ਅਖੌਤੀ ਸਦਭਾਵਨਾ ਫੇਰੀ— ਖ਼ਤਰਨਾਕ ਮਨਸੂਬੇ
ਭਾਰਤੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਾਸਕੋ ਤੋਂ ਵਾਪਸੀ ਦੌਰਾਨ ਪਹਿਲਾਂ ਕਾਬਲ ਅਤੇ ਫਿਰ ਲਾਹੌਰ ਉਤਾਰਾ ਕੀਤਾ ਗਿਆ ਅਤੇ ਨਵਾਜ਼ ਸ਼ਰੀਫ ਦੇ ਜਨਮ ਦਿਨ ਅਤੇ ਉਸ ਦੀ ਦੋਹਤੀ ਦੇ ਵਿਆਹ ਵਿੱਚ ਸ਼ਾਮਲ ਹੋਣ ਦਾ ਡਰਾਮਾ ਰਚਦਿਆਂ, ਇਸ ਨੂੰ ਅਚਾਨਕ ਸਦਭਾਵਨਾ ਫੇਰੀ ਵਜੋਂ ਪੇਸ਼ ਕੀਤਾ ਗਿਆ ਹੈ। ਭਾਰਤ ਦੇ ਹਾਕਮ ਜਮਾਤੀ ਪ੍ਰਚਾਰ ਸਾਧਨਾਂ ਵੱਲੋਂ ਇਸ ਸਦਭਾਵਨਾ ਗੇੜੇ ਨੂੰ ਮੋਦੀ ਦੀ ਸਫਲ ਡਿਪਲੋਮੇਸੀ ਵਜੋਂ ਉਭਾਰਿਆ ਗਿਆ ਅਤੇ ਕਿਹਾ ਗਿਆ ਕਿ ਹੁਣ ਦੋਵਾਂ ਮੁਲਕਾਂ ਦਰਮਿਆਨ ਗੱਲਬਾਤ ਵਿੱਚ ਖੜੋਤ ਟੁੱਟੇਗੀ ਅਤੇ ਦੋਵਾਂ ਮੁਲਕਾਂ ਦੇ ਸਬੰਧਾਂ ਵਿੱਚ ਸੁਧਾਰ ਹੋਵੇਗਾ ਵਗੈਰਾ ਵਗੈਰਾ। ਕਾਂਗਰਸ ਸਮੇਤ ਕੁੱਝ ਭਾਜਪਾ ਵਿਰੋਧੀ ਹਲਕਿਆਂ ਵੱਲੋਂ ਲਾਹੌਰ ਫੇਰੀ ਨੂੰ ਪਹਿਲਾਂ ਤੋਂ ਹੀ ਤਹਿਸ਼ੁਦਾ ਪ੍ਰੋਗਰਾਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਮੋਦੀ ਦਾ ਲਾਹੌਰ ਗੇੜਾ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਸੰਖੇਪ ਮੁਲਾਕਾਤ ਅਚਾਨਕ ਹੋਈ ਸਦਭਾਵਨਾ ਫੇਰੀ ਕਰਕੇ ਹੋਈ ਹੈ ਜਾਂ ਫਿਰ ਪਹਿਲਾਂ ਤੋਂ ਹੀ ਤਹਿ ਸੀ, ਅਹਿਮ ਅਤੇ ਕਾਬਲੇ-ਗੌਰ ਨੁਕਤਾ ਇਹ ਨਹੀਂ ਹੈ। ਅਹਿਮ ਨੁਕਤਾ ਇਹ ਹੈ ਕਿ ਜਿਸ ਪਾਕਿਸਾਨ ਨੂੰ ਸੱਈਦ ਅਹਿਮਦ ਵਰਗੇ ''ਦਹਿਸ਼ਤਗਰਦਾਂ'' ਦੇ ਆਗੂਆਂ ਅਤੇ ਦਾਊਦ ਇਬਰਾਹੀਮ ਜਿਹੇ ਡਾਨਾਂ ਦੀ ਪੁਸ਼ਤਪਨਾਹੀ ਕਰਨ, ਕਸ਼ਮੀਰ ਅੰਦਰ ਗੜਬੜੀ ਫੈਲਾਉਣ ਲਈ ਕਸ਼ਮੀਰੀ ਖਾੜਕੂਆਂ ਨੂੰ ਸਿਖਲਾਈ ਦੇਣ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਅੰਦਰ ਦਹਿਸ਼ਤਗਰਦ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਭੇਜਣ ਦਾ ਜੁੰਮੇਵਾਰ ਸਮਝਿਆ ਜਾਂਦਾ ਹੈ, ਜਿਸ ਨੂੰ ਸਬਕ ਸਿਖਾਉਣ ਲਈ ਉਸ ਨਾਲ ਕੋਈ ਵੀ ਗੱਲਬਾਤ ਨਾ ਕਰਨ ਅਤੇ ਸਰਹੱਦ 'ਤੇ ਜਵਾਬੀ ਗੋਲੀਬਾਰੀ ਕਰਕੇ ਸਬਕ ਸਿਖਾਉਣ ਨੂੰ ਆਪਣੀ ਸਫਲ ਨੀਤੀ ਵਜੋਂ ਉਭਾਰਿਆ ਜਾਂਦਾ ਰਿਹਾ ਹੈ, ਜਿਸ ਖਿਲਾਫ ਅੱਗ ਫੱਕਦਿਆਂ, ਮੋਦੀ ਲਾਣੇ ਵੱਲੋਂ ਭਾਰਤ ਅੰਦਰ ਫਿਰਕੂ ਜਨੂੰਨ ਭੜਕਾ ਕੇ ਵੋਟਾਂ ਬਟੋਰਨ ਲਈ ਤਾਣ ਲਾਇਆ ਜਾਂਦਾ ਰਿਹਾ ਹੈ— ਅੱਜ ਮੋਦੀ ਨੂੰ ਉਸੇ ਪਾਕਿਸਤਾਨ ਨਾਲ ਅਚਾਨਕ ਜਾਗੇ ਹੇਜ ਦਾ ਸਬੱਬ ਕੀ ਹੈ? ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਅਗਲੀ ਗੱਲਬਾਤ ਦਾ ਤੋਰਾ ਤੋਰਨ ਲਈ ਦਿਖਾਏ ਉਤਾਵਲੇਪਣ ਦੀ ਵਜਾਹ ਕੀ ਹੈ?
ਇਹ ਵਜਾਹ ਸਿਰਫ ਤੇ ਸਿਰਫ— ਕੌਮਾਂਤਰੀ ਪੱਧਰ 'ਤੇ ਅਮਰੀਕੀ ਸਾਮਰਾਜੀਆਂ ਦੀ ਅਗਵਾਈ ਹੇਠ ਸਾਮਰਾਜੀ ਧਾੜਵੀਆਂ ਅਤੇ ਪਛੜੇ ਮੁਲਕਾਂ ਦੀਆਂ ਸਾਮਰਾਜੀ ਦਲਾਲ ਹਕੂਮਤਾਂ ਦੇ ਅਖੌਤੀ ਦਹਿਸ਼ਤਗਰਦੀ ਨੂੰ ਕੁਚਲਣ ਦੇ ਨਾਂ ਹੇਠ, ਇਸਲਾਮਿਕ ਸਟੇਟ ਸਮੇਤ ਸਮੁੱਚੀਆਂ ਸਾਮਰਾਜ ਤੇ ਪਿਛਾਖੜ ਵਿਰੋਧੀ ਲੋਕ ਲਹਿਰਾਂ ਖਿਲਾਫ ਸ਼ਕਲ ਅਖਤਿਆਰ ਕਰ ਰਹੇ ਕੌਮਾਂਤਰੀ ਗੱਠਜੋੜ ਪ੍ਰਤੀ ਧਾਰਨ ਕੀਤਾ ਇਕਸੁਰ ਰਵੱਈਆ ਹੈ ਅਤੇ ਇੱਕਸੁਰ ਹੋਈ ਆਵਾਜ਼ ਹੈ। ਇਸਲਾਮਿਕ ਸਟੇਟ ਦੇ ਲੜਾਕਿਆਂ ਵੱਲੋਂ ਪੈਰਿਸ 'ਤੇ ਕੀਤੇ ਹਮਲਿਆਂ ਤੋਂ ਪਹਿਲਾਂ ਹੀ ਮੋਦੀ ਤਾਂ ਸਾਮਰਾਜੀ ਆਕਿਆਂ ਦੇ ਇਸ਼ਾਰਿਆਂ 'ਤੇ ਨੱਚਦਿਆਂ ਅਜਿਹਾ ਅਖੌਤੀ ਦਹਿਸ਼ਤਗਰਦੀ ਵਿਰੋਧੀ ਸੰਸਾਰ ਵਿਆਪੀ ਗੱਠਜੋੜ ਬਣਾਉਣ ਦੇ ਹੋਕਰੇ ਮਾਰਦਾ ਆਇਆ ਹੈ। ਪੈਰਿਸ ਹਮਲਿਆਂ ਦੌਰਾਨ ਉਸ ਵੱਲੋਂ ਇਹ ਘਰੜਾਇਆ ਰਾਗ ਪੂਰੇ ਜ਼ੋਰ ਨਾਲ ਅਲਾਪਿਆ ਗਿਆ ਹੈ। ਸਾਮਰਾਜੀ ਸੇਵਾ ਵਿੱਚ ਨਿਸ਼ੰਗ ਗਲਤਾਨ ਮੋਦੀ ਉਦੋਂ ਗੱਦ ਗੱਦ ਹੋ ਉੱਠਿਆ, ਜਦੋਂ ਪਾਕਿਸਤਾਨੀ ਹਕੂਮਤ ਵੱਲੋਂ ਸਾਊਦੀ ਅਰਬ ਹਕੂਮਤ ਦੀ ਅਗਵਾਈ ਵਿੱਚ ਇਸਲਾਮਿਕ ਸਟੇਟ ਖਿਲਾਫ ਬਣੇ 24 ਅਰਬ-ਮੁਲਕਾਂ ਦੇ ਅਖੌਤੀ ਦਹਿਸ਼ਤਗਰਦੀ ਵਿਰੋਧੀ ਗੱਠਗੋੜ ਵਿੱਚ ਸ਼ਾਮਲ ਹੋਣ ਦੀ ਖਬਰ ਉਸਦੇ ਕੰਨਾਂ ਤੱਕ ਪਹੁੰਚੀ। ਇਸ ਤੋਂ ਪਹਿਲਾਂ ਚਾਹੇ ਪਾਕਿਸਤਾਨੀ ਹਾਕਮਾਂ ਅਤੇ ਭਾਰਤੀ ਹਾਕਮਾਂ ਦੇ ਸਾਮਰਾਜੀਆਂ, ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜੀਆਂ ਦੀ ਚਾਕਰੀ ਕਰਨ ਦੇ ਮਾਮਲੇ ਵਿੱਚ ਬੁਨਿਆਦੀ ਇਕਸੁਰਤਾ ਮੌਜੂਦ ਸੀ। ਪਰ ਕਸ਼ਮੀਰ ਮਾਮਲੇ ਅਤੇ ਆਪੋ-ਆਪਣੇ ਮੁਲਕਾਂ ਦੇ ਲੋਕਾਂ ਨਾਲ ਖੇਡੀ ਜਾ ਰਹੀ ਛਲ ਅਤੇ ਬਲ ਦੀ ਖੇਡ 'ਚੋਂ ਨਿਕਲਦੀਆਂ ਜ਼ਰੂਰਤਾਂ ਕਰਕੇ ਪ੍ਰਸਪਰ ਹਿੱਤਾਂ ਦਾ ਟਕਰਾਅ ਵੀ ਮੌਜਦ ਸੀ, ਜਿਸ ਵਿੱਚ ਉਤਰਾਅ-ਚੜ•ਾਅ ਆਉਂਦੇ ਰਹਿੰਦੇ ਸਨ। ਪਰ ਹੁਣ ਪਿਛਲੇ ਅਰਸੇ ਵਿੱਚ ਜਿੱਥੇ ਅਮਰੀਕੀ ਸਾਮਰਾਜੀਆਂ ਅਤੇ ਨਾਟੋ ਗੁੱਟ ਨੂੰ ਅਫਗਾਨਿਸਤਾਨ ਤੇ ਲਿਬੀਆ ਅੰਦਰ ਪਛਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਬਕਰ-ਅਲ-ਬਗਦਾਦੀ ਦੀ ਅਗਵਾਈ ਹੇਠਲੀ ਇਸਲਾਮਿਕ ਸਟੇਟ ਦੇ ਉਭਾਰ ਵੱਲੋਂ ਉਹਨਾਂ ਨੂੰ ਕੰਬਣੀਆਂ ਛੇੜ ਦਿੱਤੀਆਂ ਗਈਆਂ ਹਨ। ਆਈ.ਐਸ. ਵੱਲੋਂ ਇਰਾਕ ਅਤੇ ਸੀਰੀਆ ਦੇ ਕਾਫੀ ਹਿੱਸੇ 'ਤੇ ਕਬਜ਼ਾ ਕਰਨ ਨਾਲ ਅਮਰੀਕਾ ਦੀਆਂ ਇਰਾਕ 'ਤੇ ਗਲਬਾ ਜਮਾਈ ਰੱਖਣ, ਤੇਲ-ਭੰਡਾਰਾਂ ਦੀ ਅੰਨ•ੀਂ ਲੁੱਟ ਮਚਾਉਣ ਅਤੇ ਸੀਰੀਆ ਦੀ ਬਸ਼ਰ-ਅਲ-ਅਸਦ ਹਕੂਮਤ ਨੂੰ ਚੱਲਦਾ ਕਰਕੇ ਉੱਥੇ ਆਪਣੀ ਕੱਠਪੁਤਲੀ ਹਕੂਮਤ ਠੋਸਣ ਦੀਆਂ ਵਿਉਂਤਾਂ ਖਤਰੇ ਮੂੰਹ ਜਾ ਪਈਆਂ ਹਨ। ਇਸਲਾਮਿਕ ਸਟੇਟ ਹੱਥੋਂ ਸਾਮਰਾਜੀ ਹੱਥਠੋਕੇ ਇਰਾਕੀ ਹਾਕਮਾਂ ਅਤੇ ਸੀਰੀਆ ਅੰਦਰ ਅਸਦ-ਪੱਖੀ ਅਤੇ ਵਿਰੋਧੀ ਤਾਕਤਾਂ ਨੂੰ ਲੱਗੀ ਪਛਾੜ ਦੇ ਸਿੱਟੇ ਵਜੋਂ ਅਰਬ-ਮੁਲਕਾਂ ਵਿੱਚ ਸਾਮਰਾਜ-ਵਿਰੋਧੀ ਜਜ਼ਬਿਆਂ ਅਤੇ ਲੜਾਕੂ ਰੌਂਅ ਨੂੰ ਹੁਲਾਰਾ ਮਿਲਿਆ ਹੈ ਅਤੇ ਸਾਮਰਾਜ ਵਿਰੋਧੀ ਤਾਕਤਾਂ ਦੇ ਵਧਾਰੇ-ਪਸਾਰੇ ਲਈ ਹੋਰ ਸਾਜਗਾਰ ਹਾਲਤ ਬਣੀ ਹੈ। ਅਮਰੀਕੀ ਸਾਮਰਾਜੀਆਂ ਵੱਲੋਂ ਇਸ ਬਣ ਰਹੀ ਹਾਲਤ ਅੰਦਰ ਸ਼ਕਲ ਅਖਤਿਆਰ ਕਰ ਰਹੇ ਸਾਮਰਾਜ-ਵਿਰੋਧੀ ਜਨਤਕ ਤੂਫਾਨਾਂ ਦੇ ਖਤਰਿਆਂ ਨੂੰ ਭਾਂਪਦਿਆਂ, ਅਖੌਤੀ ਦਹਿਸ਼ਤਗਰਦ ਵਿਰੋਧੀ ਸੰਸਾਰ ਵਿਆਪੀ ਗੱਠਜੋੜ ਬਣਾਉਣ ਦੇ ਕਾਰਜ ਨੂੰ ਮੂਹਰੇ ਲਿਆਂਦਾ ਗਿਆ ਹੈ। ਸੀਰੀਆ ਦੇ ਰਾਸ਼ਟਰਪਤੀ ਅਸਦ ਨੂੰ ਗੱਦੀਉਂ ਲਾਹੁਣ ਦੀ ਆਪਣੀ ਸ਼ਰਤ ਨੂੰ ਛੱਡਦਿਆਂ, ਰੂਸੀ ਸਾਮਰਾਜੀਆਂ ਨਾਲ ਗਿੱਟਮਿੱਟ ਕਰਕੇ ਚੱਲਣ ਨੂੰ ਤਰਜੀਹ ਦੇਣ ਦਾ ਪੈਂਤੜਾ ਅਖਤਿਆਰ ਕੀਤਾ ਗਿਆ ਹੈ। ਅਮਰੀਕੀ ਸਾਮਰਾਜ ਦਾ ਪਾਣੀ ਭਰਦੀਆਂ ਸਭਨਾਂ ਪਛੜੇ ਮੁਲਕਾਂ (ਵਿਸ਼ੇਸ਼ ਕਰਕੇ ਪਾਕਿਸਤਾਨ ਸਮੇਤ ਅਰਬ ਮੁਲਕਾਂ) ਦੀਆਂ ਹਕੂਮਤਾਂ ਨੂੰ ਇੱਕ ਵਾਰੀ ਇਹਨਾਂ ਸਾਮਰਾਜ ਵਿਰੋਧੀ ਲਹਿਰਾਂ ਨਾਲ ਨਜਿੱਠਣ ਲਈ ਆਪਸ ਵਿੱਚੀਂ ਹੱਥ ਮਿਲਾਉਣ ਅਤੇ ਇਸ ਅਖੌਤੀ ਦਹਿਸ਼ਤਗਰਦੀ ਵਿਰੋਧੀ ਕੌਮਾਂਤਰੀ ਗੱਠਜੋੜ ਵਿੱਚ ਸਿੱਧੇ/ਅਸਿੱਧੇ ਭਾਈਵਾਲ ਹੋਣ ਲਈ ਦਬਾਅ ਬਣਾਉਣ ਦੇ ਨਾਲ ਭਾਰਤੀ ਅਤੇ ਪਾਕਿਸਤਾਨੀ ਹਾਕਮਾਂ ਨੂੰ ਇਹ ਨਸੀਹਤ ਕੀਤੀ ਜਾ ਰਹੀ ਹੈ ਕਿ ਮੱਧ-ਏਸ਼ੀਆ ਅਤੇ ਅਰਬ-ਮੁਲਕਾਂ ਅੰਦਰ ਸਾਮਰਾਜ-ਵਿਰੋਧੀ ਲਹਿਰਾਂ, ਵਿਸ਼ੇਸ਼ ਕਰਕੇ ਇਸਲਾਮਿਕ ਸਟੇਟ ਦੇ ਉਭਾਰ ਦੇ ਦੋਵਾਂ ਮੁਲਕਾਂ ਵਿੱਚ ਪੈਣ ਵਾਲੇ ਸੰਭਾਵਿਤ ਹਲੂਣਵੇਂ ਅਸਰਾਂ ਕਰਕੇ ਦੋਵੇਂ ਮੁਲਕਾਂ ਅੰਦਰ ਉੱਠ ਰਹੀਆਂ ਰਾਜ ਵਿਰੋਧੀ ਲੋਕ-ਲਹਿਰਾਂ ਨੇ ਜ਼ੋਰ ਫੜਨਾ ਹੈ। ਵਿਸ਼ੇਸ਼ ਕਰਕੇ ਪਾਕਿਸਤਾਨ, ਕਸ਼ਮੀਰ ਅਤੇ ਭਾਰਤ ਦੀ ਮੁਸਲਿਮ ਵਸੋਂ 'ਤੇ ਪੈਣ ਵਾਲੀਆਂ ਪ੍ਰਭਾਵ ਤਰੰਗਾਂ ਨੇ ਦੋਵੇਂ ਮੁਲਕਾਂ ਲਈ ਗੰਭੀਰ ਚੁਣੌਤੀਆਂ ਖੜ•ੀਆਂ ਕਰਨੀਆਂ ਹਨ। ਸਿੱਟੇ ਵਜੋਂ ਪਹਿਲੋਂ ਹੀ ਦੋਵੇਂ ਮੁਲਕਾਂ ਵਿੱਚ ਪਿਛਾਖੜੀ ਰਾਜ ਖਿਲਾਫ ਚੱਲਦੀਆਂ ਲਹਿਰਾਂ ਨੂੰ ਨਜਿੱਠਣ ਪੱਖੋਂ ਹਾਲਤ ਨੇ ਹੋਰ ਵੀ ਨਾ-ਸਾਜਗਾਰ ਅਤੇ ਕਠਿਨ ਬਣ ਜਾਣਾ ਹੈ।
ਉਪਰੋਕਤ ਸੰਖੇਪ ਚਰਚਾ ਤੋਂ ਸਪਸ਼ਟ ਹੈ ਕਿ ਇਹ ਕੌਮਾਂਤਰੀ ਪੱਧਰ 'ਤੇ ਸਾਮਰਾਜ-ਵਿਰੋਧੀ, ਵਿਸ਼ੇਸ਼ ਕਰਕੇ ਆਈ.ਐਸ. ਦੇ ਉਭਾਰ ਨਾਲ ਸਾਮਰਾਜੀ ਹਿੱਤਾਂ ਨੂੰ ਖੜ•ੀ ਹੋਈ ਚੁਣੌਤੀ ਨੂੰ ਨਜਿੱਠਣ ਅਤੇ ਆਪੋ-ਆਪਣੇ ਮੁਲਕਾਂ ਵਿੱਚ ਸਥਾਨਕ ਪਿਛਾਖੜੀ ਹਿੱਤਾਂ ਨੂੰ ਦਰਪੇਸ਼ ਅਤੇ ਸੰਭਾਵਿਤ ਚੁਣੌਤੀਆਂ ਨੂੰ ਨਜਿੱਠਣ ਦੇ ਮਾਮਲਿਆਂ ਵਿੱਚ ਬਣੀ ਰਜ਼ਾਮੰਦੀ ਹੀ ਹੈ, ਜਿਹੜੀ ਪਾਕਿਸਤਾਨੀ ਹਾਕਮਾਂ ਖਿਲਾਫ ਜ਼ਹਿਰ ਉਗਲੱਛਦੀ ਮੋਦੀ ਦੀ ਜੁਬਾਨ 'ਤੇ ਸਦਭਾਵਨਾ ਲਫਾਜ਼ੀ ਦਾ ਫੁੱਲ ਬਣ ਕੇ ਖਿੜ ਆਈ ਹੈ ਅਤੇ ਜਿਹੜੀ ਉਸਦੀ ਅਚਾਨਕ ਸਦਭਾਵਨਾ ਫੇਰੀ ਵਜੋਂ ਧੁਮਾਈ ਜਾ ਰਹੀ ਲਾਹੌਰ ਦੀ ਚੰਗੀ ਤਰ•ਾਂ ਸੋਚੀ ਸਮਝੀ ਫੇਰੀ ਦਾ ਸਬੱਬ ਬਣੀ ਹੈ।
ਇਹ ਰਜ਼ਾਮੰਦੀ, ਦੋਵੇਂ ਮੁਲਕਾਂ ਦੇ ਸਾਮਰਾਜੀਆਂ ਦੇ ਦਲਾਲ ਪਿਛਾਖੜੀ ਹਾਕਮਾਂ ਦੀ ਇੱਕਸੁਰਤਾ ਹੈ, ਜਿਹੜੀ ਪਛੜੇ ਮੁਲਕਾਂ, ਵਿਸ਼ੇਸ਼ ਕਰਕੇ ਮੱਧ-ਏਸ਼ੀਆ ਅਤੇ ਅਰਬ-ਮੁਲਕਾਂ ਦੀਆਂ ਸਾਮਰਾਜ ਵਿਰੋਧੀ ਉਠਾਣਾਂ ਤੇ ਲਹਿਰਾਂ ਖਿਲਾਫ ਸੇਧਤ ਅਖੌਤੀ ਦਹਿਸ਼ਤਗਰਦੀ ਵਿਰੋਧੀ ਸੰਸਾਰ-ਵਿਆਪੀ ਸਾਮਰਾਜ ਤੇ ਪਿਛਾਖੜੀ ਹਾਕਮਾਂ ਦੇ ਗੱਠਜੋੜ ਪਿੱਛੇ ਕੰਮ ਕਰਦੇ ਨਾ-ਪਾਕਿ ਮਨਸੂਬਿਆਂ ਵਿੱਚ ਭਾਈਵਾਲ ਹੋਣ ਦੀ ਲੋੜ ਨੂੰ ਮਿਲਵਾਂ ਹੁੰਗਾਰਾ ਹੈ, ਅਤੇ ਜਿਹੜੀ ਦੋਵਾਂ ਮੁਲਕਾਂ ਦੇ ਲੋਕਾਂ ਦੀਆਂ ਹੱਕੀ ਲਹਿਰਾਂ, ਵਿਸ਼ੇਸ਼ ਕਰਕੇ ਕਸ਼ਮੀਰੀ ਲੋਕਾਂ ਦੀਆਂ ਕੌਮੀ ਆਪਾ ਨਿਰਣੇ ਅਤੇ ਆਜ਼ਾਦੀ ਦੀ ਲਹਿਰ ਨੂੰ ਕੁਚਲ ਦੇਣ ਦੇ ਕੋਝੇ ਮਨਸੂਬਿਆਂ ਨੂੰ ਸਾਂਝਾ ਹੁੰਗਾਰਾ ਹੈ। ੦-੦
No comments:
Post a Comment