ਪਿੰਡ ਸਰਾਭਾ ਵਿਖੇ ਸ਼ਹੀਦ ਸਰਾਭਾ ਅਤੇ ਸਾਥੀਆਂ ਨੂੰ ਸਮਰਪਤ ਸ਼ਹੀਦੀ ਸ਼ਤਾਬਦੀ ਸਮਾਰੋਹ
ਸ਼ਹੀਦ ਕਰਤਾਰ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਸ਼ਤਾਬਦੀ ਮੌਕੇ 17 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਵਿੱਚ ਤਿੰਨ ਇਨਕਲਾਬੀ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਇਕੱਠ ਵਿੱਚ ਨੌਜਵਾਨਾਂ, ਵਿਦਿਆਰਥੀਆਂ ਅਤੇ ਔਰਤਾਂ ਦੀ ਹਾਜ਼ਰੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਸਮਾਗਮ ਨੂੰ ਸੀ.ਪੀ.ਆਈ.(ਮ.ਲ.) ਨਿਊ ਡੈਮੋਕਰੇਸੀ ਦੇ ਸੂਬਾ ਸਕੱਤਰ ਦਰਸ਼ਨ ਸਿੰਘ ਖਟਕੜ, ਸੂਬਾ ਆਗੂ ਅਜਮੇਰ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੇ ਸੂਬਾ ਆਗੂ ਬਲਵੰਤ ਮਖੂ ਅਤੇ ਸੁਖਵਿੰਦਰ ਕੌਰ ਤੋਂ ਇਲਾਵਾ ਹਰਦੇਵ ਸਿੰਘ ਸੰਧੂ, ਸਤੀਸ਼ ਮਨਚੰਦਾ ਅਤੇ ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਗੀਤ-ਸੰਗੀਤ ਕਵੀਸ਼ਰੀ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਕੁਲਵਿੰਦਰ ਵੜੈਚ ਨੇ ਸਟੇਜ ਸੰਚਾਲਨ ਕੀਤਾ।
ਬੁਲਾਰਿਆਂ ਨੇ ਸਾਮਰਾਜ ਖਿਲਾਫ ਲੜਾਈ ਨੂੰ ਤੇਜ ਕਰਨ ਅਤੇ ਗ਼ਦਰੀ ਸ਼ਹੀਦਾਂ ਦਾਪੈਗ਼ਾਮ ਘਰ ਘਰ ਪਹੁੰਚਾਉਣ ਦਾ ਸੁਨੇਹਾ ਦਿੰਦਿਆਂ ਸਾਮਰਾਜੀ ਨੀਤੀਆਂ ਖਿਲਾਫ ਘੋਲ ਪਿੰਡ ਪੱਧਰ ਤੋਂ ਵਿੱਢਣ ਦਾ ਸੱਦਾ ਦਿੱਤਾ। ਇਸ ਵਿਸ਼ਾਲ ਇਕੱਠ ਵਿੱਚ ਸ਼ਹੀਦ ਸਰਾਭਾ ਦੇ ਸ਼ਹੀਦੀ ਦਿਹਾੜੇ 'ਤੇ ਕੌਮੀ ਛੁੱਟੀ ਦੀ ਮੰਗ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜਿਸ਼ ਬੇਨਕਾਬ ਕਰਨ ਅਤੇ ਬੇਕਸੂਰ ਲੋਕਾਂ ਨੂੰ ਗੋਲੀ ਚਲਾ ਕੇ ਮਾਰਨ ਵਾਲੇ ਪੁਲਸ ਅਫਸਰਾਂ ਖਿਲਾਫ ਪਰਚਾ ਦਰਜ਼ ਕਰਨ ਦੀ ਮੰਗ ਕੀਤੀ। ਬਿਹਾਰ, ਝਾਰਖੰਡ, ਕਸ਼ਮੀਰ ਅਤੇ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਲੋਕ ਹੱਕਾਂ ਨੂੰ ਦਬਾਉਣ ਵਾਲੇ ਫੌਜੀ ਦਸਤੇ ਹਟਾਉਣ ਦੀ ਮੰਗ ਉਠਾਈ। ਇਹਨਾਂ ਮੰਗਾਂ/ਮਤਿਆਂ ਨੂੰ ਲੋਕਾਂ ਵੱਲੋਂ ਹੱਥ ਖੜ•ੇ ਕਰਕੇ ਪ੍ਰਵਾਨਗੀ ਦਿੱਤੀ ਗਈ। ਅਜਿਹੇ ਮੌਕੇ ਇਹਨਾਂ ਜਥੇਬੰਦੀਆਂ ਵੱਲੋਂ ਸਾਂਝਾ ਸਮਾਗਮ ਕਰਕੇ ਪੰਜਾਬ ਵਿੱਚ ਚੱਲ ਰਹੇ ਹੋਰ ਸੰਘਰਸ਼ਾਂ ਨੂੰ ਉਤਸ਼ਾਹਜਨਕ ਹੁੰਗਾਰਾ ਭਰਿਆ ਹੈ।
No comments:
Post a Comment