Monday, 18 January 2016

ਕੇਰਲਾ ਦੇ ਚਾਹ ਬਾਗਾਂ 'ਚ ਹਲਚਲ ਚਾਹ-ਪੱਤੀ ਤੋੜਨ ਵਾਲੀਆਂ ਔਰਤਾਂ ਦੀ ਸੰਘਰਸ਼ ਲਲਕਾਰ


ਕੇਰਲਾ ਦੇ ਚਾਹ ਬਾਗਾਂ 'ਚ ਹਲਚਲ
ਚਾਹ-ਪੱਤੀ ਤੋੜਨ ਵਾਲੀਆਂ ਔਰਤਾਂ ਦੀ ਸੰਘਰਸ਼ ਲਲਕਾਰ
ਕੇਰਲਾ ਦੇ ਇੱਡੀਕੂ ਜ਼ਿਲ•ੇ ਵਿੱਚ ਮੁੰਨਰ ਵਿਖੇ ਚਾਹ ਬਾਗਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੇ ਸਤੰਬਰ 2015 ਦੇ ਸ਼ੁਰੂ ਤੋਂ ਲੈ ਕੇ ਅਕਤੂਬਰ ਦੇ ਅੱਧ ਤੱਕ ਤਕਰੀਬਨ ਡੇਢ ਮਹੀਨਾ ਆਪਣੀ ਔਰਤ ਸ਼ਕਤੀ ਦੇ ਝਲਕਾਰੇ ਪੇਸ਼ ਕੀਤੇ ਹਨ। ਉਹ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਚਾਹੁੰਦੀਆਂ ਸਨ, ਪਰ ਮੌਜੂਦਾ ਟਰੇਡ ਯੂਨੀਅਨਾਂ 'ਤੇ ਕਾਬਜ਼ ਰਾਠਸ਼ਾਹੀ ਅਤੇ ਪ੍ਰਸ਼ਾਸਨ ਉਹਨਾਂ ਨੂੰ ਅਣਡਿੱਠ ਅਤੇ ਅਣਗੌਲਿਆਂ ਕਰਦੇ ਆ ਰਹੇ ਸਨ। ਤਰ•ਾਂ ਤਰ•ਾਂ ਜਿੱਚ ਤੇ ਜਿਬਾਹ ਹੋ ਰਹੀਆਂ ਇਹਨਾਂ ਔਰਤਾਂ ਦਾ ਜਦੋਂ ਗੁੱਸਾ ਫੁੱਟਿਆ ਤਾਂ ਉਹ ਕਦੇ ਟਰੇਡ ਯੂਨੀਅਨ ਦਫਤਰਾਂ 'ਤੇ ਕਬਜ਼ਾ ਕਰ ਲੈਂਦੀਆਂ ਅਤੇ ਕਦੇ ਸੜਕਾਂ-ਚੌਕਾਂ ਨੂੰ ਘੇਰ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਕਤ ਪਾ ਦਿੰਦੀਆਂ। 
ਕੰਨਨ ਦੇਵਨ ਹਿੱਲਜ਼ ਪਲਾਂਟੇਸ਼ਨ (ਕੇ.ਡੀ.ਐੱਚ.ਪੀ.) ਲਿਮਟਿਡ ਮੁੰਨਰ ਦੀ ਸਥਾਪਨਾ 2005 ਵਿੱਚ ਉਦੋਂ ਹੋਈ ਸੀ ਜਦੋਂ ਟਾਟਾ ਟੀ ਦੇ ਮਾਲਕਾਂ ਨੇ ਆਪਣੇ ਘਟਦੇ ਮੁਨਾਫਿਆਂ ਦੇ ਮੱਦੇਨਜ਼ਰ ਇਸ ਵਿੱਚ ਕਾਮਿਆਂ ਅਤੇ ਕੰਪਨੀ ਦੇ ਅਧਿਕਾਰੀਆਂ ਦੇ ਹਿੱਸੇ ਪੁਆ ਲਏ ਸਨ। ਕਾਮਿਆਂ ਕੋਲ ਕੰਪਨੀ ਦੇ 68 ਫੀਸਦੀ ਸ਼ੇਅਰ ਹਨ, ਟਾਟਾ ਟੀ ਦੇ ਮਾਲਕਾਂ ਕੋਲ 28 ਫੀਸਦੀ ਸ਼ੇਅਰ ਹਨ ਜਦੋਂ ਕਿ ਬਾਕੀ ਦੇ ਅਧਿਕਾਰੀਆਂ ਅਤੇ ਹੋਰਨਾਂ ਕੋਲ ਹਨ। ਜਿੱਥੇ ਟਾਟਾ ਟੀ ਦੇ ਮਾਲਕਾਂ ਨੇ ਆਪਣੇ ਮੁਨਾਫੇ ਉੱਚੇ ਰੱਖੇ ਹੋਏ ਹਨ, ਉੱਥੇ ਆਮ ਮਜ਼ਦੂਰਾਂ ਕੋਲ 10 ਰੁਪਏ ਵਾਲੇ 300 ਸ਼ੇਅਰ ਹਨ। ਯਾਨੀ ਕੁੱਲ ਮੁਨਾਫੇ ਦਾ ਵੱਡਾ ਹਿੱਸਾ ਟਾਟਾ ਟੀ ਅਤੇ  ਕੰਪਨੀ ਦੇ ਅਧਿਕਾਰੀ ਛਕ ਜਾਂਦੇ ਸਨ, ਜਿਹਨਾਂ ਦੇ ਖਿਲਾਫ ਚਾਹ-ਬਾਗਾਂ ਦੇ ਕਾਮਿਆਂ ਖਾਸ ਕਰਕੇ ਔਰਤਾਂ ਦੇ ਸਬਰ ਦਾ ਪਿਆਲਾ ਨੱਕੋ-ਨੱਕ ਭਰਿਆ ਹੋਇਆ ਸੀ। 
ਇਹ ਔਰਤਾਂ 21 ਕਿਲੋ ਚਾਹ-ਪੱਤੀ ਦੀ ਤੁੜਾਈ ਮਗਰ 232 ਰੁਪਏ ਦੀ ਥਾਂ 500 ਰੁਪਏ ਦੀ ਦਿਹਾੜੀ, ਕੰਪਨੀ ਵੱਲੋਂ 20 ਫੀਸਦੀ ਤੋਂ ਘਟਾ ਕੇ 10 ਫੀਸਦੀ ਕੀਤਾ ਗਿਆ ਬੋਨਸ 20 ਫੀਸਦੀ ਕਰਨ ਆਦਿ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੀਆਂ ਸਨ। ਮਈ 2011 ਵਿੱਚ ਕੰਪਨੀ ਨੇ ਇੱਕ ਸਮਝੌਤੇ ਤਹਿਤ ਦਸੰਬਰ 2014 ਤੱਕ 232 ਰੁਪਏ ਦੀ ਦਿਹਾੜੀ ਤਹਿ ਕੀਤੀ ਸੀ। ਪਿਛਲੇ 10 ਮਹੀਨਿਆਂ ਵਿੱਚ ਪਲਾਂਟੇਸ਼ਨ ਲੇਬਰ ਕਮੇਟੀ ਦੀਆਂ ਮੈਨੇਜਮੈਂਟ ਨਾਲ 8 ਮੀਟਿੰਗਾਂ ਹੋ ਚੁੱਕੀਆਂ ਸਨ, ਪਰ ਮੈਨੇਜਮੈਂਟ ਕੰਪਨੀ ਨੂੰ ਘਾਟੇ ਦੀ ਰਟ ਲਾ ਕੇ ਤਨਖਾਹ ਵਿੱਚ ਵਾਧਾ ਕਰਨ ਤੋਂ ਟਾਲਾ ਵੱਟਦੀ ਆ ਰਹੀ ਸੀ। ਇਸ ਤੋਂ ਚਾਹ-ਬਾਗਾਂ ਦੇ ਕਾਮਿਆਂ ਵਿੱਚ ਗੁੱਸੇ ਅਤੇ ਰੋਹ ਦੀ ਲਹਿਰ ਤਿੱਖੀ ਹੋ ਰਹੀ ਸੀ। 
ਚਾਹ-ਪੱਤੀ ਦੀ ਤੁੜਾਈ ਵਿੱਚ ਔਰਤਾਂ ਵੱਧ ਫੁਰਤੀਲੀਆਂ ਹੋਣ ਕਰਕੇ ਮਰਦ ਇਹਨਾਂ ਦੇ ਮੁਕਾਬਲੇ ਹੋਰਨਾਂ ਕੰਮਾਂ ਨੂੰ ਤਰਜੀਹ ਦਿੰਦੇ ਹਨ। ਉਹ ਬੀਜ ਝਾੜਨ, ਖਾਦ ਪਾਉਣ, ਗੋਡੀ ਕਰਨ ਜਾਂ ਦਵਾਈ ਛਿੜਕਣ ਆਦਿ ਨੂੰ ਪਹਿਲ ਦਿੰਦੇ ਜਾਂ ਫੇਰ ਖੇਤੀ ਖੇਤਰ ਤੋਂ ਸੈਰ-ਸਪਾਟਾ ਸਨਅੱਤ ਅਤੇ ਹੋਟਲਾਂ ਆਦਿ ਵਿੱਚ ਕੰਮ ਕਰਦੇ ਹਨ। ਇਹਨਾਂ ਔਰਤਾਂ ਨੂੰ ਘਰਾਂ ਦੇ ਸਾਰੇ ਕੰਮਾਂ— ਖਾਣਾ ਤਿਆਰ ਕਰਨ, ਬੱਚੇ, ਬਜ਼ੁਰਗਾਂ ਅਤੇ ਡੰਗਰ-ਪਸ਼ੂਆਂ ਦੀ ਸੰਭਾਲ ਕਰਨ ਤੋਂ ਇਲਾਵਾ ਸਵੇਰੇ ਦਿਨ ਚੜ•ਦੇ ਤੋਂ ਦਿਨ ਢਲਦੇ ਤੱਕ ਚਾਹ-ਪੱਤੀ ਦੀ ਤੁੜਾਈ ਲਈ ਉੱਚੀਆਂ-ਨੀਵੀਆਂ ਪਹਾੜੀਆਂ 'ਤੇ ਕੀੜੇ-ਮਕੌੜਿਆਂ, ਸੱਪਾਂ ਆਦਿ ਦਾ ਸਾਹਮਣਾ ਹੀ ਨਹੀਂ ਸੀ ਕਰਨਾ ਪੈਂਦਾ ਬਲਕਿ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਖੱਜਲ-ਖੁਆਰੀ ਨੂੰ ਵੀ ਝੱਲਣਾ ਪੈਂਦਾ। ਚਾਹ-ਬਾਗਾਂ ਦੇ ਕਾਮਿਆਂ ਦੇ ਵੱਡੇ-ਵਡੇਰੇ ਡੇਢ ਕੁ ਸੌ ਸਾਲ ਪਹਿਲਾਂ ਤਾਮਿਲਨਾਡੂ ਤੋਂ ਇੱਥੇ ਅੰਗਰੇਜ਼ਾਂ ਵੱਲੋਂ ਗੁਲਾਮਾਂ ਵਜੋਂ ਲਿਆਂਦੇ ਗਏ ਸਨ। ਇਹ ਦਲਿਤ ਤਬਕਿਆਂ ਵਿੱਚੋਂ ਹੋਣ ਕਰਕੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਔਰਤਾਂ ਦੀ ਜਾਤ-ਕੁਜਾਤ ਵੀ ਪਰਖੀ ਜਾਂਦੀ ਰਹੀ ਹੈ। 
13 ਕੁ ਹਜ਼ਾਰ ਦੀ ਗਿਣਤੀ ਵਾਲੀਆਂ ਚਾਹ-ਬਾਗਾਂ ਦੀਆਂ ਔਰਤਾਂ ਦੀ ਨਵੀਂ ਬਣੀ ਜਥੇਬੰਦੀ ਪੈਂਗਲ ਓਤਰੂਮਾਈ (ਔਰਤਾਂ ਦੀ ਏਕਤਾ) ਵੱਲੋਂ ਕੇਰਲਾ ਦੇ ਇੱਡੀਕੂ ਜ਼ਿਲ•ੇ ਦੇ ਮੁੰਨਰ ਵਿਖੇ ਛੇੜੇ ਗਏ ਸੰਘਰਸ਼ ਵਿੱਚ ਉਹਨਾਂ ਦੀ ਸ਼ਮੂਲੀਅਤ ਪਹਿਲੇ ਦਿਨ ਤੋਂ ਹੀ ਵਧਦੀ ਗਈ। ਇਹਨਾਂ ਔਰਤਾਂ ਨੇ ਸੰਘਰਸ਼ ਦੀ ਸ਼ੁਰੂਆਤ ਕੀ ਕੀਤੀ— ਚਾਹ, ਇਲਾਇਚੀ ਅਤੇ ਰਬੜ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ 3 ਲੱਖ ਦੇ ਕਰੀਬ ਮਰਦ-ਔਰਤਾਂ ਨੇ ਵੀ ਆਪਣੇ ਮੰਗਾਂ-ਮਸਲੇ ਚੁੱਕ ਕੇ ਸੜਕਾਂ ਜਾਮ ਕਰਨ ਦਾ ਸਿਲਸਿਲਾ ਵਿੱਢ ਦਿੱਤਾ। ਕੇਰਲਾ ਵਿੱਚ ਔਰਤਾਂ ਅੰਦਰੋਂ ਫੁੱਟਿਆ ਇਹ ਗੁੱਸਾ ਸਮੁੱਚੀ ਮਜ਼ਦੂਰ ਜਮਾਤ ਨੂੰ ਨਪੀੜੇ ਜਾਣ ਦੀ ਇੱਕ ਝਲਕ ਹੈ। ਸਮੇਂ ਦੀਆਂ ਸਰਕਾਰਾਂ ਨੇ ਨਵੀਆਂ ਆਰਥਿਕ ਅਤੇ ਸਨਅੱਤੀ ਨੀਤੀਆਂ ਲਿਆ ਕੇ ਠੇਕੇਦਾਰੀ ਪ੍ਰਬੰਧ ਰਾਹੀਂ ਆਪਣੀ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੀ ਲੁੱਟ-ਖਸੁੱਟ ਨੂੰ ਜਿੰਨਾ ਤੇਜ਼ ਕੀਤਾ ਹੈ- ਵਰਕਰਾਂ ਦੇ ਇੱਕਜੁੱਟ ਹੋਣ ਅਤੇ ਸੰਘਰਸ਼ ਕਰਨ 'ਤੇ ਪਾਬੰਦੀਆਂ ਮੜ• ਕੇ ਉਹਨਾਂ ਦੀ ਰੱਤ ਨਿਚੋੜ ਹੋਰ ਵੱਧ ਤੇਜ਼ ਕੀਤੀ ਹੈ। ਇਸ ਸਮਾਜ ਵਿੱਚ ਔਰਤਾਂ ਸਭ ਤੋਂ ਵੱਧ ਨਪੀੜੀਆਂ ਹੋਣ ਕਾਰਨ- ਸਭ ਤੋਂ ਵੱਧ ਦੁੱਖ-ਤਕਲੀਫਾਂ ਨੂੰ ਵੀ ਏਹੀ ਵੱਧ ਝੱਲਦੀਆਂ ਹਨ— ਇਸ ਕਰਕੇ ਉਹਨਾਂ ਦੀ ਹੋ ਰਹੀ ਲੁੱਟ ਅਤੇ ਜਬਰਦੇ ਵਿਰੋਧ ਵਿੱਚ ਉਹ ਕਿਤੇ ਵਧੇਰੇ ਪ੍ਰਚੰਡ ਹੋ ਕੇ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਨਿੱਤਰਨ ਲੱਗੀਆਂ ਹਨ। 
ਕੇਰਲਾ ਵਿੱਚ ਏਟਕ, ਇੰਟਕ ਅਤੇ ਸੀਟੂ ਵਰਗੀਆਂ ਰਵਾਇਤੀ ਟਰੇਡ ਯੂਨੀਅਨਾਂ ਦੇ ਆਗੂ ਆਪਣੇ ਆਪ ਨੂੰ ਹੰਢੇ-ਵਰਤੇ ਅਤੇ ਘਾਗ ਸਮਝਦੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਮਜ਼ਦੂਰਾਂ ਦੀ ਲਾਮਬੰਦੀ ਉਹ ਤੇ ਸਿਰਫ ਉਹ ਹੀ ਕਰ ਸਕਦੇ ਹਨ। ਪਰ ਉਹਨਾਂ ਨੂੰ ਇਹ ਅਹਿਸਾਸ ਉੱਕਾ ਹੀ ਨਹੀਂ ਸੀ ਕਿ ਲਿੱਸੀ ਸੰਨੀ, ਗੋਮਤੀ, ਰਾਜੇਸ਼ਵਰੀ ਜਾਂ ਜਯਾ ਲਛਮੀ ਵਰਗੀਆਂ ਔਰਤਾਂ ਤੇਜ-ਤਰਾਰ ਆਗੂ ਅਤੇ ਬੁਲਾਰੇ ਵਜੋਂ ਵੀ ਸਥਾਪਤ ਹੋ ਜਾਣਗੀਆਂ ਅਤੇ ਵਿਆਪਕ ਲਾਮਬੰਦੀ ਕਰ ਜਾਣਗੀਆਂ। ਹੁਣ ਤੱਕ ਅਣਗੌਲੀਆਂ ਕੀਤੀਆਂ ਗਈਆਂ ਇਹ ਔਰਤਾਂ ਧੜੱਲੇ ਅਤੇ ਆਤਮ-ਵਿਸ਼ਵਾਸ਼ ਨਾਲ ਟੈਲੀਵੀਜ਼ਨਾਂ 'ਤੇ ਬੋਲਦੀਆਂ ਰਹੀਆਂ ਕਿ ''ਸਾਡੇ ਨਾਲ ਬਥੇਰੀ ਹੋ ਚੁੱਕੀ ਹੈ। ਅਸੀਂ ਆਪਣੀ ਖਾਤਰ ਬੋਲਾਂਗੀਆਂ। ਸਾਡਾ ਟਰੇਡ ਯੂਨੀਅਨਾਂ ਵਿੱਚੋਂ ਭਰੋਸਾ ਖਤਮ ਹੋ ਗਿਆ ਹੈ। ਅਸੀਂ ਪਲਾਂਟੇਸ਼ਨ ਲੇਬਰ ਕਮੇਟੀ ਦੀਆਂ ਮੀਟਿੰਗਾਂ ਵਿੱਚ ਖੁਦ ਆਪਣੀ ਸ਼ਮੂਲੀਅਤ ਚਾਹੁੰਦੀਆਂ ਹਾਂ।''
ਜਿੱਥੋਂ ਤੱਕ ਕੇਰਲਾ ਸਮੇਤ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਮਜ਼ਦੂਰ ਸੰਘਰਸ਼ ਦੀ ਉਠਾਣ ਦਾ ਸਬੰਧ ਹੈ— ਇਹ ਤਾਂ ਅਕਸਰ ਹੀ ਫੁੱਟਦੇ ਰਹਿੰਦੇ ਹਨ। ਇਹ ਕਦੇ ਮਰੂਤੀ ਉਦਯੋਗ ਵਿੱਚ ਗੁੜਗਾਉਂ, ਕਦੇ ਗੋਰਖਪੁਰ ਜਾਂ ਲੁਧਿਆਣੇ ਵਿੱਚ ਵੀ ਆਪਣੇ ਰੰਗ ਵਿਖਾਉਂਦੇ ਰਹਿੰਦੇ ਹਨ। ਪਰ ਲੋਟੂ ਹਾਕਮ ਜਮਾਤਾਂ ਨੇ ਮਜ਼ਦੂਰਾਂ ਦੇ ਘੋਲਾਂ ਨੂੰ ਕੁਚਲਣ ਲਈ ਸਿਰਫ ਤੇ ਸਿਰਫ ਜਾਬਰ ਹੱਥਕੰਡਿਆਂ ਨੂੰ ਹੀ ਨਹੀਂ ਵਰਤਿਆ ਬਲਕਿ ਉਹਨਾਂ ਨੇ ਆਪਣੇ ਹਿੱਤਾਂ ਦੀ ਰਾਖੀ ਖਾਤਰ ਅਨੇਕਾਂ ਹੀ ਟਰੇਡ ਯੂਨੀਅਨਾਂ ਦੀਆਂ ਲੀਡਰਸ਼ਿੱਪਾਂ ਨੂੰ ਖਰੀਦਿਆ ਹੋਇਆ ਹੈ, ਜੋ ਮਜ਼ਦੂਰਾਂ ਦੇ ਹੱਕਾਂ ਅਤੇ ਹਿੱਤਾਂ ਨੂੰ ਲੋਟੂ ਸਰਮਾਏਦਾਰਾਂ ਦੇ ਚਰਨੀਂ ਢੇਰੀ ਕਰਦੀਆਂ ਹਨ। ਇਹ ਸਿਰਫ ਕਾਨੂੰਨੀ ਚਾਰਾਜੋਈਆਂ ਦੇ ਵਾਸਤੇ ਪਾ ਕੇ ਆਰਥਿਕਵਾਦੀ-ਸੁਧਾਰਵਾਦੀ ਢੰਗ ਨਾਲ ਮੰਗਾਂ-ਮਸਲਿਆਂ ਨੂੰ ਉਭਾਰਦੀਆਂ ਹਨ। ਮਜ਼ਦੂਰ ਜਮਾਤ ਜਦੋਂ ਅਜਿਹੀਆਂ ਲੀਡਰਸ਼ਿੱਪਾਂ ਦੇ ਚਾਪਲੂਸੀ ਵਾਲੇ ਕਿਰਦਾਰ ਨੂੰ ਵੇਖਦੀ ਹੈ ਤਾਂ ਉਸ ਅੰਦਰ ਅਜਿਹੇ ਵਿਕਾਊ ਲੀਡਰਾਂ ਦੇ ਖਿਲਾਫ ਗੁੱਸਾ ਅਤੇ ਰੋਹ ਪ੍ਰਚੰਡ ਹੋ ਰਿਹਾ ਹੈ। ਪਿਛਲੇ ਸਾਲਾਂ ਦੇ ਅਰਸੇ ਵਿੱਚ ਮਜ਼ਦੂਰਾਂ ਦੇ ਜੇਤੂ ਘੋਲਾਂ 'ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਇਹ ਜੇਤੂ ਉਸ ਵੇਲੇ ਹੀ ਹੁੰਦੇ ਰਹੇ ਹਨ ਜਦੋਂ ਆਰਥਿਕਵਾਦੀ-ਸੁਧਾਰਵਾਦੀ ਲੀਡਰਸ਼ਿੱਪਾਂ ਨੂੰ ਵਗਾਹ ਮਾਰਿਆ ਜਾਂਦਾ ਰਿਹਾ। ਕੇਰਲਾ ਵਿੱਚ ਮੁੰਨਰ ਦੇ ਚਾਹ ਬਾਗਾਂ ਦੀਆਂ ਔਰਤਾਂ ਨੇ ਅਜਿਹਾ ਹੀ ਕੁੱਝ ਕਰ ਵਿਖਾਇਆ ਹੈ। 
ਮੁੰਨਰ ਦੇ ਚਾਹ-ਬਾਗਾਂ ਦੀਆਂ ਔਰਤਾਂ ਦਾ ਸੰਘਰਸ਼ ਮਨ-ਇੱਛਤ ਨਤੀਜੇ ਹਾਸਲ ਨਹੀਂ ਕਰ ਸਕਿਆ। ਔਰਤਾਂ ਕੋਲ ਹਾਲੇ ਅਜਿਹੇ ਤਜਰਬੇਕਾਰ ਅਤੇ ਰੜ•ੇ-ਤਪੇ ਆਗੂਆਂ ਦੀ ਘਾਟ ਹੈ ਜੋ ਅਖੌਤੀ ਟਰੇਡ ਯੂਨੀਅਨ ਆਗੂਆਂ ਅਤੇ ਲੋਟੂ ਸਿਆਸਤਦਾਨਾਂ ਦੀਆਂ ਲੂੰਬੜ-ਚਾਲਾਂ ਨੂੰ ਮਾਤ ਦੇ ਸਕਣ। ਕੇਰਲਾ ਦੇ ਮੁੱਖ ਮੰਤਰੀ ਨੇ ਔਰਤਾਂ ਦੀ ਜਥੇਬੰਦੀ ਰਜਿਸਟਰਡ ਨਾ ਹੋਣ ਅਤੇ ਲੋਕਲ ਬਾਡੀ ਦੀਆਂ ਚੋਣਾਂ ਹੋਣ ਕਰਕੇ ਚੋਣ-ਜਾਬਤੇ ਦੇ ਬਹਾਨੇ ਉਹਨਾਂ ਦੇ ਮੁੱਖ ਮਸਲਿਆਂ ਨੂੰ ਟਰਕਾਅ ਦਿੱਤਾ ਹੈ। ਪਰ ਫੇਰ ਵੀ ਸਰਕਾਰ ਵਰਕਰਾਂ ਦੀ ਦਿਹਾੜੀ 232 ਰੁਪਏ ਤੋਂ ਵਧਾ ਕੇ 301 ਰੁਪਏ ਕਰਨੀ ਪਈ ਹੈ ਅਤੇ ਪਹਿਲਾਂ ਹੀ ਐਲਾਨੀਆਂ ਸਿਹਤ ਸਹੂਲਤਾਂ, ਰਿਹਾਇਸ਼ੀ ਪਲਾਟ, ਸਕੂਲਾਂ ਅਤੇ ਆਵਾਜਾਈ ਨਾਲ ਸਬੰਧਤ ਮੰਗਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਔਰਤ ਮਜ਼ਦੂਰਾਂ ਦੀ ਇਹ ਸ਼ਕਤੀ ਨੇ ਆਪਣੀ ਤਾਕਤ, ਗੁੱਸੇ ਅਤੇ ਰੋਹ ਰਾਹੀਂ ਜਿਸ ਸਿਆਸੀ ਪ੍ਰਾਪਤੀ ਨੂੰ ਹਾਸਲ ਕੀਤਾ ਹੈ, ਉਹ ਆਉਣ ਵਾਲੇ ਸਮਿਆਂ ਵਿੱਚ ਜ਼ਰੂਰ ਰੰਗ ਵਿਖਾਏਗੀ। 

No comments:

Post a Comment