ਹਿੰਦੂ ਦਹਿਸ਼ਤਗਰਦ ਬਰੀ ਕਰਨ ਦਾ ਮਾਮਲਾ—
ਭਾਰਤੀ ਰਾਜ ਦਾ ਹਿੰਦੂ ਫਿਰਕੂ ਤੁਅੱਸਬੀ ਕਿਰਦਾਰ ਬੇਪਰਦ
-ਚੇਤਨ
ਹਿੰਦੂ ਅੱਤਵਾਦ ਦਾ ਚਿਹਰਾ ਬਣੀ ਸਾਧਵੀ ਪਰੱਗਿਆ ਸਿੰਘ ਠਾਕੁਰ ਨੂੰ ਆਖਿਰ ਅੱਤਵਾਦ ਦੇ ਸਭ ਦੋਸ਼ਾਂ ਤੋਂ ਬਰੀ ਹੋਣ ਦੀ ਕਲੀਨ ਚਿੱਟ ਦੇ ਦਿੱਤੀ ਗਈ ਹੈ। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ 13 ਮਈ 2016 ਨੂੰ ਮਾਲੇਗਾਉਂ ਬੰਬ ਧਮਾਕਿਆਂ ਦੇ ਸਬੰਧ ਵਿੱਚ ਦਾਇਰ ਕੀਤੀ ਪੂਰਕ ਚਾਰਜਸ਼ੀਟ ਵਿੱਚ ਪਰੱਗਿਆ ਠਾਕੁਰ ਸਮੇਤ 5 ਮੁਲਜ਼ਮਾਂ 'ਤੇ ਮਹਾਂਰਾਸ਼ਟਰ ਵਿਉਂਤਬੱਧ ਜੁਰਮ ਰੋਕੂ ਕਾਨੂੰਨ (ਮਕੋਕਾ) ਅਧੀਨ ਲਾਏ ਗਏ ਦੋਸ਼ ਵਾਪਸ ਲੈ ਗਏ ਹਨ। ਜਾਂਚ ਏਜੰਸੀਆਂ ਨੇ ਕਿਹਾ ਹੈ ਕਿ ''ਜਾਂਚ ਦੌਰਾਨ ਇਹਨਾਂ ਵਿਅਕਤੀਆਂ ਖਿਲਾਫ ਲੋੜੀਂਦੇ ਸਬੂਤ ਨਹੀਂ ਮਿਲ ਸਕੇ, ਇਸ ਲਈ ਰਾਸ਼ਟਰੀ ਜਾਂਚ ਏਜੰਸੀ ਆਪਣੀ ਅੰਤਿਮ ਰਿਪੋਰਟ ਪੇਸ਼ ਕਰਦੀ ਹੈ ਕਿ ਇਹਨਾਂ ਵਿਅਕਤੀਆਂ ਖਿਲਾਫ ਮੁਕੱਦਮਾ ਜਾਰੀ ਨਹੀਂ ਰੱਖਿਆ ਜਾ ਸਕਦਾ। ਇਹਨਾਂ ਵਿੱਚੋਂ ਸਾਧਵੀ ਪਰੱਗਿਆ ਠਾਕੁਰ, ਸ਼ਿਵ ਨਰਾਇਣ ਦਲ ਸਾਗਰਾ, ਸ਼ਿਆਮ ਭੰਵਰ ਲਾਲ ਸ਼ਾਹੂ, ਪ੍ਰਵੀਨ ਟਕਲਾਦੀ, ਲੋਕੇਸ਼ ਸ਼ਰਮਾ ਅਤੇ ਧਾਨ ਸਿੰਘ ਚੌਧਰੀ ਨੂੰ ਬਰੀ ਕਰ ਦਿੱਤਾ ਗਿਆ ਹੈ। ਕੌਣ ਹੈ ਪਰੱਗਿਆ ਠਾਕੁਰ?
ਮਾਲੇਗਾਉਂ ਧਮਾਕਿਆਂ ਵਿੱਚ ਨਾਮ ਆਉਣ 'ਤੇ ਭਾਜਪਾ ਪਰੱਗਿਆ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ ਕਰਦੀ ਰਹੀ ਹੈ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ•ੇ ਦੇ ਇੱਕ ਛੋਟੇ ਕਸਬੇ ਦੇ ਇੱਕ ਆਯੁਰਵੇਦਿਕ ਡਾਕਟਰ ਦੀ ਲੜਕੀ, ਇਤਿਹਾਸ ਦੀ ਸਾਧਾਰਨ ਦਰਜ਼ੇ ਦੀ ਵਿਦਿਆਰਥਣ, ਮੋਟਰ ਸਾਈਕਲਾਂ ਦੀ ਸ਼ੌਕੀਨ, ਦੁਰਗਾ ਵਾਹਨੀ ਨਾਂ ਦੀ ਜਥੇਬੰਦੀ ਵਿੱਚ ਭਰਤੀ ਹੋ ਕੇ, ਏ.ਬੀ.ਵੀ.ਪੀ. (ਭਾਜਪਾ ਦਾ ਵਿਦਿਆਰਥੀ ਸੰਗਠਨ) ਵਿੱਚ 1993 ਤੋਂ 2002 ਤੱਕ ਵਿਚਰਦੀ ਹੈ। ਬੇਹੱਦ ਭੜਕਾਊ ਸੁਭਾਅ ਦੀ ਜਿੱਦੀ ਅਤੇ ਅੱਗ-ਲਾਊ ਤਕਰੀਰਾਂ ਨਾਲ ਇਹ ਕਹਿਣ ਵਾਲੀ ਕਿ ਤਬਾਹੀ ਹੀ ਉਸਾਰੀ ਲਿਆਉਂਦੀ ਹੈ, ਜ਼ੁਲਮ ਦਾ ਜ਼ੁਲਮ ਨਾਲ ਨਾਸ਼ ਕਰਨ ਦਾ ਦਾਅਵਾ ਕਰਨ ਵਾਲੀ ਪਰੱਗਿਆ ਬਾਰੇ ਭਾਜਪਾ ਆਗੂ ਕਹਿੰਦੇ ਹਨ ਕਿ ਉਹ ਨਿਰਾਸ਼ ਸੀ। ਘਰਦਿਆਂ ਨੇ ਭਿੰਡ ਦੇ ਇੱਕ ਉੱਘੇ ਭਾਜਪਾ ਆਗੂ ਨਾਲ ਉਸਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। 2009 ਵਿੱਚ ਸੁਆਮੀ ਅਵਖੇਸ਼ਾ ਨੰਦ ਦੀ ਚੇਲੀ ਸਾਧਵੀ ਪੂਰਨਾ ਚੇਤਨਾ ਨੰਦ ਗਿਰੀ ਸ਼ਰਮਾ ਬਣੀ ਪਰੱਗਿਆ ਜੈ ਵੰਦੇ ਮਾਤਰਮ ਜਨ ਕਲਿਆਣ ਸਮਿਤੀ ਜੱਬਲਪੁਰ ਵਿੱਚ ਇੱਕ ਆਸ਼ਰਮ ਬਣਾਉਂਦੀ ਹੈ ਅਤੇ ਆਪ ਰਾਸ਼ਟਰੀ ਪ੍ਰਧਾਨ ਬਣ ਜਾਂਦੀ ਹੈ। ਸੂਰਤ ਵਿੱਚ ਰਹਿੰਦਿਆਂ ਉਹ ਦਹਿਸ਼ਤੀ ਕਾਰਵਾਈਆਂ ਵਿੱਚ ਸਾਹਮਣੇ ਆਉਂਦੀ ਹੈ। ਅਭਿਨਵ ਭਾਰਤ ਨਾਂ ਦੀ ਜਥੇਬੰਦੀ ਜਿਸ ਦੀ ਉਹ ਮੈਂਬਰ ਹੈ, ਆਰ.ਐਸ.ਐਸ. ਦੀ ਹੀ ਇੱਕ ਸ਼ਾਖਾ ਹੈ। ਜਿਸਦਾ ਗਠਨ ਫੌਜ ਦੇ ਸੇਵਾ-ਮੁਕਤ ਮੇਜਰ ਰਮੇਸ਼ ਉਪਾਧਿਆਇ ਅਤੇ ਲੈਫਟੀਨੈਂਟ ਕਰਨਲ ਸ਼੍ਰੀ ਕਾਂਤ ਪੁਰੋਹਿਤ ਨੇ 2006 ਵਿੱਚ ਪੂਨੇ ਵਿੱਚ ਕੀਤਾ ਸੀ। ਆਰ.ਐਸ.ਐਸ. ਦੇ ਬਾਨੀ ਸਾਵਰਕਰ ਵੱਲੋਂ 1904 ਵਿੱਚ ਬਣਾਈ ਗਈ 'ਅਭਿਨਵ ਭਾਰਤ ਸੁਸਾਇਟੀ' ਜਿਸ ਨੂੰ 1952 ਵਿੱਚ ਬੰਦ ਕਰ ਦਿੱਤਾ ਗਿਆ ਸੀ ਤੋਂ ਪ੍ਰੇਰਿਤ ਹੋ ਕੇ ਹੀ ਮੌਜੂਦਾ ਅਭਿਨਵ ਭਾਰਤ ਦਾ ਨਾਂ ਰੱਖਿਆ ਗਿਆ। ਨੱਥੂ ਰਾਮ ਗੌਡਸੇ ਦੀ ਭਤੀਜੀ ਅਤੇ ਵਿਨਾਇਕ ਸਾਵਰਕਾਰ ਦੇ ਭਤੀਜੇ ਦੀ ਪਤਨੀ ਹਿਮਾਨੀ ਸਾਵਰਕਰ ਨੂੰ 2008 ਵਿੱਚ ਅਭਿਨਵ ਭਾਰਤ ਦੀ ਪ੍ਰਧਾਨ ਚੁਣਿਆ ਗਿਆ ਸੀ।
ਇਸੇ ਤਰ•ਾਂ ਕੁੱਝ ਤਸਵੀਰਾਂ ਸਾਹਣੇ ਆਈਆਂ ਹਨ, ਜਿਹਨਾਂ ਵਿੱਚੋਂ ਇੱਕ ਵਿੱਚ ਹਿੰਦੂ ਦਹਿਸ਼ਤੀ ਬ੍ਰਿਗੇਡ ਦਾ ਅਹਿਮ ਸਰਗਣਾ ਆਸੀਮਾ ਨੰਦ ਕਿਸੇ ਹਵਨ-ਕੁੰਡ ਕੋਲ ਖੜ•ਾ ਹੈ, ਤੇ ਉਸਦੇ ਨਾਲ, ਕਈ ਹੋਰ ਭਗਵਾਂਧਾਰੀ ਵਿਅਕਤੀਆਂ ਸਮੇਤ ਆਰ.ਐਸ.ਐਸ. ਦਾ ਸੀਨੀਅਰ ਆਗੂ ਲੱਗਦਾ ਇੱਕ ਸਖਸ਼ ਤੇ ਗੁਜਰਾਤ ਦਾ ਉਸ ਸਮੇਂ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਖੜ•ਾ ਹੈ। ਦੂਸਰੀ ਤਸਵੀਰ ਵਿੱਚ ਏ.ਬੀ.ਵੀ.ਪੀ. ਦੀ ਸਾਬਕਾ ਮੈਂਬਰ, ਪਰੱਗਿਆ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਜਨਾਥ ਸਿੰਘ ਅਤੇ ਹੋਰ ਭਾਜਪਾ ਆਗੂ ਦਿਖਾਈ ਦਿੰਦੇ ਹਨ। ਛਾਣਬੀਣ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਭਾਜਪਾ ਸੰਸਦ ਮੈਂਬਰ ਦੀ ਮੌਤ 'ਤੇ ਪਰਿਵਾਰ ਨਾਲ ਅਫਸੋਸ ਕਰਨ ਪਹੁੰਚੇ ਸਨ। ਤੱਥ ਸਪੱਸ਼ਟ ਹਨ ਕਿ ਪਰੱਗਿਆ ਭਾਜਪਾ ਆਰ.ਐਸ.ਐਸ. ਦੇ ਦਹਿਸ਼ਤੀ ਵਿੰਗ ਦਾ ਅਹਿਮ ਕਿਰਦਾਰ ਹੈ।
ਮਾਲੇਗਾਉਂ ਬੰਬ ਧਮਾਕੇ
ਮੁੰਬਈ ਤੋਂ 300 ਕਿਲੋਮੀਟਰ ਦੂਰ ਸਥਿਤ ਮਾਲੇਗਾਉਂ ਵਿੱਚ ਜਦ ਮੁਸਲਿਮ ਭਾਈਚਾਰਾ ਆਪਣਾ ਧਾਰਮਿਕ ਤਿਉਹਾਰ ਸ਼ਬ-ਏ-ਬਾਰਾਤ ਮਨਾ ਰਿਹਾ ਸੀ ਤੇ ਮਸ਼ਾਵਰਾਤ ਚੌਕ ਅਤੇ ਬੜਾ ਕਬਰਸਤਾਨ ਤੇ ਹੋਰ ਸਥਾਨਾਂ 'ਤੇ ਐਨ ਪ੍ਰਾਰਥਨਾ ਸ਼ੁਰੂ ਹੋਣ ਤੋਂ ਪਹਿਲਾਂ ਲੜੀਵਾਰ ਬੰਬ ਧਮਾਕੇ ਹੋਏ, ਜਿਹਨਾਂ ਵਿੱਚ 37 ਵਿਅਕਤੀ ਮਾਰੇ ਗਏ ਅਤੇ 300 ਤੋਂ ਵੱਧ ਜਖ਼ਮੀ ਹੋ ਗਏ। ਮਹਾਂਰਾਸ਼ਟਰ ਦੀ 'ਚੁਸਤ' ਪੁਲਸ ਹੋਰ ਕੁੱਝ ਪੱਲੇ ਨਾ ਪੈਣ 'ਤੇ ਤੁਰੰਤ 9 ਮੁਸਲਿਮ ਨੌਜਵਾਨਾਂ 'ਤੇ ਕੇਸ ਦਰਜ਼ ਕਰਕੇ ਤਸੀਹੇ ਦੇਣ ਤੇ ਨਜ਼ਰਬੰਦੀ ਦਾ ਕੰਮ ਸ਼ੁਰੂ ਕਰ ਦਿੰਦੀ ਹੈ। ਤੁਰੰਤ ਪੁਲਸ ਇਹ ਐਲਾਨ ਕਰ ਦਿੰਦੀ ਹੈ ਕਿ ਇਹ ਧਮਾਕੇ ਕੌਮਾਂਤਰੀ ਇਸਲਾਮਿਕ ਅੱਤਵਾਦੀ ਗਰੁੱਪਾਂ ਲਸ਼ਕਰੇ ਤਾਇਬਾ, ਜੈਸ਼-ਏ-ਮੁਹੰਮਦ, ਹਰਕਤ-ਉਲ-ਜੇਹਾਦ-ਅਲ-ਇਸਲਾਮ ਨੇ ਆਪਣੇ ਭਾਰਤੀ ਭਾਈਵਾਲਾਂ— ਸਿਮੀ (ਇਸਲਾਮਿਕ ਸਟੂਡੈਂਟ ਮੂਵਮੈਂਟ)— ਨਾਲ ਮਿਲ ਕੇ ਕੀਤੇ ਹਨ।
ਦੋ ਸਾਲ ਬਾਅਦ ਦੁਬਾਰਾ ਸਤੰਬਰ 2008 ਵਿੱਚ ਇੱਕ ਮੋਟਰ ਸਾਈਕਲ ਵਿਸਫੋਟਕ ਪਦਾਰਥਾਂ ਨਾਲ ਟਰਾਂਸਪੋਰਟ ਕੰਪਨੀ ਦੇ ਨੇੜੇ (ਸਿਮੀ ਦੇ ਬੰਦ ਦਫਤਰ ਕੋਲ) ਮਿਲਦਾ ਹੈ। ਇਸ ਵਾਰ ਧਮਾਕਿਆਂ ਵਿੱਚ 8 ਵਿਅਕਤੀ ਮਾਰੇ ਜਾਂਦੇ ਹਨ ਅਤੇ 80 ਤੋਂ ਵੱਧ ਜਖ਼ਮੀ ਹੋ ਜਾਂਦੇ ਹਨ ਅਤੇ ਦੋਸ਼ ਫਿਰ 5 ਮੁਸਲਿਮ ਨੌਜਵਾਨਾਂ 'ਤੇ ਲੱਗਦੇ ਹਨ।
ਇਹਨਾਂ ਧਮਾਕਿਆਂ ਤੋਂ ਇੱਕ ਸਾਲ ਪਹਿਲਾਂ ਹੀ ਮਹਾਂਰਾਸ਼ਟਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਹਿੰਦੂ ਅੱਤਵਾਦੀ ਸਰਗਣਿਆਂ ਦੇ ਘਰਾਂ ਵਿੱਚੋਂ ਧਮਾਕਾਖੇਜ਼ ਸਮੱਗਰੀ ਫੜੀ ਜਾਂਦੀ ਹੈ। ਨੰਦੇੜ ਨੇੜੇ ਬਜਰੰਗ ਦਲ ਦੇ ਦੋ ਕਾਰਕੁੰਨ ਬੰਬ ਬਣਾਉਂਦੇ ਸਮੇਂ ਹੋਏ ਧਮਾਕੇ ਵਿੱਚ ਮਾਰੇ ਜਾਂਦੇ ਹਨ। ਗੋਆ, ਕਾਨਪੁਰ, ਭੋਪਾਲ ਆਦਿ ਤੋਂ ਵੀ ਆਰਜੀ ਫੈਕਟਰੀਆਂ ਰਾਹੀਂ ਬੰਬ ਨਿਰਮਾਣ ਦੀਆਂ ਖਬਰਾਂ ਮਿਲਦੀਆਂ ਹਨ।
2008 ਦੇ ਧਮਾਕਿਆਂ ਦੀ ਜਾਂਚ ਦੌਰਾਨ ਪੁਲੀਸ ਅਫਸਰ ਹੇਮੰਤ ਕਰਕਰੇ, ਉਸ ਮੋਟਰ ਸਾਈਕਲ— ਜੋ ਇਹਨਾਂ ਵਿੱਚ ਵਰਤਿਆ ਗਿਆ- ਦੀ ਪੈੜ ਨੱਪਦਾ ਪਰੱਗਿਆ ਸਿੰਘ ਠਾਕੁਰ ਦੇ ਘਰ ਤੱਕ ਪੁੱਜਦਾ ਹੈ ਤਾਂ ਇਸ ਸਾਰੇ ਦਹਿਸ਼ਤੀ ਤਾਣੇ-ਬਾਣੇ ਦਾ ਪਰਦਾਫਾਸ਼ ਹੁੰਦਾ ਹੈ। ਬਾਅਦ ਵਿੱਚ ਕਰਕਰੇ ਦੀ ਵੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਂਦੀ ਹੈ। ਇਸੇ ਦੌਰਾਨ ਹੋਰ ਥਾਵਾਂ 'ਤੇ ਹੋਏ ਧਮਾਕਿਆਂ ਨੇ ਜਿਵੇਂ ਫਰਵਰੀ 2007 ਵਿੱਚ ਸਮਝੌਤਾ ਐਕਸਪ੍ਰੈਸ, ਮਈ 2007 ਵਿੱਚ ਮੱਕਾ ਮਸਜ਼ਿਦ ਹੈਦਰਾਬਾਦ, ਅਕਤੂਬਰ 2007 ਵਿੱਚ ਅਜਮੇਰ ਸ਼ਰੀਫ ਦਰਗਾਹ 'ਤੇ ਹੋਏ ਧਮਾਕਿਆਂ ਨੇ ਇਸ ਕੜੀ-ਜੋੜ ਨੂੰ ਸਾਫ ਕਰ ਦਿਤਾ। ਜਾਂਚ ਪੜਤਾਲ 'ਤੇ ਪਰੱਗਿਆ ਸਾਧਵੀ ਤੋਂ ਬਿਨਾ ''ਅਭਿਨਵ ਭਾਰਤ'' ਜਥੇਬੰਦੀ ਦੀ ਸਮੀਰ ਕੁਲਕਰਨੀ ਤੇ ਇੱਕ ਲੈਫਟੀਨੈਂਟ ਕਰਨਲ ਸ਼੍ਰੀ ਕਾਂਤ ਪੁਰੋਹਿਤ ਦੇ ਨਾਂ ਸਾਹਮਣੇ ਆਏ। ਇਸੇ ਪੁਰੋਹਿਤ ਨੇ ਧਮਾਕੇ ਅਤੇ ਬੰਬ ਨਿਰਮਾਣ ਲਈ ਆਰ.ਡੀ.ਐਕਸ ਮੁਹੱਈਆ ਕੀਤਾ ਸੀ ਅਤੇ ਰਾਮ ਜੀ ਨਾਲ ਮਿਲ ਕੇ ਯੋਜਨਾਕਾਰ ਦੀ ਭੂਮਿਕਾ ਨਿਭਾਈ ਸੀ। ਪਰੱਗਿਆ ਦੀ ਗ੍ਰਿਫਤਾਰੀ ਨਾਲ ਹੀ ਕਰਨਲ ਪੁਰੋਹਤਿ ਅਤੇ ਅਖੌਤੀ ਧਾਰਿਮਕ ਆਗੂ ਦਿਆ ਨੰਦ ਪਾਂਡੇ ਗ੍ਰਿਫਤਾਰ ਹੁੰਦੇ ਹਨ।
ਹਕੀਕਤਾਂ ਅਤੇ ਨਿਆਂ ਦਾ ਪਾਖੰਡ
ਪਿਛਲੀ ਹਕੂਮਤ ਵੇਲੇ ਦਹਿਸ਼ਤ ਵਿਰੋਧੀ ਦਸਤਾ (ਮਹਾਂਰਾਸ਼ਟਰ ਦਾ ਏ.ਟੀ.ਐਸ.) ਅਤੇ ਬਾਅਦ ਵਿੱਚ ਰਾਸ਼ਟਰੀ ਜਾਂਚ ਏਜੰਸੀ ਨੇ ਪਰੱਗਿਆ ਅਤੇ ਹੋਰਨਾਂ ਵਿਰੁੱਧ ਹਿੰਦੂ ਅੱਤਵਾਦ ਦੀ ਥਿਊਰੀ ਦੇ ਨਜ਼ਰੀਏ ਨਾਲ ਕੇਸ ਦਰਜ਼ ਕਰਦੇ ਹੋਏ, ਮੁਕੱਦਮੇ ਚਲਾਉਣ ਦੀ ਕਾਰਵਾਈ ਜਾਰੀ ਰੱਖੀ। ਪਰ ਮੋਦੀ ਸਰਕਾਰ ਦੇ ਆਉਣ 'ਤੇ ਹੌਲੀ ਹੌਲੀ ਸਭ ਕੁੱਝ ਤਬਦੀਲ ਹੋਣਾ ਸ਼ੁਰੂ ਹੋ ਗਿਆ। ਕੇਂਦਰੀ ਕੈਬਨਿਟ ਮੰਤਰੀ ਬਿਆਨ ਦੇਣ ਲੱਗਦੇ ਹਨ ਕਿ ਦੇਸ਼ ਵਿੱਚ ਹਿੰਦੂ ਅੱਤਵਾਦ ਵਰਗੀ ਕੋਈ ਸ਼ੈਅ ਨਹੀਂ ਹੈ, ਹਿੰਦੂ ਫਿਰਕਾਪ੍ਰਸਤ ਅਤੇ ਦਹਿਸ਼ਤਗਰਦ ਨਹੀਂ ਹੋ ਸਕਦਾ ਕਿਉਂਕਿ ਹਿੰਦੂ ਧਰਮ ਅਹਿੰਸਾ ਅਤੇ ਸਹਿਣਸ਼ੀਲਤਾ ਤੇ ਫਰਾਖਦਿਲੀ ਦਾ ਨਮੂਨਾ ਹੈ। ਮਾਮਲਾ ਉਦੋਂ ਹੋਰ ਸਾਫ ਹੋ ਗਿਆ ਜਦੋਂ ਇਸ ਕੇਸ ਦੀ ਵਿਸ਼ੇਸ਼ ਸਰਕਾਰੀ ਵਕੀਲ ਰੋਹਿਣੀ ਸਾਲਿਆਨ ਨੇ ਇੰਡੀਅਨ ਐਕਸਪ੍ਰੈਸ ਅਖਬਾਰ ਨਾਲ ਇੱਕ ਭੇਂਟ-ਵਾਰਤਾ ਵਿੱਚ ਇਹ ਦੋਸ਼ ਲਾਇਆ ਕਿ ''ਮੇਰੇ 'ਤੇ ਇਸ ਗੱਲ ਲਈ ਦਬਾਅ ਪਾਇਆ ਜਾ ਰਿਹਾ ਹੈ ਕਿ ਮੈਂ ਇਸ ਕੇਸ ਦੀ ਰਫਤਾਰ ਮੱਠੀ ਕਰ ਦਿਆਂ।'' ਉਸਨੇ ਦੱਸਿਆ ਕਿ ਸਰਕਾਰ ਬਦਲਦੇ ਹੀ ਰਾਸ਼ਟਰੀ ਜਾਂਚ ਏਜੰਸੀ ਦਾ ਇੱਕ ਅਧਿਕਾਰੀ ਮੈਨੂੰ ਮਿਲ ਕੇ ਨਿੱਜੀ ਤੌਰ 'ਤੇ ਗੱਲਬਾਤ ਕਰਦਿਆਂ ''ਰਫਤਾਰ ਮੱਠੀ ਕਰਨ ਲਈ ਕਹਿੰਦਾ ਹੈ। 12 ਜੂਨ ਨੂੰ ਉਹ ਮੁੜ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਇਸ ਕੇਸ ਵਿੱਚ ਹੁਣ ਸਰਕਾਰੀ ਵਕੀਲ ਨਹੀਂ ਰਹੇ। ਸਾਧਵੀ ਦੀਆਂ ਹੇਠਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸਭ ਅਪੀਲਾਂ ਰੱਦ ਹੁੰਦੀਆਂ ਰਹੀਆਂ ਸਨ। ਅਪ੍ਰੈਲ 2016 ਵਿੱਚ ਹੀ ਸੱਤ ਗਵਾਹਾਂ ਦੇ ਉਹ ਬਿਆਨ ਜੋ ਮੈਜਿਸਟਰੇਟ ਸਾਹਮਣੇ ਸਬੂਤ ਵਜੋਂ ਰਿਕਾਰਡ ਕੀਤੇ ਗਏ ਸਨ, ਰਾਸ਼ਟਰੀ ਜਾਂਚ ਏਜੰਸੀ ਦੀ ਸਪੈਸ਼ਲ ਕੋਰਟ ਕੋਲੋਂ ''ਗੁਆਚ'' ਗਏ ਅਤੇ ਸਬੂਤਾਂ ਦੀ ਘਾਟ ਪੈਦਾ ਕਰਕੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਇਹਨਾਂ ਵਿੱਚ ਹੀ ਕਰਨਲ ਸ੍ਰੀ ਕਾਂਤ ਪੁਰੋਹਿਤ, ਰਾਮ ਜੀ ਕਲਸਾਂਮਹੇ ਤੇ ਹੋਰਨਾਂ ਖਿਲਾਫ ਧਮਾਕੇ ਕਰਨ ਦੀਆਂ ਯੋਜਨਾਵਾਂ ਉਲੀਕਣ ਖਿਲਾਫ ਗਵਾਹੀਆਂ ਸਨ। ਇਸ ਨਾਲ ਸਵਾਮੀ ਅਸੀਮਾ ਨੰਦ ਤੇ ਕਰਨਲ ਪੁਰੋਹਿਤ ਖਿਲਾਫ ਵੀ ਮੁਕੱਦਮੇ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ।
ਸਾਧਵੀ ਨੂੰ ਕਲੀਨ ਚਿੱਟ ਦਿੰਦਿਆਂ ਐਨ.ਆਈ.ਏ. ਨੇ ਕਿਹਾ ਹੈ ਕਿ ਵਰਤਿਆ ਗਿਆ ਮੋਟਰ ਸਾਈਕਲ ਭਾਵੇਂ ਪਰੱਗਿਆ ਦਾ ਸੀ, ਪਰ ਉਹ ਉਸ ਦੀ ਵਰਤੋਂ ਨਹੀਂ ਕਰਦੀ ਸੀ। ਇਸ ਤੋਂ ਭਾਰਤ ਦੀ ਨਿਆਂ ਪ੍ਰਬੰਧ ਦੀ ਦੋਗਲੀ ਨੀਤੀ ਸਪੱਸ਼ਟ ਹੁੰਦੀ ਹੈ. 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਵਰਤੀ ਮਾਰੂਤੀ ਵੈਨ ਰੁਬੀਨਾ ਦੇ ਨਾਮ ਸੀ। ਪਰ ਜਦੋਂ ਇਹ ਪਟੀਸ਼ਨ ਪਾਈ ਗਈ ਕਿ ਰੁਬੀਨਾ ਘਰੇਲੂ ਔਰਤ ਹੈ ਤੇ ਉਹ ਇਸ ਪੂਰੇ ਮਾਮਲੇ ਬਾਰੇ ਨਹੀਂ ਜਾਣਦੀ ਤਾਂ ਅਦਾਲਤ ਦਾ ਕਹਿਣਾ ਸੀ ਕਿ ਕਿਸੇ ਦੇ ਨਾਂ ਉੱਤੇ ਵਾਹਨ ਦੀ ਰਜਿਸਟਰੀ ਆਪਣੇ ਆਪ ਵਿੱਚ ਇਹ ਸਾਬਤ ਕਰਦੀ ਹੈ ਕਿ ਜੇ ਉਹ ਵਾਹਨ ਬੰਬ ਧਮਾਕੇ ਲਈ ਵਰਤਿਆ ਜਾਂਦਾ ਹੈ ਤਾਂ ਉਹ ਵਿਅਕਤੀ ਆਪਣੇ ਆਪ ਨੂੰ ਬੇਕਸੂਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ।
ਪਰ ਸਾਧਵੀ ਪਰੱਗਿਆ ਦੇ ਮਾਮਲੇ ਵਿੱਚ ਉਸ ਦੀ ਵਾਹਨ ਦੀ ਮਾਲਕੀ ਸਾਬਤ ਹੋਣ ਦੇ ਬਾਵਜੂਦ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ। ਜਦੋਂ ਕਿ ਰੁਬੀਨਾ ਮੈਮਨ ਘਰੇਲੂ ਔਰਤ ਸੀ, ਸਾਧਵੀ ਪਰੱਗਿਆ ਦਾ ਫਿਰਕੂ, ਭੜਕਾਊ ਇਤਿਹਾਸ ਹੈ। ਆਪਣੀਆਂ ਤਕਰੀਰਾਂ ਵਿੱਚ ਉਹ ਸ਼ਰੇਆਮ ਕਹਿੰਦੀ ਹੈ ਕਿ ''ਜੇ ਕਿਸੇ ਇੱਕ ਹਿੰਦੂ ਦਾ ਕਤਲ ਹੁੰਦਾ ਹੈ ਤਾਂ ਉਸਦੇ ਪਿੱਛੇ ਸਿਫਰ ਲਾ ਕੇ ਓਨੇ ਮੁਸਲਮਾਨਾਂ ਦਾ ਕਤਲ ਕੀਤਾ ਜਾਵੇ। ਜਦੋਂ ਕਿ ਨਿਰਦੋਸ਼ ਹੋਣ ਦੇ ਬਾਵਜੂਦ ਰੁਬੀਨਾ ਮੈਮਨ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਇਸ ਤੋਂ ਬਾਅਦ 2009 ਦੇ ਅਜਮੇਰ ਸ਼ਰੀਫ ਬੰਬ ਧਮਾਕਿਆਂ ਦੇ ਗਵਾਹ ਆਪਣੇ ਬਿਆਨਾਂ ਤੋਂ ਮੁੱਕਰਨ ਲੱਗੇ। ਸੁਨੀਲ ਜੋਸ਼ੀ ਜੋ ਇਹਨਾਂ ਧਮਾਕਿਆਂ ਵਿੱਚ ਸ਼ਾਮਲ ਸੀ, ਆਰ.ਐਸ.ਐਸ. ਦਾ ਪ੍ਰਚਾਰਕ ਸੀ ਤੇ ਸਾਧਵੀ ਨੇ ਉਸਦਾ ਕਤਲ ਕਰਵਾ ਦਿੱਤਾ ਸੀ, ਕਿਉਂਕਿ ਸਾਧਵੀ ਨੂੰ ਖਤਰਾ ਸੀ ਕਿ ਉਸਦੇ ਕਾਰਨ ਧਮਾਕਿਆਂ ਦਾ ਭੇਦ ਖੁੱਲ• ਸਕਦਾ ਸੀ ਤੇ ਜੋਸ਼ੀ ਸਾਧਵੀ ਉੱਪਰ ਜਿਨਸੀ ਗਲਬਾ ਵੀ ਪਾ ਰਿਹਾ ਸੀ। ਉਸ ਦਾ ਕੇਸ ਵੀ ਰਾਸ਼ਟਰੀ ਜਾਂਚ ਏਜੰਸੀ ਨੇ ਵਾਪਸ ਮਹਾਂਰਾਸ਼ਟਰ ਭੇਜ ਦਿੱਤਾ ਹੈ।
ਮੋਦਾਸਾ ਮਾਮਲਾ
ਮੋਦਾਸਾ ਬੰਬ ਧਮਾਕੇ ਦਾ ਮਾਮਲਾ ਅਜਿਹਾ ਹੈ ਜੋ ਇਸਦੀ ਤਾਰ ਮੋਦਾਸਾ-ਮਾਲੇਗਾਉਂ-ਪਰੱਗਿਆ ਨਾਲ ਜੋੜਦਾ ਹੈ। ਮਾਲੇਗਾਉਂ ਅਤੇ ਮੋਦਾਸਾ ਵਿੱਚ ਬੰਬ ਧਮਾਕੇ ਇੱਕੋ ਹੀ ਦਿਨ ਇੱਕੋ ਹੀ ਤਰੀਕੇ ਨਾਲ ਹੋਏ ਸਨ। ਮੋਦਾਸਾ ਗੁਜਰਾਤ ਦੇ ਸਾਵਰਕੁੰਡਾ ਜ਼ਿਲ•ੇ ਦਾ ਹਿੱਸਾ ਸੀ (ਹੁਣ ਵੱਖਰਾ ਜ਼ਿਲ•ਾ ਹੈ) ਜਿੱਥੇ ਮੁਸਲਿਮ ਬਹੁਗਿਣਤੀ ਵਾਲੇ ਸੂਕਾ ਬਜ਼ਾਰ ਵਿੱਚ ਬੰਬ ਵਿਸਫੋਟ ਹੋਇਆ ਸੀ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਤੇ ਕਈ ਜਖ਼ਮੀ ਹੋਏ ਸਨ। ਅੱਤਵਾਦ ਵਿਰੁੱਧ ਫੁਰਤੀ ਵਰਤਣ ਵਾਲੀ ਮੋਦੀ ਦੀ ਸਰਕਾਰ (ਉਸ ਵੇਲੇ ਮੁੱਖ ਮੰਤਰੀ ਸੀ) ਨੇ ਕੋਈ ਛਾਣਬੀਣ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਮਾਲੇਗਾਉਂ ਨਾਲ ਜੁੜੀਆਂ ਏਜੰਸੀਆਂ ਤੋਂ ਕੋਈ ਸਹਾਇਤਾ ਲਈ। ਸ਼ਾਇਦ ਉਹ ਇਸ ਨੂੰ ਜੇਹਾਦੀ ਅੱਤਵਾਦ ਨਾਲ ਜੋੜਨ ਦਾ ਯਤਨ ਕਰਦੀ ਪਰ ਇਤਫਾਕ ਨਾਲ ਅਜਮੇਰ ਅਤੇ ਮੱਕਾ ਮਸਜਿਦ ਧਮਾਕੇ (2007) ਨਾਲ ਹੋਏ ਇੰਕਸ਼ਾਫ ਵਿੱਚ ਜਦੋਂ ਸੰਘ ਦੇ ਵਰਕਰਾਂ ਦੀ ਸ਼ਮੂਲੀਅਤ ਦਿਸਣ ਲੱਗੀ ਤਾਂ ਰਾਸ਼ਟਰੀ ਜਾਂਚ ਏਜੰਸੀ ਨੇ ਜਾਂਚ ਆਪਣੇ ਹੱਥ ਲੈ ਲਈ। ਮੋਦਾਸਾ ਤੋਂ ਮਿਲੇ ਮੋਟਰ ਸਾਈਕਲ ਦੀ ਜਾਂਚ ਗੁਜਰਾਤ ਫੋਰੈਂਸਿਕ ਲੈਬ ਤੋਂ ਕਰਵਾਈ ਗਈ।
ਮੋਦਾਸਾ ਬੰਬ ਧਮਾਕੇ ਵਿੱਚ ਵਰਤੇ ਗਏ ਮੋਟਰ ਸਾਈਕਲ ਦੀ ਚੈਸੀ ਨੰਬਰ ਦੀ ਜਾਂਚ ਕਰਨ 'ਤੇ ਜਾਂਚ ਏਜੰਸੀ ਸੂਰਤ ਦੇ ਵਰਾਛਾ ਇਲਾਕੇ ਵਿੱਚ ਸ਼ਿਵਾਨੀ ਮੋਟਰਜ਼ ਤੱਕ ਪਹੁੰਚੀ ਜਿੱਥੋਂ ਅੱਗੇ ਖਰੀਦਦਾਰ ਤੱਕ। ਇਹ ਸਾਰੇ ਪਰੱਗਿਆ ਦੇ ਹੀ ਇਲਾਕੇ ਦੇ ਨਿਕਲੇ। ਇਹ ਜਾਂਚ ਪਰੱਗਿਆ ਦੇ ਰੋਲ ਬਾਰੇ ਕੋਈ ਸ਼ੱਕ ਨਹੀਂ ਰਹਿਣ ਦਿੰਦੀ।
ਇਸ ਤੋਂ ਇਲਾਵਾ ਪਰੱਗਿਆ ਵੱਲੋਂ ਮਾਲੇਗਾਉਂ ਧਮਾਕਿਆਂ ਤੋਂ ਬਾਅਦ 400 ਮਿੰਟ ਦੀ ਕੀਤੀ ਫੋਨ ਕਾਲ, ਤੇ ਹੋਰ ਕਾਲਾਂ ਜਿਹਨਾਂ ਵਿੱਚ ਉਹ ਕਹਿੰਦੀ ਹੈ ਕਿ ਇੰਨੇ ਘੱਟ ਲੋਕ ਕਿਉਂ ਮਰੇ? ਜ਼ਿਆਦਾ ਭੀੜ ਵਾਲੇ ਇਲਾਕੇ ਵਿੱਚ ਕਿਉਂ ਨਹੀਂ ਰੱਖਿਆ (ਬੰਬ), ਜੱਗ ਜ਼ਾਹਰ ਹਨ। ਇਸ ਤੋਂ ਵੱਧ ਜ਼ਾਹਰਾ ਸਬੂਤ ਹੋਰ ਕੀ ਹੋ ਸਕਦਾ ਹੈ?
ਇਸ ਤੋਂ ਬਿਨਾ ਦਿਆ ਨੰਦ ਪਾਂਡੇ ਦੇ ਤਿੰਨ ਲੈਪਟਾਪ ਹਨ, ਜਿਹਨਾਂ ਵਿੱਚ ਇਹਨਾਂ ਦਹਿਸ਼ਤੀ ਕਾਰਕੁੰਨਾਂ ਦੀ ਹਰ ਮੀਟਿੰਗ ਦਾ ਰਿਕਾਰਡ ਰੱਖਿਆ ਗਿਆ ਹੈ, ਇਸ ਵਿੱਚ ਇਹ ਵੀ ਸਾਰੀ ਸਮੱਗਰੀ ਹੈ ਕਿ ਕਿਵੇਂ ਇਸ ਦਹਿਸ਼ਤੀ ਗਰੁੱਪ ਨੇ ਵਿੱਤੀ ਸਹਾਇਤਾ ਤੇ ਆਪਣੇ ਮੈਂਬਰਾਂ ਨੂੰ ਸਿਖਲਾਈ ਲਈ ਇਸਰਾਈਲ ਤੇ ਨੇਪਾਲ ਸਰਕਾਰ ਨਾਲ ਗੱਲਬਾਤ ਚਲਾਈ ਸੀ। ਜੇਕਰ ਨਿਰਪੱਖ ਹੋ ਕੇ ਇਹ ਜਾਂਚ ਪੜਤਾਲ ਸਾਹਮਣੇ ਆਵੇ ਤਾਂ ਉਪਰ ਜ਼ਿਕਰ ਕੀਤੇ ਹਿੰਦੂ ਦਹਿਸ਼ਤਗਰਦਾਂ ਦੇ ਨਾਲ ਆਰ.ਐਸ.ਐਸ. ਅਤੇ ਉਸ ਨਾਲ ਜੁੜਵੀਆਂ ਜਥੇਬੰਦੀਆਂ ਦੇ ਦਰਜ਼ਨਾਂ ਆਗੂ ਸਲਾਖਾਂ ਪਿੱਛੇ ਜਾ ਸਕਦੇ ਹਨ। ਕਾਰਵਾਂ ਨਾਂ ਦੇ ਨਿਊਜ ਮੈਗਜ਼ੀਨ ਨੇ ਇੱਕ ਵਾਰ ਅਸੀਮਾ ਨੰਦ ਦੀ ਮੁਲਾਕਾਤ ਛਾਪੀ ਸੀ, ਜਿਸ ਵਿੱਚ ਉਸਨੇ 2009 ਦੇ ਸਮਝੌਤਾ ਐਕਸਪ੍ਰੈਸ 'ਤੇ, ਮੱਕਾ ਮਸਜਿਦ 'ਤੇ ਅਜਮੇਰ ਦਰਗਾਹ 'ਤੇ ਹੋਏ ਧਮਾਕਿਆਂ ਵਿੱਚ ਮੋਹਣ-ਭਾਗਵਤ ਦਾ ਨਾਂ ਲਿਆ ਸੀ, ਜਦ ਬਹੁਤ ਰੌਲਾ ਪਿਆ ਤਾਂ ਅਸੀਮਾ ਨੰਦ ਕਹਿਣ ਲੱਗਾ ਕਿ ਮੇਰੇ ਬਿਆਨ ਨੂੰ ਤੋੜਿਆ ਮਰੋੜਿਆ ਗਿਆ ਹੈ। ਜਦ ਕਾਰਵਾਂ ਮੈਗਜ਼ੀਨ ਨੇ ਮੁਲਾਕਾਤ ਦੀ ਟੇਪ ਰਿਕਾਰਡਿੰਗ ਤੇ ਸਾਰਾ ਵਿਸਥਾਰ ਜਾਰੀ ਕਰ ਦਿੱਤਾ ਤਾਂ ਅਸੀਮਾਨੰਦ ਹੋਰੀਂ ਚੁੱਪ ਧਾਰ ਗਏ।
ਸੈਂਕੜੇ ਹੋਰ ਤੱਥ ਹਨ, ਜੋ ਆਰ.ਐਸ.ਐਸ. ਅਤੇ ਉਸਦੇ ਗਰੋਹ ਦੇ ਦਹਿਸ਼ਤੀ ਕਾਰਨਾਮਿਆਂ ਦੀ ਗਵਾਹੀ ਦਿੰਦੇ ਹਨ।
9 ਨਿਰਦੋਸ਼ ਮੁਸਲਿਮ ਨੌਜਵਾਨਾਂ ਦੀ ਗਾਥਾ
ਜਦੋ ਮਾਲੇਗਾਉਂ 2006 ਵਾਲੇ ਬੰਬ ਧਮਾਕੇ ਹੋਏ ਤਾਂ ਪੁਲਸ ਨੇ ਤੱਟ-ਫੱਟ 9 ਮੁਸਲਿਮ ਵਸ਼ਿੰਦਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਦੰਗੇ ਭੜਕਾਉਣ ਦੇ ਝੂਠੇ ਕੇਸ ਪਾ ਕੇ ਜੇਲ•ਾਂ ਵਿੱਚ ਧੱਕ ਕੇ ਮੁਕੱਦਮੇ ਚਲਾ ਦਿੱਤੇ। ਵਰਨਣਯੋਗ ਹੈ ਕਿ ਇਹਨਾਂ 9 ਵਿੱਚੋਂ ਕਿਸੇ ਦਾ ਵੀ ਅਪਰਾਧੀ ਰਿਕਾਰਡ ਨਹੀਂ ਸੀ। ਉਹ ਐਨੇ ਗਰੀਬ ਸਨ ਕਿ ਆਪਣੇ ਕੇਸ ਲੜਨੇ ਤਾਂ ਦੂਰ, ਉਹਨਾਂ ਕੋਲ ਆਪਣੀ ਪੇਸ਼ੀ ਭੁਗਤਣ ਜੋਗੇ ਪੈਸੇ ਵੀ ਨਹੀਂ ਹਨ। 10 ਸਾਲਾਂ ਦੀ ਕਹਿਰ ਭਰੀ ਜ਼ਿੰਦਗੀ 'ਚੋਂ 5 ਸਾਲ ਉਹਨਾਂ ਨੂੰ ਜੇਲ• ਵਿੱਚ ਕੱਟਣੇ ਪਏ ਅਤੇ ਹੋਰ 5 ਸਾਲ ਮੁਕੱਦਮਿਆਂ ਦੀ ਖੱਜਲ ਖੁਆਰੀ ਸਹਿਣੀ ਪਈ। ਜਦੋਂ 2009 ਵਿੱਚ ਹਿੰਦੂ ਅੱਤਵਾਦੀਆਂ ਦਾ ਹੱਥ ਸਾਹਮਣੇ ਆਉਣ ਪਿੱਛੋਂ ਏ.ਟੀ.ਐਸ. (ਮਹਾਂਰਾਸ਼ਟਰ) ਨੇ ਅਸਲੀ ਅੱਤਵਾਦੀਆਂ ਖਿਲਾਫ 4500 ਸਫਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਉਦੋਂ ਵੀ ਇਹਨਾਂ ਬੇਦੋਸ਼ਿਆਂ ਨੂੰ ਰਿਹਾਅ ਨਹੀਂ ਕੀਤਾ ਗਿਆ। ਏ.ਟੀ.ਐਸ. ਨੇ ਕਦੇ ਵੀ ਬਾਵਜੂਦ ਨਿਰਦੋਸ਼ ਸਾਬਤ ਹੋਣ ਦੇ ਤੇ ਅਸਲ ਦੋਸ਼ੀਆਂ ਦੇ ਕਾਬੂ ਆ ਜਾਣ 'ਤੇ ਵੀ ਉਹਨਾਂ ਖਿਲਾਫ ਦੋਸ਼ ਵਾਪਸ ਨਹੀਂ ਲਏ। ਇਹ ਰਾਸ਼ਟਰੀ ਜਾਂਚ ਏਜੰਸੀ ਦੇ ਕੇਸ ਹੱਥ ਲੈਣ ਅਤੇ ਜਾਂਚ ਤੋਂ ਬਾਅਦ ਇਹ ਕਹਿਣ 'ਤੇ ਕਿ ਇਹਨਾਂ ਖਿਲਾਫ ਕੋਈ ਸਬੂਤ ਨਹੀਂ ਹੈ, ਉਹਨਾਂ ਨੂੰ ਜਮਾਨਤ ਮਿਲ ਸਕੀ। ਹੁਣ 26 ਅਪ੍ਰੈਲ ਨੂੰ ਜਦ ਮੁੰਬਈ ਦੀ ਸੈਸ਼ਨ ਕੋਰਟ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਤਾਂ ਜੱਜ ਦਾ ਕਹਿਣਾ ਸੀ ਕਿ ਏ.ਟੀ.ਐਸ. ਦੀ ਇਹਨਾਂ ਨੂੰ ਦੰਗੇ ਭੜਕਾਉਣ ਵਾਲੀ ਸਾਜਿਸ਼ ਦੀ ਦਿੱਤੀ ਜਾ ਰਹੀ ਦਲੀਲ ਭਰੋਸੇਯੋਗ ਨਹੀਂ ਹੈ ਜੇ ਇਹਨਾਂ ਨੇ ਦੰਗੇ ਹੀ ਦੰਗੇ ਕਰਵਾਉਣੇ ਹੁੰਦੇ ਤਾਂ ਆਪਣੇ ਹੀ ਲੋਕਾਂ ਨੂੰ ਮਾਰਨ ਦੀ ਥਾਂ ਕੁੱਝ ਦਿਨ ਪਹਿਲਾਂ ਲੰਘੇ ਗਣੇਸ਼ ਉਤਸਵ ਵਿੱਚ ਬੰਬ ਧਮਾਕੇ ਕਰਦੇ, ਜਿਸ ਨਾਲ ਹਿੰਦੂ ਮਾਰੇ ਜਾਣੇ ਸਨ। ਇਹ ਮੰਨਿਆ ਨਹੀਂ ਜਾ ਸਕਦਾ ਕਿ ਇੱਕ ਧਰਮ ਦੇ ਲੋਕ ਆਪਣੇ ਹੀ ਧਰਮ ਦੇ ਲੋਕਾਂ ਨੂੰ ਮਾਰਨ, ਉਹ ਵੀ ਇੱਕ ਪਵਿੱਤਰ ਦਿਹਾੜੇ 'ਤੇ।'' ਇਹਨਾਂ ਦੇ ਮੱਦਦਗਾਰ ਮੌਲਾਨਾ ਅਬਦੁੱਲ ਹਮੀਦ ਅਜਹਾਰੀ ਦਾ ਕਹਿਣਾ ਹੈ ਕਿ ਪੁਲਸ ਕੋਲ ਜਵਾਬ ਨਹੀਂ ਸੀ, ਇਸ ਕਰਕੇ ਉਹਨਾਂ ਮੁਸਲਮਾਨਾਂ ਨੂੰ ਫੜ ਲਿਆ ਅਤੇ ਇਲਜ਼ਾਮ ਲਾ ਦਿੱਤਾ। ਕੁੱਝ ਸਥਾਨਕ ਤੁਅੱਸਬਾਂ ਤੇ ਖਹਿਬਾਜ਼ੀਆਂ ਵੀ ਪੁਲਸ ਦੇ ਕੰਮ ਆਈਆਂ।
ਇਹ ਭਾਰਤੀ ਲੋਕਤੰਤਰ ਦਾ ਨਿਆਂਤੰਤਰ ਹੈ, ਜਿੱਥੇ ਸਭ ਦੋਸ਼ ਸਿੱਧ ਹੋਣ 'ਤੇ ਵੀ ਅਪਰਾਥੀਆਂ ਨੂੰ ਨਿਰਦੋਸ਼ ਸਿੱਧ ਕੀਤਾ ਜਾਂਦਾ ਹੈ ਕਿਉਂਕਿ ਉਹ ਹਿੰਦੂ ਬਹੁਗਿਣਤੀ 'ਚੋਂ ਤੇ ਮੋਦੀ ਦੇ ਸੰਘ ਲਾਣੇ 'ਚੋਂ ਹਨ ਜੋ ਉਹਨਾਂ ਦੀਆਂ ਇੱਛਾਵਾਂ ਅਨਸਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਤੁਰੇ ਹੋਏ ਹਨ। ਉਹਨਾਂ ਨੂੰ ਬਰੀ ਕਰਨ ਲਈ ਸਰਕਾਰਾਂ, ਜਾਂਚ ਏਜੰਸੀਆਂ ਅਦਾਲਤਾਂ ਸਭ ਇੱਕਮੱਤ ਹਨ (ਕਿਉਂਕਿ ਇਹ ਝੂਠ-ਤੂਫਾਨ ਸਥਾਪਿਤ ਕਰ ਦਿੱਤਾ ਗਿਆ ਹੈ ਕਿ ਹਿੰਦੂ ਅੱਤਵਾਦੀ ਨਹੀਂ ਹੋ ਸਕਦੇ।) ਦੂਸਰੇ ਪਾਸੇ 26/11 ਨੂੰ ਭਾਰਤੀ ਪਾਰਲੀਮੈਂਟ 'ਤੇ ਹੋਏ ਹਮਲੇ ਤੋਂ ਬਾਅਦ ਮੁਸਲਮਾਨਾਂ ਬਾਰੇ ਇਹ ਪ੍ਰਚਾਰ ਜ਼ੋਰ-ਸ਼ੋਰ ਨਾਲ ਧੁਮਾਇਆ ਗਿਆ ਹੈ ਅਤੇ ਜਨ-ਸਾਧਾਰਨ ਦੇ ਮਨਾਂ ਵਿੱਚ ਵਸਾ ਦਿੱਤਾ ਗਿਆ ਹੈ ਕਿ ਦਹਿਸ਼ਤਗਰਦ ਹੁੰਦੇ ਹੀ ਮੁਸਲਮਾਨ ਹਨ। ਅਫਜ਼ਲ ਗੁਰੂ ਖਿਲਾਫ ਕੋਈ ਵੀ ਦੋਸ਼ ਨਾ ਹੋਣ 'ਤੇ ਵੀ ਬਹੁਗਿਣਤੀ ਦੀ ''ਸਮੂਹਿਕ ਆਤਮਾ ਦੀ ਤਸੱਲੀ'' ਲਈ ਫਾਂਸੀ ਚਾੜ• ਦਿੱਤਾ ਜਾਂਦਾ ਹੈ ਅਤੇ ਯਾਕੂਬ ਮੈਮਨ ਨੂੰ ਕੋਈ ਦੋਸ਼ ਨਾ ਸਿੱਧ ਹੋ ਸਕਣ 'ਤੇ ਵੀ ਸਜਾਏ ਮੌਤ ਦਿੱਤੀ ਜਾਂਦੀ ਹੈ। ਮੌਤ ਦੀ ਸਜ਼ਾ ਉਡੀਕ ਰਹੇ ਲੋਕਾਂ 'ਚੋਂ 94 ਫੀਸਦੀ ਲੋਕ ਧਾਰਮਿਕ ਘੱਟ ਗਿਣਤੀਆਂ, ਦਲਿਤ ਅਤੇ ਦੱਬੇ ਕੁਚਲੇ ਲੋਕ ਹਨ। ਉਪਰੋਕਤ ਵਿਆਖਿਆ ਭਾਰਤੀ ਰਾਜ ਦੇ ਫਿਰਕੂ ਹਿੰਦੂਤੁਅੱਸਬੀ ਲੱਛਣ ਦੀ ਮੂੰਹ ਬੋਲਦੀ ਮਿਸਾਲ ਬਣਦੀ ਹੈ।
----------------------------
ਛਪਦੇ ਛਪਦੇ
ਵਿਸ਼ੇਸ਼ ਅਦਾਲਤ ਵੱਲੋਂ ਹਿੰਦੂ ਦਹਿਸ਼ਤਗਰਦਾਂ ਦੀ ਨੰਗੀ-ਚਿੱਟੀ ਵਜਾਹਤ ਦੇ ਅਮਲ ਵਿੱਚ ਸ਼ਾਮਲ ਹੋਣ ਤੋਂ ਇਨਕਾਰ
ਇੱਕ ਵਿਸ਼ੇਸ਼ ਅਦਾਲਤ ਵੱਲੋਂ ਐਨ.ਆਈ.ਏ. ਵੱਲੋਂ 2008 ਦੇ ਮਾਲੇਗਾਉਂ ਧਮਾਕਿਆਂ ਵਿੱਚ ਸਾਧਵੀ ਪਰੱਗਿਆ ਠਾਕੁਰ ਦੀ ਭੂਮਿਕਾ ਦੀ ਪੜਤਾਲ ਨਾ ਕਰਨ ਅਤੇ ਮਹਾਂਰਾਸ਼ਟਰ ਦਹਿਸ਼ਤਗਰਦੀ ਵਿਰੋਧੀ ਸੁਕੈਅਡ ਵੱਲੋਂ ਦਰਜ਼ ਕੀਤੇ ਗਵਾਹਾਂ ਦੇ ਬਿਆਨ ਮੁੜ ਦਰਜ਼ ਨਾ ਕਰਨ 'ਤੇ ਝਾੜਝੰਬ ਕਰਦਿਆਂ ਕਿਹਾ ਹੈ ਕਿ ਸਾਧਵੀ ਪਰੱਗਿਆ 'ਤੇ ਲੱਗੇ ਦੋਸ਼ਾਂ 'ਤੇ ਮੁਢਲੀ ਝਾਤ ਮਾਰਿਆਂ, ਇਹ ਠੀਕ ਲੱਗਦੇ ਹਨ, ਜਿਸ ਕਰਕੇ ਉਸਦੀ ਜਮਾਨਤ 'ਤੇ ਰਿਹਾਅ ਕਰਨ ਦੀ ਅਰਜੀ ਰੱਦ ਕੀਤੀ ਜਾਂਦੀ ਹੈ।...
(ਇੰਡੀਅਨ ਐਕਸਪ੍ਰੈਸ 29 ਜੂਨ 2016)
No comments:
Post a Comment