Thursday, 18 July 2019

ਕਾਮਰੇਡ ਕਨ੍ਹਈ ਚੈਟਰਜੀ- ਅਮਰ ਰਹੇ!

ਭਾਰਤੀ ਇਨਕਲਾਬ ਦਾ ਮਹਾਨ ਆਗੂ
ਕਾਮਰੇਡ ਕਨ੍ਹਈ ਚੈਟਰਜੀ- ਅਮਰ ਰਹੇ!
ਕਾਮਰੇਡ ਕਨ੍ਹਈ ਚੈਟਰਜੀ, ਜੋ ਕਾਮਰੇਡ ਕੇ.ਸੀ. ਦੇ ਨਾਂ ਨਾਲ ਪ੍ਰਸਿੱਧ ਸੀ, 1933 ਵਿੱਚ ਬੰਗਾਲ ਦੇ ਬਰੀਸ਼ਾਲ ਜ਼ਿਲ੍ਹੇ ਦੇ ਪਿੰਡ ਬਾਰੂਖਿਆਲੀ (ਹੁਣ ਬੰਗਲਾਦੇਸ਼ ਵਿੱਚ ਹੈ) ਵਿਖੇ ਇੱਕ ਸੌਖੇ ਪਰਿਵਾਰ ਵਿੱਚ ਜਨਮਿਆ। ਬਰਤਾਨੀਆ ਵਿਰੋਧੀ ਲਹਿਰ ਨੇ ਅੱਲੜ੍ਹ ਉਮਰ ਵਿੱਚ ਹੀ ਉਸ 'ਤੇ ਅਜਿਹਾ ਅਸਰ ਪਾਇਆ ਕਿ ਉਸ ਅੰਦਰ ਅੰਗਰੇਜ਼ਾਂ ਵਿਰੁੱਧ ਨਫਰਤ ਲਟ ਲਟ ਬਲਣ ਲੱਗੀ। 
15 ਸਾਲ ਦੀ ਉਮਰ ਵਿੱਚ ਉਸਨੇ ਕਲਕੱਤੇ ਤੋਂ ਮੈਟ੍ਰਿਕ ਪਾਸ ਕਰਨ ਪਿੱਛੋਂ ਆਸ਼ੂਤੋਸ਼ ਕਾਲਜ ਵਿੱਚ ਸਾਇੰਸ ਕੋਰਸ ਵਿੱਚ ਦਾਖਲਾ ਲੈ ਲਿਆ। ਪਰ ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋਣ ਕਰਕੇ, ਇਹ ਕੋਰਸ ਵਿੱਚੇ ਛੱਡ ਉਸ ਨੇ ਸ਼ਿਆਮ ਪਰਸ਼ਾਦ ਮੁਖ਼ਰਜੀ ਕਾਲਜ ਵਿੱਚ ਕਮਰਸ ਦੀ ਪੜ੍ਹਾਈ ਵਿੱਚ ਦਾਖਲਾ ਲੈ ਲਿਆ। ਉਹ ਟਿਊਸ਼ਨਾਂ ਪੜ੍ਹਾ ਕੇ ਪੜ੍ਹਾਈ ਦੇ ਖਰਚੇ ਪੂਰੇ ਕਰਦਾ ਸੀ। ਬਾਅਦ ਵਿੱਚ ਬੀ.ਕਾਮ. ਪਾਸ ਕਰਦਿਆਂ ਅਤੇ ਵਿਦਿਆਰਥੀ ਸਰਗਰਮੀਆਂ ਵਿੱਚ ਹਿੱਸਾ ਲੈਂਦਿਆਂ, ਉਹ ਅਣਵੰਡੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ
1953 ਵਿੱਚ ਉਸਨੇ ਕਲਕੱਤਾ ਵਿੱਚ ਬਾਲੀਗੰਜ ਦੇ ਤਿਲਜਲਾ ਸ਼ਹਿਰੀ ਇਲਾਕੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਇਲਾਕੇ ਵਿੱਚ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੀ ਮਜ਼ਦੂਰ ਜਮਾਤ ਦੀ ਸੰਘਣੀ ਆਬਾਦੀ ਸੀ। ਉਸਨੇ ਇਸ ਇਲਾਕੇ ਵਿੱਚ ਪਾਰਟੀ ਦਾ ਕੰਮ ਸ਼ੁਰੂ ਕੀਤਾ ਅਤੇ (ਸਿਟੀਜਨਜ਼ ਰਾਈਟਸ ਕਮੇਟੀ) ਨਾਗਰਿਕ ਅਧਿਕਾਰਾਂ ਸਬੰਧੀ ਕਮੇਟੀ ਨਾਂ ਦੀ ਜਨਤਕ ਜਥੇਬੰਦੀ ਬਣਾ ਕੇ ਇਸ ਇਲਾਕੇ ਦੀ ਦੱਬੀ ਕੁਚਲੀ ਜਨਤਾ ਨਾਲ ਗੂੜ੍ਹੇ ਸਬੰਧ ਸਥਾਪਤ ਕੀਤੇ। ਜਲਦੀ ਹੀ ਉਹ ਇਸ ਇਲਾਕੇ ਵਿੱਚ ਹਰਮਨ ਪਿਆਰਾ ਹੋ ਗਿਆ। ਮੁਸਲਮਾਨ ਫਿਰਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਲਹਿਰਾਂ ਨਾਲ ਨੇੜਲਾ ਰਾਬਤਾ ਕਾਇਮ ਕਰਨ ਸਦਕਾ ਉਹ ਉਹਨਾਂ ਵਿੱਚ ਵਿਸ਼ੇਸ਼ ਤੌਰ 'ਤੇ ਹਰਮਨ ਪਿਆਰਾ ਹੋ ਗਿਆ। 
1959 ਵਿੱਚ ਕਾਮਰੇਡ ਕੇ.ਸੀ. ਅਣਵੰਡੀ ਪਾਰਟੀ ਦੀ ਬਾਲੀਗੰਜ ਕਮੇਟੀ ਦਾ ਸਕੱਤਰ ਬਣਿਆ ਅਤੇ ਉਸੇ ਸਮੇਂ ਇਸ ਇਲਾਕੇ ਦੀਆਂ ਅਨੇਕਾਂ ਜੱਦੋਜਹਿਦਾਂ ਦੀ ਜੋਸ਼ੋ-ਖਰੋਸ਼ ਨਾਲ ਅਗਵਾਈ ਕਰਦੇ ਹੋਏ, ਇਸ ਇਲਾਕੇ ਦੀ ਦੱਬੀ-ਕੁਚਲੀ ਲੋਕਾਈ ਦਾ ਆਗੂ ਵੀ ਬਣ ਗਿਆ। ਇਸ ਤਰੀਕੇ ਨਾਲ ਕਾਮਰੇਡ ਕੇ.ਸੀ. ਦੱਬੀ ਕੁਚਲੀ ਜਨਤਾ ਅਤੇ ਕਿਰਤੀਆਂ ਦੇ ਆਗੂ ਅਤੇ ਦੋਸਤ ਵਜੋਂ ਉੱਭਰ ਕੇ ਸਾਹਮਣੇ ਆਇਆ। 
1959 ਵਿੱਚ ਬੰਗਾਲ ਦੇ ਕਾਂਗਰਸੀ ਮੁੱਖ ਮੰਤਰੀ ਵਿਧਾਨ ਰਾਇ ਦੇ ਵਿਰੁੱਧ ਸੀ.ਪੀ.ਆਈ. ਦੀ ਅਗਵਾਈ ਵਿੱਚ ਉੱਠੇ ਖਾਦਯ (ਅਨਾਜ) ਅੰਦੋਲਨ ਵਿੱਚ ਪੂਰਾ ਹਿੱਸਾ ਲਿਆ, ਭਾਵੇਂ ਸ਼ਹਿਰ ਵਿੱਚ ਰੈਲੀਆਂ ਕਰਨ ਲਈ ਹਜ਼ਾਰਾਂ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਸੀ.ਪੀ.ਆਈ. ਦੇ ਢੰਗ ਤਰੀਕਿਆਂ  ਦਾ ਉਸਨੇ ਡਟਵਾਂ ਵਿਰੋਧ ਕੀਤਾ ਸੀ। ਪਰ ਇਸ ਅੰਦੋਲਨ ਵਿੱਚ ਕਲਕੱਤਾ ਦੇ ਸੈਂਟਰ ਵਿੱਚ ਸਥਿਤ ਧਰਮਤਲ੍ਹਾ ਵਿਖੇ ਰੱਖੀ ਵੱਡੀ ਰੈਲੀ ਉਤੇ ਪੁਲਸ ਨੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਅੱਥਰੂ ਗੈਸ ਛੱਡੀ ਅਤੇ ਗੋਲੀਆਂ ਵਰ੍ਹਾਈਆਂ। ਇਸ ਘਟਨਾ ਵਿੱਚ 81 ਦੇ ਕਰੀਬ ਲੋਕ ਸ਼ਹੀਦ ਹੋਏ ਅਤੇ ਲੱਤ ਵਿੱਚ ਗੋਲੀ ਲੱਗਣ ਨਾਲ ਕਾਮਰੇਡ ਕੇ.ਸੀ. ਵੀ ਗੰਭੀਰ ਫੱਟੜ ਹੋ ਗਏ। 
1962 ਦੀ ਭਾਰਤੀ ਚੀਨ ਜੰਗ ਦੌਰਾਨ ਉਸ ਨੂੰ ਐਨ.ਐਸ.ਏ. ਅਧੀਨ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਉਹ ਚੀਨ ਉੱਤੇ ਭਾਰਤੀ ਹਮਲੇ ਦਾ ਵਿਰੋਧੀ ਸੀ। ਜੇਲ੍ਹ ਵਿੱਚ ਹੀ ਉਸ ਨੇ ਸੀ.ਪੀ.ਆਈ. ਦੀ ਮੌਕਾਪ੍ਰਸਤ ਲੀਡਰਸ਼ਿੱਪ ਵਿਰੁੱਧ ਬਗਾਵਤੀ ਝੰਡਾ ਚੁੱਕ ਲਿਆ। ਜੇਲ੍ਹ ਵਿੱਚ ਹੀ ਉਹ ਕਾਮਰੇਡ ਅਮੁੱਲਿਆ ਸੇਨ ਅਤੇ ਕਾਮਰੇਡ ਚੰਦਰ ਸ਼ੇਖਰ ਦਾਸ ਦੇ ਸੰਪਰਕ ਵਿੱਚ ਆਏ। ਜੇਲ੍ਹ 'ਚੋਂ ਬਾਹਰ ਆ ਕੇ ਉਹਨਾਂ ਨੇ ਸੀ.ਪੀ.ਐਮ. ਦੇ ਅੰਦਰ ਹੀ 'ਚਿੰਤਾ' ਨਾਂ ਦਾ ਇੱਕ ਗੁਪਤ ਕੇਂਦਰ ਸਥਾਪਤ ਕਰ ਲਿਆ। ਪਾਰਟੀ ਦੀ ਸੋਧਵਾਦੀ ਲਾਈਨ ਨੂੰ ਵਿਆਖਿਆ ਸਹਿਤ ਨੰਗਾ ਕਰਨ ਲਈ ਇੱਕ ਗੁਪਤ ਰਸਾਲਾ ਕੱਢਣਾ ਸ਼ੁਰੂ ਕਰ ਦਿੱਤਾ। ਗਰੁੱਪ ਦੇ ਸੋਧਵਾਦ ਨੂੰ ਨੰਗਾ ਕਰਨ ਦੇ ਘੇਰੇ ਅਤੇ ਅਸਰ ਨੂੰ ਵਧਾਉਣ ਲਈ 1966 ਦੇ ਸ਼ੁਰੂ ਵਿੱਚ ਹੀ ਉਸਨੇ 'ਦਕਸ਼ਨ ਦੇਸ਼' ਰਸਾਲਾ ਕੱਢਣਾ ਸ਼ੁਰੂ ਕੀਤਾ। 
ਇਹ ਉਹ ਸਮਾਂ ਸੀ, ਜਦੋਂ ਖਰੁਸ਼ਚੋਵ ਦਾ ਸੋਧਵਾਦ ਜੇਤੂ ਹੋ ਗਿਆ ਸੀ, ਜਿਸ ਦਾ ਭਾਰਤ ਵਿੱਚ ਵੀ ਕਾਫੀ ਪ੍ਰਭਾਵ ਪਿਆ। ਭਾਰਤ ਵਿੱਚ ਮਾਰਕਸਵਾਦ ਤੇ ਸੋਧਵਾਦ ਦਰਮਿਆਨ ਜੱਦੋਜਹਿਦ ਤੇਜ਼ ਹੋ ਗਈ। ਕਾਮਰੇਡ ਕੇ.ਸੀ. ਨੇ ਪਾਰਟੀ ਵਿੱਚ ਸਿਆਸੀ ਤੇ ਵਿਚਾਰਧਾਰਕ ਜੱਦੋਜਹਿਦ ਤੇਜ਼ ਕਰ ਦਿੱਤੀ ਅਤੇ ਪਾਰਟੀ ਦੇ 1964 ਦੇ ਦਸਤਾਵੇਜ਼ ਨੂੰ ਸੋਧਵਾਦੀ ਘੋਸ਼ਿਤ ਕਰ ਦਿੱਤਾ। ਇਹ ਲਹਿਰ ਅੰਦਰਲੇ ਸੋਧਵਾਦ ਵਿਰੁੱਧ ਜੱਦੋਜਹਿਦ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਦੀ ਇੱਕ ਉਦਾਹਰਣ ਹੈ।
ਉਸੇ ਸਮੇਂ ਭਾਰਤ ਦੀਆਂ ਹੱਦਾਂ 'ਤੇ ਮਾਓ ਦੇ ''ਮਹਾਨ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ'' ਦੇ ਸਿਧਾਂਤਾਂ ਨੇ ਦਸਤਕ ਦਿੱਤੀ। ਮਹਾਨ ਪ੍ਰੋਲਤਾਰੀ ਸਭਿਆਚਾਰਕ ਇਨਕਲਾਬ ਦੇ ਇਸ ਸੱਦੇ ਨੂੰ ਕਬੂਲ ਕਰਦਿਆਂ ਕਿ ''ਬਗਾਵਤ ਕਰਨਾ ਸਾਡਾ ਹੱਕ ਹੈ'' ਕਾਮਰੇਡ ਕੇ.ਸੀ. ਨੇ ਪੁਰਾਣੀ ਸੋਧਵਾਦੀ ਪਾਰਟੀ ਨਾਲੋਂ ਪੂਰਨ ਨਾਤਾ ਤੋੜ ਲਿਆ। 
1967 ਵਿੱਚ ਚਾਰੂ ਮਾਜ਼ੂਮਦਾਰ ਦੀ ਅਗਵਾਈ ਵਿੱਚ ਇਤਿਹਾਸਕ ਨਕਸਲਬਾੜੀ ਉਭਾਰ ਉੱਭਰ ਕੇ ਸਾਹਮਣੇ ਆਇਆ। ਇਹ ਬਗਾਵਤ ਪੂਰੇ ਹਿੰਦੋਸਤਾਨ ਵਿੱਚ ਫੈਲਰ ਗਈ। ਸੋਧਵਾਦ ਵਿਰੁੱਧ ਬਗਾਵਤ ਲਹਿਰ ਵਾਂਗ ਫੈਲਰੀ। ਕਮਿਊਨਿਸਟ ਇਨਕਲਾਬੀਆਂ ਨੇ ਇਕ ''ਤਾਲਮੇਲ ਕਮੇਟੀ'' ਦੀ ਸਥਾਪਨਾ ਕੀਤੀ, ਪਰ ਪਾਰਟੀ ਬਣਾਉਣ ਦੇ ਢੰਗ ਤਰੀਕਿਆਂ 'ਤੇ ਮੱਤਭੇਦ ਹੋਣ ਕਰਕੇ ''ਦਕਸ਼ਨ ਦੇਸ਼'' ਗਰੁੱਪ 1969 ਦੇ ਅਪ੍ਰੈਲ ਮਹੀਨੇ ਬਣੀ ਸੀ.ਪੀ.ਆਈ.(ਐਮ.ਐਲ.) ਵਿੱਚ ਸ਼ਾਮਲ ਨਾ ਹੋਇਆ। ਕਾਮਰੇਡ ਕੇ.ਸੀ. ਦੀ ਅਗਵਾਈ ਵਿੱਚ ਕਾਮਰੇਡ ਅਮੁੱਲਿਆ ਸੇਨ ਤੇ ਚੰਦਰ ਸ਼ੇਖਰ ਦਾਸ ਨੂੰ ਨਾਲ ਲੈ ਕੇ 20 ਅਕਤੂਬਰ 1969 ਨੂੰ ਐਮ.ਸੀ.ਸੀ. ਦੀ ਸਥਾਪਨਾ ਕੀਤੀ। 
ਉਦੋਂ ਤੋਂ ਇਹ ਕਾਮਰੇਡ ਕੇ.ਸੀ. ਹੀ ਹੈ, ਜਿਹੜਾ ਐਮ.ਸੀ.ਸੀ. ਦੇ ਵਧਾਰੇ ਅਤੇ ਸਿਆਸਤ ਨਾਲ ਪੁਰੀ ਤਰ੍ਹਾਂ ਜੁੜਿਆ ਹੋਇਆ ਸੀ। ਐਮ.ਸੀ.ਸੀ. ਦਾ ਮੁੱਖ ਆਗੂ ਸੀ। ਇਸ ਪ੍ਰਕਿਰਿਆ ਦੌਰਾਨ ਕਾਮਰੇਡ ਕੇ.ਸੀ. ਨੇ ਬਹੁਤ ਸਾਰੀਆਂ ਇਤਿਹਾਸਕ ਦਸਤਾਵੇਜ਼ਾਂ ਨੂੰ ਅੰਜ਼ਾਮ ਦਿੱਤਾ ਹੈ। ਇਹ ਦਸਤਾਵੇਜ਼ ਭਾਰਤ ਦੀ ਇਨਕਲਾਬੀ ਲਹਿਰ ਦੀ ਲੀਹ ਅਤੇ ਨੀਤੀਆਂ ਨੂੰ ਅੱਗੇ ਵਧਾਉਣ ਵਿੱਚ ਮੱਦਦਗਾਰ ਸਾਬਤ ਹੋਈਆਂ ਹਨ। ਭਾਰਤੀ ਇਨਕਲਾਬੀ ਲਾਈਨ ਦੀ ਸਥਾਪਤੀ ਲਈ ਉਹਨਾਂ ਦੇ ਕੀਮਤੀ ਯੋਗਦਾਨ ਕੁੱਝ ਇਸ ਤਰ੍ਹਾਂ ਹਨ— 
—ਯੁੱਧਨੀਤੀ ਤੇ ਦਾਅਪੇਚਾਂ ਨਾਲ ਸਬੰਧਤ ਦਸਤਾਵੇਜ਼, 
—ਭਾਰਤੀ ਹਥਿਆਰਬੰਦ ਕਿਸਾਨੀ ਘੋਲ ਲਈ ਦਾਅਪੇਚਕ ਲਾਈਨ, 
—ਭਾਰਤ ਵਿੱਚ ਕੌਮੀਅਤਾਂ ਦੇ ਸੁਆਲ ਪ੍ਰਤੀ ਦਰੁਸਤ ਪਹੁੰਚ, 
—ਭਾਰਤ ਅੰਦਰ ਚੋਣਾਂ ਦੇ ਸੁਆਲ 'ਤੇ ਪਹੁੰਚ ਅਤੇ 
—ਭਾਰਤੀ ਇਨਕਲਾਬ ਦੀ ਬੁਨਿਆਦੀ ਲਾਈਨ ਦੀ ਸਥਾਪਤੀ।  
ਉਸ ਦੀ ਦੇਣ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ ਸੀ। ਇਸ ਲਾਈਨ 'ਤੇ ਅਮਲ ਕਰਨ ਲਈ ਉਸ ਨੇ ਔਖੀਆਂ ਘਾਲਣਾ ਘਾਲੀਆਂ। ਲੋਕ ਫੌਜ ਅਤੇ ਆਧਾਰ ਇਲਾਕੇ ਦੀ ਸਥਾਪਨਾ ਦੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਲੀਹ ਮੁਤਾਬਕ ਕੰਮ ਵਿਕਸਤ ਕਰਨ ਲਈ ਬਿਹਾਰ-ਬੰਗਾਲ ਅੰਦਰ ਯੁੱਧਨੀਤਕ ਇਲਾਕੇ ਦੀ ਚੋਣ ਕੀਤੀ। ਅਣਕਿਆਸੀਆਂ ਕਠਨਾਈਆਂ ਵਿਚੀਂ ਲੰਘਦੇ ਹੋਏ, ਉਸਨੇ ਨਵੀਂ ਜਥੇਬੰਦੀ ਦੇ ਬੀਜ ਬੀਜੇ ਅਤੇ ਲਮਕਵੇਂ ਲੋਕ ਯੁੱਧ ਦੇ ਰਾਹ 'ਤੇ ਚੱਲਦੇ ਹੋਏ, ਜ਼ਰੱਈ ਇਨਕਲਾਬੀ ਛਾਪਾਮਾਰ ਜੱਦੋਜਹਿਦਾਂ ਦੀ ਸ਼ੁਰੂਆਤ ਕੀਤੀ। 
ਇੱਕ ਚੰਗਾ ਤੇ ਗੁਪਤਵਾਸ ਕਮਿਊਨਿਸਟ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕਾਮਰੇਡ ਕੇ.ਸੀ. ਦੀ ਕਮਿਊਨਿਸਟ ਜੀਵਨ ਜਾਚ ਇਸ ਦੀ ਇੱਕ ਜਿਉਂਦੀ ਜਾਗਦੀ ਸ਼ਾਨਦਾਰ ਉਦਾਹਰਣ ਹੈ। ਉਸਦੀ ਮਜ਼ਦੂਰਾਂ, ਕਿਸਾਨਾਂ ਅਤੇ ਦੱਬੀ ਕੁਚਲੀ ਜਨਤਾ ਪ੍ਰਤੀ ਪੂਰਨ ਅਤੇ ਅਡੋਲ ਨਿਹਚਾ ਅਤੇ ਸ਼ਰਧਾ ਸਾਡੇ ਸਾਰਿਆਂ ਲਈ ਇੱਕ ਰੌਸ਼ਨ ਉਦਾਹਰਣ ਹੈ। ਬਦਕਿਸਮਤੀ ਨਾਲ ਉਹ 18 ਜੁਲਾਈ 1982 ਨੂੰ 49 ਸਾਲ ਦੀ ਛੋਟੀ ਉਮਰ ਵਿੱਚ ਹੀ ਗੁਪਤਵਾਸ ਜਿੰਦਗੀ ਦੀਆਂ ਕਠਿਨ ਹਾਲਤਾਂ ਵਿੱਚੋਂ ਲੱਗੀ ਬਿਮਾਰੀ ਕਾਰਨ ਸਾਨੂੰ ਸਦਾ ਲਈ ਵਿਛੋੜਾ ਦੇ ਗਏ। 
ਕਾਮਰੇਡ ਕੇ.ਸੀ. ਨੂੰ ਅੱਜ ਭਾਰਤੀ ਇਨਕਲਾਬ ਦੇ ਇੱਕ ਅਧਿਆਪਕ ਤੇ ਇੱਕ ਰਹਿਬਰ ਦੇ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ। ਸਹੀ ਪ੍ਰੋਲੇਤਾਰੀ ਕਦਰਾਂ ਨੂੰ ਪ੍ਰਣਾਏ ਹੋਣ ਸਦਕਾ ਉਹ ਇਨਕਲਾਬੀ ਲਹਿਰ ਦੇ ਇੱਕ ਮਹੱਤਵਪੂਰਨ ਸਿਧਾਂਤਕ ਆਗੂ ਹੋ ਨਿੱਬੜੇ। ਉਹ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦੇ ਸੱਚੇ ਦੋਸਤ, ਯੁੱਧ ਸਾਥੀ ਅਤੇ ਰਹਿਨੁਮਾ ਸਨ ਜਿਹੜੇ ਬੀਜ ਉਸਨੇ ਨੇ ਬੀਜੇ ਸਨ, ਉਹ ਅੱਜ ਡੂੰਘੀਆਂ ਜੜ੍ਹਾਂ ਵਾਲੇ ਵੱਡੇ ਦਰਖਤ ਬਣ ਗਏ ਹਨ। ਜੋ ਭਾਰਤ ਦੇ ਵੱਡੇ ਦਿਹਾਤੀ ਵਿੱਚ ਟਹਿਕ ਰਹੇ ਹਨ ਅਤੇ ਖਿੜ ਰਹੇ ਹਨ।  ਭਾਰਤੀ ਹਾਕਮਾਂ ਨੂੰ ਮੌਤ ਦਾ ਧੁੜਕੂ ਲਾ ਰਹੇ ਹਨ। ੦-੦

No comments:

Post a Comment