ਜਮਹੂਰੀ ਅਧਿਕਾਰ ਸਭਾ ਦੀ ਤੱਥ-ਖੋਜ ਰਿਪੋਰਟ ਪੇਸ਼
ਭੀਮ ਟਾਂਕ ਦਾ ਕਤਲ ਡੋਡਾ ਦੀ ਸ਼ਮੂਲੀਅਤ ਬਿਨਾ ਸੰਭਵ ਨਹੀਂ
(ਪਿਛਲੇ ਦਿਨਾਂ ਵਿੱਚ ਅਬੋਹਰ ਵਿਖੇ ਦੋ ਨੌਜਵਾਨਾਂ (ਭੀਮ-ਟਾਂਕ ਅਤੇ ਗੁਰਜੰਟ ਸਿੰਘ) ਦੇ ਹੱਥ-ਪੈਰ ਵੱਢਣ ਦਾ ਵਹਿਸ਼ੀਆਨਾ ਕਾਰਾ ਅਖਬਾਰੀ ਚਰਚਾ ਦਾ ਵਿਸ਼ਾ ਬਣਿਆ ਹੈ। ਇਸ ਘਟਨਾ ਵਿੱਚ ਭੀਮ ਟਾਂਕ ਦੀ ਮੌਤ ਹੋ ਗਈ ਸੀ। ਮੌਕਾਪ੍ਰਸਤ ਵੋਟ-ਬਟੋਰੁ ਪਾਰਟੀਆਂ ਵੱਲੋਂ ਇਸ ਨੂੰ ਆਪੋ ਆਪਣੀਆਂ ਵੋਟ ਗਿਣਤੀਆਂ-ਮਿਣਤੀਆਂ ਨੂੰ ਰਾਸ ਬਹਿੰਦੀ ਘਟਨਾ ਬਣਾ ਕੇ ਪੇਸ਼ ਕਰਨ 'ਤੇ ਜ਼ੋਰ ਲਾਇਆ ਗਿਆ ਹੈ। ਪਰ ਹਕੀਕਤ ਇਹ ਹੈ ਕਿ ਬੇਰੁਜ਼ਗਾਰੀ ਅਤੇ ਗੁਰਬਤ ਦੇ ਸ਼ਿਕਾਰ ਨੌਜਵਾਨਾਂ ਨੂੰ ਮਾਫੀਆ ਸਰਗਣਿਆਂ ਅਤੇ ਉਹਨਾਂ ਦੇ ਸਰਪ੍ਰਸਤ ਸਿਆਸਤਦਾਨਾਂ ਵੱਲੋਂ ਲਾਲਚ ਦੇ ਕੇ ਲੱਠਮਾਰ ਅਤੇ ਗੁੰਡਾ ਗਰੋਹਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਹਨਾਂ ਗਰੋਹਾਂ ਨੂੰ ਲੋਕਾਂ ਦੀ ਕੁੱਟਮਾਰ ਕਰਨ, ਦਹਿਸ਼ਤ ਤੇ ਦਬਸ਼ ਬਿਠਾਉਣ ਅਤੇ ਆਪਣੇ ਨਜਾਇਜ਼ ਕਾਰੋਬਾਰਾਂ ਨੂੰ ਵਧਾਉਣ-ਫੈਲਾਉਣ ਵਿੱਚ ਵਰਤਿਆ ਜਾਂਦਾ ਹੈ। ਚੋਣਾਂ ਦੌਰਾਨ ਦਬਸ਼-ਧੌਂਸ ਰਾਹੀਂ ਵੋਟਾਂ ਬਟੋਰਨ ਵਾਸਤੇ ਵਰਤਿਆ ਜਾਂਦਾ ਹੈ। ਪਰ ਜਦੋਂ ਕੋਈ ਨੌਜਵਾਨ ਇਹਨਾਂ ਦੀ ਚੁੰਗਲ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਕੋਲ ਆਪਣੇ ਨਜਾਇਜ਼ ਅਤੇ ਕਾਲੇ ਕੰਮਾਂ ਦਾ ਭੇਤ ਹੋਣ ਅਤੇ ਇਸਦੇ ਸਾਹਮਣੇ ਆ ਜਾਣ ਦੇ ਖਤਰੇ ਤੋਂ ਸੁਰਖਰੂ ਹੋਣ ਲਈ ਉਸਨੂੰ ਪਾਰ ਬੁਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਅਬੋਹਰ ਘਟਨਾ ਅਜਿਹੇ ਲੱਠਮਾਰ ਗੁੰਡਾ ਗਰੋਹਾਂ, ਮਾਫੀਆ ਸਰਗਣਿਆਂ ਅਤੇ ਮੌਕਾਪ੍ਰਸਤ ਸਿਆਸਤਦਾਨਾਂ ਦੇ ਨਾਪਾਕ ਗੱਠਜੋੜ ਅਤੇ ਉਸਦੇ ਕਾਲੇ ਕਾਰਨਾਮਿਆਂ ਦੀ ਇੱਕ ਜ਼ਾਹਰਾ ਮਿਸਾਲ ਹੈ। ਇਸ ਅਸਲੀਅਤ ਨੂੰ ਹੀ ਨੰਗਾ ਕਰਦੀ ਹੈ ਜਮਹੂਰੀ ਅਧਿਕਾਰ ਸਭਾ ਦੀ ਇਹ ਰਿਪੋਰਟ। —ਸੰਪਾਦਕ)
ਬਠਿੰਡਾ (ਨ.ਜ਼.ਸ.)- 'ਅਬੋਹਰ ਦੇ ਡੋਡਾ ਫਾਰਮ 'ਤੇ ਭੀਮ ਟਾਂਕ ਦਾ ਯੋਜਨਾਬੱਧ ਤਰੀਕੇ ਨਾਲ ਕੀਤਾ ਕਤਲ ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਦੀ ਸਾਜਿਸ਼ੀ ਸ਼ਮੂਲੀਅਤ ਬਿਨਾ ਸੰਭਵ ਨਹੀਂ ਕਿਉਂਕਿ ਡੋਡਾ ਦੇ ਕਿਲ•ਾ-ਨੁਮਾ ਫਾਰਮ 'ਤੇ ਸ਼ਿਵ ਲਾਲ ਦੇ ਹੁਕਮ ਬਿਨਾ ਚਿੜੀ ਵੀ ਨਹੀਂ ਫੜਕ ਸਕਦੀ।' ਇਹ ਬਿਆਨ ਪ੍ਰੋਫੈਸਰ ਏ.ਕੇ. ਮਰੇਲੀ ਸੂਬਾ ਪ੍ਰਧਾਨ ਅਤੇ ਪ੍ਰੋਫੈਸਰ ਜਗਮੋਹਨ ਸਿੰਘ (ਸੂਬਾ ਜਨਰਲ ਸਕੱਤਰ) ਨੇ ਜਮਹੂਰੀ ਅਧਿਕਾਰ ਸਭਾ ਦੀ ਤੱਥ ਖੋਜ ਰਿਪੋਰਟ ਜਾਰੀ ਕਰਦਿਆਂ ਦਿੱਤਾ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਵਿੱਚ ਇਸ ਨੂੰ ਗੈਂਗਵਾਰ ਕਹਿਣਾ ਜਾਂ ਮਾਮੂਲੀ ਘਟਨਾ ਦੱਸਣਾ ਸ਼ਿਵ ਲਾਲ ਡੋਡਾ ਦੀ ਨੰਗੀ ਚਿੱਟੀ ਪੁਸ਼ਤ ਪਨਾਹੀ ਹੈ। ਸਭਾ ਦੀ 5 ਮੈਂਬਰੀ ਤੱਥ ਖੋਜ ਕਮੇਟੀ ਦੀ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਬਰਫ ਦਾ ਫੱਟਾ ਲਾਉਣ ਵਾਲਾ ਸ਼ਿਵ ਲਾਲਾ ਡੋਡਾ ਤੀਹ ਕੁ ਸਾਲ ਪਹਿਲਾਂ ਛੁਰਾ ਮਾਰਨ ਦੇ ਕਿਸੇ ਝਗੜੇ ਕਾਰਨ ਫਰਾਰ ਹੋ ਕੇ ਦਿੱਲੀ ਚਲਾ ਗਿਆ ਦੱਸਿਆ ਜਾਂਦਾ ਹੈ, ਜਿਸਨੇ ਦਸ-ਪੰਦਰਾਂ ਸਾਲ ਪਹਿਲਾਂ ਅਬੋਹਰ ਤੋਂ 5 ਕਿਲੋਮੀਟਰ ਦੂਰ ਹਨੂੰਮਾਨਗੜ• ਸੜਕ 'ਤੇ ਤੀਹ-ਪੈਂਤੀ ਏਕੜ ਦਾ ਕਿਲ•ਾਨੁਮਾ ਫਾਰਮ ਬਣਾ ਲਿਆ ਅਤੇ ਹੁਣ ਉਸਦਾ ਸ਼ਰਾਬ ਦਾ ਵੱਡਾ ਕਾਰੋਬਾਰ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੋਡਾ ਛਿਆਲੀ ਹਜ਼ਾਰ ਵੋਟ ਪ੍ਰਾਪਤ ਕਰਕੇ ਸੱਤ ਹਜ਼ਾਰ ਵੋਟਾਂ ਨਾਲ ਹਾਰ ਗਿਆ।
ਪੰਜ ਕੁ ਸਾਲ ਪਹਿਲਾਂ ਭੀਮ ਟਾਂਕ ਨੂੰ ਅਮਿਤ ਡੋਡਾ ਨੇ ਕਰਿੰਦੇ ਦੇ ਰੂਪ ਵਿੱਚ ਸ਼ਰਾਬ ਕਾਰੋਬਾਰ ਵਿੱਚ ਲਿਆ। ਉਸਦੇ ਕੱਦ-ਕਾਠ ਦਾ ਲਾਭ ਲੈ ਕੇ ਕਈ ਤਰ•ਾਂ ਦੇ ਉਲਟ-ਪੁਲਟ ਕੰਮ ਕਰਵਾਏ, ਜਿਸ ਨਾਲ ਉਹ ਪਰਿਵਾਰ ਦਾ ਭਰੋਸੇਯੋਗ ਬਣ ਗਿਆ। ਡੋਡਾ ਪਰਿਵਾਰ ਦੀ ਸਰਪ੍ਰਸਤੀ ਨਾਲ ਬਣੀ ਭੀਮ ਦੀ ਧੱਕੜ ਛਵੀ ਨੇ ਡੋਡਾ ਦੇ ਸ਼ਰਾਬ ਦੇ ਕਾਰੋਬਾਰ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੱਕ ਫੈਲਾਉਣ ਵਿੱਚ ਮੱਦਦ ਕੀਤੀ, ਪਰ ਕਿਸੇ ਕਾਰਨ ਭੀਮ ਇਸ ਪਰਿਵਾਰ ਨਾਲੋਂ ਟੁੱਟ ਗਿਆ। ਸ਼ਾਇਦ ਇਹੀ ਕਾਰਨ ਭੀਮ ਦੇ ਵਹਿਸ਼ੀ ਕਤਲ ਦਾ ਕਾਰਨ ਬਣਿਆ। ਲੋਕਾਂ ਦੇ ਕਹਿਣ ਮੁਤਾਬਕ ਅਬੋਹਰ ਸ਼ਹਿਰ ਅਤੇ ਬਾਹਰ ਕੁੱਝ ਕਤਲਾਂ ਦੇ ਸ਼ੱਕ ਦੀ ਸੂਈ ਸ਼ਿਵ ਲਾਲ ਡੋਡਾ ਉੱਪਰ ਟਿਕਦੀ ਹੈ। ਇਹ ਘਟਨਾ ਅਤੇ ਸਾਧਾਰਨ ਬਰਫ ਦੇ ਕੰਮ ਤੋਂ ਸ਼ਰਾਬ ਦੇ ਕਾਰੋਬਾਰ ਅਤੇ ਜਾਇਦਾਦ ਦੇ ਉੱਸਰੇ ਕਿਲੇ•ੇ ਤੋਂ ਉਸਦੀ ਲੱਠਮਾਰ ਪਾਲਣ ਦੀ ਪ੍ਰਵਿਰਤੀ ਵੱਲ ਸਪੱਸ਼ਟ ਇਸ਼ਾਰਾ ਹੈ। ਸ਼ਿਵ ਲਾਲ ਦੇ ਫਾਰਮ 'ਤੇ ਉੱਪ-ਮੁੱਖ ਮੰਤਰੀ ਵੀ ਆਏ ਹਨ ਅਤੇ ਅਕਾਲੀ ਦਲ ਬਾਦਲ ਦਾ ਹਲਕਾ ਇੰਚਾਰਜ ਵਜੋਂ ਕੰਮ ਕਰਨਾ ਉਸ ਦੇ ਸਿਆਸੀ ਸਬੰਧਾਂ ਦਾ ਪ੍ਰਗਟਾਵਾ ਹੈ।
ਜਮਹੂਰੀ ਅਧਿਕਾਰ ਸਭਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸ਼ਿਵ ਲਾਲ ਡੋਡਾ ਵਰਗੇ ਮਾਫੀਏ ਗਰੋਹਾਂ ਦੇ ਸਰਗਣਿਆਂ ਵੱਲੋਂ ਭੀਮ ਟਾਂਕ ਵਰਗੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਸੇ ਦੇ ਗਲੈਮਰ ਵਿੱਚ ਬਹਿਲਾ ਫੁਸਲਾ ਕੇ ਆਪਣੇ ਗਲਤ ਤੇ ਗੈਰ-ਕਾਨੂੰਨੀ ਧੰਦਿਆਂ ਵਿੱਚ ਵਰਤਿਆ ਜਾਂਦਾ ਹੈ ਅਤੇ ਉਹਨਾਂ ਪਾਸੋਂ ਜਰਾਇਮਪੇਸ਼ਾ ਕਰਵਾਈਆਂ, ਕੁੱਟਮਾਰ, ਕਤਲ ਅਤੇ ਹੋਰ ਗੈਰ-ਸਮਾਜੀ ਅਤੇ ਦਹਿਸ਼ਤੀ ਕਾਰੇ ਕਰਵਾਏ ਜਾਂਦੇ ਹਨ ਜਦੋਂ ਉਹ ਤੋੜ ਵਿਛੋੜਾ ਕਰਨ ਦਾ ਯਤਨ ਕਰਦੇ ਹਨ ਤਾਂ ਇਹ ਮਾਫੀਆ ਗਰੋਹ ਉਹਨਾਂ ਦਾ ਅਜਿਹਾ ਦੁਖਦਾਈ ਅੰਤ ਕਰਦਾ ਹੈ ਤਾਂ ਕਿ ਦਹਿਸ਼ਤ ਫੈਲ ਜਾਵੇ। ਅਸਲ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਨਾ ਕਰਨਾ ਅਤੇ ਇਹਨਾਂ ਮਾਫੀਆ ਗਰੋਹਾਂ ਦੇ ਚੁੰਗਲ ਵਿੱਚ ਫਸਣ ਵੱਲ ਧੱਕਣਾ ਇਸ ਲੋਕ-ਵਿਰੋਧੀ ਪ੍ਰਬੰਧ ਦੀ ਦੇਣ ਹੈ। ਪੁਲਸ ਥਾਣਾ ਮੁਖੀ ਦਾ ਫਾਰਮ ਹਾਊਸ ਵਿੱਚ ਰਹਿਣਾ, ਉਸਦੇ ਗਰੋਹਾਂ ਦੇ ਗੈਰ-ਕਾਨੂੰਨੀ ਕੰਮਾਂ ਨੂੰ ਅਣਡਿੱਠ ਕਰਨਾ, ਘਟਨਾ ਤੋਂ ਕਈ ਘੰਟੇ ਬਾਅਦ ਬਲਾਤਕਾਰ ਦਾ ਪਰਚਾ ਦਰਜਾ ਕਰਨਾ, ਵਾਰਦਾਤ ਦੇ ਮੌਕੇ ਦੇਰੀ ਨਾਲ ਪਹੁੰਚਣਾ ਅਤੇ 16 ਘੰਟੇ ਪਿੱਛੋਂ ਐਫ.ਆਈ.ਆਰ. ਦਰਜ ਕਰਨਾ ਅਤੇ ਮੁੱਖ ਸਾਜਿਸ਼ਕਾਰੀਆਂ ਨੂੰ ਕੇਸ ਤੋਂ ਪਾਸੇ ਰੱਖਣ ਦਾ ਯਤਨ, ਉਹਨਾਂ ਦੀਆਂ ਗ੍ਰਿਫਤਾਰੀਆਂ ਵਿੱਚ ਆਨਾਕਾਨੀ ਕਰਨੀ ਪੁਲਸ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ-ਚਿੰਨ ਹਨ। ਪੁਲਸ ਅਧਿਕਾਰੀਆਂ ਦੀ ਮੁਅੱਤਲੀ ਜਾਂ ਬਦਲੀਆਂ ਅੱਖਾਂ ਪੂੰਝਣ ਦੀਆਂ ਕਾਰਵਾਈਆਂ ਹਨ। ਲੋਕਾਂ ਦੀ ਏਕਤਾ ਨਾਲ ਹੀ ਇਹ ਕੇਸ ਨੰਗਾ ਹੋਇਆ ਹੈ, ਪਰ ਸੱਤਾਧਾਰੀਆਂ ਵੱਲੋਂ ਅਜਿਹੇ ਗੈਂਗਾਂ ਨੂੰ ਬਚਾਉਣ ਅਤੇ ਇਸ ਨਾਲ ਸਿਆਸੀ ਤੰਦਾਂ ਨੂੰ ਲੁਕੋ ਕੇ ਰੱਖਣ ਦੀਆਂ ਕਾਰਵਾਈਆਂ ਨਵੀਆਂ ਨਹੀਂ ਹਨ।
ਸਭਾ ਨੇ ਮੰਗ ਕੀਤੀ ਹੈ ਕਿ ਹੋਰਾਂ ਦੋਸ਼ੀਆਂ ਤੋਂ ਇਲਾਵਾ ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਅਤੇ ਉਸਦੇ ਭਤੀਜੇ ਅਮਿਤ ਲਾਲ ਡੋਡਾ ਖਿਲਾਫ ਭੀਮ ਟਾਂਕ ਦੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ, ਇਸ ਲਈ ਸ਼ਿਵ ਲਾਲ ਡੋਡਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਲੋਕਾਂ ਦੀ ਸੁਰੱਖਿਆ ਨੂੰ ਖਤਰਾ ਬਣਿਆ ਸ਼ਰਾਬ ਮਾਫੀਆ, ਪੁਲਸ ਅਤੇ ਸਿਆਸੀ ਗੱਠਜੋੜ ਨੰਗਾ ਕਰਨ ਲਈ ਹਾਈਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਜਿਸ ਵਿੱਚ ਡੋਡਾ ਨਾਲ ਜੁੜੇ ਕਤਲਾਂ ਅਤੇ ਹੋਰ ਅਪਰਾਧਾਂ, ਉਸਦੀ ਜਾਇਦਾਦ ਨੂੰ ਵੀ ਜਾਂਚ ਅਧੀਨ ਲਿਆਂਦਾ ਜਾਵੇ। ਨਿਰਪੱਖ ਜਾਂਚ ਲਈ ਜ਼ਰੂਰੀ ਹੈ ਕਿ ਇਸ ਜਾਂਚ ਦੌਰਾਨ ਡੋਡਾ ਦੀ ਕਤਲਗਾਹ ਵਾਲੀ ਜਾਇਦਾਦ ਨੂੰ ਸੀਲ ਕੀਤਾ ਜਾਵੇ।
No comments:
Post a Comment