Tuesday, 30 August 2016

ਕਸ਼ਮੀਰੀ ਲੋਕਾਂ ਦਾ ਫੁੱਟਿਆ ਰੋਹ


ਬੁਰਹਾਨ ਵਾਨੀ ਦੀ ਮੌਤ ਉਪਰੰਤ:
ਕਸ਼ਮੀਰੀ ਲੋਕਾਂ ਦਾ ਫੁੱਟਿਆ ਰੋਹ: ''ਆਜ਼ਾਦੀ'' ਦੀ ਜ਼ੋਰਦਾਰ ਤਾਂਘ ਦਾ ਪ੍ਰਗਟਾਵਾ
-ਦਲਜੀਤ
ਬੁਰਹਾਨ ਵਾਨੀ ਦੀ ਮੌਤ ਦੀ ਖਬਰ ਜਾਰੀ ਹੁੰਦੇ ਸਾਰ ਹੀ ਸਾਰੀ ਕਸ਼ਮੀਰ ਵਾਦੀ ਵਿੱਚ ਇੱਕ ਤਕੜਾ ਜਨ-ਉਭਾਰ ਉੱਠ ਖੜ•ਾ ਹੋਇਆ। ਭਾਰਤੀ ਫੌਜ ਨੇ ਸਮੁੱਚੀ ਵਾਦੀ ਵਿੱਚ ਹੀ ਨਾ ਸਿਰਫ ਅਣ-ਮਿਥੇ ਸਮੇਂ ਦਾ ਕਰਫਿਊ ਮੜ• ਦਿੱਤਾ ਬਲਕਿ ਸਾਰੇ ਹੀ ਸ਼ਹਿਰਾਂ, ਕਸਬਿਆਂ, ਸੜਕਾਂ, ਚੌਕਾਂ ਤੇ ਗਲੀ-ਮੁਹੱਲਿਆਂ ਵਿੱਚ ਫੌਜੀ ਧਾੜ•ਾਂ ਝੋਕ ਦਿੱਤੀਆਂ। ਪੁਲਸ-ਫੌਜ ਨੇ ਬੇਸ਼ੱਕ ਲੱਖ ਯਤਨ ਕੀਤੇ ਪਰ ਫੇਰ ਵੀ ਆਖਰੀ ਸਮੇਂ ਉਸਦੇ ਜਨਾਜੇ ਵਿੱਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋ ਚੁੱਕੇ ਸਨ ਜਦੋਂ ਕਿ 2 ਲੱਖ ਦੇ ਕਰੀਬ ਲੋਕਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕਰਫਿਊ, ਗੋਲੀ, ਅੱਥਰੂ ਗੈਸ, ਪੈਲਟ-ਗੰਨਾਂ ਆਦਿ ਨਾਲ ਡੱਕਿਆ ਗਿਆ, ਪਰ ਲੋਕ ਇੱਕ-ਦੂਜੇ ਤੋਂ ਮੂਹਰੇ ਹੋ ਹੋ ਹਿੱਕਾਂ ਵਿੱਚ ਗੋਲੀਆਂ ਖਾਣ ਲਈ ਜੂਝਦੇ ਰਹੇ। ਇਸ ਦਿਨ ਇੱਕ ਦਰਜ਼ਨ ਦੇ ਕਰੀਬ ਲੋਕ ਮਾਰੇ ਗਏ, ਦਰਜ਼ਨਾਂ ਹੀ ਅੱਖਾਂ ਦੀ ਲੋਅ ਗੁਆ ਬੈਠੇ, ਸੈਂਕੜਿਆਂ ਨੂੰ ਹਸਪਤਾਲ ਜਾਣਾ ਪਿਆ ਅਤੇ ਹਜ਼ਾਰਾਂ ਨੂੰ ਹੋਰਨਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। 8 ਜੁਲਾਈ ਤੋਂ ਹੁਣ ਤੱਕ (ਡੇਢ ਮਹੀਨੇ ਬਾਅਦ) 6 ਦਰਜ਼ਨ ਦੇ ਕਰੀਬ ਮੌਤਾਂ ਹੋਣ ਉਪਰੰਤ ਅਜੇ ਵੀ ਕਸ਼ਮੀਰ ਕਰਫਿਊ ਅਤੇ ਗੋਲੀਬਾਰੀ ਦੀ ਮਾਰ ਹੇਠ ਵਿਚਰ ਰਿਹਾ ਹੈ। 
ਬੁਰਹਾਨ ਵਾਨੀ ਦੀ ਮੌਤ ਉਪਰੰਤ ਫੁੱਟਿਆ ਇਹ ਲੋਕ-ਵਿਦਰੋਹ ਸਿਰਫ ਇਸੇ ਕੁੱਝ ਦਾ ਪ੍ਰਗਟਾਵਾ ਨਹੀਂ ਕਿ ਉਹ ਇੰਟਰਨੈਂਟ ਦੀ ਬਾਖੂਬੀ ਵਰਤੋਂ ਕਰਦਾ ਸੀ ਜਾਂ ਫੇਰ ਸਿਰਫ ਇੱਕ ਚੜ•ਦੀ ਉਮਰ ਵਾਲਾ ਜੰਗਜੂ, ਬਹਾਦਰ ਜਾਂ ਖਾੜਕੂ ਨੌਜਵਾਨ ਸੀ, ਬਲਕਿ ਬੁਰਹਾਨ ਤਾਂ ਸਮੁੰਦਰ ਵਿੱਚ ਤੈਰਦੇ ਕਿਸੇ ਵੱਡੇ ਤੋਦੇ ਦੀ ਸਿਰਫ ਚੋਟੀ ਮਾਤਰ ਹੀ ਸੀ ਜੋ ਉੱਪਰੋਂ ਭਾਵੇਂ ਛੋਟੀ ਹੀ ਦਿਖਾਈ ਦਿੰਦੀ ਹੋਵੇ ਪਰ ਜਿਸਨੇ ਪਾਣੀ ਵਿੱਚ ਵਿਸ਼ਾਲ ਆਕਾਰ ਹਾਸਲ ਕੀਤਾ ਹੁੰਦਾ ਹੈ। ਬੁਰਹਾਨ ਵਾਨੀ ਦੇ ਉਦੇਸ਼ ਬਾਰੇ ਦੱਸਦੇ ਹੋਏ ਉਸਦੇ ਪਿਤਾ ਨੇ ਆਖਿਆ ਕਿ ''ਉਸਦਾ ਉਦੇਸ਼ ਭਾਰਤ ਤੋਂ ਆਜ਼ਾਦੀ ਹੈ। ਇਹ ਉਸਦਾ ਹੀ ਨਹੀਂ ਬਲਕਿ ਹਰ ਕਿਸੇ ਦਾ ਉਦੇਸ਼ ਹੈ— ਮੇਰਾ ਵੀ ਹੈ।'' (23 ਨਵੰਬਰ, 2015 ਹਿੰਦੋਸਤਾਨ ਟਾਈਮਜ਼)
ਇਸ ਸਮੇਂ ਕਸ਼ਮੀਰੀ ਲੋਕਾਂ ਵਿੱਚ ਖਾਸ ਕਰਕੇ ਨੌਜਵਾਨਾਂ ਵਿੱਚ ਫੁੱਟਿਆ ਰੋਹ ਉਸ ਮਾਹੌਲ ਦੀ ਪ੍ਰਤੀਕਿਰਿਆ ਹੈ, ਜੋ ਭਾਰਤੀ ਹਾਕਮਾਂ ਅਤੇ ਇਹਨਾਂ ਦੇ ਕਸ਼ਮੀਰ ਵਿਚਲੇ ਪਿਛਲੱਗਾਂ ਨੇ ਪੈਦਾ ਕੀਤਾ ਹੋਇਆ ਹੈ। ਹਾਲੇ ਸਾਲ ਕੁ ਪਹਿਲਾਂ ਹੀ ਕਸ਼ਮੀਰੀ ਲੋਕਾਂ ਵੱਲੋਂ ਵਾਦੀ ਵਿੱਚ ਭਾਜਪਾ ਵੱਲੋਂ ਵਧਾਏ ਜਾ ਰਹੇ ਕਦਮਾਂ ਨੂੰ ਠੱਲ• ਪਾਉਣ ਦੀ ਖਾਤਰ ਪੀਪਲਜ਼ ਡੈਮੋਕਰੇਟਿਕ ਪਾਰਟੀ ਨੂੰ ਤਕੜੀ ਹਮਾਇਤ ਵੀ ਕੀਤੀ ਗਈ ਸੀ, ਪਰ ਜਦੋਂ ਇਹ ਪਾਰਟੀ ਖੁਦ ਆਪ ਹੀ ਭਾਜਪਾ ਦੀ ਹੱਥਠੋਕਾ ਬਣ ਕੇ ਰਹਿ ਗਈ ਤਾਂ ਲੋਕਾਂ ਨੇ ਇਸ ਨੂੰ ਬੁਰੀ ਤਰ•ਾਂ ਦੁਰਕਾਰ ਦਿੱਤਾ। 
ਕਸ਼ਮੀਰੀ ਲੋਕ ਗੁਲਾਮੀ, ਜਲਾਲਤ, ਜਬਰ-ਜ਼ੁਲਮ ਨੂੰ ਉਦੋਂ ਤੋਂ ਝੱਲਦੇ ਆ ਰਹੇ ਹਨ, ਜਦੋਂ ਤੋਂ ਕਸ਼ਮੀਰ ਉੱਪਰ ਭਾਰਤੀ ਫੌਜ ਨੇ ਕਬਜ਼ਾ ਕੀਤਾ ਹੈ। ਇਸ ਸਬੰਧੀ ਮਈ 2016 ਵਿੱਚ ਇਤਿਹਾਸਕਾਰ ਏ.ਜੀ. ਨੂਰਾਨੀ ਨੇ 'ਫਰੰਟਲਾਈਨ'  ਵਿੱਚ ਲਿਖੇ ਇੱਕ ਲੇਖ ਵਿੱਚ ਦਰਸਾਇਆ ਹੈ ਕਿ ''ਇਹ ਗੱਲ ਜੱਗ ਜ਼ਾਹਰ ਹੈ ਕਿ ਭਾਰਤ ਨੇ ਸ਼ੇਖ ਅਬਦੁੱਲਾ ਨੂੰ ਸੱਤਾ ਤੋਂ ਬਾਹਰ ਕੱਢਣ ਉਪਰੰਤ ਰਾਜ ਵਿੱਚ ਆਪਣੀ ਪਕੜ ਨੂੰ ਮਜਬੂਤ ਬਣਾਇਆ ਹੈ। ਪਰ ਅੱਜ, ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਕੌੜੀਆਂ ਹਕੀਕਤਾਂ ਸਾਹਮਣੇ ਆਈਆਂ ਹਨ, ਜਿਹਨਾਂ ਨੂੰ ਦੇਖ ਕੇ ਕਈਆਂ ਦੇ ਕਲੇਜੇ ਹੌਲ ਪੈਣਗੇ ਕਿ ਨਾ ਸਿਰਫ ਕਸ਼ਮੀਰੀ ਕੌਮਵਾਦ ਜਿੰਦਾ ਹੀ ਹੈ ਸਗੋਂ ਨਵੀਂ ਦਿੱਲੀ ਦੀਆਂ ਜਾਬਰ ਨੀਤੀਆਂ ਅਤੇ ਫੌਜ ਦੇ ਸਿਰੇ ਦੇ ਜ਼ੁਲਮਾਂ ਦੇ ਬਾਵਜੂਦ ਵਧਦਾ ਜਾ ਰਿਹਾ ਹੈ। ਭਾਰਤੀ ਹਕੂਮਤ, ਇਸਦਾ ਭਾਰੂ ਮੀਡੀਆ, ਖਾਸ ਕਰਕੇ ਟੈਲੀਵੀਜ਼ਨ, ਬੁੱਧੀਜੀਵੀ ਅਤੇ ਕਸ਼ਮੀਰ ਵਿਚਲੇ ਇਸਦੇ ਧੂਤੂ, ਦਿੱਲੀ ਵੱਲੋਂ ਸੁੱਟੇ ਗਏ ਟੁਕੜਿਆਂ 'ਤੇ ਪਲਣ ਵਾਲੇ ਟੁੱਕੜਬੋਚ ਹਨ, ਜਿਹੜੇ ਝਿੜਕ ਦਿੱਤੇ ਜਾਣ 'ਤੇ ਦੜ ਵੱਟ ਜਾਂਦੇ ਹਨ। ਹਕੀਕਤ ਬਰਦਾਸ਼ਤ ਕਰਨੋਂ ਬਾਹਰੀ ਹੋ ਚੁੱਕੀ ਹੈ— ਭਾਰਤ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਦੇ ਉਲਟ ਹਕੂਮਤ ਮੜ• ਰਿਹਾ ਹੈ। ਉਹ ਭਾਰਤੀ ਹਕੂਮਤ ਦੀ ਕਿਸੇ ਵੀ ਵਾਜਬੀਅਤ ਨੂੰ ਰੱਦ ਕਰਦੇ ਹਨ।''
ਕਸ਼ਮੀਰ ਸਬੰਧੀ ਜੋ ਕੁੱਝ ਉੱਪਰ ਲਿਖਿਆ ਗਿਆ ਹੈ, ਉਹ ਹੀ ਸੱਚ ਨਹੀਂ ਬਲਕਿ ਹੁਣ ਤੋਂ ਕੋਈ 6 ਦਹਾਕੇ ਪਹਿਲਾਂ ਵੀ ਸਥਿਤੀ ਇਹੋਜਿਹੀ ਹੀ ਸੀ— ਜਿਸ ਸਬੰਧੀ ਜੈ ਪ੍ਰਕਾਸ਼ ਨਰਾਇਣ ਨੇ ਲਿਖਿਆ ਸੀ:  ''ਜਿੰਨੀ ਵੀ ਹੁਣ ਤੱਕ ਮੈਨੂੰ ਜਾਣਕਾਰੀ ਹੈ ਉਸ ਮੁਤਾਬਕ 95 ਫੀਸਦੀ ਕਸ਼ਮੀਰੀ ਮੁਸਲਮਾਨ ਭਾਰਤੀ ਨਾਗਰਿਕ ਬਣੇ/ਰਹਿਣਾ ਨਹੀਂ ਚਾਹੁੰਦੇ। ਇਸ ਕਰਕੇ ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਉਹਨਾਂ ਨੂੰ ਧੱਕੇ ਨਾਲ ਆਪਣੇ ਨਾਲ 'ਰੱਖਣਾ' ਕੋਈ ਸਿਆਣਪ ਹੋਵੇਗੀ ਜਦੋਂ ਉਹ ਰਹਿਣਾ ਹੀ ਨਹੀਂ ਚਾਹੁੰਦੇ। ਇਹ ਸੰਭਵ ਨਹੀਂ, ਇਸਦੇ ਦੀਰਘ ਕਾਲੀ ਗੰਭੀਰ ਸਿਆਸੀ ਸਿੱਟੇ ਭੁਗਤਣੇ ਪੈਣਗੇ, ਭਾਵੇਂ ਕਿ ਇਹ ਫੌਰੀ ਤੌਰ 'ਤੇ ਨੀਤੀ ਅਨੁਸਾਰ ਢੁਕਵੇਂ ਅਤੇ ਲੋਕ ਇੱਛਾ ਨੂੰ ਖੁਸ਼ ਕਰਦੇ ਜਾਪਣ।'' (ਜੈ ਪ੍ਰਕਾਸ਼ ਨਰਾਇਣ ਦਾ ਨਹਿਰੂ ਨੂੰ ਪਹਿਲੀ ਮਈ 1956 ਨੂੰ ਲਿਖਿਆ ਪੱਤਰ)
ਇੱਕ ਹੋਰ ਲੇਖਕ ਨੇ ਵੀ ਆਖਿਆ ਸੀ ਕਿ, ''ਜੇਕਰ ਕਸ਼ਮੀਰ ਉਥੋਂ ਦੇ ਲੋਕਾਂ ਦੀ ਇੱਛਾ ਦੇ ਉਲਟ ਭਾਰਤ ਨਾਲ ਨੱਥੀ ਕੀਤਾ ਜਾਂਦਾ ਹੈ ਤਾਂ ਇੱਥੇ ਹਮੇਸ਼ਾਂ ਸਿਆਸੀ ਉਥਲ-ਪੁਥਲ ਜਾਰੀ ਰਹੇਗੀ।'' (ਪ੍ਰੇਮ ਨਾਥ ਬਜ਼ਾਜ਼, ਦਾ ਹਿਸਟਰੀ ਆਫ ਦਾ ਸਟਰੱਗਲ ਫਾਰ ਫਰੀਡਮ ਇਨ ਕਸ਼ਮੀਰ, ਪੰਪੋਸ਼ ਪਬਲੀਕੇਸ਼ਨਜ਼, 1954)
ਜੋ ਕੁੱਝ 2010 ਵਿੱਚ ਇੱਕ ਪੱਤਰਕਾਰ ਨੇ ਲਿਖਿਆ ਸੀ, ਉਹ ਵੀ ਸੱਚ ਹੈ ਕਿ, ''ਸੰਵਿਧਾਨਕ ਜੁਗਾੜ ਦੇ ਓਹਲੇ ਇਹ ਕੌੜੀ ਸਚਾਈ ਹੈ ਕਿ ਵਾਦੀ ਇੱਕ ਹਥਿਆਇਆ ਹੋਇਆ ਖੇਤਰ ਹੈ, ਇੱਕ ਦਿਨ ਵਾਸਤੇ ਵੀ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਟਾ ਲਿਆ ਜਾਵੇ ਤਾਂ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਅਗਲੇ ਹੀ ਪਲ ਕੀ ਵਾਪਰ ਜਾਵੇ।'' (ਅਸ਼ੋਕ ਮਿੱਤਰਾ, ਦਾ ਟੈਲੀਗ੍ਰਾਫ, 27 ਅਗਸਤ 2010)
ਜਿੱਥੇ ਏ.ਜੀ. ਨੂਰਾਨੀ ਸਮੇਤ ਅਨੇਕਾਂ ਲੇਖਕਾਂ ਨੇ ਭਾਰਤੀ ਹਾਕਮਾਂ ਅਤੇ ਕਸ਼ਮੀਰੀ ਲੋਕਾਂ ਦੇ ਪੱਖ ਨੂੰ ਸਹੀ ਸਹੀ ਪੇਸ਼ ਕੀਤਾ ਹੈ, ਉੱਥੇ ਭਾਰਤੀ ਹਾਕਮ ਆਪਣੇ ਉੱਤੇ ਤਰ•ਾਂ ਤਰ•ਾਂ ਦੇ ਬੁਰਕੇ ਪਾ ਕੇ ਆਪਣੇ ਦੰਭ ਨੂੰ ਛੁਪਾਉਣ ਲਈ ਹਰਬੇ ਵਰਤਦੇ ਰਹਿੰਦੇ ਹਨ। ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਦੀ ਜੰਗੇ-ਆਜ਼ਾਦੀ ਨੂੰ ਕੁਚਲਣ ਲਈ ਜੋ ਕੁੱਝ ਕੁਨਾਨ ਪੋਸ਼ਪੁਰਾ, ਹਜ਼ਰਤ ਬੱਲ ਦਰਗਾਹ, ਚਰਾਰੇ-ਸ਼ਰੀਫ ਜਾਂ ਸ਼ੋਪੀਆ ਆਦਿ ਵਿੱਚ ਕੀਤਾ, ਉਹ ਕਸ਼ਮੀਰੀ ਲੋਕਾਂ ਨੂੰ ਕਿਵੇਂ ਵੀ ਭੁਲਾਇਆ ਨਹੀਂ ਜਾ ਸਕਦਾ। ਅਪ੍ਰੈਲ 2003 ਵਿੱਚ ਭਾਰਤੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਪਾਰਲੀਮੈਂਟ ਨੂੰ ਦੱਸਿਆ ਸੀ ਕਿ ''ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਹ ਵਿਸ਼ਵਾਸ਼ ਦੁਆਉਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਹੀ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੀ ਇੱਛਾ ਰੱਖਦੇ ਹਾਂ- ਇਹ ਭਾਵੇਂ ਘਰੇਲੂ ਹੋਣ ਜਾਂ ਵਿਦੇਸ਼ੀ। ਇਹ ਗੱਲ ਮੈਂ ਜ਼ੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਗੋਲੀ ਰਾਹੀਂ ਕੋਈ ਮਸਲਾ ਹੱਲ ਨਹੀਂ ਹੋ ਸਕਦਾ, ਜਦੋਂ ਕਿ ਭਾਈਚਾਰਾ ਹੱਲ ਕਰ ਸਕਦਾ ਹੈ। ਮਸਲੇ ਹੱਲ ਕੀਤੇ ਜਾ ਸਕਦੇ ਹਨ ਜੇ ਅਸੀਂ ਇਨਸਾਨੀਅਤ, ਜਮਹੂਰੀਅਤ  ਅਤੇ ਕਸ਼ਮੀਰੀਅਤ  ਦੇ ਤਿੰਨ ਅਸੂਲਾਂ 'ਤੇ ਆਧਾਰਤ ਅੱਗੇ ਕਦਮ ਵਧਾਵਾਂਗੇ।''
ਪਰ ਸੰਨ 2008, 2010 ਅਤੇ ਫੇਰ 2013 ਵਿੱਚ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਉਪਰੰਤ ਤੇ ਹੁਣ ਬੁਰਹਾਨ ਵਾਨੀ ਦੀ ਸ਼ਹਾਦਤ ਉਪਰੰਤ ਭਾਰਤੀ ਹਕੂਮਤ ਨੇ ਜਿਹੜੀ 'ਇਨਸਾਨੀਅਤ', 'ਜਮਹੂਰੀਅਤ' ਅਤੇ ਕਸ਼ਮੀਰੀਅਤ' ਦੀ ਨੁਮਾਇਸ਼ ਲਗਾਈ ਹੈ, ਉਸਨੇ ਭਾਰਤੀ ਹਕੂਮਤ ਦੇ ਦੰਭ ਨੂੰ ਚੁਰਾਹੇ ਵਿੱਚ ਨੰਗਾ ਕੀਤਾ ਹੈ। ਪੈਲੇਟ ਬੰਦੂਕਾਂ ਰਾਹੀਂ ਇੱਕੋ ਹੀ ਸਮੇਂ 'ਤੇ ਸੈਂਕੜੇ ਛੱਰਿਆਂ ਵਾਲੇ ਰੌਂਦ ਦਾਗ਼ ਦਾਗ਼ ਕੇ ਜਿਸ ਤਰ•ਾਂ ਕਸ਼ਮੀਰੀ ਨੌਜਵਾਨਾਂ ਦੀਆਂ ਅੱਖਾਂ ਵਿੰਨੀਆਂ ਹਨ— ਇਹ ਵਰਤਾਰਾ ਨਾ ਕੋਈ ਪਹਿਲਾ ਤੇ ਨਵਾਂ ਹੈ ਨਾ ਹੀ ਆਖਰੀ। ਸੈਂਕੜੇ ਲੋਕਾਂ ਦੀਆਂ ਅੱਖਾਂ ਦੀ ਜੋਤ ਗੁਆਉਣ, ਗੋਲੀਆਂ ਨਾਲ ਭੁੰਨਣ ਅਤੇ ਜੇਲ•ਾਂ-ਥਾਣਿਆਂ ਵਿੱਚ ਤਸੀਹਿਆਂ ਰਾਹੀਂ ਪਿੰਜਣ ਤੇ ਘਾਣ ਕਰਨ ਦੇ ਕੁਕਰਮ ਭਾਰਤੀ ਹਾਕਮ ਦਹਾਕਿਆਂ ਤੋਂ ਹੀ ਕਰਦੇ ਆ ਰਹੇ ਹਨ। ''ਗੋਲੀ ਰਾਹੀਂ ਕੋਈ ਮਸਲਾ ਹੱਲ ਨਹੀਂ ਹੋ ਸਕਦਾ'' ਕਹਿਣ ਵਾਲੇ ਭਾਜਪਾਈ ਹਾਕਮ ਗੋਲੀ ਨਾਲ ਹੀ ਕਸ਼ਮੀਰੀ ਮਸਲੇ ਨੂੰ ਦਬਾਉਣ ਦਾ ਭਰਮ ਪਾਲ਼ੀ ਬੈਠੇ ਹਨ।
ਕਸ਼ਮੀਰ ਦਾ ਮਸਲਾ ਸਿਆਸੀ ਮਸਲਾ ਹੈ। ਇਹ ਉਸ ਵਾਸਤੇ ਆਜ਼ਾਦੀ ਅਤੇ ਖੁਦਮੁਖਤਿਆਰੀ ਦਾ ਮਸਲਾ ਹੈ। ਇਸ ਮਸਲੇ ਵਿੱਚ ਭਾਰਤੀ ਅਤੇ ਪਾਕਿਸਤਾਨੀ ਹਾਕਮ ਮੁਜ਼ਰਿਮ ਬਣਦੇ ਹਨ, ਜਿਹਨਾਂ ਨੇ ਇੱਕ ਵੱਖਰੇ ਮੁਲਕ ਵਜੋਂ ਵਿਚਰਦੇ ਕਸ਼ਮੀਰ 'ਤੇ ਕਬਜ਼ਾ ਕਰਕੇ ਆਪੋ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ। ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਨਾਲ ਧੋਖੇ ਅਤੇ ਦੰਭ ਦੀ ਇੱਕ ਖੇਡ ਖੇਡੀ ਹੈ। 1947 ਵਿੱਚ ਕਸ਼ਮੀਰ ਦੇ ਭਵਿੱਖ ਸਬੰਧੀ ਭਾਰਤੀ ਹਾਕਮਾਂ ਨੇ ਰਾਏ-ਸ਼ੁਮਾਰੀ ਕਰਵਾ ਕੇ ਫਤਵਾ ਲੈਣ ਦੇ ਕੌਲ-ਇਕਰਾਰ ਕੀਤੇ ਸਨ- ਉਹਨਾਂ ਤੋਂ ਮੁੱਕਰਿਆ ਗਿਆ ਹੈ। 
ਕਸ਼ਮੀਰੀ ਲੋਕਾਂ ਲਈ ''ਜਮਹੂਰੀਅਤ'' ਦਾ ਮਤਲਬ ਉਹਨਾਂ ਦੀ ਆਪਣੀ ਕੌਮ ਦੀ ਸਿਆਸੀ ਹੋਣੀ ਨੂੰ ਆਪਣੀ ਜਮਹੂਰੀ ਰਜ਼ਾ ਰਾਹੀਂ ਤਹਿ ਕਰਨ ਦੇ ਹੱਕ ਨੂੰ ਪ੍ਰਵਾਨ ਕਰਨਾ ਅਤੇ ਰਾਇ-ਸ਼ੁਮਾਰੀ ਕਰਵਾਉਣਾ ਹੈ। ਇਸ ਨੂੰ ਰੱਦ ਕਰਕੇ ਉੱਥੇ ਫੌਜੀ ਰਾਜ ਮੜ• ਕੇ ਚੋਣ ਸਟੰਟ ਰਚਣਾ ਕਸ਼ਮੀਰੀ ਲੋਕਾਂ ਲਈ ਅਖੌਤੀ ਜਮਹੂਰੀਅਤ ਦਾ ਮਹਿਜ਼ ਇੱਕ ਨਾਟਕ ਹੈ। ਇਸ ਚੋਣ ਸਟੰਟ ਨਾਲ ਚੁਣੀ ਸੂਬਾ ਹਕੂਮਤ ਜਾਂ ਮੁੱਖ ਮੰਤਰੀ ਕੋਲ ਕੇਂਦਰੀ ਹਥਿਆਰਬੰਦ ਬਲਾਂ ਦੇ ਕਿਸੇ ਸਿਪਾਹੀ ਵੱਲੋਂ ਨਿਹੱਥੇ ਕਸ਼ਮੀਰੀ ਦੇ ਕੀਤੇ ਕਤਲ, ਕਿਸੇ ਮਾਰਧਾੜ, ਅੱਤਿਆਚਾਰ, ਬਲਾਤਕਾਰ ਵਰਗੇ ਜੁਰਮ ਖਿਲਾਫ ਐਫ.ਆਈ.ਆਰ. ਦਰਜ਼ ਕਰਵਾਉਣ ਦਾ ਵੀ ਅਧਿਕਾਰ ਨਹੀਂ ਹੈ। 
ਭਾਰਤ ਵਿੱਚ ਕੁੱਝ ਹਿੱਸੇ ਕਸ਼ਮੀਰ ਵਿੱਚ ਚੱਲ ਰਹੇ ਹੱਕੀ ਸੰਘਰਸ਼ ਦੀ ਇਸ ਕਰਕੇ ਹਮਾਇਤ ਨਹੀਂ ਕਰਦੇ, ਉਹਨਾਂ ਦੇ ਪੱਖ ਵਿੱਚ ਲਿਖਦੇ-ਬੋਲਦੇ ਨਹੀਂ  ਕਿ ਕਸ਼ਮੀਰੀ ਆਜ਼ਾਦੀ ਦੀ ਲਹਿਰ ਨੂੰ ਧਾਰਮਿਕ ਕੱਟੜ, ਫਿਰਕੂ, ਜਨੂੰਨੀ ਜਥੇਬੰਦੀਆਂ ਚਲਾ ਰਹੀਆਂ ਹਨ। ਉਹਨਾਂ ਨੂੰ ਲੱਗਦਾ ਹੈ ਕਿ ਅਜਿਹੀਆਂ ਧਾਰਮਿਕ ਜਥੇਬੰਦੀਆਂ ਦੇ ਹੁੰਦੇ ਹੋਏ ਕਸ਼ਮੀਰੀ ਲੋਕਾਂ ਦੀ ਮੁਕਤੀ ਦੀ ਲਹਿਰ ਔਝੜੇ ਰਾਹੀਂ ਪੈ ਜਾਵੇਗੀ, ਆਖਰਕਾਰ ਲੋਕ-ਵਿਰੋਧੀ ਹੋ ਨਿੱਬੜੇਗੀ। ਅਜਿਹਾ ਕੁੱਝ ਕਰਦੇ-ਬੋਲਦੇ-ਲਿਖਦੇ ਉਹ ਕਸ਼ਮੀਰੀ ਲੋਕਾਂ ਦੀ ਮੁਕਤੀ ਖਾਤਰ ਜੂਝਣ ਵਾਲਿਆਂ ਖਿਲਾਫ ਉਹਨਾਂ ਨਾਲੋਂ ਵੀ ਜ਼ਿਆਦਾ ਭੁਗਤ ਜਾਂਦੇ ਹਨ, ਜਿਹਨਾਂ ਸਾਮਰਾਜੀਆਂ ਅਤੇ ਉਹਨਾਂ ਦੇ ਪਿੱਠੂਆਂ ਨੂੰ ਉਹ ਸੰਸਾਰ ਪੱਧਰ 'ਤੇ ਸਭ ਤੋਂ ਜ਼ਿਆਦਾ ਖਤਰਨਾਕ ਅਤੇ ਪ੍ਰਮੁੱਖ ਦੁਸ਼ਮਣ ਮੰਨਦੇ ਹਨ। ਕਸ਼ਮੀਰ ਵਿੱਚ ਇਸ ਸਮੇਂ ਕਮਿਊਨਿਸਟ ਇਨਕਲਾਬੀ ਤਾਕਤਾਂ ਦੀ ਘਾਟ ਹੈ, ਉਹਨਾਂ ਦੀ ਘਾਟ ਦਾ ਖੱਪਾ ਪੂਰਨ ਲਈ ਕਿਸੇ ਨਾ ਕਿਸੇ ਤਾਕਤ ਨੇ ਤਾਂ ਅੱਗੇ ਆਉਣਾ ਹੀ ਹੈ। ਅਜਿਹੀ ਅਗਵਾਨੂੰ ਤਾਕਤ ਧਾਰਮਿਕ ਵਿਚਾਰਾਂ ਜਾਂ ਕੱਟੜ ਧਾਰਮਿਕ ਵਿਚਾਰਾਂ ਦੀ ਵੀ ਮਾਲਕ ਹੋ ਸਕਦੀ ਹੈ। ਪਰ ਕਮਿਊਨਿਸਟ ਇਨਕਲਾਬੀਆਂ ਵੱਲੋਂ ਕਸ਼ਮੀਰੀ ਲੋਕਾਂ ਦੀ ਕੌਮੀ ਆਪਾ-ਨਿਰਣੇ ਦੀ ਲੜਾਈ ਪ੍ਰਤੀ ਦੋ ਪੱਖਾਂ ਤੋਂ ਵਖਰੇਵੇਂ ਭਰੀ ਪਹੁੰਚ ਅਪਣਾਉਣ ਚਾਹੀਦੀ ਹੈ; ਇੱਕ— ਲੀਡਰਸ਼ਿੱਪ ਅਤੇ ਲੋਕਾਂ ਵੱਲੋਂ ਲੜੀ ਜਾ ਰਹੀ ਹੱਕੀ ਜੱਦੋਜਹਿਦ ਦਰਮਿਆਨ ਵਖਰੇਵਾਂ; ਦੂਜਾ— ਲੀਡਰਸ਼ਿੱਪ ਦੇ ਕਸ਼ਮੀਰੀ ਕੌਮ ਦੀ ਆਜ਼ਾਦੀ ਲਈ ਲੜਾਈ ਵਿੱਚ ਹਾਂ-ਪੱਖੀ ਰੋਲ ਅਤੇ ਉਸਦਾ ਕਸ਼ਮੀਰੀ ਕੌਮ ਦੇ ਅੰਤਿਮ ਭਵਿੱਖ ਲਈ ਵੱਧ ਤੋਂ ਵੱਧ ਪ੍ਰੋਗਰਾਮ ਵਿੱਚ ਵਖਰੇਵਾਂ। ਕਮਿਊਨਿਸਟ ਇਨਕਲਾਬੀਆਂ ਵੱਲੋਂ ਜਿੱਥੇ ਲੋਕਾਂ ਵੱਲੋਂ ਕੌਮੀ ਆਜ਼ਾਦੀ ਦੀ ਮੰਗ ਦੀ ਹਮਾਇਤ ਕਰਨੀ ਚਾਹੀਦੀ ਹੈ, ਉੱਥੇ ਲੀਡਰਸ਼ਿੱਪ ਪ੍ਰਤੀ ਪੜਚੋਲੀਆ ਪਹੁੰਚ ਅਪਣਾਉਂਦਿਆਂ, ਉਸ ਵੱਲੋਂ ਕਸ਼ਮੀਰੀ ਕੌਮ ਦੀ ਆਜ਼ਾਦੀ ਦੀ ਲੜਾਈ ਲੜਨ ਨੂੰ ਵਾਜਬ ਠਹਿਰਾਉਂਦਿਆਂ, ਉਸ ਵੱਲੋਂ ਧਾਰਮਿਕ ਕੱਟੜ ਸੋਚ ਦੀ ਰੌਸ਼ਨੀ ਵਿੱਚ ਚਿਤਵੀ ਜਾ ਰਹੀ ਕਸ਼ਮੀਰ ਦੀ ਹੋਣੀ ਦੇ ਕਿਸੇ ਵੀ ਲੋਕ-ਵਿਰੋਧੀ ਖਾਕੇ ਨਾਲੋਂ ਨਿਖੇੜਾ ਕਰਨਾ ਚਾਹੀਦਾ ਹੈ ਅਤੇ ਇਸਦੀ ਪੜਚੋਲ ਕਰਨੀ ਚਾਹੀਦੀ ਹੈ। 

No comments:

Post a Comment