ਪੰਜਾਬੀ ਨਾਵਲ-ਰਚਨਾ ਦੇ ਨਵੇਂ ਦਿਸਹੱਦਿਆਂ ਨੂੰ ਛੂਹਣ ਵਾਲੇ
ਗੁਰਦਿਆਲ ਸਿੰਘ ਨਹੀਂ ਰਹੇ
-ਨਵਜੋਤਪ੍ਰੋ. ਗੁਰਦਿਆਲ ਸਿੰਘ 16 ਅਗਸਤ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ। ਉਹ ਪੰਜਾਬੀ ਸਾਹਿਤ-ਸੰਸਾਰ ਦੀ ਇੱਕ ਕੱਦਾਵਰ ਸਖਸ਼ੀਅਤ ਸਨ। ਉਹਨਾਂ ਵੱਲੋਂ ਨਾਵਲਾਂ, ਕਹਾਣੀਆਂ, ਲੇਖਾਂ-ਨਿਬੰਧਾਂ, ਬਾਲ-ਸਾਹਿਤ ਦੇ ਰੂਪ ਵਿੱਚ ਪੰਜਾਬੀ ਸਾਹਿਤ ਭੰਡਾਰ ਨੂੰ ਬਹੁਮੁੱਲੀਆਂ ਅਤੇ ਅਮਰ ਰਚਨਾਵਾਂ ਦਿੱਤੀਆਂ ਗਈਆਂ ਹਨ। ਉਹਨਾਂ ਦੇ ਤੁਰ ਜਾਣ ਨਾਲ ਨਾ ਸਿਰਫ ਉਹਨਾਂ ਦੇ ਪਰਿਵਾਰ ਅਤੇ ਸਕੇ-ਸਬੰਧੀਆਂ ਦੀ ਜ਼ਿੰਦਗੀ ਵਿੱਚ ਇੱਕ ਖਲਾਅ ਪੈਦਾ ਹੋਇਆ ਹੈ, ਸਗੋਂ ਪੰਜਾਬੀ ਸਾਹਿਤ ਸੰਸਾਰ ਨੂੰ ਵੀ ਵੱਡਾ ਘਾਟਾ ਪਿਆ ਹੈ, ਜਿਹੜਾ ਲੰਮੇ ਸਮੇਂ ਵਿੱਚ ਪੂਰਾ ਹੋਣਾ ਹੈ।
ਉਹਨਾਂ ਵੱਲੋਂ ਸਾਹਿਤ-ਰਚਨਾ ਦੀਆਂ ਕਈ ਵੰਨਗੀਆਂ 'ਤੇ ਆਪਣੀ ਕਲਮ ਨੂੰ ਅਜ਼ਮਾਇਆ ਗਿਆ ਅਤੇ ਕਾਬਲੇ-ਤਾਰੀਫ਼, ਨਰੋਈਆਂ ਅਤੇ ਉਸਾਰੂ ਸਾਹਿਤਕ ਕਿਰਤਾਂ ਦੀ ਸਿਰਜਣਾ ਕੀਤੀ ਗਈ। ਪਰ ਇਹ ਉਹਨਾਂ ਵੱਲੋਂ ਨਾਵਲ-ਰਚਨਾ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਅਤੇ ਰਚਨਾਤਮਿਕ ਕਲਾ ਦੇ ਨਵੇਂ ਦਿਸਹੱਦਿਆਂ ਨੂੰ ਛੂਹਣ ਦੀ ਬਦੌਲਤ ਹੀ ਸੀ ਕਿ ਉਹਨਾਂ ਦੀ ਪਛਾਣ ਪ੍ਰਸਿੱਧ ਨਾਵਲਕਾਰ ਵਜੋਂ ਉੱਭਰੀ ਅਤੇ ਸਥਾਪਤ ਹੋਈ। ਇਹ ਠੀਕ ਵੀ ਹੈ। ਇਹ ਉਹਨਾਂ ਦਾ ਨਾਵਲ-ਰਚਨਾ ਦਾ ਖੇਤਰ ਹੀ ਸੀ, ਜਿਸ ਅੰਦਰ ਉਹਨਾਂ ਵੱਲੋਂ ਨਾਵਲ ਰਚਨਾਤਮਿਕ ਕਲਾ ਦੇ ਪਿੜ ਅੰਦਰ ਅਜਿਹੀਆਂ ਪੈੜਾਂ ਪਾਈਆਂ ਗਈਆਂ, ਜਿਹੜੀਆਂ ਸੰਸਾਰ ਅੰਦਰ ਕਲਾਸਕੀ ਨਾਵਲ/ਵਾਰਤਿਕ ਸਾਹਿਤ ਦੇ ਖੇਤਰ ਵਿੱਚ ਟਾਮਸ ਹਾਰਡੀ, ਤਾਲਸਤਾਏ, ਚੈਖ਼ਵ, ਮੈਕਸਿਮ ਗੋਰਕੀ, ਮੌਪਾਸਾ ਵਰਗੇ ਸੰਸਾਰ ਪ੍ਰਸਿੱਧ ਲੇਖਕਾਂ ਵੱਲੋਂ ਪਾਈਆਂ ਗਈਆਂ। ਜਦੋਂ ਉਹਨਾਂ ਦਾ ਨਾਵਲ ''ਮੜੀ ਦਾ ਦੀਵਾ'' ਛਪ ਕੇ ਪਾਠਕਾਂ ਅਤੇ ਸਾਹਿਤ-ਪ੍ਰੇਮੀ ਹਲਕਿਆਂ ਕੋਲ ਪਹੁੰਚਿਆ, ਤਾਂ ਪੰਜਾਬ ਨਾਵਲ-ਰਚਨਾ ਦੇ ਖੇਤਰ ਵਿੱਚ ਇੱਕ ਨਵੇਂ ਅਤੇ ਨਿਵੇਕਲੇ ਦੌਰ ਦਾ ਆਗਾਜ਼ ਹੋਇਆ। ਉਹਨਾਂ ਵੱਲੋਂ ਆਪਣੀ ਨਾਵਲ ਰਚਨਾ ਦਾ ਮੁਹਾਣ ਦਲਿਤਾਂ ਅਤੇ ਲੁੱਟੇ-ਲਤਾੜੇ ਲੋਕਾਂ ਵੱਲ ਕੀਤਾ ਗਿਆ ਅਤੇ ਨਾਵਲ-ਬਿਰਤਾਂਤ ਦਾ ਹੱਡ-ਮਾਸ ਦੇ ਸੰਸਾਰ (ਸਮਾਜਿਕ ਯਥਾਰਤ) ਨਾਲ ਸੁਰਮੇਲ ਕੀਤਾ ਗਿਆ।
ਉਹਨਾਂ ਦੇ ਨਾਵਲ ਨਾ ਮਹਿਜ਼ ਕਲਪਨਾ ਰਾਹੀਂ ਉਤਾਰੇ ਪਾਤਰਾਂ ਦੀ ਕਹਾਣੀ ਹਨ ਅਤੇ ਨਾ ਹੀ ਮਹਿਜ਼ ਲੇਖਕ ਦੇ ਆਪਣੇ ਅੰਤਰਮੁਖੀ ਅਨੁਭਵਾਂ, ਆਸਾਂ-ਉਮੰਗਾਂ ਅਤੇ ਇੱਛਾਵਾਂ ਦੀ ਤਰਜਮਾਨੀ ਕਰਦੇ ਹਨ। ਉਹ ਸਮਾਜ ਅੰਦਰ ਲੁੱਟ-ਖੋਹ, ਧੱਕੇ-ਧੋੜਿਆਂ ਅਤੇ ਅਨਿਆ ਦੇ ਸ਼ਿਕਾਰ ਅਤੇ ਤੋੜੇ-ਭੰਨੇ ਹੱਡ-ਮਾਸ ਦੇ ਪਾਤਰਾਂ ਦੀ ਜੀਵਨ ਕਹਾਣੀ ਕਹਿੰਦੇ ਹਨ। ਸਮਾਜ ਅੰਦਰ ਜ਼ਿੰਦਗੀ ਦੀਆਂ ਕੌੜੀਆਂ ਅਤੇ ਤਲਖ ਹਕੀਕਤਾਂ ਨਾਲ ਦੋਚਾਰ ਹੋ ਰਹੇ ਇਹਨਾਂ ਪਾਤਰਾਂ ਦੇ ਵੱਖ ਵੱੱਖ ਅਨੁਭਵਾਂ, ਆਸਾਂ-ਉਮੰਗਾਂ, ਦੁੱਖਾਂ-ਦਰਦਾਂ, ਖੁਸ਼ੀਆਂ-ਗਮੀਆਂ, ਆਸਾ-ਨਿਰਾਸ਼ਾ ਦਾ ਕਮਾਲ ਦਾ ਬਿਰਤਾਂਤ ਬਣਦੇ ਹਨ। ਇਹ ਜ਼ਮੀਨ-ਜਾਇਦਾਦ 'ਤੇ ਉਸਰੇ ਉਹਨਾਂ ਰਿਸ਼ਤਿਆਂ ਦੀ ਉਲਝੀ ਤਾਣੀ ਨੂੰ ਖੋਲ•ਣ ਦੀ ਕੋਸ਼ਿਸ਼ ਕਰਨ ਦੀ ਕਹਾਣੀ ਪਾਉਂਦੇ ਹਨ, ਜਿਹੜੇ ਸਮਾਜਿਕ-ਆਰਥਿਕ ਮਜਬੂਰੀਆਂ ਅਤੇ ਲਾਲਚਾਂ-ਲਾਲਸਾਵਾਂ ਦੇ ਭਾਰ ਹੇਠ ਤਿੜਕ ਰਹੇ ਹਨ, ਉੱਖੜ ਰਹੇ ਹਨ ਅਤੇ ਟੁੱਟ-ਭੱਜ ਰਹੇ ਹਨ। ਇਹ ਉਹਨਾਂ ਰਵਾਇਤੀ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹਨ, ਜਿਹੜੀਆਂ ਸਮਾਜ ਅੰਦਰ ਪੈਸੇ ਅਤੇ ਲਾਲਚ ਦੇ ਵਧ ਰਹੇ ਦਖਲ ਨਾਲ ਖਿੰਡ-ਭੱਖਰ ਰਹੀਆਂ ਹਨ। ਉਹਨਾਂ ਦੇ ਪ੍ਰਸਿੱਧ ਨਾਵਲ ''ਮੜੀ ਦਾ ਦੀਵਾ'', ''ਅੰਨ•ੇ ਘੋੜੇ ਦਾ ਦਾਨ'', ''ਅਣਹੋਏ'' ਅਤੇ ਹੋਰ ਨਾਵਲ ਅਜਿਹੇ ਯਥਾਰਥਿਕ ਸੰਸਾਰ ਦੀ ਪੇਸ਼ਕਾਰੀ ਕਰਦੀਆਂ ਮਿਸਾਲੀ ਰਚਨਾਵਾਂ ਬਣਦੀਆਂ ਹਨ।
ਉਹਨਾਂ ਵੱਲੋਂ ਸਿਰਜਿਆ ਨਾਵਲ ''ਪਰਸਾ'' ਚਾਹੇ ਕਲਾਤਮਿਕ ਪੱਖ ਤੋਂ ਪਹਿਲੇ ਨਾਵਲਾਂ ਵਰਗਾ ਹੀ ਹੈ, ਪਰ ਵਿਸ਼ਾ-ਵਸ਼ਤੂ ਪੱਖੋਂ ਇਹ ਇੱਕ ਪਹਿਲਾਂ ਨਾਲੋਂ ਹਟਵੀਂ ਲੀਹ ਦੀ ਪੇਸ਼ਕਾਰੀ ਕਰਦਾ ਹੈ। ਇਹ ਇੱਕ ਪਰਸਾ ਨਾਂ ਦੇ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਹੜਾ ਵਿਅਕਤੀਗਤ ਮੜ•ਕ, ਆਜ਼ਾਦ ਬਿਰਤੀ, ਜੁਰਅੱਤ, ਸਿਰੜ ਅਤੇ ਸਦਾ ਚੜ•ਦੀ ਕਲਾ ਵਿੱਚ ਰਹਿਣ ਵਾਲੇ ਅਡੋਲ ਤੇ ਅਝੁੱਕ ਸੁਭਾਅ ਦੇ ਮਾਲਕ ਹੋਣ ਵਰਗੀਆਂ ਵਿਅਕਤੀਗਤ ਸਿਫਤਾਂ ਦਾ ਮਾਲਕ ਹੈ। ਇਹਨਾਂ ਸਿਫਤਾਂ ਦੇ ਦਮ 'ਤੇ ਉਹ ਇਸ ਲੁੱਟ-ਖਸੁੱਟ 'ਤੇ ਆਧਾਰਤ ਜਮਾਤੀ ਸਮਾਜ ਅੰਦਰ ਅਣਖ, ਸਵੈ-ਮਾਣ ਅਤੇ ਮੜਕ ਨਾਲ ਜਿਉਣਯੋਗ ਜ਼ਿੰਦਗੀ ਲਈ ਰਾਹ ਬਣਾਉਂਦਾ ਹੈ। ਇਕੱਲਾ ਹੀ ਇਸ ਲੋਕ-ਦੋਖੀ ਨਿਜ਼ਾਮ ਦੀਆਂ ਦੁਸ਼ਵਾਰੀਆਂ ਸੰਗ ਮੱਥਾ ਲਾਉਂਦਿਆਂ, ਜੇਤੂ ਅੰਦਾਜ਼ ਵਿੱਚ ਅੱਗੇ ਵਧਦਾ ਹੈ। ਇਉਂ, ਉਹ ਆਪਣੀ ਵਿਅਕਤੀਗਤ ਹੋਂਦ ਅਤੇ ਹੈਸੀਅਤ ਜਤਲਾਉਣ ਦਾ ਦਮਖਮ ਦਿਖਾਉਂਦਾ ਹੈ। ਪਰਸੇ ਦੇ ਮੁਕਾਬਲੇ ਉਹ ਹੋਰਨਾਂ ਪਾਤਰਾਂ ਨੂੰ ਹੰਭੇ, ਹਾਰੇ/ਡਿਗੇ ਦਿਖਾਉਂਦਾ ਹੈ, ਵਿਸ਼ੇਸ਼ ਕਰਕੇ ਨਕਸਲੀ ਪਾਤਰਾਂ ਦੇ ਰੂਪ ਵਿੱਚ ਨਕਸਲੀ ਲਹਿਰ ਨੂੰ ਵੀ। ਇਸ ਤਰ•ਾਂ ਉਸ ਵੱਲੋਂ ਆਪਣੀਆਂ ਵਿਅਕਤੀਗਤ ਸਿਫਤਾਂ ਦੇ ਜ਼ੋਰ ਸਮਾਜ ਦੀਆਂ ਨਾ-ਸਾਜਗਾਰ ਪ੍ਰਸਥਿਤੀਆਂ ਨਾਲ ਭਿੜਦੇ ਪਰਸੇ ਨੂੰ ਇੱਕ ਨਮੂਨੇ ਦੇ ਪਾਤਰ ਵਜੋਂ ਸਿਰਜਦਿਆਂ ਇੱਕ ਨਾਇਕ ਵਜੋਂ ਉਭਾਰਿਆ ਗਿਆ ਹੈ। ਇਹ ਨਾਵਲ ਦਾ ਨਾਇਕ ਅਤੇ ਸੁਨੇਹਾ ਨਾ ਸਮਾਜਿਕ ਯਥਾਰਥ ਨਾਲ ਮੇਲ ਖਾਂਦਾ ਹੈ ਅਤੇ ਨਾ ਹੀ ਲੋਕ-ਹਿਤੈਸ਼ੀ ਸੰਗਰਾਮ ਦੀ ਤਰਜਮਾਨੀ ਕਰਦੀ ਸਾਹਿਤ-ਕਲਾ ਨਾਲ ਮੇਲ ਖਾਂਦਾ ਹੈ।
ਉਹਨਾਂ ਵੱਲੋਂ ਤਕਰੀਬਨ 10 ਨਾਵਲਾਂ ਤੋਂ ਇਲਾਵਾ 10-11 ਕਹਾਣੀ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ ਗਏ ਹਨ। ਉਹਨਾਂ ਵੱਲੋਂ ਬਹੁਤ ਸਾਰੇ ਅਖਬਾਰੀ ਲੇਖਾਂ ਅਤੇ ਟਿੱਪਣੀਆਂ ਰਾਹੀਂ ਧੱਕੇ ਧੋੜਿਆਂ ਅਤੇ ਬੇਨਸਾਫੀ ਦੇ ਸ਼ਿਕਾਰ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਵੀ ਮਾਰਿਆ ਗਿਆ ਹੈ। ਲੋਕ-ਵਿਰੋਧੀ ਸਮਾਜਿਕ-ਸਿਆਸੀ ਵਰਤਾਰਿਆਂ ਦਾ ਪਾਜ ਉਘਾੜਿਆ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਜਮਹੂਰੀ ਅਧਿਕਾਰਾਂ ਦੇ ਹੱਕ ਵਿੱਚ ਉੱਠੀ ਆਵਾਜ਼ ਵਿੱਚ ਆਪਣੀ ਆਵਾਜ਼ ਰਲਾਉਣ ਲਈ ਵੀ ਕੋਸ਼ਿਸ਼ ਕੀਤੀਆਂ ਜਾਂਦੀਆਂ ਰਹੀਆਂ ਹਨ।
ਪੰਜਾਬੀ ਸਾਹਿਤ ਖੇਤਰ, ਵਿਸ਼ੇਸ਼ ਕਰਕੇ ਨਾਵਲ-ਰਚਨਾ ਦੇ ਖੇਤਰ ਵਿੱਚ ਗੁਰਦਿਆਲ ਸਿੰਘ ਦੀ ਰਚਨਾਤਮਿਕ ਅਤੇ ਸਿਰਜਣਾਤਮਿਕ ਕਲਾ ਦੇ ਪੱਖ ਤੋਂ ਉਹ ਲੋਕ-ਦਰਦੀ ਅਤੇ ਉਸਾਰੂ ਸਾਹਿਤ ਰਚਨਾ ਵਾਲੀ ਇੱਕ ਕੱਦਾਵਾਰ ਹੈਸੀਅਤ ਦੇ ਮਾਲਕ ਸਨ। ਚਾਹੇ ਉਹਨਾਂ ਵੱਲੋਂ ਰਚੇ ਸਾਹਿਤ, ਵਿਸ਼ੇਸ਼ ਕਰਕੇ ਨਾਵਲਾਂ ਅੰਦਰ ਅਧੂਰੇ ਸਮਾਜਿਕ ਯਥਾਰਥ ਨੂੰ ਹੀ ਛੂਹਿਆ ਗਿਆ ਹੈ। ਉਹਨਾਂ ਵੱਲੋਂ ਜਮਾਤੀ ਲੁੱਟ-ਖੋਹ, ਦਾਬੇ ਅਤੇ ਅਨਿਆਂ ਦੇ ਭੰਨੇ ਤੋੜੇ ਅਤੇ ਪ੍ਰਤੀਕਰਮ ਦੀਆਂ ਉੱਠਦੀਆਂ ਤਰੰਗਾਂ ਦੇ ਸਮਾਜ ਅੰਦਰ ਹੁੰਦੇ ਇਜ਼ਹਾਰਾਂ ਜਾਂ ਅਜਿਹੀਆਂ ਸੰਭਾਵਨਾਵਾਂ ਨੂੰ ਡਿਗਦਿਆਂ-ਢਹਿੰਦਿਆਂ ਸਾਕਾਰ ਕਰਨ ਲਈ ਆਹੁਲ ਰਹੇ ਪਾਤਰਾਂ ਨੂੰ ਰਚਨਾਤਮਿਕ ਮੂੰਹਾਂ ਦੇਣ ਅਤੇ ਸਪਸ਼ਟਤਾ ਤੇ ਨਿੱਡਰਤਾ ਨਾਲ ਪੇਸ਼ ਕਰਨ ਤੋਂ ਸੰਕੋਚ ਕੀਤਾ ਗਿਆ ਹੈ। ਸਮਾਜ ਅੰਦਰ ਸਾਰੇ ਜਗਸੀਰ ''ਜਗਸੀਰ'' ਵਾਂਗੂੰ ਹਾਰੇ-ਹੰਭੇ ਅਤੇ ਟੁੱਟੇ ਹੋਏ ਨਹੀਂ। ਜੈਤੋ, ਗੋਨਿਆਣੇ, ਬਠਿੰਡੇ ਅਤੇ ਮਾਲਵੇ ਅੰਦਰ ਵੀ ਅਣਗਿਣਤ ਬਥੇਰੇ ਜਗਸੀਰ ਸਨ, ਜਿਹਨਾਂ ਵੱਲੋਂ ਉਹਨਾਂ 'ਤੇ ਇਸ ਪਿਛਾਖੜੀ ਨਿਜ਼ਾਮ ਵੱਲੋਂ ਮੜੀ ਨਰਕੀ ਜ਼ਿੰਦਗੀ ਨੂੰ ਹਾਰਿਆਂ ਅਤੇ ਹੰਭਿਆਂ ਵਾਂਗ ਜੀਣ ਦੀ ਬਜਾਇ, ਸਵੈਮਾਣ ਅਤੇ ਅਣਖ ਨਾਲ ਜੀਣ ਦਾ ਸੁਪਨਾ ਸੰਜੋਇਆ ਗਿਆ ਅਤੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਇਨਕਲਾਬੀ ਨਾਬਰੀ ਅਤੇ ਰੋਹ ਦਾ ਭਬੂਕਾ ਬਣਨ ਦਾ ਰਾਹ ਚੁਣਿਆ ਗਿਆ ਅਤੇ ਅੱਜ ਵੀ ਚੁਣ ਰਹੇ ਹਨ। ਇਹ ਵੀ ਸਮਾਜ ਦੇ ਯਥਾਰਥ ਦਾ ਇੱਕ ਜਾਨਦਾਰ ਅਤੇ ਸ਼ਾਨਦਾਰ ਪੱਖ ਹੈ, ਜਿਹੜਾ ਜ਼ਿੰਦਗੀ ਨੂੰ ਬਦਸੂਰਤੀ ਅਤੇ ਬਦਹਾਲੀ ਦੇ ਆਲਮ 'ਚੋਂ ਕੱਢ ਕੇ ਖੂਬਸੂਰਤ ਅਤੇ ਖੇੜਿਆਂ ਭਰਪੂਰ ਜ਼ਿੰਦਗੀ ਸਿਰਜਣ ਲਈ ਲੁੱਟਿਆਂ-ਲਤਾੜਿਆਂ ਦੀ ਜੱਦੋਜਹਿਦ ਦਾ ਯਥਾਰਥ ਹੈ। ਗੁਰਦਿਆਲ ਸਿੰਘ ਹੋਰਾਂ ਦੀ ਰਚਨਾਤਮਿਕ ਕਲਾ-ਨੀਝ ਵੱਲੋਂ ਸਮਾਜਿਕ ਯਥਾਰਥ ਦੇ ਇਸ ਪੱਖ ਵੱਲ ਸਰਫਾ ਅਤੇ ਸੰਕੋਚ ਕਿਉਂ ਦਿਖਾਇਆ ਗਿਆ— ਇਸ ਗੱਲ ਨੂੰ ਪਾਸੇ ਛੱਡਦਿਆਂ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਯਥਾਰਥ ਦਾ ਇਹ ਪੱਖ ਵੀ ਉਹਨਾਂ ਦੀ ਰਚਨਾਤਮਿਕ ਕਲਾ-ਨੀਝ ਦੇ ਕਲਾਵੇ ਵਿੱਚ ਆ ਜਾਂਦਾ, ਤਾਂ ਉਹਨਾਂ ਦੀ ਹੋਰ ਵੀ ਸੰਭਾਵਨਾਵਾਂ ਭਰਪੂਰ ਸਾਹਿਤ-ਸਿਰਜਣਾ ਨੇ ਹੋਰ ਵੀ ਉਚੇਰੀਆਂ ਟੀਸੀਆਂ ਨੂੰ ਛੂਹਣ ਲਈ ਪਰਵਾਜ਼ ਭਰਨਾ ਸੀ।
No comments:
Post a Comment