ਇਤਿਹਾਸ ਦੇ ਸੰਗਰਾਮੀ/ਇਨਕਲਾਬੀ
ਪ੍ਰਤੀਕਾਂ ਦੀ ਦੁਰਵਰਤੋਂ ਅਤੇ ਕਦਰ-ਘਟਾਈ
ਇਤਿਹਾਸ ਅੰਦਰ ਜਾਬਰਾਂ ਅਤੇ ਮਜ਼ਲੂਮਾਂ ਦਰਮਿਆਨ, ਲੁਟੇਰਿਆਂ ਅਤੇ ਲੁੱਟੇ-ਪੁੱਟੇ ਜਾਂਦਿਆਂ ਦਰਮਿਆਨ ਹਮੇਸ਼ਾਂ ਇੱਕ ਯੁੱਧ ਚੱਲਦਾ ਆਇਆ ਹੈ ਅਤੇ ਇਹ ਅੱਜ ਵੀ ਚੱਲ ਰਿਹਾ ਹੈ। ਇਹ ਯੁੱਧ ਉਤਰਾਵਾਂ-ਚੜ•ਾਵਾਂ ਅਤੇ ਮੋੜਾਂ-ਘੋੜਾਂ ਵਿੱਚੋਂ ਦੀ ਗੁਜ਼ਰਦਿਆਂ ਅੱਗੇ ਵਧਦਾ ਹੈ। ਇਹ ਯੁੱਧ ਗੈਰ-ਹਿੰਸਕ ਸ਼ਕਲਾਂ ਵੀ ਅਖਤਿਆਰ ਕਰਦਾ ਹੈ, ਪਰ ਇਸਦੀ ਫੈਸਲਾਕੁੰਨ ਸ਼ਕਲ ਹਿੰਸਕ ਹੁੰਦੀ ਹੈ। ਇਹ ਯੁੱਧ ਵਿਚਾਰਧਾਰਕ, ਸਿਆਸੀ, ਸਾਹਿਤ-ਸਭਿਆਚਾਰਕ ਅਤੇ ਫੌਜੀ ਖੇਤਰਾਂ ਵਿੱਚ ਲੜਿਆ ਜਾਂਦਾ ਹੈ। ਇਉਂ, ਇਹ ਸਮਾਜ ਦੇ ਸਭਨਾਂ ਖੇਤਰਾਂ ਨੂੰ ਕਲਾਵੇ ਵਿੱਚ ਲੈਂਦਾ ਹੈ। ਪਰ ਇਸਦਾ ਫੈਸਲਾਕੁੰਨ ਤੇ ਅੰਤਿਮ ਨਿਬੇੜਾ ਹਥਿਆਰਬੰਦ ਟੱਕਰ ਰਾਹੀਂ ਹੁੰਦਾ ਹੈ।
ਇਹ ਹਥਿਆਰਬੰਦ ਜਮਾਤੀ ਯੁੱਧ ਹੀ ਸਮਾਜਿਕ ਇਨਕਲਾਬਾਂ ਦੇ ਜਨਮਦਾਤਾ ਹਨ। ਇਹਨਾਂ ਸਮਾਜਿਕ ਇਨਕਲਾਬਾਂ ਰਾਹੀਂ ਹੀ ਦੁਨੀਆਂ ਦਾ ਇਤਿਹਾਸ ਅਜੋਕੇ ਪੜਾਅ ਵਿੱਚ ਅੱਪੜਿਆ ਹੈ। ਹਥਿਆਰਬੰਦ ਜਮਾਤੀ-ਯੁੱਧ ਰਾਹੀਂ ਹੀ ਇਸਨੇ ਅਜੋਕੇ ਪੜਾਅ ਤੋਂ ਅਗਲੇਰੇ ਪੜਾਅ ਵਿੱਚ ਦਾਖਲ ਹੋਣ ਦੀ ਮੰਜ਼ਿਲ ਵੱਲ ਵਧਣਾ ਹੈ। ਸਾਡੇ ਮੁਲਕ ਅਤੇ ਪੰਜਾਬ ਦਾ ਇਤਿਹਾਸ ਇੱਥੋਂ ਦੇ ਦੱਬੇ-ਕੁਚਲੇ ਅਤੇ ਲੁੱਟੇ-ਪੁੱਟੇ ਜਾਂਦੇ ਲੋਕਾਂ ਵੱਲੋਂ ਲੜੇ ਗਏ ਸ਼ਾਨਦਾਰ ਯੁੱਧਾਂ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਚਾਹੇ ਇਹ ਬਰਤਾਨਵੀ ਸਾਮਰਾਜੀਆਂ ਦੇ ਗੁਲਾਮੀ ਦੇ ਜੂਲੇ ਨੂੰ ਵਗਾਹ ਮਾਰਨ ਲਈ ਮੁਲਕ ਦੇ ਵੱਖ ਵੱਖ ਖਿੱਤਿਆਂ ਵਿੱਚ ਉੱਠੇ ਹਥਿਆਰਬੰਦ ਵਿਦਰੋਹਾਂ ਅਤੇ ਲੜਾਈਆਂ ਦੀ ਗੱਲ ਹੈ ਚਾਹੇ ਇਸ ਤੋਂ ਪਹਿਲਾਂ ਵੱਖ ਵੱਖ ਰਾਜਿਆਂ-ਰਜਵਾੜਿਆਂ, ਨਵਾਬਾਂ ਅਤੇ ਸੁਲਤਾਨਾਂ ਦੀ ਬੇਪਨਾਹ ਲੁੱਟ ਅਤੇ ਜਬਰ ਖਿਲਾਫ ਮਜਲੂਮ ਲੋਕਾਂ ਦੀਆਂ ਹਥਿਆਰਬੰਦ ਜੱਦੋਜਹਿਦਾਂ ਹਨ— ਇਹ ਮੁਲਕ ਦੇ ਜਮਾਤੀ ਯੁੱਧਾਂ ਦੇ ਇਤਿਹਾਸ ਦੇ ਸ਼ਾਨਾਮੱਤੇ ਕਾਂਡ ਬਣਦੇ ਹਨ। ਲੋਕਾਂ ਵੱਲੋਂ ਇਹੋ-ਜਿਹੇ ਸ਼ਾਨਾਂਮੱਤੇ ਜਮਾਤੀ ਯੁੱਧ ਨਾ ਇਕੱਲੀ ਕਿਸੇ ਫੰਡਰ ਵਿਦਵਤਾ ਦੇ ਸਿਰ 'ਤੇ ਲੜੇ ਜਾ ਸਕਦੇ ਹਨ ਅਤੇ ਨਾ ਹੀ ਇਕੱਲੀ ਜੂਝ ਮਰਨ ਦੀ ਸੂਰਬੀਰ ਭਾਵਨਾ ਦੇ ਸਿਰ 'ਤੇ ਲੜੇ ਜਾ ਸਕਦੇ ਹਨ। ਇਹ ਸਿਰਜਣਾਤਮਿਕ ਬੁੱਧੀ ਅਤੇ ''ਜੂਝ ਮਰਨ ਕਾ ਚਾਓ'' ਦੀ ਭਾਵਨਾ ਨਾਲ ਹੀ ਲੜੇ ਜਾ ਸਕਦੇ ਹਨ ਅਤੇ ਜਿੱਤ ਤੱਕ ਪੁਚਾਏ ਜਾ ਸਕਦੇ ਹਨ। ਸਿਰਜਣਾਤਮਿਕ ਬੁੱਧੀ ਅਤੇ ਸੂਝ-ਸਿਆਣਪ ਦਾ ਮਤਲਬ ਹੈ— ਸਹੀ ਰਹਿਨੁਮਾਈ ਯਾਨੀ ਸਹੀ ਸਿਆਸੀ ਲੀਹ ਅਤੇ ਨੀਤੀਆਂ। ''ਜੂਝ ਮਰਨ ਕਾ ਚਾਓ'' ਦਾ ਮਤਲਬ ਹੈ) ਮਾਨਸਿਕ ਤੌਰ 'ਤੇ ਲੜਨ-ਮਰਨ ਲਈ ਤਿਆਰ ਯਾਨੀ ਲੋਕਾਂ ਦੀ ਹਥਿਆਰਬੰਦ ਜਥੇਬੰਦੀ ਤੇ ਤਿਆਰੀ। ਇਉਂ, ਸਹੀ ਰਹਿਨੁਮਾਈ ਯਾਨੀ ਸਹੀ ਸਿਆਸੀ ਲੀਹ ਅਤੇ ਨੀਤੀਆਂ ਨਾਲ ਲੈਸ ਅਤੇ ਜੂਝ ਮਰਨ ਦੀ ਭਾਵਨਾ ਨਾਲ ਸਰਸ਼ਾਰ ਲੋਕ ਹੀ ਕਥਨੀ ਅਤੇ ਕਰਨੀ ਦਾ ਸੰਗਰਾਮੀ ਮੁਜੱਸਮਾਂ ਬਣਦੇ ਹਨ। ਸਮੂਹਿਕ ਕਥਨੀ ਅਤੇ ਕਰਨੀ ਦੇ ਮੁਜੱਸਮਾਂ ਬਣੇ ਅਜਿਹੇ ਲੋਕਾਂ ਦੇ ਸੂਰਬੀਰ ਕਾਫਲੇ ਹੀ ਮਜ਼ਲੂਮ ਲੋਕਾਂ ਵੱਲੋਂ ਲੜੇ ਜਾਂਦੇ ਯੁੱਧਾਂ ਦੀ ਜਿੰਦ ਜਾਨ ਬਣਦੇ ਹਨ ਅਤੇ ਜਾਬਰ ਦੁਸ਼ਮਣਾਂ ਦੀ ਇੱਟ ਨਾਲ ਇੱਟ ਖੜਕਾਉਣ ਦੀ ਬੀਰ-ਗਾਥਾ ਦੇ ਨਾਇਕ ਬਣਦੇ ਹਨ। ਮਜ਼ਲੂਮ ਲੋਕਾਂ ਦੇ ਜਮਾਤੀ ਯੁੱਧਾਂ ਦਾ ਇਤਿਹਾਸ ਅਜਿਹੇ ਅਣਗਿਣਤ, ਜਾਣੇ ਅਤੇ ਨਾ-ਜਾਣੇ, ਨਾਮੀ ਅਤੇ ਗੁੰਮਨਾਮ ਨਾਇਕਾਂ ਦੀ ਕਰਨੀ ਦਾ ਰਿਣੀ ਹੈ। ਇਹਨਾਂ ਅਣਗਿਣਤ ਨਾਇਕਾਂ 'ਚੋਂ ਕੁੱਝ ਚੋਣਵੇਂ ਨਾਇਕ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਤੀਖਣ ਬੁੱਧੀ ਤੇ ਸੂਝ ਸਦਕਾ ਸਮੁਹਿਕ ਬੁੱਧੀ, ਸੁਝ-ਸਿਆਣਪ ਅਤੇ ''ਜੂਝ ਮਰਨ ਦੇ ਚਾਓ'' ਦੀ ਭਾਵਨਾ ਦੇ ਉੱਭਰਵੇਂ ਅਤੇ ਮੂਹਰੈਲੀ ਤਰਜ਼ਮਾਨ ਬਣ ਜਾਂਦੇ ਹਨ। ਅਜਿਹੇ ਨਾਇਕ ਲੋਕਾਂ ਦੀ ਸਮੂਹਿਕ ਬੁੱਧੀ, ਸੂਝ-ਬੂਝ ਅਤੇ ''ਲੜ ਮਰਨ ਕਾ ਚਾਓ'' ਦੀ ਭਾਵਨਾ ਦੇ ਸੁਮੇਲ ਦੀ ਸ਼ਾਨਾਂਮੱਤੀ ਬੀਰਗਾਥਾ ਬਣ ਕੇ ਯੁੱਧਾਂ ਦੇ ਪ੍ਰਤੀਕ ਹੋ ਨਿੱਬੜਦੇ ਹਨ। ਇਹਨਾਂ ਨਾਇਕਾਂ ਦੀ ਪਛਾਣ ਅਤੇ ਹਸਤੀ ਉਹਨਾਂ ਯੁੱਧਾਂ ਦੇ ਅਮਿੱਟ ਕਾਰਨਾਮਿਆਂ ਨਾਲ ਇੱਕਮਿੱਕ ਹੋ ਜਾਂਦੀ ਹੈ, ਜਿਹਨਾਂ ਨੂੰ ਸਰਅੰਜ਼ਾਮ ਦਿੰਦਿਆਂ ਇਹਨਾਂ ਨਾਇਕਾਂ ਵੱਲੋਂ ਕਾਬਲੇ-ਫ਼ਖਰ ਰੋਲ ਨਿਭਾਇਆ ਗਿਆ ਹੈ। ਇਸ ਕਰਕੇ, ਇਹ ਨਾਇਕ ਨਾ-ਸਿਰਫ ਰਣ-ਭੂਮੀ ਵਿੱਚ ਜੂਝ ਰਹੇ ਲੋਕ-ਹਿੱਸਿਆਂ ਵੱਲੋਂ ਹੀ ਸਤਿਕਾਰੇ ਅਤੇ ਪਿਆਰੇ ਜਾਂਦੇ ਹਨ। ਸਗੋਂ ਉਹ ਸਭਨਾਂ ਮਜ਼ਲੂਮ ਅਤੇ ਦੱਬੇ-ਕੁਚਲੇ ਲੋਕਾਂ ਦੀ ਸੁਤਾ ਅੰਦਰ ਉੱਤਰ ਜਾਂਦੇ ਹਨ। ਇਸ ਲਈ, ਉਹ ਸੁਤੇਸਿਧ ਹੀ ਇਹਨਾਂ ਸਭਨਾਂ ਲੋਕਾਂ ਲਈ ਸੰਗਰਾਮੀ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਇਹਨਾਂ ਨਾਇਕਾਂ ਦੀ ਹਸਤੀ ਨੂੰ ਲੋਕ-ਸੁਤਾ 'ਚੋਂ ਖਾਰਜ ਕਰਨਾ ਨਾਮੁਮਕਿਨ ਹੁੰਦਾ ਹੈ।
ਸਮੇਂ ਦੇ ਜਾਬਰ ਹਾਕਮਾਂ ਵੱਲੋਂ ਲੋਕ-ਸੁਤਾ 'ਚੋਂ ਇਹਨਾਂ ਨਾਇਕਾਂ ਦੀ ਹਸਤੀ ਨੂੰ ਮਿਟਾਉਣ ਲਈ ਯਤਨ ਤਾਂ ਬਥੇਰੇ ਕੀਤੇ ਜਾਂਦੇ ਹਨ, ਪਰ ਉਹਨਾਂ ਦੇ ਇਹ ਯਤਨ ਬਹੁਤਾ ਕਰਕੇ ਨਿਹਫਲ ਜਾਂਦੇ ਹਨ। ਸਗੋਂ ਕਈ ਵਾਰੀ ਲੋਕਾਂ ਅੰਦਰ ਹਾਕਮਾਂ ਖਿਲਾਫ ਮੋੜਵੇਂ ਪ੍ਰਤੀਕਰਮ ਅਤੇ ਗੁੱਸੇ ਨੂੰ ਆਰ ਲਾਉਣ ਦਾ ਕਾਰਨ ਬਣ ਜਾਂਦੇ ਹਨ। ਇਸ ਲਈ ਹਾਕਮਾਂ ਵੱਲੋਂ ਇਹਨਾਂ ਲੋਕ ਨਾਇਕਾਂ ਦਾ ਵਿਰੋਧ ਕਰਨ ਦੀ ਬਜਾਇ, ਇਹਨਾਂ ਨੂੰ ਅਪਣਾਉਣ ਦਾ ਖੇਖਣ ਕੀਤਾ ਜਾਂਦਾ ਹੈ। ਇਹਨਾਂ ਦੇ ਜਨਮ-ਦਿਨ ਅਤੇ ਬਰਸੀਆਂ ਮਨਾਉਣ ਅਤੇ ਯਾਦਗਾਰਾਂ ਉਸਾਰਨ ਦਾ ਨਾਟਕ ਰਚਿਆ ਜਾਂਦਾ ਹੈ। ਇਹਨਾਂ ਨੂੰ ਪਾਠ-ਪੁਸਤਕਾਂ ਵਿੱਚ ਦਾਖਲ ਕੀਤਾ ਜਾਂਦਾ ਹੈ। ਇਸ ਤਰ•ਾਂ ਕਰਦੇ ਹੋਏ ਹਾਕਮਾਂ ਵੱਲੋਂ ਇਹਨਾਂ ਨਾਇਕਾਂ ਦੀ ਕਥਨੀ ਅਤੇ ਕਰਨੀ ਯਾਨੀ ਇਹਨਾਂ ਦੇ ਸ਼ਾਨਾਂਮੱਤੇ ਰੋਲ ਨੂੰ ਤੋੜ ਮਰੋੜ ਕੇ ਅਤੇ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ। ਇਹਨਾਂ ਨਾਇਕਾਂ ਵੱਲੋਂ ਲੜੀ ਗਈ ਜੰਗ ਦਾ ਅਸਲੀ ਅਤੇ ਪ੍ਰਮੁੱਖ ਮਕਸਦ ਕੀ ਸੀ? ਇਹ ਜੰਗਾਂ ਕਿਹਨਾਂ ਦੁਸ਼ਮਣਾਂ ਖਿਲਾਫ ਲੜੀਆਂ ਗਈਆਂ ਸਨ? ਇਹਨਾਂ ਨਾਇਕਾਂ ਦੀ ਸੋਚ ਅਤੇ ਵਿਚਾਰ ਕਿਹੋ ਜਿਹੇ ਸਨ? ਉਹ ਇਹਨਾਂ ਸਭ ਪੱਖਾਂ ਵਿਸ਼ੇਸ਼ ਕਰਕੇ ਉਹਨਾਂ ਦੇ ਵਿਚਾਰਾਂ ਅਤੇ ਅਮਲ ਦੀ ਸੱਜਰੀ ਪ੍ਰਸੰਗਕਿਤਾ 'ਤੇ ਮਿੱਟੀ ਪਾਉਂਦੇ ਹਨ ਅਤੇ ਉਹਨਾਂ ਨਾਇਕਾਂ ਦੀ ਸੋਚ ਵਿਚਾਰ ਅਤੇ ਰੋਲ ਦਾ ਮੂੰਹ-ਮੁਹਾਂਦਰਾ ਵਿਗਾੜਦਿਆਂ, ਉਹਨਾਂ ਦੀ ਫੋਕੀ, ਝੂਠੀ ਅਤੇ ਦੰਭੀ ਪ੍ਰਸੰਸਾ ਦੇ ਪੜੁੱਲ ਬੰਨ•ਦੇ ਹਨ ਅਤੇ ਉਹਨਾਂ ਨੂੰ ਆਪਣੇ (ਹਾਕਮਾਂ) ਨਾਇਕਾਂ ਵਜੋਂ ਪੇਸ਼ ਕਰਦੇ ਹਨ। ਇਉਂ, ਉਹ ਇਹਨਾਂ ਨਾਇਕਾਂ ਦੀ ਦੰਭੀ ਜਸ-ਕੀਰਤੀ ਰਾਹੀਂ ਲੋਕ-ਸੁਤਾ ਅੰਦਰ ਇਹਨਾਂ ਨਾਇਕਾਂ ਪ੍ਰਤੀ ਮਾਣ-ਸਤਿਕਾਰ ਅਤੇ ਮੋਹ ਦੇ ਮੌਜੂਦ ਅਹਿਸਾਸ ਨੂੰ ਟੁੰਬਣ ਅਤੇ ਆਪਣੇ ਮਗਰ ਧੂਹਣ ਲਈ ਜ਼ੋਰ ਲਾਉਂਦੇ ਹਨ।
ਮਸਲਨ— ਸ਼ਹੀਦ ਭਗਤ ਸਿੰਘ ਅਜਿਹੇ ਮਾਣਮੱਤੇ ਸੰਗਰਾਮੀ ਇਨਕਲਾਬੀ ਨਾਇਕਾਂ ਵਿੱਚੋਂ ਇੱਕ ਹੈ, ਜਿਹੜਾ ਆਮ ਰੂਪ ਵਿੱਚ ਮੁਲਕ ਦੇ ਇਨਕਲਾਬੀ ਸੰਗਰਾਮ ਦਾ ਪ੍ਰਤੀਕ ਹੈ ਜਾਂ ਭਾਰਤੀ ਇਨਕਲਾਬ ਦਾ ਪ੍ਰਤੀਕ ਹੈ। ਠੋਸ ਰੂਪ ਵਿੱਚ ਗੱਲ ਕਰਨੀ ਹੋਵੇ ਤਾਂ ਉਹ ਸਭ ਤੋਂ ਵੱਧ ਭਾਰਤੀ ਇਨਕਲਾਬ ਦੀ ਵਿਚਾਰਧਾਰਕ-ਸਿਆਸੀ ਲੀਹ ਦੇ ਉਹਨਾਂ ਦੋ ਬੁਨਿਆਦੀ ਪੱਖਾਂ ਦਾ ਪ੍ਰਤੀਕ ਹੈ, ਜਿਹਨਾਂ ਤੋਂ ਉਸ ਵੇਲੇ ਦੀ ਕਮਿਊਨਿਸਟ ਪਾਰਟੀ/ਲਹਿਰ ਭਟਕੀ ਰਹੀ ਹੈ। ਇਹਨਾਂ 'ਚੋਂ ਪਹਿਲਾ ਪੱਖ ਹੈ— ਇਨਕਲਾਬ ਨੂੰ ਹਥਿਆਰਬੰਦ ਘੋਲ ਰਾਹੀਂ ਨੇਪਰੇ ਚਾੜ•ਨ ਦਾ ਪੱਖ; ਅਤੇ ਦੂਜਾ ਹੈ— ਉਸ ਵੇਲੇ ਕਾਂਗਰਸ ਲੀਡਰਸ਼ਿੱਪ ਅਤੇ ਪਾਰਟੀ ਨੂੰ ਅੰਗਰੇਜ਼ ਸਾਮਰਾਜ-ਭਗਤ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੀ ਪਾਰਟੀ ਸਮਝਦਿਆਂ ਇਸ ਨਾਲੋਂ ਸਪੱਸ਼ਟ ਜਮਾਤੀ ਸਿਆਸੀ ਨਿਖੇੜਾ ਕਰਨ ਦਾ ਪੱਖ।
ਅੱਜ, ਸਾਮਰਾਜ-ਭਗਤ ਦਲਾਲ ਹਾਕਮ ਜਮਾਤਾਂ, ਉਹਨਾਂ ਦੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ, ਵੰਨ-ਸੁਵੰਨੀ ਦੇ ਸਾਬਕਾ ਅਤੇ ਮੌਜੂਦਾ ਸੋਧਵਾਦੀਆਂ ਅਤੇ ਇੱਥੋਂ ਤੱਕ ਕਿ ਫਿਰਕੂ-ਫਾਸ਼ੀ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਇਨਕਲਾਬੀ ਅਤੇ ''ਕੌਮੀ ਨਾਇਕ'' ਵਜੋਂ ਵਡਿਆਇਆ ਜਾਂਦਾ ਹੈ। ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਰਾਸਤ ਨੂੰ ਅਗਵਾ ਕਰਨ ਲਈ ਬਾਦਲਾਂ-ਸ਼ਾਦਲਾਂ, ਅਮਰਿੰਦਰਾਂ, ਭਾਜਪਾਈ ਫਿਰਕੂਆਂ ਤੋਂ ਲੈ ਕੇ ਸਾਬਕਾ ਅਤੇ ਮੌਜੂਦਾ ਸੋਧਵਾਦੀ ਖਟਕੜ ਕਲਾਂ ਅਤੇ ਹੁਸੈਨੀਵਾਲਾ ਨੂੰ ਧਾਹ ਕੇ ਪੈਂਦੇ ਹਨ। ''ਆਪ'' ਪਾਰਟੀ ਦੇ ਆਗੂ ਵੀ ਸ਼ਹੀਦ ਭਗਤ ਸਿੰਘ ਦੇ ਵਾਰਸ ਹੋਣ ਦੀਆਂ ਥਾਪੀਆਂ ਮਾਰਦੇ ਹਨ। ਇਸਦਾ ਲੋਕ ਸਭਾ ਮੈਂਬਰ ਭਗਵੰਤ ਮਾਨ ਤਾਂ ਬਸੰਤੀ ਪੱਗ ਸਜਾ ਕੇ ਰੱਖਣ ਦਾ ਦੰਭ ਵੀ ਕਰਦਾ ਹੈ।
ਇੱਕ ਹੋਰ ਮਿਸਾਲ ਸਿੱਖ ਲਹਿਰ ਦੇ ਇਤਿਹਾਸ ਦੀ ਵਿਰਾਂਗਣਾ ਮਾਈ ਭਾਗੋ ਦੀ ਹੈ। ਮਾਈ ਭਾਗੋ ਗੁਰੂ ਗੋਬਿੰਦ ਸਿੰਘ ਦੀ ਰਹਿਬਰੀ ਹੇਠ ਜਾਗੀਰੂ-ਰਜਵਾੜਾਸ਼ਾਹੀ ਜਬਰੋ-ਜ਼ੁਲਮ ਖਿਲਾਫ ਆਰੰਭੀ ਗਈ ਹੱਕੀ ਜੰਗ ਨੂੰ ਚਾਲੀ ਮੁਕਤਿਆਂ ਵੱਲੋਂ ਬੇਦਾਵਾ ਦੇ ਕੇ ਭਗੌੜੇ ਹੋਣ ਖਿਲਾਫ ਤਿੱਖੇ ਪ੍ਰਤੀਕਰਮ ਅਤੇ ਨਫਰਤ ਦੀ ਪ੍ਰਤੀਕ ਹੈ, ਉਹ ਇਸ ਹੱਕੀ ਇਤਿਹਾਸਕ ਜੰਗ ਦੀ ਪ੍ਰਤੀਕ ਹੈ, ਉਹ ਸੂਰਬੀਰਤਾ ਅਤੇ ਸਿਦਕਦਿਲੀ ਦੀ ਪ੍ਰਤੀਕ ਹੈ ਅਤੇ ਉਹ ਹੱਕੀ ਯੁੱਧ ਅੰਦਰ ਔਰਤਾਂ ਵੱਲੋਂ ਮਰਦਾਂ ਬਰੋਬਰ ਸਮਰੱਥਾਵਾਨ ਹੋਣ ਦੀ ਗਵਾਹ ਹੈ। ਅੱਜ ਸਭਨਾਂ ਸਰਕਾਰੀ-ਦਰਬਾਰੀ ਸਿਆਸੀ ਪਾਰਟੀਆਂ, ਸੋਧਵਾਦੀਆਂ, ਦਾਅ ਲਾਊਆਂ ਅਤੇ ਫਸਲੀ-ਬਟੇਰਾ ਟੋਲਿਆਂ ਵੱਲੋਂ ਇਸ ਵਿਰਾਂਗਣਾਂ ਦੀ ਸਥਾਪਤ ਵਿਰਾਸਤ ਨੂੰ ਅਗਵਾ ਕਰਨ ਲਈ ਉਸਦੇ ਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਬਾਦਲ ਹਕੂਮਤ ਵੱਲੋਂ ਕੇਂਦਰੀ ਹਕੂਮਤ ਦੇ ਪੈਸਿਆਂ ਨਾਲ ਸਕੂਲੀ ਕੁੜੀਆਂ ਨੂੰ ਸਾਇਕਲਾਂ ਦੀਆਂ ਬੁਰਕੀਆਂ ਸੁੱਟਣ ਦੀ ਸਕੀਮ 'ਤੇ ਹੀ ਮਾਈ ਭਾਗੋ ਦਾ ਠੱਪਾ ਲਾ ਦਿੱਤਾ ਗਿਆ ਹੈ। ਮਾਈ ਭਾਗੋ ਸਕੂਲ, ਮਾਈ ਭਾਗੋ ਜੱਥਾ, ਮਾਈ ਭਾਗੋ ਬਰੀਗੇਡ— ਪਤਾ ਨਹੀਂ ਕਿਹੜੀਆਂ ਕਿਹੜੀਆਂ ਦੁਕਾਨਦਾਰੀਆਂ 'ਤੇ ਇਸ ਵਿਰਾਂਗਣਾਂ ਦੇ ਨਾਂ ਦਾ ਠੱਪਾ ਲਾ ਕੇ ਉਸਦੀ ਵਿਰਾਸਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਚਲੋ— ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੀ ਵਿਰਾਸਤ ਨਾਲ ਖਿਲਵਾੜ ਕਰ ਰਹੀਆਂ ਇਹ ਰੰਗ-ਬਰੰਗੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਤਾਂ ਐਲਾਨੀਆ/ਅਣਐਲਾਨੀਆ ਹਾਕਮ ਜਮਾਤੀ ਖੇਮੇ ਵਿਚਲੀਆਂ ਹਨ। ਪਰ ਕੁੱਝ ਧਿਰਾਂ/ਜਥੇਬੰਦੀਆਂ ਅਜਿਹੀਆਂ ਵੀ ਹਨ, ਜਿਹੜੀਆਂ ਆਪਣੇ ਆਪ 'ਤੇ ਇਨਕਲਾਬੀ ਠੱਪਾ ਲਾ ਕੇ ਪੇਸ਼ ਕਰਦੀਆਂ ਹਨ। ਕੁੱਝ ਢਾਈ-ਟੋਟਰੂਆਂ ਵਾਲੀਆਂ ਨਾਮ-ਨਿਹਾਦ ਜਥੇਬੰਦੀਆਂ ਹਨ। ਕੁੱਝ ਜਨਤਕ ਜਥੇਬੰਦੀਆਂ ਹਨ, ਜਿਹਨਾਂ ਦਾ ਮੰਤਵ ਅਤੇ ਰੋਲ ਸੀਮਤ ਹੈ। ਕੁੱਝ ਅੰਸ਼ਿਕ ਮੰਗਾਂ-ਮਸਲਿਆਂ ਤੱਕ ਲੜਨ ਤੱਕ ਸੀਮਤ ਹਨ ਅਤੇ ਕਾਨੂੰਨਵਾਦੀ ਸੁਧਾਰਵਾਦੀ ਵਲੱਗਣਾਂ ਵਿੱਚ ਰਹਿੰਦਿਆਂ, ਘੋਲ ਕਰਨ ਤੱਕ ਸੀਮਤ ਹਨ। ਇਹ ਸਾਰੀਆਂ ਤਾਕਤਾਂ/ਜਥੇਬੰਦੀਆਂ ਵੀ ਨਾ ਸਿਰਫ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੇ ਵਾਰਸਾਂ ਵਜੋਂ ਪੇਸ਼ ਕਰਨ 'ਤੇ ਲੱਗੀਆਂ ਹੋਈਆਂ ਹਨ, ਸਗੋਂ ਇਸ ਤੋਂ ਵੀ ਅੱਗੇ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੀ ਸ਼ਾਨਾਂਮੱਤੀ ਸੰਗਰਾਮੀ ਪਛਾਣ ਅਤੇ ਉਹਨਾਂ ਦੇ ਪਛਾਣ ਚਿੰਨ•ਾਂ ਦੀ ਦੁਰਵਰਤੋਂ ਦੇ ਰਾਹ ਪਈਆਂ ਹੋਈਆਂ ਹਨ। ਜਿਵੇਂ ਸ਼ਹੀਦ ਭਗਤ ਸਿੰਘ ਜਿਹੀਆਂ ਪੱਗਾਂ ਬੰਨ• ਕੇ ਆਪਣੇ ਆਪ ਨੂੰ ਉਸ ਵਰਗੇ ਪੇਸ਼ ਕਰਨਾ ਅਤੇ ਪਿੰਡਾਂ, ਕਸਬਿਆਂ ਵਿੱਚ ਮਾਰਚ ਕਰਨਾ, ਆਪਣੇ ਮੁਜਾਹਰੇ-ਮਾਰਚਾਂ ਦਾ ਨਾਂ ''ਬਸੰਤੀ ਮਾਰਚ'' ਰੱਖਣਾ, ਔਰਤਾਂ ਦੇ ਕਿਸੇ ਧਰਨੇ-ਮਾਰਚ ਨੂੰ ''ਮਾਈ ਭਾਗੋ ਮਾਰਚ'' ਸੱਦਣਾ ਆਦਿ ਆਦਿ। ਇਹਨਾਂ ਧਿਰਾਂ/ਜਥੇਬੰਦੀਆਂ ਵੱਲੋਂ ਆਰੰਭਿਆ ਇਹ ਅਮਲ ਨਾ ਸਿਰਫ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੀ ਸ਼ਾਨਾਂਮੱਤੀ ਵਿਰਾਸਤ ਅਤੇ ਪਛਾਣ-ਚਿੰਨ•ਾਂ ਦੀ ਦੁਰਵਰਤੋਂ ਹੈ, ਇਹ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਹੋਰਾਂ ਵੱਲੋਂ ਆਪਣੇ ਆਪਣੇ ਸਮੇਂ ਲੜੇ ਗਏ ਹਥਿਆਰਬੰਦ ਘੋਲ, ਇਸਦੇ ਮੰਤਵ, ਇਤਿਹਾਸਕ ਅਹਿਮੀਅਤ ਅਤੇ ਮੌਜੂਦਾ ਸਮੇਂ ਇਹਨਾਂ ਦੀ ਸੰਗਰਾਮੀ ਵਿਰਾਸਤ ਦੀ ਪ੍ਰਸੰਗਕਿਤਾ ਨੂੰ ਸੁੰਗੇੜ-ਪਿਚਕਾ ਕੇ ਅਤੇ ਤੋੜ-ਮਰੋੜ ਕੇ ਪੇਸ਼ ਕਰਦਿਆਂ, ਇਹਨਾਂ ਦੀ ਕਦਰ-ਘਟਾਈ ਕਰਨਾ ਹੈ।
ਕੁੱਝ ਇੱਕ ਜਨਤਕ ਜਥੇਬੰਦੀਆਂ ਹਨ, ਜਿਹਨਾਂ ਅੰਦਰ ਨੌਜਵਾਨਾਂ ਦਾ ਦਾਖਲਾ ਸੀਮਤ ਹੈ। ਇਹਨਾਂ ਜਥੇਬੰਦੀਆਂ ਅੰਦਰ ਨੌਜਵਾਨ ਪਰਤ ਲੱਗਭੱਗ ਗਾਇਬ ਹੈ। ਇਸਦਾ ਕਾਰਨ ਇਹਨਾਂ ਵੱਲੋਂ ਅਖਤਿਆਰ ਕੀਤੀਆਂ ਜਾ ਰਹੀਆਂ ਆਰਥਿਕਵਾਦੀ ਕਾਨੂੰਨਵਾਦੀ ਨੀਤੀਆਂ ਅਤੇ ਇਹਨਾਂ ਵਿੱਚੋਂ ਨਿਕਲਦੇ ਗਲਤ ਘੋਲ ਪੈਂਤੜੇ ਅਤੇ ਸ਼ਕਲਾਂ ਹਨ। ਇਹਨਾਂ ਨੂੰ ਦਰੁਸਤ ਕਰਨ ਦੇ ਰਾਹ ਪੈਣ ਦੀ ਬਜਾਇ, ਇਹਨਾਂ ਵੱਲੋਂ ਆਪਣੇ ਅੰਦਰ ਨੌਜਵਾਨਾਂ ਦੀ ਸੁੱਕ-ਸੁੰਗੜ ਰਹੀ ਪਰਤ ਨੂੰ ਵਧਾਉਣ ਲਈ ਸ਼ਹੀਦ ਭਗਤ ਸਿੰਘ ਦੇ ਵਿਰਾਸਤੀ ਚਿੰਨ• ਅਤੇ ਔਰਤਾਂ ਨੂੰ ਖਿੱਚ ਪਾਉਣ ਲਈ ਮਾਈ ਭਾਗੋ ਦੇ ਮੁਖੌਟੇ ਪਹਿਨ ਕੇ ਪੇਸ਼ ਹੋਇਆ ਜਾ ਰਿਹਾ ਹੈ। ਹਕੀਕਤ ਵਿੱਚ ਇਹਨਾਂ ਜਥੇਬੰਦੀਆਂ ਦਾ ਪਿਛਲੇ ਵੀਹ ਸਾਲਾਂ ਦਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੀ ਸ਼ਾਨਾਂਮੱਤੀ ਵਿਰਾਸਤ ਨਾਲ ਇਹਨਾਂ ਦੀ ਅਮਲਦਾਰੀ ਦਾ ਕੋਈ ਸਬੰਧ ਨਹੀਂ ਹੈ। ਇਹ ਮਹਿਜ਼ ਕਾਨੂੰਨੀ ਅਤੇ ਸੁਧਾਰਵਾਦੀ ਵਲੱਗਣਾਂ ਵਿੱਚ ਵਿਚਰਦਿਆਂ, ਅੰਸ਼ਿਕ ਮੰਗਾਂ/ਮਸਲਿਆਂ ਵਾਸਤੇ ਪੁਰਅਮਨ-ਆਰਥਿਕਵਾਦੀ ਘੋਲਾਂ ਨੂੰ ਪ੍ਰਣਾਈਆਂ ਜਥੇਬੰਦੀਆਂ ਹਨ।
ਅੱਜ ਤੋਂ ਲੱਗਭੱਗ 21 ਸਾਲ ਪਹਿਲਾਂ ਇੱਕ ਨਾਮ-ਨਿਹਾਦ ਇਨਕਾਲਬੀ ਜਥੇਬੰਦੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਮੁਖੌਟਾ ਪਹਿਨਦਿਆਂ, ਭਾਰਤੀ ਇਨਕਲਾਬ ਦਾ ਬਦਲ ਪ੍ਰਚਾਰਨ-ਉਭਾਰਨ ਦਾ ਫੰਡਰ ਅਮਲ ਵਿੱਢਿਆ ਗਿਆ ਸੀ। ਸ਼ੁਰੂ ਵਿੱਚ ਇਨਕਲਾਬੀ ਲਫਾਜ਼ੀ ਦੇ ਅਸਰ ਹੇਠ ਕੁੱਝ ਵਿਅਕਤੀਆਂ (ਅਤੇ ਕੁੱਝ ਨੌਜਵਾਨਾਂ) ਵੱਲੋਂ ਇਸ ਜਥੇਬੰਦੀ ਵੱਲ ਮੂੰਹ ਕੀਤਾ ਗਿਆ ਸੀ। ਪਰ ਜਿਉਂ ਜਿਉਂ ਇਸਦੀ ਇਨਕਲਾਬੀ ਲਫਾਜ਼ੀ ਅਤੇ ਪ੍ਰਚਾਰ ਦੇ ਅਮਲ ਦਾ ਫੰਡਰਪੁਣਾ ਨੰਗਾ ਹੁੰਦਾ ਗਿਆ ਅਤੇ ਇਸਦੀ ਇਨਕਲਾਬੀ ਲਿਫਾਫੇਬਾਜ਼ੀ ਭਰਿਆੜ ਹੁੰਦੀ ਗਈ, ਇਸ ਨਾਮ-ਨਿਹਾਦ ਇਨਕਲਾਬੀ ਥੜ•ੇ ਦਾ ਜਗੜ-ਜੁਗਾੜ ਖਿੰਡਦਾ ਗਿਆ। ਅੰਤ ਇਹ ਸਾਲ-ਛਿਮਾਹੀ ਕੋਈ ਬਿਆਨ, ਹੱਥ ਪਰਚੇ ਰਾਹੀਂ ਹਾਜ਼ਰੀ ਲਵਾਉਣ ਵਾਲਾ ਆਖਰੀ ਸਾਹ ਘੜੀਸਦਾ ਨਾਮ ਨਿਹਾਦ ਪਲੇਟਫਾਰਮ ਬਣ ਕੇ ਰਹਿ ਗਿਆ ਹੈ। ਜਿਹੜੀਆਂ ਜਥੇਬੰਦੀਆਂ/ਧਿਰਾਂ ਇਤਿਹਾਸ ਦੇ ਇਨਕਲਬੀ ਪ੍ਰਤੀਕਾਂ ਦੇ ਮੁਖੌਟੇ ਪਹਿਨ ਕੇ ਆਪਣੀ ਡਿਗ ਰਹੀ ਸਾਖ ਅਤੇ ਸੁੰਗੜ ਰਹੀ ਹਸਤੀ ਨੂੰ ਵਕਤੀ ਠੁੰਮਣਾ ਦੇਣ ਦਾ ਯਤਨ ਕਰਨਗੀਆਂ ਅਤੇ ਇਉਂ, ਉਹ ਇੱਕ ਸ਼ਾਨਾਂਮੱਤੀ ਇਤਿਹਾਸਕ ਵਿਰਾਸਤ ਦੀ ਦੁਰਵਰਤੋਂ ਅਤੇ ਕਦਰ-ਘਟਾਈ ਕਰਨ ਦੇ ਰਾਹ ਪੈਣਗੀਆਂ, ਉਹਨਾਂ ਦੀਆਂ ਕੋਸ਼ਿਸ਼ਾਂ ਵੀ ਦੇਰ-ਸਵੇਰ ਉਲਟ-ਉਪਜਾਊ ਸਾਬਤ ਹੋਣਗੀਆਂ।
No comments:
Post a Comment