ਆਈ.ਐਸ. ਵਿਰੁੱਧ ਸਾਮਰਾਜੀ ਪ੍ਰਚਾਰ ਹੱਲੇ ਦੀ ਗਰਦੋਗੁਬਾਰ ਓਹਲੇ ਛੁਪੇ
ਸਾਮਰਾਜੀ ਧਾੜਵੀ ਮਨਸੂਬਿਆਂ ਨੂੰ ਪਛਾਣੋ
ਆਈ.ਐਸ. ਅਤੇ ਸਾਮਰਾਜੀਆਂ ਦੀਆਂ ਕਾਰਵਾਈਆਂ 'ਚ ਨਿਖੇੜਾ ਕਰੋ
-ਨਵਜੋਤ
13 ਨਵੰਬਰ 2015 ਨੂੰ ਇਸਲਾਮਿਕ ਸਟੇਟ (ਆਈ ਐਸ) ਦੇ ਲੜਾਕਿਆਂ ਵਲੋਂ ਪੈਰਿਸ ਦੀਆਂ ਕੁਝ ਥਾਂਵਾ 'ਤੇ ਹਮਲੇ ਕੀਤੇ ਗਏ, ਜਿਨ•ਾਂ 'ਚ 127 ਲੋਕਾਂ ਦੀ ਜਾਨ ਚਲੀ ਗਈ। ਇਸੇ ਤਰ•ਾਂ, ਉਨ•ਾਂ ਵਲੋਂ ਤੁਰਕੀ 'ਚ ਅੰਕਾਰਾ ਅਤੇ ਲਿਬਲਾਨ ਦੀ ਰਾਜਧਾਨੀ ਬੈਰੂਤ ਵਿਖੇ ਹਮਲੇ ਕਰਦਿਆਂ, ਬਹੁਤ ਸਾਰੇ ਵਿਅਕਤੀਆਂ ਨੂੰ ਮਾਰ ਮੁਕਾਇਆ ਗਿਆ। ਰੂਸੀ ਹਵਾਈ ਜ਼ਹਾਜ ਨੂੰ ਡੇਗਿਆ ਗਿਆ, ਜਿਸ 'ਚ ਸਵਾਰ 224 ਵਿਅਕਤੀਆਂ ਦੀ ਜਾਨ ਚਲੀ ਗਈ। ਇਨ•ਾਂ ਘਟਨਾਵਾਂ, ਵਿਸ਼ੇਸ਼ ਕਰਕੇ ਪੈਰਿਸ 'ਚ ਹੋਏ ਹਮਲਿਆਂ ਤੋਂ ਬਾਦ ਅਮਰੀਕਾ ਸਮੇਤ ਸਮੁੱਚੇ ਸਾਮਰਾਜੀ ਯੂਰਪੀਨ ਮੁਲਕਾਂ ਅਤੇ ਦੁਨੀਆਂ ਭਰ ਦੀਆਂ ਪਿਛਾਖੜੀ ਹਕੂਮਤਾਂ ਵਲੋਂ ਆਈ.ਐਸ. ਦੀਆਂ ਇਨ•ਾਂ ਕਾਰਵਾਈਆਂ ਖਿਲਾਫ਼ ਭੰਡੀ ਪ੍ਰਚਾਰ ਦੀ ਝੜੀ ਲਾ ਦਿੱਤੀ ਗਈ। ਦੁਨੀਆਂ ਭਰ ਦਾ ਬੁਰਜੂਆ ਪ੍ਰਚਾਰ ਤੰਤਰ (ਟੀ.ਵੀ, ਅਖਬਾਰਾਂ ਅਤੇ ਰਸਾਲਿਆਂ) ਵਲੋਂ ਆਈ.ਐਸ. ਦੇ ''ਦਹਿਸ਼ਤਗਰਦ'' ਅਤੇ ''ਵਹਿਸ਼ੀਆਨਾ'' ਕਾਰਿਆਂ ਦੀਆਂ ਕਹਾਣੀਆਂ ਨੂੰ ਖੂਬ ਮਸਾਲੇ ਲਾ ਕੇ ਉਭਾਰਿਆ ਗਿਆ। ਦੁਨੀਆਂ ਭਰ ਦੀਆਂ ਸਾਮਰਾਜੀ ਅਤੇ ਪਿਛਾਖੜੀ ਹਕੂਮਤਾਂ ਦੇ ਮੁਖੀਆਂ ਵਲੋਂ ਆਈ.ਐਸ ਸਮੇਤ ਸਭਨਾਂ ''ਦਹਿਸ਼ਤਗਰਦ ਤਾਕਤਾਂ'' ਨੂੰ ਮਨੁੱਖਤਾ ਲਈ ਕਹਿਰ ਬਣਕੇ ਵਰ•ਨ ਵਾਲੇ ਅਤੇ ਦਰਿੰਦਗੀ ਦਾ ਨਾਚ ਨੱਚਦੇ ਇੱਕ ਦੈਂਤ ਵਜੋਂ ਪੇਸ਼ ਕਰਦਿਆਂ, ਇਨ•ਾਂ ਨੂੰ ਮਲੀਆਮੇਟ ਕਰਨ ਲਈ ਇੱਕ ਜੁੱਟ ਹੋਣ ਦੇ ਬਿਆਨ ਦਾਗੇ ਗਏ। ਇਸ ਦੇ ਨਾਲ ਹੀ ਫਰਾਂਸ ਅਤੇ ਨਾਟੋ-ਗੁੱਟ ਦੇ ਜੰਗੀ ਜ਼ਹਾਜਾਂ ਅਤੇ ਰੂਸ ਦੇ ਜੰਗੀ ਜਹਾਜਾਂ ਵਲੋਂ ਆਈ.ਐਸ. ਦੇ ਟਿਕਾਣਿਆਂ ਨੂੰ ਤਬਾਹ ਕਰਨ ਦੇ ਨਾਂ ਹੇਠ, ਸੀਰੀਆ ਤੇ ਇਰਾਕ ਦੇ ਸ਼ਹਿਰਾਂ 'ਤੇ ਬੰਬਾਂ ਦਾ ਮੀਂਹ ਵਰ•ਾਉਂਦਿਆਂ, ਹਜ਼ਾਰਾਂ ਇਮਾਰਤਾਂ ਅਤੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਹਜ਼ਾਰਾਂ ਨਿਹੱਥੇ ਮਰਦਾਂ, ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਕੱਲੇ ਰੂਸ ਵਲੋਂ ਦਾਅਵਾ ਕੀਤਾ ਗਿਆ ਕਿ ਉਸ ਵਲੋਂ ਆਈ.ਐਸ ਦੇ 600 ਲੜਾਕਿਆਂ ਨੂੰ ਮਾਰ ਮੁਕਾਇਆ ਗਿਆ ਹੈ। ਇੱਕ ਰਿਪੋਰਟ ਮੁਤਾਬਿਕ ਅਜਿਹੀ ਹਵਾਈ ਬੰਬਾਰੀ ਰਾਹੀਂ ਮਰਨ ਵਾਲੇ ਹਰ ਲੜਾਕੇ ਦੇ ਨਾਲ 8 ਨਿਹੱਥੇ ਨਾਗਰਿਕ ਮੌਤ ਦੇ ਮੂੰਹ ਜਾ ਪੈਂਦੇ ਹਨ। ਇਸ ਤੋਂ ਇਨ•ਾਂ ਆਈ.ਐਸ ਦੇ ਹਮਲਿਆਂ ਤੋਂ ਅੱਗ ਬਬੂਲਾਂ ਹੋਏ ਸਾਮਰਾਜੀ ਜਰਵਾਣਿਆਂ ਵਲੋਂ ਸੀਰੀਆ ਤੇ ਇਰਾਕ 'ਚ ਕੀਤੀ ਗਈ ਬੰਬਾਰੀ ਨਾਲ ਉਜਾੜੇ ਅਤੇ ਨਿਹੱਕੀ ਮੌਤ ਦੇ ਮੂੰਹ ਧੱਕੇ ਜਾ ਰਹੇ ਦਹਿ ਹਜ਼ਾਰਾਂ ਨਿਹੱਥੇ ਤੇ ਨਿਰਦੋਸ਼ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।ਇਸਲਾਮਿਕ ਸਟੇਟ (ਆਈ.ਐਸ.) ਕੀ ਹੈ?
ਆਈ.ਐਸ ਇਸਲਾਮ ਦੀ ''ਵਹਾਬੀ'' ਨਾਂ ਦੀ ਧਾਰਾ ਦੀ ਵਿਚਾਰਧਾਰਾ ਨੂੰ ਮੰਨਦੀ ਹੈ। ਅਬ-ਦਲ-ਵਹਾਬ ਨਾਂ ਦੇ ਵਿਅਕਤੀ ਵਲੋਂ ਇਸ ਧਾਰਾਂ (ਸਕੂਲ) ਨੂੰ ਸਥਾਪਤ ਕੀਤਾ ਗਿਆ ਸੀ, ਜਿਸ ਕਰਕੇ ਇਸਨੂੰ ਵਹਾਬੀਵਾਦ ਧਾਰਾ ਕਰਕੇ ਜਾਣਿਆਂ ਜਾਂਦਾ ਹੈ। ਵਹਾਬੀਵਾਦ ਦਾ ਫ਼ਰਮਾਨ ਹੈ ਕਿ ਸਮੁੱਚੇ ਮੁਸਲਿਮ ਜਗਤ ਨੂੰ ਸਿਰਫ਼ ਇੱਕੋ ਵਿਅਕਤੀ- ਖ਼ਲੀਫਾ- ਪ੍ਰਤੀ ਵਫ਼ਾਦਾਰੀ ਅਤੇ ਆਸਥਾ ਰੱਖਣੀ ਚਾਹੀਦੀ ਹੈ। ਇਸਲਾਮ 'ਚ ਖਲੀਫੇ ਦੀ ਪਦਵੀ ਸੰਨ 632 'ਚ ਮੁਸਲਿਮ ਪੈਗੰਬਰ ਮੁਹੰਮਦ ਦੀ ਮੌਤ ਮਗਰੋਂ ਉਸਦੇ ਵਾਰਸ ਵਜੋਂ ਸਥਾਪਤ ਕੀਤੀ ਗਈ ਸੀ। ਸਮੁੱਚੇ ਇਸਲਾਮਿਕ ਜਗਤ ਅੰਦਰ ਖਲੀਫੇ ਨੂੰ ਆਪਣੇ ਧਾਰਮਿਕ ਅਤੇ ਸਿਆਸੀ ਸਰਬਰਾਹ ਵਜੋਂ ਪ੍ਰਵਾਨ ਕੀਤਾ ਜਾਂਦਾ ਸੀ। ਪਰ 1924 'ਚ ਤੁਰਕੀ ਦੀ ਕਮਾਲ ਪਾਸ਼ਾ ਦੀ ਅਗਵਾਈ ਹੇਠਲੀ ਕੌਮਪ੍ਰਸਤ ਹਕੂਮਤ ਵਲੋਂ ਇਸ ਪਦਵੀ ਨੂੰ ਖ਼ਤਮ ਕਰ ਦਿੱਤਾ ਗਿਆ ਸੀ।
ਮੌਜੂਦਾ ਆਈ.ਐਸ ਦਾ ਜਨਮ ਅਮਰੀਕੀ ਸਾਮਰਾਜੀਆਂ ਦੀ ਅਗਵਾਈ ਹੇਠਲੇ ਨਾਟੋ ਜੰਗੀ ਗੁੱਟ ਵੱਲੋਂ 2003 'ਚ ਇਰਾਕ 'ਤੇ ਫੌਜੀ ਕਬਜ਼ਾ ਕਰਨ ਤੋਂ ਬਾਦ ਹੋਇਆ ਹੈ। ਇੱਕ ਜਾਰਡਨ ਵਾਸੀ ਅਬੂ-ਮੂਸਾ ਅਲ ਜ਼ਰਕਾਵੀ ਵਲੋਂ ਅਲਕਾਇਦਾ ਦੇ ਅੰਗ ਵਜੋਂ ਇਸਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਗਿਆ। ਇਹ ਵਿਅਕਤੀ ਅਮਰੀਕੀ ਡਰੋਨ ਹਮਲੇ 'ਚ ਮਾਰਿਆ ਗਿਆ। ਅਬੂ-ਬਕਰ-ਅਲ-ਬਗਦਾਦੀ ਨਾਂ ਦੇ ਇੱਕ ਕਾਜ਼ੀ ਨੂੰ ਜ਼ਰਕਾਵੀ ਦਾ ਜਾਨਸ਼ੀਨ ਥਾਪਿਆ ਗਿਆ। ਬਗਦਾਦੀ ਦਾ ਪ੍ਰੀਵਾਰ ਆਪਣੇ ਆਪ ਨੂੰ ਪੈਗੰਬਰ ਮੁਹੰਮਦ ਦਾ ਵਾਰਸ ਖਾਨਦਾਨ ਸਮਝਦਾ ਹੈ। 2004 'ਚ ਬਗਦਾਦੀ ਨੂੰ ਦੱਖਣੀ ਇਰਾਕ 'ਚ ਅਮਰੀਕੀ ਫੌਜ ਦੀ ''ਕੈਂਪ ਬੱਕਾ'' ਜੇਲ• ਵਿੱਚ 10 ਮਹੀਨਿਆਂ ਲਈ ਕੈਦ ਰੱਖਿਆ ਗਿਆ। ਇਸ ਜੇਲ• ਨੂੰ ''ਜਹਾਦੀਆਂ'' ਦੀ ਪਨੀਰੀ ਤਿਆਰ ਕਰਨ ਵਾਲੇ ''ਸਕੂਲ'' ਵਜੋਂ ਜਾਣਿਆ ਜਾਂਦਾ ਹੈ। ਬਗਦਾਦੀ ਨੂੰ 2010 'ਚ ਇਸਲਾਮਿਕ ਸਟੇਟ ਦਾ ਮੁਖੀ ਥਾਪਿਆ ਗਿਆ। ਪਹਿਲਾਂ 2 ਇਹ ਇਰਾਕ 'ਤੇ ਅਮਰੀਕੀ ਸਾਮਰਾਜੀ ਕਬਜੇ ਖਿਲਾਫ ਹਥਿਆਰਬੰਦ ਲੜਾਈ ਲੜ ਰਹੇ ਕਈ ਸੁੰਨੀ ਮੁਸਲਿਮ ਗਰੁੱਪਾਂ 'ਚੋਂ ਇੱਕ ਸੀ। ਪਰ ਇਸ ਗਰੁੱਪ ਵਲੋਂ ਵੱਖ ਵੱਖ ਇਰਾਕੀ ਕਬੀਲਿਆਂ 'ਚੋਂ ਲੜਾਕੇ ਭਰਤੀ ਕਰਨ ਦੀ ਪਹੁੰਚ ਅਖਤਿਆਰ ਕੀਤੀ ਗਈ। ਅਰਬ-ਮੁਲਕਾਂ, ਵਿਸ਼ੇਸ਼ ਕਰਕੇ ਮਿਸਰ 'ਚ ਉੱਠੇ ਜਨਤਕ ਉਭਾਰ ਅਤੇ ਅਮਰੀਕੀ ਅਗਵਾਈ ਹੇਠਲੇ ਨਾਟੋ ਗੁੱਟ ਵਲੋਂ ਜਬਰੀ ਹਕੂਮਤ ਤਬਦੀਲੀ ਲਈ ਲਿਬੀਆ ਅਤੇ ਸੀਰੀਆਂ 'ਤੇ ਬੋਲੇ ਫੌਜੀ ਹਮਲਿਆ ਵਲੋਂ ਪਹਿਲਾਂ ਹੀ ਸੰਸਾਰ ਭਰ ਦੇ ਮੁਸਲਿਮ ਧਾਰਮਿਕ ਭਾਈਚਾਰੇ ਅੰਦਰ ਫ਼ਲਸਤੀਨੀ ਕੌਮ ਦੇ ਉਜਾੜੇ ਅਤੇ ਮਾਰਧਾੜ, ਅਤੇ ਇਰਾਕ ਅਫਗਾਨਿਸਤਾਨ 'ਤੇ ਬੋਲੇ ਧਾੜਵੀ ਹਮਲੇ ਤੇ ਕਬਜ਼ੇ ਖਿਲਾਫ਼ ਉਬਾਲੇ ਖਾ ਰਹੇ ਰੋਹ ਨੂੰ ਪਲੀਤਾ ਲਾਉਣ ਦਾ ਕੰਮ ਕੀਤਾ ਗਿਆ। ਸਿੱਟੇ ਵਜੋਂ ਯੂਰਪ ਤੱਕ ਤੋਂ ਲੈਕੇ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ 'ਚੋਂ ਬਹੁਤ ਸਾਰੇ ਮੁਸਲਿਮ ਨੌਜਵਾਨਾਂ ਵਲੋਂ ਆਈ.ਐਸ. ਦੀਆਂ ਲੜਾਕਾ ਸਫ਼ਾਂ ਵਿੱਚ ਸ਼ਾਮਲ ਹੋਣ ਦਾ ਵਰਤਾਰਾ ਸਾਹਮਣੇ ਆਇਆ ਜਿਸ ਨਾਲ ਆਈ.ਐਸ. ਦੀਆਂ ਸਫਾਂ ਦਾ ਤੇਜ਼ੀ ਨਾਲ ਵਧਾਰਾ-ਪਸਾਰਾ ਹੋਇਆ।
ਲੜਨ ਮਰਨ ਲਈ ਤਿਆਰ-ਬਰ-ਤਿਆਰ ਆਈ.ਐਸ. ਦੀ ਫੌਜ ਵਲੋਂ ਤੂਫ਼ਾਨੀ ਵੇਗ ਨਾਲ ਅਮਰੀਕੀ ਸਾਮਰਾਜੀਆਂ ਵਲੋਂ ਸਿੰਗਾਰੀ ਇਰਾਕ ਦੀ ਭਾੜੇ ਦੀ ਫੌਜ ਦੇ ਟਿਕਾਣਿਆਂ 'ਤੇ ਹਮਲਾ ਬੋਲਿਆ ਗਿਆ। ਆਈ.ਐਸ. ਦੀ ਫੌਜ ਨਾਲੋਂ ਗਿਣਤੀ 'ਚ ਕਈ ਗੁਣਾਂ ਜ਼ਿਆਦਾ ਇਰਾਕੀ ਫੌਜ ਉਸਦੇ ਹਮਲੇ ਅੱਗੇ ਭੱਜ ਨਿਕਲੀ। ਇਰਾਕੀ ਫੌਜ ਦੇ ਸੈਂਕੜੇ ਫੌਜੀ ਹਥਿਆਰ ਸਿੱਟਕੇ ਘਰਾਂ ਨੂੰ ਭੱਜ ਗਏ। ਇਉਂ, ਆਈ.ਐਸ. ਵਲੋਂ ਇਰਾਕ ਦੇ ਕਾਫ਼ੀ ਵੱਡੇ ਇਲਾਕੇ 'ਤੇ ਕਬਜ਼ਾ ਕਰ ਲਿਆ ਗਿਆ। ਇਸ ਇਲਾਕੇ 'ਚ ਦੋ ਵੱਡੇ ਸ਼ਹਿਰ ਮੌਸੂਲ ਅਤੇ ਰਮਾਦੀ ਸਥਿਤ ਹਨ। 2014 'ਚ ਮੌਸੂਲ 'ਤੇ ਕਬਜ਼ੇ ਤੋਂ ਬਾਦ ਪੈਗੰਬਰ ਮੁਹੰਮਦ ਦੀ ਖਾਨਦਾਨੀ ਵਰਾਸਤ ਦੀ ਪ੍ਰਤੀਕ ਕਾਲੀ ਪੱਗੜੀ ਪਹਿਨਦਿਆਂ, ਬਗਦਾਦੀ ਵਲੋਂ ਇਸਲਾਮ 'ਚ ਖਲੀਫਾ ਗੱਦੀ ਦੀ ਮੁੜ-ਸੁਰਜੀਤੀ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਦ, ਇਸ ਵਲੋਂ ਇਰਾਕ ਨਾਲ ਲੱਗਦੇ ਸੀਰੀਆ ਦੇ ਇੱਕ ਵੱਡੇ ਇਲਾਕੇ 'ਤੇ ਕਬਜ਼ਾ ਕਰ ਲਿਆ ਗਿਆ। ਇਉਂ, ਇਸ ਵਲੋਂ ਇਰਾਕੀ ਅਤੇ ਸੀਰੀਆਈ ਇਲਾਕਿਆਂ ਨੂੰ ਮਿਲਾਉਂਦਿਆਂ, ਇਸਲਾਮਿਕ ਸਟੇਟ ਅਮੀਰਾਤ ਦਾ ਐਲਾਨ ਕਰ ਦਿੱਤਾ ਗਿਆ।
ਆਈ.ਐਸ.-ਸਾਮਰਾਜੀ ਹਮਲੇ ਤੇ ਦਖ਼ਲਅੰਦਾਜੀ ਦੀ ਪੈਦਾਇਸ਼
ਇਉਂ, ਸਪਸ਼ਟ ਦੇਖਿਆ ਜਾ ਸਕਦਾ ਹੈ, ਕਿ ਸੰਸਾਰ ਭਰ ਦੇ ਸਾਮਰਾਜੀਆਂ, ਪਛੜੇ ਮੁਲਕਾਂ ਦੇ ਸਾਮਰਾਜੀ ਦਲਾਲ ਪਿਛਾਖੜੀ ਹਾਕਮਾਂ ਅਤੇ ਉਨਾਂ ਦੇ ਚਾਟੜੇ ਬੁੱਧੀਜੀਵੀਆਂ ਅਤੇ ਪ੍ਰਚਾਰ ਮਾਧਿਆਮ ਵਲੋਂ ਆਈ.ਐਸ ਨੂੰ ਜਿਵੇਂ ਮਹਿਜ਼ ਇੱਕ ''ਦਹਿਸ਼ਤਗਰਦ'' ਜਥੇਬੰਦੀ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਹੜੀ ਨਿਹੱਥੇ ਲੋਕਾਂ ਦੇ ਖੂਨ ਦੀ ਤਿਹਾਈ ਹੈ ਅਤੇ ਜਿਸਦਾ ਕੰਮ ਨਿਹੱਕੀ ਮਾਰਧਾੜਾ ਕਰਨਾ ਅਤੇ ਲੋਕਾਂ ਦੇ ਖੂਨ ਦੀ ਹੋਲੀ ਖੇਡਣਾ ਹੈ। ਇਹ ਨਾ ਸਿਰਫ਼ ਗਲਤ ਹੈ, ਗੁੰਮਰਾਹ ਕੁੰਨ ਹੈ, ਸਗੋਂ ਇਹ ਹਕੀਕਤ ਨੂੰ ਸਿਰ ਪਰਨੇ ਖੜਾ ਕਰਨਾ ਹੈ। ਇਸਦਾ ਮਕਸਦ ਕੂੜ-ਪ੍ਰਚਾਰ ਦੀ ਗਰਦੋਗੁਬਾਰ ਨਾਲ ਏਸ਼ੀਆਂ, ਅਫਰੀਕਾ ਤੇ ਲਾਤੀਨੀ ਅਮਰੀਕਾਂ ਦੇ ਮੁਲਕਾਂ, ਵਿਸ਼ੇਸ਼ ਕਰਕੇ ਅਫਗਾਨਿਸਤਾਨ, ਇਰਾਕ, ਲਿਬੀਆਂ, ਸੀਰੀਆ ਆਦਿ ਮੁਲਕਾਂ 'ਚ ਸਾਮਰਾਜੀ ਫੌਜੀ ਹਮਲੇ ਅਤੇ ਧੜਵੀ ਮਾਰਧਾੜ ਦੇ ਕਾਲੇ ਕਾਰਨਾਮਿਆਂ ਨੂੰ ਢੱਕਣਾ ਹੈ ਅਤੇ ਇਨ•ਾਂ ਕਾਲੇ ਸਾਮਰਾਜੀ ਕਾਰਨਾਮਿਆਂ ਖਿਲਾਫ਼ ਟੱਕਰ ਲੈ ਰਹੀਆਂ ਤਰ•ਾਂ ਤਰ•ਾਂ ਦੀਆਂ ਕੌਮਪ੍ਰਸਤ ਅਤੇ ਦੇਸ਼ ਭਗਤ ਤਾਕਤਾਂ ਨੂੰ ਦਹਿਸ਼ਤਗਰਦ ਗਰਦਾਨਦਿਆਂ ਅਤੇ ਉਨ•ਾਂ ਨੂੰ ਲੋਕਾਂ 'ਚੋਂ ਨਿਖੇੜਦਿਆਂ, ਖੂੰਖਾਰ ਹਮਲੇ ਦੀ ਮਾਰ ਹੇਠ ਲਿਆਉਣਾ ਹੈ।
ਅੱਜ ਏਸ਼ੀਆਈ, ਅਫਰੀਕੀ ਅਤੇ ਲਾਤੀਨੀ ਅਮਰੀਕੀ ਮੁਲਕ ਸਾਮਰਾਜੀ ਮੁਲਕਾਂ ਦੀ ਨਵ-ਬਸਤੀਆਨਾ ਲੁੱਟ-ਖੋਹ ਅਤੇ ਦਾਬੇ ਦੇ ਪੁੜਾ ਵਿਚਾਲੇ ਪਿਸ ਰਹੇ ਹਨ। ਤਿੱਖੇ ਆਰਥਿਕ ਸੰਕਟ ਦੀ ਘੁੰਮਣਘੇਰੀ 'ਚ ਫਸੇ ਸਾਮਰਾਜੀ ਮੁਲਕਾਂ ਵਲੋਂ ਇੱਕ ਹੱਥ ਇਸ ਸੰਕਟ ਦਾ ਭਾਰ ਪਛੜੇ ਮੁਲਕਾਂ 'ਤੇ ਲੱਦਿਆ ਜਾ ਰਿਹਾ ਹੈ, ਇਨ•ਾਂ ਮੁਲਕਾਂ ਦੀ ਸਸਤੀ ਕਿਰਤ, ਪੈਦਾਇਸ਼ ਅਤੇ ਦੌਲਤ-ਖਜ਼ਾਨਿਆਂ ਨੂੰ ਨਿਚੋੜਨ ਲਈ ਨਵੀਆਂ ਆਰਥਿਕ ਨੀਤੀਆਂ ਮੜ•ੀਆਂ ਜਾ ਰਹੀਆਂ ਹਨ, ਅਤੇ ਦੂਜੇ ਹੱਥ ਸਮਾਰਾਜੀ ਮਨਆਈਆਂ ਨੂੰ ਰਾਸ ਨਾ ਬਹਿੰਦੀਆਂ ਪਛੜੇ ਮੁਲਕਾਂ ਦੀਆਂ ਪਿਛਾਖੜੀ ਹਕੂਮਤਾਂ ਨੂੰ ਸਿੱਧਾ ਕਰਨ/ ਚਲਦਾ ਕਰਨ ਲਈ ਨੰਗੀ ਚਿੱਟੀ ਫੌਜੀ ਦਖ਼ਲਅੰਦਾਜ਼ੀ ਅਤੇ ਹਮਲੇ ਦੀਆਂ ਕਾਰਵਾਈਆਂ ਦਾ ਸਿਲਸਿਲਾ ਵਿੱਢਿਆ ਹੋਇਆ ਹੈ। ਵਿਸ਼ੇਸ਼ ਕਰਕੇ ਅਰਬ ਮੁਲਕਾਂ ਦੇ ਤੇਲ ਭੰਡਾਰਾਂ ਨੂੰ ਹਥਿਆਉਣ ਲਈ ਅਮਰੀਕੀ ਸਾਮਰਾਜੀਆਂ ਵਲੋਂ ਪੱਛਮੀ ਏਸ਼ੀਆਈ ਖਿਤੇ 'ਚ ਪੈਂਦੇ ਇਨ•ਾਂ ਮੁਲਕਾਂ ਨੂੰ ਆਪਣੀ ਸੰਸਾਰ ਸਿਆਸੀ-ਫੌਜੀ ਯੁੱਧ ਨੀਤੀ ਦਾ ਚੋਣਵਾਂ ਨਿਸ਼ਾਨਾ ਬਣਾਇਆ ਹੋਇਆ ਹੈ। 2003 'ਚ ਰਸਾਇਣਕ ਹਥਿਆਰ ਰੱਖਣ ਦਾ ਝੂਠਾ ਦੋਸ਼ ਥੱਪਦਿਆਂ, ਇਰਾਕ ਦੀ ਸੱਦਾਮ ਹੁਸੈਨ ਦੀ ਹਕੂਮਤ ਨੂੰ ਚੱਲਦਾ ਕਰਨ ਲਈ ਅਮਰੀਕੀ ਸਾਮਰਾਜ ਦੀ ਅਗਵਾਈ ਹੇਠਲੇ ਨਾਟੋ ਜੰਗੀ ਗੁੱਟ ਵੱਲੋਂ ਫੌਜੀ ਹਮਲਾ ਕੀਤਾ ਗਿਆ ਅਤੇ ਆਪਣੀ ਕੱਠਪੁਤਲੀ ਹਕੂਮਤ ਨੂੰ ਇਰਾਕ 'ਤੇ ਥੋਪਿਆ ਗਿਆ। ਸੱਦਾਮ ਹੁਸੈਨ ਨੂੰ ਫਾਂਸੀ 'ਤੇ ਲਟਕਾ ਕੇ ਮੌਤ ਦੇ ਘਾਟ ਉਤਾਰਿਆ ਗਿਆ। ਫਿਰ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਉਲਟਾਉਣ ਅਤੇ ਆਪਣੀ ਕੱਠਪੁਤਲੀ ਹਕੂਮਤ ਨੂੰ ਗੱਦੀ 'ਤੇ ਬਿਠਾਉਣ ਲਈ ਹਮਲਾ ਬੋਲਿਆ ਗਿਆ ਅਤੇ ਅਫਗਾਨਿਸਤਾਨ 'ਤੇ ਕਬਜਾ ਕੀਤਾ ਗਿਆ। ਲਿਬੀਆ ਦੀ ਕਰਨਲ ਗਦਾਫ਼ੀ ਦੀ ਹਕੂਮਤ ਨੂੰ ਗਦਾਫ਼ੀ ਵਿਰੋਧੀ ਅਨਸਰਾਂ ਨੂੰ ਹਥਿਆਰਬੰਦ ਕਰਦਿਆਂ, ਪਹਿਲਾਂ ਉੱਥੇ ਘਰੇਲੂ ਜੰਗ ਭੜਕਾਈ ਗਈ ਅਤੇ ਬਾਹਰੋਂ ਹਵਾਈ ਹਮਲਾ ਬੋਲਿਆ ਗਿਆ ਅਤੇ ਕਰਨਲ ਗਦਾਫ਼ੀ ਨੂੰ ਜ਼ਲੀਲ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ। ਸੀਰੀਆ ਦੀ ਬਸ਼ਰ-ਅਲ-ਅਸਦ ਦੀ ਹਕੂਮਤ ਉਲਟਾਉਣ ਲਈ ਅੰਦਰੋਂ ਅਸਦ ਵਿਰੋਧੀ ਅਨਸਰਾਂ ਨੂੰ ਹਥਿਆਰਬੰਦ ਕਰਦਿਆਂ, ਬਗਾਵਤ ਉਕਸਾਈ ਗਈ ਅਤੇ ਬਾਹਰੋਂ ਨਾਟੋਂ ਜੰਗੀ ਗੁੱਟ ਵਲੋਂ ਹਵਾਈ ਹਮਲਾ ਵਿੱਢਿਆ ਗਿਆ। ਪਾਕਿਸਤਾਨ ਦੇ ਅਫਗਾਨਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਅੰਦਰ ''ਦਹਿਸ਼ਤਗਰਦਾਂ'' ਨੂੰ ਕੁਚਲਣ ਦੇ ਨਾਂ ਹੇਠ ਡਰੋਨ ਹਮਲੇ ਵਿੱਢੇ ਗਏ ਅਤੇ ਨਿਹੱਥੇ ਲੋਕਾਂ 'ਤੇ ਮੌਤ ਵਰ•ਾਈ ਗਈ। ਇਨ•ਾਂ ਵਰਿ•ਆਂ ਦੌਰਾਨ ਅਮਰੀਕੀ ਸਾਮਰਾਜੀਆਂ ਅਤੇ ਉਨ•ਾਂ ਦੇ ਹਮਜੋਲੀ ਸਾਮਰਾਜੀਆਂ ਦਾ ਇਹ ਦੰਭ ਭਰਿਆੜ ਹੁੰਦਾ ਦੇਖਿਆ ਗਿਆ, ਕਿ ਇੱਕ ਪਾਸੇ ਯੂ.ਐਨ. ਦੇ ਅਖੌਤੀ ਮਤਿਆਂ ਨੂੰ ਲਾਗੂ ਕਰਾਉਣ ਦੇ ਨਾਂ ਹੇਠ ਇਰਾਕ ਅਤੇ ੇਅਫਗਾਨਿਸਤਾਨ 'ਤੇ ਫੌਜੀ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ, ਦੂਜੇ ਪਾਸੇ ਯੂ.ਐਨ. ਮਤਿਆਂ ਨੂੰ ਟਿੱਚ ਜਾਣਕੇ ਫ਼ਲਸਤੀਨੀ ਕੌਮ ਦਾ ਘਾਣ ਕਰ ਰਹੇ ਜਿਉਨਵਾਦੀ ਇਸਰਾਇਲੀ ਹਾਕਮਾਂ ਦੀ ਪਿੱਠ ਠੋਕਣ ਦਾ ਬੇਸ਼ਰਮ ਅਮਲ ਜਾਰੀ ਰੱਖਿਆ ਗਿਆ।
ਅਮਰੀਕੀ ਸਮਾਰਾਜ ਤੇ ਨਾਟੋ ਜੰਗੀ ਗੁੱਟ ਖਿਲਾਫ਼ ਜਨਤਕ ਰੋਹ
ਅਮਰੀਕੀ ਸਾਮਰਾਜੀਆਂ ਅਤੇ ਉਸਦੇ ਜੋਟੀਦਾਰ ਸਾਮਰਾਜੀ ਮੁਲਕਾਂ (ਫਰਾਂਸ, ਇੰਗਲੈਂਡ, ਜਾਪਾਨ, ਇਟਲੀ, ਆਦਿ) ਵਲੋਂ ਇਨ•ਾਂ ਇਸਲਾਮਿਕ ਵਸੋਂ ਵਾਲੇ ਮੁਲਕਾਂ 'ਤੇ ਧਾੜਵੀ ਹਮਲਾ ਕਰਨ, ਵਰਿ•ਆਂ ਬੱਧੀ ਕਬਜ਼ਾ ਜਮਾਈ ਰੱਖਣ, ਨਿਹੱਥੀ ਲੋਕਾਈ ਦੇ ਕਤਲੇਆਮ ਰਚਾਉਣ, ਔਰਤਾਂ ਦੀ ਬੇਪਤੀ ਕਰਨ, ਉਥੇ ਮਨ ਮਰਜੀ ਨਾਲ ਦਲਾਲ ਕੱਠਪੁਤਲੀ ਹਕੂਮਤਾਂ ਠੋਸਣ ਅਤੇ ਜ਼ਮੀਨ-ਜਾਇਦਾਦ ਤੇ ਮਾਲ-ਖਜ਼ਾਨਿਆਂ ਦੀ ਅੰਨ•ੀ ਲੁੱਟ ਮਚਾਉਣ ਦੀਆਂ ਕਾਰਵਾਈਆਂ ਲੋਕਾਂ ਅੰਦਰ ਤਿੱਖੇ ਪ੍ਰਤੀਕਰਮ ਅਤੇ ਰੋਹ ਨੂੰ ਜਗਾ-ਵਧਾ ਅਤੇ ਪ੍ਰਚੰਡ ਕਰ ਰਹੀਆਂ ਹਨ। ਸਾਮਰਾਜੀ ਧਾੜਵੀਆਂ ਵਲੋਂ ਜਬਰੋ-ਜੁਲਮ ਦੇ ਜੋਰ ਮੜ•ੀ ਕੌਮੀ ਜ਼ਲਾਲਤ, ਬੇ-ਗੈਰਤੀ ਅਤੇ ਗੁਲਾਮਾਨਾਂ ਦਾਬੇ ਦੀ ਹਾਲਤ ਲੋਕਾਂ ਦੀਆਂ ਕੌਮਪ੍ਰਸਤੀ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਜਖ਼ਮੀ ਕਰ ਰਹੀ ਹੈ। ਇਨ•ਾਂ 'ਤੇ ਲੂਣ ਛਿੜਕ ਰਹੀ ਹੈ। ਇਨ•ਾਂ ਨੂੰ ਸਾਮਰਾਜੀ ਬਘਿਆੜਾਂ ਖਿਲਾਫ਼ ਮੱਚੂੰ ਮੱਚੂੰ ਕਰਕੇ ਗੁੱਸੇ ਅਤੇ ਲੜਾਕੂ ਰੌਂਅ ਦੇ ਬਾਰੂਦ 'ਚ ਢਾਲ ਰਹੀ ਹੈ। ਸਾਮਰਾਜੀ ਧਾੜਵੀਆਂ ਖਿਲਾਫ਼ ਲੋਕਾਂ 'ਚ ਲਟ-ਲਟ ਬਲਦਾ ਇਹੀ ਗੁੱਸਾ ਅਤੇ ਲੜਾਕੂ ਰੌਂਅ ਹੈ, ਇਹੀ ਸਾਮਰਾਜ ਵਿਰੋਧੀ ਕੌਮਪ੍ਰਸਤੀ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਦੀ ਪ੍ਰਚੰਡ ਹੋਈ ਲਾਟ ਹੈ, ਜਿਹੜੀ ਅਮਰੀਕੀ ਅਤੇ ਉਸਦੇ ਹਮਜੋਲੀ ਸਾਮਰਾਜੀਆਂ ਦੀਆਂ ਧਾੜਵੀ ਅਤੇ ਭਾੜੇ ਦੀਆਂ ਫੌਜਾਂ ਦੇ ਪੈਰਾਂ ਹੇਠ ਅੰਗਿਆਰ ਬਣਕੇ ਬਲ ਰਹੀ ਹੈ, ਉਨ•ਾਂ 'ਤੇ ਮੌਤ ਬਣਕੇ ਵਰ• ਰਹੀ ਹੈ, ਸਾਮਰਾਜੀਆਂ ਦੇ ਇਨ•ਾਂ ਮੁਲਕਾਂ ਨੂੰ ਫੌਜੀ ਬੂਟਾਂ ਹੇਠ ਦਰੜਣ ਅਤੇ ਬੇਰੋਕਟੋਕ ਤੇ ਬੇਖੌਫ਼ ਲੁੱਟ-ਖੋਹ ਦੀ ਸ਼ਿਕਾਰਗਾਹ ਬਣਾਕੇ ਰੱਖਣ ਦੇ ਭਰਮ ਨੂੰ ਠੁੱਡ ਮਾਰ ਰਹੀ ਹੈ।
ਖ਼ਰੀ ਇਨਕਲਾਬੀ ਲੀਡਰਸ਼ਿਪ ਦਾ ਖਲਾਅ
1976 'ਚ ਮਾਓ-ਜ਼ੇ-ਤੁੰਗ ਦੀ ਮੌਤ ਤੋਂ ਬਾਦ ਚੀਨ ਅੰਦਰ ਸਰਮਾਏਦਾਰੀ ਦੀ ਬਹਾਲੀ ਹੋਣ, ਸਮਾਜਵਾਦੀ ਕੈਂਪ ਦਾ ਸੰਸਾਰ ਨਕਸ਼ੇ ਤੋਂ ਇੱਕ ਵਾਰੀ ਮਿਟ ਜਾਣ ਅਤੇ ਸੋਧਵਾਦ, ਵਿਸ਼ੇਸ਼ ਕਰਕੇ ਸੱਜੇ ਸੋਧਵਾਦ ਦੇ ਹਮਲੇ ਦੀ ਮਾਰ ਹੇਠ ਆਉਣ ਕਰਕੇ ਸੰਸਾਰ ਕਮਿਊਨਿਸਟ ਲਹਿਰ ਨੂੰ ਵੱਡੀ ਪਛਾੜ ਪੈਣ ਕਰਕੇ ਦੁਨੀਆਂ ਭਰ ਦੇ ਬਹੁਤ ਸਾਰੇ ਮੁਲਕਾਂ ਅੰਦਰ ਸਾਮਰਾਜੀ ਅਤੇ ਪਿਛਾਖੜੀ ਹਾਕਮਾਂ ਖਿਲਾਫ਼ ਉੱਠਣ ਵਾਲੀਆਂ ਲੋਕ ਲਹਿਰਾਂ ਨੂੰ ਇਨਕਲਾਬੀ ਅਗਵਾਈ ਦੇਂਣ ਦੀ ਹਾਲਤ ਪੱਖੋਂ ਵੱਡਾ ਖਲਾਅ ਪੈਦਾ ਹੋ ਗਿਆ। ਵਿਸ਼ੇਸ਼ ਕਰਕੇ ਏਸ਼ੀਆਂ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਮੁਲਕਾਂ ਅੰਦਰ ਸਾਮਰਾਜੀ ਲੁੱਟ-ਖੋਹ, ਦਾਬੇ, ਫੌਜੀ ਦਖ਼ਲਅੰਦਾਜੀ ਅਤੇ ਹਮਲੇ ਖਿਲਾਫ਼ ਭਾਂਬੜ ਬਣਕੇ ਉੱਠ ਰਹੀਆਂ ਲੋਕ ਲਹਿਰਾਂ ਨੂੰ ਖ਼ਰੀ ਇਨਕਲਾਬੀ ਅਗਵਾਈ ਭਾਲਣ ਪੱਖੋਂ ਬਹੁਤ ਹੀ ਘਾਟੇ ਵੰਦੀ ਅਤੇ ਮਾੜੀ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ•ਾਂ ਮਹਾਂਦੀਪਾਂ ਦੇ ਕੁਝ ਇੱਕ ਮੁਲਕਾਂ ਨੂੰ ਛੱਡਕੇ ਵੱਡੀ ਗਿਣਤੀ ਮੁਲਕਾਂ 'ਚ ਕਮਿਊਨਿਸਟ ਇਨਕਲਾਬੀ ਤਾਕਤਾਂ ਦੀ ਲੱਗਭੱਗ ਅਣਹੋਂਦ ਵਰਗੀ ਹਾਲਤ ਹੈ। ਬਹੁਤ ਸਾਰੇ ਮੁਲਕਾਂ 'ਚ ਇਹ ਤਾਕਤਾਂ ਜਾਂ ਤਾਂ ਮੌਜੂਦ ਹੀ ਨਹੀ ਹਨ ਅਤੇ ਜਾਂ ਫਿਰ ਬਹੁਤ ਹੀ ਛੋਟੀਆਂ ਤੇ ਕਮਜੋਰ ਟੁਕੜੀਆਂ ਹੋਣ ਕਰਕੇ ਅਗਵਾਈ ਦੇਣ ਦੀ ਮੰਗ 'ਤੇ ਪੂਰਾ ਉਤਰਨ ਜੋਗੀਆਂ ਨਹੀਂ ਹਨ।
ਵੱਖ-ਵੱਖ ਮੁਲਕਾਂ 'ਚ ਖ਼ਰੀ ਇਨਕਲਾਬੀ ਲੀਡਰਸ਼ਿਪ ਦੀ ਉਪਰੋਕਤ ਬਿਆਨ ਕੀਤੀ ਘਾਟੇਵੰਦੀ ਤੇ ਨਾਂਹਪੱਖੀ ਹਾਲਤ 'ਚ ਸਾਮਰਾਜ-ਵਿਰੋਧੀ ਜਨਤਕ ਰੋਹ-ਫੁਟਾਰਿਆਂ ਵਜੋਂ ਉੱਠਦੀਆਂ ਲੋਕ ਲਹਿਰਾਂ ਅਗਵਾਈ ਲਈ ਵੱਖ ਵੱਖ ਵੰਨਗੀ ਦੀਆਂ ਗੈਰ-ਕਮਿਊਨਿਸਟ ਇਨਕਲਾਬੀ ਤਾਕਤਾਂ ਵੱਲ ਝਾਕਦੀਆਂ ਹਨ। ਇਹ ਤਾਕਤਾਂ ਕੌਮਪ੍ਰਸਤ ਤੇ ਦੇਸ਼ਭਗਤ ਹੋ ਸਕਦੀਆਂ ਹਨ, ਨਿਕਬੁਰਜੂਆ ਇਨਕਲਾਬੀ ਹੋ ਸਕਦੀਆਂ ਹਨ, ਸਾਧਾਰਨ ਧਾਰਮਿਕ ਤਾਕਤਾਂ ਹੋ ਸਕਦੀਆਂ ਹਨ, ਤਾਲਿਬਾਨ ਅਤੇ ਆਈ.ਐਸ ਵਰਗੀਆਂ ਕੱਟੜ ਤੇ ਮੂਲਵਾਦੀ ਧਾਰਮਿਕ ਤਾਕਤਾਂ ਵੀ ਹੋ ਸਕਦੀਆਂ ਹਨ। ਇਨ•ਾਂ ਸਾਰੀਆਂ ਤਾਕਤਾਂ ਦਾ ਗੈਰ-ਪ੍ਰੋਲੇਤਾਰੀ ਜਮਾਤੀ-ਸਿਆਸੀ ਕਿਰਦਾਰ ਹੋਣ ਕਰਕੇ ਇਹਨਾਂ 'ਚ ਇੱਕ ਸਾਂਝਾਂ ਲੱਛਣ ਇਹ ਹੁੰਦਾ ਹੈ ਕਿ ਇਨ•ਾਂ ਦਾ ਸਾਮਰਾਜੀ ਵਿਰੋਧੀ ਨਜ਼ਰੀਆਂ ਵੱਧ ਘੱਟ ਧੁੰਦਲਾ ਹੁੰਦਾ ਹੈ, ਅਤੇ ਅਸਪਸ਼ਟਾ ਨਾਲ ਗ੍ਰਹਿਣਿਆਂ ਹੁੰਦਾ ਹੈ। ਇਹ ਸਾਮਰਾਜੀਆਂ ਦੀਆਂ ਫੌਰੀ, ਸਿੱਧੇ ਰੂਪ 'ਚ ਰੜਕਵੀਆਂ ਅਤੇ ਨੰਗੀਆਂ ਚਿੱਟੀਆਂ ਕਾਰਵਾਈਆਂ ਅਤੇ ਇਹਨਾਂ ਦੇ ਨਾਂਹ-ਪੱਖੀ/ਤਬਾਹਕੁੰਨ ਇਜਹਾਰਾਂ ਨੂੰ ਤਾਂ ਦੇਖਦੀਆਂ ਹਨ, ਪਰ ਮੁਲਕ ਦੇ ਆਰਥਿਕ, ਸਿਆਸੀ, ਸਮਾਜਿਕ-ਸਭਿਆਚਾਰਕ ਗਲਬੇ ਤੇ ਜਕੜ ਦੀ ਅਤੇ ਦਲਾਲ ਜਗੀਰਦਾਰੀ ਤੇ ਵੱਡੀ ਸਰਮਾਏਦਾਰੀ ਨਾਲ ਇਨ•ਾਂ ਦੇ ਗੱਠਜੋੜ ਦੀ ਪੂਰੀ ਥਾਹ ਪਾਉਣ ਪੱਖੋਂ ਆਹਰੀ ਹੁੰਦੀਆਂ ਹਨ। ਜਿਸ ਕਰਕੇ, ਉਹ ਮੁਲਕ ਤੋਂ ਸਾਮਰਾਜੀ ਗਲਬੇ, ਦਾਬੇ ਅਤੇ ਕਬਜ਼ੇ ਦਾ ਸਦੀਵੀ ਫਸਤਾਂ ਵੱਢਣ ਲਈ ਸਪਸ਼ਟ, ਭਰਵਾਂ ਅਤੇ ਦ੍ਰਿੜ• ਸਾਮਰਾਜ-ਜਾਗੀਰਦਾਰ ਵਿਰੋਧੀ ਸਿਆਸੀ ਪ੍ਰੋਗਰਾਮ ਤਹਿ ਕਰਨ 'ਚ ਨਾਕਾਮ ਰਹਿੰਦੀਆਂ ਹਨ। ਇਸ ਕਰਕੇ ਉਨ•ਾਂ ਦਾ ਸਾਮਰਾਜੀ ਦਖ਼ਲ, ਹਮਲੇ ਅਤੇ ਦਾਬੇ ਖਿਲਾਫ਼ ਲੜਾਈ ਦਾ ਪ੍ਰੋਗਰਾਮ ਅਸਪਸ਼ਟਤਾ ਅਤੇ ਘਚੋਲੇ ਭਰਿਆ ਹੁੰਦਾ ਹੈ। ਇਸ ਲਈ, ਜਦੋਜਹਿਦ ਦੌਰਾਨ ਡਾਂਵਾਂਡੋਲਤਾ ਉਨ•ਾਂ ਦੇ ਵਜੂਦ ਸਮੋਇਆ ਲੱਛਣ ਹੁੰਦਾ ਹੈ। ਸਿੱਟੇ ਵਜੋਂ, ਜਦੋਜਹਿਦ ਦੇ ਵੱਖ-ਵੱਖ ਮੋੜਾਂ-ਘੋੜਾਂ ਅਤੇ ਕਠਨਾਈਆਂ ਦੌਰਾਨ ਉਨ•ਾਂ ਦੇ ਥਿੜ•ਕ ਜਾਣ ਦਾ ਖਤਰਾਂ ਬਣਿਆ ਰਹਿੰਦਾ ਹੈ। ਸਾਮਰਾਜੀਆਂ ਅਤੇ ਉਨ•ਾਂ ਦੀਆਂ ਦਲਾਲ ਹਾਕਮ ਜਮਾਤਾਂ ਵਲੋਂ ਇਹਨਾਂ ਤਾਕਤਾਂ ਦੀ ਅਸਪਸ਼ਟਤਾ ਅਤੇ ਡਾਵਾਂਡੋਲਤਾ ਵਰਗੀਆਂ ਕਮਜੋਰੀਆਂ ਨੂੰ ਵਰਤਦਿਆਂ, ਇਹਨਾਂ ਤਾਕਤਾਂ ਨੂੰ ਭਟਕਾਉਣ, ਪਾੜਨ-ਖਿੰਡਾਉਣ ਅਤੇ ਸਿੱਧੇ-ਅਸਿੱਧੇ ਆਪਣੇ ਪੱਖ 'ਚ ਭੁਗਤਾਉਣ ਦੀਆਂ ਗੁੰਜਾਇਸ਼ਾਂ ਹੁੰਦੀਆਂ ਹਨ।
ਜਿੱਥੋਂ ਤੱਕ ਕੱਟੜ ਤੇ ਮੂਲਵਾਦੀ ਧਾਰਮਿਕ ਤਾਕਤਾਂ ਦਾ ਸਬੰਧ ਹੈ, ਇਹਨਾਂ ਵਲੋਂ ਅਪਣਾਈਆਂ ਜਾਂਦੀਆਂ ਸਿਆਸੀ ਅਤੇ ਫੌਜੀ ਨੀਤੀਆਂ ਅਤੇ ਪੈਂਤੜੇ ਅਜਿਹੇ ਹੰਦੇ ਹਨ, ਜਿਹੜੇ ਮੂਲਵਾਦੀ ਤੇ ਰੂੜੀਵਾਦੀ ਧਾਰਮਿਕ ਨਜ਼ਰੀਏ ਤੋਂ ਤਹਿ ਹੁੰਦੇ ਹਨ, ਜਿਸ ਕਰਕੇ ਇਹ ਸਾਮਰਾਜ ਖਿਲਾਫ਼ ਲੜਾਈ ਦੇ ਪ੍ਰੋਗਰਾਮ ਨੂੰ ਫਿਰਕੂ ਰੰਗਤ ਦੇ ਕੇ ਹੋਰ ਵੀ ਧੁੰਧਲਾਉਣ, ਲੜਾਈ ਦੀ ਧਾਰ ਨੂੰ ਪਾਸੇ ਭਟਕਾਉਣ ਅਤੇ ਲੋਕਾਂ ਦੇ ਸਮਾਜਿਕ-ਸਿਆਸੀ ਹੱਕਾਂ-ਹਿੱਤਾਂ ਨਾਲ ਟਕਰਾਅ 'ਚ ਆਉਣ ਤੱਕ ਦਾ ਕਾਰਨ ਬਣਦੇ ਹਨ। ਅਲ-ਕਾਇਦਾ, ਤਾਲਿਬਾਨ ਅਤੇ ਇਸਲਾਮਿਕ ਸਟੇਟ ਅਜਿਹੀਆਂ ਧਾਰਮਿਕ ਮੂਲਵਾਦੀ ਤਾਕਤਾਂ/ਜਥੇਬੰਦੀਆਂ ਹਨ, ਜਿਹੜੀਆਂ ਘੱਟ ਵੱਧ ਰੂਪ 'ਚ ਅਜਿਹਾ ਰੋਲ ਅਦਾ ਕਰ ਰਹੀਆਂ ਹਨ। ਅਫਗਾਨਿਸਤਾਨ ਅੰਦਰ ਤਾਲਿਬਾਨ ਨੂੰ ਪਹਿਲਾਂ ਅਮਰੀਕੀ ਸਾਮਰਾਜੀਆਂ ਵਲੋਂ ਰੂਸੀ ਸਾਮਰਾਜੀਆਂ ਦੀ ਕੱਠਪੁਤਲੀ ਹਕੂਮਤ ਨੂੰ ਚਲਦਾ ਕਰਨ ਲਈ ਹਥਿਆਰਬੰਦ ਕੀਤਾ ਗਿਆ ਅਤੇ ਵਰਤਿਆ ਗਿਆ। ਫਿਰ ਤਾਲਿਬਾਨ ਦੀਆਂ ਕਮਜੋਰੀਆਂ ਦਾ ਫਾਇਦਾ ਉਠਾਉਦਿਆਂ, ਅਫਗਾਨਿਸਤਾਨ 'ਤੇ ਹਮਲਾ ਕਰਕੇ ਉਸਨੂੰ ਚਲਦਾ ਕਰ ਦਿੱਤਾ ਗਿਆ।
ਆਈ.ਐਸ. ਵੀ ਅਜਿਹੀ ਹੀ ਸੁੰਨੀ ਇਸਲਾਮਿਕ ਮੂਲਵਾਦੀ ਜਥੇਬੰਦੀ ਹੈ, ਜਿਸ ਵਲੋਂ ਅਮਰੀਕੀ ਕਬਜੇ ਖਿਲਾਫ਼ ਲੜਾਈ ਵਿੱਢੀ ਗਈ ਹੈ ਅਤੇ ਇਸ ਲੜਾਈ ਨੂੰ ਸੀਰੀਆ ਤੇ ਹੋਰਨਾਂ ਮੁਲਕਾਂ ਤੱਕ ਫੈਲਾਉਣ ਦਾ ਬੀੜਾ ਚੁੱਕਿਆ ਗਿਆ ਹੈ। ਇਸਲਾਮਿਕ ਸਟੇਟ ਦਾ ਐਲਾਨ ਕਰਦਿਆਂ ਖਲੀਫਾ ਪਦ ਮੁੜ-ਬਹਾਲ ਕਰਨ ਅਤੇ ਸਥਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਈ.ਐਸ. ਦਾ ਇਹ ਪ੍ਰੋਗਰਾਮ ਪਿਛਾਂਹਖਿੱਚੂ ਮੂਲਵਾਦੀ ਧਾਰਮਿਕ-ਸਿਆਸੀ ਪ੍ਰੋਗਰਾਮ ਹੈ, ਜਿਹੜਾ ਸਮੁੱਚੀ ਇਸਲਾਮਿਕ ਅਬਾਦੀ ਨੂੰ ਮੱਧ ਯੁੱਗੀ ਹਨੇਰਗਰਦੀ ਮੂੰਹ ਲਿਜਾਣ ਦਾ ਨਿਸ਼ਾਨਾ ਰੱਖਦਾ ਹੈ। ਇਉਂ, ਇਸ ਵਲੋਂ ਅਮਰੀਕੀ ਸਾਮਰਾਜੀ ਅਤੇ ਨਾਟੋ ਜੰਗੀ ਗੁੱਟ ਖਿਲਾਫ਼ ਪਹਿਲਾਂ ਹੀ ਅਸਪਸ਼ਟਤਾ ਨਾਲ ਗ੍ਰਹਿਣੀ ਅਤੇ ਪਾਟੋਧਾੜ ਦਾ ਸ਼ਿਕਾਰ ਲੜਾਈ ਨੂੰ ਦੁਨੀਆਂ ਭਰ ਦੇ ਮੁਸਲਮਾਨ ਮੁਲਕਾਂ ਤੇ ਅਬਾਦੀ ਨੂੰ ਖਲੀਫ਼ੇ ਦੀ ਧਾਰਮਿਕ-ਸਿਆਸੀ ਅਗਵਾਈ ਹੇਠ ਇੱਕੋ ਇੱਕ ਮੁਲਕ-ਇਸਲਾਮਿਕ ਸਟੇਟ- ਹੇਠ ਲਿਆਉਣ ਦੇ ਜਹਾਦ ਦੇ ਮੁਤਹਿਤ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ ਵਿਸ਼ਾਲ ਸਾਮਰਾਜ ਵਿਰੋਧੀ ਮੁਸਲਿਮ ਜਨ-ਸਮੂੰਹ ਅੰਦਰ ਪਾਟਕ ਪਾਉਣ, ਲੜਾਈ ਨੂੰ ਭਟਕਾਉਣ ਅਤੇ ਇਸਦਾ ਸਾਮਰਾਜ ਤੇ ਉਸਦੇ ਦੱਲਿਆਂ ਦੇ ਢਹੇ ਚੜ• ਜਾਣ ਦਾ ਸਾਮਾਨ ਤਿਆਰ ਕਰਨ ਦਾ ਕੰਮ ਵਿੱਢ ਦਿੱਤਾ ਗਿਆ ਹੈ। ਉਸਦੀ ਮੱਧਯੁੱਗੀ ਕੱਟੜ ਤੇ ਮੂਲਵਾਦੀ ਧਾਰਮਿਕ ਸੋਚ 'ਚੋਂ ਹੀ ਉਸ ਵੱਲੋਂ (ਸਾਮਰਾਜੀਆਂ ਵੱਲੋਂ ਰਚੇ ਜਾ ਰਹੇ ਕਤਲੇਆਮਾਂ ਦਾ ਬਦਲਾ ਲੈਣ ਲਈ) ਫੜੇ ਗਏ ਵਿਰੋਧੀਆਂ ਅਤੇ ਸਾਮਰਾਜੀ ਮੁਲਕਾਂ ਦੇ ਬਸ਼ਿੰਦਿਆਂ ਨੂੰ ਗੱਲਵੱਢ ਕੇ ਮੌਤ ਦੇ ਘਾਟ ਉਤਾਰਨ ਅਤੇ ਲਿਬਲਾਨ, ਟਰਕੀ, ਫਰਾਂਸ ਵਗੈਰਾ 'ਚ ਕਤਲੇਆਮ ਰਚਾਉਣ ਵਰਗੀਆਂ ਨਿਹੱਕੀਆਂ ਤੇ ਘਿਨਾਉਣੀਆਂ ਵਾਰਦਾਤਾਂ ਰਚਾਉਣ ਦੇ ਪੈਂਤੜੇ ਨਿਕਲਦੇ ਹਨ, ਜਿਹੜੇ ਦੁਨੀਆਂ ਭਰ, ਵਿਸ਼ੇਸ਼ ਕਰਕੇ ਸਾਮਰਾਜੀ-ਸਰਮਾਏਦਾਰ ਮੁਲਕਾਂ ਦੀ ਮਿਹਨਤਕਸ਼ ਜਨਤਾ ਅੰਦਰ ਇਨ•ਾਂ ਖਿਲਾਫ਼ ਤਿੱਖੇ ਪ੍ਰਤੀਕਰਮ ਤੇ ਰੋਸ ਜਗਾਉਣ ਅਤੇ ਫੈਲਾਉਣ ਦਾ ਸਬੱਬ ਬਣਦੇ ਹਨ। ਸਾਮਰਾਜੀ ਲਾਣੇ ਅਤੇ ਉਨ•ਾਂ ਦੇ ਪ੍ਰਚਾਰ ਸਾਧਨਾਂ ਵਲੋਂ ਇੱਕ ਪਾਸੇ ਇਸ ਜਨਤਕ ਪ੍ਰਤੀਕਰਮ ਅਤੇ ਰੋਸ 'ਤੇ ਸਵਾਰ ਹੁੰਦਿਆਂ, ਜਿੱਥੇ ਮੁਸਲਿਮ ਮੁਲਕਾਂ ਅੰਦਰ ਸਾਮਰਾਜ ਵਿਰੋਧੀ ਖੇਮੇ 'ਚ ਪਾਟਕ ਨੂੰ ਹਵਾ ਦੇਣ, ਆਈ.ਐਸ. ਖਿਲਾਫ਼ ਔਖ ਤੇ ਵਿਰੋਧ ਨੂੰ ਵਰਤਣ, ਇਸਨੂੰ ਨਿਖੇੜਨ ਅਤੇ ਚੋਣਵਾਂ ਨਿਸ਼ਾਨਾ ਬਣਾਉਣ ਦਾ ਪੈਂਤੜਾ ਅਖਤਿਆਰ ਕੀਤਾ ਜਾ ਰਿਹਾ ਹੈ, ਉਥੇ ਆਈ.ਐਸ. ਦੀਆਂ ਅਜਿਹੀਆਂ ਕੁੱਢਰ ਅਤੇ ਘਿਨਾਉਣੀਆਂ ਕਾਰਵਾਈਆਂ ਨੂੰ ਖ਼ੂਬ ਉਛਾਲਦਿਆਂ ਸਮੁੱਚੀਆਂ ਸਾਮਰਾਜ ਅਤੇ ਪਿਛਾਖੜ ਵਿਰੋਧੀ ਖ਼ਰੀਆਂ ਕੌਮਪ੍ਰਸਤ ਅਤੇ ਇਨਕਲਾਬੀ ਲਹਿਰਾਂ 'ਤੇ ''ਦਹਿਸ਼ਤਗਰਦ ਹੋਣ'' ਦਾ ਠੱਪਾ ਲਾਕੇ ਇਨ•ਾਂ ਨੂੰ ਕੁਚਲ ਸਿੱਟਣ ਲਈ ਸੰਸਾਰ-ਵਿਆਪੀ ਸਾਮਰਾਜੀ ਅਤੇ ਪਿਛਾਖੜੀ ਤਾਕਤਾਂ ਦਾ ਸਾਂਝਾ ਮੁਹਾਜ਼ ਸਿਰਜਣ ਦਾ ਬੀੜਾ ਚੁੱਕਿਆ ਜਾ ਰਿਹਾ ਹੈ। ਅਮਰੀਕੀ, ਫਰਾਂਸੀਸੀ ਅਤੇ ਬਰਤਾਨਵੀ ਸਾਮਰਾਜੀ ਹਕੂਮਤੀ ਮੁਖੀਆਂ ਦੀਆਂ ਅਜਿਹਾ ਮੁਹਾਜ਼ ਸਿਰਜਣ ਦੀਆਂ ਕੋਸ਼ਿਸ਼ਾਂ ਨੂੰ ਭਾਰਤੀ ਪ੍ਰਧਾਨ ਮੰਤਰੀ ਮੋਦੀ ਵਲੋਂ ਅੱਡੀਆਂ ਚੁੱਕ ਚੁੱਕ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਵਖਰੇਵੇਂ ਭਰੀ ਪਹੁੰਚ ਅਪਣਾਓ
ਜਿਵੇਂ ਸਭਨਾਂ ਸਾਮਰਾਜ ਵਿਰੋਧੀ ਲਹਿਰਾਂ ਅਤੇ ਇਨ•ਾਂ ਦੀਆਂ ਲੀਡਰਸ਼ਿੱਪਾਂ ਪ੍ਰਤੀ ਵਖਰੇਂਵੇ ਵਾਲੀ ਅਤੇ ਪੜਚੋਲੀਆ ਪਹੁੰਚ (ਡਿਫਰੈਂਸ਼ੀਏਟਡ ਐਂਡ ਕ੍ਰੀਟੀਕਲ ਅਪਰੋਚ) ਅਪਣਾਉਣੀ ਚਾਹੀਦੀ ਹੈ, ਉਂਵੇ ਆਈ.ਐਸ ਬਾਰੇ ਜਾਇਜਾ ਬਣਾਉਣ ਲਈ ਵੀ ਇਹੀ ਪਹੁੰਚ ਅਖਤਿਆਰ ਕਰਨੀ ਚਾਹੀਦੀ ਹੈ। ਸਾਮਰਾਜੀ ਲੁੱਟ, ਦਾਬੇ, ਹਮਲੇ ਜਾਂ ਕਬਜ਼ੇ ਖਿਲਾਫ਼ ਉੱਠ ਰਹੀ ਅਤੇ ਜਦੋਜਹਿਦ ਦੇ ਰਾਹ ਪੈ ਰਹੀ ਜਨਤਾ ਅਤੇ ਲੀਡਰਸ਼ਿੱਪ ਦਰਮਿਆਨ, ਅਤੇ ਲੀਡਰਸ਼ਿੱਪ ਦੇ ਹਾਂ-ਪੱਖੀ ਅਤੇ ਨਾਂਹ ਪੱਖੀ ਲੱਛਣਾਂ ਦਰਮਿਆਨ ਨਿਖੇੜਾ ਕਰਨਾ ਚਾਹੀਦਾ ਹੈ। ਜਿਥੇ ਸਾਮਰਾਜ ਵਿਰੋਧ 'ਚ ਉੱਠ ਰਹੀ ਜਨਤਕ ਲਹਿਰ ਅਤੇ ਇਸਦੇ ਖ਼ਰੇ ਸਾਮਰਾਜ ਵਿਰੋਧੀ ਸਰੋਕਾਰਾਂ ਦੀ ਡੱਟਵੀਂ ਹਮਾਇਤ ਕਰਨੀ ਚਾਹੀਦੀ ਹੈ, ਉਥੇ ਲੀਡਰਸ਼ਿੱਪ ਪ੍ਰਤੀ ਪੜਚੋਲੀਆਂ ਪਹੁੰਚ ਅਖਤਿਆਰ ਕਰਨੀ ਚਾਹੀਦੀ ਹੈ। ਉਸਦੇ ਹਾਂ-ਪੱਖਾਂ ਦੀ ਹਮਾਇਤ ਕਰਦਿਆਂ, ਨਾਂਹ-ਪੱਖਾਂ ਨਾਲੋਂ ਸਪਸ਼ਟ ਨਿਖੇੜਾ ਕਰਨਾ ਚਾਹੀਦਾ ਹੈ। ਢੁੱਕਵੇਂ ਰੂਪਾਂ ਤੇ ਢੰਗਾਂ ਰਾਹੀਂ ਇਨ•ਾਂ ਨਾਂਹ-ਪੱਖਾਂ ਦੀ ਪੜਚੋਲ ਕਰਨੀ ਚਾਹੀਦੀ ਹੈ।
ਆਈ.ਐਸ. ਪ੍ਰਤੀ ਵੀ ਇਹੀ ਪਹੁੰਚ ਅਖਤਿਆਰ ਕਰਨੀ ਚਾਹੀਦੀ ਹੈ। ਜਿਥੇ ਉਸ ਵਲੋਂ ਅਰਬ-ਮੁਲਕਾਂ ਅੰਦਰ ਸਾਮਰਾਜੀ ਮੁਲਕਾਂ ਵਲੋਂ ਕੀਤੀ ਜਾ ਰਹੀ ਧਾੜਵੀ ਲੁੱਟ ਅਤੇ ਫੌਜੀ ਬੁਰਛਾਗਰਦੀ ਖਿਲਾਫ਼ ਹੱਕੀ ਲੜਾਈ ਦੇ ਹੱਕ 'ਚ ਆਵਾਜ਼ ਉਠਾਉਣੀ ਚਾਹੀਦੀ ਹੈ, ਉਥੇ ਉਸਦੀ ਮੱਧਯੁੱਗੀ ਤੇ ਮੂਲਵਾਦੀ ਧਾਰਮਿਕ ਪਹੁੰਚ, ਖਲੀਫਾ ਦੀ ਅਗਵਾਈ 'ਚ ਇਸਲਾਮਿਕ ਸਟੇਟ ਉਸਾਰਨ ਦੇ ਪਿਛਾਖੜੀ ਨਿਸ਼ਾਨੇ ਅਤੇ ਸਾਮਰਾਜੀ ਤੇ ਪਿਛਾਂਹ-ਖਿੱਚੂ ਹਾਕਮਾਂ ਦੀਆਂ ਮੁਜਰਮਾਨਾਂ ਕਾਰਵਾਈਆਂ ਦਾ ਬਦਲਾ ਲੈਣ ਲਈ ਸਾਮਰਾਜੀ ਮੁਲਕਾਂ ਦੇ ਸਾਧਾਰਨ ਨਿਹੱਥੇ ਲੋਕਾਂ ਦਾ ਕਤਲੇਆਮ ਰਚਾਉਣ ਵਰਗੀਆਂ ਨਿਹੱਕੀਆਂ ਕਾਰਵਾਈਆਂ ਦਾ ਖੰਡਨ ਅਤੇ ਵਿਰੋਧ ਕਰਨਾ ਚਾਹੀਦਾ ਹੈ।
ਆਈ.ਐਸ. ਅਤੇ ਸਾਮਰਾਜੀਆਂ ਦੀਆਂ ਨਿਹੱਕੀਆਂ ਕਾਰਵਾਈਆਂ 'ਚ ਨਿਖੇੜਾ
ਪਰ ਇਹ ਵਿਰੋਧ ਕਰਦਿਆਂ ਸਾਮਰਾਜੀਆਂ ਵਲੋਂ ਪਛੜੇ ਮੁਲਕਾਂ ਅੰਦਰ ਫੌਜੀ ਹਮਲੇ ਅਤੇ ਡਰੋਨ ਹਮਲਿਆਂ ਰਾਹੀਂ ਲੱਖਾਂ ਲੋਕਾਂ ਦੇ ਜਾਰੀ ਕਤਲੇਆਮ ਅਤੇ ਬੇ-ਰਹਿਮ ਮਾਰਧਾੜ ਦੀਆਂ ਕਾਰਵਾਈਆਂ ਅਤੇ ਆਈ.ਐਸ ਦੀਆਂ ਇਨ•ਾਂ ਨਿਹੱਕੀਆਂ ਕਾਰਵਾਈਆਂ ਨੂੰ ਰੱਲਗੱਡ ਕਰਨ ਦੀ ਬਜਾਇ, ਇਹਨਾਂ ਦਰਮਿਆਨ ਸਪਸ਼ਟ ਨਿਖੇੜਾ ਕਰਨਾ ਚਾਹੀਦਾ ਹੈ। ਆਈ.ਐਸ. ਦੀਆਂ ਪੈਰਿਸ, ਅੰਕਾਰਾ ਤੇ ਬੈਰੂਤ ਕਤਲੇਆਮ ਜਿਹੀਆਂ ਕਾਰਵਾਈਆਂ ਸਾਮਰਾਜੀ ਲੁੱਟ ਤੇ ਜਬਰ ਜ਼ੁਲਮ ਦੇ ਸ਼ਿਕਾਰ ਮੁਲਕਾਂ ਦੀ ਜਨਤਾ ਦੇ ਪ੍ਰਤੀਕਰਮ ਨੂੰ ਸਹੀ ਲੀਡਰਸ਼ਿੱਪ ਦੀ ਅਣਹੋਂਦ 'ਚ ਇੱਕ ਭਟਕਣਗ੍ਰਸਤ ਲੀਡਰਸ਼ਿੱਪ ਵਲੋਂ ਦਿੱਤੇ ਗਏ ਭਟਕੇ ਤੇ ਗਲਤ ਮੂੰਹੇ ਦਾ ਨਤੀਜਾ ਹਨ। ਇਨ•ਾਂ ਦਾ ਮਕਸਦ ਨਾ ਸਾਮਰਾਜੀ ਮੁਲਕਾਂ ਦੀ ਲੁੱਟ ਕਰਨਾ ਹੈ ਅਤੇ ਨਾ ਹੀ ਉਨ•ਾਂ ਨੂੰ ਅਧੀਨ ਕਰਨਾ ਹੈ। ਇਸ ਦੇ ਉਲਟ ਸਾਮਰਾਜੀਆਂ ਵਲੋਂ ਇਨ•ਾਂ ਮੁਲਕਾਂ 'ਚ ਫੌਜੀ ਦਖ਼ਲ ਦੇਣ, ਹਮਲੇ ਕਰਨ, ਕਬਜਾ ਕਰਨ ਅਤੇ ਦਹਿ-ਲੱਖਾਂ ਨਿਹੱਥੇ ਲੋਕਾਂ ਦਾ ਕਤਲੇਆਮ ਰਚਾਉਣ ਦੀਆਂ ਕਾਰਵਾਈਆਂ ਦਾ ਨੰਗਾ-ਚਿੱਟਾ ਮਕਸਦ ਇਨ•ਾਂ ਮੁਲਕਾਂ 'ਤੇ ਸਾਮਰਾਜੀ ਲੁੱਟ-ਖੋਹ ਅਤੇ ਦਾਬੇ ਦੇ ਸ਼ਿਕੰਜੇ ਨੂੰ ਕਾਇਮ ਰੱਖਣਾ ਹੈ, ਹੋਰ ਮਜ਼ਬੂਤ ਕਰਨਾ ਹੈ। ਇਨ•ਾਂ ਮੁਲਕਾਂ ਦੀ ਸਸਤੀ ਕਿਰਤ ਅਤੇ ਅਮੁਲ ਦੌਲਤ-ਖ਼ਜ਼ਾਨਿਆਂ ਨੂੰ ਚੂੰਡਣਾ ਹੈ। ਅੱਜ ਅਮਰੀਕੀ ਸਾਮਰਾਜੀਏ ਅਤੇ ਉਸਦੀ ਅਗਵਾਈ ਹੇਠਲੇ ਨਾਟੋ ਜੰਗੀ-ਗੁੱਟ 'ਚ ਸ਼ਾਮਲ ਦੂਸਰੇ ਸਾਮਰਾਜੀ ਮੁਲਕਾਂ ਵਲੋਂ ਪਛੜੇ ਮੁਲਕਾਂ ਅੰਦਰ ਫੌਜੀ ਹਮਲੇ, ਕਬਜ਼ੇ ਅਤੇ ਹਵਾਈ ਬੰਬਾਰੀ ਜਿਹੀਆਂ ਬੁਰਛਾਗਰਦੀ ਦੀਆਂ ਜੰਗੀ ਕਾਰਵਾਈਆਂ ਦਾ ਇੱਕ ਸਿਲਸਿਲਾ ਵਿੱਢਿਆ ਹੋਇਆ ਹੈ।
ਇਸ ਲਈ, ਸਭਨਾਂ ਕਮਿਊਨਿਸਟ ਇਨਕਲਾਬੀ, ਸਾਮਰਾਜੀ ਵਿਰੋਧੀ ਅਤੇ ਇਨਸਾਫਪਸੰਦ ਤਾਕਤਾਂ ਨੂੰ ਸਾਮਰਾਜੀ ਲੁੱਟ, ਦਾਬੇ ਅਤੇ ਹਮਲੇ ਦੀ ਮਾਰ ਹੇਠ ਆਈਆਂ ਕੌਮਾਂ ਅਤੇ ਮੁਲਕਾਂ ਦੇ ਲੋਕਾਂ ਦੀ ਟਾਕਰਾ ਲਹਿਰ ਅੰਦਰੋਂ ਆਏ ਕਿਸੇ ਭਟਕੇ/ਗਲਤ ਪ੍ਰਤੀਕਰਮ 'ਤੇ ਅੱਗ ਬਬੂਲਾ ਹੋਏ ਸਾਮਰਾਜੀ ਦੈਂਤਾਂ ਅਤੇ ਉਨ•ਾਂ ਦੇ ਪ੍ਰਚਾਰ ਸਾਧਨਾਂ ਵਲੋਂ ਵਿੱਢੀ ਝਲਿਆਈ ਪ੍ਰਚਾਰ ਮੁਹਿੰਮ ਦੇ ਕੋਝੇ ਲੋਕ-ਦੁਸ਼ਮਣ ਮਨਸੂਬਿਆਂ ਨੂੰ ਬੁੱਝਣਾ ਚਾਹੀਦਾ ਹੈ ਅਤੇ ਇਨ•ਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਇਸ ਝੱਲਿਆਏ ਪ੍ਰਚਾਰ ਹੱਲੇ ਦਾ ਮਕਸਦ ਆਪਣੇ ਸਾਮਰਾਜੀ ਕੁਕਰਮਾਂ ਦੀਆਂ ਸ਼ਿਕਾਰ ਲੁੱਟੀਆਂ-ਲਤਾੜੀਆਂ ਕੌਮਾਂ ਅਤੇ ਮੁਲਕਾਂ ਦੇ ਲੋਕਾਂ ਦੀਆਂ ਹੱਕੀ ਸਾਮਰਾਜ ਅਤੇ ਪਿਛਾਖੜ ਵਿਰੋਧੀ ਲਹਿਰਾਂ ਨੂੰ ''ਦਹਿਸ਼ਤਗਰਦੀ ਵਿਰੋਧੀ ਜੰਗ'' ਦੀ ਓਟ 'ਚ ਦਰੜਨ ਲਈ ਚਲਾਈ ਹਮਲਾਵਰ ਮੁਹਿੰਮ ਨੂੰ ਵਾਜਬੀਅਤ ਮੁਹੱਈਆ ਕਰਨਾ ਹੈ। ਸਾਮਰਾਜੀ ਮੁਲਕਾਂ ਦੀ ਮਿਹਨਤਕਸ਼ ਜਨਤਾ ਅੰਦਰ ਕੌਮੀ ਜਨੂੰਨ ਭੜਕਾਉਂਦਿਆਂ, ਉਹਨਾਂ ਨੂੰ ਆਪਣੇ ਕੋਝੇ ਸਾਮਰਾਜੀ ਮਨਸੂਬਿਆਂ ਦੀ ਹਮਾਇਤ ਵਿੱਚ ਲਾਮਬੰਦ ਕਰਨਾ ਹੈ ਅਤੇ ਪਛੜੇ ਮੁਲਕਾਂ ਵਿੱਚ ਆਪਣੀਆਂ ਹੀ ਸਾਮਰਾਜ-ਵਿਰੋਧੀ ਲਹਿਰਾਂ ਬਾਰੇ ਘਚੋਲਾ ਪਾਉਂਦਿਆਂ, ਇਹਨਾਂ ਲਹਿਰਾਂ ਨੂੰ ਲੋਕ ਹਮਾਇਤ ਤੋਂ ਵਿਰਵੇਂ ਕਰਨਾ ਹੈ ਅਤੇ ਜਨਤਕ ਖੇੜੇ ਵਿੱਚ ਸੁੱਟਣਾ ਹੈ।
ਇਸ ਲਈ, ਸਾਮਰਾਜ ਦੇ ਇਹਨਾਂ ਕੋਝੇ ਮਨਸੂਬਿਆਂ ਦਾ ਪਰਦਾਚਾਕ ਕਰਦਿਆਂ, ਸਾਮਰਾਜੀ ਲੁੱਟ-ਖੋਹ, ਦਾਬੇ ਅਤੇ ਹਮਲੇ ਖਿਲਾਫ ਲੜਾਈ ਦੇ ਕਾਰਜ ਨੂੰ ਇਹਨਾਂ ਮੁਲਕਾਂ ਦੀਆਂ ਸਭਨਾਂ ਸਾਮਰਾਜ ਵਿਰੋਧੀ ਤਾਕਤਾਂ ਵੱਲੋਂ ਪ੍ਰਮੁੱਖ ਕਾਰਜ ਵਜੋਂ ਬੁਲੰਦ ਕਰਨਾ ਚਾਹੀਦਾ ਹੈ। ਇਸ ਕਾਰਜ ਨੂੰ ਸਿਰਮੌਰ ਰੱਖਦਿਆਂ, ਜਿੱਥੇ ਆਈ.ਐੱਸ. ਦੀ ਸਾਮਰਾਜ-ਵਿਰੋਧੀ ਲੜਾਈ ਦੀ ਹਮਾਇਤ ਕਰਨੀ ਚਾਹੀਦੀ ਹੈ, ਉੱਥੇ ਉਸਦੀਆਂ ਧਾਰਮਿਕ ਮੂਲਵਾਦ ਦੀਆਂ ਪੈਦਾਇਸ਼ ਕੱਟੜਪੰਥੀ, ਪਿਛਾਂਹਖਿੱਚੂ, ਗੈਰ-ਜਮਹੂਰੀ ਅਤੇ ਧੱਕੜ ਨੀਤੀਆਂ ਅਤੇ ਕਾਰਵਾਈਆਂ ਦਾ ਪਰਦਾਚਾਕ ਤੇ ਵਿਰੋਧ ਕਰਨਾ ਚਾਹੀਦਾ ਹੈ, ਪਰ ਇਸ ਨੂੰ ਪਹਿਲੇ ਦੇ ਮਾਤਹਿਤ ਰੱਖਣਾ ਚਾਹੀਦਾ ਹੈ।
No comments:
Post a Comment