Tuesday, 30 August 2016

ਦੱਬੇ-ਕੁਚਲਿਆਂ ਦੀ ਵੇਦਨਾ, ਜਮਾਤੀ ਨਫਰਤ, ਰੋਹ ਅਤੇ ਵਿਦਰੋਹ ਦੀ ਦਬੰਗ ਹੇਕ

ਸ੍ਰੀਮਤੀ ਮਹਾਸ਼ਵੇਤਾ ਦੇਵੀ-
ਦੱਬੇ-ਕੁਚਲਿਆਂ ਦੀ ਵੇਦਨਾ, ਜਮਾਤੀ ਨਫਰਤ, 

ਰੋਹ ਅਤੇ ਵਿਦਰੋਹ ਦੀ ਦਬੰਗ ਹੇਕ
ਮੁਲਕ ਦੇ ਸਾਹਿਤ-ਜਗਤ ਦੀ ਇੱਕ ਦਿਓ-ਕੱਦ ਸਖਸ਼ੀਅਤ— ਸ੍ਰੀਮਤੀ ਮਹਾਸ਼ਵੇਤਾ ਦੇਵੀ— 28 ਜੁਲਾਈ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹਨਾਂ ਦਾ ਵਿਛੋੜਾ, ਉਹਨਾਂ ਦੇ ਪਰਿਵਾਰ, ਸਕੇ-ਸਨੇਹੀਆਂ ਅਤੇ ਕਲਾਕਾਰ-ਸਾਹਿਤਕਾਰ ਹਮਸਫਰਾਂ ਲਈ ਦੁਖਦਾਈ ਹੈ ਹੀ, ਇਹ ਸਮਾਜ ਦੇ ਉਹਨਾਂ ਕਰੋੜਾਂ ਅਣਗੌਲੇ, ਲੁੱਟੇ-ਪੁੱਟੇ, ਦੱਬੇ-ਕੁਚਲੇ ਅਤੇ ਨਰਕੀ ਜ਼ਿੰਦਗੀ ਹੰਢਾ ਰਹੇ ਲੋਕਾਂ ਲਈ ਹੋਰ ਵੀ ਦੁਖਦਾਈ ਹੈ, ਜਿਹਨਾਂ ਦੀ ਜ਼ਿੰਦਗੀ ਦੇ ਯਥਾਰਥ ਨੂੰ ਉਹਨਾਂ ਵੱਲੋਂ ਨਾ ਸਿਰਫ ਆਪਣੀ ਕਲਮ ਦਾ ਵਿਸ਼ਾ ਬਣਾਇਆ ਗਿਆ, ਸਗੋਂ ਇਹਨਾਂ ਦੱਬੇ-ਕੁਚਲੇ ਲੋਕਾਂ ਵੱਲੋਂ ਹੱਕ-ਸੱਚ ਲਈ ਛੇੜੀਆਂ ਗਈਆਂ ਜੋਦਜਹਿਦਾਂ ਨੂੰ ਪੁਰਜੋਸ਼ ਹੁੰਗਾਰਾ ਦਿੰਦਿਆਂ ਅਤੇ ਇਹਨਾਂ ਵਿੱਚ ਖੁਦ ਸ਼ਮੁਲੀਅਤ ਕਰਦਿਆਂ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਗਈ। ਦੂਜੇ ਲਫਜ਼ਾਂ ਵਿੱਚ- ਉਹਨਾਂ ਵੱਲੋਂ ਸਮਾਜ ਦੇ ਯਥਾਰਥ ਨਾਲ ਮਹਿਜ਼ ਆਪਣੀ ਲੇਖਣ ਕਲਾ ਰਾਹੀਂ ਹੀ ਮੱਥਾ ਨਹੀਂ ਲਾਇਆ ਗਿਆ, ਸਗੋਂ ਇਸ ਯਥਾਰਥ ਨੂੰ ਹੰਢਾ ਰਹੇ ਅਤੇ ਇਸਦੀ ਕਰੂਰਤਾ ਖਿਲਾਫ ਸੰਘਰਸ਼ ਕਰਦੀ ਜਨਤਾ ਨਾਲ ਕਦਮ-ਤਾਲ ਕਰਦਿਆਂ ਇਸ ਯਥਾਰਥ ਨਾਲ ਲੋਹਾ ਵੀ ਲਿਆ ਗਿਆ। 
ਅਜਿਹੇ ਬਹੁਤ ਲੇਖਕ ਹੋਏ ਹਨ, ਅਤੇ ਅੱਜ ਵੀ ਮੌਜੂਦ ਹਨ, ਜਿਹੜੇ ਆਪਣੀਆਂ ਲਿਖਤਾਂ-ਨਾਵਲਾਂ, ਕਹਾਣੀਆਂ, ਨਾਟਕਾਂ ਰਾਹੀਂ ਸਮਾਜਿਕ ਯਥਾਰਥ ਦੀ ਸ਼ਾਨਦਾਰ ਪੇਸ਼ਕਾਰੀ ਕਰਦੇ ਹਨ। ਉਹ ਦੱਬੀ-ਕੁਚਲੀ ਜਨਤਾ ਦੀ ਨਰਕੀ ਜ਼ਿੰਦਗੀ, ਜਰਵਾਣੇ ਹਾਕਮ ਹਲਕਿਆਂ ਵੱਲੋਂ ਜਨਤਾ ਨੂੰ ਲੁੱਟਣ-ਕੁੱਟਣ ਵਰਗੇ ਪੱਖਾਂ ਦੀ ਭਰਵੀਂ, ਠੋਸ ਅਤੇ ਕਲਾਤਮਿਕ ਪੇਸ਼ਕਾਰੀ ਕਰਦਿਆਂ ਹੋਇਆਂ ਇਸ ਲੋਕ-ਦੋਖੀ ਹਾਲਤ ਨੂੰ ਬਦਲਣ ਦੀ ਲੋੜ ਅਤੇ ਇਸ ਲੋੜ ਨੂੰ ਲੋਕਾਂ ਵੱਲੋਂ ਆਪਣੇ ਸੰਘਰਸ਼ਾਂ ਅਤੇ ਵਿਦਰੋਹਾਂ ਰਾਹੀਂ ਦਿੱਤੇ ਜਾ ਰਹੇ ਅਮਲੀ ਹੁੰਗਾਰੇ ਨੂੰ ਸਪੱਸ਼ਟਤਾ ਨਾਲ ਪੇਸ਼ ਕਰਨ ਤੋਂ ਜਾਂ ਤਾਂ ਕੰਨੀ ਕਤਰਾਉਂਦੇ ਹਨ ਜਾਂ ਫਿਰ ਇਹਨਾਂ ਹਾਲਤਾਂ ਖਿਲਾਫ ਲੜਨ ਦੀ ਲੋੜ ਅਜਿਹੇ ਸੂਖਮ ਅਤੇ ਪ੍ਰਤੀਕਾਤਮਿਕ ਢੰਗ ਅਤੇ ਦੱਬਵੀਂ ਸੁਰ ਵਿੱਚ ਪੇਸ਼ ਕਰਦੇ ਹਨ, ਜੋ ਸਾਹਿਤਕਾਰਾਂ ਅਤੇ ਸਾਹਿਤ-ਰਸੀਆਂ ਦੇ ਇੱਕ ਸੀਮਤ ਹਿੱਸੇ ਨੂੰ ਛੱਡ ਕੇ ਮਿਹਨਤਕਸ਼ ਜਨਤਾ ਦੇ ਪਿੜ-ਪੱਲੇ ਨਹੀਂ ਪੈਂਦਾ। ਅਸਲ ਵਿੱਚ— ਇਹ ਸਮਾਜਿਕ ਯਥਾਰਥ ਦੀ ਅਧੂਰੀ ਪੇਸ਼ਕਾਰੀ ਹੈ। ਮਹਾਸ਼ਵੇਤਾ ਦੇਵੀ ਵੱਲੋਂ ਸਮਾਜਿਕ ਯਤਾਰਥ ਦੇ ਸਭਨਾਂ ਪੱਖਾਂ ਨੂੰ ਆਪਣੀ ਲੇਖਣੀ ਦੇ ਕਲਾਵੇ ਵਿੱਚ ਲਿਆ ਗਿਆ। ਉਹਨਾਂ ਵੱਲੋਂ ਨਾ ਸਿਰਫ ਗਰੀਬੀ, ਕੰਗਾਲੀ, ਥੁੜ•ਾਂ, ਬਿਮਾਰੀਆਂ ਅਤੇ ਧੱਕੇ-ਧੋੜਿਆਂ ਦੇ ਸ਼ਿਕਾਰ ਦੱਬੇ-ਕੁਚਲੇ ਲੋਕਾਂ ਦੀ ਹਕੀਕੀ ਜੀਵਨ-ਕਥਾ ਨੂੰ ਆਪਣੇ ਨਾਵਲਾਂ ਅਤੇ ਕਹਾਣੀਆਂ ਦਾ ਵਿਸ਼ਾ ਬਣਾਇਆ ਗਿਆ, ਸਗੋਂ ਦੱਬੇ-ਕੁਚਲੇ ਲੋਕਾਂ ਵੱਲੋਂ ਜਬਰ-ਜ਼ੁਲਮ ਖਿਲਾਫ ਲੜੇ ਗਏ ਅਤੇ ਲੜੇ ਜਾ ਰਹੇ ਸੰਗਰਾਮਾਂ ਨੂੰ ਉਚਿਆਇਆ ਅਤੇ ਵਡਿਆਇਆ ਗਿਆ। 
ਅਸਲ ਵਿੱਚ ਉਹ ਇੱਕ ਦੱਬੇ-ਕੁਚਲੇ ਲੋਕਾਂ ਦੇ ਹੱਕਾਂ-ਹਿੱਤਾਂ ਨੂੰ ਪ੍ਰਣਾਈ ਹੋਈ ਪ੍ਰਤੀਬੱਧ ਲੇਖਿਕਾ ਸਨ। ਉਹਨਾਂ ਦੀ ਲੇਖਣ-ਕਲਾ ਦਾ ਮਕਸਦ ਨਾ ਪ੍ਰਸਿੱਧੀ, ਜਸਕੀਰਤੀ ਅਤੇ ਇਨਾਮ-ਕਿਨਾਮ ਹਾਸਲ ਕਰਨਾ ਸੀ, ਨਾ ਕੋਈ ਰੁਤਬਾ ਹਾਸਲ ਕਰਨਾ ਸੀ ਅਤੇ ਨਾ ਹੀ ਸਰਕਾਰੀ-ਦਰਬਾਰੀ ਮਿਹਰ ਦਾ ਪਾਤਰ ਬਣਨਾ ਸੀ। ਉਹਨਾਂ ਦਾ ਇੱਕੋ-ਇੱਕ ਗਰਜਵਾਂ ਅਤੇ ਐਲਾਨੀਆ ਮੰਤਵ ਦੱਬੀ-ਕੁਚਲੀ ਜਨਤਾ ਦੇ ਸਮਾਜਿਕ-ਸਿਆਸੀ ਸੋਰਕਾਰਾਂ ਨੂੰ ਆਵਾਜ਼ ਦੇਣਾ ਸੀ। ਜ਼ਿੰਦਗੀ ਭਰ ਵੱਡੀਆਂ ਵੱਡੀਆਂ ਮੁਸ਼ਕਲਾਂ, ਕਠਿਨਾਈਆਂ ਅਤੇ ਦਬਾਵਾਂ-ਤਣਾਵਾਂ ਦੇ ਇਮਤਿਹਾਨੀ ਮੌਕਿਆਂ 'ਤੇ ਵੀ ਉਹਨਾਂ ਵੱਲੋਂ ਆਪਣੀ ਇਸ ਪ੍ਰਤੀਬੱਧਤਾ 'ਤੇ ਅਡੋਲ ਪਹਿਰਾ ਦਿੱਤਾ ਗਿਆ। ਇਸ ਨੂੰ ਕਦੇ ਵੀ ਆਂਚ ਨਹੀਂ ਆਉਣ ਦਿੱਤੀ ਗਈ। ਸਭ ਕਿਸਮ ਦੀਆਂ ਲਾਲਸਾਵਾਂ ਅਤੇ ਲਾਲਚਾਂ ਨੂੰ ਠੁੱਡ ਮਾਰਦਿਆਂ, ਮਾਣਮੱਤੀ ਮੜਕ ਅਤੇ ਧੜੱਲੇ ਨਾਲ ਆਪਣੇ ਰਚਨਾਤਮਿਕ ਸਫਰ ਨੂੰ ਜਾਰੀ ਰੱਖਿਆ ਗਿਆ। ਆਪਣੀ ਇਸ ਮੜਕ ਅਤੇ ਧੜੱਲੇ 'ਤੇ ਉਹਨਾਂ ਵੱਲੋਂ ਨਾ ਵੱਡੇ ਵੱਡੇ ਇਨਾਮਾ-ਕਿਨਾਮਾਂ (ਗਿਆਨ-ਪੀਠ, ਮੈਗਸੇਸੇ ਅਵਾਰਡ, ਪਦਮ-ਵਿਭੂਸ਼ਣ, ਪਦਮਸ਼ਰੀ, ਸਾਹਿਤ ਅਕਾਦਮੀ ਇਨਾਮ ਅਤੇ ਬੰਗਾ ਵਿਭੂਸ਼ਣ ਆਦਿ) ਦੀ ਸਿਲ•ਾਬ ਚੜ•ਨ ਦਿੱਤੀ ਗਈ ਅਤੇ ਨਾ ਹੀ ਸਰਕਾਰੀ-ਦਰਬਾਰੀ ਡਰ-ਭੈਅ ਦੇ ਧੁੜਕੂ ਨੂੰ ਨੇੜੇ ਫਟਕਣ ਦਿੱਤਾ ਗਿਆ। ਸਮਾਜਿਕ-ਸਿਆਸੀ ਮਾਹੌਲ ਦੀ ਰੰਗਤ ਵਿੱਚ ਰੰਗੇ ਹੋਣ ਅਤੇ ਇਸ ਨੂੰ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਪੇਸ਼ ਕਰਨ ਕਰਕੇ ਪਹਿਲਾਂ ਪਹਿਲਾਂ ਕੁੱਝ ਲੋਕਾਂ ਵੱਲੋਂ ਉਹਨਾਂ ਦੀ ਸਾਹਿਤਕ ਸਿਰਜਣਾ ਨੂੰ ਉਵੇਂ ਸਿਆਸੀ ਨਾਹਰੇਬਾਜ਼ੀ ਗਰਦਾਨਿਆ ਗਿਆ, ਜਿਵੇਂ ਪੰਜਾਬ ਦੇ ਕੁੱਝ ਲਿਖਾਰੀਆਂ ਵੱਲੋਂ ਗੁਰਸ਼ਰਨ ਸਿੰਘ ਦੀ ਰੰਗ-ਮੰਚ ਕਲਾ ਨੂੰ ਸਿਆਸੀ ਨਾਹਰੇਬਾਜ਼ੀ ਕਿਹਾ ਗਿਆ ਸੀ। ਪਰ ਉਹਨਾਂ ਵੱਲੋਂ ਲੋਕ-ਦੋਖੀ ਸਥਾਪਤੀ ਨਾਲ ਮੱਥਾ ਲਾਉਣ ਤੋਂ ਤ੍ਰਹਿੰਦੀ ਅਤੇ ਇਸ ਦੀ ਬੁੱਕਲ ਦਾ ਨਿੱਘ ਮਾਣਨ ਦੀ ਲਾਲਸਾ ਪਾਲਦੀ ਜੁਰਅੱਤਹੀਣ ਅਤੇ ਰੁਤਬਾਪ੍ਰਸਤ ਬਿਰਤੀ ਦੇ ਮਾਲਕ ਲੇਖਕਾਂ ਦੀ ਇਸ ਬੁੜਬੁੜ ਦੀ ਪ੍ਰਵਾਹ ਨਾ ਕਰਦੇ ਹੋਏ ਬੇਖੌਫ ਆਪਣਾ ਸਫਰ ਜਾਰੀ ਰੱਖਿਆ ਗਿਆ। 
ਉਹਨਾਂ ਦੀ ਦੱਬੇ-ਕੁਚਲੇ ਲੋਕਾਂ ਦੇ ਸਮਾਜਿਕ-ਸਿਆਸੀ ਸਰੋਕਾਰਾਂ ਨੂੰ ਪ੍ਰਣਾਈ ਸੋਚ, ਉਹਨਾਂ ਦੀ ਲੇਖਣ-ਕਲਾ ਅਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਇਹ ਅਨਿੱਖੜ ਸੁਰਮੇਲ ਹੀ ਸੀ, ਜਿਸਨੇ ਉਹਨਾਂ ਦੀ ਲੇਖਕ ਵਜੋਂ ਰਚਨਾਤਮਿਕ ਕਲਾ ਨੂੰ ਢਾਲਿਆ-ਤਰਾਸ਼ਿਆ ਅਤੇ ਇਸ ਨੂੰ ਝੰਜੋੜੂ ਪ੍ਰੇਰਕ ਤਾਕਤ ਮੁਹੱਈਆ ਕੀਤੀ, ਜਿਸਦੇ ਸਿੱਟੇ ਵਜੋਂ ਉਹਨਾਂ ਦੀ ਕਲਮ ਤੋਂ ''ਹਜ਼ਾਰ ਚੁਰਾਸ਼ਿਰ ਮਾ'' (ਹਜ਼ਾਰ ਚੁਰਾਸੀਵੇਂ ਦੀ ਮਾਂ), ''ਅਰਣੀਯੇਰ ਅਧੀਕਾਰ'', (''ਜੰਗਲ 'ਤੇ ਹੱਕ''), ''ਦਰੌਪਦੀ'', ''ਚੋਟੀ ਮੁੰਡਾ ਔਰ ਤਾਰ ਤੀਰ'', (ਚੋਟੀ ਮੁੰਡਾ ਅਤੇ ਉਸਦਾ ਤੀਰ) ਵਰਗੀਆਂ ਸਮੇਂ-ਸਥਾਨ ਦੀਆਂ ਹੱਦਾਂ ਤੋਂ ਆਜ਼ਾਦ ਅਤੇ ਪਾਠਕਾਂ ਲਈ ਚਾਨਣ ਦੀ ਲੀਕ ਬਣਦੀਆਂ ਕਲਾਸਕੀ ਕਿਰਤਾਂ ਦੀ ਸਿਰਜਣਾ ਹੋਈ। ਨਕਸਲਬਾੜੀ ਲਹਿਰ ਦੇ ਪਿਛੋਕੜ ਵਿੱਚ 1974 ਵਿੱਚ ਛਪਿਆ ਨਾਵਲ ''ਹਜ਼ਾਰ ਚੁਰਾਸੀਵੇਂ ਦੀ ਮਾਂ'' ਨਕਸਲਬਾੜੀ ਲਹਿਰ ਅਤੇ ਇਸ ਨੂੰ ਖੂਨ ਵਿੱਚ ਡੁਬੋਣ ਲਈ ਆਪਣੀਆਂ ਹਥਿਆਰਬੰਦ ਸ਼ਕਤੀਆਂ ਨੂੰ ਬੇਲਗਾਮ ਕਰਨ ਵਾਲੇ ਹਾਕਮਾਂ ਦਰਮਿਆਨ ਵਾਹੀ ਖੂਨ ਦੀ ਲਕੀਰ ਤੋਂ ਪਾਸੇ ਖੜ•ਕੇ (ਡੀਟੈਚ ਹੋ ਕੇ) ਨਹੀਂ ਸੀ ਰਚਿਆ ਜਾ ਸਕਦਾ। ਉਹਨਾਂ ਵੱਲੋਂ ਹਾਕਮਾਂ ਦੇ ਕਹਿਰ ਦੀ ਮਾਰ ਹੇਠ ਆਏ ਮਜ਼ਲੂਮਾਂ ਦੇ ਹੱਕਾਂ-ਹਿੱਤਾਂ ਲਈ ਉੱਠੀ ਇਸ ਲਹਿਰ ਦੇ ਪਾਸੇ ਖੜ• ਕੇ, ਇਹ ਨਾਵਲ ਰਚਿਆ ਗਿਆ। ਜਦੋਂ ਬੰਗਾਲ ਵਿੱਚ ਜਬਰ ਦਾ ਝੱਖੜ ਝੁੱਲ ਰਿਹਾ ਸੀ ਅਤੇ ਸਰੂ ਵਰਗੇ ਨੌਜਵਾਨਾਂ ਨੂੰ ਸ਼ਰੇਆਮ ਕਲਕੱਤੇ ਦੀਆਂ ਗਲੀਆਂ, ਬਾਜ਼ਾਰਾਂ ਅਤੇ ਪਾਰਕਾਂ ਵਿੱਚ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਸੀ, ਅਜਿਹੇ ਜਬਰ ਦੇ ਖੌਫਜ਼ਦਾ ਦੌਰ ਸਨਮੁੱਖ ਅਜਿਹੇ ਵਿਸ਼ੇ ਨੂੰ ਹੱਥ ਪਾਉਣ, ਨਕਸਲਬਾੜੀ ਲਹਿਰ ਦਾ ਪੱਖ ਪੂਰਨ ਅਤੇ ਹਾਕਮਾਂ ਨੂੰ ਕਟਹਿਰੇ ਵਿੱਚ ਖੜ•ਾ ਕਰਨ ਵਾਲੀ ਲਿਖਤ ਨੂੰ ਅੰਜ਼ਾਮ ਦੇਣ ਦਾ ''ਖਤਰਨਾਕ'' ਕਾਰਜ ਮਹਾਸ਼ਵੇਤਾ ਦੇਵੀ ਵਰਗੀ ਪ੍ਰਤੀਬੱਧ, ਅਡੋਲ-ਚਿੱਤ, ਸਿਦਕਦਿਲ ਅਤੇ ਦਬੰਗ ਲੇਖਿਕਾ ਦੇ ਹੀ ਹਿੱਸੇ ਆ ਸਕਦਾ ਸੀ। ਉਹਨਾਂ ਵੱਲੋਂ ਨਕਸਲਬਾੜੀ ਲਹਿਰ  ਨਾਲ ਸਬੰਧਤ ਹੋਰ ਵੀ ਕਹਾਣੀਆਂ ਲਿਖੀਆਂ ਗਈਆਂ, ਜਿਹਨਾਂ ਵਿੱਚੋਂ ਗਲਤ ਨੰਬਰ, ਸ਼ਰੀਰ, ਪ੍ਰਤੀਓਹਿਕ ਅਤੇ ਦਰੌਪਦੀ ਆਦਿ ਸ਼ਾਮਿਲ ਹਨ। 
ਉਹਨਾਂ ਵੱਲੋਂ ਕਬਾਇਲੀ ਲੋਕਾਂ ਦੀ ਜ਼ਿੰਦਗੀ ਅਤੇ ਸਮੱਸਿਆਵਾਂ ਦੀ ਥਾਹ ਪਾਉਣ ਲਈ ਕਬਾਇਲੀ ਇਲਾਕਿਆਂ ਵਿੱਚ ਨਾ ਸਿਰਫ ਮਹੀਨਿਆਂ ਬੱਧੀ ਉਹਨਾਂ ਨਾਲ ਰਿਹਾ-ਵਿਚਰਿਆ ਗਿਆ, ਸਗੋਂ ਉਹਨਾਂ ਵੱਲੋਂ ਆਪਣੇ ਹੱਕਾਂ-ਹਿੱਤਾਂ ਲਈ ਲੜੀਆਂ ਜਾਂਦੀਆਂ ਛੋਟੀਆਂ-ਵੱਡੀਆਂ ਲੜਾਈਆਂ ਵਿੱਚ ਖੁਦ ਵਧ ਚੜ• ਕੇ ਹਿੱਸਾ ਪਾਇਆ ਗਿਆ। ਉਹਨਾਂ ਵੱਲੋਂ ਕਬਾਇਲੀ ਜੀਵਨ ਅਤੇ ਜੀਵਨ-ਸੰਘਰਸ਼ ਨੂੰ ਚਿਤਰਦੇ ਕਈ ਨਾਵਲਾਂ ਅਤੇ ਕਹਾਣੀਆਂ ਦੀ ਰਚਨਾ ਕੀਤੀ ਗਈ। 1977 ਵਿੱਚ ਉਸਦਾ ਪ੍ਰਸਿੱਧ ਨਾਵਲ 'ਅਰਨੀਯੇਰ ਅਧਿਕਾਰ'' ਛਪ ਕੇ ਬਾਹਰ ਆਇਆ। ਇਹ ਨਾਵਲ 1899 ਵਿੱਚ ਵਿਰਸਾ ਮੁੰਡਾ ਦੀ ਅਗਵਾਈ ਵਿੱਚ ਉੱਠੇ ਕਬਾਇਲੀ ਵਿਦਰੋਹ ਦੀ ਸ਼ਾਨਦਾਰ ਗਾਥਾ ਹੈ। ਇਸ ਨਾਵਲ ਵਿੱਚ ਜਿੱਥੇ ਬਰਤਾਨਵੀ ਬਸਤੀਵਾਦ ਖਿਲਾਫ ਵਿਰਸਾ ਮੁੰਡਾ ਦੀ ਅਗਵਾਈ ਵਿੱਚ ਕਬਾਇਲੀ ਲੜਾਈ ਦਾ ਚਿਤਰਣ ਕੀਤਾ ਗਿਆ ਹੈ, ਉੱਥੇ ਕਬਾਇਲੀ ਲੋਕਾਂ ਦੇ ਸੋਸ਼ਣ ਅਤੇ ਦਾਬੇ ਖਿਲਾਫ ਅਤੇ ਜੰਗਲ 'ਤੇ ਅਧਿਕਾਰ ਲਈ  ਲੜਾਈ ਨੂੰ ਚਿਤਰਿਆ ਗਿਆ ਹੈ। ਇਸ ਤੋਂ ਇਲਾਵਾ ਕਬਾਇਲੀ ਜਨਤਾ ਦੇ ਜੀਵਨ ਅਤੇ ਉਹਨਾਂ ਦੀਆਂ ਹੱਕੀ ਜਦੋਜਹਿਦਾਂ ਬਾਰੇ ਉਹਨਾਂ ਵੱਲੋਂ ਅਪ੍ਰੇਸ਼ਨ ਬਸਈ ਟੂਡੂ, ਚੋਟੀ ਮੰਡਾ ਔਰ ਤਾਰਤੀਰ, ਪਤੇਰੋ-ਪ੍ਰਾਕਤਾਇਲ ਪੂਰਨ ਸਹਾਇ ਓ ਤੀਰਥਾ, ਸ੍ਰੀ ਗਣੇਸ਼ ਮਹਿਮਾ ਅਤੇ ਸੂਰਜ ਗਗਨ ਮੈਂ ਵਰਗੇ ਸ਼ਾਹਕਾਰ ਨਾਵਲਾਂ ਦੀ ਸਿਰਜਣਾ ਕੀਤੀ ਗਈ। 
ਆਪਣੇ ਸਾਹਿਤਕ-ਰਚਨਾ ਦੇ ਸਫਰ-ਮਾਰਗ ਦੇ ਇੱਕ ਪੜਾਅ 'ਤੇ ਆ ਕੇ ਉਹਨਾਂ ਵੱਲੋਂ ਆਪਣੇ ਆਪ ਨੂੰ ਕਬਾਇਲੀ ਲੋਕਾਂ ਦੇ ਹੱਕਾਂ-ਹਿੱਤਾਂ ਦੇ ਲੇਖੇ ਲਾ ਦਿੱਤਾ ਗਿਆ। ਉਹਨਾਂ ਤੋਂ ਪਹਿਲਾਂ ਅਤੇ ਉਹਨਾਂ ਦੇ ਜੀਵਨ ਦੌਰਾਨ ਹੋਰ ਕਈ ਲੇਖਕ ਹੋਏ ਹਨ, ਜਿਹਨਾਂ ਵੱਲੋਂ ਕਬਾਇਲੀ ਲੋਕਾਂ ਦੇ ਜੀਵਨ ਸਬੰਧੀ ਜਾਂ ਉਹਨਾਂ ਦੇ ਸੋਸ਼ਣ ਅਤੇ ਦਾਬੇ ਸਬੰਧੀ ਲਿਖਿਆ ਗਿਆ ਹੈ, ਪਰ ਇਹ ਮਹਾਸ਼ਵੇਤਾ ਦੇਵੀ ਹੀ ਸਨ, ਜਿਹਨਾਂ ਵੱਲੋਂ ਪਹਿਲੀ ਵਾਰ ਕਬਾਇਲੀ ਲੋਕਾਂ ਦੇ ਸੋਸ਼ਣ, ਲੁੱਟ-ਖਸੁੱਟ ਅਤੇ ਜਬਰ-ਜ਼ੁਲਮ ਖਿਲਾਫ ਐਨੀ ਸ਼ਿੱਦਤ ਅਤੇ ਜ਼ੋਰਦਾਰ ਢੰਗ ਨਾਲ ਲਿਖਿਆ ਗਿਆ ਹੈ ਅਤੇ ਇਸ ਲੁੱਟ-ਖੋਹ ਅਤੇ ਜਬਰ ਖਿਲਾਫ ਕਬਾਇਲੀ ਲੋਕਾਂ ਦੀ ਹੱਕੀ ਸਿਆਸੀ ਲੜਾਈ ਦੀ ਜੈ ਜੈਕਾਰ ਕਰਦਿਆਂ, ਦੁਨੀਆਂ ਸਾਹਮਣੇ ਗੱਜਵੱਜ ਕੇ ਉਭਾਰਿਆ ਗਿਆ ਹੈ। ਜਦੋਂ ਕਦੇ ਮਛਿਆਰਿਆ ਵੱਲੋਂ ਸੰਘਰਸ਼ ਦਾ ਬਿਗਲ ਵਜਾਇਆ ਗਿਆ ਤਾਂ ਉਹਨਾਂ ਵੱਲੋਂ ਫੱਟ ਉੱਥੇ ਪਹੁੰਚਿਆ ਗਿਆ। ਜਦੋਂ ਨੰਦੀਗਰਾਮ ਅਤੇ ਸਿੰਗੂਰ ਵਿਖੇ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਦੀ ਰਾਖੀ ਲਈ ਆਵਾਜ਼ ਉੱਠੀ ਤਾਂ ਮਹਾਸ਼ਵੇਤਾ ਦੇਵੀ ਦੀ ਆਵਾਜ਼ ਉੱਥੋਂ ਵੀ ਗੂੰਜ ਉੱਠੀ। 
ਉਹ ਅਜਿਹੀ ਲੇਖਕਾ ਹੈ, ਜਿਸਦੀਆਂ ਲੱਗਭੱਗ ਸਾਰੀਆਂ ਦੀਆਂ ਸਾਰੀਆਂ ਰਚਨਾਵਾਂ ਦੇ ਅੰਗਰੇਜ਼ੀ, ਇਤਾਲਵੀ, ਫਰਾਂਸੀਸੀ ਜਿਹੀਆਂ ਯੂਰਪੀ ਭਾਸ਼ਾਵਾਂ ਅਤੇ ਕਈ ਭਾਰਤੀ ਭਾਸ਼ਾਵਾਂ ਵਿੱਚ ਤਰਜਮੇ ਹੋ ਚੁੱਕੇ ਹਨ। ਉਹਨਾਂ ਦੀਆਂ ਕਈ ਕਹਾਣੀਆਂ ਅਤੇ ਨਾਵਲਾਂ— ਜਿਵੇਂ ਸੰਘਰਸ਼, ਰੁਦਾਲੀ, ਗੁਡੀਆ, 1084ਵੇਂ ਦੀ ਮਾਂ, ਅਰਣੀਯੇਰ ਅਧਿਕਾਰ, ਮਾਟੀ ਮਾਇ, ਗੰਗੋਰ, ਸਵਾ ਭੂਮੀ— 'ਤੇ ਫਿਲਮਾਂ ਬਣ ਚੁੱਕੀਆਂ ਹਨ। ਉਹਨਾਂ ਵੱਲੋਂ ਬੰਗਾਲੀ ਵਿੱਚ ਨਿਕਲਦੇ ਬੱਚਿਆਂ ਦੇ ਮੈਗਜ਼ੀਨਾਂ ਲਈ ਵੀ ਲਿਖਿਆ ਜਾਂਦਾ ਰਿਹਾ ਹੈ। ਬੁੱਧਦੇਵ ਦਾਸ ਗੁਪਤਾ ਵੱਲੋਂ ਉਹਨਾਂ ਦੀਆਂ ਨਿੱਕੀਆਂ ਕਹਾਣੀਆਂ 'ਤੇ 13 ਛੋਟੀਆਂ ਫਿਲਮਾਂ ਬਣਾਈਆਂ ਗਈਆਂ ਹਨ। 
ਉਹ ਸਹੀ ਅਰਥਾਂ ਵਿੱਚ ਅਜਿਹੀ ਲੇਖਿਕਾ ਹੋ ਨਿੱਬੜੇ ਹਨ, ਜੋ ਆਪਣੀ ਕਥਨੀ ਅਤੇ ਕਰਨੀ ਦੇ ਪੂਰੇ ਸਨ। ਦੱਬਿਆਂ-ਕੁਚਲਿਆਂ ਦੇ ਦੁੱਖਾਂ ਤਕਲੀਫਾਂ ਦੀ ਸੀਰੀ, ਉਹਨਾਂ ਦੀ ਇਹਨਾਂ ਦੁੱਖਾਂ-ਤਕਲੀਫਾਂ ਤੋਂ ਮੁਕਤੀ ਲਈ ਜੱਦੋਜਹਿਦ ਨੂੰ ਸਮਰਪਤ, ਅਥਾਹ ਸਿਰਜਣਾਤਮਿਕਤਾ, ਜਰਅੱਤ, ਮਾਣਮੱਤੀ ਮੜਕ ਅਤੇ ਧੜੱਲੇ ਵਰਗੀਆਂ ਸਿਫਤਾਂ ਦੀ ਮਾਲਕ ਸਨ— ਮਹਾਸ਼ਵੇਤਾ ਦੇਵੀ। ਉਹ ਸੱਚਮੁੱਚ ਹੀ ਮੁਲਕ ਦੇ ਲੇਖਕ-ਜਗਤ ਦੀ ਇੱਕ ਦਿਓਕੱਦ ਅਤੇ ਦਬੰਗ ਸਖਸ਼ੀਅਤ ਸਨ।

No comments:

Post a Comment