Thursday, 18 July 2019

ਸ਼ੋਕ ਸਮਾਚਾਰ

ਅਲਵਿਦਾ! ਸਾਥੀ ਗਰੀਸ਼ ਅਲਵਿਦਾ!!
ਗਿਰੀਸ਼ ਕਰਨਾਡ 10 ਜੂਨ 2019 ਨੂੰ ਸਦੀਵੀ ਵਿਛੋੜ ਦੇ ਗਏ ਹਨ। ਉਹ ਬਹੁ-ਪੱਖੀ ਸਖਸ਼ੀਅਤ ਦੇ ਮਾਲਕ ਸਨ। ਉਹ ਅਦਾਕਾਰ, ਲੇਖਕ, ਜਮਹੂਰੀ ਹੱਕਾਂ ਦੇ ਨਿਧੜਕ ਘੁਲਾਟੀਏ, ਹਿੰਦੂਤਵ ਦੇ ਨਿੱਡਰ ਆਲੋਚਕ, ਚੋਟੀ ਦੇ ਬੁੱਧੀਜੀਵੀ ਸਨ। ਗੌਰੀ ਸੰਕੇਸ਼ ਦੇ ਕਤਲ ਤੋਂ ਬਾਅਦ ਉਹ ਹਿੰਦੂ ਦਹਿਸ਼ਤਗਰਦ ਗਰੋਹਾਂ ਦੀ ਹਿੱਟ ਲਿਸਟ ਉੱਤੇ ਸਭ ਤੋਂ ਉੱਪਰ ਸਨ। ਉਹਨਾਂ ਦੀਆਂ ਧਮਕੀਆਂ ਨੂੰ ਟਿੱਚ ਜਾਣਦਿਆਂ, ਉਹਨਾਂ ਨੇ ਹਜੂਮੀ ਕਤਲਾਂ ਵਿਰੁੱਧ ਆਵਾਜ਼ ਉਠਾਈ। ਉਹਨਾਂ ਬੁੱਧੀਜੀਵੀਆਂ ਦੀ ਜੁਬਾਨਬੰਦੀ ਵਿਰੁੱਧ ''ਮੈਂ ਵੀ ਨਕਸਲੀ ਹਾਂ'' ਦਾ ਬੈਨਰ ਉਠਾ ਕੇ ਬੁੱਧੀਜੀਵੀਆਂ ਦੀ ਅਗਵਾਈ ਕੀਤੀ। ਉਹ ਅਜਿਹੇ ਸਮੇਂ ਵਿਛੜੇ ਹਨ, ਜਦੋਂ ਉਹਨਾਂ ਵਰਗੀਆਂ ਸਖਸ਼ੀਅਤਾਂ ਨੂੰ ਬੁੱਧੀਜੀਵੀ ਫਰੰਟ ਉੱਤੇ ਬਹੁਤ ਜ਼ਰੂਰਤ ਸੀ। ਉਹਨਾਂ ਦੇ ਪਿਛੋੜੇ ਨਾਲ ਹਿੰਦੂਤਵੀ ਵਿਰੁੱਧ ਮੁਹਿੰਮ ਨੂੰ ਨਾ ਪੂਰਿਆਂ ਜਾਣ ਵਾਲਾ ਘਾਟਾ ਪਿਆ ਹੈ। ਅਦਾਰਾ ਸੁਰਖ਼ ਰੇਖਾ ਉਹਨਾਂ ਦੀ ਹਿੰਦੂਤਵ ਵਿਰੋਧੀ ਲੜਾਈ ਨੂੰ ਅੱਗੇ ਲਿਜਾਣ ਦਾ ਪ੍ਰਣ ਕਰਦਾ ਹੈ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਅਲਵਿਦਾ! ਸਾਥੀ ਗਰੀਸ਼ ਕਰਨਾਡ ਅਲਵਿਦਾ!! 
ਮਜ਼ਦੂਰ ਆਗੂ ਦਰਸ਼ਨ ਸਿੰਘ ਹੁਸਨਰ ਦਾ ਵਿਛੋੜਾ
ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਹੁਸਨਰ (ਜ਼ਿਲ੍ਹਾ ਮੁਕਤਸਰ) ਨੇ 19 ਜੂਨ 2019 ਨੂੰ ਅਖੀਰਲੀ ਮੀਟਿੰਗ ਮੀਮਸਾ ਜ਼ਿਲ੍ਹਾ ਸੰਗਰੂਰ ਦੇ ਮਜ਼ਦੂਰਾਂ ਹੱਕ ਵਿੱਚ ਕੀਤੀ। ਮਜ਼ਦੂਰ ਆਗੂ ਦੀ ਇਹ ਮੀਟਿੰਗ ਆਖਰੀ ਹੋ ਨਿੱਬੜੀ, ਉਹ ਆਪਣੇ ਸਵਾਸ ਸ਼ਾਮ 4 ਵਜੇ ਛੱਡ ਗਏ। ਅਗਲੇ ਦਿਨ ਉਹਨਾਂ ਦਾ ਸਸਕਾਰ ਕੀਤਾ ਗਿਆ। ਬਲਵਿੰਦਰ ਸਿੰਘ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨੇ ਉਹਨਾਂ ਉੱਪਰ ਜਥੇਬੰਦੀ ਦਾ ਝੰਡਾ ਪਾਇਆ ਅਤੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸ੍ਰੀ ਟਹਿਲ ਸਿੰਘ ਹੁਸਨਰ ਅਤੇ ਸਾਥੀ ਲਾਭ ਸਿੰਘ ਨੇ ਵੀ ਝੰਡਾ ਪਾਇਆ। ਸਸਕਾਰ ਸਮੇਂ ਉਸਦੀ ਜੀਵਨੀ 'ਤੇ ਚਾਨਣਾ ਪਾਇਆ ਗਿਆ। 28 ਜੂਨ ਨੂੰ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਵੇਲੇ, ਸੂਬਾ ਖਜ਼ਾਨਚੀ ਸੁਰਮੁਖ ਸਿੰਘ ਸੇਲਬਰਾਹ ਅਤੇ ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ ਹੁਸਨਰ ਨੇ ਸੰਬੋਧਨ ਕੀਤਾ। ਸਾਥੀ ਦਰਸ਼ਨ ਸਿੰਘ ਨੇ ਮਾਨਸਾ ਵਿਖੇ ਪਿਓਨਾ ਕੰਪਨੀ ਜੋ ਗੋਬਿੰਦਪੁਰਾ ਵਿਖੇ ਧੱਕੇ ਨਾਲ ਮਜ਼ਦੂਰਾਂ ਦੇ ਪਲਾਟ ਅਤੇ ਕਿਸਾਨਾਂ ਦੀ ਜ਼ਮੀਨ ਦੱਬਦੀ ਸੀ, ਜ਼ਮੀਨੀ ਘੋਲ ਵਿੱਚ ਡਟਵਾਂ ਹਿੱਸਾ ਪਾਇਆ ਸੀ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੇ ਪਲਾਟ ਛੁਡਾਊ ਘੋਲ ਵਿੱਚ ਸਰਗਰਮ ਸ਼ਮੂਲੀਅਤ ਕੀਤੀ ਸੀ। ਦਰਸ਼ਨ ਸਿੰਘ ਨੇ ਕਿਸਾਨ-ਮਜ਼ਦੂਰ ਮੰਗਾਂ 'ਤੇ ਹੋਏ ਅਨੇਕਾਂ ਮੁਜਾਹਰਿਆਂ ਅਤੇ ਰੈਲੀਆਂ ਵਿੱਚ ਹਿੱਸਾ ਲਿਆ।  ਕਿਸਾਨ ਤੇ ਮਜ਼ਦੂਰ ਜਥੇਬੰਦੀ ਦੇ ਆਗੂਆਂ ਵੱਲੋਂ ਸਾਥੀ ਦਰਸ਼ਨ ਸਿੰਘ ਹੁਸਨਰ ਦੇ ਪ੍ਰਵਾਰ ਦੇ ਦੁੱਖ ਵਿੱਚ ਸ਼ਰੀਕ ਹੋਇਆ ਗਿਆ। 
ਸ਼ੋਕ ਸਮਾਚਾਰ
—ਸਾਥੀ ਜਗਦੇਵ ਭੁਪਾਲ ਦੇ ਭਤੀਜੇ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਉਹ ਆਪਣੇ ਪਿੱਛੇ ਦੋ ਬੱਚੇ ਤੇ ਵਿਧਵਾ ਪਤਨੀ ਛੱਡ ਗਏ ਹਨ। ਨੌਜਵਾਨ ਮੁੰਡੇ ਦੀ ਮੌਤ ਭੁਪਾਲ ਪ੍ਰਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਹੈ। 
—ਸਾਥੀ ਤੀਰਥ ਰਾਮ ਰਸੂਲਪੁਰ (ਬੰਗਾ) ਦੀ ਮਾਤਾ  ਜੀ ਪ੍ਰਕਾਸ਼ੋ ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੇ ਘਰ ਅੰਦਰ ਆਏ ਸਾਥੀਆਂ ਦਾ ਖਿੜੇ ਮੱਥੇ ਸੁਆਗਤ ਕਰਦੀ ਰਹੀ। 
—ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਦੇ ਪਿਤਾ ਜੀ ਗੁਰਤੇਜ ਸਿੰਘ ਗਰੇਵਾਲ ਸਦੀਵੀ ਵਿਛੋੜੇ ਦੇ ਗਏ ਹਨ। ਉਹਨਾਂ ਦੇ ਦੋ ਪੁੱਤਰ ਬਲਰਾਜ ਸਿੰਘ ਅਤੇ ਦਲਜੀਤ ਸਿੰਘ ਸਮੇਤ ਪੂਰਾ ਪਰਿਵਾਰ ਇਨਕਲਾਬੀ ਲਹਿਰ ਦਾ ਸਮਰਥਕ ਹੈ। ਉਹਨਾਂ ਦੇ ਭੋਗ ਸਮਾਗਮ ਉੱਤੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਉਹ ਖੁਦ ਚੰਗੇ ਇਨਸਾਨ ਸਨ। ਪੈਪਸੂ ਮੁਜਾਰੇ ਲਹਿਰ ਦੇ ਸਮਰਥਕ ਸਨ। 87 ਸਾਲਾਂ ਦੀ ਉਮਰ ਵਿੱਚ ਵੀ ਉਹ ਖੋਜ ਕਾਰਜ ਵਿੱਚ ਰੁਝੇ ਹੋਏ ਸਨ। 
ਅਦਾਰਾ ਸੁਰਖ਼ ਰੇਖਾ ਵਿਛੜੇ ਸਾਥੀਆਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।
ਉੱਘੇ ਟਰੇਡ ਯੂਨੀਅਨ ਆਗੂ ਓਮ ਪ੍ਰਕਾਸ਼ ਨੂੰ ਇਨਕਲਾਬੀ ਸ਼ਰਧਾਂਜਲੀ
ਓਮ ਪ੍ਰਕਾਸ਼ ਬਿਜਲੀ ਕਾਮਿਆਂ ਦੀ ਜਥੇਬੰਦੀ ਟੀ.ਐਸ.ਯੂ. ਦਾ ਜ਼ੋਨ ਪ੍ਰਧਾਨ ਸੀ। ਉਹ ਇਨਕਲਾਬੀ ਗਰੁੱਪ ਮੱਖੂ ਦਾ ਸੂਬਾ ਕਨਵੀਨਰ ਸੀ। ਪਿਛਲੇ ਸਾਲ ਉਹ ਜਥੇਬੰਦੀ ਦੇ ਕੰਮਾਂਕਾਰਾਂ ਸਬੰਧੀ ਸਾਥੀਆਂ ਨੂੰ ਫੋਨ ਕਰਦਿਆਂ, ਅਜਿਹਾ ਸੁੱਤਾ ਕਿ ਮੁੜ ਨਾ ਉੱਠਿਆ। ਉਹਨਾਂ ਦੀ ਪਹਿਲੀ ਬਰਸੀ 'ਤੇ ਟੀ.ਐਸ.ਯੂ. ਸਰਕਲ ਬਠਿੰਡਾ ਨੇ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ ਜਥੇਬੰਦ ਕੀਤਾ। ਵੱਖ ਵੱਖ ਬੁਲਾਰਿਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਥੀ ਓਮ ਪ੍ਰਕਾਸ਼ ਨੇ ਬਿਜਲੀ ਮੁਲਾਜ਼ਮ ਲਹਿਰ ਨੂੰ ਇਨਕਲਾਬੀ ਜਮਹੂਰੀ ਦਿਸ਼ਾ ਦੇਣ ਲਈ ਜਥੇਬੰਦੀ ਦੇ ਅੰਦਰ ਵਿਚਾਰਾਂ ਦਾ ਅਣਥੱਕ, ਨਿਰੰਤਰ ਘੋਲ ਕੀਤਾ। ਉਹ ਕਿਸੇ ਅਹੁਦੇ ਦੇ ਲਾਲਚ ਵਿੱਚ ਗਰੁੱਪ ਬਦਲੀ ਕਰਨ ਵਾਲੇ ਫਿਰਵੇਂ ਲਾਟੂਆਂ ਵਿੱਚੋਂ ਨਹੀਂ ਸਨ। ਉਸਨੇ ਨਿਰ-ਸਵਾਰਥ ਬਿਜਲੀ ਕਾਮਿਆਂ ਦੀ ਜਥੇਬੰਦੀ ਦੀ ਅਗਵਾਈ ਕੀਤੀ। ਉਹਨਾਂ ਦੀ ਅਗਵਾਈ ਵਿੱਚ ਕਈ ਯਾਦਗਾਰੀ ਘੋਲ ਲੜੇ ਗਏ। ਐਸ.ਈ. ਦਿਓਲ ਅਤੇ ਬਿਜਲੀ ਮੰਤਰੀ ਮਲੂਕੇ ਵਿਰੋਧੀ ਘੋਲ ਵਿੱਚ ਉਹਨਾਂ ਨੂੰ ਲੰਬਾ ਸਮਾਂ ਜੇਲ੍ਹ ਬੰਦ ਰਹਿਣਾ ਪਿਆ। ਉਹਨਾਂ 'ਤੇ ਅੰਨ੍ਹਾਂ ਪੁਲਸ ਤਸ਼ੱਦਦ ਹੋਇਆ ਪਰ ਉਸ ਨੇ ਈਨ ਨਹੀਂ ਮੰਨੀ। ਇਹ ਘੋਲ ਪੰਜਾਬ ਭਰ ਵਿੱਚ ਚਰਚਿਤ ਹੋਇਆ ਅਤੇ ਅੱਜ ਵੀ ਇਸਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਇਸ ਘੋਲ ਨੇ ਸਾਥੀ ਓਮ ਪ੍ਰਕਾਸ਼ ਨੂੰ ਘੋਲਾਂ ਦੀ ਤਪਦੀ ਭੱਠੀ ਵਿੱਚ ਪਾ ਕੇ ਰਾੜ-ਤਪਾ ਕੇ ਕੱਢਿਆ। ਉਹ ਘੋਲਾਂ ਵਿੱਚ ਪਰਖਿਆ-ਪਰਤਿਆਇਆ ਟਰੇਡ ਯੂਨੀਅਨ ਆਗੂ ਸੀ। ਉਸਨੇ ਇਲਾਕੇ ਦੇ ਹਰ ਅਤੇ ਪੰਜਾਬ ਦੇ ਕਈ ਲੋਕ ਘੋਲਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਉਸਨੇ ਭ੍ਰਿਸ਼ਟਾਚਾਰ ਦਾ ਇੱਕ ਵੀ ਛਿੱਟਾ ਆਪਣੇ ਦਾਮਨ 'ਤੇ ਨਹੀਂ ਪੈਣ ਦਿੱਤਾ। ਉਹ ਲੋਕ ਸੰਗਰਾਮ ਮੰਚ ਪੰਜਾਬ ਦੇ ਪ੍ਰੋਗਰਾਮ ਵਿੱਚ ਸਾਥੀਆਂ ਸਮੇਤ ਪਹੁੰਚਦਾ ਰਿਹਾ। ਉਹ ਇਨਕਲਾਬੀ ਜਮਹੂਰੀ ਵਿਚਾਰਾਂ ਦੀ ਗੁੜ੍ਹਤੀ ਲੈ ਕੇ ਪ੍ਰਵਾਨ ਚੜ੍ਹਿਆ ਆਗੂ ਸੀ। ਉਹ ਉੱਭਰਦੀ ਹੋਈ ਇਨਕਲਾਬੀ ਜਮਹੂਰੀ ਸਖਸ਼ੀਅਤ ਸੀ। ਸੇਵਾ ਮੁਕਤੀ ਉਪਰੰਤ ਉਹਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ ਸੀ, ਪਰ ਉਹ ਹਾਰਟ ਅਟੈਕ ਨਾਲ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਆਗੂਆਂ ਨੇ ਕਿਹਾ ਕਿ ਓਮ ਪ੍ਰਕਾਸ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਅਰਥ ਉਸਦੇ ਸ਼ੁਰੂ ਕੀਤੇ ਕੰਮ ਜਾਰੀ ਰੱਖਣਾ ਹੈ। 
ਸਟੇਜ ਦੀ ਸ਼ੁਰੂਆਤ ਸਾਥੀ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ, ਯਾਦ ਵਿੱਚ ਝੰਡਾ ਨਿਵਾ ਕੇ ਕੀਤੀ ਗਈ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਪਾਲ ਸਿੰਘ, ਸੂਬਾ ਕਮੇਟੀ ਮੈਂਬਰ ਬਲਵੰਤ ਮੱਖੂ, ਲੋਕ ਸੰਗਰਾਮ ਮੰਚ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ, ਟੀ.ਐਸ.ਯੂ. ਦੇ ਆਗੂ ਨਾਇਬ ਸਿੰਘ ਸਰਕਲ ਪ੍ਰਦਾਨ ਬਠਿੰਡਾ, ਹਰਜੀਤ ਸਿੰਘ ਸਰਕਲ ਪ੍ਰਧਾਨ ਮੁਕਤਸਰ, ਸੂਬਾ ਆੂਗ ਜਸਬੀਰ ਪਾਤੜਾਂ ਤੋਂ ਇਲਾਵਾ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ 'ਤੇ ਓਮ ਪ੍ਰਕਾਸ਼ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਟੀਚਰ ਹੋਮ ਬਠਿੰਡਾ ਵਿੱਚ ਹੋਇਆ ਇਹ ਸਮਾਗਮ ਹਰ ਪੱਖੋਂ ਸਫਲ ਰਿਹਾ। 0-

No comments:

Post a Comment