Friday, 8 March 2019

ਜਥੇਬੰਦਕ ਦਬਾਅ ਨਾਲ ਠੱਗ ਤੋਂ ਪੈਸੇ ਵਾਪਸ ਦੁਆਏ

ਜਥੇਬੰਦਕ ਦਬਾਅ ਨਾਲ ਠੱਗ ਤੋਂ ਪੈਸੇ ਵਾਪਸ ਦੁਆਏ


ਕਰੀਬ ਗਿਆਰਾਂ ਸਾਲ ਪਹਿਲਾਂ ਰਾਮਪੁਰਾ-ਫੂਲ ਦੇ ਇੱਕ ਅਧਿਆਪਕ ਨੇ ਬਤੌਰ ਬਿਆਨਾ ਬਲਵਿੰਦਰ ਸਿੰਘ ਭਮਾ ਕਲਾਂ ਜ਼ਿਲ੍ਹਾ ਲੁਧਿਆਣਾ ਨੂੰ ਸੱਤ ਲੱਖ ਰੁਪਏ ਦਿੱਤੇ ਸਨ। ਬਲਵਿੰਦਰ ਸਿੰਘ ਨੇ ਨਾ ਤਾਂ ਰਜਿਸਟਰੀ ਕਰਵਾਈ ਅਤੇ ਨਾ ਹੀ ਪੈਸੇ ਮੋੜੇ। ਅਧਿਆਪਕ ਹਰਕੀਰਤ ਸਿੰਘ ਨੂੰ ਲਾਰੇ ਲਾਉਂਦਾ ਰਿਹਾ ਕਿ ਉਹ ਜਲਦ ਰਜਿਸਟਰੀ ਕਰਵਾ ਦੇਵੇਗਾ। ਇਕਰਾਰਨਾਮੇ ਦੀ ਤਾਰੀਕ ਨਿੱਕਲ ਗਈ ਪਰ ਲਾਰੇ ਜਾਰੀ ਰਹੇ। ਕਰੀਬ ਦੋ-ਢਾਈ ਸਾਲ ਪਹਿਲਾਂ ਤਾਰੀਕ ਲੰਘੀ ਵਾਲੇ ਇਕਰਾਰਨਾਮੇ ਸਹਿਤ ਹਰਕੀਰਤ ਸਿੰਘ ਨੇ ਮਸਲਾ ਲੋਕ ਸੰਗਰਾਮ ਮੰਚ ਦੇ ਧਿਆਨ ਵਿੱਚ ਲਿਆਂਦਾ। ਲੋਕ ਸੰਗਰਾਮ ਮੰਚ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਗੱਡੀ 'ਤੇ ਸਪੀਕਰ ਬੰਨ੍ਹ ਕੇ ਬਲਵਿੰਦਰ ਸਿੰਘ ਦੇ ਪਿੰਡ ਵਿੱਚ ਅਨਾਊਂਸਮੈਂਟ ਕਰਕੇ ਮੱਦਦ ਦੀ ਅਪੀਲ ਕੀਤੀ ਤੇ ਇਸ ਸਬੰਧੀ ਇੱਕ ਹੱਥ ਪਰਚਾ ਵੰਡਿਆ। ਲੋਕਾਂ ਦੇ ਜਥੇਬੰਦਕ ਦਬਾਅ ਨਾਲ ਬਲਵਿੰਦਰ ਸਿੰਘ ਨੇ ਆਖਰਕਾਰ ਹਰਕੀਰਤ ਸਿੰਘ ਨੂੰ ਬਣਦੀ ਰਾਸ਼ੀ ਵਾਪਸ ਕਰ ਦਿੱਤੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਗੁਰਮੀਤ ਸਿੰਘ 'ਤੇ ਹਮਲੇ ਵਿਰੁੱਧ ਰੈਲੀ ਵਿੱਚ ਸ਼ਮੂਲੀਅਤ

ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਗੁਰਮੀਤ ਸਿੰਘ 'ਤੇ ਹਮਲੇ ਵਿਰੁੱਧ ਰੈਲੀ ਵਿੱਚ ਸ਼ਮੂਲੀਅਤ
ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਕਾਮਰੇਡ ਗੁਰਮੀਤ ਸਿੰਘ ਬਖਤੂਪੁਰ ਦੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਪਿੰਡ ਨੜਾਂਵਾਲੀ ਵਿਖੇ ਹੋਈ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ। ਕਾਮਰੇਡ ਗੁਰਮੀਤ ਸਿੰਘ 'ਤੇ ਪੰਚਾਇਤੀ ਚੋਣਾਂ ਵਾਲੇ ਦਿਨ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਹਿ 'ਤੇ ਇਲਾਕੇ ਦੇ ਗੁੰਡਿਆਂ ਵੱਲੋਂ ਉਸ ਵਕਤ ਹਮਲਾ ਕਰੇਕ ਗੰਭੀਰ ਸੱਟਾ ਲਾ ਦਿੱਤੀਆਂ ਗਈਆਂ ਸਨ, ਜਦੋਂ ਉਹ ਪਿੰਡ ਨੜਾਂਵਾਲੀ ਵਿੱਚ ਕਾਂਗਰਸੀ ਗੁੰਡਿਆਂ ਦਾ ਵਿਰੋਧ ਕਰ ਰਹੇ ਸਨ। ਇਹ ਰੈਲੀ ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੀਤੀ ਗਈ ਸੀ। ਕੋਈ ਕਾਰਵਾਈ ਨਾ ਹੋਣ 'ਤੇ ਮੁੜ 11 ਫਰਵਰੀ ਨੂੰ ਗੁਰਦਾਸਪੁਰ ਵਿਖੇ ਰੋਹ ਭਰਪੂਰ ਮੁਜਾਹਰਾ ਤੇ ਐਸ.ਐਸ.ਪੀ. ਦਫਤਰ ਅੱਗੇ ਧਰਨਾ ਦਿੱਤਾ ਗਿਆ, ਜਿਸ ਨੂੰ ਭਾਕਪਾ(ਮ.ਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ, ਰਘਬੀਰ ਸਿੰਘ ਪਕੀਵਾ, ਗੁਲਜ਼ਾਰ ਸਿੰਘ ਬਸੰਤਕੋਟ, ਮਹਿੰਦਰ ਸਿੰਘ ਪੱਡਾ ਬਲਬੀਰ ਸਿੰਘ ਰੰਧਾਵਾ, ਸਤਬੀਰ ਸਿੰਘ ਸੁਲਤਾਨੀ ਦਾ ਸਵਿੰਦਰਪਾਲ ਫਤਿਹਗੜ੍ਹ ਚੂੜੀਆਂ, ਕਾ. ਕਰਮ ਸਿੰਘ ਤੇ ਡਾ. ਅਸ਼ੋਕ ਭਾਰਤੀ ਨੇ ਸੰਬੋਧਨ ਕੀਤਾ।

ਧਰਨਾਕਾਰੀ ਦੋ ਨਰਸਾਂ ਨੇ ਹਸਪਤਾਲ ਦੀ ਮਮਟੀ ਤੋਂ ਛਾਲ ਮਾਰੀ

ਧਰਨਾਕਾਰੀ ਦੋ ਨਰਸਾਂ ਨੇ ਹਸਪਤਾਲ ਦੀ ਮਮਟੀ ਤੋਂ ਛਾਲ ਮਾਰੀ


ਪਟਿਆਲਾ, 28 ਫਰਵਰੀ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਪਿਛਲੇ 22 ਦਿਨਾਂ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮਮਟੀ'ਤੇ ਬੈਠੀਆਂ ਦੋ ਨਰਸਾਂ ਨੇ ਖੁਦਕੁਸ਼ੀ ਦੀ ਕੋਸਿਸ਼ ਕਰਦਿਆਂ ਅੱਜ ਕਰੀਬ ਪੰਜਾਹ ਫੁੱਟ ਦੀ ਉਚਾਈ ਤੋਂ ਛਾਲਾਂ ਮਾਰ ਦਿੱਤੀਆਂ। ਇਸ ਕਾਰਨ ਨਰਸਿਜ਼ ਅਤੇ ਐਨਸਿਲਰੀ ਸਟਾਫ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ ਦਾ ਗੋਡਾ ਟੁੱਟਣ ਸਮੇਤ ਹੋਰ ਸੱਟਾਂ ਵੀ ਵੱਜੀਆਂ ਹਨ ਜਦਕਿ ਬਲਜੀਤ ਕੌਰ ਖਾਲਸਾ ਨੂੰ ਗੁੱਝੀਆਂ ਸੱਟਾਂ ਲੱਗੀਆਂ ਹਨ। ਸੇਵਾਵਾਂ ਰੈਗੂਲਰ ਕਰਵਾਉਣ ਲਈ ਰਾਜਿੰਦਰਾ ਹਸਪਤਾਲ, ਟੀਬੀ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਸਮੇਤ ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਨਰਸਿਜ਼, ਐਨਸਿਲਰੀ ਅਤੇ ਚੌਥਾ ਦਰਜਾ ਸਟਾਫ਼ ਵੱਲੋਂ 5 ਫਰਵਰੀ ਤੋਂ ਹੜਤਾਲ ਕੀਤੀ ਗਈ ਹੈ। ਉਨ੍ਹਾਂ ਦਾ ਰਾਜਿੰਦਰਾ ਹਸਪਤਾਲ ਦੇ ਐਮਐਸ ਦੇ ਦਫ਼ਤਰ ਬਾਹਰ ਪੱਕਾ ਧਰਨਾ ਚੱਲ ਰਿਹਾ ਹੈ। ਉਕਤ ਦੋਵੇਂ ਨਰਸ ਆਗੂ ਇਸੇ ਹਸਪਤਾਲ ਦੀ ਕਰੀਬ ਅੱਸੀ ਫੁੱਟ ਉੱਚੀ ਮਮਟੀ 'ਤੇ 22 ਦਿਨਾਂ ਤੋਂ ਧਰਨਾ ਮਾਰ ਕੇ ਬੈਠੀਆਂ ਸਨ। ਮੁੱਖ ਮੰਤਰੀ ਨਾਲ 28 ਫਰਵਰੀ ਨੂੰ ਬੈਠਕ ਤੈਅ ਹੋਣ ਮਗਰੋਂ ਕਰਮਜੀਤ ਕੌਰ ਔਲਖ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਮੀਟਿੰਗ ਦੌਰਾਨ ਵੀ ਸੇਵਾਵਾਂ ਰੈਗੂਲਰ ਨਾ ਕੀਤੀਆਂ ਗਈਆਂ, ਤਾਂ ਉਹ ਮਮਟੀ ਤੋਂ ਛਾਲਾਂ ਮਾਰ ਦੇਣਗੀਆਂ। ਸਰਹੱਦ'ਤੇ ਗੰਭੀਰ ਹਾਲਾਤ ਬਣਨ ਅਤੇ ਮੁੱਖ ਮੰਤਰੀ ਦੇ ਰੁਝੇਵਿਆਂ ਕਰਕੇ ਅੱਜ ਹੋਣ ਵਾਲੀ ਮੀਟਿੰਗ 5 ਮਾਰਚ 'ਤੇ ਪਾ ਦਿੱਤੀ ਗਈ ਸੀ। ਦੋਵਾਂ ਨੇ ਮਮਟੀ ਤੋਂ ਛਾਲਾਂ ਮਾਰ ਦਿੱਤੀਆਂ। ਪਹਿਲਾਂ ਬਲਜੀਤ ਕੌਰ ਖਾਲਸਾ ਨੇ ਛਾਲ ਮਾਰੀ, ਇਸ ਤੋਂ ਤੁਰੰਤ ਬਾਅਦ ਕਰਮਜੀਤ ਕੌਰ ਔਲਖ ਨੇ ਵੀ ਛਾਲ ਮਾਰ ਦਿੱਤੀ। 6 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਨੇ ਨਰਸਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਸੇਵਾਵਾਂ ਰੈਗੂਲਰ ਕਰਵਾਉਣ ਲਈ 16 ਨਵੰਬਰ 2016 ਨੂੰ ਜਦੋਂ ਭਾਖੜਾ ਦੇ ਪੁਲ 'ਤੇ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਕਰਮਜੀਤ ਕੌਰ ਔਲਖ ਨੇ ਭਾਖੜਾ 'ਚ ਛਾਲ ਮਾਰ ਦਿੱਤੀ ਸੀ।

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਸ਼ਮੀਰੀਆਂ 'ਤੇ ਹਮਲਿਆਂ ਵਿਰੁੱਧ ਮੁਜਾਹਰਾ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 
ਕਸ਼ਮੀਰੀਆਂ 'ਤੇ ਹਮਲਿਆਂ ਵਿਰੁੱਧ ਮੁਜਾਹਰਾ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਵਿੱਚ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਦੇਸ਼ ਵਿੱਚ ਵੱਖ ਵੱਖ ਥਾਵਾਂ 'ਤੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਅਤੇ ਆਮ ਕਸ਼ਮੀਰੀ ਲੋਕਾਂ ਉੱਪਰ ਗੁੰਡਿਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਖਿਲਾਫ ਅਤੇ ਕਸ਼ਮੀਰੀ ਕੌਮ ਦੇ ਸਵੈ-ਨਿਰਣੇ ਦੇ ਹੱਕ ਦੀ ਲੜਾਈ ਦੀ ਹਮਾਇਤ ਕਰਦਿਆਂ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਪੀ.ਐਸ.ਯੂ. ਦੇ ਜ਼ਿਲ੍ਹਾ ਪ੍ਰਧਾਨ ਕੇਸ਼ਵ ਆਜ਼ਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀ.ਜੇ.ਪੀ./ਆਰ.ਐਸ.ਐਸ. ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਲਗਾਤਾਰ ਫਾਸ਼ੀਵਾਦੀ ਹੱਥਕੰਡੇ ਵਰਤ ਰਹੀ ਹੈ। ਸੀ.ਆਰ.ਪੀ.ਐਫ. ਦੇ 44 ਜਵਾਨਾਂ 'ਤੇ ਹੋਇਆ ਹਮਲਾ ਵੀ ਏਸੇ ਸਿਆਸਤ ਦਾ ਹਿੱਸਾ ਹੈ। ਇਸ ਮੌਕੇ ਜਦੋਂ ਆਮ ਚੋਣਾਂ ਸਿਰ 'ਤੇ ਹਨ ਅਤੇ ਸੱਤਾਧਾਰੀ ਪਾਰਟੀ ਕੋਲ ਚੋਣਾਂ ਲੜਨ ਲਈ ਕੋਈ ਮੁੱਦਾ ਨਹੀਂ ਹੈ ਤਾਂ ਹਿੰਦੂ ਬਹੁਗਿਣਤੀ ਦੀ ਵੋਟ ਹਥਿਆਉਣ ਲਈ ਕਿਤੇ ਰਾਮ ਮੰਦਰ ਅਤੇ ਕਦੇ ਪੁਲਵਾਮਾ ਵਰਗੀਆਂ ਘਟਨਾਵਾਂ ਕਰਵਾ ਕੇ ਲੋਕਾਂ ਦੇ ਮਨਾਂ ਵਿੱਚ ਮੁਸਲਮਾਨਾਂ ਲਈ ਨਫਰਤ ਪੈਦਾ ਕੀਤੀ ਜਾ ਰਹੀ ਹੈ। ਥਾਂ ਥਾਂ 'ਤੇ ਮੁਸਲਮਾਨਾਂ ਅਤੇ ਕਸ਼ਮੀਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਿੰਦਰ ਢਿੱਲਵਾਂ ਨੇ ਕਿਹਾ ਕਿ ਕਸ਼ਮੀਰੀ ਕੌਮ ਲਗਾਤਾਰ ਆਪਣੀ ਕੌਮੀ ਮੁਕਤੀ ਲਈ ਸੰਘਰਸ਼ ਕਰ ਰਹੀ ਹੈ।

ਪੀ.ਐੱਸ.ਯੂ. ਵੱਲੋਂ ਸਿੱਖਿਆ ਬਚਾਉਣ ਦਾ ਹੋਕਾ

ਪੀ.ਐੱਸ.ਯੂ. ਵੱਲੋਂ
ਸਿੱਖਿਆ ਬਚਾਉਣ ਦਾ ਹੋਕਾ

ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ 11 ਫਰਵਰੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਦਾ ਸੂਬਾਈ ਡੈਲੀਗੇਟ ਇਜਲਾਸ ਸਿੱਖਿਆ ਦੇ ਨਿੱਜੀਕਰਨ, ਉੱਚ- ਵਿੱਦਿਅਕ ਅਦਾਰਿਆਂ ਨੂੰ ਬਚਾਉਣ, ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ, ਮਜ਼ਦੂਰਾਂ, ਕਿਸਾਨਾਂ, ਕੱਚੇ ਮੁਲਾਜ਼ਮਾਂ ਦੇ ਬੱਚਿਆਂ ਲਈ ਵਿੱਦਿਆ ਬਚਾਉਣ, ਵਿਦਿਆਰਥੀਆਂ ਦੀ ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਮੁਕਤੀ ਲਈ ਸੰਘਰਸ਼ ਕਰਨ ਦਾ ਹੋਕਾ ਦਿੰਦਾ ਸਮਾਪਤ ਹੋ ਗਿਆ। ਇਸ ਮੌਕੇ 11 ਮੈਂਬਰੀ ਸੂਬਾ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਡੈਲੀਗੇਟਾਂ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ।

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ


ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ

1 ਮਾਰਚ ਨੂੰ  ਸੁਨਾਮ ਨੇੜਲੇ ਪਿੰਡ ਮਹਿਲਾਂ ਨੂੰ ਨਗਰ ਪੰਚਾਇਤ ਬਣਾਉਣ ਦੀਆਂ ਕਥਿਤ ਤੌਰ'ਤੇ ਅੰਦਰਖਾਤੇ ਹੋ ਰਹੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਪਿੰਡ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਤੀ ਗਈ ਰੈਲੀ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਆਗੂ ਚਾਨਣ ਸਿੰਘ, ਗੁਰਮੁੱਖ ਸਿੰਘ, ਜਗਦੇਵ ਸਿੰਘ ਤੇ ਨਾਜਰ ਸਿੰਘ ਨੇ ਰਜਿੰਦਰਾ ਹਸਪਤਾਲ ਪਟਿਆਲਾ ਦੀਆਂ ਨਰਸਾਂ ਵੱਲੋਂ ਛੇੜੇ ਸੰਘਰਸ਼ ਦੀ ਹਮਾਇਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਜ਼ਿੱਦੀ ਰਵੱਈਏ ਦੀ ਆਲੋਚਨਾ ਕੀਤੀ। ਆਗੂਆਂ ਨੇ ਛੱਤੀਸਗੜ੍ਹ ਸੂਬੇ ਦੇ ਆਦਿਵਾਸੀਆਂ ਨੂੰ ਉਜਾੜਨ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਮਜ਼ਦੂਰ ਤੇ ਦਲਿਤ ਵਰਗ ਦੇ ਲੋਕ ਮੌਜੂਦ ਸਨ।

ਸ਼ੋਕ ਸਭਾ

ਸ਼ੋਕ ਸਭਾ
ਇਨਕਲਾਬੀ ਜਮਹੂਰੀ ਲਹਿਰ ਦੇ ਅਣਥੱਕ ਵਰਕਰ ਅਤੇ ਦ੍ਰਿੜ੍ਹ ਸਮਰੱਥਕ ਸਾਥੀ ਮੁਖਤਿਆਰ ਸਿੰਘ ਜੇ.ਈ. (ਪਾਵਰਕਾਮ) ਕਸਬਾ ਹਰਿਆਣਾ (ਹੁਸ਼ਿਆਰਪੁਰ) ਪਿਛਲੇ ਦਿਨੀਂ ਦਿਲ ਦੇ ਦੌਰੇ ਕਾਰਨ ਵਿਛੋੜਾ ਦੇ ਗਏ। ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹਰਿਆਣਾ ਵਿੱਚ 17 ਫਰਵਰੀ ਨੂੰ ਹੋਇਆ। ਜਿਸ ਵਿੱਚ ਸੁਰਖ਼ ਰੇਖਾ ਦੇ ਸੰਪਾਦਕ ਸਾਥੀ ਨਾਜ਼ਰ ਸਿੰਘ ਬੋਪਾਰਾਏ, ਸਾਥੀ ਜਗਦੀਸ਼ ਧੂਤ ਅਤੇ ਕਾਮਰੇਡ ਗੁਰਮੇਲ ਸਿੰਘ ਨੇ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ 'ਤੇ ਕਾਮਰੇਡ ਅਜੀਤ ਸਿੰਘ ਹੁਸ਼ਿਆਰਪੁਰ ਤੇ ਹੋਰ ਸਾਥੀ ਹਾਜ਼ਰ ਸਨ।
-----
ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਬਲਾਕ ਦੇ ਮੀਤ ਪ੍ਰਧਾਨ ਹਰਜੰਤ ਸਿੰਘ ਪੰਨਵਾ ਦੇ ਮਾਤਾ ਜੀ ਸਦੀਵੀਂ ਵਿਛੋੜਾ ਦੇ ਗਏ। ਅਦਾਰਾ ਸੁਰਖ਼ ਰੇਖਾ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।