Monday, 18 January 2016

ਨਵਾਂ ਕੈਲੰਡਰ -ਗੁਰਮੇਲ ਭੁਟਾਲ

ਨਵਾਂ ਕੈਲੰਡਰ
-ਗੁਰਮੇਲ ਭੁਟਾਲ
ਕੰਧਾਂ ਉੱਤੇ ਨਵਾਂ ਕੈਲੰਡਰ ਘਰ ਘਰ ਟੰਗਿਆ ਜਾਣਾ
ਕਿਉਂਕਿ ਸਾਲ ਨਵਾਂ ਹੈ ਚੜਿ•ਆ ਬੀਤਿਆ ਵਰ•ਾ  ਪੁਰਾਣਾ
ਸ਼ਹਿਰ ਬਾਜ਼ਾਰ ਗਲ਼ੀ-ਮੁਹੱਲੇ ਫੇਰ ਛਿੜਨਗੇ ਚਰਚੇ
ਸ਼ਬਦ 'ਮੁਬਾਰਕ' ਇੱਕ ਦੂਜੇ ਨੂੰ ਫਿਰ ਵਰਤਾਇਆ ਜਾਣਾ

ਨਵੇਂ ਸਾਲ ਦੀ 'ਖੁਸ਼ੀ' ਮਨਾ ਕੇ ਜਦ ਵਿਹਲੇ ਹੋ ਜਾਣਾ
ਪੱਲੇ ਪੈਣਾ ਪਹਿਲਾਂ ਵਾਂਗੂੰ ਓਹੀਓ ਗੇੜ ਪੁਰਾਣਾ
ਫਰਜ਼ੀ ਫਰਜ਼ੀ ਖੁਸ਼ੀਆਂ ਨੇ ਹੈ ਝੱਟ ਉਡੰਤਰ ਹੋਣਾ
ਤੱਕ ਕੇ ਦੁਨੀਆਂਦਾਰੀ ਵਾਲਾ ਉਲਝਿਆ ਤਾਣਾ ਬਾਣਾ

ਕਿਸੇ ਨਿੱਕੜੀ ਦੇ ਨਾਲ ਵਰਤਣਾ ਕੁੱਖ 'ਚ ਓਹੀਓ ਭਾਣਾ
ਜਾਂ ਫਿਰ ਸਹੁਰੇ ਘਰ ਵਿੱਚ ਪੈਣਾ ਕੋਈ ਸੰਤਾਪ ਹੰਢਾਣਾ
'ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ'
ਨਾਨਕ ਦੇ ਬੋਲਾਂ ਨੂੰ ਭੁੱਲ ਕੇ ਲਿਖੂ ਕੋਈ ਗੰਦਾ ਗਾਣਾ

ਬੁੱਢੇ ਮੋਚੀ ਦਾ ਓਸੇ ਹੀ ਖੂੰਜੇ ਹੋਊ ਟਿਕਾਣਾ
ਹੱਥ 'ਚ ਲੈ ਕੇ ਭੀਖ ਦਾ ਕੌਲਾ ਮੰਗਦਾ ਫਿਰੂ ਨਿਆਣਾ
ਠੰਢ 'ਚ ਠੁਰ ਠੁਰ ਕਰਨਗੇ ਤੇ ਕਦੇ ਮੱਚਣਗੇ ਵਿੱਚ ਧੁੱਪਾਂ
ਮੁਸ਼ੱਕਤ ਵਿੱਚ ਜੁਟੇ ਹੈ ਰਹਿਣਾ ਕਿਰਤੀਆਂ ਤੇ ਕਿਰਸਾਣਾਂ

ਕਾਰਖਾਨਿਆਂ ਖੇਤਾਂ ਵਿੱਚ ਪਸੀਨਾ ਜਿਸ ਵਹਾਣਾ
ਦੇਸ਼ ਦਾ ਮਾਣ ਵਧਾਵਣ ਵਾਲਾ ਰਹੂਗਾ ਆਪ ਨਿਮਾਣਾ
ਖੁਦ ਤਰਸਣਗੇ ਚੀਜ਼ਾਂ ਦੇ ਅੰਬਾਰ ਲਗਾਵਣ ਵਾਲੇ
ਕਰੀ ਕਰਾਈ ਲੈ ਜਾਊਗਾ ਲੁੱਟ ਕੇ ਵਿਹਲੜ ਲਾਣਾ

ਹੱਕ ਮੰਗਦੇ ਪਿੰਡਿਆਂ ਦੇ ਉੱਤੇ ਡਾਢਿਆਂ ਜ਼ੁਲਮ ਕਮਾਣਾ
ਪਤਾ ਨੀ ਧਰਤ ਦਾ ਕਿਹੜਾ ਟੁਕੜਾ ਲਹੂ 'ਚ ਸਿੰਜਿਆ ਜਾਣਾ
ਜ਼ਿੰਦਗੀ ਦੇ ਉੱਤੇ ਮੰਡਰਾਉਂਦਾ ਰਹੂ ਮੌਤ ਦਾ ਸਾਇਆ
ਨਵੇਂ ਸਾਲ ਵਿੱਚ ਵੀ ਸਿਲਸਿਲਾ ਚਲਦਾ ਰਹੂ ਪੁਰਾਣਾ

ਸਭ ਨੂੰ ਨੱਕੋਂ-ਬੁੱਲੋਂ ਲੱਥਿਆ, ਪ੍ਰਬੰਧ ਇਹ ਆਦਮ-ਖਾਣਾ
ਹਰ ਕੋਈ ਚਾਹਵੇ ਨਵਾਂ ਕੁੱਝ ਤੇ ਹੋਵੇ ਦਫ਼ਨ ਪੁਰਾਣਾ
ਪਰ ਵਰ•ਾ ਮੁਬਾਰਕ ਆਖਣ ਦੇ ਨਾਲ ਨਵਾਂ ਕੁੱਝ ਨਾ ਹੋਵੇ
ਜੇ ਚਾਹੁੰਦੇ ਕੁੱਝ ਨਵਾਂ ਤਾਂ ਪੈਣਾ ਜੰਗੇ-ਆਵਾਮ ਰਚਾਣਾ।

No comments:

Post a Comment