Thursday, 18 July 2019

ਨੌਜਵਾਨ ਜਥੇਬੰਦੀ ਦੀ ਉਸਾਰੀ ਵੱਲ ਸੁਲਾਹਯੋਗ ਉਪਰਾਲਾ

ਨੌਜਵਾਨ ਜਥੇਬੰਦੀ ਦੀ ਉਸਾਰੀ ਵੱਲ ਸੁਲਾਹਯੋਗ ਉਪਰਾਲਾ
ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਜ਼ਿਲ੍ਹਾ ਮੋਗਾ, ਫਿਰੋਜ਼ਪੁਰ ਜ਼ਿਲ੍ਹਾ ਕਮੇਟੀਆਂ ਨੇ ਸਾਂਝਾ ਉੱਦਮ ਕਰਕੇ 26 ਮਈ 2019 ਨੂੰ ਕਾਮਰੇਡ ਨਛੱਤਰ ਸਿੰਘ ਯਾਦਗਾਰ ਹਾਲ ਮੋਗਾ ਵਿਖੇ ਨੌਜਵਾਨਾਂ ਦਾ ਇਕੱਠਾ ਕੀਤਾ ਗਿਆ। ਕਨਵੈਨਸ਼ਨ ਦੀ ਸ਼ੁਰੂਆਤ ਲੋਕ ਗਾਇਕ ਨਵਦੀਪ ਧੌਲਾ ਨੇ ''ਜੂਝਦੇ ਉਹ ਉਰੇ ਜਾਂ ਪਰੇ ਹੋਣਗੇ, ਮੁੱਖ 'ਤੇ ਲਾਲੀ ਹੋਊ ਫੱਟ ਹਰੇ ਹੋਣਗੇ।'' ਨਾਲ ਕੀਤੀ ਗਈ। ਬਹੁਤ ਮਿਆਰੀ ਗੀਤਾਂ ਨਾਲ ਧੌਲਾ ਨੇ ਕਨਵੈਨਸ਼ਨ ਦੀ ਸ਼ੁਰੂਆਤ ਨੂੰ ''ਇਨਕਲਾਬੀ ਗੀਤਾਂ ਦੀ ਸਵੇਰ'' ਵਿੱਚ ਬਦਲ ਦਿੱਤਾ। ਭਰਵੇਂ ਨੌਜਵਾਨ ਇਕੱਠ ਨੂੰ ਸੰਬੋਧਤ ਹੁੰਦਿਆਂ ਅਤੇ ਸਟੇਜ ਸਕੱਤਰ ਨੇ ਕਿਹਾ ਅੱਜ ਦੋਵਾਂ ਜਥੇਬੰਦੀਆਂ ਨੇ ਇੱਕ ਗੰਭੀਰ ਉਪਰਾਲਾ ਕੀਤਾ ਹੈ ਕਿ ਨੌਜਵਾਨਾਂ ਨੂੰ ਜਥੇਬੰਦ ਕਰੀਏ। ਉਹਨਾਂ ਨੂੰ ਇਨਕਲਾਬੀ ਵਿਚਾਰਾਂ ਦੇ ਰੰਗ ਵਿੱਚ ਰੰਗੀਏ। ਉਹਨਾਂ ਦੀ ਵਿਹਲੇ ਰਹਿ ਕੇ ''ਨਜ਼ਾਰੇ'' ਲੈਣ ਦੀ ਨਾਂਹ-ਪੱਖੀ ਸੋਚ ਬਦਲੀਏ। ਉਹਨਾਂ ਨੂੰ ਦੱਸੀਏ ਕਿ ਨਜ਼ਾਰੇ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਰਾਹੀ ਬਣਗੇ, ਉਹਨਾਂ ਵਰਗੇ ਇਤਿਹਾਸਕ ਕਾਰਨਾਮੇ ਕਰਕੇ ਵੀ ਲਏ ਜਾਂਦੇ ਹਨ। ਉਹਨਾਂ ਕਿਹਾ ਅਸੀਂ ਇਸ ਕਨਵੈਨਸ਼ਨ ਦੀ ਤਿਆਰੀ ਦੌਰਾਨ ਨਸ਼ੇੜੀ, ਹੁੱਲੜਬਾਜ਼ ਅਤੇ ਗੈਂਗਾਂ ਬਣਾ ਲੜਨ ਵਾਲੇ ਨੌਜਵਾਨਾਂ ਨੂੰ ਨਾ ਲਿਆਉਣ ਦੀਆਂ ਹਦਾਇਤਾਂ ਕੀਤੀਆਂ ਸਨ। ਅਸੀਂ ਗੰਭੀਰ ਭਵਿੱਖ ਲਈ ਸੋਚਵਾਨ ਨੌਜਵਾਨਾਂ ਨੂੰ ਆਉਣ ਦਾ ਸੱਦਾ ਦਿੱਤਾ ਸੀ। ਸਾਡੀ ਥੋੜ੍ਹਚਿਰੀ ਮੁਹਿੰਮ ਤੋਂ ਬਾਅਦ ਅੱਜ ਹੋਇਆ ਭਰਵਾਂ ਇਕੱਠ ਸਾਨੂੰ ਹੌਸਲਾ ਦਿੰਦਾ ਹੈ ਕਿ ਅਸੀਂ ਜੋ ਭਵਿੱਖ ਵਿੱਚ ਨੌਜਵਾਨ ਜਥੇਬੰਦੀ ਉਸਾਰਨ ਦਾ ਸੁਪਨਾ ਲਿਆ ਹੈ, ਉਸਦੀ ਮਜਬੂਤ ਨੀਂਹ ਰੱਖੀ ਗਈ ਹੈ। ਉਹਨਾਂ ਆਏ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਨੂੰ ਜੀ ਆਇਆਂ ਕਿਹਾ ਅਤੇ ਨੌਜਵਾਨਾਂ ਦਾ 11 ਮੈਂਬਰੀ ਪ੍ਰਧਾਨਗੀ ਮੰਡਲ ਸਟੇਜ 'ਤੇ ਬੁਲਾਇਆ। ਇਹਨਾਂ ਨੌਜਵਾਨਾਂ ਵਿੱਚ ਇੱਕ ਲੜਕੀ ਵੀ ਸੀ। ਲੜਕੀ ਦਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣਾ ਹੋਰ ਵੀ ਉਤਸ਼ਾਹੀ ਪੱਖ ਸੀ, ਕਿਉਂਕਿ ਅਜੋਕੇ ਦੌਰ ਵਿੱਚ ਔਰਤਾਂ, ਖਾਸ ਕਰਕੇ ਨੌਜਵਾਨ ਕੁੜੀਆਂ ਨੂੰ ਕਦਮ-ਕਦਮ 'ਤੇ ਵੱਡੀਆਂ ਚੁਣੌਤੀਆਂ ਹਨ। 
ਉਸ ਉਪਰੰਤ ਸਟੇਜ 'ਤੇ ਕਨਵੈਨਸ਼ਨ ਦੇ ਬੁਲਾਰੇ ਬਲਵੰਤ ਮੱਖੂ ਅਤੇ ਐਸ.ਐਫ.ਐਸ. ਦੇ ਆਗੂ ਹਰਮਨਦੀਪ ਨੂੰ ਸੱਦਿਆ ਗਿਆ। ਸਟੂਡੈਂਟ ਫਾਰ ਸੁਸਾਇਟੀ ਦੀ ਆਗੂ ਕਨੂੰਪ੍ਰੀਆ ਨੇ ਆਉਣਾ ਸੀ, ਪਰ ਉਸਨੇ ਪੇਪਰ ਹੋਣ ਕਰਕੇ ਆਪਣੀ ਜਥੇਬੰਦੀ ਦੇ ਸੀਨੀਅਰ ਸਾਥੀ ਹਰਮਨਦੀਪ ਨੂੰ ਭੇਜਿਆ। ਪਹਿਲੇ ਬੁਲਾਰੇ ਵਜੋਂ ਹਰਮਨਦੀਪ ਨੇ ਦਿੱਤੇ ਵਿਸ਼ੇ ''ਮੌਜੂਦਾ ਸਥਿਤੀ ਅਤੇ ਨੌਜਵਾਨਾਂ ਦੇ ਫਰਜ਼'' 'ਤੇ ਕੁੰਜੀਵਤ ਭਾਸ਼ਣ ਦਿੱਤਾ ਜਿਸ ਦੇ ਮੁੱਖ ਪੱਖ ਇਹ ਸਨ:
ਉਸਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਨੌਜਵਾਨਾਂ ਵਿੱਚ, ਖਾਸ ਕਰਕੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੌਜਵਾਨਾਂ ਵਿੱਚ ਜਥੇਬੰਦੀਆਂ ਬਣਾਉਣ ਅਤੇ ਯਾਦਗਾਰੀ ਘੋਲ ਲੜਨ ਦੇ ਰੁਝਾਨ ਨੇ ਜ਼ੋਰ ਫੜਿਆ ਹੈ। ਉਹਨਾਂ ਕਿਹਾ ਕਿ ਇਸ ਕਾਰਨ ''ਜਬੈ ਬਾਣ ਲਾਗੇ, ਤਬੈ ਰੋਸ ਜਾਗੇ'' ਹੀ ਬਣਿਆ ਹੈ। ਮੋਦੀ ਹਕੂਮਤ ਨੇ ਯੋਜਨਾਬੱਧ ਤਰੀਕੇ ਨਾਲ ਵਿਦਿਆਕ ਸੰਸਥਾਵਾਂ ਦਾ ਭਗਵਾਂਕਰਨ ਕੀਤਾ ਹੈ। ਇੱਥੇ ਪੜ੍ਹਦੇ ਦਲਿੱਤਾਂ, ਆਮ ਵਿਦਿਆਰਥੀਆਂ, ਖੱਬੇ-ਪੱਖੀ ਅਤੇ ਇਨਕਲਾਬੀ ਜਮਹੂਰੀ ਸੋਝੀ ਸੱਖਣ ਵਾਲੇ ਨੌਜਵਾਨਾਂ ਨੂੰ ਭਗਵੇਂ ਬਰਗੇਡਾਂ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ, ਮੈਨੇਜਮੈਂਟ ਨੇ ਸਰਕਾਰੀ ਸ਼ਹਿ ਪ੍ਰਾਪਤ ਭਗਵੇਂ ਬਰਗੇਡਾਂ ਨੂੰ ਉਤਸ਼ਾਹਿਤ ਕੀਤਾ ਹੈ, ਸਿੱਟੇ ਵਜੋਂ ਵਿਰੋਧ ਲਹਿਰਾਂ ਉੱਠੀਆਂ। ਉਹਨਾਂ ਹੈਦਰਾਬਾਦ, ਜੇ.ਐਨ.ਯੂ. ਅਤੇ ਚੰਗੀਗੜ੍ਹ ਯੂਨੀਵਰਸਿਟੀ ਦੀ ਮਿਸਾਲ ਦਿੰਦੇ ਹੋਏ, ਕਿਹਾ ਕਿ ਇਹਨਾਂ ਸਾਰੇ ਥਾਵਾਂ 'ਤੇ ਸਾਂਝੀਆਂ ਜਾਨ ਹੂਲਵੀਆਂ ਲੜਾਈਆਂ ਰਾਹੀਂ ਵਿਦਿਆਰਥੀ ਦੋਖੀ ਤਾਕਤਾਂ ਨੂੰ ਮੂੰਹ ਦੀ ਖਾਣੀ ਪਈ ਹੈ। 
ਉਹਨਾਂ ਇੱਕ ਹੋਰ ਅਚੰਭਾਜਨਕ ਗੱਲ ਕਹੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜ਼ਿਆਦਾ ਬੱਚੇ ਪੰਜਾਬੀ ਹਨ। ਥੋੜ੍ਹੇ ਹੋਰ ਰਾਜਾਂ ਤੋਂ ਹਨ। ਪਰ ਵੇਖਣ ਵਿੱਚ ਆਇਆ ਹੈ ਕਿ ਤੜਕ-ਫੜਕ ਪੱਖੋਂ ਭਾਵੇਂ ਪੰਜਾਬੀ ਮੁੰਡੇ-ਕੁੜੀਆਂ ਵਾਧੂ ਹਨ ਪਰ ਰਾਜਨੀਤਕ ਸੋਝੀ ਪੱਖੋਂ ਪੰਜਾਬ ਦੇ ਮੁਕਾਬਲੇ ਘੱਟ ਵਿਕਸਤ ਰਾਜਾਂ ਦੇ ਮੁੰਡੇ ਕੁੜੀਆਂ ਪੰਜਾਬੀਆਂ ਤੋਂ ਕਿਤੇ ਅੱਗੇ ਹਨ। ਉਹਨਾਂ ਕਿਹਾ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਦੇ ਪੰਜਾਬ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਅੱਗੇ ਕਿਹਾ ਕਿ ਜਿਹੜਾ ਚੋਣਾਂ ਵਿੱਚ ਦੂਜਾ, ਤੀਜਾ ਬਦਲ ਦਾ ਸ਼ੋਰ-ਸ਼ਰਾਬਾ ਪਾਇਆ ਜਾ ਰਿਹਾ ਹੈ, ਇਹ ਬਿਲਕੁੱਲ ਫਜੂਲ ਹੈ। ਕੋਈ ਦੂਜਾ ਜਾਂ ਤੀਜਾ ਬਦਲ ਨਹੀਂ ਹੈ। ਬਦਲ ਇਨਕਲਾਬੀ ਰਾਜਨੀਤੀ ਅਤੇ ਇਨਕਲਾਬ ਹੀ ਹੈ। ਉਹਨਾਂ ਕਿਹਾ ਨੌਜਵਾਨ ਵਿਦਿਆਰਥੀ  ਲਹਿਰ ਨੂੰ ਮਜ਼ਦੂਰ-ਕਿਸਾਨ ਲਹਿਰ ਦੇ ਅਟੁੱਟ ਅੰਗ ਵਜੋਂ ਉਸਾਰਨਾ ਚਾਹੀਦਾ ਹੈ। ਇਹਨਾਂ ਵਿਚਕਾਰ ਜੱਦੋਜਹਿਦ ਦੀ ਸਾਂਝ ਉਸਾਰਨੀ ਚਾਹੀਦੀ ਹੈ। ਉਹਨਾਂ ਕਿਹਾ ਪੰਜਾਬ ਦੀ ਮਜ਼ਦੂਰ ਕਿਸਾਨ ਲਹਿਰ ਜ਼ਿਆਦਾਤਰ ਆਰਥਿਕ ਮੰਗਾਂ ਤੱਕ ਸੀਮਤ ਹੈ, ਇਸ ਨੂੰ ਇਨਕਲਾਬੀ ਦਿਸ਼ਾ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਜਗਤ ਦੀ ਲੁੱਟ ਸਿਰਫ ਦੇਸ਼ ਦੇ ਮਾਲ ਖਜ਼ਾਨਿਆਂ ਅਤੇ ਕਿਰਤ ਸ਼ਕਤੀ ਤੱਕ ਸੀਮਤ ਨਹੀਂ ਹੈ ਉਹਨਾਂ ਦਾ ਹੱਲਾ ਸਭਿਆਚਾਰ 'ਤੇ ਵੀ ਹੈ। ਸੋਚ 'ਤੇ ਵੀ ਹੈ। ਉਹਨਾਂ ਮਨੁੱਖ ਦੇ ਸੁਪਨੇ ਮਾਰ ਦਿੱਤੇ ਹਨ। ਸੋਚ ਬਦਲ ਦਿੱਤੀ ਹੈ। ਸਾਨੂੰ ਸੁਪਨੇ ਜਗਾਉਣੇ ਪੈਣਗੇ। ਵੱਡੇ ਵੱਡੇ ਸੁਪਨੇ। ਇਨਕਲਾਬ ਦੇ ਸੁਪਨੇ। ਭਗਤ ਸਿੰਘ ਦੇ ਸੁਪਨਿਆਂ ਦੇ ਰਾਜ ਦੇ ਸੁਪਨੇ। ਉਹਨਾਂ ਆਖਿਆ ਕਿ ਭਾਵੇਂ ਵੋਟਾਂ ਇੱਥੇ ਪੈਂਦੀਆਂ ਹਨ ਪਰ ਸਰਕਾਰ ਕਿਹੜੀ ਬਣੇ? ਨੀਤੀਆਂ ਕਿਹੜੀਆਂ ਲਾਗੂ ਹੋਣ ਅਤੇ ਇੱਥੋਂ ਤੱਕ ਕਿ ਕਿਹੜਾ ਮਹਿਕਮਾ ਕਿਹੜੇ ਮੰਤਰੀ ਨੂੰ ਦਿੱਤਾ ਜਾਵੇ, ਇਹ ਅੰਬਾਨੀ-ਅਡਾਨੀ ਅਤੇ ਅਮਰੀਕਾ ਤਹਿ ਕਰਦਾ ਹੈ। ਉਹਨਾਂ ਵੋਟਾਂ ਮੰਗਣ ਵਾਲਿਆਂ ਨੂੰ ਕਾਰਪੋਰੇਟ ਜਗਤ ਦੀਆਂ ਕਠਪੁਤਲੀਆਂ ਦੱਸਿਆ। ਉਹਨਾਂ ਕਿਹਾ ਜਿਹੜੇ ਅਖੌਤੀ ਅਜ਼ਾਦੀ ਤੋਂ ਪਹਿਲਾਂ ਰਜਵਾੜੇ ਸਨ, ਉਹਨਾਂ ਵਿੱਚੋਂ ਬਹੁਤੇ ਅੱਜ ਰਾਜਨੀਤੀ ਵਿੱਚ ਉੱਚ ਪਦਵੀਆਂ 'ਤੇ ਬਿਰਾਜਮਾਨ ਹਨ। 1947 ਵਿੱਚ ਆਜ਼ਾਦੀ ਨਹੀਂ ਆਈ, ਸੱਤਾ ਬਦਲੀ ਹੋਈ ਹੈ। ਉਹਨਾਂ ਆਪਣੇ ਲੰਮੇ, ਗੁੰਦਵੇਂ, ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਬਹੁਤ ਹੀ ਪਤੇ ਦੀਆਂ ਗੱਲਾਂ ਕਹਿ ਕੇ ਨੌਜਵਾਨ ਜਥੇਬੰਦੀ ਦੀ ਬੁੱਕਲ ਵਿੱਚ ਆਉਣ ਦਾ ਸੱਦਾ ਦਿੱਤਾ। 
ਦੂਸਰੇ ਬੁਲਾਰੇ ਬਲਵੰਤ ਮੱਖੂ ਨੇ ਜਿੱਥੇ ਆਪਣੇ ਲੰਮੇ ਇਨਕਲਾਬੀ ਜੀਵਨ ਦੇ ਤਜਰਬਿਆਂ ਦਾ ਨਿਚੋੜ ਸਾਂਝਾ ਕਰਦਿਆਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਮਨੁੱਖ ਹੋਣ ਦੇ ਅਰਥ ਸਮਾਜ ਨੂੰ ਸੋਹਣਾ ਬਣਾਉਣ ਲਈ ਇਨਕਲਾਬ ਲਈ ਕੰਮ ਕਰਨਾ ਹੈ। ਖਾਣਾ-ਪੀਣਾ, ਮਲ-ਮੂਤਰ ਕਰਨਾ ਅਤੇ ਬੱਚੇ ਪੈਦਾ ਕਰਨੇ, ਚਲੇ ਜਾਣਾ ਅਸਲੀ ਮਨੁੱਖ ਦਾ ਜੀਵਨ ਨਹੀਂ ਹੈ, ਅਜਿਹਾ ਤਾਂ ਪਸ਼ੂ-ਪੰਛੀ ਵੀ ਕਰਦੇ ਹਨ। ਉਹਨਾਂ ਕਿਹਾ ਵਿਚਾਰਧਾਰਕ, ਸਿਆਸੀ ਤੌਰ 'ਤੇ ਪਰਪੱਕ ਵਿਅਕਤੀ ਹੀ ਜ਼ਿੰਦਗੀ ਦੀਆਂ ਔਕੜਾਂ ਵਿੱਚ ਪੈਰ ਗੱਡ ਕੇ ਖੜ੍ਹ ਸਕਦਾ ਹੈ। ਖਿੜੇ ਮੱਥੇ ਸਰ ਸਕਦਾ ਹੈ। ਇਹ ਸੋਝੀ ਜਥੇਬੰਦੀ ਦੀ ਬੁੱਕਲ ਵਿੱਚ ਆ ਕੇ ਆਉਂਦੀ ਹੈ। ਉਹਨਾਂ ਬਾਹਰ ਨੂੰ ਦੌੜ ਰਹੀ ਜੁਆਨੀ ਦੀ ਮਾਨਸਿਕ ਪੀੜ ਅਤੇ ਪਿੱਛੇ ਰਹਿ ਜਾਂਦੇ ਮਾਪਿਆਂ ਦੇ ਫਿਕਰਾਂ, ਸੰਸਿਆਂ, ਹੌਕਿਆਂ ਅਤੇ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਅਸੀਂ ਜਿਹੜੇ ਪੰਜਾਬੀ ਧੀਆਂ ਨੂੰ ਇਕੱਲਿਆਂ ਬਾਹਰ ਨਹੀਂ ਤੋਰਦੇ, ਉਹ ਮਜਬੂਰੀ ਵੱਸ ਬਗਾਨੀ-ਧਰਤੀ 'ਤੇ ਸੱਤ ਸਮੁੰਦਰ ਪਾਰ ਬਿਗਾਨੇ ਲੋਕਾਂ ਵਿੱਚ ਭੇਜਦੇ ਹਾਂ, ਕਿਉਂਕਿ ਇੱਥੋਂ ਦਾ ਵਿਕਾਸ ਮਾਡਲ, ਕਾਰਪੋਰੇਟ ਜਗਤ ਦਾ ਸਿਰਜਿਆ ਵਿਕਾਸ ਮਾਡਲ ਹੈ, ਜੋ ਰੁਜ਼ਗਾਰ ਨਹੀਂ ਬੇਰੁਜ਼ਗਾਰੀ ਪੈਦਾ ਕਰਦਾ ਹੈ, ਇਹ ਬੇਰੁਜਗਾਰੀ ਦਾ ਦੈਂਤ ਪ੍ਰਵਾਸ ਨੂੰ ਜਨਮ ਦਿੰਦਾ ਹੈ। ਉਹਨਾਂ ਕਿਹਾ ਪ੍ਰਵਾਸ ਦੇ ਆਪਣੇ ਦਰਦ ਅਤੇ ਪੀੜਾ ਹਨ। ਉਹਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਓ ਇਸ ਧਰਤੀ ਨੂੰ ਜੀਉਣ ਲਾਇਕ ਬਣਾਈਏ। ਉਹਨਾਂ ਨੌਜਵਾਨਾਂ ਦੀ ਜਥੇਬੰਦੀ ਲਈ ਆਧਾਰਸ਼ਿਲਾ ਬਣਨ ਵਾਲੇ ਮਤੇ ਨੂੰ ਪੜ੍ਹਿਆ ਜੋ ਹਾਜ਼ਰ ਨੌਜਵਾਨਾਂ ਨੇ ਹੱਥ ਖੜ੍ਹੇ ਕਰਕੇ ਜੋਸ਼ੀਲੇ ਨਾਹਰੇ ਲਾ ਕੇ ਪਾਸ ਕੀਤਾ. ਨੌਜਵਾਨਾਂ ਦੀ 11 ਮੈਂਬਰੀ ਤਿਆਰੀ ਕਮੇਟੀ ਦੀ ਚੋਣ ਕੀਤੀ ਗਈ ਅਤੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਿਹਾੜੇ ਮੁੜ ਇਕੱਠੇ ਹੋਣ ਦਾ ਫੈਸਲਾ ਕੀਤਾ ਗਿਆ। ਉਦੋਂ ਤੱਕ ਹੇਠਲੀ ਪੱਧਰ 'ਤੇ ਪਿੰਡ ਇਕਾਈਆਂ ਬਣਾਉਣ ਦਾ ਐਲਾਨ ਕੀਤਾ ਗਿਆ। ਪੁਲਸ ਹਿਰਾਸਤ ਵਿੱਚ ਮਾਰੇ ਗਏ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਜੇਲ੍ਹ ਬੰਦ ਬੁੱਧੀਜੀਵੀਆਂ ਦੀ ਰਿਹਾਈ ਸਬੰਧੀ ਮਤੇ ਪਾਸੇ ਕੀਤੇ ਗਏ। ਲੋਕ ਸੰਗਰਾਮ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਨੇ ਕਨਵੈਨਸ਼ਨ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਕਨਵੈਨਸ਼ਨ ਸਫਲਤਾ ਪੂਰਵਕ ਸਮਾਪਤ ਹੋਈ।
------------------------
ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
-ਸੁਰਿੰਦਰਪਾਲ ਬੇਟੀ ਦੇ ਵਿਆਹ ਦੀ ਖੁਸ਼ੀ 'ਚ    5000
-ਗੁਰਮੀਤ ਲਾਲ ਬੇਟੇ ਦੇ ਵਿਆਹ ਦੀ ਖੁਸ਼ੀ 'ਚ    5000
-ਗੁਰਤੇਜ ਸਿੰਘ ਗਰੇਵਾਲ ਠੁਠਿਆਂਵਾਲੀ, 
 ਜ਼ਿਲ੍ਹਾ ਮਾਨਸਾ, ਦੇ ਪਰਿਵਾਰ ਵੱਲੋਂ 
 ਉਹਨਾਂ ਦੇ ਭੋਗ ਸਮਾਗਮ 'ਚ    2100
-ਨਿਰਮਲ ਸਿੰਘ     3000
-ਰਮਨਜੀਤ ਸੰਧੂ       500
-ਜਗਦੇਵ ਸਿੰਘ       500
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਪਾਠਕਾਂ ਦਾ ਧੰਨਵਾਦ ਕਰਦਾ ਹੈ)

No comments:

Post a Comment