Sunday, 21 July 2019

ਪੰਜਾਬ ਚੋਣਾਂ ਦੇ ਨਤੀਜੇ ਤੇ ਹਿੰਦੂਤਵੀ ਫਾਸ਼ੀਵਾਦ ਦਾ ਖਤਰਾ

ਪੰਜਾਬ ਚੋਣਾਂ ਦੇ ਨਤੀਜੇ ਤੇ ਹਿੰਦੂਤਵੀ ਫਾਸ਼ੀਵਾਦ ਦਾ ਖਤਰਾ
-ਸੁਬੇਗ
ਪੰਜਾਬ ਚੋਣਾਂ ਦੇ ਨਤੀਜੇ ਭਾਰਤ ਪੱਧਰੇ ਨਤੀਜਿਆਂ ਦੇ ਉਲਟ ਸਾਹਮਣੇ ਆਏ ਹਨ। ਪੰਜਾਬ  ਦੀਆਂ ਕੁੱਲ 13 ਸੀਟਾਂ ਵਿੱਚੋਂ 8 ਕਾਂਗਰਸ ਨੂੰ ਗਈਆਂ ਹਨ। ਦੋ ਅਕਾਲੀ ਦਲ ਨੂੰ, ਦੋ ਬੀ.ਜੇ.ਪੀ. ਨੂੰ ਅਤੇ ਇੱਕ ਆਪ ਨੂੰ ਮਿਲੀ ਹੈ। ਪੁਲਵਾਮਾ ਹਮਲੇ ਅਤੇ ਬਾਲਾਕੋਟ ਦੇ ਸਰਜੀਕਲ ਡਰਾਮੇ ਤੋਂ ਬਾਅਦ ਜੇਕਰ ਪੰਜਾਬ ਦੇ ਨਤੀਜੇ ਉਪਰੋਕਤ ਸਾਹਮਣੇ ਆਏ ਹਨ ਤਾਂ ਇਹ ਆਪਣੇ ਆਪ ਸਿੱਧ ਕਰਦੇ ਹਨ ਕਿ ਪੰਜਾਬੀ ਵੋਟਰਾਂ ਨੇ ਮੋਦੀ ਜੁੰਡਲੀ ਦੇ ਪਾਕਿਸਤਾਨ, ਕਸ਼ਮੀਰ, ਮੁਸਲਮਾਨਾਂ ਅਤੇ ਦਲਿਤਾਂ ਵਿਰੁੱਧ ਭੜਕਾਏ ਹਿੰਦੂ ਰਾਸ਼ਟਰਵਾਦ ਦੇ ਜਨੂੰਨ ਨੂੰ ਇੱਕ ਵਾਰ ਨਕਾਰ ਦਿੱਤਾ ਹੈ। 
ਪੰਜਾਬ ਜਿਸਦੀ ਵਸੋਂ ਦਾ ਵੱਡਾ ਹਿੱਸਾ ਸਿੱਖ ਖਾਸ ਕਰਕੇ ਕਿਸਾਨ ਤੇ ਪੇਂਡੂ ਮਜ਼ਦੂਰ ਹਨ, ਜਿਹਨਾਂ ਨੇ ਆਪਣੇ ਪਿੰਡਿਆਂ ਉੱਤੇ ਹਿੰਦੂ ਜਨੂੰਨੀਆਂ ਦੀ ਝਲਿਆਈ ਮੁਹਿੰਮ ਦਾ ਸੇਕ ਜਰਿਆ ਹੈ। ਉਹਨਾਂ ਦੇ ਮਨਾਂ ਉੱਤੇ ਜੂਨ 1984 ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਵਿਰੁੱਧ ਭੜਕਾਈ ਵਿਉਂਤਬੰਦ ਹਿੰਸਾ ਦੇ ਜਖਮ ਅਜੇ ਵੀ ਅੱਲੇ ਹਨ। ਭਾਜਪਾ, ਡੇਰਾ ਸਿਰਸਾ ਅਤੇ ਅਕਾਲੀ ਦਲ ਬਾਦਲ ਵੱਲੋਂ ਵਿਉਂਤਬੰਦ ਢੰਗ ਨਾਲ ਕੀਤੀਆਂ ਗੁਰੂ ਗਰੰਥ ਸਾਹਿਬ ਦੀ ਬੇਇੱਜਤੀ ਦੀਆਂ ਘਟਨਾਵਾਂ ਉਹਨਾਂ ਦੇ ਵਲੂੰਧਰੇ ਦਿਲਾਂ ਉੱਤੇ ਅਜੇ ਵੀ ਉੱਕਰੀਆਂ ਹੋਈਆਂ ਹਨ। ਧਰਮ ਦੇ ਆਧਾਰ ਉੱਤੇ ਖੜ੍ਹੇ ਕੀਤੇ ਦੋ ਕੌਮਾਂ ਦੇ ਸਿਧਾਂਤ ਦੇ ਅਧਾਰ ਉੱਤੇ ਕੀਤੀ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਦੇ ਜਖਮ  ਅਤੇ ਦਿੱਤਾ ਪੰਜਾਬੀ ਕੌਮ ਨੂੰ ਚੀਰ ਅਜੇ ਉਹਨਾਂ ਨੂੰ ਭੁੱਲਿਆ ਨਹੀਂ। ਉਹ ਆਪਣੇ ਦਾਦਿਆਂ-ਪੜਦਾਦਿਆਂ ਤੋਂ ''ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ'' ਵਰਗੇ ਅਖਾਣਾਂ ਰਾਹੀਂ ਆਪਣੇ ਪੁਰਖਿਆਂ ਦੇ ਪਿੰਡਿਆਂ 'ਤੇ ਉੱਕਰੇ ਅਸਹਿ ਜਬਰ ਦੇ ਕਿੱਸੇ ਸੁਣੇ ਸਨ, ਜਿਹਨਾਂ ਨੂੰ ਸੁਣ ਕੇ ਉਹਨਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਹ ਸਭ ਕੁੱਝ ਉਹਨਾਂ ਦੇ ਦਿਲ-ਦਿਮਾਗ 'ਚੋਂ ਗੀਤਾਂ, ਕਹਾਣੀਆਂ, ਨਾਵਲਾਂ, ਫਿਲਮਾਂ ਆਦਿ ਰਾਹੀਂ ਅੱਜ ਵੀ ਵਹਿੰਦਾ ਰਹਿੰਦਾ ਹੈ।
ਅਕਾਲੀ ਦਲ (ਬਾਦਲ) ਜਿਹੜਾ ਆਪਣੇ ਆਪ ਨੂੰ ਪੰਜਾਬੀਆਂ ਅਤੇ ਸਿੱਖਾਂ ਦੀ ਪਾਰਟੀ ਸਮਝਦਾ ਹੈ, ਵੱਲੋਂ  ਇਸ ਤੋਂ ਅੱਖਾਂ ਮੀਟ ਕੇ ਇਹਨਾਂ ਚੋਣਾਂ ਦੌਰਾਨ ਮੰਨੂਵਾਦੀ ਭਾਜਪਾ ਤੋਂ ਵੱਖਰਾ ਕੋਈ ਚੋਣ ਮਨੋਰਥ ਪੱਤਰ ਰਸਮੀ ਤੌਰ 'ਤੇ ਹੀ ਜਾਰੀ ਨਹੀਂ ਕੀਤਾ ਅਤੇ ਨਾ ਹੀ ਪੰਜਾਬੀ ਕੌਮ ਅਤੇ ਸਿੱਖ ਧਾਰਮਿਕ ਘੱਟ ਗਿਣਤੀ ਦੀਆਂ ਮੰਗਾਂ-ਮਸਲਿਆਂ ਦਾ ਕੋਈ ਰਸਮੀ ਤੌਰ 'ਤੇ ਵੀ ਜ਼ਿਕਰ ਕੀਤਾ। ਉਸਨੇ ਮੋਦੀ ਜੁੰਡਲੀ ਦੇ ਮੰਨੂੰਵਾਦੀ ਹਿੰਦੂ ਰਾਸ਼ਟਰਵਾਦ ਦੀ ਡੱਟਵੀਂ ਹਮਾਇਤ ਕੀਤੀ ਹੈ। ਮੋਦੀ ਨੂੰ ਇੱਕੋ ਇੱਕ ਸਮਰੱਥ ਆਗੂ ਵਜੋਂ ਉਭਾਰਿਆ ਹੈ। ਇਹਨਾਂ ਚੋਣਾਂ ਦੌਰਾਨ ਸ਼ਹਿਰੀ ਵੋਟ ਭਾਜਪਾ ਵੰਨੀ ਖਿਸਕਣ ਤੇ ਅਕਾਲੀ ਦਲ ਨੂੰ ਪੈਣ ਉੱਤੇ ਵੀ ਮੋਦੀ ਜੁੰਡਲੀ ਦਾ ਗੁਣਗਾਣ ਕੀਤਾ ਗਿਆ। ਉਹਨਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਚੋਣ ਗੱਠਜੋੜ ਨੂੰ ਮਹਿਜ਼ ਚੋਣ ਗੱਠਜੋੜ ਦੇਖਣਾ ਗਲਤ ਹੋਵੇਗਾ। ਇਹ ਗੱਠਜੋੜ ਉਹਨਾਂ ਦੀ ਜਮਾਤੀ, ਸਿਆਸੀ ਸਾਂਝ ਦਾ ਗੱਠਜੋੜ ਹੈ। ਅਮਰੀਕੀ ਸਾਮਰਾਜ ਨਾਲ ਯਾਰੀ ਦੀ ਸਾਂਝ ਬਹੁਤ ਪੁਰਾਣੀ ਹੈ। ਅਕਾਲੀ ਦਲ (ਬਾਦਲ) ਦੇ ਰੋਲ ਨੂੰ ਮਹਿਜ਼ ਸਿੱਖ ਤੇ ਪੰਜਾਬੀ ਕੌਮ ਦੇ ਮੰਗਾਂ-ਮਸਲਿਆਂ ਨੂੰ ਮਹਿਜ਼ ਵਰਤਣ ਦੀ ਲੋੜ ਵਜੋਂ ਦੇਖਣਾ ਵੀ ਪੁਰਾ ਸੱਚ ਨਹੀਂ। ਪੂਰਾ ਸੱਚ ਇਹ ਹੈ ਕਿ ਅਕਾਲੀ ਦਲ (ਬਾਦਲ) ਦੀ ਚੋਟੀ ਲੀਡਰਸ਼ਿੱਪ ਖੁਦ ਬ੍ਰਾਹਮਣਵਾਦੀ ਜਾਗੀਰੂ ਵਿਚਾਰਧਾਰਾ ਦੀ ਖੁਦ ਪੈਰੋਕਾਰ ਹੈ। ਇਹ ਆਰ.ਐਸ.ਐਸ. ਦੇ ਇੱਕ ਜੁੜਵੇਂ ਅੰਗ ਵਜੋਂ ਪੰਜਾਬੀ ਕੌਮ ਅਤੇ ਸਿੱਖ ਧਾਰਮਿਕ ਘੱਟ ਗਿਣਤੀ ਦੀ ਜੁਝਾਰੂ ਰਵਾਇਤਾਂ, ਜੱਦੋਜਹਿਦ, ਇਤਿਹਾਸ ਅਤੇ ਵਿਰਸੇ ਨੂੰ ਇਸ ਆਧਾਰ ਉੱਤੇ ਖੁਦ ਖਤਮ ਕਰਨ ਉੱਤੇ ਲੱਗੀ ਹੋਈ ਹੈ। ਇਸ ਨੇ ਪਿਛਲੇ ਸਮੇਂ ਅੰਦਰ ਖੁਦ ਪੰਜਾਬ ਵਿੱਚ ਸਿੱਖ ਡੇਰਾਵਾਦ ਨੂੰ ਰੱਜ ਕੇ ਪ੍ਰਫੁੱਲਤ ਕੀਤਾ ਹੈ। ਪੰਜਾਬ ਅੰਦਰ ਮਸ਼ਹੂਰ ਡੇਰੇਦਾਰਾਂ ਨਾਲ ਇਸ ਦੀਆਂ ਮਿਲਣੀਆਂ ਤੇ ਸਾਂਝਾਂ ਕਿਸੇ ਨੂੰ ਭੁੱਲੀਆਂ ਨਹੀਂ ਹਨ। ਗੁਰਦੁਆਰਿਆਂ ਅੰਦਰ ਜਾਤੀਪ੍ਰਥਾ ਨੂੰ ਪ੍ਰਫੁੱਲਤ ਕਰਨਾ ਇਹਨਾਂ ਦਾ ਕੀਤਾ ਹੋਇਆ ਕੁਕਰਮ ਹੈ, ਜਿਸ ਕਰਕੇ ਪੰਜਾਬ ਦੇ ਦਲਿਤ ਸਿੱਖ ਧਰਮ ਤੋਂ ਪਾਸੇ ਚਲੇ ਗਏ ਹਨ। ਸਿੱਖ ਧਰਮ ਨੂੰ ਮਹਿਜ਼ ਪੂਜਾ-ਪਾਠ ਦੇ ਧਰਮ ਤੱਕ ਸੀਮਤ ਕਰਨਾ ਇਹਨਾਂ ਦੀ ਬ੍ਰਾਹਮਣਵਾਦੀ ਸੋਚ ਦਾ ਲਾਗੂ ਹੈ। ਪੰਜਾਬੀ ਕੌਮ ਦੇ ਮੁਕਾਬਲੇ ਸਿੱਖ ਧਰਮ ਦੇ ਆਧਾਰਤ ਸਿੱਖ ਕੌਮ ਦੇ ਸਿਧਾਂਤ ਪੇਸ਼ ਕਰਨ ਵੀ ਇਸਦਾ ਲਾਗੂ ਰੂਪ ਹੈ। ਪੰਜਾਬੀ ਕੌਮੀਅਤ  ਦੇ ਮੰਗਾਂ-ਮਸਲਿਆਂ ਤੇ ਭਾਸ਼ਾ ਨੂੰ ਮਹਿਜ਼ ਸਿੱਖਾਂ ਦੇ ਮੰਗਾਂ-ਮਸਲਿਆਂ ਅਤੇ ਪੰਜਾਬੀ ਭਾਸ਼ਾ ਦੇ ਤੌਰ 'ਤੇ ਪੇਸ਼ ਕਰਨ ਇਹਨਾਂ ਦੀ ਧਰਮ ਦੇ ਆਧਾਰ ਕੌਮ ਦੀ ਆਰ.ਐਸ.ਐਸ. ਮਾਰਕਾ ਧਾਰਨਾ ਦੀ ਉਪਜ ਹੈ। ਇਸ ਕਰਕੇ ਇਹਨਾਂ ਵੱਲੋਂ ਪੰਜਾਬੀ ਕੌਮ ਅਤੇ ਸਿੱਖ ਧਾਰਮਿਕ ਘੱਟ ਗਿਣਤੀ ਦੇ ਮੰਗਾਂ/ਮਸਲਿਆਂ ਨੂੰ ਕਾਂਗਰਸੀਆਂ ਤੋਂ ਗੱਦੀ ਹਥਿਆਉਣ ਲਈ ਮਹਿਜ਼ ਵਰਤਿਆ ਹੀ ਨਹੀਂ ਸਗੋਂ ਇਸ ਦੇ ਜੁਝਾਰੂ ਇਤਿਹਾਸ, ਵਿਰਸੇ ਅਤੇ ਰਿਵਾਇਤਾਂ ਦੀ ਬ੍ਰਾਹਮਣੀ ਵਿਚਾਰਧਾਰਾ ਤੇ ਸਿਆਸਤ ਮੁਤਾਬਕ ਭੰਨਤੋੜ ਵੀ ਕੀਤੀ ਹੈ। ਸਿੱਖ ਗੁਰਦੁਆਰਿਆਂ ਦੇ ਮੁਕਾਬਲੇ ਡੇਰਾਵਾਦ ਨੂੰ ਪ੍ਰਫੁੱਲਤ ਕੀਤਾ। ਸਿੱਖ ਧਰਮ ਦੇ ਮਜ਼ਲੂਮਾਂ ਦੇ ਪੱਖ ਵਿੱਚੱ ਡਟਣ ਦੇ ਸਿਧਾਂਤ ਨੂੰ ਖਾਰਜ ਕਰਕੇ ਮਜ਼ਲੂਮਾਂ ਉਤੇ ਜਬਰ ਕੀਤੇ ਹਨ। ਪਿੰਡ ਵਿੱਚ ਜਦੋਂ ਇਹਨਾਂ ਜਮਾਤੀ ਤੇ ਜਾਤੀ ਦਾਬੇ ਵਿਰੁੱਧ ਪੇਂਡੂ ਮਜ਼ਦੂਰ ਆਪਣੇ ਹੱਕ ਲਈ ਸਿਰ ਉਠਾਉਂਦੇ ਹਨ ਤਾਂ ਇਹਨਾਂ ਦਾ ਬ੍ਰਾਹਮਣਵਾਦ ਜੱਟਵਾਦ ਦਾ ਰੂਪ ਧਾਰ ਲੈਂਦਾ ਹੈ। ਮੌਜੂਦਾ ਲੋਕ ਸਭਾ ਚੋਣਾਂ ਅੰਦਰ ਜਿੱਥੇ ਇਹਨਾਂ ਦਾ ਸਿੱਖ ਕਿਸਾਨੀ ਵਿੱਚੋਂ ਵੋਟ ਬੈਂਕ ਸੁੰਗੜਿਆ ਹੈ, ਉੱਥੇ ਇਹਨਾਂ ਦੀ ਨਿਰਭਰਤਾ ਭਾਜਪਾ ਦੀ ਸ਼ਹਿਰੀ ਹਿੰਦੂ ਵੋਟ ਉੱਤੇ ਵਧ ਗਈ ਹੈ। ਸ਼ਹਿਰੀ ਹਿੰਦੂ ਵੋਟ ਜਿਹੜੀ ਮੋਦੀ ਜੁੰਡਲੀ ਦੇ ਹਿੰਦੂ ਰਾਸ਼ਟਰਵਾਦ ਦੇ ਨਾਹਰੇ ਪਿੱਛੇ ਲਾਮਬੰਦ ਹੋ ਰਹੀ ਹੈ। ਸਿੱਖ ਕਿਸਾਨੀ ਦੀ ਪੇਂਡੂ ਵੋਟ ਕਾਂਗਰਸ ਵੱਲ ਨੂੰ ਖਿਸਕੀ ਹੈ, ਜਿਸ ਕਰਕੇ ਕਾਂਗਰਸ ਨੂੰ ਵੱਧ ਸੀਟਾਂ ਮਿਲੀਆਂ ਹਨ। ਪੰਜਾਬੀ ਤੇ ਸਿੱਖ ਲੋਕਾਂ ਦੇ ਮਨਾਂ ਵਿੱਚ ਕਾਂਗਰਸ ਦਾ ਸਿੱਖ ਘੱਟ ਗਿਣਤੀ ਤੇ ਪੰਜਾਬੀ ਕੌਮ ਵਿਰੋਧੀ ਨਕਸ਼ਾ ਵੀ ਫਿੱਕਾ ਪਿਆ ਹੈ। ਪੰਜਾਬ ਦੀ ਕਾਂਗਰਸ ਲੀਡਰਸ਼ਿੱਪ ਲੋਕਾਂ ਨੂੰ ਇਹ ਧੋਖਾ ਦੇਣ ਵਿੱਚ ਕਾਮਯਾਬ ਰਹੀ ਹੈ। ਇਸ ਵਿੱਚ ਕੈਪਟਨ ਤੇ ਸਿੱਧੂ ਦੋਹਾਂ ਦਾ ਮੋਹਰੀ ਰੋਲ ਹੈ। 
ਚੋਣਾਂ ਅੰਦਰ ਭਾਵੇਂ ਮੋਦੀ ਜੁੰਡਲੀ ਦਾ ਹਿੰਦੂਤਵੀ  ਫਾਸ਼ੀਵਾਦੀ ਪੈਂਤੜਾ ਕਾਟ ਨਹੀਂ ਕਰ ਸਕਿਆ ਪਰ ਪੰਜਾਬ ਚੋਣਾਂ ਅੰਦਰ ਕਾਂਗਰਸ, ਅਕਾਲੀ ਦਲ (ਬਾਦਲ), ਆਪ ਪਾਰਟੀ ਅਤੇ ਹੋਰ ਸਾਰੇ ਚੋਣ ਪਹਿਲਵਾਨਾਂ ਦੇ ਮੁਕਾਬਲੇ ਭਾਜਪਾ ਦੀ ਕਾਰਗੁਜਾਰੀ ਸਭ ਤੋਂ ਸਿਖਰ ਉੱਤੇ ਹੈ, ਜੋ ਕਿ ਤਿੰਨ ਵਿੱਚੋਂ ਦੋ ਸੀਟਾਂ ਜਿੱਤ ਗਈ ਹੈ। ਇਸ ਕਰਕੇ ਪੰਜਾਬ ਅੰਦਰ ਹਿੰਦੂਤਵੀ ਫਾਸ਼ੀਵਾਦ ਦੇ ਰੋਲ ਤੇ ਸਰਗਰਮੀ ਨੂੰ ਘਟਾ ਕੇ ਵੇਖਣਾ ਵੀ ਦਰੁਸਤ ਨਹੀਂ ਹੋਵੇਗਾ। ਪੰਜਾਬ ਅੰਦਰ ਮੰਨੂੰਵਾਦੀ ਫਾਸ਼ੀਵਾਦੀ ਆਰ.ਐਸ.ਐਸ. ਬਹੁਤ ਢੰਗਾਂ ਨਾਲ ਕੰਮ ਕਰ ਰਹੀ ਹੈ। ਉਹਨਾਂ ਦਾ ਪਹਿਲਾ ਢੰਗ ਸ਼ਹਿਰ ਤੇ ਪੇਂਡੂ ਹਿੰਦੂਆਂ ਨੂੰ ਆਪਣੇ ਪਿੱਛੇ ਲਾਮਬੰਦ ਕਰਨਾ ਅਤੇ ਹਿੰਦੂਤਵੀ ਫਾਸ਼ੀਵਾਦ ਦੀ ਪੁੱਠ ਚਾੜ੍ਹਨਾ ਹੈ। ਇਸ ਮਕਸਦ ਲਈ ਸ਼ਹਿਰਾਂ ਅੰਦਰ, ਆਰ.ਐਸ.ਐਸ. ਦੇ ਕੈਂਪ ਤੇ ਕਲਾਸਾਂ ਲਾਉਣੀਆਂ, ਯੋਗਾ ਅਤੇ ਮੈਡੀਕਲ ਕੈਂਪ ਲਾਉਣੇ, ਆਏ ਸਾਲ ਹੁੰਦੀ ਅਮਰਨਾਥ, ਅਤੇ ਨੈਣਾ ਦੇਵੀ ਤੀਰਥ ਯਾਤਰਾ ਮੌਕੇ ਕਾਬੜ ਸ਼ਿਵਰ ਲਾਉਣੇ, ਗਊ ਰੱਖਿਆ ਦਲ, ਜਲ ਸੇਵਾ ਦਲ, ਹਸਪਤਾਲਾਂ, ਸਕੂਲ, ਕਾਲਜ, ਧਰਮਸ਼ਾਲਾ ਖੋਲ੍ਹਣ ਵਰਗੇ ਸੁਧਾਰਕ ਕੰਮਾਂ ਰਾਹੀਂ ਸ਼ਹਿਰਾਂ ਅੰਦਰ ਪਸਾਰਾ ਕਰਨਾ ਹੈ। ਲੋਕਾਂ ਨੂੰ ਸਿਆਸੀ ਤੌਰ 'ਤੇ ਸੰਗਠਤ ਕਰਨ ਲਈ ਉਹ ਭਾਜਪਾ, ਹਿੰਦੂ ਵਿਦਿਆਰਥੀ ਪ੍ਰੀਸ਼ਦ, ਵਪਾਰਕ ਸੰਗਠਨ, ਯੁਵਾ ਮੋਰਚਾ ਆਦਿ ਥੜ੍ਹੇ ਖੜ੍ਹੇ ਕਰ ਅਤੇ ਵਿਉਂਤਬੱਧ ਢੰਗ ਨਾਲ ਇਹਨਾਂ ਨੂੰ ਮਜਬੂਤ ਕਰ ਰਹੀ ਹੈ। 
ਧਾਰਮਿਕ ਤੌਰ 'ਤੇ ਦੂਜੇ ਧਰਮ ਨੂੰ ਵਰਤਣ ਲਈ ਇਸ ਨੇ ਅਲੱਗ ਸੰਗਠਨ ਬਣਾਏ ਹੋਏ ਹਨ। ਪੰਜਾਬ ਦੇ ਡੇਰਾ ਸਿਰਸਾ ਅਤੇ ਡੇਰਾ ਬਿਆਸ ਨਾਲ ਭਗਵਤ ਦੀਆਂ ਮਿਲਣੀਆਂ ਕਿਸੇ ਤੋਂ ਗੁੱਝੀਆਂ ਨਹੀਂ। ਨਾਮਧਾਰੀਆਂ ਦੇ ਠਾਕੁਰ ਉਦੈ ਸਿੰਘ ਧੜੇ ਵੱਲੋਂ ਰਾਮ ਮੰਦਰ ਦੇ ਨਿਰਮਾਣ ਦੀ ਡਟਵੀਂ ਹਮਾਇਤ ਵੀ ਇਸੇ ਨੀਤੀ ਦਾ ਹਿੱਸਾ ਹੈ। ਡੇਰਾ ਸਿਰਸਾ ਰਾਹੀਂ ਬੇਅਦਬੀ ਦੀਆਂ ਘਟਨਾਵਾਂ ਅਤੇ ਮੌੜ ਬੰਬ ਕਾਂਡ ਰਚਾਉਣੇ, ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਮੁਆਫੀ ਦੇ ਮੁੱਦੇ ਤੋਂ ਧਿਆਨ ਪਾਸੇ ਤਿਲ੍ਹਕਾਉਣ ਦੀਆਂ ਸਕੀਮਾਂ ਉਸਦੀ ਸੋਚ ਦੀ ਉਪਜ ਸਨ। 
ਫੌਰੀ ਪ੍ਰਸੰਗ ਅੰਦਰ ਭਾਵੇਂ ਉਸਦਾ ਪੈਂਤੜਾ ਅਕਾਲੀ ਦਲ (ਬਾਦਲ) ਨਾਲ ਚੋਣ ਗੱਠਜੋੜ ਦਾ ਸਾਹਮਣੇ ਆ ਰਿਹਾ ਹੈ। ਇਸ ਪੈਂਤੜੇ ਰਾਹੀਂ ਉਹ ਅਕਾਲੀ ਦਲ ਨੂੰ ਅੰਦਰੋਂ ਕਮਜ਼ੋਰ ਕਰਨ ਉੱਤੇ ਲੱਗੀ ਹੋਈ ਹੈ। ਉਸਦੀ ਖੁਦ ਦੀ ਮਜਬੂਤੀ ਦੇ ਪ੍ਰਸੰਗ ਵਿੱਚ ਉਹ ਚੋਣ ਗੱਠਜੋੜ ਦੇ ਪੈਂਤੜੇ ਦਾ ਤਿਆਗ ਵੀ ਕਰ ਸਕਦੀ ਹੈ। ਉਹ ਸਿੱਧੀਆਂ ਖੁਦ ਚੋਣਾਂ ਵੀ ਲੜ ਸਕਦੀ ਹੈ। ਉਹ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਉੱਤੇ ਸਿੱਧੇ ਕਬਜ਼ੇ ਲਈ ਰਾਸ਼ਟਰੀ ਸਿੱਖ ਸੰਗਤ ਵਰਗੀਆਂ ਉਸਦੀਆਂ ਸਿੱਧੀਆਂ ਸ਼ਾਖਾਵਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਖੁਦ ਵੀ ਲੜ ਸਕਦੀ ਹੈ। ਸਿੱਖਾਂ ਦੇ ਤਖਤ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਸਨੇ ਆਪਣੇ ਇੱਕ ਐਮ.ਐਲ.ਏ. ਨੂੰ ਬਣਾ ਲਿਆ ਹੈ। ਇਸ ਸਾਰੇ ਕੁੱਝ ਦਾ ਉਸਦਾ ਮਕਸਦ ਸਿੱਖ ਘੱਟ ਗਿਣਤੀ ਅਤੇ ਪੰਜਾਬੀ ਕੌਮ ਦੀ ਵੱਖਰੀ ਹੋਂਦ, ਹਸਤੀ ਅਤੇ ਪਹਿਚਾਣ, ਇਤਿਹਾਸ, ਜੱਦੋਜਹਿਦ ਅਤੇ ਮਾਰਸ਼ਲ ਰਵਾਇਤਾਂ ਨੂੰ ਅੰਦਰੋਂ ਖਤਮ ਕਰਨਾ ਹੈ। ਇਹਨਾਂ ਨੂੰ ਹਿੰਦੂ ਰਾਸ਼ਟਰ/ਹਿੰਦੂ ਕੌਮ ਦਾ ਅੰਗ ਦਿਖਾਉਣਾ ਬਣਾਉਣਾ ਤੇ ਪੇਸ਼ ਕਰਨਾ ਹੈ। ਜਿਹੜੇ ਸਿੱਖ, ਆਰ.ਐਸ.ਐਸ. ਦੇ ਇਸ ਪੈਂਤੜੇ ਦਾ ਵਿਰੋਧ ਕਰਦੇ ਹਨ। ਉਹ ਇਸਦੇ ਦੁਸ਼ਮਣ ਹਨ। ਉਹ ਭਾਵੇਂ ਸਾਧਾਰਨ ਸਿੱਖ ਜਾਂ ਕੱਟੜ ਹਿੱਸੇ ਹਨ। ਅਜਿਹੇ ਸਿੱਖ ਹਿੱਸਿਆਂ ਨੂੰ ਬਦਨਾਮ ਕਰਨਾ ਅਤੇ ਹਕੂਮਤੀ ਡੰਡੇ ਰਾਹੀਂ ਸਿੱਧਾ ਕਰਨਾ ਹਿੰਦੂਤਵੀ ਤਾਕਤਾਂ ਦੀ ਲੋੜ ਹੈ। ਪੰਜਾਬ ਅੰਦਰ ਵਸਦੇ ਦਲਿਤ ਮੁਸਲਮਾਨ, ਇਸਾਈ ਅਤੇ ਕਮਿਊਨਿਸਟ ਇਨਕਲਾਬੀ ਤੇ ਇਨਕਲਾਬੀ ਜਮਹੂਰੀ ਹਿੱਸੇ ਵੀ ਇਸ ਦੇ ਦੁਸ਼ਮਣਾਂ ਦੀ ਕਤਾਰ ਵਿੱਚ ਹਨ। 
ਕੇਂਦਰੀ ਹਕੂਮਤ ਉੱਤੇ ਮੁੱਖ ਕਬਜ਼ੇ ਤੋਂ ਬਾਅਦ ਪੰਜਾਬ ਦੇ ਇਨਕਲਾਬੀ ਹਲਕਿਆਂ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਉਹ ਮੰਨੂਵਾਦੀ ਹਿੰਦੂਤਵੀ ਫਾਸ਼ੀਵਾਦੀ ਮੋਦੀ ਜੁੰਡਲੀ ਦੇ ਹਰ ਉਸ ਫੈਸਲੇ ਦਾ ਵਿਰੋਧ ਕਰਨ ਜਿਹੜਾ ਉਸ  ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰਵਾਦ ਐਲਾਨਣ ਲਈ ਚੁੱਕਿਆ ਜਾਂਦਾ ਹੈ। ਉਹ ਸਾਰੀਆਂ ਦੱਬੀਆਂ-ਕੁਚਲੀਆਂ ਜਮਾਤਾਂ, ਕੌਮੀਅਤਾਂ, ਦਲਿਤਾਂ ਅਤੇ ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨ, ਇਸਾਈਆਂ ਅਤੇ ਸਿੱਖਾਂ ਉੱਤੇ ਹੋਣ ਵਾਲੇ ਹਮਲਿਆਂ ਦਾ ਵਿਰੋਧ ਕਰਨ। ਉਹ ਪੰਜਾਬੀ ਕੌਮੀਅਤ ਤੇ ਸਿੱਖ ਧਾਰਮਿਕ ਘੱਟ ਗਿਣਤੀ ਅੰਦਰ ਘੁਸ ਕੇ ਉਸ ਦੀ ਵੱਖਰੀ ਹੋਂਦ, ਹਸਤੀ, ਇਤਿਹਾਸ, ਜੱਦੋਜਹਿਦ, ਵਿਰਸੇ, ਜੁਝਾਰੂ ਰਵਾਇਤਾਂ ਨੂੰ ਖਤਮ ਕਰਨ ਵਿਰੁੱਧ ਡਟਣ। ਪੰਜਾਬੀ ਕੌਮੀਅਤ ਦੇ ਆਪਾ ਨਿਰਣੇ ਸਮੇਤ ਅਲਹਿਦਾ ਹੋਣ ਦੇ ਹੱਕ ਨੂੰ ਉਭਾਰਨ।   ੦-੦

No comments:

Post a Comment