ਹੁਣ ਥਾਣਿਆਂ ਵਿੱਚ ਲੱਗਣਗੇ ਸੰਘਰਸ਼ੀ ਲੋਕਾਂ ਦੇ ਰਜਿਸਟਰ
-ਚਰਨਜੀਤ ਭੁੱਲਰ
ਬਠਿੰਡਾ, 10 ਦਸੰਬਰ- ਪੰਜਾਬ ਪੁਲੀਸ ਨੇ ਹੁਣ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਨਵਾਂ ਪੈਂਤੜਾ ਅਪਨਾਇਆ ਹੈ। ਪੰਜਾਬ ਪੁਲੀਸ ਨੇ ਅਜਿਹੇ ਸੰਘਰਸ਼ੀ ਲੋਕਾਂ ਦੀ ਸ਼ਨਾਖ਼ਤ ਸ਼ੁਰੂ ਕਰ ਦਿੱਤੀ ਹੈ ਜੋ ਪਿਛਲੇ ਸਮੇਂ ਦੌਰਾਨ ਜਨਤਕ ਅੰਦੋਲਨਾਂ ਵਿੱਚ ਕੁੱਦੇ ਹਨ। ਸ਼ਨਾਖ਼ਤ ਮੁਹਿੰਮ ਮਗਰੋਂ ਪੁਲੀਸ ਇਨ•ਾਂ ਸੰਘਰਸ਼ੀ ਆਗੂਆਂ 'ਤੇ ਲਗਾਤਾਰ ਨਜ਼ਰ ਰੱਖੇਗੀ। ਪੰਜਾਬ ਦੇ ਹਰ ਥਾਣੇ ਵਿੱਚ ਨਵੇਂ ਰਜਿਸਟਰ ਲਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸ ਵਿੱਚ ਹਰ ਸੰਘਰਸ਼ੀ ਨੇਤਾ ਦਾ ਨਾਮ, ਪਤਾ ਅਤੇ ਤਸਵੀਰ ਹੋਵੇਗੀ।ਏ.ਡੀ.ਜੀ.ਪੀ. (ਲਾਅ ਐਂਡ ਆਰਡਰ) ਤਰਫੋਂ ਐਸ.ਐਸ.ਪੀਜ਼. ਨੂੰ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਐਸ.ਐਸ.ਪੀ. ਬਠਿੰਡਾ ਨੇ 2 ਦਸੰਬਰ 2015 ਨੂੰ ਸਾਰੇ ਥਾਣਿਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਪੱਤਰ ਅਨੁਸਾਰ ਮੁੱਖ ਥਾਣਾ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉਨ•ਾਂ ਲੋਕਾਂ ਦੀ ਸ਼ਨਾਖ਼ਤ ਕਰਨ ਜਿਨ•ਾਂ ਨੇ ਹੁਣ ਤੱਕ ਸਮਾਜਿਕ ਅਮਨ ਸ਼ਾਂਤੀ ਭੰਗ ਕਰਨ ਵਾਸਤੇ ਕਿਸੇ ਰੋਸ ਮੁਜ਼ਾਹਰੇ ਵਿੱਚ ਲੋਕਾਂ ਨੂੰ ਭੜਕਾਉਣ ਲਈ ਭਾਗ ਲਿਆ ਹੋਵੇ। ਹਰ ਥਾਣਾ ਅਫਸਰ ਨੂੰ ਅਜਿਹੇ ਲੋਕਾਂ ਦੀ ਸੂਚੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਐਸ.ਐਸ.ਪੀਜ਼. ਨੇ ਹਦਾਇਤਾਂ ਕੀਤੀਆਂ ਹਨ ਕਿ ਅਜਿਹੇ ਵਿਅਕਤੀਆਂ ਦੀ ਹਰ ਸ਼ੱਕੀ ਮੂਵਮੈਂਟ 'ਤੇ ਨਜ਼ਰ ਰੱਖੀ ਜਾਵੇ। ਨਾਲ ਹੀ ਹਰ ਥਾਣੇ ਵਿੱਚ ਇੱਕ ਵੱਖਰਾ ਰਜਿਸਟਰ ਲਾਉਣ ਦੀ ਹਦਾਇਤ ਹੈ, ਜਿਸ 'ਤੇ ਇਨ•ਾਂ ਲੋਕਾਂ ਦੇ ਪਤੇ ਲਿਖਣ ਅਤੇ ਤਸਵੀਰਾਂ ਚਿਪਕਾਉਣ ਲਈ ਆਖਿਆ ਗਿਆ ਹੈ।
ਸੂਤਰਾਂ ਅਨੁਸਾਰ ਪੁਲੀਸ ਥਾਣੇਦਾਰਾਂ ਨੇ ਪਿੰਡ-ਪਿੰਡ ਤੋਂ ਕਿਸਾਨ, ਮਜ਼ਦੂਰ, ਬੇਰੁਜ਼ਗਾਰ ਅਤੇ ਹੋਰਨਾਂ ਮੁਲਾਜ਼ਮ ਧਿਰਾਂ ਦੇ ਮੁੱਖ ਆਗੂਆਂ ਦੀਆਂ ਸੂਚੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਦਲਾਂ ਦਾ ਹਲਕਾ ਬਠਿੰਡਾ ਤਾਂ ਕਾਫੀ ਅਰਸੇ ਤੋਂ ਸੰਘਰਸ਼ਾਂ ਦੀ ਰਾਜਧਾਨੀ ਬਣਿਆ ਹੋਇਆ ਹੈ ਜਿਥੇ ਲੰਘੇ ਅੱਠ ਵਰਿ•ਆਂ ਵਿੱਚ 5250 ਸੰਘਰਸ਼ੀ ਲੋਕਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ ਗਏ ਹਨ। ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਨਰਮੇ ਦੇ ਖ਼ਰਾਬੇ ਦੇ ਮਾਮਲੇ 'ਤੇ ਲਗਾਤਾਰ ਸੰਘਰਸ਼ ਲੜਿਆ ਜਾ ਰਿਹਾ ਹੈ। ਪੰਥਕ ਧਿਰਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਅੰਦੋਲਨ ਵਿੱਢੇ ਹੋਏ ਹਨ। ਬੇਰੁਜ਼ਗਾਰ ਧਿਰਾਂ ਵੀ ਸਰਕਾਰ ਲਈ ਚੁਣੌਤੀ ਹਨ। ਪੰਜਾਬ ਪੁਲੀਸ ਨੇ ਤਾਂ ਪਿਛਲੇ ਦਿਨਾਂ ਵਿੱਚ ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਦੀ ਪੁਲੀਸ ਦੇ ਵਿਸ਼ੇਸ਼ ਦਸਤੇ ਵੀ ਤਿਆਰ ਕੀਤੇ ਹਨ ਜਿਨ•ਾਂ ਨੂੰ ਸੰਘਰਸ਼ੀ ਲੋਕਾਂ ਨੂੰ ਨੱਪਣ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ।
No comments:
Post a Comment