Sunday, 21 July 2019

ਕਾਂਗਰਸ ਅਤੇ ਖੇਤਰੀ ਪਾਰਟੀਆਂ ਦੀ ਭਵਿੱਖ ਵਿੱਚ ਭੂਮਿਕਾ

ਹਿੰਦੂਤਵੀ ਫਾਸ਼ੀਵਾਦ ਦਾ ਉਭਾਰ
ਕਾਂਗਰਸ ਅਤੇ ਖੇਤਰੀ ਪਾਰਟੀਆਂ ਦੀ ਭਵਿੱਖ ਵਿੱਚ ਭੂਮਿਕਾ
-ਨਵਜੋਤ
ਅਪ੍ਰੈਲ-ਮਈ 2019 ਨੂੰ ਹੋਈਆਂ ਲੋਕ ਸਭਾਈ ਚੋਣਾਂ ਵਿੱਚ ਜਿੱਥੇ ਹਿੰਦੂਤਵੀ ਫਿਰਕੂ-ਫਾਸ਼ੀ ਸੰਘ ਲਾਣੇ ਦੇ ਸਿਆਸੀ ਫੱਟੇ ਭਾਜਪਾ ਨੂੰ ਅਣਕਿਆਸੀ ਕਾਮਯਾਬੀ ਮਿਲੀ ਹੈ ਅਤੇ ਉਸਦੇ ਮੁਲਕ ਵਿਆਪੀ ਵੋਟ ਬੈਂਕ ਵਿੱਚ ਗਿਣਨਯੋਗ ਵਾਧਾ ਹੋਇਆ ਹੈ, ਉੱਥੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਮੁਲਕ ਦੇ ਸੋਲਾਂ ਸੂਬਿਆਂ ਵਿੱਚ ਇਸ ਨੂੰ ਇੱਕ ਵੀ ਸੀਟ 'ਤੇ ਸਫਲਤਾ ਨਸੀਬ ਨਹੀਂ ਹੋਈ। ਇਸਦੇ ਵੋਟ ਬੈਂਕ ਨੂੰ ਵੀ ਵੱਡਾ ਖੋਰਾ ਲੱਗਿਆ ਹੈ। ਇਸ ਨੂੰ ਕੁੱਲ ਮਿਲਾ ਕੇ 52 ਸੀਟਾਂ ਹਾਸਲ ਹੋਈਆਂ ਹਨ। ਇਸੇ ਤਰ੍ਹਾਂ ਕੁੱਝ ਦੱਖਣੀ ਸੂਬਿਆਂ (ਤਿਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲਾ) ਅਤੇ ਉੜੀਸਾ ਨੂੰ ਛੱਡ ਕੇ ਮੁਲਕ ਦੇ ਬਾਕੀ ਵੱਡੇ ਹਿੱਸੇ ਵਿੱਚ ਖੇਤਰੀ ਸਿਆਸੀ ਪਾਰਟੀਆਂ ਅਤੇ ਅਖੌਤੀ ਖੱਬੀਆਂ ਪਾਰਟੀਆਂ ਨੂੰ ਵੀ ਵੱਡੀ ਨਾਕਾਮੀ ਦਾ ਮੂੰਹ ਦੇਖਣਾ ਪਿਆ ਹੈ। ਪੱਛਮੀ ਬੰਗਾਲ ਅੰਦਰ ਚਾਹੇ ਸੂਬਾਈ ਗੱਦੀ 'ਤੇ ਕਾਬਜ਼ ਤ੍ਰਿਣਾਮੂਲ ਕਾਂਗਰਸ ਵੱਲੋਂ ਕੁੱਲ 42 ਵਿਚੋਂ 22 ਸੀਟਾਂ 'ਤੇ ਕਬਜ਼ਾ ਬਰਕਰਾਰ ਰੱਖਿਆ ਗਿਆ, ਉੱਥੇ ਭਾਜਪਾ ਵੱਲੋਂ 18 ਸੀਟਾਂ 'ਤੇ ਜਿੱਤਾ ਹਾਸਲ ਕਰਦਿਆਂ ਅਤੇ ਆਪਣੇ ਵੋਟ ਬੈਂਕ ਵਿੱਚ ਵੱਡਾ ਵਾਧਾ ਕਰਦਿਆਂ, ਆਉਂਦੀਆਂ ਵਿਧਾਨ ਸਭਾ ਚੋਣਾਂ ਅੰਦਰ ਸੂਬਾਈ ਹਕੂਮਤੀ ਕੁਰਸੀ ਹਥਿਆਉਣ ਦੀ ਦਿਸ਼ਾ ਵਿੱਚ ਵੱਡੀ ਪੇਸ਼ਕਦਮੀ ਕੀਤੀ ਗਈ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਮਮਤਾ ਬੈਨਰਜੀ ਸਰਕਾਰ ਆਉਣ ਤੋਂ ਪਹਿਲਾਂ ਪੱਛਮੀ ਬੰਗਾਲ 'ਤੇ ਲਗਾਤਾਰ 33 ਸਾਲ ਰਾਜ ਕਰਨ ਵਾਲੇ ਅਖੌਤੀ ਖੱਬੇ ਮੁਹਾਜ਼ ਨੂੰ ਇੱਕ ਵੀ ਸੀਟ 'ਤੇ ਜਿੱਤ ਨਸੀਬ ਨਹੀਂ ਹੋਈ। 
ਸੋ, ਇਹਨਾਂ ਚੋਣਾਂ ਵਿੱਚ ਮੋਦੀ ਹਕੂਮਤ ਨੂੰ ਚੱਲਦਾ ਕਰਕੇ ਕੇਂਦਰੀ ਹਕੂਮਤ 'ਤੇ ਸੁਸ਼ੋਭਿਤ ਹੋਣ ਲਈ ਰੱਸੇ ਪੈੜੇ ਵੱਟ ਰਹੀਆਂ ਵਿਰੋਧੀ ਪਾਰਲੀਮਾਨੀ ਸਿਆਸੀ ਪਾਰਟੀਆਂ ਜਿਹੋ ਜਿਹੀ ਵੀ ਨਮੋਸ਼ੀ ਭਰੀ ਪਛਾੜ ਦਾ ਸਾਹਮਣਾ ਕਰਨਾ ਪਿਆ ਹੈ, ਇਸ ਨੇ ਮੁਲਕ ਦੇ ਹਾਕਮ ਜਮਾਤੀ ਸਿਆਸੀ ਹਲਕਿਆਂ, ਬੁੱਧੀਜੀਵੀਆਂ ਅਤੇ ਪ੍ਰਚਾਰ ਸਾਧਨਾਂ 'ਚ ਦੋ ਉੱਭਰਵੇਂ ਸੁਆਲਾਂ 'ਤੇ ਚਰਚਾ ਛੇੜੀ ਹੈ: ਇੱਕ- ਕਾਂਗਰਸ ਪਾਰਟੀ ਇਸ ਨੂੰ ਲੱਗ ਰਹੇ ਖੋਰੇ ਦੇ ਅਮਲ ਨੂੰ ਬੰਨ੍ਹ ਮਾਰਨ ਅਤੇ ਮੁੜ-ਬਹਾਲੀ ਦੇ ਅਮਲ ਨੂੰ ਅਸਰਦਾਇਕ ਗਤੀ ਦੇਣ ਵਿੱਚ ਨਾਕਾਮ ਨਿੱਬੜੀ ਹੈ। ਇਸ ਲਈ, ਕੀ ਹੁਣ ਕਾਂਗਰਸ ਆਪਣੇ ਪਤਨ ਵੱਲ ਵਧ ਰਹੀ ਹੈ? ਦੂਜਾ- ਮੋਦੀ ਹਕੂਮਤ ਨੂੰ ਗੱਦੀਉਂ ਲਾਹੁਣ ਅਤੇ ਬਲਦਵੀਂ ਹਕੂਮਤ ਬਣਾਉਣ ਵਿੱਚ ਫੈਸਲਾਕੁੰਨ ਰੋਲ ਹਾਸਲ ਕਰਨ ਦਾ ਭਰਮ ਪਾਲ ਰਹੀਆਂ ਖੇਤਰੀ ਪਾਰਟੀਆਂ ਦੀ ਜੋ ਹਾਲਤ ਸਾਹਮਣੇ ਆਈ ਹੈ, ਉਸ ਵਿੱਚੋਂ ਸੁਆਲ ਉੱਠਦਾ ਹੈ ਕਿ ਕੀ ਭਵਿੱਖ ਵਿੱਚ ਪਾਰਲੀਮਾਨੀ ਸਿਆਸੀ ਅਖਾੜੇ ਅੰਦਰ ਖੇਤਰੀ ਸਿਆਸੀ ਪਾਰਟੀਆਂ ਆਪਣੀ ਵੁੱਕਤ ਅਤੇ ਪ੍ਰਸੰਗਿਕਤਾ ਗੁਆਉਣ ਦੀ ਦਿਸ਼ਾ ਵਿੱਚ ਜਾ ਰਹੀਆਂ ਹਨ? 
ਕੀ ਕਾਂਗਰਸ ਆਪਣੇ ਪਤਨ ਵੱਲ ਵਧ ਰਹੀ ਹੈ? 
1857 ਦੇ ਗ਼ਦਰ ਅਤੇ ਉਸ ਤੋਂ ਬਾਅਦ ਉੱਠਦੇ ਜਨਤਕ ਰੋਹ ਫੁਟਾਰਿਆਂ ਦੇ ਅਰੁੱਕ ਸਿਲਸਿਲੇ ਤੋਂ ਚੌਕਸ ਹੁੰਦਿਆਂ, ਬਸਤੀਵਾਦੀ ਅੰਗਰੇਜ਼ ਹਾਕਮਾਂ ਵੱਲੋਂ ਆਪਣੇ ਰਾਜ ਭਾਗ ਦੀ ਉਮਰ ਲੰਬੀ ਕਰਨ ਲਈ ਇੱਕ ਪਾਸੇ ਆਪਣੇ ਸਮਾਜਿਕ ਆਧਾਰ ਨੂੰ ਵਧਾਉਣ ਅਤੇ ਮਜਬੂਤ ਕਰਨ ਲਈ ਜਾਗੀਰਦਾਰਾਂ ਅਤੇ ਵੱਡੇ ਸਰਮਾਏਦਾਰਾਂ ਦੇ ਕੋੜਮੇ ਨੂੰ ਆਪਣੀਆਂ ਦਲਾਲ ਜਮਾਤਾਂ ਵਜੋਂ ਪਾਲਣ-ਪੋਸ਼ਣ ਦਾ ਅਮਲ ਆਰੰਭਿਆ ਗਿਆ ਅਤੇ ਇਹਨਾਂ ਦੀ ਸਿਆਸੀ ਨੁਮਾਇੰਦਗੀ ਕਰਨ ਲਈ 1885 ਵਿੱਚ ਕਾਂਗਰਸ ਪਾਰਟੀ ਨੂੰ ਸ਼ਿੰਗਾਰਿਆ ਗਿਆ, ਦੂਜੇ ਪਾਸੇ- ਬਸਤੀਵਾਦੀ ਜੂਲੇ ਨੂੰ ਵਗਾਹ ਮਾਰਨ ਲਈ ਉੱਠ ਰਹੀ ਮੁਲਕ ਵਿਆਪੀ ਲੋਕ ਲਹਿਰ ਵਿੱਚ ਪਾਟਕ ਪਾਉਣ ਲਈ ਹਿੰਦੂ-ਮੁਸਲਿਮ ਪਾਲਾਬੰਦੀ ਦਾ ਅਮਲ ਛੇੜਨ ਅਤੇ ਇਸ ਨੂੰ ਮਘਾਉਣ-ਭਖਾਉਣ ਦੀ ਸੇਧ ਅਖਤਿਆਰ ਕੀਤੀ ਗਈ। ਇਸ ਫਿਰਕੂ ਪਾਲਾਬੰਦੀ ਦਾ ਨਕਲੀ ਵਿਚਾਰਧਾਰਕ ਪੈੜਾ ਬੰਨ੍ਹਣ ਲਈ ਮੁਲਕ ਦੇ ਇਤਿਹਾਸ ਨੂੰ ਫਿਰਕੂ ਨਜ਼ਰੀਏ ਤੋਂ ਲਿਖਵਾਉਣ ਤੇ ਪੇਸ਼ ਕਰਨ ਲਈ 18ਵੀਂ ਸਦੀ ਆਰੰਭ ਤੋਂ ਹੀ ਹੋ ਰਹੀਆਂ ਕੋਸ਼ਿਸ਼ਾਂ ਨੂੰ ਵਿਉਂਤਬੱਧ ਪ੍ਰੋਜੈਕਟ ਦੀ ਸ਼ਕਲ ਦਿੱਤੀ ਗਈ। ਵਿਸ਼ੇਸ਼ ਕਰਕੇ ਇੱਕ ਅੰਗਰੇਜ਼ ਇਤਿਹਾਸਕਾਰ ਜੇਮਜ਼ ਮਿੱਲ ਵੱਲੋਂ ਛੇ ਗਰੰਥਾਂ ਦੀ ਸ਼ਕਲ ਵਿੱਚ ਲਿਖੇ, ''ਬਰਤਾਨਵੀ ਭਾਰਤ ਦਾ ਇਤਿਹਾਸ'' ਨੂੰ ਉਭਾਰਨ-ਪ੍ਰਚਾਰਨ ਦਾ ਬੀੜਾ ਚੁੱਕਿਆ ਗਿਆ। ਉਸ ਵੱਲੋਂ ਲਿਖਿਆ ਗਿਆ ਕਿ ਮੁਗਲਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਦਾ ਸਮਾਂ ''ਹਿੰਦੂ ਸੁਨਹਿਰੀ ਯੁੱਗ'' ਸੀ। ਮੁਗਲਾਂ ਵੱਲੋਂ ਭਾਰਤ 'ਤੇ ਕਬਜ਼ਾ ਕਰਨ ਨਾਲ ਭਾਰਤੀ ਲੋਕ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੇ ਗਏ। ਬਸਤੀਵਾਦੀ ਅੰਗਰੇਜ਼ ਹਾਕਮਾਂ ਦੀ ਭਾਰਤ ਵਿੱਚ ਆਮਦ ਨਾਲ ਹੀ ਮੁਗਲਾਂ ਦੀ ਗੁਲਾਮੀ ਦਾ ਫਸਤਾ ਵੱਢਿਆ ਗਿਆ। ਇਉਂ, ਇਸ ਇਤਿਹਾਸਕਾਰ ਵੱਲੋਂ ਬਸਤੀਵਾਦੀ ਅੰਗਰੇਜ਼ ਹਾਕਮਾਂ ਨੂੰ ਭਾਰਤ ਦੀ ਹਿੰਦੂ ਜਨਤਾ ਦੇ ਮੁਕਤੀ ਦਾਤਿਆਂ ਵਜੋਂ ਪੇਸ਼ ਕੀਤਾ ਗਿਆ। 
1917 ਵਿੱਚ ਰੂਸ ਵਿੱਚ ਹੋਏ ਯੁੱਗ ਪਲਟਾਊ ਅਕਤੂਬਰ ਇਨਕਲਾਬ ਤੋਂ ਬਾਅਦ ਬਰਤਾਨਵੀਂ ਸਾਮਰਾਜੀ ਹਾਕਮਾਂ ਵੱਲੋਂ ਆਪਣੀ ਉਪਰੋਕਤ ਦੋਧਾਰੀ ਨੀਤੀ ਨੂੰ ਹੋਰ ਵੀ ਬੱਝਵੇਂ, ਭਰਵੇਂ ਅਤੇ ਦੂਰਮਾਰ ਪ੍ਰੋਜੈਕਟ ਵਜੋਂ ਉਲੀਕਿਆ ਗਿਆ। ਜਿੱਥੇ ਉਹਨਾਂ ਵੱਲੋਂ ਮਹਾਤਮਾ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਨੂੰ ਸਿਆਸੀ ਸੱਤਾ ਵਿੱਚ ਅੰਸ਼ਿਕ ਭਾਈਵਾਲੀ ਮੁਹੱਈਆ ਕਰਨ ਦੀ ਦਿਸ਼ਾ ਅਖਤਿਆਰ ਕਰਦਿਆਂ, ਭਵਿੱਖ ਦੀ ਦਲਾਲ ਸਿਆਸੀ ਵਾਰਸ ਵਜੋਂ ਸਿੱਖਿਆ-ਸਿਖਲਾਈ ਦੇਣ ਅਤੇ ਢਾਲਣ ਦੀ ਬਾਕਾਇਦਾ ਵਿਉਂਤ ਉਲੀਕੀ ਗਈ, ਉੱਥੇ ਮੁਲਕ ਅੰਦਰ ਫਿਰਕੂ ਪਾਲਾਬੰਦੀ ਨੂੰ ਇੱਕ ਵਰਤਾਰੇ ਦੀ ਸ਼ਕਲ ਦੇਣ ਅਤੇ ਮੁਲਕ ਦੀਆਂ ਮੁਕਾਬਲਤਨ ਸਭ ਤੋਂ ਵੱਧ ਵਿਕਸਤ ਅਤੇ ਕੌਮੀ ਮੁਕਤੀ ਲਹਿਰ ਦੀਆਂ ਮੋਹਰੀ ਦੋ ਕੌਮਾਂ- ਪੰਜਾਬੀ ਕੌਮ ਅਤੇ ਬੰਗਲਾ ਕੌਮ ਨੂੰ ਚੀਰਾ ਦੇਣ ਦਾ ਖਾਕਾ ਤਿਆਰ ਕੀਤਾ ਗਿਆ। ਪੰਜਾਬੀ ਕੌਮ ਅਤੇ ਬੰਗਲਾ ਕੌਮ ਨੂੰ ਵੰਡ ਕੇ ਇਸ ਖਾਕੇ ਦੇ ਅੰਗ ਵਜੋਂ ਹੀ ਵੀ ਦਮੋਦਰ ਸਾਵਰਕਾਰ ਨੂੰ ''ਦੋ ਕੌਮਾਂ ਦੇ ਸਿਧਾਂਤ'' ਦੇ ਘੜਨਹਾਰੇ ਵਜੋਂ ਉਭਾਰਨ ਲਈ 1922 ਵਿੱਚ ਜੇਲ੍ਹ ਅੰਦਰੋਂ ਹੀ ਉਸ ਵੱਲੋਂ ਲਿਖੀ ਗਈ ''ਹਿੰਦੂਤਵ'' ਨਾਂ ਦੀ ਕਿਤਾਬ ਨੂੰ ਜਾਰੀ ਕਰਵਾਇਆ ਗਿਆ। ਜੇਲ੍ਹ ਤੋਂ ਬਾਹਰ ਆ ਕੇ ਉਹ ''ਹਿੰਦੂ ਮਹਾਂਸਭਾ'' ਦਾ ਪ੍ਰਧਾਨ ਸਜ ਗਿਆ। ਉਸਦੀ ਸਿਧਾਂਤਕ ਰਹਿਨੁਮਾਈ ਹੇਠ ਇੱਕ ਕਾਂਗਰਸੀ ਨੇਤਾ ਬੀ.ਐਸ. ਮੂੰਜੇ ਅਤੇ ਕੇਸ਼ਵ ਬਲੀਰਾਮ ਹੈਡਗੇਵਰ ਵੱਲੋਂ ''ਹਿੰਦੂਤਵ'' ਦੇ ਸਿਧਾਂਤ 'ਤੇ ਆਧਾਰਤ 1925 ਵਿੱਚ ਆਰ.ਐਸ.ਐਸ. ਦੀ ਨੀਂਹ ਰਖੀ ਗਈ। ਇੱਥੇ ਇਹ ਗੱਲ ਕਾਬਲੇਗੌਰ ਹੈ ਕਿ ਮੁਲਕ ਦੇ ਫਿਰਕੂ ਸਿਆਸਤਦਾਨਾਂ, ਜ਼ਰਖਰੀਦ ਬੁੱਧੀਜੀਵੀਆਂ ਅਤੇ ਸੰਘ ਲਾਣੇ ਵੱਲੋਂ ਮੁਹੰਮਦ ਅਲੀ ਜਿਨਾਹ ਤੇ ਮੁਸਲਿਮ ਲੀਗ ਸਿਰ ਮੁਲਕ ਦੀ ਵੰਡ ਦਾ ਠੀਕਰਾ ਭੰਨਣ ਦੀ ਗੱਲ ਨਿਰੋਲ ਕੁਫਰ ਹੈ, ਇਸ ਵੰਡ ਦੇ ਪ੍ਰਮੁੱਖ ਗੁਨਾਹਗਾਰ ਕਾਂਗਰਸ, ਆਰ.ਐਸ.ਐਸ. ਲਾਣਾ, ਬਰਤਾਨਵੀ ਹਾਕਮ ਅਤੇ ਮੁਲਕ ਦੀਆਂ ਦਲਾਲ ਹਿੰਦੂ ਫਿਰਕਾਪ੍ਰਸਤ ਹਾਕਮ ਜਮਾਤਾਂ ਬਣਦੀਆਂ ਹਨ, ਜਿਹਨਾਂ ਵੱਲੋਂ ਇੱਕ ਹੱਥ- ਆਜ਼ਾਦੀ ਦਾ ਦੰਭ ਰਚਦਿਆਂ, ਮੁਲਕ ਦੀ ਸਿਆਸੀ ਸੱਤਾ ਨੂੰ ਹਥਿਆ ਲਿਆ ਗਿਆ, ਦੂਜੇ ਹੱਥ- ਪੰਜਾਬੀ ਕੌਮ ਅਤੇ ਬੰਗਲਾ ਕੌਮ 'ਤੇ ਜਬਰੀ ਵੰਡ ਠੋਸਦਿਆਂ, ਲੱਖਾਂ ਮਾਸੂਮ ਲੋਕਾਂ ਦਾ ਕਤਲੇਆਮ ਰਚਾਇਆ ਗਿਆ। 
ਇਸ ਤਰ੍ਹਾਂ ਅੰਗਰੇਜ਼ ਸਾਮਰਾਜੀਆਂ ਅਤੇ ਭਾਰਤ ਦੀ ਦਲਾਲ ਵੱਡੀ ਬੁਰੂਜਆਜੀ ਵੱਲੋਂ ਬੜੇ ਸ਼ਾਤਰਾਨਾ ਅਤੇ ਮਕਾਰੀ ਭਰੇ ਢੰਗ ਨਾਲ ਮੁਲਕ 'ਤੇ ਜਬਰੀ ਵੰਡ ਠੋਸਦਿਆਂ, ਮੁਸਲਿਮ ਅਤੇ ਹਿੰਦੂ ਧਰਮ-ਆਧਾਰਤ ਦੋ ਮੁਲਕਾਂ- ਪਾਕਿਸਤਾਨ ਅਤੇ ਹਿੰਦੁਸਤਾਨ ਬਣਾ ਦਿੱਤੇ ਗਏ। ਇਉਂ, ਜਿੱਥੇ ਫੌਰੀ ਪ੍ਰਸੰਗ ਵਿੱਚ ਮੁਲਕ ਅੰਦਰ ਵੱਖ ਵੱਖ ਖਿੱਤਿਆਂ ਵਿੱਚ ਹਥਿਆਰਬੰਦ ਇਨਕਲਾਬੀ ਉਭਾਰਾਂ ਅਤੇ ਜਨਤਕ ਰੋਹ ਤਰਥੱਲੀਆਂ ਦੀ ਸ਼ਕਲ ਵਿੱਚ ਆਪਣੇ ਸਿਰ ਮੰਡਲਾਉਂਦੇ ਇਨਕਲਾਬ ਦੇ ਖਤਰੇ ਤੋਂ ਨਿਜਾਤ ਪਾ ਲਈ ਗਈ, ਉੱਥੇ ਜਬਰੀ ਦੋ ਮੁਲਕਾਂ ਦੇ ਜਾਮਿਆਂ ਵਿੱਚ ਤਾੜੇ ਮਿਹਨਤਕਸ਼ ਲੋਕਾਂ ਨੂੰ ਜਦੋਂ ਮਰਜੀ ਸਰਹੱਦਾਂ 'ਤੇ ਜੰਗੀ ਮਾਹੌਲ ਭੜਕਾਉਣ, ਆਪਸ ਵਿਚੀਂ ਲੜਾਉਣ-ਮਰਵਾਉਣ, ਨਕਲੀ ਤੇ ਫਿਰਕੂ ਦੇਸ਼ਭਗਤੀ ਦੇ ਮਾਹੌਲ ਨੂੰ ਝੋਕਾ ਲਾਉਣ ਅਤੇ ਹਕੀਕੀ ਲੋਕ ਮਸਲਿਆਂ ਤੋਂ ਧਿਆਨ ਭਟਕਾਉਣ ਦਾ ਸਾਮਾ ਤਿਆਰ ਕਰ ਲਿਆ ਗਿਆ। 
ਅਖੌਤੀ ਆਜ਼ਾਦੀ ਤੋਂ ਬਾਅਦ ਕਾਂਗਰਸ ਹਿੰਦੂ ਰਾਜ-ਭਾਗ ਦੀ ਕਰਤਾ—ਧਰਤਾ ਬਣੀ
15 ਅਗਸਤ 1947 ਦੀ ਸੱਤਾ ਬਦਲੀ ਦੇ ਦੰਭੀ ਡਰਾਮੇ ਰਾਹੀਂ ਪੰਜਾਬ ਅਤੇ ਬੰਗਾਲ ਵਿੱਚ ਲੱਖਾਂ ਮਾਸੂਮ ਲੋਕਾਂ ਦੀਆਂ ਲਾਸ਼ਾਂ ਦੇ ਢੇਰਾਂ ਤੋਂ ਲੰਘਦਿਆਂ, ਕਾਂਗਰਸ ਪਾਰਟੀ ਵੱਲੋਂ ਹਿੰਦੁਸਤਾਨ ਨਾਂ ਦੇ ਹਿੰਦੂ ਰਾਜਭਾਗ ਦੀ ਵਾਗਡੋਰ ਸੰਭਾਲੀ ਗਈ। ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਬਣੀ ਵਜ਼ਾਰਤ ਦਾ ਉਦਘਾਟਨ ਹਿੰਦੂ ਰਸਮਾਂ-ਰਿਵਾਜਾਂ ਨਾਲ ਕੀਤਾ ਗਿਆ।
ਪਰ ਉਸ ਸਮੇਂ ਕੌਮਾਂਤਰੀ ਹਾਲਤ ਅਤੇ ਮੁਲਕ ਵਿਚਲੀ ਹਾਲਤ ਇਹੋ ਜਿਹੀ ਸੀ, ਜਿਸ ਵਿੱਚ ਭਾਰਤੀ ਰਾਜ ਨੂੰ ਸ਼ਰੇਆਮ ਹਿੰਦੂ ਰਾਜ ਕਹਿਣਾ/ਐਲਾਨਣਾ ਹਾਕਮ ਜਮਾਤੀ ਸਿਆਸੀ ਹਿੱਤਾਂ ਨੂੰ ਰਾਸ ਨਹੀਂ ਸੀ। ਕੌਮਾਂਤਰੀ ਪੱਧਰ 'ਤੇ ਹਿਟਲਰ ਸ਼ਾਹੀ ਫਾਸ਼ੀਵਾਦ ਨੂੰ ਮਿੱਟੀ ਵਿੱਚ ਮਿਲਾ ਕੇ ਜੇਤੂ ਹੋਏ ਸੋਵੀਅਤ ਸਮਾਜਵਾਦ ਦਾ ਤਾਕਤਵਰ ਕਿਲਾ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਅਤੇ ਦੱਬੀਆਂ ਕੁਚਲੀਆਂ ਕੌਮਾਂ ਲਈ, ਇਨਕਲਾਬੀ ਰਾਜਭਾਗ ਦਾ ਇੱਕ ਆਦਰਸ਼ਕ ਨਮੂਨੇ ਵਜੋਂ ਉੱਭਰ ਆਇਆ ਸੀ। ਪੂਰਬੀ ਯੂਰਪ ਦੇ 8 ਮੁਲਕਾਂ (ਹੰਗਰੀ, ਆਸਟਰੀਆ, ਚੈਕੋਸਲਵਾਕੀਆ, ਯੋਗੋਸਲਾਵੀਆ, ਰੁਮਾਨੀਆ, ਪੂਰਬੀ ਜਰਮਨੀ, ਪੋਲੈਂਡ ਅਤੇ ਅਲਬਾਨੀਆ) ਵਿੱਚ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਲੋਕ ਜਮਹੂਰੀ ਗਣਰਾਜਾਂ ਦੀ ਸਥਾਪਤੀ ਨਾਲ ਸੋਵੀਅਤ ਯੂਨੀਅਨ ਦੀ ਅਗਵਾਈ ਹੇਠ ਹੋਂਦ ਵਿੱਚ ਆਇਆ ਇੱਕ ਸ਼ਕਤੀਸ਼ਾਲੀ ਸਮਾਜਵਾਦੀ ਕੈਂਪ ਸਾਮਰਾਜਵਾਦ ਲਈ ਚੁਣੌਤੀ ਬਣ ਗਿਆ ਸੀ। ਚੀਨ ਦਾ ਲੋਕ ਜਮਹੂਰੀ ਇਨਕਲਾਬ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲ ਚੀਨੀ ਹਾਕਮਾਂ ਨੂੰ ਦਰੜਦਾ ਹੋਇਆ ਅੰਤਿਮ ਜਿੱਤ ਵੱਲ ਪੁਲਾਂਘਾਂ ਪੁੱਟ ਰਿਹਾ ਸੀ। ਸਾਮਰਾਜੀ ਅਧੀਨਗੀ ਹੇਠ ਦੱਬੇ ਕੁਚਲੇ ਦੇਸ਼ਾਂ ਦੀਆਂ ਕੌਮੀ ਮੁਕਤੀ ਦੀਆਂ ਤੂਫਾਨੀ ਲਹਿਰਾਂ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲ ਸਥਾਨਕ ਟੋਲਿਆਂ ਨੂੰ ਮੌਤ ਧੁੜਕੂ ਲਾ ਰਹੀਆਂ ਸਨ। ਅਜਿਹੀ ਬੇਹੱਦ ਸਾਜਗਾਰ ਹਾਲਤ ਤੋਂ ਪ੍ਰੇਰਨਾ ਲੈਂਦਿਆਂ ਅਤੇ ਇਸਦੇ ਅੰਗ ਵਜੋਂ ਭਾਰਤ ਅੰਦਰ ਵੀ ਸਾਮਰਾਜ ਵਿਰੋਧੀ ਅਤੇ ਜਾਗੀਰਦਾਰੀ ਵਿਰੋਧੀ ਖਾੜਕੂ ਜਨਤਕ ਲਹਿਰਾਂ ਝੱਖ਼ੜ ਦੀ ਸ਼ਕਲ ਅਖਤਿਆਰ ਕਰ ਰਹੀਆਂ ਸਨ। ਕਿੰਨੀਆਂ ਹੀ ਥਾਵਾਂ 'ਤੇ ਕਿਸਾਨੀ ਦੀਆਂ ਹਥਿਆਰਬੰਦ ਲਹਿਰਾਂ ਪਿਛਾਖੜੀ ਰਾਜਭਾਗ ਨੂੰ ਕੰਬਣੀਆਂ ਛੇੜ ਰਹੀਆਂ ਸਨ। ਫੌਜ ਅਤੇ ਪੁਲਸ ਦੀਆਂ ਸਫਾਂ ਵਿੱਚੋਂ ਉੱਠ ਰਹੀਆਂ ਬਗਾਵਤੀ ਸੁਰਾਂ ਤੇ ਧੁਖ ਰਹੀਆਂ ਚਿੰਗਾਰੀਆਂ ਹਾਕਮਾਂ ਲਈ ਡਾਢੀ ਚਿੰਤਾ ਦਾ ਵਿਸ਼ਾ ਬਣ ਰਹੀਆਂ ਸਨ। ਗੱਲ ਕੀ- ਭਾਰਤ ਦੀ ਵਿਸ਼ਾਲ ਲੋਕਾਈ ਦੇ ਮਨਾਂ ਵਿੱਚ ਸਾਮਰਾਜੀ ਬਸਤੀਵਾਦ ਤੋਂ ਮੁਕਤੀ ਪਾਉਂਦਿਆਂ, ਇੱਕ ਖਰੇ ਧਰਮ ਨਿਰਲੇਪ, ਲੋਕ ਜਮਹੂਰੀ ਤੇ ਸਮਾਜਵਾਦੀ ਰਾਜਭਾਗ ਦੀ ਸਥਾਪਨਾ ਲਈ ਮਚਲਦੀ ਤਾਂਘ ਹਥਿਆਰਬੰਦ ਸੰਗਰਾਮ ਦੀਆਂ ਸਿਖਰਾਂ ਛੋਹ ਰਹੀ ਸੀ ਅਤੇ ਬਰਤਾਨਵੀ ਬਸਤੀਵਾਦੀ ਹਾਕਮਾਂ ਸਮੇਤ ਉਹਨਾਂ ਦੀਆਂ ਦਲਾਲ ਭਾਰਤੀ ਹਾਕਮ ਜਮਾਤਾਂ ਦੀਆਂ ਕਬਰਾਂ ਖੋਦ ਰਹੀ ਸੀ। 
ਅਜਿਹੀ ਹਾਲਤ ਤੋਂ ਤ੍ਰਹਿੰਦਿਆਂ ਹੀ ਅੰਗਰੇਜ਼ ਹਾਕਮਾਂ ਅਤੇ ਉਹਨਾਂ ਦੀਆਂ ਦੇਸੀ ਦਲਾਲ ਹਾਕਮ ਜਮਾਤਾਂ ਵੱਲੋਂ, ਇੱਕ ਪਾਸੇ- ਪੰਜਾਬੀ ਕੌਮ ਅਤੇ ਬੰਗਲਾ ਕੌਮ 'ਤੇ ਜਬਰੀ ਫਿਰਕੂ ਵੰਡ ਠੋਸਦਿਆਂ, ਲੱਖਾਂ ਲੋਕਾਂ ਦੇ ਜਬਰੀ ਉਜਾੜੇ ਅਤੇ ਰਾਜਭਾਗ ਦੀ ਸਰਪ੍ਰਸਤੀ ਅਤੇ ਸ਼ਮੂਲੀਅਤ ਨਾਲ ਵੱਡੇ ਕਤਲੇਆਮਾਂ ਨੂੰ ਅੰਜਾਮ ਦੇਣ ਦੀ ਚਾਲ ਚੱਲੀ ਗਈ, ਤਾਂ ਕਿ ਲੋਕਾਂ ਦੀ ਸੁਰਤੀ ਅਤੇ ਲੜਾਕੂ ਰੌਂਅ ਨੂੰ ਭਟਕਾਉਂਦਿਆਂ ਮੁਲਕ ਵਿਆਪੀ ਦੇਸ਼ਭਗਤ ਏਕਤਾ ਨੂੰ ਫਿਰਕੂ ਚੀਰਾ ਦਿੱਤਾ ਜਾਵੇ ਅਤੇ ਹਿੰਦੂ ਮੁਸਲਮਾਨਾਂ ਨੂੰ ਫਿਰਕੂ ਭਰਾਮਾਰ ਦੰਗੇ-ਫਸਾਦਾਂ ਦੇ ਰਾਹ ਪਾਇਆ ਜਾਵੇ। ਦੂਜੇ ਪਾਸੇ- ਨਾਸਤਿਕ ਅਖਵਾਉਂਦੇ ਅਤੇ ਦੰਭੀ ਸਮਾਜਵਾਦੀ ਮੁਹਾਵਰੇਬਾਜ਼ੀ ਦੇ ਮਾਹਰ ਪੰਡਿਤ ਜਵਾਹਰ ਲਾਲ ਨਹੂਰ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਸੁਸ਼ੋਭਤ ਕਰਦਿਆਂ, ਮੁਲਕ ਨੂੰ ਇੱਕ ਧਰਮ-ਨਿਰਪੱਖ, ਜਮਹੂਰੀ, ਸਮਾਜਵਾਦੀ ਅਤੇ ਸਾਮਰਾਜੀ ਧੜਿਆਂ ਤੋਂ ਨਿਰਲੇਪ ਮੁਲਕ ਐਲਾਨਣ ਦੀ ਚਾਲ ਚੱਲੀ ਗਈ ਤਾਂ ਕਿ ਮੁਲਕ ਦੇ ਹਾਕਮ ਜਮਾਤੀ ਰਾਜਭਾਗ ਵਿੱਚ ਹਿੰਦੂ ਫਿਰਕਾਪ੍ਰਸਤ ਲੱਛਣ 'ਤੇ ਪਰਦਾਪੋਸ਼ੀ ਕੀਤੀ ਜਾਵੇ, ਲੋਕ ਮਨਾਂ ਵਿੱਚ ਮੁਲਕ ਅੰਦਰ ਇੱਕ ਖਰੇ ਧਰਮ-ਨਿਰਲੇਪ, ਜਮਹੂਰੀ, ਸਮਾਜਵਾਦੀ ਅਤੇ ਸਾਮਰਾਜੀ ਗੁੱਟ ਨਿਰਲੇਪ ਰਾਜਭਾਗ ਦੀ ਸਥਾਪਨਾ ਦੀ ਤਾਂਘ 'ਤੇ ਠੰਢਾ ਛਿੜਕਿਆ ਜਾਵੇ ਅਤੇ ਖਰੇ ਕੌਮੀ ਮੁਕਤੀ ਇਨਕਲਾਬ ਲਈ ਜੂਝ ਰਹੀਆਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਅਤੇ ਦੇਸ਼ਭਗਤ ਤਾਕਤਾਂ ਨੂੰ ਠਿੱਬੀ ਲਾਈ ਜਾਵੇ। 
ਅੰਗਰੇਜ਼ ਸਾਮਰਾਜੀਆਂ ਅਤੇ ਭਾਰਤ ਦੇ ਦਲਾਲ ਹਾਕਮਾਂ ਵੱਲੋਂ ਚੱਲੀਆਂ ਗਈਆਂ ਉਪਰੋਕਤ ਦੋਵੇਂ ਚਾਲਾਂ ਮਿਥੇ ਉਦੇਸ਼ਾਂ ਨੂੰ ਹਾਸਲ ਕਰਨ ਵਿੱਚ ਪੁਰੀ ਤਰ੍ਹਾਂ ਸਫਲ ਨਿੱਬੜੀਆਂ। ਜਿੱਥੇ ਮੁਲਕ ਦੀਆਂ ਸਭ ਤੋਂ ਵੱਧ ਵਿਕਸਤ ਪੰਜਾਬੀ ਕੌਮ ਅਤੇ ਬੰਗਲਾ ਕੌਮ ਨੂੰ ਵੰਡ ਕੇ ਭਾਰਤੀ ਲੋਕਾਂ ਦੀ ਦੇਸ਼ਭਗਤ ਏਕਤਾ ਨੂੰ ਖੰਡਿਤ ਕਰਨ, ਆਪਸੀ ਭਰਾਮਾਰ ਦੰਗੇ-ਫਸਾਦਾਂ ਦੇ ਰਾਹ ਧੱਕਣ, ਕੌਮੀ ਮੁਕਤੀ ਇਨਕਲਾਬ ਦੀਆਂ ਝੰਡਾਬਰਦਾਰ ਤਾਕਤਾਂ ਨੂੰ ਠਿੱਬੀ ਲਾਉਣ ਅਤੇ ਮੁਲਕ ਦੇ ਇਨਕਲਾਬ ਨੂੰ ਇਹਨਾਂ ਦੋ ਕੌਮਾਂ ਦੇ ਸਿਰਕੱਢ ਤੇ ਮੋਹਰੀ ਰੋਲ ਤੋਂ ਵਾਂਝਾ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਉੱਥੇ ਰਾਜ ਦੇ ਹਿੰਦੂ ਫਿਰਕਾਪ੍ਰਸਤ ਚਿਹਰੇ 'ਤੇ ਪਰਦਾਪੋਸ਼ੀ ਕਰਦਿਆਂ, ਇਸ ਨੂੰ ਇੱਕ ਖਰੇ ਧਰਮ-ਨਿਰਲੇਪ, ਜਮਹੂਰੀ, ਸਮਾਜਵਾਦੀ ਅਤੇ ਗੁੱਟ ਨਿਰਲੇਪ ਮੁਲਕ ਵਜੋਂ ਉਭਾਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਗਈ। 
ਇੰਡੀਅਨ ਨੈਸ਼ਨਲ ਕਾਂਗਰਸ- ਚੁਣੌਤੀ ਰਹਿਤ ਪੁਜੀਸ਼ਨ
15 ਅਗਸਤ 1947 ਨੂੰ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਸੱਤਾ ਕਾਂਗਰਸ ਪਾਰਟੀ ਨੂੰ ਸੌਂਪੀ ਗਈ। ਹਾਕਮ ਜਮਾਤਾਂ ਨੇ ਕਾਂਗਰਸ ਨੂੰ ਨਾ ਸਿਰਫ ਮੁਲਕ ਨੂੰ ਬਰਤਾਨਵੀ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਲਈ ਲੜੀ ਗਈ ਲੜਾਈ ਦੀ ਰਹਿਨੁਮਾ ਪਾਰਟੀ ਵਜੋਂ ਉਭਾਰਿਆ ਗਿਆ, ਸਗੋਂ ਇਉਂ ਪੇਸ਼ ਕੀਤਾ ਗਿਆ ਕਿ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਅਤੇ ਕਾਂਗਰਸ ਪਾਰਟੀ ਦਾ ਇਤਿਹਾਸ ਇੱਕ ਦੂਜੇ ਨਾਲ ਇਉਂ ਗੁੰਦੇ ਹੋਏ ਹਨ ਕਿ ਇਹਨਾਂ ਨੂੰ ਇੱਕ ਦੂਜੇ ਨਾਲੋਂ ਵੱਖਰਾ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। 1952 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਤਕਰੀਬਨ ਹੂੰਝਾਫੇਰੂ ਜਿੱਤ ਹਾਸਲ ਕੀਤੀ ਗਈ। ਆਰ.ਐਸ.ਐਸ. ਦੇ ਸਿਆਸੀ ਫੱਟੇ ਭਾਰਤੀ ਜਨਸੰਘ ਵੱਲੋਂ ਸਿਰਫ 3 ਸੀਟਾਂ ਜਿੱਤੀਆਂ ਗਈਆਂ। ਭਾਰਤੀ ਕਮਿਊਨਿਸਟ ਪਾਰਟੀ ਪ੍ਰਮੁੱਖ ਵਿਰੋਧੀ ਪਾਰਟੀ ਵਜੋਂ ਸਾਹਮਣੇ ਆਈ। 
ਜਾਗੀਰਦਾਰੀ ਦੀਆਂ ਸਮਾਜਿਕ ਥੰਮ੍ਹੀਆਂ 'ਤੇ ਟਿਕਿਆ ਹੋਇਆ ਹੋਣ ਕਰਕੇ ਅਤੇ ਹਿੰਦੂ ਫਿਰਕੂ ਰਾਜ ਹੋਣ ਕਰਕੇ ਇਹ ਧਾਰਮਿਕ ਘੱਟ-ਗਿਣਤੀਆਂ ਪ੍ਰਤੀ ਪੱਖਪਾਤੀ ਅਤੇ ਵਿਤਕਰੇਬਾਜ਼ ਰਵੱਈਆ ਰੱਖਦਾ ਸੀ। ਇਸੇ ਤਰ੍ਹਾਂ  ਹਿੰਦੂ ਧਾਰਮਿਕ ਬਹੁਗਿਣਤੀ (ਜਾਣੀ ਅਖੌਤੀ ਹਿੰਦੂ ਰਾਸ਼ਟਰ/ਕੌਮ) ਦੇ ਆਧਾਰ 'ਤੇ ਸੰਕਲਪਿਆ ਅਤੇ ਤਰਾਸ਼ਿਆ ਗਿਆ ਹੋਣ ਕਰਕੇ ਮੁਲਕ ਅੰਦਰ ਵਿਚਰਦੀਆਂ ਵਿਕਸਤ, ਅਰਧ-ਵਿਕਸਤ ਅਤੇ ਘੱਟ-ਵਿਕਸਤ ਕੌਮਾਂ ਅਤੇ ਕਬੀਲਿਆਂ ਦੀ ਹੋਂਦ ਨਾਲ ਟਕਰਾਉਂਦਾ ਸੀ ਅਤੇ ਉਹਨਾਂ ਦੀ ਖੁਦਮੁਖਤਿਆਰ ਹੋਂਦ ਜਤਲਾਈ ਦਾ ਕੱਟੜ ਦੁਸ਼ਮਣ ਸੀ। ਪਰ ਧਾਰਮਿਕ ਘੱਟ ਗਿਣਤੀ ਨੂੰ ਜਮਹੂਰੀ ਹੱਕ ਜਤਲਾਈ ਲਈ ਸੰਘਰਸ਼ ਦੇ ਰਾਹ ਪੈਣ ਅਤੇ ਖਰੀਆਂ ਇਨਕਲਾਬੀ ਤਾਕਤਾਂ ਦੀ ਅਗਵਾਈ ਹੇਠ ਜਾਣ ਤੋਂ ਰੋਕਣ ਵਾਸਤੇ ਉਹਨਾਂ ਨੂੰ ਪਤਿਆਉਣ ਦਾ ਪੈਂਤੜਾ ਅਖਤਿਆਰ ਕਰਦਿਆਂ, ਰਾਜ ਨੂੰ ਇੱਕ ਧਰਮ-ਨਿਰਪੱਖ ਰਾਜ ਵਜੋਂ ਐਲਾਨ ਕਰ ਦਿੱਤਾ ਗਿਆ। ਜਿਸਦਾ ਮਤਲਬ ਹੈ ਕਿ ਰਾਜ ਆਪਣੇ ਧਾਰਮਿਕ ਵਰਤ-ਵਿਹਾਰ ਮੌਕੇ ਸਭਨਾਂ ਧਰਮਾਂ ਦਾ ਬਰਾਬਰ ਸਤਿਕਾਰ ਕਰੇਗਾ ਅਤੇ ਧਾਰਮਿਕ ਘੱਟ ਗਿਣਤੀਆਂ ਨਾਲ ਬਹੁਗਿਣਤੀ ਦੇ ਹਿੰਦੂ ਧਰਮ ਦਰਮਿਆਨ ਕੋਈ ਵਿਤਕਰੇਬਾਜ਼ੀ  ਰੱਖ ਕੇ ਨਹੀਂ ਚੱਲੇਗਾ। ਇਸ ਤਰ੍ਹਾਂ, ਰਾਜ ਅਤੇ ਧਰਮ ਨੂੰ ਵੱਖ ਕਰਦਿਆਂ ਅਤੇ ਨਿਖੇੜਦਿਆਂ, ਧਰਮ ਨੂੰ ਨਿਰੋਲ ਵਿਅਕਤੀਗਤ ਮਾਮਲਾ ਕਰਾਰ ਦੇਣ ਦੀ ਬਜਾਇ, ਇਸ ਨੂੰ ਰਾਜ ਦੇ ਸਰੋਕਾਰ ਦਾ ਮਾਮਲਾ ਬਣਾ ਦਿੱਤਾ ਗਿਆ। ਤੱਤ ਰੂਪ ਵਿੱਚ ਰਾਜ ਅਤੇ ਧਰਮ ਨੂੰ ਇੱਕ ਦੂਜੇ ਨਾਲੋਂ ਵੱਖ ਕੀਤਾ ਹੀ ਨਹੀਂ ਗਿਆ। ਇੱਕ ਤਰ੍ਹਾਂ ਰਾਜ ਨੂੰ ਸਰਬ ਧਰਮ ਸਰਪ੍ਰਸਤ ਥਾਪ ਦਿੱਤਾ ਗਿਆ। ਰਾਜ ਅਤੇ ਇਸਦੇ ਸਿਆਸੀ ਕਰਤਿਆਂ-ਧਰਤਿਆਂ ਦੀ ਅਰਧ ਜਾਗੀਰੂ ਖਸਲਤ ਹੀ ਇਹ ਤਹਿ ਕਰ ਦਿੰਦੀ ਹੈ ਕਿ ਸਿਰੇ ਦੇ ਗੈਰ ਜਮਹੂਰੀ ਅਤੇ ਧੱਕੜ ਕਿਰਦਾਰ ਅਤੇ ਵਿਹਾਰ ਦੇ ਮਾਲਕ ਹਨ। ਕਹਿਣ ਨੂੰ ਉਹ ਸਭਨਾਂ ਧਰਮਾਂ ਨੂੰ ਇੱਕੋ ਅੱਖ ਨਾਲ ਦੇਖਦੇ ਹਨ, ਪਰ ਹਿੰਦੂ ਫਿਰਕੂ ਬਹੁਗਿਣਤੀਵਾਦ ਦੇ ਆਧਾਰ 'ਤੇ ਟਿਕਿਆ ਹੋਇਆ ਹੋਣ ਕਰਕੇ ਉਹ ਧਾਰਮਿਕ ਘੱਟ ਗਿਣਤੀਆਂ ਵੱਲ ਭੈਂਗੀ ਨਜ਼ਰੇ ਦੇਖਦੇ ਹਨ ਅਤੇ ਉਹਨਾਂ ਪ੍ਰਤੀ ਫਿਰਕੂ ਤੁਅੱਸਬੀ ਅਤੇ ਪੱਖਪਾਤੀ ਰਵੱਈਆ ਅਖਤਿਆਰ ਕਰਕੇ ਚੱਲਦੇ ਹਨ। ਇਸਦੇ ਉਲਟ ਹਿੰਦੂ ਬਹੁਗਿਣਤੀ ਨੂੰ ਸਵੱਲੀ ਨਜ਼ਰ ਨਾਲ ਦੇਖਦੇ ਅਤੇ ਉਸਦਾ ਪੱਖ ਪੂਰਦੇ ਹਨ। ਧਾਰਮਿਕ ਘੱਟ ਗਿਣਤੀਆਂ ਅਤੇ ਹੋਰਨਾਂ ਘੱਟ ਗਿਣਤੀਆਂ ਵੱਲ ਤੁਅੱਸਬੀ ਅਤੇ ਪੱਖਪਾਤੀ ਪਹੁੰਚ ਅਤੇ ਰਵੱਈਏ ਦੇ ਮਾਲਕ ਹੋਣ ਦੇ ਬਾਵਜੂਦ ਭਾਰਤੀ ਹਾਕਮਾਂ ਵੱਲੋਂ ਸਭਨਾਂ ਧਰਮਾਂ ਨੂੰ ਬਰਾਬਰ ਦਰਜਾ ਅਤੇ ਵਜ਼ਨ ਦੇਣ ਦਾ ਨਾਟਕ ਰਚਿਆ ਗਿਆ। ਤਕਰੀਬਨ ਸੱਤਰਵਿਆਂ ਦੇ ਅੱਧ ਤੱਕ ਇਹ ਨਾਟਕ ਸਫਲਤਾ ਨਾਲ ਖੇਡਿਆ ਗਿਆ। 
ਸੱਠਵਿਆਂ ਦੇ ਦੂਜੇ ਅੱਧ ਤੋਂ ਲੈ ਕੇ ਅੱਸਵਿਆਂ ਦੇ ਅੰਤ ਤੱਕ ਦਾ ਅਰਸਾ ਹਾਕਮ ਜਮਾਤੀ ਆਰਥਿਕ ਅਤੇ ਪਾਰਲੀਮਾਨੀ ਸਿਆਸੀ ਖੇਤਰ ਦਾ ਇੱਕ ਸੰਗਰਾਂਦੀ ਦੌਰ ਸੀ। ਇਸ ਦੌਰ ਵਿੱਚ ਜਿੱਥੇ ਸਾਮਰਾਜੀ ਨਵ-ਬਸਤੀਆਨਾ ਦੌਰ ਦੇ ਆਰਥਿਕ ਸੰਕਟ ਦਾ ਉਹ ਗੇੜ ਸ਼ੁਰੂ ਹੋਇਆ ਸੀ, ਜਿਸ 'ਚੋਂ ਨਿਕਲਣ ਲਈ ਦੋ ਸਾਮਰਾਜੀ ਦਿਓ ਤਾਕਤਾਂ (ਅਮਰੀਕਣ ਸਾਮਰਾਜ ਅਤੇ ਸੋਵੀਅਤ ਸਮਾਜਿਕ ਸਾਮਰਾਜ) ਦੀ ਅਗਵਾਈ ਹੇਠਲੇ ਦੋ ਸਾਮਰਾਜੀ ਧੜਿਆਂ ਦਰਮਿਆਨ ਸੰਸਾਰ ਗਲਬੇ ਲਈ ਭੇੜ ਵੀ ਬੇਹੱਦ ਤਿੱਖਾ ਹੋ ਗਿਆ ਸੀ। ਸਿੱਟੇ ਵਜੋਂ ਦੋਵਾਂ ਸਾਮਰਾਜੀ ਤਾਕਤਾਂ, ਵਿਸ਼ੇਸ਼ ਕਰੇਕ ਦੋਵਾਂ ਸਾਮਰਾਜੀ ਦਿਓ ਤਾਕਤਾਂ ਵੱਲੋਂ ਆਪਣੇ ਸੰਕਟ ਦਾ ਭਾਰ ਭਾਰਤੀ ਲੋਕਾਂ ਉੱਪਰ ਲੱਦਣ ਲਈ ਮੁਲਕ ਦੀ ਆਰਥਿਕ-ਸਿਆਸੀ ਚਾਲ-ਢਾਲ ਨੂੰ ਆਪਣੇ ਹਿੱਤਾਂ ਅਨੁਸਾਰ ਢਾਲਣ ਵਾਸਤੇ ਤਿਖੀ ਹੋਈ ਕਸ਼ਮਕਸ਼ ਨੇ ਨਾ ਸਿਰਫ ਪਹਿਲੋਂ ਹੀ ਬੇਮਿਆਦੀ ਆਰਥਿਕ ਸੰਕਟ, ਵਿਸ਼ੇਸ਼ ਕਰਕੇ ਜ਼ਰੱਈ ਸੰਕਟ ਨੂੰ ਹੋਰ ਤਿੱਖਾ ਕਰਨਾ ਸ਼ੁਰੂ ਕਰ ਦਿੱਤਾ ਸੀ, ਉੱਥੇ ਮੁਲਕ ਦੀ ਆਰਥਿਕ ਲੁੱਟ-ਖੋਹ 'ਚੋਂ ਵੱਧ ਤੋਂ ਵੱਧ ਹਿੱਸਾ-ਪੱਤੀ ਹਥਿਆਉਣ ਲਈ ਹਾਕਮ ਜਮਾਤੀ ਧੜਿਆਂ ਅੰਦਰ ਕੁੱਕੜ-ਖੋਹ ਦੇ ਵਰਤਾਰੇ ਨੇ ਵੀ ਨਵਾਂ ਵੇਗ ਫੜ ਲਿਆ ਸੀ। ਸਿੱਟੇ ਵਜੋਂ ਜਿੱਥੇ 1947 ਤੋਂ ਬਾਅਦ ਮੁਲਕ ਦੇ ਰਾਜਭਾਗ ਨੂੰ ਚੁਣੌਤੀ ਰਹਿਤ ਕਰਤਾ ਧਰਤਾ ਬਣੀ ਆ ਰਹੀ ਕਾਂਗਰਸ ਅੰਦਰ ਸ਼ੁਰੂ ਹੋਈ ਧੜੇਬੰਦਕ ਲੜਾਈ ਦੁਫਾੜ ਦੀ ਸ਼ਕਲ ਅਖਤਿਆਰ ਕਰ ਗਈ, ਉੱਥੇ ਕਾਂਗਰਸ ਦੀ ਛਤਰੀ ਹੇਠ ਆਰਥਿਕ ਲੁੱਟ ਦੇ ਗੱਫੇ ਛਕਦੇ ਅਤੇ ਸਿਆਸੀ ਹਿੱਸਾ-ਪੱਤੀ 'ਤੇ ਪਲਦੇ ਹਾਕਮ ਮੁਕਾਬਲਤਨ ਛੋਟੇ ਹਾਕਮ ਜਮਾਤੀ ਧੜਿਆਂ ਵੱਲੋਂ ਸੂਬਾਈ ਹਕੂਮਤਾਂ 'ਤੇ ਕਾਬਜ਼ ਹੋਣ ਲਈ ਵੱਖ ਵੱਖ ਖਿੱਤਿਆਂ/ਸੂਬਿਆਂ ਵਿਚਲੀਆਂ ਕੌਮੀਅਤਾਂ ਅਤੇ ਕਬੀਲਿਆਂ ਦਰਮਿਆਨ ਅਣਸਾਵੇਂ ਆਰਥਿਕ ਵਿਕਾਸ ਵਿੱਚੋਂ ਖੜ੍ਹੇ ਹੋਏ ਮੁੱਦਿਆਂ ਅਤੇ ਲੋਕਾਂ ਦੀਆਂ ਆਸਾਂ-ਉਮੰਗਾਂ ਨੂੰ ਦੰਭੀ ਤੇ ਭਰਮਾਊ-ਲੁਭਾਊ ਹੁੰਗਾਰਾ ਦਿੰਦਿਆਂ ਖੇਤਰੀ ਸਿਆਸੀ ਪਾਰਟੀਆਂ ਦੇ ਜੁਗਾੜ ਉਸਾਰਨ ਲਈ ਜ਼ੋਰ ਲਾਇਆ ਗਿਆ। ਸਿਟੇ ਵਜੋਂ ਮੁਲਕ ਦੇ ਬਹੁਤ ਸਾਰੇ ਸੂਬਿਆਂ ਵਿੱਚ ਪਹਿਲੋਂ ਮੌਜੂਦ ਖੇਤਰੀ ਪਾਰਟੀਆਂ ਦੇ ਜ਼ੋਰ ਫੜਨ ਅਤੇ ਨਵੀਂਆਂ ਖੇਤਰੀ ਪਾਰਟੀਆਂ ਦੇ ਹੋਂਦ ਵਿੱਚ ਆਉਣ ਦਾ ਵਰਤਾਰਾ ਉੱਭਰ ਕੇ ਸਾਹਮਣੇ ਆਇਆ। 
ਇਸ ਸੰਗਰਾਂਦੀ ਗੇੜ ਵਿੱਚ ਗ੍ਰਸੀ ਇੰਦਰਾ ਗਾਂਧੀ ਵੱਲੋਂ ''ਗਰੀਬੀ ਹਟਾਓ'', ''ਬੈਂਕਾਂ ਦੇ ਕੌਮੀਕਰਨ'', ''ਰਾਜਿਆਂ ਦੇ ਭੱਤੇ ਬੰਦ ਕਰਨ'' ਆਦਿ ਵਰਗੇ ਲੋਕ-ਲੁਭਾਊ ਨਾਹਰਿਆਂ ਅਤੇ ਕਦਮਾਂ ਨਾਲ ਦੁਫਾੜ ਹੋਈ ਕਾਂਗਰਸ ਨੂੰ ਮੁੜ ਪੈਰਾਂ 'ਤੇ ਕਰਦਿਆਂ, 1971 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਪਾਰਟੀ ਵਜੋਂ ਕੇਂਦਰੀ ਹਕੂਮਤ 'ਤੇ ਕਬਜ਼ਾ ਕਰ ਲਿਆ ਗਿਆ। ਇਸ ਪਿੱਛੋਂ ਅਮਰੀਕੀ ਸਾਮਰਾਜੀ ਦਿਓ ਤਾਕਤ ਅਤੇ ਉਸਦੀ ਅਗਵਾਈ ਹੇਠਲੇ ਧੜੇ ਵੱਲ ਝੁਕਾਅ ਰੱਖਦੀਆਂ ਹਾਕਮ ਜਮਾਤੀ ਸਿਆਸੀ ਜੁੰਡਲੀ ਵੱਲੋਂ ਜੈ ਪ੍ਰਕਾਸ਼ ਨਰਾਇਣ ਨੂੰ ਮੂਹਰੇ ਲਾਉਂਦਿਆਂ, ਇੰਦਰਾ ਹਕੂਮਤ ਖਿਲਾਫ ''ਸੰਪੂਰਨ ਕਰਾਂਤੀ'' ਦੇ ਦੰਭੀ ਨਾਹਰੇ ਹੇਠ ਦੇਸ਼ ਵਿਆਪੀ ਅੰਦੋਲਨ ਛੇੜ ਦਿੱਤਾ ਗਿਆ। ਹਿੰਦੂਤਵੀ ਫਿਰਕੂ-ਫਾਸ਼ੀ ਜਥੇਬੰਦੀ ਆਰ.ਐਸ.ਐਸ. ਅਤੇ ਉਸਦੀਆਂ ਛਤਰੀ ਹੇਠਲੀਆਂ ਸਭਨਾਂ ਫਿਰਕੂ ਫਾਂਕਾਂ/ਜਥੇਬੰਦੀਆਂ (ਜਨਸੰਘ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ) ਵੱਲੋਂ ਇਸ ਅੰਦੋਲਨ ਨੂੰ ਰੀੜ ਦੀ ਹੱਡੀ ਮੁਹੱਈਆ ਕੀਤੀ ਗਈ। ਅਲਾਹਾਬਾਦ ਹਾਈਕੋਰਟ ਵੱਲੋਂ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ  ਚੋਣ ਨੂੰ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਜਦੋਂ ਇੰਦਰਾ ਹਕੂਮਤ ਵੱਲੋਂ ਮੁਲਕ 'ਤੇ ਐਮਰਜੈਂਸੀ ਮੜ੍ਹਦਿਆਂ, ਸੰਵਿਧਾਨ ਨੂੰ ਮੁਅੱਤਲ ਕਰ ਦਿੱਤਾ ਗਿਆ ਤਾਂ ਇਹ ਮੌਕਾ ਜੈ ਪ੍ਰਕਾਸ਼ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਅਮਰੀਕੀ ਸਾਮਰਾਜ ਵੱਲ ਝੁਕਾਅ ਰੱਖਦੀਆਂ ਹਾਕਮ ਜਮਾਤੀ ਸਿਆਸੀ ਟੋਲਿਆਂ, ਵਿਸ਼ੇਸ਼ ਕਰਕੇ ਫਿਰਕੂ-ਫਾਸੀ ਸੰਘ ਲਾਣੇ ਲਈ ਆਪਣੇ ਫਿਰਕੂ ਲਿਬਾਸ 'ਤੇ ਸੰਵਿਧਾਨ, ਜਮਹੁਰੀਅਤ ਅਤੇ ਸਹਿਰੀ ਆਜ਼ਾਦੀਆਂ ਦੇ ਰਖਵਾਲੇ ਹੋਣ ਦੇ ਬੈਜ ਸਜਾਉਣ ਲਈ ਇੱਕ ਨਿਆਮਤੀ ਮੌਕਾ ਬਣ ਕੇ ਬਹੁੜਿਆ (ਇਸ ਮੌਕੇ ਨੂੰ ਅੱਜ ਵੀ ਸੰਘ ਲਾਣੇ ਅਤੇ ਮੋਦੀ ਜੁੰਡਲੀ ਵੱਲੋਂ ਕਾਂਗਰਸ ਨੂੰ ਭੰਡਣ ਅਤੇ ਆਪਣੇ ਆਪ ਨੂੰ ਜਮਹੂਰੀਅਤ ਦੇ ਅਲੰਬਰਦਾਰਾਂ ਵਜੋਂ ਪੇਸ਼ ਕਰਨ ਲਈ ਬਾਖੂਬੀ ਵਰਤਿਆ ਜਾਂਦਾ ਹੈ।) ਸਾਮਰਾਜੀਆਂ ਅਤੇ ਦਲਾਲ ਕਾਰਪੋਰੇਟਾਂ ਅਤੇ ਮੁਲਕ ਅੰਦਰ ਬਣ ਰਹੀ ਧਮਾਕਾਖੇਜ਼ ਬਾਹਰਮੁਖੀ ਹਾਲਤ ਦੇ ਦਬਾਓ ਹੇਠ ਇੰਦਰਾ ਹਕੂਮਤ ਵੱਲੋਂ 1977 ਵਿੱਚ ਪਾਰਲੀਮਾਨੀ ਚੋਣਾਂ ਕਰਵਾਉਣ ਲਈ ਮਜਬੂਰ ਹੋਣਾ ਪਿਆ। 
(....ਚੱਲਦਾ)

No comments:

Post a Comment