Tuesday, 30 August 2016

Surkh Rekh Sep-Oct 2016

Surkh Rekh Sep-Oct 2016




''ਆਪ'' ਦੀ ਕਹਿਣੀ ਅਤੇ ਕਰਨੀ ਰਵਾਇਤੀ ਮੌਕਾਪ੍ਰਸਤ ਪਾਰਟੀਆਂ ਨਾਲੋਂ ਵੱਖਰੀ ਨਹੀਂ


''ਆਪ'' ਦੀ ਕਹਿਣੀ ਅਤੇ ਕਰਨੀ
ਰਵਾਇਤੀ ਮੌਕਾਪ੍ਰਸਤ ਪਾਰਟੀਆਂ ਨਾਲੋਂ ਵੱਖਰੀ ਨਹੀਂ
ਅੱਜ ਕੱਲ• ਪੰਜਾਬ ਵਿੱਚ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੱਲੋਂ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਲੰਗਰ-ਲੰਗੋਟੇ ਕਸਣ ਦਾ ਅਮਲ ਵਿੱਢਿਆ ਹੋਇਆ ਹੈ। ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਤੀਜੀ ਵਾਰ ਹਕੂਮਤੀ ਗੱਦੀ 'ਤੇ ਕਾਬਜ਼ ਰਹਿਣ ਦੇ ਦਾਅਵੇ ਕੀਤੇ ਜਾ ਰਹੇ ਹਨ। ਕਾਂਗਰਸ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਚੱਲਦਾ ਕਰਦਿਆਂ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਕੂਮਤ ਬਣਾਉਣ ਦੀਆਂ ਥਾਪੀਆਂ ਮਾਰੀਆਂ ਜਾ ਰਹੀਆਂ ਹਨ। ਕੇਜਰੀਵਾਲ ਦੀ ਅਗਵਾਈ ਹੇਠਲੀ ''ਆਮ ਆਦਮੀ ਪਾਰਟੀ'' (ਆਪ) ਵੱਲੋਂ ਇਹਨਾਂ ਦੋਵਾਂ ਰਵਾਇਤੀ ਹਾਕਮ ਜਮਾਤੀ ਪਾਰਟੀਆਂ ਨੂੰ ਚੋਣ-ਦੰਗਲ ਵਿੱਚ ਚਿੱਤ ਕਰਦਿਆਂ, ਹਕੂਮਤੀ ਗੁਰਜ ਸੰਭਾਲਣ ਦੇ ਯਕੀਨੀ ਦਾਅਵੇ ਕੀਤੇ ਜਾ ਰਹੇ ਹਨ। ''ਆਪ'' ਆਗੂਆਂ ਵੱਲੋਂ ਗਰਜਵੇਂ ਐਲਾਨ ਕੀਤੇ ਜਾ ਰਹੇ ਹਨ, ਕਿ ਇੱਕ ਵਾਰੀ ਪੰਜਾਬ ਦੀ ਹਕੂਮਤੀ ਵਾਂਗਡੋਰ ਹੱਥ ਆ ਜਾਵੇ, ਫਿਰ ਦੇਖਣਾ ਕਿ ਸੂਬੇ ਦੇ ਵਿਕਾਸ ਦੀ ਗੱਡੀ ਛੱਕਾਛੱਕ ਕਿਵੇਂ ਲੀਹ 'ਤੇ ਦੌੜੇਗੀ। ਕਿਵੇਂ ਪੰਜਾਬ ਨੂੰ ਨਸ਼ਾ-ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਕਰਦਿਆਂ, ਇੱਥੇ ਖੁਸ਼ਹਾਲੀ ਅਤੇ ਤਰੱਕੀ ਦੀਆਂ ਛਹਿਬਰਾਂ ਲੱਗਣਗੀਆਂ। ਕਿਵੇਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਗੱਫੇ ਵਰਤਾਏ ਜਾਣਗੇ ਆਦਿ ਆਦਿ।
ਪੰਜਾਬ ਦੇ ਲੋਕਾਂ ਵੱਲੋਂ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੀਆਂ ਹਕੂਮਤਾਂ ਦਾ ਰੱਜ ਕੇ ਲੁੱਟਣ ਅਤੇ ਕੁੱਟਣ ਦੀਆਂ ਲੋਕ-ਦੁਸ਼ਮਣ ਨੀਤੀਆਂ ਦਾ ਤਜਰਬਾ ਹੱਡੀਂ ਹੱਢਾਇਆ ਗਿਆ ਹੈ। ਇਸਦਾ ਉੱਭਰਵਾਂ ਇਜ਼ਹਾਰ ਸੂਬੇ ਦੇ ਕਰਜ਼ਾ-ਮਾਰੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਰੂਪ ਵਿੱਚ ਹੋ ਰਿਹਾ ਹੈ; 60-70 ਲੱਖ ਪੜ•ੇ-ਲਿਖੇ ਬੇਰੁਜ਼ਗਾਰਾਂ ਵੱਲੋਂ ਸੜਕਾਂ ਦੀ ਖਾਕ ਫੱਕਣ ਦੀ ਸ਼ਕਲ ਵਿੱਚ ਹੋ ਰਿਹਾ ਹੈ; ਤਬਾਹਕੁੰਨ ਨਸ਼ਿਆਂ ਦੀ ਮਾਰ ਹੇਠ ਆਉਣ ਅਤੇ ਸਿਆਸੀ-ਪੁਲਸ ਗੱਠਜੋੜ ਦੀ ਪੁਸ਼ਤਪਨਾਹੀ ਹੇਠ ਫੈਲ-ਪਸਰ ਰਹੇ ਅਪਰਾਧਿਕ ਗੈਂਗ-ਮਾਫੀਆ ਮਾਹੌਲ ਦੀ ਲਪੇਟ ਵਿੱਚ ਆ ਰਹੀ ਜਵਾਨੀ ਦੇ ਰੂਪ ਵਿੱਚ ਹੋ ਰਿਹਾ ਹੈ; ਲੁੱਟ-ਖੋਹਾਂ, ਮਾਰਧਾੜਾਂ, ਕਤਲਾਂ ਅਤੇ ਔਰਤਾਂ 'ਤੇ ਵਧ ਰਹੇ ਹਿੰਸਕ ਹਮਲਿਆਂ ਦੇ ਰੂਪ ਵਿੱਚ ਹੋ ਰਿਹਾ ਹੈ ਆਦਿ ਆਦਿ। ਪਰ ''ਆਪ'' ਦੇ ਆਗੂਆਂ ਵੱਲੋਂ ਬੁਲੰਦਬਾਂਗ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਦੀ ਸਰਕਾਰ ਬਣਨ ਨਾਲ ਸੂਬੇ ਦੇ ਲੋਕਾਂ ਨੂੰ ਉਪਰੋਕਤ ਸਭ ਅਲਾਮਤਾਂ ਦੀ ਪ੍ਰੇਤ ਛਾਇਆ ਤੋਂ ਮੁਕਤ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਦੇ ਵਾਰੇ-ਨਿਆਰੇ ਕਰ ਦਿੱਤੇ ਜਾਣਗੇ। 
ਸੁਆਲ ਉੱਠਦਾ ਹੈ ਕਿ ''ਆਪ'' ਕੋਲ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਗੱਠਜੋੜ ਨਾਲੋਂ ਵੱਖਰੀ ਅਜਿਹੀ ਕਿਹੜੀ ਜਾਦੂ ਦੀ ਛੜੀ ਹੈ, ਜਿਸ ਨੂੰ ਘੁੰਮਾ ਕੇ ਉਹ ਪੰਜਾਬ ਨੂੰ ਤਬਾਹਕੁੰਨ ਅਲਾਮਤਾਂ ਤੋਂ ਮੁਕਤ ਕਰ ਦੇਣਗੇ ਅਤੇ ਇੱਥੇ ਖੇੜੇ-ਖੁਸ਼ੀਆਂ ਦੇ ਫੁੱਲ ਖਿਲਾ ਦੇਣਗੇ। ਇਹ ਜਾਦੂ ਦੀ ਛੜੀ ਸਿਰਫ ਤੇ ਸਿਰਫ ਅਜਿਹੀ ਲੋਕ-ਹਿਤੈਸ਼ੀ ਨੀਤੀਆਂ ਅਤੇ ਯੋਜਨਾਵੰਦੀ ਹੀ ਹੋ ਸਕਦੀਆਂ ਹਨ, ਜਿਹੜੀਆਂ ਕੇਂਦਰੀ ਅਤੇ ਸੂਬਾਈ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਅਤੇ ਸਭਨਾਂ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਵੱਲੋਂ ਉਚਿਆਈਆਂ ਜਾ ਰਹੀਆਂ ਦੇਸੀ-ਵਿਦੇਸ਼ੀ ਕਾਰਪੋਰੇਟ ਪੱਖੀ ਨੀਤੀਆਂ ਅਤੇ ਯੋਜਨਾਬੰਦੀ ਦਾ ਬਦਲ ਬਣਦੀਆਂ ਹੋਣ ਅਤੇ ਇਹ ਅਜਿਹੇ ਆਰਥਿਕ ਵਿਕਾਸ ਮਾਡਲ ਦਾ ਮੂੰਹ-ਮੁਹਾਂਦਰਾ ਸਾਹਮਣੇ ਲਿਆਉਂਦੀਆਂ ਹੋਣ, ਜਿਹੜਾ ਸਾਮਰਾਜੀਆਂ ਵੱਲੋਂ ਮੜ•ੇ ਜਾ ਰਹੇ ਕਾਰਪੋਰੇਟ ਵਿਕਾਸ-ਮਾਡਲ ਦਾ ਬਦਲ ਬਣਦਾ ਹੋਵੇ। 
ਆਓ— ''ਆਪ'' ਦੇ ਕਥਨੀ ਅਤੇ ਕਰਨੀ ਦੇ ਅਮਲ 'ਤੇ ਝਾਤ ਮਾਰਦਿਆਂ, ਇਹ ਦੇਖੀਏ ਕਿ ਉਸ ਵੱਲੋਂ ਕਿਹੋ ਜਿਹੀਆਂ ਆਰਥਿਕ ਤੇ ਸਿਆਸੀ ਨੀਤੀਆਂ ਦੀ ਪੈਰਵਾਈ ਕੀਤੀ ਜਾ ਰਹੀ ਹੈ? ਇਹਨਾਂ ਦੇ ਆਧਾਰ 'ਤੇ ਮੁਲਕ ਲਈ ਅਤੇ ਸੂਬਿਆਂ ਲਈ ਕਿਹੋ ਜਿਹੀ ਯੋਜਨਾਬੰਦੀ ਦਾ ਨਕਸ਼ਾ ਉਲੀਕਿਆ ਅਤੇ ਉਭਾਰਿਆ ਜਾ ਰਿਹਾ ਹੈ? ਦਿੱਲੀ ਵਿਖੇ ਉਸਦਾ ਹਕੂਮਤੀ ਤਜਰਬਾ ਕਿਹੋ ਜਿਹੀਆਂ ਨੀਤੀਆਂ ਅਤੇ ਯੋਜਨਾਵੰਦੀ ਦਾ ਇਜ਼ਹਾਰ ਬਣਦਾ ਹੈ? ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਗੁਰਬਤ, ਕੰਗਾਲੀ, ਬੇਰੁਜ਼ਗਾਰੀ, ਕਰਜ਼ਾ ਭਾਰ, ਭ੍ਰਿਸ਼ਟਾਚਾਰ, ਨਸ਼ਾ, ਪਸਰ ਰਹੇ ਗੈਂਗ-ਮਾਫੀਆ ਮਾਹੌਲ ਆਦਿ ਅਲਾਮਤਾਂ ਤੋਂ ਛੁਟਕਾਰਾ ਦਿਵਾਉਣ ਲਈ ਅਕਾਲੀ-ਭਾਜਪਾ ਹਕੂਮਤ ਦੀਆਂ ਕਿਹੜੀਆਂ ਕਿਹੜੀਆਂ ਨੀਤੀਆਂ ਨੂੰ ਰੱਦ ਕਰਕੇ, ਇਹਨਾਂ ਦਾ ਬਦਲ ਬਣਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾਵੇਗਾ। 
''ਆਪ'' ਕੋਲ ਕੋਈ ਜਾਦੂ ਦੀ ਛੜੀ ਨਹੀਂ
''ਆਪ'' ਦੇ ਕਰਤਾ—ਧਰਤਾ ਲੋਕਾਂ ਦੇ ਇੱਕਠਾਂ ਵਿੱਚ ਕੀ ਕਹਿੰਦੇ ਹਨ, ਕੀ ਬੋਲਦੇ ਹਨ, ਕੀ ਪ੍ਰਚਾਰਦੇ ਹਨ ਅਤੇ ਪਾਰੀਲਮੈਂਟ ਅੰਦਰ ਕੀ ਬੋਲਦੇ ਹਨ— ਉਹਨਾਂ ਦੇ ਅਮਲ ਦਾ ਇਹ ਇੱਕ ਅਹਿਮ ਪੱਖ ਹੈ, ਜਿਸ ਤੋਂ ਉਹਨਾਂ ਵੱਲੋਂ ਬੁਲੰਦ ਕੀਤੀਆਂ ਜਾ ਰਹੀਆਂ ਨੀਤੀਆਂ ਅਤੇ ਯੋਜਨਾਵੰਦੀ ਦਾ ਮੁੰਹ-ਮੁਹਾਂਦਰਾ ਪਛਾਣਿਆ ਜਾ ਸਕਦਾ ਹੈ। ਇਸ ਤੋਂ ਵੀ ਵੱਧ ਸਿੱਕੇਵੰਦ ਪੱਖ ਉਹਨਾਂ ਦੀ ਦਿੱਲੀ ਹਕੂਮਤੀ ਦਾ ਤਕਰੀਬਨ ਇੱਕ ਸਾਲ ਤੋਂ ਵੱਧ ਅਰਸੇ ਦਾ ਤਜਰਬਾ ਹੈ, ਜਿਹੜਾ ਉਹਨਾਂ ਵੱਲੋਂ ਅਖਤਿਆਰ ਕੀਤੀਆਂ ਜਾ ਰਹੀਆਂ ਨੀਤੀਆਂ ਅਤੇ ਯੋਜਨਾਵੰਦੀ (ਉਹਨਾਂ ਦੀ ਕਰਨੀ) ਦੀ ਠੋਸ ਗਵਾਹੀ ਬਣਦਾ ਹੈ। 
ਉਹਨਾਂ ਦੀ ਦਿੱਲੀ ਹਕੂਮਤ ਦੇ ਇੱਕ ਸਾਲ ਤੋਂ ਵੱਧ ਅਰਸੇ ਦਾ ਤਜਰਬਾ ਜਿਹੜੀ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਧ ਅਹਿਮ ਗੱਲ ਉਭਾਰਦਾ ਹੈ— ਉਹ ਇਹ ਹੈ ਕਿ ''ਆਪ'' ਵੱਲੋਂ ਅਖਤਿਆਰ ਕੀਤੀਆਂ ਜਾ ਰਹੀਆਂ ਸਿਆਸੀ-ਆਰਥਿਕ ਨੀਤੀਆਂ ਅਤੇ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਿਆਸੀ ਅਤੇ ਆਰਥਿਕ ਨੀਤੀਆਂ ਦਰਮਿਆਨ ਕੋਈ ਬੁਨਿਆਦੀ ਟਕਰਾਅ ਨਹੀਂ ਹੈ। ਅਸਲ ਵਿੱਚ ''ਆਪ'' ਹਕੂਮਤ ਦੀਆਂ ਆਰਥਿਕ ਅਤੇ ਸਿਆਸੀ ਨੀਤੀਆਂ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਹੀ ਲਾਗੂ ਰੂਪ ਹੈ। ਦਿੱਲੀ ਹਕੂਮਤ ਨੂੰ ਸਾਮਰਾਜੀ-ਨਿਰਦੇਸ਼ਤ ''ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ'' ਦੀਆਂ ਲੋਕ-ਦੋਖੀ ਅਤੇ ਦੇਸ਼ ਧਰੋਹੀ ਨੀਤੀਆਂ 'ਤੇ ਕੋਈ ਉਜਰ ਨਹੀਂ ਹੈ। ਇਸ ਕਰਕੇ, ''ਆਪ'' ਪਾਰਲੀਮਾਨੀ ਮੈਂਬਰਾਂ ਵੱਲੋਂ ਮੋਦੀ ਹਕੂਮਤ ਦੇ ਕਾਰਪੋਰੇਟ ਪੱਖੀ ਬੱਜਟ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ। ਸੂਬਾਈ ਆਰਥਿਕ ਅਧਿਕਾਰਾਂ 'ਤੇ ਕੈਂਚੀ ਫੇਰਨ ਵਾਲੇ, ਆਰਥਿਕ ਅਧਿਕਾਰਾਂ ਨੂੰ ਕੇਂਦਰੀ ਹਕੂਮਤ ਦੀ ਮੁੱਠੀ ਵਿੱਚ ਕੇਂਦਰਤ ਕਰਨ ਵਾਲੇ ਅਤੇ ਵਿਦੇਸ਼ੀ-ਦੇਸ਼ੀ ਕਾਰਪੋਰੇਟ ਲਾਣੇ ਲਈ ਲਾਹੇਵੰਦ ਮੰਡੀ-ਢਾਂਚਾ ਮੁਹੱਈਆ ਕਰਨ ਵੱਲ ਸੇਧਤ ਸੇਵਾਵਾਂ ਅਤੇ ਵਸਤੂ ਟੈਕਸ 'ਤੇ ਇਸ ਵੱਲੋਂ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ ਗਿਆ। ਲੋਕ ਸਭਾ ਅੰਦਰ ਕਾਰਪੋਰੇਟ ਗਿਰਝਾਂ ਦਾ ਪਾਣੀ ਭਰਦੀਆਂ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ, ਇਸ ਟੈਕਸ ਬਿੱਲ ਦੇ ਹੱਕ ਵਿੱਚ ਭੁਗਤਿਆ ਗਿਆ। ਇਸ ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਾਂ 'ਤੇ ਮੁਲਕ ਦੇ ਦੌਲਤ-ਖਜ਼ਾਨਿਆਂ ਨੂੰ ਸਾਮਰਾਜੀ ਕਾਰਪੋਰੇਟਾਂ ਮੂਹਰੇ ਪਰੋਸਣ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਸਰਕਾਰੀ ਖੇਤਰ ਦੇ ਅਦਾਰਿਆਂ (ਆਵਾਜਾਈ, ਸੰਚਾਰ, ਸਿਹਤ, ਵਿਦਿਆ, ਸਨਅੱਤਾਂ, ਖਾਣਾਂ, ਬਿਜਲੀ, ਪਾਣੀ, ਉਸਾਰੀ, ਪ੍ਰਚੂਨ, ਸੁਰੱਖਿਆ, ਬੀਮਾ, ਬੈਂਕਿੰਗ ਆਦਿ) ਨੂੰ ਕੌਡੀਆਂ ਦੇ ਭਾਅ ਸਾਮਰਾਜੀ ਕੰਪਨੀਆਂ ਨੂੰ ਲੁਟਾਉਣ 'ਤੇ ਭੋਰਾ ਭਰ ਵੀ ਉਜ਼ਰ ਨਹੀਂ ਕੀਤਾ ਗਿਆ। ਮੋਦੀ ਹਕੂਮਤ ਵੱਲੋਂ ਮੁਲਕ ਨੂੰ ਅਮਰੀਕੀ ਸਾਮਰਾਜੀਆਂ ਦੇ ਜੰਗੀ ਗੁੱਟ ਨਾਟੋ ਨਾਲ ਨੱਥੀ ਕਰਨ ਲਈ ਕੀਤੀਆਂ ਗਈਆਂ ਫੌਜੀ ਸੰਧੀਆਂ, ਪ੍ਰਮਾਣੂੰ ਸੰਧੀਆਂ ਅਤੇ ਹੋਰਨਾਂ ਅਹਿਮ ਮੁੱਦਿਆਂ (ਆਰਥਿਕ, ਵਿਦੇਸ਼ ਨੀਤੀ, ਸਭਿਆਚਾਰ, ਵਿਗਿਆਨ ਅਤੇ ਖੋਜ ਆਦਿ) ਨਾਲ ਸਬੰਧਤ ਅਣਸਾਵੀਆਂ ਸੰਧੀਆਂ 'ਤੇ ਕਦੇ ਮੂੰਹ ਤੱਕ ਨਹੀਂ ਖੋਲਿ•ਆ ਗਿਆ। 
ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਦਿੱਲੀ ਦੀ ਕੇਜਰੀਵਾਲ ਹਕੂਮਤ ਦਾ ਭਾਜਪਾ ਦੀ ਕੇਂਦਰੀ ਹਕੂਮਤ ਨਾਲ ਉਸ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ-ਸਿਆਸੀ ਨੀਤੀਆਂ 'ਤੇ ਕੋਈ ਵੀ ਗੰਭੀਰ ਤਾਂ ਕੀ, ਰੜਕਵਾਂ ਮੱਤਭੇਦ/ਵਖਰੇਵਾਂ ਸਾਹਮਣੇ ਨਹੀਂ ਆਇਆ। ਅੱਜ ਤੱਕ ਕੇਜਰੀਵਾਲ ਸਰਕਾਰ ਅਤੇ ਮੋਦੀ ਸਰਕਾਰ ਦਰਮਿਆਨ ਇੱਟ-ਖੜੱਕੇ ਦਾ ਪ੍ਰਮੁੱਖ ਮੁੱਦਾ ਇਹ ਬਣਿਆ ਹੋਇਆ ਹੈ ਕਿ ਦਿੱਲੀ ਦੇ ਪ੍ਰਸਾਸ਼ਨਿਕ ਮਾਮਲਿਆਂ ਵਿੱਚ ਕੀਹਦੀ ਚੱਲਦੀ ਹੈ? ਦਿੱਲੀ ਦੀ ਕੇਜਰੀਵਾਲ ਹਕੂਮਤ ਦੀ ਜਾਂ ਕੇਂਦਰੀ ਹਕੂਮਤ ਦੀ? ਕੇਂਦਰੀ ਪ੍ਰਸਾਸ਼ਿਤ ਇਲਾਕਾ (ਯੂਨੀਅਨ ਟੈਰੇਟਰੀ) ਹੋਣ ਕਰਕੇ ਇੱਥੋਂ ਦੇ ਪੁਲਸ ਪ੍ਰਬੰਧ ਅਤੇ ਅਫਸਰਸ਼ਾਹੀ ਦੀ ਨਕੇਲ ਕੇਂਦਰੀ ਗ੍ਰਹਿ ਵਜਾਰਤ ਦੇ ਹੱਥ ਹੈ। ਇਸ ਕਰਕੇ, ਕੇਜਰੀਵਾਲ ਹਕੂਮਤ ਦਿੱਲੀ ਦੇ ਪ੍ਰਸਾਸ਼ਨਿਕ ਮਾਮਲਿਆਂ ਵਿੱਚ ਆਪਣੀ ਫੈਸਲਾਕੁੰਨ ਪੁੱਗਤ ਜਤਲਾਉਣ ਦੀ ਹਾਲਤ ਵਿੱਚ ਨਹੀਂ ਹੈ। ਉਲਟਾ— ਉਹ ਮੋਦੀ ਹਕੂਮਤ ਅਤੇ ਉਸਦੇ ਕ੍ਰਿਪਾ ਪਾਤਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਨਜ਼ੀਬ ਜੰਗ ਦੇ ਹੁਕਮ ਵਜਾਉਣ ਵਾਲੀ ਹਕੂਮਤ ਬਣ ਕੇ ਰਹਿ ਜਾਂਦੀ ਹੈ। ਇਹ ਹਾਲਤ ਕੇਜਰੀਵਾਲ ਨੂੰ ਪ੍ਰਵਾਨ ਨਹੀਂ। ਇਸ ਹਾਲਤ ਖਿਲਾਫ ਰੋਸ ਅਤੇ ਗੁੱਭ-ਗੁਭਾਟ ਵਾਰ ਵਾਰ ਫੁੱਟ ਕੇ ਬਾਹਰ ਆਉਂਦਾ ਰਹਿੰਦਾ ਹੈ। 
ਪਿਛਾਖੜੀ ਆਰਥਿਕ-ਸਿਆਸੀ ਨਿਜ਼ਾਮ 'ਤੇ ਕੋਈ ਸੁਆਲ ਨਹੀਂ
ਕੇਂਦਰੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ-ਨਿਰਦੇਸ਼ਤ ਨੀਤੀਆਂ 'ਤੇ ਉਹਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦਾ ਕੋਈ ਵੱਡਾ ਜਾਂ ਬੁਨਿਆਦੀ ਟਕਰਾਅ ਨਹੀਂ ਆ ਸਕਦਾ, ਜਿਹੜੀਆਂ ਮੁਲਕ ਦੇ ਮੌਜੂਦਾ ਪਿਛਾਖੜੀ ਸਾਮਰਾਜੀ-ਜਾਗੀਰੂ ਲੁੱਟ ਅਤੇ ਦਾਬੇ ਦੀਆਂ ਨੀਹਾਂ 'ਤੇ ਖੜ•ੇ ਨਿਜ਼ਾਮ ਨੂੰ ਪ੍ਰਵਾਨ ਕਰਦੀਆਂ ਹਨ। ਜਿਹੜੀਆਂ ਮੁਲਕ ਨੂੰ ਸਾਮਰਾਜੀ ਅਧੀਨਗੀ ਹੇਠ ਮੰਨਣ ਦੀ ਬਜਾਇ ਇੱਕ ਆਜ਼ਾਦ ਮੁਲਕ ਵਜੋਂ ਤਸਲੀਮ ਕਰਦੀਆਂ ਹਨ, ਜਿਹੜੀਆਂ ਇਸ ਸਿਰੇ ਦੇ ਧੱਕੜ ਅਤੇ ਗੈਰ-ਜਮਹੁਰੀ ਆਪਾਸ਼ਾਹ ਰਾਜ 'ਤੇ ਚਾੜ•ੇ ਨਕਲੀ ਜਮਹੂਰੀਅਤ ਦੇ ਗਿਲਾਫ਼ ਨੂੰ ਅਸਲੀ ਜਮਹੂਰੀਅਤ ਵਜੋਂ ਵਡਿਆਉਂਦੀਆਂ ਹਨ ਅਤੇ ਜਿਹੜੀਆਂ ਮਿਹਨਤਕਸ਼ ਲੋਕਾਂ ਦੇ ਸਾਮਰਾਜੀ ਜਾਗੀਰੂ ਲੁੱਟ ਅਤੇ ਦਾਬੇ ਦੀ ਗਲ਼-ਫਾਹੀ ਪਾ ਕੇ ਰੱਖਣ ਦੇ ਸੰਦ ਸੰਵਿਧਾਨ ਦੀ ਇੱਕ ਪਵਿਤੱਰ ਕਾਨੂੰਨੀ ਪੋਥੀ ਵਜੋਂ ਜੈ ਜੈਕਾਰ ਕਰਦੀਆਂ ਹਨ। ਜਿਹੜੀਆਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਅਤੇ ਇਸ ਆਦਮਖਾਣੇ ਲੋਟੂ-ਨਿਜ਼ਾਮ ਦੇ ਗਧੀਗੇੜ ਵਿੱਚ ਉਲਝਾ ਕੇ ਰੱਖਣ ਦਾ ਸੰਦ ਬਣਦੇ ਪਾਰਲੀਮਾਨੀ ਸਿਆਸੀ ਚੋਣ ਸਟੰਟ ਨੂੰ ਲੋਕਾਂ ਦੀ ਨਰਕੀ ਜ਼ਿੰਦਗੀ ਤੋਂ ਮੁਕਤੀ ਦੇ ਇੱਕੋ ਇੱਕ ਨੁਸਖਾ ਹੋਣ ਦਾ ਰਾਗ ਅਲਾਪਦੀਆਂ ਹਨ। ਆਪ ਦੀ ਕਹਿਣੀ ਅਤੇ ਕਰਨੀ ਵੀ ਇਹਨਾਂ ਦੰਭੀ ਮੌਕਾਪ੍ਰਸਤ ਪਾਰਟੀਆਂ ਨਾਲ ਪੂਰੀ ਤਰ•ਾਂ ਮੇਲ ਖਾਂਦੀ ਹੈ। 
ਇਹ ਵੀ ਮੁਲਕ ਨੂੰ ਇੱਕ ਆਜ਼ਾਦ ਮੁਲਕ ਅਤੇ ''ਦੁਨੀਆਂ ਦੀ ਸਭ ਤੋਂ ਵੱਡੀ ਜਮਹੁਰੀਅਤ'' ਵਜੋਂ ਕਬੂਲ ਕਰਦੀ ਹੈ। ਇਸ,ਦੇ ਸੰਵਿਧਾਨ ਅੱਗੇ ਸਿਰ ਝੁਕਾਉਂਦੀ ਹੈ। ਚੋਣ-ਦੰਗਲ ਰਾਹੀਂ ਜ਼ੋਰ-ਅਜ਼ਮਾਈ ਕਰਦਿਆਂ, ਹਕੂਮਤੀ ਪੌੜੀ ਦੇ ਸਿਖਰਲੇ ਡੰਡਿਆਂ ਨੂੰ ਆਪਣਾ ਆਖਰੀ ਨਿਸ਼ਾਨਾ ਮਿਥਦੀ ਹੈ। ਸੂਬਾਈ ਹਕੂਮਤਾਂ ਅਤੇ ਕੇਂਦਰੀ ਹਕੂਮਤ 'ਤੇ ਵੀ ਜੇ ਇਹ ਪਾਰਟੀ ਸਬੱਬੀਂ ਕਾਬਜ਼ ਹੋ ਜਾਵੇ, ਤਾਂ ਉਹ ਕੀ ਕਰੇਗੀ? ਉਸ ਵੱਲੋਂ ਲਾਗੂ ਕੀਤਾ ਜਾਣ ਵਾਲਾ ਆਰਥਿਕ, ਸਿਆਸੀ ਪ੍ਰੋਗਰਾਮ ਕਿਹੋ ਜਿਹਾ ਹੋਵੇਗਾ? ਮੌਜੂਦਾ ਪਿਛਾਖੜੀ ਹਾਕਮ ਜਮਾਤੀ ਨਿਜ਼ਾਮ ਦੀਆਂ ਲਛਮਣ-ਰੇਖਾਵਾਂ ਦੀ ਮਰਿਆਦਾ ਨੂੰ ਪ੍ਰਣਾਈ ਕਿਸੇ ਵੀ ਸਿਆਸੀ ਪਾਰਟੀ ਵਾਂਗ ''ਆਪ'' ਦਾ ਸਿਆਸੀ-ਆਰਥਿਕ ਪ੍ਰੋਗਰਾਮ ਵੀ ਹਾਕਮ ਜਮਾਤੀ ਹਿੱਤਾਂ ਦੀ ਪਹਿਰੇਦਾਰੀ ਕਰਨ ਤੋਂ ਸਿਵਾਏ ਹੋਰ ਕੁੱਝ ਨਹੀਂ ਹੋ ਸਕਦਾ। ''ਆਪ'' ਦੇ ਬਿਆਨਾਂ-ਵਿਖਿਆਨਾਂ ਅਤੇ ਦਿੱਲੀ ਹਕੂਮਤ ਦੀ ਕਾਰਗੁਜਾਰੀ ਇਸ ਗੱਲ ਦਾ ਮੁੰਹ ਬੋਲਦਾ ਸਬੂਤ ਬਣਦਾ ਹੈ। 
''ਆਪ'' ਦੀ ਕੁੱਲ ਕਹਿਣੀ ਅਤੇ ਕਰਨੀ 'ਚੋਂ ਹੋਰਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਨਾਲੋਂ ਜਿਹੜੇ ਵੀ ਵਖਰੇਵੇਂ ਉੱਭਰਦੇ ਹਨ, ਉਹ ਸਭ ਦੋਮ ਕਿਸਮ ਦੇ ਹਨ ਅਤੇ ਮਿਹਨਤਕਸ਼ ਲੋਕਾਂ ਦੀ ਨਰਕੀ ਜ਼ਿੰਦਗੀ ਵਿੱਚ ਕੋਈ ਗਿਣਨਯੋਗ ਸੁਧਾਰ ਕਰਨ ਪੱਖੋਂ ਵੀ ਗੈਰ-ਅਹਿਮ ਅਤੇ ਨਿਗੂਣੇ ਬਣਦੇ ਹਨ। ਉਸ ਵੱਲੋਂ ਉਭਾਰੇ ਜਾ ਰਹੇ ਸਭ ਆਰਥਿਕ, ਸਿਆਸੀ ਅਤੇ ਪ੍ਰਸਾਸ਼ਨਿਕ ਮੁੱਦੇ ਭਰਮਾਊ, ਬੇਨਕਸ਼ ਅਤੇ ਨਿਗੂਣੀਆਂ ਰਾਹਤਾਂ ਦੀਆਂ ਬੁਰਕੀਆਂ ਤੋਂ ਵੱਧ ਕੁੱਝ ਨਹੀਂ ਹਨ। ਮਿਸਾਲ ਵਜੋਂ— ਸਮਾਜਿਕ-ਸਿਆਸੀ ਪ੍ਰਬੰਧ ਅੰਦਰ ਫੈਲੇ ਵਿਆਪਕ ਭ੍ਰਿਸ਼ਟਾਚਾਰ ਦਾ ਮੁੱਦਾ ਹੈ। ਇਹ ਮੌਜੂਦਾ ਪਿਛਾਖੜੀ ਨਿਜ਼ਾਮ ਦੇ ਵਜੂਦ-ਸਮੋਈ ਅਲਾਮਤ ਹੈ। ਇਸ ਨਿਜ਼ਾਮ ਦੇ ਹੁੰਦਿਆਂ ਇਸ ਬਿਮਾਰੀ ਨੂੰ ਜੜ•ੋਂ ਪੁੱਟਣਾ ਨਾਮੁਮਕਿਨ ਹੈ। ਪਰ ''ਆਪ'' ਇਸ ਮੁੱਦੇ ਨੂੰ ਵਿਅਕਤੀ ਵਿਸ਼ੇਸ਼/ਸਿਆਸੀ ਪਾਰਟੀ ਵਿਸ਼ੇਸ਼ ਦੀ ਪੈਦਾਇਸ਼ ਸਮਝਦੀ ਹੈ ਅਤੇ ਇਸ ਨੂੰ ਕਾਨੂੰਨੀ ਤੇ ਪ੍ਰਸਾਸ਼ਨਿਕ ਸਿਕੰਜ਼ਾ ਕਸਣ ਰਾਹੀਂ ਦੂਰ ਕਰਨ ਦਾ ਭਰਮ ਫੈਲਾਉਂਦੀ ਹੈ। ਉਸ ਮੁਤਾਬਕ— ਕੁੱਝ ਕਾਬਲ ਅਤੇ ਇਮਾਨਦਾਰ ਅਧਿਕਾਰੀਆਂ ਨੂੰ ਲੈ ਕੇ ਲੋਕ-ਆਯੁਕਤ ਬਣਾ ਕੇ ਇਸ ਬਿਮਾਰੀ ਨੂੰ ਨੱਥ ਮਾਰੀ ਜਾ ਸਕਦੀ ਹੈ। ਉਸ ਮੁਤਾਬਕ ਹੇਠਲੇ ਵਰਗਾਂ ਦੇ ਲੋਕਾਂ ਨੂੰ ਮੁਫਤ ਬਿਜਲੀ ਤੇ ਪਾਣੀ, ਸਸਤੀਆਂ ਸਿਹਤ ਤੇ ਵਿਦਿਅਕ ਸਹੂਲਤਾਂ ਅਤੇ ਆਵਾਜਾਈ ਸਹੂਲਤਾਂ ਆਦਿ ਮੁਹੱਈਆ ਕਰਕੇ ਉਹਨਾਂ ਦੀ ਨਰਕੀ ਜੂਨ ਨੂੰ ਖੁਸ਼ਹਾਲ ਜੀਵਨ ਵਿੱਚ ਬਦਲਿਆ ਜਾ ਸਕਦਾ ਹੈ। ਮੌਜੂਦਾ ਨਿਜ਼ਾਮ ਦੇ ਲੋਕ-ਦੁਸ਼ਮਣ ਸੰਚੇ ਵਿੱਚ ਢਲੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾ ਕੇ ਸੰਵੇਦਨਸ਼ੀਲ ਪ੍ਰਸਾਸ਼ਨ ਖੜ•ਾ ਕੀਤਾ ਜਾ ਸਕਦਾ ਹੈ। 
''ਆਪ'' ਦੀ ਜਥੇਬੰਦਕ ਬਣਤਰ ਅਤੇ ਸਰੂਪ
ਕਿਸੇ ਵੀ ਸਿਆਸੀ ਪਾਰਟੀ ਦੀ ਜਥੇਬੰਦਕ ਬਣਤਰ ਅਤੇ ਸਰੂਪ ਨੂੰ ਉਸ ਵੱਲੋਂ ਅਖਤਿਆਰ ਕੀਤਾ ਜਾ ਰਿਹਾ ਸਿਆਸੀ-ਆਰਥਿਕ ਪ੍ਰੋਗਰਾਮ ਅਤੇ ਨੀਤੀਆਂ-ਪੈਂਤੜੇ ਹੀ ਤਹਿ ਕਰਦੇ ਹਨ, ਪਰ ਜਦੋਂ ਕਦੇ ਹਾਕਮ ਜਮਾਤੀ ਹਿੱਤਾਂ ਨੂੰ ਪ੍ਰਣਾਈ ਨਵੀਂ ਪਾਰਟੀ ਆਪਣਾ ਨਵਾਂ ਨਵਾਂ ਜਗੜ-ਜੁਗਾੜ ਖੜ•ਾ ਕਰਨ ਦਾ ਅਮਲ ਚਲਾਉਂਦੀ ਹੈ, ਤਾਂ ਇਹ ਪੁਰਾਣੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਮੁਕਾਬਲੇ ਲੋਕ-ਹਿੱਸਿਆਂ ਨੂੰ ਕਿਸੇ ਹੱਦ ਤੱਕ ਭਰਮ ਦੇ ਚੱਕਰ ਵਿੱਚ ਪਾ ਸਕਣ ਦੀ ਹਾਲਤ ਵਿੱਚ ਹੁੰਦੀ ਹੈ। 
ਇਹ ਗੱਲ ''ਆਪ'' 'ਤੇ ਵੀ ਢੁਕਦੀ ਹੈ। ਸਿਰੇ ਦੇ ਲੋਕ-ਦੁਸ਼ਮਣ ਅਤੇ ਗੈਰ-ਜਮਹੂਰੀ ਆਪਾਸ਼ਾਹ ਰਾਜ-ਭਾਗ ਨੂੰ ਕਾਇਮ ਰੱਖਣ ਦਾ ਅਹਿਦ ਕਰਨ ਵਾਲੀ ਇਸ ਪਾਰਟੀ ਦੀ ਬਣਤਰ ਅਤੇ ਸਰੂਪ ਨੂੰ ਕਿਸੇ ਵੀ ਰਵਾਇਤੀ ਮੌਕਾਪ੍ਰਸਤ ਸਿਆਸੀ ਪਾਰਟੀ ਤੋਂ ਵਖਰਾ ਨਹੀਂ ਚਿਤਵਿਆ ਜਾ ਸਕਦਾ। ਪਰ, ਕਿਉਂਕਿ, ਇਹ ਹਾਲੀਂ ਆਪਦਾ ਜਗੜ-ਜੁਗਾਜ਼ ਖੜ•ਾ ਕਰਨ ਦੇ ਦੌਰ ਵਿੱਚ ਹੈ, ਇਸ ਲਈ ਆਪਣਾ ਜਥੇਬੰਦਕ ਤਾਣਾ-ਬਾਣਾ ਉਸਾਰਨ ਲਈ ਅਜਿਹੇ ਵਿਅਕਤੀਆਂ ਦੀ ਜ਼ਰੂਰਤ ਹੈ, ਜਿਹੜੇ ਸਮਾਜ ਅੰਦਰ ਵੱਖ ਵੱਖ ਖੇਤਰਾਂ (ਸਿਆਸੀ,  ਸਮਾਜਿਕ, ਸਾਹਿਤਕ-ਸਭਿਆਚਾਰਕ ਆਦਿ) ਵਿੱਚ ਜਨਤਕ ਅਪੀਲ ਅਤੇ ਅਸਰ-ਰਸੂਖ ਰੱਖਦੇ ਹੋਣ। ਇਸ ਲਈ, ਇਸ ਵੱਲੋਂ ਅਜਿਹੇ ਵਿਅਕਤੀਆਂ ਨੂੰ ਆਪਣੇ ਵੱਲ ਖਿੱਚਣ ਲਈ ਜ਼ੋਰ ਲਾਇਆ ਗਿਆ ਹੈ। ਇਸਦੀਆਂ ਆਗੂ ਅਤੇ ਕਾਰਕੁੰਨ ਸਫਾਂ ਦਾ ਭਰਤੀ ਸਰੋਤ ਦੋ ਕਿਸਮ ਦੇ ਸੋਮੇ ਬਣਦੇ ਹਨ: ਇੱਕ— ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਦਾ ਉਹ ਹਿੱਸਾ, ਜਿਹੜਾ ਇਹਨਾਂ ਪਾਰਟੀਆਂ ਅੰਦਰ ਆਪਣੀ ਮਨਇੱਛਤ ਵੁੱਕਤ ਪੁਆਉਣ ਪੱਖੋਂ ਪਛੜ ਗਿਆ, ਖੁੱਝ ਗਿਆ ਜਾਂ ਨਜ਼ਰਅੰਦਾਜ਼ ਕੀਤਾ ਗਿਆ ਮਹਿਸੂਸ ਕਰਦਾ ਹੈ। ਅਜਿਹਾ ਹਿੱਸਾ ਜਿਉਂ ਜਿਉਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਨੇੜੇ ਢੁਕਦੀਆਂ ਹਨ, ਕਿਸੇ ਦੂਸਰੀ ਵੋਟ ਪਾਰਟੀ ਵਿੱਚ ਆਪਣੀ ਵੁੱਕਤ ਪੁਆਉਣ (ਵਿਸ਼ੇਸ਼ ਕਰਕੇ ਵਿਧਾਨ ਸਭਾ/ਲੋਕ ਸਭਾ ਚੋਣ ਲੜਨ ਦੀ ਟਿਕਟ ਹਾਸਲ ਕਰਨ) ਦੀ ਝਾਕ 'ਚ ਪਹਿਲੀ ਪਾਰਟੀ 'ਚੋਂ ਉਡਾਰੀ ਮਾਰ ਕੇ ਉਸਦੇ ਛਾਬੇ ਵਿੱਚ ਆ ਬਹਿੰਦਾ ਹੈ। ਇਹ ਹਾਲਤ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਣੀ ਸੀ, ਜਦੋਂ ਵੱਖ ਵੱਖ ਸੂਬਿਆਂ ਵਿੱਚ ਆਪਣੀਆਂ ਰਵਾਇਤੀ ਪਾਰਟੀਆਂ ਵਿੱਚ ਟਿਕਟਾਂ ਹਾਸਲ ਨਾ ਕਰ ਸਕਣ ਵਾਲੇ ਅਣਗਿਣਤ ਵਿਅਕਤੀਆਂ ਵੱਲੋਂ ਆਪ ਦਾ ਪੱਲਾ ਫੜਿਆ ਗਿਆ ਸੀ। ਹੁਣ ਜਿਉਂ ਜਿਉਂ ਪੰਜਾਬ ਵਿਧਾਨ ਸਭਾਈ (2017) ਚੋਣਾਂ ਨੇੜੇ ਢੁਕ ਰਹੀਆਂ ਹਨ, ਹੋਰਨਾਂ ਪਾਰਟੀਆਂ (ਕਾਂਗਰਸ, ਅਕਾਲੀ ਦਲ) ਆਦਿ ਵਿੱਚ ਬੇਵੁੱਕਤ ਹੋਏ ਵਿਅਕਤੀਆਂ ਵੱਲੋਂ ਆਪਣੀਆਂ ਮੁਹਾਰਾਂ ਆਪ ਵੱਲ ਮੋੜਨ ਦਾ ਅਮਲ ਜ਼ੋਰ ਫੜ ਰਿਹਾ ਹੈ। ਦੂਜਾ— ਇਸ ਤੋਂ ਇਲਾਵਾ, ਸਮਾਜਿਕ ਅਤੇ ਸਾਹਿਤਕ-ਸਭਿਆਚਾਰਕ ਖੇਤਰ ਦੇ ਉਹ ਹਿੱਸੇ ਵੀ ''ਆਪ'' ਵੱਲ ਮੂੰਹ ਕਰ ਰਹੇ ਹਨ, ਜਿਹੜੇ ਸਿਆਸੀ-ਤਾਕਤ ਦੇ ਜ਼ੋਰ ਆਪਣੀ ਵੁੱਕਤ, ਅਸਰ ਰਸੂਖ, ਪ੍ਰਸਿੱਧੀ ਅਤੇ ਕਮਾਈ ਨੂੰ ਜਰਬਾਂ ਦੇਣ ਦਾ ਭਰਮ ਪਾਲਦੇ ਹਨ। ਮਿਸਾਲ ਵਜੋਂ ਭਗਵੰਤ ਮਾਨ, ਗੁਰਪੀਤ ਘੁੱਗੀ, ਜਸਰਾਜ ਜੱਸੀ, ਐੱਚ.ਐਸ. ਫੂਲਕਾ, ਧਰਮਵੀਰ ਗਾਂਧੀ ਆਦਿ। ਪਹਿਲਾ ਹਿੱਸਾ ਰਵਾਇਤੀ ਪਾਰਲੀਮਾਨੀ ਪਾਰਟੀਆਂ ਦੇ ਅੰਦਰਲੇ ਅਫਸਰਸ਼ਾਹ ਮਾਹੌਲ ਵਿੱਚ ਰਹਿਣਾ ਗਿੱਝਿਆ ਹੋਇਆ ਹੈ, ਜਦੋਂ ਕਿ ਪਿਛਲਾ ਹਿੱਸਾ ਹਾਲੀਂ ਅਜਿਹੇ ਮਾਹੌਲ ਵਿੱਚ ਰਹਿਣ ਲਈ ਗਿੱਝਿਆ ਹੋਇਆ ਨਹੀਂ ਹੈ, ਅਤੇ ਉਹ ਘੱਟ/ਵੱਧ ਨਿੱਕ-ਬੁਰਜੂਆ ਆਦਰਸ਼ਵਾਦ ਅਤੇ ਵਿਅਕਤੀਵਾਦ ਦਾ ਸ਼ਿਕਾਰ ਹੋਣ ਕਰਕੇ ਕਦੇ-ਕਦਾਈ ਆਪਹੁਦਰੀ ਬਿਆਨਬਾਜ਼ੀ ਅਤੇ ਸਿਆਸੀ ਵਿਹਾਰ ਦਾ ਮੁਜਾਹਰਾ ਵੀ ਕਰਦਾ ਹੈ। 
ਉਪਰੋਕਤ ਦੋਵੇਂ ਹਿੱਸੇ ਪਾਰਟੀ ਬਣਤਰ ਅਤੇ ਸਰੂਪ ਦਾ ਉੱਪਰਲਾ ਲੜ ਯਾਨੀ ਪਾਰਟੀ ਢਾਂਚੇ ਦਾ ਅੰਗ ਬਣਦੇ ਹਨ। ਪਾਰਟੀ ਬਣਤਰ ਅਤੇ ਸਰੂਪ ਦਾ ਦੂਜਾ ਲੜ ਪਾਰਟੀ ਦਾ ਜਨਤਕ ਆਧਾਰ ਅਤੇ ਅਸਰ ਰਸੂਖ ਬਣਦਾ ਹੈ। ਪਿਛਲੇ ਅਰਸੇ ਵਿੱਚ ਇਹ ਲੜ ਤੇਜੀ ਨਾਲ ਪ੍ਰਫੁੱਲਤ ਹੋਇਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ''ਆਪ'' ਵੱਲੋਂ ਕੁੱਲ 70 ਵਿੱਚੋਂ 67 ਵਿਧਾਨ ਸਭਾ ਸੀਟਾਂ 'ਤੇ ਜਿੱਤ ਹਾਸਲ ਕੀਤੀ ਗਈ ਸੀ। ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਇਸ ਵੱਲੋਂ 4 ਲੋਕ ਸਭਾ ਹਲਕਿਆਂ ਤੋਂ ਜਿੱਤ ਹਾਸਲ ਕੀਤੀ ਗਈ ਸੀ। ਸਿੱਟੇ ਵਜੋਂ ਪੰਜਾਬ ਵਿੱਚ ਇਸਦੇ ਜਨਤਕ ਆਧਾਰ ਅਤੇ ਪ੍ਰਭਾਵ ਨੂੰ ਹੋਰ ਹੁਲਾਰਾ ਮਿਲਿਆ ਸੀ। ਦਿੱਲੀ ਵਿਧਾਨ ਸਭਾ ਅੰਦਰ ਹੂੰਝਾ ਫੇਰੂ ਜਿੱਤ ਨਾਲ ਇਸਦੇ ਜਨਤਕ ਆਧਾਰ ਅਤੇ ਪ੍ਰਭਾਵ ਦਾ ਹੋਰ ਪਸਾਰਾ ਹੋਇਆ ਹੈ। ਹਾਲਤ ਇਹ ਹੈ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਲਈ ਇਹ ਇੱਕ ਗੰਭੀਰ ਚੁਣੌਤੀ ਬਣ ਕੇ ਉੱਭਰੀ ਹੈ। ਸਭਨਾਂ ਪੁਰਾਣੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ, ਵਿਸ਼ੇਸ਼ ਕਰੇਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਨੌਂ ਵਰਿ•ਆਂ ਦੇ ਦੁਰ-ਰਾਜ ਤੋਂ ਅੱਕੇ ਅਤੇ ਕਮਿਊਨਿਸਟ ਇਨਕਲਾਬੀ ਤਾਕਤਾਂ ਦੀ ਕਮਜ਼ੋਰੀ ਦੀ ਹਾਲਤ ਵਿੱਚ ਮਿਹਨਤਕਸ਼ ਲੋਕਾਂ ਅਤੇ ਨੌਜਵਾਨਾਂ ਦੇ ਕਾਫਲੇ ''ਆਪ'' ਦੀ ਭਰਮਾਊ ਲਫਾਜ਼ੀ ਅਤੇ ਨਾਹਰੇਬਾਜ਼ੀ ਦਾ ਸ਼ਿਕਾਰ ਹੋ ਕੇ ਇਸਦੇ ਛਕੜੇ ਦੇ ਸਵਾਰ ਬਣਨ ਵੱਲ ਉੱਲਰ ਰਹੇ ਹਨ। ਮੌਜੂਦਾ ਬੇਰੁਜ਼ਗਾਰ ਅਤੇ ਜਲਾਲਤ ਭਰੀ ਜ਼ਿੰਦਗੀ ਤੋਂ ਛੁਟਕਾਰਾ ਭਾਲਦੇ ਅਤੇ ਬਾ-ਵੁੱਕਤ, ਬਾ-ਵਕਾਰ ਅਤੇ ਬਾ-ਰੁਜ਼ਗਾਰ ਜ਼ਿੰਦਗੀ ਲਈ ਤਾਂਘਦੇ ਨੌਜਵਾਨਾਂ ਦੇ ਕਾਫਲੇ ''ਆਪ'' ਦੇ ਵਕਤੀ ਜਨਤਕ ਆਧਾਰ ਅਤੇ ਅਸਰ ਰਸੂਖ ਦੀਆਂ ਸਭ ਤੋਂ ਵੱਧ ਮਜਬੂਤ ਅਤੇ ਅਸਰਦਾਰ ਥੰਮ•ੀਆਂ ਬਣ ਰਹੇ ਹਨ। ਪਾਰਟੀ ਦੇ ਉਪਰੋਕਤ ਦੋਵੇਂ ਲੜ ਆਪਾ-ਵਿਰੋਧੀ ਹਨ। ਪਹਿਲਾ ਲੜ ਰਵਾਇਤੀ ਸਿਆਸੀ-ਆਰਥਿਕ ਪ੍ਰੋਗਰਾਮ ਅਤੇ ਨੀਤੀਆਂ ਦੇ ਦਾਇਰੇ ਨੂੰ ਨਹੀਂ ਉਲੰਘ ਸਕਦਾ ਪਰ ਦੂਜੇ ਲੜ ਦੀਆਂ ਆਸਾਂ, ਉਮੰਗਾਂ, ਤਾਂਘ ਅਤੇ ਮੰਗਾਂ/ਮਸਲਿਆਂ ਦੀ ਪੂਰਤੀ ਇਸ ਦਾਇਰੇ ਅੰਦਰ ਨਾਮੁਮਕਿਨ ਹੈ। ਇਸ ਲਈ, ਇਹ ਤੇਜੀ ਨਾਲ ਭਰਮ ਮੁਕਤ ਅਤੇ ਕਿਰਨ ਲਈ ਬੱਝਿਆ ਹੋਣ ਕਰਕੇ ਵਕਤੀ, ਅਸਥਾਈ ਅਤੇ ਖੱਪਰ-ਭੱਖਰ ਹੋਣ ਵਾਲਾ ਹੈ। ਇਸ ਲਈ, ਇਹ ਪਾਰਟੀ ਚਾਹੇ ਇੱਕ ਵਾਰੀ ਪੰਜਾਬ ਦੀ ਹਕੂਮਤੀ ਗੱਦੀ 'ਤੇ ਬਿਰਾਜਮਾਨ ਹੋਣ ਵਿੱਚ ਕਾਮਯਾਬ ਵੀ ਹੋ ਜਾਵੇ, ਪਰ ਆਖਰ ਨੂੰ ਇਸਦਾ ਹਸ਼ਰ ਵੀ ਉਹੀ ਹੋਣਾ ਹੈ, ਜੋ ਹੋਰਨਾਂ ਪਾਰਟੀਆਂ— ਕਾਂਗਰਸ ਅਤੇ ਅਕਾਲੀ ਦਲ ਅਤੇ ਅਖੌਤੀ ਖੱਬੀਆਂ ਪਾਰਟੀਆਂ ਦਾ ਹੋ ਰਿਹਾ ਹੈ। 
ਇੱਥੇ ਨੋਟ ਕਰਨਯੋਗ ਗੱਲ ਇਹ ਹੈ ਕਿ ''ਆਪ'' ਦਾ ਪੰਜਾਬ ਦੀ ਹਕੂਮਤੀ ਗੱਦੀ 'ਤੇ ਹਰ ਹਾਲਤ ਵਿੱਚ ਕਾਬਜ਼ ਹੋਣਾ ਯਕੀਨੀ ਨਹੀਂ ਸਮਝਿਆ ਜਾਣਾ ਚਾਹੀਦਾ। ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਖੇਡ ਦੇ ਤਕਾਜ਼ਿਆਂ ਮੁਤਾਬਕ ਹਕੂਮਤੀ ਗੱਦੀ ਨੂੰ ਹੱਥ ਪਾਉਣ ਲਈ ਇਹ ਚਾਰ ਸ਼ਰਤਾਂ ਮੁੱਖ ਤੌਰ 'ਤੇ ਪੂਰੀਆਂ ਹੋਣੀਆਂ ਚਾਹੀਦੀਆਂ ਹਨ: ਇੱਕ ਗੱਦੀ 'ਤੇ ਕਾਬਜ਼ ਪਾਰਟੀ/ਗੱਠਜੋੜ ਦਾ ਵੋਟਰਾਂ ਵਿੱਚ ਬੇਪੜਤ ਹੋਣਾ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਦਾ ਵੋਟਰਾਂ ਅੰਦਰs sਲੋੜੀਂਦੀ ਪੜਤ ਹਾਸਲ ਕਰਨ ਤੋਂ ਊਣੇ ਹੋਣਾ; ਦੂਜਾ— ਹਾਕਮ ਹਲਕਿਆਂ ਦੀ ਸਵੱਲੀ ਨਜ਼ਰ ਦਾ ਪਾਤਰ ਬਣਨਾ, ਜਿਵੇਂ ਲੋਕ ਸਭਾ ਚੋਣ ਵੇਲੇ ਨਰਿੰਦਰ ਮੋਦੀ ਤੇ ਸੰਘ ਲਾਣਾ ਸਾਮਰਾਜੀਆਂ ਤੇ ਉਹਨਾਂ ਦੇ ਦਲਾਲ ਦੇਸੀ ਹਾਕਮਾਂ ਦੀ ਸਵੱਲੀ ਨਜ਼ਰ ਦਾ ਪਾਤਰ ਬਣਿਆ ਸੀ। ਹਾਕਮ ਹਲਕਿਆਂ ਵੱਲੋਂ ਜਿੱਥੇ ਸਬੰਧਤ ਪਾਰਟੀ ਨੂੰ ਉਗਾਸਾ ਦੇਣ ਲਈ ਚੋਣ-ਮੁਹਿੰਮ ਵਾਸਤੇ ਆਪਣੀਆਂ ਤਜੌਰੀਆਂ ਦੇ ਮੂੰਹ ਖੋਲ•ੇ ਜਾਂਦੇ ਹਨ, ਉੱਥੇ ਕਾਰਪੋਰੇਟ ਮੀਡੀਆ ਰਾਹੀਂ ਇੱਛਤ ਪਾਰਟੀ ਦੀ ਅਸਮਾਨੀ ਗੁੱਡੀ ਚੜ•ਾਉਣ ਅਤੇ ਅਣਚਾਹੀ ਪਾਰਟੀ/ਗੱਠਜੋੜ ਨੂੰ ਭੁੰਜੇ ਲਾਹੁਣ ਲਈ ਗੁੰਮਰਾਹੀ ਝੂਠ ਪ੍ਰਚਾਰ ਦਾ ਝੱਖੜ ਝੁਲਾਇਆ ਜਾਂਦਾ ਹੈ; ਤੀਜਾ— ਮੁਕਾਬਲਤਨ ਮਜਬੂਤ ਸਥਾਈ ਜਥੇਬੰਦਕ ਪਾਰਟੀ ਢਾਂਚੇ ਦਾ ਹੋਣਾ ਅਤੇ ਚੌਥਾ— ਪਾਰਟੀ ਢਾਂਚੇ ਦਾ ਕੇਂਦਰ-ਬਿੰਦੂ ਬਣਦੇ ਇੱਕ ਬਾ-ਵਕਾਰ ਚੋਟੀ ਆਗੂ ਦਾ ਹੋਣਾ। ਇਹਨਾਂ ਪੱਖਾਂ ਤੋਂ ਦੇਖਿਆਂ, ''ਆਪ'' ਵੱਲੋਂ ਪੰਜਾਬ ਦੀ ਹਕੂਮਤੀ ਗੱਦੀ ਤੱਕ ਅੱਪੜਨਾ ਸੁਖਾਲਾ ਅਤੇ ਯਕੀਨੀ ਨਹੀਂ ਹੈ। ਅੱਜ ਦੀ ਹਾਲਤ ਵਿੱਚ ਸਿਰਫ ਪਹਿਲੀ ਸ਼ਰਤ ਨੂੰ ਤਕਰੀਬਨ ਪੂਰੀ ਸਮਝਿਆ ਜਾ ਸਕਦਾ ਹੈ। ਪਰ ਪਿਛਲੀਆਂ ਤਿੰਨ ਸ਼ਰਤਾਂ ਪੂਰੀਆਂ ਕਰਨਾ ਅਜੇ ਬਾਕੀ ਹੈ। ''ਆਪ'' ਅੱਜ ਤੱਕ ਨਾ ਹੀ ਹਾਕਮ ਜਮਾਤੀ ਹਲਕਿਆਂ ਦੀ ਕ੍ਰਿਪਾਪਾਤਰ ਹੋਣ ਦੀ ਹੈਸੀਅਤ ਅਖਤਿਆਰ ਕਰ ਸਕੀ ਹੈ, ਜਿਸ ਕਰਕੇ ਸਰਕਾਰੀ ਅਤੇ ਗੈਰ ਸਰਕਾਰੀ (ਕਾਰਪੋਰੇਟ) ਮੀਡੀਏ ਵੱਲੋਂ ਇਸਦਾ ਗੁੱਡਾ ਤਾਂ ਕੀ ਬੰਨ•ਣਾ ਸੀ, ਇਸ ਨੂੰ ਬਣਦੀ ਅਹਿਮੀਅਤ ਵੀ ਨਹੀਂ ਦਿੱਤੀ ਜਾ ਰਹੀ ਹੈ। ਇਸਦਾ ਜਥੇਬੰਦਕ ਢਾਂਚਾ ਨਾ ਸਿਰਫ ਕਮਜ਼ੋਰ ਹੈ, ਸਗੋਂ ਇਹ ਜ਼ਿਆਦਾਤਰ ਦਲ-ਬਦਲੂ, ਦਾਅ-ਲਾਊ ਅਤੇ ਗੈਰ-ਤਜਰਬੇਕਾਰ ਕਾਰਕੁੰਨ ਅਤੇ ਆਗੂਆਂ ਦੀਆਂ ਥੰਮ•ੀਆਂ 'ਤੇ ਖੜ•ਾ ਹੈ। ਇਸ ਕੋਲ ਕੋਈ ਵੀ ਵੋਟਰਾਂ ਵਿੱਚ ਖਿੱਚ ਪਾਉਣ ਵਾਲਾ ਅਤੇ ਪਾਰਟੀ ਸਫਾਂ ਵਿੱਚ ਮਕਬੂਲ ਸੂਬਾਈ ਆਗੂ ਮੌਜੂਦ ਨਹੀਂ ਹੈ। ਕੁੱਝ ਨਾ ਕੁੱਝ ਰਵਾਇਤੀ ਸਿਆਸੀ ਵਕਾਰ ਅਤੇ ਸੂਝ ਦੇ ਮਾਲਕ ਇਸਦੇ ਸੂਬਾਈ ਕਨਵੀਨਰ ਨੂੰ ਖੂੰਜੇ ਲਾਉਣ ਲਈ ਇਸ ਅੰਦਰੋਂ ਹੀ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਭਾਰਤੀ ਜਨਤਾ ਪਾਰਟੀ ਵੱਲੋਂ ''ਤਿਰੰਗਾ-ਯਾਤਰਾ'' ਦਾ ਖੇਖਣ


ਭਾਰਤੀ ਜਨਤਾ ਪਾਰਟੀ ਵੱਲੋਂ ''ਤਿਰੰਗਾ-ਯਾਤਰਾ'' ਦਾ ਖੇਖਣ
ਭਾਰਤੀ ਜਨਤਾ ਪਾਰਟੀ ਵੱਲੋਂ ਮੁਲਕ ਦੀ ਨਕਲੀ ਆਜ਼ਾਦੀ ਦੀ ਜੈ ਜੈਕਾਰ ਕਰਨ ਦੇ ਨਾਂ ਹੇਠ ਅਖੌਤੀ ਤਿਰੰਗਾ ਯਾਤਰਾ ਦਾ ਢਕਵੰਜੀ ਸਿਲਸਿਲਾ ਵਿੱਢਿਆ ਗਿਆ ਹੈ। ਮੁਲਕ ਭਰ ਅੰਦਰ ਵੱਖ ਵੱਖ ਥਾਵਾਂ 'ਤੇ ਅਗਸਤ ਮਹੀਨੇ ਦੇ ਸ਼ੁਰੂ ਤੋਂ ਬੀ.ਜੇ.ਪੀ., ਆਰ.ਐਸ.ਐਸ., ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਗੈਰਾ ਦੇ ਹਿੰਦੂਤਵੀ ਗਰੋਹਾਂ ਵੱਲੋਂ ਵੱਡੇ ਵੱਡੇ ਤਿਰੰਗੇ ਝੰਡੇ ਲੈ ਕੇ ਇਹ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਹਨਾਂ ਯਾਤਰਾਵਾਂ ਦੌਰਾਨ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ''ਜੈ ਭਾਰਤ ਮਾਤਾ'' ਅਤੇ ''ਬੰਦੇ ਮਾਤਰਮ'' ਜਿਹੇ ਨਾਹਰਿਆਂ ਦੇ ਧੂਮ ਧੜੱਕੇ ਵਿੱਚ ਹਿੰਦੂਤਵੀ ਫਿਰਕੂ ਪੁੱਠ ਵਾਲੇ ਨਕਲੀ-ਕੌਮੀ ਜਨੂੰਨ ਨੂੰ ਝੋਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ''ਮੁਲਕ ਦੀ ਏਕਤਾ ਅਤੇ ਅਖੰਡਤਾ'' ਦੇ ਪਿਛਾਖੜੀ ਨਾਹਰੇ ਮਾਰਦਿਆਂ, ਮੁਲਕ ਅੰਦਰ ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਦੇ ਹੱਕ ਲਈ ਲੜ ਰਹੀਆਂ ਵੱਖ ਵੱਖ ਕੌਮੀਅਤਾਂ, ਵਿਸ਼ੇਸ਼ ਕਰਕੇ ਕਸ਼ਮੀਰੀ ਕੌਮ ਖਿਲਾਫ ਫਿਰਕੂ ਹਿੰਦੂ ਜਨੂੰਨ ਨੂੰ ਲਾਂਬੂ ਲਾਇਆ ਜਾ ਰਿਹਾ ਸੀ। ਜੰਮੂ-ਕਸ਼ਮੀਰ 'ਤੇ ਜਬਰੀ ਕਾਬਜ਼ ਭਾਰਤੀ ਹਾਕਮਾਂ ਦੀਆਂ ਫੌਜਾਂ ਦੇ ਨਾਦਰਸ਼ਾਹੀ ਜਬਰੋ-ਜ਼ੁਲਮ ਦਾ ਟਾਕਰਾ ਕਰ ਰਹੇ ਕਸ਼ਮੀਰੀ ਲੋਕਾਂ ਨੂੰ ਪਾਕਿਸਤਾਨ ਦੇ ਏਜੰਟ ਗਰਦਾਨਦਿਆਂ ਨਾ ਸਿਰਫ ਸੁਰੱਖਿਆ ਬਲਾਂ ਵੱਲੋਂ ਉਹਨਾਂ ਦੇ ਰਚੇ ਜਾ ਰਹੇ ਕਤਲੇਆਮ ਨੂੰ ਵਾਜਬ ਠਹਿਰਾਇਆ ਜਾ ਰਿਹਾ ਹੈ, ਸਗੋਂ ਹੋਰ ਵੱਡੇ ਜਾਬਰ ਹੱਲੇ ਦੀ ਮਾਰ ਹੇਠ ਲਿਆਉਣ ਦਾ ਆਧਾਰ ਤਿਆਰ ਕੀਤਾ ਜਾ ਰਿਹਾ ਹੈ। 
ਨਕਲੀ ਦੇਸ਼ਭਗਤੀ ਦੀ ਗਦਾ ਘੁਮਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਇਸ ਸੰਘ ਲਾਣੇ ਦੀ ਸਾਮਰਾਜ-ਭਗਤੀ ਅੱਜ ਲੁੱਕੀ ਹੋਈ ਨਹੀਂ ਹੈ। ਇਸ ਲੋਕ-ਦੁਸ਼ਮਣ ਫਿਰਕੂ ਫਾਸ਼ੀ ਸੰਘ ਲਾਣੇ ਵੱਲੋਂ ਜਿਵੇਂ ਦੇਸ਼ੀ-ਵਿਦੇਸ਼ੀ ਕਾਰਪੋਰੇਟ ਲਾਣੇ ਨਾਲ ਗਿੱਟਮਿੱਟ ਕਰਦਿਆਂ, ਮੋਦੀ ਹਕੂਮਤ ਨੂੰ ਮੁਲਕ ਦੀ ਗੱਦੀ 'ਤੇ ਬਿਰਾਜਮਾਨ ਕੀਤਾ ਗਿਆ ਹੈ ਅਤੇ ਜਿਵੇਂ ਆਰ.ਐਸ.ਐਸ. ਮੁਖੀ ਭਾਗਵਤ ਸਮੇਤ ਸਮੁੱਚੇ ਸੰਘ ਲਾਣੇ ਦੀਆਂ ਫਾਂਕਾਂ ਵੱਲੋਂ ਮੋਦੀ ਹਕੂਮਤ ਵੱਲੋਂ ਮਿਹਨਤਕਸ਼ ਲੋਕਾਂ 'ਤੇ ਬੋਲੇ ਸਾਮਰਾਜ-ਨਿਰਦੇਸ਼ਤ ਆਰਥਿਕ ਹੱਲੇ ਨੂੰ ਜਰਬਾਂ ਦੇਣ ਦੀਆਂ ਦੇਸ਼ੀ ਧਰੋਹੀ ਅਤੇ ਲੋਕ ਦੁਸ਼ਮਣ ਨੀਤੀਆਂ ਦੀ ਨੰਗੀ-ਚਿੱਟੀ ਹਮਾਇਤ ਵਿੱਚ ਨਿੱਤਰਿਆ ਗਿਆ ਹੈ— ਇਹ ਸਾਰਾ ਕੁੱਝ ਜੱਗ ਜ਼ਾਹਰ ਹੈ। ਸਿਰੇ ਦੀ ਗੱਲ ਇਹ ਹੈ ਕਿ ਸਾਮਰਾਜੀਆਂ ਅਤੇ ਹਾਕਮ ਜਮਾਤਾਂ ਦੇ ਝੋਲੀ ਚੁੱਕ ਇਸ ਲਾਣੇ ਵੱਲੋਂ 1947 ਤੋਂ ਪਹਿਲਾਂ ਨਾ ਸਿਰਫ ਸਾਮਰਾਜੀ ਦਲਾਲਾਂ ਦੀ ਸੇਵਾਦਾਰ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਅਖੌਤੀ ਆਜ਼ਾਦੀ ਦੀ ਲਹਿਰ ਦਾ ਵਿਰੋਧ ਕੀਤਾ ਗਿਆ ਸੀ, ਸਗੋਂ ਇਹਨਾਂ ਵੱਲੋਂ ਏਸੇ ਤਿਰੰਗੇ ਝੰਡੇ ਨੂੰ ਅਪਣਾਉਣ ਦਾ ਵੀ ਡਟਵਾਂ ਵਿਰੋਧ ਕੀਤਾ ਗਿਆ ਸੀ। 
ਸੰਘ ਲਾਣੇ ਦੀਆਂ ਮਾਂ-ਜਥੇਬੰਦੀਆਂ— ਹਿੰਦੂ ਮਹਾਂ ਸੰਘ ਅਤੇ ਆਰ.ਐਸ.ਐਸ. ਦੇ ਮੁਢਲੇ ਬਾਨੀਆਂ ਵਿੱਚੋਂ ਇੱਕ ਵੀਰ ਦਮੋਦਰ ਸਾਵਰਕਰ ਵੱਲੋਂ ਅੰਗਰੇਜ਼ ਸਾਮਰਾਜੀਆਂ ਕੋਲ ਮੁਆਫੀਨਾਮਾ ਪੇਸ਼ ਕਰਦਿਆਂ ਅਤੇ ਮੁਲਕ ਦੀ ਆਜ਼ਾਦੀ ਦੀ ਲੜਾਈ ਨੂੰ ਬੇਦਾਵਾ ਦਿੰਦਿਆਂ, ਇੱਕ ਅੰਗਰੇਜ਼ ਇਤਿਹਾਸਕਾਰ ਵੱਲੋਂ ਪੇਸ਼ ਕੀਤੇ ਗਏ ਦੋ-ਕੌਮਾਂ ਦੇ ਫਿਰਕੂ-ਪਿਛਾਖੜੀ ਸਿਧਾਂਤ ਨੂੰ ਉਭਾਰਨ-ਪ੍ਰਚਾਰਨ ਦਾ ਝੰਡਾ ਚੁੱਕ ਲਿਆ ਗਿਆ ਸੀ। ਆਰ.ਐਸ.ਐਸ. ਦੀ 1925 ਵਿੱਚ ਹੋਈ ਸਥਾਪਨਾ ਤੋਂ ਬਾਅਦ, ਇਸ ਵੱਲੋਂ ਕਦੇ ਵੀ ਭਾਰਤ ਵਿੱਚ ਖਰੀ ਆਜ਼ਾਦੀ ਦੀ ਲਹਿਰ ਤਾਂ ਕੀ, ਕਾਂਗਰਸ ਦੀ ਅਗਵਾਈ ਵਾਲੀ ਅਖੌਤੀ ਆਜ਼ਾਦੀ ਦੀ ਲਹਿਰ ਵੱਲ ਵੀ ਸਹਿਯੋਗ ਦਾ ਹੱਥ ਨਹੀਂ ਵਧਾਇਆ ਗਿਆ। ਇਸ ਵੱਲੋਂ ਸਗੋਂ ਆਜ਼ਾਦੀ ਦੀ ਖਰੀ-ਖੋਟੀ ਲੜਾਈ ਨੂੰ ''ਬਰਤਾਨਵੀ ਬਸਤੀਵਾਦੀ ਵਿਰੋਧ'' ਦਾ ਨਾਂ ਦਿੰਦਿਆਂ, ਸੰਘ ਕਾਰਕੁੰਨਾਂ ਤੇ ਲੋਕਾਂ ਨੂੰ ਇਸ ਤੋਂ ਵੱਖ ਰਹਿਣ ਦਾ ਸੱਦਾ ਦਿੱਤਾ ਗਿਆ। ਇਸ ਵੱਲੋਂ ਕਾਂਗਰਸ ਵੱਲੋਂ ਪ੍ਰਚਾਰੇ ਜਾਂਦੇ ''ਭਾਰਤੀ ਕੌਮਵਾਦ'' ਦੇ ਸਿਧਾਂਤ ਨੂੰ ''ਕੌਮ ਦਾ ਇਲਾਕਾਈ ਸੰਕਲਪ'' ਕਹਿੰਦਿਆਂ ਰੱਦ ਕੀਤਾ ਗਿਆ ਅਤੇ ਧਰਮ ਆਧਾਰਤ (ਹਿੰਦੂ ਕੌਮ) ਦੇ ਸੰਕਲਪ ਨੂੰ ਉਭਾਰਿਆ-ਪ੍ਰਚਾਰਿਆ ਗਿਆ। ਇਸ ਵੱਲੋਂ ਆਪਣਾ ਇੱਕੋ ਇੱਕ ਨਿਸ਼ਾਨਾ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣਾ ਨਹੀਂ, ਸਗੋਂ ''ਹਿੰਦੂ ਰਾਸ਼ਟਰ'' ਦੀ ''ਪੁਨਰ-ਜਾਗਰਤੀ'' ਕਰਨਾ ਮਿਥਿਆ ਗਿਆ। ਗੁਰੂ ਗੋਲਵਾਲਕਰ ਦੇ 'ਬਚਨ' ਸੁਣੋ:
''ਸਾਡੇ ਕੌਮ ਦੇ ਸੰਕਲਪ ਦੇ ਆਧਾਰ ਬਣਦੇ- ਇਲਾਕਾਈ ਕੌਮਵਾਦ ਦੇ ਸਿਧਾਂਤ ਅਤੇ ਸਾਂਝੇ ਖਤਰੇ ਦੇ ਸਿਧਾਂਤ ਵੱਲੋਂ ਸਾਨੂੰ ਸਾਡੇ ਅਸਲੀ ਹਿੰਦੂ ਕੌਮਵਾਦ ਦੇ ਹਾਂ-ਪੱਖੀ ਅਤੇ ਪ੍ਰੇਰਨਾਦਾਇਕ ਤੱਤ ਤੋਂ ਵਿਰਵਾ ਕਰ ਦਿੱਤਾ ਗਿਆ ਹੈ ਅਤੇ ਸਾਡੀਆਂ ਕਈ ''ਆਜ਼ਾਦੀ ਦੀਆਂ ਲਹਿਰਾਂ'' ਨੂੰ ਬਰਤਾਨੀਆ ਵਿਰੋਧੀ ਲਹਿਰਾਂ ਵਿੱਚ ਬਦਲ ਦਿੱਤਾ ਗਿਆ ਹੈ। ਇਉਂ, ਬਰਤਾਨੀਆ ਦੇ ਵਿਰੋਧ ਨੂੰ ਦੇਸ਼ਭਗਤੀ ਅਤੇ ਕੌਮਵਾਦ ਬਰਾਬਰ ਖੜ•ਾ ਕਰ ਦਿੱਤਾ ਗਿਆ। ਇਸ ਪਿਛਾਖੜੀ ਵਿਚਾਰ ਨੇ ਸਾਡੀ ਸਾਰੀ ਆਜ਼ਾਦੀ ਦੀ ਲਹਿਰ, ਇਸਦੇ ਆਗੂਆਂ ਅਤੇ ਸਾਧਾਰਨ ਲੋਕਾਂ 'ਤੇ ਤਬਾਹਕੁੰਨ ਅਸਰ ਪਾਏ ਹਨ।'' (ਬੰਚ ਆਫ ਥੌਟ, ਸਫਾ-143)
ਅਸਲ ਵਿੱਚ- ਸੰਘ ਲਾਣੇ ਮੁਤਾਬਕ ਇਸ ਪਿਛਾਖੜੀ ਵਿਚਾਰ ਦੀ ਮਾਲਕ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਚੱਲ ਰਹੀ ''ਅਖੌਤੀ ਕੌਮੀ ਆਜ਼ਾਦੀ ਦੀ ਲਹਿਰ ਮਹਿਜ਼ ਬਰਤਾਨੀਆ ਦੇ ਨਿਰਾਰਥਿਕ ਵਿਰੋਧ ਦੀ ਲਹਿਰ ਸੀ। ਸੰਘ ਗੁਰੂ-ਘੰਟਾਲ ਮੁਤਾਬਕ ਅਸਲੀ ਆਜ਼ਾਦੀ ਤਾਂ ''ਹਿੰਦੂ ਕੌਮ'' ਦੀ ''ਪੁਨਰ-ਜਾਗਰਤੀ'' ਦੀ ਲਹਿਰ ਅਤੇ ਮੁਲਕ ਨੂੰ ''ਹਿੰਦੂ ਕੌਮ'' ਦੀ ''ਪੁੰਨਿਆ-ਭੂਮੀ'' ਵਿੱਚ ਬਦਲਣ ਅਤੇ ਧਾਰਮਿਕ ਘੱਟ-ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ ਨੂੰ ਇੱਥੋਂ ਚੱਲਦਾ ਕਰਨ ਜਾਂ ਫਿਰ ''ਹਿੰਦੂ ਕੌਮ'' ਦੀ ਗੁਲਾਮੀ ਪ੍ਰਵਾਨ ਕਰਵਾਉਣ ਨਾਲ ਆਉਣੀ ਹੈ। 
ਇਸੇ ਤਰ•ਾਂ, ਹੁਣ ਜਿਸ ''ਤਿਰੰਗਾ ਯਾਤਰਾ'' ਵਿੱਚ ਸੰਘ ਪਾੜ ਪਾੜ ਕੇ ਤਿਰੰਗੇ ਦੀ ਸ਼ਾਨ ਦੀ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ, ਇਸ ਝੰਡੇ ਬਾਰੇ ਸੰਘ ਲਾਣੇ ਦੀ ਸਮਝ ਕੀ ਹੈ? ਜਦੋਂ 1947 ਨੂੰ ਅਖੌਤੀ ਆਜ਼ਾਦੀ ਮੌਕੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਣ ਦੀ ਤਿਆਰੀ ਚੱਲ ਰਹੀ ਸੀ ਤਾਂ ਉਸ ਸਮੇਂ ਆਰ.ਐਸ.ਐਸ. ਦੇ ਆਪਣੇ ਅੰਗਰੇਜ਼ੀ ਪਰਚੇ (ਆਰਗੇਨਾਈਜ਼ਰ) ਦੇ 14 ਅਗਸਤ 1947 ਦੇ ਅੰਕ ਵਿੱਚ ਤਿਰੰਗੇ ਦਾ ਵਿਰੋਧ ਕਰਦਿਆਂ ਲਿਖਿਆ ਗਿਆ: ''ਉਹ ਲੋਕ ਜਿਹੜੇ ਕਿਸਮਤ ਦੇ ਦਾਅ ਨਾਲ ਰਾਜ ਗੱਦੀ 'ਤੇ ਪਹੁੰਚੇ ਹਨ, ਉਹ ਭਾਵੇਂ ਸਾਡੇ ਹੱਥਾਂ ਵਿੱਚ ਤਿਰੰਗਾ ਫੜਾ ਦੇਣ, ਪਰ ਹਿੰਦੂਆਂ ਵੱਲੋਂ ਇਸ ਨੂੰ ਨਾ ਤਾਂ ਮਾਨ-ਸਨਮਾਨ ਦਿੱਤਾ ਜਾ ਸਕੇਗਾ ਅਤੇ ਨਾ ਹੀ ਅਪਣਾਇਆ ਜਾ ਸਕੇਗਾ। ਤਿੰਨਾਂ ਦਾ ਅੰਕੜਾ ਆਪਣੇ ਆਪ ਵਿੱਚ ਮਨਹੂਸ ਹੈ ਅਤੇ ਇੱਕ ਅਜਿਹਾ ਝੰਡਾ ਜਿਸਦੇ ਤਿੰਨ ਰੰਗ ਹੋਣ, ਲੋਕਾਂ ਦੇ ਦਿਲੋ-ਦਿਮਾਗ 'ਤੇ ਮਾੜਾ ਅਸਰ ਪਾਵੇਗਾ ਅਤੇ ਇਹ ਦੇਸ਼ ਲਈ ਨੁਕਸਾਨਦੇਹ ਹੋਵੇਗਾ।'' 
ਆਰ.ਐਸ.ਐਸ. ਮੁਤਾਬਕ ਦੇਸ਼ ਦਾ ਝੰਡਾ ਤਿਰੰਗਾ ਨਹੀਂ, ਭਗਵਾਂ ਹੋਣਾ ਚਾਹੀਦਾ ਹੈ। ਇਸਦਾ ਆਗੂ ਗੁਰੂ ਗੋਲਵਾਲਕਰ ਕਹਿੰਦਾ ਹੈ ਕਿ ''ਸਾਡੀ ਮਹਾਨ ਸੰਸਕ੍ਰਿਤੀ ਦੀ ਪੂਰਨ ਰੂਪ ਵਿੱਚ ਪਛਾਣ ਕਰਵਾਉਣ ਦਾ ਪ੍ਰਤੀਕs sਚਿੰਨ• ਸਾਡਾ ਭਗਵਾਂ ਝੰਡਾ ਹੈ, ਜਿਹੜਾ ਸਾਡੇ ਲਈ ਪ੍ਰਮੇਸ਼ਰ ਦਾ ਰੂਪ ਹੈ। ਇਸ ਲਈ ਅਸੀਂ ਇਸ ਪਰਮ ਪੂਜਣਯੋਗ ਝੰਡੇ ਨੂੰ ਆਪਣੇ ਗੁਰੂ ਸਥਾਨ ਵਿੱਚ ਰੱਖਣਾ ਉਚਿਤ ਸਮਝਿਆ ਹੈ.... ਸਾਡਾ ਪੱਕਾ ਵਿਸ਼ਵਾਸ਼ ਹੈ ਕਿ ਅਖੀਰ ਵਿੱਚ ਇਸੇ ਝੰਡੇ ਅੱਗੇ ਸਾਰਾ ਦੇਸ਼ ਝੁਕੇਗਾ।'' (ਸ੍ਰੀ ਗੁਰੂ ਜੀ ਸ਼ਮਗਰ ਦਰਸ਼ਨ, ਭਾਰਤੀ ਵਿਚਾਰ ਸਾਧਨਾ, ਨਾਗਪੁਰ ਰੋਡ ਪੰਨਾ-98)
ਉਪਰੋਕਤ ਵਰਨਣ ਤੋਂ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵਿੱਢੀ ਗਈ ਤਿਰੰਗਾ ਯਾਤਰਾ ਦੇ ਮਨੋਰਥ ਇਸ ਤਿਰੰਗੇ ਨੂੰ ਚਾਰ ਚੰਨ ਲਾਉਣਾ ਨਹੀਂ— ਇਸਦਾ ਗੁੱਝਾ ਅਤੇ ਅਸਲ ਮਨੋਰਥ ਹਿੰਦੂ ਫਿਰਕੂ ਪੁੱਠ ਵਾਲਾ ਨਕਲੀ ਕੌਮੀ ਜਨੂੰਨ ਭੜਕਾਉਣਾ, ਦੇਸ਼ ਦੀਆਂ ਕੌਮੀ ਅਤੇ ਇਨਕਲਾਬੀ ਲਹਿਰਾਂ 'ਤੇ ਜਬਰ ਦੇ ਝੱਖੜ ਵਿੱਚ ਤੇਜ਼ੀ ਲਿਆਉਣ ਦਾ ਆਧਾਰ ਤਿਆਰ ਕਰਨਾ ਅਤੇ ਮੋਦੀ ਹਕੂਮਤ ਦੀਆਂ ਨਾਕਾਮੀਆਂ ਤੇ ਦੁਰਰਾਜ ਤੋਂ ਲੋਕਾਂ ਦਾ ਧਿਆਨ ਤਿਲ•ਕਾਉਣਾ-ਭਟਕਾਉਣਾ ਹੈ। ਸਿਰਫ ਅਤੇ ਸਿਰਫ ਇਸ ਪਿਛਾਖੜੀ ਮਕਸਦ-ਪੂਰਤੀ ਲਈ ਹੀ ਮੁਲਕ ਨੂੰ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਕਰਨ ਲਈ ਚੱਲੀਆਂ ਸਭਨਾਂ ਖਰੀਆਂ ਅਤੇ ਖੋਟੀਆਂ ਲਹਿਰਾਂ ਦਾ ਇੱਕ ਵਾਢਿਉਂ ਵਿਰੋਧ ਕਰਨ ਵਾਲੇ, ਅੰਗਰੇਜ਼ ਸਾਮਰਾਜੀਆਂ ਨੂੰ ਮੁਆਫੀਨਾਮੇ ਪੇਸ਼ ਕਰਨ ਵਾਲੇ ਅਤੇ ਦੋ ਕੌਮਾਂ ਦੇ ਫਿਰਕੂ ਫਾਸ਼ੀ ਸਿਧਾਂਤ ਰਾਹੀਂ ਮੁਲਕ ਦੀ ਵੰਡ ਦੇ ਬੀਜ ਬੀਜਣ ਵਾਲੇ ਸਾਵਰਕਾਰਾਂ ਅਤੇ ਗੋਲਵਾਲਕਰਾਂ ਦੇ ਵਾਰਸ ਅਤੇ ਅੱਜ ਵੀ ਉਹਨਾਂ ਦੀਆਂ ਦੇਸ਼-ਧਰੋਹੀ ਅਤੇ ਫਿਰਕੂ-ਫਾਸ਼ੀ ਨੀਤੀਆਂ ਦੀ ਨੰਗੀ-ਚਿੱਟੀ ਪੈਰਵਾਈ ਕਰਨ ਵਾਲੇ ਫਿਰਕੂ ਟੋਲੇ ਤਿਰੰਗਾ ਯਾਤਰਾਵਾਂ ਦਾ ਦੰਭ ਰਚਦਿਆਂ, ਆਪਣੇ ਆਪ ਨੂੰ ਦੇਸ਼ਭਗਤੀ ਅਤੇ ਕੌਮਪ੍ਰਸਤੀ ਦੇ ਸਭ ਤੋਂ ਵੱਡੇ ਠੇਕੇਦਾਰਾਂ ਵਜੋਂ ਪੇਸ਼ ਕਰਨ ਦਾ ਨਾਟਕ ਕਰ ਰਹੇ ਹਨ। 
0-0

ਦਲਿਤਾਂ 'ਤੇ ਹਮਲੇ

ਮੰਨੂਵਾਦੀ ਅਤੇ ਫਿਰਕੂ-ਫਾਸ਼ੀ ਸੋਚ ਦੇ ਧਾਰਨੀ ਹਿੰਦੂਤਵੀ ਲਾਣੇ ਵੱਲੋਂ 
ਦਲਿਤਾਂ 'ਤੇ ਹਮਲੇ
-ਚੇਤਨ
ਆਰ.ਐਸ.ਐਸ. ਦੇ ਮੁਖੌਟੇ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਆਪਣੇ ਅਸਲ ਏਜੰਡੇ ਅਖੌਤੀ ਹਿੰਦੂ ਰਾਸ਼ਟਰ ਦੀ ਸਥਾਪਤੀ ਅਤੇ ਘੱਟ-ਗਿਣਤੀਆਂ ਅਤੇ ਅਸਹਿਮਤੀ ਰੱਖਣ ਵਾਲਿਆਂ ਦੀ ਸਮਾਪਤੀ ਨੂੰ ਲਾਗੂ ਕਰਨ ਲਈ ਆਪਣੀਆਂ ਸਭ ਕਿਸਮ ਦੀਆਂ ਫਿਰਕੁ ਫਾਸ਼ੀ ਬਿਰਤੀ ਵਾਲੀਆਂ ਜਥੇਬੰਦੀਆਂ ਨੂੰ ਲੋਕਾਂ 'ਤੇ ਝਪਟਣ ਲਈ ਰੱਸੇ ਖੋਲ• ਰੱਖੇ ਹਨ। ਹਿੰਦੂ ਪ੍ਰਤੀਕਾਂ ਨੂੰ ਧੱਕੇ ਨਾਲ ਲੋਕਾਂ 'ਤੇ ਮੜ•ਨ ਦੀ ਧੁੱਸ ਵਿੱਚ ਅੱਜ ਕੱਲ• ਇਸ ਨੇ ''ਗਊ-ਮਾਤਾ'' ਨੂੰ ਇੱਕਸਾਰ ਸਾਰੇ ਮੁਲਕ ਵਿੱਚ ਏਕਤਾ ਦਾ ਧੱਕੇ ਨਾਲ ਚਿੰਨ• ਬਣਾਉਣ (ਜਿਵੇਂ ਆਰ.ਐਸ.ਐਸ. ਦੇ ਪਾਸ ਕੀਤੇ ਪ੍ਰਸਤਾਵਾਂ ਵਿੱਚ ਦਰਜ਼ ਹੈ) ਦਾ ਬੀੜਾ ਚੁੱਕਿਆ ਹੋਇਆ ਹੈ। ਥਾਂ ਪੁਰ ਥਾਂ ਇਹਨਾਂ ਦੇ ਜਥੇਬੰਦ ਕੀਤੇ ਅਖੌਤੀ ''ਗਊ ਰਾਖਿਆਂ'' ਨੇ ਦਲਿਤਾਂ ਅਤੇ ਮੁਸਲਿਮ ਭਾਈਚਾਰੇ 'ਤੇ ਹਮਲੇ ਵਿੱਢੇ ਹੋਏ ਹਨ ਅਤੇ ਇਹਨਾਂ ਦੇ ਆਗੁ ਬੇਸ਼ਰਮੀ ਨਾਲ ਇਹਨਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। 
ਗੁਜਰਾਤ ਵਿੱਚ ਦਲਿਤਾਂ 'ਤੇ ਜ਼ੁਲਮ ਅਤੇ ਕਰਾਰਾ ਜੁਆਬ
ਭਾਜਪਾ ਦੇ ਪ੍ਰਧਾਨ ਮੰਤਰੀ ਦੇ ਆਦਰਸ਼ ਰਾਜ, ਜਿਸ ਨੂੰ ਰਾਮਰਾਜ ਕਹਿੰਦਾ ਹੈ, ਗੁਜਰਾਤ ਨੂੰ ਸਾਰੇ ਭਾਰਤ ਲਈ ਮਾਡਲ ਵਜੋਂ ਪੇਸ਼ ਕਰਕੇ ਭਾਜਪਾ ਨੇ ਵੋਟਾਂ ਬਟੋਰੀਆਂ ਸਨ, ਵਿੱਚ ਵਾਪਰੇ ਅਤਿਅੰਤ ਘ੍ਰਿਣਾਜਨਕ ''ਗਊ ਰੱਖਿਆ ਦੇ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਡੀਆ ਵਿੱਚ ਵੱਖ ਵੱਖ ਤਰ•ਾਂ ਦੀਆਂ ਰਿਪੋਰਟਾਂ ਛਪੀਆਂ। ਅਸਲ ਘਟਨਾਕ੍ਰਮ ਵਿੱਚ ਊਨਾ ਤੋਂ 14-15 ਕਿਲੋਮੀਟਰ ਦੂਰੀ 'ਤੇ ਪਿੰਡ ਮੋਤਾ ਸਮੱਧੱਈਆ (ਜ਼ਿਲ•ਾ ਗਿਰ ਸੋਮਰਾਜ) 3000 ਦੀ ਆਬਾਦੀ ਵਾਲਾ ਪਿੰਡ ਹੈ, ਜਿਸ ਵਿੱਚ 26-27 ਦਲਿਤਾਂ ਦੇ ਜ਼ਿਆਦਾਤਰ ਕੱਚੇ ਘਰ ਹਨ, ਉੱਥੇ ਖੇਤ ਮਜ਼ਦੂਰੀ 'ਤੇ ਗੁਜਾਰਾ ਕਰਨ ਵਾਲੇ ਪਿੰਡ ਦਾ ਇੱਕ ਪਰਿਵਾਰ ਮਰੇ ਪਸ਼ੂਆਂ ਦੀ ਖੱਲ ਵਗੈਰਾ ਲਾਹ ਕੇ ਹੱਡਾਂ ਨੂੰ ਬਿਲੇ ਕਰਨ ਦਾ ਕੰਮ ਕਰਦਾ ਹੈ। ਬਾਲੂ ਭਾਈ ਵੀਰਾਬਾਈ ਸਰਵੱਈਆ ਦੇ ਪਰਿਵਾਰ ਦੇ 7 ਮੈਂਬਰਾਂ 'ਤੇ 11 ਜੁਲਾਈ ਨੂੰ ''ਅਖੌਤੀ ਗਊ ਰੱਖਿਅਕ ਦਲ'' ਦੇ ਗੈਂਗ ਵੱਲੋਂ ਇਹ ਕਹਿ ਕੇ ਕਿ ਤੁਸੀਂ ਜਿਉਂਦੀਆਂ ਗਊਆਂ ਦੀ ਚਮੜੀ ਉਤਾਰ ਰਹੇ ਹੋ, ਹਮਲਾ ਕੀਤਾ ਗਿਆ ਅਤੇ ਬਹੁਤ ਕੁੱਟਮਾਰ ਕਰਕੇ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਅੱਪਲੋਡ ਕਰ ਦਿੱਤੀ ਗਈ। ਇਹਨਾਂ ਦਲਿਤ ਮਜ਼ਦੂਰਾਂ ਨੂੰ ਪਿੰਡ ਦੇ ਕਿਸਾਨ ਨੇ ਆਪਣੀਆਂ 2 ਗਊਆਂ, ਜੋ ਸੰਭਾਵਿਤ ਤੌਰ 'ਤੇ ਸ਼ੇਰ ਨੇ ਮਾਰ ਦਿੱਤੀਆਂ ਸਨ, ਨੂੰ ਚੁੱਕਣ ਵਾਸਤੇ ਸੱਦਿਆ ਸੀ। ਅਧਿਕਾਰਤ ਥਾਂ 'ਤੇ ਪਸ਼ੂਆਂ ਦੇ ਚਮੜੀ ਉਤਾਰਨ ਵਾਲੇ ਮਜ਼ਦੂਰਾਂ ਤੇ ਅਖੌਤੀ 30-40 ਗਊ ਰਾਖਿਆ ਦੇ ਹਮਲੇ ਜਿਹਨਾਂ ਦੀ ਅਗਵਾਈ ਨੇੜਲੇ ਪਿੰਡ ਦਾ ਨਾਜਾ ਭਾਈ ਬੇਰੀਆ ਕਰ ਰਿਹਾ ਸੀ, ਦੀ ਸੂਚਨਾ ਪੁਲੀਸ ਨੂੰ 5 ਮਿੰਟ ਵਿੱਚ ਕਰ ਦਿੱਤੀ ਗਈ ਸੀ। ਪਰ ਹਿੰਦੂ ਜਨੂੰਨੀ ਬੁਰਛਾਗਰਦ 3-4 ਘੰਟੇ ਪਾਈਪਾਂ, ਰਾਡਾਂ ਨਾਲ ਮਾਰ-ਕੁਟਾਈ ਕਰਦੇ ਰਹੇ। ਆਰ.ਐਸ.ਐਸ. ਅਤੇ ਸ਼ਿਵ ਸੈਨਾ (ਪਿੰਡ ਵਾਸੀਆਂ ਅਨੁਸਾਰ) ਦੇ ਵਰਕਰ ਵੀ ਨਾਲ ਸਨ, ਜਦੋਂ ਇਹ ਇਹਨਾਂ ਮਜ਼ਦੂਰਾਂ ਨੂੰ ਊਨਾ ਲੈ ਕੇ ਜਾਣ ਲੱਗੇ ਤਾਂ ਪਿੰਡ ਦੇ ਬਾਹਰ ਊਨਾ ਪੁਲਸ ਪਾਰਟੀ ਵੱਲੋਂ ਅਖੌਤੀ ਗਊ ਰਾਖਿਆਂ ਨਾਲ ਵਧਾਈ ਦੇਣ ਦੇ ਲਹਿਜ਼ੇ ਵਿੱਚ ਹੱਥ ਮਿਲਾਇਆ ਗਿਆ। ਮੋਤਾ ਸਮੱਧੱਈਆ ਊਨਾ ਤੋਂ 17-18 ਕਿਲੋਮੀਟਰ ਦੂਰ ਹੈ, ਜਿਥੇ ਪੁਲਸ ਟੀਮ ਅਖੌਤੀ  ਗਊ ਰਾਖਿਆਂ ਨਾਲ ਹੱਥ ਮਿਲਾਉਣ ਲਈ 3-4 ਘੰਟਿਆਂ ਵਿੱਚ ਪਹੁੰਚੀ ਸੀ। 
ਗਊ ਰਾਖੇ ਦਲਿਤ ਮਜ਼ਦੂਰਾਂ ਨੂੰ ਊਨਾ ਲਿਜਾ ਕੇ ਪੁਲਸ ਸਟੇਸ਼ਨ ਦੇ ਬਿਲਕੁੱਲ ਸਾਹਮਣੇ ਜਾਈਲੋ ਕਾਰ ਨਾਲ ਬੰਨ• ਕੇ ਪਹਿਲਾਂ ਲੰਬਾ ਘੜੀਸਦੇ ਅਤੇ ਫਿਰ ਕੁੱਟਮਾਰ ਕਰਦੇ ਰਹੇ। ਲੋਕ ਉਹਨਾਂ ਦੀਆਂ ਮੋਬਾਇਲ 'ਤੇ ਫਿਲਮਾਂ ਬਣਾਉਂਦੇ ਰਹੇ ਅਤੇ ਸਾਰੀ ਪੁਲੀਸ ਤਮਾਸ਼ਬੀਨ ਬਣੀ ਰਹੀ। ਪੀੜਤਾਂ 'ਚੋਂ ਇੱਕ ਅਸ਼ੋਕ ਸਰਵੱਈਆ ਕਹਿੰਦਾ ਹੈ ਕਿ ''ਸਾਨੂੰ ਜਿਉਂਦਿਆਂ ਸਾੜਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅਸੀਂ ਬਹੁਤ ਡਰੇ ਹੋਏ ਸੀ, ਕਿਉਂਕਿ ਛੋਟੇ ਮੋਟੇ ਮੁੱਦਿਆਂ ਕਰਕੇ ਹੀ ਦਲਿਤਾਂ ਨੂੰ ਜਿਉਂਦਿਆਂ ਸਾੜਨ ਦੀਆਂ ਘਟਨਾਵਾਂ ਪਹਿਲੋਂ ਵੀ ਵਾਪਰ ਚੁੱਕੀਆਂ ਸਨ। ਵਾਸਰਾਮ ਸਰਵੱਈਆ ਕਹਿੰਦਾ ਹੈ ਕਿ ਮੇਰੇ ਪਿਤਾ ਨੇ ਬਹੁਤ ਤਰਲੇ ਕੀਤੇ ਕਿ ਅਸੀਂ ਮੁਰਦਾ ਗਊ ਚੁੱਕਣ ਗਏ ਸੀ, ਪਰ ਅਖੌਤੀ ਗਊ ਰਾਖੇ ਬਜਿੱਦ ਸਨ ਕਿ ਤੁਸੀਂ ਜਿਉਂਦੀਆਂ ਗਊਆਂ ਦੀ ਖੱਲ ਲਾਹ ਰਹੇ ਸੀ, ਸਾਡੇ ਕੱਪੜੇ ਲਾਹ ਕੇ ਗੱਡੀ ਨਾਲ ਬੰਨ• ਕੇ ਕੁੱਟਦੇ ਰਹੇ ਅਤੇ ਪੁਲਸ ਦੇਖਦੀ ਰਹੀ। ਲੋਕਾਂ ਵੱਲੋਂ ਤਿੱਖਾ ਵਿਰੋਧ ਹੋਣ 'ਤੇ ਹੀ ਪੁਲਸ ਨੇ ਐਫ.ਆਈ.ਆਰ. ਦਰਜ਼ ਕੀਤੀ। ਉਹਵੀ 35-40 ਦੋਸ਼ੀਆਂ 'ਚੋਂ ਸਿਰਫ 6 ਉੱਤੇ ਹੀ। 
ਇਸ ਘੋਰ ਦਰਿੰਦਗੀ ਦਾ ਵਿਰੋਧ ਕਰਦਿਆਂ ਲੋਕਾਂ ਨੇ ਸਾੜ-ਫੂਕ ਤੇ ਜਬਰਦਸਤ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ, ਲੋਕਾਂ ਨੇ ਮਰੀਆਂ ਹੋਈਆਂ ਗਾਵਾਂ ਸਰਕਾਰੀ ਦਫਤਰਾਂ/ਡੀ.ਸੀ. ਦਫਤਰਾਂ 'ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਦੇ ਨਾਲ ਹੀ ਰਾਜਕੋਟ-ਪੋਰਬੰਦਰ ਮਾਰਗ ਬੰਦ ਕਰ ਦਿੱਤਾ। 30 ਤੋਂ ਵੱਧ ਨੌਜਵਾਨਾਂ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਇੱਕ ਨੇ ਡੀ.ਸੀ. ਦਫਤਰ ਸਾਹਮਣੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ 40 ਫੀਸਦੀ ਤੋਂ ਵੱਧ ਸੜ ਗਿਆ। 7 ਨੇ ਤੇਜਾਬ ਪੀ ਲਿਆ ਅਤੇ ਕੁੱਝ ਨੇ ਜ਼ਹਿਰ। ਗੋਡਲ ਡੀ.ਸੀ. ਦਫਤਰ ਵਿੱਚ ਸੁੱਟੀਆਂ ਗਾਵਾਂ ਕਰਕੇ ਬਦਬੂ ਫੈਲਣ 'ਤੇ ਸਟਾਫ ਭੱਜਣ ਲੱਗਾ। 250 ਦਲਿਤਾਂ ਵੱਲੋਂ 3 ਟਰੱਕ ਗਊਆਂ ਦੇ ਡੀ.ਸੀ. ਦਫਤਰ ਸੁੱਟ ਕੇ ਐਲਾਨ ਕਰ ਦਿਤਾ ਗਿਆ, ''ਅਸੀਂ ਹੁਣ ਮਰੀਆਂ ਗਾਵਾਂ ਨਹੀਂ ਚੁੱਕਾਂਗੇ, ਗਊ ਰਾਖੇ ਆਪ ਹੀ ਆਪਣੀ ''ਮਾਤਾ'' ਦੀਆਂ ਆਖਰੀ ਰਸਮਾਂ ਕਰਨ।'' ਮੁੱਖ ਮੰਤਰੀ ਅਨੰਦੀਬੇਨ ਨੇ 20 ਜੁਲਾਈ ਨੂੰ ਦੌਰਾ ਕੀਤਾ ਪਰ ਲੋਕਾਂ ਦੇ ਕਾਫਲੇ ਨੇ ਉਸ ਨੂੰ ਘੇਰ ਲਿਆ। ਦਲਿਤਾਂ ਨਾਲ ਅਫਸੋਸ ਕਰਨ ਗਈ ਅਨੰਦੀਬੇਨ ਅਤੇ ਮੰਡਲੀ ਖਿਲਾਫ ਵੀ ਗੁੱਸਾ ਭੜਕ ਪਿਆ ਜਦੋਂ ਉਹਨਾਂ ਲਈ ਸਪੈਸ਼ਲ ਕੁਰਸੀਆਂ ਕਿਰਾਏ 'ਤੇ ਲਿਆਂਦੀਆਂ ਗਈਆਂ, ਜਦੋਂ ਕਿ ਦਲਿਤ ਜ਼ਮੀਨ 'ਤੇ ਬੈਠੇ ਸਨ। ਦਲਿਤ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਲਗਾਤਾਰ ਸਾਥ ਦਿੱਤਾ, ਜੋ ਦਲਿਤਾਂ ਤੋਂ ਪਹਿਲਾਂ ਅਖੌਤੀ ਗਊ ਰਾਖਿਆਂ ਦੀ ਮਾਰ ਹੇਠ ਸਨ। ਵੱਖ ਵੱਖ ਜਮਹੂਰੀ ਵਿਅਕਤੀ ਤੇ ਸੰਸਥਾਵਾਂ ਵੀ ਖੁੱਲ• ਕੇ ਮੈਦਾਨ ਵਿੱਚ ਆਈਆਂ ਅਤੇ ਸਰਕਾਰ ਦੇ ਨੱਕ ਵਿੱਚ ਦਮ ਹੋਣ ਕਾਰਨ 16 ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਪਿਆ। ਪੂਰੇ ਪੁਲਸ ਥਾਣੇ ਦਾ ਅਮਲਾ ਦੋਸ਼ੀ ਸੀ, ਪਰ ਸਿਰਫ 3 ਨੂੰ ਹੀ ਮੁਅੱਤਲ ਕੀਤਾ ਗਿਆ। ਪੂਰੇ ਭਾਰਤ ਵਿੱਚ ਉੱਭਰੇ ਦਲਿਤ ਵਿਰੋਧ ਦਾ ਊਨਾ ਕੇਂਦਰ ਬਣ ਗਿਆ। 
ਮੋਦੀ ਦੀ ਡਰਾਮੇਬਾਜ਼ੀ ਅਤੇ ਹਕੀਕਤ
ਗੁਜਰਾਤ ਵਿੱਚ ਐਨਾ ਜ਼ੁਲਮ ਹੋਣ 'ਤੇ ਵੀ ਮੋਦੀ ਦੀ ਜੁਬਾਨ ਨਹੀਂ ਖੁੱਲ•ੀ। ਸਗੋਂ ਉਸਦੇ ਅਹਿਲਕਾਰ ਕਹਿੰਦੇ ਹਨ ਕਿ ਮੋਦੀ ਜੀ ਦਲਿਤਾਂ 'ਤੇ ਜ਼ੁਲਮ ਤੋਂ ਬਹੁਤ ਦੁਖੀ ਹਨ। ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਮੋਦੀ ਇਸ ਬਾਰੇ ਅਣਜਾਣ ਹਨ। ਮੋਦੀ ਜਦੋਂ ਮੁੱਖ ਮੰਤਰੀ ਸੀ, ਉਸਨੇ ਇੱਕ ਕਿਤਾਬ ਕਰਮਯੋਗ ਵਿੱਚ ਲਿਖਿਆ ਸੀ, ''ਹੱਥਾਂ 'ਤੇ ਮੈਲਾ ਚੁੱਕਣ ਦੀ ਕ੍ਰਿਆ ਇੱਕ ਅਧਿਆਤਮਿਕ/ਰੂਹਾਨੀ ਕੰਮ ਹੈ, ਜਿਸ ਨੂੰ ਦਲਿਤ ਆਪਣੀ ਸਵੈ-ਇੱਛਾ ਨਾਲ ਕਰਦੇ ਹਨ।'' ਜਦੋਂ ਇਸਦੇ ਵਿਰੋਧ ਵਿੱਚ ਵਿਆਪਕ ਪ੍ਰਦਰਸ਼ਨ ਹੋਏ ਤਾਂ ਮੋਦੀ ਨੇ ਇਸ ਨੂੰ ਵਾਪਸ ਲੈ ਲਿਆ ਅਤੇ ਚੁੱਪ ਧਾਰ ਗਏ। ਖੁਦ ਮੰਨੂਵਾਦੀ ਮਾਨਸਿਕਤਾ ਦੇ ਮਾਲਕ ਮੋਦੀ ਦੇ ਰਾਜ ਵਿੱਚ ਸਤੰਬਰ 2012 ਨੂੰ ਸੁਰਿੰਦਰ ਨਗਰ ਜ਼ਿਲ•ੇ ਦੇ ਕਸਬੇ ਖਾਨਗੜ• ਵਿੱਚ ਪੁਲਸ ਨੇ 22 ਅਤੇ 23 ਸਤੰਬਰ ਨੂੰ ਲਗਾਤਾਰ ਗੋਲੀ ਮਾਰ ਕੇ ਤਿੰਨ ਦਲਿਤ ਨੌਜਵਾਨਾਂ ਦਾ ਕਤਲ ਕਰ ਦਿੱਤਾ, ਪਰ ਮੋਦੀ ਚੁੱਪ ਰਹੇ ਜਦੋਂ ਕਿ ਉਹ ਖੁਦ ਉੱਥੋਂ 17 ਕਿਲੋਮੀਟਰ ਦੂਰ ਵਿਵੇਕਾਨੰਦ ਯੂਥ ਵਿਕਾਸ ਯਾਤਰਾ ਦੀ ਅਗਵਾਈ ਕਰ ਰਿਹਾ ਸੀ। ਦਲਿਤ ਨੌਜਵਾਨ ਨੂੰ ਕੁੱਟਣ ਵਾਲੇ ਭਾਰਵਾੜਿਆਂ ਦੇ ਖਿਲਾਫ ਵਿਰੋਧ ਕਰ ਰਹੇ ਦਲਿਤਾਂ 'ਤੇ ਗੋਲੀ ਚਲਾ ਕੇ ਮੋਦੀ ਦੀ ਪੁਲਸ ਨੇ ਪੰਕਜ ਕੁਮਾਰ ਨੂੰ ਮਾਰ ਦਿੱਤਾ। ਮੌਤ ਲਈ ਜਿੰਮੇਵਾਰ ਪੁਲਸ ਅਧਿਕਾਰੀਆਂ ਖਿਲਾਫ ਸ਼ਿਕਾਇਤ ਦਰਜ਼ ਕਰਨ ਦੀ ਮੰਗ ਕਰ ਰਹੇ ਦਲਿਤਾਂ 'ਤੇ ਪੁਲਸ ਨੇ ਦੂਜੀ ਵਾਰ ਗੋਲੀਆਂ ਚਲਾਈਆਂ, ਜਿਸ ਵਿੱਚ ਦੋ ਵਿਅਕਤੀ ਮੇਹੁਲ ਰਾਠੌੜ (17) ਅਤੇ ਪ੍ਰਕਾਸ਼ ਪਰਮਾਰ ਮਾਰੇ ਗਏ। ਸੀ.ਆਈ.ਡੀ. ਜਾਂਚ ਤੋਂ ਬਾਅਦ ਤਿੰਨ ਐਫ.ਆਈ.ਆਰ. ਦਰਜ਼ ਹੋਈਆਂ ਪਰ ਇੱਕ ਮਾਮਲੇ ਵਿੱਚ ਹੀ ਚਾਰਜਸ਼ੀਟ ਪੇਸ਼ ਕੀਤੀ ਗਈ ਅਤੇ ਇੱਕ ਦੋਸ਼ੀ ਬੀ.ਸੀ. ਸੋਲੰਕੀ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ। 
ਮਈ 2016 ਵਿੱਚ ਅਖੌਤੀ ਗਊ ਰਾਖਿਆਂ ਦੇ ਇੱਕ ਗਰੁੱਪ ਨੇ ਅਮਰੇਲੀ ਜ਼ਿਲ•ੇ ਦੇ ਗਜੂਲਾ ਵਿੱਚ ਦਲਿਤ ਕਾਲੋਨੀ ਦੇ ਬਸ਼ਿੰਦਿਆਂ 'ਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ ਉਹ ਗਊਆਂ ਮਾਰਦੇ ਹਨ। ਅਨੇਕਾਂ ਦਲਿਤਾਂ ਨੂੰ ਕੁੱਟਣ ਤੋਂ ਇਲਾਵਾ ਕਈਆਂ ਦੇ ਹੱਥ ਤੇ ਲੱਤਾਂ ਲਾਠੀਆਂ ਮਾਰ ਕੇ ਤੋੜ ਦਿੱਤੀਆਂ। ਪ੍ਰੇਮ ਭਾਈ ਰਾਠੌਰ ਜਿਸ ਦੇ ਸਿਰ ਵਿੱਚ ਸੱਟ ਲੱਗੀ ਸੀ ਨੇ ਥਾਣੇ ਸ਼ਿਕਾਇਤ ਦਰਜ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਸਾਨੂੰ ਤੇਰੇ 'ਤੇ ਯਕੀਨ ਨਹੀਂ ਹੈ, ਇਹ ਕੋਈ ਬਦਲੇ ਦਾ ਮਸਲਾ ਹੋ ਸਕਦਾ ਹੈ। ਇਸੇ ਤਰ•ਾਂ ਪੋਰਬੰਦਰ ਵਿੱਚ ਰਾਮਾ ਸੰਗਰਖੀਆ ਦਾ ਭੀੜ ਵੱਲੋਂ ਕੁੱਟ-ਵੱਢ ਕੇ ਕਤਲ ਕਰ ਦਿੱਤਾ ਗਿਆ। ਉਹ ਵਿਵਾਦਤ ਜ਼ਮੀਨ 'ਤੇ ਅਰੰਡੀ ਦੇ ਬੀਜ਼ ਬੀਜ ਰਿਹਾ ਸੀ। ਇਸ ਤੋਂ ਕੁੱਝ ਦਿਨ ਪਹਿਲਾਂ ਸਾਗਰ ਰਾਠੌਰ ਨੇ ਜੇਲ• ਵਿੱਚ ਆਤਮ ਹੱਤਿਆ ਕਰ ਲਈ। ਉਹ ਜੇਲ•ਰਾਂ ਵੱਲੋਂ ਸਤਾਇਆ ਹੋਇਆ ਸੀ। ਅਨੁਸੂਚਿਤ ਜਾਤੀਆਂ ਬਾਰੇ ਕੇਂਦਰੀ ਕਮਿਸ਼ਨ (ਐਨ.ਐਸ.ਐਸ.ਸੀ.) ਦੇ ਅੰਕੜੇ ਦੱਸਦੇ ਹਨ ਕਿ ਦਲਿਤਾਂ ਖਿਲਾਫ ਜੁਰਮਾਂ ਵਿੱਚ 2011-2014 ਵਿੱਚ 40 ਫੀਸਦੀ ਵਾਧਾ ਹੋਇਆ ਹੈ। 2015 ਵਿੱਚ ਗੁਜਰਾਤ ਵਿੱਚ ਜੁਰਮ ਦਰ ਸਭ ਤੋਂ ਵੱਧ 163.3 ਫੀਸਦੀ, 6655 ਮਾਮਲੇ, ਛੱਤੀਸ਼ਗੜ• (91.3 ਫੀਸਦੀ, 3008 ਮਾਮਲੇ) ਰਾਜਸਥਾਨ ਵਿੱਚ (58.5 ਫੀਸਦੀ, 7144 ਮਾਮਲੇ) ਦਰਜ਼ ਹੋਈ ਹੈ। ਐਨ.ਸੀ.ਆਰ.ਬੀ. ਦੀ ਰਿਪੋਰਟ ਅਨੁਸਾਰ 2014 ਵਿੱਚ ਅਨੁਸੂਚਿਤ ਜਾਤੀਆਂ ਵਿਰੁੱਧ ਜੁਰਮ ਦੇ 1130 ਮਾਮਲੇ ਸਾਹਮਣੇ ਆਏ। ਬਲਾਤਕਾਰ (ਦਲਿਤਾਂ ਦੇ) 2004 ਵਿੱਚ 24 ਮਾਮਲੇ ਸਨ, ਜਦੋਂ ਕਿ 2014 ਵਿੱਚ ਵਧ ਕੇ 74 ਹੋ ਗਏ। ਦਲਿਤਾਂ ਬਾਰੇ ਕੰਮ ਕਰਨ ਵਾਲੀ ਗੈਰ-ਮੁਨਾਫਾ ਕਮਾਊ ਸੰਸਥਾ ਵਿਸਰਜਨ ਮੁਤਾਬਕ ਛੂਤ-ਛਾਤ ਦੇ ਮਾਮਲੇ ਵਿੱਚ ਗੁਜਰਾਤ ਬਾਕੀ ਸੂਬਿਆਂ ਨੂੰ ਪਿੱਛੇ ਛੱਡ ਗਿਆ ਹੈ। 
ਅਜਿਹੀਆਂ ਹਾਲਤਾਂ ਦੇ ਹੁੰਦਿਆਂ ਦਲਿਤਾਂ ਦਾ ਗੁੱਸਾ ਜੋ ਸਾਹਮਣੇ ਆਇਆ ਹੈ, ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ ਵਰਿ•ਆਂ/ਦਹਾਕਿਆਂ ਦਾ ਅੰਦਰ ਦੱਬਿਆ ਵਿਦਰੋਹੀ ਜਜ਼ਬਾ ਸੀ, ਜਿਸ ਨੇ ਭਾਜਪਾ ਹਕੂਮਤ ਨੂੰ ਕੰਬਣੀਆਂ ਛੇੜੀਆਂ ਹਨ ਅਤੇ ਜੋ ਦਲਿਤ 2002 ਵਿੱਚ ਆਰ.ਐਸ.ਐਸ. ਦੇ ਮੁਸਲਿਮ ਵਿਰੋਧੀ ਹਮਲੇ ਸਮੇਂ ਗੁੰਮਰਾਹ ਹੋ ਕੇ ਨਾਲ ਤੁਰ ਪਏ ਸਨ, ਉਹਨਾਂ ਹੀ ਦਲਿਤਾਂ ਦੀ ਮੁਸਲਿਮ ਭਾਈਚਾਰੇ ਵੱਲੋਂ ਡਟਵੀਂ ਹਮਾਇਤ ਕੀਤੀ ਗਈ, ਜੋ ਭਾਜਪਾ/ਆਰ.ਐਸ.ਐਸ. ਲਈ ਕਰਾਰੀ ਪਛਾੜ ਸਾਬਤ ਹੋਈ ਹੈ।
ਕਰਨਾਟਕ ਵਿੱਚ ਮਚਾਇਆ ਆਤੰਕ
ਊਨਾ ਵਾਲੀ ਘਟਨਾ ਤੋਂ ਇੱਕ ਦਿਨ ਪਹਿਲਾਂ ਬੰਗਲੌਰ ਤੋਂ 300 ਕਿਲੋਮੀਟਰ ਦੂਰ ਜੈਪੁਰਾ (ਚਿਕਮਗਲੂਰ) ਦੇ ਨੇੜੇ ਸ਼ਾਂਤੀਪੁਰ ਪਿੰਡ ਵਿੱਚ ਕਰੀਬ 25 ਦੇ ਕਰੀਬ ਅਖੌਤੀ ਗਊ ਰਾਖਿਆਂ ਨੇ (ਬਜਰੰਗ ਦਲੀਆਂ ਨੇ) ਗਊ ਚੁਰਾ ਕੇ ਮਾਰਨ ਦਾ ਇਲਜ਼ਾਮ ਲਾ ਕੇ ਪੰਜ ਦਲਿਤਾਂ 'ਤੇ ਹਮਲਾ ਕਰ ਦਿੱਤਾ। ਲਾਠੀਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਬਜਰੰਗ ਦਲੀਆਂ ਨੇ ਪੁਲਸ ਦੇ ਪਹੁੰਚਣ ਤੋਂ ਬਾਅਦ ਵੀ ਲਗਾਤਾਰ ਕੁੱਟਮਾਰ ਜਾਰੀ ਰੱਖੀ। ਦੋਸ਼ੀ ਹਿੰਦੂਤਵ ਬ੍ਰੀਗੇਡ ਦੇ ਬਜਰੰਗ ਦਲ ਤੇ ਹਿੰਦੂ ਜਾਗਰਣ ਦੇਵੀਕੇ ਦੇ ਆਗੂ ਸਨ। ਅੱਜ ਕੱਲ• ਉਹ ਇਹ ਦੋਸ਼ ਲਾ ਕੇ ਹਮਲੇ ਕਰਦੇ ਹਨ ਕਿ ਤੁਸੀਂ ਅਸਾਮੀਆਂ, ਬੰਗਲਾਦੇਸ਼ੀ ਘੁਸਪੈਂਠੀਆ ਜੋ ਅੱਤਵਾਦੀ ਹਨ, ਨੂੰ ਮੀਟ ਵੇਚਦੇ ਹੋ। ਪ੍ਰਵੀਨ ਖੰਡੀਆ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਹੈ ਤੇ ਉਸ ਖਿਲਾਫ ਦੰਗੇ, ਅਗਵਾ, ਨਾਜਇਜ਼ ਹਿਰਾਸਤ ਵਿੱਚ ਰੱਖਣ ਆਦਿ ਦੇ 25 ਕੇਸ ਦਰਜ਼ ਹਨ ਤੇ ਇੱਕ ਫਾਇਨਾਂਸਰ ਨੂੰ ਅਗਵਾ ਕਰਨ ਦੇ ਕੇਸ ਵਿੱਚ ਫਰਾਰ ਹੈ, ਉਸ ਨੇ ਇਹ ਗਰੋਹ ਜਥੇਬੰਦ ਕੀਤਾ ਹੈ। ਉਸਦਾ ਪੁਲਸ ਅਤੇ ਰਾਜਨੇਤਾਵਾਂ ਖਾਸ ਕਰਕੇ ਭਾਜਪਾ ਵਿਧਾਇਕਾਂ ਨਾਲ ਪੂਰਾ ਤਾਲਮੇਲ ਹੈ। ਇੱਕ ਹੋਰ ਦੇ ਮਾਮਲੇ ਵਿੱਚ 12 ਜੁਲਾਈ ਨੂੰ ਭਾਜਪਾ ਦੇ ਇੱਕ ਨਾਮਵਰ ਆਗੂ ਦੀ ਅਗਵਾਈ ਹੇਠਲੇ ਗੈਂਗ ਨੇ ਪਸ਼ੂਆਂ ਵਾਲੀ ਗੱਡੀ ਨੂੰ ਰੋਕਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਵਿੱਚ ਵੀ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਗੈਂਗ ਨੇ ਹਮਲਾ ਕਰ ਕੀਤਾ ਅਤੇ ਮਜਬੂਰ ਕੀਤਾ ਕਿ ਕੋਈ ਸ਼ਿਕਾਇਤ ਦਰਜ ਕਰਵਾਈ ਨਾ ਜਾਵੇ। ਨਾਲ ਹੀ ਅਸਾਮੀ ਖੇਤ ਮਜ਼ਦੂਰਾਂ ਨੂੰ ਜ਼ਿਲ•ੇ ਵਿੱਚ ਦਾਖਲ ਹੋਣ ਤੋਂ ਇਹ ਕਹਿ ਕੇ ਰੋਕਿਆ ਜਾ ਰਿਹਾ ਕਿ ਉਹ ਗਊ ਮਾਸ ਖਾਂਦੇ ਹਨ। 
ਮੱਧ ਪ੍ਰਦੇਸ਼ ਵਿੱਚ ਮੁਸਲਿਮ ਔਰਤਾਂ 'ਤੇ ਹਮਲਾ
ਮੱਧ ਪ੍ਰਦੇਸ਼ ਦੇ ਮੰਦਸੌਰ ਰੇਲਵੇ ਸਟੇਸ਼ਨ 'ਤੇ 30-40 ਲੋਕਾਂ ਨੇ ਰੇਲ ਗੱਡੀ ਦੀ ਤਲਾਸ਼ੀ ਲਈ ਅਤੇ 2 ਮੁਸਲਿਮ ਔਰਤਾਂ 'ਤੇ ਗਊ ਮਾਸ ਦੇ ਵਪਾਰ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਭਾਰੀ ਕੁੱਟਮਾਰ ਕੀਤੀ ਗਈ। ਜਾਂਚ ਤੋਂ ਪਤਾ ਲੱਗਾ ਕਿ ਇਹ ਗਊ ਮਾਸ ਨਹੀਂ ਸਗੋਂ ਮੱਝ ਦਾ ਮੀਟ ਸੀ। ਪੁਲਸ ਦੀ ਮੌਜੂਦਗੀ ਵਿੱਚ ਔਰਤਾਂ 'ਤੇ ਹਮਲਾ ਹੋਇਆ ਅਤੇ ਵੀਡੀਓ ਬਣਾਈ ਗਈ ਪਰ ਮੱਧ ਪ੍ਰਦੇਸ਼ ਦਾ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਕਹਿੰਦਾ ਹੈ ਕਿ ਇਹ ਯਾਤਰੀਆਂ ਦਾ ਯਾਤਰੀਆਂ ਨਾਲ ਝਗੜਾ ਸੀ। ਉਹ ਕਹਿੰਦਾ ਹੈ ਕਿ ਰਤਲਾਮ ਵਿੱਚ 2 ਔਰਤਾਂ ਫੜੀਆਂ ਗਈਆਂ ਹਨ, ਜਿਹਨਾਂ ਤੋਂ ਮਿਲੇ ਮਾਸ ਬਾਰੇ ਪੱਕਾ ਹੈ ਕਿ ਗਊ ਮਾਸ ਹੀ ਸੀ, ਪਰ ਲੈਬਾਰਟਰੀ 'ਚ ਭੇਜਿਆ ਗਿਆ ਹੈ ਤੇ 7 ਸਾਲ ਦੀ ਕੈਦ ਹੋ ਸਕਦੀ ਹੈ। ਬੇਸ਼ਰਮੀ ਨਾਲ ਕੇਂਦਰੀ ਸਮਾਜਿਕ ਨਿਆਂ ਮੰਤਰੀ ਕਹਿੰਦਾ ਹੈ ਕਿ  ਇਹ ਗਊ ਰੱਖਿਆ ਦਲ ਸਮਾਜਿਕ ਸੰਸਥਾਵਾਂ ਹਨ, ਜੋ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਬਣਾਈਆਂ ਜਾਂਦੀਆਂ ਹਨ।  ਸਪੱਸ਼ਟ ਰੂਪ ਵਿੱਚ ਇਹਨਾਂ ਨੂੰ ਜਾਇਜ ਅਤੇ ਜ਼ਰੂਰੀ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਇਸੇ ਤਰ•ਾਂ ਝਾਰਖੰਡ ਦੇ ਲਾਤੇਹਾਰ ਵਿੱਚ 2 ਪਸ਼ੂ ਵਪਾਰੀਆਂ ਨੂੰ ਗਊ ਤਸਕਰਾਂ ਦੇ ਨਾਂ 'ਤੇ ਮਾਰ ਕੇ ਰੁਖ ਉੱਪਰ ਟੰਗ ਦਿੱਤਾ ਗਿਆ। ਮੁਜ਼ੱਫਰਪੁਰ ਵਿੱਚ ਭਾਜਪਾ ਨਾਲ ਸਬੰਧਤ ਧਨਾਢਾਂ ਨੇ ਦੋ ਦਲਿਤ ਨੌਜਵਾਨਾਂ ਰਾਜੀਵ ਪਾਸਵਾਨ ਅਤੇ ਮੁੰਨਾ ਪਾਸਵਾਨ ਜੋ ਬਾਬੂਟੋਲਾ ਵਿੱਚ ਇੱਕ ਜੱਗ ਵਿੱਚ ਗਏ ਸਨ, ਜਿੱਥੇ ਉਹਨਾਂ ਦਾ ਮੋਟਰ ਸਾਈਕਲ ਗੁੰਮ ਹੋ ਗਿਆ। ਉਸਦੀ ਭਾਲ ਕਰਦਿਆਂ ਠਾਕਰਾਂ ਨੇ ਫੜ ਕੇ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਪਿੰਡ ਦੇ ਮੁਖੀਆਂ ਦੇ ਕਹਿਣ 'ਤੇ ਉਸ ਦੇ ਮੂੰਹ ਵਿੱਚ ਪੇਸ਼ਾਬ ਕੀਤਾ। ਇਸੇ ਤਰ•ਾਂ ਹਰਿਆਣੇ ਦੇ ਮੇਵਾਤ ਵਿੱਚ ਵੀ ਦੋ ਲੋਕਾਂ ਨੂੰ ਜਬਰਦਸਤੀ ਗਊ ਦਾ ਪਿਸ਼ਾਬ ਪਿਆਇਆ ਗਿਆ ਅਤੇ ਗੋਹਾ ਗੁਆਇਆ ਗਿਆ ਅਤੇ ਵੀਡੀਓ ਬਣਾਈ ਗਈ ਜਿਸ ਨੂੰ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤਾ। ਹਰਿਆਣਾ ਦੇ ਹੀ ਗੰਗੇਰ ਕੋਲ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। 
ਮੁਸ਼ਤੈਨ ਹੱਤਿਆ ਕਾਂਡ
ਸਹਾਰਨਪੁਰ ਦਾ 27 ਸਾਲਾ ਅੱਬਾਸ ਮੁਸਤੈਨ ਮੱਝਾਂ ਖਰੀਦਣ ਲਈ 5 ਮਾਰਚ ਸਵੇਰੇ 9 ਵਜੇ ਘਰੋਂ ਨਿਕਲਿਆ, ਪਰ ਵਾਪਸ ਘਰ ਨਹੀਂ ਪੁੱਜਿਆ। ਬਾਅਦ ਵਿੱਚ ਕੁੱਝ ਦਿਨ ਬਾਅਦ ਉਸਦੇ ਪਿਤਾ ਨੂੰ ਖਬਰ ਮਿਲੀ ਕਿ ਆਖਰੀ ਵਾਰ ਉਸਨੂੰ ਸ਼ਾਹਬਾਦ ਇਲਾਕੇ ਵਿੱਚ ਵੇਖਿਆ ਗਿਆ ਸੀ। ਉਸ ਦੇ ਪਿਤਾ ਤਾਹਿਰ ਹਸਨ ਨੇ ਸ਼ਾਹਬਾਦ ਪੁਲਸ ਕੋਲ ਪਹੁੰਚ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਛੱਡ ਦਿੱਤਾ ਜਾਵੇਗਾ ਉਸ ਨਾਲ ਗਾਲ ਮੰਦਾ ਵੀ ਕੀਤਾ ਗਿਆ। ਇਸ ਤੋਂ ਸ਼ੱਕ ਹੋਣ 'ਤੇ ਕਿ ਉਹ ਪੁਲਸ ਹਿਰਾਸਤ ਵਿੱਚ ਹੀ ਹੈ, ਉਸਦੇ ਪਿਤਾ ਨੇ ਹਾਈਕੋਰਟ ਵਿੱਚ ਮੁਸਤੈਨ ਨੂੰ ਪੁਲਸ ਰਾਹੀਂ ਪੇਸ਼ ਕਰਨ ਦੀ ਅਰਜੀ ਦਾਇਰ ਕਰ ਦਿੱਤੀ। ਹਾਈਕੋਰਟ ਦੁਆਰਾ ਨਿਯੁਕਤ ਵਾਰੰਟ ਅਫਸਰ ਦੀ ਰਿਪੋਰਟ ਤੋਂ ਪਤਾ ਲੱਗਾ ਕਿ 5-6 ਮਾਰਚ ਦੀ ਰਾਤ ਨੂੰ ਸ਼ਾਹਬਾਦ ਡੈਰੀ, ਵਿੱਚ ਅਖੌਤੀ ਗਊ ਰਾਖਿਆ ਨੇ ਇੱਕ ਗੱਡੀ ਜਿਸ ਵਿੱਚ ਪੰਜ ਪਸ਼ੂ ਸਨ, ਨੂੰ ਰੋਕਿਆ ਅਤੇ ਗੱਡੀ ਵਿੱਚ ਬੈਠੇ ਲੋਕਾਂ ਨੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। 6 ਮਾਰਚ ਨੂੰ ਸ਼ਾਹਬਾਦ ਪੁਲਸ ਨੇ ਗੱਡੀ ਸਵਾਰਾਂ 'ਤੇ ਧਾਰਾ 307 ਆਈ.ਪੀ.ਸੀ., ਪਸ਼ੂ ਜ਼ੁਲਮ ਰੋਕੂ ਐਕਟ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ਼ ਕਰ ਲਿਆ। ਪੁਲਸ ਦਾ ਕਹਿਣਾ ਸੀ ਕਿ ਮੁਸਤੈਨ ਵੀ ਇਹਨਾਂ ਫਰਾਰ ਲੋਕਾਂ ਵਿੱਚ ਸੀ। ਫਿਰ ਤਾਹਿਰ ਦੀ ਅਰਜੀ 'ਤੇ ਅਦਾਲਤ ਨੇ ਇਹ ਕਹਿੰਦਿਆਂ ਕਿ ਗਊ ਰਾਖਿਆਂ ਨੂੰ ਪੁਲਸ ਅਤੇ ਨੇਤਾਵਾਂ ਦਾ ਆਸ਼ੀਰਵਾਦ ਪ੍ਰਾਪਤ ਹੈ, ਇਸ ਲਈ ਨਿਰਪੱਖ ਜਾਂਚ ਨਹੀਂ ਹੋ ਸਕਦੀ, ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ। ਇਸ ਫਿਟਕਾਰ ਤੋਂ ਬਾਅਦ ਪੁਲਸ ਨੇ ਤਾਹਿਰ ਨੂੰ ਮੁਸਤੈਨ ਦੀ ਲਾਸ਼ ਦੀ ਸ਼ਨਾਖਤ ਵਾਸਤੇ ਬੁਲਾਇਆ ਅਤੇ ਹੱਤਿਆ ਬਾਰੇ ਐਫ.ਆਈ.ਆਰ. ਦਰਜ਼ ਕੀਤੀ। ਪੁਲਸ, ਸਿਆਸਤਦਾਨ ਅਤੇ ਗਊ ਰਾਖਿਆਂ ਦੇ ਗੱਠਜੋੜ ਨੂੰ ਬੇਪਰਦ ਕਰਨ ਲਈ ਉਪਰੋਕਤ ਮੁਸਤੈਨ ਕਤਲ ਕਾਂਡ ਨਾਲ ਸਪੱਸ਼ਟ ਕੜੀ-ਜੋੜ ਬਾਰੇ ਯਮਨਾਨਗਰ ਦਾ ਇੰਜੀਨੀਅਰ ਦਾ ਗਰੈਜੂਏਟ ਅਖੌਤੀ ਗਊ-ਰਾਖਾ ਰੋਹਿਤ ਚੌਧਰੀ ਕੀ ਬਿਆਨ ਕਰਦਾ ਹੈ, ''ਸਾਡਾ ਆਪਣਾ ਖਬਰਚੀਆਂ ਦਾ (ਪੁਲਸ ਵਾਂਗ) ਨੈੱਟਵਰਕ ਹੈ। ਆਪਣੇ ਆਪ ਨੂੰ ਆਰ.ਐਸ.ਐਸ. ਦਾ ਮੈਂਬਰ ਹੋਣ ਦਾ ਦਾਅਵਾ ਕਰਦਾ ਹਾਂ, ਸਾਡੇ ਖਬਰਚੀਆਂ ਵਿੱਚ ਪਸ਼ੂ ਤਸਕਰ ਵੀ ਹਨ, ਜੋ ਆਪਣੇ ਵਿਰੋਧੀਆਂ ਨੂੰ ਸ਼ਰਾਬ ਪੈਸਾ ਜਾਂ ਨਿੱਜੀ ਹਿਸਾਬ ਬਰਾਬਰ ਕਰਨ ਲਈ ਮੁਖਬਰੀ ਕਰਦੇ ਹਨ ਅਤੇ ਉਹਨਾਂ ਨੂੰ ਦਬਾਉਂਦੇ ਹਨ।'' ਚੌਧਰੀ ਦੱਸਦਾ ਹੈ ਕਿ ''ਹਰੇਕ ਗਊ ਰੱਖਿਆ ਦਲ ਤਹਿ ਕੀਤੇ ਇਲਾਕੇ ਵਿੱਚ ਕੰਮ ਕਰਦਾ ਹੈ। ਉਹ ਯਮਨਾ ਬਾਰਡਰ ਸਹਾਰਨਪੁਰ (ਯੂ.ਪੀ.) ਦੇ ਨਾਲ ਨਾਲ ਹਥਨੀਕੁੰਡ ਤੋਂ ਕਰਨਾਲ ਤੱਕ 75 ਕਿਲੋਮੀਟਰ ਇਲਾਕਾ ਜੋ ਰਵਾਇਤੀ ਪਸ਼ੂ ਵਪਾਰ ਦੀ ਹੱਬ ਹੈ, 'ਤੇ ਕੰਟਰੋਲ ਕਰਦਾ ਹੈ। ਦਰਜ਼ਨਾਂ ਰੇਡਾਂ ਕਰਕੇ ਤਿੰਨ ਸਾਲਾਂ ਵਿੱਚ ਸੈਂਕੜੇ ਗਊਆਂ ਨੂੰ ਬਚਾ ਚੁੱਕਾ ਹੈ। ਦਸ ਵਿੱਚੋਂ ਅੱਠ ਵਪਾਰੀ ਮੁਸਲਮਾਨ ਹਨ, ਪਰ ਹਿੰਦੂ ਵੀ ਇਸ ਬੁਰਾਈ ਵਿੱਚ ਹਨ। ਗਊ ਕਸਮ ਅਸੀਂ ਗਊ ਨੂੰ ਮਾਂ ਮੰਨਦੇ ਹਾਂ, ਪਰ ਮੱਝਾਂ ਨੂੰ ਵੀ ਮਾਰਿਆ ਨਹੀਂ ਜਾਣਾ ਚਾਹੀਦਾ। ਹਿੰਦੂ ਕਿਸੇ ਵੀ ਪ੍ਰਾਣੀ ਨੂੰ ਮਾਰਨ ਵਿੱਚ ਯਕੀਨ ਨਹੀਂ ਰੱਖਦੇ'' ਮੁਸਤੈਨ ਦੀ ਹੱਤਿਆ ਬਾਰੇ ਬਿਆਨ ਕਰਦਿਆਂ ਚੌਧਰੀ ਕਹਿੰਦਾ ਹੈ ਕਿ ''ਸਾਨੂੰ ਅੱਬਾਸ (ਮੁਸਤੈਨ) ਦੀ ਗੱਡੀ ਬਾਰੇ ਮੁਖਬਰਾਂ ਰਾਹੀਂ ਸੂਚਨਾ ਮਿਲੀ ਸੀ। ਇਸ ਲਈ ਅਸੀਂ ਨਾਕਾ ਲਾਇਆ ਹੋਇਆ ਸੀ। ਮੇਰੇ ਸਹਾਇਕ ਗਊ ਸੇਵਕ ਨੇ ਪੁਲਸ ਨੂੰ ਬੁਲਾਇਆ। ਅਸੀਂ ਉਹਨਾਂ ਨਾਲ ਰੋਜ਼ਾਨਾ ਸਾਂਝਾ-ਅਪਰੇਸ਼ਨ ਕਰਦੇ ਹਾਂ। ਮੈਂ ਹਿੰਦੂ ਸਮਾਜ ਲਈ ਬਹੁਤ ਕੁੱਝ ਕੀਤਾ ਹੈ। ਮੈਂ ਮੁਸਲਿਮ ਗਊ ਵਪਾਰੀਆਂ ਦੀ ਕਮਰ ਤੋੜ ਦਿੱਤੀ ਹੈ, ਪਰ ਗ਼ੱਦਾਰ ਹਿੰਦੂ ਅਤੇ ਕੁੱਝ ਰਾਖੇ ਮੁਸਲਿਮ ਵਪਾਰੀਆਂ ਤੋਂ ਰਿਸ਼ਵਤ ਲੈਂਦੇ ਹਨ ਅਤੇ ਗਊਆਂ ਨੂੰ ਕਤਲ ਹੋਣ ਦਿੰਦੇ ਹਨ।'' ਚੌਧਰੀ ਦਾ ਇਹ ਬਿਆਨ ਕੀ ਭੁਲੇਖਾ ਰਹਿਣਾ ਦਿੰਦਾ ਹੈ ਕਿ ਆਰ.ਐਸ.ਐਸ., ਪੁਲਸ ਅਤੇ ਅਖੌਤੀ ਗਊ ਰਾਖਿਆਂ ਦਾ ਕੀ ਸਬੰਧ ਹੈ? 
ਇੱਕ ਦਿਨ ਚੌਧਰੀ ਵੱਟਸ ਅੱਪ 'ਤੇ ਗਊ ਰਾਖਿਆਂ ਵੱਲੋਂ ਡਰਾਈਵਰਾਂ ਦੀਆਂ ਅੱਖਾਂ ਚੁੰਧਿਆਉਣ ਲਈ ਵਰਤੀ ਜਾਣ ਵਾਲੀ ਅਤੇ ਲਹੂ ਨਾਲ ਭਿੱਜੀ ਹੋਈ ਚਿੱਟੀ ਟਾਰਚ ਦੀ ਫੋਟੋ ਪਾਉਂਦਾ ਹੈ, ਤੇ ਕੁੱਝ ਮਿੰਟ ਬਾਅਦ ਗਊ ਰਾਖਾ ਐਂਟਰਪ੍ਰਾਈਜ਼ ਦੇ ਚਿੰਨ• ਵਜੋਂ ਲਹੂ ਚੋਂਦੇ ਹੱਥ ਦੀ ਫੋਟੋ ਪਾਉਂਦਾ ਹੈ। ਕੁੱਝ ਦਿਨਾਂ ਬਾਅਦ ਮੁਸਤੈਨ ਦਾ ਚਚੇਰਾ ਭਰਾ ਵੀ ਵੱਟਸ ਅੱਪ 'ਤੇ ਚੌਧਰੀ ਦੀਆਂ ਫੋਟੋਆਂ ਪਾਉਂਦਾ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਇਹ ਅੱਬਾਸ ਦੀ ਲਾਸ਼ ਮਿਲਣ ਤੋਂ ਕੁੱਝ ਦਿਨ ਪਹਿਲਾਂ ਫੇਸ ਬੁੱਕ ਤੋਂ ਮਿਲੀਆਂ ਸਨ। ਇੱਕ ਫੋਟੋ ਵਿੱਚ ਚੌਧਰੀ ਤੇ ਉਸਦਾ ਗਰੁੱਪ ਚਿੱਟੀ ਪਿੱਕਅੱਪ ਵੈਨ ਦੇ ਸਾਹਮਣੇ ਖੁਸ਼ੀ ਵਿੱਚ ਖੜ•ੇ ਹਨ। ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਅੱਬਾਸ ਮੁਸਤੈਨ ਦੀ ਪਿੱਕ ਅੱਪ ਹੈ। ਬਚਾਈਆਂ ਹੋਈਆਂ ਗਊਆਂ ਨੂੰ ਚੌਧਰੀ ਆਪਣੀ ਗਊਸ਼ਾਲਾ ਵਿੱਚ ਲੈ ਗਿਆ ਅਤੇ ਉਸਦੇ ਭਾਈਵਾਲ ਉਸਦੀ ਗੱਡੀ ਤੇ ਉਹ ਆਪਣਾ ਆਪ ਮਾਂ ਭਾਰਤੀ ਨੂੰ ਸਮਰਪਣ ਕਰਨ ਦੀ ਗੱਲ ਕਰਦੇ ਹਨ।
ਇਹ ਵਿਸਥਾਰੀ ਘਟਨਾ ਕਰਮ ਉਸ ਸਭ ਤੋਂ ਪਰਦਾ ਲਾਹ ਦਿੰਦੇ ਹਨ, ਜੋ ਮੋਦੀ ਅਸਲੀ ਅਤੇ ਨਕਲੀ ਗਊ ਰਾਖਿਆਂ ਦੀ ਸ਼ਬਦਾਵਲੀ ਵਰਤ ਕੇ ਪਾਉਣਾ ਚਾਹੁੰਦਾ ਹੈ। ਅਸਲ ਵਿੱਚ ਮੋਦੀ ਸਰਕਾਰ ਆਰ.ਐਸ.ਐਸ. ਦੇ ਐਲਾਨੇ ਪ੍ਰੋਗਰਾਮ ਮੁਤਾਬਕ ਜਿੱਥੇ ਘੱਟ ਗਿਣਤੀਆਂ ਪ੍ਰਤੀ ਵੈਰ-ਭਾਵਨਾ ਰੱਖਦੀ ਹੈ, ਉੱਥੇ ਦਲਿਤਾਂ ਪ੍ਰਤੀ ਵੀ ਮੰਨੂਵਾਦੀ ਜਾਤਵਾਦੀ ਸੋਚ ਅਤੇ ਤੁਅੱਸਬੀ ਭਾਵਨਾ ਨਾਲ ਭਰੀ ਹੋਈ ਹੈ, ਕਿਉਂਕਿ ਹਿੰਦੂ, ਪੁਨਰ-ਉਥਾਨ ਅਤੇ ਮੁੜ-ਬਹਾਲੀ ਦੇ ਚਿਤਵੇ ਆਪਣੇ ਭਵਿੱਖ ਨਕਸ਼ੇ ਦੇ ਤਹਿਤ ਉਹ ਪ੍ਰਾਚੀਨ ਤੇ ਜਾਗੀਰੂ ਕਦਰਾਂ ਕੀਮਤਾਂ ਤੇ ਸਮਾਜਿਕ ਬਣਤਰ ਦੇ ਹੀ ਸੁਪਨੇ ਸੱਚ ਕਰਨ ਦੇ ਰਾਹ ਪਈ ਹੋਈ ਹੈ। ਦਲਿਤ ਵੇਦਨਾ ਅਤੇ ਵਿਤਕਰਿਆਂ ਦਾ ਮੁਕੰਮਲ ਖਾਤਮਾ ਭਾਵੇਂ ਇਨਕਲਾਬੀ ਜੰਗ ਨਾਲ ਨਵਾਂ ਸਮਾਜ ਉਸਾਰੇ ਬਿਨਾ ਸੰਭਵ ਨਹੀਂ, ਪਰ ਹਾਕਮਾਂ ਦੇ ਫਿਰਕੂ ਫਾਸ਼ੀ ਤੇ ਪਿਛਾਂਹ-ਖਿੱਚੂ ਹਮਲਿਆਂ ਦਾ ਪੈਰ ਪੈਰ 'ਤੇ ਡਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ੦-੦

ਮਾਓ-ਜ਼ੇ-ਤੁੰਗ ਦੀ 40ਵੀਂ ਬਰਸੀ


ਮਾਓ-ਜ਼ੇ-ਤੁੰਗ ਦੀ 40ਵੀਂ ਬਰਸੀ 'ਤੇ
ਜ਼ਰੱਈ ਇਨਕਲਾਬੀ ਜੰਗ ਦੀ ਉਸਾਰੀ ਬਨਾਮ ਸੱਜੇ ਸੋਧਵਾਦ ਦੀ ਇੱਕ ਵੰਨਗੀ
-ਨਵਜੋਤ
9 ਸਤੰਬਰ 2016 ਨੂੰ ਕੌਮਾਂਤਰੀ ਪ੍ਰੋਲੇਤਾਰੀ ਦੇ ਮਹਾਨ ਰਹਿਬਰ ਮਾਓ-ਜ਼ੇ-ਤੁੰਗ ਦੀ 40ਵੀਂ ਬਰਸੀ ਹੈ। ਉਹ ਕਥਨੀ ਅਤੇ ਕਰਨੀ ਦੇ ਸੁਮੇਲ ਦੇ ਮਹਾਨ ਮੁਜੱਸਮਾ ਸਨ। ਚੀਨੀ ਇਨਕਲਾਬ ਲਈ ਲੜੀ ਗਈ ਜੰਗ ਦੀਆਂ ਤਰਥੱਲੀਆਂ ਦੌਰਾਨ ਅਤੇ ਖੁਰਸ਼ਚੇਵ ਮਾਰਕਾ ਸੱਜੇ ਸੋਧਵਾਦ ਨਾਲ ਲੋਹਾ ਲੈਂਦਿਆਂ, ਉਹਨਾਂ ਵੱਲੋਂ ਮਾਰਕਸਵਾਦ-ਲੈਨਿਨਵਾਦ ਨੂੰ ਵਿਕਸਤ ਕਰਦਿਆਂ ਮਾਓ-ਜ਼ੇ-ਤੁੰਗ ਵਿਚਾਰਾਧਾਰਾ ਦੀ ਟੀਸੀ ਤੱਕ ਪਹੁੰਚਾਇਆ ਗਿਆ ਅਤੇ ਪ੍ਰੋਲੇਤਾਰੀ ਦਾ ਇਹ ਅਮਿੱਟ ਵਿਗਿਆਨਕ-ਵਿਚਾਰਧਾਰਕ ਖਜ਼ਾਨਾ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਬਣ ਗਿਆ। 
ਲਮਕਵਾਂ ਲੋਕ-ਯੁੱਧ ਮਾਓ-ਜ਼ੇ-ਤੁੰਗ ਵਿਚਾਰਧਾਰਾ ਦੇ ਅਮਿੱਟ ਖਜ਼ਾਨੇ ਦਾ ਇੱਕ ਅਨਿੱਖੜਵਾਂ ਅਤੇ ਬੁਨਿਆਦੀ ਅੰਗ ਹੈ। ਲਮਕਵਾਂ ਲੋਕ ਯੁੱਧ ਸਭਨਾਂ ਅਰਧ-ਜਾਗੀਰੂ ਅਰਧ-ਬਸਤੀਵਾਦੀ ਮੁਲਕਾਂ ਦੇ ਸਾਮਰਾਜ ਵਿਰੋਧੀ ਅਤੇ ਜਾਗੀਰਦਾਰ ਵਿਰੋਧੀ ਇਨਕਲਾਬਾਂ (ਨਵ-ਜਮਹੂਰੀ ਇਨਕਲਾਬਾਂ) ਦੀ ਫੌਜੀ ਯੁੱਧਨੀਤੀ ਜਾਂ ਫੌਜੀ ਲੀਹ ਹੈ। ਲਮਕਵੇਂ ਲੋਕ ਦੇ ਪੰਜ ਬੁਨਿਆਦੀ/ਮੂਲ ਪੱਖ ਇਹ ਬਣਦੇ ਹਨ: (1) ਪ੍ਰੋਲੇਤਾਰੀ ਪਾਰਟੀ ਦੀ ਅਗਵਾਈ ਹੇਠ ਹਥਿਆਰਬੰਦ ਘੋਲ ਸੰਘਰਸ਼ ਦੀ ਪ੍ਰਮੁੱਖ ਸ਼ਕਲ ਹੋਵੇਗੀ ਅਤੇ ਫੌਜ ਜਨਤਾ ਦੀ ਜਥੇਬੰਦੀ ਦੀ ਪ੍ਰਮੁੱਖ ਸ਼ਕਲ ਹੋਵੇਗੀ; (2) ਹਥਿਆਰਬੰਦ ਘੋਲ ਲਮਕਵੀਂ ਗੁਰੀਲਾ ਜੰਗ ਦੀ ਸ਼ਕਲ ਅਖਤਿਆਰ ਕਰੇਗਾ; ਇਸਦੇ ਸਿਲਸਿਲੇਵਾਰ ਵਿਕਾਸ ਨਾਲ ਇਹ ਚਲਾਇਮਾਨ ਜੰਗ ਅਤੇ ਟਿਕਵੀਂ ਜੰਗ ਦੀਆਂ ਸ਼ਕਲਾਂ ਵੀ ਅਖਤਿਆਰ ਕਰੇਗਾ; (3) ਨਵ-ਜਮਹੂਰੀ ਇਨਕਲਾਬ ਦੇ ਸਮੁੱਚੇ ਦੌਰ ਅੰਦਰ ਇਹ, ਤੱਤ ਰੂਪ ਵਿੱਚ ਕਿਸਾਨ ਜੰਗ ਹੋਵੇਗਾ; (4) ਹਥਿਆਰਬੰਦ ਘੋਲ ਪ੍ਰਮੁੱਖ ਤੌਰ 'ਤੇ ਕਿਸਾਨ ਜਨਤਾ ਅਤੇ ਪੇਂਡੂ ਖੇਤਰ ਵਿੱਚ ਕੇਂਦਰਤ ਹੋਣ ਕਰਕੇ, ਸਿਆਸੀ ਤਾਕਤ ਨੂੰ ਪਹਿਲਾਂ ਪੇਂਡੂ ਖੇਤਰ ਅੰਦਰ ਆਧਾਰ ਇਲਾਕੇ ਸਥਾਪਤ ਕਰਦਿਆਂ ਖੋਹਿਆ ਜਾਵੇਗਾ ਅਤੇ ਇਉਂ, ਸ਼ਹਿਰਾਂ ਨੂੰ ਘੇਰਦਿਆਂ, ਅਖੀਰ ਉੱਥੇ ਸਿਆਸੀ ਸੱਤਾ 'ਤੇ ਕਾਬਜ਼ ਹੋਇਆ ਜਾਵੇਗਾ; (5) ਹਥਿਆਰਬੰਦ ਘੋਲ ਇਨਕਲਾਬ ਦਾ ਇੱਕ ਬੁਨਿਆਦੀ ਸੁਆਲ/ਇੱਕ ਬੁਨਿਆਦੀ ਲੱਛਣ/ਇੱਕ ਪ੍ਰਮੁੱਖ ਹਥਿਆਰ ਹੈ, ਜਿਹੜਾ ਇਨਕਲਾਬ ਦੇ ਦੋ ਹੋਰਨਾਂ ਬੁਨਿਆਦੀ ਸੁਆਲਾਂ/ਬੁਨਿਆਦੀ ਲੱਛਣਾਂ/ਪ੍ਰਮੁੱਖ ਜਾਦੂਮਈ ਹਥਿਆਰਾਂ— ਇਨਕਲਾਬੀ ਸਾਂਝੇ ਮੋਰਚੇ ਅਤੇ ਕਮਿਊਨਿਸਟ ਪਾਰਟੀ— ਨਾਲ ਅਨਿੱਖੜਵੇਂ/ਇੱਕਦੇਹ ਰੂਪ ਵਿੱਚ ਜੁੜਿਆ ਹੋਇਆ ਹੈ। 
ਇਹਨਾਂ ਵਿੱਚੋਂ ਪਹਿਲਾ ਪੱਖ ਲਮਕਵੇਂ ਲੋਕ ਯੁੱਧ ਦੀ ਟੇਕ ਬਣਦਾ ਹੈ। 
ਇਹਨਾਂ ਪੰਜਾਂ ਵਿੱਚ ਇੱਕ ਬੁਨਿਆਦੀ/ਮੂਲ ਪੱਖ ਹੈ ਕਿ ਨਵ-ਜਮਹੂਰੀ ਇਨਕਲਾਬ ਦੇ ਸਮੁੱਚੇ ਦੌਰ ਅੰਦਰ ਇਹ, ਤੱਤ ਰੂਪ ਵਿੱਚ, ਕਿਸਾਨ ਜੰਗ ਹੋਵੇਗਾ। ਮਾਓ-ਜ਼ੇ-ਤੁੰਗ ਵੱਲੋਂ ਚੀਨ ਅੰਦਰ ਚੱਲੇ ਲਮਕਵੇਂ ਹਥਿਆਰਬੰਦ ਘੋਲ ਬਾਰੇ ਗੱਲ ਕਰਦਿਆਂ ਕਿਹਾ ਗਿਆ ਸੀ ਕਿ ''ਚੀਨ ਅੰਦਰ ਹਥਿਆਰਬੰਦ ਘੋਲ ਤੱਤ ਰੂਪ ਵਿੱਚ ਕਿਸਾਨ ਜੰਗ ਹੈ ਅਤੇ ਕਿਸਾਨੀ ਨਾਲ ਪਾਰਟੀ ਦੇ ਸਬੰਧ ਅਤੇ ਇਸਦੇ ਕਿਸਾਨ ਜੰਗ ਨਾਲ ਨੇੜਲੇ ਸਬੰਧ ਇੱਕੋ ਅਤੇ ਉਹੀ ਚੀਜ਼ ਹਨ।) (ਕਮਿਊਨਿਸਟ ਨਾਲ ਜਾਣ-ਪਛਾਣ, ਗ੍ਰੰਥ-2 ਸਫਾ 287) ''ਚੀਨੀ ਕਮਿਊਨਿਸਟ ਪਾਰਟੀ ਦੁਆਰਾ ਵਿੱਢਿਆ ਹਥਿਆਰਬੰਦ ਘੋਲ ਪ੍ਰੋਲੇਤਾਰੀ ਦੀ ਅਗਵਾਈ ਹੇਠਲੀ ਕਿਸਾਨ ਜੰਗ ਹੈ। (ਹਵਾਲਾ ਉਹੀ, ਸਫਾ-291) ਇਹ ਕਿਸਾਨ ਜੰਗ ਕਿਸਾਨ ਜਨਤਾ ਦੀ ਹਥਿਆਰਬੰਦ ਫੌਜੀ ਜਥੇਬੰਦੀ ਦੇ ਸਿਰ 'ਤੇ ਹੀ ਲੜੀ ਜਾ ਸਕਦੀ ਹੈ। ਅਜਿਹੀ ਕਿਸਾਨ ਜੰਗ ਕਿਉਂਕਿ ਮੌਜੂਦਾ ਪਿਛਾਖੜੀ ਰਾਜ ਦੇ ਖਿਲਾਫ ਜੰਗ ਹੈ, ਇਸ ਨੂੰ ਤਹਿਸ਼-ਨਹਿਸ਼ ਕਰਦੇ ਹੋਏ ਨਵ-ਜਮਹੂਰੀ ਰਾਜ ਸਥਾਪਤ ਕਰਨ ਲਈ ਲੜੀ ਜਾ ਰਹੀ ਜੰਗ ਹੈ। ਇਸ ਲਈ, ਅਜਿਹੀ ਜੰਗ ਦੀ ਚਾਹੇ ਤਿਆਰੀ ਦਾ ਅਮਲ ਹੈ ਅਤੇ ਚਾਹੇ ਤਿਆਰੀ ਤੋਂ ਬਾਅਦ ਜੰਗ ਛੇੜਨ ਤੇ ਚਲਾਉਣ ਦਾ ਅਮਲ ਹੈ, ਇਹ ਖੁੱਲ•ੇਆਮ ਅਤੇ ਕਾਨੂੰਨੀ ਵਲਗਣਾਂ ਅੰਦਰ ਰਹਿ ਕੇ ਕਦਾਚਿਤ ਨਹੀਂ ਚਲਾਏ ਜਾ ਸਕਦੇ। ਇਹ ਸਾਰਾ ਅਮਲ ਪਿਛਾਖੜੀ ਹਾਕਮ ਜਮਾਤਾਂ ਦੀਆਂ ਨਜ਼ਰਾਂ ਵਿੱਚ ਬਗਾਵਤ ਦੀ ਤਿਆਰੀ ਹੈ, ਬਗਾਵਤ ਹੈ, ''ਖੱਬੇ ਪੱਖੀ ਅੱਤਵਾਦ'' ਹੈ, ਰਾਜ-ਭਾਗ ਤੋਂ ਨਾਬਰੀ ਹੈ— ਇਸ ਲਈ ਇਹ ਵਰਜਿਤ ਹੈ, ਅਤੇ ਇਹ ਹਿੰਸਕ ਰਾਜ ਦੀ ''ਕੁਚਲ ਦਿਓ'' ਦੀ ਵਹਿਸ਼ੀਆਨਾ ਮਾਰ ਹੇਠ ਆਉਣ ਲਈ ਬੱਝਿਆ ਹੋਇਆ ਹੈ। ਇਸ ਲਈ ਕਿਸਾਨ ਜੰਗ (ਇਨਕਲਾਬੀ ਜ਼ਰੱਈ ਜੰਗ) ਦੀ ਤਿਆਰੀ ਦਾ ਅਮਲ ਐਨ ਸ਼ੁਰੂ ਤੋਂ ਹੀ ਗੈਰ-ਕਾਨੂੰਨੀ ਅਤੇ ਗੁਪਤ ਫੌਜੀ-ਸਿਆਸੀ ਤਰਜ਼ੇ-ਅਮਲ ਅਤੇ ਵਿਉਂਤਬੰਦੀ ਰਾਹੀਂ ਚਲਾਉਣ ਦੀ ਸ਼ਰਤੀਆ ਲੋੜ ਖੜ•ੀ ਹੁੰਦੀ ਹੈ। ਇਸ ਅਮਲ ਨੂੰ ਆਪਣੀ ਪ੍ਰਮੁੱਖ ਧੁੱਸ ਬਣਾਉਂਦਿਆਂ, ਸੰਘਰਸ਼ ਅਤੇ ਜਥੇਬੰਦੀ ਦੀਆਂ ਕਾਨੂੰਨੀ, ਖੁੱਲ•ੀਆਂ ਅਤੇ ਪੁਰਅਮਨ ਘੋਲ-ਸ਼ਕਲਾਂ ਅਤੇ ਜਥੇਬੰਦੀਆਂ ਦੀ ਅਣਸਰਦੀ ਲੋੜ ਅਤੇ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਚਾਹੇ ਇਹਨਾਂ ਦਾ ਰੋਲ ਅਤੇ ਸਥਾਨ ਦੋਮ ਬਣਦਾ ਹੈ ਅਤੇ ਕਿਸਾਨ ਜੰਗ ਤੇ ਜਥੇਬੰਦੀ ਦੇ ਮਾਤਹਿਤ ਬਣਦਾ ਹੈ। 
ਇਸਦਾ ਮਤਲਬ ਹੈ ਕਿ ਇਨਕਲਾਬੀ ਕਿਸਾਨ ਸੰਘਰਸ਼/ਜ਼ਰੱਈ ਇਨਕਲਾਬੀ ਲਹਿਰ ਸਭਨਾਂ ਕਿਸਮਾਂ ਦੀਆਂ ਘੋਲ ਸ਼ਕਲਾਂ ਅਤੇ ਜਥੇਬੰਦੀਆਂ— ਗੈਰ-ਕਾਨੂੰਨੀ ਅਤੇ ਕਾਨੂੰਨੀ, ਗੁਪਤ ਅਤੇ ਖੁੱਲ•ੀਆਂ, ਅਤੇ ਹਥਿਆਰਬੰਦ ਅਤੇ ਪੁਰਅਮਨ ਘੋਲ/ਸਰਗਰਮੀ ਅਤੇ ਜਥੇਬੰਦੀ ਦੀਆਂ ਸ਼ਕਲਾਂ ਨੂੰ ਆਪਣੇ ਕਲਾਵੇਂ ਵਿੱਚ ਲੈ ਕੇ ਚੱਲਦੀ ਹੈ। ਇਹਨਾਂ ਵਿੱਚ ਗੈਰ-ਕਾਨੂੰਨੀ, ਗੁਪਤ ਅਤੇ ਹਥਿਆਰਬੰਦ ਘੋਲ ਅਤੇ ਜਥੇਬੰਦੀਆਂ ਦੀਆਂ ਸ਼ਕਲਾਂ ਪ੍ਰਮੁੱਖ ਹੁੰਦੀਆਂ ਹਨ। ਕਾਨੂੰਨੀ, ਖੁੱਲ•ੀਆਂ ਅਤੇ ਪੁਰਅਮਨ ਘੋਲ ਅਤੇ ਜਥੇਬੰਦੀ ਦੀਆਂ ਸ਼ਕਲਾਂ ਦੋਮ ਹੁੰਦੀਆਂ ਹਨ ਅਤੇ ਪਹਿਲੀਆਂ ਦੇ ਮਾਤਹਿਤ ਰਹਿੰਦੀਆਂ ਹਨ। 
ਪਰ ਭਾਰਤੀ ਕਮਿਊਨਿਸਟ ਲਹਿਰ ਦੇ ਇਤਿਹਾਸ 'ਤੇ ਸਰਸਰੀ ਝਾਤ ਮਾਰਿਆਂ ਹੀ ਇਹ ਗੱਲ ਉੱਘੜ ਆਉਂਦੀ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਕੇਂਦਰੀ ਲੀਡਰਸ਼ਿੱਪ ਵੱਲੋਂ ਕਦੇ ਵੀ ਇਸ ਦਰੁਸਤ ਸਮਝ ਦੀ ਪੈਰਵਾਈ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਜਦੋਂ 1946-51 ਦਰਮਿਆਨ ਤਿਲੰਗਾਨਾ ਦੇ ਕਿਸਾਨਾਂ ਵੱਲੋਂ ਹਥਿਆਰਬੰਦ ਘੋਲ ਦਾ ਬੀੜਾ ਚੁੱਕਿਆ ਗਿਆ ਤਾਂ ਸੀ.ਪੀ.ਆਈ. ਦੀ ਮੌਕਾਪ੍ਰਸਤ ਕੇਂਦਰੀ ਲੀਡਰਸ਼ਿੱਪ ਵੱਲੋਂ ਪਹਿਲਾਂ ਇਸਦਾ ਵਿਰੋਧ ਕੀਤਾ ਗਿਆ ਅਤੇ ਆਖਰ 1951 ਵਿੱਚ ਇਸ ਨੂੰ ਵਾਪਸ ਲੈਂਦਿਆਂ, ਇਸਦਾ ਭੋਗ ਪਾ ਦਿੱਤਾ ਗਿਆ। ਪਰ ਇਸ ਤੋਂ ਵੱਡੀ ਅਫਸੋਸ ਦੀ ਗੱਲ ਇਹ ਹੈ ਕਿ ਸੱਜੀ ਮੌਕਾਪ੍ਰਸਤ ਕੇਂਦਰੀ ਲੀਡਰਸ਼ਿੱਪ ਵੱਲੋਂ ਤਿਲੰਗਾਨਾ ਹਥਿਆਰਬੰਦ ਘੋਲ ਨਾਲ ਕੀਤੀ ਗਈ ਇਸ ਗ਼ਦਾਰੀ ਦੇ ਵਿਰੋਧ ਵਿੱਚ ਪਾਰਟੀ ਸਫਾਂ, ਵਿਸ਼ੇਸ਼ ਕਰਕੇ ਤਿਲੰਗਾਨਾ ਵਿਚਲੀਆਂ ਸਫਾਂ ਵਿੱਚ ਰੋਸ ਸੁਰਾਂ ਤਾਂ ਉੱਠੀਆਂ, ਪਰ ਘੋਲ ਦੀਆਂ ਮੂਹਰਲੀਆਂ ਸਫਾਂ ਵਿੱਚ ਵਿਚਰਦੇ ਕਿਸੇ ਵੀ ਹਿੱਸੇ, ਵਿਸ਼ੇਸ਼ ਕਰਕੇ ਤਿਲੰਗਾਨਾ ਹਥਿਆਰਬੰਦ ਘੋਲ ਦੀ ਅਲੰਬਰਦਾਰੀ ਦੇ ਸਭ ਤੋਂ ਵੱਡੇ ਗੁਰਜਧਾਰੀ ਹੋਣ ਦਾ ਦਾਅਵਾ ਕਰਦੇ ਡੀ.ਵੀ. ਰਾਓ ਅਤੇ ਤ੍ਰਿਮਲਾ ਨਾਗੀ ਰੈਡੀ ਵਰਗਿਆਂ ਵੱਲੋਂ ਵੀ ਸੱਜੀ ਮੌਕਾਪ੍ਰਸਤ ਪਟੜੀ ਚੜ•ੀ ਕੇਂਦਰੀ ਲੀਡਰਸ਼ਿੱਪ ਦੀ ਇਸ ਗ਼ਦਾਰੀ ਦਾ ਨਾ ਹੀ ਡਟਵਾਂ ਵਿਰੋਧ ਕੀਤਾ ਗਿਆ ਅਤੇ ਨਾ ਹੀ ਪਾਰਟੀ ਅੰਦਰੂਨੀ ਘੋਲ ਦਾ ਮੁੱਦਾ ਬਣਾਉਂਦਿਆਂ, ਸੱਜੀ ਮੌਕਾਪ੍ਰਸਤ ਲੀਹ ਨਾਲੋਂ ਕੋਈ ਸਪਸ਼ੱਟ ਤੇ ਨਿੱਤਰਵਾਂ ਅਤੇ ਬੁਨਿਆਦੀ ਨਿਖੇੜਾ ਕਰਕੇ ਚੱਲਣ ਦਾ ਜੁਰਅੱਤਮੰਦ ਰੁਖ ਅਖਤਿਆਰ ਕੀਤਾ ਗਿਆ। 
1951 ਤੋਂ ਬਾਅਦ ਅਜੈ ਘੋਸ਼ ਦੀ ਜਨਰਲ ਸਕੱਤਰਸ਼ਿੱਪ ਹੇਠਲੀ ਕੇਂਦਰੀ ਲੀਡਰਸ਼ਿੱਪ ਵੱਲੋਂ ਐਲਾਨੀਆਂ ਸੱਜੀ ਮੌਕਾਪ੍ਰਸਤ ਲੀਹ ਅਤੇ ਸੋਧਵਾਦ ਦਾ ਰਾਹ ਅਖਤਿਆਰ ਕਰ ਲਿਆ ਗਿਆ। ਭਾਰਤੀ ਇਨਕਲਾਬ ਤੋਂ ਭਗੌੜੀ ਇਸ ਸੋਧਵਾਦੀ ਜੁੰਡਲੀ ਵੱਲੋਂ ਮੁਲਕ ਦੀ ਨਕਲੀ ਆਜ਼ਾਦੀ ਨੂੰ ਖਰੀ ਆਜ਼ਾਦੀ ਅਤੇ ਇਸਦੀ ਨਕਲੀ ਜਮਹੂਰੀਅਤ ਨੂੰ ਅਸਲੀ ਜਮਹੂਰੀਅਤ ਐਲਾਨਦਿਆਂ, ਪਾਰਲੀਮਾਨੀ ਸਿਆਸੀ ਰਾਹ ਅਖਤਿਆਰ ਕਰ ਲਿਆ ਗਿਆ। ਇਉਂ, ਆਪਣੀ ਅਗਵਾਈ ਹੇਠ ਸਮੁੱਚੀ ਜਨਤਕ ਲਹਿਰ ਸਮੇਤ ਕਿਸਾਨ ਲਹਿਰ ਨੂੰ ਆਰਥਿਕਵਾਦ, ਸੁਧਾਰਵਾਦ ਅਤੇ ਕਾਨੂੰਨਵਾਦ ਦੀ ਪਟੜੀ ਚਾੜ• ਦਿੱਤਾ ਗਿਆ। ਪਾਰਟੀ ਸਫਾਂ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਇਸ ਆਰਥਿਕਵਾਦ ਅਤੇ ਕਾਨੂੰਨਵਾਦ ਨੂੰ ਖਾੜਕੂਵਾਦ ਦਾ ਮੁਲੰਮਾ ਚਾੜ• ਕੇ ਵਰਤਾਉਣ ਲਈ ਜ਼ੋਰ ਲਾਇਆ ਗਿਆ। 
ਇੱਕ ਹੱਥ- ਅਖੌਤੀ ਖੱਬੀ ਲਫਾਜ਼ੀ ਦੀ ਹੋਕਰੇਬਾਜ਼ੀ ਨੂੰ ਜਾਰੀ ਰੱਖਿਆ ਗਿਆ ਅਤੇ ਦੂਜੇ ਹੱਥ— ਖੁੱਲ•ੀ ਅਤੇ ਕਾਨੂੰਨੀ ਕਿਸਾਨ ਜਥੇਬੰਦੀ (ਕੁੱਲ ਹਿੰਦ ਕਿਸਾਨ ਸਭਾ) ਦੀ ਅਗਵਾਈ ਹੇਠ ਨਾ ਸਿਰਫ ਪੁਰਅਮਨ ਘੋਲ ਸ਼ਕਲਾਂ ਰਾਹੀਂ ਅੰਸ਼ਿਕ ਮੰਗਾਂ/ਮਸਲਿਆਂ, ਸਗੋਂ ਜਾਗੀਰਦਾਰਾਂ ਅਤੇ ਸਰਕਾਰੀ ਕਬਜ਼ੇ ਹੇਠਲੀ ਜ਼ਮੀਨ ਨੂੰ ਵੰਡਣ ਦੀ ਮੰਗ ਲਈ ਕਿਸਾਨਾਂ ਨੂੰ ਉਭਾਰਨ ਦਾ ਦੰਭੀ ਅਮਲ ਜਾਰੀ ਰੱਖਿਆ ਗਿਆ। ਕਿਸਾਨ ਜਥੇਬੰਦੀ ਦੀ ਅਗਵਾਈ ਹੇਠ ਵਾਧੂ ਪਈਆਂ ਸਰਕਾਰੀ ਜ਼ਮੀਨਾਂ (ਬੇਟ ਦੇ ਇਲਾਕੇ ਅੰਦਰ) ਅਤੇ ਜਾਗੀਰਦਾਰਾਂ ਦੀਆਂ ਜ਼ਮੀਨਾਂ  'ਤੇ ਕਬਜ਼ੇ ਲਈ ਜਥਾ ਮਾਰਚ ਕਰਨ ਦਾ ਖੇਖਣ ਜਾਰੀ ਰੱਖਿਆ ਗਿਆ। 1959 'ਚ ਪੰਜਾਬ ਦੀ ਕੈਰੋਂ ਹਕੂਮਤ ਵੱਲੋਂ ਲਾਏ ਖੁਸ਼ਹੈਸੀਅਤ ਟੈਕਸ ਖਿਲਾਫ ਜੇਲ• ਭਰੋ ਮੋਰਚਾ ਲਾਇਆ ਗਿਆ, ਜਿਹੜਾ ਪੰਜਾਹਵਿਆਂ ਤੋਂ ਲੈ ਕੇ ਅੱਜ ਤੱਕ ਦੇ ਪੰਜਾਬ ਦੇ ਕਿਸਾਨ ਘੋਲਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਘੋਲ ਹੋ ਨਿੱਬੜਿਆ ਹੈ। ਇਉਂ, ਪਹਿਲਾਂ ਸੀ.ਪੀ.ਆਈ. ਦੀ ਲੀਡਰਸ਼ਿੱਪ ਵੱਲੋਂ ਅਤੇ 1964 ਵਿੱਚ ਸੀ.ਪੀ.ਆਈ. (ਐਮ.)  ਦੀ ਲੀਡਰਸ਼ਿੱਪ ਵੱਲੋਂ ਰਵਾਇਤੀ ਆਰਥਿਕਵਾਦੀ, ਸੁਧਾਰਵਾਦੀ ਅਤੇ ਕਾਨੂੰਨਵਾਦੀ ਕਿਸਾਨ ਘੋਲਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਅਤੇ ਇਸ 'ਤੇ ਖਾੜਕੂ ਪਾਹ ਚਾੜ• ਕੇ ਪੇਸ਼ ਕਰਨ ਦਾ ਗੁਮਰਾਹੀ ਅਮਲ ਚਲਾਇਆ ਗਿਆ। ਕਿਸਾਨ ਲਹਿਰ ਨੂੰ ਲੀਹੋਂ ਲਾਹੁਣ ਦਾ ਸਿਰਾ ਇਹ ਸੀ ਕਿ ਦੋਵਾਂ ਸੀ.ਪੀ.ਆਈ. ਅਤੇ ਫਿਰ ਸੀ.ਪੀ.ਆਈ.(ਐਮ.) ਵੱਲੋਂ ਕਿਸਾਨ ਜਥੇਬੰਦੀਆਂ ਨੂੰ ਐਲਾਨੀਆਂ ਪਾਰਟੀ ਨਾਲ ਟੋਚਨ ਕਰਦਿਆਂ, ਇਹਨਾਂ ਨੂੰ ਆਪਣੀਆਂ ਮੌਕਾਪ੍ਰਸਤ ਵੋਟ ਸਿਆਸਤ ਦੇ ਸੰਦ ਵਜੋਂ ਢਾਲਣ ਦੀ ਸੇਧ ਅਖਤਿਆਰ ਕੀਤੀ ਗਈ। ਇਉਂ, ਇਹ ਇਹਨਾਂ ਦੋਵਾਂ ਸੋਧਵਾਦੀ ਟੋਲਿਆਂ ਵੱਲੋਂ ਪੰਜਾਬ ਦੀ ਕਿਸਾਨੀ ਨਾਲ ਧਰੋਹ ਕਮਾਉਂਦਿਆਂ ਸੂਬੇ ਦੀ ਕਿਸਾਨ ਲਹਿਰ ਦਾ ਭੋਗ ਪਾਉਣ ਦਾ ਅਮਲ ਚਲਾਇਆ ਗਿਆ। 
ਇਹ ਮਈ 1967 ਵਿੱਚ ਪੱਛਮੀ ਬੰਗਾਲ ਵਿੱਚ ਉੱਠੀ ਨਕਸਲਬਾੜੀ ਹਥਿਆਰਬੰਦ ਘੋਲ ਦੀ ਲਾਟ ਹੀ ਸੀ, ਜਿਸ ਵੱਲੋਂ ਸੋਧਵਾਦ ਅਤੇ ਨਵਸੋਧਵਾਦ ਦੇ ਮਨਹੂਸ ਮੁਖੌਟਿਆਂ ਨੂੰ ਭਰਿਆੜ ਕਰਦਿਆਂ, ਭਾਰਤੀ ਇਨਕਲਾਬ ਦਾ ਰਾਹ ਰੁਸ਼ਨਾਇਆ ਗਿਆ  ਅਤੇ ਸੋਧ-ਨਵਸੋਧਵਾਦ ਨਾਲੋਂ ਬੁਨਿਆਦੀ ਨਿਖੇੜੇ ਦੀ ਲਕੀਰ ਖਿੱਚਦਿਆਂ, ਇਹ ਉਭਾਰਿਆ ਗਿਆ ਕਿ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਹੀ ਅੱਜ ਦਾ ਮਾਰਕਸਵਾਦ ਹੈ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਰਾਹ-ਦਸੇਰਾ ਵਿਚਾਰਧਾਰਾ ਹੈ। ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਹੋਣ ਕਰਕੇ ਭਾਰਤ ਦਾ ਇਨਕਲਾਬ ਨਵ-ਜਮਹੂਰੀ ਇਨਕਲਾਬ ਹੋਵੇਗਾ ਅਤੇ ਇਸਨੂੰ ਲਮਕਵੇਂ ਲੋਕ-ਯੁੱਧ ਦੇ ਰਾਹ 'ਤੇ ਚੱਲਦਿਆਂ ਨੇਪਰੇ ਚਾੜਿ•ਆ ਜਾਵੇਗਾ। ਇਉਂ, ਫਿਰ ਲਮਕਵੇਂ ਲੋਕ ਯੁੱਧ ਯਾਨੀ ''ਤੱਤ ਰੂਪ ਵਿੱਚ ਕਿਸਾਨ ਜੰਗ'' ਦਾ ਸੁਆਲ ਭਾਰਤੀ ਇਨਕਲਾਬ ਦੇ ''ਕੇਂਦਰੀ ਕਾਰਜ'' ਵਜੋਂ ਉਭਰਿਆ ਅਤੇ ਸਥਾਪਤ ਹੋਇਆ। ਨਕਸਲਬਾੜੀ ਕੈਂਪ (ਕਮਿਊਨਿਸਟ ਇਨਕਲਾਬੀਆਂ) ਦੇ ਵੱਡੇ ਹਿੱਸੇ ਵਿੱਚ ਇਸ ਦਰੁਸਤ ਸਮਝ ਦਾ ਸੰਚਾਰ ਹੋਇਆ ਕਿ ਕਿਸਾਨ ਘੋਲ ਦੀ ਪ੍ਰਮੁੱਖ ਸ਼ਕਲ ਹਥਿਆਰਬੰਦ ਹੋਵੇਗੀ ਅਤੇ ਜਥੇਬੰਦੀ ਦੀ ਪ੍ਰਮੁੱਖ ਸ਼ਕਲ ਕਿਸਾਨਾਂ ਦੀ ਹਥਿਆਰਬੰਦ ਫੌਜ ਹੋਵੇਗੀ। ਇਸਦਾ ਤਾਣਾ-ਬਾਣਾ ਅਤੇ ਕਾਰਵਿਹਾਰ ਅਤੇ ਅਮਲਦਾਰੀ (ਅਪਰੇਸ਼ਨ) ਗੈਰਕਾਨੂੰਨੀ ਅਤੇ ਗੁਪਤ ਹੋਵੇਗਾ। ਕਿਸਾਨ ਸਰਗਰਮੀ ਅਤੇ ਜਥੇਬੰਦੀ ਦੀਆਂ ਕਾਨੂੰਨੀ, ਖੁੱਲ•ੀਆਂ ਅਤੇ ਪੁਰਅਮਨ ਸ਼ਕਲਾਂ ਦੀ ਵੀ ਵਰਤੋਂ ਕੀਤੀ ਜਾਵੇਗੀ। ਪਰ ਇਹਨਾਂ ਦਾ ਰੋਲ ਸੀਮਤ ਹੋਵੇਗਾ ਅਤੇ ਦੋਮ ਦਰਜ਼ੇ ਦਾ ਹੋਵੇਗਾ। ਹਥਿਆਰਬੰਦ ਘੋਲ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨ ਘੋਲ ਅਤੇ ਜਥੇਬੰਦੀ ਦੀਆਂ ਕਾਨੂੰਨੀ ਅਤੇ ਪੁਰਅਮਨ ਸ਼ਕਲਾਂ ਦੀ ਹਥਿਆਰਬੰਦ ਘੋਲ ਦੀ ਤਿਆਰੀ ਲਈ ਵਰਤੋਂ ਕੀਤੀ ਜਾਵੇਗੀ ਅਤੇ ਹਥਿਆਰਬੰਦ ਘੋਲ ਸ਼ੁਰੂ ਹੋਣ ਤੋਂ ਬਾਅਦ ਸਿੱਧੇ/ਅਸਿੱਧੇ ਇਸਦੀ ਹਮਾਇਤ ਵਿੱਚ ਭੁਗਤਾਇਆ ਜਾਵੇਗਾ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕਿਸਾਨ ਹਥਿਆਰਬੰਦ ਘੋਲ ਦੀ ਤਿਆਰੀ ਦੇ ਅਮਲ ਵਿੱਚ ਖੁੱਲ•ੀ ਕਾਨੂੰਨੀ ਅਤੇ ਪੁਰਅਮਨ ਕਿਸਾਨ ਸੰਘਰਸ਼ ਸਰਗਰਮੀ ਅਤੇ ਇਸ ਨੂੰ ਚਲਾ ਰਹੀ ਜਥੇਬੰਦੀ ਦਾ ਰੋਲ ਮਹਿਜ਼ ਸਹਾਈ ਹੋਵੇਗਾ ਅਤੇ ਪਹਿਲਾਂ ਹਥਿਆਰਬੰਦ ਘੋਲ ਦੀ ਤਿਆਰੀ ਦੇ ਅਮਲ ਵਿੱਚ ਸਹਾਈ ਹੋਣਾ ਅਤੇ ਬਾਅਦ ਵਿੱਚ ਕਿਸਾਨ ਗੁਰੀਲਾ ਤਾਕਤਾਂ ਨੂੰ ਸੰਭਵ ਓਟ (ਕਵਰ) ਮੁਹੱਈਆ ਕਰਨਾ ਅਤੇ ਸਿੱਧੀ-ਅਸਿੱਧੀ ਤਾਲਮੇਲਵੀਂਂ ਹਮਾਇਤ ਮੁਹੱਈਆ ਕਰਨਾ ਹੋਵੇਗਾ। 
ਪਰ ਨਕਸਲਬਾੜੀ ਕੈਂਪ ਵਿੱਚ ਸੀ.ਪੀ.ਆਈ.(ਐਮ.ਐਲ.) ਦੀ ਅਗਵਾਈ ਹੇਠ ਜਿੱਥੇ ਹਥਿਆਰਬੰਦ ਘੋਲ ਨੂੰ ਘੋਲ ਦੀ ਇੱਕੋ ਇੱਕ ਸ਼ਕਲ ਸਮਝਣ ਅਤੇ ਘੋਲ ਤੇ ਜਥੇਬੰਦੀ ਦੀਆਂ ਪੁਰਅਮਨ, ਕਾਨੂੰਨੀ ਅਤੇ ਖੁੱਲ•ੀਆਂ ਸ਼ਕਲਾਂ ਨੂੰ ਮੁੱਢੋਂ ਰੱਦ ਕਰਨ ਦੀ ਖੱਬੀ ਮਾਰਅਰਕੇਬਾਜ਼ ਸਮਝ ਨੇ ਸਿਰ ਚੁੱਕਿਆ, ਉੱਥੇ ਡੀ.ਵੀ. ਰਾਓ-ਨਾਗੀ ਰੈਡੀ ਧਿਰ ਅੰਦਰ ਜਨਤਕ ਜਥੇਬੰਦੀਆਂ ਅਤੇ ਜਨਤਕ ਘੋਲਾਂ ਦੇ ਰੋਲ ਦਾ ਕਤੱਈਕਰਨ ਅਤੇ ਇਹਨਾਂ ਨੂੰ ਆਪਣੀ ਕੁੱਲ ਸਰਗਰਮੀ ਦਾ ਧੁਰਾ ਬਣਾਉਣ ਦੀ ਸੱਜੀ ਮੌਕਾਪ੍ਰਸਤ ਸਮਝ ਨੇ ਸਿਰ ਚੁੱਕ ਲਿਆ। ਇਸ ਧਿਰ ਦੀ ਸਮਝ ਮੁਤਾਬਕ ਹੋਰਨਾਂ ਤਬਕਿਆਂ/ਜਮਾਤਾਂ ਦੀਆਂ ਜਥੇਬੰਦੀਆਂ ਵਾਂਗ ਇੱਕ ਖੁੱਲ•ੀ ਅਤੇ ਕਾਨੂੰਨੀ ਕਿਸਾਨ ਜਥੇਬੰਦੀ ਉਸਾਰੀ ਜਾਵੇਗੀ ਜਿਹੜੀ ਖੁੱਲ•ੇ, ਕਾਨੂੰਨੀ ਅਤੇ ਪੁਰਅਮਨ ਘੋਲ ਸਰਗਰਮੀਆਂ ਦਾ ਸਿਲਸਿਲਾ ਤੋਰੇਗੀ। ਇਹ ਕਿਸਾਨ ਜਥੇਬੰਦੀ ਇਨਕਲਾਬੀ ਜ਼ਰੱਈ ਲਹਿਰ ਖੜ•ੀ ਕਰਨ ਯਾਨੀ ਹਥਿਆਰਬੰਦ ਜ਼ਰੱਈ ਲਹਿਰ/ਕਿਸਾਨ ਜੰਗ ਤੇ ਫੌਜ ਉਸਾਰਨ ਦਾ ਸਾਧਨ ਬਣੇਗੀ। ਇਸ ਕਿਸਾਨ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਦੀ ਇਨਕਲਾਬੀ ਚੇਤਨਾ ਨੂੰ ਉੱਚਾ ਚੁੱਕਿਆ ਜਾਵੇਗਾ। ਚੇਤਨਾ ਦਾ ਪਸਾਰਾ ਤੇ ਤਰੱਕੀ ਹੋਣ ਨਾਲ ਘੋਲ ਵੀ ਉਚੇਰੀਆਂ ਸ਼ਕਲਾਂ ਵੱਲ ਵਧਣਗੇ। ਜਾਗੀਰਦਾਰਾਂ ਦੇ ਗੁੰਡਾ ਗਰੋਹਾਂ ਅਤੇ ਪੁਲਸ ਦੇ ਹਮਲਿਆਂ ਦਾ ਟਾਕਰਾ ਕਰਨ ਅਤੇ ਕਿਸਾਨ ਆਗੂਆਂ ਤੇ ਜਥੇਬੰਦੀ ਦੀ ਰਾਖੀ ਲਈ ਕਿਸਾਨ ਜਥੇਬੰਦੀ ਵੱਲੋਂ ਆਪਣੀ ਇੱਕ ਵਾਲੰਟੀਅਰ ਤਾਕਤ ਉਸਾਰੀ ਜਾਵੇਗੀ। ਘੋਲ ਕਦਮ-ਬ-ਕਦਮ ਅੰਸ਼ਿਕ ਮੰਗਾਂ/ਮਸਲਿਆਂ ਤੋਂ ਬੁਨਿਆਦੀ (ਜਾਗੀਰਦਾਰਾਂ ਦੀਆਂ ਜ਼ਮੀਨਾਂ ਖੋਹਣ ਤੇ ਵੰਡਣ) ਕਾਰਜ ਪੂਰਾ ਕਰਨ ਵੱਲ ਵਧਣਗੇ। ਜਦੋਂ ਜਾਗੀਰਦਾਰਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਗਿਆ ਤਾਂ ਰਾਜ ਦੀ ਪੁਲਸ ਅਤੇ ਹੋਰ ਹਥਿਆਰਬੰਦ ਸ਼ਕਤੀਆਂ ਹਰਕਤ ਵਿੱਚ ਆਉਣਗੀਆਂ। ਰਾਜ ਦੀਆਂ ਹਥਿਆਰਬੰਦ ਸ਼ਕਤੀਆਂ ਦਾ ਟਾਕਰਾ ਕਰਨ ਲਈ ਕਿਸਾਨ ਜਥੇਬੰਦੀ ਵੱਲੋਂ ਉਸਾਰੀ ਵਾਲੰਟੀਅਰ ਟੋਲੀਆਂ ਨੂੰ ਇੱਕਦਮ ਗੁਰੀਲਾ ਟੋਲੀਆਂ ਵਿੱਚ ਤਬਦੀਲ ਕਰਦਿਆਂ, ਖੋਹੀ ਜ਼ਮੀਨ ਦੀ ਰਾਖੀ ਲਈ ਗੁਰੀਲਾ ਜੰਗ ਦਾ ਬਿਗਲ ਵਜਾ ਦਿੱਤਾ ਜਾਵੇਗਾ। 
ਇਹ ਆਰਥਿਕਵਾਦੀ-ਸੁਧਾਰਵਾਦੀ ਸਮਝ ਜਾਗੀਰਦਾਰਾਂ ਤੋਂ ਜਬਰੀ ਜ਼ਮੀਨਾਂ ਖੋਹਣ ਅਤੇ ਕਿਸਾਨਾਂ ਵਿੱਚ ਵੰਡਣ ਦੇ ਸੁਆਲ ਨੂੰ ਰਾਜ ਦੀ ਹਿੰਸਕ ਤਾਕਤ ਨਾਲੋਂ ਤੋੜ ਕੇ ਪੇਸ਼ ਕਰਦੀ ਹੈ। ਇਸ ਮੁਤਾਬਕ ਖੁੱਲ•ੀ ਕਿਸਾਨ ਜਨਤਕ ਜਥੇਬੰਦੀ ਦੀ ਅਗਵਾਈ ਵਿੱਚ ਕਿਸਾਨਾਂ ਨੂੰ ਜਥੇਬੰਦ ਕਰਦਿਆਂ ਅਤੇ ਸ਼ਾਂਤਮਈ ਘੋਲਾਂ ਦਾ ਸਿਲਸਿਲਾ ਚਲਾਉਂਦਿਆਂ, ਘੋਲਾਂ ਨੂੰ ਅੰਸ਼ਿਕ ਮੰਗਾਂ ਤੋਂ ਬੁਨਿਆਦੀ ਮੰਗਾਂ ਮੰਨਵਾਉਣ ਦੀ ਸੇਧ ਵਿੱਚ ਵਧਾਉਂਦਿਆਂ, ਕਿਸਾਨਾਂ ਨੂੰ ਜਾਗੀਰਦਾਰਾਂ ਦੀ ਜ਼ਮੀਨ 'ਤੇ ਕਬਜ਼ੇ ਲਈ ਤਿਆਰ-ਬਰ-ਤਿਆਰ ਕਰ ਲਿਆ ਜਾਵੇਗਾ। ਇਸ ਸਾਰੇ ਅਮਲ ਦੌਰਾਨ ਖੂੰਖਾਰ ਆਪਾਸ਼ਾਹ ਰਾਜ ਬੜਾ ਸੀਲ ਰਾਜ ਬਣ ਕੇ ਪਾਸੇ ਖੜਿ•ਆਂ ਸਭ ਕੁੱਝ ਦੇਖਦਾ ਰਹੇਗਾ ਅਤੇ ਜਦੋਂ ਕਿਸਾਨ ਕਾਫਲਿਆਂ ਵੱਲੋਂ ਜਾਗੀਰਦਾਰਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਇਹ ਰਾਜ ਸੁੱਤਾ ਜਾਗੇਗਾ ਅਤੇ ਹਰਕਤ ਵਿੱਚ ਆਵੇਗਾ। ਇਸ ਮੁਤਾਬਕ ਕਿਸਾਨਾਂ ਵੱਲੋਂ ਸਮੂਹਿਕ ਰੂਪ ਵਿੱਚ ਕਬਜ਼ੇ ਦਾ ਅਮਲ ਵਿੱਢਣ ਤੋਂ ਬਾਅਦ ਹੀ ਰਾਜ ਨਾਲ ਹਥਿਆਰਬੰਦ ਭੇੜ ਸ਼ੁਰੂ ਹੋਵੇਗਾ। 
ਇਉਂ, ਇਹ ਸੱਜੀ ਮੌਕਾਪ੍ਰਸਤ ਸਮਝ ਇਸ ਸਹੀ ਸਮਝ ਨੂੰ ਸਿਰ ਪਰਨੇ ਖੜ•ਾ ਕਰਦੀ ਹੈ ਕਿ ਜਾਗੀਰਦਾਰਾਂ ਦੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਅਤੇ ਕਿਸਾਨਾਂ ਵਿੱਚ ਵੰਡਣ ਦਾ ਸੁਆਲ ਰਾਜ ਦੀ ਹਿੰਸਕ ਤਾਕਤ ਨੂੰ ਤਹਿਸ਼-ਨਹਿਸ਼ ਕਰਨ ਦਾ ਸੁਆਲ ਹੈ। ਰਾਜ ਦੀ ਤਾਕਤ ਨੂੰ ਤਹਿਸ਼-ਨਹਿਸ਼ ਕੀਤੇ ਬਿਨਾ ਅਤੇ ਮੁਤਬਾਦਲ ਇਨਕਲਾਬੀ ਲੋਕ ਤਾਕਤ ਦੀ ਉਸਾਰੀ ਕੀਤੇ ਬਿਨਾ ਜਾਗੀਰਦਾਰਾਂ ਦੀਆਂ ਜ਼ਮੀਨਾਂ ਖੋਹਣ ਅਤੇ ਵੰਡਣ ਦੀ ਗੱਲ ਤਾਂ ਦੂਰ ਰਹੀ, ਇਹ ਖੂੰਖਾਰ ਰਾਜ ਦੀਆਂ ਹਥਿਆਰਬੰਦ ਤਾਕਤਾਂ ਕਿਸੇ ਕਿਸਾਨ ਜਥੇਬੰਦੀ ਦੀ ਅਗਵਾਈ ਹੇਠ ਇਕੱਠੀ ਹੋਈ ਵੱਡੀ ਤੋਂ ਵੱਡੀ ਕਿਸਾਨ ਤਾਕਤ ਨੂੰ ਵੀ ਜ਼ਮੀਨ ਦੇ ਨੇੜੇ ਤੱਕ ਨਹੀਂ ਫਟਕਣ ਦੇਵੇਗਾ। ਜਿਥੇ ਕਿਤੇ ਵੀ ਖੁੱਲ•ੀ ਕਿਸਾਨ ਜਨਤਕ ਜਥੇਬੰਦੀ ਦੀ ਅਗਵਾਈ ਹੇਠ ਅਜਿਹੀ ਨਿਹਫਲ ਕੋਸ਼ਿਸ਼ ਕੀਤੀ ਗਈ ਹੈ, ਵਹਿਸ਼ੀ ਰਾਜ ਦੀਆਂ ਆਦਮ-ਬੋਅ ਕਰਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਨਾ ਸਿਰਫ ਇਸ ਨੂੰ ਬੁਰੀ ਤਰ•ਾਂ ਕੁਚਲ ਦਿੱਤਾ ਗਿਆ ਹੈ, ਸਗੋਂ  ਇਸਦਾ ਨਤੀਜਾ ਕਿਸਾਨ ਲਹਿਰ ਦੇ ਖਿੰਡਾਅ, ਲੜਾਕੂ ਕਿਸਾਨ ਕਾਰਕੁੰਨਾਂ ਦੇ ਜਬਰ-ਤਸ਼ੱਦਦ ਰਾਹੀਂ ਸਫਾਏ ਅਤੇ ਨਿਰਾਸ਼ਾ ਅਤੇ ਨਿਤਾਣੇਪੁਣ ਦੇ ਪਸਾਰੇ ਵਿੱਚ ਨਿਕਲਿਆ ਹੈ। ਸਾਫ ਹੈ— ਇੱਕ ਖੁੱਲ•ੀ ਜਨਤਕ ਜਥੇਬੰਦੀ ਦਾ ਥੜ•ਾ ਨੱਕੋ-ਨੱਕ ਹਥਿਆਰਬੰਦ ਰਾਜ ਦਾ ਟਾਕਰਾ ਕਰਨ ਦਾ ਹਥਿਆਰ ਨਹੀਂ ਬਣ ਸਕਦਾ ਅਤੇ ਨਾ ਹੀ ਇਸ ਥੜ•ੇ ਰਾਹੀਂ ਜਾਂ ਇਸ ਥੜ•ੇ ਦੇ ਘੇਰੇ ਵਿੱਚ ਵਿਚਰਦਿਆਂ ਕਿਸੇ ਅਜਿਹੀ ਹਥਿਆਰਬੰਦ ਗੁਰੀਲਾ ਤਾਕਤ ਦੀ ਪਰਵਿਰਸ਼ ਕੀਤੀ ਜਾ ਸਕਦੀ ਹੈ, ਜਿਹੜੀ ਇਸ ਜਾਬਰ ਰਾਜ ਨਾਲ ਹਥਿਆਰਬੰਦ ਗੁਰੀਲਾ ਭੇੜ ਵਿੱਚ ਪੈਣ ਲਈ ਲੋੜੀਂਦੀਆਂ ਫੌਜੀ-ਸਿਆਸੀ ਪੇਸ਼ਾਵਰਾਨਾ ਮਾਨਸਿਕ ਤਿਆਰੀ, ਸਿਖਲਾਈ, ਢਲਾਈ ਅਤੇ ਗੁਪਤ ਕਾਰਵਿਹਾਰ ਅਤੇ ਗਤੀਵਿਧੀਆਂ ਦੀ ਮੁਹਾਰਤ ਵਰਗੀਆਂ ਘੱਟੋ ਘੱਟ ਲਾਜ਼ਮੀ ਸਿਫਤਾਂ ਦੀ ਮਾਲਕ ਹੋਵੇ। 
ਕਿਸਾਨ ਜਥੇਬੰਦੀ ਅਤੇ ਲਹਿਰ ਦੀ ਜਾਗੀਰਦਾਰਾਂ ਦੇ ਗੁੰਡਾ ਹਮਲਿਆਂ ਆਦਿ ਤੋਂ ਰਾਖੀ ਲਈ ਜਿਵੇਂ ਮਨਇੱਛਤ  ਵਾਲੰਟੀਅਰ ਤਾਕਤ ਦੀ ਉਸਾਰੀ ਕਰਨ ਅਤੇ ਜ਼ਮੀਨਾਂ 'ਤੇ ਕਬਜ਼ੇ ਨੂੰ ਕਾਇਮ ਰੱਖਣ ਲਈ ਰਾਜ ਦੀਆਂ ਹਥਿਆਰਬੰਦ ਤਾਕਤਾਂ ਖਿਲਾਫ ਗੁਰੀਲਾ ਤਾਕਤ ਵਿੱਚ ਪਲਟਣ ਦੀ ਗੱਲ ਇਹ ਸੁਧਾਰਵਾਦੀ ਸਮਝ ਕਰਦੀ ਹੈ, ਇਹ ਡੀ.ਵੀ.ਰਾਓ-ਨਾਗੀ ਰੈਡੀ ਮਾਰਕਾ ਸੱਜਾ ਸੋਧਵਾਦੀ ਤਰਕ ਹੈ, ਜਿਹੜਾ ਭਰਮਾਊ ਅਤੇ ਗੁਮਰਾਹਕੁੰਨ ਹੈ। ਇਸ ਰਾਜ ਖਿਲਾਫ ਗੁਰੀਲਾ ਲੜਾਈ ਦਾ ਪਹਿਲਾ ਕਦਮ ਲੈਣ ਵਾਲੀ ਕਿਸੇ ਵੀ ਹਥਿਆਰਬੰਦ ਜਥੇਬੰਦੀ ਲਈ ਇਹ ਤਿੰਨ ਪੂਰਵ-ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ: ਇੱਕ— ਇਹ ਜਥੇਬੰਦੀ ਪੂਰੀ ਤਰ•ਾਂ ਗੁਪਤ ਹੁੰਦੀ ਹੈ। ਇਸਦੀ ਹਥਿਆਰਬੰਦ ਸਿਖਿਆ-ਸਿਖਲਾਈ, ਗਤੀਵਿਧੀਆਂ ਅਤੇ ਕਾਰਵਿਹਾਰ ਪੂਰੀ ਤਰ•ਾਂ ਗੁਪਤ ਹੁੰਦਾ ਹੈ, ਦੂਜੀ— ਇਹ ਮੁੱਖ ਤੌਰ 'ਤੇ ਇੱਕ ਪੇਸ਼ੇਵਾਰਨਾ ਫੌਜੀ-ਸਿਆਸੀ ਤਾਕਤ ਹੁੰਦੀ ਹੈ ਯਾਨੀ ਗੁਰੀਲਾ ਜਥੇਬੰਦੀ ਦਾ ਮੁੱਖ ਹਿੱਸਾ ਫੌਜੀ ਅਤੇ ਸਿਆਸੀ ਸਰਗਰਮੀ ਨੂੰ ਪ੍ਰਣਾਇਆ ਹੁੰਦਾ ਹੈ: ਤੀਜਾ— ਇਸਦਾ ਕਾਰਜ ਦੁਸ਼ਮਣ ਦੀਆਂ ਹਥਿਆਰਬੰਦ ਤਾਕਤਾਂ ਦਾ ਸਫਾਇਆ ਹੋਣ ਕਰਕੇ ਇਹ (ਦਾਅਪੇਚਕ ਤੌਰ 'ਤੇ) ਹਮਲਾਵਰ ਜੰਗ ਲਈ ਤਿਆਰ ਕੀਤੀ ਜਾਂਦੀ ਹੈ। ਕੀ ਇੱਕ ਜਨਤਕ ਜਥੇਬੰਦੀ ਤੇ ਲਹਿਰ ਦੀ ਰਾਖੀ ਲਈ ਜਨਤਕ ਜਥੇਬੰਦੀ ਦੇ ਅੰਗ ਵਜੋਂ ਉਸਾਰੀ ਗਈ ਅਤੇ ਬਚਾਓਮੁਖੀ ਕੰਮਾਂ-ਕਾਰਾਂ ਲਈ ਤਾਇਨਾਤ ਤਾਕਤ ਇਹ ਸ਼ਰਤਾਂ ਪੂਰੀਆਂ ਕਰ ਸਕਦੀ ਹੈ? ਬਿਲਕੁੱਲ ਨਹੀਂ। ਇਹ ਵਾਲੰਟੀਅਰ ਤਾਕਤ ਰਾਜ ਦੀਆਂ ਖੁਫੀਆ ਏਜੰਸੀਆਂ ਮੂਹਰੇ ਪੂਰੀ ਤਰ•ਾਂ ਨਸ਼ਰ ਹੁੰਦੀ ਹੈ ਅਤੇ ਜਨਤਕ ਤੌਰ 'ਤੇ ਜਾਣੀ-ਪਛਾਣੀ ਹੁੰਦੀ ਹੈ। ਇਸਦਾ ਵਿਚਰਨ ਢੰਗ ਅਤੇ ਸਰਗਰਮੀਆਂ ਮੁੱਖ ਤੌਰ 'ਤੇ ਖੁੱਲ•ੀਆਂ ਹੋਣ ਕਰਕੇ ਇਹ ਗੁਪਤ ਕੰਮ-ਢੰਗ ਅਤੇ ਗਤੀਵਿਧੀਆਂ ਲਈ ਲੋੜੀਂਦੀ ਸਿੱਖਿਆ-ਸਿਖਲਾਈ ਅਤੇ ਢਲਾਈ ਤੋਂ ਲੱਗਭੱਗ ਸੱਖਣੀ ਹੁੰਦੀ ਹੈ। ਜਨਤਕ ਕੰਮਾਂ ਅਤੇ ਸਰਗਰਮੀਆਂ ਵਿੱਚ ਖੱਚਤ ਰਹਿਣ ਕਰਕੇ ਅਜਿਹੀ ਵਾਲੰਟੀਅਰ ਤਾਕਤ ਪੇਸ਼ੇਵਾਰਨਾ ਫੌਜੀ ਸਿਆਸੀ ਸਰਗਰਮੀ ਲਈ ਜੋਖਮ ਉਠਾਉਣ ਅਤੇ ਖਤਰਾ ਮੁੱਲ ਲੈਣ ਵਾਸਤੇ ਮਾਨਸਿਕ ਤੌਰ 'ਤੇ ਤਿਆਰੀ ਤੋਂ ਊਣੀ ਹੁੰਦੀ ਹੈ। ਇਸ ਨੂੰ ਜ਼ਮੀਨਾਂ 'ਤੇ ਕਬਜ਼ਾ ਕਰਨ ਲਈ ਉੱਠੇ ਅਖੌਤੀ ਕਿਸਾਨ ਵਿਦਰੋਹਾਂ ਨੂੰ ਦਬਾਉਣ ਆਈਆਂ ਰਾਜ ਦੀਆਂ ਹਥਿਆਰਬੰਦ ਤਾਕਤਾਂ ਦਾ ਗੁਰੀਲਾ ਜੰਗ ਰਾਹੀਂ ਸਫਾਇਆ ਕਰਨ ਦੇ ਕਾਰਜ ਨੂੰ ਪ੍ਰਣਾਈ ਤਾਕਤ ਵਿੱਚ ਪਲਟਣ ਦੀ ਗੱਲ ਕਰਨੀ ਇੱਕ ਭਰਮ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ। 
ਇਸ ਲਈ, ਕਿਸਾਨ ਜਥੇਬੰਦੀ ਰਾਹੀਂ ''ਹਥਿਆਰਬੰਦ ਜ਼ਰੱਈ ਜੰਗ''/''ਕਿਸਾਨ ਜੰਗ'' ਖੜ•ੀ ਕਰਨ ਦੀ ਵਕਾਲਤ ਕਰਦੀ ਇਹ ਸਮਝ ਇੱਕ ਸੱਜੀ ਮੌਕਾਪ੍ਰਸਤ ਸਮਝ ਹੈ। ਇਹ ਸਮਝ ਗੈਰ-ਕਾਨੂੰਨੀ, ਗੁਪਤ ਅਤੇ ਹਥਿਆਰਬੰਦ ਘੋਲ (ਜਾਂ ਉਸਦੀ ਐਨ ਸ਼ੁਰੂ ਤੋਂ ਤਿਆਰੀ) ਨੂੰ ਪ੍ਰਮੁੱਖ ਸਮਝਣ ਦੀ ਬਜਾਇ, ਕਾਨੂੰਨੀ, ਖੁੱਲ•ੀਆਂ ਅਤੇ ਪੁਰਅਮਨ ਸਰਗਰਮੀਆਂ/ਘੋਲਾਂ ਨੂੰ ਪ੍ਰਮੱਖ ਸਮਝ ਕੇ ਚੱਲਦੀ ਹੈ। ਇਹ ਗੁਪਤ ਅਤੇ ਗੈਰ-ਕਾਨੂੰਨੀ ਹਥਿਆਰਬੰਦ ਤਾਕਤ ਤੇ ਜਥੇਬੰਦੀ ਦੀ ਉਸਾਰੀ ਨੂੰ ਪ੍ਰਮੁੱਖ ਹੈਸੀਅਤ ਮੁਹੱਈਆ ਕਰਨ ਦੀ ਬਜਾਇ ਖੁੱਲ•ੀ ਅਤੇ ਕਾਨੂੰਨੀ ਵਲਗਣਾਂ ਵਿੱਚ ਕੈਦ ਕਿਸਾਨ ਜਥੇਬੰਦੀ ਦੀ ਉਸਾਰੀ ਨੂੰ ਪ੍ਰਮੁੱਖਤਾ ਮੁਹੱਈਆ ਕਰਕੇ ਚੱਲਦੀ ਹੈ। ਇਹ ਹਥਿਆਰਬੰਦ ਕਿਸਾਨ ਘੋਲ ਦੀ ਬਜਾਇ ਸ਼ਾਂਤਮਈ ਕਿਸਾਨ ਘੋਲਾਂ ਨੂੰ ਇਨਕਲਾਬੀ ਜਮਾਤੀ ਘੋਲ ਦੀ ਪ੍ਰਮੁੱਖ ਸ਼ਕਲ ਸਮਝ ਕੇ ਚੱਲਦੀ ਹੈ। 
ਇਉਂ, ਇਸ ਸੱਜੀ ਮੌਕਾਪ੍ਰਸਤ ਸਮਝ ਦੇ ਵਕੀਲਾਂ ਵੱਲੋਂ ਇਹ ਧੁਮਾਇਆ ਜਾਂਦਾ ਹੈ ਕਿ ਅਜੇ ਕਿਸਾਨ ਨਾ ਚੰਗੀ ਤਰ•ਾਂ ਜਥੇਬੰਦ ਹਨ ਅਤੇ ਨਾ ਹੀ ਇਨਕਲਾਬੀ ਚੇਤਨਾ ਨਾਲ ਲੈਸ ਹਨ। ਇਸ ਕਰਕੇ ਅੱਜ ਭਾਰਤ ਅੰਦਰ ਹਥਿਆਰਬੰਦ ਜ਼ਰੱਈ ਜੰਗ ਦੀਆਂ ਗੱਲਾਂ ਖੱਬੀ ਮਾਰਅਰਕੇਬਾਜ਼ੀ ਹਨ। ਕਿਸੇ ਵੇਲੇ ਸੀ.ਪੀ.ਆਈ. ਅਤੇ ਸੀ.ਪੀ.ਐਮ. ਦੀਆਂ ਸੋਧਵਾਦੀ ਅਤੇ ਨਵ-ਸੋਧਵਾਦੀ ਲੀਡਰਸ਼ਿੱਪਾਂ ਵੱਲੋਂ ਭਾਰਤ ਅੰਦਰ ਹਥਿਆਰਬੰਦ ਘੋਲ ਦੀ ਤਿਆਰੀ ਕਰਨ ਅਤੇ ਇਸਦੀ ਸ਼ੁਰੂਆਤ ਕਰਨ ਦੀ ਲੋੜ ਨੂੰ ਇਹ ਕਹਿ ਕੇ ਟਾਲਿਆ ਜਾਂਦਾ ਸੀ ਕਿ ਮੁਲਕ ਦੇ ਲੋਕ ਚੇਤਨਾ ਪੱਖੋਂ ਬਹੁਤ ਪਿੱਛੇ ਖੜ•ੇ ਹਨ। ਇਸ ਲੋੜ ਨੂੰ ਹੁੰਗਾਰਾ ਦੇਣ ਵਾਲਿਆਂ ਨੂੰ ਖੱਬੂ ਚੱਕਵੇਂ ਅਤੇ ਮਾਅਰਕੇਬਾਜ਼ ਗਰਦਾਨਿਆ ਜਾਂਦਾ ਸੀ। ਅੱਜ ਨਕਸਲੀ ਖੇਮੇ ਵਿਚ ਦੜੀ ਇਹ ਡੀ.ਵੀ.ਰਾਓ-ਨਾਗੀ ਰੈਡੀ ਮਾਅਰਕਾ ਸੱਜੀ ਮੌਕਾਪ੍ਰਸਤ ਸਮਝ ਐਨ ਉਹੀ ਦਲੀਲਾਂ ਦੇ ਠੁੰਮਣਿਆਂ ਦਾ ਆਸਰਾ ਲੈ ਰਹੀ ਹੈ। ਇਸ ਸਮਝ ਮੁਤਾਬਕ ਲੋਕ ਅਤੇ ਕਿਸਾਨ ਜਥੇਬੰਦੀ ਅਜੇ ਚੇਤਨਾ ਪੱਖੋਂ ਬਹੁਤ ਪਿੱਛੇ ਖੜ•ੇ ਹਨ। ਭਾਰਤ ਦੇ ਆਦਿਵਾਸੀ ਖਿੱਤੇ ਅੰਦਰ ਸੀ.ਪੀ.ਆਈ. (ਮਾਓਵਾਦੀ) ਦੀ ਅਗਵਾਈ ਵਿੱਚ ਲੜੀ ਜਾ ਰਹੀ ਕਿਸਾਨ ਲੜਾਈ ਖੱਬੀ ਮਾਅਰਕੇਬਾਜ਼ੀ ਹੈ, ਜਿਹੜੀ 1969-70 ਵਿੱਚ ਚਾਰੂ ਮਾਜ਼ੂਮਦਾਰ ਦੀ ਖੱਬੀ ਮੌਕਾਪ੍ਰਸਤ ਲੀਹ ਦਾ ਹੀ ਜਾਰੀ ਰੂਪ ਹੈ। 
ਇਸ ਸੱਜੀ ਮੌਕਾਪ੍ਰਸਤ ਸਮਝ ਨੂੰ ਜਨਮ ਧਾਰਿਆਂ ਅੱਜ ਲੱਗਭੱਗ 45 ਵਰਿ•ਆਂ ਤੋਂ ਉੱਪਰ ਹੋ ਚੱਲੇ ਹਨ। ਇਸ ਸਮਝ ਦੇ ਵਕੀਲ ਇਸ ਸਮਝ ਨੂੰ ਇੱਕੋ ਇੱਕ ਦਰੁਸਤ ਇਨਕਲਾਬੀ ਲੀਹ ਮੰਨਦੇ ਹਨ ਅਤੇ ਆਪਣੇ ਆਪ ਨੂੰ ਨਕਸਲਬਾੜੀ ਕੈਂਪ ਦਾ ਇੱਕੋ ਇੱਕ ਦਰੁਸਤ ਪ੍ਰੋਲੇਤਾਰੀ ਰੁਝਾਨ ਮੰਨਦੇ ਹਨ। ਪਰ ਅੱਜ ਤੱਕ ਇਸ ਸਮਝ ਦੇ ਅਲੰਬਰਦਾਰਾਂ ਵੱਲੋਂ ਕਿਤੇ ਵੀ ਜਾਗੀਰਦਾਰਾਂ ਦੀ ਜ਼ਮੀਨਾਂ 'ਤੇ ਕਬਜ਼ਾ ਕਰਨ ਲਈ ਅਖੌਤੀ ''ਕਿਸਾਨ ਵਿਦਰੋਹ'' ਉਠਾਉਣ ਦਾs  s'ਕ੍ਰਿਸ਼ਮਾ' ਨਹੀਂ ਦਿਖਾਇਆ ਗਿਆ। ਅਸਲ ਵਿੱਚ ਨਾ ਹੀ ਅਜਿਹੇ ਅਖੌਤੀ ਕਿਸਾਨ ਵਿਦਰੋਹਾਂ ਨੇ ਉੱਠਣਾ ਹੈ ਅਤੇ ਨਾ ਹੀ ਇਹਨਾਂ ਮੁਤਾਬਕ ਹਥਿਆਰਬੰਦ ਘੋਲ ਦੀ ਤਿਆਰੀ ਦਾ ਵਕਤ ਆਉਣਾ ਹੈ। ''ਨਾ ਨੌਂ ਮਣ ਤੇਲ ਹੋਣਾ, ਨਾ ਰਾਧਾ ਨੇ ਨੱਚਣਾ।'' ਇੱਕੜ-ਦੁੱਕੜ ਥਾਵਾਂ 'ਤੇ ਕਮਿਊਨਿਸਟ ਇਨਕਲਾਬੀ ਲਹਿਰ ਦੀ ਲੋੜੀਂਦੀ ਤਕੜਾਈ ਦੀ ਹਾਲਤ ਨਾ ਹੋਣ ਕਰਕੇ ਇਸ ਸਮਝ ਦੇ ਪੈਰੋਕਾਰਾਂ ਦਾ ਤੋਰੀ-ਫੁਲਕਾ ਚੱਲਦਾ ਹੈ। ਰੁਤਬਾਪ੍ਰਸਤ ਝੱਸ ਪੂਰੀ ਹੁੰਦੀ ਹੈ। ਇਸ ਝੱਸ ਦੀ ਪੂਰਤੀ ਅਤੇ ਤੋਰੀ-ਫੁਲਕਾ ਤੋਰਨ ਦੀ ਧੁੱਸ ਵਿੱਚੋਂ ਪੁਰਅਮਨ ਰੈਲੀਆਂ-ਧਰਨਿਆਂ ਨੂੰ ਜਥੇਬੰਦ ਕਰਦੇ ਰਹਿਣਾ ਹੈ। ਗਰੀਬੀ, ਕੰਗਾਲੀ ਅਤੇ ਹਕੂਮਤੀ ਧੱਕੇ-ਧੋੜਿਆਂ ਦੇ ਝੰਬੇ ਕਿਸਾਨਾਂ ਦੀਆਂ ਲੋੜਾਂ ਅਤੇ ਮਜਬੂਰੀਆਂ ਨੇ ਉਹਨਾਂ ਦੇ ਕੁੱਝ ਹਿੱਸਿਆਂ ਨੂੰ ਇਸ ਗੁਮਰਾਹੀ ਸਮਝ ਦੀ ਭੁੱਲ-ਭੁਲੱਈਆਂ ਵਿੱਚ ਭਟਕਦੇ ਰਹਿਣ ਦਾ ਆਧਾਰ ਮੁਹੱਈਆ ਕਰਦੇ ਰਹਿਣਾ ਹੈ। 
ਇਸ ਲਈ, ਮਾਓ-ਵਿਚਾਰਧਾਰਾ ਨੂੰ ਪ੍ਰਣਾਈਆਂ ਅਤੇ ਨਕਸਲਬਾੜੀ ਦੀ ਇਨਕਲਾਬੀ ਵਿਰਾਸਤ 'ਤੇ ਪਹਿਰਾ ਦੇ ਰਹੀਆਂ ਸਭਨਾਂ ਕਮਿਊਨਿਸਟ ਇਨਕਲਾਬੀ ਤਾਕਤਾਂ ਦਾ ਇਹ ਇੱਕ ਅਹਿਮ ਕਾਰਜ ਬਣਦਾ ਹੈ ਕਿ ਉਹਨਾਂ ਨੂੰ ਸੱਜੇ ਸੋਧਵਾਦ ਦੀਆਂ ਵੱਖ ਵੱਖ ਵੰਨਗੀਆਂ ਖਿਲਾਫ ਜੱਦੋਜਹਿਦ ਕਰਦਿਆਂ, ਖੱਬੀ ਫੰਡਰ-ਲਫਾਜ਼ੀ ਦੇ ਗਿਲਾਫ਼ ਵਿੱਚ ਦੜੀ ਸੱਜੀ ਮੌਕਾਪ੍ਰਸਤ ਲੀਹ ਅਤੇ ਸੱਜੇ ਸੋਧਵਾਦ ਦੀ ਇਸ ਵੰਨਗੀ ਦੀ ਰਹਿੰਦ-ਖੂੰਹਦ ਖਿਲਾਫ ਬੇਕਿਰਕ ਜੱਦੋਜਹਿਦ ਵੱਲ ਵੀ ਬਣਦੀ ਤਵੱਜੋ ਦਿੱਤੀ ਜਾਵੇ। ੦-੦

''ਦੁੱਧ ਦਾ ਸੜਿਆ, ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੈ''


''ਦੁੱਧ ਦਾ ਸੜਿਆ, ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੈ''
(ਸੁਜ਼ਾਤ ਬੁਖ਼ਾਰੀ ਵੱਲੋਂ ਹੁਰੀਅਤ ਕਾਨਫਰੰਸ ਦੇ ਇੱਕ ਧੜੇ ਦੇ ਚੇਅਰਮੈਨ ਮੀਰਵਾਈਜ਼ ਉਮਰ ਫਾਰੂਕ ਨਾਲ ਮੁਲਾਕਾਤ)
? ਤੁਸੀਂ ਕੀ ਸੋਚਦੇ ਹੋ ਕਿ ਹਾਲਤ ਅਜਿਹੇ ਵਿਸਫੋਟਕ ਕਿਉਂ ਬਣੇ? 
-ਪ੍ਰਤੱਖ ਤੌਰ 'ਤੇ ਇਹ ਸਭ ਉਸ ਕਿਸਮ ਦੀ ਭੜਕਾਹਟ ਦੀ ਪ੍ਰਤੀਕਿਰਿਆ ਹੈ, ਜਿਸ ਦਾ ਸ਼ਿਕਾਰ ਕਸ਼ਮੀਰੀ ਆਵਾਮ ਨੂੰ ਪੀ.ਡੀ.ਪੀ.-ਭਾਜਪਾ ਗੱਠਜੋੜ ਬਣਨ ਤੋਂ ਬਾਅਦ ਲਗਾਤਾਰ ਬਣਾਇਆ ਗਿਆ। ਸੈਨਿਕ ਕਾਲੋਨੀਆਂ ਬਣਾਉਣ, ਕਸ਼ਮੀਰੀ ਹਿਜਰਤੀ ਵਸੋਂ ਲਈ ਵੱਖਰੀਆਂ ਰਿਹਾਇਸ਼ੀ ਕਾਲੋਨੀਆਂ ਬਣਾਉਣ, ਪੱਛਮੀ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਸੂਬੇ ਵਿੱਚ ਵਸਾਉਣ, ਸੂਬੇ ਤੋਂ ਬਾਹਰਲੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜ਼ਮੀਨ ਅਲਾਟ ਕਰਨ, ਇੱਕ ਵਿਵਾਦਗ੍ਰਸਤ ਸਨਅੱਤੀ ਨੀਤੀ ਲਾਗੂ ਕਰਨ ਤੇ ਕਸ਼ਮੀਰੀ ਭਾਸ਼ਾ ਲਈ ਸੰਸਕ੍ਰਿਤ ਲਿਪੀ ਲਾਗੂ ਕਰਨ ਵਰਗੀਆਂ ਅਜਿਹੀਆਂ ਨੀਤੀਆਂ ਹਨ, ਜਿਹਨਾਂ ਨੂੰ ਵੱਡੇ ਪੱਧਰ 'ਤੇ ਲਾਗੂ ਕਰਕੇ ਸੂਬੇ ਦੀ ਵਸੋਂ ਅੰਕੜਿਆਂ ਦੀ ਬਣਤਰ ਨੂੰ ਤਬਦੀਲ ਕਰਨ, ਸੂਬੇ ਦੀ ਬਹੁਮdਤ ਵਾਲੀ ਤਸਵੀਰ ਬਦਲਣ, ਕਸ਼ਮੀਰ ਦੇ ਵਿਸ਼ੇਸ਼ ਦਰਜ਼ੇ ਨੂੰ ਪਤਲਾ ਪਾਉਣ ਅਤੇ ਆਖਿਰਕਾਰ ਭਾਰਤੀ ਯੂਨੀਅਨ ਵਿੱਚ ਜਜ਼ਬ ਕਰਨ ਦਾ ਟੀਚਾ ਰੱਖ ਕੇ ਚੱਲਿਆ ਗਿਆ ਹੈ।
ਆਰ.ਐਸ.ਐਸ., ਭਾਜਪਾ ਦਾ ਕਸ਼ਮੀਰ ਬਾਰੇ ਸਟੈਂਡ ਕਸ਼ਮੀਰੀਆਂ ਨੂੰ ਬਹੁਤ ਸਾਫ ਹੈ ਤੇ ਇਹ ਕੇਂਦਰ ਦਾ ਹੁਕਮਨਾਮਾ ਹੈ, ਜੋ ਵਾਦੀ ਵਿੱਚ ਚੱਲਦਾ ਹੈ। ਸਥਾਨਕ ਭਾਈਵਾਲ (ਪੀ.ਡੀ.ਪੀ.) ਅੱਖਾਂ ਪੂੰਝਣ ਵਾਲੀ ਤੇ ਮਹਿਜ਼ ਰਬੜ ਦੀ ਇੱਕ ਮੋਹਰ ਹੈ। ਲੋਕਾਂ ਵਿੱਚ ਡਰ ਇਹ ਨਹੀਂ ਸੀ ਕਿ ਇਹ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ ਜਾਂ ਨਹੀਂ ਪਰ ਕਦੋਂ? ਸਿੱਟੇ ਵਜੋਂ ਇੱਕ ਚੰਗਿਆੜੀ ਨੇ ਲੋਕ-ਬੇਚੈਨੀ ਤੇ ਸੰਘਰਸ਼ ਦੇ ਭਾਂਬੜ ਬਾਲ ਦਿੱਤੇ। 
? ਤੁਸੀਂ ਇਸ ਗੱਲ ਬਾਰੇ ਚਿੰਤਤ ਨਹੀਂ ਕਿ ਲੋਕ ਉਹਨਾਂ ਦੁਆਲੇ ਲਾਮਬੰਦ ਹੋ ਰਹੇ ਹਨ, ਜੋ ਸਿਆਸੀ ਨਿਸ਼ਾਨਾ ਹਾਸਲ ਕਰਨ ਲਈ ਹਿੰਸਾ ਦੇ ਸਾਧਨ ਨੂੰ ਅਪਣਾਉਂਦੇ ਹਨ? 
-ਭਾਰਤ ਸਾਡੇ ਸਿਆਸੀ ਨਿਸ਼ਾਨੇ 'ਤੇ ਇੱਛਾਵਾਂ ਨੂੰ ਮਾਨਤਾ ਨਹੀਂ ਦਿੰਦਾ। ਇਹੋ ਹੀ ਕਾਰਨ ਹੈ ਕਿ ਸਾਡੇ ਨੌਜਵਾਨਾਂ ਨੂੰ ਉਸ ਰਾਹ 'ਤੇ ਧੱਕਿਆ ਜਾ ਰਿਹਾ ਹੈ, ਜਿਸ 'ਤੇ ਕੋਈ ਵੀ ਨਹੀਂ ਚੱਲਣਾ ਚਾਹੁੰਦਾ ਇੱਥੋ ਤੱਕ ਕਿ ਉਹ ਖੁਦ ਵੀ ਉਸ 'ਤੇ ਨਹੀਂ ਚੱਲਦਾ ਚਾਹੁੰਦੇ। ਸਾਨੂੰ ਇਹ ਦੇਖ ਕੇ ਦੁੱਖ ਲੱਗਦਾ ਹੈ ਕਿ ਉਹ ਜ਼ਹੀਨ ਨੌਜਵਾਨ ਕੌਮ ਦਾ ਭਵਿੱਖ ਹਨ, ਉਹਨਾਂ ਦੇ ਹੱਥਾਂ ਵਿੱਚ ਕਿਤਾਬਾਂ ਦੀ ਥਾਂ ਬੰਦੂਕਾਂ ਹਨ। ਕੌਮ ਦੀ ਸ਼ਨਾਖਤ ਉਹਨਾਂ ਨਾਲ ਜੁੜੀ ਹੋਈ ਹੈ। ਕੌਮ ਉਹਨਾਂ ਨੂੰ ਆਦਰਸ਼ਵਾਦੀ ਆਜ਼ਾਦੀ ਘੁਲਾਟੀਆਂ ਵਜੋਂ ਦੇਖਦੀ ਹੈ, ਜਦੋਂ ਉਹਨਾਂ ਦੀਆਂ ਲਾਸ਼ਾਂ ਘਰ ਆਉਂਦੀਆਂ ਹਨ ਤਾਂ ਜਜ਼ਬਾਤ ਅਤੇ ਹਮਾਇਤ ਦਾ ਹੜ• ਆ ਜਾਂਦਾ ਹੈ। 
? ਤੁਸੀਂ ਹਾਲਤ ਨੂੰ ਆਮ ਵਾਂਗ ਕਰਨ ਲਈ ਕੀ ਰੋਲ ਅਦਾ ਕਰ ਰਹੇ ਹੋ? 
-ਹਾਲਤ ਨੂੰ ਆਮ ਵਾਂਗ ਕਰਨ ਦਾ ਮਕਸਦ ਕੀ ਹੈ? ਬੰਦੂਕ ਦੀ ਨਾਲੀ ਰਾਹੀਂ ਮੜ•ੀ ਗਈ ਸ਼ਾਂਤਮਈ ਹਾਲਤ ਇੱਕ ਝੱਖੜ ਆਉਣ ਤੋਂ ਪਹਿਲਾਂ ਸ਼ਾਂ ਸ਼ਾਂ ਕਰਦੀ ਚੁੱਪ ਤੋਂ ਸਿਵਾ ਹੋਰ ਕੁੱਝ ਨਹੀਂ ਹੈ। ਜਦੋਂ ਇਹ ਝੱਖੜ ਝੁਲਦਾ ਹੈ ਤਾਂ ਸਾਡਾ ਕਤਲੇਆਮ ਕੀਤਾ ਜਾਂਦਾ ਹੈ। ਕਸ਼ਮੀਰ ਸੰਸਾਰ ਭਰ ਵਿੱਚ ਸਭ ਤੋਂ ਜ਼ਿਆਦਾ ਫੌਜੀਕਰਨ ਕੀਤਾ ਹੋਇਆ ਇਲਾਕਾ ਹੈ, ਜਿਥੇ ਹਰੇਕ 6 ਨਾਗਰਿਕਾਂ ਪਿੱਛੇ ਇੱਕ ਫੌਜੀ ਤਾਇਨਾਤ ਹੈ। ਅਸੀਂ ਇਸ ਸਥਿਤੀ ਨੂੰ ਜਿਉਂ ਦੀ ਤਿਉਂ ਨਹੀਂ ਚਾਹੁੰਦੇ। ਅਸੀਂ ਹਕੀਕੀ ਅਮਨ ਚਾਹੁੰਦੇ ਹਾਂ, ਜੋ ਸਮੱਸਿਆ ਦੇ ਸਥਾਈ ਹੱਲ ਤੋਂ ਬਾਅਦ ਹੀ ਆਵੇਗਾ। ਅਸੀਂ ਪੂਰੇ ਖੇਤਰ ਲਈ ਅਮਨ ਅਤੇ ਖੁਸ਼ਹਾਲੀ ਚਾਹੁੰਦੇ ਹਾਂ। 
? ਤੁਸੀਂ ਸਮਝਦੇ ਹੋ ਕਿ ਹੜਤਾਲਾਂ ਦੇ ਸੱਦੇ ਸਮੱਸਿਆ ਦਾ ਹੱਲ ਹਨ? 
-ਇਹ ਕਸ਼ਮੀਰ ਮੁੱਦੇ ਦਾ ਕੋਈ ਹੱਲ ਨਹੀਂ ਹਨ, ਪਰ ਸਾਡੇ ਕੋਲ ਰੋਸ, ਵਿਰੋਧ ਦਾ ਇਹੀ ਇੱਕ ਰੂਪ ਬਾਕੀ ਬਚਿਆ ਹੈ। ਹੋਰ ਕਿਹੜੇ ਤਰੀਕੇ ਨਾਲ ਅਸੀਂ ਰੋਸ ਪ੍ਰਗਟ ਕਰੀਏ ਅਤੇ ਆਪਣੇ ਨਾਗਰਿਕਾਂ ਦੀ ਮੌਤ ਦਾ ਵਿਰੋਧ ਕਰੀਏ। ਹੋਰ ਸਭ ਵਿਰੋਧ ਦੇ ਢੰਗਾਂ ਦੀ ਆਗਿਆ ਨਹੀਂ ਦਿੱਤੀ ਜਾਂਦੀ ਤੇ ਜਬਰ ਤੇ ਰੋਕਾਂ ਨਾਲ ਕੁਚਲ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਸਾਨੂੰ ਸਾਡੇ ਬੰਦੇ ਜੋ ਆਪਣੇ ਘਰਾਂ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਅੰਨ•ੇਵਾਹ ਗੋਲੀਆਂ ਚਲਾ ਕੇ ਮਾਰ ਦਿੱਤੇ ਜਾਂਦੇ ਹਨ ਜਾਂ ਜਦੋਂ ਉਹ ਮੌਤ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਮਾਰੇ ਜਾਂਦੇ ਹਨ, ਵਾਸਤੇ ਇਕੱਠੇ ਹੋਣ ਅਤੇ ਦੁੱਖ ਪ੍ਰਗਟਾਉਣ ਦੀ ਵੀ ਆਗਿਆ ਨਹੀਂ ਦਿੱਤੀ ਜਾਂਦੀ। ਮੌਜੂਦਾ ਬਗਾਵਤ ਵਿੱਚ ਜਬਰ ਇੰਨੀਆਂ ਉਚਾਈਆਂ ਛੂਹ ਗਿਆ ਹੈ ਕਿ ਸੰਚਾਰ, ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਅਖਬਾਰਾਂ ਆਦਿ ਵੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ। 
? ਅਜਿਹਾ ਲੱਗਦਾ ਹੈ ਕਿ ਇੱਥੋਂ ਤੱਕ ਕਿ ਵੱਖਵਾਦੀ ਲੀਡਰਸ਼ਿੱਪ ਦੇ ਵੀ ਹਾਲਤ ਕੰਟਰੋਲ ਵਿੱਚ ਨਹੀਂ ਹੈ। ਨੌਜਵਾਨ ਤੁਹਾਡੇ ਤੋਂ ਕੀ ਅੱਕੇ ਹੋਏ ਲੱਗਦੇ ਹਨ? 
-ਅਸੀਂ ਵੀ ਪਹੁੰਚ ਕਰਨ ਅਤੇ ਸੰਪਰਕ ਕਰਨ ਵਿੱਚ ਪ੍ਰਭਾਵਸ਼ਾਲੀ ਨਹੀਂ ਰਹੇ ਕਿਉਕਿ ਸਾਨੂੰ ਲਗਾਤਾਰ ਘਰੇਲੂ ਨਜ਼ਰਬੰਦੀ ਜਾਂ ਜੇਲ•ਾਂ ਵਿੱਚ ਰੱਖਿਆ ਜਾਂਦਾ ਹੈ। ਹਾਕਮ ਸੱਤਾ ਵੱਲੋਂ ਲੋਕਾਂ ਵਿਰੁੱਧ ਹਮਲੇ ਤੇ ਤਸ਼ੱਦਦ ਬਹੁਤ ਐਲਾਨੀਆ ਤੇ ਨੰਗਾ-ਚਿੱਟਾ ਹੋ ਗਿਆ ਹੈ। ਕਸ਼ਮੀਰੀਆਂ ਦੀ ਪੰਜਵੀਂ ਪੀੜ•ੀ ਉਹਨਾਂ ਨੂੰ ਆਪਣੀ ਵਿਰਾਸਤ ਵਿੱਚ ਮਿਲੇ ਸੰਘਰਸ਼ ਵਿੱਚ ਉਲਝ ਚੁੱਕੀ ਹੈ ਅਤੇ ਉਹਨਾਂ ਸਾਹਮਣੇ ਢੇਰ ਸਾਰਾ ਇਤਿਹਾਸ ਬੀਤ ਚੁੱਕਿਆ ਹੈ। ਪਹਿਲਾ ਲੋਕਾਂ ਦਾ ਉਭਾਰ/ਬਗਾਵਤ 1931 ਵਿੱਚ ਡੋਗਰਾ ਆਪਾਸ਼ਾਹ ਰਾਜ ਦੇ ਖਿਲਾਫ ਹੋਇਆ ਸੀ, ਜਦੋਂ ਅਜੇ ਭਾਰਤ ਤੇ ਪਾਕਿਸਤਾਨ ਵਜੂਦ ਵਿੱਚ ਹੀ ਨਹੀਂ ਸਨ ਆਏ। ਉਹਨਾਂ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ। ਹੁਣ ਕਰੋ ਜਾਂ ਮਰੋ ਦੀ ਹਾਲਤ ਹੈ ਅਤੇ ਉਹ ਅਧੀਨਗੀ ਅਤੇ ਜਿਉਂ ਦੀ ਤਿਉਂ ਹਾਲਤ ਤੋਂ ਅੱਕ ਚੁੱਕੇ ਹਨ। 
? ਨਵੀਂ ਦਿੱਲੀ ਉਸ ਦਿਸ਼ਾ ਵਿੱਚ ਅੱਗੇ ਵਧਣ ਦੇ ਰਉਂ ਵਿੱਚ ਨਹੀਂ ਲੱਗਦੀ ਜਿਸ ਵਿੱਚ ਤੁਸੀਂ ਚਾਹੁੰਦੇ ਹੋ? ਹੁਣ ਅੱਗੇ ਕੀ? 
-ਸਾਡੇ ਲਈ ਅੱਗੇ ਵਧਣਾ ਹਮੇਸ਼ਾਂ ਕਠਿਨ ਰਿਹਾ ਹੈ। ਨਵੀਂ ਦਿੱਲੀ ਨੂੰ ਪਤਾ ਹੈ ਕਿ ਅਸਲ ਸਮੱਸਿਆ ਉਸਦਾ ਰਾਜ ਹਠ ਅਤੇ ਇਸ ਨੂੰ ਸਵੀਕਾਰ ਨਾ ਕਰਨ ਦਾ ਇਰਾਦਾ ਤੇ ਉਸਦਾ ਇਸ ਪ੍ਰਕਾਰ ਸੋਚਣਾ ਤੇ ਪ੍ਰਚਾਰ ਕਰਨਾ ਹੀ ਇਸ ਨੂੰ ਜਟਿਲ ਬਣਾਉਂਦਾ ਹੈ। ਨਹੀਂ ਤਾਂ ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਜਿਸ ਚੀਜ਼ ਦੀ ਲੋੜ ਹੁੰਦੀ ਹੈ, ਉਹ ਹੈ, ਹੁੰਗਾਰਾ ਦੇਣ ਦੀ ਅਟੁੱਟ ਭਰੋਸੇ ਵਾਲੀ ਹਿੰਮਤ। ਇਸ ਅਰਸੇ ਦੌਰਾਨ ਸਾਡੇ ਲਈ ਆਪਣੇ ਕਾਜ ਦੀ ਵਾਜਬੀਅਤ ਵਿੱਚ ਕੁਰਬਾਨੀ, ਤਹੱਮਲ, ਦ੍ਰਿੜ•ਤਾ ਹੀ ਆਜ਼ਾਦੀ ਸੰਗਰਾਮ ਦਾ ਅਜਿਹਾ ਪ੍ਰਮਾਣ ਚਿੰਨ• ਹੈ, ਜਿਸ ਦਾ ਸਾਨੂੰ ਨਿਰੰਤਰ ਪ੍ਰਗਟਾਵਾ ਕਰਨਾ ਹੋਵੇਗਾ, ਉਦੋਂ ਤੱਕ ਜਦੋਂ ਤੱਕ ਅਸੀਂ ਆਪਣਾ ਉਦੇਸ਼ ਪੂਰਾ ਨਹੀਂ ਕਰ ਲੈਂਦੇ। 
? ਕਸ਼ਮੀਰ ਨੂੰ ਹੱਲ ਦੀ ਜ਼ਰੂਰਤ ਹੈ, ਇਹ ਕਿਵੇਂ ਸੰਭਵ ਹੈ? 
-ਕਸ਼ਮੀਰ ਇੱਕ ਸਿਆਸੀ ਸਮੱਸਿਆ ਹੈ ਤੇ ਇਸ ਲਈ ਹੱਲ ਵੀ ਸਿਆਸੀ ਹੀ ਹੋ ਸਕਦਾ ਹੈ। ਇਹ ਆਪਣੀ ਮਾਤ-ਭੂਮੀ ਦੀ ਸਿਆਸੀ ਹੋਣੀ ਦੀ ਚੋਣ ਕਰਨ ਅਤੇ ਆਪਣੀ ਰਜ਼ਾ ਨੂੰ ਲਾਗੂ ਕਰਨ ਦਾ ਲੋਕਾਂ ਦਾ ਬੁਨਿਆਦੀ ਸਿਆਸੀ ਅਧਿਕਾਰ ਹੈ। ਸੰਸਾਰ ਭਰ ਅੰਦਰ ਹਰੇਕ ਕੌਮ ਨੂੰ ਇਹ ਹੱਕ ਹਾਸਲ ਹੈ ਅਤੇ ਉਹ ਇਹ ਹੱਕ ਮਾਣਦੀ ਹੈ।  ਅਜਿਹਾ ਜੰਮੂ- ਕਸ਼ਮੀਰ ਦੇ ਲੋਕਾਂ ਨੂੰ ਸੰਯੁਕਤ ਰਾਸ਼ਟਰ 'ਚ ਦੇਣ ਦਾ ਵਾਅਦਾ ਕੀਤਾ ਗਿਆ, ਜਿਸ ਦੀ ਸੰਯੁਕਤ ਰਾਸ਼ਟਰ ਨੇ ਤਸਦੀਕ ਕੀਤੀ। 
ਅਸੀਂ ਇਸ ਗੱਲ ਵਿੱਚ ਵਿਸ਼ਵਾਸ਼ ਰੱਖਦੇ ਹਾਂ ਕਿ ਇਸਦਾ ਹੱਲ ਵਾਅਦਾ ਪੂਰਾ ਕਰਨ ਵਿੱਚ ਪਿਆ ਹੋਇਆ ਹੈ। ਇਸਦਾ ਇੱਕ ਹੋਰ ਹੱਲ, ਸੁਹਿਰਦ ਅਤੇ ਭਰੋਸੋਯੋਗ ਮਾਹੌਲ ਵਿੱਚ, ਤਿੰਨ ਧਿਰਾਂ ਪਾਕਿਸਤਾਨ, ਭਾਰਤ ਅਤੇ ਮੁੱਖ ਧਿਰ ਜੰਮੂ-sਕਸ਼ਮੀਰ ਦੇ ਲੋਕਾਂ ਦੀ ਬਿਨਾ ਸ਼ਰਤ ਅਤੇ ਅਰਥ-ਭਰਪੂਰ ਯਤਨਾਂ ਰਾਹੀਂ ਹੱਲ ਕਰਨਾ ਦਾ ਰਾਹ ਹੈ। 
?ਨਵੀਂ ਦਿੱਲੀ ਦਾ ਕਹਿਣਾ ਹੈ ਕਿ ਪਾਕਿਸਤਾਨ ''ਕਾਲਾ ਦਿਨ'' ਮਨਾਉਣ ਦੇ ਸੱਦੇ ਦੇ ਕੇ ਬਲਦੀ 'ਤੇ ਤੇਲ ਪਾ ਰਿਹਾ ਹੈ? 
-ਸਭ ਤੋਂ ਪਹਿਲਾਂ ਤਾਂ ਅੱਗ ਬਲਦੀ ਹੀ ਕਿਉਂ ਹੈ? ਇਸ ਨੂੰ ਕਿਸਨੇ ਲਾਇਆ ਅਤੇ ਵਧਣ ਦਿੱਤਾ? ਅਜਿਹੇ ਸੁਆਲ ਨਵੀਂ ਦਿੱਲੀ  ਨੂੰ ਆਪਣੇ ਆਪ ਤੋਂ ਪੁੱਛਣੇ ਚਾਹੀਦੇ ਹਨ ਅਤੇ ਗੰਭੀਰਤਾ ਨਾਲ ਸੁਹਿਰਦਤਾ ਨਾਲ  ਅੰਤਰਝਾਤ ਮਾਰਨੀ ਚਾਹੀਦੀ ਹੈ। ਆਪਣੀ ਜੁੰਮੇਵਾਰੀ ਤੋਂ ਬਚਣ ਲਈ ਦੋਸ਼ ਦੂਜਿਆਂ 'ਤੇ ਮੜ•ਨੇ ਅਤੇ ਸ਼ਬਦਜਾਲ ਦੀ ਮੁਹਾਵਰੇਬਾਜ਼ੀ ਨਾਲ ਭਾਰਤ ਦੇ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਧੋਖਾ ਦੇਣ ਦੀ ਯੁੱਧ ਨੀਤੀ ਫੇਲ ਸਾਬਤ ਹੋਵੇਗੀ ਅਤੇ ਹੋ ਰਹੀ ਹੈ। 
? ਉਹ ਕਹਿੰਦੇ ਹਨ ਕਿ ਨੌਜਵਾਨ ਹਿੰਸਾ 'ਤੇ ਉਤਾਰੂ ਹੋ ਕੇ ਪੁਲਸ ਸਟੇਸ਼ਨਾਂ 'ਤੇ ਹਮਲੇ ਕਰਕੇ ਪੁਲਸ ਨੂੰ ਗੋਲੀ ਚਲਾਉਣ ਲਈ ਉਕਸਾ ਰਹੇ ਹਨ? 
-ਨੌਜਵਾਨ ਕ੍ਰੋਧ ਵਿੱਚ ਅਤੇ ਖਿਝੇ ਹੋਏ ਹਨ। ਉਹ ਕੋਈ ਹੱਲ ਚਾਹੁੰਦੇ ਹਨ। ਹੋ ਸਕਦਾ ਹੈ, ਉਹਨਾਂ ਵਿੱਚੋਂ ਕੁੱਝ ਆਪਣੇ ਜਜ਼ਬਾਤ ਇਸ ਤਰ•ਾਂ ਦੇ ਤਰੀਕਿਆਂ ਨਾਲ ਜ਼ਾਹਰ ਕਰ ਰਹੇ ਹਨ। ਇਹ ਇਸੇ ਗੱਲ ਨੂੰ ਦਿਖਾਉਂਦਾ ਹੈ ਕਿ ਉਹ ਅਧੀਨਗੀ ਅਤੇ ਜਲਾਲਤ ਦੀ ਜ਼ਿੰਦਗੀ ਜਿਉਣ ਨਾਲੋਂ ਮਰਨਾ ਚਾਹੁੰਦੇ ਹਨ, ਉਹ ਇਸ ਹੱਦ ਤੱਕ ਬੇਖੌਫ ਹੋ ਗਏ ਹਨ।
? ਤੁਸੀਂ ਬਿਨਾ ਸ਼ਰਤ ਗੱਲਬਾਤ ਕਰਨ ਲਈ ਤਿਆਰ ਹੋ? 
-ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਸਿਧਾਂਤਕ ਤੌਰ 'ਤੇ ਸੰਯੁਕਤ ਰਾਸ਼ਟਰ ਦੀ ਗਾਰੰਟੀ ਵਿੱਚ ਪੂਰੇ ਰਾਜ ਜਿਵੇਂ ਇਹ 14 ਅਗਸਤ 1947 ਨੂੰ ਸੀ, ਵਿੱਚ ਰਾਇ-ਸ਼ੁਮਾਰੀ ਕਰਵਾਈ ਜਾਵੇ ਜਾਂ ਫਿਰ ਭਾਰਤ, ਪਾਕਿਸਤਾਨ ਅਤੇ ਸਭ ਤੋਂ ਮਹੱਤਵਪੂਰਨ ਜੰਮੂ-ਕਸ਼ਮੀਰ ਦੇ ਲੋਕਾਂ ਦਰਮਿਆਨ ਬਿਨਾ ਸ਼ਰਤ ਗੱਲਬਾਤ ਇਸ ਸਮੱਸਿਆ ਦੇ ਅੰਤਿਮ ਹੱਲ ਦਾ ਤਰੀਕਾਕਾਰ ਹੋ ਸਕਦਾ ਹੈ। ਲੇਕਿਨ ਸਾਡਾ 2004 ਤੋਂ 2016 ਵਿੱਚ ਜਦੋਂ ਅਸੀਂ ਭਾਰੀ ਰੁਕਾਵਟਾਂ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਨਾਲ ਬਿਨਾ ਸ਼ਰਤ ਗੱਲਬਾਤ ਵਿੱਚ ਸ਼ਾਮਲ ਹੋਏ ਅਤੇ ਜਿਵੇਂ ਭਾਰਤ ਇਸ ਤੋਂ ਪਿੱਛੇ ਹਟਿਆ ਤੇ ਗੱਲਬਾਤ ਤਿਆਗ ਦਿੱਤੀ ਇਹ ਤਜਰਬਾ ''ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਮਾਰ ਕੇ ਪੀਣ'' ਵਾਲਾ ਰਿਹਾ। ਹੁਣ ਅਸੀਂ ਇਸ ਰਾਹ 'ਤੇ ਬਹੁਤ ਸੁਚੇਤ ਹੋ ਕੇ ਕਦਮ ਰੱਖਾਂਗੇ। (ਫਰੰਟਲਾਈਨ, 19 ਅਗਸਤ 2016

ਕਸ਼ਮੀਰੀ ਲੋਕਾਂ ਦਾ ਫੁੱਟਿਆ ਰੋਹ


ਬੁਰਹਾਨ ਵਾਨੀ ਦੀ ਮੌਤ ਉਪਰੰਤ:
ਕਸ਼ਮੀਰੀ ਲੋਕਾਂ ਦਾ ਫੁੱਟਿਆ ਰੋਹ: ''ਆਜ਼ਾਦੀ'' ਦੀ ਜ਼ੋਰਦਾਰ ਤਾਂਘ ਦਾ ਪ੍ਰਗਟਾਵਾ
-ਦਲਜੀਤ
ਬੁਰਹਾਨ ਵਾਨੀ ਦੀ ਮੌਤ ਦੀ ਖਬਰ ਜਾਰੀ ਹੁੰਦੇ ਸਾਰ ਹੀ ਸਾਰੀ ਕਸ਼ਮੀਰ ਵਾਦੀ ਵਿੱਚ ਇੱਕ ਤਕੜਾ ਜਨ-ਉਭਾਰ ਉੱਠ ਖੜ•ਾ ਹੋਇਆ। ਭਾਰਤੀ ਫੌਜ ਨੇ ਸਮੁੱਚੀ ਵਾਦੀ ਵਿੱਚ ਹੀ ਨਾ ਸਿਰਫ ਅਣ-ਮਿਥੇ ਸਮੇਂ ਦਾ ਕਰਫਿਊ ਮੜ• ਦਿੱਤਾ ਬਲਕਿ ਸਾਰੇ ਹੀ ਸ਼ਹਿਰਾਂ, ਕਸਬਿਆਂ, ਸੜਕਾਂ, ਚੌਕਾਂ ਤੇ ਗਲੀ-ਮੁਹੱਲਿਆਂ ਵਿੱਚ ਫੌਜੀ ਧਾੜ•ਾਂ ਝੋਕ ਦਿੱਤੀਆਂ। ਪੁਲਸ-ਫੌਜ ਨੇ ਬੇਸ਼ੱਕ ਲੱਖ ਯਤਨ ਕੀਤੇ ਪਰ ਫੇਰ ਵੀ ਆਖਰੀ ਸਮੇਂ ਉਸਦੇ ਜਨਾਜੇ ਵਿੱਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋ ਚੁੱਕੇ ਸਨ ਜਦੋਂ ਕਿ 2 ਲੱਖ ਦੇ ਕਰੀਬ ਲੋਕਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕਰਫਿਊ, ਗੋਲੀ, ਅੱਥਰੂ ਗੈਸ, ਪੈਲਟ-ਗੰਨਾਂ ਆਦਿ ਨਾਲ ਡੱਕਿਆ ਗਿਆ, ਪਰ ਲੋਕ ਇੱਕ-ਦੂਜੇ ਤੋਂ ਮੂਹਰੇ ਹੋ ਹੋ ਹਿੱਕਾਂ ਵਿੱਚ ਗੋਲੀਆਂ ਖਾਣ ਲਈ ਜੂਝਦੇ ਰਹੇ। ਇਸ ਦਿਨ ਇੱਕ ਦਰਜ਼ਨ ਦੇ ਕਰੀਬ ਲੋਕ ਮਾਰੇ ਗਏ, ਦਰਜ਼ਨਾਂ ਹੀ ਅੱਖਾਂ ਦੀ ਲੋਅ ਗੁਆ ਬੈਠੇ, ਸੈਂਕੜਿਆਂ ਨੂੰ ਹਸਪਤਾਲ ਜਾਣਾ ਪਿਆ ਅਤੇ ਹਜ਼ਾਰਾਂ ਨੂੰ ਹੋਰਨਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। 8 ਜੁਲਾਈ ਤੋਂ ਹੁਣ ਤੱਕ (ਡੇਢ ਮਹੀਨੇ ਬਾਅਦ) 6 ਦਰਜ਼ਨ ਦੇ ਕਰੀਬ ਮੌਤਾਂ ਹੋਣ ਉਪਰੰਤ ਅਜੇ ਵੀ ਕਸ਼ਮੀਰ ਕਰਫਿਊ ਅਤੇ ਗੋਲੀਬਾਰੀ ਦੀ ਮਾਰ ਹੇਠ ਵਿਚਰ ਰਿਹਾ ਹੈ। 
ਬੁਰਹਾਨ ਵਾਨੀ ਦੀ ਮੌਤ ਉਪਰੰਤ ਫੁੱਟਿਆ ਇਹ ਲੋਕ-ਵਿਦਰੋਹ ਸਿਰਫ ਇਸੇ ਕੁੱਝ ਦਾ ਪ੍ਰਗਟਾਵਾ ਨਹੀਂ ਕਿ ਉਹ ਇੰਟਰਨੈਂਟ ਦੀ ਬਾਖੂਬੀ ਵਰਤੋਂ ਕਰਦਾ ਸੀ ਜਾਂ ਫੇਰ ਸਿਰਫ ਇੱਕ ਚੜ•ਦੀ ਉਮਰ ਵਾਲਾ ਜੰਗਜੂ, ਬਹਾਦਰ ਜਾਂ ਖਾੜਕੂ ਨੌਜਵਾਨ ਸੀ, ਬਲਕਿ ਬੁਰਹਾਨ ਤਾਂ ਸਮੁੰਦਰ ਵਿੱਚ ਤੈਰਦੇ ਕਿਸੇ ਵੱਡੇ ਤੋਦੇ ਦੀ ਸਿਰਫ ਚੋਟੀ ਮਾਤਰ ਹੀ ਸੀ ਜੋ ਉੱਪਰੋਂ ਭਾਵੇਂ ਛੋਟੀ ਹੀ ਦਿਖਾਈ ਦਿੰਦੀ ਹੋਵੇ ਪਰ ਜਿਸਨੇ ਪਾਣੀ ਵਿੱਚ ਵਿਸ਼ਾਲ ਆਕਾਰ ਹਾਸਲ ਕੀਤਾ ਹੁੰਦਾ ਹੈ। ਬੁਰਹਾਨ ਵਾਨੀ ਦੇ ਉਦੇਸ਼ ਬਾਰੇ ਦੱਸਦੇ ਹੋਏ ਉਸਦੇ ਪਿਤਾ ਨੇ ਆਖਿਆ ਕਿ ''ਉਸਦਾ ਉਦੇਸ਼ ਭਾਰਤ ਤੋਂ ਆਜ਼ਾਦੀ ਹੈ। ਇਹ ਉਸਦਾ ਹੀ ਨਹੀਂ ਬਲਕਿ ਹਰ ਕਿਸੇ ਦਾ ਉਦੇਸ਼ ਹੈ— ਮੇਰਾ ਵੀ ਹੈ।'' (23 ਨਵੰਬਰ, 2015 ਹਿੰਦੋਸਤਾਨ ਟਾਈਮਜ਼)
ਇਸ ਸਮੇਂ ਕਸ਼ਮੀਰੀ ਲੋਕਾਂ ਵਿੱਚ ਖਾਸ ਕਰਕੇ ਨੌਜਵਾਨਾਂ ਵਿੱਚ ਫੁੱਟਿਆ ਰੋਹ ਉਸ ਮਾਹੌਲ ਦੀ ਪ੍ਰਤੀਕਿਰਿਆ ਹੈ, ਜੋ ਭਾਰਤੀ ਹਾਕਮਾਂ ਅਤੇ ਇਹਨਾਂ ਦੇ ਕਸ਼ਮੀਰ ਵਿਚਲੇ ਪਿਛਲੱਗਾਂ ਨੇ ਪੈਦਾ ਕੀਤਾ ਹੋਇਆ ਹੈ। ਹਾਲੇ ਸਾਲ ਕੁ ਪਹਿਲਾਂ ਹੀ ਕਸ਼ਮੀਰੀ ਲੋਕਾਂ ਵੱਲੋਂ ਵਾਦੀ ਵਿੱਚ ਭਾਜਪਾ ਵੱਲੋਂ ਵਧਾਏ ਜਾ ਰਹੇ ਕਦਮਾਂ ਨੂੰ ਠੱਲ• ਪਾਉਣ ਦੀ ਖਾਤਰ ਪੀਪਲਜ਼ ਡੈਮੋਕਰੇਟਿਕ ਪਾਰਟੀ ਨੂੰ ਤਕੜੀ ਹਮਾਇਤ ਵੀ ਕੀਤੀ ਗਈ ਸੀ, ਪਰ ਜਦੋਂ ਇਹ ਪਾਰਟੀ ਖੁਦ ਆਪ ਹੀ ਭਾਜਪਾ ਦੀ ਹੱਥਠੋਕਾ ਬਣ ਕੇ ਰਹਿ ਗਈ ਤਾਂ ਲੋਕਾਂ ਨੇ ਇਸ ਨੂੰ ਬੁਰੀ ਤਰ•ਾਂ ਦੁਰਕਾਰ ਦਿੱਤਾ। 
ਕਸ਼ਮੀਰੀ ਲੋਕ ਗੁਲਾਮੀ, ਜਲਾਲਤ, ਜਬਰ-ਜ਼ੁਲਮ ਨੂੰ ਉਦੋਂ ਤੋਂ ਝੱਲਦੇ ਆ ਰਹੇ ਹਨ, ਜਦੋਂ ਤੋਂ ਕਸ਼ਮੀਰ ਉੱਪਰ ਭਾਰਤੀ ਫੌਜ ਨੇ ਕਬਜ਼ਾ ਕੀਤਾ ਹੈ। ਇਸ ਸਬੰਧੀ ਮਈ 2016 ਵਿੱਚ ਇਤਿਹਾਸਕਾਰ ਏ.ਜੀ. ਨੂਰਾਨੀ ਨੇ 'ਫਰੰਟਲਾਈਨ'  ਵਿੱਚ ਲਿਖੇ ਇੱਕ ਲੇਖ ਵਿੱਚ ਦਰਸਾਇਆ ਹੈ ਕਿ ''ਇਹ ਗੱਲ ਜੱਗ ਜ਼ਾਹਰ ਹੈ ਕਿ ਭਾਰਤ ਨੇ ਸ਼ੇਖ ਅਬਦੁੱਲਾ ਨੂੰ ਸੱਤਾ ਤੋਂ ਬਾਹਰ ਕੱਢਣ ਉਪਰੰਤ ਰਾਜ ਵਿੱਚ ਆਪਣੀ ਪਕੜ ਨੂੰ ਮਜਬੂਤ ਬਣਾਇਆ ਹੈ। ਪਰ ਅੱਜ, ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਕੌੜੀਆਂ ਹਕੀਕਤਾਂ ਸਾਹਮਣੇ ਆਈਆਂ ਹਨ, ਜਿਹਨਾਂ ਨੂੰ ਦੇਖ ਕੇ ਕਈਆਂ ਦੇ ਕਲੇਜੇ ਹੌਲ ਪੈਣਗੇ ਕਿ ਨਾ ਸਿਰਫ ਕਸ਼ਮੀਰੀ ਕੌਮਵਾਦ ਜਿੰਦਾ ਹੀ ਹੈ ਸਗੋਂ ਨਵੀਂ ਦਿੱਲੀ ਦੀਆਂ ਜਾਬਰ ਨੀਤੀਆਂ ਅਤੇ ਫੌਜ ਦੇ ਸਿਰੇ ਦੇ ਜ਼ੁਲਮਾਂ ਦੇ ਬਾਵਜੂਦ ਵਧਦਾ ਜਾ ਰਿਹਾ ਹੈ। ਭਾਰਤੀ ਹਕੂਮਤ, ਇਸਦਾ ਭਾਰੂ ਮੀਡੀਆ, ਖਾਸ ਕਰਕੇ ਟੈਲੀਵੀਜ਼ਨ, ਬੁੱਧੀਜੀਵੀ ਅਤੇ ਕਸ਼ਮੀਰ ਵਿਚਲੇ ਇਸਦੇ ਧੂਤੂ, ਦਿੱਲੀ ਵੱਲੋਂ ਸੁੱਟੇ ਗਏ ਟੁਕੜਿਆਂ 'ਤੇ ਪਲਣ ਵਾਲੇ ਟੁੱਕੜਬੋਚ ਹਨ, ਜਿਹੜੇ ਝਿੜਕ ਦਿੱਤੇ ਜਾਣ 'ਤੇ ਦੜ ਵੱਟ ਜਾਂਦੇ ਹਨ। ਹਕੀਕਤ ਬਰਦਾਸ਼ਤ ਕਰਨੋਂ ਬਾਹਰੀ ਹੋ ਚੁੱਕੀ ਹੈ— ਭਾਰਤ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਦੇ ਉਲਟ ਹਕੂਮਤ ਮੜ• ਰਿਹਾ ਹੈ। ਉਹ ਭਾਰਤੀ ਹਕੂਮਤ ਦੀ ਕਿਸੇ ਵੀ ਵਾਜਬੀਅਤ ਨੂੰ ਰੱਦ ਕਰਦੇ ਹਨ।''
ਕਸ਼ਮੀਰ ਸਬੰਧੀ ਜੋ ਕੁੱਝ ਉੱਪਰ ਲਿਖਿਆ ਗਿਆ ਹੈ, ਉਹ ਹੀ ਸੱਚ ਨਹੀਂ ਬਲਕਿ ਹੁਣ ਤੋਂ ਕੋਈ 6 ਦਹਾਕੇ ਪਹਿਲਾਂ ਵੀ ਸਥਿਤੀ ਇਹੋਜਿਹੀ ਹੀ ਸੀ— ਜਿਸ ਸਬੰਧੀ ਜੈ ਪ੍ਰਕਾਸ਼ ਨਰਾਇਣ ਨੇ ਲਿਖਿਆ ਸੀ:  ''ਜਿੰਨੀ ਵੀ ਹੁਣ ਤੱਕ ਮੈਨੂੰ ਜਾਣਕਾਰੀ ਹੈ ਉਸ ਮੁਤਾਬਕ 95 ਫੀਸਦੀ ਕਸ਼ਮੀਰੀ ਮੁਸਲਮਾਨ ਭਾਰਤੀ ਨਾਗਰਿਕ ਬਣੇ/ਰਹਿਣਾ ਨਹੀਂ ਚਾਹੁੰਦੇ। ਇਸ ਕਰਕੇ ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਉਹਨਾਂ ਨੂੰ ਧੱਕੇ ਨਾਲ ਆਪਣੇ ਨਾਲ 'ਰੱਖਣਾ' ਕੋਈ ਸਿਆਣਪ ਹੋਵੇਗੀ ਜਦੋਂ ਉਹ ਰਹਿਣਾ ਹੀ ਨਹੀਂ ਚਾਹੁੰਦੇ। ਇਹ ਸੰਭਵ ਨਹੀਂ, ਇਸਦੇ ਦੀਰਘ ਕਾਲੀ ਗੰਭੀਰ ਸਿਆਸੀ ਸਿੱਟੇ ਭੁਗਤਣੇ ਪੈਣਗੇ, ਭਾਵੇਂ ਕਿ ਇਹ ਫੌਰੀ ਤੌਰ 'ਤੇ ਨੀਤੀ ਅਨੁਸਾਰ ਢੁਕਵੇਂ ਅਤੇ ਲੋਕ ਇੱਛਾ ਨੂੰ ਖੁਸ਼ ਕਰਦੇ ਜਾਪਣ।'' (ਜੈ ਪ੍ਰਕਾਸ਼ ਨਰਾਇਣ ਦਾ ਨਹਿਰੂ ਨੂੰ ਪਹਿਲੀ ਮਈ 1956 ਨੂੰ ਲਿਖਿਆ ਪੱਤਰ)
ਇੱਕ ਹੋਰ ਲੇਖਕ ਨੇ ਵੀ ਆਖਿਆ ਸੀ ਕਿ, ''ਜੇਕਰ ਕਸ਼ਮੀਰ ਉਥੋਂ ਦੇ ਲੋਕਾਂ ਦੀ ਇੱਛਾ ਦੇ ਉਲਟ ਭਾਰਤ ਨਾਲ ਨੱਥੀ ਕੀਤਾ ਜਾਂਦਾ ਹੈ ਤਾਂ ਇੱਥੇ ਹਮੇਸ਼ਾਂ ਸਿਆਸੀ ਉਥਲ-ਪੁਥਲ ਜਾਰੀ ਰਹੇਗੀ।'' (ਪ੍ਰੇਮ ਨਾਥ ਬਜ਼ਾਜ਼, ਦਾ ਹਿਸਟਰੀ ਆਫ ਦਾ ਸਟਰੱਗਲ ਫਾਰ ਫਰੀਡਮ ਇਨ ਕਸ਼ਮੀਰ, ਪੰਪੋਸ਼ ਪਬਲੀਕੇਸ਼ਨਜ਼, 1954)
ਜੋ ਕੁੱਝ 2010 ਵਿੱਚ ਇੱਕ ਪੱਤਰਕਾਰ ਨੇ ਲਿਖਿਆ ਸੀ, ਉਹ ਵੀ ਸੱਚ ਹੈ ਕਿ, ''ਸੰਵਿਧਾਨਕ ਜੁਗਾੜ ਦੇ ਓਹਲੇ ਇਹ ਕੌੜੀ ਸਚਾਈ ਹੈ ਕਿ ਵਾਦੀ ਇੱਕ ਹਥਿਆਇਆ ਹੋਇਆ ਖੇਤਰ ਹੈ, ਇੱਕ ਦਿਨ ਵਾਸਤੇ ਵੀ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਟਾ ਲਿਆ ਜਾਵੇ ਤਾਂ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਅਗਲੇ ਹੀ ਪਲ ਕੀ ਵਾਪਰ ਜਾਵੇ।'' (ਅਸ਼ੋਕ ਮਿੱਤਰਾ, ਦਾ ਟੈਲੀਗ੍ਰਾਫ, 27 ਅਗਸਤ 2010)
ਜਿੱਥੇ ਏ.ਜੀ. ਨੂਰਾਨੀ ਸਮੇਤ ਅਨੇਕਾਂ ਲੇਖਕਾਂ ਨੇ ਭਾਰਤੀ ਹਾਕਮਾਂ ਅਤੇ ਕਸ਼ਮੀਰੀ ਲੋਕਾਂ ਦੇ ਪੱਖ ਨੂੰ ਸਹੀ ਸਹੀ ਪੇਸ਼ ਕੀਤਾ ਹੈ, ਉੱਥੇ ਭਾਰਤੀ ਹਾਕਮ ਆਪਣੇ ਉੱਤੇ ਤਰ•ਾਂ ਤਰ•ਾਂ ਦੇ ਬੁਰਕੇ ਪਾ ਕੇ ਆਪਣੇ ਦੰਭ ਨੂੰ ਛੁਪਾਉਣ ਲਈ ਹਰਬੇ ਵਰਤਦੇ ਰਹਿੰਦੇ ਹਨ। ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਦੀ ਜੰਗੇ-ਆਜ਼ਾਦੀ ਨੂੰ ਕੁਚਲਣ ਲਈ ਜੋ ਕੁੱਝ ਕੁਨਾਨ ਪੋਸ਼ਪੁਰਾ, ਹਜ਼ਰਤ ਬੱਲ ਦਰਗਾਹ, ਚਰਾਰੇ-ਸ਼ਰੀਫ ਜਾਂ ਸ਼ੋਪੀਆ ਆਦਿ ਵਿੱਚ ਕੀਤਾ, ਉਹ ਕਸ਼ਮੀਰੀ ਲੋਕਾਂ ਨੂੰ ਕਿਵੇਂ ਵੀ ਭੁਲਾਇਆ ਨਹੀਂ ਜਾ ਸਕਦਾ। ਅਪ੍ਰੈਲ 2003 ਵਿੱਚ ਭਾਰਤੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਪਾਰਲੀਮੈਂਟ ਨੂੰ ਦੱਸਿਆ ਸੀ ਕਿ ''ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਹ ਵਿਸ਼ਵਾਸ਼ ਦੁਆਉਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਹੀ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੀ ਇੱਛਾ ਰੱਖਦੇ ਹਾਂ- ਇਹ ਭਾਵੇਂ ਘਰੇਲੂ ਹੋਣ ਜਾਂ ਵਿਦੇਸ਼ੀ। ਇਹ ਗੱਲ ਮੈਂ ਜ਼ੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਗੋਲੀ ਰਾਹੀਂ ਕੋਈ ਮਸਲਾ ਹੱਲ ਨਹੀਂ ਹੋ ਸਕਦਾ, ਜਦੋਂ ਕਿ ਭਾਈਚਾਰਾ ਹੱਲ ਕਰ ਸਕਦਾ ਹੈ। ਮਸਲੇ ਹੱਲ ਕੀਤੇ ਜਾ ਸਕਦੇ ਹਨ ਜੇ ਅਸੀਂ ਇਨਸਾਨੀਅਤ, ਜਮਹੂਰੀਅਤ  ਅਤੇ ਕਸ਼ਮੀਰੀਅਤ  ਦੇ ਤਿੰਨ ਅਸੂਲਾਂ 'ਤੇ ਆਧਾਰਤ ਅੱਗੇ ਕਦਮ ਵਧਾਵਾਂਗੇ।''
ਪਰ ਸੰਨ 2008, 2010 ਅਤੇ ਫੇਰ 2013 ਵਿੱਚ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਉਪਰੰਤ ਤੇ ਹੁਣ ਬੁਰਹਾਨ ਵਾਨੀ ਦੀ ਸ਼ਹਾਦਤ ਉਪਰੰਤ ਭਾਰਤੀ ਹਕੂਮਤ ਨੇ ਜਿਹੜੀ 'ਇਨਸਾਨੀਅਤ', 'ਜਮਹੂਰੀਅਤ' ਅਤੇ ਕਸ਼ਮੀਰੀਅਤ' ਦੀ ਨੁਮਾਇਸ਼ ਲਗਾਈ ਹੈ, ਉਸਨੇ ਭਾਰਤੀ ਹਕੂਮਤ ਦੇ ਦੰਭ ਨੂੰ ਚੁਰਾਹੇ ਵਿੱਚ ਨੰਗਾ ਕੀਤਾ ਹੈ। ਪੈਲੇਟ ਬੰਦੂਕਾਂ ਰਾਹੀਂ ਇੱਕੋ ਹੀ ਸਮੇਂ 'ਤੇ ਸੈਂਕੜੇ ਛੱਰਿਆਂ ਵਾਲੇ ਰੌਂਦ ਦਾਗ਼ ਦਾਗ਼ ਕੇ ਜਿਸ ਤਰ•ਾਂ ਕਸ਼ਮੀਰੀ ਨੌਜਵਾਨਾਂ ਦੀਆਂ ਅੱਖਾਂ ਵਿੰਨੀਆਂ ਹਨ— ਇਹ ਵਰਤਾਰਾ ਨਾ ਕੋਈ ਪਹਿਲਾ ਤੇ ਨਵਾਂ ਹੈ ਨਾ ਹੀ ਆਖਰੀ। ਸੈਂਕੜੇ ਲੋਕਾਂ ਦੀਆਂ ਅੱਖਾਂ ਦੀ ਜੋਤ ਗੁਆਉਣ, ਗੋਲੀਆਂ ਨਾਲ ਭੁੰਨਣ ਅਤੇ ਜੇਲ•ਾਂ-ਥਾਣਿਆਂ ਵਿੱਚ ਤਸੀਹਿਆਂ ਰਾਹੀਂ ਪਿੰਜਣ ਤੇ ਘਾਣ ਕਰਨ ਦੇ ਕੁਕਰਮ ਭਾਰਤੀ ਹਾਕਮ ਦਹਾਕਿਆਂ ਤੋਂ ਹੀ ਕਰਦੇ ਆ ਰਹੇ ਹਨ। ''ਗੋਲੀ ਰਾਹੀਂ ਕੋਈ ਮਸਲਾ ਹੱਲ ਨਹੀਂ ਹੋ ਸਕਦਾ'' ਕਹਿਣ ਵਾਲੇ ਭਾਜਪਾਈ ਹਾਕਮ ਗੋਲੀ ਨਾਲ ਹੀ ਕਸ਼ਮੀਰੀ ਮਸਲੇ ਨੂੰ ਦਬਾਉਣ ਦਾ ਭਰਮ ਪਾਲ਼ੀ ਬੈਠੇ ਹਨ।
ਕਸ਼ਮੀਰ ਦਾ ਮਸਲਾ ਸਿਆਸੀ ਮਸਲਾ ਹੈ। ਇਹ ਉਸ ਵਾਸਤੇ ਆਜ਼ਾਦੀ ਅਤੇ ਖੁਦਮੁਖਤਿਆਰੀ ਦਾ ਮਸਲਾ ਹੈ। ਇਸ ਮਸਲੇ ਵਿੱਚ ਭਾਰਤੀ ਅਤੇ ਪਾਕਿਸਤਾਨੀ ਹਾਕਮ ਮੁਜ਼ਰਿਮ ਬਣਦੇ ਹਨ, ਜਿਹਨਾਂ ਨੇ ਇੱਕ ਵੱਖਰੇ ਮੁਲਕ ਵਜੋਂ ਵਿਚਰਦੇ ਕਸ਼ਮੀਰ 'ਤੇ ਕਬਜ਼ਾ ਕਰਕੇ ਆਪੋ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ। ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਨਾਲ ਧੋਖੇ ਅਤੇ ਦੰਭ ਦੀ ਇੱਕ ਖੇਡ ਖੇਡੀ ਹੈ। 1947 ਵਿੱਚ ਕਸ਼ਮੀਰ ਦੇ ਭਵਿੱਖ ਸਬੰਧੀ ਭਾਰਤੀ ਹਾਕਮਾਂ ਨੇ ਰਾਏ-ਸ਼ੁਮਾਰੀ ਕਰਵਾ ਕੇ ਫਤਵਾ ਲੈਣ ਦੇ ਕੌਲ-ਇਕਰਾਰ ਕੀਤੇ ਸਨ- ਉਹਨਾਂ ਤੋਂ ਮੁੱਕਰਿਆ ਗਿਆ ਹੈ। 
ਕਸ਼ਮੀਰੀ ਲੋਕਾਂ ਲਈ ''ਜਮਹੂਰੀਅਤ'' ਦਾ ਮਤਲਬ ਉਹਨਾਂ ਦੀ ਆਪਣੀ ਕੌਮ ਦੀ ਸਿਆਸੀ ਹੋਣੀ ਨੂੰ ਆਪਣੀ ਜਮਹੂਰੀ ਰਜ਼ਾ ਰਾਹੀਂ ਤਹਿ ਕਰਨ ਦੇ ਹੱਕ ਨੂੰ ਪ੍ਰਵਾਨ ਕਰਨਾ ਅਤੇ ਰਾਇ-ਸ਼ੁਮਾਰੀ ਕਰਵਾਉਣਾ ਹੈ। ਇਸ ਨੂੰ ਰੱਦ ਕਰਕੇ ਉੱਥੇ ਫੌਜੀ ਰਾਜ ਮੜ• ਕੇ ਚੋਣ ਸਟੰਟ ਰਚਣਾ ਕਸ਼ਮੀਰੀ ਲੋਕਾਂ ਲਈ ਅਖੌਤੀ ਜਮਹੂਰੀਅਤ ਦਾ ਮਹਿਜ਼ ਇੱਕ ਨਾਟਕ ਹੈ। ਇਸ ਚੋਣ ਸਟੰਟ ਨਾਲ ਚੁਣੀ ਸੂਬਾ ਹਕੂਮਤ ਜਾਂ ਮੁੱਖ ਮੰਤਰੀ ਕੋਲ ਕੇਂਦਰੀ ਹਥਿਆਰਬੰਦ ਬਲਾਂ ਦੇ ਕਿਸੇ ਸਿਪਾਹੀ ਵੱਲੋਂ ਨਿਹੱਥੇ ਕਸ਼ਮੀਰੀ ਦੇ ਕੀਤੇ ਕਤਲ, ਕਿਸੇ ਮਾਰਧਾੜ, ਅੱਤਿਆਚਾਰ, ਬਲਾਤਕਾਰ ਵਰਗੇ ਜੁਰਮ ਖਿਲਾਫ ਐਫ.ਆਈ.ਆਰ. ਦਰਜ਼ ਕਰਵਾਉਣ ਦਾ ਵੀ ਅਧਿਕਾਰ ਨਹੀਂ ਹੈ। 
ਭਾਰਤ ਵਿੱਚ ਕੁੱਝ ਹਿੱਸੇ ਕਸ਼ਮੀਰ ਵਿੱਚ ਚੱਲ ਰਹੇ ਹੱਕੀ ਸੰਘਰਸ਼ ਦੀ ਇਸ ਕਰਕੇ ਹਮਾਇਤ ਨਹੀਂ ਕਰਦੇ, ਉਹਨਾਂ ਦੇ ਪੱਖ ਵਿੱਚ ਲਿਖਦੇ-ਬੋਲਦੇ ਨਹੀਂ  ਕਿ ਕਸ਼ਮੀਰੀ ਆਜ਼ਾਦੀ ਦੀ ਲਹਿਰ ਨੂੰ ਧਾਰਮਿਕ ਕੱਟੜ, ਫਿਰਕੂ, ਜਨੂੰਨੀ ਜਥੇਬੰਦੀਆਂ ਚਲਾ ਰਹੀਆਂ ਹਨ। ਉਹਨਾਂ ਨੂੰ ਲੱਗਦਾ ਹੈ ਕਿ ਅਜਿਹੀਆਂ ਧਾਰਮਿਕ ਜਥੇਬੰਦੀਆਂ ਦੇ ਹੁੰਦੇ ਹੋਏ ਕਸ਼ਮੀਰੀ ਲੋਕਾਂ ਦੀ ਮੁਕਤੀ ਦੀ ਲਹਿਰ ਔਝੜੇ ਰਾਹੀਂ ਪੈ ਜਾਵੇਗੀ, ਆਖਰਕਾਰ ਲੋਕ-ਵਿਰੋਧੀ ਹੋ ਨਿੱਬੜੇਗੀ। ਅਜਿਹਾ ਕੁੱਝ ਕਰਦੇ-ਬੋਲਦੇ-ਲਿਖਦੇ ਉਹ ਕਸ਼ਮੀਰੀ ਲੋਕਾਂ ਦੀ ਮੁਕਤੀ ਖਾਤਰ ਜੂਝਣ ਵਾਲਿਆਂ ਖਿਲਾਫ ਉਹਨਾਂ ਨਾਲੋਂ ਵੀ ਜ਼ਿਆਦਾ ਭੁਗਤ ਜਾਂਦੇ ਹਨ, ਜਿਹਨਾਂ ਸਾਮਰਾਜੀਆਂ ਅਤੇ ਉਹਨਾਂ ਦੇ ਪਿੱਠੂਆਂ ਨੂੰ ਉਹ ਸੰਸਾਰ ਪੱਧਰ 'ਤੇ ਸਭ ਤੋਂ ਜ਼ਿਆਦਾ ਖਤਰਨਾਕ ਅਤੇ ਪ੍ਰਮੁੱਖ ਦੁਸ਼ਮਣ ਮੰਨਦੇ ਹਨ। ਕਸ਼ਮੀਰ ਵਿੱਚ ਇਸ ਸਮੇਂ ਕਮਿਊਨਿਸਟ ਇਨਕਲਾਬੀ ਤਾਕਤਾਂ ਦੀ ਘਾਟ ਹੈ, ਉਹਨਾਂ ਦੀ ਘਾਟ ਦਾ ਖੱਪਾ ਪੂਰਨ ਲਈ ਕਿਸੇ ਨਾ ਕਿਸੇ ਤਾਕਤ ਨੇ ਤਾਂ ਅੱਗੇ ਆਉਣਾ ਹੀ ਹੈ। ਅਜਿਹੀ ਅਗਵਾਨੂੰ ਤਾਕਤ ਧਾਰਮਿਕ ਵਿਚਾਰਾਂ ਜਾਂ ਕੱਟੜ ਧਾਰਮਿਕ ਵਿਚਾਰਾਂ ਦੀ ਵੀ ਮਾਲਕ ਹੋ ਸਕਦੀ ਹੈ। ਪਰ ਕਮਿਊਨਿਸਟ ਇਨਕਲਾਬੀਆਂ ਵੱਲੋਂ ਕਸ਼ਮੀਰੀ ਲੋਕਾਂ ਦੀ ਕੌਮੀ ਆਪਾ-ਨਿਰਣੇ ਦੀ ਲੜਾਈ ਪ੍ਰਤੀ ਦੋ ਪੱਖਾਂ ਤੋਂ ਵਖਰੇਵੇਂ ਭਰੀ ਪਹੁੰਚ ਅਪਣਾਉਣ ਚਾਹੀਦੀ ਹੈ; ਇੱਕ— ਲੀਡਰਸ਼ਿੱਪ ਅਤੇ ਲੋਕਾਂ ਵੱਲੋਂ ਲੜੀ ਜਾ ਰਹੀ ਹੱਕੀ ਜੱਦੋਜਹਿਦ ਦਰਮਿਆਨ ਵਖਰੇਵਾਂ; ਦੂਜਾ— ਲੀਡਰਸ਼ਿੱਪ ਦੇ ਕਸ਼ਮੀਰੀ ਕੌਮ ਦੀ ਆਜ਼ਾਦੀ ਲਈ ਲੜਾਈ ਵਿੱਚ ਹਾਂ-ਪੱਖੀ ਰੋਲ ਅਤੇ ਉਸਦਾ ਕਸ਼ਮੀਰੀ ਕੌਮ ਦੇ ਅੰਤਿਮ ਭਵਿੱਖ ਲਈ ਵੱਧ ਤੋਂ ਵੱਧ ਪ੍ਰੋਗਰਾਮ ਵਿੱਚ ਵਖਰੇਵਾਂ। ਕਮਿਊਨਿਸਟ ਇਨਕਲਾਬੀਆਂ ਵੱਲੋਂ ਜਿੱਥੇ ਲੋਕਾਂ ਵੱਲੋਂ ਕੌਮੀ ਆਜ਼ਾਦੀ ਦੀ ਮੰਗ ਦੀ ਹਮਾਇਤ ਕਰਨੀ ਚਾਹੀਦੀ ਹੈ, ਉੱਥੇ ਲੀਡਰਸ਼ਿੱਪ ਪ੍ਰਤੀ ਪੜਚੋਲੀਆ ਪਹੁੰਚ ਅਪਣਾਉਂਦਿਆਂ, ਉਸ ਵੱਲੋਂ ਕਸ਼ਮੀਰੀ ਕੌਮ ਦੀ ਆਜ਼ਾਦੀ ਦੀ ਲੜਾਈ ਲੜਨ ਨੂੰ ਵਾਜਬ ਠਹਿਰਾਉਂਦਿਆਂ, ਉਸ ਵੱਲੋਂ ਧਾਰਮਿਕ ਕੱਟੜ ਸੋਚ ਦੀ ਰੌਸ਼ਨੀ ਵਿੱਚ ਚਿਤਵੀ ਜਾ ਰਹੀ ਕਸ਼ਮੀਰ ਦੀ ਹੋਣੀ ਦੇ ਕਿਸੇ ਵੀ ਲੋਕ-ਵਿਰੋਧੀ ਖਾਕੇ ਨਾਲੋਂ ਨਿਖੇੜਾ ਕਰਨਾ ਚਾਹੀਦਾ ਹੈ ਅਤੇ ਇਸਦੀ ਪੜਚੋਲ ਕਰਨੀ ਚਾਹੀਦੀ ਹੈ। 

ਇਤਿਹਾਸ ਦੇ ਸੰਗਰਾਮੀ/ਇਨਕਲਾਬੀ ਪ੍ਰਤੀਕਾਂ ਦੀ ਦੁਰਵਰਤੋਂ ਅਤੇ ਕਦਰ-ਘਟਾਈ


ਇਤਿਹਾਸ ਦੇ ਸੰਗਰਾਮੀ/ਇਨਕਲਾਬੀ

ਪ੍ਰਤੀਕਾਂ ਦੀ ਦੁਰਵਰਤੋਂ ਅਤੇ ਕਦਰ-ਘਟਾਈ
ਇਤਿਹਾਸ ਅੰਦਰ ਜਾਬਰਾਂ ਅਤੇ ਮਜ਼ਲੂਮਾਂ ਦਰਮਿਆਨ, ਲੁਟੇਰਿਆਂ ਅਤੇ ਲੁੱਟੇ-ਪੁੱਟੇ ਜਾਂਦਿਆਂ ਦਰਮਿਆਨ ਹਮੇਸ਼ਾਂ ਇੱਕ ਯੁੱਧ ਚੱਲਦਾ ਆਇਆ ਹੈ ਅਤੇ ਇਹ ਅੱਜ ਵੀ ਚੱਲ ਰਿਹਾ ਹੈ। ਇਹ ਯੁੱਧ ਉਤਰਾਵਾਂ-ਚੜ•ਾਵਾਂ ਅਤੇ ਮੋੜਾਂ-ਘੋੜਾਂ ਵਿੱਚੋਂ ਦੀ ਗੁਜ਼ਰਦਿਆਂ ਅੱਗੇ ਵਧਦਾ ਹੈ। ਇਹ ਯੁੱਧ ਗੈਰ-ਹਿੰਸਕ ਸ਼ਕਲਾਂ ਵੀ ਅਖਤਿਆਰ ਕਰਦਾ ਹੈ, ਪਰ ਇਸਦੀ ਫੈਸਲਾਕੁੰਨ ਸ਼ਕਲ ਹਿੰਸਕ ਹੁੰਦੀ ਹੈ। ਇਹ ਯੁੱਧ ਵਿਚਾਰਧਾਰਕ, ਸਿਆਸੀ, ਸਾਹਿਤ-ਸਭਿਆਚਾਰਕ ਅਤੇ ਫੌਜੀ ਖੇਤਰਾਂ ਵਿੱਚ ਲੜਿਆ ਜਾਂਦਾ ਹੈ। ਇਉਂ, ਇਹ ਸਮਾਜ ਦੇ ਸਭਨਾਂ ਖੇਤਰਾਂ ਨੂੰ ਕਲਾਵੇ ਵਿੱਚ ਲੈਂਦਾ ਹੈ। ਪਰ ਇਸਦਾ ਫੈਸਲਾਕੁੰਨ ਤੇ ਅੰਤਿਮ ਨਿਬੇੜਾ ਹਥਿਆਰਬੰਦ ਟੱਕਰ ਰਾਹੀਂ ਹੁੰਦਾ ਹੈ। 
ਇਹ ਹਥਿਆਰਬੰਦ ਜਮਾਤੀ ਯੁੱਧ ਹੀ ਸਮਾਜਿਕ ਇਨਕਲਾਬਾਂ ਦੇ ਜਨਮਦਾਤਾ ਹਨ। ਇਹਨਾਂ ਸਮਾਜਿਕ ਇਨਕਲਾਬਾਂ ਰਾਹੀਂ ਹੀ ਦੁਨੀਆਂ ਦਾ ਇਤਿਹਾਸ ਅਜੋਕੇ ਪੜਾਅ ਵਿੱਚ ਅੱਪੜਿਆ ਹੈ। ਹਥਿਆਰਬੰਦ ਜਮਾਤੀ-ਯੁੱਧ ਰਾਹੀਂ ਹੀ ਇਸਨੇ ਅਜੋਕੇ ਪੜਾਅ ਤੋਂ ਅਗਲੇਰੇ ਪੜਾਅ ਵਿੱਚ ਦਾਖਲ ਹੋਣ ਦੀ ਮੰਜ਼ਿਲ ਵੱਲ ਵਧਣਾ ਹੈ। 
ਸਾਡੇ ਮੁਲਕ ਅਤੇ ਪੰਜਾਬ ਦਾ ਇਤਿਹਾਸ ਇੱਥੋਂ ਦੇ ਦੱਬੇ-ਕੁਚਲੇ ਅਤੇ ਲੁੱਟੇ-ਪੁੱਟੇ ਜਾਂਦੇ ਲੋਕਾਂ ਵੱਲੋਂ ਲੜੇ ਗਏ ਸ਼ਾਨਦਾਰ ਯੁੱਧਾਂ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਚਾਹੇ ਇਹ ਬਰਤਾਨਵੀ ਸਾਮਰਾਜੀਆਂ ਦੇ ਗੁਲਾਮੀ ਦੇ ਜੂਲੇ ਨੂੰ ਵਗਾਹ ਮਾਰਨ ਲਈ ਮੁਲਕ ਦੇ ਵੱਖ ਵੱਖ ਖਿੱਤਿਆਂ ਵਿੱਚ ਉੱਠੇ ਹਥਿਆਰਬੰਦ ਵਿਦਰੋਹਾਂ ਅਤੇ ਲੜਾਈਆਂ ਦੀ ਗੱਲ ਹੈ ਚਾਹੇ ਇਸ ਤੋਂ ਪਹਿਲਾਂ ਵੱਖ ਵੱਖ ਰਾਜਿਆਂ-ਰਜਵਾੜਿਆਂ, ਨਵਾਬਾਂ ਅਤੇ ਸੁਲਤਾਨਾਂ ਦੀ ਬੇਪਨਾਹ ਲੁੱਟ ਅਤੇ ਜਬਰ ਖਿਲਾਫ ਮਜਲੂਮ ਲੋਕਾਂ ਦੀਆਂ ਹਥਿਆਰਬੰਦ ਜੱਦੋਜਹਿਦਾਂ ਹਨ— ਇਹ ਮੁਲਕ ਦੇ ਜਮਾਤੀ ਯੁੱਧਾਂ ਦੇ ਇਤਿਹਾਸ ਦੇ ਸ਼ਾਨਾਮੱਤੇ ਕਾਂਡ ਬਣਦੇ ਹਨ। ਲੋਕਾਂ ਵੱਲੋਂ ਇਹੋ-ਜਿਹੇ ਸ਼ਾਨਾਂਮੱਤੇ ਜਮਾਤੀ ਯੁੱਧ ਨਾ ਇਕੱਲੀ ਕਿਸੇ ਫੰਡਰ ਵਿਦਵਤਾ ਦੇ ਸਿਰ 'ਤੇ ਲੜੇ ਜਾ ਸਕਦੇ ਹਨ ਅਤੇ ਨਾ ਹੀ ਇਕੱਲੀ ਜੂਝ ਮਰਨ ਦੀ ਸੂਰਬੀਰ ਭਾਵਨਾ ਦੇ ਸਿਰ 'ਤੇ ਲੜੇ ਜਾ ਸਕਦੇ ਹਨ। ਇਹ ਸਿਰਜਣਾਤਮਿਕ ਬੁੱਧੀ ਅਤੇ ''ਜੂਝ ਮਰਨ ਕਾ ਚਾਓ'' ਦੀ ਭਾਵਨਾ ਨਾਲ ਹੀ ਲੜੇ ਜਾ ਸਕਦੇ ਹਨ ਅਤੇ ਜਿੱਤ ਤੱਕ ਪੁਚਾਏ ਜਾ ਸਕਦੇ ਹਨ। ਸਿਰਜਣਾਤਮਿਕ ਬੁੱਧੀ ਅਤੇ ਸੂਝ-ਸਿਆਣਪ ਦਾ ਮਤਲਬ ਹੈ—  ਸਹੀ ਰਹਿਨੁਮਾਈ ਯਾਨੀ ਸਹੀ ਸਿਆਸੀ ਲੀਹ ਅਤੇ ਨੀਤੀਆਂ। ''ਜੂਝ ਮਰਨ ਕਾ ਚਾਓ'' ਦਾ ਮਤਲਬ ਹੈ) ਮਾਨਸਿਕ ਤੌਰ 'ਤੇ ਲੜਨ-ਮਰਨ ਲਈ ਤਿਆਰ ਯਾਨੀ ਲੋਕਾਂ ਦੀ ਹਥਿਆਰਬੰਦ ਜਥੇਬੰਦੀ ਤੇ ਤਿਆਰੀ। ਇਉਂ, ਸਹੀ ਰਹਿਨੁਮਾਈ ਯਾਨੀ ਸਹੀ ਸਿਆਸੀ ਲੀਹ ਅਤੇ ਨੀਤੀਆਂ ਨਾਲ ਲੈਸ ਅਤੇ ਜੂਝ ਮਰਨ ਦੀ ਭਾਵਨਾ ਨਾਲ ਸਰਸ਼ਾਰ ਲੋਕ ਹੀ ਕਥਨੀ ਅਤੇ ਕਰਨੀ ਦਾ ਸੰਗਰਾਮੀ ਮੁਜੱਸਮਾਂ ਬਣਦੇ ਹਨ। ਸਮੂਹਿਕ ਕਥਨੀ ਅਤੇ ਕਰਨੀ ਦੇ ਮੁਜੱਸਮਾਂ ਬਣੇ ਅਜਿਹੇ ਲੋਕਾਂ ਦੇ ਸੂਰਬੀਰ ਕਾਫਲੇ ਹੀ ਮਜ਼ਲੂਮ ਲੋਕਾਂ ਵੱਲੋਂ ਲੜੇ ਜਾਂਦੇ ਯੁੱਧਾਂ ਦੀ ਜਿੰਦ ਜਾਨ ਬਣਦੇ ਹਨ ਅਤੇ ਜਾਬਰ ਦੁਸ਼ਮਣਾਂ ਦੀ ਇੱਟ ਨਾਲ ਇੱਟ ਖੜਕਾਉਣ ਦੀ ਬੀਰ-ਗਾਥਾ ਦੇ ਨਾਇਕ ਬਣਦੇ ਹਨ। ਮਜ਼ਲੂਮ ਲੋਕਾਂ ਦੇ ਜਮਾਤੀ ਯੁੱਧਾਂ ਦਾ ਇਤਿਹਾਸ ਅਜਿਹੇ ਅਣਗਿਣਤ, ਜਾਣੇ ਅਤੇ ਨਾ-ਜਾਣੇ, ਨਾਮੀ ਅਤੇ ਗੁੰਮਨਾਮ ਨਾਇਕਾਂ ਦੀ ਕਰਨੀ ਦਾ ਰਿਣੀ ਹੈ। ਇਹਨਾਂ ਅਣਗਿਣਤ ਨਾਇਕਾਂ 'ਚੋਂ ਕੁੱਝ ਚੋਣਵੇਂ ਨਾਇਕ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਤੀਖਣ ਬੁੱਧੀ ਤੇ ਸੂਝ ਸਦਕਾ ਸਮੁਹਿਕ ਬੁੱਧੀ, ਸੁਝ-ਸਿਆਣਪ ਅਤੇ ''ਜੂਝ ਮਰਨ ਦੇ ਚਾਓ'' ਦੀ ਭਾਵਨਾ ਦੇ ਉੱਭਰਵੇਂ ਅਤੇ ਮੂਹਰੈਲੀ ਤਰਜ਼ਮਾਨ ਬਣ ਜਾਂਦੇ ਹਨ। ਅਜਿਹੇ ਨਾਇਕ ਲੋਕਾਂ ਦੀ ਸਮੂਹਿਕ ਬੁੱਧੀ, ਸੂਝ-ਬੂਝ ਅਤੇ ''ਲੜ ਮਰਨ ਕਾ ਚਾਓ'' ਦੀ ਭਾਵਨਾ ਦੇ ਸੁਮੇਲ ਦੀ ਸ਼ਾਨਾਂਮੱਤੀ ਬੀਰਗਾਥਾ ਬਣ ਕੇ ਯੁੱਧਾਂ ਦੇ ਪ੍ਰਤੀਕ ਹੋ ਨਿੱਬੜਦੇ ਹਨ। ਇਹਨਾਂ ਨਾਇਕਾਂ ਦੀ ਪਛਾਣ ਅਤੇ ਹਸਤੀ ਉਹਨਾਂ ਯੁੱਧਾਂ ਦੇ ਅਮਿੱਟ ਕਾਰਨਾਮਿਆਂ ਨਾਲ ਇੱਕਮਿੱਕ ਹੋ ਜਾਂਦੀ ਹੈ, ਜਿਹਨਾਂ ਨੂੰ ਸਰਅੰਜ਼ਾਮ ਦਿੰਦਿਆਂ ਇਹਨਾਂ ਨਾਇਕਾਂ ਵੱਲੋਂ ਕਾਬਲੇ-ਫ਼ਖਰ ਰੋਲ ਨਿਭਾਇਆ ਗਿਆ ਹੈ। ਇਸ ਕਰਕੇ, ਇਹ ਨਾਇਕ ਨਾ-ਸਿਰਫ ਰਣ-ਭੂਮੀ ਵਿੱਚ ਜੂਝ ਰਹੇ ਲੋਕ-ਹਿੱਸਿਆਂ ਵੱਲੋਂ ਹੀ ਸਤਿਕਾਰੇ ਅਤੇ ਪਿਆਰੇ ਜਾਂਦੇ ਹਨ। ਸਗੋਂ ਉਹ ਸਭਨਾਂ ਮਜ਼ਲੂਮ ਅਤੇ ਦੱਬੇ-ਕੁਚਲੇ ਲੋਕਾਂ ਦੀ ਸੁਤਾ ਅੰਦਰ ਉੱਤਰ ਜਾਂਦੇ ਹਨ। ਇਸ ਲਈ, ਉਹ ਸੁਤੇਸਿਧ ਹੀ ਇਹਨਾਂ ਸਭਨਾਂ ਲੋਕਾਂ ਲਈ ਸੰਗਰਾਮੀ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਇਹਨਾਂ ਨਾਇਕਾਂ ਦੀ ਹਸਤੀ ਨੂੰ ਲੋਕ-ਸੁਤਾ 'ਚੋਂ ਖਾਰਜ ਕਰਨਾ ਨਾਮੁਮਕਿਨ ਹੁੰਦਾ ਹੈ। 
ਸਮੇਂ ਦੇ ਜਾਬਰ ਹਾਕਮਾਂ ਵੱਲੋਂ ਲੋਕ-ਸੁਤਾ 'ਚੋਂ ਇਹਨਾਂ ਨਾਇਕਾਂ ਦੀ ਹਸਤੀ ਨੂੰ ਮਿਟਾਉਣ ਲਈ ਯਤਨ ਤਾਂ ਬਥੇਰੇ ਕੀਤੇ ਜਾਂਦੇ ਹਨ, ਪਰ ਉਹਨਾਂ ਦੇ ਇਹ ਯਤਨ ਬਹੁਤਾ ਕਰਕੇ ਨਿਹਫਲ ਜਾਂਦੇ ਹਨ। ਸਗੋਂ ਕਈ ਵਾਰੀ ਲੋਕਾਂ ਅੰਦਰ ਹਾਕਮਾਂ ਖਿਲਾਫ ਮੋੜਵੇਂ ਪ੍ਰਤੀਕਰਮ ਅਤੇ ਗੁੱਸੇ ਨੂੰ ਆਰ ਲਾਉਣ ਦਾ ਕਾਰਨ ਬਣ ਜਾਂਦੇ ਹਨ। ਇਸ ਲਈ ਹਾਕਮਾਂ ਵੱਲੋਂ ਇਹਨਾਂ ਲੋਕ ਨਾਇਕਾਂ ਦਾ ਵਿਰੋਧ ਕਰਨ ਦੀ ਬਜਾਇ, ਇਹਨਾਂ ਨੂੰ ਅਪਣਾਉਣ ਦਾ ਖੇਖਣ ਕੀਤਾ ਜਾਂਦਾ ਹੈ। ਇਹਨਾਂ ਦੇ ਜਨਮ-ਦਿਨ ਅਤੇ ਬਰਸੀਆਂ ਮਨਾਉਣ ਅਤੇ ਯਾਦਗਾਰਾਂ ਉਸਾਰਨ ਦਾ ਨਾਟਕ ਰਚਿਆ ਜਾਂਦਾ ਹੈ। ਇਹਨਾਂ ਨੂੰ ਪਾਠ-ਪੁਸਤਕਾਂ ਵਿੱਚ ਦਾਖਲ ਕੀਤਾ ਜਾਂਦਾ ਹੈ। ਇਸ ਤਰ•ਾਂ ਕਰਦੇ ਹੋਏ ਹਾਕਮਾਂ ਵੱਲੋਂ ਇਹਨਾਂ ਨਾਇਕਾਂ ਦੀ ਕਥਨੀ ਅਤੇ ਕਰਨੀ ਯਾਨੀ ਇਹਨਾਂ ਦੇ ਸ਼ਾਨਾਂਮੱਤੇ ਰੋਲ ਨੂੰ ਤੋੜ ਮਰੋੜ ਕੇ ਅਤੇ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ। ਇਹਨਾਂ ਨਾਇਕਾਂ ਵੱਲੋਂ ਲੜੀ ਗਈ ਜੰਗ ਦਾ ਅਸਲੀ ਅਤੇ ਪ੍ਰਮੁੱਖ ਮਕਸਦ ਕੀ ਸੀ? ਇਹ ਜੰਗਾਂ ਕਿਹਨਾਂ ਦੁਸ਼ਮਣਾਂ ਖਿਲਾਫ ਲੜੀਆਂ ਗਈਆਂ ਸਨ? ਇਹਨਾਂ ਨਾਇਕਾਂ ਦੀ ਸੋਚ ਅਤੇ ਵਿਚਾਰ ਕਿਹੋ ਜਿਹੇ ਸਨ? ਉਹ ਇਹਨਾਂ ਸਭ ਪੱਖਾਂ ਵਿਸ਼ੇਸ਼ ਕਰਕੇ ਉਹਨਾਂ ਦੇ ਵਿਚਾਰਾਂ ਅਤੇ ਅਮਲ ਦੀ ਸੱਜਰੀ ਪ੍ਰਸੰਗਕਿਤਾ 'ਤੇ ਮਿੱਟੀ ਪਾਉਂਦੇ ਹਨ ਅਤੇ ਉਹਨਾਂ ਨਾਇਕਾਂ ਦੀ ਸੋਚ ਵਿਚਾਰ ਅਤੇ ਰੋਲ ਦਾ ਮੂੰਹ-ਮੁਹਾਂਦਰਾ ਵਿਗਾੜਦਿਆਂ, ਉਹਨਾਂ ਦੀ ਫੋਕੀ, ਝੂਠੀ ਅਤੇ ਦੰਭੀ ਪ੍ਰਸੰਸਾ ਦੇ ਪੜੁੱਲ ਬੰਨ•ਦੇ ਹਨ ਅਤੇ ਉਹਨਾਂ ਨੂੰ ਆਪਣੇ (ਹਾਕਮਾਂ) ਨਾਇਕਾਂ ਵਜੋਂ ਪੇਸ਼ ਕਰਦੇ ਹਨ। ਇਉਂ, ਉਹ ਇਹਨਾਂ ਨਾਇਕਾਂ ਦੀ ਦੰਭੀ ਜਸ-ਕੀਰਤੀ ਰਾਹੀਂ ਲੋਕ-ਸੁਤਾ ਅੰਦਰ ਇਹਨਾਂ ਨਾਇਕਾਂ ਪ੍ਰਤੀ ਮਾਣ-ਸਤਿਕਾਰ ਅਤੇ ਮੋਹ ਦੇ ਮੌਜੂਦ ਅਹਿਸਾਸ ਨੂੰ ਟੁੰਬਣ ਅਤੇ ਆਪਣੇ ਮਗਰ ਧੂਹਣ ਲਈ ਜ਼ੋਰ ਲਾਉਂਦੇ ਹਨ। 
ਮਸਲਨ— ਸ਼ਹੀਦ ਭਗਤ ਸਿੰਘ ਅਜਿਹੇ ਮਾਣਮੱਤੇ ਸੰਗਰਾਮੀ ਇਨਕਲਾਬੀ ਨਾਇਕਾਂ ਵਿੱਚੋਂ ਇੱਕ ਹੈ, ਜਿਹੜਾ ਆਮ ਰੂਪ ਵਿੱਚ ਮੁਲਕ ਦੇ ਇਨਕਲਾਬੀ ਸੰਗਰਾਮ ਦਾ ਪ੍ਰਤੀਕ ਹੈ ਜਾਂ ਭਾਰਤੀ ਇਨਕਲਾਬ ਦਾ ਪ੍ਰਤੀਕ ਹੈ। ਠੋਸ ਰੂਪ ਵਿੱਚ ਗੱਲ ਕਰਨੀ ਹੋਵੇ ਤਾਂ ਉਹ ਸਭ ਤੋਂ ਵੱਧ ਭਾਰਤੀ ਇਨਕਲਾਬ ਦੀ ਵਿਚਾਰਧਾਰਕ-ਸਿਆਸੀ ਲੀਹ ਦੇ ਉਹਨਾਂ ਦੋ ਬੁਨਿਆਦੀ ਪੱਖਾਂ ਦਾ ਪ੍ਰਤੀਕ ਹੈ, ਜਿਹਨਾਂ ਤੋਂ ਉਸ ਵੇਲੇ ਦੀ ਕਮਿਊਨਿਸਟ ਪਾਰਟੀ/ਲਹਿਰ ਭਟਕੀ ਰਹੀ ਹੈ। ਇਹਨਾਂ 'ਚੋਂ ਪਹਿਲਾ ਪੱਖ ਹੈ— ਇਨਕਲਾਬ ਨੂੰ ਹਥਿਆਰਬੰਦ ਘੋਲ ਰਾਹੀਂ ਨੇਪਰੇ ਚਾੜ•ਨ ਦਾ ਪੱਖ; ਅਤੇ ਦੂਜਾ ਹੈ— ਉਸ ਵੇਲੇ ਕਾਂਗਰਸ ਲੀਡਰਸ਼ਿੱਪ ਅਤੇ ਪਾਰਟੀ ਨੂੰ ਅੰਗਰੇਜ਼ ਸਾਮਰਾਜ-ਭਗਤ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੀ ਪਾਰਟੀ ਸਮਝਦਿਆਂ ਇਸ ਨਾਲੋਂ ਸਪੱਸ਼ਟ ਜਮਾਤੀ ਸਿਆਸੀ ਨਿਖੇੜਾ ਕਰਨ ਦਾ ਪੱਖ। 
ਅੱਜ, ਸਾਮਰਾਜ-ਭਗਤ ਦਲਾਲ ਹਾਕਮ ਜਮਾਤਾਂ, ਉਹਨਾਂ ਦੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ, ਵੰਨ-ਸੁਵੰਨੀ ਦੇ ਸਾਬਕਾ ਅਤੇ ਮੌਜੂਦਾ ਸੋਧਵਾਦੀਆਂ ਅਤੇ ਇੱਥੋਂ ਤੱਕ ਕਿ ਫਿਰਕੂ-ਫਾਸ਼ੀ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਇਨਕਲਾਬੀ ਅਤੇ ''ਕੌਮੀ ਨਾਇਕ'' ਵਜੋਂ ਵਡਿਆਇਆ ਜਾਂਦਾ ਹੈ। ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਰਾਸਤ ਨੂੰ ਅਗਵਾ ਕਰਨ ਲਈ ਬਾਦਲਾਂ-ਸ਼ਾਦਲਾਂ, ਅਮਰਿੰਦਰਾਂ, ਭਾਜਪਾਈ ਫਿਰਕੂਆਂ ਤੋਂ ਲੈ ਕੇ ਸਾਬਕਾ ਅਤੇ ਮੌਜੂਦਾ ਸੋਧਵਾਦੀ ਖਟਕੜ ਕਲਾਂ ਅਤੇ ਹੁਸੈਨੀਵਾਲਾ ਨੂੰ ਧਾਹ ਕੇ ਪੈਂਦੇ ਹਨ। ''ਆਪ'' ਪਾਰਟੀ ਦੇ ਆਗੂ ਵੀ ਸ਼ਹੀਦ ਭਗਤ ਸਿੰਘ ਦੇ ਵਾਰਸ ਹੋਣ ਦੀਆਂ ਥਾਪੀਆਂ ਮਾਰਦੇ ਹਨ। ਇਸਦਾ ਲੋਕ ਸਭਾ ਮੈਂਬਰ ਭਗਵੰਤ ਮਾਨ ਤਾਂ ਬਸੰਤੀ ਪੱਗ ਸਜਾ ਕੇ ਰੱਖਣ ਦਾ ਦੰਭ ਵੀ ਕਰਦਾ ਹੈ। 
ਇੱਕ ਹੋਰ ਮਿਸਾਲ ਸਿੱਖ ਲਹਿਰ ਦੇ ਇਤਿਹਾਸ ਦੀ ਵਿਰਾਂਗਣਾ ਮਾਈ ਭਾਗੋ ਦੀ ਹੈ। ਮਾਈ ਭਾਗੋ ਗੁਰੂ ਗੋਬਿੰਦ ਸਿੰਘ ਦੀ ਰਹਿਬਰੀ ਹੇਠ ਜਾਗੀਰੂ-ਰਜਵਾੜਾਸ਼ਾਹੀ ਜਬਰੋ-ਜ਼ੁਲਮ ਖਿਲਾਫ ਆਰੰਭੀ ਗਈ ਹੱਕੀ ਜੰਗ ਨੂੰ ਚਾਲੀ ਮੁਕਤਿਆਂ ਵੱਲੋਂ ਬੇਦਾਵਾ ਦੇ ਕੇ ਭਗੌੜੇ ਹੋਣ ਖਿਲਾਫ ਤਿੱਖੇ ਪ੍ਰਤੀਕਰਮ ਅਤੇ ਨਫਰਤ ਦੀ ਪ੍ਰਤੀਕ ਹੈ, ਉਹ ਇਸ ਹੱਕੀ ਇਤਿਹਾਸਕ ਜੰਗ ਦੀ ਪ੍ਰਤੀਕ ਹੈ, ਉਹ ਸੂਰਬੀਰਤਾ ਅਤੇ ਸਿਦਕਦਿਲੀ ਦੀ ਪ੍ਰਤੀਕ ਹੈ ਅਤੇ ਉਹ ਹੱਕੀ ਯੁੱਧ ਅੰਦਰ ਔਰਤਾਂ ਵੱਲੋਂ ਮਰਦਾਂ ਬਰੋਬਰ ਸਮਰੱਥਾਵਾਨ ਹੋਣ ਦੀ ਗਵਾਹ ਹੈ। ਅੱਜ ਸਭਨਾਂ ਸਰਕਾਰੀ-ਦਰਬਾਰੀ ਸਿਆਸੀ ਪਾਰਟੀਆਂ, ਸੋਧਵਾਦੀਆਂ, ਦਾਅ ਲਾਊਆਂ ਅਤੇ ਫਸਲੀ-ਬਟੇਰਾ ਟੋਲਿਆਂ ਵੱਲੋਂ ਇਸ ਵਿਰਾਂਗਣਾਂ ਦੀ ਸਥਾਪਤ ਵਿਰਾਸਤ ਨੂੰ ਅਗਵਾ ਕਰਨ ਲਈ ਉਸਦੇ ਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਬਾਦਲ ਹਕੂਮਤ ਵੱਲੋਂ ਕੇਂਦਰੀ ਹਕੂਮਤ ਦੇ ਪੈਸਿਆਂ ਨਾਲ ਸਕੂਲੀ ਕੁੜੀਆਂ ਨੂੰ ਸਾਇਕਲਾਂ ਦੀਆਂ ਬੁਰਕੀਆਂ ਸੁੱਟਣ  ਦੀ ਸਕੀਮ 'ਤੇ ਹੀ ਮਾਈ ਭਾਗੋ ਦਾ ਠੱਪਾ ਲਾ ਦਿੱਤਾ ਗਿਆ ਹੈ। ਮਾਈ ਭਾਗੋ ਸਕੂਲ, ਮਾਈ ਭਾਗੋ ਜੱਥਾ, ਮਾਈ ਭਾਗੋ ਬਰੀਗੇਡ— ਪਤਾ ਨਹੀਂ ਕਿਹੜੀਆਂ ਕਿਹੜੀਆਂ ਦੁਕਾਨਦਾਰੀਆਂ 'ਤੇ ਇਸ ਵਿਰਾਂਗਣਾਂ ਦੇ ਨਾਂ ਦਾ ਠੱਪਾ ਲਾ ਕੇ ਉਸਦੀ ਵਿਰਾਸਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਚਲੋ— ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੀ ਵਿਰਾਸਤ ਨਾਲ ਖਿਲਵਾੜ ਕਰ ਰਹੀਆਂ ਇਹ ਰੰਗ-ਬਰੰਗੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਤਾਂ ਐਲਾਨੀਆ/ਅਣਐਲਾਨੀਆ ਹਾਕਮ ਜਮਾਤੀ ਖੇਮੇ ਵਿਚਲੀਆਂ ਹਨ। ਪਰ ਕੁੱਝ ਧਿਰਾਂ/ਜਥੇਬੰਦੀਆਂ ਅਜਿਹੀਆਂ ਵੀ ਹਨ, ਜਿਹੜੀਆਂ ਆਪਣੇ ਆਪ 'ਤੇ ਇਨਕਲਾਬੀ ਠੱਪਾ ਲਾ ਕੇ ਪੇਸ਼ ਕਰਦੀਆਂ ਹਨ। ਕੁੱਝ ਢਾਈ-ਟੋਟਰੂਆਂ ਵਾਲੀਆਂ ਨਾਮ-ਨਿਹਾਦ ਜਥੇਬੰਦੀਆਂ ਹਨ। ਕੁੱਝ ਜਨਤਕ ਜਥੇਬੰਦੀਆਂ ਹਨ, ਜਿਹਨਾਂ ਦਾ ਮੰਤਵ ਅਤੇ ਰੋਲ ਸੀਮਤ ਹੈ। ਕੁੱਝ ਅੰਸ਼ਿਕ ਮੰਗਾਂ-ਮਸਲਿਆਂ ਤੱਕ ਲੜਨ ਤੱਕ ਸੀਮਤ ਹਨ ਅਤੇ ਕਾਨੂੰਨਵਾਦੀ ਸੁਧਾਰਵਾਦੀ ਵਲੱਗਣਾਂ ਵਿੱਚ ਰਹਿੰਦਿਆਂ, ਘੋਲ ਕਰਨ ਤੱਕ ਸੀਮਤ ਹਨ। ਇਹ ਸਾਰੀਆਂ ਤਾਕਤਾਂ/ਜਥੇਬੰਦੀਆਂ ਵੀ ਨਾ ਸਿਰਫ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੇ ਵਾਰਸਾਂ ਵਜੋਂ ਪੇਸ਼ ਕਰਨ 'ਤੇ ਲੱਗੀਆਂ ਹੋਈਆਂ ਹਨ, ਸਗੋਂ ਇਸ ਤੋਂ ਵੀ ਅੱਗੇ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੀ ਸ਼ਾਨਾਂਮੱਤੀ ਸੰਗਰਾਮੀ ਪਛਾਣ ਅਤੇ ਉਹਨਾਂ ਦੇ ਪਛਾਣ ਚਿੰਨ•ਾਂ ਦੀ ਦੁਰਵਰਤੋਂ ਦੇ ਰਾਹ ਪਈਆਂ ਹੋਈਆਂ ਹਨ। ਜਿਵੇਂ ਸ਼ਹੀਦ ਭਗਤ ਸਿੰਘ ਜਿਹੀਆਂ ਪੱਗਾਂ ਬੰਨ• ਕੇ ਆਪਣੇ ਆਪ ਨੂੰ ਉਸ ਵਰਗੇ ਪੇਸ਼ ਕਰਨਾ ਅਤੇ ਪਿੰਡਾਂ, ਕਸਬਿਆਂ ਵਿੱਚ ਮਾਰਚ ਕਰਨਾ, ਆਪਣੇ ਮੁਜਾਹਰੇ-ਮਾਰਚਾਂ ਦਾ ਨਾਂ ''ਬਸੰਤੀ ਮਾਰਚ'' ਰੱਖਣਾ, ਔਰਤਾਂ ਦੇ ਕਿਸੇ ਧਰਨੇ-ਮਾਰਚ ਨੂੰ ''ਮਾਈ ਭਾਗੋ ਮਾਰਚ'' ਸੱਦਣਾ ਆਦਿ ਆਦਿ। ਇਹਨਾਂ ਧਿਰਾਂ/ਜਥੇਬੰਦੀਆਂ ਵੱਲੋਂ ਆਰੰਭਿਆ ਇਹ ਅਮਲ ਨਾ ਸਿਰਫ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੀ ਸ਼ਾਨਾਂਮੱਤੀ ਵਿਰਾਸਤ ਅਤੇ ਪਛਾਣ-ਚਿੰਨ•ਾਂ ਦੀ ਦੁਰਵਰਤੋਂ ਹੈ, ਇਹ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਹੋਰਾਂ ਵੱਲੋਂ ਆਪਣੇ ਆਪਣੇ ਸਮੇਂ ਲੜੇ ਗਏ ਹਥਿਆਰਬੰਦ ਘੋਲ, ਇਸਦੇ ਮੰਤਵ, ਇਤਿਹਾਸਕ ਅਹਿਮੀਅਤ ਅਤੇ ਮੌਜੂਦਾ ਸਮੇਂ ਇਹਨਾਂ ਦੀ ਸੰਗਰਾਮੀ ਵਿਰਾਸਤ ਦੀ ਪ੍ਰਸੰਗਕਿਤਾ ਨੂੰ ਸੁੰਗੇੜ-ਪਿਚਕਾ ਕੇ ਅਤੇ ਤੋੜ-ਮਰੋੜ ਕੇ ਪੇਸ਼ ਕਰਦਿਆਂ, ਇਹਨਾਂ ਦੀ ਕਦਰ-ਘਟਾਈ ਕਰਨਾ ਹੈ। 
ਕੁੱਝ ਇੱਕ ਜਨਤਕ ਜਥੇਬੰਦੀਆਂ ਹਨ, ਜਿਹਨਾਂ ਅੰਦਰ ਨੌਜਵਾਨਾਂ ਦਾ ਦਾਖਲਾ ਸੀਮਤ ਹੈ। ਇਹਨਾਂ ਜਥੇਬੰਦੀਆਂ ਅੰਦਰ ਨੌਜਵਾਨ ਪਰਤ ਲੱਗਭੱਗ ਗਾਇਬ ਹੈ। ਇਸਦਾ ਕਾਰਨ ਇਹਨਾਂ ਵੱਲੋਂ ਅਖਤਿਆਰ ਕੀਤੀਆਂ ਜਾ ਰਹੀਆਂ ਆਰਥਿਕਵਾਦੀ ਕਾਨੂੰਨਵਾਦੀ ਨੀਤੀਆਂ ਅਤੇ ਇਹਨਾਂ ਵਿੱਚੋਂ ਨਿਕਲਦੇ ਗਲਤ ਘੋਲ ਪੈਂਤੜੇ ਅਤੇ ਸ਼ਕਲਾਂ ਹਨ। ਇਹਨਾਂ ਨੂੰ ਦਰੁਸਤ ਕਰਨ ਦੇ ਰਾਹ ਪੈਣ ਦੀ ਬਜਾਇ, ਇਹਨਾਂ ਵੱਲੋਂ ਆਪਣੇ ਅੰਦਰ ਨੌਜਵਾਨਾਂ ਦੀ ਸੁੱਕ-ਸੁੰਗੜ ਰਹੀ ਪਰਤ ਨੂੰ ਵਧਾਉਣ ਲਈ ਸ਼ਹੀਦ ਭਗਤ ਸਿੰਘ ਦੇ ਵਿਰਾਸਤੀ ਚਿੰਨ• ਅਤੇ ਔਰਤਾਂ ਨੂੰ ਖਿੱਚ ਪਾਉਣ ਲਈ ਮਾਈ ਭਾਗੋ ਦੇ ਮੁਖੌਟੇ ਪਹਿਨ ਕੇ ਪੇਸ਼ ਹੋਇਆ ਜਾ ਰਿਹਾ ਹੈ। ਹਕੀਕਤ ਵਿੱਚ ਇਹਨਾਂ ਜਥੇਬੰਦੀਆਂ ਦਾ ਪਿਛਲੇ ਵੀਹ ਸਾਲਾਂ ਦਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦੀ ਸ਼ਾਨਾਂਮੱਤੀ ਵਿਰਾਸਤ ਨਾਲ ਇਹਨਾਂ ਦੀ ਅਮਲਦਾਰੀ ਦਾ ਕੋਈ ਸਬੰਧ ਨਹੀਂ ਹੈ। ਇਹ ਮਹਿਜ਼ ਕਾਨੂੰਨੀ ਅਤੇ ਸੁਧਾਰਵਾਦੀ ਵਲੱਗਣਾਂ ਵਿੱਚ ਵਿਚਰਦਿਆਂ, ਅੰਸ਼ਿਕ ਮੰਗਾਂ/ਮਸਲਿਆਂ ਵਾਸਤੇ ਪੁਰਅਮਨ-ਆਰਥਿਕਵਾਦੀ ਘੋਲਾਂ ਨੂੰ ਪ੍ਰਣਾਈਆਂ ਜਥੇਬੰਦੀਆਂ ਹਨ। 
ਅੱਜ ਤੋਂ ਲੱਗਭੱਗ 21 ਸਾਲ ਪਹਿਲਾਂ ਇੱਕ ਨਾਮ-ਨਿਹਾਦ ਇਨਕਾਲਬੀ ਜਥੇਬੰਦੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਮੁਖੌਟਾ ਪਹਿਨਦਿਆਂ, ਭਾਰਤੀ ਇਨਕਲਾਬ ਦਾ ਬਦਲ ਪ੍ਰਚਾਰਨ-ਉਭਾਰਨ ਦਾ ਫੰਡਰ ਅਮਲ ਵਿੱਢਿਆ ਗਿਆ ਸੀ। ਸ਼ੁਰੂ ਵਿੱਚ ਇਨਕਲਾਬੀ ਲਫਾਜ਼ੀ ਦੇ ਅਸਰ ਹੇਠ ਕੁੱਝ ਵਿਅਕਤੀਆਂ (ਅਤੇ ਕੁੱਝ ਨੌਜਵਾਨਾਂ) ਵੱਲੋਂ ਇਸ ਜਥੇਬੰਦੀ ਵੱਲ ਮੂੰਹ ਕੀਤਾ ਗਿਆ ਸੀ। ਪਰ ਜਿਉਂ ਜਿਉਂ ਇਸਦੀ ਇਨਕਲਾਬੀ ਲਫਾਜ਼ੀ ਅਤੇ ਪ੍ਰਚਾਰ ਦੇ ਅਮਲ ਦਾ ਫੰਡਰਪੁਣਾ ਨੰਗਾ ਹੁੰਦਾ ਗਿਆ ਅਤੇ ਇਸਦੀ ਇਨਕਲਾਬੀ ਲਿਫਾਫੇਬਾਜ਼ੀ ਭਰਿਆੜ ਹੁੰਦੀ ਗਈ, ਇਸ ਨਾਮ-ਨਿਹਾਦ ਇਨਕਲਾਬੀ ਥੜ•ੇ ਦਾ ਜਗੜ-ਜੁਗਾੜ ਖਿੰਡਦਾ ਗਿਆ। ਅੰਤ ਇਹ ਸਾਲ-ਛਿਮਾਹੀ ਕੋਈ ਬਿਆਨ, ਹੱਥ ਪਰਚੇ ਰਾਹੀਂ ਹਾਜ਼ਰੀ ਲਵਾਉਣ ਵਾਲਾ ਆਖਰੀ ਸਾਹ ਘੜੀਸਦਾ ਨਾਮ ਨਿਹਾਦ ਪਲੇਟਫਾਰਮ ਬਣ ਕੇ ਰਹਿ ਗਿਆ ਹੈ। ਜਿਹੜੀਆਂ ਜਥੇਬੰਦੀਆਂ/ਧਿਰਾਂ ਇਤਿਹਾਸ ਦੇ ਇਨਕਲਬੀ ਪ੍ਰਤੀਕਾਂ ਦੇ ਮੁਖੌਟੇ ਪਹਿਨ ਕੇ ਆਪਣੀ ਡਿਗ ਰਹੀ ਸਾਖ ਅਤੇ ਸੁੰਗੜ ਰਹੀ ਹਸਤੀ ਨੂੰ ਵਕਤੀ ਠੁੰਮਣਾ ਦੇਣ ਦਾ ਯਤਨ ਕਰਨਗੀਆਂ ਅਤੇ ਇਉਂ, ਉਹ ਇੱਕ ਸ਼ਾਨਾਂਮੱਤੀ ਇਤਿਹਾਸਕ ਵਿਰਾਸਤ ਦੀ ਦੁਰਵਰਤੋਂ ਅਤੇ ਕਦਰ-ਘਟਾਈ ਕਰਨ ਦੇ ਰਾਹ ਪੈਣਗੀਆਂ, ਉਹਨਾਂ ਦੀਆਂ ਕੋਸ਼ਿਸ਼ਾਂ ਵੀ ਦੇਰ-ਸਵੇਰ ਉਲਟ-ਉਪਜਾਊ ਸਾਬਤ ਹੋਣਗੀਆਂ। 

ਇਰੋਮ ਸ਼ਰਮੀਲਾ ਵੱਲੋਂ ਪਿਛਲ-ਮੋੜ ਕਦਮ


ਇਰੋਮ ਸ਼ਰਮੀਲਾ ਵੱਲੋਂ ਪਿਛਲ-ਮੋੜ ਕਦਮ
-ਨਵਜੋਤ
9 ਅਗਸਤ 2016 ਨੂੰ ਸੋਲਾਂ ਸਾਲਾਂ ਤੋਂ ਹਥਿਆਰਬੰਦ ਸੁਰੱਖਿਆ ਬਲਾਂ ਵਾਸਤੇ (ਵਿਸ਼ੇਸ਼ ਸ਼ਕਤੀਆਂ) ਕਾਨੂੰਨ 1958 (ਅਫਸਪਾ) ਖਿਲਾਫ ਚਲੇ ਆ ਰਹੇ ਆਪਣੇ ਵਰਤ ਨੂੰ ਤੋੜਦਿਆਂ, ਇਰੋਮ ਚਾਨੂੰ ਸ਼ਰਮੀਲਾ ਵੱਲੋਂ ਐਲਾਨ ਕੀਤਾ ਗਿਆ ਕਿ ''ਮਨੀਪੁਰ ਵਿੱਚ ਕੋਈ ਜਮਹੂਰੀਅਤ ਨਹੀਂ ਹੈ। ਮੈਂ ਮਨੀਪੁਰ ਦੀ ਮੁੱਖ ਮੰਤਰੀ ਬਣਨਾ ਅਤੇ ਹਾਂ-ਪੱਖੀ ਤਬਦੀਲੀਆਂ ਕਰਨਾ ਚਾਹੁੰਦੀ ਹਾਂ।'' (ਦਾ ਹਿੰਦੂ) ਇਰੋਮ ਸ਼ਰਮੀਲਾ ਵੱਲੋਂ ਇਹ ਵਰਤ ਉਦੋਂ ਆਰੰਭਿਆ ਗਿਆ ਸੀ, ਜਦੋਂ ਭਾਰਤੀ ਰਾਜ ਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਇੰਫਾਲ ਵਿੱਚ ਰਚਾਏ ਕਤਲੇਆਮ ਵਿੱਚ 10 ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸ ਵਕਤ ਉਹ 28 ਵਰਿ•ਆਂ ਦੀ ਸੀ। ਉਸ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਇਹ ਜਾਬਰ ਕਾਨੂੰਨ (ਅਫਸਪਾ) ਨਹੀਂ ਹਟਾਇਆ ਜਾਵੇਗਾ, ਉਹ ਕੁੱਝ ਵੀ ਨਹੀਂ ਖਾਵੇਗੀ-ਪੀਵੇਗੀ ਅਤੇ ਨਾ ਹੀ ਆਪਣੇ ਘਰ ਵਾਪਸ ਪਰਤੇਗੀ। ਉਸ ਵਕਤ ਚਾਹੇ ਬਹੁਤਿਆਂ ਨੂੰ ਉਸਦੇ ਇਸ ਐਲਾਨ 'ਤੇ ਖੜ• ਸਕਣ ਦੀ ਉਸਦੀ ਇੱਛਾ-ਸ਼ਕਤੀ ਅਤੇ ਦ੍ਰਿੜ•ਤਾ 'ਤੇ ਯਕੀਨ ਨਹੀਂ ਸੀ, ਪਰ ਉਸ ਵੱਲੋਂ 16 ਵਰ•ੇ ਆਪਣੇ ਐਲਾਨ 'ਤੇ ਡਟ ਕੇ ਪਹਿਰਾ ਦਿੱਤਾ ਗਿਆ। ਪੁਲਸ ਵੱਲੋਂ ਉਸ ਨੂੰ ਵਾਰ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਹਸਪਤਾਲ ਵਿੱਚ ਲਿਜਾ ਕੇ ਜਬਰੀ ਵਰਤ ਤੁੜਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ 'ਤੇ ਕਈ ਤਰ•ਾਂ ਦੇ ਮੁਕੱਦਮੇ ਦਰਜ਼ ਕੀਤੇ ਗਏ। ਇਸ ਸਭ ਕੁੱਝ ਦਾ ਦਲੇਰੀ, ਦ੍ਰਿੜ•ਤਾ ਅਤੇ ਸਿਰੜ ਨਾਲ ਸਾਹਮਣਾ ਕਰਦਿਆਂ, ਉਸ ਵੱਲੋਂ ਆਪਣਾ ਵਰਤ  ਜਾਰੀ ਰੱਖਣ ਦੇ ਇਰਾਦੇ ਨੂੰ ਬਰਕਰਾਰ ਰੱਖਿਆ ਗਿਆ। ਉਸ ਨੂੰ ਠੋਸ ਭੋਜਨ ਪਦਾਰਥ ਖੁਆਉਣ ਤੋਂ ਅਸਮਰੱਥ ਹਕੂਮਤੀ ਅਧਿਕਾਰੀਆਂ ਵੱਲੋਂ ਆਖਰ ਨਾਲੀ ਰਾਹੀਂ ਜਬਰੀ ਤਰਲ ਪਦਾਰਥ ਦੇਣ ਦਾ ਢੰਗ ਅਪਣਾ ਕੇ ਹੁਣ ਤੱਕ ਜਿੰਦਾ ਰੱਖਿਆ ਗਿਆ। ਉਸ ਵੱਲੋਂ ਇਹਨਾਂ ਸੋਲਾਂ ਵਰਿ•ਆਂ ਦੌਰਾਨ ਅਫਸਪਾ ਖਿਲਾਫ ਵਿਰੋਧ ਜਤਲਾਉਣ ਦੀ ਦ੍ਰਿੜ•ਤਾ, ਸਿਰੜ ਅਤੇ ਮਨੋਬਲ ਦਾ ਹੀ ਨਤੀਜਾ ਸੀ ਕਿ ਉਹ ਨਾ ਸਿਰਫ ਮਨੀਪੁਰ ਅਤੇ ਮੁਲਕ ਅੰਦਰ ਸਗੋਂ ਸੰਸਾਰ ਭਰ ਅੰਦਰ ਭਾਰਤੀ ਹਕੂਮਤ ਵੱਲੋਂ ਇਸ ਜਾਬਰ ਕਾਲੇ ਕਾਨੂੰਨ (ਅਫਸਪਾ) ਦੀ ਓਟ ਵਿੱਚ ਢਾਹੇ ਜਾ ਰਹੇ ਜਬਰ ਅਤੇ ਕਹਿਰ ਖਿਲਾਫ ਇੱਕ ਆਵਾਜ਼ ਬਣ ਕੇ ਉੱਭਰੀ। ਉਸ ਨੂੰ ਪ੍ਰਚਾਰ ਸਾਧਨਾਂ ਵਿੱਚ ''ਲੋਹ-ਔਰਤ'' ਵਜੋਂ ਵੀ ਵਡਿਆਇਆ ਜਾਂਦਾ ਰਿਹਾ। ਇਰੋਮ ਸ਼ਰਮੀਲਾ ਦੀ ਇਸ ਸਿਰੜੀ ਵਿਅਕਤੀਗਤ ਜੱਦੋਜਹਿਦ ਮਨੀਪੁਰ ਦੀ ਕਬਾਇਲੀ ਜਨਤਾ ਵੱਲੋਂ ਆਪਣੀ ਖੁਦਮੁਖਤਿਆਰੀ ਅਤੇ ਆਪਾ ਨਿਰਣੇ ਦੇ ਹੱਕ ਲਈ ਲੜੀ ਜਾ ਰਹੀ ਹਥਿਆਰਬੰਦ ਅਤੇ ਗੈਰ-ਹਥਿਆਰਬੰਦ ਜੱਦੋਜਹਿਦ ਨੂੰ ਬਲ ਬਖਸ਼ਦਾ ਇੱਕ ਅੰਸ਼ ਬਣ ਗਈ, ਜਿਸ ਕਰਕੇ, ਉਹ ਮਨੀਪੁਰ ਦੀ ਸੰਘਰਸ਼ਸ਼ੀਲ ਕਬਾਇਲੀ ਜਨਤਾ ਅੰਦਰ ਆਦਰ-ਮਾਣ ਦੀ ਪਾਤਰ ਬਣ ਕੇ ਉੱਭਰੀ। 
ਹੁਣ ਜਦੋਂ ਇਰੋਮ ਸ਼ਰਮੀਲਾ ਵੱਲੋਂ 16 ਵਰਿ•ਆਂ ਬਾਅਦ ਇੱਕਦਮ ਆਪਣੇ ਐਲਾਨ ਤੋਂ ਕਾਂਟਾ-ਬਦਲਦਿਆਂ, ਨਾ ਸਿਰਫ ਆਪਣਾ ਵਰਤ ਤੋੜ ਦਿੱਤਾ ਗਿਆ ਹੈ, ਸਗੋਂ ਭਾਰਤੀ ਹਾਕਮਾਂ ਵੱਲੋਂ ਰਚਾਈ ਜਾਂਦੀ ਦੰਭੀ ਜਮਹੂਰੀਅਤ ਦੀ ਚੋਣ ਕਸਰਤ ਵਿੱਚ ਸ਼ਾਮਲ ਹੋਣ ਅਤੇ ਮੁੱਖ ਮੰਤਰੀ ਬਣਨ ਦੀ ਚਾਹਵਾਨ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਉਂ ਨਾ ਸਿਰਫ ਆਪਣੇ ਢੰਗ ਨਾਲ ਕੀਤੇ ਜਾ ਰਹੇ ਸੰਘਰਸ਼ ਨੂੰ ਅੱਧ-ਵਿਚਾਲੇ ਛੱਡ ਦਿੱਤਾ ਗਿਆ ਹੈ, ਸਗੋਂ ਮਨੀਪੁਰ ਦੇ ਲੋਕਾਂ 'ਤੇ ਵਹਿਸ਼ੀ ਜਬਰ ਢਾਹ ਰਹੇ ਭਾਰਤੀ ਹਾਕਮਾਂ ਦੀਆਂ ਸੰਵਿਧਾਨਕ ਲਛਮਣ ਰੇਖਾਵਾਂ ਦੇ ਪਾਬੰਦ ਹੋਣ ਅਤੇ ਉਹਨਾਂ ਦੇ ਨਕਲੀ ਜਮਹੂਰੀ ਅਮਲ ਵਿੱਚ ਭਾਗੀਦਾਰ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਉਸ ਵੱਲੋਂ ਕੱਟੇ ਇਸ 180 ਦਰਜ਼ੇ ਦੇ ਮੋੜੇ ਨੇ ਉਹਨਾਂ ਸਭਨਾਂ ਲੋਕਾਂ ਅੰਦਰ ਨਿਰਾਸ਼ਾ ਅਤੇ ਰੋਸ ਪ੍ਰਤੀਕਰਮ ਨੂੰ ਜਗਾਇਆ ਹੈ, ਜਿਹਨਾਂ ਵੱਲੋਂ ਉਸਦੀ ਜੱਦੋਜਹਿਦ ਨੂੰ ਹੱਕੀ ਸਮਝਦਿਆਂ ਅਤੇ ਉਸਦੀ ਦ੍ਰਿੜ•ਤਾ ਤੇ ਸਿਰੜ ਨੂੰ ਸਲਾਮ ਕਰਦਿਆਂ, ਉਸ ਨੂੰ ਹਮਾਇਤੀ ਹੁੰਗਾਰਾ ਦਿੱਤਾ ਗਿਆ ਸੀ। ਵਿਸ਼ੇਸ਼ ਕਰਕੇ, ਮਨੀਪੁਰ ਦੇ ਸੰਗਰਾਮੀ ਲੋਕਾਂ ਵੱਲੋਂ ਉਸਦੇ ਇਸ ਪਿਛਲਮੋੜੇ ਖਿਲਾਫ ਬਹੁਤ ਹੀ ਤਿੱਖੇ ਅਤੇ ਵਿਆਪਕ ਪ੍ਰਤੀਕਰਮ ਦੀਆਂ ਝਲਕਾਂ ਸਾਹਮਣੇ ਆਈਆਂ ਹਨ। ਜਦੋਂ ਉਸ ਵੱਲੋਂ ਇੰਫਾਲ ਵਿਖੇ ਜਵਾਹਰ ਲਾਲਾ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਬਾਹਰ ਆਪਣੇ ਇਸ ਪਿਛਲਮੋੜੇ ਦਾ ਐਲਾਨ ਕੀਤਾ ਗਿਆ ਤਾਂ ਲੋਕਾਂ ਵੱਲੋਂ ਆਪਣੇ ਘਰਾਂ ਦੇ ਬੂਹੇ ਉਸ ਲਈ ਬੰਦ ਕਰ ਲਏ ਗਏ। ਉਹ ਘੱਟੋ ਘੱਟ ਦੋ ਘਰਾਂ ਵਿੱਚ ਗਈ, ਜਿੱਥੋਂ ਉਸਨੂੰ ਫਿਟਕਾਰ ਕੇ ਵਾਪਸ ਕਰ ਦਿੱਤਾ ਗਿਆ। ਅਖੀਰ ਪੁਲਸ ਉਸਨੂੰ ਥਾਣੇ ਵਾਪਸ ਲੈ ਆਈ। 
ਅਸਲ ਵਿੱਚ, ਮਨੀਪੁਰ ਦੇ ਲੋਕਾਂ ਅੰਦਰ ਉਸਦੇ ਫੈਸਲੇ ਖਿਲਾਫ ਸਾਹਮਣੇ ਆਇਆ ਪ੍ਰਤੀਕਰਮ ਉਸ ਵੱਲੋਂ ਆਪਣੇ ਵਰਤ ਨੂੰ ਤੋੜਨ ਖਿਲਾਫ ਨਹੀਂ ਹੈ, (ਅਤੇ ਨਾ ਹੀ ਘੋਲ-ਸ਼ਕਲ ਦੀ ਕਿਸੇ ਖਰੀ ਤਬਦੀਲੀ ਖਿਲਾਫ ਹੈ, ਜਿਹੜੀ ਉਹ ਕਰ ਸਕਦੀ ਸੀ) ਇਹ ਪ੍ਰਤੀਕਰਮ ਉਸ ਵੱਲੋਂ ਭਾਰਤੀ ਹਾਕਮਾਂ ਦੀ ਦੰਭੀ ਚੋਣ ਸਿਆਸਤ ਵਿੱਚ ਵਿਸ਼ਵਾਸ਼ ਜ਼ਾਹਰ ਕਰਨ ਖਿਲਾਫ ਹੈ, ਜਿਸਦਾ ਸੇਕ ਮਨੀਪੁਰ ਦੇ ਲੋਕ ਹੰਢਾ ਰਹੇ ਹਨ। ਅਤੇ ਜਿਸਦੀ ਅਸਲੀਅਤ ਤੋਂ ਉਹ ਭਲੀਭਾਂਤ ਜਾਣੂੰ ਹਨ। ਭਾਰਤੀ ਹਾਕਮਾਂ ਵੱਲੋਂ ਇੱਕ ਹੱਥ— ਇਸ ਧੋਖੇਭਰੀ ਚੋਣ ਸਿਆਸਤ ਦਾ ਨਾਟਕ ਰਚਦਿਆਂ, ਲੋਕਾਂ ਨੂੰ ਆਪਣੇ ਹੱਕੀ ਸੰਘਰਸ਼ ਤੋਂ ਭਟਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਕੁੱਝ ਵਿਕਾਊ ਜ਼ਮੀਰ ਦੇ ਮਾਲਕ ਵਿਅਕਤੀਆਂ ਨੂੰ ਸੂਬਾ ਹਕੂਮਤ 'ਤੇ ਸੁਸ਼ੋਭਤ ਕਰਦਿਆਂ, ਉੱਥੇ ਜਮਹੂਰੀ-ਰਾਜ ਪ੍ਰਬੰਧ ਦੀ ਛਲੀਆ ਖੇਡ ਖੇਡੀ ਜਾਂਦੀ ਹੈ, ਪਰ ਦੂਜੇ ਹੱਥ— ਅਫਸਪਾ ਵਰਗੇ ਕਾਲੇ ਕਾਨੂੰਨ ਦੀ ਓਟ ਵਿੱਚ ਮਨੀਪੁਰ ਦੇ ਲੋਕਾਂ ਦੇ ਸਭਨਾਂ ਬੁਨਿਆਦੀ ਜਮਹੂਰੀ ਹੱਕਾਂ 'ਤੇ ਧਾੜਾ ਮਾਰਦਿਆਂ, ਉਹਨਾਂ ਨੂੰ ਜਾਬਰ ਫੌਜੀ ਤੇ ਨੀਮ-ਫੌਜੀ ਬਲਾਂ ਦੇ ਰਹਿਮੋਕਰਮ ਦਾ ਪਾਤਰ ਬਣਾ ਧਰਿਆ ਹੈ। ਉਹ ਦਹਾਕਿਆਂ ਤੋਂ ਭਾਰਤੀ ਹਾਕਮਾਂ ਦੀਆਂ ਧਾੜਵੀ ਹਥਿਆਰਬੰਦ ਤਾਕਤਾਂ ਹੱਥੋਂ ਰਚਾਏ ਜਾ ਰਹੇ ਮਾਰਧਾੜ, ਕਤਲੇਆਮ, ਬਲਾਤਕਾਰ ਵਰਗੇ ਨਾਦਰਸ਼ਾਹੀ ਜ਼ੁਲਮਾਂ ਨੂੰ ਆਪਣੇ ਪਿੰਡਿਆਂ 'ਤੇ ਹੰਢਾ ਰਹੇ ਹਨ। ਚੋਣ-ਸਿਆਸਤ ਦੇ ਡਰਾਮੇ ਰਾਹੀਂਂ ਬਣੀ ਸੂਬੇ ਦੀ ਅਖੌਤੀ ਜਮਹੂਰੀ ਸਰਕਾਰ ਕੋਲ ਇੱਕ ਸਾਧਾਰਨ ਫੌਜੀ ਵੱਲੋਂ ਕਿਸੇ ਮਨੀਪੁਰ ਵਾਸੀ ਦੇ ਗੋਲੀ ਮਾਰ ਕੇ ਕੀਤੇ ਕਤਲ, ਧਿੰਗੋਜੋਰੀ, ਲੁੱਟਮਾਰ ਅਤੇ ਬਲਾਤਕਾਰ ਵਰਗੇ ਕੁਕਰਮ ਖਿਲਾਫ ਥਾਣੇ ਵਿੱਚ ਐਫ.ਆਈ.ਆਰ. ਦਰਜ਼ ਕਰਵਾਉਣ ਦਾ ਵੀ ਅਧਿਕਾਰ ਨਹੀਂ ਹੈ। ਪਿਛਲੇ ਅਰਸੇ ਵਿੱਚ ਮੁਲਕ ਦੇ ਅਖਬਾਰਾਂ ਅੰਦਰ ਹਜ਼ਾਰਾਂ ਵਿਅਕਤੀਆਂ ਦੇ ਝੂਠੇ ਮੁਕਾਬਲਿਆਂ ਅਤੇ ''ਗੁੰਮ ਕਰਨ'' (ਕਤਲ ਕਰਨ) ਦੀਆਂ ਖਬਰਾਂ ਨਸ਼ਰ ਹੋਈਆਂ ਹਨ। ਹਥਿਆਰਬੰਦ ਬਲਾਂ ਵੱਲੋਂ ਢਾਹੇ ਜਾ ਰਹੇ ਇਸ ਭਿਆਨਕ ਅੱਤਿਆਚਾਰ ਨੂੰ ਰੋਕਣ ਦੀ ਗੱਲ ਤਾਂ ਕੀ, ਮਨੀਪੁਰ ਦੀਆਂ ਸੂਬਾਈ ਸਰਕਾਰਾਂ ਇਸ ਕਤਲੇਆਮ 'ਤੇ ਪਰਦਾ ਪਾਉਣ ਦਾ ਰੋਲ ਨਿਭਾਉਂਦੀਆਂ ਰਹੀਆਂ ਹਨ ਅਤੇ ਇਉਂ ਇਸ ਵਿੱਚ ਭਾਗੀਦਾਰ ਹੁੰਦੀਆਂ ਰਹੀਆਂ ਹਨ। ਮਨੀਪੁਰ ਦੇ ਲੋਕਾਂ ਵੱਲੋਂ ਇਸ ਸਭ ਕੁੱਝ ਨੂੰ ਆਪਣੇ ਹੱਡੀਂ ਹੰਢਾਇਆ ਗਿਆ ਹੈ। ਜਿਸ ਕਰਕੇ, ਵਾਰ ਵਾਰ ਰਚੇ ਜਾਂਦੇ ਇਸ ਚੋਣ ਸਿਆਸਤ ਦੇ ਡਰਾਮੇ ਅਤੇ ਅਖੌਤੀ ਜਮਹੂਰੀ ਸਰਕਾਰਾਂ ਬਣਾਉਣ ਦੇ ਦੰਭ 'ਚੋਂ ਜਨਤਕ ਭਰਮ-ਮੁਕਤੀ ਦਾ ਅਮਲ ਚੱਲਿਆ ਹੈ।
ਇਸ ਭਰਮ ਮੁਕਤੀ ਦਾ ਹੀ ਨਤੀਜਾ ਹੈ ਕਿ ਮਨੀਪੁਰ ਦੇ ਲੋਕਾਂ ਵਿੱਚ ਇਰੋਮ ਸ਼ਰਮੀਲਾ ਦੇ ਇਸ ਦੰਭੀ ਚੋਣ-ਸਿਆਸਤ ਵਿੱਚ ਸ਼ਾਮਲ ਹੋਣ ਦੇ ਐਲਾਨ ਖਿਲਾਫ ਤਿੱਖਾ ਤੇ ਵਿਆਪਕ ਪ੍ਰਤੀਕਰਮ ਜਾਗਿਆ ਹੈ। ਇਹ ਐਲਾਨ ਕਰਨ ਤੋਂ ਪਹਿਲਾਂ ਇੱਕ ਮੇਤੇਈ ਹਥਿਆਰਬੰਦ ਜਥੇਬੰਦੀ ਕੰਗਲੇਈ ਯਾਵੋਲ ਕੰਨਾ ਅਤੇ ਕੰਗਲੇਈਪਾਕ ਕਮਿਊਨਿਸਟ ਪਾਰਟੀ (ਕੇ.ਸੀ.ਪੀ.) ਦੇ ਆਗੂਆਂ ਨਮੋਇਜ਼ਮ ਓਕਨ ਅਤੇ ਖੇਤਰਾ ਲਾਬਾ ਵੱਲੋਂ ਇਰੋਮ ਸ਼ਰਮੀਲਾ ਨੂੰ ''ਵੱਡੀ ਭੈਣ'' ਵਜੋਂ ਸੰਬੋਧਨ ਕਰਦਿਆਂ ਇਹ ਫੈਸਲਾ ਨਾ ਲੈਣ ਲਈ ਜ਼ੋਰ ਪਾਇਆ ਗਿਆ ਸੀ। ਇੱਕ ਵਿਦਵਾਨ ਅਤੇ ਕਾਰਕੁੰਨ ਮਾਲੇਮ ਨਿੰਗਥਾਊਜਾ ਵੱਲੋਂ ਕਿਹਾ ਗਿਆ ਹੈ ਕਿ ''ਮਨੀਪੁਰ ਦੇ ਲੋਕ ਭਾਰਤੀ ਚੋਣ ਸਿਆਸਤ 'ਤੇ ਭਰੋਸਾ ਨਹੀਂ ਕਰਦੇ। ਉਹ ਸੋਚਦੇ ਹਨ ਕਿ ਇਸ ਸਿਆਸਤ ਵਿੱਚ ਸ਼ਾਮਲ ਹੋ ਕੇ ਇਰੋਮ ਸ਼ਰਮੀਲਾ ਦਾ ਹਸ਼ਰ ਵੀ ਉਹੀ ਹੋਵੇਗਾ।'' ਸ਼ਰਮੀਲਾ ਦੇ ਨੇੜਲੇ ਸਹਾਇਕ ''ਹਿਊਮਨ ਰਾਈਟਸ ਅਲਰਟ ਮਨੀਪੁਰ'' ਦੇ ਡਾਇਰੈਕਟਰ ਲੋਇਤੌਂਗਬਮ ਵੱਲੋਂ ਵੀ ਉਸਦੇ ਫੈਸਲੇ ਦੇ ਉਲਟ ਰਾਇ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇੰਫਾਲ ਦੇ ਕੇਂਦਰ ਵਿੱਚ ਸਥਿਤ ਘਰੇਲੂ ਵਸਤਾਂ ਦੀ ਸਰਬ-ਔਰਤ ਮੰਡੀ ਇਮਾ ਕੀਥਲ ਵਿੱਚ ਔਰਤਾਂ ਵੱਲੋਂ ਵੀ ਇਰੋਮ ਸ਼ਰਮੀਲਾ ਦੇ ਚੋਣ ਸਿਆਸਤ ਵਿੱਚ ਦਾਖਲ ਹੋਣ ਦੇ ਫੈਸਲੇ ਦਾ ਸੁਆਗਤ ਨਹੀਂ ਕੀਤਾ ਗਿਆ। 
ਇਰੋਮ ਸ਼ਰਮੀਲਾ ਵੱਲੋਂ ਲਿਆ ਗਿਆ ਇਹ ਪਿਛਲਮੋੜ ਕਦਮ ਰੱਦ ਕਰਨਯੋਗ ਅਤੇ ਨਿੰਦਣਯੋਗ ਹੈ। ਪਰ ਉਸਦਾ ਇਹ ਕਦਮ ਕੋਈ ਓਪਰਾ ਅਤੇ ਅਣਹੋਣਾ ਕਦਮ ਨਹੀਂ ਹੈ। ਕਿਉਂਕਿ, ਇਰੋਮ ਸ਼ਰਮੀਲਾ ਇੱਕ ਨਿੱਕ-ਬੁਰਜੂਆ ਕੌਮਪ੍ਰਸਤ ਹੋਣ ਕਰਕੇ, ਜਿੱਥੇ ਡਾਵਾਂਡੋਲਤਾ ਉਸਦਾ ਕਿਰਦਾਰ ਸਮੋਇਆ ਲੱਛਣ ਹੈ, ਉੱਥੇ ਉਸ ਵੱਲੋਂ ਮਨੀਪੁਰ ਦੇ ਲੋਕਾਂ ਵੱਲੋਂ ਲੜੀ ਜਾ ਰਹੀ ਲਹੂ ਵੀਟਵੀਂ ਅਤੇ ਸਮੂਹਿਕ ਲੜਾਈ ਦਾ ਅੰਗ ਬਣਨ ਦੀ ਬਜਾਇ, ਆਪਣੇ ਵੱਲੋਂ ਇੱਕ ਵੱਖਰਾ ਸੰਘਰਸ਼ ਰਾਸਤਾ ਅਖਤਿਆਰ ਕੀਤਾ ਗਿਆ। ਸੰਘਰਸ਼ ਦਾ ਇਹ ਢੰਗ ਇੱਕ ਵਿਅਕਤੀਵਾਦੀ, ਅਮਨਪੂਰਵਕ ਅਤੇ ਸੰਵਿਧਾਨ ਦੀਆਂ ਹੱਦਾਂ ਨੂੰ ਨਾ ਉਲੰਘਣ ਵਾਲਾ ਸੀ। ਇਉਂ, ਇਹ ਮਹਾਤਮਾ ਗਾਂਧੀ ਵੱਲੋਂ ਵਿਅਕਤੀਗਤ ਅਤੇ ਸ਼ਾਂਤੀਵਾਦੀ ਸਤਿਆਗ੍ਰਹਿ ਤੋਂ ਕੋਈ ਵੱਖਰਾ ਢੰਗ ਨਹੀਂ ਸੀ। ਅਜਿਹੇ ਢੰਗ ਰਾਹੀਂ ਭਾਰਤੀ ਹਾਕਮਾਂ ਦੀ ਪਿਛਾਖੜੀ ਜ਼ਮੀਰ ਨੂੰ ਝੰਜੋੜਨ, ਉਹਨਾਂ 'ਤੇ ਕੋਈ ਨੈਤਿਕ ਦਬਾਓ ਬਣਾਉਣ ਅਤੇ ਅਫਸਪਾ ਵਾਪਸ ਲੈਣ ਲਈ ਮਜਬੂਰ ਕਰਨ ਲਈ ਉਸ ਵੱਲੋਂ ਪਾਲਿਆ ਗਿਆ ਭਰਮ ਵੀ ਇਰੋਮ ਸ਼ਰਮੀਲਾ ਦੇ ਭਾਰਤ ਦੀ ਨਕਲੀ ਜਮਹੂਰੀਅਤ ਅਤੇ ਦੰਭੀ ਚੋਣ ਸਿਆਸਤ ਬਾਰੇ ਅਸਪੱਸ਼ਟਤਾ ਅਤੇ ਭਰਮ ਦਾ ਹੀ ਇਜ਼ਹਾਰ ਸੀ। ਚਾਹੇ ਹੱਕ ਸੱਚ ਲਈ ਲੜ ਰਹੇ ਮਨੀਪੁਰ ਅਤੇ ਮੁਲਕ ਭਰ ਦੇ ਸੰਘਰਸ਼ਸ਼ੀਲ ਲੋਕਾਂ ਅਤੇ ਸੰਸਾਰ ਭਰ ਦੇ ਹੱਕੀ ਸੰਗਰਾਮ ਦੇ ਰਾਹ ਪਏ ਲੋਕਾਂ ਵੱਲੋਂ ਉਸ ਨੂੰ ਮਿਲੇ ਹੁੰਗਾਰੇ, ਆਦਰ-ਮਾਣ ਅਤੇ ਪਛਾਣ ਨੇ ਵਰਤ ਜਾਰੀ ਰੱਖਣ ਦੀ ਉਸਦੀ ਇੱਛਾ-ਸ਼ਕਤੀ, ਦ੍ਰਿੜ•ਤਾ ਅਤੇ ਸਿਰੜ ਨੂੰ ਬਲ ਬਖਸ਼ਿਆ, ਜਿਸਦੇ ਸਿੱਟੇ ਵਜੋਂ ਉਸ ਵੱਲੋਂ ਭਾਰਤੀ ਹਾਕਮਾਂ ਦੇ ਜਾਬਰਾਨਾ ਰਵੱਈਏ, ਬਦਸਲੂਕ ਅਤੇ ਖੜ•ੀਆਂ ਕੀਤੀਆਂ ਗਈਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਸੋਲਾਂ ਸਾਲ ਆਪਣੇ ਫੈਸਲੇ 'ਤੇ ਪੁੱਗਣ ਦਾ ਦਮਖਮ ਬਾਖੂਬੀ ਦਿਖਾਇਆ ਗਿਆ, ਪਰ ਇਸ ਪੜਾਅ 'ਤੇ ਆ ਕੇ ਭਾਰਤੀ ਹਾਕਮਾਂ ਵੱਲੋਂ ਉਸਦੀ ਮੰਗ 'ਤੇ ਭੋਰਾ ਭਰ ਵੀ ਕੰਨ ਨਾ ਧਰਨ ਅਤੇ ਟੱਸ ਤੋਂ ਮੱਸ ਨਾ ਹੋਣ ਨਾਲ ਉਸ ਵੱਲੋਂ ਪਾਲੇ ਗਏ ਭਰਮ ਦਾ ਰੇਤ ਵਾਂਗੂ ਕਿਰਨ ਦਾ ਅਮਲ ਵੀ ਸ਼ੁਰੂ ਹੋ ਗਿਆ। ਇਹ ਭਰਮ-ਮੁਕਤੀ ਵੀ ਉਸ ਨੂੰ ਇਹ ਯਕੀਨ ਹੋ ਜਾਣ ਤੱਕ ਸੀਮਤ ਹੈ ਕਿ ਉਸਦੇ ਵਰਤ ਦਾ ਭਾਰਤੀ ਹਾਕਮਾਂ 'ਤੇ ਕੋਈ ਅਸਰ ਨਹੀਂ ਪੈ ਸਕਦਾ। ਪਰ ਭਾਰਤ ਦੀ ਨਕਲੀ ਜਮਹੂਰੀਅਤ ਅਤੇ ਚੋਣ-ਢਕਵੰਜ ਬਾਰੇ ਅਸਪੱਸ਼ਟਤਾ ਅਤੇ ਭਰਮ ਤੋਂ ਮੁਕਤ ਹੋਣ ਦਾ ਅਮਲ ਨਹੀਂਂ ਚੱਲਿਆ। ਸਿਟੇ ਵਜੋਂ ਉਸ ਅੰਦਰ ਆਪਣੇ ਵੱਲੋਂ ਚਲਾਏ ਇਸ ਵਿਅਕਤੀਗਤ ਸਤਿਆਗ੍ਰਹਿ ਰੂਪੀ ਸੰਘਰਸ਼ ਦੀ ਨਿਹਫਲਤਾ ਅਤੇ ਨਿਰਾਸ਼ਾ ਦੇ ਅਹਿਸਾਸ ਨੇ ਸਿਰ ਚੁੱਕਿਆ, ਜਿਸਦੇ ਫੈਲਣ-ਪਸਰਨ ਨੇ ਉਸਦੀ ਨਿੱਕ-ਬੁਰਜੂਆ ਡਾਵਾਂਡੋਲਤਾ ਦੇ ਲੱਛਣ ਨੂੰ ਆਰ ਲਾਈ। ਇਸ ਨਾਲ ਉਸ ਅੰਦਰ ਨਿੱਕ-ਬੁਰਜੂਆ ਲਾਲਸਾਵਾਂ ਦੇ ਉੱਸਲਵੱਟੇ ਲੈਣ ਅਤੇ ਆਪਣੀ ਸਖਸ਼ੀ ਪ੍ਰਸਿੱਧੀ, ਪਛਾਣ ਅਤੇ ਆਦਰ-ਮਾਣ ਨੂੰ ਦੰਭੀ ਚੋਣ ਸਿਆਸਤ ਰਾਹੀਂ ਹਕੂਮਤੀ ਕੁਰਸੀ ਦੀ ਖੱਟੀ ਵਿੱਚ ਤਬਦੀਲ ਕਰਨ ਦਾ ਭਰਮ ਪਾਲਿਆ ਗਿਆ।
ਅੰਤ, ਉਪਰੋਕਤ ਭਰਮ ਦੀ ਧੁੱਸ ਦਾ ਸ਼ਿਕਾਰ ਹੋ ਕੇ ਜਿਥੇ ਇਰੋਮ ਸ਼ਰਮੀਲਾ ਦਾ ਇਹ ਪਿਛਲਮੋੜ ਕਦਮ ਇੱਕ ਨਾਂਹ-ਪੱਖੀ ਕਦਮ ਹੈ, ਹੱਕ-ਸੱਚ ਲਈ ਲੜ ਰਹੇ ਮੁਲਕ ਦੇ ਲੋਕਾਂ, ਵਿਸ਼ੇਸ਼ ਕਰਕੇ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਲਈ ਜੂਝ ਰਹੀਆਂ ਲਹਿਰਾਂ ਲਈ ਕਿਸੇ ਹੱਦ ਤੱਕ ਹਰਜ਼ਾ-ਪੁਚਾਊ ਕਦਮ ਹੈ ਅਤੇ ਭਾਰਤੀ ਹਾਕਮਾਂ ਵੱਲੋਂ ਮੁਲਕ ਦੀ ਪਿਛਾਖੜੀ ਚੋਣ-ਸਿਆਸਤ ਬਾਰੇ ਭਰਮ ਭੁਲੇਖਿਆ ਦਾ ਛਿੱਟਾ ਦੇਣ ਵਿੱਚ ਸਹਾਈ ਹੋਣ ਵਾਲਾ ਕਦਮ ਹੈ, ਉੱਥੇ ਕੌਮੀ ਮੁਦਮੁਖਤਿਆਰੀ ਅਤੇ ਆਪਾ-ਨਿਰਣੇ ਦੇ ਹੱਕ ਅਤੇ ਅਫਸਪਾ ਖਿਲਾਫ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਮਨੀਪੁਰ ਦੀ ਜਨਤਾ ਵੱਲੋਂ ਇਰੋਮ ਸ਼ਰਮੀਲਾ ਦੇ ਇਸ ਪਿਛਲਮੋੜ ਕਦਮ ਖਿਲਾਫ ਸਾਹਮਣੇ ਆਇਆ ਸੰਗਰਾਮੀ ਪ੍ਰਤੀਕਰਮ ਇਹ ਤਸੱਲੀ ਬੰਨ•ਾਉਂਦਾ ਹੈ ਕਿ ਇਰੋਮ ਸ਼ਰਮੀਲਾ ਦਾ ਨਿਰਾਸ਼ਾਜਨਕ ਫੈਸਲਾ ਭਾਰਤੀ ਹਾਕਮਾਂ  ਵੱਲੋਂ ਮਨੀਪੁਰ ਦੀ ਜਨਤਾ ਦੀਆਂ ਜੁਝਾਰ ਸਫਾਂ ਅੰਦਰ ਗੰਧਲਚੌਂਦੇ ਅਤੇ ਤਰੇੜਾਂ ਪਾਉਣ ਦੇ ਮਨਸੂਬਿਆਂ ਦੀ ਪੂਰਤੀ ਦਾ ਇੱਕ ਨਕਾਰਿਆ ਸੰਦ ਸਾਬਤ ਹੋਵੇਗਾ। 

ਸੁਰਖ਼ ਵਾਸਤੇ ਆਈ ਸਹਾਇਤਾ
1.  ਸਤੀਸ਼ ਕੁਮਾਰ ਭੈਣੀ ਮੀਆਂ 500
2.  ਕੁਲਵਿੰਦਰ 300
3.  ਗੁਰਮੇਲ ਸਿੰਘ 500
4.  ਬਲਵਿੰਦਰ ਸਿੰਘ 1000
5.  ਭਾਗ ਸਿੰਘ 
    (ਭਰਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ)  200
6.  ਨਿਰਮਲ 1000
7.  ਨਰਿੰਦਰ 500
8.  ਇੱਕ ਪਾਠਕ ਮੰਗੂਵਾਲ ਤੋਂ  1000
9.  ਵਰਿੰਦਰਜੀਤ ਜਾਗੋਵਾਲ ਬਾਂਗਰ (ਕਾਹਨੂੰਵਾਨ) 500
10. ਜਸਵੀਰ ਸਿੰਘ ਪੱਤਰਕਾਰ, 
     ਫੇਰੋਚੇਚੀ (ਕਾਹਨੂੰਵਾਨ) 500
11. ਇੱਕ ਪਾਠਕ ਮੂਣਕ ਤੋਂ 1000
12. ਕੇਵਲ ਖੋਖਰ ਅਤੇ ਅਮਰੀਕ ਖੋਖਰ ਵੱਲੋਂ
     ਆਪਣੇ ਪਿਤਾ ਦੇ ਭੋਗ ਸਮਾਗਮ 'ਤੇ 500
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹੈ।'