ਲੋਕ-ਪਾਲੇ ਵਿੱਚ ਹੋਣ ਦੀਆਂ ਦਾਅਵੇਦਾਰ ਤਾਕਤਾਂ ਅਤੇ ਬਾਦਲ-ਲਾਣੇ ਵੱਲੋਂ ਚਲਾਇਆ
ਅਖੌਤੀ ਸਦਭਾਵਨਾ ਰੈਲੀਆਂ ਦਾ ਸਿਲਸਿਲਾ
ਪਿਛਲੇ ਦਿਨਾਂ ਵਿੱਚ ਸਿੱਖ ਧਾਰਮਿਕ ਮਾਮਲਿਆਂ ਨਾਲ ਜੁੜ ਕੇ ਬਣੀ ਹਾਲਤ ਨੂੰ ਸਭਨਾਂ ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਸਮੇਤ ਅਸਲੀ ਅਤੇ ਨਕਲੀ ਕਮਿਊਨਿਸਟ ਇਨਕਲਾਬੀ ਧਿਰਾਂ, ਜਮਹੁਰੀ ਅਤੇ ਇਨਸਾਫ਼ਪਸੰਦ ਤਾਕਤਾਂ ਅਤੇ ਲੋਕ-ਹਿਤੈਸ਼ੀ ਜਨਤਕ ਜਥੇਬੰਦੀਆਂ ਵੱਲੋਂ ਹੁੰਗਾਰਾ ਦਿੱਤਾ ਗਿਆ ਹੈ। ਉਹਨਾਂ ਵੱਲੋਂ ਅਖਬਾਰੀ ਬਿਆਨ ਜਾਰੀ ਕਰਨ ਤੋਂ ਇਲਾਵਾ, ਇਸ਼ਤਿਹਾਰ ਅਤੇ ਲੀਫਲੈਟ ਵਗੈਰਾ ਵੀ ਵੰਡੇ ਗਏ ਹਨ। ਮੀਟਿੰਗਾਂ, ਰੈਲੀਆਂ, ਕਨਵੈਨਸ਼ਨਾਂ ਅਤੇ ਮੁਜਾਹਰਿਆਂ ਦਾ ਸਿਲਸਿਲਾ ਤੋਰਿਆ ਗਿਆ ਹੈ। ਇਨਕਲਾਬੀ ਅਤੇ ਲੋਕ-ਹਿਤੈਸ਼ੀ ਧਿਰਾਂ ਵੱਲੋਂ ਇਹ ਸਮਝ ਉਭਾਰੀ ਗਈ ਹੈ ਕਿ ਜਿੱਥੇ ਅਕਾਲੀ-ਭਾਜਪਾ ਹਕੂਮਤ ਦੀਆਂ ਲੋਕ-ਮਾਰੂ ਆਰਥਿਕ ਨੀਤੀਆਂ ਕਰਕੇ ਉਜਾੜੇ, ਤਬਾਹੀ ਅਤੇ ਕਰਜ਼ੇ ਦੇ ਮੁੰਹ ਧੱਕੀ ਜਾ ਰਹੀ ਕਿਸਾਨ ਅਤੇ ਖੇਤ ਮਜ਼ਦੂਰ ਜਨਤਾ ਦਾ ਰੋਹ-ਫੁਟਾਰਾ ਹੋਇਆ ਹੈ, ਉੱਥੇ ਅਕਾਲੀ ਦਲ ਵੱਲੋਂ ਸਿੱਖ ਧਾਰਮਿਕ ਸੰਸਥਾਵਾਂ ਅਤੇ ਅਸਥਾਨਾਂ ਦੀ ਕੀਤੀ ਜਾ ਰਹੀ ਨੰਗੀ-ਚਿੱਟੀ ਦੁਰਵਰਤੋਂ ਤੇ ਸਿੱਖ ਧਾਰਮਿਕ ਘੱਟ ਗਿਣਤੀ ਦੇ ਰੜਕਵੇਂ ਹੱਕੀ ਸਰੋਕਾਰਾਂ ਪ੍ਰਤੀ ਹਾਕਮਾਂ ਵੱਲੋਂ ਅਪਣਾਈ ਜਾ ਰਹੀ ਤੁਅੱਸਬੀ ਪਹੁੰਚ ਦੇ ਸਿੱਟੇ ਵਜੋਂ ਸਿੱਖ ਜਨਤਾ ਅੰਦਰ ਤਿੱਖਾ ਪ੍ਰਤੀਕਰਮ ਤੇ ਰੋਸ ਜਾਗਿਆ ਹੈ। ਕੇਂਦਰ ਦੀ ਮੋਦੀ ਹਕੂਮਤ ਅਤੇ ਫਾਸ਼ੀ ਹਿੰਦੂਤਵੀ ਸੋਚ ਨੂੰ ਪ੍ਰਣਾਈਆਂ ਹਿੰਦੂ ਜਨੂੰਨੀ ਜਥੇਬੰਦੀਆਂ ਵੱਲੋਂ ਧਾਰਮਿਕ ਘੱਟ-ਗਿਣਤੀਆਂ, ਕੌਮੀਅਤਾਂ, ਕਬੀਲਿਆਂ ਅਤੇ ਲੋਕਾਂ ਦੇ ਖਾਣ-ਪੀਣ ਅਤੇ ਪਹਿਨਣ-ਪਚਰਨ ਦੇ ਜਮਹੂਰੀ ਹੱਕਾਂ ਵੱਲ ਸੇਧਤ ਹਮਲਾਵਰ ਮੁਹਿੰਮ ਵੱਲੋਂ ਸਿੱਖ ਜਨਤਾ ਅੰਦਰ ਅਸੁਰੱਖਿਆ ਦੀ ਭਾਵਨਾ ਅਤੇ ਰੋਸ ਨੂੰ ਹੋਰ ਚੋਭ ਲਾਉਣ ਦਾ ਕੰਮ ਕੀਤਾ ਗਿਆ ਹੈ। ਜਿਸ ਕਰਕੇ ਪੰਜਾਬ ਭਰ ਅੰਦਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖ ਜਨਤਾ ਰੋਸ ਵਿਖਾਵਿਆਂ ਅਤੇ ਧਰਨਿਆਂ ਦੀ ਸ਼ਕਲ ਵਿੱਚ ਸੜਕਾਂ 'ਤੇ ਨਿੱਕਲ ਤੁਰੀ ਹੈ। ਬਾਦਲ ਹਕੂਮਤ ਵੱਲੋਂ ਕਿਸਾਨ ਸੰਘਰਸ਼ ਅਤੇ ਸਿੱਖ ਜਨਤਾ ਦੇ ਰੋਸ ਉਭਾਰ ਨੂੰ ਨਜਿੱਠਣ ਲਈ ਜਿੱਥੇ ਬਹਿਬਲ ਗੋਲੀ-ਕਾਂਡ ਰਚਾਉਂਦਿਆਂ, ਦੋ ਵਿਅਕਤੀਆਂ ਨੂੰ ਮਾਰ ਮੁਕਾਇਆ ਗਿਆ, ਉੱਥੇ ਵੱਖ ਵੱਖ ਥਾਵਾਂ 'ਤੇ ਗੁਰਦੁਆਰਿਆਂ ਅੰਦਰ ਗੁਰੂ ਗਰੰਥ ਸਾਹਿਬ ਅਤੇ ਸਿੱਖ ਧਾਰਮਿਕ ਪੋਥੀਆਂ ਦੀ ਬੇਹੁਰਮਤੀ ਕਰਨ ਦੀਆਂ ਘਟਨਾਵਾਂ ਦਾ ਤੋਰਾ ਤੋਰਦਿਆਂ, ਇਹਨਾਂ ਘਟਨਾਵਾਂ ਅੰਦਰ ''ਵਿਦੇਸ਼ੀ ਹੱਥ'' ਹੋਣ ਦਾ ਸ਼ੋਸ਼ਾ ਛੱਡਿਆ ਗਿਆ ਅਤੇ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜਨ ਦਾ ਨਜਾਇਜ਼ ਕੇਸ ਮੜ• ਦਿੱਤਾ ਗਿਆ। ਇਹਨਾਂ ਦੇ ਤਾਰ ਵਿਦੇਸ਼ਾਂ ਵਿੱਚ ਬੈਠੀਆਂ ਅੱਤਵਾਦੀ ਤਾਕਤਾਂ ਨਾਲ ਜੁੜੇ ਹੋਣ ਦੀ ਗੱਲ ਧੁਮਾਈ ਗਈ। ਇਉਂ, ਅਕਾਲੀ-ਭਾਜਪਾ ਹਾਕਮਾਂ ਵੱਲੋਂ ਇੱਕ ਤੀਰ ਨਾਲ ਦੋ ਪੰਛੀ ਫੁੰਡਣ ਦੀ ਕੋਸ਼ਿਸ਼ ਕੀਤੀ ਗਈ। ਇੱਕ— ਸਿੱਖ ਧਾਰਮਿਕ ਜਨਤਾ ਵਿੱਚੋਂ ਅਕਾਲੀ ਦਲ ਅਤੇ ਉਸਦੇ ਹੱਥਠੋਕਾ ਸਿੱਖ-ਸੰਸਥਾਵਾਂ ਦੇ ਕਰਤਿਆਂ-ਧਰਤਿਆਂ ਵਿਰੁੱਧ ਉੱਠੇ ਰੋਹ ਨੂੰ ਹੱਕੀ ਧਾਰਮਿਕ ਸਰੋਕਾਰਾਂ ਅਤੇ ਮੰਗਾਂ ਅਤੇ ਹਕੀਕੀ ਚੋਟ-ਨਿਸ਼ਾਨੇ ਤੋਂ ਤਿਲ•ਕਾਉਣਾ ਅਤੇ ਦੂਜਾ— ਕਿਸਾਨ ਜਨਤਾ ਦੇ ਗੁੱਸੇ ਅਤੇ ਸੁਰਤੀ ਨੂੰ ਕਿਸਾਨ ਜਨਤਾ ਦੇ ਸਰੋਕਾਰਾਂ ਤੇ ਮੰਗਾਂ ਤੋਂ ਭਟਕਾਊ ਧਾਰਮਿਕ ਮੁੱਦੇ ਵੱਲ ਤਿਲ•ਕਾਉਣਾ। ਬਾਦਲ ਵੱਲੋਂ ਲੋਕਾਂ ਦੇ ਧਿਆਨ ਨੂੰ ਧਾਰਮਿਕ ਪੋਥੀਆਂ ਦੇ ਵਰਕੇ ਪਾੜ•ਨ ਵਰਗੀਆਂ ਬੇਹੁਰਮਤੀ ਦੀਆਂ ਘਟਨਾਵਾਂ 'ਤੇ ਕੇਂਦਰਤ ਕਰਨ ਲਈ ਖੁਦ ਬੇਹੱਦ ਪੀੜਤ ਹੋਣ ਦਾ ਦੰਭ ਰਚਦਿਆਂ, ਅਕਾਲ ਤਖ਼ਤ 'ਤੇ ਇੱਕ ਚਿੱਠੀ ਲੈ ਕੇ ਪੇਸ਼ ਹੋਣ ਦਾ ਡਰਾਮਾ ਰਚਿਆ ਗਿਆ। ਪਰ ਬਾਦਲ ਲਾਣੇ ਵੱਲੋਂ ਵਰਤੇ ਇਹਨਾਂ ਭਟਕਾਊ ਹਰਬਿਆਂ ਦੇ ਬਾਵਜੂਦ, ਨਾ ਕਿਸਾਨ ਰੋਹ ਅਤੇ ਨਾ ਹੀ ਸਿੱਖ ਜਨਤਾ ਅੰਦਰਲੇ ਰੋਹ ਨੂੰ ਕੁਰਾਹੇ ਪਾਇਆ ਜਾ ਸਕਿਆ। ਕੁੱਝ ਇੱਕ ਲੋਕ-ਹਿਤੈਸ਼ੀ ਹੋਣ ਦਾ ਦਾਅਵਾ ਕਰਦੀਆਂ ਜਥੇਬੰਦੀਆਂ/ਥੜਿ•ਆਂ ਵੱਲੋਂ ਸਿੱਖ ਜਨਤਾ ਅੰਦਰਲੇ ਰੋਸ-ਉਭਾਰ ਦਾ ਕਾਰਨ ਬਣਦੇ ਹੱਕੀ ਧਾਰਮਿਕ ਸਰੋਕਾਰਾਂ ਅਤੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਦਿਆਂ, ਇਹ ਗੱਲ ਉਭਾਰੀ ਗਈ ਕਿ ਇਹ ਸਾਰਾ ਰੌਲਾ-ਗੌਲਾ ਫਿਰਕੂ ਤਾਕਤਾਂ ਵੱਲੋਂ ਫਿਰਕੂ ਜ਼ਹਿਰ ਦਾ ਛੱਟਾ ਦੇਣ, ਫਿਰਕੂ-ਪਾਟਕ ਪਾਉਣ, ਜਮਾਤੀ-ਏਕਤਾ ਨੂੰ ਪਾੜਨ-ਖਿੰਡਾਉਣ ਅਤੇ ਜਨਤਾ ਦਾ ਧਿਆਨ ਕਿਸਾਨ ਮੰਗਾਂ/ਮਸਲਿਆਂ ਤੋਂ ਤਿਲ•ਕਾਉਣ ਲਈ ਖੜ•ਾ ਕੀਤਾ ਗਿਆ ਹੈ। ਪੰਜਾਬ ਅੰਦਰ ਮੁੜ ਤੋਂ 1980ਵਿਆਂ ਵਰਗੀ ਖਤਰਨਾਕ ਹਾਲਤ ਮੁੜ ਲਿਆਉਣ ਦੇ ਖੋਟੇ ਮਨਸੂਬਿਆਂ ਦੀ ਪੂਰਤੀ ਲਈ ਖੜ•ਾ ਕੀਤਾ ਗਿਆ ਹੈ। ਇਹਨਾਂ ਤਾਕਤਾਂ ਦੇ ਫਿਰਕੁ, ਪਾਟਕਪਾਊ ਅਤੇ ਭਟਕਾਊ ਮਨਸੂਬਿਆਂ ਨੂੰ ਭਾਂਜ ਦੇਣ ਲਈ ਇਹਨਾਂ ਜਥੇਬੰਦੀਆਂ/ਥੜਿ•ਆਂ ਵੱਲੋਂ ਸਦਭਾਵਨਾ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਤੋਰਿਆ ਗਿਆ। ਇਹ ਕੁਝ ਤਾਂ ਕੀਤਾ ਗਿਆ— ਉਹਨਾਂ ਧਿਰਾਂ/ਜਥੇਬੰਦੀਆਂ ਵੱਲੋਂ ਜਿਹੜੀਆਂ ਆਪਣੇ ਆਪ ਨੂੰ ਲੋਕ ਪਾਲੇ ਵਿੱਚ ਖੜ•ੀਆਂ ਹੋਣ ਦਾ ਦਾਅਵਾ ਕਰਦੀਆਂ ਹਨ। ਜੋਕ ਪਾਲੇ ਵਿੱਚ ਖੜ•ੇ ਅਤੇ ਮੌਜੂਦਾ ਹਾਲਤ ਬਣਾਉਣ ਲਈ ਜਿੰਮੇਵਾਰ ਤੇ ਮੁਜਰਿਮ ਅਕਾਲੀ ਦਲ ਵੱਲੋਂ ਵੀ ਪੂਰੇ ਜ਼ੋਰ ਸ਼ੋਰ ਨਾਲ ਸਦਭਾਵਨਾ ਰੈਲੀਆਂ ਦਾ ਚੱਕਰ ਚਲਾਇਆ ਗਿਆ। ਅਕਾਲੀ ਲੀਡਰਾਂ ਵੱਲੋਂ ਆਪਣੀਆਂ ਸਟੇਜਾਂ ਤੋਂ ਸਿੱਖ ਜਨਤਾ ਅੰਦਰ ਫੈਲੇ-ਪਸਰੇ ਰੋਸ, ਸਿੱਖ ਜਨਤਾ ਦੇ ਸਭਨਾਂ ਰੈਲੀਆਂ-ਮੁਜਾਹਰਿਆਂ ਅਤੇ ਚੱਬਾ ਵਿਖੇ ''ਸਰਬੱਤ ਖਾਲਸਾ'' ਵਿੱਚ ਜੁੜੇ ਇਕੱਠ ਵਗੈਰਾ ਨੂੰ ਪੰਜਾਬ ਅੰਦਰ ਅਕਾਲੀ-ਭਾਜਪਾ ਹਕੂਮਤ ਵੱਲੋਂ ਬੜੀ ਮੁਸ਼ਕਲ ਨਾਲ ਸਥਾਪਤ ਕੀਤੀ ਫਿਰਕੂ ਏਕਤਾ ਅਤੇ ਸਦਭਾਵਨਾ ਦੇ ਮਾਹੌਲ ਨੂੰ ਪੁੱਠਾ ਗੇੜਾ ਦੇਣ ਦੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਸਰਗਰਮੀਆਂ ਗਰਦਾਨਿਆ ਗਿਆ। ਕਿਹਾ ਗਿਆ ਕਿ ਇਹ ਸਾਰਾ ਕੁੱਝ 1980 ਤੋਂ 1992 ਤੱਕ ਦੀ ਕਤਲੋਗਾਰਦ ਵਰਗੀ ਹਾਲਤ ਨੂੰ ਮੁੜ ਲਿਆਉਣ ਲਈ ਕੀਤਾ ਜਾ ਰਿਹਾ ਹੈ। ਸਿੱਖ ਜਨਤਾ ਦੇ ਰੋਸ ਪ੍ਰਦਰਸ਼ਨਾਂ ਦੌਰਾਨ ਕਿਨਾਰੇ 'ਤੇ ਰਹੇ ਸਿਮਰਨਜੀਤ ਮਾਨ ਵਰਗੇ ਚੰਦ ਫਿਰਕੂ ਜਨੂੰਨੀ ਵਿਅਕਤੀਆਂ ਦੀਆਂ ਸਰਗਰਮੀਆਂ ਨੂੰ ਉਭਾਰਦਿਆਂ, ਸਮੁੱਚੀ ਸਿੱਖ ਜਨਤਾ ਦੇ ਹੱਕੀ ਸਰੋਕਾਰਾਂ ਨਾਲ ਜੁੜ ਕੇ ਸਾਹਮਣੇ ਆਏ ਉਭਾਰ ਨੂੰ ਫਿਰਕੂ ਸਦਭਾਵਨਾ ਲਈ ਖੜ•ਾ ਹੋਇਆ ਖਤਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਉਂ, ਹਕੂਮਤੀ ਮਸ਼ੀਨਰੀ ਦੇ ਜ਼ੋਰ ਕੀਤੀਆਂ ਗਈਆਂ ਇਹਨਾਂ ਸਦਭਾਵਨਾ ਰੈਲੀਆਂ ਨੂੰ ਆਪਣੇ ਮੁਜ਼ਰਮਾਨਾ ਕਾਰਿਆਂ 'ਤੇ ਮਿੱਟੀ ਪਾਉਣ ਅਤੇ ਆਪਣੇ ਆਪ ਨੂੰ ਫਿਰਕੂ ਅਤੇ ਭਾਈਚਾਰਕ ਸਦਭਾਵਨਾ ਦੇ ਮਸੀਹਿਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਲੋਕ ਪਾਲੇ ਵਿੱਚ ਖੜ•ੀਆਂ ਹੋਣ ਦਾ ਦਾਅਵਾ ਕਰਦੀਆਂ ਇਹਨਾਂ ਜਥੇਬੰਦੀਆਂ ਵੱਲੋਂ ਵੀ ਅਤੇ ਅਕਾਲੀ ਦਲ ਵੱਲੋਂ ਵੀ ਆਪਣੀਆਂ ਰੈਲੀਆਂ ਨੂੰ ਸਦਭਾਵਨਾ ਰੈਲੀਆਂ ਦਾ ਨਾਂ ਦਿੱਤਾ ਜਾ ਰਿਹਾ ਹੈ। ਦੋਵਾਂ ਵੱਲੋਂ ਇਹਨਾਂ ਦਾ ਮਕਸਦ (ਸਾਂਝਾ ਮਕਸਦ) ਸੂਬੇ ਅੰਦਰ ਫਿਰਕੂ ਅਤੇ ਭਾਈਚਾਰਕ ਸਦਭਾਵਨਾ ਬਣਾ ਕੇ ਰੱਖਣਾ ਦੱਸਿਆ ਜਾ ਰਿਹਾ ਹੈ। ਦੋਵਾਂ ਵੱਲੋਂ ਸਿੱਖ ਜਨਤਾ ਦੀਆਂ ਡੇਰਾ ਸਿਰਸਾ ਮੁਖੀ ਖਿਲਾਫ ਜਾਰੀ ਹੁਕਮਨਾਮਿਆਂ ਨੂੰ ਅਕਾਲੀ-ਭਾਜਪਾ ਗੱਠਜੋੜ ਦੀਆਂ ਵੋਟ ਗਿਣਤੀਆਂ-ਮਿਣਤੀਆਂ ਤਹਿਤ ''ਸਿੰਘ ਸਾਹਿਬਾਨਾਂ'' ਵੱਲੋਂ ਵਾਪਸ ਲੈਣ ਤੋਂ ਲੈ ਕੇ ਚੱਬਾ ਵਿਖੇ ''ਸਰਬੱਤ ਖਾਲਸਾ'' ਵਿੱਚ ਜੁੜੇ ਇਕੱਠ ਤੱਕ ਹੋਈਆਂ ਸਭਨਾਂ ਸਰਗਰਮੀਆਂ ਨੂੰ ਫਿਰਕੂ ਅਤੇ ਭਾਈਚਾਰਕ ਏਕੇ ਅਤੇ ਸਦਭਾਵਨਾ ਨੂੰ ਖਤਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਦੋਵਾਂ ਵੱਲੋਂ ਇਹਨਾਂ ਸਰਗਰਮੀਆਂ ਨੂੰ 1980ਵਿਆਂ ਵਾਲੀ ਕਤਲੋਗਾਰਦ ਵਰਗੀ ਖਤਰਨਾਕ ਹਾਲਤ ਮੁੜ ਲਿਆਉਣ ਵਾਲਾ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਦੋਵਾਂ ਵੱਲੋਂ ਸਿੱਖ ਧਾਰਮਿਕ ਘੱਟ ਗਿਣਤੀ ਦੇ ਹਕੀਕੀ ਸਰੋਕਾਰਾਂ ਅਤੇ ਹਿੰਦੂਤਵ-ਮਾਰਕਾ ਫਿਰਕੂ ਫਾਸ਼ੀ ਲਾਣੇ ਵੱਲੋਂ ਮੋਦੀ ਹਕੂਮਤ ਦੀ ਛਤਰਛਾਇਆ ਹੇਠ ਮੁਲਕ ਦੀਆਂ ਧਾਰਮਿਕ ਘੱਟ ਗਿਣਤੀਆਂ, ਆਦਿਵਾਸੀ ਭਾਈਚਾਰਿਆਂ ਅਤੇ ਕੌਮੀਅਤ-ਪਛਾਣਾਂ ਖਿਲਾਫ ਵਿੱਢੀ ਹਮਲਾਵਰ ਮੁਹਿੰਮ ਬਾਰੇ ਚੁੱਪ ਵੱਟੀ ਜਾ ਰਹੀ ਹੈ। ਲੋਕ ਪਾਲੇ ਵਿੱਚ ਖੜ•ੀ ਹੋਣ ਦੀਆਂ ਦਾਅਵੇਦਾਰ ਅਤੇ ਜੋਕ ਪਾਲੇ ਦੀਆਂ ਧਿਰਾਂ/ਜਥੇਬੰਦੀਆਂ ਦਰਮਿਆਨ ਇਹ ਕੇਹੀ ਸਿਆਸੀ ਇੱਕਸੁਰਤਾ ਹੈ? ਸਾਫ ਹੈ— ਜਾਂ ਤਾਂ ਬਾਦਲ ਹੋਰੀਂ ਇਹਨਾਂ ਲੋਕ ਪਾਲੇ ਦੀਆਂ ਜਥੇਬੰਦੀਆਂ ਦੀ ਬੋਲੀ ਬੋਲਣ ਲਗ ਪਏ ਹਨ ਜਾਂ ਫਿਰ ਲੋਕ-ਪਾਲੇ ਦੀਆਂ ਇਹ ਜਥੇਬੰਦੀਆਂ ਜਾਣੇ/ਅਣਜਾਣੇ ਬਾਦਲ ਹੋਰਾਂ ਦੀ ਬੋਲੀ ਬੋਲ ਰਹੀਆਂ ਹਨ।ਇੱਕੋ ਬੋਲੀ ਬੋਲਣ ਦਾ ਸਬੱਬ ਕੀ ਹੈ?ਲੋਕ-ਪਾਲੇ ਵਿੱਚ ਹੋਣ ਦਾ ਦਾਅਵਾ ਕਰਦੀਆਂ ਇਹ ਤਾਕਤਾਂ/ਜਥੇਬੰਦੀਆਂ ਅਤੇ ਜੋਕ-ਪਾਲੇ ਦੇ ਇੱਕ ਥੰਮ• ਬਾਦਲ ਲਾਣੇ ਵੱਲੋਂ ਇੱਕੋ ਜਿਹੀ ''ਸਦਭਾਵਨਾ'' ਬੋਲੀ ਬੋਲਣ ਦਾ ਸਬੱਬ ਬਹੁਤ ਹੀ ਸਪਸ਼ਟ ਹੈ। ਇਹ ਹੈ: ਦੋਵਾਂ ਵੱਲੋਂ ਸਿੱਖ ਜਨਤਾ ਦੇ ਇੱਕ ਧਾਰਮਿਕ ਗਿਣਤੀ ਵਜੋਂ ਵਿਤਕਰੇ ਤੇ ਧੱਕੇ ਦਾ ਸ਼ਿਕਾਰ ਹੋਣ ਦੀ ਹਾਲਤ ਤੋਂ ਇਨਕਾਰ ਕਰਨਾ। ਸਿੱਖ ਘੱਟ-ਗਿਣਤੀ ਨੂੰ ਹੋਰਨਾਂ ਧਾਰਮਿਕ ਘੱਟ ਗਿਣਤੀਆਂ (ਮੁਸਲਿਮ ਤੇ ਇਸਾਈ ਵਗੈਰਾ) ਵਾਂਗ ਇੱਕ ਪੀੜਤ ਧਿਰ ਹੋਣ ਦੀ ਹਕੀਕਤ ਨੂੰ ਤਸਲੀਮ ਨਾ ਕਰਨਾ; ਦੂਜਾ- ਮੋਦੀ ਹਕੂਮਤ ਦੀ ਛਤਰਛਾਇਆ ਹੇਠ ਆਰ.ਐਸ.ਐਸ. ਦੀ ਅਗਵਾਈ ਵਿੱਚ ਫਾਸ਼ੀ ਹਿੰਦੂਤਵ ਵਿਚਾਰਧਾਰਾ ਨੂੰ ਪ੍ਰਣਾਏ ਹਿੰਦੂ ਫਿਰਕੂ ਜਨੂੰਨੀ ਲਾਣੇ ਵੱਲੋਂ ਘੱਟ ਗਿਣਤੀਆਂ ਖਿਲਾਫ ਵਿੱਢੀ ਹਮਲਾਵਰ ਮੁਹਿੰਮ ਅਤੇ ਇਸਦੀਆਂ ਧਾਰਮਿਕ ਘੱਟ-ਗਿਣਤੀਆਂ, ਕਬੀਲਾਈ ਘੱਟ-ਗਿਣਤੀਆਂ ਅਤੇ ਵੱਖ ਵੱਖ ਕੌਮੀਅਤਾਂ ਲਈ ਬਣਦੀਆਂ ਖਤਰਨਾਕ ਅਰਥ-ਸੰਭਾਵਨਾਵਾਂ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹੋਣਾ।ਜਿੱਥੋਂ ਤੱਕ ਬਾਦਲ ਲਾਣੇ ਦਾ ਸਬੰਧ ਹੈ, ਉਸਦਾ ਨਾ ਸਿੱਖ ਧਾਰਮਿਕ ਘੱਟ ਗਿਣਤੀ ਅਤੇ ਨਾ ਹੀ ਮੁਲਕ ਵਿਚਲੀਆਂ ਹੋਰਨਾਂ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਵਿਰੁੱਧ ਅਤੇ ਉਹਨਾਂ ਦੇ ਹਕੀਕੀ ਜਮਹੂਰੀ ਹੱਕਾਂ ਨਾਲ ਕੋਈ ਲਾਗਾ-ਦੇਗਾ ਹੋ ਸਕਦਾ ਹੈ। ਕਿਉਂਕਿ ਇਹ ਲਾਣਾ ਸਾਮਰਾਜ ਦੇ ਟੁੱਕੜਬੋਚ ਭਾਰਤੀ ਦਲਾਲ ਹਾਕਮ ਲਾਣੇ ਦਾ ਇੱਕ ਅਟੁੱਟ ਹਿੱਸਾ ਹੈ। ਇਸ ਲਾਣੇ ਦੇ ਹੱਥ ਨਕਸਲੀ ਸ਼ਹੀਦਾਂ ਤੋਂ ਲੈ ਕੇ ਕਿੰਨੇ ਹੀ ਲੋਕ ਘੁਲਾਟੀਆਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਇਸ ਦਾ ਲੋਕਾਂ ਨਾਲ ਦੁਸ਼ਮਣੀ ਅਤੇ ਭਾਰਤ ਦੇ ਸਾਮਰਾਜੀ-ਜਾਗੀਰੂ ਨਿਜ਼ਾਮ ਨਾਲ ਵਫ਼ਾਦਾਰੀ ਦਾ ਇੱਕ ਪਰਖਿਆ-ਪਰਤਿਆਇਆ ਇਤਿਹਾਸ ਹੈ। ਇਸ ਵੱਲੋਂ ਅਕਾਲੀ ਦਲ ਨੂੰ ਇੱਕ ਪੰਥਕ ਅਤੇ ਸਿੱਖ ਜਨਤਾ ਦੇ ਧਾਰਮਿਕ ਅਤੇ ਸਿਆਸੀ ਹਿੱਤਾਂ ਦੀ ਤਰਜਮਾਨੀ ਕਰਨ ਵਾਲੀ ਸਿਆਸੀ ਪਾਰਟੀ ਵਜੋਂ ਪੇਸ਼ ਕਰਨਾ ਇੱਕ ਧੋਖੇ ਦੀ ਖੇਡ ਤੋਂ ਸਿਵਾਏ ਕੁੱਝ ਨਹੀਂ ਹੈ। ਇਉਂ ਇੱਕ ਤਾਂ ਬਰਤਾਨਵੀ ਸਾਮਰਾਜੀ ਹਕੂਮਤ ਦੌਰਾਨ ਗੁਰਦੁਆਰਿਆਂ ਨੂੰ ਅੰਗਰੇਜ਼-ਪਿੱਠੂ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਲੱਗੇ ਮੋਰਚਿਆਂ ਨਾਲ ਜੁੜ ਕੇ ਸਿੱਖ ਜਨਤਾ ਅੰਦਰ ਅਕਾਲੀ ਦਲ ਦੇ ਬਣੇ ਅਸਰ-ਰਸੂਖ ਨੂੰ ਵਰਤਣ, ਦੂਜਾ— ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਜਮਾਈ ਰੱਖਣ ਅਤੇ ਇਸ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤਣ ਅਤੇ ਤੀਜਾ— ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਆਪਣੇ ਵੋਟ ਬੈਂਕ ਵਿੱਚ ਢਾਲਣ ਦੇ ਮੰਤਵਾਂ ਲਈ ਕੀਤਾ ਜਾ ਰਿਹਾ ਹੈ। ਅਕਾਲੀ ਦਲ ਵਲੋਂ ਕੇਂਦਰ ਵਿੱਚ ਕਾਂਗਰਸੀ ਸਰਕਾਰ ਹੋਣ ਸਮੇਂ ਅਤੇ ਸੂਬੇ ਅੰਦਰ ਕਾਂਗਰਸ ਪਾਰਟੀ ਨਾਲ ਕੁਰਸੀ-ਭੇੜ ਵਿੱਚ ਸਿੱਖਾਂ ਲਈ ਜਜ਼ਬਾਤੀ ਅਪੀਲ ਰੱਖਦੇ ਮੁੱਦਿਆਂ ਨੂੰ ਖੂਬ ਉਛਾਲਿਆ ਜਾਂਦਾ ਹੈ। ਜਦੋਂ ਵੀ ਕੇਂਦਰ ਵਿੱਚ ਕੋਈ ਗੈਰ-ਕਾਂਗਰਸੀ ਸਰਕਾਰ ਗੱਦੀ 'ਤੇ ਬਿਰਾਜਮਾਨ ਹੁੰਦੀ ਹੇ ਤਾਂ ਉਸ ਵੱਲੋਂ ਇਹ ਸਾਰੇ ਮੁੱਦੇ ਠੰਢੇ ਬਸਤੇ ਵਿੱਚ ਪਾ ਦਿੱਤੇ ਜਾਂਦੇ ਹਨ। ਐਨ.ਡੀ.ਏ. (ਭਾਜਪਾ) ਹਕੂਮਤ ਬਣਦਿਆਂ ਹੀ ਬਾਦਲ ਲਾਣੇ ਨੂੰ ਇਹ ਮੁੱਦੇ ਭੁੱਲ ਜਾਂਦੇ ਹਨ।ਇਹ ਸਾਰਾ ਕੁੱਝ ਕਰਦਿਆਂ ਅਕਾਲੀ ਦਲ ਵੱਲੋਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਕਰਨ, ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਖਿਲਵਾੜ ਕਰਨ ਅਤੇ ਸਿੱਖ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਜਜ਼ਬਾਤਾਂ ਨੂੰ ਮਿਹਨਤਕਸ਼ ਜਨਤਾ (ਸਿੱਖਾਂ ਸਮੇਤ) ਨੂੰ ਲੁੱਟਣ ਅਤੇ ਕੁੱਟਣ ਲਈ ਵਰਤਿਆ ਜਾ ਰਿਹਾ ਹੈ। ਪਿਛਲੇ 8-9 ਸਾਲਾਂ ਦੌਰਾਨ ਬਾਦਲ ਲਾਣੇ ਵੱਲੋਂ ਪੰਜਾਬ ਦੀ ਮਿਹਨਤਕਸ਼ ਜਨਤਾ ਨੂੰ ਰਗੜ-ਮਾਂਜੇ ਹੇਠ ਲਿਆਉਣ ਅਤੇ ਆਪਣੀਆਂ ਤਿਜੌਰੀਆਂ ਭਰਨ ਲਈ ਸਭ ਹੱਦਾਂ-ਬੰਨੇ ਟੱਪੇ ਜਾ ਰਹੇ ਹਨ। ਲੋਕਾਂ ਨੂੰ ਦਾਬੇ ਦੇ ਜੂਲੇ ਹੇਠ ਰੱਖਣ ਲਈ ਖੂਬ ਡੰਡਾ ਵਰ•ਾਇਆ ਜਾ ਰਿਹਾ ਹੈ। ਰੇਤ ਮਾਫੀਆ, ਨਸ਼ਾ ਮਾਫੀਆ, ਕੇਬਲ ਮਾਫੀਆ, ਜ਼ਮੀਨ ਮਾਫੀਆ— ਗੱਲ ਕੀ ਪੰਜਾਬ ਦੇ ਸਮਾਜਿਕ-ਆਰਥਿਕ ਜੀਵਨ ਨੂੰ ਮਾਫੀਆ ਗਲਬੇ ਹੇਠ ਲਿਆਂਦਾ ਜਾ ਰਿਹਾ ਹੈ। ਓਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਦੇ ਅਹੁਦੇਦਾਰਾਂ ਅਤੇ ਤਖਤ ਜਥੇਦਾਰਾਂ ਨੂੰ ਨੰਗੇ-ਚਿੱਟੇ ਰੂਪ ਵਿੱਚ ਆਪਣੇ ਹੱਥਠੋਕਿਆਂ ਵਿੱਚ ਬਦਲਣ ਅਤੇ ਵਰਤਣ ਦੇ ਮਾਮਲੇ ਵਿੱਚ ਨਿਸ਼ੰਗ ਹੋ ਕੇ ਚੱਲਿਆ ਜਾ ਰਿਹਾ ਹੈ। ਹੁਣ ਜਦੋਂ ਸਿੱਖ ਜਨਤਾ ਅੰਦਰ ਬਾਦਲ ਲਾਣੇ (ਮੌਕਾਪ੍ਰਸਤ ਅਕਾਲੀ ਦਲ) ਵੱਲੋਂ ਸਿੱਖ ਸੰਸਥਾਵਾਂ ਅਤੇ ਤਖਤ ਜਥੇਦਾਰਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਖਿਲਾਫ ਅਤੇ ਸਿੱਖ ਫਿਰਕੇ ਦੀਆਂ ਹੱਕੀ ਅਤੇ ਜਮਹੂਰੀ ਮੰਗਾਂ ਪ੍ਰਤੀ ਹਾਕਮਾਂ ਵੱਲੋਂ ਧਾਰੇ ਟਿੱਚਕਰੂ ਰਵੱਈਏ ਖਿਲਾਫ ਲੰਬੇ ਸਮੇਂ ਤੋਂ ਧੁਖਦਾ ਰੋਹ ਆਪਮੁਹਾਰੇ ਸੜਕਾਂ 'ਤੇ ਵਹਿ ਤੁਰਿਆ, ਤਾਂ ਅਕਾਲੀ-ਭਾਜਪਾ ਹਾਕਮਾਂ ਵੱਲੋਂ ਇਸ ਨੂੰ ਨਜਿੱਠਣ ਲਈ ਇੱਕ ਹੱਥ ਪੁਲਸ ਰੋਕਾਂ ਅਤੇ ਸਖਤੀ ਦਾ ਆਸਰਾ ਲਿਆ ਗਿਆ ਅਤੇ ਦੂਜੇ ਹੱਥ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਆਗੂਆਂ ਨੂੰ ਸਿੰਘ ਸਾਹਿਬਾਨਾਂ ਵੱਲੋਂ ਡੇਰਾ ਸਿਰਸਾ ਮੁਖੀ ਖਿਲਾਫ ਜਾਰੀ ਹੁਕਮਨਾਮੇ ਨੂੰ ਵੋਟ ਸਿਆਸਤ ਦੀਆਂ ਗਿਣਤੀਆਂ ਤਹਿਤ ਵਾਪਸ ਲੈਣ ਦੇ ਕਦਮ ਦੀ ਵਾਜਬੀਅਤ ਸਿੱਖ ਜਨਤਾ ਨੂੰ ਜਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ। ਜਦੋਂ ਸਿੱਖ ਜਨਤਾ ਵਿੱਚ ਉੱਠਿਆ ਰੋਹ- ਉਬਾਲ ਮੱਠਾ ਨਾ ਪਿਆ, ਤਾਂ ਬਾਦਲ ਲਾਣੇ ਵੱਲੋਂ ਸਿੱਖ ਜਨਤਾ ਦੇ ਸ਼ਾਂਤਮਈ ਰੋਸ ਨੂੰ ਭੜਕਾਊ ਅਤੇ ਭਟਕਾਊ ਪਟੜੀ ਚਾੜ•ਨ (ਕਿਸਾਨਾਂ, ਖੇਤ ਮਜ਼ਦੂਰਾਂ ਦੇ ਭਖਦੇ ਮੁੱਦਿਆਂ ਤੋਂ ਉਹਨਾਂ ਦੀ ਸੁਰਤੀ ਭਟਕਾਉਣ ਲਈ ਵੀ) ਸਿੱਖ ਧਾਰਮਿਕ ਪੋਥੀਆਂ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਬਰਗਾੜੀ ਵਿਖੇ ਵਾਪਰੀ ਅਜਿਹੀ ਘਟਨਾ ਖਿਲਾਫ ਧਰਨਾ ਦੇ ਰਹੇ ਲੋਕਾਂ 'ਤੇ ਪੁਲਸ ਫਾਇਰਿੰਗ ਰਾਹੀਂ ਦੋ ਨੌਜਵਾਨਾਂ ਨੂੰ ਮਾਰ ਮੁਕਾਇਆ ਗਿਆ ਅਤੇ ਕਈਆਂ ਨੂੰ ਜਖਮੀ ਕਰ ਦਿੱਤਾ ਗਿਆ। ਦੋ ਨੌਜਵਾਨਾਂ (ਭਰਾਵਾਂ) 'ਤੇ ਬਰਗਾੜੀ ਵਿਖੇ ਗੁਰੂ ਗਰੰਥ ਸਾਹਿਬ ਦੇ ਪੰਨੇ ਫਾੜਨ ਦਾ ਦੋਸ਼ ਮੜ• ਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਸ਼ੋਸ਼ਾ ਛੱਡਦਿਆਂ, ਸਿੱਖ ਜਨਤਾ ਦੇ ਰੋਸ-ਪ੍ਰਦਰਸ਼ਨਾਂ ਨੂੰ ਵਿਦੇਸ਼ਾਂ ਵਿੱਚ ਰਚੀ ਕਿਸੇ ਸਾਜਿਸ਼ ਵਜੋਂ ਪੇਸ਼ ਕਰਨ ਦੀ ਧੁਰਲੀ ਮਾਰੀ ਗਈ। ਪਰ ਬਾਦਲ ਲਾਣੇ ਦੇ ਜਾਬਰ ਹੱਥਕੰਡਿਆਂ ਅਤੇ ਸਾਜਸ਼ੀ ਤਿਕੜਮਬਾਜ਼ੀਆਂ ਦੇ ਬਾਵਜੂਦ ਸਿੱਖਾਂ ਅੰਦਰ ਹੱਕੀ ਰੋਸ ਅਤੇ ਰੋਹ ਹੋਰ ਪਸਰਦਾ ਗਿਆ। ਅਕਾਲੀ ਆਗੂਆਂ ਦੀ ਭੜਕਾਊ ਬਿਆਨਬਾਜ਼ੀ, ਹਰਕਤਾਂ ਅਤੇ ਪੁਲਸ ਦੇ ਜਾਬਰ ਰਵੱਈਏ ਦੇ ਬਾਵਜੂਦ, ਨਾ ਸਿਰਫ ਸਿੱਖ ਜਨਤਾ ਦਾ ਸ਼ਾਂਤਮਈ ਰੋਸ ਜਾਰੀ ਰਿਹਾ, ਸਗੋਂ ਇਹ ਹੋਰ ਵੀ ਪ੍ਰਚੰਡ ਹੋ ਗਿਆ। ਬਾਦਲ ਲਾਣੇ ਅਤੇ ਹਕੂਮਤ ਦੇ ਰਵੱਈਏ ਖਿਲਾਫ ਸਿੱਖ ਜਨਤਾ ਅੰਦਰ ਫੈਲਦੇ-ਪਸਰਦੇ ਰੋਹ ਦੀ ਆਂਚ ਨਾ ਝੱਲਦਿਆਂ, ਬਾਦਲ ਦਲ ਨਾਲ ਸਬੰਧਤ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਕਈ ਅਕਾਲੀ ਆਗੂਆਂ/ਕਾਰਕੁੰਨਾਂ ਵੱਲੋਂ ਪਾਰਟੀ ਤੋਂ ਅਸਤੀਫੇ ਦੇਣ ਦਾ ਸਿਲਸਿਲਾ ਛਿੜ ਪਿਆ। ਹਾਲਤ ਇਹ ਬਣ ਗਈ ਕਿ ਬਾਦਲ ਲਾਣੇ ਦਾ ਪੰਜਾਬ ਦੇ ਪਿੰਡਾਂ ਕਸਬਿਆਂ ਅੰਦਰ ਜਾਣਾ ਦੁੱਭਰ ਬਣ ਗਿਆ। ਸਿੱਖ ਜਨਤਾ ਅੰਦਰ ਇਸ ਕਦਰ ਉੱਠੀ ਰੋਸ ਲਹਿਰ ਅਤੇ ਇਸਦਾ ਸੇਕ ਅਕਾਲੀ ਦਲ ਬਾਦਲ ਦੀਆਂ ਸਫਾਂ ਤੱਕ ਜਾਣ ਦੀ ਹਾਲਤ ਵਿੱਚ ਬਾਦਲ ਲਾਣੇ ਨੂੰ ਥੁੱਕ ਕੇ ਚੱਟਣਾ ਪਿਆ। ਤਖਤ ਜਥੇਦਾਰਾਂ ਨੂੰ ਡੇਰਾ ਸਿਰਸਾ ਨੂੰ ਮੁਆਫ ਕਰਨ ਦਾ ਫੈਸਲਾ ਵਾਪਸ ਲੈਣਾ ਪਿਆ। ਬਰਗਾੜੀ ਕਾਂਡ ਵਿੱਚ ਨਜਾਇਜ਼ ਫਸਾਏ ਦੋ ਨੌਜਵਾਨਾਂ 'ਤੇ ਮੜ•ੇ ਕੇਸਾਂ ਨੂੰ ਰੱਦ ਕਰਨਾ ਪਿਆ। ਇਹ ਕਦਮ ਸਿੱਖ ਜਨਤਾ ਦੇ ਸੰਘਰਸ਼ ਵਿੱਚ ਘੁਸਪੈਠ ਅਤੇ ਇਸਨੂੰ ਕੁਰਾਹੇ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਸਿਮਰਨਜੀਤ ਮਾਨ ਵਰਗੇ ਮੁੱਠੀ ਭਰ ਅਨਸਰਾਂ ਦੇ ਦਬਾਓ ਹੇਠ ਨਹੀਂ ਸਨ ਲਏ ਗਏ। ਇਹ ਗੱਲ ਵੱਖਰੀ ਹੈ ਕਿ ਸਿੱਖ ਜਨਤਾ ਦੇ ਆਪਮੁਹਾਰੇ ਫੁੱਟੇ ਖਰੇ ਰੋਹ-ਉਭਾਰ ਨੂੰ ਅਗਵਾਈ ਦੇਣ ਪੱਖੋਂ ਖਰੀ, ਜਮਹੂਰੀ ਅਤੇ ਗੈਰ-ਫਿਰਕੂ ਲੀਡਰਸ਼ਿੱਪ ਦੀ ਕਮਜ਼ੋਰੀ ਦੀ ਹਾਲਤ ਵਿੱਚ ਸਿਮਰਨਜੀਤ ਮਾਨ ਟੋਲੇ ਵਰਗੇ ਮੌਕਾਪ੍ਰਸਤ, ਫਿਰਕੂ ਤੇ ਵੋਟ-ਬਟੋਰੂ ਅਨਸਰਾਂ ਨੂੰ ਇਸ ਉਭਾਰ ਅੰਦਰ ਘੁਸਪੈਠ ਕਰਨ ਅਤੇ ''ਸਰਬੱਤ ਖਾਲਸਾ'' ਦੇ ਕਰਤਾ-ਧਰਤਾ ਹੋਣ ਦਾ ਪ੍ਰਭਾਵ ਸਿਰਜਣ ਦਾ ਮੌਕਾ ਨਸੀਬ ਹੋ ਗਿਆ, ਜਿਹੜਾ ਸਿੱਖ ਜਨਤਾ ਅੰਦਰ ਹੱਕੀ ਜਮਹੂਰੀ ਸਰੋਕਾਰਾਂ ਕਰਕੇ ਉੱਠੇ ਵੱਡੇ ਉਭਾਰ ਦਾ ਸਾਹਮਣਾ ਕਰ ਰਹੇ ਬਾਦਲ ਲਾਣੇ ਨੂੰ ਇਸ ਕਸੂਤੀ ਸਥਿਤੀ ਵਿੱਚੋਂ ਬਚ ਨਿਕਲਣ ਲਈ ਨਿਆਮਤੀ ਮੌਕਾ ਬਣ ਕੇ ਬਹੁੜਿਆ ਅਤੇ ਉਸ ਵੱਲੋਂ ਇਸ ਮੌਕੇ ਨੂੰ ਬਾਖੂਬੀ ਸੰਭਾਲਦਿਆਂ, ਅਖੌਤੀ ਸਦਭਾਵਨਾ ਰੈਲੀਆਂ ਦਾ ਗੁੱਡਾ ਬੰਨ•ਣ ਦਾ ਤੋਰਾ ਤੋਰਿਆ ਗਿਆ।ਇੱਕ ਪੱਕੀ ਹਾਕਮ ਜਮਾਤੀ ਪਾਰਟੀ ਹੋਣ ਕਰਕੇ ਬਾਦਲ ਲਾਣੇ ਵੱਲੋਂ ਸਿੱਖ ਜਨਤਾ ਦੇ ਜਮਹੂਰੀ ਤੇ ਹੱਕੀ ਸੋਰਕਾਰਾਂ (ਮੰਗਾਂ/ਮਸਲਿਆਂ) ਨੂੰ ਦਰਕਿਨਾਰ ਕਰਨਾ ਤੇ ਇਹਨਾਂ ਸਰੋਕਾਰਾਂ ਤੋਂ ਸਿੱਖ ਜਨਤਾ ਦੀ ਸੁਰਤੀ ਭਟਕਾਉਣ ਲਈ ਸਿੱਖ ਜਨਤਾ ਦੇ ਹੱਕੀ ਪ੍ਰਤੀਕਰਮ ਨੂੰ ਸਿੱਖਾਂ ਅੰਦਰ ਕੋਈ ਬਹੁਤੀ ਪੜਤ ਅਤੇ ਬੁੱਕਤ ਨਾ ਰੱਖਦੇ ਸਿਮਰਨਜੀਤ ਮਾਨ ਵਰਗੇ ਫਿਰਕੂ ਜਨੂੰਨੀ ਅਤੇ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਸਰਗਰਮੀਆਂ ਬਣਾ ਕੇ ਪੇਸ਼ ਕਰਨਾ ਸਮਝ ਵਿੱਚ ਆਉਂਦਾ ਹੈ, ਪਰ ਆਪਣੇ ਆਪ ਨੂੰ ਕਮਿਊਨਿਸਟ ਇਨਕਲਾਬੀ, ਜਮਹੁਰੀ ਅਤੇ ਲੋਕ-ਹਿਤੈਸ਼ੀ ਤਾਕਤਾਂ ਹੋਣ ਦਾ ਦਾਅਵਾ ਕਰਦੀਆਂ ਤਾਕਤਾਂ ਵੱਲੋਂ ਸਿੱਖ ਜਨਤਾ ਦੇ ਇੱਕ ਧਾਰਮਿਕ ਘੱਟ ਗਿਣਤੀ ਵਜੋਂ ਹੱਕੀ ਜਮਹੂਰੀ ਸਰੋਕਾਰਾਂ ਨੂੰ ਵਿਸਾਰਦਿਆਂ, ਸਿੱਖ ਜਨਤਾ ਦੀਆਂ ਹੱਕੀ ਰੋਸ ਸਰਗਰਮੀਆਂ ਅਤੇ ਇਹਨਾਂ ਸਰਗਰਮੀਆਂ ਦਾ ਲਾਹਾ ਖੱਟਣ ਲਈ ਸਰਗਰਮ ਕੁੱਝ ਫਿਰਕੂ-ਜਨੂੰਨੀ ਅਤੇ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਕਾਰਵਾਈਆਂ ਨੂੰ ਰਲਗੱਡ ਕਰਦਿਆਂ, ਇੱਕੋ ਰੱਸੇ ਬੰਨ•ਣ ਅਤੇ ਸਿੱਖ ਜਨਤਾ ਦੀ ਸਮੁੱਚੀ ਰੋਸ ਲਹਿਰ ਨੂੰ 1980ਵਿਆਂ ਦੀ ਹਾਲਤ ਨੂੰ ਮੁੜ-ਲਿਆਉਣ ਅਤੇ ਕਿਸਾਨ ਘੋਲ ਨੂੰ ਭਟਕਾਉਣ ਵਾਲੀ ਸਰਗਰਮੀ ਵਜੋਂ ਪੇਸ਼ ਕਰਨਾ ਅਤੇ ਹਾਕਮ ਬਾਦਲ ਲਾਣੇ ਦੀ ਬੋਲੀ ਬੋਲਣ ਲੱਗ ਜਾਣ ਦੇ ਰਾਹ ਪੈਣਾ ਇੱਕ ਅਫਸੋਸਨਾਕ ਕਾਰਵਾਈ ਹੈ। ਜਿਸ ਵਿਅਕਤੀ ਜਾਂ ਜਥੇਬੰਦੀ ਲਈ ਸਿੱਖ ਇੱਕ ਧਾਰਮਿਕ ਘੱਟਗਿਣਤੀ ਨਹੀਂ ਹਨ ਜਾਂ ਫਿਰ ਭਾਰਤੀ ਰਾਜ ਇੱਕ ਜਾਬਰ ਅਤੇ ਆਪਾਸ਼ਾਹ ਰਾਜ ਦੀ ਬਜਾਇ, ਇੱਕ ਖਰਾ ਲੋਕ ਜਮਹੂਰੀ ਰਾਜ ਹੈ, ਤਾਂ ਉਹ ਕਹਿ ਸਕਦੇ ਹਨ ਕਿ ਸਿੱਖ ਜਨਤਾ ਦੀਆਂ ਅਜਿਹੀਆਂ ਸਮੱਸਿਆਵਾਂ/ਸਰੋਕਾਰਾਂ ਦੀ ਹੋਂਦ ਦਾ ਕੋਈ ਬੁਨਿਆਦੀ ਆਧਾਰ ਨਹੀਂ ਹੈ। ਪਰ ਭਾਰਤ ਅੰਦਰ ਮੁਸਲਿਮ ਅਤੇ ਇਸਾਈ ਜਨਤਾ ਵਾਂਗ ਸਿੱਖ ਜਨਤਾ ਇੱਕ ਧਾਰਮਿਕ ਘੱਟ ਗਿਣਤੀ ਹੈ ਅਤੇ ਭਾਰਤੀ ਰਾਜ ਇੱਕ ਸਿਰੇ ਦਾ ਗੈਰ-ਜਮਹੂਰੀ ਅਤੇ ਆਪਾਸ਼ਾਹ ਰਾਜ ਹੈ। ਕੌਮੀ ਦਾਬਾ, ਜਾਤਪਾਤੀ ਦਾਬਾ, ਮਰਦਾਵਾਂ ਦਾਬਾ ਅਤੇ ਘੱਟ ਗਿਣਤੀ ਧਾਰਮਿਕ ਤੇ ਨਸਲੀ ਭਾਈਚਾਰਿਆਂ 'ਤੇ ਦਾਬਾ, ਇਸ ਗੈਰ ਜਮਹੁਰੀ ਰਾਜਭਾਗ ਦਾ ਵਜੂਦ ਸਮੋਇਆ ਲੱਛਣ ਹੈ। ਅਜਿਹੀ ਹਾਲਤ ਵਿੱਚ ਸਿੱਖ ਜਨਤਾ ਦੀਆਂ ਇੱਕ ਘੱਟ ਗਿਣਤੀ ਵਜੋਂ ਸਮੱਸਿਆਵਾਂ, ਜਮਹੂਰੀ ਸਰੋਕਾਰਾਂ ਅਤੇ ਮੰਗਾਂ/ਮਸਲਿਆਂ ਨੂੰ ਦਰਕਿਨਾਰ ਕਰਦਿਆਂ, ਉਹਨਾਂ ਦੇ ਹੱਕੀ ਰੋਸ ਨੂੰ ਮਹਿਜ਼ ਭਟਕਾਊ, ਪਾਟਕ-ਪਾਊ ਅਤੇ ਫਿਰਕੂ ਸਰਗਰਮੀ ਵਜੋਂ ਪੇਸ਼ ਕਰਨਾ ਖਰੀਆਂ ਲੋਕ-ਪਾਲੇ ਦੀਆਂ ਤਾਕਤਾਂ ਦੇ ਕਿਰਦਾਰ ਅਤੇ ਜਮਹੂਰੀ ਪਹੁੰਚ ਨਾਲ ਬੇਮੇਲ ਕਾਰਵਾਈ ਹੈ। ਇਸ ਲਈ ਲੋਕ-ਪਾਲੇ ਦੀਆਂ ਸਭਨਾਂ ਖਰੀਆਂ ਤਾਕਤਾਂ ਵੱਲੋਂ ਸਿੱਖ ਧਾਰਮਿਕ ਘੱਟ ਗਿਣਤੀ ਦੀਆਂ ਸਮੱਸਿਆਵਾਂ ਵੱਲ ਬਣਦੀ ਤਵੱਜੋ ਦੇਣੀ ਚਾਹੀਦੀ ਹੈ। ਉਸਦੇ ਹੱਕੀ ਅਤੇ ਜਮਹੂਰੀ ਸਰੋਕਾਰਾਂ ਨੂੰ ਪਛਾਨਣਾ ਅਤੇ ਉਭਾਰਨਾ ਚਾਹੀਦਾ ਹੈ। ਹਾਂ— ਅਜਿਹਾ ਕਰਦੇ ਸਮੇਂ ਸਿੱਖ ਜਨਤਾ ਦੀਆਂ ਰੋਸ/ਘੋਲ ਸਰਗਰਮੀਆਂ ਪ੍ਰਤੀ ਵਖਰੇਵੇਂ ਵਾਲੀ ਪਹੁੰਚs sਅਪਣਾਉਣੀ ਚਾਹੀਦੀ ਹੈ। ਯਾਨੀ ਸਿੱਖ ਜਨਤਾ ਅਤੇ ਲੀਡਰਸ਼ਿੱਪ ਦਰਮਿਆਨ ਅਤੇ ਲੀਡਰਸ਼ਿੱਪ ਦੇ ਵੀ ਫਿਰਕੂ-ਜਨੂੰਨੀ/ਖਾਲਿਸਤਾਨ-ਪੱਖੀ ਹਿੱਸਿਆਂ ਅਤੇ ਗੈਰ-ਫਿਰਕੂ ਜਨੂੰਨੀ/ਖਾਲਿਸਤਾਨੀ ਹਿੱਸਿਆਂ ਦਰਮਿਆਨ ਨਿਖੇੜਾ ਕਰਨਾ ਚਾਹੀਦਾ ਹੈ। ਇਹ ਸਹੀ ਪਹੁੰਚ ਅਖਤਿਆਰ ਕਰਦਿਆਂ, ਜਿੱਥੇ ਸਿੱਖ ਜਨਤਾ ਦੇ ਹੱਕੀ ਅਤੇ ਜਮਹੂਰੀ ਮੰਗਾਂ/ਮਸਲਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਉੱਥੇ ਸਿੱਖ ਜਨਤਾ ਦੇ ਹੱਕੀ ਰੋਸ ਅਤੇ ਰੋਹ ਨੂੰ ਫਿਰਕੂ ਜਨੂੰਨੀ ਪਟੜੀ ਚਾੜਨ ਜਾਂ ਸੌੜੀ ਸਿਆਸੀ ਗਿਣਤੀਆਂ-ਮਿਣਤੀਆਂ ਲਈ ਵਰਤਣ ਵਾਲੀਆਂ ਤਾਕਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਇਉਂ ਕਰਦਿਆਂ ਹੀ ਫਿਰਕੂ ਜਨੂੰਨੀ ਅਤੇ ਬਾਦਲ ਲਾਣੇ ਜਿਹੇ ਮੌਕਾਪ੍ਰਸਤ ਲਾਣੇ ਨੂੰ ਸਿੱਖ ਜਨਤਾ 'ਚੋਂ ਨਿਖੇੜਨ ਅਤੇ ਸਿੱਖ ਜਨਤਾ ਦੇ ਹੱਕੀ ਰੋਸ ਅਤੇ ਗੁੱਸੇ ਨੂੰ ਸਹੀ ਸੇਧ ਵਿੱਚ ਨਿਕਾਸ ਦੇਣ ਵੱਲ ਵਧਿਆ ਜਾ ਸਕਦਾ ਹੈ। ੦-੦