Monday, 18 January 2016

ਟੀਪੂ ਸੁਲਤਾਨ ਦੀ ਦੇਸ਼ਭਗਤ ਹਸਤੀ 'ਤੇ ਹਮਲਾ


ਹਿੰਦੂਤਵੀ ਫਿਰਕੂ ਫਾਸ਼ੀ ਲਾਣੇ ਵੱਲੋਂ
ਟੀਪੂ ਸੁਲਤਾਨ ਦੀ ਦੇਸ਼ਭਗਤ ਹਸਤੀ 'ਤੇ ਹਮਲਾ
-ਚੇਤਨ
ਆਰ.ਐਸ.ਐਸ. ਦੇ ਖੱਬੀਖਾਨ ਨਰਿੰਦਰ ਮੋਦੀ ਦੀ ਸਰਕਾਰ ਸਥਾਪਿਤ ਹੋਣ ਤੋਂ ਬਾਅਦ ਆਰ.ਐਸ.ਐਸ. ਤੇ ਉਸ ਨਾਲ ਜੁੜੇ ਹਿੰਦੂਤਵ ਬਰੀਗੇਡ ਦੀਆਂ ਜਥੇਬੰਦੀਆਂ ਨੇ ਜੀਵਨ ਦੇ ਹਰ ਖੇਤਰ ਵਿੱਚ ਖਲਲ ਪਾਉਣ ਦਾ ਸਿਲਸਿਲਾ ਆਰੰਭਿਆ ਹੋਇਆ ਹੈ। ਆਪਣੀ ਫਿਰਕੂ ਫਾਸ਼ੀ ਸੋਚ ਦਾ ਬਾਬਰੀ ਮਸਜਿਦ ਤੋਂ ਆਰੰਭਿਆ ਸਫਰ ਦਾਦਰੀ ਹੱਤਿਆ ਕਾਂਡ ਤੱਕ ਪਹੁੰਚਾ ਕੇ ਮਨੁੱਖੀ ਸਬੰਧਾਂ, ਮਾਨਤਾਵਾਂ, ਸਮਾਜਿਕ ਭਾਈਚਾਰੇ ਦੀਆਂ ਤੰਦਾਂ ਨੂੰ ਤੋੜਦਿਆਂ ਸਿੱਖਿਆ, ਸਿਨੇਮਾ, ਸਭਿਆਚਾਰ-ਸਾਹਿਤ ਯਾਨੀ ਹਰ ਖੇਤਰ ਵਿੱਚ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਹੈ। ਲਵ ਜਿਹਾਦ, ਗਊ ਹੱਤਿਆ ਮੁਹਿੰਮਾਂ ਤੋਂ ਬਾਅਦ ਹੁਣ ਇਤਿਹਾਸ ਨੂੰ ਮੁੜ ਫਿਰਕੂ ਆਧਾਰ 'ਤੇ ਲਿਖਣ ਲਈ ਇਸਨੇ ਹਿੰਦੂ ਸਾਸ਼ਕਾਂ ਨੂੰ ਦੇਸ਼ਭਗਤ ਅਤੇ ਨਾਇਕ, ਮੁਸਲਿਮ ਅਤੇ ਹੋਰ ਧਰਮਾਂ ਵਾਲਿਆਂ ਨੂੰ ਦੇਸ਼ ਧਰੋਹੀ ਅਤੇ ਖਲਨਾਇਕ ਸਿੱਧ ਕਰਨ ਲਈ ਮੈਸੂਰ ਦੇ 18ਵੀਂ ਸਦੀ ਦੇ ਸਾਸ਼ਕ ਟੀਪੂ ਸੁਲਤਾਨ 'ਤੇ ਹਮਲਾ ਬੋਲਿਆ ਹੋਇਆ ਹੈ। 
ਕਰਨਾਟਕ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸਿੱਧਾ ਰਮੱਈਆ ਵੱਲੋਂ ਰਾਜਨੀਤਕ ਚਾਲ ਖੇਡਦਿਆਂ ਟੀਪੁ ਸੁਲਤਾਨ ਦੀ 265ਵੀਂ ਜਨਮ ਵਰ•ੇਗੰਢ ਮਨਾਉਣ ਦੇ ਐਲਾਨ ਨਾਲ ਭਾਜਪਾ, ਆਰ.ਐਸ.ਐਸ. ਅਤੇ ਬਜਰੰਗ ਦਲ ਆਦਿ ਨੇ ਅਖੌਤੀ ''ਇਤਿਹਾਸ ਦੀ ਭੰਨਤੋੜ'' ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰਦਿਆਂ ਐਲਾਨਿਆ ਹੈ ਕਿ ਟੀਪੂ ਸੁਲਤਾਨ ਧਾਰਮਿਕ ਕੱਟੜ, ਰਾਸ਼ਟਰ ਵਿਰੋਧੀ, ਜਬਰੀ ਧਰਮ ਪਰਿਵਰਤਨ ਕਰਵਾਉਣ ਵਾਲਾ ਅਤੇ ਹਿੰਦੂਆਂ ਦਾ ਕਾਤਲ, ਜ਼ਾਲਮ ਅਤੇ ਦੇਸ਼ ਧਰੋਹੀ ਸਾਸ਼ਕ ਸੀ। ਟੀਪੂ ਸੁਲਤਾਨ ਦੀ ਪ੍ਰਸੰਸਾ ਕਰਨ 'ਤੇ ਪ੍ਰਸਿੱਧ ਲੇਖਕ ਤੇ ਕਲਾਕਾਰ ਗਿਰੀਸ਼ ਕਰਨਾਰਡ ਨੂੰ ਪ੍ਰੋਫੈਸਰ ਕੁਲਬੁਰਗੀ ਵਰਗਾ ਹਸ਼ਰ ਹੋਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਫਸਾਂਦਾਂ ਵਿੱਚ 3 ਮਨੁੱਖੀ ਜਾਨਾਂ ਵੀ ਗਈਆਂ ਹਨ। 
ਕੌਣ ਸੀ ਇਹ ਟੀਪੂ ਸੁਲਤਾਨ?
ਟੀਪੂ ਸੁਲਤਾਨ 18ਵੀਂ ਸਦੀ ਦਾ ਮੈਸੂਰ ਦਾ ਸਾਸ਼ਕ ਸੀ। ਉਸਦਾ ਪਿਤਾ ਹੈਦਰ ਅਲੀ ਕੋਈ ਸ਼ਹਿਨਸ਼ਾਹੀ ਪਰਿਵਾਰਕ ਪਿਛੋਕੜ ਵਾਲਾ ਨਹੀਂ ਸੀ। ਆਪਣੀ ਬਹਾਦਰੀ ਅਤੇ ਯੁੱਧ ਕੌਸ਼ਿਲਤਾ ਕਰਕੇ 1749 ਵਿੱਚ ਦੇਵਨਹਾਲੀ ਕਿਲੇ ਦੀ ਸੰਖੇਪ ਲੜਾਈ ਵਿੱਚ ਹੈਦਰ ਅਲੀ ਮੈਸੂਰ ਦੇ ਹਾਕਮਾਂ ਦੇ ਧਿਆਨ 'ਚ ਚੜਿ•ਆ ਅਤੇ ਸਿਪਾਹੀਆਂ ਵਿੱਚ ਹਰਮਨਪਿਆਰਾ ਹੋ ਗਿਆ ਅਤੇ ਆਗੂ ਬਣ ਕੇ ਉੱਭਰਿਆ। ਇਸੇ ਸਾਲ ਟੀਪੂ ਦਾ ਜਨਮ ਹੋਇਆ। ਦੂਰ ਕੁੱਝ ਡਿੰਡੀਗੁਲ ਦੇ ਫੌਜਦਾਰ ਵਜੋਂ ਕੰਮ ਕਰਦਿਆਂ ਇਸ ਅਨਪੜ• ਜਰਨੈਲ ਨੇ ਆਪਣੀ ਯੁੱਧ ਕਲਾ ਨੂੰ ਚੰਡਿਆ ਅਤੇ ਹਾਲਤਾਂ ਦੇ ਮੌਕਾ-ਮੇਲ ਨੇ ਹੈਦਰ ਅਲੀ ਨੂੰ ਮੈਸੂਰ ਦੀ ਕਮਾਂਡ ਸੰਭਾਲਣ ਦਾ ਮੌਕਾ ਮੁਹੱਈਆ ਕੀਤਾ ਅਤੇ 1761 ਵਿੱਚ ਉਹ ਰਿਆਸਤ ਦਾ ਹਕੀਕੀ ਹੁਕਮਰਾਨ ਬਣ ਗਿਆ। 
ਇਸ ਸਮੇਂ ਦਿੱਲੀ ਅੰਦਰ ਮੁਗਲ ਸੱਤਾ ਢਹਿੰਦੀਆਂ ਕਲਾ ਵਿੱਚ ਚੱਲ ਰਹੀ ਸੀ ਅਤੇ ਮਰਾਠੇ ਪਾਣੀਪਤ ਦੀ ਤੀਜੀ ਲੜਾਈ ਵਿੱਚ ਅਹਿਮਦਸ਼ਾਹ ਅਬਦਾਲੀ ਨਾਲ ਲੜ ਰਹੇ ਸਨ। ਇਸੇ ਸਮੇਂ ਮੌਜੂਦਾ ਕਰਨਾਟਕ ਵਿੱਚ ਵੱਖ ਵੱਖ ਤਾਕਤਾਂ ਆਪਣੀ ਸਰਹੱਦ ਫੈਲਾਉਣ ਵਾਸਤੇ ਲੜ ਰਹੀਆਂ ਸਨ। ਹੈਦਰ ਅਲੀ ਨੇ ਆਪਣੀ ਤਾਕਤ ਮਜਬੂਤ ਕੀਤੀ। ਉਸ ਨੂੰ ਮਰਾਠਾ, ਨਿਜ਼ਾਮ ਹੈਦਰਾਬਾਦ, ਕਰਨਾਟਕ ਦੇ ਨਵਾਬ ਅਤੇ ਈਸਟ ਇੰਡੀਆ ਕੰਪਨੀ ਤੋਂ ਖਤਰਾ ਸੀ। ਫਰਾਂਸੀਸੀ ਵੀ ਇੱਕ ਬਸਤੀਵਾਦੀ ਤਾਕਤ ਸਨ, ਜਿਹਨਾਂ ਕਈ ਵਾਰ ਹੈਦਰ ਅਤੇ ਟੀਪੂ ਨਾਲ ਗੱਠਜੋੜ ਕੀਤਾ ਪਰ ਯੂਰਪੀ ਘਟਨਾਵਾਂ ਤੋਂ ਨਿਰਦੇਸ਼ਤ ਹੋਣ ਕਰਕੇ ਇਹ ਭਰੋਸੇਮੰਦ ਨਹੀਂ ਸੀ ਜਿਸ ਕਰਕੇ  ਇਲਾਕੇ ਅੰਦਰ ਗੱਠਜੋੜ ਸਮੀਕਰਣ ਬਣਦੇ ਟੁੱਟਦੇ ਰਹੇ। ਇਸ ਨਿਰੰਤਰ ਕਸ਼ਮਕਸ਼ ਦੀ ਹਾਲਤ ਵਿੱਚ ਟੀਪੂ ਤੇ ਹੈਦਰ ਅਲੀ ਦੀ ਸਿਆਸੀ ਨੀਤੀ ਵਿੱਚ ਅੰਗਰੇਜ਼ ਵਿਰੋਧ ਦੀ ਲਗਾਤਾਰਤਾ ਸੀ। ਉਹਨਾਂ ਨੇ ਈਸਟ ਇੰਡੀਆ ਕੰਪਨੀ ਖਿਲਾਫ ਚਾਰ ਜੰਗਾਂ (1767-1799) ਲੜੀਆਂ। ਪਹਿਲੀ ਜੰਗ ਵਿੱਚ ਹੈਦਰ ਨੇ ਮਰਾਠਿਆਂ ਨੂੰ ਦੂਰ ਰੱਖਿਆ, ਜਦੋਂ ਕਿ ਨਿਜ਼ਾਮ ਨੇ ਉਸਦੀ ਹੱਕਤਰਫੀ ਕੀਤੀ। ਨਿਜ਼ਾਮ ਦੇ ਸਹਿਯੋਗ ਨਾਲ ਉਸਨੇ ਅੰਗਰੇਜ਼ਾਂ ਨੂੰ ਨਿੱਠ ਕੇ ਹਰਾਇਆ ਤੇ ਇੱਕ ਸੰਧੀ ਕੀਤੀ ਅਤੇ ਪਹਿਲੀ ਵਾਰ ਕੰਪਨੀ ਦੀ ਚੜ•ਾਈ ਨੂੰ ਰੋਕਿਆ ਗਿਆ। 
ਦੂਸਰੀ ਜੰਗ ਵਿੱਚ ਹੈਦਰ ਦੀ ਮੌਤ ਹੋ ਗਈ। ਯੁੱਧ ਕਲਾ ਵਿੱਚ ਨਿਪੁੰਨ ਟੀਪੂ ਕੋਲ ਵਿਰਾਸਤ ਵਿੱਚ ਮੌਜੂਦਾ ਕਰਨਾਟਕ ਤੋਂ ਇਲਾਵਾ ਆਂਧਰਾ, ਤਾਮਿਲਨਾਡੂ ਤੇ ਉੱਤਰੀ ਕੇਰਲ ਦੇ ਹਿੱਸੇ ਸਨ। ਟੀਪੂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਦੂਸਰੀ ਜੰਗ ਬਿਨਾ ਕੁੱਝ ਹਾਸਲ ਕੀਤੇ ਜਾਂ ਗਵਾਏ ਮੰਗਲੌਰ ਸੰਧੀ (1784) ਵਿੱਚ ਸਮਾਪਤ ਹੋ ਗਈ। 
ਤੀਜੀ ਜੰਗ (1789-92) ਵਿੱਚ ਟੀਪੂ ਨੇ ਟਰਾਵਨਕੋਰ 'ਤੇ ਹਮਲਾ ਕੀਤਾ ਜੋ ਉਸ ਸਮੇਂ ਈਸਟ ਇੰਡੀਆ ਕੰਪਨੀ ਨਾਲ ਗੱਠਜੋੜ 'ਚ ਸ਼ਾਮਲ ਸੀ ਤੇ ਮਰਾਠਾ ਤੇ ਨਿਜ਼ਾਮ ਵੀ ਕੰਪਨੀ ਦੇ ਨਾਲ ਸਨ। ਸਿੱਟਾ ਟੀਪੂ ਦੀ ਹਾਰ ਵਿੱਚ ਨਿਕਲਿਆ। ਉਸਨੂੰ ਆਪਣੀ ਰਿਆਸਤ ਦਾ ਅੱਧ ਤੇ 2 ਬੇਟੇ ਯਰਗਮਾਲ (ਯੁੱਧ-ਬੰਧਕ) ਦੇ ਤੌਰ 'ਤੇ ਦੇਣੇ ਪਏ। ਪਰ ਉਹ ਕੰਪਨੀ ਲਈ ਤਕੜੀ ਰੁਕਾਵਟ ਤੇ ਖਤਰਾ ਬਣਿਆ ਰਿਹਾ। 
ਉਸਨੇ ਫਰਾਂਸੀਸੀਆਂ ਤੋਂ ਸਹਾਇਤਾ ਮੰਗੀ। ਉਸਦੀ ਫਰੈਂਚ ਕਮਾਂਡਰ ਕਮਾਟੇ ਡੀ. ਮਾਲਾਰਟਿਕ ਨਾਲ ਖਤੋ-ਖਿਤਾਬਤ ਨੇ ਚੌਥੀ ਜੰਗ ਦਾ ਛੇੜਾ ਛੇੜ ਦਿੱਤਾ। ਚਾਰੇ ਪਾਸਿਉਂ ਘਿਰ ਜਾਣ 'ਤੇ ਟੀਪੂ 4 ਮਈ 1799 ਨੂੰ ਵਿਰਾਟ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਤੇ ਆਪਣੇ ਹੀ ਕੁੱਝ ਮੰਤਰੀਆਂ ਵੱਲੋਂ ਗ਼ਦਾਰੀ ਕਰਨ ਕਰਕੇ, ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ। 
ਟੀਪੂ ਧਾਰਮਿਕ ਕੱਟੜ ਜਾਂ ਧਰਮ-ਨਿਰਪੱਖ
ਅੱਜ ਇਸ ਗੱਲ 'ਤੇ ਰੌਲਾ ਪਾਇਆ ਜਾ ਰਿਹਾ ਹੈ ਕਿ ਟੀਪੂ ਇਸਲਾਮ ਦੇ ਫੈਲਾਅ ਵਾਸਤੇ ਕੰਮ ਕਰ ਰਿਹਾ ਸੀ ਨਾ ਕਿ ਦੇਸ਼ ਦੀ ਰਾਖੀ ਵਾਸਤੇ। ਉਹ ਧਰਮ ਨਿਰਪੱਖ ਨਹੀਂ ਸੀ ਸਗੋਂ ਦੱਖਣ ਦਾ ਔਰੰਗਜ਼ੇਬ ਸੀ। ਉਸ ਨੇ ਤਲਵਾਰ ਦੀ ਨੋਕ 'ਤੇ ਇਸਲਾਮ ਕਬੂਲ ਕਰਵਾਇਆ। ਮੰਦਰ ਢਾਹ ਦਿੱਤੇ, ਬ੍ਰਾਹਮਣਾਂ ਤੋਂ ਜ਼ਮੀਨਾਂ ਖੋਹ ਲਈਆਂ ਆਦਿ ਆਦਿ। ਸਭ ਤੋਂ ਪਹਿਲਾਂ ਇਹ ਗੱਲ ਵਰਨਣਯੋਗ ਹੈ ਕਿ ਟੀਪੂ ਦਾ ਇਤਿਹਾਸ ਉਸ ਦੀਆਂ ਜੇਲ•ਾਂ ਵਿੱਚ ਬੰਦ ਅੰਗਰੇਜ਼ ਸਿਪਾਹੀਆਂ ਨੇ ਵਰਨਣ ਕੀਤਾ ਜੋ ਉਸ ਪ੍ਰਤੀ ਘੋਰ ਨਫਰਤ ਰੱਖਦੇ ਸਨ ਜਾਂ ਇੰਗਲੈਂਡ ਬੈਠੇ ਉਹਨਾਂ ਦੇ ਆਕਾ ਪ੍ਰਚਾਰਨਾ ਚਾਹੁੰਦੇ ਸਨ ਕਿ ਟੀਪੂ ਘੋਰ ਫਿਰਕਾਪ੍ਰਸਤ ਅਤੇ ਮਨੁੱਖ-ਘਾਤੀ ਸੀ ਤਾਂ ਕਿ ਇਸ ਧਾਰਨਾ ਨੂੰ ਵਾਜਬ ਠਹਿਰਾਇਆ ਜਾਵੇ ਕਿ ਉਸਦੇ ਜ਼ੁਲਮਾਂ ਹੇਠ ਕਰਾਹ ਰਹੀ ਜਨਤਾ ਨੂੰ ਆਜ਼ਾਦ ਕਰਵਾਉਣ ਲਈ ਉਸਦਾ ਖਾਤਮਾ ਜ਼ਰੂਰੀ ਹੈ। ਭਾਵੇਂ ਅੱਜ ਦੇ ਰਾਸ਼ਟਰਵਾਦੀ ਅਤੇ ਧਰਮ ਨਿਰਪੱਖ ਸੰਕਲਪ ਉਸ ਸਮੇਂ ਮੁਤਾਬਕ ਨਹੀਂ ਹੋ ਸਕਦੇ। ਜਾਗੀਰੂ ਰਾਜਿਆਂ-ਮਹਾਂਰਾਜਿਆਂ ਦੇ ਦੌਰ ਵਿੱਚ ਜਦੋਂ ਹਾਕਮ ਰਾਜੇ ਆਪਣੇ ਸਵਾਰਥੀ ਹਿੱਤਾਂ ਨੂੰ ਸਿੱਧ ਕਰਨ ਵਿੱਚ ਲੱਗੇ ਹੋਏ ਸਨ ਤਾਂ ਉਸ ਵਕਤ ਟੀਪੂ ਈਸਟ ਇੰਡੀਆ ਕੰਪਨੀ ਦੇ ਪਸਾਰਵਾਦ ਅਤੇ ਹਮਲਾਵਰ ਨੀਤੀਆਂ ਵਿਰੁੱਧ ਪਹਾੜ ਬਣ ਕੇ ਡਟਿਆ ਅਤੇ ਸ਼ਹੀਦ ਹੋਇਆ। 
ਉਂਝ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਟੀਪੂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੁੱਝ ਮਹੀਨੇ ਪਹਿਲਾਂ ਇੱਕ ਫਿਲਮਕਾਰ ਨੇ ਟੀਪੂ ਸੁਲਤਾਨ 'ਤੇ ਫਿਲਮ ਬਣਾਉਣ ਲਈ ਸੁਪਰਸਟਾਰ ਵਜੋਂ ਚਰਚਿਤ ਰਜਨੀਕਾਂਤ ਨੂੰ ਟੀਪੂ ਦੇ ਰੋਲ ਲਈ ਚੁਣਿਆ ਤਾਂ ਇਹਨਾਂ ਹੀ ਫਿਰਕੂ ਫਾਸ਼ੀ ਜਥੇਬੰਦੀਆਂ ਨੇ ਰਜਨੀਕਾਂਤ ਨੂੰ ਫਿਲਮ ਨਾ ਕਰਨ ਦੀ ਵਾਰਨਿੰਗ ਦਿੱਤੀ। ਉਹਨਾਂ ਕਿਹਾ ਕਿ ਰਜਨੀਕਾਂਤ ਤਾਮਿਲ ਹੈ ਤੇ ਟੀਪੂ ਤਾਮਿਲ ਵਿਰੋਧੀ ਸੀ। ਇਸ ਲਈ ਟੀਪੂ ਦਾ ਹਿੰਦੂ ਵਿਰੋਧੀ ਹੋਣ ਕਾਰਨ ਉਸਦਾ ਰੋਲ ਇਤਿਹਾਸ ਦੀ ਭੰਨਤੋੜ ਕਰਨਾ ਹੈ। 1990 ਵਿੱਚ ਟੀਪੂ ਸੁਲਤਾਨ ਦੀ ਜ਼ਿੰਦਗੀ 'ਤੇ ਟੀ.ਵੀ. ਸੀਰੀਅਲ ''ਦਾ ਸਵੋਰਡ ਆਫ ਟੀਪੂ ਸੁਲਤਾਨ'' ਬਣਨ ਵੇਲੇ ਵੀ ਇਹੋ ਜਿਹਾ ਰੌਲਾ ਪਾਇਆ ਗਿਆ ਸੀ।
ਜੇਕਰ ਸੱਚੀਂਮੁੱਚੀਂ ਟੀਪੂ ਦੇ ਰਾਜ ਕਾਲ ਦੀਆਂ ਘਟਨਾਵਾਂ ਨੂੰ ਸਮਝਣਾ ਹੋਵੇ ਤਾਂ ਇਤਿਹਾਸਕ ਸੰਦਰਭ ਨੂੰ ਸਮਝੇ ਬਗੈਰ ਨਹੀਂ ਸਮਝਿਆ ਜਾ ਸਕਦਾ। ਦੱਖਣ 'ਤੇ ਕਬਜ਼ੇ ਨੂੰ ਲੈ ਕੇ, ਮਰਾਠਾ, ਨਿਜ਼ਾਮ ਹੈਦਰਾਬਾਦ ਅਤੇ ਮੈਸੂਰ ਵਿੱਚ ਤਿੱਖੀ ਤੇ ਤੁਅੱਸਬੀ ਵਿਰੋਧਤਾ ਸੀ। ਜਿਹੜੇ ਟੀਪੂ ਨੂੰ ਧਾਰਮਿਕ ਕੱਟੜ ਸਾਸ਼ਕ ਵਜੋਂ ਪੇਸ਼ ਕਰ ਸਕਦੇ ਹਨ, ਉਹਨਾਂ ਦੀ ਦਲੀਲ ਹੈ ਕਿ ਉਸ ਵੱਲੋਂ ਕੂਰਜ ਵਿੱਚ ਕੀਤੇ ਹਮਲੇ ਵਿੱਚ ਹਿੰਦੂਆਂ ਦਾ ਕਤਲ ਅਤੇ ਧਰਮ ਪਰਿਵਰਤਨ ਕੀਤਾ ਗਿਆ। ਪਰ ਇਸ ਹਕੀਕਤ ਦਾ ਜੁਆਬ ਨਹੀਂ ਦਿੰਦੇ ਕਿ ਖੁਦ ਮੈਸੂਰ ਵਿੱਚ ਹਿੰਦੂਆਂ ਦਾ ਧਰਮ ਪਰਿਵਰਤਨ ਕਿਉਂ ਨਹੀਂ ਕਰਵਾਇਆ ਗਿਆ? ਉਹ ਕੇਰਲ ਵਿੱਚ ਹਿੰਦੂਆਂ ਦਾ ਦਮਨ ਕਰਨ ਲਈ ਇੰਨੀ ਦੂਰ ਕਿਉਂ ਗਿਆ? ਜਦੋਂ ਕਿ ਉਹ ਇਹ ਕੰਮ ਆਪਣੇ ਘਰ ਮੈਸੂਰ ਵਿੱਚ ਹੀ ਕਰ ਸਕਦਾ ਸੀ। ਉਸਦੀ ਰਾਜਧਾਨੀ ਸ੍ਰੀ ਰੰਗਪਟਨਮ ਤੇ ਉਸਦੇ ਆਲੇ-ਦੁਆਲੇ ਦੇ ਮੰਦਿਰ ਕਿਉਂ ਨਹੀਂ ਢਾਹੇ ਗਏ? ਜਦੋਂ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਮੱਠ ਸ੍ਰੀ ਸਿਰੰਗੇਰੀ ਨੂੰ ਮਾਰਠਿਆਂ ਨੇ ਤਬਾਹ ਕਰ ਦਿੱਤਾ ਸੀ ਤਾਂ ਟੀਪੂ ਨੇ ਉਸ ਨੂੰ ਆਰਥਿਕ ਮੱਦਦ ਕਿਉਂ ਦਿੱਤੀ ਤੇ ਉੱਥੇ ਰਵਾਇਤੀ ਪੂਜਾ ਪਾਠ ਕਿਉਂ ਬਹਾਲ ਕਰਵਾਇਆ? ਟੀਪੂ ਦੇ ਆਲੋਚਕ ਜੋ ਉਸਦੀ ਹਰ ਗਤੀਵਿਧੀ ਨੂੰ ਧਾਰਮਿਕ ਪ੍ਰੇਰਨਾ ਤੋਂ ਹੋਈ ਸਿੱਧ ਕਰਨਾ ਚਾਹੁੰਦੇ ਹਨ, ਅਜੀਬ ਦਲੀਲ ਦਿੰਦੇ ਹਨ ਕਿ ਸਿਰੰਗੇਰੀ ਮੱਠ ਨੂੰ ਮੱਦਦ ਟੀਪੂ ਵੱਲੋਂ ਸਿਆਸੀ ਲਾਭ ਲੈਣ ਵਾਸਤੇ ਕੀਤੀ ਗਈ ਸੀ, ਜਦੋਂ ਕਿ ਮੰਦਿਰਾਂ ਨੂੰ ਤੋੜਨਾ ਉਸਦੇ ਧਾਰਮਿਕ ਕੱਟੜਵਾਦ ਕਰਕੇ ਸੀ। ਟੀਪੂ ਨੂੰ ਧਾਰਮਿਕ ਕੱਟੜਪੰਥੀ ਸਾਬਤ ਕਰਨ 'ਤੇ ਤੁਲੇ ਇਹ ਫਿਰਕੂ ਫਾਸ਼ੀ ਟੋਲੇ ਇਹ ਭੁੱਲ ਜਾਂਦੇ ਹਨ ਕਿ ਇਹ ਹਿੰਦੂ ਮਰਾਠੇ ਹੀ ਸਨ, ਜਿਹਨਾਂ ਵੱਲੋਂ ਮੱਠਾਂ 'ਤੇ ਹਮਲੇ ਕੀਤੇ ਗਏ। 
ਉਹ ਇਹ ਵੀ ਕਹਿੰਦੇ ਹਨ ਕਿ ਅੰਗਰੇਜ਼ਾਂ ਖਿਲਾਫ ਟੀਪੂ ਦੀ ਲੜਾਈ ਵਿੱਚ ਕੋਈ ਰਾਸ਼ਟਰਵਾਦੀ ਤੱਤ ਨਹੀਂ ਸੀ, ਸਗੋਂ ਸਵਾਰਥ-ਸਿੱਧੀ ਲਈ ਫਰਾਂਸੀਸੀਆਂ ਤੇ ਸ਼ਾਹ ਜ਼ਮਾਨ ਤੱਕ ਪਹੁੰਚ ਇਸ ਲਈ ਕੀਤੀ ਗਈ ਤਾਂ ਕਿ ਆਪਣਾ ਰਾਜ ਅੰਗਰੇਜ਼ਾਂ ਤੋਂ ਬਚਾਇਆ ਜਾ ਸਕੇ। ਜੇਕਰ ਟੀਪੂ ਦਾ ਫਰਾਂਸੀਸੀਆਂ ਅਤੇ ਸ਼ਾਹ ਜ਼ਮਾਨ ਨਾਲ ਗੱਠਜੋੜ ਦਾ ਯਤਨ ਰਾਸ਼ਟਰ ਵਿਰੋਧੀ ਸੀ ਤਾਂ ਮਰਾਠਿਆਂ ਅਤੇ ਨਿਜ਼ਾਮ ਦਾ ਈਸਟ ਇੰਡੀਆ ਕੰਪਨੀ ਨਾਲ ਗੱਠਜੋੜ ਵੀ ਕੀ ਰਾਸ਼ਟਰ ਵਿਰੋਧੀ ਨਹੀਂ ਸੀ? ਇਸ ਸੰਦਰਭ ਵਿੱਚ ਕੀ ਮਰਾਠੇ ਆਪਣੇ ਵਿਸ਼ਵਾਸ਼ ਨਾਲ ਧਰੋਹ ਨਹੀਂ ਕਮਾ ਰਹੇ ਸਨ, ਜਦੋਂ ਉਹ ਨਿਜ਼ਾਮ ਨਾਲ ਗੱਠਜੋੜ ਦੇ ਇੱਛੁਕ ਸਨ। ਕੀ ਭਾਰਤ ਨੂੰ ਆਪਣੀ ਲੁੱਟ ਦੀ ਸ਼ਿਕਾਰਗਾਹ ਬਣਾਉਣ ਲਈ ਚੜ•ੀ ਈਸਟ ਇੰਡੀਆ ਕੰਪਨੀ ਨਾਲ ਮਰਾਠਾ ਸਾਸ਼ਕਾਂ ਦਾ ਗੱਠਜੋੜ ਦੇਸ਼ਭਗਤੀ ਸੀ? 
ਅਸਲ ਵਿੱਚ ਟੀਪੂ ਸੁਲਤਾਨ ਬਰਤਾਨਵੀ ਬਸਤੀਵਾਦ ਵੱਲੋਂ ਸਿਰ ਮੰਡਲਾ ਰਹੇ ਖਤਰਿਆਂ ਨੂੰ ਤੀਬਰਤਾ ਨਾਲ ਭਾਂਪਦਾ ਸੀ ਅਤੇ ਕਿਸੇ ਵੀ ਸੂਰਤ ਵਿੱਚ ਉਸਤੋਂ ਦੂਰੀ ਬਣਾ ਕੇ ਚੱਲਦਾ ਸੀ। ਕਿਸੇ ਵੀ ਸੂਰਤ ਵਿੱਚ ਕਲਪਨਾ ਦੇ ਘੋੜੇ 'ਤੇ ਸਵਾਰ ਹੋ ਕੇ ਵੀ ਕੋਈ ਉਸ ਨੂੰ ਰਾਸ਼ਟਰ ਵਿਰੋਧੀ ਨਹੀਂ ਕਲਪ ਸਕਦਾ। ਟੀਪੂ ਖਿਲਾਫ ਕੂੜ-ਪ੍ਰਚਾਰ ਕੰਪਨੀ ਦੀ ਲੋੜ ਸੀ ਤਾਂ ਕਿ ਉਸਨੂੰ ਲੋਕਾਂ ਵਿੱਚ ਜ਼ਾਲਮ ਰਾਜੇ ਵਾਂਗ ਪੇਸ਼ ਕੀਤਾ ਜਾ ਸਕੇ ਅਤੇ ਉਸਦੇ ਰਾਜਭਾਗ ਨੂੰ ਹੜੱਪਣ ਦਾ ਆਧਾਰ ਤਿਆਰ ਕੀਤਾ ਜਾ ਸਕੇ। 
ਟੀਪੂ ਦੀ ਸਖਸ਼ੀਅਤ ਨੂੰ ਵਿਗਾੜ ਕੇ ਪੇਸ਼ ਕਰਨ ਵਾਲੇ ਇਸ ਗੱਲ ਦਾ ਕੀ ਜੁਆਬ ਦੇਣਗੇ ਕਿ ਉਸਦੇ ਰਾਜ ਵਿੱਚ ਉੱਚ ਅਹੁਦਿਆਂ 'ਤੇ ਹਿੰਦੂ ਅਧਿਕਾਰੀ ਬਿਰਾਜਮਾਨ ਸਨ। ਸਾਸ਼ਨ ਨੂੰ ਮੁੱਖ ਤੌਰ 'ਤੇ ਹਿੰਦੂ ਚਲਾ ਰਹੇ ਸਨ। ਕਰਿਸ਼ਨਾ ਰਾਵ ਉਹਨਾਂ ਦੇ ਰਾਜ ਦੇ ਮੁੱਖ ਖਜ਼ਾਨਚੀ ਸਨ ਅਤੇ ਸਮੈਇਆ ਆਇੰਗਰ ਡਾਕ ਤੇ ਪੁਲਸ ਮੰਤਰੀ ਸਨ ਅਤੇ ਉਸਦਾ ਭਰਾ ਰੰਗਾ ਆਇੰਗਰ ਵੀ ਮਹੱਤਵਪੂਰਨ ਅਹੁਦੇ 'ਤੇ ਸੀ। ਮੀਰ ਆਸਿਫ (ਪ੍ਰਧਾਨ ਮੰਤਰੀ) ਦਾ ਅਹੁਦਾ ਪੂਰਨੀਆ ਨੂੰ ਦਿੱਤਾ ਗਿਆ ਸੀ। ਮੂਲ ਚੰਦ ਤੇ ਸੁਜਾਨ ਰਾਏ ਉਸ ਵੱਲੋਂ ਦਿੱਲੀ ਮੁਗਲ ਦਰਬਾਰ ਵਿੱਚ ਨੁਮਾਇੰਦੇ ਬਣਾ ਕੇ ਭੇਜੇ ਗਏ। ਸੂਬਾ ਰਾਵ ਸੁਲਤਾਨ ਦਾ ਮੁੱਖ ਪੇਸ਼ ਕਰਵਾ ਬਣਾਇਆ ਗਿਆ। ਇਸ ਗੱਲ ਦੇ ਸਬੂਤ ਹਨ ਕਿ ਟੀਪੂ (156 ਮੰਦਰਾਂ ਨੂੰ) ਬਾਕਾਇਦਾ ਦਾਨ ਦੇ ਰਿਹਾ ਸੀ। ਅੱਜ ਵੀ ਇਹਨਾਂ ਮੰਦਿਰਾਂ ਨੂੰ ਮਿਲਦੀਆਂ ਭੇਟਾਂ ਅਤੇ ਸਨਦਾਂ ਮੌਜੂਦ ਹਨ। ਕੈਲੂਰ ਦੇ ਮੌਕਾਬਿੰਦਾ ਮੰਦਿਰ ਵਿੱਚ ਹਰ ਰੋਜ਼ ਸਲਾਮ ਮੰਗਲ ਆਰਤੀ ਦੇ ਨਾਂ ਨਾਲ ਟੀਪੂ ਦੇ ਨਾਂ 'ਤੇ ਆਰਤੀ ਹੁੰਦੀ ਹੈ, ਸਿਰੰਗੇਰੀ ਮੱਠ ਨੂੰ ਲਿਖੀਆਂ ਚਿੱਠੀਆਂ ਅੱਜ ਵੀ ਮੌਜੂਦ ਹਨ। 
ਇਹ ਇਲਜ਼ਾਮ ਕਿ ਟੀਪੂ ਨੇ ਬ੍ਰਾਹਮਣਾਂ ਤੋਂ ਜ਼ਮੀਨਾਂ ਖੋਹੀਆਂ, ਪਰ ਇਹ ਦੋਸ਼ ਬਿਲਕੁੱਲ ਬੇਬੁਨਿਆਦ ਹਨ। ਕਿਉਂਕਿ ਜ਼ਮੀਨਾਂ ਸਿਰਫ ਉਹ ਲਈਆਂ ਗਈਆਂ ਜਿਹਨਾਂ ਦੀਆਂ ਸਨਦਾਂ ਨਹੀਂ ਸਨ। ਇਹ ਕਾਰਵਾਈ ਪਹਿਲਾਂ ਦੇ ਰਾਜਿਆਂ ਵੱਲੋਂ ਬਣਾਏ ਕਾਨੂੰਨ ਮੁਤਾਬਿਕ ਹੀ ਸੀ ਅਤੇ ਇਹ ਜ਼ਮੀਨਾਂ ਸ਼ੂਦਰਾਂ ਵਿੱਚ ਵੰਡੀਆਂ ਸਨ। ਸ਼ੂਦਰਾਂ ਨੂੰ ਕਮਰ ਤੋਂ ਉੱਪਰ ਕੱਪੜਾ ਪਹਿਨਣ ਦਾ ਅਧਿਕਾਰ ਨਹੀਂ ਸੀ, ਇਹ ਪ੍ਰਥਾ ਵੀ ਟੀਪੂ ਨੇ ਬੰਦ ਕਰਵਾ ਦਿੱਤੀ ਅਤੇ ਉਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਦਾ ਮੁੱਖ ਸਰੋਤ ਬਣਾਇਆ। ਜ਼ਮੀਨੀ ਸੁਧਾਰ ਵੀ ਕੀਤੇ ਤੇ ਮੁਢਲੇ ਸਨਅੱਤੀਕਰਨ ਦੇ ਬੀਜ ਬੀਜੇ। ਜਾਤੀ ਵਿਵਸਥਾ ਵਿੱਚ ਵੀ ਦਖਲਅੰਦਾਜ਼ੀ ਕੀਤੀ।
ਕਦੇ ਵੀ ਕਿਤੇ ਵੀ ਆਪਣੀ ਅੰਗਰੇਜ਼ ਬਸਤੀਵਾਦੀਆਂ ਨਾਲ ਟਕਰਾਅ ਅਤੇ ਲੜਾਈ ਵਿੱਚ ਸਮਝੌਤਾਵਾਦੀ ਰੁਖ ਨਹੀਂ ਅਪਣਾਇਆ, ਸਗੋਂ ਇਸ ਭੇੜ ਅੰਦਰ ਗੋਡੇ ਟੇਕਣ ਨਾਲੋਂ ਸ਼ਹਾਦਤ ਦਾ ਜਾਮ ਪੀਣ ਦਾ ਰਾਹ ਅਖਤਿਆਰ ਕੀਤਾ ਗਿਆ। ਜਦੋਂ ਭਾਰਤ ਦੇ ਵੱਖ ਵੱਖ ਹਿੰਦੂ ਅਤੇ ਮੁਸਲਮਾਨ ਰਾਜੇ ਤੇ ਨਵਾਬ, ਇੱਕ ਇੱਕ ਕਰਕੇ ਅੰਗਰੇਜ਼ ਬਸਤੀਵਾਦੀਆਂ ਅੱਗੇ ਗੋਡੇ ਟੇਕਦਿਆਂ, ਉਹਨਾਂ ਨੂੰ ਮੁਲਕ ਦੇ ਦੌਲਤ-ਖਜ਼ਾਨਿਆਂ ਨੂੰ ਲੁੱਟਣ ਲਈ ਸਿਜਦਾ ਕਰ ਰਹੇ ਸਨ, ਉਦੋਂ ਇਹ ਟੀਪੂ ਸੁਲਤਾਨ ਹੀ ਸੀ, ਜਿਸਨੇ ਆਪਣੀ ਜ਼ਮੀਰ ਅੰਗਰੇਜ਼ ਬਸਤੀਵਾਦੀਆਂ ਦੇ ਕਦਮਾਂ ਵਿੱਚ ਰੱਖਣ ਤੋਂ ਇਨਕਾਰ ਕੀਤਾ ਸੀ। ਇਹ ਉਸਦੀ ਅੰਗਰੇਜ਼ ਬਸਤੀਵਾਦੀਆਂ ਖਿਲਾਫ ਲਟ ਲਟ ਬਲਦੀ ਨਫਰਤ ਅਤੇ ਦੇਸ਼ਭਗਤੀ ਹੀ ਸੀ, ਜਿਹੜੀ ਉਹਨਾਂ ਖਿਲਾਫ ਸਮਝੌਤਾ-ਰਹਿਤ ਜੰਗ ਦਾ ਐਲਾਨ ਬਣ ਕੇ ਗੂੰਜੀ। ਜਿਹਨਾਂ ਦੀ ਬਦੌਲਤ ਉਸ ਵੱਲੋਂ ਬਸਤੀਵਾਦੀਆਂ ਮੂਹਰੇ ਸਿਰ ਨਿਵਾ ਕੇ ਸਿਰ ਦਾ ਤਾਜ ਬਚਾਉਣ ਦੇ ਬੇਗੈਰਤੇ ਰਾਹ ਦੀ ਚੋਣ ਕਰਨ ਦੀ ਬਜਾਇ ਸਿਰ ਉਠਾ ਕੇ ਅਤੇ ਗੈਰਤਮੰਦ ਢੰਗ ਨਾਲ ਜੀਣ ਅਤੇ ਆਪਣੀ ਰਿਆਸਤ ਦੀ ਆਜ਼ਾਦੀ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਣ ਦਾ ਰਸਤਾ ਅਖਤਿਆਰ ਕੀਤਾ ਗਿਆ। ਇੱਕ ਸੁਲਤਾਨ ਸਾਸ਼ਕ ਹੋਣ ਦੇ ਨਾਤੇ ਉਸ ਵੱਲੋਂ ਲੋਕਾਂ ਨਾਲ ਨਜਿੱਠਦਿਆਂ, ਬਹੁਤ ਕੁੱਝ ਅਜਿਹਾ ਹੋਇਆ ਹੋਵੇਗਾ, ਜਿਹੜਾ ਇਨਸਾਫ ਦੇ ਤਰਾਜੂ 'ਤੇ ਖਰਾ ਨਹੀਂ ਉੱਤਰਦਾ। ਪਰ ਇਸਦੇ ਬਾਵਜੂਦ, ਉਸ ਵੱਲੋਂ ਅੰਗਰੇਜ਼ ਬਸਤੀਵਾਦੀਆਂ ਦੀ ਈਨ ਮੰਨਣ ਤੋਂ ਇਨਕਾਰ ਕਰਦਿਆਂ, ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਲਲਕਾਰਨ ਅਤੇ ਅੰਤ ਸ਼ਹੀਦੀ ਜਾਮ ਪੀਣ ਦਾ ਇਤਿਹਾਸਕ ਕਾਰਨਾਮਾ ਉਸਦੇ ਇੱਕ ਦੇਸ਼ਭਗਤ ਸੂਰਬੀਰ ਹਸਤੀ ਹੋਣ ਦੀ ਇੱਕ ਅਮਿੱਟ ਗਵਾਹੀ ਬਣ ਜਾਂਦਾ ਹੈ। 

No comments:

Post a Comment