Tuesday, 30 August 2016

ਗੁਰਸ਼ਰਨ ਸਿੰਘ ਦੀ ਸ਼ਾਨਾਂਮੱਤੀ ਰੰਗ-ਮੰਚ ਵਿਰਾਸਤ


ਇਨਕਲਾਬੀ ਪੰਜਾਬੀ ਰੰਗਮੰਚ ਦਿਹਾੜੇ 'ਤੇ

ਗੁਰਸ਼ਰਨ ਸਿੰਘ ਦੀ ਸ਼ਾਨਾਂਮੱਤੀ ਰੰਗ-ਮੰਚ ਵਿਰਾਸਤ ਨੂੰ ਹੋਰ ਬੁਲੰਦ ਕਰਨ ਲਈ 

ਆਪਣੀ ਪ੍ਰਤੀਬੱਧਤਾ, ਨਿਹਚਾ ਅਤੇ ਜਜ਼ਬਿਆਂ ਨੂੰ ਸਾਣ 'ਤੇ ਲਾਓ

ਸੁਰਖ਼ ਰੇਖਾ ਪ੍ਰਕਾਸ਼ਨ

(ਸਤੰਬਰ, 2016)
ਇਨਕਲਾਬੀ ਪੰਜਾਬੀ ਰੰਗਮੰਚ ਦਿਹਾੜੇ 'ਤੇ
ਗੁਰਸ਼ਰਨ ਸਿੰਘ ਦੀ ਸ਼ਾਨਾਂਮੱਤੀ ਰੰਗ-ਮੰਚ ਵਿਰਾਸਤ ਨੂੰ ਹੋਰ ਬੁਲੰਦ ਕਰਨ ਲਈ 
ਆਪਣੀ ਪ੍ਰਤੀਬੱਧਤਾ, ਨਿਹਚਾ ਅਤੇ ਜਜ਼ਬਿਆਂ ਨੂੰ ਸਾਣ 'ਤੇ ਲਾਓ
-ਨਵਜੋਤ ਸਿੰਘ
27 ਸਤੰਬਰ 2013 ਨੂੰ ਦੂਸਰਾ ''ਇਨਕਲਾਬੀ ਪੰਜਾਬੀ ਰੰਗ-ਮੰਚ'' ਦਿਹਾੜਾ ਹੈ। 27 ਸਤੰਬਰ 2011 ਨੂੰ ਇਨਕਲਾਬੀ ਪੰਜਾਬੀ ਰੰਗਮੰਚ ਲਹਿਰ ਦੇ ਮੋਢੀ ਉਸਰੱਈਏ ਅਤੇ ਇਸਦੇ ਸ਼ਾਹਸਵਾਰ ਗੁਰਸ਼ਰਨ ਸਿੰਘ ਇਸ ਫਾਨੀ ਸੰਸਾਰ ਤੋਂ ਤੁਰ ਗਏ ਸਨ। ਅਗਲੇ ਵਰ•ੇ ਇਸ ਦਿਨ ਨੂੰ ਇਨਕਲਾਬੀ ਪੰਜਾਬੀ ਰੰਗ-ਮੰਚ ਨੂੰ ਸਮਰਪਤ ਨਾਟਕਕਾਰਾਂ, ਕਲਾਕਾਰਾਂ, ਸਾਹਿਤ-ਸਭਿਆਚਾਰ ਖੇਤਰ ਵਿੱਚ ਸਰਗਰਮ ਲੇਖਕਾਂ, ਬੁੱਧੀਜੀਵੀਆਂ ਅਤੇ ਜਨਤਕ-ਇਨਕਲਾਬੀ ਲਹਿਰ ਦੇ ਕਾਫਲਿਆਂ ਵੱਲੋਂ ''ਇਨਕਲਾਬੀ ਰੰਗ-ਮੰਚ ਦਿਹਾੜੇ'' ਵਜੋਂ ਮਨਾਇਆ ਗਿਆ ਸੀ ਅਤੇ ਭਵਿੱਖ ਵਿੱਚ ਨਾ ਸਿਰਫ ਆਏ ਵਰ•ੇ ਇਹ ਦਿਹਾੜਾ ਮਨਾਉਣ ਦਾ, ਸਗੋਂ ਗੁਰਸ਼ਰਨ ਭਾਅ ਜੀ ਵੱਲੋਂ ਆਰੰਭੀ ਤੇ ਪਾਲੀ-ਪੋਸੀ ਇਨਕਲਾਬੀ ਪੰਜਾਬੀ ਰੰਗ-ਮੰਚ ਲਹਿਰ ਨੂੰ ਅੱਗੇ ਵਧਾਉਣ ਲਈ ਘਾਲਣਾ-ਘਾਲਣ ਦਾ ਅਹਿਦ ਲਿਆ ਗਿਆ ਸੀ। 
ਪੰਜਾਬੀ ਰੰਗ-ਮੰਚ ਦੇ ਇਤਿਹਾਸ ਵਿੱਚ ਬਹੁਤ ਸਾਰੇ ਇਨਕਲਾਬੀ, ਅਗਾਂਹਵਧੂ ਅਤੇ ਲੋਕ-ਪੱਖੀ ਰੰਗਕਰਮੀ ਹੋ ਗੁਜ਼ਰੇ ਹਨ, ਜਿਹਨਾਂ ਵੱਲੋਂ ਕਲਾ ਦੇ ਇਸ ਖੇਤਰ ਦੀ ਉਸਾਰੀ ਵਿੱਚ ਸ਼ਾਨਦਾਰ ਤੇ ਸਿਰਜਣਾਤਮਿਕ ਰੋਲ ਅਦਾ ਕੀਤਾ ਗਿਆ ਹੈ। ਉਹ ਸਾਰੇ ਸਾਡੀ ਪ੍ਰਸੰਸਾ ਤੇ ਸਲਾਮ ਦੇ ਹੱਕਦਾਰ ਹਨ। ਪਰ ਇਹ ਸਿਰਫ ਗੁਰਸ਼ਰਨ ਸਿੰਘ ਹੀ ਸਨ, ਜਿਹਨਾਂ ਵੱਲੋਂ ਇਨਕਲਾਬੀ ਪੰਜਾਬੀ ਰੰਗ-ਮੰਚ ਦੀ ਉਸਾਰੀ ਲਈ ਘਾਲੀ ਗਈ ਅਣਥੱਕ ਤੇ ਜਹਾਦੀ ਘਾਲਣਾ ਰਾਹੀਂ ਅਜਿਹੀ ਲਟ ਲਟ ਬਲ਼ਦੀ ਇਨਕਲਾਬੀ ਨਿਹਚਾ, ਪ੍ਰਤੀਬੱਧਤਾ, ਸਮਰਪਣ ਭਾਵਨਾ ਅਤੇ ਰੰਗ-ਮੰਚ ਸੂਝ ਦੇ ਮੁਜ਼ੱਸਮਾ ਹੋਣ ਦਾ ਸੂਬਤ ਦਿੱਤਾ ਗਿਆ ਹੈ- ਜਿਸ ਕਰਕੇ ਉਨ•ਾਂ ਦੀ ਬਰਸੀ ਨੂੰ ਇਨਕਲਾਬੀ ਪੰਜਾਬੀ ਰੰਗ-ਮੰਚ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੀ ਇਸੇ ਹੈਸੀਅਤ ਨੂੰ ਸਲਾਮ ਕਰਨ ਲਈ 11 ਜਨਵਰੀ 2006 ਨੂੰ ਪਿੰਡ ਕੁੱਸਾ ਵਿਖੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵੱਲੋਂ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਨਿਵਾਜਿਆ ਗਿਆ ਸੀ। 
ਉਹ ਨਾ ਰੰਗ-ਮੰਚ ਕਲਾ ਦੀ ਗੁੜ•ਤੀ ਲੈ ਕੇ ਜੰਮੇ ਸਨ ਅਤੇ ਨਾ ਹੀ ਰੰਗ-ਮੰਚ ਦੀ ਸਿੱਖਿਆ-ਸਿਖਲਾਈ ਲੈਂਦਿਆਂ ਜਵਾਨ ਹੋਏ ਸਨ। ਹਾਂ- ਉਹ ਅਲ•ੜ ਉਮਰੇ (15-16 ਸਾਲ) ਹੀ ਕਮਿਊਨਿਸਟ ਲਹਿਰ ਨਾਲ ਜੁੜ ਗਏ ਸਨ ਅਤੇ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠਲੀ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਪ੍ਰਭਾਵ ਹੇਠ ਆ ਗਏ ਸਨ। ਪਰ ਜਦੋਂ 1952 ਵਿੱਚ ਹਿੰਦ ਕਮਿਊਨਿਸਟ ਪਾਰਟੀ ਵੱਲੋਂ ਮੁਲਕ ਦੀ ਨਕਲੀ ਆਜ਼ਾਦੀ ਨੂੰ ਖਰੀ ਆਜ਼ਾਦੀ ਅਤੇ ਨਹਿਰੂ ਹਕੂਮਤ ਨੂੰ ਖਰੀ ਕੌਮੀ ਹਕੂਮਤ ਪ੍ਰਵਾਨ ਕਰਦਿਆਂ, ਇਸ ਨੂੰ ਪੱਕੇ ਪੈਰੀਂ ਕਰਨ ਦਾ ਕਾਰਜ ਕੱਢ ਲਿਆ ਗਿਆ ਅਤੇ ਪਿਛਾਖੜੀ ਪਾਰਲੀਮਾਨੀ ਸਿਆਸੀ ਰਾਹ ਅਖਤਿਆਰ ਕਰਦਿਆਂ, ਇਨਕਲਾਬੀ ਸਮਾਜਿਕ ਤਬਦੀਲੀ ਦਾ ਰਾਹ ਤਿਆਗ ਦਿੱਤਾ ਗਿਆ ਤਾਂ ਇਸਦੇ ਨਾਲ ਹੀ ਇਪਟਾ ਵੱਲੋਂ ਵੀ ਸੁਧਾਰਵਾਦੀ ਦਿਸ਼ਾ ਅਪਣਾ ਲਈ ਗਈ। ਗੁਰਸ਼ਰਨ ਸਿੰਘ ਦੇ ਆਪਣੇ ਸ਼ਬਦਾਂ ਵਿੱਚ, ''ਮੈਂ 1952-53 ਦੀਆਂ ਗੱਲਾਂ ਕਰ ਰਿਹਾ ਹਾਂ। ਜਦੋਂ ਬੀ.ਟੀ. ਰੰਧੀਵੇ ਦਾ ਦੌਰ ਗੁਜ਼ਰ ਗਿਆ ਤਾਂ ਕਮਿਊਨਿਸਟ ਪਾਰਟੀ ਦੀ ਭਾਰੂ ਲੀਡਰਸ਼ਿੱਪ ਦਾ ਜਵਾਹਰ ਲਾਲ ਨਹਿਰੂ ਨਾਲ ਤਾਂ ਜਿਵੇਂ ਰੌਲਾ ਹੀ ਮੁੱਕ ਗਿਆ ਸੀ.... ਤਾਂ ਇਪਟਾ ਦਾ ਮੰਚ 'ਜੋਰੀ ਮੰਗੇ ਦਾਨ ਵੇ ਲਾਲੋ' ਦੀ ਥਾਂ ਇਸਤਰੀ ਸਾਖਰਤਾ 'ਤੇ ਕੇਂਦਰਤ ਹੋ ਰਿਹਾ ਸੀ.... ਮੈਂ ਇਪਟਾ ਦੀ ਸਟੇਜ 'ਤੇ ਵਾਪਰੀ ਇਸ ਤਬਦੀਲੀ ਨੂੰ ਸਮਝਣ ਦੀ ਗੱਲ ਕਰ ਰਿਹਾ ਹਾਂ...।'' ਉਹਨਾਂ ਦੇ ਕਹਿਣ ਦਾ ਮਤਲਬ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਚੱਲਦੀ ਇਪਟਾ ਵੱਲੋਂ ''ਸਮਾਜਿਕ ਤਬਦੀਲੀ ਦਾ ਸੰਦੇਸ਼'' ਦੇਣ ਦੀ ਥਾਂ ਸੁਧਾਰਵਾਦੀ ਰਾਹ ਅਖਤਿਆਰ ਕਰ ਲਿਆ ਗਿਆ ਸੀ। ਇੱਥੋਂ ਹੀ ਗੁਰਸ਼ਰਨ ਸਿੰਘ ਦੇ ਮਨ ਅੰਦਰ ਅਜਿਹੀ ਰੰਗਮੰਚ ਦੀ ਧਾਰਾ ਤੇ ਸ਼ੈਲੀ ਦਾ ਝੰਡਾ ਚੁੱਕਣ ਦੀ ਭਾਵਨਾ ਨੇ ਉੱਸਲਵੱਟਾ ਲਿਆ ਅਤੇ ਇਸ ਰਾਹ 'ਤੇ ਤੁਰਨ ਦਾ ਸੁਚੇਤ ਫੁਰਨਾ ਫੁਰਿਆ। ਅਗਲੇ ਵਰਿ•ਆਂ ਵਿੱਚ ਇਹੀ ਲਟ ਲਟ ਬਲ਼ਦੀ ਭਾਵਨਾ ਉਸਦੀ ਇਨਕਲਾਬੀ ਰੰਗ-ਮੰਚ ਲਈ ਕੀਤੀ ਸਿਰਜਣਾਤਮਿਕ ਸਾਧਨਾ ਦੀ ਚਾਲਕ-ਸ਼ਕਤੀ ਬਣੀ ਹੈ ਅਤੇ ਇਹੀ ਵਿਚਾਰ-ਫੁਰਨਾ ਇਸ ਸਾਧਨਾ-ਸਫਰ ਦੇ ਨਕਸ਼ੇ-ਕਦਮਾਂ ਦਾ ਧਰੂ ਬਣਿਆ ਹੈ। ਇਸ ਫੁਰਨੇ ਨੂੰ ਸਾਕਾਰ ਕਰਨ ਲਈ ਜਿਉਂ ਹੀ ਉਹਨਾਂ ਚੰਗੀ ਤਰ•ਾਂ ਸੋਚਿਆ ਸਮਝਿਆ ਫੈਸਲਾ ਲੈ ਕੇ ਰੰਗਮੰਚ ਦੇ ਰਾਹ 'ਤੇ ਪੈਰ ਧਰਿਆ ਤਾਂ ਉਹਨਾਂ ਅੰਦਰੋਂ ਰੰਗਮੰਚ ਦਾ ਇੱਕ ਚਸ਼ਮਾ ਫੁੱਟ ਤੁਰਿਆ। 
ਅਗਲੇ ਦਹਾਕਿਆਂ ਵਿੱਚ ਰੰਗਮੰਚ ਦਾ ਉਹਨਾਂ ਅੰਦਰੋਂ ਫੁੱਟਿਆ ਮੁਢਲਾ ਚਸ਼ਮਾ ਜਿਵੇਂ ਸਭਨਾਂ ਰੋਕਾਂ-ਰੁਕਾਵਟਾਂ ਅਤੇ ਅੜਿੱਕਿਆਂ ਨੂੰ ਸਰ ਕਰਦਾ ਹੋਇਆ, ਸ਼ੂਕਦੀ ਅਤੇ ਗਰਜਦੀ ਇਨਕਲਾਬੀ ਪੰਜਾਬੀ ਰੰਗ-ਮੰਚ ਦੀ ਧਾਰਾ ਦੀ ਸ਼ਕਲ ਅਖਤਿਆਰ ਕਰਨ ਵੱਲ ਵਧਿਆ ਹੈ, ਇਸਨੇ ਗੁਰਸ਼ਰਨ ਭਾਅ ਜੀ ਵੱਲੋਂ ਕੀਤੀ ਚੋਣ ਦੇ ਢੁਕਵੀਂ ਤੇ ਦਰੁਸਤ ਹੋਣ 'ਤੇ ਮੋਹਰ ਲਾਈ ਹੈ। ਰੰਗਮੰਚ ਅਤੇ ਗੀਤ-ਸੰਗੀਤ ਕਲਾ ਖੇਤਰ ਦੀਆਂ ਅਜਿਹੀਆਂ ਕਲਾ-ਵੰਨਗੀਆਂ ਹਨ, ਜਿਹੜੀਆਂ ਲੋਕ-ਮਨਾਂ 'ਤੇ ਛਾਪ ਛੱਡਣ ਪੱਖੋਂ ਬਾਕੀ ਸਭਨਾਂ ਕਲਾ-ਵੰਨਗੀਆਂ (ਨਾਵਲ, ਕਹਾਣੀ, ਨਾਚ, ਪੇਂਟਿੰਗ, ਬੁੱਤਤਰਾਸ਼ੀ,ਫੋਟੋਗਰਾਫ਼ੀ ਵਗੈਰਾ) ਨਾਲੋਂ ਮੁਕਾਬਲਤਨ ਕਿਤੇ ਵਧੇਰੇ ਪ੍ਰਭਾਵਸ਼ਾਲੀ ਹਨ। ਇਹ ਦੋਵੇਂ (ਦੇਖਣ-ਸੁਣਨ) ਦੀਆਂ ਕਲਾ-ਵੰਨਗੀਆਂ  ਹੋਣ ਕਰਕੇ ਕਲਾਕਾਰਾਂ ਤੇ ਲੋਕਾਂ ਦਰਮਿਆਨ ਸਿੱਧੇ ਤੇ ਨੇੜਲੇ ਸੰਵਾਦ ਦਾ ਮਾਧਿਅਮ ਬਣਦੀਆਂ ਹਨ। ਇਹ ਦੋਵੇਂ ਸਾਧਾਰਨ ਜਨਤਾ ਦੀ ਸਭਿਆਚਾਰਕ ਜ਼ਿੰਦਗੀ ਦਾ ਸੁਭਾਵਿਕ ਤੇ ਸੁਧੇਸਿੱਧ ਅੰਗ ਹਨ। ਜਿਵੇਂ ਖੁਸ਼ੀਆਂ, ਗ਼ਮੀਆਂ, ਵਿਆਹ-ਸ਼ਾਦੀਆਂ ਅਤੇ ਤਿੱਥ-ਤਿਉਹਾਰਾਂ ਦੇ ਮੌਕਿਆਂ 'ਤੇ ਲੋਕਾਂ ਵੱਲੋਂ ਇਹ ਦੋਵੇਂ ਸ਼ਕਲਾਂ ਨਾਲੋਂ ਮਾੜੇ ਮੋਟੇ ਫਰਕਾਂ ਵਾਲੀਆਂ, ਇਹਨਾਂ ਨਾਲ ਮੇਲ ਖਾਂਦੀਆਂ ਸ਼ਕਲਾਂ ਜਾਂ ਇਹਨਾਂ ਦੋਵਾਂ ਦੇ ਸੁਮੇਲ ਵਿੱਚੋਂ ਨਿਕਲੀਆਂ ਸ਼ਕਲਾਂ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਇਸੇ ਕਰਕੇ, ਇਹ ਕਲਾ-ਵੰਨਗੀਆਂ, ਕਲਾਕਾਰਾਂ ਅਤੇ ਜਨ-ਸਾਧਾਰਨ ਸਰੋਤਿਆਂ ਦਰਮਿਆਨ ਸੰਵਾਦ ਰਚਾਉਣ ਦਾ ਜ਼ਰੀਆ ਬਣਦੇ ਪੁਲ ਦਾ ਕੰਮ ਕਰਦੀਆਂ ਹਨ। 
ਗੁਰਸ਼ਰਨ ਸਿੰਘ ਵੱਲੋਂ ਰੰਗਮੰਚ ਦੀ ਮਿਹਨਤਕਸ਼ ਲੋਕ-ਮਨਾਂ ਦੇ ਬੂਹਿਆਂ 'ਤੇ ਦਸਤਕ ਦੇਣ ਲਈ ਸਿਰਫ ਚੋਣ ਹੀ ਨਹੀਂ ਕੀਤੀ ਗਈ। ਉਹਨਾਂ ਵੱਲੋਂ ਇਸ ਕਲਾ-ਵੰਨਗੀ ਨੂੰ ਜਨ-ਸਾਧਾਰਨ ਦੀ ਤਰਜ਼ੇ-ਜ਼ਿੰਦਗੀ, ਯਾਨੀ ਬੋਲ-ਚਾਲ, ਮੁਹਾਵਰੇ, ਰਹਿਣ-ਸਹਿਣ ਅਤੇ ਸਮਾਜਿਕ-ਸਭਿਆਚਾਰਕ ਮਾਹੌਲ ਮੁਤਾਬਕ ਢਾਲਣ ਲਈ ਕਠਿਨ ਜੱਦੋਜਹਿਦ ਕੀਤੀ ਗਈ ਹੈ ਤਾਂ ਕਿ ਇਹ ਮਾਧਿਅਮ ਲੋਕ-ਮਨਾਂ ਵਿੱਚ ਖੌਰੂ ਪਾ ਰਹੀਆਂ ਸਮੱਸਿਆਵਾਂ, ਅਣਪੂਰੀਆਂ ਆਸਾਂ, ਉਮੰਗਾਂ ਤੇ ਸਧਰਾਂ ਦੇ ਜ਼ੋਰਦਾਰ ਪ੍ਰਗਟਾਅ, ਸਮੱਸਿਆਵਾਂ ਦੇ ਹੱਲ ਜਾਂ ਅਣ-ਪੂਰੀਆਂ ਆਸਾਂ, ਉਮੰਗਾਂ ਤੇ ਸਧਰਾਂ ਦੀ ਪੂਰਤੀ ਲਈ ਰਾਹ ਦੇ ਉੱਘੜਵੇਂ ਪੈਗਾਮ ਵੱਲੋਂ ਉਹਨਾਂ ਦੀ ਸੁਰਤੀ ਨੂੰ ਟੁੰਬਣ-ਝੰਜੋੜਨ ਅਤੇ ਸੋਚ-ਤਰੰਗਾਂ ਛੇੜਨ ਦਾ ਪ੍ਰਭਾਵਸ਼ਾਲੀ ਸਾਧਨ ਬਣ ਸਕੇ। ਇਸ ਕਾਰਜ ਨੂੰ ਹੱਥ ਪਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕਿਸੇ ਸਿਆਸੀ ਖੇਤਰ ਜਾਂ ਸਾਹਿਤ, ਕਲਾ ਆਦਿ ਖੇਤਰ ਦੀ ਹਾਂ-ਪੱਖੀ/ਲੋਕ-ਪੱਖੀ ਵਿਰਾਸਤ ਨੂੰ ਲੈ ਕੇ ਤੁਰਨਾ, ਇਸਨੂੰ ਬਰਕਰਾਰ ਰੱਖਣ ਲਈ ਇਸ 'ਤੇ ਆਪਣੀ ਕਥਨੀ ਤੇ ਕਰਨੀ ਰਾਹੀਂ ਪਹਿਰਾ ਦੇਣਾ ਅਤੇ ਕਿਸੇ ਹੱਦ ਤੱਕ ਇਹਦਾ ਮੁੰਹ-ਮੱਥਾ ਸੰਵਾਰਨਾ ਨਿਖਾਰਨਾ ਵੀ ਚਾਹੇ ਕੋਈ ਸੁਖਾਲਾ ਕੰਮ ਨਹੀਂ ਹੁੰਦਾ, ਇਸ ਲਈ ਵੀ ਨਿਹਚਾ, ਧੁਨ ਤੇ ਸਮਰਪਣ ਭਾਵਨਾ ਦੀ ਲੋੜ ਹੁੰਦੀ ਹੈ। ਪਰ ਅਜਿਹੀ ਕਿਸੇ ਵੰਨਗੀ ਦੀ ਵਿਰਾਸਤ ਨੂੰ ਇੱਕ ਚੰਗਿਆੜੀ ਤੋਂ ਲਟ ਲਟ ਬਲਦੀ ਲਾਟ ਵਿੱਚ ਬਦਲਣਾ ਤੇ ਇੱਕ ਤੰਗ ਘਾਟੀ ਵਿੱਚ ਵਹਿੰਦੇ ਚਸ਼ਮੇ ਤੋਂ ਸ਼ੂਕਦੀ ਤੇ ਗਰਜਦੀ ਧਾਰਾ ਵਿੱਚ ਬਦਲਣ ਦਾ ਕਰਮ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਜਾਂ ਚੋਣਵੇਂ ਵਿਅਕਤੀਆਂ ਦੇ ਹੀ ਹਿੱਸੇ ਆਉਂਦਾ ਹੈ। ਉਹਨਾਂ ਵਿਅਕਤੀਆਂ 'ਚੋਂ ਇੱਕ ਸਿਰਕੱਢਵਾਂ ਵਿਅਕਤੀ ਗੁਰਸ਼ਰਨ ਸਿੰਘ ਸਨ, ਜਿਹਨਾਂ ਪੰਜਾਬੀ ਰੰਗਮੰਚ ਨੂੰ ਯੂਨੀਵਰਸਿਟੀਆਂ, ਕਾਲਜਾਂ ਅਤੇ ਸ਼ਹਿਰੀ ਥੀਏਟਰਾਂ ਦੇ ਤੰਗ ਤੇ ਸੀਮਤ ਦਾਇਰੇ 'ਚੋਂ ਕੱਢਣ ਲਈ ਪੰਜਾਬ ਦੇ ਪੇਂਡੂ ਲੁੱਟੇ-ਪੁੱਟੇ, ਦੱਬੇ-ਕੁਚਲੇ ਮਿਹਨਤਕਸ਼ ਲੋਕਾਂ ਦੇ ਵਿਹੜਿਆਂ ਤੱਕ ਪਹੁੰਚਣ ਲਈ ਪਰਵਾਜ਼ ਮੁਹੱਈਆ ਕੀਤੀ। ਜਿਹਨਾਂ ਪਿੰਡਾਂ ਦੀਆਂ ਸੱਥਾਂ, ਧਰਮਸ਼ਾਲਾਵਾਂ ਅਤੇ ਮੇਲਿਆਂ-ਤਿਓਹਾਰਾਂ ਵਿੱਚ ਕਦੇ ਲੱਗਦੇ ਰਵਾਇਤੀ ਗੌਣ-ਅਖਾੜਿਆਂ ਵੱਲ ਉਮੜਦੇ ਪੇਂਡੂ ਲੋਕਾਂ ਨੂੰ ਅਜਿਹੇ ਇਨਕਲਾਬੀ ਰੰਗਮੰਚ ਦਾ ਬਦਲ ਪੇਸ਼ ਕੀਤਾ ਕਿ ਉਹਨਾਂ ਪਿੰਡਾਂ ਦੀਆਂ ਸੱਥਾਂ-ਗਲੀਆਂ 'ਚ ਲੋਕਾਂ ਦੇ ਕਾਫਲੇ ਗੁਰਸ਼ਰਨ ਸਿੰਘ ਦੇ ਨਾਟਕ-ਅਖਾੜਿਆਂ ਵੱਲ ਉਮੜਦੇ ਦੇਖੇ ਗਏ। 
ਇਹ ਕੰਮ ਦਗ਼ਦੀ ਭਾਵਨਾ, ਨਿਹਚਾ ਤੇ ਸਿਰੜ ਦੀ ਮੰਗ ਕਰਦਾ ਸੀ। ਉਹਨਾਂ ਵੱਲੋਂ ਪੰਜਾਬੀ ਰੰਗਮੰਚ ਨੂੰ ਇਨਕਲਾਬੀ ਧਾਰ ਅਤੇ ਮੂੰਹ-ਮੁਹਾਂਦਰਾ ਮੁਹੱਈਆ ਕਰਨ ਲਈ ਸਖਤ ਜਾਨ ਘਾਲਣਾ ਘਾਲੀ ਗਈ। ਉਹਨਾਂ ਵੱਲੋਂ ਉਸ ਵਕਤ ਪ੍ਰਚੱਲਤ ਨਾਟਕਾਂ ਵਿੱਚ ਪ੍ਰਚੱਲਤ ਵਿਸ਼ਾ-ਵਸਤੂ, ਤਕਨੀਕ, ਬੋਲੀ-ਸ਼ੈਲੀ ਅਤੇ ਪੈਗਾਮ ਦੀ ਪੇਸ਼ਕਾਰੀ ਪੱਖਾਂ ਤੋਂ ਉਸ ਮੌਕੇ ਦੇ ਬਹੁਤੇ ਨਾਟਕਕਾਰਾਂ ਤੇ ਬੁੱਧੀਜੀਵੀ ਹਲਕਿਆਂ ਵੱਲੋਂ ਅਣਕਿਆਸੀਆਂ ਤੇ ਵੱਡੀਆਂ ਤਬਦੀਲੀਆਂ ਕਰਨ ਦਾ ਰੁਖ ਅਖਤਿਆਰ ਕੀਤਾ ਗਿਆ। ਉਹਨਾਂ ਵੱਲੋਂ ਉਦੋਂ ਖੇਡੇ ਤੇ ਲਿਖੇ ਜਾਂਦੇ ਨਾਟਕਾਂ ਵਿੱਚ ਬਹੁਤਾ ਕਰਕੇ ਸਮਾਜਿਕ-ਸਭਿਆਚਾਰਕ ਖੇਤਰ ਦੇ ਵਿਸ਼ਿਆਂ ਤੋਂ ਅੱਗੇ ਪੁਲਾਂਘ ਪੁੱਟਦਿਆਂ, ਆਰਥਿਕ, ਸਿਆਸੀ, ਸਮਾਜਿਕ, ਸਭਿਆਚਾਰਕ ਸਭ ਖੇਤਰਾਂ ਨਾਲ ਸਬੰਧਤ ਵਿਸ਼ਿਆਂ ਨੂੰ ਕਲਾਵੇ ਵਿੱਚ ਲਿਆ ਗਿਆ। ਪੜ•ੇ-ਲਿਖੇ ਮੱਧ-ਵਰਗ ਨਾਲ ਸਬੰਧਤ ਵਿਸ਼ਿਆਂ ਦੀ ਬਜਾਇ, ਪੇਂਡੂ ਮਿਹਨਤਕਸ਼ ਲੋਕਾਂ- ਖੇਤ ਮਜ਼ਦੂਰਾਂ, ਕਿਸਾਨਾਂ ਔਰਤਾਂ ਅਤੇ ਹੋਰਨਾਂ ਕਮਾਊ ਤਬਕਿਆਂ ਦੀ ਜ਼ਿੰਦਗੀ ਨਾਲ ਸਬੰਧਤ ਵਿਸ਼ਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ। ਕਮਾਊ ਲੋਕਾਂ ਦੀ ਆਰਥਿਕ ਖੋਹ-ਖਿੰਝ, ਰਵਾਇਤੀ ਸਿਆਸਤਦਾਨਾਂ ਦੇ ਲੋਕ-ਦੁਸ਼ਮਣ ਕਿਰਦਾਰ, ਪਿਛਾਂਹਖਿੱਚੂ ਰੂੜੀਵਾਦੀ ਕਦਰਾਂ-ਕੀਮਤਾਂ ਜਾਗੀਰੂ-ਪਿਤਾ ਪੁਰਖੀ ਅਤੇ ਔਰਤ ਵਿਰੋਧ ਰੀਤੀ-ਰਿਵਾਜਾਂ ਅਤੇ ਮਾਨਸਿਕਤਾ, ਫਿਰਕਾਪ੍ਰਸਤੀ ਅਤੇ ਮੱਧਯੁੱਗੀ ਜਾਤ-ਪਾਤੀ ਪ੍ਰਬੰਧ ਵਿਰੁੱਧ ਸੇਧਤ ਅਨੇਕਾਂ ਨਾਟਕ ਲਿਖੇ ਗਏ ਅਤੇ ਖੇਡੇ ਗਏ। ਪਿਛਾਖੜੀ ਰਾਜਭਾਗ 'ਤੇ ਕਾਬਜ਼ ਜਮਾਤਾਂ ਦੇ ਨੁਮਾਇੰਦਾ ਮੌਕਾਪ੍ਰਸਤ ਸਿਆਸੀ ਟੋਲਿਆਂ ਦੀ ਕਮਾਊ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀ ਧੋਖੇਬਾਜ਼ ਸਿਆਸਤ, ਅਤੇ ਪਾੜਨ-ਵੰਡਣ ਦੀ ਫਿਰਕੂ ਸਿਆਸਤ ਦੇ ਬੇਖੌਫ਼ ਬਖੀਏ ਉਧੇੜਦੇ ਨਾਟਕ ਖੇਡੇ ਗਏ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਵਿੱਚ ਦੋਵਾਂ ਕਿਸਮਾਂ ਦੀਆਂ ਦਹਿਸ਼ਤਗਰਦੀਆਂ ਖਿਲਾਫ ਬੋਲਣ, ਨਾਟਕ ਲਿਖਣ ਅਤੇ ਖੇਡਣ ਦਾ ਸਫਰ ਪੂਰੀ ਨਿੱਡਰਤਾ ਤੇ ਧੜੱਲੇ ਨਾਲ ਜਾਰੀ ਰੱਖਿਆ ਗਿਆ। 
ਇਹਨਾਂ ਵਿਸ਼ਿਆਂ 'ਤੇ ਲਿਖੇ ਤੇ ਖੇਡੇ ਨਾਟਕਾਂ ਵਿੱਚ ਪਿਛਾਖੜੀ ਨਿਜ਼ਾਮ ਦੀਆਂ ਲੋਕ-ਦੁਸ਼ਮਣ ਅਲਾਮਤਾਂ ਅਤੇ ਇਹਨਾਂ ਦੀਆਂ ਜੁੰਮੇਵਾਰ ਤਾਕਤਾਂ ਦੀ ਮਹਿਜ ਬਾਹਰਮੁਖੀ ਪੇਸ਼ਕਾਰੀ ਅਤੇ ਪਾਜ-ਉਘੜਾਈ ਹੀ ਨਹੀਂ ਕੀਤੀ ਗਈ, ਸਗੋਂ ਇਸ ਨਿਜ਼ਾਮ ਦੀਆਂ ਹਿਤੈਸ਼ੀ ਤਾਕਤਾਂ (ਰਾਜ-ਭਾਗ, ਮੌਕਾਪ੍ਰਸਤ ਸਿਆਸੀ ਟੋਲੇ, ਅਫਸਰਸ਼ਾਹੀ, ਫਿਰਕੂ ਜਨੂੰਨੀ, ਧਾਰਮਿਕ ਘੜੰਮ ਚੌਧਰੀਆਂ ਵਗੈਰਾ) ਨਾਲ ਮਜਲੂਮ ਜਨਤਾ ਦੇ ਬੁਨਿਆਦੀ ਅਤੇ ਸਮਝੌਤਾ ਰਹਿਤ ਟਕਰਾਅ ਨੂੰ ਉਭਾਰਿਆ ਗਿਆ ਹੈ ਅਤੇ ਇਸ ਭੇੜ ਅੰਦਰ ਇਸਨੂੰ ਇਨਕਲਾਬੀ ਰੁਖ ਅੱਗੇ ਵਧਾ ਰਹੀਆਂ ਤਾਕਤਾਂ ਦੀ ਮੌਜੂਦਗੀ ਜਾਂ ਅਜਿਹੀਆਂ ਤਾਕਤਾਂ ਦੀ ਲਾਜ਼ਮੀ ਲੋੜ ਨੂੰ ਜ਼ੋਰ ਨਾਲ ਉਭਾਰਿਆ ਗਿਆ ਹੈ। 
ਇਸ ਮੰਤਵ ਵਾਸਤੇ ਉਹਨਾਂ ਵੱਲੋਂ ਪੰਜਾਬ ਦੇ ਇਤਿਹਾਸਕ ਵਿਰਸੇ ਦੇ ਹਾਂਦਰੂ ਪੱਖਾਂ ਨੂੰ ਵਰਤਮਾਨ ਪ੍ਰਸੰਗ ਨੂੰ ਮੂਹਰੇ ਰੱਖਦੇ ਹੋਏ ਆਪਣੀ ਨਾਟਕੀ ਪੇਸ਼ਕਾਰੀ ਦੇ ਵਿਸ਼ੇ ਬਣਾਇਆ ਗਿਆ। ਵਰਤਮਾਨ ਸਮਾਜ ਨੇ ਬੀਤੇ 'ਚੋਂ ਵਜੂਦ ਧਾਰਿਆ ਹੈ। ਬੀਤੇ ਦੀਆਂ ਕਈ ਹਾਂ-ਪੱਖੀ ਤੇ ਨਰੋਈਆਂ ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ, ਸੰਗਰਾਮੀ ਅਤੇ ਲੋਕ-ਹਿਤੈਸ਼ੀ ਪਿਰਤਾਂ ਨੂੰ ਮੌਜੂਦਾ ਜਾਬਰ ਹਾਕਮਾਂ ਵੱਲੋਂ ਪਿਛਾਖੜੀ ਵਿਚਾਰਧਾਰਕ-ਸਭਿਆਚਾਰਕ ਹਮਲੇ ਰਾਹੀਂ ਖਾਰਜ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਮਿਹਨਤਕਸ਼ ਲੋਕਾਂ ਦੇ ਮਨਾਂ 'ਚੋਂ ਉੱਕਾ ਹੀ ਖਾਰਜ ਨਹੀਂ ਹੁੰਦੀਆਂ, ਪਰ ਇਸ ਹਮਲੇ ਦੇ ਗਰਦੋ-ਗੁਬਾਰ ਥੱਲੇ ਦੱਬ ਕੇ ਅਹਿੱਲ ਪਈਆਂ ਰਹਿੰਦੀਆਂ ਹਨ। ਇਹਨਾਂ ਨੂੰ ਆਰ ਲਾਉਣਾ, ਟੁੰਬਣਾ, ਹਲੂਣਨਾ ਅਤੇ ਜਗਾਉਣਾ ਅਤੇ ਵਰਤਮਾਨ ਅੰਦਰ ਜਾਬਰ ਹਾਕਮਾਂ ਖਿਲਾਫ ਉੱਠ ਰਹੀਆਂ ਦੱਬੀਆਂ-ਲਤਾੜੀਆਂ ਜਮਾਤਾਂ ਦੇ ਵਿਚਾਰਧਾਰਕ, ਸਿਆਸੀ ਅਤੇ ਨੈਤਿਕ ਪ੍ਰੇਰਨਾ ਸਰੋਤਾਂ ਵਜੋਂ ਉਭਾਰਨਾ ਅਗਾਂਹਵਧੂ ਅਤੇ ਇਨਕਲਾਬੀ ਸਾਹਿਤ-ਸਭਿਆਚਾਰਕ ਕਿਰਤਾਂ ਦਾ ਇੱਕ ਬਹੁਤ ਹੀ ਅਹਿਮ ਕਾਰਜ ਹੁੰਦਾ ਹੈ। ਗੁਰਸ਼ਰਨ ਸਿੰਘ ਵਲੋਂ ਇਤਿਹਾਸ ਦੇ ਪੰਨਿਆਂ 'ਚੋਂ ਹਾਂਦਰੂ ਅਤੇ ਉਸਾਰੀ ਅੰਸ਼ਾਂ ਨੂੰ ਆਪਣੇ ਨਾਟਕਾਂ ਦੇ ਵਿਸ਼ੇ ਬਣਾਉਂਦਿਆਂ, ਇਸ ਕਾਰਜ ਨੂੰ ਬਾਖੂਬੀ ਨਿਭਾਉਣ ਲਈ ਜ਼ੋਰਦਾਰ ਹੰਭਲਾ ਮਾਰਿਆ ਗਿਆ ਹੈ। ਇਸ ਹੰਭਲੇ ਵਿੱਚ ''ਕਿਵ ਕੂੜੇ ਤੁਟੈ ਪਾਲ'', ''ਧਮਕ ਨਗਾਰੇ ਦੀ'', ''ਚਾਂਦਨੀ ਚੌਕ ਤੋਂ ਸਰਹਿੰਦ ਤੱਕ'' ਦਾ ਉੱਭਰਵਾਂ ਜ਼ਿਕਰ ਕੀਤਾ ਜਾ ਸਕਦਾ ਹੈ। 
ਇਉਂ, ਉਹਨਾਂ ਵੱਲੋਂ ਆਪਣੀਆਂ ਇਹਨਾਂ ਪੇਸ਼ਕਾਰੀਆਂ ਰਾਹੀਂ ਇਤਿਹਾਸ ਦੇ ਸ਼ਾਨਦਾਰ ਵਿਰਾਸਤੀ ਪੱਖਾਂ ਨੂੰ ਉਭਾਰਿਆ, ਇਹਨਾਂ 'ਤੇ ਮਜ਼ਲੂਮ ਜਮਾਤਾਂ ਦੀ ਦਾਅਵਾ ਜਤਲਾਈ ਦੇ ਹੱਕ ਨੂੰ ਉਘਾੜਿਆ ਅਤੇ ਇਹਨਾਂ ਦੇ ਵਰਤਮਾਨ ਅੰਦਰ ਪ੍ਰਸੰਗਕਤਾ ਨੂੰ ਉਜਾਗਰ ਕੀਤਾ ਗਿਆ। 
ਵਿਸ਼ੇ ਦੀ ਚੋਣ ਤੋਂ ਬਾਅਦ, ਅਕਾਦਮਿਕ ਬੋਲੀ ਤੇ ਮੁਹਾਵਰੇਬਾਜ਼ੀ ਨੂੰ ਵਰਤਣ ਤੋਂ ਸੁਚੇਤ ਗੁਰੇਜ ਕਰਦਿਆਂ, ਉਹਨਾਂ ਵੱਲੋਂ ਨਾਟਕਾਂ ਨੂੰ ਪੇਂਡੂ ਕਮਾਊ ਲੋਕਾਂ ਦੀ ਬੇਬਾਕ, ਤਲਖ, ਉੱਚੀ ਸੁਰ, ਗਰਜ਼ਵੀਂ ਬੋਲ-ਚਾਲ, ਮੁਹਾਵਰੇ ਅਤੇ ਸਿੱਧੀ-ਸਾਦੀ ਜੀਵਨ-ਸ਼ੈਲੀ ਮੁਤਾਬਿਕ ਢਾਲਿਆ ਤਾਂ ਕਿ ਉਹ ਲੋਕ ਨਾਟਕ ਦੇ ਵਿਸ਼ਾ-ਵਸਤੂ ਅਤੇ ਕਹਾਣੀ ਦੇ ਅਰਥਾਂ ਨੂੰ ਗ੍ਰਹਿਣ ਕਰ ਸਕਣ ਅਤੇ ਇਸ 'ਚੋਂ ਆਪਣੀ ਅਸਲੀ ਜ਼ਿੰਦਗੀ ਦੇ ਅਕਸ ਦੀ ਪਛਾਣ ਕਰ ਸਕਣ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅਜਿਹੇ ਨਾਟਕਾਂ ਅੰਦਰ ਲੋਕ-ਦੁਸ਼ਮਣ ਤਾਕਤਾਂ ਖਿਲਾਫ ਸਮਝੌਤਾ ਰਹਿਤ ਅਤੇ ਤਿੱਖੇ ਭੇੜ ਦੀ ਪੇਸ਼ਕਾਰੀ ਦੋਸਤਾਨਾ ਲਹਿਜੇ ਵਾਲੀ ਨਰਮ, ਅਤੇ ਨੀਵੀਂ-ਸੁਰ ਵਾਲੀ ਬੋਲੀ-ਸ਼ੈਲੀ ਰਾਹੀਂ ਨਹੀਂ ਹੋ ਸਕਦੀ। ਨਾ ਹੀ ਇਹੋ ਜਿਹੀ ਬੋਲੀ-ਸ਼ੈਲੀ ਸਦੀਆਂ ਤੋਂ ਲੁੱਟ ਅਤੇ ਦਾਬੇ ਖਿਲਾਫ ਕਮਾਊ ਲੋਕਾਂ ਅੰਦਰ ਜਮ•ਾਂ ਹੋ ਰਹੀ ਨਫਰਤ, ਬੇਚੈਨੀ, ਤਲਖੀ ਅਤੇ ਰੋਹ ਦਾ ਢੁਕਵਾਂ ਤੇ ਸਹੀ ਇਜ਼ਹਾਰ ਬਣ ਸਕਦੀ ਹੈ। 
ਨਾਟਕੀ ਰੂਪ ਤੋਂ ਅੱਗੇ ਇਸਦੀ ਸਟੇਜੀ ਪੇਸ਼ਕਾਰੀ ਦੀ ਕਮਾਊ ਜਨ-ਸਾਧਾਰਨ ਨੂੰ ਰਾਸ ਬਹਿੰਦੀਆਂ ਢੁਕਵੀਆਂ ਸ਼ਕਲਾਂ ਤਲਾਸ਼ਣ ਤੇ ਵਿਕਸਤ ਕਰਨ 'ਤੇ ਉਹਨਾਂ ਵੱਲੋਂ ਵਿਸ਼ੇਸ਼ ਜ਼ੋਰ ਲਾਇਆ ਗਿਆ। ਯੂਨੀਵਰਸਿਟੀਆਂ ਅਤੇ ਸ਼ਹਿਰੀ ਥੀਏਟਰਾਂ ਦੇ ਵੱਡੇ ਤੇ ਖਰਚੀਲੇ ਸਟੇਜਾਂ, ਸੈੱਟਾਂ ਤੇ ਗੁੰਝਲਾਦਾਰ ਤਕਨੀਕਾਂ ਨੂੰ ਲਾਂਭੇ ਛੱਡਦਿਆਂ, ਕਮਾਊ ਲੋਕਾਂ ਤੱਕ ਸੌਖਿਆਂ ਪਹੁੰਚਣ ਵਾਲੀਆਂ ਸਿੱਧੀਆਂ-ਸਾਦੀਆਂ, ਘੱਟ ਤੋਂ ਘੱਟ ਖਰਚੀਲੀਆਂ ਅਤੇ ਜਨ-ਸਾਧਾਰਨ ਦੀ ਜ਼ਿੰਦਗੀ ਨਾਲ ਮੇਲ ਖਾਂਦੀਆਂ ਰੰਗਮੰਚ ਤਕਨੀਕਾਂ ਈਜਾਦ ਤੇ ਵਿਕਸਤ ਕੀਤੀਆਂ ਅਤੇ ਸਥਾਪਤ ਕੀਤੀਆਂ ਗਈਆਂ। ਪਿੰਡਾਂ ਅੰਦਰ ਬੈਲ ਗੱਡਿਆਂ, ਰੇੜ•ੀਆਂ ਅਤੇ ਟਰਾਲੀਆਂ 'ਤੇ ਕੁੱਝ ਫੱਟੇ ਰੱਖ ਕੇ ਸਟੇਜਾਂ ਤਿਆਰ ਕੀਤੀਆਂ। ਗਲੀਆਂ, ਸੱਥਾਂ, ਗਲੀਆਂ ਦੀਆਂ ਨੁਕਰਾਂ, ਸੜਕਾਂ, ਜਿੱਥੇ ਵੀ ਥਾਂ ਮਿਲ ਗਈ- ਆਪਣੇ ਨਾਟਕਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਲਈ ਸਫਲਤਾ ਨਾਲ ਵਰਤੀ ਗਈ। ਪੰਜਾਬ ਵਿੱਚ ਨੁੱਕੜ ਨਾਟਕ ਦੀ ਤਕਨੀਕ ਵੱਡੀ ਪੱਧਰ 'ਤੇ ਵਰਤਣ ਤੇ ਇੱਕ ਸਫਲ ਤੇ ਪ੍ਰਭਾਵਸ਼ਾਲੀ ਜਨਤਕ ਨਾਟ-ਤਕਨੀਕ ਵਜੋਂ ਸਥਾਪਤ ਕਰਨ ਦਾ ਸਿਹਰਾ ਸਿਰਫ ਤੇ ਸਿਰਫ ਗੁਰਸ਼ਰਨ ਸਿੰਘ ਨੂੰ ਜਾਂਦਾ ਹੈ। ਦਿੱਲੀ ਵਿੱਚ ਸਫਦਰ ਹਾਸ਼ਮੀ ਵੱਲੋਂ ਵੀ ਨੁੱਕੜ ਨਾਟਕ ਤਕਨੀਕ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਗਈ ਸੀ।
ਸਹੀ ਵਿਸ਼ਿਆਂ ਦੀ ਚੋਣ, ਨਾਟਕੀ ਬੋਲੀ-ਸ਼ੈਲੀ ਅਤੇ ਢੁਕਵੀਂ ਪੇਸ਼ਕਾਰੀ ਤਕਨੀਕ ਵਰਤਣ ਦਾ ਹੀ ਨਤੀਜਾ ਸੀ ਕਿ ਉਹ ਆਪਣੀ ਰੰਗਮੰਚ ਕਲਾ ਰਾਹੀਂ ਇਨਕਲਾਬੀ ਸੁਨੇਹੇ ਨੂੰ ਸਿੱਧੀ-ਸਪਾਟ ਅਤੇ ਗਰਜਵੀਂ ਸ਼ਕਲ ਵਿੱਚ ਪੇਸ਼ ਕਰ ਸਕੇ ਅਤੇ ਇਸ ਨਾਲ ਲੋਕ ਮਨਾਂ ਅੰਦਰਲੇ ਉੱਸਲਵੱਟੇ ਲੈਂਦੇ ਜਜ਼ਬਿਆਂ ਦੀਆਂ ਖੌਲਦੀਆਂ ਤਰੰਗਾਂ ਛੇੜ ਸਕੇ ਅਤੇ ਲੋਕ-ਸੁਤਾ ਨੂੰ ਜੁਝਾਰੂ ਚਿਣਗਾਂ ਦੀ ਜਾਗ ਲਾ ਸਕੇ। ਐਮਰਜੈਂਸੀ ਦੌਰਾਨ (ਅਤੇ ਬਾਅਦ ਵਿੱਚ ਵੀ) ਉਹਨਾਂ ਵੱਲੋਂ ਇਤਿਹਾਸਕ ਨਾਟਕ ''ਕਿਵ ਕੂੜੇ ਤੁਟੈ ਪਾਲ'' ਖੇਡਣ ਬਦਲੇ ਉਹਨਾਂ ਨੂੰ ਮੀਸਾ ਅਧੀਨ ਗ੍ਰਿਫਤਾਰ ਕੀਤਾ ਗਿਆ ਅਤੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਕਿਉਂਕਿ ਇਸ ਨਾਟਕ ਦਾ ਲਲਕਾਰਵਾਂ ਪੈਗਾਮ ਸਮੇਂ ਦੇ ਹਾਕਮਾਂ ਦੇ ਸੀਨੇ ਵਿੱਚ ਬਰਛੇ ਵਾਂਗ ਲੱਗਿਆ ਸੀ। ਇਹ ਗੁਰਸ਼ਰਨ ਸਿੰਘ ਦੀ ਜੁਝਾਰ ਰੰਗਮੰਚ ਸ਼ੈਲੀ ਦੀ ਸਫਲਤਾ ਦਾ ਇੱਕ ਸਰਟੀਫਿਕੇਟ ਸੀ। 
ਉਹ ਕੋਈ ਕਿਸੇ ਡਰਾਮਾ/ਸੰਸਥਾ ਜਾਂ ਨਾਟਕਕਾਰ ਕੋਲੋਂ ਸਿਖਲਾਈ ਪ੍ਰਾਪਤ ਨਾਟਕਕਾਰ ਤੇ ਰੰਗਕਰਮੀ ਨਹੀਂ ਸਨ। ਨਾ ਹੀ ਉਹਨਾਂ ਨੇ ਰੰਗਮੰਚ ਨੂੰ ਮਹਿਜ ਇੱਕ ਪੇਸ਼ੇ ਵਜੋਂ ਅਪਣਾਇਆ ਸੀ। ਉਹਨਾਂ ਵੱਲੋਂ ਇਸ ਖੇਤਰ ਨੂੰ ਚੰਗੀ ਤਰ•ਾਂ ਸੋਚੇ-ਸਮਝੇ ਸਿਆਸੀ ਮਨੋਰਥ ਨੂੰ ਸਾਹਮਣੇ ਰੱਖਦਿਆਂ ਚੁਣਿਆ ਗਿਆ ਸੀ। ਕਮਾਊ ਲੋਕਾਂ ਵਿੱਚ ਇਸ ਗਲੇ-ਸੜੇ ਪਿਛਾਖੜੀ ਨਿਜ਼ਾਮ ਨੂੰ ਬਦਲਣ ਦਾ ਹੋਕਾ ਦੇਣਾ, ਉਹਨਾਂ ਨੂੰ ਜਗਾਉਣਾ, ਝੰਜੋੜਨਾ ਅਤੇ ਇਸ ਇਨਕਲਾਬੀ ਤਬਦੀਲੀ ਲਈ ਤੱਤਪਰ ਕਰਨ ਵਿੱਚ ਹਿੱਸਾ ਪਾਉਣਾ- ਇਹ ਉਹਨਾਂ ਦੀ ਜ਼ਿੰਦਗੀ ਦਾ ਇਨਕਲਾਬੀ ਸਿਆਸੀ ਮਨੋਰਥ ਸੀ। ਇਸ ਮਨੋਰਥ ਦੀ ਤਾਕਤ ਤੇ ਧੂਹ ਨੇ ਉਹਨਾਂ ਨੂੰ ਰੰਗਮੰਚ ਕਲਾ ਦੇ ਬਿਖੜੇ ਰਾਹ 'ਤੇ ਤੁਰਨ ਦੀ ਸਿਦਕਦਿਲੀ, ਨਿਹਚਾ ਤੇ ਸਿਰੜ ਬਖਸ਼ੇ ਅਤੇ ਇਹਨਾਂ ਸਿਫਤਾਂ ਦੇ ਸਿਰ 'ਤੇ ਉਹਨਾਂ ਵੱਲੋਂ ਨਵੀਂ ਨਾਟ-ਸ਼ੈਲੀ ਅਤੇ ਰੰਗਮੰਚ ਕਲਾ ਨੂੰ ਤਰਾਸ਼ਣ ਅਤੇ ਵਿਕਸਤ ਕਰਨ ਦੀ ਘਾਲਣਾ ਦੇ ਰਾਹ 'ਤੇ ਡਟਿਆ ਗਿਆ। ਅੱਗੋਂ ਇਸ ਘਾਲਣਾ ਦੀ ਕੁਠਾਲੀ ਨੇ ਰੰਗਮੰਚ ਖੇਤਰ ਦੇ ਨਵੇਂ ਰਾਹੀ ਨੂੰ ਤਪਾਇਆ-ਢਾਲਿਆ ਅਤੇ ਰੰਗਮੰਜ ਦੀਆਂ ਨਵੀਆਂ ਜੁਗਤਾਂ ਤੇ ਤਕਨੀਕ ਦਾ ਮੁਹਾਂਦਰਾ ਤਰਾਸ਼ਣ ਦੇ ਯੋਗ ਬਣਾਇਆ। ਇਉਂ, ਜਿਸ ਸਖਤਜਾਨ ਘਾਲਣਾ ਦੀ ਕੁਠਾਲੀ 'ਚੋਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਰੰਗਮੰਚ ਕਲਾ ਨੇ ਰੂਪ ਧਾਰਿਆ ਅਤੇ ਸਿਰਜਣਾਤਮਿਕ ਪੇਸ਼ਕਾਰੀ ਦੀਆਂ ਸਿਖਰਾਂ ਨੂੰ ਛੂਹਿਆ, ਉਸੇ ਘਾਲਣਾ ਦੀ ਕੁਠਾਲੀ ਵਿੱਚ ਢਲਦਿਆਂ ਉਹਨਾਂ ਨੇ ਇਨਕਲਾਬੀ ਪੰਜਾਬੀ ਰੰਗਮੰਚ ਕਲਾ ਦੇ ਮੋਢੀ ਉਸਰੱਈਏ, ਪਿਤਾਮਾ ਅਤੇ ਚੋਟੀ ਦੇ ਦਬੰਗ ਕਲਾਕਾਰ ਦਾ ਰੂਪ ਧਾਰਿਆ। 
ਇਸ ਕੱਦਾਵਰ ਹੈਸੀਅਤ ਦੀ ਟੀਸੀ ਨੂੰ ਛੂਹਣਾ ਬਹੁਤ ਵੱਡੀ ਗੱਲ ਹੈ। ਪਰ ਉਹਨਾਂ ਦਾ ਕਲਾਕਾਰ ਕੱਦ ਇਸ ਤੋਂ ਵੀ ਵੱਡਾ ਸੀ। ਇਨਕਲਾਬੀ ਰੰਗਮੰਚ ਦੇ ਸੰਕਲਪ ਬਾਰੇ ਸੋਚਣਾ, ਸਾਫ ਹੋਣਾ, ਇਸਦੇ ਮੂੰਹ-ਮੁਹਾਂਦਰੇ ਅਤੇ ਤਕਨੀਕੀ ਸਾਰ ਨੂੰ ਤਰਾਸ਼ਣਾ ਅਤੇ ਵਿਕਸਤ ਕਰਨਾ ਇੱਕ ਗੱਲ ਹੈ ਅਤੇ ਇਸ ਨੂੰ ਲੋਕਾਂ ਦੀ ਸੱਥ ਵਿੱਚ ਅਮਲੀ ਰੂਪ ਦੇਣਾ ਦੂਜੀ ਗੱਲ ਹੈ। ਉਹਨਾਂ ਵੱਲੋਂ ਇਹ ਦੋਵੇਂ ਗੱਲਾਂ ਵਿੱਚ ਸਫਲਤਾ ਦੇ ਝੰਡੇ ਗੱਡੇ ਗਏ। ਆਪਣੀ ਅਗਵਾਈ ਵਿੱਚ ਟੀਮ ਜੱਥੇਬੰਦ ਕਰਦਿਆਂ, ਲੱਗਭੱਗ 45 ਸਾਲ ਪੰਜਾਬ ਦੇ ਹਜ਼ਾਰਾਂ ਪਿੰਡਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਨਾਟਕ  ਖੇਡਣ ਦਾ ਸਿਲਸਿਲਾ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰੱਖਿਆ ਗਿਆ। ਇਸ ਤੋਂ ਵੀ ਅੱਗੇ ਉਹਨਾਂ ਵੱਲੋਂ ਇਨਕਲਾਬੀ ਰੰਗਮੰਚ ਨੂੰ ਇੱਕ ਲਹਿਰ ਵਿੱਚ ਬਦਲਣ ਲਈ ਆਪਣੇ ਸਾਰੇ ਤਾਣ ਅਤੇ ਸੋਮਿਆਂ ਨੂੰ ਝੋਕਿਆ ਗਿਆ। ਆਪਣਾ, ਪਰਿਵਾਰ ਅਤੇ ਆਪਣੇ ਆਰਥਿਕ ਸੋਮਿਆਂ ਨੂੰ ਇਸ ਖੇਤਰ ਦੀ ਸੇਵਾ ਵਿਚ ਝੋਕਿਆ ਗਿਆ। ਅੰਮ੍ਰਿਤਸਰ ਨਾਟਕ ਕਲਾ ਕੇਂਦਰ ਬਣਾ ਕੇ ਇਸ ਰਾਹੀਂ ਦਰਜ਼ਨਾਂ ਨਵੇਂ ਕਲਾਕਾਰਾਂ ਨੂੰ ਸਿੱਖਿਆ ਦੇਣ ਦਾ ਅਮਲ ਵਿੱਢਿਆ ਗਿਆ। ਪੰਜਾਬ ਦੇ ਕੋਨੇ ਕੋਨੇ 'ਚੋਂ ਟੀਮਾਂ ਨੂੰ ਵੱਡੀਆਂ ਰੰਗਮੰਚ ਵਰਕਸ਼ਾਪਾਂ ਲਾ ਕੇ ਸਿੱਖਿਆ-ਸਿਖਲਾਈ 'ਤੇ ਜ਼ੋਰ ਲਾਇਆ ਗਿਆ। ਛੋਟੇ ਕਲਾਕਾਰਾਂ ਬੱਚਿਆਂ ਦੀਆਂ ਅਜਿਹੀਆਂ ਵਰਕਸ਼ਾਪਾਂ ਲਾਈਆਂ ਗਈਆਂ।
1982 ਵਿੱਚ ਉਹਨਾਂ ਵੱਲੋਂ ਸਾਹਿਤ-ਸਭਿਆਚਾਰਕ ਖੇਤਰ ਵਿੱਚ ਸਰਗਰਮ ਕਾਰਕੁਨਾਂ ਨੂੰ ਨਾਲ ਜੋੜਦਿਆਂ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਸਥਾਪਨਾ ਕੀਤੀ ਗਈ। ਉਹਨਾਂ ਦੀ ਅਗਵਾਈ ਹੇਠ ਪਲਸ ਮੰਚ ਵੱਲੋਂ ਪੰਜਾਬ ਵਿੱਚ ਸਭਿਆਚਾਰਕ ਮੇਲੇ (ਨਾਟਕ ਤੇ ਗੀਤ-ਸੰਗੀਤ ਪ੍ਰੋਗਰਾਮ ਕਰਾਉਣ ਦਾ ਸਿਲਸਿਲਾ ਤੋਰਿਆ ਗਿਆ। ਇਸ ਹੰਭਲੇ ਦੇ ਸਿੱਟੇ ਵਜੋਂ ਪੱਚੀ ਜਨਵਰੀ ਅਤੇ ਪਹਿਲੀ ਮਈ ਦੀਆਂ ਰਾਤਾਂ ਨੂੰ ਹੋਣ ਵਾਲੇ ਨਾਟਕ  ਤੇ ਗੀਤ-ਸੰਗੀਤ ਪ੍ਰੋਗਰਾਮ ਹਰ ਵਰ•ੇ ਹੋਣ ਵਾਲੇ ਪ੍ਰੋਗਰਾਮਾਂ ਵਜੋਂ ਸਥਾਪਤ ਹੋ ਗਏ ਹਨ। ਪਲਸ ਮੰਚ ਵੱਲੋਂ ਪੰਜਾਬ ਭਰ ਵਿੱਚ ਨਵੇਂ ਰੰਗ-ਕਰਮੀਆਂ ਅਤੇ ਗੀਤਕਾਰਾਂ ਵਗੈਰਾ ਨੂੰ ਹੱਲਾਸ਼ੇਰੀ ਦੇਣ, ਥਾਪੜਾ ਦੇਣ ਅਤੇ ਸਟੇਜ 'ਤੇ ਮੌਕੇ ਦੇਣ 'ਤੇ ਵਿਸ਼ੇਸ਼ ਜ਼ੋਰ ਲਾਇਆ ਗਿਆ। ਸਿੱਟੇ ਵਜੋਂ, ਨਾਟਕਕਾਰਾਂ, ਰੰਗਕਰਮੀਆਂ ਤੇ ਗੀਤਕਾਰਾਂ ਦੀ ਇੱਕ ਨਵੀਂ ਪੀੜ•ੀ ਪ੍ਰਵਾਨ ਚੜ•ੀ। ਇਉਂ ਗੁਰਸ਼ਰਨ ਸਿੰਘ ਹੋਰਾਂ ਦੇ ਅਣਥੱਕ ਯਤਨਾਂ ਸਦਕਾ ਇਨਕਲਾਬੀ ਰੰਗਮੰਚ ਲਹਿਰ ਦਾ ਪੈੜਾ ਬੰਨਿ•ਆ ਗਿਆ ਅਤੇ ਇਸ ਵੱਲੋਂ ਨਿੱਖਰਵਾਂ ਮੂੰਹ-ਮੁਹਾਂਦਰਾ ਅਖਤਿਆਰ ਕਰਨ ਦਾ ਅਮਲ ਸ਼ੁਰੂ ਹੋਇਆ। 
ਰੰਗਮੰਚ ਤੋਂ ਇਲਾਵਾ ਉਹਨਾਂ ਵੱਲੋਂ ਨਾਲੋ ਨਾਲ ਕੋਰੀਓਗਰਾਫੀ ਅਤੇ ਐਕਸ਼ਨ ਗੀਤਾਂ ਦੀ ਕਮਾਲ ਦੀ ਪੇਸ਼ਕਾਰੀ ਕੀਤੀ ਜਾਂਦੀ ਰਹੀ ਹੈ। ਉਹਨਾਂ ਵੱਲੋਂ ਜਗਮੋਹਨ ਜੋਸ਼ੀ, ਸੰਤ ਰਾਮ ਉਦਾਸੀ, ਜੈਮਲ ਪੱਡਾ ਤੇ ਪਾਸ਼ ਆਦਿ ਕਵੀਆਂ ਦੀਆਂ ਕਿਰਤਾਂ ਨੂੰ ਕੋਰੀਓਗਰਾਫੀਆਂ ਅਤੇ ਐਕਸ਼ਨ ਗੀਤਾਂ ਰਾਹੀਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਹਨਾਂ ਦੇ ਨਾਟਕਾਂ ਵਾਂਗ ਇਹ ਪੇਸ਼ਕਾਰੀਆਂ ਵੀ ਲੋਕ-ਮਨਾਂ 'ਤੇ ਗਹਿਰਾ ਪ੍ਰਭਾਵ ਛੱਡਦੀਆਂ ਰਹੀਆਂ ਹਨ। ਖਾਸ ਕਰਕੇ ਉਹਨਾਂ ਦੀਆਂ ''ਜੰਗੇ ਅਵਾਮੀ ਸੇ ਹਮ ਕੁਹਰਾਮ ਮਚਾ ਦੇਂਗੇ'', ''ਐ ਲਾਲ ਫਰੇਰੇ ਤੇਰੀ ਕਸਮ'' ਅਤੇ ਪਾਸ਼ ਦੀਆਂ ਕਵਿਤਾਵਾਂ 'ਤੇ ਆਧਾਰਤ ''ਅਸੀਂ ਲੜਾਂਗੇ ਸਾਥੀ'' ਪੇਸ਼ਕਾਰੀਆਂ ਲਾ-ਮਿਸਾਲ ਹੋ ਨਿੱਬੜੀਆਂ ਹਨ। 
ਉਹਨਾਂ ਅੰਦਰ ਇੱਕ ਅਗਨ ਸੀ। ਪਿਛਾਖੜੀ ਗਲੇ-ਸੜੇ ਸਮਾਜਿਕ ਪ੍ਰਬੰਧ ਲਈ ਤਬਦੀਲੀ ਦੀ ਅਗਨ। ਇਸ ਨਿਜ਼ਾਮ ਦੇ ਕਰਤਾ—ਧਰਤਾ ਬਣੇ ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਝੋਲੀਚੁੱਕ ਹਾਕਮਾਂ ਦੀ ਲੁੱਟ ਤੇ ਜਬਰੋ-ਜ਼ੁਲਮ ਵਿਰੁੱਧ ਨਫਰਤ ਦੀ ਅਗਨ। ਉਹਨਾਂ ਨੂੰ ਟਿਕ ਕੇ ਨਾ ਬੈਠਣ ਦੇਣ ਵਾਲੀ ਇਨਕਲਾਬੀ ਤਾਂਘ ਦੀ ਅਗਨ। ਇਹੀ ਅਗਨ ਉਹਨਾਂ ਦੇ ਰੰਗਮੰਚ ਸਫਰ 'ਤੇ ਇਨਕਲਾਬੀ ਜੰਗੀ ਨਾਦ ਬਣ ਕੇ ਗੂੰਜਦੀ ਰਹੀ। ਉਹਨਾਂ ਦੀ ਨਾਟ-ਕਲਾ ਦਾ ਗਰਜਵਾਂ ਸੰਦੇਸ਼ ਕੀ ਸੀ- ਇਹ ਉਹਨਾਂ ਦੀਆਂ ਤਿੰਨ ਕਿਰਤਾਂ- ਇੱਕ ਲੰਮਾ ਨਾਟਕ ਧਮਕ ਨਗਾਰੇ ਦੀ, ਅਤੇ ਕੈਸਿਟਾਂ ਜਗਮੋਹਨ ਜੋਸ਼ੀ ਦੀਆਂ ਨਜ਼ਮਾਂ ''ਜੰਗੇ ਆਵਾਮੀ ਸੇ ਕੁਹਰਾਮ ਮਚਾ ਦੇਂਗੇ'' ਅਤੇ ਪਾਸ਼ ਦੀਆਂ ਕਿਰਤਾਂ 'ਤੇ ਆਧਾਰਤ ''ਅਸੀਂ ਲੜਾਂਗੇ ਸਾਥੀ'' ਚੋਂ ਸੁਣਿਆ ਜਾ ਸਕਦਾ ਹੈ। ਉਹਨਾਂ ਦੇ ਮਨ ਅੰਦਰ ਹਾਕਮਾਂ ਦੇ ਜਬਰ ਤੇ ਦਬਸ਼ ਤੋਂ ਨਾਬਰੀ ਅਤੇ ਨਾਬਰੀ ਨੂੰ ਪੁਗਾਉਣ ਲਈ ਦਿੱਲੀ ਦੇ ਕਿੰਗਰੇ ਢਾਹੁਣ ਲਈ ਨਗਾਰੇ ਦੀ ਜੰਗੀ ਗੂੰਜ 'ਤੇ ਜੰਗੇ-ਆਵਾਮੀ ਨਾਲ ਕੁਹਰਾਮ ਮਚਾਉਣਾ, ਹੇਠਲੀ ਉੱਤੇ ਕਰਨਾ ਅਤੇ ਛਵੀਆਂ ਲੈ ਕੇ ਹਾਕਮਾਂ ਖਿਲਾਫ ਉੱਠਣਾ- ਇਹ ਉਹਨਾਂ ਅੰਦਰ ਖੌਲਦੀ ਤਾਂਘ  ਸੀ, ਉਹਨਾਂ ਦੀ ਕਲਾ ਦਾ ਤੱਤ, ਤਾਸੀਰ ਅਤੇ ਦਬੰਗ ਅੰਦਾਜ਼ੇ ਪੈਗਾਮ ਸੀ। ਇਹਨਾਂ ਤਿੰਨਾਂ ਕਲਾ-ਕਿਰਤਾਂ ਵਿੱਚ ਗੂੰਜਦੇ ਸੰਗੀਤ ਦੀ ਜੰਗੀ ਤਰਜ਼ ਇਸੇ ਪੈਗਾਮ ਦਾ ਜ਼ੋਰਦਾਰ ਪ੍ਰਗਟਾਅ ਬਣਦੀ ਹੈ।
ਉਹਨਾਂ ਵੱਲੋਂ ਘੜੀ-ਤਰਾਸ਼ੀ ਜਾ ਰਹੀ ਇਸ ਰੰਗਮੰਚ ਕਲਾ ਦਾ ਰੰਗ ਰੂਪ ਅਤੇ ਇਸ 'ਚੋਂ ਗੂੰਜਦੇ ਇਨਕਲਾਬੀ ਸੰਦੇਸ਼ ਦਾ ਜੰਗੀ-ਨਾਦ ਸਰਕਾਰੀ-ਦਰਬਾਰੀ ਨਾਟਕਕਾਰਾਂ ਤੇ ਰੰਗ ਕਰਮੀਆਂ ਨੂੰ ਤਾਂ ਰੜਕਣਾ ਹੀ ਸੀ, ਕਈ ਗੈਰ-ਸਰਕਾਰੀ-ਦਰਬਾਰੀ ਅਤੇ ਲੋਕ-ਹਿਤੈਸ਼ੀ ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਵੀ ਇਸ ਨੂੰ ਪ੍ਰਵਾਨ ਕਰਨ ਵਿੱਚ ਮੁਸ਼ਕਲ ਆਈ। ਜਿਸ ਕਰਕੇ, ਉਹਨਾਂ ਵੱਲੋਂ ਗੁਰਸ਼ਰਨ ਸਿੰਘ ਦੀ ਨਾਟਕਕਾਰੀ ਅਤੇ ਰੰਗਮੰਚ ਕਲਾ 'ਤੇ ਉਂਗਲਾਂ ਉਠਾਈਆਂ ਗਈਆਂ। ਨਾਟਕਕਾਰੀ ਤੇ ਸਟੇਜੀ ਪੇਸ਼ਕਾਰੀ ਦੇ ਪ੍ਰਚੱਲਤ ਤੇ ਸਥਾਪਤ ਮਾਪਦੰਡਾਂ ਤੋਂ ਬੇਪ੍ਰਵਾਹ ਗੁਰਸ਼ਰਨ ਸਿੰਘ ਦੀ ਇਸ ਕਲਾ ਨੂੰ ਕਲਾ ਮੰਨਣ ਤੋਂ ਇਨਕਾਰ ਕਰਦਿਆਂ, ਸਿਆਸੀ ਨਾਹਰੇਬਾਜ਼ੀ ਹੋਣ ਦੀ ਬੁੜਬੁੜ ਕੀਤੀ ਗਈ। ਅਸਲ ਵਿੱਚ ਇਹ ਵਿਚਾਰਧਾਰਕ ਟਕਰਾਅ ਦਾ ਹੀ ਇਜ਼ਹਾਰ ਸੀ। ਇੱਕ ਬੁਰਜੂਆ ਵਿਚਾਰ ਹੈ ਕਿ ''ਕਲਾ ਕਲਾ ਲਈ ਹੈ। ਕਲਾ ਜਨ ਸਾਧਾਰਨ ਦੇ ਸਮਝ ਵਿੱਚ ਆਉਣ ਵਾਲੀ ਸ਼ੈਅ ਨਹੀਂ। ਜਨ ਸਾਧਾਰਨ ਦਾ ਬੌਧਿਕ ਤੇ ਕਲਾਤਮਿਕ ਪੱਧਰ ਇਸ ਨੂੰ ਸਮਝਣ-ਮਾਨਣ ਦੇ ਹਾਣਦਾ ਨਹੀਂ'' ਦੂਜਾ ਦਰੁਸਤ ਤੇ ਮਾਰਕਸੀ ਵਿਚਾਰ ਹੈ ਕਿ ''ਕਲਾ, ਲੋਕਾਂ ਲਈ ਹੈ। ਇਹ ਲੋਕਾਂ 'ਚੋਂ ਪੈਦਾ ਹੁੰਦੀ ਹੈ। ਲੋਕ ਸੰਘਰਸ਼ਾਂ ਨਾਲ ਜੁੜ ਕੇ ਪ੍ਰਫੁੱਲਤ ਹੁੰਦੀ ਤੇ ਖਿੜਦੀ ਹੈ। ਕਲਾ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਨਾਲ ਗੁੰਦੀ ਹੋਈ ਹੈ।'' ਗੁਰਸ਼ਰਨ ਸਿੰਘ ਪਿਛਲੇ ਵਿਚਾਰ ਦਾ ਦ੍ਰਿੜ• ਧਾਰਨੀ ਸੀ। ਇਸ ਲਈ, ਉਹਨਾਂ ਵੱਲੋਂ ਜਾਣੇ ਅਤੇ ਅਣਜਾਣੇ ਹੋ ਰਹੀ ਇਸ ਬੁੜਬੁੜ ਅਤੇ ਅਲੋਚਨਾ ਨੂੰ ਠੁਕਰਾਉਂਦਿਆਂ ਆਪਣੇ ਚੁਣੇ ਕਲਾਤਮਿਕ ਸਫਰ ਮਾਰਗ 'ਤੇ ਸਾਬਤ ਕਦਮੀ ਨਾਲ ਤੁਰਨਾ ਜਾਰੀ ਰੱਖਿਆ ਗਿਆ। ਬੁੜਬੁੜ ਕਰਦੇ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਦਾ ਇਹ ਛੋਟਾ ਹਿੱਸਾ ਇੱਕ ਤੰਗ-ਦਾਇਰੇ ਵਿੱਚ ਬੈਠਾ ਝੂਰਦਾ ਰਿਹਾ ਅਤੇ ਗੁਰਸ਼ਰਨ ਸਿੰਘ ਹੋਰਾਂ ਦੀ ਖਿੜ-ਵਿਗਸ ਰਹੀ ਕਲਾ ਦੀ ਜਨਤਕ ਮਕਬੂਲੀਅਤ ਦਾ ਘੇਰਾ ਪੇਂਡੂ ਅਤੇ ਸ਼ਹਿਰੀ ਕਮਾਊ ਲੋਕਾਂ ਤੋਂ ਲੈ ਕੇ ਸਭ ਯੂਨੀਵਰਸਿਟੀਆਂ, ਕਾਲਜਾਂ, ਵਿਦਿਆਰਥੀਆਂ ਤੇ ਬੁੱਧੀਜੀਵੀ ਹਲਕਿਆਂ ਤੱਕ ਫੈਲਦਾ ਗਿਆ। ਉਹਨਾਂ ਦੀ ਦਿਨ-ਰਾਤ ਦੀ ਅਣਥੱਕ ਘਾਲਣਾ ਦੇ ਜ਼ੋਰ ਪੰਜਾਬ (ਅਤੇ ਪੰਜਾਬ ਤੋਂ ਵੀ ਬਾਹਰ) ਭਰ ਅੰਦਰ ਉੱਠੀ ਵਿਸ਼ਾਲ ਜਨਤਕ ਮਕਬੂਲੀਅਤ ਦੀ ਗੂੰਜ ਨੇ ਅਣਜਾਣ ਤੇ ਲੋਕ-ਹਿਤੈਸ਼ੀ ਅਲੋਚਕ ਹਿੱਸਿਆਂ ਨੂੰ ਗੁਰਸ਼ਰਨ ਸਿੰਘ ਹੋਰਾਂ ਦੀ ਸੋਚ ਦੇ ਕਾਇਲ ਹੋਣ ਵੱਲ ਤੋਰਿਆ ਅਤੇ ਸਰਕਾਰੀ-ਦਰਬਾਰੀ ਅਲੋਚਕਾਂ ਦੀਆਂ ਜੀਭਾਂ ਠਾਕ ਦਿੱਤੀਆਂ। ਅੱਜ ਉਹਨਾਂ ਦੀ ਇਨਕਲਾਬੀ ਪੰਜਾਬੀ ਰੰਗਮੰਚ ਕਲਾ ਦਾ ਲੋਹਾ ਮੰਨਦਿਆਂ, ਸੁਹਿਰਦ ਅਕਾਦਮਿਕ ਹਲਕਿਆਂ ਨੇ ਬੜੀ ਸਾਫਗੋਈ ਨਾਲ ਇਹ ਪ੍ਰਵਾਨ ਕੀਤਾ ਹੈ ਕਿ ਗੁਰਸ਼ਰਨ ਸਿੰਘ ਹੋਰਾਂ ਦੀ ਰੰਗਮੰਚ ਕਲਾ ਦੇ ਸਹੀ ਸਹੀ ਮੁਲੰਕਣ ਲਈ ਪ੍ਰਚੱਲਤ ਤੇ ਸਥਾਪਤ ਮਾਪਦੰਡਾਂ ਦੀ ਬਜਾਇ, ਨਵੇਂ ਮਾਪਦੰਡ ਘੜਨੇ-ਤਰਾਸ਼ਣੇ ਪੈਣਗੇ। 
ਉਪਰੋਕਤ ਹਕੀਕਤ ਇਸ ਗੱਲ ਦੀ ਪੁਸ਼ਟੀ ਹੈ ਕਿ ਜਿਵੇਂ ਇਨਕਲਾਬੀ ਸਿਧਾਂਤ ਅਤੇ ਇਨਕਲਾਬੀ ਜਮਾਤੀ-ਘੋਲਾਂ ਦਾ ਅਭਿਆਸ ਇੱਕ ਦੂਜੇ ਨਾਲ ਦਵੰਧੀ ਰਿਸ਼ਤੇ ਵਿੱਚ ਗਤੀਮਾਨ ਹੁੰਦੇ ਹਨ, ਇੱਕ-ਦੂਜੇ ਵਿੱਚ ਅੰਤਰ-ਕਰਮ ਵਿੱਚ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦਿਆਂ, ਹਰਕਤਸ਼ੀਲ ਹੁੰਦੇ ਹਨ ਅਤੇ ਜਿਸ ਵਿੱਚ ਇਨਕਲਾਬੀ ਅਭਿਆਸ ਦਾ ਪੱਖ ਬੁਨਿਆਦੀ ਹੈ। ਕਿਉਂਕਿ ਸਿਧਾਂਤ ਅਸਲ ਵਿੱਚ ਇਨਕਲਾਬੀ ਅਭਿਆਸ ਦਾ ਹੀ ਸਿਧਾਂਤੀਕਰਨ ਹੁੰਦਾ ਹੈ। ਏਸੇ ਤਰ•ਾਂ, ਕਲਾ ਅਤੇ ਕਲਾ ਦੇ ਮਾਪਦੰਡ ਸਥਿਰ ਤੇ ਸਦੀਵੀਂ ਨਹੀਂ ਹੁੰਦੇ, ਇਹ ਵੀ ਇੱਕ ਦੂਜੇ ਨਾਲ ਅੰਤਰਕਰਮ ਵਿੱਚ ਰਹਿੰਦਿਆਂ ਅਤੇ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦਿਆਂ ਗਤੀਮਾਨ ਹੁੰਦੇ ਹਨ, ਤਬਦੀਲੀ ਵਿੱਚ ਹੁੰਦੇ ਹਨ। ਕਲਾ ਦੇ ਮੌਜੂਦਾ ਮਾਪਦੰਡ ਕਲਾ ਨੂੰ ਸੇਧ ਮੁਹੱਈਆ ਕਰਦੇ ਹਨ ਅਤੇ ਮੋੜਵੇਂ ਰੂਪ ਵਿੱਚ ਕਲਾ-ਕਿਰਤਾਂ ਦੇ ਮਾਪਦੰਡਾਂ ਨੂੰ ਹੋਰ ਨਿਖਾਰਨ, ਸੰਵਾਰਨ, ਤਰਾਸ਼ਣ ਅਤੇ ਤਬਦੀਲ ਕਰਨ ਦਾ ਆਧਾਰ ਮੁਹੱਈਆ ਕਰਦੀਆਂ ਹਨ। ਹਾਕਮਾਂ ਤੇ ਹਾਕਮਪ੍ਰਸਤ ਹਲਕਿਆਂ ਨੂੰ ਮੌਜੂਦਾ ਨਿਜ਼ਾਮ ਵਿੱਚ ਕੋਈ ਵੀ ਅਗਾਂਹਵਧੂ ਤਬਦੀਲੀ ਹਜ਼ਮ ਨਹੀਂ ਹੋ ਸਕਦੀ। ਇਸੇ ਤਰ•ਾਂ ਵਿਦਿਆ, ਸਾਹਿਤ ਅਤੇ ਕਲਾਵਾਂ ਦੇ ਖੇਤਰ ਵਿੱਚ ਅਗਾਂਹਵਧੂ ਤੇ ਇਨਕਲਾਬੀ ਪਿਰਤਾਂ ਦਾ ਉਭਰਨਾ ਤੇ ਵਿਕਸਤ ਹੋਣਾ ਉਹਨਾਂ ਨੂੰ ਕਦੇ ਵੀ ਰਾਸ ਨਹੀਂ ਆਉਂਦਾ। ਇਸਦੇ ਉਲਟ  ਲੁੱਟੇ ਅਤੇ ਲਤਾੜੇ ਮਿਹਨਤਕਸ਼ ਲੋਕ ਇਸ ਨਰਕੀ ਸਮਾਜਿਕ-ਪ੍ਰਬੰਧ ਨੂੰ ਤਬਦੀਲ ਕਰਨ ਲਈ ਹੋ ਰਹੇ ਯਤਨਾਂ ਨੂੰ ਜੀ ਆਇਆ ਕਹਿੰਦੇ ਹਨ। ਇਹ ਯਤਨ ਚਾਹੇ ਜਮਾਤੀ ਸਿਆਸੀ ਸੰਘਰਸ਼ ਦੇ ਖੇਤਰ ਵਿੱਚ ਹੋ ਰਹੇ ਹੋਣ ਅਤੇ ਚਾਹੇ ਸਾਹਿਤ-ਸਭਿਆਚਾਰ ਜਾਂ ਹੋਰ ਖੇਤਰ 'ਚ। ਇਹੀ ਵਜਾਹ ਹੈ ਕਿ ਇਨਕਲਾਬੀ ਸਮਾਜਿਕ ਤਬਦੀਲੀ ਨੂੰ ਪ੍ਰਣਾਈ ਗੁਰਸ਼ਰਨ ਸਿੰਘ ਦੀ ਉੱਘੜ ਰਹੀ ਰੰਗਮੰਚ ਕਲਾ ਨੂੰ ਪੰਜਾਬ ਦੇ ਕਮਾਊ ਔਰਤਾਂ, ਮਰਦਾਂ, ਨੌਜਵਾਨਾਂ, ਵਿਦਿਆਰਥੀਆਂ, ਅਧਿਆਪਕਾਂ ਵੱਲੋਂ ਬਾਹਾਂ ਉਲਾਰ ਕੇ ਹੁੰਗਾਰਾ ਦਿੱਤਾ ਗਿਆ ਅਤੇ ਗੁਰਸ਼ਰਨ ਸਿੰਘ ਨੂੰ ਆਪਣੀਆਂ ਪਲਕਾਂ 'ਤੇ ਬਿਠਾਇਆ ਗਿਆ। 
ਗੁਰਸ਼ਰਨ ਸਿੰਘ ਵੱਲੋਂ ਇਨਕਲਾਬੀ ਰੰਗਮੰਚ ਕਲਾ ਨੂੰ ਤਰਾਸ਼ਣ ਅਤੇ ਵਿਕਸਤ ਕਰਨ ਲਈ ਹੀ ਘਾਲਣਾ ਨਹੀਂ ਘਾਲੀ ਗਈ, ਸਗੋਂ ਉਸ ਵੱਲੋਂ ਇਨਕਲਾਬੀ ਰੰਗਮੰਚ ਲਹਿਰ ਨੂੰ ਪੰਜਾਬ ਦੀ ਇਨਕਲਾਬੀ ਜਨਤਕ ਜਮਹੂਰੀ ਲਹਿਰ ਨਾਲ ਜੋੜਨ ਲਈ ਲਗਾਤਾਰ ਕੋਸ਼ਿਸਾਂ ਜਾਰੀ ਰੱਖੀਆਂ ਗਈਆਂ। ਉਹਨਾਂ ਦੀ ਕਲਾ ਦਾ ਮਕਸਦ ਹੀ ਲੋਕਾਂ ਨੂੰ  ਸਮਾਜ ਦੀ ਇਨਕਲਾਬੀ ਤਬਦੀਲੀ ਲਈ ਉੱਠਣ ਦਾ ਸੁਨੇਹਾ ਦੇਣਾ ਸੀ। ਉਹਨਾਂ ਦੀ ਇਹ ਪੱਕੀ ਧਾਰਨਾ ਸੀ ਕਿ ਉਹਨਾਂ ਦਾ ਰੰਗਮੰਚ ਜਨਤਕ ਇਨਕਲਾਬੀ ਰੰਗਮੰਚ ਹੈ। ਇਹ ਜਨਤਾ ਦੀ ਸਮੁੱਚੀ ਇਨਕਲਾਬੀ ਲਹਿਰ ਦੇ ਵਹਿਣ ਦਾ ਇੱਕ ਅਨਿੱਖੜਵਾਂ ਅੰਗ ਹੈ।  ਇਸ ਧਾਰਨਾ ਨੂੰ ਮਨੀਂ ਵਸਾਉਂਦਿਆਂ ਹੀ ਇਨਕਲਾਬੀ ਜਨਤਕ ਲਹਿਰ ਦੇ ਵਿਹੜੇ 'ਚੋਂ ਆਏ ਹਰ ਸੱਦੇ ਨੂੰ ਚਾਅ ਨਾਲ ਕਬੂਲਿਆ ਅਤੇ ਹਜ਼ਾਰਾਂ ਪਿੰਡਾਂ ਵਿੱਚ ਆਪਣੇ ਨਾਟਕਾਂ ਦੀ ਪੇਸ਼ਕਾਰੀ ਕੀਤੀ। ਜਿਸ ਨੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਹੁਲਾਰਾ ਦੇਣ ਵਿੱਚ ਸ਼ਾਨਦਾਰ ਰੋਲ ਨਿਭਾਇਆ। ਮੋੜਵੇਂ ਰੂਪ ਵਿੱਚ ਜਨਤਕ ਇਨਕਲਾਬੀ ਲਹਿਰ ਨੇ ਇਨਕਲਾਬੀ ਰੰਗਮੰਚ ਅਤੇ ਲਹਿਰ ਦੇ ਆਧਾਰ ਨੂੰ ਮੋਕਲਾ ਕਰਨ ਅਤੇ ਇਸ ਨੂੰ ਨਵੇਂ ਰੰਗ ਕਰਮੀਆਂ ਤੇ ਕਲਾਕਾਰਾਂ ਦੇ ਉÎਭਰਨ ਅਤੇ ਖਿੜਨ ਲਈ ਸਾਜਗਾਰ ਮਾਹੌਲ ਸਿਰਜਣ ਦਾ ਰੋਲ ਨਿਭਾਇਆ। ਜਦੋਂ ਪੰਜਾਬ ਦੀ ਇਨਕਲਾਬੀ ਲਹਿਰ ਦੇ ਕਿਸੇ ਹਿੱਸੇ 'ਤੇ ਸਰਕਾਰੀ ਅਤੇ ਗੈਰ ਸਰਕਾਰੀ ਹਮਲਾ ਹੋਇਆ ਤਾਂ ਗੁਰਸ਼ਰਨ ਸਿੰਘ ਵੱਲੋਂ ਇਸਦਾ ਵਿਰੋਧ ਹੀ ਨਹੀਂ ਕੀਤਾ ਗਿਆ, ਇਸ ਖਿਲਾਫ ਆਪਣੀ ਨਾਟਕ-ਕਲਾ ਰਾਹੀਂ ਆਵਾਜ਼ ਉਠਾਈ ਅਤੇ ਖੁਦ ਆਪ ਅਜਿਹੇ ਜਨਤਕ ਥੜਿ•ਆਂ ਦੀਆਂ ਜਿੰਮੇਵਾਰੀਆਂ ਸਾਂਭਣ ਲਈ ਅੱਗੇ ਆਏ, ਜਿਹਨਾਂ ਦਾ ਮਕਸਦ ਹਾਕਮਾਂ ਦੇ ਇਸ ਜਬਰ ਖਿਲਾਫ ਅਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਸੀ। ਮਿਸਾਲ ਵਜੋਂ ਉਹਨਾਂ ਦੀ ਆਵਾਜ਼ ਖਾਲਿਸਤਾਨੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਵਿੱਚ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ, ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਤੋਂ ਵੀ ਗੂੰਜਦੀ ਰਹੀ। ਇਸ ਤਰ•ਾਂ ਉਹਨਾਂ ਵੱਲੋਂ ਇਨਕਲਾਬੀ ਜਨਤਕ ਅਤੇ ਇਨਕਲਾਬੀ ਰੰਗਮੰਚ ਲਹਿਰ ਦਰਮਿਆਨ ਮਜਬੂਤ ਤੇ ਉਸਾਰੂ ਕੜੀ ਦਾ ਰੋਲ ਨਿਭਾਇਆ ਗਿਆ ਅਤੇ ਆਪਣੀ ਬੇਖੌਫ ਤੇ ਧੜੱਲੇਦਾਰ ਆਵਾਜ਼ ਨਾਲ ''ਕਲਾ, ਕਲਾ ਲਈ..'' ਦੀ ਬੁਰਜੂਆ ਧਾਰਨਾ 'ਤੇ ਆਧਾਰਤ ''ਸਾਹਿਤ/ਕਲਾ ਦੀ ਸਿਆਸਤ ਤੋਂ  ਨਿਰਲੇਪਤਾ'' ਦੀ ਲੋਕ-ਵਿਰੋਧੀ ਸਮਝ ਦਾ ਜ਼ੋਰਦਾਰ ਅਮਲੀ ਖੰਡਨ ਕੀਤਾ ਗਿਆ। 
ਉਹਨਾਂ ਵੱਲੋਂ ਆਪਣੀ ਕਮਿਊਨਿਸਟ ਸੋਚਣੀ ਨੂੰ ਛੁਪਾਉਣ-ਲੁਕਾਉਣ ਦੀ ਗੱਲ ਤਾਂ ਦੂਰ ਰਹੀ, ਪੂਰਾ ਗੱਜਵੱਜ ਕੇ ਸਾਰੀ ਉਮਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਹ ਕਮਿਊਨਿਸਟ ਵਿਚਾਰਧਾਰਾ ਦੇ ਧਾਰਣੀ ਹਨ ਅਤੇ ਚੜ•ਦੀ ਉਮਰ ਤੋਂ ਲੈ ਕੇ ਅੱਜ ਤੱਕ ਕਮਿਊਨਿਸਟ ਹਨ। 1970 ਤੋਂ ਬਾਅਦ ਉਹ ਨਕਸਲਬਾੜੀ ਲਹਿਰ ਦੇ ਨੇੜੇ ਆਏ ਅਤੇ ਬਾਅਦ ਵਿੱਚ ਵੀ ਕਈ ਵਾਰੀ ਆਪਣੇ ਆਪ ਨੂੰ ਐਲਾਨੀਆ ਨਕਸਲੀ ਕਮਿਊਨਿਸਟ ਵੀ ਕਹਿੰਦੇ ਰਹੇ। ਬਿਨਾ ਸ਼ੱਕ, ਕਮਿਊਨਿਸਟ ਵਿਚਾਰਧਾਰਾ, ਸੋਚ ਤੇ ਅਕੀਦਿਆਂ ਦੇ ਰੰਗ ਨਾਲ ਉਹਨਾਂ ਦੀ ਸਖਸ਼ੀਅਤ ਰੰਗੀ ਹੋਈ ਸੀ।  ਇੱਕ ਇੰਟਰਵਿਊ ਦੌਰਾਨ ਉਹਨਾਂ ਕਿਹਾ ਕਿ ''1971 ਤੋਂ ਬਾਅਦ ਨਕਸਬਾੜੀਆਂ ਨਾਲ ਨੇੜਤਾ ਰਹੀ'' ਅਤੇ ''ਨੇੜਤਾ ਦੇ ਸੰਦਰਭ ਵਿੱਚ ਮੈਂ ਕਹਿ ਸਕਦਾ ਹਾਂ ਕਿ ਨਕਸਲਬਾੜੀ ਧਿਰਾਂ ਨੇ ਮੈਨੂੰ ਬੜਾ ਪਿਆਰ ਤੇ ਸਤਿਕਾਰ ਦਿੱਤਾ ਹੈ'' ਅਸਲ ਵਿੱਚ ਇਹੋ ਸੋਚ-ਚੰਗਿਆੜੀ ਸੀ, ਜਿਸਨੇ ਉਹਨਾਂ ਅੰਦਰਲੀ ਹਾਕਮ ਜਮਾਤਾਂ ਵਿਰੁੱਧ ਪਲਦੀ ਜਮਾਤੀ ਨਫਰਤ ਅਤੇ ਰੋਹ ਨੂੰ ਪ੍ਰਚੰਡ ਕੀਤਾ। ਇਨਕਲਾਬੀ ਮਨਰੋਥ ਨਾਲ ਪ੍ਰਤੀਬੱਧਤਾ ਅਤੇ ਇਸਦੇ ਵਿੱਚ ਨਿਹਚਾ ਨੂੰ ਬਲ ਤੇ ਪਕਿਆਈ ਬਖਸ਼ੀ। 
ਉਹਨਾਂ ਅੰਦਰ ਇਨਕਲਾਬੀ ਨਿਹਚਾ, ਪ੍ਰਤੀਬੱਧਤਾ ਅਤੇ ਜਜ਼ਬਿਆਂ ਦੀ ਖੌਲਦੀ ਅਗਨ ਸਦਕਾ ਹੀ ਗੁਰਸ਼ਰਨ ਭਾਅ ਜੀ ਸਾਹਿਤ-ਸਭਿਆਚਾਰਕ ਸਰਗਰਮੀ ਦੇ ਅਖਾੜੇ ਵਿੱਚ ਇੱਕ ਪਾਸੇ ਪਿਛਾਖੜੀ ਸਾਮਰਾਜੀ ਜਾਗੀਰੂ ਨਜ਼ਰੀਏ, ਸੋਚਾਂ-ਸੰਕਲਪਾਂ ਅਤੇ ਰਵਾਇਤਾਂ ਅਤੇ ਦੂਜੇ ਪਾਸੇ ਇਨਕਲਾਬੀ ਨਜ਼ਰੀਏ, ਸੋਚਾਂ-ਸੰਕਲਪਾਂ ਅਤੇ ਪਿਰਤਾਂ ਦਰਮਿਆਨ ਨਿੱਤਰਵੇਂ ਨਿਖੇੜੇ ਅਤੇ ਸਮਝੌਤਾ ਰਹਿਤ ਸੰਘਰਸ਼ ਦੇ ਇੱਕ ਮਿਸਾਲੀ ਜਹਾਦੀ ਯੋਧੇ ਹੋ ਨਿੱਬੜੇ ਹਨ, ਜਿਸਨੇ ਉਹਨਾਂ ਨੂੰ ਇਨਕਲਾਬੀ ਰੰਗਮੰਚ ਦੇ ਇਤਿਹਾਸ ਅੰਦਰ ਅਜਿਹਾ ਚਾਨਣ ਮੁਨਾਰਾ ਬਣਾ ਦਿੱਤਾ ਹੈ, ਜਿਹੜਾ ਇਨਕਲਾਬੀ ਨਾਟਕਕਾਰਾਂ ਅਤੇ ਰੰਗਮੰਚ ਦੀ ਉਸਾਰੀ ਵਿੱਚ ਜੁਟੇ ਰੰਗਕਰਮੀ ਘੁਲਾਟੀਆਂ ਦਾ ਰਾਹ ਰੁਸ਼ਨਾਉਂਦਾ ਰਹੇਗਾ। 
ਆਓ, ਆ ਰਹੇ ਇਨਕਲਾਬੀ ਰੰਗਮੰਚ ਦਿਹਾੜੇ 'ਤੇ ਇਨਕਲਾਬੀ ਰੰਗਮੰਚ ਲਹਿਰ ਦੀ ਉਸਾਰੀ ਲਈ ਮਾਰੇ ਹੰਭਲੇ 'ਤੇ ਮੋੜਵੀਂ ਝਾਤ ਮਾਰਦੇ ਹੋਏ, ਹੋਰ ਦ੍ਰਿੜ• ਪ੍ਰਣ ਕਰੀਏ ਕਿ ਅਸੀਂ ਭਾਅ ਜੀ ਦੀ ਇਨਕਲਾਬੀ ਰੰਗਮੰਚ ਲਹਿਰ ਦੀ ਵਿਰਾਸਤ ਨੂੰ ਅੱਗੇ ਲਿਜਾਣ ਲਈ ਇਸ ਲਹਿਰ ਦਾ ਹੋਰ ਵਧਾਰਾ-ਪਸਾਰਾ ਕਰਾਂਗੇ ਅਤੇ ਇਸ ਕਾਜ ਨੂੰ ਸਮਰਪਤ ਆਪਣੀ ਨਿਹਚਾ, ਪ੍ਰਤੀਬੱਧਤਾ ਅਤੇ ਜਜ਼ਬਿਆਂ ਨੂੰ ਸਾਣ 'ਤੇ ਲਾਵਾਂਗੇ। 


—ਮੈਂ ਆਪਣੇ ਲੋਕਾਂ ਨੂੰ ਇਹੋ ਗੱਲ ਕਹਿਣੀ ਹੈ ਕਿ ਮੇਰੇ ਲੋਕੋ। ਮੈਨੂੰ ਕੁਝ ਨਹੀਂ ਚਾਹੀਦਾ, ਬੱਸ ਮੇਰੀ ਇੱਛਾ ਹੈ ਤੁਸੀਂ ਇਰਾਦਾ ਬਣਾਓ ਇਰਾਦਾ। ਇਰਾਦਾ ਇਹ ਬਣਾਓ ਕਿ ਇਸ ਗਲ ਸੜੇ ਨਿਜ਼ਾਮ ਨੂੰ ਇੱਕ ਸਿਰੇ ਤੋਂ ਖਤਮ ਕਰਨਾ ਹੈ, ਖਤਮ ਕਰਨਾ ਹੈ, ਖਤਮ ਕਰਨਾ ਹੈ ਤੇ ਬੱਸ ਖਤਮ ਕਰਨਾ ਹੈ। 
(ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ) 

(ਸੁਰਖ਼ ਰੇਖਾ, ਸਤੰਬਰ-ਅਕਤੂਬਰ 2013 'ਚੋਂ)


—ਮੈਂ ਰੰਗਮੰਚ ਦੀ ਆਪਣਾ ਇਨਕਲਾਬੀ ਸੁਨੇਹਾ ਦੇਣ ਲਈ ਇੱਕ ਮੰਚ ਵਜੋਂ ਵਰਤੋਂ ਕਰਦਾ ਹਾਂ। ਮੇਰਾ ਰੰਗਮੰਚ ਲੋਕਾਂ ਨੂੰ ਤਿਆਰ ਕਰਨ ਅਤੇ ਉਹਨਾਂ ਨੂੰ ਚੰਗੇਰੇ ਸਮਾਜ ਲਈ ਨਿੱਤਰਨ ਤੇ ਕੰਮ ਕਰਨ ਵਾਸਤੇ ਪ੍ਰੇਰਨ ਦੇ ਮੰਤਵ ਵਾਲਾ ਰੰਗਮੰਚ ਹੈ। ਇਸ ਕਰਕੇ ਉਹਨਾਂ ਰਾਜਨੀਤਕ ਪਾਰਟੀਆਂ ਨਾਲ ਮੇਰੀ ਜਜ਼ਬਾਤੀ ਇੱਕਮੁੱਠਤਾ ਹੈ, ਜਿਹੜੀਆਂ ਸਮਾਜ ਦੀ ਵਰਤਮਾਨ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਲਈ ਘਾਲਣਾ ਘਾਲ ਰਹੀਆਂ ਹਨ। (ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ) 

ਜਨਤਕ ਥੀਏਟਰ ਦੀਆਂ ਜ਼ਰੂਰਤਾਂ ਹੀ ਹੋਰ ਹਨ, ਉਹਦੀ ਜੜਤ ਹੀ ਹੋਰ ਹੈ। ਮੈਂ ਇਹਨਾਂ ਨਾਲ ਆਪਣਾ ਮੁਕਾਬਲਾ ਕਿਉਂ ਕਰਾਂ? ਮੇਰੀ ਪ੍ਰਤੀਬੱਧਤਾ ਲੋਕਾਂ ਨਾਲ ਹੈ ਤੇ ਇਹ ਬੜੀ ਨਰੋਈ ਪ੍ਰਤੀਬੱਧਤਾ ਹੈ, ਇਉਂ ਮੋਢੀ ਵਾਲੀ ਭੂਮਿਕਾ ਨਿਭਾਈ ਗਈ, ਮੈਂ ਤੁਰਿਆ ਗਿਆ, ਖਲੋਤਾ ਨਹੀਂ। ਤੇ ਹੌਲੀ ਹੌਲੀ ਹੁਣ ਨਾਟਕ ਦੀ ਗੱਲ ਪੰਜਾਬ ਦੇ ਪਿੰਡਾਂ ਵਿੱਚ ਆਮ ਹੋਣ ਲੱਗ ਪਈ ਹੈ। ਜਦੋਂ ਆਮ ਹੋਣ ਲੱਗ ਪਈ ਹੈ ਤਾਂ ਚੰਗੀਆਂ ਸਟੇਜਾਂ ਵੀ ਬਣਨ ਲੱਗ ਪਈਆਂ ਨੇ। ਸੁਰਜੀਤ ਸਿੰਘ ਸੇਠੀ ਦਾ ਇਹ ਬੜਾ ਪੱਕਾ ਵਿਚਾਰ ਹੈ ਕਿ ਨਾਟਕ ਹੈ ਹੀ ਈਲੀਟ ਲੋਕਾਂ ਦਾ ਅਤੇ ਇਹਦੇ ਸਾਧਨ ਵੀ ਉਹੋ ਜਿਹੇ ਨੇ, ਖਰਚੇ ਵੀ ਉਹੋ ਜਿਹੇ ਨੇ। ਪਰ ਮੇਰਾ ਥੀਏਟਰ ਇਲੀਟ ਦਾ ਨਹੀਂ, ਆਵਾਮ ਦਾ ਹੈ। (ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ) 

—ਸਰਕਾਰੀ ਸਰਪ੍ਰਸਤੀ ਤੋਂ ਆਜ਼ਾਦ ਥੀਏਟਰ ਦੀ ਜੋ ਦੂਜੀ ਧਾਰਾ ਹੈ ਅਤੇ ਜੋ ਬਾਕੀ ਹਿੰਦੋਸਤਾਨ ਵਿੱਚ ਵੀ ਅਤੇ ਖਾਸ ਕਰਕੇ ਪੰਜਾਬ ਵਿੱਚ ਬੜੀ ਸਰਗਰਮ ਹੈ, ਉਹ ਬਹੁਤਾ ਕਰਕੇ ਸਿਆਸੀ ਜਾਂ ਅਵਾਮੀ ਥੀਏਟਰ ਹੈ ਅਤੇ ਆਮ ਤੌਰ 'ਤੇ ਉਹ ਸਟੇਟ ਵਿਰੋਧੀ ਹੈ। ਇਸ ਥੀਏਟਰ ਨੂੰ ਅਸੀਂ 'ਡਾਇਲੈਕਟੀਕਲ ਥੀਏਟਰ' ਕਹਿੰਦੇ ਹਾਂ। ਇਹਦੇ ਵਿਕਾਸ ਦੇ ਆਪਣੇ ਨਿਯਮ ਹਨ ਅਤੇ ਆਪਣੇ ਹੀ ਰੂਪ ਹਨ। ਇਸਦੇ ਲਕਸ਼ ਹਨ ਕਿ ਆਮ ਲੋਕਾਂ ਨੂੰ ਉਹਨਾਂ ਦੇ ਆਪਣੇ ਹੱਕਾਂ ਬਾਰੇ ਚੇਤਨ ਕੀਤਾ ਜਾਵੇ ਅਤੇ ਉਹਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ ਜਾਵੇ। ਇਹ ਥੀਏਟਰ ਉਡੀਕ ਨਹੀਂ ਕਰ ਸਕਦਾ ਕਿ ਲੋਕ ਉਹਦੇ ਤੱਕ ਚੱਲ ਕੇ ਆਉਣ। ਇਸ ਲਈ ਉਹਨੇ ਐਸੇ ਰੂਪ ਅਪਣਾਉਣੇ ਹਨ ਕਿ ਉਹ ਲੋਕਾਂ ਤੱਕ ਚੱਲ ਕੇ ਜਾ ਸਕੇ। ਇਹਦੇ ਲਈ ਉਹਦੀ ਮੋਬਾਲਿਟੀ ਬਹੁਤ ਆਸਾਨ ਹੋਣੀ ਚਾਹੀਦੀ ਹੈ। ਸਮਾਨ ਥੋੜ•ਾ ਹੋਣਾ ਚਾਹੀਦਾ ਹੈ। ਪਾਤਰ ਥੋੜ•ੇ ਹੋਣੇ ਚਾਹੀਦੇ ਹਨ। ਵਿਸ਼ਿਆਂ ਦੀ ਚੋਣ ਇਸ ਤਰ•ਾਂ ਹੋਣੀ ਚਾਹੀਦੀ ਹੈ ਕਿ ਉਹ ਲੋਕਾਂ ਦੇ ਆਪਣੇ ਮਸਲੇ ਹੋਣ। ਗਲੀਆਂ ਦਾ ਥੀਏਟਰ (ਸਟਰੀਟ ਥੀਏਟਰ) ਇਸ ਵਿਚਾਰਧਾਰਾ ਦਾ ਥੀਏਟਰ ਨੂੰ ਦੇਣ ਹੈ। 
(ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ)
—ਹਾਂ, ਬਿਲਕੁੱਲ। ਮੈਂ ਨਾਟਕ ਕਰਦਾ ਹੀ ਸਿਆਸੀ ਮੰਤਵ ਲਈ ਹਾਂ। ਇਹਨੂੰ ਤੁਸੀਂ 'ਇੱਛਤ ਯਥਾਰਥ' ਕਹਿ ਸਕਦੇ ਹੋ। ਮੇਰੀ ਇਹ ਇੱਛਾ ਹੈ ਕਿ ਇੱਕ ਅਜਿਹਾ ਸਮਾਜ ਬਣੇ ਜਿਹੜਾ ਬੁਨਿਆਦੀ ਤੌਰ 'ਤੇ ਬਰਾਬਰੀ ਦਾ ਸਮਾਜ ਹੋਵੇ। 
(ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ) 

—ਮੈਂ ਆਪਣੇ ਲੋਕਾਂ ਨੂੰ ਇਹੋ ਗੱਲ ਕਹਿਣੀ ਹੈ ਕਿ ਮੇਰੇ ਲੋਕੋ। ਮੈਨੂੰ ਕੁਝ ਨਹੀਂ ਚਾਹੀਦਾ, ਬੱਸ ਮੇਰੀ ਇੱਛਾ ਹੈ ਤੁਸੀਂ ਇਰਾਦਾ ਬਣਾਓ ਇਰਾਦਾ। ਇਰਾਦਾ ਇਹ ਬਣਾਓ ਕਿ ਇਸ ਗਲ ਸੜੇ ਨਿਜ਼ਾਮ ਨੂੰ ਇੱਕ ਸਿਰੇ ਤੋਂ ਖਤਮ ਕਰਨਾ ਹੈ, ਖਤਮ ਕਰਨਾ ਹੈ, ਖਤਮ ਕਰਨਾ ਹੈ ਤੇ ਬੱਸ ਖਤਮ ਕਰਨਾ ਹੈ। 
(ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ) 



--------------------------------------------------
ਬਲਵਿੰਦਰ ਸਿੰਘ ''ਮੰਗੂਵਾਲ'' ਨੇ ਬ੍ਰਾਈਟ ਪ੍ਰਿੰਟਰ ਜਲੰਧਰ ਤੋਂ ਛਪਵਾ ਕੇ ਪਿੰਡ ਅਤੇ ਡਾਕਘਰ ਮੰਗੂਵਾਲ, ਜ਼ਿਲ•ਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਕਾਸ਼ਤ ਕੀਤਾ। ਫੋਨ ਨੰ: 97805 67027 ਸਹਾਇਤਾ ਰਾਸ਼ੀ- 5 ਰੁਪਏ
1ddress : 
2alwinder Singh,  V*P.O. Manguwal
4istt. Shaheed 2hagat Singh Nagar,  Punjab (9N491)
5mail:
na੍ਰarsinghghudani0gmail.com
bindermanguwal0gmail.com
2log : www.surkhrekha ੧੯੮੦.blogspot.com
ਸਹਾਇਤਾ ਰਾਸ਼ੀ- 5 ਰੁਪਏ

No comments:

Post a Comment