ਚੇਨੱਈ 'ਚ ਹੜ•ਾਂ ਵੱਲੋਂ ਮਚਾਈ ਤਬਾਹੀ ਲਈ
ਖੁਦ ਹਾਕਮ ਮੁਜਰਿਮਾਂ ਦੇ ਕਟਹਿਰੇ 'ਚ
-ਪਵਨ
1 ਦਸੰਬਰ ਤੋਂ 4 ਦਸੰਬਰ ਦੌਰਾਨ, ਤਾਮਿਲਨਾਡੂ, ਮਦਰਾਸ (ਚੇਨੱਈ) ਵਿੱਚ ਲਗਾਤਾਰ ਹੋਈ 1522.7 ਮਿਲੀਮੀਟਰ (ਪੰਜ ਫੁੱਟ ਇੱਕ ਇੰਚ) ਬਾਰਸ਼ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ ਸੈਂਕੜੇ ਲੋਕਾਂ ਦੇ ਮਾਰੇ ਜਾਣ, ਲੱਖਾਂ ਦੇ ਘਰ-ਬਾਰ, ਝੁੱਗੀਆਂ-ਝੌਂਪੜੀਆਂ ਢਹਿਣ ਨਾਲ, ਸੜਕਾਂ-ਬਜ਼ਾਰਾਂ ਵਿੱਚ ਪਾਣੀ ਭਰਨ ਨਾਲ ਅਰਬਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਸਨਅੱਤਾਂ, ਕਾਰੋਬਾਰੀ ਅਦਾਰਿਆਂ, ਸਕੂਲਾਂ, ਕਾਲਜਾਂ, ਕੰਮ-ਕਾਜੀ ਦਫਤਰਾਂ, ਰੇਲਵੇ, ਆਵਾਜਾਈ, ਡਾਕ-ਤਾਰ, ਹਸਪਤਾਲ ਸਮੇਤ ਬਿਜਲੀ-ਪਾਣੀ ਦੀ ਸਪਲਾਈ ਬੰਦ ਹੋਣ ਨਾਲ ਕਰੋੜਾਂ ਹੀ ਲੋਕਾਂ ਦੀ ਜ਼ਿੰਦਗੀ ਡੁਬਕੀਆਂ ਖਾਂਦੀ ਰਹੀ ਹੈ। ਜਿੱਥੇ ਘਰਾਂ-ਬਾਰਾਂ, ਕਾਰੋਬਾਰਾਂ, ਫਸਲਾਂ ਦੇ ਉੱਜੜਨ ਨਾਲ ਫੌਰੀ ਤੌਰ 'ਤੇ ਹੀ ਲੋਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਸਰਕਾਰੀ ਤੰਤਰ ਵੱਲੋਂ ਵਰਤੀ ਗਈ ਲਾ-ਪ੍ਰਵਾਹੀ ਨੇ ਵਕਤੀ ਤੌਰ 'ਤੇ ਹੀ ਲੋਕਾਂ ਦਾ ਘਾਣ ਨਹੀਂ ਕੀਤਾ ਬਲਕਿ ਇਸਦੀ ਮਾਰ ਨਾਲ ਦੂਰ-ਗਾਮੀ ਉਖੇੜਿਆਂ ਨੂੰ ਲੋਕਾਂ ਨੇ ਬਾਅਦ ਵਿੱਚ ਵੀ ਝੱਲਦੇ ਰਹਿਣਾ ਹੈ। ਦੇਖਣ ਨੂੰ ਹੜ•ਾਂ ਨਾਲ ਹੋਈ ਤਬਾਹੀ ਕੋਈ ਕੁਦਰਤੀ ਵਰਤਾਰਾ ਹੀ ਲੱਗਦੀ ਹੈ, ਪਰ ਇਹ ਮਹਿਜ਼ ਕੁਦਰਤੀ ਵਰਤਾਰਾ ਨਹੀਂ ਬਲਕਿ ਇੱਥੋਂ ਦੀਆਂ ਹਕੂਮਤਾਂ ਵੱਲੋਂ ਕੀਤਾ ਕਾਰਾ ਹੈ। ਹੜ•-ਭੁਚਾਲ, ਤੂਫ਼ਾਨ-ਸੋਕੇ ਆਦਿ ਤਾਂ ਪਹਿਲਾਂ ਵੀ ਆਉਂਦੇ ਰਹੇ ਹਨ ਅਤੇ ਅਗਾਂਹ ਵੀ ਆਉਂਦੇ ਰਹਿਣਗੇ ਪਰ ਮਨੁੱਖਤਾ ਨੂੰ ਐਨੀ ਮਾਰ ਸਿਰਫ ਇਹਨਾਂ ਕਰਕੇ ਹੀ ਨਹੀਂ ਪੈਂਦੀ ਬਲਕਿ ਸਭ ਤੋਂ ਵੱਧ ਮਾਰ ਸਰਕਾਰੀ-ਤੰਤਰ 'ਤੇ ਕਾਬਜ਼ ਗੈਰ-ਮਨੁੱਖੀ ਹਾਕਮਾਂ ਦੀਆਂ ਲੁੱਟ-ਖੋਹ ਕਰਨ ਵਾਲੀਆਂ ਨੀਤੀਆਂ ਕਾਰਨ ਪੈਂਦੀ ਰਹੀ ਹੈ ਅਤੇ ਪੈ ਰਹੀ ਹੈ। ਇਸ ਲਈ ਆਪਾਂ ਗੱਲ ਮਦਰਾਸ ਵਿੱਚ ਆਏ ਹੜ•ਾਂ ਦੀ ਕਰੀਏ ਜਾਂ ਸਾਲ, ਦੋ ਸਾਲ ਪਹਿਲਾਂ ਕਸ਼ਮੀਰ ਅਤੇ ਉੱਤਰਾਖੰਡ ਵਿਚਲੇ ਆਏ ਹੜ•ਾਂ ਦੀ ਕਰੀਏ ਜਾਂ ਫੇਰ ਆਪਾਂ ਗੱਲ ਉੜੀਸਾ ਵਿੱਚ ਆਏ ਵੱਡੇ ਤੂਫਾਨ ਜਾਂ ਗੁਜਰਾਤ ਵਿੱਚ ਭੁਚਾਲ ਦੀ ਕਰੀਏ ਸਭਨੀਂ ਥਾਈਂ ਲੋਕਾਂ ਦਾ ਵੱਡਾ ਨੁਕਸਾਨ ਸਿਰਫ ਕੁਦਰਤੀ ਕਰੋਪੀਆਂ ਨੇ ਹੀ ਨਹੀਂ ਕੀਤਾ ਬਲਕਿ ਇੱਥੋਂ ਦੇ ਹਾਕਮਾਂ ਵੱਲੋਂ ਧਾਰਨ ਕੀਤੀਆਂ ਗਈਆਂ ਨੀਤੀਆਂ ਅਤੇ ਮਨਸ਼ਿਆਂ ਨੇ ਕੀਤਾ ਹੈ। ਚੇਨੱਈ ਬਾਰੇ ਇੱਕ ਉੱਘੇ ਮਾਹਰ, ਪ੍ਰੋ. ਏ. ਸ੍ਰੀਵਾਤਸਾਨ ਦਾ ਆਖਣਾ ਹੈ ਕਿ ''ਇਹ ਖੁਦ ਸਰਕਾਰ ਦਾ ਮੰਨਣਾ ਹੈ ਕਿ ਚੇਨੱਈ ਇੱਕ ਗੈਰ-ਕਾਨੂੰਨੀ ਸ਼ਹਿਰ ਹੈ। 50 ਫੀਸਦੀ ਤੋਂ ਜ਼ਿਆਦਾ ਇਮਾਰਤਾਂ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਹਨ।'' ਇਹਨਾਂ ਇਮਾਰਤਾਂ ਦੀ ਕੁੱਲ ਗਿਣਤੀ 3 ਲੱਖ ਦੇ ਕਰੀਬ ਬਣਦੀ ਹੈ। ਹਕੂਮਤਾਂ ਨੂੰ ਅਜਿਹੀਆਂ ਗੈਰ-ਕਾਨੂੰਨੀ ਤੌਰ 'ਤੇ ਉਸਾਰੀਆਂ ਗਈਆਂ ਇਮਾਰਤਾਂ ਦੀ ਜਾਣਕਾਰੀ ਸੀ ਪਰ ਫੇਰ ਵੀ ਸੱਤਾ ਵਿੱਚ ਆਈਆਂ ਹਕੂਮਤਾਂ ਨੇ 1996, 2000, 2001, 2002 ਅਤੇ 2007 ਵਿੱਚ ਇਹਨਾਂ ਨੂੰ ਕਾਨੂੰਨੀ ਕਰਾਰ ਦੇ ਦਿੱਤਾ। 174 ਵਰਗ ਕਿਲੋਮੀਟਰ ਵਿੱਚ ਫੈਲੇ ਚੇਨੱਈ ਸ਼ਹਿਰ ਦੇ ਲੱਗਭੱਗ 50 ਵਰਗ ਕਿਲੋਮੀਟਰ ਇਲਾਕੇ 'ਤੇ ਨਜਾਇਜ਼ ਕਬਜ਼ੇ ਹੋਏ ਹੋਏ ਹਨ। ਇੱਥੋਂ ਤੱਕ ਕਿ ਏਸ਼ੀਆ ਦਾ ਸਭ ਤੋਂ ਵੱਡਾ ਆਖਿਆ ਜਾਂਦਾ ਬੱਸ-ਅੱਡਾ ਵੀ ਇੱਕ ਝੀਲ ਦੀ ਥਾਂ 'ਤੇ ਬਣਾਇਆ ਗਿਆ ਹੈ। ਮਦਰਾਸ ਹਵਾਈ ਅੱਡੇ ਦਾ ਦੂਸਰਾ ਰਨ-ਵੇ ਵੀ ਕੁਦਰਤੀ ਪਾਣੀ ਵਹਿਣਾਂ ਵਾਲੀ ਥਾਂ 'ਤੇ ਉਸਾਰਿਆ ਗਿਆ ਹੈ। ''ਲੇਕ ਏਰੀਆ'' ਅਖਵਾਉਣ ਵਾਲਾ ਇੱਕ ਪੌਸ਼ ਇਲਾਕਾ, ਦੋ ਮਸ਼ਹੂਰ ਨਿੱਜੀ ਸਕੂਲ, ਚੇਨੱਈ ਕਾਰਪੋਰੇਸ਼ਨ ਦਾ ਸਭ ਤੋਂ ਵਧੀਆ ਸਰਕਾਰੀ ਸਕੂਲ, ਟੈਨਿਸ ਸਟੇਡੀਅਮ ਆਦਿ ਵੀ ਝੀਲਾਂ ਅਤੇ ਚੋਆਂ ਦੇ ਮੁਹਾਣਿਆਂ 'ਤੇ ਕਬਜ਼ੇ ਕਰਕੇ ਬਣਾਏ ਹੋਏ ਹਨ। ਅਵਾਡੀ ਵਿਚਲੀ ਫੌਜੀ ਛਾਉਣੀ, ਜਿੰਮਖਾਨਾ, ਸਥਾਨਕ ਹੈਡਕੁਆਟਰ ਅਤੇ ਨਵਾਂ ਸਕੱਤਰੇਤ ਵੀ ਝੀਲਾਂ ਅਤੇ ਪਾਣੀ ਦੇ ਰਸਤਿਆਂ 'ਤੇ ਕਬਜਾ ਕਰਕੇ ਹੀ ਬਣਾਏ ਗਏ ਹਨ। ਪੱਲੀਕਰਾਨੈ ਦੀ ਝੀਲ ਆਪਣੇ ਕੁਦਰਤੀ ਆਕਾਰ ਦਾ 10ਵਾਂ ਹਿੱਸਾ ਹੀ ਰਹਿ ਗਈ ਹੈ। ਜੈ ਲਲਿਤਾ ਨੇ ਆਪਣੇ ਗੋਦ ਲਏ ਮੁੰਡੇ ਦੇ ਵਿਆਹ ਦੇ ਜਸ਼ਨਾਂ ਲਈ ਆਦਿਆਰ ਦਰਿਆ 'ਤੇ ਬੰਨ• ਮਾਰ ਕੇ ਉਸ ਦੇ ਵਹਿਣ ਨੂੰ ਬਦਲਿਆ ਸੀ, ਜਿਸ ਕਰਕੇ ਉਸ ਨੂੰ ਬਾਅਦ ਵਿੱਚ ਜੇਲ• ਵੀ ਜਾਣਾ ਪਿਆ ਸੀ, ਉਹ ਜੇਲ• ਜਾ ਕੇ ਆ ਵੀ ਗਈ, ਪਰ ਆਦਿਆਰ ਦਾ ਬੰਨ• ਹਾਲੇ ਵੀ ਉੱਥੇ ਹੀ ਹੈ।
ਜੇਕਰ ਆਪਾਂ ਹੜ•ਾਂ-ਤੁਫਾਨਾਂ ਦੇ ਆਉਣ ਦੇ ਦੋ-ਤਿੰਨ ਸੌ ਸਾਲਾਂ ਦੇ ਇਤਿਹਾਸ 'ਤੇ ਨਿਗਾਹ ਮਾਰੀਏ ਤਾਂ ਦੇਖਦੇ ਹਾਂ ਕਿ ਭਾਰੀ ਤੇ ਬਹੁਤ ਭਾਰੀ ਬਾਰਸ਼ਾਂ ਤਾਂ ਉਦੋਂ ਵੀ ਹੁੰਦੀਆਂ ਹੀ ਰਹੀਆਂ ਹਨ, ਪਰ ਇਹਨਾਂ ਦੀ ਐਨੀ ਭਾਰੀ ਮਾਰ ਮਨੁੱਖਤਾ ਨੂੰ ਉਦੋਂ ਨਹੀਂ ਸੀ ਪੈਂਦੀ, ਜਿੰਨੀ ਹੁਣ ਪੈਂਦੀ ਹੈ। ਕਿਸੇ ਨੂੰ ਇਹ ਲੱਗ ਸਕਦਾ ਹੈ ਕਿ ਸ਼ਾਇਦ ਉਦੋਂ ਐਨੀ ਸੰਘਣੀ ਆਬਾਦੀ ਨਹੀਂ ਸੀ ਹੁੰਦੀ, ਜਿਸ ਕਰਕੇ ਲੋਕਾਂ ਦੇ ਮਾਰੇ ਤੇ ਨੁਕਸਾਨੇ ਜਾਣ ਦਾ ਖਤਰਾ ਘੱਟ ਹੁੰਦਾ ਸੀ— ਪਰ ਕਾਰਨ ਇਹ ਨਹੀਂ ਬਲਕਿ ਕਾਰਨ ਇੱਥੋਂ ਦੇ ਹਾਕਮਾਂ ਦੀਆਂ ਲੋਕਾਂ ਪ੍ਰਤੀ ਕਰੂਰ ਹੁੰਦੀਆਂ ਗਈਆਂ ਨੀਤੀਆਂ ਵਿੱਚ ਪਿਆ ਹੈ। ਪਹਿਲਾਂ ਜਿੰਨੇ ਵੀ ਭਾਰੀ ਤੋਂ ਭਾਰੀ ਮੀਂਹ ਪੈਂਦੇ ਰਹੇ, ਉਹਨਾਂ ਨੂੰ ਡੱਕਣ ਲਈ ਜੰਗਲਾਂ ਦੀ ਭਰਮਾਰ ਸੀ ਅਤੇ ਵਹਾਅ ਦੇ ਕੁਦਰਤੀ ਵਹਿਣ ਬਣੇ ਹੋਏ ਸਨ, ਜਿਹਨਾਂ ਨੂੰ ਬਾਅਦ ਵਿੱਚ ਆਏ ਹਾਕਮਾਂ ਨੇ ਕਿਤੇ ਵਧੇਰੇ ਤਬਾਹ ਅਤੇ ਬਰਬਾਦ ਕੀਤਾ ਹੈ। 1996 ਵਿੱਚ ਚੇਨੱਈ ਦੀ ਹੁਣ ਨਾਲੋਂ ਤਕਰੀਬਨ ਅੱਧੀ ਆਬਾਦੀ ਸੀ, ਪਰ ਉਸ ਸਮੇਂ ਕਾਰਪੋਰੇਸ਼ਨ ਦੇ ਸਫਾਈ ਕਰਮਚਾਰੀਆਂ ਦੀ ਗਿਣਤੀ 7000 ਤੋਂ ਵੱਧ ਸੀ। ਜਦੋਂ ਸਾਬਕਾ ਮੁੱਖ ਮੰਤਰੀ ਕਰੁਨਾਨਿਧੀ ਦਾ ਪੁੱਤਰ ਐਮ.ਕੇ. ਸਟਾਲਿਨ ਚੇਨੱਈ ਦਾ ਮੇਅਰ ਬਣਿਆ ਤਾਂ ਉਸਨੇ ਸ਼ਹਿਰ ਦੀ ਸਫਾਈ ਦਾ ਕੰਮ ਇੱਕ ਬਹੁਕੌਮੀ ਕੰਪਨੀ ਓਨੀਐਕਸ ਨੂੰ ਸੰਭਾਲ ਦਿੱਤਾ, ਜਿਸ ਨੇ ਆਪਣੇ ਮੁਨਾਫਿਆਂ ਦੀ ਖਾਤਰ ਤਜਰਬੇਕਾਰ ਕਾਮਿਆਂ ਦੀ ਛਾਂਟੀ ਕਰਕੇ ਠੇਕੇ 'ਤੇ ਅਣ-ਸਿੱਖਿਅਤ ਕਾਮਿਆਂ ਨੂੰ ਭਰਤੀ ਕਰਕੇ ਸਫਾਈ ਪ੍ਰਬੰਧਾਂ ਅਤੇ ਸੀਵਰੇਜ ਨੂੰ ਠੁੱਸ ਕਰਕੇ ਰੱਖ ਦਿੱਤਾ। ਸੀਵਰੇਜ ਬੰਦ ਹੋਣ ਨਾਲ ਉਸ ਰਾਹੀਂ ਖਿੱਚਿਆ ਜਾਣ ਵਾਲਾ ਪਾਣੀ ਸੜਕਾਂ 'ਤੇ ਨਿਕਲ ਤੁਰਿਆ।
ਤਾਮਿਲਨਾਡੂ 'ਚ ਚੇਨੱਈ ਦੇ ਨਾਲ ਲੱਗਦੇ ਜ਼ਿਲਿ•ਆਂ ਵਿੱਚ ਨਵੰਬਰ ਦੇ ਦੂਸਰੇ ਹਫਤੇ ਆਏ ਹੜ•ਾਂ ਬਾਰੇ ਉੱਥੋਂ ਦੀ ਮੁੱਖ ਮੰਤਰੀ ਜੈ ਲਲਿਤਾ ਨੇ ਆਖਿਆ ਸੀ ਕਿ ਜਿੰਨੇ ਮੀਂਹ ਇਸ ਰੁੱਤ ਦੇ ਤਿੰਨ ਮਹੀਨਿਆਂ ਵਿੱਚ ਪੈਂਦੇ ਹਨ, ਓਨੇ ਤਾਂ ਤਿੰਨ ਦਿਨਾਂ ਵਿੱਚ ਹੀ ਪੈ ਗਏ ਹਨ- ਇਸ ਕਰਕੇ ਹੜ•ਾਂ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹੜ•ਾਂ ਨਾਲ ਹੁੰਦੀ ਤਬਾਹੀ ਦਾ ਕਾਰਨ ਮਹਿਜ ਭਾਰੀ ਬਾਰਸ਼ਾਂ ਹੀ ਨਹੀਂ। ਇਹ ਲੋਟੂ ਹਾਕਮਾਂ ਵੱਲੋਂ ਫੈਲਾਇਆ-ਪ੍ਰਚਾਰਿਆ ਜਾ ਰਿਹਾ ਝੂਠ ਹੈ, ਕੂੜ ਹੈ, ਫਰੇਬ ਹੈ। ਉਹ ਅਜਿਹੀ ਤਬਾਹੀ ਨੂੰ ਕੁਦਰਤੀ ਕਹਿਰ ਦੇ ਖਾਤੇ ਚਾੜ• ਕੇ ਆਪਣੇ ਸਿਰ ਪੈਂਦੀ ਜੁੰਮੇਵਾਰੀ ਨੂੰ ਟਰਕਾਉਂਦੇ ਹਨ। ਲੋਕਾਂ ਨੂੰ ਭੁਚਲਾਉਂਦੇ ਹਨ ਤੇ ਲੋਕਾਂ ਨੂੰ ਅਜਿਹੇ ਕਹਿਰ ਝੱਲਣ ਲਈ ਰੱਬ ਦੀ ਰਜ਼ਾ ਦਾ ਪ੍ਰਚਾਰ ਕਰਦੇ ਹਨ। ਲੋਟੂ ਹਾਕਮਾਂ ਨੇ ਆਪਣੀ ਲੁੱਟ-ਖੋਹ ਲਈ ਜਿੰਨੀਆਂ ਵੀ ਰੇਲਵੇ ਲਾਈਨਾਂ ਬਣਾਈਆਂ ਹਨ, ਸੜਕਾਂ ਵਿਛਾਈਆਂ ਹਨ, ਸਨਅੱਤਾਂ, ਡੈਮ, ਨਹਿਰਾਂ, ਸੂਏ, ਇਮਾਰਤਾਂ ਉਸਾਰੀਆਂ ਹਨ, ਜੰਗਲਾਂ ਦੀ ਕਟਾਈ ਕੀਤੀ ਹੈ ਜਾਂ ਰੇਤੇ-ਬਜਰੀ ਆਦਿ ਦੀ ਖੁਦਾਈ ਕੀਤੀ ਹੈ, ਸਭਨੀਂ ਥਾਈਂ ਹੀ ਇਹਨਾਂ ਬਿਨਾ ਕਿਸੇ ਲੋਕ-ਪੱਖੀ ਨੀਤੀ ਤੋਂ ਅੰਨ•ੇਵਾਹ ਤਬਾਹੀ ਮਚਾਈ ਹੈ। ਇਹਨਾਂ ਨੇ ਜਿੰਨੀ ਲੁੱਟ-ਖੋਹ ਤੇ ਤਬਾਹੀ ਅਜਿਹੇ ਪ੍ਰੋਜੈਕਟਾਂ ਨੂੰ ਤਿਆਰ ਕਰਕੇ ਕੀਤੀ ਹੈ— ਹੜ•ਾਂ-ਸੋਕਿਆਂ ਆਦਿ ਦੀ ਮਾਰ ਉਸ ਕੁੱਲ ਤਬਾਹੀ ਦਾ ਥੋੜ•ਾ ਅੰਸ਼ ਅਤੇ ਉਪ-ਫਲ ਹੈ। ਯਾਨੀ ਹੜ•ਾਂ ਨਾਲ ਹੋਈ ਤਬਾਹੀ-ਬਰਬਾਦੀ ਹਾਕਮਾਂ ਦੀਆਂ ਗੈਰ-ਵਿਉਂਤਬੱਧ ਅਤੇ ਅੰਨ•ੇਵਾਹ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦੇ ਕਾਰਨ ਕਿਤੇ ਵਧੇਰੇ ਤਿੱਖ ਹਾਸਲ ਕਰ ਗਈ ਹੈ, ਇਹਨਾਂ ਦੀ ਮਾਰ ਵਿਆਪਕ ਅਤੇ ਭਿਆਨਕ ਹੋਈ ਹੈ। ਜੇਕਰ ਕਿਸੇ ਵਿਉਂਤਬੰਦੀ ਤਹਿਤ ਪਾਣੀ ਨੂੰ ਕਿਸੇ ਪਾਸਿਉਂ ਡੱਕਣਾ ਪੈਂਦਾ ਹੈ ਤਾਂ ਦੂਸਰੇ ਪਾਸੇ ਉਸਦੇ ਵਹਿਣ ਲਈ ਨਿਕਾਸ ਵਾਸਤੇ ਓਨੇ ਹੀ ਵਿਸ਼ਾਲ ਅਤੇ ਢੁਕਵੇਂ ਪ੍ਰਬੰਧ ਕਰਨੇ ਪੈਂਦੇ ਹਨ ਜੋ ਲੋਟੂ ਹਾਕਮ ਨਹੀਂ ਕਰਦੇ- ਇਹ ਆਪਣੀਆਂ ਲੋਟੂ ਨੀਤੀਆਂ ਦੀ ਖਾਤਰ ਲੋਕਾਂ ਨੂੰ ਰੱਬ ਦੀ ਰਜ਼ਾ 'ਤੇ ਛੱਡ ਦਿੰਦੇ ਹਨ, ਪਰ ਆਪ ਉੱਚੇ ਮੁਨਾਫੇ ਹਾਸਲ ਕਰਦੇ ਹਨ।
ਪਾਣੀ ਦੇ ਨਿਕਾਸ ਲਈ ਪਹਿਲਾਂ ਕੁਦਰਤੀ ਤੌਰ 'ਤੇ ਜਿੰਨੇ ਟੋਭੇ, ਝੀਲਾਂ ਅਤੇ ਦਲਦਲਾਂ ਹੁੰਦੀਆਂ ਸਨ- ਉਹਨਾਂ 'ਤੇ ਕਬਜ਼ੇ ਕਰਕੇ ਲੋਟੂ ਹਾਕਮਾਂ ਨੇ ਪਾਣੀ ਨੂੰ ਲੋਕਾਂ ਦੇ ਘਰਾਂ, ਪਿੰਡਾਂ, ਸ਼ਹਿਰਾਂ, ਬਸਤੀਆਂ, ਖੇਤਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਵਾੜ ਦਿੱਤਾ ਹੈ। ਕਿਤੇ ਪਾਣੀ ਦੇ ਵਹਿਣਾਂ ਵਾਲੀਆਂ ਥਾਵਾਂ 'ਤੇ ਕਬਜ਼ੇ ਕਰਕੇ ਤੇ ਕਿਤੇ ਸੜਕਾਂ-ਲਾਈਨਾਂ ਉੱਚੀਆਂ ਕਰਕੇ ਪਾਣੀ ਨੂੰ ਲੋਕਾਂ ਦੇ ਘਰਾਂ ਵਿੱਚ ਧੱਕ ਦਿੱਤਾ ਹੈ। ਨਵੰਬਰ ਦੇ ਦੂਸਰੇ ਹਫਤੇ ਮਦਰਾਸ ਅਤੇ ਪਾਂਡੂਚੇਰੀ ਦੇ ਇਲਾਕੇ ਵਿੱਚ ਭਾਰੀ ਬਾਰਸ਼ਾਂ ਹੋਈਆਂ ਸਨ। ਚੈਂਬਾਰਮਬੱਕਮ ਝੀਲ ਪਾਣੀ ਨਾਲ ਨੱਕੋ-ਨੱਕ ਭਰ ਚੁੱਕੀ ਸੀ। ਜਦੋਂ ਮੌਸਮ ਵਿਭਾਗ ਨੇ ਤਕਰੀਬਨ ਦੋ ਹਫਤੇ ਪਹਿਲਾਂ ਹੀ ਹੋਰ ਭਾਰੀ ਬਾਰਸ਼ਾਂ ਦੀ ਭਵਿੱਖਬਾਣੀ ਕਰ ਦਿੱਤੀ ਸੀ ਤਾਂ ਵੀ ਇਸ ਦਾ ਪਾਣੀ ਨਹੀਂ ਸੀ ਛੱਡਿਆ ਗਿਆ। ਜਦੋਂ ਭਾਰੀ ਬਾਰਸ਼ਾਂ ਆਉਣ ਕਰਕੇ ਝੀਲ ਦਾ ਪਾਣੀ ਛੱਡਿਆ ਗਿਆ ਤਾਂ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਸ਼ਦਾ ਵਹਾਅ ਤਬਾਹੀ ਮਚਾਉਣ ਵਾਲੇ ਹੜ• ਦਾ ਰੂਪ ਧਾਰ ਗਿਆ।
ਮਹਿਲਾਂ ਵਿੱਚ ਬੈਠੇ ਹਾਕਮ ਅਤੇ ਉਹਨਾਂ ਦੇ ਝੋਲੀਚੁੱਕ ਆਪਣੀਆਂ ਸੁਖ-ਸਹੂਲਤਾਂ ਚਾਹੁੰਦੇ ਹਨ, ਲੋਕਾਂ ਦੀ ਕਮਾਈ ਦੇ ਗੁਲਸ਼ਰੇ ਉਡਾਉਣਾ ਚਾਹੁੰਦੇ ਹਨ, ਪਰ ਗਰੀਬਾਂ ਅਤੇ ਮਿਹਨਤੀ ਲੋਕਾਂ ਦਾ ਉੱਕਾ ਹੀ ਖਿਆਲ ਨਹੀਂ ਰੱਖਦੇ। ਕਿਰਤੀ ਲੋਕਾਂ ਨੂੰ ਮਹਿਲਾਂ ਦੇ ਦੂਰ-ਨੇੜੇ ਅਜਿਹੀਆਂ ਗੰਦੀਆਂ-ਨੀਵੀਆਂ ਥਾਵਾਂ 'ਤੇ ਰਹਿਣਾ ਪੈਂਦਾ ਹੈ, ਜਿੱਥੇ ਪਿੰਡਾਂ, ਸ਼ਹਿਰਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਹੁੰਦਾ ਬਲਕਿ ਕੁਦਰਤੀ ਵਹਿਣ ਵੀ ਵਧੇਰੇ ਇਧਰ ਨੂੰ ਹੀ ਹੁੰਦੇ ਹਨ। ਇਸ ਕਰਕੇ ਵੱਧ ਮਾਰ ਗੰਦੇ ਪਾਣੀ ਦੀ ਪਵੇ ਜਾਂ ਹੜ•ਾਂ ਦੇ ਪਾਣੀ ਦੀ, ਇਹ ਅਕਸਰ ਵਧੇਰੇ ਕਿਰਤੀ-ਕਮਾਊ, ਬੇਘਰੇ, ਨਿਥਾਵੇਂ, ਨਿਤਾਣੇ ਤੇ ਬੇਜ਼ਮੀਨੇ ਲੋਕਾਂ 'ਤੇ ਹੀ ਪੈਂਦੀ ਹੈ।
ਹੜ•ਾਂ ਦੇ ਪਾਣੀ ਨਾਲ ਗਰੀਬਾਂ ਦੇ ਬੱਚੇ, ਬਜ਼ੁਰਗ ਜਾਂ ਬਿਮਾਰ ਰੁੜ• ਜਾਣ, ਝੁੱਗੀਆਂ-ਝੌਂਪੜੀਆਂ, ਘਰਾਂ-ਖੋਲਿਆਂ ਦੀ ਬਰਬਾਦੀ ਹੋ ਜਾਵੇ, ਮੰਜੇ-ਬਿਸਤਰੇ, ਭਾਂਡੇ-ਟੀਂਡੇ, ਡੰਗਰ-ਪਸ਼ੂ, ਅੰਨਦਾਣਾ ਰੁੜ• ਜਾਵੇ, ਉਹ ਮਜਬੂਰੀ, ਲਾਚਾਰੀ ਵਿੱਚ ਭੁੱਖੇ ਮਰਦੇ ਰੋਟੀ-ਪਾਣੀ ਲਈ ਵਿਆਕੁਲ ਹੋਈ ਜਾਣ, ਇੱਥੋਂ ਦੇ ਹਾਕਮਾਂ ਦੇ ਮਹਿਲਾਂ ਵਿੱਚ ਦਾਰੂ ਦੀਆਂ ਛਹਿਬਰਾਂ ਲੱਗਦੀਆਂ ਹਨ, ਉੱਚ ਉੱਚੇ ਮਿਨਾਰਾਂ ਤੋਂ, ਹੈਲੀਕਾਪਟਰਾਂ ਤੋਂ ਹੜ•ਾਂ ਦੇ ਪਾਣੀ ਦੀ ਵਿਆਪਕਤਾ ਨੂੰ ਝੀਲਾਂ ਜਾਂ ਸਮੁੰਦਰਾਂ ਦੇ ਨਜ਼ਾਰਿਆਂ ਦੀ ਤਰ•ਾਂ ਮਾਣਦੇ ਹਨ। ਸੈਰਾਂ ਕਰਦੇ ਹਨ। ਜਸ਼ਨ ਮਨਾਉਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਜਿੰਨੇ ਲੋਕ ਹੜ•ਾਂ ਦੀ ਤਬਾਈ ਨਾਲ ਉੱਜੜਦੇ ਹਨ, ਉਹਨਾਂ ਦੀਆਂ ਖਾਲੀਆਂ ਥਾਵਾਂ 'ਤੇ ਉਹਨਾਂ ਹੀ ਕਬਜ਼ੇ ਕਰਨੇ ਹਨ। ਗਿਣਤੀ ਬਿਮਾਰਾਂ ਦੀ ਵਧੇ, ਉਹਨਾਂ ਦੀ ਚਾਂਦੀ ਹੁੰਦੀ ਹੈ। ਗਿਣਤੀ ਭੁੱਖ ਮਰਿਆਂ ਦੀ ਵਧੇ, ਉਹਨਾਂ ਨੇ ਕਰਜ਼ਿਆਂ ਰਾਹੀਂ ਆਪਣੀਆਂ ਤਿਜੌਰੀਆਂ ਭਰਨੀਆਂ ਹੁੰਦੀਆਂ ਹਨ। ਕਿਸੇ ਥੁੜ• ਵਜੋਂ ਮਹਿੰਗਾਈ ਵਧੇ ਜਾਂ ਨਾ ਵਧੇ, ਉਹਨਾਂ ਕਾਲਾ-ਬਾਜ਼ਾਰੀ ਕਰਕੇ ਨਕਲੀ ਥੁੜ• ਰਾਹੀਂ ਮਹਿੰਗਾਈ ਅਸਮਾਨੀਂ ਚਾੜ•ਨੀ ਹੁੰਦੀ ਹੈ। ਮੁੜ-ਉਸਾਰੀ ਦੇ ਕਾਰਜਾਂ ਰਾਹੀਂ ਆਪਣੀਆਂ ਗੋਗੜਾਂ ਵਧਾਉਣੀਆਂ ਹੁੰਦੀਆਂ ਹਨ। ਹੜ•ਾਂ ਨਾਲ ਹੋਈ ਬਰਬਾਦੀ ਦੇ ਖਾਤੇ ਚਾੜ• ਕੇ ਵੱਡੇ ਸਨਅੱਤਕਾਰਾਂ ਅਤੇ ਜਾਗੀਰਦਾਰਾਂ ਨੇ ਬੀਮੇ ਅਤੇ ਮੁਆਵਜੇ ਦੀਆਂ ਮੋਟੀਆਂ ਰਕਮਾਂ ਡਕਾਰਨੀਆਂ ਹੁੰਦੀਆਂ ਹਨ। ਲੋਕਾਂ ਦੇ ਭਲੇ ਦੇ ਨਾਂ 'ਤੇ ਜਾਰੀ ਹੋਈ ਸਰਕਾਰੀ ਰਾਸ਼ੀ ਵਿੱਚੋਂ ਮੋਟੇ ਗੱਫੇ ਹਾਸਲ ਕਰਨੇ ਹੁੰਦੇ ਹਨ। ਲੋਟੂਆਂ ਦੇ ਸੇਵਾਦਾਰ ਸਿਆਸਤਦਾਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਹੁੰਦੀਆਂ ਹਨ। ਚੇਨੱਈ ਦੇ ਬਾਜ਼ਾਰਾਂ ਦੇ ਜਿਹੜੇ ਵੱਡੇ ਵੱਡੇ ਸਟੋਰ ਇੱਕ-ਦੋ ਦਿਨ ਪਹਿਲਾਂ ਖਾਣ-ਪੀਣ ਦੇ ਸਮਾਨ ਦੇ ਅੱਟੇ ਪਏ ਸਨ, ਉਹ ਹੜ• ਆਉਣ ਦੀ ਖਬਰ ਦੇ ਨਾਲ ਹੀ ਮਾਲਕਾਂ ਵੱਲੋਂ ਲੁਕੋ ਲਏ ਗਏ। ਦੁਹਾਈ ਇਹ ਪਾਈ ਗਈ ਕਿ ਪਿੱਛੋਂ ਸਪਲਾਈ ਹੀ ਨਹੀਂ ਹੋ ਰਹੀ। ਜਦੋਂ ਕਿ ਹਕੀਕਤ ਇਹ ਹੈ ਕਿ 10-12 ਗੁਣਾਂ ਮਹਿੰਗੇ ਭਾਅ 'ਤੇ ਹਰ ਚੀਜ਼ ਪ੍ਰਾਪਤ ਕੀਤੀ ਜਾ ਸਕਦੀ ਸੀ। ਅੰਨ•ੀਂ ਲੁੱਟ ਮਚਾਉਣ ਦੇ ਮਾਮਲੇ ਵਿੱਚ ਹੜ•ਾਂ ਦੇ ਦਿਨਾਂ ਵਿੱਚ ਕੋਈ ਸਰਕਾਰ ਲੋਕਾਂ ਨੂੰ ਦਿਖਾਈ ਹੀ ਨਹੀਂ ਦਿੱਤੀ।
ਹੜ•ਾਂ ਨਾਲ ਹੋਈ ਤਬਾਹੀ-ਬਰਬਾਦੀ 'ਤੇ ਲੋਟੂ ਹਾਕਮ ਮਗਰਮੱਛੀ ਹੰਝੂ ਬਿਖੇਰਦੇ ਹਨ। ਉਹਨਾਂ ਦੀ ਭਲਾਈ ਦੇ ਨਾਂ 'ਤੇ ਰਾਹਤ ਸਮੱਗਰੀ, ਦਵਾਈਆਂ, ਅੰਨ-ਪਾਣੀ, ਬੀਮੇ-ਮੁਆਵਜੇ ਦੀਆਂ ਥੋਥੀਆਂ-ਊਣੀਆਂ, ਨਿਗੂਣੀਆਂ ਰਕਮਾਂ ਦੇ ਐਲਾਨ ਕਰਦੇ ਹਨ, ਬਿਆਨ ਦਾਗਦੇ ਹਨ। ਵਿਖਾਵੇ ਮਾਤਰ ਸਹੂਲਤਾਂ ਰਾਹੀਂ ਲੋਕਾਂ ਦੇ ਹੰਝੂ ਪੂੰਝਣ ਦਾ ਪਾਖੰਡ ਕਰਦੇ ਹਨ, ਬਹੁਤੇ ਥਾਈਂ ਤਾਂ ਇਹ ਵੀ ਨਹੀਂ ਕਰਦੇ।
ਭਿਆਨਕ ਹੜ•ਾਂ ਦੀ ਮਾਰ ਵਕਤੀ ਹੀ ਨਹੀਂ ਹੁੰਦੀ ਬਲਕਿ ਜ਼ਿੰਦਗੀ ਦੇ ਵੱਡੇ ਝੋਰੇ ਬਣਦੇ ਹਨ। ਝੋਰਿਆਂ-ਸੰਸਿਆਂ, ਹੰਝੂਆਂ-ਹੌਕਿਆਂ ਦਾ ਫਿਕਰ ਲੋਟੂ ਹਾਕਮਾਂ ਨੂੰ ਨਹੀਂ ਹੁੰਦਾ। ਨਵੰਬਰ-ਦਸੰਬਰ ਦੇ ਇਹਨਾਂ ਮਹੀਨਿਆਂ ਵਿੱਚ ਤਾਮਿਲਨਾਡੂ ਵਿੱਚ ਹੜ•-ਪੀੜਤਾਂ ਨੂੰ ਦੂਹਰੀ-ਤੀਹਰੀ ਮਾਰ ਪਈ ਹੈ। ਪਹਿਲੀ ਮਾਰ ਤਾਂ ਉਦੋਂ ਪਈ ਜਦੋਂ, ਕਿਸਾਨ ਨਵੰਬਰ ਦੇ ਸ਼ੁਰੂ ਵਿੱਚ ਵੀਰੰਨਮ ਦੀ ਝੀਲ ਤੋਂ ਫਸਲਾਂ ਦੀ ਸਿੰਜਾਈ ਲਈ ਵਾਧੂ ਪਾਣੀ ਛੱਡੇ ਜਾਣ ਦੀ ਮੰਗ ਕਰ ਰਹੇ ਸਨ ਤਾਂ ਸਰਕਾਰ ਨੇ ਉਹਨਾਂ 'ਤੇ ਲਾਠੀਆਂ ਵਰ•ਾਈਆਂ। ਫੇਰ ਨਵੰਬਰ ਦੇ ਦੂਸਰੇ ਅਤੇ ਚੌਥੇ ਹਫਤੇ ਬਿਨਾ ਕਿਸੇ ਅਗਾਊਂ ਸੂਚਨਾ ਤੋਂ ਡੈਮਾਂ ਦੇ ਫੱਟੇ ਚੁੱਕ ਕੇ ਲੋਕਾਂ ਨੂੰ ਹੜ•ਾਂ 'ਚ ਡੁਬੋ ਦਿੱਤਾ। ਇਸ ਤੋਂ ਅੱਗੇ ਜਦੋਂ ਹੜ• ਆ ਹੀ ਗਏ ਤਾਂ ਹਕੂਮਤ ਨੇ ਦੂਰ-ਦੁਰਾਡੇ ਵਸੇ ਆਮ ਗਰੀਬਾਂ, ਕਿਰਤੀ-ਕਮਾਊ ਲੋਕਾਂ ਦੀ ਸਾਰ ਲੈਣ ਦੀ ਥਾਂ ਅਮੀਰਾਂ ਨੂੰ ਬਚਾਉਣ ਲਈ ਪੌਸ਼ ਇਲਾਕਿਆਂ ਵਿੱਚ ਹੀ ਰਾਹਤ ਟੀਮਾਂ ਭੇਜੀਆਂ— ਝੁੱਗੀਆਂ-ਝੌਪੜੀਆਂ ਵਿੱਚ ਰਹਿੰਦੇ ਲੋਕ ਰੁੜ•ਦੇ ਹੋਏ ਰੁੜ ਗਏ। ਉੱਥੇ ਰਾਹਤ ਟੀਮਾਂ ਜਾਂ ਤਾਂ ਪਹੁੰਚੀਆਂ ਹੀ ਨਹੀਂ ਜਾਂ ਫੇਰ ਵੇਲਾ ਲੰਘੇ ਤੋਂ ਸੱਪ ਦੀ ਲੀਕ ਕੁੱਟਣੀ ਸ਼ੁਰੂ ਕੀਤੀ। ਜੈ ਲਲਿਤਾ ਸਰਕਾਰ ਨੇ ਪਿਛਲੇ ਸਾਲ ਵੀਰੰਨਮ ਝੀਲ ਦੀ ਸਫਾਈ ਵਾਸਤੇ 40 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਅਸੈਂਬਲੀ ਵਿੱਚs sਕੀਤਾ ਸੀ, ਜਿਸ ਵਿੱਚੋਂ ਇਸ ਵੇਲੇ ਤੱਕ ਇੱਕ ਧੇਲਾ ਵੀ ਨਹੀਂ ਲਾਇਆ ਗਿਆ। 145 ਕਰੋੜ ਵਰਗ ਫੁੱਟ ਪਾਣੀ ਸਾਂਭਣ ਵਾਲੀ ਇਸ ਝੀਲ ਦੀ ਸਮਰੱਥਾ ਹੁਣ ਸਿਰਫ 90 ਕਰੋੜ ਵਰਗ ਫੁੱਟ ਪਾਣੀ ਸਾਂਭਣ ਦੀ ਹੀ ਰਹਿ ਗਈ ਹੈ ਜੋ ਕਿ ਨਾ ਸਿਰਫ ਹੜ•ਾਂ ਦੀ ਸਥਿਤੀ ਹੀ ਵਿਗਾੜ ਰਹੀ ਹੈ ਬਲਕਿ ਗਰਮੀਆਂ ਦੇ ਸੀਜਨ ਵਿੱਚ ਸਿੰਜਾਈ ਅਤੇ ਪੀਣ ਵਾਲੇ ਪਾਣੀ ਦਾ ਸੰਕਟ ਵੀ ਖੜ•ਾ ਕਰਦੀ ਹੈ। ਲੋਕਾਂ ਨੂੰ ਹੜ•ਾਂ ਦੀ ਮਾਰ ਤੋਂ ਬਚਾਉਣ ਲਈ ਫੌਰੀ ਰਾਹਤਾਂ ਦੀ ਜ਼ਰੂਰਤ ਬਣਦੀ ਹੈ ਪਰ ਹਾਕਮ ਜਮਾਤੀ ਪਾਰਟੀਆਂ ਦੇ ਲੀਡਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਸੌੜੇ ਸਿਆਸੀ ਅਤੇ ਆਰਥਿਕ ਹਿੱਤਾਂ ਦੀ ਖਾਤਰ ਦੇਰੀ ਕਰਦੇ ਹੋਏ ਡੁੱਬਦਿਆਂ ਨੂੰ ਡੋਬੀ ਜਾ ਰਹੇ ਹਨ। ਜੈ ਲਲਿਤਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸਨੇ ਪਿਛਲੇ ਸਾਲਾਂ ਵਿੱਚ 600 ਕਰੋੜ ਰੁਪਏ ਹੜ•ਾਂ ਤੋਂ ਬਚਾਓ ਲਈ ਖਰਚੇ ਹਨ- ਪਰ ਇਹ ਖਰਚੇ ਕਿੱਥੇ ਗਏ? ਕੋਈ ਸਬੂਤ ਨਹੀਂ। ਇਹ ਪੈਸਾ ਲੋਕਾਂ ਦੀ ਸੇਵਾ ਵਾਲੇ ਪ੍ਰੋਜੈਕਟਾਂ 'ਤੇ ਲੱਗਣ ਦੀ ਥਾਂ ਹਕੂਮਤ ਲਾਣੇ ਦੀਆਂ ਗੋਗੜਾਂ 'ਚ ਜਾ ਪਿਆ ਹੈ।
ਇਸ ਲਈ ਮੌਜੂਦਾ ਹੜ•ਾਂ ਕਾਰਨ ਮੱਚੀ ਤਬਾਹੀ ਅਤੇ ਇਸ ਤਬਾਹੀ ਤੋਂ ਲੋਕਾਂ ਨੂੰ ਬਚਾਉਣ ਖਾਤਰ ਲੋੜੀਂਦੀਆਂ ਪੇਸ਼ਬੰਦੀਆਂ ਨਾ ਕਰਨ ਦੇ ਜੁੰਮੇਵਾਰ ਹਾਕਮ ਹਨ, ਉਹਨਾਂ ਦੀਆਂ ਲੋਕ-ਦੁਸ਼ਮਣ ਨੀਤੀਆਂ ਹਨ। ਇਸ ਲਈ, ਇਹਨਾਂ ਹਾਕਮਾਂ ਕੋਲੋਂ ਹੜ•-ਪੀੜਤਾਂ ਅਤੇ ਮੁਸੀਬਤਾਂ ਮਾਰੇ ਲੋਕਾਂ ਦੇ ਅਸਰਦਾਰ ਅਤੇ ਬੇਗਰਜ਼ ਬਚਾਓ-ਉਪਾਵਾਂ ਦੀ ਝਾਕ ਨਾ ਰੱਖਦੇ ਹੋਏ, ਇਹਨਾਂ ਉਪਾਵਾਂ ਦੀ ਪ੍ਰਾਪਤੀ ਲਈ ਹੜ-ਪੀੜਤਾਂ ਅਤੇ ਹੋਰਨਾਂ ਲੋਕ-ਹਿੱਸਿਆਂ ਨੂੰ ਸੰਘਰਸ਼ ਲਈ ਉਭਾਰਨ ਅਤੇ ਲਾਮਬੰਦ ਕਰਨ 'ਤੇ ਟੇਕ ਰੱਖਣੀ ਚਾਹੀਦੀ ਹੈ। ਹੜ-ਪੀੜਤਾਂ/ਕੁਦਰਤੀ ਕਰੋਪੀਆਂ ਤੋਂ ਬਚਾਅ ਅਤੇ ਫੌਰੀ ਰਾਹਤ ਲਈ ਸੰਘਰਸ਼ ਕਰਦਿਆਂ, ਹਾਕਮਾਂ ਦੀਆਂ ਲੋਕ-ਦੁਸ਼ਮਣ ਨੀਤੀਆਂ ਅਤੇ ਖਸਲਤ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਫੌਰੀ ਲੋਕ ਸੰਘਰਸ਼ ਨੂੰ ਅਜਿਹੀਆਂ ਕੁਦਰਤੀ ਆਫਤਾਂ ਦੀ ਮਾਰ ਤੋਂ ਸੁਰਖਰੂ ਹੋਣ ਲਈ ਇਨਕਲਾਬੀ ਸਮਾਜਿਕ ਤਬਦੀਲੀ ਵਾਲੇ ਲੋਕ ਸੰਘਰਸ਼ ਦੀ ਸੇਧ 'ਚ ਅੱਗੇ ਵਧਾਉਣਾ ਚਾਹੀਦਾ ਹੈ।
No comments:
Post a Comment