ਹੱਕੀ ਸੰਘਰਸ਼ ਨੂੰ ਜਾਰੀ ਰੱਖਦੇ ਹੋਏ
ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਵਿਸ਼ਾਲ ਲਲਕਾਰ ਰੈਲੀਆਂ
-ਪੱਤਰਕਾਰ
4 ਤੋਂ 6 ਨਵੰਬਰ ਨੂੰ ਮੋਗਾ ਅਤੇ ਅੰਮ੍ਰਿਤਸਰ ਵਿਖੇ ਦੋ ਥਾਵਾਂ 'ਤੇ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਡੀ.ਸੀ. ਦਫਤਰਾਂ ਮੂਹਰੇ ਤਿੰਨ ਰੋਜ਼ਾ ਦਿਨ-ਰਾਤ ਦੇ ਧਰਨੇ ਮਾਰੇ ਗਏ ਸਨ। ਇਹਨਾਂ ਧਰਨਿਆਂ ਤੋਂ ਬਾਅਦ 18 ਨਵੰਬਰ ਨੂੰ ਹੋਈ ਸਬੰਧਤ 12 ਜਥੇਬੰਦੀਆਂ ਦੀ ਮੀਟਿੰਗ ਵਿੱਚ ਸੂਬੇ ਵਿੱਚ ਦੋ ਥਾਵਾਂ 'ਤੇ ਲਲਕਾਰ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਲਈ ਪੰਜਾਬ ਭਰ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਅੱਠ ਕਿਸਾਨ ਅਤੇ ਚਾਰ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਥੜ•ੇ ਦੀ ਅਗਵਾਈ ਹੇਠ 16 ਅਤੇ 18 ਦਸੰਬਰ ਨੂੰ ਦੋ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਇਹਨਾਂ ਵਿੱਚੋਂ ਇੱਕ ਰੈਲੀ ਬਰਨਾਲਾ ਵਿਖੇ ਅਤੇ ਦੂਜੀ ਰੈਲੀ ਅੰਮ੍ਰਿਤਸਰ ਵਿਖੇ ਹੋਈ। ਬਰਨਾਲਾ ਵਿਖੇ ਹੋਈ ਰੈਲੀ ਵਿੱਚ ਮਾਲਵੇ ਦੇ 12 ਜ਼ਿਲਿ•ਆਂ ਅਤੇ ਅੰਮ੍ਰਿਤਸਰ ਵਿਖੇ ਹੋਈ ਰੈਲੀ ਵਿੱਚ ਮਾਝੇ ਨਾਲ ਸਬੰਧਤ ਜ਼ਿਲਿ•ਆਂ ਦੀ ਕਿਸਾਨ ਅਤੇ ਖੇਤ ਮਜ਼ਦੂਰ ਜਨਤਾ ਨੇ ਜੋਸ਼-ਖਰੋਸ਼ ਨਾਲ ਸ਼ਮੂਲੀਅਤ ਕੀਤੀ। ਬਰਨਾਲਾ ਵਿਖੇ ਹੋਈ ਰੈਲੀ 'ਚ ਆਗੂਆਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਧਾਰਨ ਕੀਤਾ ਰਵੱਈਆ ਐਨ ਲੋਕ-ਵਿਰੋਧੀ ਹੈ। ਇਸ ਹਕੂਮਤ ਵੱਲੋਂ ਚਿੱਟੇ ਮੱਛਰ ਦੇ ਹਮਲੇ ਅਤੇ ਸਰਕਾਰੀ ਸਰਪ੍ਰਸਤੀ ਹੇਠ ਵੇਚੀਆਂ ਗਈਆਂ ਨਕਲੀ ਕੀਟਨਾਸ਼ਕ ਦਵਾਈਆਂ ਕਰਕੇ ਤਬਾਹ ਹੋਏ ਹਜ਼ਾਰਾਂ ਏਕੜ ਨਰਮੇ ਦਾ ਪ੍ਰਤੀ ਏਕੜ 40 ਹਜ਼ਾਰ ਰੁਪਏ ਦੇਣ ਦੀ ਬਜਾਇ, 8000 ਰੁਪਏ ਪ੍ਰਤੀ ਏਕੜ ਦੀ ਨਿਗੂਣੀ ਰਾਸ਼ੀ ਜਾਰੀ ਕੀਤੀ ਗਈ। ਇਹ ਰਾਸ਼ੀ ਵੀ ਹੱਕਦਾਰ ਕਿਸਾਨਾਂ ਕੋਲ ਨਹੀਂ ਪਹੁੰਚੀ। ਖੇਤ ਮਜ਼ਦੂਰਾਂ ਨੂੰ ਸਿਰਫ 64 ਕਰੋੜ ਰੁਪਏ ਦਿੱਤੇ ਗਏ, ਜਿਸ 'ਚੋਂ ਅਜੇ ਤੱਕ ਉਹਨਾਂ ਦੇ ਪੱਲੇ ਧੇਲਾ ਵੀ ਨਹੀਂ ਪਿਆ। ਕਿਸਾਨਾਂ ਦੀ ਗਾੜ•ੇ ਖੂਨ-ਪਸੀਨੇ ਨਾਲ ਪਾਲੀ ਗਈ ਬਾਸਮਤੀ ਨੂੰ ਵਪਾਰੀਆਂ ਹੱਥ ਕੌਡੀਆਂ ਦੇ ਭਾਅ ਲੁਟਾਇਆ ਗਿਆ, ਜਿਸ ਨਾਲ ਕਿਸਾਨਾਂ ਨੂੰ 7500 ਕਰੋੜ ਰੁਪਏ ਦਾ ਰਗੜਾ ਲੱਗਿਆ। ਚਿੱਟੇ ਮੱਛਰ, ਨਕਲੀ ਕੀਟਨਾਸ਼ਕ ਦਵਾਈਆਂ, ਹੜ•ਾਂ/ਗੜੇਮਾਰੀ ਨਾਲ ਹੋਈ ਫਸਲਾਂ ਦੀ ਤਬਾਹੀ ਦੀ ਵਾਜਬ ਭਰਪਾਈ ਕਰਨ ਦੀ ਮੰਗ ਨੂੰ ਉਭਾਰਦਿਆਂ, ਗੰਨਾ ਉਤਪਾਦਕਾਂ ਦਾ ਖੰਡ ਮਿੱਲਾਂ ਵੱਲ ਖੜ•ਾ 134 ਕਰੋੜ ਰੁਪਏ ਦਾ ਬਕਾਇਆ ਤੁਰੰਤ ਅਦਾ ਕਰਨ, ਖੰਡ ਮਿੱਲਾਂ ਚਾਲੂ ਕਰਨ, ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜ਼ੇ 'ਤੇ ਲਕੀਰ ਮਾਰਨ, ਆਬਾਦਕਾਰਾਂ/ਮੁਜਾਰੇ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦੇਣ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਵਰਗੀਆਂ ਮੰਗਾਂ ਨੂੰ ਉਭਾਰਿਆ ਗਿਆ।
ਇਸ ਤੋਂ ਇਲਾਵਾ, ਆਗੂਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਕਾਲੇ ਕਾਨੂੰਨ ਘੜੇ ਜਾ ਰਹੇ ਹਨ ਅਤੇ ਲੋਕਾਂ 'ਤੇ ਥੋਪੇ ਜਾ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਵੱਲੋਂ ''ਪੰਜਾਬ ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ-2014'' ਪੰਜਾਬ ਦੇ ਲੋਕਾਂ 'ਤੇ ਮੜਿ•ਆ ਜਾ ਰਿਹਾ ਹੈ। ਇਸ ਕਾਲੇ ਕਾਨੂੰਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ, ਇਸ ਖਿਲਾਫ ਸੰਘਰਸ਼ ਲੜਨ ਦੀ ਜ਼ਰੂਰਤ ਨੂੰ ਉਭਾਰਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਨਿਭਾਈ ਅਤੇ ਇਸ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀ.ਕੇ.ਯੂ. ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਪੰਜਾਬ ਕਿਸਾਨ ਯੂਨੀਅਨ ਦੇ ਪਵਿੱਤਰ ਲਾਲੀ, ਕਿਰਤੀ ਕਿਸਾਨ ਯੂਨੀਅਨ ਦੇ ਕੁੱਲ ਹਿੰਦ ਪ੍ਰਧਾਨ ਹਰਦੇਵ ਸਿੰਘ ਸੰਧੂ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਜਮਹੂਰੀ ਕਿਸਾਨ ਯੂਨੀਅਨ ਦੇ ਕੁਲਵੰਤ ਸਿੰਘ ਸੰਧੂ, ਪੇਂਡੂ ਖੇਤ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਦਰਬਾਰਾ ਸਿੰਘ ਫੂਲੇਵਾਲਾ, ਕਿਸਾਨ ਸੰਘਰਸ਼ ਕਮੇਟੀ ਦੇ ਸੁਖਵਿੰਦਰ ਸਿੰਘ ਸਭਰਾ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਿੰਘ ਸਮਾਓਂ ਵੱਲੋਂ ਇਸ ਰੈਲੀ ਨੂੰ ਸੰਬੋਧਨ ਕੀਤਾ ਗਿਆ।
18 ਦਸੰਬਰ ਨੂੰ ਇਹਨਾਂ ਹੀ ਕਿਸਾਨ ਅਤੇ ਖੇਤ-ਮਜ਼ਦੂਰ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿਖੇ ਸਥਾਨਕ ਕੰਪਨੀ ਬਾਗ ਵਿੱਚ ਇਕੱਠ ਕੀਤਾ ਗਿਆ। ਇਸ ਰੈਲੀ ਵਿੱਚ ਬਰਨਾਲਾ ਰੈਲੀ ਵਾਲੀਆਂ ਮੰਗਾਂ ਨੂੰ ਉਭਾਰਦਿਆਂ ਕਿਹਾ ਗਿਆ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਕੇ ਲੋਕ ਮਾਰੂ ਫੈਸਲੇ ਲੈ ਰਹੀਆਂ ਹਨ। ਸਬਸਿਡੀਆਂ ਖੋਹੀਆਂ ਜਾ ਰਹੀਆਂ ਹਨ, ਕੀਨੀਆ ਵਿੱਚ ਹੋਈ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਸਾਮਰਾਜੀਆਂ ਵੱਲੋਂ ਪੇਸ਼ ਕੀਤੀਆਂ ਤਜਵੀਜ਼ਾਂ ਕਿਸਾਨ ਵਿਰੋਧੀ ਹਨ, ਜਿਹਨਾਂ ਦੇ ਲਾਗੂ ਹੋਣ ਨਾਲ ਕਿਸਾਨੀ ਦੀ ਹਾਲਤ ਬਦਤਰ ਹੋਵੇਗੀ। ਇਸ ਤੋਂ ਇਲਾਵਾ, ਬੁਲਾਰਿਆਂ ਵੱਲੋਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਸੰਧੂ, ਕਿਰਤੀ ਕਿਸਾਨ ਯੂਨੀਅਨ ਵੱਲੋਂ ਦਾਤਾਰ ਸਿੰਘ, ਸਤਿਬੀਰ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ, ਕਰਮਜੀਤ ਸਿੰਘ ਤਲਵੰਡੀ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਧ ਦਾਊਦ, ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਸੁਖਦੇਵ ਸਿੰਘ, ਲਖਵਿੰਦਰ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਅਤੇ ਬਲਵੀਰ ਸਿੰਘ ਸ਼ਾਮਲ ਸਨ। ਇਸ ਰੈਲੀ ਵਿੱਚ ਕਿਸਾਨਾਂ ਦੀਆਂ ਵਾਜਬ ਮੰਗਾਂ 'ਤੇ ਜ਼ੋਰ ਦਿੰਦੇ ਹੋਏ, ਮੁੱਖ ਮੰਤਰੀ ਨਾਲ 17 ਦਸੰਬਰ ਨੂੰ ਇਹਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਉਸ ਵੱਲੋਂ ਤਸੱਲੀਬਖਸ਼ ਹੁੰਗਾਰਾ ਨਾ ਦੇਣ ਅਤੇ ਮੰਗਾਂ ਨਾ ਪ੍ਰਵਾਨ ਕਰਨ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਇਹ ਵੀ ਆਖਿਆ ਗਿਆ ਕਿ ਮੰਗਾਂ ਨਾ ਮੰਨਣ ਦੀ ਹਾਲਤ ਵਿੱਚ 6 ਤੋਂ 8 ਜਨਵਰੀ ਤੱਕ ਮੁੱਖ ਮੰਤਰੀ ਦੇ ਜੱਦੀ ਪਿੰਡ ਬਾਦਲ ਵਿਖੇ ਧਰਨਾ ਦਿੱਤਾ ਜਾਵੇਗਾ।
No comments:
Post a Comment