਰਤੀ ਹਾਕਮਾਂ ਵੱਲੋਂ ਰਚਾਈ ਜਾਂਦੀ ਦੰਭੀ ਜਮਹੂਰੀਅਤ ਦੀ ਚੋਣ ਕਸਰਤ ਵਿੱਚ ਸ਼ਾਮਲ ਹੋਣ ਅਤੇ ਮੁੱਖ ਮੰਤਰੀ ਬਣਨ ਦੀ ਚਾਹਵਾਨ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਉਂ ਨਾ ਸਿਰਫ ਆਪਣੇ ਢੰਗ ਨਾਲ ਕੀਤੇ ਜਾ ਰਹੇ ਸੰਘਰਸ਼ ਨੂੰ ਅੱਧ-ਵਿਚਾਲੇ ਛੱਡ ਦਿੱਤਾ ਗਿਆ ਹੈ, ਸਗੋਂ ਮਨੀਪੁਰ ਦੇ ਲੋਕਾਂ 'ਤੇ ਵਹਿਸ਼ੀ ਜਬਰ ਢਾਹ ਰਹੇ ਭਾਰਤੀ ਹਾਕਮਾਂ ਦੀਆਂ ਸੰਵਿਧਾਨਕ ਲਛਮਣ ਰੇਖਾਵਾਂ ਦੇ ਪਾਬੰਦ ਹੋਣ ਅਤੇ ਉਹਨਾਂ ਦੇ ਨਕਲੀ ਜਮਹੂਰੀ ਅਮਲ ਵਿੱਚ ਭਾਗੀਦਾਰ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਉਸ ਵੱਲੋਂ ਕੱਟੇ ਇਸ 180 ਦਰਜ਼ੇ ਦੇ ਮੋੜੇ ਨੇ ਉਹਨਾਂ ਸਭਨਾਂ ਲੋਕਾਂ ਅੰਦਰ ਨਿਰਾਸ਼ਾ ਅਤੇ ਰੋਸ ਪ੍ਰਤੀਕਰਮ ਨੂੰ ਜਗਾਇਆ ਹੈ, ਜਿਹਨਾਂ ਵੱਲੋਂ ਉਸਦੀ ਜੱਦੋਜਹਿਦ ਨੂੰ ਹੱਕੀ ਸਮਝਦਿਆਂ ਅਤੇ ਉਸਦੀ ਦ੍ਰਿੜ•ਤਾ ਤੇ ਸਿਰੜ ਨੂੰ ਸਲਾਮ ਕਰਦਿਆਂ, ਉਸ ਨੂੰ ਹਮਾਇਤੀ ਹੁੰਗਾਰਾ ਦਿੱਤਾ ਗਿਆ ਸੀ। ਵਿਸ਼ੇਸ਼ ਕਰਕੇ, ਮਨੀਪੁਰ ਦੇ ਸੰਗਰਾਮੀ ਲੋਕਾਂ ਵੱਲੋਂ ਉਸਦੇ ਇਸ ਪਿਛਲਮੋੜੇ ਖਿਲਾਫ ਬਹੁਤ ਹੀ ਤਿੱਖੇ ਅਤੇ ਵਿਆਪਕ ਪ੍ਰਤੀਕਰਮ ਦੀਆਂ ਝਲਕਾਂ ਸਾਹਮਣੇ ਆਈਆਂ ਹਨ। ਜਦੋਂ ਉਸ ਵੱਲੋਂ ਇੰਫਾਲ ਵਿਖੇ ਜਵਾਹਰ ਲਾਲਾ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਬਾਹਰ ਆਪਣੇ ਇਸ ਪਿਛਲਮੋੜੇ ਦਾ ਐਲਾਨ ਕੀਤਾ ਗਿਆ ਤਾਂ ਲੋਕਾਂ ਵੱਲੋਂ ਆਪਣੇ ਘਰਾਂ ਦੇ ਬੂਹੇ ਉਸ ਲਈ ਬੰਦ ਕਰ ਲਏ ਗਏ। ਉਹ ਘੱਟੋ ਘੱਟ ਦੋ ਘਰਾਂ ਵਿੱਚ ਗਈ, ਜਿੱਥੋਂ ਉਸਨੂੰ ਫਿਟਕਾਰ ਕੇ ਵਾਪਸ ਕਰ ਦਿੱਤਾ ਗਿਆ। ਅਖੀਰ ਪੁਲਸ ਉਸਨੂੰ ਥਾਣੇ ਵਾਪਸ ਲੈ ਆਈ। 
ਅਸਲ ਵਿੱਚ, ਮਨੀਪੁਰ ਦੇ ਲੋਕਾਂ ਅੰਦਰ ਉਸਦੇ ਫੈਸਲੇ ਖਿਲਾਫ ਸਾਹਮਣੇ ਆਇਆ ਪ੍ਰਤੀਕਰਮ ਉਸ ਵੱਲੋਂ ਆਪਣੇ ਵਰਤ ਨੂੰ ਤੋੜਨ ਖਿਲਾਫ ਨਹੀਂ ਹੈ, (ਅਤੇ ਨਾ ਹੀ ਘੋਲ-ਸ਼ਕਲ ਦੀ ਕਿਸੇ ਖਰੀ ਤਬਦੀਲੀ ਖਿਲਾਫ ਹੈ, ਜਿਹੜੀ ਉਹ ਕਰ ਸਕਦੀ ਸੀ) ਇਹ ਪ੍ਰਤੀਕਰਮ ਉਸ ਵੱਲੋਂ ਭਾਰਤੀ ਹਾਕਮਾਂ ਦੀ ਦੰਭੀ ਚੋਣ ਸਿਆਸਤ ਵਿੱਚ ਵਿਸ਼ਵਾਸ਼ ਜ਼ਾਹਰ ਕਰਨ ਖਿਲਾਫ ਹੈ, ਜਿਸਦਾ ਸੇਕ ਮਨੀਪੁਰ ਦੇ ਲੋਕ ਹੰਢਾ ਰਹੇ ਹਨ। ਅਤੇ ਜਿਸਦੀ ਅਸਲੀਅਤ ਤੋਂ ਉਹ ਭਲੀਭਾਂਤ ਜਾਣੂੰ ਹਨ। ਭਾਰਤੀ ਹਾਕਮਾਂ ਵੱਲੋਂ ਇੱਕ ਹੱਥ— ਇਸ ਧੋਖੇਭਰੀ ਚੋਣ ਸਿਆਸਤ ਦਾ ਨਾਟਕ ਰਚਦਿਆਂ, ਲੋਕਾਂ ਨੂੰ ਆਪਣੇ ਹੱਕੀ ਸੰਘਰਸ਼ ਤੋਂ ਭਟਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਕੁੱਝ ਵਿਕਾਊ ਜ਼ਮੀਰ ਦੇ ਮਾਲਕ ਵਿਅਕਤੀਆਂ ਨੂੰ ਸੂਬਾ ਹਕੂਮਤ 'ਤੇ ਸੁਸ਼ੋਭਤ ਕਰਦਿਆਂ, ਉੱਥੇ ਜਮਹੂਰੀ-ਰਾਜ ਪ੍ਰਬੰਧ ਦੀ ਛਲੀਆ ਖੇਡ ਖੇਡੀ ਜਾਂਦੀ ਹੈ, ਪਰ ਦੂਜੇ ਹੱਥ— ਅਫਸਪਾ ਵਰਗੇ ਕਾਲੇ ਕਾਨੂੰਨ ਦੀ ਓਟ ਵਿੱਚ ਮਨੀਪੁਰ ਦੇ ਲੋਕਾਂ ਦੇ ਸਭਨਾਂ ਬੁਨਿਆਦੀ ਜਮਹੂਰੀ ਹੱਕਾਂ 'ਤੇ ਧਾੜਾ ਮਾਰਦਿਆਂ, ਉਹਨਾਂ ਨੂੰ ਜਾਬਰ ਫੌਜੀ ਤੇ ਨੀਮ-ਫੌਜੀ ਬਲਾਂ ਦੇ ਰਹਿਮੋਕਰਮ ਦਾ ਪਾਤਰ ਬਣਾ ਧਰਿਆ ਹੈ। ਉਹ ਦਹਾਕਿਆਂ ਤੋਂ ਭਾਰਤੀ ਹਾਕਮਾਂ ਦੀਆਂ ਧਾੜਵੀ ਹਥਿਆਰਬੰਦ ਤਾਕਤਾਂ ਹੱਥੋਂ ਰਚਾਏ ਜਾ ਰਹੇ ਮਾਰਧਾੜ, ਕਤਲੇਆਮ, ਬਲਾਤਕਾਰ ਵਰਗੇ ਨਾਦਰਸ਼ਾਹੀ ਜ਼ੁਲਮਾਂ ਨੂੰ ਆਪਣੇ ਪਿੰਡਿਆਂ 'ਤੇ ਹੰਢਾ ਰਹੇ ਹਨ। ਚੋਣ-ਸਿਆਸਤ ਦੇ ਡਰਾਮੇ ਰਾਹੀਂਂ ਬਣੀ ਸੂਬੇ ਦੀ ਅਖੌਤੀ ਜਮਹੂਰੀ ਸਰਕਾਰ ਕੋਲ ਇੱਕ ਸਾਧਾਰਨ ਫੌਜੀ ਵੱਲੋਂ ਕਿਸੇ ਮਨੀਪੁਰ ਵਾਸੀ ਦੇ ਗੋਲੀ ਮਾਰ ਕੇ ਕੀਤੇ ਕਤਲ, ਧਿੰਗੋਜੋਰੀ, ਲੁੱਟਮਾਰ ਅਤੇ ਬਲਾਤਕਾਰ ਵਰਗੇ ਕੁਕਰਮ ਖਿਲਾਫ ਥਾਣੇ ਵਿੱਚ ਐਫ.ਆਈ.ਆਰ. ਦਰਜ਼ ਕਰਵਾਉਣ ਦਾ ਵੀ ਅਧਿਕਾਰ ਨਹੀਂ ਹੈ। ਪਿਛਲੇ ਅਰਸੇ ਵਿੱਚ ਮੁਲਕ ਦੇ ਅਖਬਾਰਾਂ ਅੰਦਰ ਹਜ਼ਾਰਾਂ ਵਿਅਕਤੀਆਂ ਦੇ ਝੂਠੇ ਮੁਕਾਬਲਿਆਂ ਅਤੇ ''ਗੁੰਮ ਕਰਨ'' (ਕਤਲ ਕਰਨ) ਦੀਆਂ ਖਬਰਾਂ ਨਸ਼ਰ ਹੋਈਆਂ ਹਨ। ਹਥਿਆਰਬੰਦ ਬਲਾਂ ਵੱਲੋਂ ਢਾਹੇ ਜਾ ਰਹੇ ਇਸ ਭਿਆਨਕ ਅੱਤਿਆਚਾਰ ਨੂੰ ਰੋਕਣ ਦੀ ਗੱਲ ਤਾਂ ਕੀ, ਮਨੀਪੁਰ ਦੀਆਂ ਸੂਬਾਈ ਸਰਕਾਰਾਂ ਇਸ ਕਤਲੇਆਮ 'ਤੇ ਪਰਦਾ ਪਾਉਣ ਦਾ ਰੋਲ ਨਿਭਾਉਂਦੀਆਂ ਰਹੀਆਂ ਹਨ ਅਤੇ ਇਉਂ ਇਸ ਵਿੱਚ ਭਾਗੀਦਾਰ ਹੁੰਦੀਆਂ ਰਹੀਆਂ ਹਨ। ਮਨੀਪੁਰ ਦੇ ਲੋਕਾਂ ਵੱਲੋਂ ਇਸ ਸਭ ਕੁੱਝ ਨੂੰ ਆਪਣੇ ਹੱਡੀਂ ਹੰਢਾਇਆ ਗਿਆ ਹੈ। ਜਿਸ ਕਰਕੇ, ਵਾਰ ਵਾਰ ਰਚੇ ਜਾਂਦੇ ਇਸ ਚੋਣ ਸਿਆਸਤ ਦੇ ਡਰਾਮੇ ਅਤੇ ਅਖੌਤੀ ਜਮਹੂਰੀ ਸਰਕਾਰਾਂ ਬਣਾਉਣ ਦੇ ਦੰਭ 'ਚੋਂ ਜਨਤਕ ਭਰਮ-ਮੁਕਤੀ ਦਾ ਅਮਲ ਚੱਲਿਆ ਹੈ।
ਇਸ ਭਰਮ ਮੁਕਤੀ ਦਾ ਹੀ ਨਤੀਜਾ ਹੈ ਕਿ ਮਨੀਪੁਰ ਦੇ ਲੋਕਾਂ ਵਿੱਚ ਇਰੋਮ ਸ਼ਰਮੀਲਾ ਦੇ ਇਸ ਦੰਭੀ ਚੋਣ-ਸਿਆਸਤ ਵਿੱਚ ਸ਼ਾਮਲ ਹੋਣ ਦੇ ਐਲਾਨ ਖਿਲਾਫ ਤਿੱਖਾ ਤੇ ਵਿਆਪਕ ਪ੍ਰਤੀਕਰਮ ਜਾਗਿਆ ਹੈ। ਇਹ ਐਲਾਨ ਕਰਨ ਤੋਂ ਪਹਿਲਾਂ ਇੱਕ ਮੇਤੇਈ ਹਥਿਆਰਬੰਦ ਜਥੇਬੰਦੀ ਕੰਗਲੇਈ ਯਾਵੋਲ ਕੰਨਾ ਅਤੇ ਕੰਗਲੇਈਪਾਕ ਕਮਿਊਨਿਸਟ ਪਾਰਟੀ (ਕੇ.ਸੀ.ਪੀ.) ਦੇ ਆਗੂਆਂ ਨਮੋਇਜ਼ਮ ਓਕਨ ਅਤੇ ਖੇਤਰਾ ਲਾਬਾ ਵੱਲੋਂ ਇਰੋਮ ਸ਼ਰਮੀਲਾ ਨੂੰ ''ਵੱਡੀ ਭੈਣ'' ਵਜੋਂ ਸੰਬੋਧਨ ਕਰਦਿਆਂ ਇਹ ਫੈਸਲਾ ਨਾ ਲੈਣ ਲਈ ਜ਼ੋਰ ਪਾਇਆ ਗਿਆ ਸੀ। ਇੱਕ ਵਿਦਵਾਨ ਅਤੇ ਕਾਰਕੁੰਨ ਮਾਲੇਮ ਨਿੰਗਥਾਊਜਾ ਵੱਲੋਂ ਕਿਹਾ ਗਿਆ ਹੈ ਕਿ ''ਮਨੀਪੁਰ ਦੇ ਲੋਕ ਭਾਰਤੀ ਚੋਣ ਸਿਆਸਤ 'ਤੇ ਭਰੋਸਾ ਨਹੀਂ ਕਰਦੇ। ਉਹ ਸੋਚਦੇ ਹਨ ਕਿ ਇਸ ਸਿਆਸਤ ਵਿੱਚ ਸ਼ਾਮਲ ਹੋ ਕੇ ਇਰੋਮ ਸ਼ਰਮੀਲਾ ਦਾ ਹਸ਼ਰ ਵੀ ਉਹੀ ਹੋਵੇਗਾ।'' ਸ਼ਰਮੀਲਾ ਦੇ ਨੇੜਲੇ ਸਹਾਇਕ ''ਹਿਊਮਨ ਰਾਈਟਸ ਅਲਰਟ ਮਨੀਪੁਰ'' ਦੇ ਡਾਇਰੈਕਟਰ ਲੋਇਤੌਂਗਬਮ ਵੱਲੋਂ ਵੀ ਉਸਦੇ ਫੈਸਲੇ ਦੇ ਉਲਟ ਰਾਇ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇੰਫਾਲ ਦੇ ਕੇਂਦਰ ਵਿੱਚ ਸਥਿਤ ਘਰੇਲੂ ਵਸਤਾਂ ਦੀ ਸਰਬ-ਔਰਤ ਮੰਡੀ ਇਮਾ ਕੀਥਲ ਵਿੱਚ ਔਰਤਾਂ ਵੱਲੋਂ ਵੀ ਇਰੋਮ ਸ਼ਰਮੀਲਾ ਦੇ ਚੋਣ ਸਿਆਸਤ ਵਿੱਚ ਦਾਖਲ ਹੋਣ ਦੇ ਫੈਸਲੇ ਦਾ ਸੁਆਗਤ ਨਹੀਂ ਕੀਤਾ ਗਿਆ। 
ਇਰੋਮ ਸ਼ਰਮੀਲਾ ਵੱਲੋਂ ਲਿਆ ਗਿਆ ਇਹ ਪਿਛਲਮੋੜ ਕਦਮ ਰੱਦ ਕਰਨਯੋਗ ਅਤੇ ਨਿੰਦਣਯੋਗ ਹੈ। ਪਰ ਉਸਦਾ ਇਹ ਕਦਮ ਕੋਈ ਓਪਰਾ ਅਤੇ ਅਣਹੋਣਾ ਕਦਮ ਨਹੀਂ ਹੈ। ਕਿਉਂਕਿ, ਇਰੋਮ ਸ਼ਰਮੀਲਾ ਇੱਕ ਨਿੱਕ-ਬੁਰਜੂਆ ਕੌਮਪ੍ਰਸਤ ਹੋਣ ਕਰਕੇ, ਜਿੱਥੇ ਡਾਵਾਂਡੋਲਤਾ ਉਸਦਾ ਕਿਰਦਾਰ ਸਮੋਇਆ ਲੱਛਣ ਹੈ, ਉੱਥੇ ਉਸ ਵੱਲੋਂ ਮਨੀਪੁਰ ਦੇ ਲੋਕਾਂ ਵੱਲੋਂ ਲੜੀ ਜਾ ਰਹੀ ਲਹੂ ਵੀਟਵੀਂ ਅਤੇ ਸਮੂਹਿਕ ਲੜਾਈ ਦਾ ਅੰਗ ਬਣਨ ਦੀ ਬਜਾਇ, ਆਪਣੇ ਵੱਲੋਂ ਇੱਕ ਵੱਖਰਾ ਸੰਘਰਸ਼ ਰਾਸਤਾ ਅਖਤਿਆਰ ਕੀਤਾ ਗਿਆ। ਸੰਘਰਸ਼ ਦਾ ਇਹ ਢੰਗ ਇੱਕ ਵਿਅਕਤੀਵਾਦੀ, ਅਮਨਪੂਰਵਕ ਅਤੇ ਸੰਵਿਧਾਨ ਦੀਆਂ ਹੱਦਾਂ ਨੂੰ ਨਾ ਉਲੰਘਣ ਵਾਲਾ ਸੀ। ਇਉਂ, ਇਹ ਮਹਾਤਮਾ ਗਾਂਧੀ ਵੱਲੋਂ ਵਿਅਕਤੀਗਤ ਅਤੇ ਸ਼ਾਂਤੀਵਾਦੀ ਸਤਿਆਗ੍ਰਹਿ ਤੋਂ ਕੋਈ ਵੱਖਰਾ ਢੰਗ ਨਹੀਂ ਸੀ। ਅਜਿਹੇ ਢੰਗ ਰਾਹੀਂ ਭਾਰਤੀ ਹਾਕਮਾਂ ਦੀ ਪਿਛਾਖੜੀ ਜ਼ਮੀਰ ਨੂੰ ਝੰਜੋੜਨ, ਉਹਨਾਂ 'ਤੇ ਕੋਈ ਨੈਤਿਕ ਦਬਾਓ ਬਣਾਉਣ ਅਤੇ ਅਫਸਪਾ ਵਾਪਸ ਲੈਣ ਲਈ ਮਜਬੂਰ ਕਰਨ ਲਈ ਉਸ ਵੱਲੋਂ ਪਾਲਿਆ ਗਿਆ ਭਰਮ ਵੀ ਇਰੋਮ ਸ਼ਰਮੀਲਾ ਦੇ ਭਾਰਤ ਦੀ ਨਕਲੀ ਜਮਹੂਰੀਅਤ ਅਤੇ ਦੰਭੀ ਚੋਣ ਸਿਆਸਤ ਬਾਰੇ ਅਸਪੱਸ਼ਟਤਾ ਅਤੇ ਭਰਮ ਦਾ ਹੀ ਇਜ਼ਹਾਰ ਸੀ। ਚਾਹੇ ਹੱਕ ਸੱਚ ਲਈ ਲੜ ਰਹੇ ਮਨੀਪੁਰ ਅਤੇ ਮੁਲਕ ਭਰ ਦੇ ਸੰਘਰਸ਼ਸ਼ੀਲ ਲੋਕਾਂ ਅਤੇ ਸੰਸਾਰ ਭਰ ਦੇ ਹੱਕੀ ਸੰਗਰਾਮ ਦੇ ਰਾਹ ਪਏ ਲੋਕਾਂ ਵੱਲੋਂ ਉਸ ਨੂੰ ਮਿਲੇ ਹੁੰਗਾਰੇ, ਆਦਰ-ਮਾਣ ਅਤੇ ਪਛਾਣ ਨੇ ਵਰਤ ਜਾਰੀ ਰੱਖਣ ਦੀ ਉਸਦੀ ਇੱਛਾ-ਸ਼ਕਤੀ, ਦ੍ਰਿੜ•ਤਾ ਅਤੇ ਸਿਰੜ ਨੂੰ ਬਲ ਬਖਸ਼ਿਆ, ਜਿਸਦੇ ਸਿੱਟੇ ਵਜੋਂ ਉਸ ਵੱਲੋਂ ਭਾਰਤੀ ਹਾਕਮਾਂ ਦੇ ਜਾਬਰਾਨਾ ਰਵੱਈਏ, ਬਦਸਲੂਕ ਅਤੇ ਖੜ•ੀਆਂ ਕੀਤੀਆਂ ਗਈਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਸੋਲਾਂ ਸਾਲ ਆਪਣੇ ਫੈਸਲੇ 'ਤੇ ਪੁੱਗਣ ਦਾ ਦਮਖਮ ਬਾਖੂਬੀ ਦਿਖਾਇਆ ਗਿਆ, ਪਰ ਇਸ ਪੜਾਅ 'ਤੇ ਆ ਕੇ ਭਾਰਤੀ ਹਾਕਮਾਂ ਵੱਲੋਂ ਉਸਦੀ ਮੰਗ 'ਤੇ ਭੋਰਾ ਭਰ ਵੀ ਕੰਨ ਨਾ ਧਰਨ ਅਤੇ ਟੱਸ ਤੋਂ ਮੱਸ ਨਾ ਹੋਣ ਨਾਲ ਉਸ ਵੱਲੋਂ ਪਾਲੇ ਗਏ ਭਰਮ ਦਾ ਰੇਤ ਵਾਂਗੂ ਕਿਰਨ ਦਾ ਅਮਲ ਵੀ ਸ਼ੁਰੂ ਹੋ ਗਿਆ। ਇਹ ਭਰਮ-ਮੁਕਤੀ ਵੀ ਉਸ ਨੂੰ ਇਹ ਯਕੀਨ ਹੋ ਜਾਣ ਤੱਕ ਸੀਮਤ ਹੈ ਕਿ ਉਸਦੇ ਵਰਤ ਦਾ ਭਾਰਤੀ ਹਾਕਮਾਂ 'ਤੇ ਕੋਈ ਅਸਰ ਨਹੀਂ ਪੈ ਸਕਦਾ। ਪਰ ਭਾਰਤ ਦੀ ਨਕਲੀ ਜਮਹੂਰੀਅਤ ਅਤੇ ਚੋਣ-ਢਕਵੰਜ ਬਾਰੇ ਅਸਪੱਸ਼ਟਤਾ ਅਤੇ ਭਰਮ ਤੋਂ ਮੁਕਤ ਹੋਣ ਦਾ ਅਮਲ ਨਹੀਂਂ ਚੱਲਿਆ। ਸਿਟੇ ਵਜੋਂ ਉਸ ਅੰਦਰ ਆਪਣੇ ਵੱਲੋਂ ਚਲਾਏ ਇਸ ਵਿਅਕਤੀਗਤ ਸਤਿਆਗ੍ਰਹਿ ਰੂਪੀ ਸੰਘਰਸ਼ ਦੀ ਨਿਹਫਲਤਾ ਅਤੇ ਨਿਰਾਸ਼ਾ ਦੇ ਅਹਿਸਾਸ ਨੇ ਸਿਰ ਚੁੱਕਿਆ, ਜਿਸਦੇ ਫੈਲਣ-ਪਸਰਨ ਨੇ ਉਸਦੀ ਨਿੱਕ-ਬੁਰਜੂਆ ਡਾਵਾਂਡੋਲਤਾ ਦੇ ਲੱਛਣ ਨੂੰ ਆਰ ਲਾਈ। ਇਸ ਨਾਲ ਉਸ ਅੰਦਰ ਨਿੱਕ-ਬੁਰਜੂਆ ਲਾਲਸਾਵਾਂ ਦੇ ਉੱਸਲਵੱਟੇ ਲੈਣ ਅਤੇ ਆਪਣੀ ਸਖਸ਼ੀ ਪ੍ਰਸਿੱਧੀ, ਪਛਾਣ ਅਤੇ ਆਦਰ-ਮਾਣ ਨੂੰ ਦੰਭੀ ਚੋਣ ਸਿਆਸਤ ਰਾਹੀਂ ਹਕੂਮਤੀ ਕੁਰਸੀ ਦੀ ਖੱਟੀ ਵਿੱਚ ਤਬਦੀਲ ਕਰਨ ਦਾ ਭਰਮ ਪਾਲਿਆ ਗਿਆ।
ਅੰਤ, ਉਪਰੋਕਤ ਭਰਮ ਦੀ ਧੁੱਸ ਦਾ ਸ਼ਿਕਾਰ ਹੋ ਕੇ ਜਿਥੇ ਇਰੋਮ ਸ਼ਰਮੀਲਾ ਦਾ ਇਹ ਪਿਛਲਮੋੜ ਕਦਮ ਇੱਕ ਨਾਂਹ-ਪੱਖੀ ਕਦਮ ਹੈ, ਹੱਕ-ਸੱਚ ਲਈ ਲੜ ਰਹੇ ਮੁਲਕ ਦੇ ਲੋਕਾਂ, ਵਿਸ਼ੇਸ਼ ਕਰਕੇ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਲਈ ਜੂਝ ਰਹੀਆਂ ਲਹਿਰਾਂ ਲਈ ਕਿਸੇ ਹੱਦ ਤੱਕ ਹਰਜ਼ਾ-ਪੁਚਾਊ ਕਦਮ ਹੈ ਅਤੇ ਭਾਰਤੀ ਹਾਕਮਾਂ ਵੱਲੋਂ ਮੁਲਕ ਦੀ ਪਿਛਾਖੜੀ ਚੋਣ-ਸਿਆਸਤ ਬਾਰੇ ਭਰਮ ਭੁਲੇਖਿਆ ਦਾ ਛਿੱਟਾ ਦੇਣ ਵਿੱਚ ਸਹਾਈ ਹੋਣ ਵਾਲਾ ਕਦਮ ਹੈ, ਉੱਥੇ ਕੌਮੀ ਮੁਦਮੁਖਤਿਆਰੀ ਅਤੇ ਆਪਾ-ਨਿਰਣੇ ਦੇ ਹੱਕ ਅਤੇ ਅਫਸਪਾ ਖਿਲਾਫ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਮਨੀਪੁਰ ਦੀ ਜਨਤਾ ਵੱਲੋਂ ਇਰੋਮ ਸ਼ਰਮੀਲਾ ਦੇ ਇਸ ਪਿਛਲਮੋੜ ਕਦਮ ਖਿਲਾਫ ਸਾਹਮਣੇ ਆਇਆ ਸੰਗਰਾਮੀ ਪ੍ਰਤੀਕਰਮ ਇਹ ਤਸੱਲੀ ਬੰਨ•ਾਉਂਦਾ ਹੈ ਕਿ ਇਰੋਮ ਸ਼ਰਮੀਲਾ ਦਾ ਨਿਰਾਸ਼ਾਜਨਕ ਫੈਸਲਾ ਭਾਰਤੀ ਹਾਕਮਾਂ  ਵੱਲੋਂ ਮਨੀਪੁਰ ਦੀ ਜਨਤਾ ਦੀਆਂ ਜੁਝਾਰ ਸਫਾਂ ਅੰਦਰ ਗੰਧਲਚੌਂਦੇ ਅਤੇ ਤਰੇੜਾਂ ਪਾਉਣ ਦੇ ਮਨਸੂਬਿਆਂ ਦੀ ਪੂਰਤੀ ਦਾ ਇੱਕ ਨਕਾਰਿਆ ਸੰਦ ਸਾਬਤ ਹੋਵੇਗਾ। 

ਸੁਰਖ਼ ਵਾਸਤੇ ਆਈ ਸਹਾਇਤਾ
1.  ਸਤੀਸ਼ ਕੁਮਾਰ ਭੈਣੀ ਮੀਆਂ 500
2.  ਕੁਲਵਿੰਦਰ 300
3.  ਗੁਰਮੇਲ ਸਿੰਘ 500
4.  ਬਲਵਿੰਦਰ ਸਿੰਘ 1000
5.  ਭਾਗ ਸਿੰਘ 
    (ਭਰਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ)  200
6.  ਨਿਰਮਲ 1000
7.  ਨਰਿੰਦਰ 500
8.  ਇੱਕ ਪਾਠਕ ਮੰਗੂਵਾਲ ਤੋਂ  1000
9.  ਵਰਿੰਦਰਜੀਤ ਜਾਗੋਵਾਲ ਬਾਂਗਰ (ਕਾਹਨੂੰਵਾਨ) 500
10. ਜਸਵੀਰ ਸਿੰਘ ਪੱਤਰਕਾਰ, 
     ਫੇਰੋਚੇਚੀ (ਕਾਹਨੂੰਵਾਨ) 500
11. ਇੱਕ ਪਾਠਕ ਮੂਣਕ ਤੋਂ 1000
12. ਕੇਵਲ ਖੋਖਰ ਅਤੇ ਅਮਰੀਕ ਖੋਖਰ ਵੱਲੋਂ
     ਆਪਣੇ ਪਿਤਾ ਦੇ ਭੋਗ ਸਮਾਗਮ 'ਤੇ 500
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹੈ।'

No comments:

Post a Comment