Sunday, 21 July 2019

ਲੋਕ ਸਭਾ ਚੋਣਾਂ ਦਾ ਵਿਸ਼ਲੇਸ਼ਣ

ਲੋਕ ਸਭਾ ਚੋਣਾਂ ਦਾ ਵਿਸ਼ਲੇਸ਼ਣ
ਮੰਨੂਵਾਦੀ ਹਿੰਦੂਤਵੀ ਫਾਸ਼ੀਵਾਦ ਦੇ ਟਾਕਰੇ ਲਈ ਅੱਗੇ ਆਓ
-ਸੁਮੇਲ
17ਵੀਂ ਲੋਕ ਸਭਾ ਦੀਆਂ ਚੋਣਾਂ ਦੇ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੇ ਨਤੀਜੇ ਸਾਹਮਣੇ ਆ ਚੁੱਕੇ ਹਨ। ਆਰ.ਐਸ.ਐਸ. ਦੀ ਅਗਵਾਈ ਵਾਲੀ ਮੰਨੂੰਵਾਦੀ, ਹਿੰਦੂਤਵੀ ਫਾਸ਼ੀਵਾਦੀ ਮੋਦੀ-ਅਮਿਤਸ਼ਾਹ-ਭਗਵਤ ਜੁੰਡਲੀ ਵੱਡੀ ਭਾਰੀ ਬਹੁਗਿਣਤੀ ਨਾਲ ਕੇਂਦਰੀ ਹਕੂਮਤ ਉੱਤੇ ਮੁੜ ਕਾਬਜ਼ ਹੋ ਚੁੱਕੀ ਹੈ। ਇਕੱਲੀ ਬੀ.ਜੇ.ਪੀ. 303 ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਗਈ ਹੈ। ਉਸ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ 543 ਸੀਟਾਂ ਵਿਚੋਂ 354 ਸੀਟਾਂ ਮਿਲਿਆਂ ਹਨ। 2014 ਵਿੱਚ ਇੱਕਲੀ ਬੀ.ਜੇ.ਪੀ. ਨੂੰ 282 ਸੀਟਾਂ ਮਿਲੀਆਂ ਸਨ। 2014 ਵਿੱਚ ਕੁੱਲ ਭੁਗਤੀਆਂ 66.04 ਫੀਸਦੀ ਵੋਟਾਂ ਵਿੱਚੋਂ ਉਸਦਾ ਵੋਟ ਹਿੱਸਾ 31.04 ਫੀਸਦੀ, 2019 ਵਿੱਚ ਇਹ ਵੱਧ ਕੇ 37.4 ਫੀਸਦੀ ਹੋ ਗਿਆ ਹੈ। ਉਸਦੀ ਅਗਵਾਈ ਵਾਲਾ ਐਨ.ਡੀ.ਏ. 45 ਫੀਸਦੀ ਵੋਟਾਂ ਲੈਣ ਵਿੱਚ ਕਾਮਯਾਬ ਹੋਇਆ ਹੈ। ਜਦ ਕਿ 2014 ਵਿੱਚ ਉਸਦਾ ਵੋਟ ਹਿੱਸਾ 38 ਫੀਸਦੀ ਸੀ। 
ਕਾਂਗਰਸ ਪਾਰਟੀ ਨੂੰ 52 ਸੀਟਾਂ ਉੱਤੇ ਜਿੱਤ ਪ੍ਰਾਪਤ ਹੋਈ ਹੈ। ਉਸਦਾ ਵੋਟ ਸ਼ੇਅਰ 19.49 ਫੀਸਦੀ ਹੈ। 2014 ਦੀਆਂ ਚੋਣਾਂ ਵਿੱਚ ਉਸ ਨੂੰ 44 ਸੀਟਾਂ ਮਿਲੀਆਂ ਸਨ। ਉਸਦਾ ਵੋਟ ਹਿੱਸਾ 19.04 ਫੀਸਦੀ ਸੀ।। ਉਸਦੀ ਅਗਵਾਈ ਵਾਲੇ ਯੂ.ਪੀ.ਏ. ਨੂੰ ਕੁੱਲ 91 ਸੀਟਾਂ ਮਿਲੀਆਂ ਸਨ। ਉਸਦਾ ਕੁੱਲ ਵੋਟ ਹਿੱਸਾ 26 ਫੀਸਦੀ ਸੀ। ਕਾਂਗਰਸ ਪਾਰਟੀ ਲੋਕ ਸਭਾ ਅੰਦਰ ਦੂਜੀ ਵੱਡੀ ਪਾਰਟੀ ਹੋਣ ਦੇ ਬਾਵਜੂਦ ਵਿਰੋਧੀ ਧਿਰ ਦੀ ਨੇਤਾ ਬਣਨ ਦੀ ਹਾਲਤ ਵਿੱਚ ਵੀ ਨਹੀਂ ਪਹੁੰਚੀ। ਇਸ  ਮੁਕਾਮ ਉੱਤੇ ਪਹੁੰਚਣ ਲਈ ਉਸ ਨੂੰ ਲੋਕ ਸਭਾ ਮੈਂਬਰਾਂ ਦੇ ਦਸ ਫੀਸਦੀ ਹਿੱਸੇ ਦੀ ਪ੍ਰਤੀਨਿੱਧ ਹੋਣਾ ਲਾਜ਼ਮੀ ਹੈ। ਜਦ ਕਿ ਮੌਜੂਦਾ ਲੋਕ ਸਭਾ ਅੰਦਰ ਉਹ 9.6 ਫੀਸਦੀ ਹਿੱਸੇ ਦੀ ਨੁਮਾਇੰਦਗੀ ਕਰਦੀ ਹੈ। 
ਸਮਾਜਵਾਦੀ ਪਾਰਟੀ, ਬੀ.ਐਸ.ਪੀ., ਵਾਈ.ਐਸ.ਆਰ. ਕਾਂਗਰਸ ਪਾਰਟੀ, ਤਿਲੰਗਾਨਾ ਰਾਸ਼ਟਰੀ ਸੰਮਤੀ, ਬੀਜੂ ਜਨਤਾ ਦਲ, ਤ੍ਰੈਣਮੂਲ ਕਾਂਗਰਸ ਅਤੇ ਹੋਰ ਖੇਤਰੀ ਪਾਰਟੀਆਂ ਜਿਹੜੀਆਂ ਦੋਹਾਂ ਗੱਠਜੋੜ ਦਾ ਹਿੱਸਾ ਨਹੀਂ ਸਨ ਜਾਂ ਆਜਾਦ ਉਮੀਦਵਾਰ ਹਨ। ਉਹਨਾਂ ਨੂੰ 97 ਸੀਟਾਂ ਮਿਲੀਆਂ ਹਨ। ਉਹਨਾਂ ਦਾ ਵੋਟ ਹਿੱਸਾ 29 ਫੀਸਦੀ ਹੈ। 
ਕੁੱਲ ਮਿਲਾ ਕੇ ਗੱਲ ਕਰਨੀ ਹੋਵੇ ਤਾਂ ਸਤਾਰਵੀਆਂ ਲੋਕ ਸਭਾਈ ਚੋਣਾਂ ਵਿੱਚ 90 ਕਰੋੜ ਭਾਰਤੀ ਵੋਟਰਾਂ ਵਿੱਚੋਂ 67 ਫੀਸਦੀ ਵੋਟਰਾਂ ਨੇ ਹਿੱਸਾ ਲਿਆ ਹੈ। 33 ਫੀਸਦੀ ਹਿੱਸਾ ਅਜਿਹਾ ਹੈ, ਜਿਸਨੇ ਵੋਟਾਂ ਵਿੱਚ ਹਿੱਸਾ ਨਹੀਂ ਲਿਆ। ਭੁਗਤੀਆਂ ਵੋਟਾਂ ਵਿੱਚੋਂ 1.04 ਫੀਸਦੀ ਹਿੱਸਾ ਅਜਿਹਾ ਹੈ ਜਿਸ ਨੇ ਨੋਟਾ ਦੀ ਵਰਤੋਂ ਕਰਕੇ ਕਿਸੇ ਉਮੀਦਵਾਰ ਨੂੰ ਨਹੀਂ ਚੁਣਿਆ। 
ਮੰਨੂੰਵਾਦੀ ਹਿੰਦੂਤਵੀ ਫਾਸ਼ੀਵਾਦੀ ਮੋਦੀ-ਅਮਿਤਸ਼ਾਹ-ਭਗਵਤ ਜੁੰਡਲੀ ਦੀ ਇਸ ਹੂੰਝਾ-ਫੇਰੂ ਜਿੱਤ ਨੂੰ ਉਭਾਰਦਿਆਂ, ਬੁਰਜੂਆ ਮੀਡੀਏ ਨੇ ਇਹ ਵਿਸ਼ੇਸ਼ ਤੌਰ 'ਤੇ ਨੋਟ ਕੀਤਾ ਹੈ, ਕਿ ਭਾਰਤੀ ਚੋਣਾਂ ਦੇ ਇਤਿਹਾਸ ਵਿੱਚ ਮੋਦੀ ਅਜਿਹੇ ਤੀਜੇ ਆਗੂ ਹਨ, ਜਿਹੜੇ ਚੋਣਾਂ ਰਾਹੀਂ ਦੂਜੀ ਵਾਰੀ ਵੱਡੀ ਭਾਰੀ ਬਹੁਗਿਣਤੀ ਨਾਲ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ ਨਹੂਰ ਅਤੇ ਇੰਦਰਾ ਗਾਂਧੀ ਦੋ ਅਜਿਹੇ ਨੇਤਾ ਸਨ, ਜਿਹੜੇ ਵੱਡੀ ਭਾਰੀ ਬਹੁਗਿਣਤੀ ਨਾਲ ਮੁੜ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਸਨ। ਉਹ ਕਾਂਗਰਸੀ ਸਰਕਾਰਾਂ ਸਨ। ਹੁਣ ਗੈਰ-ਕਾਂਗਰਸੀ ਸਰਕਾਰ ਹੈ। ਗੈਰ-ਕਾਂਗਰਸੀ ਸਰਕਾਰਾਂ ਦੇ ਹਿਸਾਬ ਨਾਲ ਦੇਖਿਆਂ ਮੋਦੀ ਪਹਿਲੇ ਅਜਿਹੇ ਨੇਤਾ ਹਨ, ਜਿਹੜੀ ਭਾਰੀ ਬਹੁਗਿਣਤੀ ਨਾਲ ਜਿੱਤ ਕੇ ਮੁੜ ਹਕੂਮਤ ਬਣਾਉਣ ਵਿੱਚ ਕਾਮਯਾਬ ਹੋਏ ਜਦੋਂ ਇਕੱਲੀ ਬੀ.ਜੇ.ਪੀ. ਆਪਣੇ ਬਲਬੂਤੇ ਹਕੂਮਤ ਬਣਾਉਣ ਦੀ ਹਾਲਤ ਵਿੱਚ ਹੈ। ਉਹ ਐਨ.ਡੀ.ਏ. ਦੀ ਅਗਵਾਈ ਕਰਦੀ ਹੈ। ਉਹ ਐਨ.ਡੀ.ਏ. ਦੇ ਦੂਜੇ ਹਿੱਸੇਦਾਰਾਂ ਉੱਤੇ ਨਿਰਭਰ ਨਹੀਂ, ਹਿੱਸੇਦਾਰ ਉਸ ਉੱਤੇ ਨਿਰਭਰ ਹਨ। ਇੱਕ ਅੰਦਾਜ਼ੇ ਮੁਤਾਬਕ ਬੀ.ਜੇ.ਪੀ. 50 ਫੀਸਦੀ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋਈ ਹੈ। ਜਾਂ ਇਹ ਕਹਿ ਲਵੋ ਕਿ ਦੂਜੀਆਂ ਵੋਟ ਪਾਰਟੀਆਂ ਦੀ ਹਿੰਦੂ ਵੋਟ ਖਿਸਕ ਕੇ ਬੀ.ਜੇ.ਪੀ. ਵੱਲ ਚਲੇ ਗਈ ਹੈ। 
ਹੂੰਝਾਫੇਰੂ ਜਿੱਤ ਦੇ ਕਾਰਨ
ਚੋਣ ਨਤੀਜਿਆਂ ਤੋਂ ਬਾਅਦ ਸਾਹਮਣੇ ਆਏ ਵਿਸ਼ਲੇਸ਼ਣਾਂ ਵਿੱਚ ਕੋਈ ਇਸ ਹੂੰਝਾਫੇਰੂ  ਜਿੱਤ ਪਿੱਛੇ ਈ.ਵੀ.ਐਮ. (ਵੋਟਿੰਗ ਮਸ਼ੀਨਾਂ) ਦੇ ਘਪਲੇ ਨੂੰ ਦੇਖਦਾ ਹੈ ਅਤੇ ਕੋਈ ਇਸ ਨੂੰ ਮੋਦੀ ਲਹਿਰ ਦਾ ਨਾਂ ਦਿੰਦਾ ਹੈ। ਅਸੀਂ ਸਮਝਦੇ ਹਾਂ ਕਿ ਈ.ਵੀ.ਐਮ. ਦਾ ਘਪਲਾ ਹੋ ਸਕਦਾ ਹੈ, ਪਰ ਇਹ ਜਿੱਤ ਦਾ ਮੁੱਖ ਕਾਰਨ ਨਹੀਂ। ਨਾ ਹੀ ਇਹ ਕੋਈ ਮੋਦੀ ਲਹਿਰ ਦਾ ਕ੍ਰਿਸ਼ਮਾ ਹੈ। ਲੋਕਾਂ ਦੇ ਪੱਖੋਂ ਦੇਖਿਆਂ ਮੋਦੀ ਜੁੰਡਲੀ ਬਹੁਤ ਸਾਰੇ ਖੇਤਰਾਂ ਵਿੱਚ ਫੇਲ੍ਹ ਸਾਬਤ ਹੋਈ ਹੈ। 
ਅਸਲ ਗੱਲ ਇਹ ਹੈ ਕਿ ਇਹ ਜਿੱਤ ਉਸਦੇ ਹਿੰਦੁ ਰਾਸ਼ਟਰਵਾਦੀ ਪੈਂਤੜੇ ਦੀ ਜਿੱਤ ਹੈ। ਪੁਲਵਾਮਾ ਹਮਲੇ ਨਾਲ ਜੁੜ ਕੇ ਮੋਦੀ ਜੁੰਡਲੀ ਵੱਲੋਂ ਅਖੌਤੀ ਹਿੰਦੂ ਰਾਸ਼ਟਰਵਾਦ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ। ਉਸ ਦੇ ਪਿੱਠੂ ਮੀਡੀਏ ਵੱਲੋਂ ਉਸਦਾ ਡਟਵਾਂ ਸਾਥ ਦਿੱਤਾ ਗਿਆ। ਉਸ ਵੱਲੋਂ ਇਸ ਆਧਾਰ ਉੱਤੇ ਵੋਟਰਾਂ ਦਾ ਧਰੁਵੀਕਰਨ ਕਰਦਿਆਂ, ਪਾਕਿਸਤਾਨ, ਕਸ਼ਮੀਰ, ਮੁਸਲਮਾਨਾਂ ਅਤੇ ਦਲਿਤਾਂ ਵਿਰੁੱਧ ਕੇਂਦਰਤ ਕੀਤਾ ਗਿਆ। ਸਿੱਟੇ ਵਜੋਂ ਹਿੰਦੂ ਵੋਟ ਬੀ.ਜੇ.ਪੀ. ਵੱਲ ਨੂੰ ਖਿਸਕੀ ਹੈ। ਉਸਦਾ ਵੋਟ ਹਿੱਸਾ ਵਧਿਆ ਹੈ। ਉਹ ਇਕੱਲੀ ਬਹੁਸੰਮਤੀ ਲਿਜਾਣ ਦੀ ਸਥਿਤੀ ਵਿੱਚ ਪਹੁੰਚੀ ਹੈ। ਵੋਟਰਾਂ ਖਾਸ ਕਰਕੇ ਹਿੰਦੂ ਵੋਟਰਾਂ ਦੀ ਨਜ਼ਰ 'ਚ ਨੋਟਬੰਦੀ, ਜੀ.ਐਸ.ਟੀ., ਸੌ ਫੀਸਦੀ ਐਫ.ਡੀ.ਆਈ. ਵਰਗੇ ਉੱਭਰਵੇਂ ਮੁੱਦਿਆਂ ਦੇ ਲੋਕਾਂ ਉੱਤੇ ਪਏ ਨਾਂਹ-ਪੱਖੀ ਅਸਰਾਂ ਨਾਲ ਉੱਭਰਵੇਂ ਮੁੱਦੇ ਪਿੱਛੇ ਧੱਕੇ ਗਏ ਹਨ। ਮੋਦੀ-ਅਮਿਤਸ਼ਾਹ-ਭਗਵਤ ਜੁੰਡਲੀ ਪਿਛਲੇ ਪੰਜ ਸਾਲਾਂ ਵਿੱਚ ਉਸ ਵਿਰੁੱਧ ਜਮ੍ਹਾਂ ਹੋਏ ਗੁੱਸੇ, ਨਫਰਤ ਅਤੇ ਰੋਹ ਨੂੰ ਲੋਕ ਮਨਾਂ ਵਿੱਚੋਂ ਮੱਠਾ ਪਾਉਣ ਵਿੱਚ ਕਾਮਯਾਬ ਹੋਈ ਹੈ। 
ਹਿੰਦੂ ਰਾਸ਼ਟਰ ਦੇ ਨਿਰਮਾਣ ਲਈ ਉਹ ਆਪਣੇ ਐਨ.ਡੀ.ਏ. ਭਾਈਵਾਲਾਂ ਨੂੰ ਨਾਲ ਰੱਖ ਕੇ ਚੱਲ ਰਹੀ ਹੈ। ਲੋਕ ਸਭਾ ਅੰਦਰ ਬਹੁਗਿਣਤੀ ਵਿੱਚ ਹੋਣ ਦੇ ਬਾਵਜੂਦ ਉਹ ਆਪਣੇ ਐਨ.ਡੀ.ਏ. ਭਾਈਵਾਲਾਂ ਨੂੰ ਨਾਲ ਰੱਖ ਕੇ ਚੱਲ ਰਹੀ ਹੈ, ਜਿਹੜਾ ਹਿੱਸਾ ਵੀ ਪਿੱਛੇ ਹਟਿਆ ਹੈ, ਉਸ ਵੱਲੋਂ ਉਸ ਨੂੰ ਮੁੜ ਨਾਲ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ ਦੀ ਇਹ ਪੈਂਤੜੇਬਾਜ਼ੀ ਵੀ ਕਾਮਯਾਬ ਰਹੀ ਹੈ। ਜਿਸਦਾ ਸਿੱਟਾ ਇਹ ਹੈ ਕਿ ਉਸਦੇ ਐਨ.ਡੀ.ਏ. ਭਾਈਵਾਲ ਉਸ ਉੱਤੇ ਨਿਰਭਰ ਹੋ ਗਏ ਹਨ। ਉਹ ਉਹਨਾਂ ਉੱਤੇ ਨਿਰਭਰ ਨਹੀਂ ਹੈ। ਹਿੰਦੂ ਰਾਸ਼ਟਰਵਾਦ ਦੇ ਪੈਂਤੜੇ ਕਰਕੇ ਉਹ ਸਿਆਸੀ ਤੌਰ ਉੱਤੇ ਵੀ ਬਚਾਓ ਦੇ ਪੈਂਤੜੇ ਉੱਤੇ ਚਲੇ ਗਏ ਹਨ। ਉਹਨਾਂ ਨੂੰ ਖੁਦ ਹਿੰਦੂ ਵੋਟ ਖਿਸਕਣ ਦਾ ਖਤਰਾ ਖੜ੍ਹਾ ਹੋ ਗਿਆ ਹੈ। 
ਇਸ ਕਰਕੇ ਚੋਣ ਨਤੀਜੇ ਉਸਦੇ ਹਿੰਦੂ ਰਾਸ਼ਟਰਵਾਦੀ ਨੀਤੀ-ਪੈਂਤੜੇ ਦੇ ਪੱਖ ਵਿੱਚ ਫਤਵਾ ਹਨ। ਇਹ ਪਾਕਿਸਤਾਨ, ਕਸ਼ਮੀਰ, ਮੁਸਲਮਾਨਾਂ ਅਤੇ ਦਲਿਤਾਂ ਦੇ ਵਿਰੁੱਧ ਉਸਦੇ ਨੀਤੀ-ਪੈਂਤੜਿਆਂ ਦੇ ਪੱਖ ਵਿੱਚ ਫਤਵਾ ਹੈ। ਚੋਣ ਨਤੀਜਿਆਂ ਨੇ ਹਿੰਦੂ ਫਾਸ਼ੀਵਾਦ ਦੇ ਬੁਲਡੋਜ਼ਰ ਨੂੰ ਹਰੀ ਝੰਡੀ ਦਿੱਤੀ ਹੈ। 
ਕਾਂਗਰਸ ਕਿਉਂ ਹਾਰੀ?
ਇਸ ਦੇ ਉਲਟ ਗੱਲ ਕਰਨੀ ਹੋਵੇ ਤਾਂ ਇਹ ਕਾਂਗਰਸ ਅਤੇ ਯੂ.ਪੀ.ਏ. ਦੀ ਅਖੌਤੀ ਧਰਮ-ਨਿਰਪੱਖ ਸਿਆਸਤ ਅਤੇ ਚੋਣ ਯੁੱਧਨੀਤੀ ਅਤੇ ਪੈਂਤੜਿਆਂ ਵਿਰੁੱਧ ਫਤਵਾ ਹੈ। ਜਿਹੜੀ ਆਪਣੇ ਕੁੱਲ ਹਿੰਦ ਪੱਧਰੇ ਵਜੂਦ ਦੇ ਖਿੰਡ ਜਾਣ ਅਤੇ ਸਿਆਸਤ ਦੇ ਇੱਕ ਵਾਰ ਸੰਕਟ ਵਿੱਚ ਜਾਣ ਦੇ ਸਪੱਸ਼ਟ ਨਿਰਣੇ ਨੂੰ ਮੰਨਣ ਨੂੰ ਤਿਆਰ ਨਹੀਂ। ਕਾਂਗਰਸ ਤੇ ਉਸਦੇ ਭਾਈਵਾਲਾਂ ਵੱਲੋਂ ਨਾ ਆਪਣੇ ਆਖੌਤੀ ਧਰਮ ਨਿਰਪੱਖ ਪੈਂਤੜੇ ਤੋਂ ਹਮਲਾਵਰ ਚੋਣ-ਮੁਹਿੰਮ ਨਹੀਂ ਚਲਾਈ ਗਈ ਅਤੇ ਨ ਹੀ ਮੁਸਲਮਾਨਾਂ, ਇਸਾਈਆਂ, ਦਲਿਤਾਂ ਨੂੰ ਮੋਦੀ ਜੁੰਡਲੀ ਵਿਰੁੱਧ ਲਾਮਬੰਦ ਕੀਤਾ ਗਿਆ। ਇਸਦੇ ਉਲਟ ਉਸ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਜੁੰਡਲੀ ਦੇ ਪੱਖ ਵਿੱਚ ਖੜ੍ਹਿਆ ਗਿਆ। ਆਪਣੇ ਆਪ ਨੂੰ ਹਿੰਦੂਵਾਦੀ ਪਾਰਟੀ ਸਾਬਤ ਕਰਨ ਦੇ ਯਤਨ ਕੀਤੇ ਗਏ। ਉਸਦੀ ਮੁੱਖ ਲੀਡਰਸ਼ਿੱਪ ਦਾ ਵੱਡਾ ਹਿੱਸਾ ਆਪਣੇ ਸੂਬਿਆਂ ਅੰਦਰ ਵੀ ਸਰਗਰਮ ਨਹੀਂ ਹੋਇਆ। ਕੇਂਦਰੀ ਮੁਹਿੰਮ ਵਿੱਚ ਤਿੰਨ ਆਗੂ ਰਾਹੁਲ, ਪ੍ਰਿਯੰਕਾ ਗਾਂਧੀ ਅਤੇ ਨਵਜੋਤ ਸਿੱਧੂ ਨੇ ਮੁੱਖ ਭੂਮਿਕਾ ਅਦਾ ਕੀਤੀ। ਇਸਦਾ ਸਿੱਟਾ ਇਹ ਨਿਕਲਿਆ ਕਿ ਜਿਹਨਾਂ ਪੰਜ ਰਾਜਾਂ ਦੀਆਂ ਚੋਣਾਂ ਮੌਕੇ ਕਾਂਗਰਸ ਪਾਰਟੀ ਦੀਆਂ ਸੂਬਾਈ ਸਰਕਾਰਾਂ ਬਣੀਆਂ ਸਨ, ਉਹਨਾਂ ਰਾਜਾਂ- ਰਾਜਸਥਾਨ, ਮੱਧ ਪ੍ਰਦੇਸ਼, ਛਤੀਸਗੜ੍ਹ ਸਮੇਤ 17 ਸੂਬਿਆਂ ਵਿੱਚ ਕਾਂਗਰਸ ਪਾਰਟੀ ਅਤੇ ਇਸਦੇ ਸਹਿਯੋਗੀਆਂ ਦਾ ਮੁਕੰਮਲ ਸਫਾਇਆ ਹੋਇਆ। ਉਸਦੀ ਚੋਣ ਯੁੱਧਨੀਤੀ ਸਮੇਤ ਦੂਜਿਆਂ ਨੂੰ ਨਾਲ ਨਾ ਲੈ ਕੇ ਚੱਲਣ ਦੀ ਨੀਤੀ ਵੀ ਰੱਦ ਹੋ ਗਈ ਹੈ। ਸਿੱਟੇ ਵਜੋਂ ਯੂ.ਪੀ.ਏ. 91 ਸੀਟਾਂ ਤੱਕ ਸਿਮਟ ਕੇ ਰਹਿ ਗਈ ਹੈ। ਕਾਂਗਰਸ ਪਾਰਟੀ ਅੰਦਰ ਇਕੱਲਾ ਲੀਡਰਸ਼ਿੱਪ ਦਾ ਸੰਕਟ ਹੀ ਨਹੀਂ, ਬੀ.ਜੇ.ਪੀ. ਦੀ ਹਿੰਦੂ ਰਾਸ਼ਟਰਵਾਦ ਦੀ ਸਿਆਸਤ ਸਾਹਮਣੇ, ਉਸਦੀ ਨਰਮ-ਹਿੰਦੂ ਰਾਸ਼ਟਰਵਾਦ ਦੀ ਨੀਤੀ ਸਿਆਸੀ ਸੰਕਟ ਦਾ ਸ਼ਿਕਾਰ ਹੋ ਗਈ ਹੈ। ਜਿਸ ਨੂੰ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਤੋਂ ਲੈ ਕੇ ਸਮੁੱਚੀ ਕਾਂਗਰਸੀ ਲੀਡਰਸ਼ਿੱਪ ਅਖੌਤੀ ਅਜ਼ਾਦੀ ਤੋਂ ਬਾਅਦ ਲਾਗੂ ਕਰਦੀ ਆ ਰਹੀ ਹੈ। ਉਸ ਅੰਦਰ ਟੁੱਟ ਭੱਜ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਰਾਹੁਲ ਗਾਂਧੀ ਦਾ ਪ੍ਰਧਾਨਗੀ ਪਦ ਤੋਂ ਅਸਤੀਫਾ ਤੇ ਛਿੜਿਆ ਕਾਟੋ-ਕਲੇਸ਼ ਇਸ ਗੱਲ ਦੀ ਪੁਸ਼ਟੀ ਕਰਦਾ ਹੈ। 
ਸਮਾਜਵਾਦੀ ਪਾਰਟੀ ਅਤੇ ਬੀ.ਐਸ.ਪੀ. ਦਾ ਵੀ ਇਹੋ ਹਾਲ ਹੋਇਆ ਹੈ। ਉਹ ਵੀ ਮੋਦੀ ਜੁੰਡਲੀ ਦੀ ਹਮਲਾਵਰ ਮੁਹਿੰਮ ਸਾਹਮਣੇ ਦਲਿਤਾਂ, ਮੁਸਲਮਾਨਾਂ ਨੂੰ ਆਪਣੇ ਪੱਖ ਵਿੱਚ ਲਾਮਬੰਦ ਨਹੀਂ ਕਰ ਸਕੀਆਂ। ਉਹਨਾਂ ਦਾ ਗੱਠਜੋੜ ਵੀ ਚੋਣ ਨਤੀਜਿਆਂ ਤੋਂ ਬਾਅਦ ਸੰਕਟ ਦਾ ਸ਼ਿਕਾਰ ਹੋ ਗਿਆ। ਦੋਹਾਂ ਨੇ ਆਪੋ ਆਪਣਾ ਰਸਤਾ ਅਖਤਆਿਰ ਕਰ ਲਿਆ ਹੈ। 
ਸੀ.ਪੀ.ਆਈ. ਅਤੇ ਸੀ.ਪੀ.ਐਮ. ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਖਤਰੇ ਵਿੱਚ
ਚੋਣਾਂ ਨੂੰ ਵਰਤ ਕੇ ਇਨਕਲਾਬ ਕਰਨ ਦੀਆਂ ਟਾਹਰਾਂ ਮਾਰਦੀਆਂ ਸੀ.ਪੀ.ਆਈ. ਅਤੇ ਸੀ.ਪੀ.ਐਮ. ਦੀ ਹਾਲਤ ਸਾਰੀਆਂ ਲੋਕ ਸਭਾਈ ਚੋਣਾਂ ਤੋਂ ਭੈੜੀ ਬਣੀ ਹੈ। ਸੀ.ਪੀ.ਆਈ. ਦੇ ਦੋ ਅਤੇ ਸੀ.ਪੀ.ਐਮ. ਦੇ ਤਿੰਨ ਉਮੀਦਵਾਰ ਹੀ ਜਿੱਤ ਸਕੇ ਹਨ। ਸੀ.ਪੀ.ਐਮ. ਦੇ ਗੜ੍ਹ ਵਜੋਂ ਜਾਣੇ ਜਾਂਦੇ ਪੱਛਮੀ ਬੰਗਾਲ ਵਿਚੋਂ ਉਹਨਾਂ ਦਾ ਇੱਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ। ਇਹਨਾਂ ਦੋਨਾਂ ਅਖੌਤੀ ਕਮਿਊਨਿਸਟ ਪਾਰਟੀਆਂ ਦੀ ਕੁੱਲ ਹਿੰਦ ਪਾਰਟੀਆਂ ਵਜੋਂ ਮਾਨਤਾ ਖਤਰੇ ਮੂੰਹ ਪੈ ਗਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਰਜਿਸਟਰਡ ਕੁੱਲ ਹਿੰਦ ਪਾਰਟੀਆਂ ਲਈ 6 ਫੀਸਦੀ ਵੋਟਰਾਂ ਦੀ ਪ੍ਰਤੀਨਿੱਧਤਾ ਕਰਨਾ ਜ਼ਰੂਰੀ ਸ਼ਰਤ ਹੈ। ਪਰ ਮੌਜੁਦਾ ਚੋਣਾਂ ਅੰਦਰ ਸੀ.ਪੀ.ਆਈ. ਨੂੰ 0.54 ਫੀਸਦੀ ਅਤੇ ਸੀ.ਪੀ.ਐਮ. 1.75 ਫੀਸਦੀ ਵੋਟ ਹਿੱਸਾ ਮਿਲ ਸਕਿਆ ਹੈ। ਇਸਦੇ ਉਲਟ ਕੁੱਲ ਹਿੰਦ ਪੱਧਰ 'ਤੇ ਨੋਟਾ ਨੂੰ 1.04 ਫੀਸਦੀ ਅਤੇ ਬਿਹਾਰ ਅੰਦਰ 2.08 ਫੀਸਦੀ ਵੋਟ ਹਿੱਸਾ ਮਿਲਿਆ ਹੈ। ਸੀ.ਪੀ.ਆਈ., ਸੀ.ਪੀ.ਆਈ.(ਮ.ਲ.) ਲਿਬਰੇਸ਼ਨ, ਸੀ.ਪੀ.ਆਈ.(ਮ.ਲ.) ਐਨ.ਡੀ. ਤਾਂ ਹਿੰਦੂ ਫਾਸ਼ੀਵਾਦੀਆਂ ਦਾ ਤਾਂ ਕੀ ਨੋਟਾ ਦਾ ਵੀ ਮੁਕਾਬਲਾ ਨਹੀਂ ਕਰ ਸਕੀਆਂ। 
ਹਿੰਦੂਤਵੀ ਫਾਸ਼ੀਵਾਦ ਦੀ 
ਜਿੱਤ ਪਿੱਛੇ ਛੁਪੇ ਕਾਲੇ ਚਿਹਰੇ
ਚੋਣ ਨਤੀਜਿਆਂ ਉੱਤੇ ਪਹਿਲੀ ਟਿੱਪਣੀ ਕਰਦਿਆਂ ਮੋਦੀ-ਅਮਿਤਸ਼ਾਹ ਨੇ ਕਿਹਾ, ''ਅਖੌਤੀ ਧਰਮ-ਨਿਰਪੱਖਤਾ ਦੀ ਵਜਾਹਤ ਕਰਨ ਵਾਲਿਆਂ ਵਿੱਚੋਂ ਕਿਸੇ ਨੇ ਵੀ ਉਸਦੀ ਵਜਾਹਤ ਨਹੀਂ ਕੀਤੀ, ਇਹ ਹਿੰਦੂ ਰਾਸ਼ਟਰਵਾਦ ਦੀ ਜਿੱਤ ਹੈ। ਇਹ ਟੁਕੜੇ ਟੁਕੜੇ ਗੈਂਗ ਦੀ ਵਿਚਾਰਧਾਰਾ ਦੀ ਹਾਰ ਹੈ। ਭਾਰਤ ਦੀ ਜਿੱਤ ਹੋਈ ਹੈ। ਲੋਕਾਂ ਨੇ ਭਾਰਤ ਦੇ ਹੱਕ ਵਿੱਚ ਫਤਵਾ ਦਿੱਤਾ ਹੈ।''
ਮੋਦੀ ਹਕੂਮਤ ਦਾ ਮੁੜ-ਕਾਇਮ ਹੋਣਾ ਕੋਈ ਸਾਧਾਰਨ ਵਰਤਾਰਾ ਨਹੀਂ। ਇਸਦੀ ਅਸਧਾਰਨਤਾ ਜਾਂ ਗੰਭੀਰਤਾ ਇਸ ਗੱਲ ਵਿੱਚ ਸਮੋਈ ਹੈ ਕਿ ਇਸ ਨੂੰ ਆਰ.ਐਸ.ਐਸ. ਪੂਰੀ ਤਰ੍ਹਾਂ ਕੰਟਰੋਲ ਕਰਦੀ ਹੈ। ਉਹ ਆਰ.ਐਸ.ਐਸ. ਜਿਹੜੀ ਅਖੌਤੀ ਆਜ਼ਾਦੀ ਮੌਕੇ ਬਹੁਤ ਛੋਟੀ ਤਾਕਤ ਸੀ, ਜਿਹੜੀ ਅੰਗਰੇਜ਼ਾਂ ਦੀ ਨੰਗੀ ਚਿੱਟੀ ਪਿੱਠੂ ਸੀ, ਜਿਹੜੀ ਗਾਂਧੀ-ਨਹੂਰ ਦੀ ਤਰ੍ਹਾਂ ਅੰਗਰੇਜ਼ਾਂ ਵਿਰੁੱਧ ਨਕਲੀ ਲੜਾਈ ਲੜਨ ਦਾ ਵੀ ਵਿਰੋਧ ਕਰਦੀ ਸੀ, ਜਿਹੜੀ ਕਾਂਗਰਸ ਹਕੂਮਤ ਦੀਆਂ ਨਿਕਾਮੀਆਂ ਨੂੰ ਵਰਤ ਕੇ, ਗੁੱਡ ਗਵਰਨੈਂਸ ਤੋਂ ਸ਼ੁਰੂ ਕਰਕੇ ਨੰਗੇ ਚਿੱਟੇ ਹਿੰਦੂ ਰਾਜ ਦੇ ਪੈਂਤੜੇ ਤੱਕ ਪਹੁੰਚ ਚੁੱਕੀ ਹੈ। 2014 ਦੀਆਂ ਚੋਣਾਂ ਤੋਂ ਬਾਅਦ ਮੋਦੀ ਹਕੂਮਤ ਰਾਹੀਂ ਉਸ ਵੱਲੋਂ ਸੱਤਾ ਦੇ ਸਾਰੇ ਲੀਵਰਾਂ ਉੱਤੇ ਆਪਣਾ ਕੰਟਰੋਲ ਜਮਾ ਲਿਆ ਗਿਆ ਹੈ। ਲੋਕ ਸਭਾ, ਰਾਜ  ਸਭਾ, ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਸੁਪਰੀਮ ਕੋਰਟ, ਆਰ.ਬੀ.ਆਈ., ਸੀ.ਬੀ.ਆਈ., ਚੋਣ ਕਮਿਸ਼ਨ, ਈ.ਡੀ., ਉੱਚ ਵਿਦਿਅਕ ਅਦਾਰਿਆਂ, ਖੋਜ ਸੰਸਥਾਨਾਂ, ਫਿਲਮ ਸੰਸਥਾਵਾਂ, ਫੌਜ ਮੁਖੀ, ਸਰਕਾਰ ਦੇ ਕੁੰਜੀਵਤ ਮਹਿਕਮਿਆਂ, ਜਿਵੇਂ ਗ੍ਰਹਿ, ਸੁਰੱਖਿਆ, ਵਿੱਤ, ਵਿਦੇਸ਼, ਪ੍ਰਧਾਨ ਮੰਤਰੀ ਦਫਤਰ ਦੇ ਸਰਬ-ਉੱਚ ਅਹੁਦਿਆਂ ਉੱਤੇ ਸਿੱਧੇ ਆਰ.ਐਸ.ਐਸ. ਦੇ ਬੰਦੇ ਤਾਇਨਾਤ ਕਰ ਦਿੱਤੇ ਹਨ। ਭਾਰਤੀ ਜਨਤਾ ਪਾਰਟੀ ਜਿਹੜੀ ਇਸ ਦਾ ਸਿਆਸੀ ਵਿੰਗ ਹੈ, ਅੰਦਰ ਵੀ ਮੋਦੀ-ਅਮਿਤਸ਼ਾਹ ਜੁੰਡਲੀ ਵਿਰੋਧੀ ਖੇਮੇ ਨੂੰ ਪਾਸੇ ਕਰਨ ਵਿੱਚ ਕਾਮਯਾਬ ਹੋ ਗਈ ਹੈ। ਜਸਵੰਤ ਸਿੰਘ, ਅਡਵਾਨੀ, ਸ਼ੁਸਮਾ ਸਵਰਾਜ, ਯਸਵੰਤ ਸਿਨਹਾ ਵਰਗੇ ਘਾਗ ਤੇ ਘੱਟ ਕੱਟੜਪੰਥੀ ਆਗੂ ਨੁੱਕਰੇ ਲਾ ਦਿੱਤੇ ਗਏ ਹਨ। ਮੌਜੂਦਾ ਚੋਣਾਂ ਅੰਦਰ ਉਸਨੇ 106 ਡਾਵਾਂਡੋਲ ਆਗੂਆਂ 'ਤੇ ਕਾਟਾ ਫੇਰਦਿਆਂ, ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਹਨ। ਜਿਹਨਾਂ ਵਿੱਚੋਂ 100 ਮੈਂਬਰ ਚੋਣ ਜਿੱਤਣ ਵਿੱਚ ਕਾਮਯਾਬ ਹੋਏ ਹਨ। । ਉਸਨੇ ਕਿਸੇ ਮੁਸਲਮ ਚੇਹਰੇ ਨੂੰ ਟਿਕਣ ਨਹੀਂ ਦਿੱਤੀ। ਆਰ.ਐਸ.ਐਸ. ਵੱਲੋਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਬੂਥ ਪੱਧਰ ਤੱਕ ਆਪਣੇ ਵਰਕਰਾਂ ਦੀ ਤਾਇਨਾਤੀ ਕੀਤੀ ਗਈ ਸੀ। ਭਾਰਤੀ ਹਾਕਮ ਜਮਾਤਾਂ ਦੇ ਵੱਡੇ ਕਾਰਪੋਰੇਟ ਘਰਾਣੇ ਅਤੇ ਵੱਡੇ ਜਾਗੀਰਦਾਰ ਮੋਦੀ-ਅਮਿਤਸ਼ਾਹ-ਭਗਵਤ ਜੁੰਡਲੀ ਦੀ ਪਿੱਠ ਉੱਤੇ ਖੜ੍ਹੇ ਹਨ। ਅਮਰੀਕੀ ਸਾਮਰਾਜ ਦੀ ਟਰੰਪ ਹਕੂਮਤ ਅਤੇ ਉਸਦੀਆਂ ਜੋਟੀਦਾਰ ਸੱਜ-ਪਿਛਾਖੜ ਹਕੂਮਤਾਂ ਉਸ ਦੀ ਪਿੱਠ ਥਾਪੜ ਰਹੀਆਂ ਹਨ, ਜਿਹਨਾਂ ਦਾ ਲਾਲ ਗਲੀਚੇ ਵਿਛਾ ਕੇ ਮੋਦੀ ਹਕੂਮਤ ਸਵਾਗਤ ਕਰਦੀ ਰਹੀ ਹੈ। ਭਾਰਤ ਦੇ ਕੁਦਰਤੀ ਸਾਧਨਾਂ ਦੀ ਨੰਗੀ ਚਿੱਟੀ ਲੁੱਟ ਲਈ ਸੌ ਫੀਸਦੀ ਨਿਵੇਸ਼ ਕਰਨ ਦੀਆਂ ਖੁੱਲ੍ਹਾਂ ਦਿੰਦੀ ਰਹੀ ਹੈ। ਜਿਹਨਾਂ ਨੇ ਇਹਨਾਂ ਚੋਣਾਂ ਦੌਰਾਨ ਕਰੋੜਾਂ ਰੁਪਇਆ ਪਾਣੀ ਵਾਂਗੂੰ ਵਹਾਇਆ ਹੈ। ਬੀ.ਜੇ.ਪੀ. ਦੇ ਖਜ਼ਾਨੇ ਚੋਣ ਫੰਡਾਂ ਰਾਹੀਂ 95 ਫੀਸਦੀ ਭਰੇ ਹਨ। ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਨੇ ਮੋਦੀ ਜੁੰਡਲੀ ਨੂੰ ਚੋਣ ਜਾਬਤੇ ਦੀਆਂ ਉਲੰਘਣਾ ਕਰਨ ਦੀਆਂ ਖੁੱਲ੍ਹਾਂ ਦਿੱਤੀਆਂ ਅਤੇ ਵਿਰੋਧੀਆਂ ਦੀਆਂ ਹਰ ਤਰ੍ਹਾਂ ਨਾਲ ਨਕੇਲਾਂ ਕਸੀਆਂ ਹਨ। ਪ੍ਰਿੰਟ ਤੇ ਇਲੈਕਟਰਾਨਿਕ ਮੀਡੀਏ ਨੇ ਵੀ ਮੋਦੀ ਜੁੰਡਲੀ ਦੇ ਕਾਲੇ ਤੇ ਕਾਤਲ ਚੇਹਰੇ ਨੂੰ ਚਿੱਟਾ ਤੇ ਸਾਫ ਸੁਥਰਾ ਬਣਾ ਕੇ ਪੇਸ਼ ਕੀਤਾ ਹੈ। ਇਸ ਕਰਕੇ ਇਹ ਜਿੱਤ ਮਹਿਜ਼ ਮੋਦੀ-ਅਮਿਤ-ਭਗਵਤ ਜੁੰਡਲੀ ਤੱਕ ਸੀਮਤ ਜਿੱਤ ਨਹੀਂ, ਅਖੌਤੀ ਹਿੰਦੂ ਰਾਸ਼ਟਰਵਾਦ ਦੀ ਇਸ ਜਿੱਤ ਦੇ ਜਸ਼ਨ ਵਿੱਚ ਉਪਰੋਕਤ ਸਾਰੇ ਕਾਲੇ ਚੇਹਰੇ ਸ਼ਾਮਲ ਹਨ। ਜਿਹਨਾਂ ਦੀ ਕਾਲੀ ਕਮਾਈ ਦੇ ਆਸਰੇ ਭਾਰਤੀ ਚੋਣ ਇਤਿਹਾਸ ਦੀਆਂ ਇਹ ਸਭ ਤੋਂ ਮਹਿੰਗੀਆਂ ਚੋਣਾਂ ਜਿੱਤੀਆਂ ਗਈਆਂ ਹਨ। 
ਕਰੋੜਪਤੀਆਂ ਅਤੇ ਅਪਰਾਧੀਆਂ ਦੀ ਲੋਕ ਸਭਾ
ਇਸ ਲੋਕ ਸਭਾ ਦੀ ਵਿਸ਼ੇਸ਼ਤਾਈ ਇਹ ਵੀ ਹੈ ਕਿ ਇਹਨਾਂ ਚੋਣਾਂ ਵਿੱਚ ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ 88 ਫੀਸਦੀ ਹਿੱਸਾ ਕਰੋੜਪਤੀ ਹੈ। ਲੋਕ ਸਭਾ ਦੇ ਸਭ ਤੋਂ ਅਮੀਰ ਮੈਂਬਰਾਂ ਕੋਲ 660 ਕਰੋੜ ਰੁਪਏ ਐਲਾਨੀ ਗਈ ਜਾਇਦਾਦ ਹੈ, ਅਣ-ਐਲਾਨੀ ਕਿੰਨੀ ਹੋਵੇਗੀ? ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਲੋਕ ਸਭਾ ਦੇ 43 ਫੀਸਦੀ ਹਿੱਸੇ ਦਾ ਪਿਛੋਕੜ ਅਪਰਾਧੀ ਹੈ। ਅਪਰਾਧੀ ਪਿਛੋਕੜ ਵੀ ਆਮ ਗੁੰਡੇ-ਬਦਮਾਸ਼ਾਂ ਤੱਕ ਸੀਮਤ ਨਹੀਂ, ਸਗੋਂ ਹਿੰਦੂ ਫਾਸ਼ੀਵਾਦੀਆਂ ਵਾਲਾ ਹੈ। ਸਾਧਵੀ ਪ੍ਰਗਿਯਾ ਠਾਕੁਰ ਉਹਨਾਂ ਵਿੱਚੋਂ ਉੱਭਰਵਾਂ ਨਾਂ ਹੈ। ਇਹਨਾਂ ਲੋਕ ਸਭਾ ਚੋਣਾਂ ਦੀ ਜਿੱਤ ਦਾ ਅਸਰ ਰਾਜ ਸਭਾ ਉੱਤੇ ਵੀ ਪਵੇਗਾ। ਦੋ ਸਾਲਾਂ ਬਾਅਦ ਚੁਣੇ ਜਾਣ ਵਾਲੇ ਰਾਜ ਸਭਾ ਮੈਂਬਰਾਂ ਵਿੱਚ ਆਰ.ਐਸ.ਐਸ. ਪੱਖੀ ਲਾਬੀ ਦੇ ਹੋਰ ਮਜਬੂਤ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ। 
ਮੋਦੀ-ਅਮਿਤਸ਼ਾਹ-ਭਗਵਤ ਜੁੰਡਲੀ ਦੀ ਅੱਖ ਹੁਣ ਸੂਬਾ ਸਰਕਾਰਾਂ ਉੱਤੇ ਟਿਕੀ ਹੋਈ ਹੈ। ਕਰਨਾਟਕਾ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਉਹਨਾਂ ਦੇ ਫੌਰੀ ਅਜੰਡੇ ਉੱਤੇ ਹਨ। ਪੱਛਮੀ ਬੰਗਾਲ ਅੰਦਰ ਤ੍ਰਣੈਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਭਾਵੇਂ ਇਸ ਜੁੰਡਲੀ ਨਾਲ ਸਭ ਤੋਂ ਤਿੱਖੇ ਵਿਰੋਧ ਵਿੱਚ ਆ ਰਹੀ ਹੈ। ਪਰ ਉਸਦੇ ਖੋਰੇ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਉਸਦਾ ਪੇਂਡੂ ਆਧਾਰ (ਜਾਗੀਰੂ ਚੌਧਰੀ) ਬੀ.ਜੇ.ਪੀ. ਵੰਨੀ ਖਿਸਕਣਾ ਸ਼ੁਰੂ ਹੋ ਚੁੱਕਿਆ ਹੈ। ਇਹ ਅਧਾਰ ਪਹਿਲਾਂ ਕਾਂਗਰਸ ਦਾ ਸੀ, ਨਕਸਲਬਾੜੀ ਵਿਦਰੋਹ ਤੋਂ ਬਾਅਦ ਸੀ.ਪੀ.ਐਮ. ਦਾ, ਫਿਰ ਤ੍ਰੈਮੂਲ ਕਾਂਗਰਸ ਦਾ, ਹੁਣ ਉਹ ਬੀ.ਜੇ.ਪੀ. ਦਾ ਬਣ ਰਿਹਾ ਹੈ। 
ਜੰਮੂ-ਕਸ਼ਮੀਰ ਅੰਦਰ ਵੀ ਇਹਨਾਂ ਵੱਲੋਂ ਰਾਸ਼ਟਰਪਤੀ ਰਾਜ ਲਾਗੂ ਕੀਤਾ ਹੋਇਆ ਹੈ। ਚੋਣਾਂ ਅੰਦਰ ਪੀ.ਡੀ.ਪੀ. ਦਾ ਮੁਕੰਮਲ ਸਫਾਇਆ ਹੋ ਗਿਆ ਹੈ। ਜੰਮੂ ਵਿੱਚ ਬੀ.ਜੇ.ਪੀ. ਜਿੱਤ ਗਈ ਅਤੇ ਕਸ਼ਮੀਰ ਅੰਦਰ ਫਾਰੂਖ ਅਬਦੁੱਲਾ ਦੀ ਪਾਰਟੀ। ਚੋਣਾਂ ਤੋਂ ਬਾਅਦ ਨਵੇਂ ਸਜੇ ਗ੍ਰਹਿ ਮੰਤਰੀ ਅਮਿਤਸ਼ਾਹ ਨੇ ਐਲਾਨ ਕੀਤਾ ਹੈ ਕਿ ਜੰਮੂ-ਕਸ਼ਮੀਰ ਦਾ ਅਗਲਾ ਮੁੱਖ ਮੰਤਰੀ ਹਿੰਦੂ ਹੋਵੇਗਾ। ਉਸ ਵੱਲੋਂ ਵਿਧਾਨ ਸਭਾ ਇਲਾਕਿਆਂ ਦੀ ਇਸ ਤਰ੍ਹਾਂ ਭੰਨਤੋੜ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਇਲਾਕੇ ਹਿੰਦੂ ਵਸੋਂ ਵਾਲੇ ਬਣ ਸਕਣ। ਹਿੰਦੂ ਬਹੁਗਿਣਤੀ ਉਮੀਦਵਾਰ ਅਸੈਂਬਲੀ ਅੰਦਰ ਚੁਣ ਕੇ ਜਾ ਸਕਣ। ਉਹਨਾਂ ਵੱਲੋਂ ਕਸ਼ਮੀਰ ਨੂੰ ਖੁਦਮੁਖਤਿਆਰ ਰਾਜ ਦਾ ਰੁਤਬਾ ਪ੍ਰਦਾਨ ਕਰਦੀ ਧਾਰਾ 370 ਅਤੇ 35-ਓ ਨੂੰ ਖਤਮ ਕਰਨ ਲਈ ਰੱਸੇ-ਪੈੜੇ ਵੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਕਸ਼ਮੀਰ ਦੀ ਖੁਦਮੁਖਤਿਆਰੀ ਪੱਖੀ ਤਾਕਤਾਂ ਉੱਤੇ ਹਮਲੇ ਤੇਜ਼ ਕਰ ਦਿੱਤੇ ਹਨ। 
ਮੋਦੀ ਜੁੰਡਲੀ ਵੱਲੋਂ ਸਰਕਾਰ ਬਣਦਿਆਂ ਸਾਰ ਹੀ ਇੱਕ ਰਾਸ਼ਟਰ, ਇੱਕ ਚੋਣ ਦੇ ਮੁੱਦੇ ਉੱਤੇ ਬਹਿਸ ਭਖਾਅ ਦਿੱਤੀ ਗਈ ਹੈ। ਉਹਨਾਂ ਦਾ ਤਰਕ ਹੈ ਕਿ ਕੇਂਦਰੀ ਸਰਕਾਰ ਦੀਆਂ ਚੋਣਾਂ ਦੇ ਨਾਲ ਹੀ ਸੂਬਿਆਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦਲੀਲ ਭਾਵੇਂ ਇਹ ਦਿੱਤੀ ਹੈ ਕਿ ਚੋਣਾਂ ਉੱਤੇ ਖਰਚ ਬਹੁਤ ਜ਼ਿਆਦਾ ਆਉਂਦਾ ਹੈ, ਪਰ ਅਸਲ ਮਾਮਲਾ ਖਰਚ ਦਾ ਨਹੀਂ, ਅਸਲ ਮਸਲਾ ਕੇਂਦਰ ਦੀ ਤਰ੍ਹਾਂ ਸੂਬਾ ਸਰਕਾਰ ਉੱਤੇ ਮੁਕੰਮਲ ਕਬਜ਼ੇ ਦਾ ਹੈ। ਮੋਦੀ-ਅਮਿਤਸ਼ਾਹ-ਭਗਵਤ ਜੁੰਡਲੀ ਨੂੰ ਇਹ ਲੱਗਦਾ ਹੈ ਕਿ ਉਹਨਾਂ ਦਾ ਨਾ ਸਿਰਫ ਕੇਂਦਰ ਵਾਂਗੂੰ ਸੂਬਾ ਸਰਕਾਰ ਉੱਤੇ ਕਬਜ਼ਾ ਹੋਣਾ ਚਾਹੀਦਾ ਹੈ, ਸਗੋਂ ਪਿੰਡਾਂ ਅਤੇ ਸ਼ਹਿਰਾਂ ਅੰਦਰ ਵੀ ਉਹਨਾਂ ਦੀ ਤੂਤੀ ਬੋਲਣੀ ਚਾਹੀਦੀ ਹੈ। 
ਚੋਣਾਂ  ਦੌਰਾਨ ਅਤੇ ਚੋਣ ਨਤੀਜਿਆਂ ਤੋਂ ਬਾਅਦ ਮੁਸਲਮਾਨਾਂ ਅਤੇ ਦਲਿਤਾਂ ਉੱਤੇ ਹਮਲੇ ਤੇਜ਼ ਹੋ ਗਏ ਹਨ। ਝਾਰਖੰਡ ਦੇ ਸਰਾਏਕੇਲਾ ਇਲਾਕੇ ਵਿੱਚ ਭੜਕੀ ਹੋਈ ਹਿੰਦੂ ਭੀੜ ਨੇ ਇੱਕ ਮੁਸਲਮਾਨ ਨੌਜਵਾਨ ਨੂੰ ਚੋਰੀ ਦੇ ਸ਼ੱਕ ਦੇ ਦੋਸ਼ ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾ। ਉਸ ਤੋਂ ਜਬਰੀ ''ਜੈ ਸ਼੍ਰੀਰਾਮ'' ਅਤੇ ''ਜੈ ਹਨੂੰਮਾਨ'' ਦੇ ਨਾਹਰੇ ਵੀ ਲਵਾਏ ਗਏ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁੜਗਾਵਾਂ ਵਿੱਚ ਵੀ ਹੋਈਆਂ ਹਨ। 22 ਮਈ ਨੂੰ ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਵਿੱਚ ਗਊ-ਮਾਸ ਲਿਜਾਣ ਦਾ ਬਹਾਨਾ ਬਣਾ ਕੇ ਦੋ ਮੁਸਲਮਾਨ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਸਵੀਰਾਂ ਅਨੁਸਾਰ ਇੱਕ ਵਿਅਕਤੀ ਨੂੰ ਔਰਤ ਦੀ ਕੁੱਟਮਾਰ ਕਰਨ ਲਈ ਮਜਬੂਰ ਕੀਤਾ ਗਿਆ। ਉਸ ਤੋਂ 'ਜੈ ਸ੍ਰੀਰਾਮ'' ਦੇ ਨਾਹਰੇ ਵੀ ਲਗਵਾਏ ਗਏ। ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਤੋਂ ਉਸਦਾ ਨਾਂ ਪੁੱਛਿਆ ਗਿਆ ਪਤਾ ਲੱਗਣ ਉੱਤੇ ਕਿ ਉਹ ਮੁਸਲਮਾਨ ਹੈ, ਤਾਂ ਉਸ ਨੂੰ ਪਾਕਿਸਤਾਨ ਜਾਣ ਲਈ ਕਿਹਾ ਗਿਆ। ਉਸ ਉੱਤੇ ਗੋਲੀ ਵੀ ਚਲਾਈ ਗਈ। 
ਹਿੰਦੂ ਫਾਸ਼ੀਵਾਦ ਦੇ ਟਾਕਰੇ ਦਾ ਵਿਸ਼ਾਲ ਆਧਾਰ ਮੌਜੂਦ ਹੈ
ਮੰਨੂੰਵਾਦੀ ਹਿੰਦੂਤਵੀ ਫਾਸ਼ੀਵਾਦੀ ਮੋਦੀ-ਅਮਿਤਸ਼ਾਹ-ਭਗਵਤ ਜੁੰਡਲੀ ਦੀ ਹੂੰਝਾਫੇਰੂ ਜਿੱਤ ਨੇ ਉਸਦੇ ਪੈਰ ਹੋਰ ਚੁੱਕ ਦਿੱਤੇ ਹਨ। ਉਸ ਵੱਲੋਂ ਆਪਣੇ ਕੈਂਪ ਅੰਦਰਲੇ ਸਾਰੇ ਅੜਿੱਕੇ ਇੱਕ ਵਾਰ ਦੂਰ ਕਰ ਲਏ ਹਨ। ਨਰਮ ਹਿੰਦੂਵਾਦੀ ਗਾਂਧੀ-ਨਹਿਰੂ ਧਾਰਾ ਦੀ ਮੌਜੂਦਾ ਨਸਲ ਨੂੰ ਪਿਛਲੀਆਂ ਸੀਟਾਂ ਉੱਤੇ ਧੱਕ ਦਿੱਤਾ ਗਿਆ ਹੈ। ਉਹ ਪੂਰੀ ਤਰ੍ਹਾਂ ਖੁਸ਼ ਹੈ। ਉਸ ਨੂੰ ਲੱਗਦਾ ਹੈ ਕਿ ਉਹ ਬਹੁਤ ਮਜਬੂਤ ਸਥਿਤੀ ਵਿੱਚ ਹੈ। ਹਿਟਲਰ-ਮੁਸੋਲਿਨੀ ਦੀ ਤਰ੍ਹਾਂ ਇਹ ਉਸਦਾ ਵਹਿਮ ਹੈ। ਇਹ ਸਥਿਤੀ ਦਾ ਇੱਕ ਪਾਸਾ ਹੈ। 
ਸਥਿਤੀ ਦਾ ਦੂਜਾ ਪਾਸਾ ਇਹ ਹੈ ਕਿ ਜਿਸ ਭਾਰਤ ਦੇ ਜਿੱਤਣ ਦੀ ਉਹ ਫੜ ਮਾਰਦੇ ਹਨ, ਉਹ ਸਾਵਰਕਾਰ ਵਰਗੇ ਮੰਨੂੰਵਾਦੀ ਫਾਸ਼ੀਵਾਦੀ ਹਿੰਦੂਆਂ ਦਾ ਨਹੀਂ, ਧਰਮ ਨਿਰਪੱਖ ਹਿੰਦੂਆਂ ਦਾ, ਸਿੱਖਾਂ, ਮੁਸਲਮਾਨਾਂ, ਇਸਾਈਆਂ, ਜੈਨੀਆਂ, ਬੋਧੀਆਂ ਦਾ ਹੈ। ਉਹ ਵੱਡੇ ਵੱਡੇ ਸ਼ਹਿਰਾਂ ਦੀਆਂ ਬਹੁ-ਮੰਜ਼ਲੀਆਂ ਇਮਾਰਤਾਂ ਆਸਰੇ ਨਹੀਂ, ਪਿੰਡਾਂ ਅਤੇ ਸ਼ਹਿਰਾਂ ਦੇ ਢਾਰਿਆਂ ਆਸਰੇ ਵਸਦਾ ਹੈ। ਉਹ ਮੁੱਠੀ ਭਰ ਵੱਡੇ ਕਾਰਪੋਰੇਟਾਂ, ਵੱਡੇ ਜਾਗੀਰਦਾਰਾਂ, ਵੱਡੇ ਸਰਮਆਏਦਾਰਾਂ ਦਾ ਨਹੀਂ, ਕਰੋੜਾਂ ਕਰੋੜ ਮਜ਼ਦੂਰਾਂ, ਕਿਸਾਨਾਂ, ਮੱਧ ਵਰਗ ਅਤੇ ਕੌਮੀ ਸਰਮਾਏਦਾਰਾਂ ਦਾ ਭਾਰਤ ਹੈ। ਉਹ ਕਿਸੇ ਅਖੌਤੀ ਹਿੰਦੂ ਕੌਮ ਜਾਂ ਅਖੌਤੀ ਭਾਰਤੀ ਕੌਮ ਦਾ ਨਹੀਂ, ਪੰਜਾਬੀ, ਬੰਗਾਲੀ, ਕਸ਼ਮੀਰੀ, ਹਿਮਾਚਲੀ, ਹਰਿਆਣਵੀ, ਬਿਹਾਰੀ, ਸੰਥਾਲੀ, ਨਾਗਾ, ਮੀਜ਼ੋ, ਤਾਮਿਲ, ਤੈਲਗੂ, ਗੁਜਰਾਤੀ, ਮਰਾਠੀ ਆਦਿ ਦੱਬੀਆਂ-ਕੁਚਲੀਆਂ ਸੈਂਕੜੇ ਕੌਮੀਅਤਾਂ ਦਾ ਬਹੁਕੌਮੀ ਭਾਰਤ ਹੈ, ਜਿਹਨਾਂ ਦੀ ਆਪੋ ਆਪਣੀ ਭਾਸ਼ਾ, ਹੋਂਦ, ਸਭਿਆਚਾਰ, ਇਤਿਹਾਸ, ਆਰਥਿਕਤਾ, ਭੂਗੋਲਿਕ ਖੇਤਰ ਹਨ। ਇਹ ਭਾਰਤ ਇਕੱਲੇ ਮੈਦਾਨੀ ਇਲਾਕਿਆਂ ਵਿੱਚ ਹੀ ਨਹੀਂ ਵਸਦਾ, ਜੰਗਲੀ, ਨੀਮ-ਪਹਾੜੀ, ਪਹਾੜੀ ਇਲਾਕਿਆਂ ਵਿੱਚ ਵਸਦਾ ਹੈ। ਇਸ ਭਾਰਤ ਦੇ ਨਿਰਮਾਣ ਲਈ ਕਿਸੇ ਸਾਵਰਕਾਰ, ਗੋਵਾਲਕਰ, ਮੂੰਜੇ ਵਰਗੇ ਕੌਮੀ ਗ਼ਦਾਰਾਂ ਨੇ ਖੂੰਨ ਨਹੀਂ ਡੋਲਿਆ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ,  ਟੀਪੂ ਸੁਲਤਾਨ, ਬੀਰਸਾ ਮੁੰਡਾ, ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਜਿਹੇ ਸੂਰਬੀਰਾਂ ਦਾ ਖੂੰਨ ਡੁੱਲ੍ਹਿਆ ਹੈ। 
ਅਜਿਹੇ ਕੁਰਬਾਨੀਆਂ ਵਾਲੇ ਬਹੁਕੌਮੀ ਭਾਰਤ ਦੇਸ਼ ਦੀ ਸਥਿਤੀ ਮੋਦੀ ਜੁੰਡਲੀ ਨੇ ਲੁੱਟ-ਚੂੰਡ ਕੇ ਵਿਸਫੋਟਕ ਬਣਾ ਦਿੱਤੀ ਹੈ। ਉਸ ਦੇ ਰਾਜ ਦੌਰਾਨ ਬੇਰੁਜ਼ਗਾਰੀ ਇਸ ਕਦਰ ਵਧ ਚੁੱਕੀ ਹੈ ਕਿ ਉਸਨੇ 45 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਘਰੇਲੂ ਉਤਪਾਦਨ ਦਰ ਪਿਛਲੇ ਸਾਰੇ ਸਾਲਾਂ ਨਾਲੋਂ ਹੇਠਾਂ ਚਲੀ ਗਈ ਹੈ। ਵਿਦੇਸ਼ੀ ਕਰਜ਼ਾ ਛੜੱਪੇ ਮਾਰ ਕੇ ਵਧ ਰਿਹਾ ਹੈ। ਕਰਜ਼ੇ ਲੈ ਕੇ ਵਿਦੇਸ਼ੀ ਕਰਜ਼ੇ ਦੀਆਂ ਕਿਸ਼ਤਾਂ ਮੋੜੀਆਂ ਜਾ ਰਹੀਆਂ ਹਨ। ਕਾਰਪੋਰੇਟ ਘਰਾਣੇ ਬੈਂਕਾਂ ਨਾਲ ਫਰਾਡ ਕਰਕੇ ਵਿਦੇਸ਼ੀ ਭੱਜ ਰਹੇ ਹਨ। ਅਮੀਰੀ-ਗਰੀਬੀ ਦਾ ਪਾੜਾ ਇਸ ਕਦਰ ਵਧ ਚੁੱਕਿਆ ਹੈ ਕਿ ਪੂੰਜੀ ਦਾ 90 ਫੀਸਦੀ ਹਿੱਸਾ ਸੌ ਦੇ ਕਰੀਬ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕੇਂਦਰ ਕਰ ਦਿੱਤਾ ਗਿਆ ਹੈ। ਜਮੀਨ ਦੀ ਕਾਣੀ ਵੰਡ, ਸੂਦਖੋਰੀ ਤੇ ਬੈਂਕ ਕਰਜ਼ੇ ਅਤੇ ਖੇਤੀ ਦੇ ਘਾਟੇ ਕਰਕੇ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰਨ ਜਾਂ ਤਿੱਖੇ ਘੋਲਾਂ ਦੇ ਰਾਹ ਪੈਣ ਲਈ ਮਜਬੂਰ ਹਨ। ਭੂਮੀ ਖੋਹੂ  ਬਿੱਲ ਰਾਹੀਂ ਲੱਖਾਂ ਆਦਿਵਾਸੀਆਂ ਨੂੰ ਉਜਾੜਿਆ ਜਾ ਰਿਹਾ ਹੈ। ਉਹ ਜਲ, ਜੰਗਲ, ਜ਼ਮੀਨ ਦੀ ਰਾਖੀ ਲਈ ਸਿਰਾਂ ਉੱਤੇ ਕੱਫਨ ਬੰਨ੍ਹ ਕੇ ਲੜ ਰਹੇ ਹਨ। ਮਾਓਵਾਦੀ ਇਲਾਕਿਆਂ ਅੰਦਰ ਉਹ ਹਥਿਆਰ ਚੁੱਕ ਕੇ ਲੜ ਰਹੇ ਹਨ ਅਤੇ ਦੂਜਿਆਂ ਇਲਾਕਿਆਂ ਅੰਦਰ ਗੈਰ ਹਥਿਆਰਬੰਦ ਰੂਪ ਵਿੱਚ ਲੜ ਰਹੇ ਹਨ। ਛੋਟੇ ਤੇ ਦਰਮਿਆਨੇ ਕਾਰੋਬਾਰ ਤਬਾਹ ਹੋ ਰਹੇ ਹਨ। ਨੌਕਰੀਆਂ ਬੰਦ ਕਰਨ ਕਰਕੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਫੌਜ ਸੜਕ ਉੱਤੇ ਧੂੜ ਫੱਕਣ ਲਈ ਮਜਬੂਰ ਹੈ ਜਾਂ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੈ। ਛੜੱਪੇ ਮਾਰ ਕੇ ਵਧ ਰਹੀ ਮਹਿੰਗਾਈ ਲੋਕਾਂ ਦੀ ਆਮਦਨ ਨੂੰ ਚਟਮ ਕਰ ਰਹੀ ਹੈ। ਕਸ਼ਮੀਰ, ਨਾਗਾ, ਮੀਜ਼ੋ, ਮਨੀਪੁਰੀ, ਅਸਾਮੀ, ਬੋਡੋ ਆਦਿ ਕੌਮੀਅਤਾਂ ਕੌਮੀ ਖੁਦਮੁਖਤਿਆਰੀ ਸਮੇਤ ਅਲਹਿਦਾ ਹੋਣ ਲਈ ਲੰਬੇ ਸਮੇਂ ਤੋਂ ਹਥਿਆਰਬੰਦ ਘੋਲ ਲੜ ਰਹੀਆਂ ਹਨ। ਹਿੰਦੂ ਫਾਸ਼ੀਵਾਦੀ ਟੋਲਿਆਂ ਦੇ ਸਮੂਹਿਕ ਹਮਲਿਆਂ ਕਰਕੇ ਮੁਸਲਮਾਨਾਂ, ਇਸਾਈਆਂ, ਸਿੱਖਾਂ, ਦਲਿਤਾਂ ਅੰਦਰ ਲਗਾਤਾਰ ਬੇਗਾਨਗੀ ਦੀ ਭਾਵਨਾ ਵਧ ਰਹੀ ਹੈ। ਉਹ ਟਾਕਰੇ ਦੇ ਰਾਹ ਪੈ ਰਹੇ ਹਨ। ਇਸ ਵਿਸਫੋਟਕ ਸਥਿਤੀ ਨਾਲ ਨਿਪਟਣs sਲਈ ਮੋਦੀ ਜੁੰਡਲੀ ਲੋਕਾਂ ਨੂੰ ਕੁੱਝ ਰਾਹਤਾਂ ਦੇਣ ਦੀ ਥਾਂ ਸਟੇਟ ਮਸ਼ੀਨਰੀ ਦੇ ਦੰਦ ਤਿੱਖੇ ਕਰਨ ਉੱਤੇ ਉਤਾਰੂ ਹੋ ਰਹੀ ਹੈ। ਹਰ ਵਿਰੋਧੀ ਆਵਾਜ਼ ਨੂੰ ਡੰਡੇ ਦੇ ਜ਼ੋਰ ਬੰਦ ਕਰਵਾਉਣ ਉੱਤੇ ਉਤਾਰੂ ਹੋ ਰਹੀ ਹੈ। ਉਹ ਵਿਰੋਧੀ ਆਵਾਜ਼ਾਂ ਉੱਤੇ ਦੇਸ਼ ਧਰੋਹੀ ਦਾ ਟੈਗ ਲਗਾ ਕੇ ਜੇਲ੍ਹ ਅੰਦਰ ਸੁੱਟ ਰਹੀ ਹੈ। ਉਸਦਾ ਇਹ ਫਾਸ਼ੀਵਾਦੀ ਨੀਤੀ-ਪੈਂਤੜਾ ਲੋਕ ਘੋਲਾਂ ਦਾ ਵਿਸ਼ਾਲ ਪਿੜ ਤਿਆਰ ਕਰ ਰਿਹਾ ਹੈ। ਉਹ ਹਕੂਮਤੀ ਗੱਦੀ ਉੱਤੇ ਹੀ ਨਹੀਂ, ਬਾਰੂਦ ਦੇ ਢੇਰ ਉੱਤੇ ਵੀ ਬੈਠੀ ਹੈ। ਜਿਸ ਦੇ ਫਟਣ ਨਾਲ ਉਸਦਾ ਤੇ ਉਸਦੇ ਹਿੰਦੂਤਵੀ ਫਾਸ਼ੀਵਾਦ ਦਾ ਖਾਤਮਾ ਤਹਿ ਹੋ ਚੁੱਕਿਆ ਹੈ। ਮੋਦੀ ਜੁੰਡਲੀ ਕਾਰਪੋਰੇਟਾਂ ਤੋਂ ਲੱਖਾਂ ਦੇ ਸੂਟ ਹੀ ਨਹੀਂ ਸਿਲਾਅ ਰਹੀ, ਕੱਫਣ ਵੀ ਨਾਲ ਹੀ ਤਿਆਰ ਕਰ ਰਹੀ ਹੈ। 
ਇਨਕਲਾਬੀ ਸ਼ਕਤੀਆਂ ਦਾ ਫਰਜ਼ ਬਣਾ ਹੈ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਹਥਿਆਰਬੰਦ ਜ਼ਰੱਈ ਇਨਕਲਾਬੀ ਲਹਿਰ ਖੜ੍ਹੀ ਕਰਨ। ਹਿੰਦੂ ਫਾਸ਼ੀਵਾਦ ਦੇ ਹਮਲੇ ਵਿਰੁੱਧ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਔਰਤਾਂ, ਦਲਿਤਾਂ, ਆਦਿਵਾਸੀਆਂ, ਕੌਮੀਅਤਾਂ, ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ, ਸਿੱਖਾਂ, ਇਸਾਈਆਂ ਨਾਲ ਸਾਂਝੇ ਘੋਲ ਮੋਰਚੇ ਸਥਾਪਤ ਕਰਨ। ਅਜਿਹਾ ਕਰਦਿਆਂ ਹੀ ਮੰਨੂੰ, ਹਿਟਲਰ-ਮੁਸੋਲਿਨੀ ਦੀ ਔਲਾਦ ਮੋਦੀ, ਅਮਿਤਸ਼ਾਹ, ਭਗਵਤ ਜੁੰਡਲੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਪਾਰਲੀਮਾਨੀ ਢੰਗਾਂ ਰਾਹੀਂ ਇਸ ਨੂੰ ਨਹੀਂ ਹਰਾਇਆ ਜਾ ਸਕਦਾ। ਇਹ ਤਾਜ਼ਾ ਲੋਕ ਸਭਾ ਚੋਣਾਂ ਦਾ ਵੀ ਸਬਕ ਹੈ। ਇਹ ਕੰਧ ਉੱਤੇ ਉੱਕਰਿਆ ਸੱਚ ਹੈ। ੦-੦

No comments:

Post a Comment