ਬਿਜਲੀ ਕਾਮਿਆਂ ਵੱਲੋਂ ਪਰਿਵਾਰਾਂ ਸਮੇਤ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ
ਪਟਿਆਲਾ, 2 ਦਸੰਬਰ- ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਵੱਡੀ ਗਿਣਤੀ 'ਚ ਬਿਜਲੀ ਕਾਮਿਆਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਗਿਆ। ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ 'ਤੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸਾਥੀ ਬਨਾਰਸੀ ਦਾਸ ਪਸਿਆਣਾ ਦੀ ਪ੍ਰ੍ਰਧਾਨਗੀ ਹੇਠ ਦਿੱਤੇ ਗਏ ਧਰਨੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਬਿਜਲੀ ਕਾਮਿਆਂ ਨੇ ਆਪਣੇ ਪਰਿਵਾਰਾਂ ਸਮੇਤ ਹਿੱਸਾ ਲਿਆ। ਬਿਜਲੀ ਕਾਮਿਆਂ ਅਤੇ ਉਨ•ਾਂ ਦੇ ਪਰਿਵਾਰਾਂ ਨੇ ਹੱਥਾਂ ਵਿੱਚ ਤਖ਼ਤੀਆਂ, ਝੰਡੇ, ਬੈਨਰ ਆਦਿ ਫੜੇ ਹੋਏ ਸਨ। ਧਰਨੇ ਕਾਰਨ ਮਾਲ ਰੋਡ ਸਾਰਾ ਦਿਨ ਜਾਮ ਰਹੀ। ਮੁਜ਼ਾਹਰੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਹਮਾਇਤ 'ਚ ਕਿਸਾਨਾਂ ਤੇ ਮਜ਼ਦੂਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਧਰਨੇ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਨਾਰਸੀ ਦਾਸ ਪਸਿਆਣਾ, ਸਹਾਇਕ ਸਕੱਤਰ ਸਾਥੀ ਮਦਨ ਲਾਲ ਸ਼ਰਮਾ, ਦਫ਼ਤਰੀ ਸਕੱਤਰ ਮੋਹਣ ਸਿੰਘ ਬੱਲ, ਖਜ਼ਾਨਚੀ ਸੰਤੋਖ ਸਿੰਘ, ਚੀਫ ਆਰਗੇਨਾਈਜ਼ਰ ਰਾਜਿੰਦਰ ਕੁਮਾਰ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ ਤੇ ਸਾਥੀ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਪ੍ਰਮੋਦ ਕੁਮਾਰ ਨੇ ਨਿਭਾਈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਨੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਬੋਰਡ ਭੰਗ ਕਰਨ ਤੋਂ ਬਾਅਦ ਬਿਜਲੀ ਕਾਮਿਆਂ ਦੇ ਰੁਜ਼ਗਾਰ, ਉਜਰਤਾਂ ਅਤੇ ਟਰੇਡ ਯੂਨੀਅਨ ਹੱਕਾਂ ਉਪਰ ਹਮਲੇ ਤੇਜ਼ ਕਰ ਦਿੱਤੇ ਹਨ। ਕੰਮ ਭਾਰ ਵਧਣ ਅਤੇ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ । ਕਾਮਿਆਂ ਦੀ ਗਿਣਤੀ ਘਟਣ ਕਾਰਨ ਬਾਕੀ ਬਿਜਲੀ ਮੁਲਾਜ਼ਮ ਦਿਨ ਰਾਤ ਕੰਮ ਕਰਨ ਲਈ ਮਜਬੂਰ ਹਨ, ਕੰਮ ਦੇ ਹਾਲਾਤ ਨਿੱਘਰ ਗਏ ਹਨ, ਜਿਸ ਕਾਰਨ ਬਿਜਲੀ ਕਾਮੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਬਿਜਲੀ ਪੈਦਾਵਾਰ ਦਾ ਕੰਮ ਨਿੱਜੀ ਹੱਥਾਂ ਵਿੱਚ ਦੇਣ ਉਪਰੰਤ ਵੰਡ ਪ੍ਰਣਾਲੀ, ਉਸਾਰੀ, ਸ਼ਿਕਾਇਤਾਂ ਨਿਪਟਾਉਣ ਆਦਿ ਦੇ ਕੰਮ ਨਿੱਜੀ ਹੱਥਾਂ ਵਿੱਚ ਦੇ ਕੇ ਆਮ ਖ਼ਪਤਕਾਰਾਂ ਨੂੰ ਕੰਪਨੀਆਂ ਦੇ ਰਹਿਮੋ-ਕਰਮ 'ਤੇ ਛੱਡਿਆ ਜਾ ਰਿਹਾ ਹੈ। ਬਿਜਲੀ ਕਾਮਿਆਂ ਤੇ ਪਰਿਵਾਰਾਂ ਵੱਲੋਂ ਮੁੱਖ ਦਫ਼ਤਰ ਦੇ ਤਿੰਨਾਂ ਗੇਟਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਚੇਅਰਮੈਨ ਦੇ ਨਾਮ ਮੈਮੋਂਰਡਮ ਦਿੱਤਾ ਗਿਆ। ਪ੍ਰਦਰਸ਼ਨ ਦੌਰਾਨ ਬਿਜਲੀ ਕਾਮਿਆਂ ਨੇ ਪੰਜ ਮਤੇ ਵੀ ਪਾਸ ਕੀਤੇ ਜਿਨ•ਾਂ ਰਾਹੀਂ ਬਿਜਲੀ ਐਕਟ 'ਚ ਸੋਧਾਂ ਵਿਰੁੱਧ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ, ਪੰਜਾਬ ਸਰਕਾਰ ਵੱਲੋਂ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2014 ਪਾਸ ਕਰਨ ਦੀ ਨਿਖੇਧੀ ਕੀਤੀ ਗਈ, ਸੂਬੇ ਵਿੱਚ ਫਿਰਕੂ ਜ਼ਹਿਰ ਘੋਲਣ ਦੇ ਯਤਨਾਂ ਦੀ ਨਿਖੇਧੀ ਕੀਤੀ ਗਈ ਅਤੇ ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਵਿਰੁੱਧ ਤਾਕਤ ਦੀ ਵਰਤੋਂ ਦੀ ਨਿਖੇਧੀ ਕਰਦਿਆਂ ਪਟਿਆਲਾ ਤੇ ਮੁਕਤਸਰ ਸਰਕਲ ਦੇ ਆਗੂਆਂ ਨੂੰ ਬਰਤਰਫ਼ ਕਰਨ ਦਾ ਫ਼ੈਸਲਾ ਰੱਦ ਕਰਨ ਦੀ ਮੰਗ ਕੀਤੀ ਗਈ, ਇਸ ਤੋਂ ਬਾਅਦ ਮੁਲਾਜ਼ਮਾਂ ਤੇ ਉਨ•ਾਂ ਦੇ ਪਰਿਵਾਰਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ।
No comments:
Post a Comment